Tuesday, April 8, 2014

ਗੁਜਰਾਤ 'ਚ ਪੰਜਾਬੀ ਕਿਸਾਨਾਂ 'ਤੇ ਉਜਾੜੇ ਦੀ ਲਟਕਦੀ ਤਲਵਾਰ


ਗੁਜਰਾਤ 'ਚ ਪੰਜਾਬੀ ਕਿਸਾਨਾਂ 'ਤੇ ਉਜਾੜੇ ਦੀ ਲਟਕਦੀ ਤਲਵਾਰ
ਕਿੰਨੇ ਹੀ ਵਰ੍ਹਿਆਂ ਤੋਂ ਗੁਜਰਾਤ ਵਿੱਚ ਵਸਦੇ ਹਜ਼ਾਰਾਂ ਪੰਜਾਬੀ ਕਿਸਾਨਾਂ ਸਿਰ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਉਜਾੜੇ ਦੀ ਤਲਵਾਰ ਲਟਕਾਈ ਹੋਈ ਹੈ। ਇਹਨਾਂ ਪੰਜਾਬੀ ਕਿਸਾਨਾਂ ਨੂੰ ਖੁਦ ਗੁਜਰਾਤ ਸਰਕਾਰ ਵੱਲੋਂ ਉੱਥੇ ਆ ਕੇ ਵਸਣ ਅਤੇ ਖੇਤੀ ਕਰਨ ਲਈ ਸੱਦਾ ਦਿੱਤਾ ਗਿਆ ਸੀ। ਇਹਨਾਂ ਕਿਸਾਨਾਂ ਵੱਲੋਂ ਉੱਥੇ ਬੰਜਰ ਜ਼ਮੀਨਾਂ ਖਰੀਦੀਆਂ ਗਈਆਂ ਅਤੇ ਇਹਨਾਂ ਨੂੰ ਆਪਣੀ ਦਹਾਕਿਆਂ ਬੱਧੀ ਕੀਤੀ ਮਿਹਨਤ-ਮੁਸ਼ੱਕਤ ਨਾਲ ਆਬਾਦ ਕੀਤਾ ਗਿਆ ਅਤੇ ਜਰਖੇਜ਼ ਭੋਇੰ ਵਿੱਚ ਬਦਲਿਆ ਗਿਆ। ਪਰ ਗੁਜਰਾਤ ਦੀ ਮੋਦੀ ਸਰਕਾਰ ਦਾ ਇਹਨਾਂ ਕਿਸਾਨਾਂ ਨੂੰ ਗੁਜਰਾਤ ਛੱਡ ਕੇ ਚਲੇ ਜਾਣ ਦਾ ਫੁਰਮਾਨ ਉਹਨਾਂ ਸਿਰ ਅਸਮਾਨੀ ਬਿਜਲੀ ਬਣ ਕੇ ਡਿਗਿਆ। ਇਹਨਾਂ ਵੱਲੋਂ ਮੋਦੀ ਹਕੂਮਤ ਦੇ ਇਸ ਨਿਹੱਕੇ ਫੁਰਮਾਨ ਖਿਲਾਫ ਗੁਜਰਾਤ ਹਾਈਕੋਰਟ ਵਿੱਚ ਅਪੀਲ ਕੀਤੀ ਗਈ। ਗੁਜਰਾਤ ਹਾਈਕੋਰਟ ਵੱਲੋਂ ਸਰਕਾਰ ਦੇ ਹੁਕਮ ਨੂੰ ਰੱਦ ਕਰਦਿਆਂ, ਕਿਸਾਨਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਗਿਆ। ਪਰ ਛੇਤੀ ਤੋਂ ਛੇਤੀ ਪੰਜਾਬੀ ਕਿਸਾਨਾਂ ਨੂੰ ਉਜਾੜਨ ਲਈ ਬਜਿੱਦ ਮੋਦੀ ਸਰਕਾਰ ਵੱਲੋਂ ਹਾਈਕੋਰਟ ਦੇ ਫੈਸਲੇ ਖਿਲਾਫ ਦਿੱਲੀ ਸੁਪਰੀਮ ਕੋਰਟ ਵਿੱਚ ਅਪੀਲ ਕਰ ਦਿੱਤੀ ਗਈ। 
ਇਹਨਾਂ ਕਿਸਾਨਾਂ ਵੱਲੋਂ ਦੋ-ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਉਹਨਾਂ ਦੇ ਉਜਾੜੇ ਨੂੰ ਰੋਕਣ ਦੀ ਅਰਜੋਈ ਕੀਤੀ ਗਈ। ਝੂਠੇ ਧਰਵਾਸਿਆਂ ਤੋਂ ਬਿਨਾ ਉਹਨਾਂ ਦੇ ਪੱਲੇ ਕੁੱਝ ਨਹੀਂ ਪਿਆ। ਭਾਜਪਾ ਦੀ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਬਣਨ ਤੋਂ ਮਗਰੋਂ ਮੁਲਕ ਅੰਦਰ ਸਭ ਤੋਂ ਪਹਿਲਾਂ ਜੰਮੂ-ਕਸ਼ਮੀਰ ਹੱਦ ਨੇੜੇ ਮਾਧੋਪੁਰ ਵਿੱਚ ਭਾਜਪਾ ਵੱਲੋਂ ਆਪਣੀ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਬੋਲਦਿਆਂ, ਮੋਦੀ ਵੱਲੋਂ ਪੰਜਾਬੀ ਕਿਸਾਨਾਂ ਦਾ ਉਜਾੜਾ ਨਾ ਕਰਨ ਦਾ ਐਲਾਨ ਕੀਤਾ ਗਿਆ। ਪਰ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਵਾਪਸ ਨਾ ਲਈ ਗਈ। ਫਿਰ ਕਈ ਮਹੀਨਿਆਂ ਬਾਅਦ, ਅਕਾਲੀ-ਭਾਜਪਾ ਗੱਠਜੋੜ ਦੀ ਜਗਰਾਉਂ ਰੈਲੀ ਵਿੱਚ ਉਸੇ ਮੋਦੀ ਵੱਲੋਂ ਸੰਘ ਪਾੜਵੀਂ ਆਵਾਜ਼ ਵਿੱਚ ਦਮਗਜ਼ਾ ਮਾਰਿਆ ਗਿਆ ਕਿ ਕੋਈ ਪੰਜਾਬੀ ਜਾਂ ਸਿੱਖ ਕਿਸਾਨ ਗੁਜਰਾਤ ਵਿੱਚੋਂ ਨਹੀਂ ਕੱਢਿਆ ਜਾਵੇਗਾ। ਉਸ ਤੋਂ ਬਾਅਦ ਮੋਦੀ ਨੂੰ ਮੁਲਕ ਦੇ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਿਠਾਉਣ ਲਈ ਹੱਦੋਂ ਵੱਧ ਉਤਾਵਲੇ ਹੋਏ ਬਾਦਲ ਲਾਣੇ ਵੱਲੋਂ ਹਰ ਰੋਜ਼ ਤੇ ਹਰ ਥਾਂ ਇਹ ਘਰਾਟ ਰਾਗ ਅਲਾਪਿਆ ਜਾ ਰਿਹਾ ਹੈ ਕਿ ਗੁਜਰਾਤ ਵਿੱਚੋਂ ਕੋਈ ਪੰਜਾਬੀ ਕਿਸਾਨ ਨਹੀਂ ਉਜਾੜਿਆ ਜਾਵੇਗਾ। 
ਜੇ ਮੋਦੀ ਅਤੇ ਬਾਦਲਾਂ ਦੇ ਉਪਰੋਕਤ ਐਲਾਨ ਸੱਚੇ ਹਨ, ਤਾਂ ਫਿਰ ਹੁਣ ਤੱਕ ਮੋਦੀ ਹਕੂਮਤ ਵੱਲੋਂ ਸੁਪਰੀਮ ਕੋਰਟ ਵਿੱਚ ਪਾਈ ਅਪੀਲ ਵਾਪਸ ਨਾ ਲੈਣ ਦੀ ਕੀ ਤੁੱਕ ਹੈ? ਇਹ ਅਪੀਲ ਵਾਪਸ ਕਿਉਂ ਨਹੀਂ ਲਈ ਜਾ ਰਹੀ?ਕੀ ਇਹਦਾ ਇਹ ਸਾਫ ਮਤਲਬ ਨਹੀਂ ਹੈ ਕਿ ਮੋਦੀ ਸਰਕਾਰ ਹਾਲੀਂ ਗੁਜਰਾਤ ਹਾਈਕੋਰਟ ਦਾ ਕਿਸਾਨਾਂ ਦੇ ਹੱਕ ਵਿੱਚ ਕੀਤਾ ਫੈਸਲਾ ਰੱਦ ਕਰਵਾ ਕੇ, ਉੱਥੋਂ ਪੰਜਾਬੀ ਕਿਸਾਨਾਂ ਦਾ ਬਿਸਤਰਾ ਗੋਲ ਕਰਨ ਦੇ ਮਨਸੂਬੇ ਪਾਲ ਰਹੀ ਹੈ। ਜੇ ਗੱਲ ਇਹ ਹੈ ਤਾਂ ਕੀ ਮੋਦੀ ਅਤੇ ਬਾਦਲਾਂ ਵੱਲੋਂ ਉੱਥੋਂ ਪੰਜਾਬੀ ਕਿਸਾਨਾਂ ਨੂੰ ਨਾ ਉਜਾੜਨ ਦੇ ਪੰਜਾਬ ਵਿੱਚ ਲਾਈ ਜਾ ਰਹੀ ਐਲਾਨਾਂ ਦੀ ਝੜੀ ਨਿਰਾ ਦੰਭ ਨਹੀਂ ਹੈ? ਪੰਜਾਬ ਦੇ ਕਿਸਾਨਾਂ ਨਾਲ ਖੇਡਿਆ ਜਾ ਰਿਹਾ ਫਰਾਡ ਨਹੀਂ ਹੈ? ਬਿਨਾ ਸ਼ੱਕ- ਮੋਦੀ ਵੱਲੋਂ ਕੀਤੇ ਜਾ ਰਹੇ ਇਹ ਐਲਾਨ ਪੰਜਾਬ ਦੇ ਕਿਸਾਨਾਂ ਦੀਆਂ ਅੱਖਾਂ ਵਿੱਚ ਘੱਟਾ ਝੋਕਣ ਅਤੇ ਵੋਟਾਂ ਬਟੋਰਨ ਲਈ ਕੀਤੇ ਜਾ ਰਹੇ ਹਨ। ਇਹ ਮੋਦੀ ਦੀ ਮੌਕਾਪ੍ਰਸਤ ਅਤੇ ਬੇਸ਼ਰਮੀ ਦੀ ਇੱਕ ਆਹਲਾ ਮਿਸਾਲ ਹੈ। ਪਰ ਬਾਦਲਾਂ ਦੀ ਬੇਸ਼ਰਮੀ ਤੇ ਢੀਠਤਾਈ ਦਾ ਕੋਈ ਸਾਨੀ ਨਹੀਂ ਰਹਿੰਦਾ, ਜਦੋਂ ਉਹ ਮੋਦੀ ਦੇ ਇਹਨਾਂ ਦੰਭੀ ਐਲਾਨਾਂ ਦੀ ਆਪਣੀਆਂ ਚੋਣ ਰੈਲੀਆਂ ਵਿੱਚ ਵਾਰ ਵਾਰ ਜੁਗਾਲੀ ਕਰਦੇ ਹਨ। 
ਅਸਲ ਵਿੱਚ- ਮੋਦੀ ਵੱਲੋਂ ਗੁਜਰਾਤ ਵਿੱਚ ਵਸਦੇ ਪੰਜਾਬੀ ਕਿਸਾਨਾਂ ਨੂੰ ਉਜਾੜਨ ਦੇ ਹੁਕਮ ਚਾੜ੍ਹਨ ਜਾਂ ਉਜਾੜੇ ਦੀ ਤਲਵਾਰ ਲਟਕਾਉਣ ਦਾ ਸੋਚਿਆ-ਸਮਝਿਆ ਦੂਹਰਾ ਮਕਸਦ ਹੈ। ਪਹਿਲਾ ਤੇ ਪ੍ਰਮੁੱਖ ਮਕਸਦ- ਉਹ ਗੁਜਰਾਤ ਦੀ ਜਨਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਗੁਜਰਾਤ ਗੁਜਰਾਤੀਆਂ ਲਈ ਹੈ। ਇੱਥੇ ਗੈਰ-ਗੁਜਰਾਤੀਆਂ ਲਈ ਕੋਈ ਥਾਂ ਨਹੀਂ ਹੈ। ਇਉਂ, ਉਹ ਗੁਜਰਾਤੀ ਕੌਮ ਦੀਆਂ ਕੌਮਵਾਦੀ ਭਾਵਨਾਵਾਂ ਨੂੰ ਭੜਕਾ ਕੇ ਸ਼ਾਵਨਵਾਦੀ ਪੁੱਠ ਚਾੜ੍ਹਨਾ ਚਾਹੁੰਦਾ ਹੈ ਅਤੇ 2002 ਦੇ ਮੁਸਲਿਮ ਕਤਲੇਆਮ ਰਾਹੀਂ ਹਿੰਦੂ ਸ਼ਾਵਨਵਾਦ ਦੁਆਲੇ ਲਾਮਬੰਦ ਕੀਤੇ ਹਿੰਦੂ ਵੋਟ ਬੈਂਕ ਨੂੰ ਗੁਜਰਾਤੀ ਕੌਮੀ ਸ਼ਾਵਨਵਾਦ ਦੀ ਪੁੱਠ ਚਾੜ੍ਹਦਿਆਂ, ਬਰਕਰਾਰ ਰੱਖਣਾ ਅਤੇ ਪਸਾਰਨਾ ਚਾਹੁੰਦਾ ਹੈ। ਦੂਜਾ- ਪੰਜਾਬੀ ਕਿਸਾਨਾਂ ਨੂੰ ਉਜਾੜ ਕੇ ਖਾਲੀ ਕਰਵਾਈਆਂ ਜਾਣ ਵਾਲੀਆਂ ਜ਼ਮੀਨਾਂ ਨੂੰ ਕੌਡੀਆਂ ਭਾਅ ਕਾਰਪੋਰੇਟ ਗਿਰਝਾਂ ਨੂੰ ਜ਼ਮੀਨਾਂ ਪਰੋਸਣ ਲਈ ਬਣਾਏ ਜਾ ਰਹੇ ਜ਼ਮੀਨ-ਬੈਂਕ ਦਾ ਹਿੱਸਾ ਬਣਾਉਣਾ ਚਾਹੁੰਦਾ ਹੈ। 
ਮੋਦੀ ਜੁੰਡਲੀ ਦੇ ਉਪਰੋਕਤ ਮਕਸਦ ਨੂੰ ਦੇਖਦਿਆਂ, ਇਹ ਗੱਲ ਤਾਂ ਤਹਿ ਹੀ ਹੈ ਕਿ ਲੱਖ ਯਕੀਨਦਹਾਨੀਆਂ ਦੇ ਬਾਵਜੂਦ ਪਾਰਲੀਮਾਨੀ ਚੋਣਾਂ ਹੋਣ ਤੱਕ ਤਾਂ ਸੁਪਰੀਮ ਕੋਰਟ ਵਿੱਚੋਂ ਅਪੀਲ ਵਾਪਸ ਲੈਣ ਦਾ ਸੁਆਲ ਹੀ ਨਹੀਂ ਹੈ। ਇਹਨਾਂ ਚੋਣਾਂ ਵਿੱਚ ਉਹ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਸੁਸ਼ੋਭਿਤ ਹੁੰਦਾ ਹੈ ਜਾਂ ਨਹੀਂ, ਇਸ ਹਾਲਤ ਵਿੱਚ ਉਸਦੀਆਂ ਫਿਰਕੂ ਜਨੂੰਨੀ, ਸ਼ਾਵਨਵਾਦੀ ਅਤੇ ਪਾਟਕ-ਪਾਊ ਪੈਂਤੜਿਆਂ/ਚਾਲਾਂ ਨੇ ਕੀ ਰੰਗ-ਢੰਗ ਅਖਤਿਆਰ ਕਰਨਾ ਹੈ, ਇਸ ਬਾਰੇ ਠੋਸ ਰੂਪ ਵਿੱਚ ਨਹੀਂ ਕਿਹਾ ਜਾ ਸਕਦਾ। ਪਰ ਮੋਦੀ ਜੁੰਡਲੀ ਦੇ ਲੋਕ-ਦੁਸ਼ਮਣ ਫਿਰਕੂ ਜਨੂੰਨੀ ਕਿਰਦਾਰ ਨੂੰ ਦੇਖਦਿਆਂ, ਸੁਪਰੀਮ ਕੋਰਟ ਵਿੱਚ ਅਪੀਲ ਵਾਪਸ ਲੈਣ ਦੀਆਂ ਸੰਭਾਵਨਾਵਾਂ ਦੇਖਣ ਦਾ ਕੋਈ ਆਧਾਰ ਨਹੀਂ ਹੈ। 
ਕਿਸਾਨਾਂ ਸਿਰ ਉਜਾੜੇ ਦੀ ਲਟਕਦੀ ਤਲਵਾਰ ਅਤੇ ਅਨਿਸਚਿਤ ਭਵਿੱਖ ਦੇ ਬਾਵਜੂਦ, ਜੇ ਮੋਦੀ ਤੇ ਬਾਦਲ ਲਾਣੇ ਵੱਲੋਂ ਪੰਜਾਬ ਵਿੱਚ ਗੁਜਰਾਤੀ ਕਿਸਾਨਾਂ ਨੂੰ ਨਾ ਉਜਾੜਨ ਦੇ ਵਾਰ ਵਾਰ ਐਲਾਨ ਕੀਤੇ ਜਾ ਰਹੇ ਹਨ, ਤਾਂ ਇਹ ਉਹਨਾਂ ਵੱਲੋਂ ਸਭਨਾਂ ਮਿਹਨਤਕਸ਼ ਲੋਕਾਂ ਨਾਲ ਕੀਤੇ ਜਾ ਰਹੇ ਬੇਸ਼ਰਮ, ਢੀਠ ਅਤੇ ਦੰਭੀ ਵਿਹਾਰ ਦੀ ਇੱਕ ਝਲਕ ਤਾਂ ਹੈ ਈ। ਇਹ ਇਸ ਹਕੀਕਤ ਦੀ ਇੱਕ ਉੱਭਰਵੀ ਮਿਸਾਲ ਵੀ ਹੈ ਕਿ ਉਹ ਮਿਹਨਤਕਸ਼ ਲੋਕਾਂ ਨੂੰ ਕੀ ਸਮਝਦੇ ਹਨ। ਕਿਵੇਂ ਟਿੱਚ ਕਰਕੇ ਜਾਣਦੇ ਹਨ। ਕਿਸ ਕਦਰ ਕੱਖੋਂ ਹੌਲੇ ਅਤੇ ਹੀਣੇ ਸਮਝਦੇ ਹਨ। ਕਿਵੇਂ ਗੰਵਾਰ, ਬੁੱਧੂ ਬੇਗੈਰਤ, ਹੀਣੇ, ਬੰਧਕ ਪਸ਼ੂਆਂ ਦਾ ਇੱਕ ਵੱਗ ਸਮਝਦੇ ਹਨ, ਜਿਹਨਾਂ ਨੂੰ ਜਿੰਨਾ ਮਰਜੀ ਕੁੱਟੋ, ਮਾਰੋ, ਉਜਾੜੋ ਤੇ ਜਲੀਲ ਕਰੋ, ਪਰ ਫਿਰ ਵੀ ਦੰਭੀ ਧਰਵਾਸਿਆਂ, ਗੌਂ-ਗਰਜਾਂ ਦੀ ਮੁਥਾਜਗੀ, ਭ੍ਰਿਸ਼ਟ ਅਤੇ ਧਮਕਾਊ ਹੱਥਕੰਡਿਆਂ ਰਾਹੀਂ ਆਪਣੀ ਵੋਟ-ਰਿਆਇਆ ਬਣਾ ਕੇ ਰੱਖਿਆ ਜਾ ਸਕਦਾ ਹੈ। 
ਮੋਦੀ ਤੇ ਬਾਦਲਾਂ ਦਾ ਇਹ ਬੇਸ਼ਰਮ ਤੇ ਦੰਭੀ ਵਿਹਾਰ ਮਿਹਨਤਕਸ਼ ਜਮਾਤਾਂ ਨਾਲ ਉਹਨਾਂ ਦੇ ਉਸ ਹਾਕਮਾਨਾ ਰਿਸ਼ਤੇ ਦਾ ਹੀ ਇੱਕ ਇਜ਼ਹਾਰ ਹੈ, ਜਿਸਦੇ ਹੁੰਦਿਆਂ ਉਹਨਾਂ ਦੇ ਮਨਾਂ ਵਿੱਚ ਮਿਹਨਤਕਸ਼ ਜਮਾਤਾਂ ਪ੍ਰਤੀ ਦੁਰਕਾਰ, ਨਫਰਤ ਅਤੇ ਦੁਸ਼ਮਣੀ ਤੋਂ ਸਿਵਾਏ ਹੋਰ ਕੁੱਝ ਚਿਤਵਿਆ ਹੀ ਨਹੀਂ ਜਾ ਸਕਦਾ। 
-੦-

No comments:

Post a Comment