Friday, March 8, 2019

ਛੱਤੀਸਗੜ੍ਹ-ਸਰਕਾਰ ਹੀ ਬਦਲੀ ਹੈ, ਪਰ ਜਬਰ ਦਾ ਕੁਹਾੜਾ ਨਹੀਂ



ਬਸਤਰ ਦੇ ਜੰਗਲਾਂ ਚ ਜਦੋਂ ਪੁਲਸ ਅਤੇ ਨੀਮ ਫੌਜੀ ਬਲਾਂ ਦੀਆਂ ਟੁਕੜੀਆਂ ਨਕਸਲ ਵਿਰੋਧੀ ਮੁਹਿੰਮ ਲਈ ਨਿੱਕਲਦੀਆਂ ਹਨ ਤਾਂ ਉਹ ਸ਼ਾਇਦ ਇਹ ਸੋਚ ਕੇ ਚਲਦੀਆਂ ਹਨ ਕਿ ਉਹ ਸ਼ਿਕਾਰ ਤੇ ਜਾ ਰਹੀਆਂ ਹਨ ਇਹ ਸੋਚ ਕੇ ਹੀ ਉਨ੍ਹਾਂ ਚ ਸ਼ਾਮਲ ਜਵਾਨ ਬੰਦੂਕਾਂ ਦੇ ਨਾਲ ਨਾਲ ਪੌਲੀਥੀਨ ਦੀਆਂ ਚਾਦਰਾਂ ਤੇ ਰੱਸੀਆਂ ਵੀ ਨਾਲ ਲੈ ਕੇ ਜਾਂਦੇ ਹਨ ਆਦਿਵਾਸੀ ਲੋਕਾਂ ਦਾ ਸ਼ਿਕਾਰ ਕਰਨ ਤੋਂ ਬਾਅਦ, ਉਹਨਾਂ ਦੀਆਂ ਲਾਸ਼ਾਂ ਨੂੰ ਪੌਲੀਥੀਨ ਦੀਆਂ ਚਾਦਰਾਂ ਚ ਲਪੇਟ ਕੇ ਚੰਗੀ ਤਰ੍ਹਾਂ ਰੱਸੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਨਕਸਲੀ ਦੱਸ ਕੇ ਮੀਡੀਆ ਅਤੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਪੁਲਸ ਦੇ ਵੱਡੇ ਅਧਿਕਾਰੀ ਮੀਡੀਆ ਸਾਹਮਣੇ ਨਕਸਲੀਆਂ ਨੂੰ ਮਾਰ ਮੁਕਾਉਣ ਦਾ ਦਾਅਵਾ ਕਰਦੇ ਹਨ ਅਤੇ ਇਸ ਤਰ੍ਹਾਂ ਲੋਕਾਂ ਦੇ ਇਕ ਹਿੱਸੇ ਤੋਂ ਵਾਹ ਵਾਹ ਅਤੇ ਸਰਕਾਰ ਤੋਂ ਸਾਬਾਸ਼ੇ ਲੈਂਦੇ ਹਨ ਅਸਲ ਵਿਚ ਹੋਇਆ ਇਸ ਤੋਂ ਬਿਲਕੁਲ ਉਲਟ ਹੁੰਦਾ ਹੈ ਨਕਸਲੀ ਦੇ ਨਾਂ ਹੇਠ ਨੀਮ ਸੁਰੱਖਿਆ ਬਲਾਂ ਨੇ ਕਿਸੇ ਨਿਰਦੋਸ਼ ਆਦਿਵਾਸੀ ਮਰਦ ਜਾਂ ਔਰਤ ਦਾ ਸ਼ਿਕਾਰ ਕੀਤਾ ਹੁੰਦਾ ਹੈ
ਇਸੇ ਤਰ੍ਹਾਂ 2 ਫਰਵਰੀ 2019 ਨੂੰ ਛੱਤੀਸਗੜ੍ਹ ਦੇ ਸੁਕਮਾ ਜਿਲ੍ਹੇ ਦੇ ਪੋਲਮਪੱਲੀ ਥਾਣੇ ਦੇ ਅਧੀਨ ਪਂੈਦੇ ਪਿੰਡ ਗੋਡੇਲ ਗੁੜਾ ਵਿਚ ਵਾਪਰਿਆ ਇਸ ਪਿੰਡ ਦੇ ਨਾਲ ਲਗਦੇ ਚਾਰ ਪਿੰਡਾਂ ਚ ਸੀ ਆਰ ਪੀ ਦੀ 74 ਵੀਂ (ਫੂਸ ਵਾੜਾ ਅਤੇ ਕਾਂਕੇਰ ਲੰਕਾ ਪਿੰਡ ) 150ਵੀਂ (ਤੇਮੇਲਵਾੜਾ ਪਿੰਡ ) ਅਤੇ 223ਵੀਂ ਬਟਾਲੀਅਨ (ਗੋਰਘੋੜਾ ਪਿੰਡ ) ਤਾਇਨਾਤ ਹਨ
2 ਫਰਵਰੀ 2019 ਨੂੰ ਸਵੇਰੇ 7-8 ਵਜੇ ਸੀ ਆਰ ਪੀ ਦੀ ਇਕ ਟੁਕੜੀ ਪਿੰਡ ਚ ਆਈ ਅਤੇ ਉਸ ਨੇ ਚਾਰ ਮਾਸੂਮ ਬੱਚਿਆਂ ਦੀ ਮਾਂ ਪੋਡੀਅਮ ਸੁੱਖੀ ਨੂੰ ਪੁਲਸ ਮੁਕਾਬਲੇ ਦੇ ਨਾਂ ਹੇਠ ਮਾਰ ਮੁਕਾਇਆ ਸੁੱਖੀ ਦਾ ਸਭ ਤੋਂ ਵੱਡਾ ਬੱਚਾ 6 ਸਾਲ ਦੀ ਉਮਰ ਦਾ ਅਤੇ ਸਭ ਤੋਂ ਛੋਟਾ ਸਿਰਫ 3 ਮਹੀਨਿਆਂ ਦਾ ਹੈ ਪਿੰਡ ਦੇ ਲੋਕਾਂ ਅਨੁਸਾਰ ਸੁੱਖੀ ਸਵੇਰੇ ਸੁਵਖਤੇ ਜੰਗਲ ਚੋਂ ਬਾਲਣ ਲੈਣ ਗਈ ਸੀ ਤਾਂ ਜੋ ਆਪਣੇ ਬੱਚਿਆਂ ਲਈ ਰੋਟੀ ਪਾਣੀ ਤਿਆਰ ਕਰ ਸਕੇ
ਜਦੋਂ ਆਦਿਵਾਸੀ ਪੱਤਰਕਾਰ ਲਿੰਗਾਰਾਮ ਕੋਡੱਪੀ, ਸਮਾਜਕ ਕਾਰਕੁੰਨ ਸੋਨੀ ਸ਼ੋਰੀ ਅਤੇ ਆਦਿਵਾਸੀ ਸਮਾਜ ਦੇ ਕੁੱਝ ਹੋਰ ਨੌਜਵਾਨ ਇਸ ਘਟਨਾ ਦੀ ਪੜਤਾਲ ਕਰਨ ਲਈ ਗੋਡੇਲਗੁੜਾ ਪਿੰਡ ਵੱਲ ਜਾ ਰਹੇ ਸਨ ਤਾਂ ਥਾਂ ਪੁਰ ਥਾਂ ਨੀਮ ਫੌਜੀ ਬਲਾਂ ਵੱਲੋਂ ਉਨ੍ਹਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਉਨ੍ਹਾਂ ਦੀ ਤਲਾਸ਼ੀ ਲੈ ਕੇ, ਨਾਂਅ ਪਤੇ ਅਤੇ ਸ਼ਨਾਖਤੀ ਪੱਤਰਾਂ ਦੇ ਵੇਰਵੇ ਨੋਟ ਕਰਕੇ ਹੀ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ ਲਗਦਾ ਇਉ ਸੀ ਜਿਵੇਂ ਪੋਡੀਅਮ ਸੁੱਖੀ ਦਾ ਕਤਲ ਪੁਲਸ ਨੇ ਨਹੀਂ ਸਗੋਂ ਜਾਂਚ ਪੜਤਾਲ ਕਰਨ ਆਈ ਟੀਮ ਦੇ ਲੋਕਾਂ ਨੇ ਕੀਤਾ ਹੋਵੇ ਅਤੇ ਪੜਤਾਲ ਕਰਕੇ ਹੁਣ ਉਹ ਕੋਈ ਹੋਰ ਵੱਡਾ ਜੁਰਮ ਕਰ ਰਹੇ ਹੋਣ
ਸੁਕਮਾ ਤੋਂ ਕੁੱਝ ਪੱਤਰਕਾਰ ਪਹਿਲਾਂ ਹੀ ਪਿੰਡ ਵਿਚ ਪਹੁੰਚ ਚੁੱਕੇ ਸਨ ਸਾਰੇ ਪਿੰਡ ਨੂੰ ਪੁਲਸ ਨੇ ਘੇਰਿਆ ਹੋਇਆ ਸੀ ਸੁਕਮਾ ਦਾ ਉਪ ਪੁਲਸ ਕਪਤਾਨ, ਸੁੱਖੀ ਦੇ ਘਰ ਦੇ ਆਲੇ ਦੁਆਲੇ ਖੁਦ ਮੋਰਚਾ ਸੰਭਾਲੀ ਬੈਠਾ ਸੀ ਪਿੰਡ ਦੇ ਰਾਹਾਂ ਤੇ ਵੀ ਭਾਰੀ ਗਿਣਤੀ ਚ ਪੁਲਸ ਤੇ ਨੀਮ ਫੌਜੀ ਬਲ ਤਾਇਨਾਤ ਸਨ ਪੜਤਾਲੀਆ ਟੀਮ ਨੂੰ ਲੋਕਾਂ ਨੇ ਦੱਸਿਆ ਕਿ ਨੀਮ ਫੌਜੀ ਬਲ ਆਵਦੇ ਵਿਰੁੁੱਧ ਸਬੂਤ ਖਤਮ ਕਰ ਰਹੇ ਹਨ ਅਤੇ ਸੁੱਖੀ ਦਾ ਦਾਹ ਸੰਸਕਾਰ ਕਰਵਾਉਣ ਲਈ ਜੋਰ ਲਾ ਰਹੇ ਹਨ ਇਸ ਟੀਮ ਨੂੰ ਲੋਕਾਂ ਨੇ ਸੁੱਖੀ ਦੇ ਨਾਲ ਘਟਨਾ ਸਮੇਂ ਮੌਜੂਦ ਇਕ ਔਰਤ ਹੁੰਗੀ ਨਾਲ ਮਿਲਾਇਆ ਉਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਪਿੰਡ ਦੀਆਂ ਤਿੰਨ ਔਰਤਾਂ ਸਵੇਰੇ ਜੰਗਲ ਚੋਂ ਲੱਕੜਾਂ ਲੈਣ ਜਾ ਰਹੀਆਂ ਸਨ ਸੀ ਆਰ ਪੀ ਵਾਲੇ ਸਾਹਮਣੇ ਤੋਂ ਆ ਰਹੇ ਸਨ ਉਹਨਾਂ ਨੇ ਬਿਨਾਂ ਕੁੱਝ ਪੁੱਛਿਆਂ ਦੱਸਿਆਂ ਅਤੇ ਚਿਤਾਵਨੀ ਦਿੱਤਿਆਂ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਤਿੰਨਾਂ ਔਰਤਾਂ ਨੇ ਹੱਥ ਖੜ੍ਹੇ ਕਰਕੇ ਕਿਹਾ ਉਹ ਤਾਂ ਲੱਕੜਾਂ ਚੁਗਣ ਵਾਲੀਆਂ ਔਰਤਾਂ ਹਨ ਪਰ ਸੀ ਆਰ ਪੀ ਦੇ ਜਵਾਨਾਂ ਨੇ ਉਹਨਾਂ ਦੀ ਕੋਈ ਗੱਲ ਨਹੀਂ ਸੁਣੀ ਹੁੰਗੀ ਦੇ ਦੱਸਣ ਅਨੁਸਾਰ ਸੀ ਆਰ ਪੀ ਵੱਲੋਂ ਤਿੰਨ ਗੋਲੀਆਂ ਚਲਾਈਆਂ ਗਈਆਂ ਜਿਨ੍ਹਾਂ ਚੋਂ ਇਕ ਗੋਲੀ ਸੁੱਖੀ ਨੂੰ ਲੱਗੀ ਅਤੇ ਦੂਸਰੀ ਕਲਮੂ ਦੇਵੀ ਨੂੰ ਲੱਗੀ ਹੁੰਗੀ ਬਚ ਗਈ ਦੋਹਾਂ ਔਰਤਾਂ ਨੂੰ ਗੋਲੀਆਂ ਲੱਗਣ ਤੋਂ ਬਾਅਦ ਹੁੰਗੀ ਜਖਮੀ ਕਲਮੂ ਦੇਵੀ ਨੂੰ ਘਟਨਾ ਵਾਲੀ ਥਾਂ ਤੋਂ ਪਿੰਡ ਲੈ ਕੇ ਆਈ ਅਤੇ ਪਿੰਡ ਦੀਆਂ ਔਰਤਾਂ ਨੂੰ ਸੀ ਆਰ ਪੀ ਦੇ ਜਵਾਨਾਂ ਵੱਲੋਂ ਸੁੱਖੀ ਨੂੰ ਗੋਲੀ ਮਾਰ ਦੇਣ ਬਾਰੇ ਦੱਸਿਆ ਪਿੰਡ ਦੀਆਂ ਦੋ ਔਰਤਾਂ ਪੋਡੀਅਮ ਹੁੱਰੇ ਅਤੇ ਮੜਕਮ ਭੀਮੇ, ਸੁੱਖੀ ਨੂੰ ਪਿਆਉਣ ਲਈ ਪਾਣੀ ਲੈ ਕੇ ਗਈਆਂ ਗੋਲੀ ਲੱਗਣ ਤੋਂ ਕੁੱਝ ਸਮਾਂ ਬਾਅਦ ਤੱਕ ਸੁੱਖੀ ਜਿੰਦਾ ਸਹਿਕਦੀ ਰਹੀ ਹੁੱਰੇ ਅਤੇ ਭੀਮੇ ਨੇ ਦੱਸਿਆ ਕਿ ਜਦੋਂ ਸੁੱਖੀ ਨੂੰ ਸੀ ਆਰ ਪੀ ਦੇ ਜਵਾਨ ਪੌਲੀਥੀਨ ਦੀ ਚਾਦਰ ਵਿਚ ਬੰਨ੍ਹ ਰਹੇ ਸਨ ਤਾਂ ਉਸ ਨੇ ਹੱਥ ਉਪਰ ਕੀਤਾ ਅਤੇ ਪਾਣੀ ਮੰਗਿਆ ਪਰ ਜਵਾਨਾਂ ਨੇ ਉਨ੍ਹਾਂ ਦੋਹਾਂ ਨੂੰ ਉਸ ਨੂੰ ਪਾਣੀ ਪਿਆਉਣ ਨਹੀਂ ਦਿੱਤਾ ਉਨ੍ਹਾਂ ਨੇ ਸੁੱਖੀ ਨੂੰ ਜਿੰਦਾ ਹੀ ਪੌਲੀਥੀਨ ਦੀ ਚਾਦਰ ਵਿਚ ਬੰਨ੍ਹ ਦਿੱਤਾ ਜਿਸ ਨਾਲ ਦਮ ਘੁੱਟਣ ਕਰਕੇ ਉਸ ਦੀ ਮੌਤ ਹੋ ਗਈ ਦੂਸਰੀ ਔਰਤ ਦਾ ਉਸ ਸਮੇਂ ਤੱਕ ਇਲਾਜ ਚੱਲ ਰਿਹਾ ਸੀ
ਸੁਕਮਾ ਜਿਲ੍ਹੇ ਦਾ ਪੁਲਸ ਮੁਖੀ ਜਤਿੰਦਰ ਸ਼ੁਕਲਾ ਇਹ ਦਾਅਵਾ ਕਰ ਰਿਹਾ ਹੈ ਕਿ ਔਰਤਾਂ ਨੂੰ ਗੋਲੀਆਂ ਨਕਸਲੀਆਂ ਨਾਲ ਮੁੱਠ ਭੇੜ ਦੌਰਾਨ ਦੁਵੱਲੀ ਗੋਲੀਬਾਰੀ ਕਾਰਨ ਲੱਗੀਆਂ ਹਨ ਜਾਂਚ ਟੀਮ ਨੇ ਘਟਨਾ ਵਾਲੀ ਥਾਂ ਦੀ ਘੋਖ ਪੜਤਾਲ ਕੀਤੀ ਹੈ ਉਥੇ ਕਿਸੇ ਵੀ ਦਰਖਤ ਤੇ ਕੋਈ ਗੋਲੀ ਦਾ ਨਿਸ਼ਾਨ ਨਹੀਂ ਹੈ ਅਤੇ ਨਾ ਹੀ ਕਾਰਤੂਸਾਂ ਦੇ ਖੋਲ ਮਿਲੇ ਹਨ ਪਿੰਡ ਦੇ ਲੋਕਾਂ ਅਨੁਸਾਰ ਵੀ ਉਥੇ ਕੋਈ ਮੁਕਾਬਲਾ ਨਹੀਂ ਹੋਇਆ
ਇਸ ਘਟਨਾ ਦੀ ਤਫਤੀਸ਼ ਛੱਤੀਸਗੜ੍ਹ ਪੁਲੀਸ ਕਰ ਰਹੀ ਹੈ ਜਦੋਂ ਮੁਜ਼ਰਮ ਖੁਦ ਹੀ ਤਫਤੀਸ਼ ਕਰਨ ਤਾਂ ਇਨਸਾਫ ਕਿੱਥੋਂ ਮਿਲੂ? ਅਸਲ ਚ ਤਫਤੀਸ਼ ਦੇ ਨਾਂ ਹੇਠ ਸਬੂਤ ਮਿਟਾ ਕੇ ਦੋਸ਼ੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਮਾਮਲੇ ਨੂੰ ਲੰਮੇ ਸਮੇਂ ਲਈ ਲਮਕਾ ਕੇ ਅੰਤ ਨੂੰ ਠੰਢੇ ਬਸਤੇ ਚ ਪਾਇਆ ਜਾਣਾ ਹੈ ਅੱਜ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਹਾਲਾਂ ਕਿ ਸਾਰੇ ਦੋਸ਼ੀ ਜਾਣੇ ਪਹਿਚਾਣੇ ਹਨ, ਵਾਰਦਾਤ ਵਾਲੀ ਥਾਂ ਤੇ ਉਨ੍ਹਾਂ ਦੀ ਹਾਜਰੀ ਦੇ ਪੁਖਤਾ ਅਤੇ ਲਿਖਤੀ ਸਬੂਤ ਹਨ
ਇਹ ਕੋਈ ਇਕੱਲੀ ਕਹਿਰੀ ਘਟਨਾ ਨਹੀਂ ਇਸ ਤੋਂ ਪਹਿਲਾਂ ਬਸਤਰ  ਦੇ ਇਲਾਕੇ ਚ ਅਜਿਹੀਆਂ ਅਣਗਿਣਤ ਘਟਨਾਵਾਂ ਵਾਪਰੀਆਂ ਹਨ ਇਹਨਾਂ ਸਾਰੀਆਂ ਘਟਨਾਵਾਂ ਦੇ ਵਿਰੋਧ ਚ ਆਦਿਵਾਸੀ ਲੋਕਾਂ ਦੇ ਸੰਗਠਨ ਕੋਈ ਸਾਂਝੀ ਰੋਸ ਸਰਗਰਮੀ ਕਰਨ ਦੀ ਵਿਉਤ ਬਣਾ ਰਹੇ ਹਨ
ਫੌਜੀ ਬਲਾਂ ਦੀਆਂ ਕਰਤੂਤਾਂ
ਲਿਗਾਰਾਮ ਕੋਡੱਪੀ ਦੀ ਜ਼ੁਬਾਨੀ
ਮੈਂ, ਸੋਨੀ ਸ਼ੋਰੀ, ਬੇਲਾ ਭਾਟੀਆ, ਪੁਸ਼ਪਾ ਰੋਕੜੇ, ਤਮਾਲਿਕਾ ਅਤੇ ਸੰਜੇ ਪੰਤ ਅਸੀਂ ਸਾਰੇ ਬੀਜਾਪੁਰ ਜਿਲ੍ਹੇ ਦੇ ਕੋਰਸੇਗੁੜਾ ਪਿੰਡ 3 ਜਨਵਰੀ 2019 ਨੂੰ ਗਏ ਉਸ ਪਿੰਡ ਤੋਂ ਸਾਨੂੰ ਲਗਾਤਾਰ ਫੋਨ ਆ ਰਹੇ ਸਨ ਕਿ ਨੀਮ ਫੌਜੀ ਬਲਾਂ ਦੇ ਜੁਆਨਾਂ ਨੇ ਕਈ ਮਾੜੀਆਂ ਘਟਨਾਵਾਂ ਕੀਤੀਆਂ ਹਨ, ਤੁਸੀਂ ਆਓ ਅਤੇ ਪੜਤਾਲ ਕਰੋ .. .. ਜਦੋਂ ਅਸੀਂ ਪਿੰਡ ਪਹੁੰਚੇ ਤਾਂ ਪੂਰੇ ਪਿੰਡ ਦੇ ਲੋਕ ਸਾਨੂੰ ਆਪਣੀ ਵਿਥਿਆ ਸੁਨਾਉਣ ਲਈ ਇਕੱਠੇ ਹੋ ਗਏ ਪਿੰਡ ਵਾਲਿਆਂ ਚ ਇੱਕ ਔਰਤ ਸੀ ਜੀਹਦੇ ਨਾਲ 12-9-2018 ਨੂੰ ਸੀ ਆਰ ਪੀ ਦੇ ਜਵਾਨਾਂ ਨੇ ਬਲਾਤਕਾਰ ਕੀਤਾ ਸੀ ਉਸ ਔਰਤ ਨੇ ਸੋਨੀ ਸ਼ੋਰੀ ਨੂੰ ਗੌਂਡੀ ਭਾਸ਼ਾ ਚ ਦੱਸਿਆ ਕਿ ਸਭ ਤੋਂ ਪਹਿਲਾਂ ਸੀ ਆਰ ਪੀ ਦੇ ਜਵਾਨਾਂ ਅਤੇ ਅਧਿਕਾਰੀਆਂ ਨੇ ਉਸ ਨੂੰ ਨੰਗਾ ਕਰ ਦਿੱਤਾ ਉਸ ਦੀਆਂ ਛਾਤੀਆਂ ਨੂੰ ਫੜ ਕੇ ਖਿੱਚਿਆ ਗਿਆ ਉਸ ਦੇ ਗੁਪਤ ਅੰਗਾਂ ਨਾਲ ਛੇੜ-ਛਾੜ ਕੀਤੀ ਗਈ ਉਹ ਚੀਕਾਂ ਮਾਰ ਰਹੀ ਸੀ ਅਤੇ ਰੋ ਰਹੀ ਸੀ, ਪਰ ਉਹਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਜਦੋਂ ਜਾਬਰ ਪੁਲਸੀਏ ਇਹ ਹੈਵਾਨੀ ਕਰਤੂਤਾਂ ਕਰ ਰਹੇ ਸਨ ਤਾਂ ਹੋਰਾਂ ਸਿਪਾਹੀਆਂ ਵੱਲੋਂ ਉਸ ਦਾ ਵੀਡੀਓ ਬਣਾਇਆ ਜਾ ਰਿਹਾ ਸੀ ਉਸ ਔਰਤ ਨਾਲ ਤਿੰਨ ਪੁਲਸੀ ਦਰਿੰਦਿਆਂ ਨੇ ਵਾਰੀ ਵਾਰੀ ਬਲਾਤਕਾਰ ਕੀਤਾ ਕੀ ਇਹ ਨੇ ਮੇਰੇ ਭਾਰਤ ਦੇ ਰਾਖੇ? ਇਹ ਪੁਲਸੀਏ ਆਦਿਵਾਸੀਆਂ ਦੀ ਸੁਰੱਖਿਆ ਲਈ ਆਏ ਹਨ ਜਾਂ ਉਹਨਾਂ ਦੀਆਂ ਕਮਜ਼ੋਰ ਔਰਤਾਂ ਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਨਾਉਣ ਆਏ ਹਨ? ਉਸ ਨੇ ਰੋਂਦਿਆਂ ਸਵਾਲ ਕੀਤੇ
ਇਕ ਹੋਰ ਔਰਤ ਨੇ ਸੋਨੀ ਸੋਰੀ ਨੂੰ ਦੱਸਿਆ ਕਿ ਉਹ ਆਪਣੇ ਘਰ ਚ ਅਨਾਜ ਵਾਲੀ ਕੋਠੜੀ ਮੂਹਰੇ ਬੈਠੀ ਸੀ ਸੀ ਆਰ ਪੀ ਵਾਲੇ ਉਥੇ ਆਏ ਅਤੇ ਕੋਠੜੀ ਚ ਵੜ ਗਏ ਉਸ ਔਰਤ ਨੇ ਸਿਪਾਹੀਆਂ ਨੂੰ ਸਿਰਫ ਏਨਾ ਹੀ ਕਿਹਾ ਕਿ ਉਹਨਾਂ ਨੂੰ ਸਣੇ ਜੁੱਤੀਆਂ ਆਨਾਜ ਵਾਲੀ ਕੋਠੜੀ ਚ ਨਹੀਂ ਵੜਨਾ ਚਾਹੀਦਾ ਸੀ ਦੋ ਪੁਲਸੀਆਂ ਨੇ ਉਸ ਔਰਤ ਨੂੰ ਫੜ ਲਿਆ ਅਤੇ ਉਸ ਦੇ ਗਲ ਚ ਰੱਸੀ ਪਾ ਲਈ ਉਹ ਗਰਭਵਤੀ ਸੀ ਪੁਲਸੀਆਂ ਨੇ ਦੋਹਾਂ ਪਾਸਿਆਂ ਤੋਂ ਰੱਸੀ ਨੂੰ ਖਿੱਚਿਆ ਉਸ ਔਰਤ ਦਾ ਸਾਹ ਬੰਦ ਹੋ ਗਿਆ ਅਤੇ ਉਹ ਤੜਫਨ ਲੱਗੀ ਉਹਦੀਆਂ ਅੱਖਾਂ ਬਾਹਰ ਆਉਣ ਲੱਗੀਆਂ ਫਿਰ ਪੁਲਸੀਆਂ ਨੇ ਰੱਸੀ ਢਿੱਲੀ ਕਰ ਦਿੱਤੀ
.. .. ਪਿੰਡ ਦੇ ਲੋਕਾਂ ਨੇ ਫਿਰ ਸਾਨੂੰ 23 ਦਸੰਬਰ 2018 ਨੂੰ ਵਾਪਰੀ ਇਕ ਘਟਨਾ ਬਾਰੇ ਦੱਸਿਆ ਉਸ ਦਿਨ ਸਵਾ ਚਾਰ ਵਜੇ ਪਿੰਡ ਦੇ ਨੌਜਵਾਨ ਖੇਤੀ ਅਤੇ ਚੌਲਾਂ ਦੀ ਫਸਲ ਦੀ ਸਿੰਜਾਈ ਲਈ ਆਪਣੇ ਆਪਣੇ ਘਰਾਂ ਤੋਂ ਜਾ ਰਹੇ ਸੀ ਏਨੇ ਚ ਸੀ ਆਰ ਪੀ ਅਤੇ ਪੁਲਸ ਦੀ ਇਕ ਟੁਕੜੀ ਨੇ ਛਾਪਾ ਮਾਰਿਆ ਉਹਨਾਂ ਨੇ ਪਿੰਡ ਦੇ 13 ਨੌਜਵਾਨਾਂ ਨੂੰ ਫੜ ਲਿਆ ਅਤੇ ਬਾਸਗੁੜਾ ਥਾਣੇ ਲੈ ਗਏ ਇਹਨਾਂ ਚ ਕੁੱਝ ਨੌਜਵਾਨ ਅਜਿਹੇ ਸਨ ਜਿਨ੍ਹਾਂ ਨੂੰ ਨਕਸਲੀ ਕਹਿ ਕੇ ਪਹਿਲਾਂ ਵੀ ਪੁਲਸ ਨੇ ਫੜਿਆ ਸੀ ਬਾਸਗੁੜਾ ਥਾਣੇ ਦੇ ਵੱਡੇ ਥਾਣੇਦਾਰ ਨੇ ਇਹਨਾਂ ਨੌਜਵਾਨਾਂ ਦੇ ਮਾਪਿਆਂ ਤੋਂ ਕੁੱਲ 70,000 ਰਪਏ  ਰਿਸ਼ਵਤ ਲੈ ਕੇ ਇਹਨਾਂ ਨੂੰ ਛੱਡਿਆ ਪੁਲਸ ਅਤੇ ਨੀਮ ਫੌਜੀ ਬਲਾਂ ਦੀਆਂ ਅਨੇਕਾਂ ਅਜਿਹੀਆਂ ਹੋਰ ਵੀ ਗੈਰਕਾਨੂੰਨੀ ਕਾਰਵਾਈਆਂ ਹਨ ਜੋ ਉਹਨਾਂ ਵੱਲੋਂ ਲੋਕਾਂ ਤੇ ਕੀਤੇ ਜਾ ਰਹੇ ਅੰਨ੍ਹੇਂ ਤਸ਼ੱਦਦ ਅਤੇ ਲੁੱਟ ਦੀਆਂ ਉਘੜਵੀਆਂ ਮਿਸਾਲਾਂ ਹਨ ਇਹ ਘਟਨਾਵਾਂ ਇਸ ਹਕੀਕਤ ਨੂੰ ਵੀ ਦਰਸਾਉਦੀਆਂ ਹਨ ਕਿ ਚਾਹੇ ਉਥੋਂ ਭਾਜਪਾ ਦੀ ਸਰਕਾਰ ਨੂੰ ਗੱਦੀਉ ਲਾਹ ਕੇ ਕਾਂਗਰਸ ਦੀ ਸਰਕਾਰ ਗੱਦੀ ਤੇ ਆ ਬੈਠੀ ਹੈ ਪਰ ਇਸ ਨਾਲ ਪੁਲਸ ਅਤੇ ਨੀਮ ਫੌਜੀ ਬਲਾਂ ਦੇ ਜਬਰ ਅਤੇ ਆਪਹੁਦਰੀਆਂ ਤੋਂ ਲੋਕਾਂ ਨੂੰ ਕੋਈ ਨਿਜਾਤ ਨਹੀਂ ਮਿਲੀ
ਇਸ ਸਾਰੇ ਦਮਨ ਅਤੇ ਵਹਿਸ਼ਤ ਦਾ ਮੁੱਖ ਮਕਸਦ ਉਥੋਂ ਦੀ ਖਣਿਜ ਪਦਾਰਥਾਂ ਦੀ ਅਮੀਰ ਧਰਤੀ ਅਤੇ ਸੰਘਣੇ ਜੰਗਲਾਂ ਤੋਂ ਆਦਿਵਾਸੀ ਲੋਕਾਂ ਨੂੰ ਉਜਾੜ ਕੇ ਇਹ ਸਾਰਾ ਕੁੱਝ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨਾ ਹੈ


No comments:

Post a Comment