Tuesday, July 10, 2018

ਦਲਿਤਾਂ ’ਤੇ ਜਬਰ ਖਿਲਾਫ਼ ਵਿਸ਼ਾਲ ਮਾਰਚ



ਦਲਿਤਾਂ ਤੇ ਜਬਰ ਖਿਲਾਫ਼ ਵਿਸ਼ਾਲ ਮਾਰਚ
ਵੱਖ-2 ਸਾਹਿਤਕ, ਸਭਿਆਚਾਰਕ, ਜਮਹੂਰੀ, ਬੁੱਧੀਜੀਵੀ ਤੇ ਸੰਘਰਸ਼ਸੀਲ ਸਖਸ਼ੀਅਤਾਂ ਤੇ ਅਧਾਰਤ ਜਥੇਬੰਦ ਕੀਤੀ ਗਈ 21 ਮੈਂਬਰੀ ਦਲਿਤਾਂ ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਵੱਲੋਂ 28 ਅਪ੍ਰੈਲ ਨੂੰ ਬਠਿੰਡਾ ਵਿਖੇ ਦਲਿਤਾਂ ਤੇ ਜਬਰ ਵਿਰੋਧੀ ਲੋਕ ਏਕਤਾ ਮਾਰਚ ਕੱਢਿਆ ਗਿਆ ਇਸ ਮਾਰਚ ਵਿੱਚ ਵੱਖ-2 ਵਰਗਾਂ ਨਾਲ ਜੁੜੇ ਹਜ਼ਾਰਾਂ ਮਰਦ ਔਰਤਾਂ ਵੱਲੋਂ ਸ਼ਿਰਕਤ ਕੀਤੀ ਗਈ ਇਸ ਮਾਰਚ ਦੀ ਵਿਲੱਖਣਤਾ ਇਹ ਸੀ ਕਿ ਹਾੜ੍ਹੀ ਸੀਜ਼ਨ ਦੇ ਜ਼ੋਰਦਾਰ ਕਸਾਅ ਦੇ ਬਾਵਜੂਦ ਜਿੱਥੇ ਭਾਰੀ ਗਿਣਤੀ ਚ ਦਲਿਤਾਂ ਦੇ ਹਿੱਸੇ ਸ਼ਾਮਲ ਹੋਏ ਉਥੇ ਕਿਸਾਨਾਂ ਸਮੇਤ ਅਖੌਤੀ ਉੱਚ ਜਾਤੀਆਂ ਨਾਲ ਸਬੰਧਤ ਵੱਖ-2 ਵਰਗਾਂ ਵੱਲੋਂ ਜਾਤ-ਪਾਤੀ ਵਲਗਣਾਂ ਤੋਂ ਉੱਪਰ ਉੱਠਕੇ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ ਮਾਰਚ ਤੋਂ ਪਹਿਲਾਂ ਡੀ.ਸੀ. ਦਫਤਰ ਅੱਗੇ ਜੁੜੇ ਇਕੱਠ ਨੂੰ ਕਮੇਟੀ ਦੇ ਕਨਵੀਨਰ ਲਛਮਣ ਸਿੰਘ ਸੇਵੇਵਾਲਾ ਤੋਂ ਇਲਾਵਾ ਕਮੇਟੀ ਮੈਂਬਰ ਝੰਡਾ ਸਿੰਘ ਜੇਠੂਕੇ, ਜੋਰਾ ਸਿੰਘ ਨਸਰਾਲੀ, ਅਮੋਲਕ ਸਿੰਘ, ਡਾ. ਪ੍ਰਮਿੰਦਰ ਸਿੰਘ, ਐਡਵੋਕੇਟ ਐਨ.ਕੇ.ਜੀਤ, ਮਲਾਗਰ ਸਿੰਘ ਖਮਾਣੋਂ, ਨਾਟਕਕਾਰ ਸੈਮੂਅਲ ਜੌਹਨ ਤੇ ਕਹਾਣੀਕਾਰ ਗੁਰਮੀਤ ਕੜਿਆਲਵੀ ਨੇ ਸੰਬੋਧਨ ਕੀਤਾ ਬੁਲਾਰਿਆਂ ਨੇ ਸੁਪਰੀਮ ਕੋਰਟ ਵੱਲੋਂ ਐਸ.ਸੀ./ਐਸ.ਟੀ. ਐਕਟ ਚ ਸੋਧਾਂ ਕਰਨ ਦੇ ਫੈਸਲੇ ਨੂੰ ਤੱਥਾਂ ਸਹਿਤ ਭਾਜਪਾ ਤੇ ਸੰਘ ਦੇ ਲਾਣੇ ਵੱਲੋਂ ਦਲਿਤਾਂ ਖਿਲਾਫ਼ ਵਿੱਢੇ ਹਮਲੇ ਦੇ ਅੰਗ ਵਜੋਂ ਸਾਬਤ ਕੀਤਾ ਬੁਲਾਰਿਆਂ ਵੱਲੋਂ ਐਸ.ਸੀ./ਐਸ.ਟੀ ਐਕਟ ਨੂੰ ਕਮਜ਼ੋਰ ਕਰਨ ਦਾ ਫੈਸਲਾ ਵਾਪਸ ਲੈਣ, ਰਿਜ਼ਰਵੇਸ਼ਨ ਵਿਰੋਧੀ ਮਾਹੌਲ ਉਸਾਰਨ ਦੇ ਕਦਮਾਂ ਨੂੰ ਰੋਕੇ ਜਾਣ, ਸਮਾਜਿਕ ਪਛੜੇਵੇਂ ਦੇ ਖਾਤਮੇ ਲਈ ਰਿਜ਼ਰਵੇਸ਼ਨ ਦੀ ਨੀਤੀ ਜਾਰੀ ਰੱਖਣ, ਸਭਨਾਂ ਲਈ ਸਿੱਖਿਆ ਤੇ ਰੁਜ਼ਗਾਰ ਦੀ ਗਾਰੰਟੀ ਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਰੱਦ ਕਰਨ, ਜ਼ਮੀਨ ਦੀ ਮੁੜ ਵੰਡ ਕਰਕੇ ਦਲਿਤਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਅਤੇ ਬਾਕੀ ਪੇਂਡੂ ਕਿਰਤੀਆਂ ਦੀ ਜ਼ਮੀਨੀ ਤੋਟ ਪੂਰੀ ਕਰਨ, ਦਲਿਤਾਂ ਤੇ ਹੰੁਦੇ ਜ਼ੁਲਮਾਂ ਨੂੰ ਰੋਕਣ ਲਈ ਸਖਤ ਸਜਾਵਾਂ ਦਾ ਪ੍ਰਬੰਧ ਯਕੀਨੀ ਕਰਨ ਅਤੇ 2 ਅਪ੍ਰੈਲ ਦੇ ਬੰਦ ਦੌਰਾਨ ਦਲਿਤਾਂ ਤੇ ਦਰਜ ਕੇਸ ਰੱਦ ਕਰਨ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਉਭਾਰਿਆ ਗਿਆ ਉਹਨਾਂ ਦੋ ਹੋਰ ਪੱਖਾਂ ਨੂੰ ਵੀ ਨਿਤਰਵੇਂ ਰੂਪ ਚ ਉਭਾਰ ਕੇ ਪੇਸ਼ ਕੀਤਾ ਇੱਕ ਇਹ ਸੀ ਕਿ ਸਦੀਆਂ ਤੋਂ ਜਾਤ-ਪਾਤੀ ਸੰਗਲਾਂ ਚ ਨੂੜੇ ਦਲਿਤਾਂ ਖਿਲਾਫ਼ ਦਾਬੇ ਤੇ ਹਿੰਸਾ ਦਾ ਤਾਂਡਵ,  ਸੰਨ 47 ਦੀ ਸੱਤਾ ਬਦਲੀ ਤੋਂ ਬਾਅਦ ਵੀ ਬਦਲ-ਬਦਲ ਕੇ ਆਈਆਂ ਸਭਨਾਂ ਸਿਆਸੀ ਪਾਰਟੀਆਂ ਦੀਆਂ ਹਕੂਮਤਾਂ ਵੇਲੇ ਤੋਂ ਲੈਕੇ ਲਗਾਤਾਰ ਵਾਪਰਦਾ ਆ ਰਿਹਾ ਹੈ ਭਾਜਪਾ ਤੇ ਸੰਘ ਲਾਣੇ ਵੱਲੋਂ ਇਸ ਜਬਰ ਜ਼ੁਲਮ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ ਅਤੇ ਇਸਨੂੰ ਜਾਤ-ਪਾਤੀ ਤੁਅਸੱਬਾਂ ਦੇ ਨਾਲ-ਨਾਲ ਧਾਰਮਿਕ ਪੁੱਠ ਵੀ ਚਾੜ੍ਹੀ ਜਾ ਰਹੀ ਹੈ ਦੂਜਾ ਇਹ ਕਿ ਰਿਜ਼ਰਵੇਸ਼ਨ ਸਮਾਜਿਕ ਪਛੜੇਵੇਂ ਵਾਲੀਆਂ ਘਾਟੇਵੰਦੀਆਂ ਹਾਲਤਾਂ ਦੀ ਕੁਝ ਨਾ ਕੁਝ ਕਮੀ ਪੂਰਤੀ ਦਾ ਸਾਧਨ ਹੀ ਹੈ ਜੋ ਕਿਸੇ ਵਿਸ਼ੇਸ਼ ਸਹੂਲਤ ਦਾ ਮਾਮਲਾ ਨਹੀਂ ਹੈ ਇਸ ਮੌਕੇ ਦਲਿਤਾਂ ਉਪਰ ਜ਼ੁਲਮਾਂ ਨੂੰ ਰੋਕਣ ਤੇ ਸਮਾਜਿਕ ਪਛੜੇਵਾਂ ਦੂਰ ਕਰਨ ਲਈ ਜ਼ਮੀਨਾਂ ਦੀ ਮੁੜ ਵੰਡ ਕਰਾਉਣ ਅਤੇ ਸਭਨਾਂ ਲਈ ਸਿੱਖਿਆ ਅਤੇ ਰੁਜ਼ਗਾਰ ਦੀ ਗਰੰਟੀ ਲਈ ਨਿੱਜੀਕਰਨ ਦੀਆਂ ਨੀਤੀਆਂ ਦਾ ਮੂੰਹ ਮੋੜਨ ਲਈ ਵਿਸ਼ਾਲ, ਸਾਂਝੇ ਤੇ ਜਾਨ ਹੂਲਵੇਂ ਘੋਲਾਂ ਦੀ ਲੋੜ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਭਾਰਿਆ ਗਿਆ
          ਇਸ ਮਾਰਚ ਦੌਰਾਨ ਕਮੇਟੀ ਵੱਲੋਂ ਘੜੇ ਨਾਹਰਿਆਂ ਵਾਲੀਆਂ ਤਖਤੀਆਂ ਤੇ ਬੈਨਰ ਅਤੇ ਸਪੀਕਰਾਂ ਤੋਂ ਲਗਦੇ ਨਾਹਰੇ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਮਾਰਚ ਦਾ ਕੇਂਦਰੀ ਸੰਦੇਸ਼ ਪੁਚਾ ਰਹੇ ਸਨ ਮਾਰਚ ਦੌਰਾਨ ਮਰਦ ਔਰਤਾਂ ਵੱਲੋਂ ਜੋਸ਼-ਖਰੋਸ਼ ਨਾਲ ਲਾਏ ਜਾ ਰਹੇ ਨਾਹਰਿਆਂ ਦੀ ਗੂੰਜ ਉਹਨਾਂ ਦੇ ਮਨਾਂ ਅੰਦਰਲੇ ਰੋਹ ਨੂੰ ਪ੍ਰਗਟ ਕਰ ਰਹੀ ਸੀ
          ਦਲਿਤਾਂ ਤੇ ਜਬਰ ਵਿਰੋਧੀ ਮੁਹਿੰਮ ਕਮੇਟੀ ਪੰਜਾਬ ਦੇ ਗਠਨ ਦੇ 12-13 ਦਿਨਾਂ ਦੇ ਬਹੁਤ ਹੀ ਥੋੜ੍ਹੇ ਵਕਫ਼ੇ ਅਤੇ ਪੇਂਡੂ ਖੇਤਰ ਚ ਕਣਕ ਦੀ ਵਾਢੀ ਵਾਲੇ ਸੀਜ਼ਨ ਦੇ ਕਸਾਅ ਦੇ ਬਾਵਜੂਦ ਹਜ਼ਾਰਾਂ ਮਰਦ ਔਰਤਾਂ ਵੱਲੋਂ ਬਠਿੰਡਾ ਮਾਰਚ ਚ ਸ਼ਮੂਲੀਅਤ ਕਰਨਾ ਇਸ ਮਾਰਚ ਦੀ ਭਰਵੀਂ ਸਫਲਤਾ ਹੈ
          ਇਸ ਮਾਰਚ ਦੀ ਸਫਲਤਾ ਲਈ ਸਮੇਂ ਦੀ ਬੇਹੱਦ ਤੰਗੀ ਦੇ ਬਾਵਜੂਦ ਕਮੇਟੀ ਵੱਲੋਂ 20000 (ਵੀਹ ਹਜ਼ਾਰ) ਪੋਸਟਰ ਅਤੇ 55000 (55 ਹਜ਼ਾਰ) ਦੀ ਗਿਣਤੀ ਚ ਹੱਥ ਪਰਚਾ ਛਾਪਕੇ ਵੰਡਿਆ ਗਿਆ ਇਸ ਤੋਂ ਇਲਾਵਾ ਬਠਿੰਡਾ, ਰਾਮਪੁਰਾ, ਲੰਬੀ ਤੇ ਮੁਕਤਸਰ ਖੇਤਰਾਂ ਚ ਵੱਖ-2 ਵਿਅਕਤੀਆਂ ਤੇ ਅਧਾਰਤ ਸਹਿਯੋਗੀ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਇਹਨਾਂ ਸਹਿਯੋਗੀ ਕਮੇਟੀਆਂ ਦੁਆਰਾ ਆਪਣੇ ਖੇਤਰਾਂ ਚ ਮੁਹਿੰਮ ਨੂੰ ਧੁਰ ਜਨਤਾ ਤੱਕ ਲੈ ਕੇ ਜਾਣ ਵਾਲੇ ਸਰਗਰਮ ਹਿੱਸਿਆਂ ਦੀਆਂ ਲੰਬੀ, ਮਲੋਟ, ਮੁਕਤਸਰ, ਗਿੱਦੜਬਾਹਾ, ਅਬੋਹਰ ਤੇ ਬਠਿੰਡਾ ਵਿਖੇ ਵੱਡੀਆਂ ਜਨਤਕ ਤੇ ਸਿੱਖਿਆਦਾਇਕ ਮੀਟਿੰਗਾਂ ਵੀ ਜਥੇਬੰਦ ਕੀਤੀਆਂ ਗਈਆਂ ਇਹਨਾਂ ਮੀਟਿੰਗਾਂ ਚ ਲਗਭਗ 425 ਸਰਗਰਮ ਆਗੂਆਂ ਵਰਕਰਾਂ ਨੇ ਹਿੱਸਾ ਲਿਆ ਇਹਨਾਂ ਮੀਟਿੰਗਾਂ ਦੌਰਾਨ ਸੁਪਰੀਮ ਕੋਰਟ ਵੱਲੋਂ ਐਸ.ਸੀ./ਐਸ.ਟੀ. ਐਕਟ ਚ ਕੀਤੀਆਂ ਸੋਧਾਂ ਤੇ ਇਸਦੇ ਅਸਰਾਂ ਸਬੰਧੀ ਕਾਨੂੰਨੀ ਪੱਖ ਦੀ ਵਿਸਥਾਰੀ ਵਿਆਖਿਆ ਤੋਂ ਇਲਾਵਾ ਭਾਜਪਾ ਵੱਲੋਂ ਦਲਿਤਾਂ ਖਿਲਾਫ਼ ਤੇਜ਼ ਕੀਤੇ ਹੱਲੇ, ਰਿਜਰਵੇਸ਼ਨ ਵਿਰੋਧੀ ਮਹੌਲ ਭਖਾਉਣ ਦੀਆਂ ਕੋਸ਼ਿਸ਼ਾਂ ਤੇ ਮਨੋਰਥ ਅਤੇ ਰਿਜਰਵੇਸ਼ਨ ਦੇ ਬਾਵਜੂਦ ਮੌਜੂਦਾ ਸਮੇਂ ਵੱਖ-2 ਅਦਾਰਿਆਂ ਚ ਇਹ ਕੋਟਾ ਵੀ ਪੂਰਾ ਨਾ ਹੋਣ ਦੀ ਹਕੀਕੀ ਤਸਵੀਰ, ਬਾਕੀ ਵਰਗਾਂ ਦੀ ਬੇਰੁਜ਼ਗਾਰੀ ਦੇ ਅਸਲ ਕਾਰਨ, ਦਲਿਤਾਂ ਚ ਪੈਦਾ ਹੋ ਰਹੇ ਰੋਹ ਤੇ ਵਿਕਸਤ ਹੋ ਰਹੀ ਚੇਤਨਾ ਅਤੇ ਸਮਾਜਕ ਅਨਿਆਂ ਦੀ ਚੱਕੀ ਚ ਪਿਸ ਰਹੇ ਗਰੀਬ ਤੇ ਮਿਹਤਨਕਸ਼ ਹਿੱਸਿਆਂ ਦੀ ਵਿਸ਼ਾਲ ਏਕਤਾ ਤੇ ਖਾੜਕੂ ਘੋਲਾਂ ਦੀ ਅਣਸਰਦੀ ਲੋੜ ਨੂੰ ਜ਼ੋਰ ਨਾਲ ਉਭਾਰਿਆ ਗਿਆ ਭਾਜਪਾ ਸਮੇਤ ਸਭਨਾਂ ਪਾਰਟੀਆਂ ਦੀਆਂ ਸਰਕਾਰਾਂ ਸਮੇਂ ਦਲਿਤਾਂ ਖਿਲਾਫ਼ ਹੋਏ ਜ਼ੁਲਮਾਂ, ਜਾਤਪਾਤੀ ਵੰਡੀਆਂ ਦੀ ਸਿਆਸਤ ਸਭਨਾਂ ਹਾਕਮ ਜਮਾਤੀ ਪਾਰਟੀਆਂ ਦੀ ਅਣਸਰਦੀ ਲੋੜ ਕਿਵੇਂ ਆਦਿ ਪੱਖਾਂ ਨੂੰ ਵੀ ਸੰਬੋਧਤ ਹੋਇਆ ਗਿਆ ਇਸੇ ਤਰ੍ਹਾਂ ਹੀ ਬਿਜਲੀ ਕਾਮਿਆਂ ਚ ਕੰਮ ਕਰਦੇ ਇਨਕਲਾਬੀ ਜਮਹੂਰੀ ਫਰੰਟ ਦੇ ਕਰੀਬ 60 ਆਗੂਆਂ/ਵਰਕਰਾਂ ਦੀ ਸਿੱਖਿਆਦਾਇਕ ਮੀਟਿੰਗ ਤੋਂ ਇਲਾਵਾ ਸਨਅਤੀ ਸ਼ਹਿਰ ਲੁਧਿਆਣਾ ਸਮੇਤ ਅਨੇਕਾਂ ਜ਼ਿਲ੍ਹਿਆਂ ਦੇ ਪਿੰਡਾਂ, ਕਸਬਿਆਂ ਤੇ ਮੁਲਾਜ਼ਮਾਂ ਦੇ ਕੰਮ ਵਾਲੀਆਂ ਥਾਵਾਂ ਤੇ ਮੀਟਿੰਗਾਂ ਜਥੇਬੰਦ ਕੀਤੀਆਂ ਗਈਆਂ ਇਸ ਮੁਹਿੰਮ ਦੌਰਾਨ ਵੱਖ-2 ਜਥੇਬੰਦਕ ਸੈਕਸ਼ਨਾਂ ਨਾਲ ਜੁੜੇ ਹਿੱਸਿਆਂ ਤੋਂ ਇਲਾਵਾ ਮੁੱਖ ਤੌਰ ਤੇ ਖਰਾ ਦਲਿਤ ਸਰੋਕਾਰ ਰੱਖਣ ਵਾਲੇ ਕਲੱਬਾਂ, ਸੰਸਥਾਵਾਂ ਤੇ ਵਿਅਕਤੀਆਂ ਨੇ ਵੀ ਹਿੱਸਾ ਲਿਆ ਜਿਸ ਵਿੱਚ ਨੌਜਵਾਨਾਂ ਵੀ ਚੰਗੀ ਗਿਣਤੀ ਚ ਮੌਜੂਦ ਸਨ
          ਸੋ ਕੁੱਲ ਮਿਲਾਕੇ ਪੂਰੀ ਸੂਝ ਸਿਆਣਪ, ਜੋਸ਼-ਖਰੋਸ਼ ਤੇ ਵਾਹੋਦਾਹੀ ਚੱਲੀ ਇਸ ਮੁਹਿੰਮ ਦਾ ਹੀ ਸਿੱਟਾ ਸੀ ਕਿ ਬਹੁਤ ਥੋੜ੍ਹੇ ਸਮੇਂ ਦੇ ਬਾਵਜੂਦ 28 ਅਪ੍ਰੈਲ ਨੂੰ ਹਜ਼ਾਰਾਂ ਮਰਦ ਔਰਤ ਬਠਿੰਡਾ ਮਾਰਚ ਵਿੱਚ ਸ਼ਾਮਲ ਹੋਏ
          ਇਸ ਮੌਕੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋ: ਰੁਪਿੰਦਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਰਥ ਸ਼ਾਸ਼ਤਰੀ ਡਾ. ਅਨੂਪਮਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਮੁੱਖ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਆਗੂ ਬੱਗਾ ਸਿੰਘ, ਐਸ.ਸੀ.ਬੀ.ਸੀ. ਟੀਚਰ ਯੂਨੀਅਨ ਦੇ ਆਗੂ ਸਵਰਨ ਸਿੰਘ ਕਲਿਆਣ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਤੇ ਸੁਖਦੇਵ ਸਿੰਘ ਕੋਕਰੀ ਕਲਾਂ, ਰੋਡਵੇਜ਼ ਇੰਪਲਾਈਜ਼ ਯੂਨੀਅਨ ਦੇ ਆਗੂ ਰਜਿੰਦਰ ਸਿੰਘ, ਜਲ ਸਪਲਾਈ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਵਰਿੰਦਰ ਮੋਮੀ ਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਸਾਥੀ ਵੀ ਹਾਜ਼ਰ ਸਨ ਇਸ ਤੋਂ ਇਲਾਵਾ ਦਲਿਤ ਹਿੱਸਿਆਂ ਚ ਕੰਮ ਕਰਦੀਆਂ ਕਈ ਸਥਾਨਕ ਸੰਸਥਾਵਾਂ ਤੇ ਕਲੱਬਾਂ ਦੇ ਨੁਮਾਇੰਦੇ ਤੇ ਵਰਕਰ ਵੀ ਹਾਜ਼ਰ ਸਨ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਜ਼ਿਲ੍ਹਾ ਕਮੇਟੀ ਵਲੋਂ ਚਾਹ ਤੇ ਪਾਣੀ ਦਾ ਲੰਗਰ ਲਾਇਆ ਗਿਆ ਪ੍ਰੋਗਰਾਮ ਚ ਕਿਸਾਨ ਜਨਤਾ ਦੀ ਭਰਵੀਂ ਹਾਜ਼ਰੀ ਨੂੰ ਵੇਖਦਿਆਂ ਹੀ ਪੰਜਾਬੀ ਟ੍ਰਿਬਿਊਨ ਨੇ ਲਿਖਿਆ ਸੀ ਕਿ ‘‘ਦਲਿਤਾਂ ਦੀ ਢਾਲ ਬਣਕੇ ਸੜਕਾਂ ਤੇ ਉੱਤਰੇ ਕਿਸਾਨ’’ ਜਿਸ ਤਰ੍ਹਾਂ ਪ੍ਰੋਗਰਾਮ ਚ ਔਰਤਾਂ, ਖੇਤ ਮਜ਼ਦੂਰ, ਕਿਸਾਨ, ਅਧਿਆਪਕ, ਬਿਜਲੀ ਕਾਮੇ, ਸਨਅਤੀ ਕਾਮੇ, ਰੋਡਵੇਜ਼ ਮੁਲਾਜ਼ਮ, ਥਰਮਲ ਮੁਲਾਜ਼ਮ, ਲੇਖਕ, ਨਾਟਕਕਾਰ, ਸਾਹਿਤਕਾਰ, ਬੁੱਧੀਜੀਵੀ, ਅਰਥ ਸ਼ਾਸ਼ਤਰੀ, ਜਮਹੂਰੀ ਸਖਸ਼ੀਅਤਾਂ ਆਦਿ ਵੱਖ-2 ਵਰਗਾਂ ਨੇ ਹਿੱਸਾ ਲਿਆ ਇਹ ਪੂਰਨ ਤੌਰ ਤੇ ਦਲਿਤਾਂ ਤੇ ਜਬਰ ਵਿਰੋਧੀ ਲੋਕਾਂ ਦਾ ਸਾਂਝਾ ਮਾਰਚ ਹੋ ਨਿਬੱੜਿਆ


ਦਲਿਤ ਹੱਕਾਂ ਲਈ ਸਹੀ ਜਮਹੂਰੀ ਪੈਂਤੜੇ ਤੋਂ ਹੋਈ ਸ਼ਾਨਦਾਰ ਤੇ ਸਫਲ ਲਾਮਬੰਦੀ ਸੂਬੇੋ ਦੀ ਜਨਤਕ ਲਹਿਰ ਚ ਅਹਿਮ ਘਟਨਾ ਵਿਕਾਸ  ਹੈ ਤੇ ਇਸ ਲਾਮਬੰਦੀ ਨੂੰ ਜਾਰੀ ਰੱਖਣ, ਦਲਿਤ ਸ਼ਕਤੀ ਜੋੜਨ ਤੇ ਉਭਾਰਨ ਅਤੇ ਸਭਨਾਂ ਕਿਰਤੀ ਲੋਕਾਂ ਦੇ ਅੰਗ ਸੰਗ ਵਜੋਂ ਇਸ ਤਾਕਤ ਦੀ ਸਿਰਜਣਾ ਕਰਨ ਦੀ ਦਿਸ਼ਾ ਚ ਹੋਰ ਅੱਗੇ ਵਧਣਾ ਚਾਹੀਦਾ ਹੈ 

No comments:

Post a Comment