Friday, March 22, 2013

ਦਰੁਸਤ ਸੰਘਰਸ਼ਸ਼ੀਲ ਪੈਂਤੜੇ ਤੋਂ ਵਿਸ਼ਾਲ ਕਿਸਾਨ ਸੰਘਰਸ਼ ਦੀ ਤਿਆਰੀ



ਦਰੁਸਤ ਸੰਘਰਸ਼ਸ਼ੀਲ ਪੈਂਤੜੇ ਤੋਂ ਵਿਸ਼ਾਲ ਕਿਸਾਨ ਸੰਘਰਸ਼ ਦੀ ਤਿਆਰੀ


ਪੱਤਰਪ੍ਰੇਰਕ

ਪਿਛਲੇ ਵਰ੍ਹੇ ਦੇ ਆਖਰੀ ਹਫਤੇ ਤੋਂ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਬੇਜ਼ਮੀਨੇ ਅਤੇ ਥੁੜ੍ਹ ਜ਼ਮੀਨੇ ਕਿਸਾਨਾਂ ਦੀਆਂ ਜ਼ਮੀਨ, ਕਰਜ਼ੇ, ਰੁਜ਼ਗਾਰ ਤੇ ਖੁਦਕੁਸ਼ੀਆਂ ਸਬੰਧੀ ਬੁਨਿਆਦੀ ਮੰਗਾਂ ਨੂੰ ਆਧਾਰ ਬਣਾ ਕੇ ਵਿਸ਼ਾਲ ਅਤੇ ਪ੍ਰਚੰਡ ਘੋਲ ਦੀ ਤਿਆਰੀ ਵਿੱਢੀ ਹੋਈ ਹੈ ਇਸ ਸੰਘਰਸ਼ ਦੀਆਂ ਮੁੱਖ ਮੰਗਾਂ ਇਸ ਪ੍ਰਕਾਰ ਹਨ: ਜ਼ਮੀਨੀ ਸੁਧਾਰ ਪੂਰੀ ਤਰ੍ਹਾਂ ਲਾਗੂ ਕਰੋ, ਜ਼ਮੀਨ ਹੱਦਬੰਦੀ ਤੋਂ ਉਪਰਲੀ ਜਾਗੀਰਦਾਰਾਂ ਦੀ ਸਾਰੀ ਜ਼ਮੀਨ ਅਤੇ ਸਰਕਾਰੀ/ਨਜੂਲ ਤੇ ਬੇਆਬਾਦ ਸਾਰੀ ਜ਼ਮੀਨ ਬੇਜ਼ਮੀਨੇ ਤੇ ਥੁੜ੍ਹ ਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੰਡੋ, ਅਖੌਤੀ ਵਿਕਾਸ ਦੇ ਨਾਂ 'ਤੇ ਜਬਰੀ ਜ਼ਮੀਨਾਂ ਖੋਹਣੀਆਂ ਅਤੇ ਕਰਜ਼ੇ ਬਦਲੇ ਜ਼ਮੀਨਾਂ ਨਿਲਾਮ ਕਰਨੀਆਂ ਬੰਦ ਕਰੋ, ਆਬਾਦਕਾਰਾਂ ਤੇ ਮੁਜਾਰਿਆਂ ਨੂੰ ਮਾਲਕੀ ਹੱਕ ਤੁਰੰਤ ਦਿਓ, ਕਰਜ਼ਾ ਮੋੜਨ ਤੋਂ ਅਸਮਰੱਥ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਸਰਕਾਰੀ/ਸਹਿਕਾਰੀ ਤੇ ਗੈਰ-ਸਰਕਾਰੀ ਸਾਰੇ ਕਰਜ਼ਿਆਂ 'ਤੇ ਲੀਕ ਮਾਰੋ, ਕਰਜ਼ਾ ਵਸੂਲੀ ਖਾਤਰ ਗ੍ਰਿਫਤਾਰੀਆਂ/ਕੁਰਕੀਆਂ ਬੰਦ ਕਰੋ, ਕਰਜ਼ਿਆਂ ਤੇ ਆਰਥਿਕ ਤੰਗੀਆਂ ਦੁੱਖੋਂ ਖੁਦਕੁਸ਼ੀ ਦਾ ਸ਼ਿਕਾਰ ਬਣੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਵਾਰਸਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਮੁਆਵਜਾ ਤੇ ਇੱਕ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿਓ, ਪੜ੍ਹੇ-ਲਿਖੇ ਤੇ ਅਣਪੜ੍ਹ ਸਾਰੇ ਬਾਲਗਾਂ ਨੂੰ ਸਰੀਰਕ-ਵਿਦਿਅਕ ਯੋਗਤਾ ਮੁਤਾਬਕ ਪੱਕੇ ਰੁਜ਼ਾਗਰ ਦੀ ਗਾਰੰਟੀ ਕਰੋ, ਸਾਰੇ ਬੇਘਰਿਆਂ ਨੂੰ 10-10 ਮਰਲੇ ਦੇ ਪਲਾਟ ਮੁਫਤ ਦਿਓ ਤੇ ਮਕਾਨ ਪਾਉਣ ਲਈ ਗਰਾਂਟਾਂ ਦਿਓ, ਗੋਬਿੰਦਪੁਰਾ ਸੰਘਰਸ਼ ਸਮੇਤ ਸਾਰੀਆਂ ਮੰਨੀਆਂ ਮੰਗਾਂ ਲਾਗੂ ਕਰੋ ਤੇ ਅੰਦੋਲਨਕਾਰੀ ਕਿਸਾਨਾਂ ਤੋਂ ਸਾਰੇ ਕੇਸ ਵਾਪਸ ਲਓ 

ਇਹਨਾਂ ਮੰਗਾਂ 'ਤੇ ਸੰਘਰਸ਼ ਦੀ ਯੋਜਨਾਬੱਧ ਢੰਗ ਨਾਲ ਤਿਆਰੀ ਲਈ 27 ਦਸੰਬਰ ਤੋਂ ਲੈ ਕੇ 4 ਜਨਵਰੀ ਤੱਕ ਜਥੇਬੰਦੀ ਦੇ ਪ੍ਰਭਾਵ ਹੇਠਲੇ ਜ਼ਿਲ੍ਹਿਆਂ ਨੂੰ 5 ਜੋਨਾਂ ਵਿੱਚ ਵੰਡ ਕੇ ਭਰਵੀਆਂ ਸਿੱਖਿਆ ਮੀਟਿੰਗਾਂ ਕੀਤੀਆਂ ਗਈਆਂ, ਜਿਹਨਾਂ ਵਿੱਚ ਦੋ-ਢਾਈ ਸੌ ਤੋਂ ਲੈ ਕੇ 400 ਤੱਕ ਕਿਸਾਨ ਵਰਕਰ (ਮਰਦ-ਔਰਤਾਂ) ਸ਼ਾਮਲ ਹੋਏ ਇਹਨਾਂ ਮੀਟਿੰਗਾਂ ਅੰਦਰ ਨਾ ਸਿਰਫ ਠੋਸ ਅੰਕੜਿਆਂ, ਤੱਥਾਂ ਤੇ ਢੁਕਵੀਆਂ ਦਲੀਲਾਂ ਸਹਿਤ ਇਹਨਾਂ ਮੰਗਾਂ ਦੀ ਵਿਆਖਿਆ ਤੇ ਵਜਾਹਤ ਕੀਤੀ ਗਈ ਤੇ ਇਹਨਾਂ ਨੂੰ ਬੇਜ਼ਮੀਨੇ ਤੇ ਥੁੜ੍ਹ-ਜ਼ਮੀਨੇ ਕਿਸਾਨਾਂ ਦੇ ਹੱਕਾਂ ਵਜੋਂ ਉਭਾਰਿਆ ਗਿਆ, ਸਗੋਂ ਇਹਨਾਂ ਮੰਗਾਂ ਬਾਰੇ ਹਕੂਮਤ ਵੱਲੋਂ ਟਾਲਮਟੋਲ ਕਰਨ ਤੇ ਇਹਨਾਂ ਮੰਗਾਂ ਨੂੰ ਘੱਟੇ ਰੋਲਣ ਵਾਲੇ ਕਿਸਾਨ-ਦੋਖੀ ਰੁਖ-ਰਵੱਈਏ ਦੇ ਮੱਦੇਨਜ਼ਰ ਵਿਸ਼ਾਲ ਅਤੇ ਪ੍ਰਚੰਡ ਘੋਲ ਦੀ ਲੋੜ ਵੀ ਉਭਾਰੀ ਗਈ ਇਸ ਲੋੜ-ਪੂਰਤੀ ਦੀ ਬੁਨਿਆਦੀ ਸ਼ਰਤ ਵਜੋਂ ਵਿਸ਼ਾਲ ਲਾਮਬੰਦੀ ਨੂੰ ਯਕੀਨੀ ਕਰਨ ਲਈ ਵੱਡੀ ਪ੍ਰਚਾਰ ਮੁਹਿੰਮ ਚਲਾਉਣ ਦੇ ਨਾਲ ਨਾਲ ਪੀੜਤ ਕਿਸਾਨ ਪਰਤਾਂ- ਬੇਜ਼ਮੀਨੇ ਤੇ ਥੁੜ੍ਹ-ਜ਼ਮੀਨੇ ਕਿਸਾਨਾਂ ਅਤੇ ਖੁਦਕੁਸ਼ੀ ਪੀੜਤ ਪਰਿਵਾਰਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਯਕੀਨੀ ਬਣਾਉਣ ਤੋਂ ਇਲਾਵਾ ਨੌਜੁਆਨਾਂ ਅਤੇ ਔਰਤਾਂ ਦੀ ਸ਼ਮੂਲੀਅਤ ਵਧਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਤਾਕੀਦ ਕੀਤੀ ਗਈ

ਲੱਗਭੱਗ 15 ਦਿਨ ਚੱਲੀ ਇਸ ਵੱਡੀ ਪ੍ਰਚਾਰ ਮੁਹਿੰਮ ਦੇ ਅੰਤ 'ਤੇ ਵੱਖ ਵੱਖ ਜ਼ਿਲ੍ਹਿਆਂ ਅੰਦਰ ਕਿਸਾਨ ਕਾਨਫਰੰਸਾਂ ਦਾ ਸਿਲਸਿਲਾ ਸ਼ੁਰੂ ਹੋਇਆ ਯੂਨੀਅਨ ਦੇ ਪ੍ਰਭਾਵ ਹੇਠਲੇ ਮਾਲਵੇ ਤੇ ਮਾਝੇ ਦੇ ਕੁੱਲ 11 ਜ਼ਿਲ੍ਹਿਆਂ ਅੰਦਰ 19 ਜਨਵਰੀ ਤੋਂ 2 ਫਰਵਰੀ ਤੱਕ 10 ਜ਼ਿਲ੍ਹਾ ਕਿਸਾਨ ਕਾਨਫਰੰਸਾਂ ਹੋਈਆਂ- ਜਿਹਨਾਂ ਅੰਦਰ ਵੱਖ ਵੱਖ ਜ਼ਿਲ੍ਹਿਆਂ ਦੀ ਹਾਲਤ ਮੁਤਾਬਕ 1000 ਤੋਂ 3000 ਤੱਕ ਕਿਸਾਨਾਂ (ਮਰਦ-ਔਰਤਾਂ) ਦੀ ਸ਼ਮੂਲੀਅਤ ਹੋਈ ਪਿੱਛੋਂ 9 ਫਰਵਰੀ ਨੂੰ ਫਰੀਦਕੋਟ ਵਿਖੇ ਔਰਤ ਹੱਕਾਂ ਦੇ ਪੱਖ ਵਿੱਚ ਤੇ ਔਰਤ ਹਿੰਸਾ ਵਿਰੁੱਧ ਹੋਏ ਨਿਰੋਲ ਔਰਤ ਮਾਰਚ ਤੇ ਰੈਲੀ ਦੇ ਮਿਥੇ ਮਕਸਦ ਤੋਂ ਇਲਾਵਾ, ਕਿਸਾਨ ਮੰਗਾਂ 'ਤੇ ਵਿਉਂਤੇ ਘੋਲ ਖਾਤਰ ਲਾਮਬੰਦੀ ਦੇ ਅੰਗ ਵਜੋਂ ਵੀ ਜ਼ੋਰ ਲਾਇਆ ਗਿਆ ਤੇ 20 ਫਰਵਰੀ ਨੂੰ ਉੱਘੇ ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੀ ਤੀਜੀ ਬਰਸੀ ਲਈ ਲਾਮਬੰਦੀ ਦੌਰਾਨ ਵੀ ਜ਼ਮੀਨ, ਕਰਜ਼ੇ ਤੇ ਰੁਜਗਾਰ ਪ੍ਰਾਪਤੀ ਸਬੰਧੀ ਉਪਰੋਕਤ ਮੰਗਾਂ ਨੂੰ ਲਾਮਬੰਦੀ ਦਾ ਆਧਾਰ ਬਣਾਇਆ ਗਿਆ ਇਹਨੀਂ ਦਿਨੀਂ ਵੀ ਤਿਆਰੀ ਜ਼ੋਰ-ਸ਼ੋਰ ਨਾਲ ਚੱਲ ਰਹੀ ਹੈ, ਜਿਸਦੇ ਅਗਲੇ ਪੜਾਅ 'ਤੇ ਬਠਿੰਡਾ ਵਿਖੇ ਲੰਮਾ ਕਿਸਾਨ ਮੋਰਚਾ ਸ਼ੁਰੂ ਕੀਤਾ ਜਾਵੇਗਾ- ਜਿਸ ਅੰਦਰ ਕਿਸਾਨ-ਔਰਤਾਂ ਅਤੇ ਖੇਤ ਮਜ਼ਦੂਰਾਂ ਵੀ ਵੱਡੀ ਸ਼ਮੂਲੀਅਤ ਦੀ ਸੰਭਾਵਨਾ ਹੈ ਸੰਘਰਸ਼ ਦਾ ਅਗਲਾ ਪੜਾਅ ਇਸ ਵਿਸ਼ਾਲ ਮੋਰਚੇ ਦੇ ਨਤੀਜਿਆਂ 'ਤੇ ਨਿਰਭਰ ਕਰੇਗਾ 
ਸੰਘਰਸ਼ ਦਾ ਅਗਲਾ ਪੜਾਅ ਤੇ ਨਤੀਜੇ ਤਾਂ ਸੰਘਰਸ਼ ਵਿਉਂਤ ਦੀ ਪੂਰੀ ਉਧੇੜ 'ਤੇ ਹੀ ਨਿਰਭਰ ਹਨ, ਪਰ ਇਸ ਘੋਲ ਵਿਉਂਤ ਅੰਦਰ ਜੋ ਸਭ ਤੋਂ ਮਹੱਤਵਪੂਰਨ ਗੱਲ ਲੱਗਦੀ ਹੈ, ਉਹ ਹੈ ਇਸ ਸੰਘਰਸ਼ ਵਿਉਂਤ ਪਿੱਛੇ ਕੰਮ ਕਰਦੀ ਜਮਾਤੀ ਪਹੁੰਚ ਤੇ ਪੈਂਤੜਾ ਵਰਤਮਾਨ ਸੰਘਰਸ਼ ਦੀ ਕੁੱਲ ਵਿਉਂਤ, ਦਰਅਸਲ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪਿਛਲੇ ਸਾਲ ਦੇ ਅੱਧ ਵਿੱਚ ਹੋਏ ਇਲਜਾਸ ਵੱਲੋਂ ਆਉਣ ਵਾਲੇ ਸਮੇਂ ਦੇ ਕਿਸਾਨ ਸੰਘਰਸ਼ਾਂ ਸਬੰਧੀ ਅਪਣਾਈ ਜਾਣ ਵਾਲੀ ਜਮਾਤੀ ਪਹੁੰਚ ਤੇ ਪੈਂਤੜੇ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਦਾ ਹੀ ਇੱਕ ਨਮੂਨਾ ਹੈ ਇਸ ਇਜਲਾਸ ਦੀ ਰਿਪੋਰਟ ਅੰਦਰ ਪਿਛਲੇ ਤਿੰਨ ਵਰ੍ਹਿਆਂ ਦੇ ਤਜਰਬੇ ਦਾ ਨਿਚੋੜ ਕੱਢਦਿਆਂ ਇਹ ਸਿੱਟਾ ਕੱਢਿਆ ਗਿਆ ਸੀ ਕਿ ਭਾਵੇਂ ਪਿਛਲੇ ਤਿੰਨ ਸਾਲਾਂ ਦੌਰਾਨ ਜਥੇਬੰਦੀ ਵੱਲੋਂ ਵੱਡੇ ਘੋਲ ਲੜੇ ਗਏ ਤੇ ਵਿਤ-ਮੁਤਾਬਕ ਵੱਡੀਆਂ ਪ੍ਰਾਪਤੀਆਂ ਹੋਈਆਂ ਹਨ, ਪਰ ਇਹਨਾਂ ਵਰ੍ਹਿਆਂ ਦੌਰਾਨ ਜਥੇਬੰਦੀ ਕਿਸਾਨੀ ਦੀਆਂ ਉਹਨਾਂ ਪਰਤਾਂ ਦੀ ਬਾਂਹ ਫੜਦੀ ਰਹੀ ਹੈ, ਜਿਹਨਾਂ ਤੋਂ ਆਰਥਿਕ ਧਾਵੇ ਰਾਹੀਂ ਇਹ ਧਾਵਾ ਕੁਝ ਖੋਂਹਦਾ ਰਿਹਾ ਹੈ ਤੇਜ ਆਰਥਿਕ ਧਾਵੇ ਦੀਆਂ ਹਾਲਤਾਂ ਅੰਦਰ ਜਥੇਬੰਦੀ ਇਹਨਾਂ ਨਾਲ ਸਬੰਧਤ ਘੋਲਾਂ ਵਿੱਚ ਹੀ ਲੱਗੀ ਰਹੀ ਤੇ ਕਰਜ਼ੇ-ਭੰਨੀ, ਜ਼ਮੀਨਾਂ ਤੋਂ ਵਿਰਵੀ ਕੀਤੀ, ਕਰਜ਼ਾ ਮਿਲਣ ਤੋਂ ਕੋਰਾ ਜੁਆਬ ਲਈ ਬੈਠੀ ਕਿਸਾਨੀ ਦੀ ''ਸਭ ਤੋਂ ਹੇਠਲੀ ਅਤੇ ਵੱਡੀ ਪਰਤ ਦੇ'' ਕਰਜ਼ਾ ਮੁਕਤੀ ਸਬੰਧੀ, ਸੂਦਖੋਰੀ ਵਿਰੋਧੀ ਅਤੇ ਕਰਜ਼ੇ ਬਦਲੇ ਜ਼ਮੀਨਾਂ ਦੀ ਰਾਖੀ ਤੇ ਪ੍ਰਾਪਤੀ ਸਬੰਧੀ ਘੋਲਾਂ ਲਈ ਵੇਹਲ ਨਹੀਂ ਕੱਢ ਸਕੀ ਇਸ ਹਾਲਤ 'ਚੋਂ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਹੈ ਕਿ ਬਿਨਾ ਸ਼ੱਕ ਆਰਥਿਕ ਹੱਲੇ ਦਾ ਵਿਰੋਧ ਕਰਨਾ ਚਾਹੀਦਾ ਹੈ, ਬਿਨਾ ਸ਼ੱਕ (ਜਾਗੀਰਦਾਰੀ ਨੂੰ ਛੱਡ ਕੇ) ਕਿਸਾਨੀ ਦੀਆਂ ਦਰਮਿਆਨੀ ਜਾਂ ਉੱਪਰਲੀਆਂ ਪਰਤਾਂ ਨੂੰ ਲੋੜੀਂਦੀ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ, ਪਰ ਕਿਸਾਨੀ ਦੀ ਸਭ ਤੋਂ ਹੇਠਲੀ, ਸਭ ਤੋਂ ਵੱਡੀ ਤੇ ਸਭ ਤੋਂ ਲਿਤਾੜੀ ਜਾਂਦੀ ਪਰਤ- ਯਾਨੀ ਬੇਜ਼ਮੀਨੀ ਤੇ ਥੁੜ੍ਹ ਜ਼ਮੀਨ ਪਰਤ ਦੀ ਕੀਮਤ 'ਤੇ ਨਹੀਂ, ਇਸ ਪਰਤ ਦੀਆਂ ਮੰਗਾਂ ਤੇ ਸੰਘਰਸ਼ਾਂ ਨੂੰ ਪ੍ਰਮੁੱਖਤਾ ਮਿਲਣੀ ਚਾਹੀਦੀ ਹੈ 

ਬੀਤੇ ਵਿੱਚ ਵੀ ਇਹੀ ਪਰਤ ਸੀ, ਜਿਸਦੀਆਂ ਮੰਗਾਂ 'ਤੇ ਸੰਘਰਸ਼ਾਂ ਦੀ ਅਗਵਾਈ ਕਰਕੇ ਬੀ.ਕੇ.ਯੂ. ਏਕਤਾ (ਉਗਰਾਹਾਂ) ਇੱਕ ਤਾਕਤਵਰ ਜਥੇਬੰਦੀ ਵਜੋਂ ਉੱਭਰੀ ਹੈ ਅਤੇ ਜੁਝਾਰ ਛਬੀ ਵਾਲੀ ਜਥੇਬੰਦੀ ਵਜੋਂ ਉੱਭਰੀ ਸੀ, ਜੀਹਦੇ ਜ਼ੋਰ ਯਾਦਗਾਰੀ ਸੰਘਰਸ਼ ਲੜੇ ਗਏ ਤੇ ਵੱਡੀਆਂ ਜਿੱਤਾਂ ਜਿੱਤੀਆਂ ਗਈਆਂ ਸਨ ਦਰਅਸਲ ਅੱਜ ਦੀਆਂ ਹਾਲਤਾਂ ਅੰਦਰ ਕਿਸਾਨੀ ਦੀ ਇਹੀ ਲਤਾੜੀ ਹੋਈ ਪਰਤ- ਬੇਜ਼ਮੀਨੇ ਤੇ ਥੁੜ੍ਹ ਜ਼ਮੀਨੇ ਕਿਸਾਨਾਂ ਦੀ ਪਰਤ ਹੈ, ਜਿਹੜੀ ਜਥੇਬੰਦੀ ਨੂੰ ਲੜਨ-ਕਣ ਮੁਹੱਈਆ ਕਰਦੀ ਹੈ, ਜਿਹੜੀ ਆਪਣੀਆਂ ਜ਼ਮੀਨਾਂ, ਕਰਜ਼ੇ, ਰੁਜ਼ਗਾਰ ਤੇ ਖੁਦਕੁਸ਼ੀਆਂ ਸਬੰਧੀ ਮੰਗਾਂ ਦੀ ਸਾਂਝ ਸਦਕਾ ਖੇਤ ਮਜ਼ਦੂਰਾਂ ਨਾਲ ਪੱਕੀ ਜੋਟੀ ਦਾ ਆਧਾਰ ਬਣਦੀ ਹੈ, ਜਿਹੜੀ ਨਾ ਸਿਰਫ ਲੜਾਕੂ ਸਗੋਂ ਜਥੇਬੰਦੀ ਤੇ ਆਗੂਆਂ ਦੀ ਰਾਖੀ ਦਾ ਪੜੁੱਲ ਬਣਦੀ ਹੈ ਅਤੇ ਜਿਹੜੀ ਖੇਤ ਮਜ਼ਦੂਰਾਂ ਨਾਲ ਜੁੜ ਕੇ ਕਿਸਾਨ ਲਹਿਰ ਨੂੰ ਜਾਗੀਰਦਾਰੀ ਵਿਰੋਧੀ ਜ਼ਰੱਈ ਇਨਕਲਾਬੀ ਤੱਤ ਮੁਹੱਈਆ ਕਰਦੀ ਹੈ ਬੀ.ਕੇ.ਯੂ. ਏਕਤਾ (ਉਗਰਾਹਾਂ) ਵੱਲੋਂ ਇਸ ਪਰਤ ਦੀਆਂ ਮੰਗਾਂ ਤੇ ਸੰਘਰਸ਼ਾਂ ਨੂੰ ਪ੍ਰਮੁੱਖਤਾ ਦੇਣ ਦਾ ਪੈਂਤੜਾ ਮੁਬਾਰਕ ਪੈਂਤੜਾ ਹੈ- ਬੀ.ਕੇ.ਯੂ. ਦੇ ਆਪਣੇ ਤੇ ਸਮੁੱਚੀ ਕਿਸਾਨ ਲਹਿਰ ਦੇ ਸਹੀ ਦਿਸ਼ਾ ਕਦਮ ਵਧਾਰੇ ਦਾ ਪੈਂਤੜਾ ਹੈ ਇਹਦੇ ਵੱਲੋਂ ਨੌਜੁਆਨਾਂ ਤੇ ਔਰਤਾਂ ਦੀ ਸ਼ਮੂਲੀਅਤ ਯਕੀਨੀ ਕਰਾਉਣ ਤੇ ਵਧਾਉਣ ਲਈ ਵਿਸ਼ੇਸ਼ ਧਿਆਨ ਦੇਣ ਦਾ ਪੈਂਤੜਾ ਸੋਨੇ 'ਤੇ ਸੁਹਾਗਾ ਹੈ 

No comments:

Post a Comment