Saturday, March 30, 2013

ਅਫਜ਼ਲ ਗੁਰੂ ਨੂੰ ਫਾਂਸੀ : ਇੱਕ ਨੰਗਾ-ਚਿੱਟਾ ਸਿਆਸੀ-ਕਤਲ


ਅਫਜ਼ਲ ਗੁਰੂ ਨੂੰ ਫਾਂਸੀ :

ਇੱਕ ਨੰਗਾ-ਚਿੱਟਾ ਸਿਆਸੀ-ਕਤਲ


ਭਾਰਤੀ ਹਾਕਮਾਂ ਵੱਲੋਂ ਚੁੱਪ-ਚੁਪੀਤੇ ਕਸ਼ਮੀਰ ਵਾਸੀ ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾ ਕੇ ਕਤਲ ਕਰ ਦਿੱਤਾ ਗਿਆ ਹੈ ਇਸ ਕਤਲ ਵਿਰੁੱਧ ਆਪਣੀ ਕੌਮੀ ਆਜ਼ਾਦੀ ਤੇ ਖੁਦਮੁਖਤਿਆਰੀ ਲਈ ਲੜ ਰਹੀ ਕਸ਼ਮੀਰੀ ਜਨਤਾ ਅੰਦਰ ਤਾਂ ਤਿੱਖਾ ਪ੍ਰਤੀਕਰਮ ਹੋਣਾ ਹੀ ਸੀ, ਭਾਰਤ ਸਮੇਤ ਸੰਸਾਰ ਪੱਧਰ 'ਤੇ ਵੀ ਬਹੁਤ ਸਾਰੀਆਂ ਜਥੇਬੰਦੀਆਂ, ਧਿਰਾਂ ਅਤੇ ਸਖਸ਼ੀਅਤਾਂ ਵੱਲੋਂ ਇਸਦੀ ਨਿੰਦਾ ਕੀਤੀ ਗਈ ਹੈ ਕਈ ਮਨੁੱਖੀ ਅਧਿਕਾਰਾਂ ਦੀਆਂ ਦਾਅਵੇਦਾਰ ਜਥੇਬੰਦੀਆਂ ਵੱਲੋਂ ਇਸ ਨੂੰ ਇੱਕ ''ਗੈਰ-ਮਨੁੱਖੀ'' ਕਾਰਾ ਕਿਹਾ ਗਿਆ ਹੈ 

ਅਫਜ਼ਲ ਗੁਰੂ ਨੂੰ ਫਾਂਸੀ ਦੇ ਕੇ ਮਾਰਨ ਦੀ ਅਸਲ ਵਜਾਹ ਨਾ ਭਾਰਤੀ ਹਾਕਮਾਂ ਦਾ ਗੈਰ-ਮਨੁੱਖਤਾਵਾਦੀ ਰਵੱਈਆ ਬਣਿਆ ਹੈ ਅਤੇ ਨਾ ਹੀ ਫਾਂਸੀ ਨੂੰ ਵਾਜਬੀਅਤ ਬਖਸ਼ਦਾ ਕਾਨੂੰਨ ਬਣਿਆ ਹੈ ਅਸਲ ਵਜਾਹ ਭਾਰਤੀ ਹਾਕਮਾਂ ਦੀਆਂ ਨਿਰੋਲ ਸਿਆਸੀ ਗਿਣਤੀਆਂ ਬਣੀਆਂ ਹਨ ਇਹ ਗੱਲ ਜੱਗ ਜ਼ਾਹਰ ਹੈ ਕਿ ਭਾਰਤੀ ਹਾਕਮਾਂ ਵੱਲੋਂ 1947 ਤੋਂ ਲੱਗਭੱਗ ਅੱਧੇ ਜੰਮੂ-ਕਸ਼ਮੀਰ 'ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਅੱਧੇ 'ਤੇ ਹੀ ਪਾਕਿਸਤਾਨੀ ਹਾਕਮਾਂ ਵੱਲੋਂ ਕਬਜ਼ਾ ਕੀਤਾ ਹੋਇਆ ਹੈ ਅੱਜ ਭਾਰਤੀ ਹਾਕਮ ਯੂ.ਐਨ.. ਦੇ ਮਤਿਆਂ/ਆਪਣੇ ਵੱਲੋਂ ਜਾਰੀ ਸਾਰੇ ਬਿਆਨਾਂ ਤੋਂ ਵੀ ਭੱਜ ਨਿਕਲੇ ਹਨ, ਜਿਹਨਾਂ ਰਾਹੀਂ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਹ ਯਕੀਨਦਹਾਨੀ ਕੀਤੀ ਗਈ ਸੀ ਕਿ ਉਹਨਾਂ ਨੂੰ ਮੱਤਦਾਨ ਦੇ ਅਧਿਕਾਰ ਦੀ ਵਰਤੋਂ ਰਾਹੀਂ ਇਹ ਤਹਿ ਕਰਨ ਦਾ ਹੱਕ ਹੈ ਕਿ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ 'ਚੋਂ ਕਿਸੇ ਇੱਕ ਨਾਲ ਜੁੜਨਾ ਹੈ ਜਾਂ ਫਿਰ ਇੱਕ ਵੱਖਰੇ ਖੁਦਮੁਖਤਿਆਰ ਅਤੇ ਆਜ਼ਾਦ ਮੁਲਕ ਵਜੋਂ ਵਿਚਰਨਾ ਹੈ ਇਹਨਾਂ ਮਤਿਆਂ ਅਤੇ ਬਿਆਨਾਂ 'ਤੇ ਭਾਰਤੀ ਅਤੇ ਪਾਕਿਸਤਾਨੀ ਹਾਕਮਾਂ ਵੱਲੋਂ ਪੂਰਨ ਰਜ਼ਾਮੰਦੀ ਦੀ ਮੋਹਰ ਲਾਈ ਗਈ ਸੀ, ਪਰ ਕੁੱਝ ਵਰ੍ਹਿਆਂ ਬਾਅਦ ਹੀ ਭਾਰਤੀ ਹਾਕਮਾਂ ਵੱਲੋਂ ਇਹਨਾਂ ਮਤਿਆਂ 'ਤੇ ਰਜ਼ਾਮੰਦੀ ਤੋਂ ਪਿੱਛੇ ਪੈਰ ਖਿਸਕਾਉਂਦਿਆਂ ਖਿਸਕਾਉਂਦਿਆਂ, ਆਖਰ ਪੂਰੀ ਬੇਸ਼ਰਮੀ ਨਾਲ ਸਾਫ ਮੁੱਕਰਨ ਦਾ ਐਲਾਨ ਕਰ ਦਿੱਤਾ ਗਿਆ ਜੰਮੂ-ਕਸ਼ਮੀਰ ਦੇ ਭਾਰਤ ਨਾਲ ਅਸਥਾਈ ਤੇ ਸ਼ਰਤੀਆ ਇਲਹਾਕ (ਪਰੋਵੀਜ਼ਨਲ ਐਕਸੈਸ਼ਨ) ਨੂੰ ਸਥਾਈ ਤੇ ਪੱਕਾ ਇਲਹਾਕ ਗਰਦਾਨਦਿਆਂ ਇਸ ਨੂੰ ਭਾਰਤ ਦੇ ''ਅਨਿੱਖੜਵੇਂ ਅੰਗ ਹੋਣ'' ਦਾ ਰਾਗ ਅਲਾਪਣਾ ਸ਼ੁਰੂ ਕਰ ਦਿੱਤਾ ਗਿਆ 

ਜੰਮੂ ਕਸ਼ਮੀਰ ਦੇ ਲੋਕਾਂ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਹਾਕਮਾਂ ਵੱਲੋਂ ਉਹਨਾਂ ਦੀ ਧਰਤੀ 'ਤੇ ਕੀਤੇ ਨਿਹੱਕੇ ਕਬਜ਼ੇ ਨੂੰ ਕਦੀ ਵੀ ਪ੍ਰਵਾਨ ਨਹੀਂ ਕੀਤਾ ਗਿਆ ਉਹਨਾਂ ਵੱਲੋਂ ਵੱਖ ਵੱਖ ਸ਼ਕਲਾਂ ਵਿੱਚ ਜੰਮੂ-ਕਸ਼ਮੀਰ ਦੀ ਖੁਦਮੁਖਤਿਆਰੀ ਅਤੇ ਆਜ਼ਾਦੀ ਦੀ ਤਾਂਘ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ ਭਾਰਤੀ ਹਾਕਮਾਂ ਵੱਲੋਂ ਉਹਨਾਂ ਦੀ ਇਸ ਹੱਕੀ  ਤਾਂਘ ਵੱਲ ਕੰਨ ਕਰਨ ਦੀ ਬਜਾਇ, ਉਹਨਾਂ ਦੀ ਕੌਮੀ ਖੁਦ-ਮੁਖਤਿਆਰੀ ਅਤੇ ਆਜ਼ਾਦੀ ਦੀ ਮੰਗ ਨੂੰ ਹਕਾਰਤ ਨਾਲ ਠੁਕਰਾਇਆ ਗਿਆ ਹੈ  ਇਸ ਮੰਗ ਨੂੰ ਬੁਲੰਦ ਕਰਦੀਆਂ ਜਥੇਬੰਦੀਆਂ/ਧਿਰਾਂ/ਵਿਅਕਤੀਆਂ 'ਤੇ ''ਵੱਖਵਾਦੀ ਅਤੇ ਅੱਤਵਾਦੀ'' ਹੋਣ ਦਾ ਠੱਪਾ ਲਾਉਂਦਿਆਂ, ਉਹਨਾਂ ਨੂੰ ਹਕੂਮਤੀ ਜਬਰ ਦੇ ਜ਼ੋਰ ਦਰੜ ਸੁੱਟਣ ਦਾ ਰਾਹ ਅਖਤਿਆਰ ਕੀਤਾ ਗਿਆ ਹੈ ''ਜਿਥੇ ਜਬਰ ਹੈ, ਉਥੇ ਟਾਕਰਾ ਹੈ'' ਦੀ ਕਹਾਉਤ ਮੁਤਾਬਿਕ, ਭਾਰਤੀ ਹਥਿਆਰਬੰਦ ਧਾੜਾਂ ਦੀਆਂ ਸੰਗੀਨਾਂ ਦੀ ਛਾਂ ਹੇਠ ਸਾਹ ਲੈ ਰਹੀ ਜੰਮੁ-ਕਸ਼ਮੀਰ ਦੀ ਜਨਤਾ ਨੂੰ ਆਖਰ ਆਪਣੀ ਰਾਖੀ ਲਈ ਅਤੇ ਆਪਣੀ ਹੱਕੀ ਮੰਗ ਨੂੰ ਸਾਕਾਰ ਕਰਨ ਲਈ ਹਥਿਆਰਬੰਦ ਜੱਦੋਜਹਿਦ ਦਾ ਰਾਹ ਅਖਤਿਆਰ ਕਰਨਾ ਪਿਆ ਹੈ ਜੰਮੂ ਕਸ਼ਮੀਰ ਨੂੰ ਜਬਰੀ ਹੜੱਪ ਕੇ ਰੱਖਣ 'ਤੇ ਤੁਲੇ ਭਾਰਤੀ ਹਾਕਮਾਂ ਵੱਲੋਂ ਅੱਜ ਇੱਕ ਪਾਸੇ, ਸਮੁੱਚੇ ਜੰਮੂ ਕਸ਼ਮੀਰ ਨੂੰ ਲੱਖਾਂ ਨੀਮ-ਫੌਜੀ ਅਤੇ ਫੌਜੀ ਧਾੜਾਂ ਦੇ ਹਵਾਲੇ ਕਰ ਦਿੱਤਾ ਹੋਇਆ ਹੈ ਇਹ ਹਥਿਆਰਬੰਦ ਧਾੜਾਂ ਅੱਜ ਕਸ਼ਮੀਰੀ ਜਨਤਾ ਨੂੰ ਭੁੱਖੇ ਬਘਿਆੜਾਂ ਵਾਂਗ ਪਈਆਂ ਹੋਈਆਂ ਹਨ  ਇਹਨਾਂ ਵੱਲੋਂ ਆਰਮਡ ਫੋਰਸਜ਼ ਸੁਰੱਖਿਆ ਐਕਟ ਦੇ ਫੱਟੇ ਹੇਠ ਜੰਮੂ-ਕਸ਼ਮੀਰ ਦੀ ਜਨਤਾ ਨੂੰ ਗੋਲੀਆਂ ਨਾਲ ਭੁੰਨਿਆ ਜਾ ਰਿਹਾ ਹੈ, ਘਰ-ਬਾਰ ਸਾੜੇ-ਉਜਾੜੇ ਜਾ ਰਹੇ ਹਨ, ਔਰਤਾਂ ਨਾਲ ਬਲਾਤਕਾਰ ਕੀਤੇ ਜਾ ਰਹੇ ਹਨ, ਨੌਜਵਾਨਾਂ ਤੋਂ ਲੈ ਕੇ ਹਰ ਉਮਰ ਦੇ ਵਿਅਕਤੀਆਂ ਨੂੰ ਤਸੀਹਾ ਕੇਂਦਰਾਂ ਵਿੱਚ ਕੋਹਿਆ ਜਾ ਰਿਹਾ ਹੈ ਦੂਜੇ ਪਾਸੇ, ਭਾਰਤੀ ਹਾਕਮ ਜਮਾਤੀ ਸਿਆਸੀ ਟੋਲਿਆਂ, ਪ੍ਰੈਸ, ਮੀਡੀਆ, ਹਾਕਮਾਂ ਦੇ ਪਾਲਤੂ ਫਿਰਕੂ-ਫਾਸ਼ੀ ਗਰੋਹਾਂ ਅਤੇ ਜਮੀਰ ਵੇਚੂ ਬੁੱਧੀਜੀਵੀ ਹਲਕਿਆਂ ਵੱਲੋਂ ਉਥੋਂ ਦੇ ਲੋਕਾਂ ਦੀ ਹੱਕੀ ਲੜਾਈ ਨੂੰ ''ਵੱਖਵਾਦੀ ਅਤੇ ਅੱਤਵਾਦੀ'' ਹੋਣ ਦਾ ਠੱਪਾ ਲਾਇਆ ਜਾ ਰਿਹਾ ਹੈ ਇਸ ਨੂੰ ਦੇਸ਼ ਦੀ ਅਖੌਤੀ ਏਕਤਾ ਅਤੇ ਅਖੰਡਤਾ ਲਈ ਖਤਰਾ ਹੋਣ ਦੀ ਬੂ-ਦੁਹਾਈ ਪਾਈ ਜਾ ਰਹੀ ਹੈ ਇਸ ਤਰ੍ਹਾਂ ਜੰਮੂ ਕਸ਼ਮੀਰ ਦੇ ਸਮੁੱਚੇ ਲੋਕਾਂ, ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਮੁਲਕ ਦੇ ਗ਼ਦਾਰਾਂ ਅਤੇ ਦੁਸ਼ਮਣਾਂ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਖਿਲਾਫ ਸੇਧਤ ਭਾਰਤ ਦੇ ਹੋਰਨਾਂ ਸੂਬਿਆਂ ਦੇ ਲੋਕਾਂ ਅੰਦਰ ਅੰਨ੍ਹੀਂ ਦੇਸ਼ਭਗਤੀ ਦੇ ਜਨੂੰਨ ਅਤੇ ਫਿਰਕੂ ਨਫਰਤ ਨੂੰ ਹਵਾ ਦਿੱਤੀ ਜਾ ਰਹੀ ਹੈ 

ਸੋ, ਇਹ ਹੈ ਹਾਲਤ- ਜਿਸ ਵਿੱਚ ਅੱਜ ਤੋਂ ਤਕਰੀਬਨ ਛੇ ਦਹਾਕੇ ਪਹਿਲਾਂ ਭਾਰਤੀ ਹਾਕਮਾਂ ਵੱਲੋਂ ਜੰਮੂ-ਕਸ਼ਮੀਰ ਦੀ ਜਨਤਾ ਨੂੰ ਕੌਮੀ-ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਆਪਾ ਨਿਰਣੇ ਦੇ ਹੱਕ ਦੀਆਂ ਲੰਮੀਆਂ-ਚੌੜੀਆਂ ਯਕੀਨਦਹਾਨੀਆਂ ਕੀਤੀਆਂ ਗਈਆਂ ਸਨਅੱਜ ਉਹਨਾਂ ਹੀ ਯਕੀਨਦਹਾਨੀਆਂ 'ਤੇ ਅਮਲ ਕਰਵਾਉਣ ਦੀ ਮੰਗ ਕਰ ਰਹੇ ਲੋਕਾਂ ਨੂੰ ''ਅੱਤਵਾਦੀਆਂ, ਵੱਖਵਾਦੀਆਂ'' ਅਤੇ ''ਵਿਸ਼ਵਾਸ਼ਘਾਤੀਆਂ'' ਦਾ ਠੱਪਾ ਲਾ ਕੇ ਵਿਦੇਸ਼ੀ ਧਾੜਵੀਆਂ ਵਾਂਗ, ਫੌਜੀ ਹੱਲਾ ਵਿੱਢਿਆ ਹੋਇਆ ਹੈ ਅਤੇ ਆਪਣੀਆਂ ਲੱਖਾਂ ਹਥਿਆਰਬੰਦ ਵਰਦੀਧਾਰੀ ਧਾੜਾਂ ਤੋਂ ਲੈ ਕੇ ਕਾਨੂੰਨ, ਕਚਹਿਰੀਆਂ, ਜੇਲ੍ਹਾਂ, ਤਸੀਹਾ ਕੇਂਦਰਾਂ, ਮੀਡੀਆ, ਦੱਲੇ ਸਿਆਸਤਦਾਨਾਂ ਅਤੇ ਫਿਰਕੂ-ਫਾਸ਼ੀ ਗਰੋਹਾਂ ਤੱਕ ਸਭ ਲੋਕ-ਦੁਸ਼ਮਣ ਤਾਕਤਾਂ ਅਤੇ ਅਮਲੇ-ਫੈਲੇ ਨੂੰ ਝੋਕਿਆ ਹੋਇਆ ਹੈ ਅੱਜ ਇਹ ਸਾਰਾ ਲੋਕ-ਦੁਸ਼ਮਣ ਲਾਣਾ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਮੜ੍ਹੀ ਗਈ ਨਿਹੱਕੀ ਜੰਗ ਵਿੱਚ ਉਹਨਾਂ ਦੀ ਦੁਸ਼ਮਣ ਧਿਰ ਵਜੋਂ ਸ਼ਾਮਲ ਹਨ, ਉਹਨਾਂ ਦੇ ਕੀਤੇ ਜਾ ਰਹੇ ਕਤਲੇਆਮ ਅਤੇ ਲੂੰ-ਕੰਡੇ ਖੜ੍ਹੇ ਕਰਨ ਵਾਲੇ ਜਬਰੋ-ਜ਼ੁਲਮ ਤੇ ਤਸ਼ੱਦਦ ਵਿੱਚ ਪੂਰੀ ਤਰ੍ਹਾਂ ਭਾਗੀਦਾਰ ਹਨ ਅਫਜ਼ਲ ਗੁਰੂ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਆਧਾਰਹੀਣ ਫਾਂਸੀ ਦੀ ਸਜ਼ਾ 'ਤੇ ਪੱਕੀ ਮੋਹਰ ਲਾ ਕੇ, ਉਸਦੇ ਬਚਾਅ ਦੀਆਂ ਮੌਜੂਦ ਵਾਜਬ ਕਾਨੂੰਨੀ-ਗੁੰਜਾਇਸ਼ਾਂ ਨੂੰ ਰੱਦ ਕਰਕੇ ਅਤੇ ਉਸਨੂੰ ਆਪਣੇ ਪੱਖ ਦੀ ਵਜਾਹਤ ਲਈ ਸਾਧਨਾਂ ਤੇ ਮੌਕਿਆਂ ਤੋਂ ਵਾਂਝਿਆਂ ਰੱਖ ਕੇ, ਭਾਰਤੀ ਹਾਕਮਾਂ ਦੀ ਸਰਬ-ਉੱਚ ਕਚਹਿਰੀ ਨੇ ਉਪਰਲੀ ਹਕੀਕਤ ਦੀ ਪੁਸ਼ਟੀ ਕੀਤੀ ਹੈ ਉਸ ਨੂੰ ਮਾਰਨ ਲਈ ''ਬਹੁਗਿਣਤੀ ਦੀਆਂ ਭਾਵਨਾਵਾਂ ਨੂੰ ਸ਼ਾਂਤ ਕਰਨ'' ਯਾਨੀ ਬਹੁ-ਗਿਣਤੀ ਹਿੰਦੂ ਧਰਮ ਨਾਲ ਸਬੰਧਤ ਫਿਰਕੂ-ਫਾਸ਼ੀ ਗਰੋਹਾਂ ਦੀਆਂ ਜਨੂੰਨੀ ਭਾਵਨਾਵਾਂ ਨੂੰ ਸ਼ਾਂਤ ਕਰਨ ਨੂੰ ਆਧਾਰ ਬਣਾਉਣ ਦੇ ਤੱਥ ਇਸ ਗੱਲ ਦੀ ਹੋਰ ਵੀ ਜ਼ੋਰਦਾਰ ਗਵਾਹੀ ਹੈ ਇਸ ਲਈ, ਇਸ ਲੋਕ-ਦੁਸ਼ਮਣ ਲਾਣੇ ਵੱਲੋਂ ਖੁਦਮੁਖਤਿਆਰੀ ਅਤੇ ਆਜ਼ਾਦੀ ਲਈ ਲੜ ਰਹੇ ਲੋਕਾਂ ਨੂੰ ਸੜਕਾਂ 'ਤੇ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ ਹੈ, ਪਿੰਡਾਂ 'ਚੋਂ ਚੁੱਕ ਕੇ ਰਾਤਾਂ ਦੇ ਘੁੱਪ ਹਨੇਰਿਆਂ ਵਿੱਚ ਖਤਮ ਕਰ ਦਿੱਤਾ ਜਾਂਦਾ ਹੈ, ਤਸੀਹਾ ਕੇਂਦਰਾਂ ਵਿੱਚ ਕੋਹ ਕੋਹ ਕੇ ਮਾਰ ਦਿੱਤਾ ਜਾਂਦਾ ਹੈ ਜਾਂ ਅਦਾਲਤੀ ਮੁਕੱਦਮੇ ਦਾ ਨਾਟਕ ਰਚ ਕੇ ਫਾਂਸੀ 'ਤੇ ਲਟਕਾ ਕੇ ਮਾਰ ਦਿੱਤਾ ਜਾਂਦਾ ਹੈ- ਇਹ ਸਭ ਸਿਆਸੀ ਕਤਲੇਆਮ ਹੈ ਅਫਜ਼ਲ ਗੁਰੂ ਦਾ ਕਤਲ ਵੀ ਇਸ ਸਿਆਸੀ ਕਤਲੇਆਮ ਦਾ ਹਿੱਸਾ ਹੈ, ਇੱਕ ਨੰਗਾ-ਚਿੱਟਾ ਨਿਹੱਕਾ ਸਿਆਸੀ ਕਤਲ ਹੈ, ਜਿਸ ਨੂੰ ਹਾਕਮਾਂ ਵੱਲੋਂ ਅਦਾਲਤੀ  ਢਕੌਂਜ ਰਾਹੀਂ ਢਕਣ ਦੀ ਨਿਹਫਲ ਕੋਸ਼ਿਸ਼ ਕੀਤੀ ਗਈ ਹੈ 

ਅਫਜ਼ਲ ਗੁਰੂ ਨੂੰ ਫਾਂਸੀ 'ਤੇ ਲਟਕਾ ਕੇ ਕਤਲ ਕਰਨ ਰਾਹੀਂ ਭਾਰਤੀ ਹਾਕਮਾਂ ਨੂੰ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਇਹ ਦਰਿੰਦਗੀ ਭਰਿਆ ਸੁਨੇਹਾ ਦਿੱਤਾ ਹੈ ਕਿ ਆਪਣੀ ਕੌਮੀ ਖੁਦਮੁਖਤਿਆਰੀ ਅਤੇ ਆਜ਼ਾਦੀ ਦੀ ਮੰਗ ਤੋਂ ਤੋਬਾ ਕਰੋ ਤੇ ਭਾਰਤੀ ਹਾਕਮਾਂ ਦੀ ਗੁਲਾਮੀ ਨੂੰ ਪ੍ਰਵਾਨ ਕਰੋ, ਨਹੀਂ ਤਾਂ ਜੰਮੂ ਕਸ਼ਮੀਰ ਦੀ ਧਰਤੀ ਦਾ ਹਰ ਵਾਸੀ ''ਅੱਤਵਾਦੀ, ਵੱਖਵਾਦੀ'' ਹੈ, ''ਗ਼ਦਾਰੀ ਅਤੇ ਵਿਸ਼ਵਾਸ਼ਘਾਤ'' ਦਾ ਦੋਸ਼ੀ ਹੈ ਜਿਸ ਕਰਕੇ ਉਹ ਭਾਰਤ ਦੇ ਨੀਮ-ਫੌਜੀ ਤੇ ਫੌਜੀ ਦਲਾਂ, ਅਫਸਰਸ਼ਾਹੀ, ਮੌਕਾਪ੍ਰਸਤ ਸਿਆਸਤਦਾਨਾਂ, ਅਖੌਤੀ ਜਮਹੂਰੀ ਸੰਸਥਾਵਾਂ ਦੀ ਤਾਂ ਗੱਲ ਛੱਡੋ, ਕਿਸੇ ਕਾਨੂੰਨ-ਕਚਹਿਰੀ ਅਤੇ ਰਾਸ਼ਟਰਪਤੀ ਵਰਗੀ ਸੰਸਥਾ ਦੇ ਰਹਿਮ ਦਾ ਪਾਤਰ ਬਣਨ ਦਾ ਵੀ ਹੱਕਦਾਰ ਨਹੀਂ ਹੈ 

ਜਿੱਥੋਂ ਤੱਕ ਫਾਂਸੀ ਦੇਣ ਦਾ ਮੌਕਾ ਚੁਣਨ ਦੇ ਫੈਸਲੇ ਦਾ ਸਬੰਧ ਹੈ, ਇਹ ਕੇਂਦਰ ਦੀ ਯੂ.ਪੀ.. ਸਰਕਾਰ ਦੀ ਵਕਤੀ ਸਿਆਸੀ ਗਿਣਤੀਆਂ-ਮਿਣਤੀਆਂ ਤਹਿਤ ਚੁਣਿਆ ਗਿਆ ਹੈ ਇੱਕਕੇਂਦਰੀ ਮੰਤਰੀਆਂ/ਮਹਿਕਮਿਆਂ ਨਾਲ ਸਬੰਧਤ ਸਕੈਂਡਲਾਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਉਪਰੋਥਲੀ ਉੱਭਰ ਰਹੇ ਹਨ ਵਿਰੋਧੀ ਪਾਰਲੀਮਾਨੀ ਪਾਰਟੀਆਂ, ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵੱਲੋਂ ਇਹਨਾਂ ਮਾਮਲਿਆਂ ਨੂੰ ਉਭਾਰ-ਉਛਾਲ ਕੇ ਕਾਂਗਰਸ ਪਾਰਟੀ ਨੂੰ ਬਚਾਓਮੁਖੀ ਪੈਂਤੜੇ 'ਤੇ ਚੱਲਣ ਲਈ ਮਜਬੂਰ ਕੀਤਾ ਹੋਇਆ ਹੈ ਕੇਂਦਰੀ ਹਕੂਮਤ, ਖਾਸ ਕਰਕੇ ਕਾਂਗਰਸ ਪਾਰਟੀ ਵੱਲੋਂ ਇਹਨਾਂ ਸਕੈਂਡਲਾਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਅਤੇ ਆਪਣੀ ਸਿਆਸੀ ਪੜਤ ਨੂੰ ਲੱਗ ਰਹੇ ਖੋਰੇ ਦੇ ਅਮਲ ਨੂੰ ਰੋਕਣ ਦੀ ਲੋੜ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦਾ ਇਹ ਮੌਕਾ ਚੁਣਨ ਦਾ ਇੱਕ ਕਾਰਨ ਬਣੀ ਹੈ ਦੂਜੀ- ਭਾਰਤੀ ਜਨਤਾ ਪਾਰਟੀ ਅਤੇ ਸੰਘ ਪਰਿਵਾਰ ਵੱਲੋਂ ਅਫਜ਼ਲ ਗੁਰੂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਨੂੰ ਭਖਦੇ ਮੁੱਦੇ ਵਜੋਂ ਉਭਾਰਿਆ ਜਾ ਰਿਹਾ ਸੀ ਅਤੇ ਕੇਂਦਰੀ ਹਕੂਮਤ ਨੂੰ ਉਸ ਨੂੰ ਫਾਂਸੀ ਦੇਣ ਵਿੱਚ ਟਾਲਮਟੋਲ ਕਰਨ ਦੀ ਦੋਸ਼ੀ ਵਜੋਂ ਪੇਸ਼ ਕੀਤਾ ਜਾ ਰਿਹਾ ਸੀ ਇਉਂ, ਭਾਰਤੀ ਜਨਤਾ ਪਾਰਟੀ ਤੇ ਸੰਘ ਪਰਿਵਾਰ ਵੱਲੋਂ ਮੱਧ ਪ੍ਰਦੇਸ਼, ਗੁਜਰਾਤ ਤੇ ਨਕਰਨਾਟਕ ਦੀਆਂ ਇਸ ਵਰ੍ਹੇ ਹੋਣ ਜਾ ਰਹੀਆਂ ਅਸੈਂਬਲੀ ਚੋਣਾਂ ਅਤੇ 2014 ਦੀਆਂ ਲੋਕ ਸਭਾ ਚੋਣਾਂ ਨੂੰ ਸਾਹਮਣੇ ਰੱਖਦਿਆਂ, ਅਫਜ਼ਲ ਗੁਰੂ ਨੂੰ ਤੁਰੰਤ ਫਾਂਸੀ ਦੇਣ ਦੀ ਮੰਗ ਨੂੰ ਚੁੱਕਦਿਆਂ, ਲੋਕਾਂ ' ਅੰਨ੍ਹੇ ਦੇਸ਼-ਭਗਤੀ ਦੇ ਜਨੂੰਨ, ਖਾਸ ਕਰਕੇ ਹਿੰਦੂ ਜਨਤਾ ਅੰਦਰ ਮੁਸਲਿਮ ਵਿਰੋਧੀ ਫਿਰਕੂ ਪੁੱਠ ਚੜ੍ਹੇ, ਨਕਲੀ ਕੌਮੀ ਜਨੂੰਨ ਨੂੰ ਉਗਾਸਾ ਦੇਣ ਅਤੇ ਇਉਂ ਆਪਣੇ ਵੋਟ ਬੈਂਕ ਦਾ ਪਸਾਰਾ ਕਰਨ ਲਈ ਹੱਥ-ਪੱਲਾ ਮਾਰਿਆ ਜਾ ਰਿਹਾ ਹੈ ਭਾਜਪਾ ਕੈਂਪ ਦੀਆਂ ਇਹ ਕੋਸ਼ਿਸ਼ਾਂ ਕਾਂਗਰਸ ਅੰਦਰ ਫਿਕਰਮੰਦੀ ਦੀ ਵਜਾਹ ਬਣ ਰਹੀਆਂ ਹਨ ਸੰਘ ਪਰਿਵਾਰ ਅੰਦਰੋਂ ਨਰਿੰਦਰ ਮੋਦੀ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਪੇਸ਼ ਕਰਨ ਦੀ ਉੱਠ ਰਹੀ ਮੰਗ ਨੇ ਕਾਂਗਰਸ ਅੰਦਰਲੀ ਇਸ ਫਿਕਰਮੰਦੀ ਨੂੰ ਹੋਰ ਆਰ ਲਾਉਣ ਦਾ ਕੰਮ ਕੀਤਾ ਹੈ ਇਉਂ, ਕਾਂਗਰਸ ਪਾਰਟੀ ਵੱਲੋਂ ਭਾਜਪਾ ਤੇ ਸੰਘ ਪਰਿਵਾਰ ਹੱਥੋਂ ਇਹ ਮੁੱਦਾ ਖੋਹਣ ਅਤੇ ਚੋਣ ਖੇਡ ਦੌਰਾਨ ਵਰਤਣ ਦੇ ਮਨਸੂਬਿਆਂ ਨੂੰ ਨਾਕਾਮ ਬਣਾਉਣ ਦੀ ਧੱਕ ਅਫਜ਼ਲ ਗੁਰੂ ਨੂੰ ਤੱਦੀ ਨਾਲ ਫਾਂਸੀ 'ਤੇ ਲਟਕਾਉਣ ਦਾ ਦੂਜਾ ਫੌਰੀ ਕਾਰਣ ਬਣੀ ਹੈ 

ਅੰਤ ਵਿੱਚ ਕਹਿਣਾ ਹੋਵੇ ਤਾਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦਾ ਫੈਸਲਾ ਜੰਮੂ-ਕਸ਼ਮੀਰ 'ਤੇ ਜਬਰੀ ਕਬਜ਼ਾ ਕਰੀਂ ਬੈਠੇ ਭਾਰਤੀ ਹਾਕਮਾਂ ਦੇ ਪਿਛਾਖੜੀ ਸਿਆਸੀ ਮਨਸੂਬਿਆਂ ਦਾ ਸਿੱਟਾ ਹੈ ਜਿਸ ਕਰਕੇ, ਇਹ ਇੱਕ ਗਿਣਿਆ-ਮਿਥਿਆ ਨੰਗਾ-ਚਿੱਟਾ ਸਿਆਸੀ ਕਤਲ ਹੈ, ਜਿਸ ਨੂੰ ਅਦਾਲਤੀ ਕਾਰਵਾਈ ਦੇ ਢਕਵੰਜ ਨਾਲ ਢੱਕਣ ਦੀ ਨਿਹਫਲ ਕੋਸ਼ਿਸ਼ ਕੀਤੀ ਗਈ ਹੈ  ਇਸ ਸਿਆਸੀ ਕਤਲ/ਫਾਂਸੀ ਨੂੰ ਅੰਜਾਮ ਦੇਣ ਲਈ ਮੌਕੇ ਦੀ ਚੋਣ ਉਪਰ ਜ਼ਿਕਰ ਕੀਤੀਆਂ ਵਕਤੀ ਸਿਆਸੀ ਗਿਣਤੀਆਂ ਨੂੰ ਮੂਹਰੇ ਰੱਖ ਕੇ ਕੀਤੀ ਗਈ ਹੈ ਭਾਰਤੀ ਹਾਕਮਾਂ ਦੇ ਅਖੌਤੀ ਕਾਨੂੰਨੀ ਪੈਮਾਨੇ ਤੋਂ ਦੇਖਿਆਂ ਵੀ ਇੱਕ ਗੈਰ-ਵਾਜਬ ਆਧਾਰਹੀਣ ਅਤੇ ਥੋਥਾ ਫੈਸਲਾ ਹੋਣ ਕਰਕੇ ਹੀ ਹਾਕਮਾਂ ਵੱਲੋਂ ਇਸ ਨੂੰ ਚੁੱਪ-ਚੁਪੀਤੇ ਤੇ ਕਾਹਲੀ ਨਾਲ ਅੰਜਾਮ ਦੇਣ ਦੀ ਮਜਬੂਰੀ ਬਣੀ ਹੈ 

ਸਿਆਸੀ ਤੌਰ 'ਤੇ ਨਿਹੱਕੇ ਤੇ ਜਾਬਰ ਅਤੇ ਕਾਨੂੰਨੀ ਤੌਰ 'ਤੇ ਗੈਰ-ਵਾਜਬ ਤੇ ਆਧਾਰਹੀਣ ਕਦਮ ਨੇ ਭਾਰਤ ਸਮੇਤ ਦੁਨੀਆਂ ਭਰ ਦੇ ਇਨਕਲਾਬੀ, ਲੋਕ-ਹਿਤੈਸ਼ੀ ਅਤੇ ਇਨਸਾਫਪਸੰਦ ਲੋਕਾਂ ਦੀ ਤੋਏ ਤੋਏ ਖੱਟੀ ਹੈ, ਉਥੇ ਇਸਨੇ ਜੰਮੂ ਕਸ਼ਮੀਰ ਦੇ ਲੋਕਾਂ ਵਿੱਚ ਕੋਈ ਸਹਿਮ ਤੇ ਦਹਿਲ ਬਿਠਾਉਣ ਦੀ ਬਜਾਇ, ਉਹਨਾਂ ਦੀ ਹੱਕੀ ਖੁਦਮੁਖਤਿਆਰੀ ਤੇ ਆਜ਼ਾਦੀ ਦੀ ਤਾਂਘ ਨੂੰ ਹੋਰ ਚੁਆਤੀ ਲਾਉਣ ਦਾ ਕੰਮ ਕੀਤਾ ਹੈ ਉਥੋਂ ਦੇ ਲੋਕਾਂ ਅੰਦਰ ਇਸ ਸਿਆਸੀ ਕਤਲ ਖਿਲਾਫ ਉੱਠਣ ਵਾਲੇ ਸੰਭਾਵਿਤ ਪ੍ਰਤੀਕਰਮ ਦੇ ਸੇਕ ਤੋਂ ਤ੍ਰਹਿੰਦਿਆਂ ਭਾਰਤੀ ਹਾਕਮਾਂ ਵੱਲੋਂ ਜਿੱਥੇ ਉਸਦੀ ਲਾਸ਼ ਨੂੰ ਫਟਾਫਟ ਜੇਲ੍ਹ ਅੰਦਰ ਹੀ ਦਫਨਾ ਦਿੱਤਾ ਗਿਆ ਹੈ, ਉਥੇ ਸਾਰੀ ਕਸ਼ਮੀਰ ਵਾਦੀ 'ਤੇ ਕਰਫਿਊ ਮੜ੍ਹ ਦਿੱਤਾ ਗਿਆ ਹੈ ਪਰ ਸੂਰਬੀਰ ਲੋਕਾਂ ਵੱਲੋਂ ਜਿਵੇਂ ਸ੍ਰੀਨਗਰ ਵਿੱਚ, ਭਾਰਤੀ ਹਾਕਮਾਂ ਵੱਲੋਂ ਪਹਿਲਾਂ ਫਾਂਸੀ ਚਾੜ੍ਹੇ ਗਏ ਮਕਬੂਲ ਭੱਟ ਦੀ ਖਾਲੀ ਕਬਰ ਬਣਾ ਕੇ ਉਸਦੀ ਸ਼ਹਾਦਤ ਨੂੰ ਉਚਿਆਇਆ ਗਿਆ ਸੀ, ਉਸੇ ਤਰ੍ਹਾਂ ਅਫਜ਼ਲ ਗੁਰੂ ਦੀ ਖਾਲੀ ਕਬਰ ਬਣਾ ਕੇ ਉਸਦੀ ਸ਼ਹਾਦਤ ਦੀ ਜੈ ਜੈਕਾਰ ਕੀਤੀ ਗਈ ਹੈ 

ਸਾਮਰਾਜ ਦੇ ਗੋਲੇ ਭਾਰਤੀ ਹਾਕਮਾਂ ਲਈ ਅਫਜ਼ਲ ਗੁਰੂ ਇੱਕ ਦੁਸ਼ਮਣ ਸੀ ਸਾਮਰਾਜੀ ਜਾਗੀਰੂ ਲੁੱਟ ਤੇ ਦਾਬੇ ਦੇ ਜੂਲੇ ਤੋਂ ਮੁਕਤੀ ਲਈ ਤਾਂਘਦੀ ਭਾਰਤ ਦੀ ਵਿਸ਼ਾਲ ਲੋਕਾਈ, ਖਾਸ ਕਰਕੇ ਕੌਮੀ ਖੁਦਮੁਖਤਿਆਰੀ ਤੇ ਆਜ਼ਾਦੀ ਦੀ ਜੰਗ ਲੜ ਰਹੇ ਜੰਮੂ ਕਸ਼ਮੀਰ ਦੇ ਲੋਕਾਂ ਲਈ ਉਹ ਇੱਕ ਅਜ਼ੀਜ਼ ਸ਼ਹੀਦ ਹੈ ਉਸਦੀ ਸ਼ਹਾਦਤ ਜੂਝਦੇ ਲੋਕਾਂ ਲਈ ਪ੍ਰੇਰਨਾ ਦਾ ਸੋਮਾ ਬਣੇਗੀ ਅਤੇ ਭਾਰਤੀ ਹਾਕਮਾਂ ਲਈ ਉਹਨਾਂ ਵੱਲੋਂ ਖੁਦ ਲਿਖੇ ਜਾ ਰਹੇ ਪਾਪਾਂ ਦੇ ਕਾਂਡਾਂ ਵਿੱਚ ਇੱਕ ਹੋਰ ਵਾਧਾ ਹੋਵੇਗਾ, ਜਿਸਦਾ ਉਹਨਾਂ ਨੂੰ ਦੇਰ-ਸਵੇਰ ਹਿਸਾਬ ਚੁੱਕਦਾ ਕਰਨਾ ਪਵੇਗਾ 
0-0

No comments:

Post a Comment