Wednesday, July 18, 2018

ਨਸ਼ਿਆਂ ਖਿਲਾਫ ਜਦੋਜਹਿਦ ਨੂੰ ਜਮਾਤੀ ਜਦੋਜਹਿਦ ਦੇ ਅੰਗ ਵਜੋਂ ਉਭਾਰਨ ਦੀ ਲੋੜ


ਪੰਜਾਬ 'ਚ ਨਸ਼ਿਆਂ ਦੇ ਕਹਿਰ ਖਿਲਾਫ ਲੋਕਾਂ 'ਚ ਵਧ ਰਿਹਾ ਰੋਸ ਤੇ ਇਸਦਾ ਹੋ ਰਿਹਾ ਪ੍ਰਗਟਾਵਾ ਮਹੱਤਵਪੂਰਨ ਤੇ ਸੁਲੱਖਣਾ ਵਰਤਾਰਾ ਹੈ ਜਿਸਨੂੰ ਹੋਰ ਉਗਾਸਾ ਦੇਣ ਤੇ ਉਭਾਰਨ ਦੀ ਜੋਰਦਾਰ ਜ਼ਰੂਰਤ ਹੈ। ਪਹਿਲਾਂ 2014 ਦੀਆਂ ਚੋਣਾਂ ਮੌਕੇ ਵੀ ਲੋਕ ਰੋਹ ਦਾ ਪ੍ਰਗਟਾਵਾ ਹੋਇਆ ਸੀ ਜਿਸਦਾ ਸੇਕ ਅਕਾਲੀ -ਭਾਜਪਾ ਹਕੂਮਤ ਨੂੰ ਲੱਗਿਆ ਸੀ ਤੇ ਮਗਰੋਂ ਹੁਣ ਤੱਕ ਨਸ਼ਿਆਂ ਦੇ ਕਹਿਰ ਦੀ ਮਾਰ ਵਧਦੀ ਗਈ  ਹੈ ਤੇ ਇਹਦੇ 'ਚੋਂ ਉਪਜਦੇ ਫਿਕਰ ਤੇ ਸਰੋਕਾਰ ਵੀ ਲੋਕਾਂ 'ਚ ਫੈਲਦੇ ਗਏ ਹਨ। ਹੁਣ ਫਿਰ ਇਹ ਜਮ੍ਹਾਂ ਹੋ ਰਿਹਾ ਰੋਸ ਪ੍ਰਗਟ ਹੋਣਾ ਸ਼ੁਰੂ ਹੋ ਗਿਆ ਹੈ। ਹੁਣ ਇਹਨੂੰ ਸਹਿਣ ਦੀ ਵਾਰੀ ਕਾਂਗਰਸ ਹਕੂਮਤ ਦੀ ਹੈ। ਨਸ਼ਿਆਂ ਦੇ ਝੁੱਲਦੇ ਕਹਿਰ ਨਾਲ ਨਿਗਲੀਆਂ ਜਾ ਰਹੀਆਂ ਜਵਾਨੀਆਂ ਬਾਰੇ ਸਮਾਜ ਦੇ ਬਾ-ਆਵਾਜ਼ ਤੇ ਸਮਾਜਿਕ ਸਰੋਕਾਰਾਂ ਵਾਲੇ ਹਿੱਸਿਆਂ 'ਚ ਪੈਦਾ ਹੋਈ ਫਿਕਰਮੰਦੀ ਤੇ ਉਸ ਦਾ ਸੋਸ਼ਲ ਮੀਡੀਏ 'ਤੇ ਹੁੰਦਾ ਆ ਰਿਹਾ ਪ੍ਰਗਟਾਵਾ ਹੁਣ ਅਗਲੇਰੀਆਂ ਪਛੜੀਆਂ ਪਰਤਾਂ ਨੂੰ ਆਪਣੇ ਕਲਾਵੇ 'ਚ ਲੈ ਰਿਹਾ ਹੈ। ਇਹ ਫਿਕਰਮੰਦੀ ਰੋਸ 'ਚ ਵਟੀ ਹੈ ਤੇ ਹੁਣ ਸੋਸ਼ਲ ਮੀਡੀਏ ਤੋਂ ਅੱਗੇ ਹੁੰਦੀ ਹੋਈ ਅਮਲੀ ਰੋਸ ਸਰਗਰਮੀ 'ਚ ਵਟ ਰਹੀ ਹੈ। ਨਸ਼ਿਆਂ ਦੇ ਵਪਾਰ ਕਾਰੋਬਾਰ ਬੰਦ ਕਰਨ ਦੀ ਮੰਗ Àੁੱਠ ਰਹੀ ਹੈ। ਅਕਾਲੀ ਲੀਡਰ ਨਸ਼ਿਆਂ ਦੇ ਸੌਦਾਗਰਾਂ ਵਜੋਂ ਤੇ ਉਹਨਾਂ ਦੇ ਸਰਪ੍ਰਸਤਾਂ ਵਜੋਂ ਲੋਕਾਂ 'ਚ ਨਸ਼ਰ ਹੋਏ ਪਏ ਹਨ। ਕਾਂਗਰਸ ਵੱਲੋਂ ਚੋਣਾਂ 'ਚ ਨਸ਼ਿਆਂ ਦੇ ਕਾਰੋਬਾਰ 4 ਹਫਤਿਆਂ 'ਚ ਬੰਦ ਕਰ ਦੇਣ ਦੇ ਵਾਅਦੇ ਤੇ ਖਾਧੀਆਂ ਸਹੁੰਆਂ ਲੋਕਾਂ ਨੂੰ ਵੱਡਾ ਧੋਖਾ ਲੱਗਣ ਲੱਗੀਆਂ ਹਨ ਤੇ ਹੁਣ ਕੈਪਟਨ ਦੀ ਸਹੁੰ ਨਸ਼ਿਆਂ ਖਿਲਾਫ ਰੋਸ ਦਾ ਹਵਾਲਾ ਨੁਕਤਾ ਬਣ ਗਈ ਹੈ। ਇਹ ਸੁਲੱਖਣਾ ਵਰਤਾਰਾ ਹੈ ਕਿ ਮੰਗ ਹਕੂਮਤ ਵੱਲੋਂ ਅਮਲੀ ਕਦਮ ਉਠਾਏ ਜਾਣ ਦੀ ਹੋ ਰਹੀ ਹੈ। ਕਾਰੋਬਾਰਾਂ ਨੂੰ ਨੱਥ ਪਾਉਣ ਵਜੋਂ ਉੱਠ ਰਹੀ ਹੈ। ਹਕੂਮਤ ਕਟਿਹਰੇ  'ਚ ਹੈ। 

ਨਸ਼ਿਆਂ ਦੇ ਮੁੱਦੇ 'ਤੇ ਪ੍ਰਗਟ ਹੋ ਰਿਹਾ ਇਹ ਰੋਸ ਸੂਬੇ ਦੀ ਮਿਹਨਤਕਸ਼ ਜਨਤਾ 'ਚ ਵਿਆਪਕ ਪੈਮਾਨੇ 'ਤੇ ਪਸਰੀ ਆਮ ਬੇਚੈਨੀ ਤੇ ਰੋਹ ਦਾ ਹੀ ਪ੍ਰਗਟਾਵਾ ਹੈ। ਇਹ ਚਾਹੇ ਜਾਹਰ ਨਸ਼ਿਆਂ ਦੇ ਮੁੱਦੇ 'ਤੇ ਹੋ ਰਿਹਾ ਹੈ ਪਰ ਇਹਦੀ ਤਹਿ ਹੇਠਾਂ ਲੋਕਾਂ ਦੀਆਂ ਨਿੱਘਰ ਰਹੀਆਂ ਜੀਵਨ ਹਾਲਤਾਂ ਤੇ ਫੈਲ ਰਹੀ ਮੰਦਹਾਲੀ ਦੀ ਹਕੀਕਤ ਹੈ। ਇਹ ਬੇਚੈਨੀ ਵਾਰ ਵਾਰ ਰੋਹ ਦਾ ਰੂਪ ਧਾਰ ਕੇ ਫੁੱਟ ਰਹੀ ਹੈ । ਮੌਜੂਦਾ ਰੋਸ ਸਰਗਰਮੀ ਦਾ ਸੰਕੇਤ ਇਹੀ ਹੈ ਕਿ ਲੋਕਾਂ 'ਚ ਸਮਾਜੀ-ਸਿਆਸੀ ਚੇਤਨਾ ਦਾ ਪਸਾਰਾ ਹੋ ਰਿਹਾ ਹੈ ਜਿਹੜਾ ਵੱਖ ਵੱਖ ਮੁੱਦਿਆਂ ਮੌਕੇ ਰੋਸ ਸਰਗਰਮੀਆਂ ਦੀ ਸ਼ਕਲ ਰਾਹੀਂ ਪ੍ਰਗਟ ਹੁੰਦਾ ਹੈ। ਇਹ ਵਿਕਸਿਤ ਹੋ ਰਹੀ ਸਮਾਜੀ ਸਿਆਸੀ ਚੇਤਨਾ ਹੀ  ਹੈ ਜਿਸ ਨੂੰ ਲੋਕ ਮੁਕਤੀ ਲਈ ਜੂਝਦੀਆਂ ਸ਼ਕਤੀਆਂ ਵੱਲੋਂ ਨੋਟ ਕਰਨਾ ਮਹੱਤਵਪੂਰਨ ਹੋਵੇਗਾ। ਪਹਿਲਾਂ ਆਸਿਫਾ ਕਤਲ ਤੇ ਬਲਾਤਕਾਰ ਕਾਂਡ ਖਿਲਾਫ ਪ੍ਰਗਟ ਹੋਇਆ ਲੋਕ ਰੋਹ ਵੀ ਏਸੇ ਤਿੱਖੀ ਹੋ ਰਹੀ ਸਮਾਜੀ ਚੇਤਨਾ ਦਾ ਹੀ ਪ੍ਰਗਟਾਵਾ ਸੀ ਜਿਸ 'ਚ ਬੁੱਧੀਜੀਵੀਆਂ ਨੌਜਵਾਨ-ਵਿਦਿਆਰਥੀਆਂ ਦੀ ਸ਼ਮੂਲੀਅਤ ਉੱਘੜਵੀਂ ਸੀ। ਦਲਿਤਾਂ 'ਤੇ ਹੋ ਰਹੇ ਹਮਲਿਆਂ ਖਿਲਾਫ ਵੀ ਸੂਬੇ 'ਚ ਦਲਿਤ ਬੁੱਧੀਜੀਵੀਆਂ ਤੇ ਨੌਜਵਾਨਾਂ 'ਚ ਵਿਆਪਕ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਹ ਸਾਰੀ ਲੋਕ ਸਰਗਰਮੀ ਸੂਬੇ ਦੀ ਕਿਰਤੀ ਜਨਤਾ ਵਿਸ਼ੇਸ਼ ਕਰਕੇ ਬੁੱਧੀਜੀਵੀਆਂ ਤੇ ਸਮਾਜਕ ਸਰੋਕਾਰਾਂ ਵਾਲੇ ਹਿੱਸਿਆਂ ਦੀ ਵਿਕਾਸ ਕਰ ਰਹੀ ਚੇਤਨਾ ਤੇ ਮੁਕਤੀ ਦੇ ਮਾਰਗ ਲਈ ਤੇਜ ਹੋ ਰਹੀ ਤਲਾਸ਼ ਦੇ ਹੀ ਪ੍ਰਗਟਾਵੇ ਹਨ। 
ਨਸ਼ਿਆਂ ਖਿਲਾਫ ਹੋ ਰਹੀ ਮੌਜੂਦਾ ਸਰਗਰਮੀ ਦੇ ਵਰਤਾਰੇ ਰਾਹੀਂ ਲੋਕਾਂ ਦੀ ਵਿਗਸ ਰਹੀ ਚੇਤਨਾ ਦੀਆਂ ਸੀਮਤਾਈਆਂ ਤੇ ਇਸ 'ਚੋਂ ਗਾਇਬ ਤੰਦਾਂ ਨੂੰ ਟਿੱਕਣ ਦਾ ਮਹੱਤਵ ਹੈ। ਲੋਕ ਮੁਕਤੀ ਲਈ ਜੂਝਦੀਆਂ ਸ਼ਕਤੀਆਂ ਲਈ ਇਹ ਅਹਿਮ ਹੈ ਕਿ ਇਸ ਮੁੱਦੇ 'ਤੇ ਦਖਲਅੰਦਾਜ਼ੀ ਰਾਹੀਂ ਉਹ ਗਾਇਬ ਤੰਦਾਂ ਨੂੰ ਪੂਰਨ ਲਈ ਤਾਣ ਜੁਟਾਉਣ ਜਿਨ੍ਹਾਂ ਨੂੰ ਪੂਰ ਕੇ ਨਸ਼ਿਆਂ ਖਿਲਾਫ ਰੋਸ ਨੂੰ ਸਰਗਰਮ ਜੱਦੋਜਹਿਦ 'ਚ ਪਲਟਿਆ ਜਾ ਸਕਦਾ ਹੈ। ਇਹ ਕਾਰਜ ਏਨਾ ਮਹੱਤਵਪੂਰਨ ਹੈ ਕਿ ਇਸ ਨੂੰ ਨਿਭਾਏ ਬਿਨਾਂ ਮੌਜੂਦਾ ਰੋਸ ਸਰਗਰਮੀ ਕਿਸੇ ਹੱਦ ਤੱਕ ਗੁੱਸਾ ਖਾਰਜ ਕਰਨ ਦੀ ਕਾਰਵਾਈ 'ਚ ਵਟ ਕੇ ਰਹਿ ਜਾਂਦੀ ਹੈ।
ਇਸ ਸਰਗਰਮੀ ਦੌਰਾਨ ਇਹ ਪ੍ਰਚਾਰਨਾ ਤੇ ਸਥਾਪਤ ਕਰਨਾ ਮਹੱਤਵਪੂਰਨ ਹੈ ਕਿ ਨਸ਼ਿਆਂ ਦੇ ਕਾਰੋਬਾਰ ਕਿਸੇ ਇੱਕਾ ਦੁੱਕਾ ਮੰਤਰੀਆਂ ਜਾਂ ਭ੍ਰਿਸ਼ਟ ਪੁਲਿਸ ਅਫਸਰਾਂ ਦੀ ਮਿਲੀਭੁਗਤ ਦਾ ਹੀ ਸਿੱਟਾ ਨਹੀਂ ਹਨ ਜਾਂ ਹੁਣ ਕੈਪਟਨ ਹਕੂਮਤ ਵੱਲੋਂ ਵਾਅਦਾ ਲਾਗੂ ਨਾ ਕਰਨ ਪਿੱਛੇ ਉਸਦੀ ਨਾਲਾਇਕੀ ਹੀ ਜੁੰਮੇਵਾਰ ਨਹੀਂ ਹੈ। ਲੋਕਾਂ ਦੀ ਚੇਤਨਾ 'ਚ ਇਹ ਸਥਾਪਤ ਕਰਨਾ ਅਤਿ ਜਰੂਰੀ ਹੈ ਕਿ ਨਸ਼ਿਆਂ ਦੇ ਕਾਰੋਬਾਰ ਅਸਲ 'ਚ ਮੌਜੂਦਾ ਲੁਟੇਰੇ ਰਾਜ ਭਾਗ ਦੀ ਰਾਜ ਕਰਨ ਦੀ ਨੀਤੀ ਦਾ ਹੀ ਹਿੱਸਾ ਹੈ। ਵੱਡੇ ਕਾਰੋਬਾਰੀਆਂ ਲਈ ਮੁਨਾਫੇ ਦੇ ਸਾਧਨ ਹੋਣਾ ਤਾਂ ਇਕ ਪੱਖ ਹੀ ਹੈ ਇਸ ਤੋਂ ਅਹਿਮ ਪੱਖ ਰਾਜ ਭਾਗ ਦੀ ਸਲਾਮਤੀ ਤੇ ਸਥਾਪਤੀ ਲਈ ਹੈ। ਇਹ ਕਿਰਤੀ ਲੋਕਾਈ ਨੂੰ ਸੱਭਿਆਚਾਰਕ ਤੇ ਮਾਨਸਕ ਤੌਰ 'ਤੇ ਹੀਣੀ ਹਾਲਤ 'ਚ ਰੱਖਣ  ਦਾ ਅਹਿਮ ਜ਼ਰੀਆ ਹਨ। ਅਜੋਕੇ ਦੌਰ 'ਚ ਨਸ਼ਿਆਂ ਦੇ ਪਸਰਦੇ ਕਾਰੋਬਾਰ ਸਾਮਰਾਜੀ ਸੰਸਾਰੀਕਰਨ ਦੇ ਹਮਲੇ ਦਾ ਅਹਿਮ ਜੜੁੱਤ ਅੰਗ ਹਨ। ਇਹਨਾਂ ਖਿਲਾਫ ਜਦੋਜਹਿਦ ਸਾਮਰਾਜੀ ਸੰਸਾਰੀਕਰਨ ਦੇ ਧਾਵੇ ਖਿਲਾਫ ਜੱਦੋਜਹਿਦ ਦਾ ਹੀ ਅਟੁੱਟ ਅੰਗ ਬਣਦੀ ਹੈ। ਇਹ ਜੱਦੋਜਹਿਦ ਨੌਜਵਾਨਾਂ ਲਈ ਰੁਜ਼ਗਾਰ, ਸਿੱਖਿਆ ਦੇ ਹੱਕ ਤੇ  ਮਾਣ ਸਨਮਾਨ ਲਈ ਜੱਦੋਜਹਿਦ ਨਾਲ ਹੀ  ਗੁੰਦ ਕੇ ਅੱਗੇ ਵਧਣੀ ਹੈ ਉਸ ਵਡੇਰੀ ਜੱਦੋਜਹਿਦ 'ਚ ਲੋਕਾਂ ਦੇ ਲੜਨ ਮਰਨ ਦੇ ਇਰਾਦਿਆਂ ਨੂੰ ਢਾਹ ਲਾਉਣ ਵਾਲੇ ਮਾਰੂ ਅੰਸ਼ ਨੂੰ ਨਜਿੱਠਣ ਦੀ ਲੋੜ ਨਾਲ  ਜੋੜ ਕੇ ਅੱਗੇ ਤੁਰਿਆ ਜਾਣਾ ਹੈ। ਇਉਂ ਇਸ ਵਡੇਰੀ ਜੱਦੋਜਹਿਦ ਨਾਲ ਗੁੰਦਿਆਂ ਹੀ ਨਸ਼ੇ ਦੇ ਸੌਦਾਗਰਾਂ ਦੀ ਮੌਜੂਦਾ ਰਾਜ ਭਾਗ ਵੱਲੋਂ ਕੀਤੀ ਸਰਪ੍ਰਸਤੀ ਹੋਰ ਵਧੇਰੇ ਉਘਾੜੀ ਜਾ ਸਕਦੀ ਹੈ ਤੇ ਹਾਕਮ ਜਮਾਤੀ ਸਿਆਸਤ 'ਚ ਨਸ਼ੇ ਦੇ ਸੌਦਾਗਰਾਂ ਦੀ ਆਏ ਦਿਨ ਵਧਦੀ ਪੁੱਗਤ ਤੇ ਅਗਾਂਹ ਨੂੰ ਇਨ੍ਹਾਂ ਵੱਸ ਹੋ ਜਾਣ ਦੇ ਵਰਤਾਰੇ ਦੀ ਹਕੀਕਤ ਦਰਸਾਈ ਜਾ ਸਕਦੀ ਹੈ। 
ਮੌਜੂਦਾ ਸਰਗਰਮੀ 'ਚ ਇਹ ਪੱਖ ਜੋਰ ਨਾਲ ਉਭਾਰਿਆ ਜਾਣਾ ਚਾਹੀਦਾ  ਹੈ ਕਿ ਨਸ਼ੇ ਦੇ ਪ੍ਰਕੋਪ ਖਿਲਾਫ ਜੱਦੋਜਹਿਦ ਉਹਨਾਂ ਨਾਲ ਹੈ ਜੋ ਕਿਰਤੀ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ, ਭਾਵ ਕਾਰਪੋਰੇਟ ਜਮਾਤ ਤੋਂ ਲੈ ਕੇ ਭਾਰਤੀ ਰਾਜ ਦੇ ਹੇਠਲੇ ਅੰਗਾਂ ਤੱਕ ਦੇ ਗੱਠਜੋੜ ਨਾਲ ਹੈ ਜਿਹੜਾ ਲੋਕਾਂ ਦੀਆਂ ਕਿਰਤ ਕਮਾਈਆਂ ਚੂੰਡਣ ਲਈ ਡਾਕੇ ਮਾਰਦਾ ਹੈ ਤੇ ਕਾਰਪੋਰੇਟ ਹਿੱਤਾਂ ਲਈ ਸ਼ਰੇਆਮ ਦਿਨ ਦਿਹਾੜੇ ਮੁੜ ਜਲ੍ਹਿਆਂ ਵਾਲੇ ਬਾਗ ਰਚਾ ਰਿਹਾ  ਹੈ। ਇਸ ਲਈ ਲੋਕਾਂ ਦੇ ਰੋਸ ਜ਼ਾਹਰ ਕਰਨ ਦੀਆਂ ਇਹ ਹੇਠਲੀਆਂ ਤੇ ਨੀਵੀਆਂ ਸ਼ਕਲਾਂ ਸ਼ੁਰੂਆਤੀ ਦੌਰ 'ਚ ਮੁੱਦਾ ਪ੍ਰਚਾਰਨ-ਉਭਾਰਨ ਦਾ ਜ਼ਰੀਆ ਹੀ ਹਨ। ਇਹ ਨਸ਼ਿਆਂ ਦੇ ਮੁੱਦੇ 'ਤੇ ਜੱਦੋਜਹਿਦ ਦਾ ਅੰਤਮ ਸਾਧਨ ਨਹੀਂ ਹਨ। ਨਸ਼ਿਆਂ ਖਿਲਾਫ ਜੱਦੋ ਜਹਿਦ ਜਮਾਤੀ ਤਬਕਾਤੀ ਅਧਾਰ 'ਤੇ ਜਥੇਬੰਦ ਹੋਏ ਲੋਕਾਂ ਦੀ ਹਕੂਮਤ ਨਾਲ ਭਿੜਨ ਦੀ ਜੱਦੋ ਜਹਿਦ ਹੀ ਬਣਦੀ ਹੈ। ਇਹ ਹਕੂਮਤ ਨੂੰ ਜਚਾਉਣ ਮਨਾਉਣ ਦੀ ਜਾਂ ਉਹਦੇ ਤੱਕ ਰੋਸ ਪਹੁੰਚਦਾ ਕਰਨ ਨਾਲ ਹੀ ਨਹੀਂ ਲੜੀ ਜਾ ਸਕਦੀ, ਸਗੋਂ ਇਹ ਇੱਕ ਪਾਸੇ ਹਕੂਮਤ 'ਤੇ ਜਥੇਬੰੰਦ ਲੋਕ ਤਾਕਤ ਦਾ ਵੱਡਾ ਦਬਾਅ ਬਣਾਕੇ ( ਜਿਹੜਾ ਹਕੂਮਤੀ ਰਾਜ  ਮਸ਼ੀਨਰੀ 'ਚ ਅੜਿੱਕਾ ਡਾਹੇ ਬਿਨਾਂ ਨਹੀਂ ਬਣ ਸਕਦਾ) ਤੇ ਨਸ਼ਿਆਂ ਦੇ ਸੌਦਾਗਰਾਂ ਤੇ ਸਿਆਸਤਦਾਨਾਂ ਨੂੰ ਨਕੇਲ ਪਾਉਣ ਲਈ ਜਥੇਬੰਦ ਲੋਕ ਤਾਕਤ ਦੇ ਆਪਣੇ ਅਮਲੀ ਕਦਮਾਂ ਰਾਹੀਂ ਸਿਰੇ ਤੱਕ ਪਹੁੰਚਣੀ ਹੈ। ਮੌਜੂਦਾ ਰੋਸ ਸਰਗਰਮੀ ਇਨਕਲਾਬੀ ਕਾਰਕੁੰਨਾਂ ਲਈ ਇਹ ਹਾਲਤ ਮੁਹੱਈਆ ਕਰਦੀ ਹੈ ਕਿ ਉਹ ਇਸ ਸਰਗਰਮੀ 'ਚ ਜੋਰਦਾਰ ਦਖਲਅੰਦਾਜ਼ੀ ਕਰਦਿਆਂ ਲੋਕ ਚੇਤਨਾ ਨੂੰ ਹੋਰ ਉਗਾਸਾ ਦੇਣ ਲਈ ਯਤਨ ਜੁਟਾਉਣ। ਲੋਕਾਂ ਮੂਹਰੇ ਨਿੱਤਰਵੇਂ ਤੌਰ 'ਤੇ ਦੁਸਮਣਾਂ ਦੀ ਪਹਿਚਾਣ ਦਰਸਾਉਣ, ਉਹਨਾਂ ਖਿਲਾਫ ਸੰਘਰਸ਼ ਦੇ  ਭੇੜੂ ਤੇ ਖਾੜਕੂ ਰੂਪਾਂ ਦੀ ਜਰੂਰਤ ਉਭਾਰਨ, ਹਕੂਮਤ ਦੀ ਜਮਾਤੀ ਸਿਆਸੀ ਖਸਲਤ ਉਘਾੜਨ ਤੇ ਲੋਕਾਂ ਦੇ ਆਪਣੇ ਜਥੇਬੰਦ ਹੋਣ ਦੀ ਜਰੂਰਤ ਉਭਾਰਨ। ਇਸ ਰੋਸ ਸਰਗਰਮੀ ਨੂੰ ਨਸ਼ਿਆਂ ਦੇ ਹੱਲੇ ਖਿਲਾਫ ਸਰਗਰਮ ਜਦੋਜਹਿਦ 'ਚ ਪਲਟਣ ਲਈ ਚੇਤਨਾ ਦਾ ਸੰਚਾਰ ਕਰਨ। 
ਹਾਲਤ ਦਾ ਅਹਿਮ ਪਹਿਲੂ ਇਹ ਹੈ ਕਿ ਮੌਕਾਪ੍ਰਸਤ ਸਿਆਸੀ  ਪਾਰਟੀਆਂ ਤੋਂ ਸਿਰੇ ਦੀ ਬੇਮੁੱਖਤਾ ਤੇ ਬਦਜ਼ਨੀ ਦਾ ਪ੍ਰਗਟਾਵਾ ਹੋ  ਰਿਹਾ ਹੈ। ਬਾਦਲ ਕਾ ਲਾਣਾ ਨਸ਼ੇ ਦੇ ਸੌਦਾਗਰਾਂ ਦੇ ਸਰਪ੍ਰਸਤਾਂ ਵਜੋਂ ਪਹਿਲਾਂ ਹੀ ਆਪਣੀ 'ਪੈਂਠ' ਬਣਾ ਚੁੱਕਿਆ ਹੈ ਤੇ ਹੁਣ ਇਹੀ ਮਾਅਰਕਾ ਕਾਂਗਰਸੀ ਲੀਡਰ ਮਾਰਨ ਜਾ ਰਹੇ ਹਨ। ਆਮ ਆਦਮੀ ਪਾਰਟੀ ਦੀ ਸਿਆਸਤ ਦੇ 'ਜਲਵੇ' ਲੋਕ ਦੇਖ ਚੁੱਕੇ ਹਨ। ਹੁਣ ਲੋਕਾਂ ਮੂਹਰੇ ਬਦਲਵੀਂ ਸਿਆਸਤ ਦਾ ਵਿਚਾਰ ਪੂਰੇ ਜੋਰ ਨਾਲ ਪੇਸ਼ ਹੋ ਰਿਹਾ ਹੈ। ਬਹੁਤ ਸਾਰੇ ਮੱਦਿਆਂ 'ਤੇ ਗੱਲ ਪੰਜਾਬ ਨੂੰ ਬਚਾਉਣ ਦੇ ਰੂਪ 'ਚ ਪੇਸ਼ ਹੋ ਰਹੀ ਹੈ। ਉਹ ਚਾਹੇ ਨਸ਼ਿਆਂ ਦਾ ਮੁੱਦਾ ਹੈ ਚਾਹੇ ਵਾਤਾਵਰਨ ਦਾ, ਕਿਸਾਨੀ ਸੰਕਟ ਜਾਂ ਲੱਚਰ ਗੀਤਾਂ ਦਾ। ਇਨ੍ਹਾਂ ਮਸਲਿਆਂ ਨੂੰ ਵਡੇਰੇ ਪ੍ਰਸੰਗ 'ਚ ਰੱਖ ਕੇ ਪੇਸ਼ ਕਰਨ ਪੱਖੋਂ ਹਾਲਤ ਪਹਿਲਾਂ ਦੇ ਮੁਕਾਬਲੇ ਵਿਕਸਿਤ ਹੋ ਰਹੀ ਹੈ। ਪੰਜਾਬ ਬਚਾਉਣ ਦਾ ਸਵਾਲ ਵੀ ਅਸਲ 'ਚ ਮੌਜੂਦਾ ਰਾਜ ਪ੍ਰਬੰਧ ਦੇ ਮੁਕਾਬਲੇ ਬਦਲਵੇਂ ਲੋਕ ਪੱਖੀ ਰਾਜ ਦੀ ਸਿਰਜਣਾ ਦੇ ਵਿਚਾਰ ਨੂੰ ਪੇਸ਼ ਕਰਨ ਲਈ ਸਾਜਗਾਰ ਹਾਲਤਾਂ ਵੱਲ ਸੰਕੇਤ ਕਰਦਾ  ਹੈ। ਬਦਲਵੇਂ ਰਾਜ ਤੇ ਸਮਾਜ ਦੀ ਸਿਰਜਣਾ ਦੇ ਵਿਚਾਰ ਨੂੰ ਹੀ ਪ੍ਰਚਾਰਨ ਪ੍ਰਸਾਰਨ ਲਈ ਪੱਕ ਰਹੀ ਹਾਲਤ ਨੂੰ ਇਨਕਲਾਬੀ ਸ਼ਕਤੀਆਂ ਵੱਲੋਂ ਜੋਰਦਾਰ ਹੁੰਗਾਰਾ ਭਰਨਾ ਚਾਹੀਦਾ ਹੈ।

No comments:

Post a Comment