Tuesday, July 10, 2018

ਮੋਦੀ ਹਕੂਮਤ ਦੇ ਫਾਸ਼ੀ ਹਮਲੇ ਖਿਲਾਫ਼ ਡਟੋ



ਮੋਦੀ ਹਕੂਮਤ ਦੇ ਫਾਸ਼ੀ ਹਮਲੇ ਖਿਲਾਫ਼ ਡਟੋ
ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀਆਂ ਗ੍ਰਿਫਤਾਰੀਆਂ ਖਿਲਾਫ਼ ਆਵਾਜ਼ ਉਠਾਓ
ਭਾਜਪਾ ਦੀ ਹਕੂਮਤ ਲੋਕਾਂ ਤੇ ਆਰਥਿਕ ਅਤੇ ਜਾਬਰ ਹੱਲੇ ਨੂੰ ਪੂਰੀ ਤਰ੍ਹਾਂ ਜੁੜਵੇਂ ਰੂਪ ਚ ਅੱਗੇ ਵਧਾ ਰਹੀ ਹੈ ਅਖੌਤੀ ਆਰਥਿਕ ਸੁਧਾਰਾਂ ਨੂੰ ਤੇਜੀ ਨਾਲ ਲਾਗੂ ਕਰਨ ਦੇ ਮਸਲੇ ਚ ਇਸ ਨੇ ਪਿਛਲੀਆਂ ਹਕੂਮਤਾਂ ਨੂੰ ਮਾਤ ਦੇ ਦਿੱਤੀ ਹੈ ਅਤੇ ਸਾਮਰਾਜੀਆਂ, ਦਲਾਲ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਹਿੱਤਾਂ ਦੀ ਰਖਵਾਲੀ ਹਕੂਮਤ ਵਜੋਂ ਇਸ ਨੇ ਚੰਗਾ ਨਾਮਣਾ ਖੱਟ ਲਿਆ ਹੈ ਬੀਤੇ ਚਾਰ ਸਾਲਾਂ ਦੌਰਾਨ ਇਸ ਨੇ ਵੱਡੇ ਨੀਤੀ ਫੈਸਲੇ ਲੈਂਦਿਆਂ ਭਾਰਤੀ ਆਰਥਿਕਤਾ ਨੂੰ ਸਾਮਰਾਜੀ ਲੁਟੇਰੇੇ ਮੰਤਵਾਂ ਲਈ ਹੋਰ ਵਧੇਰੇੇ ਢਾਲਿਆ ਹੈ ਤੇ ਲੁਟੇਰੀਆਂ ਜਮਾਤਾਂ ਦੀ ਲੁੱਟ ਹੋਰ ਤੇਜ ਕਰਨ ਦੇ ਕਦਮ ਪੂਰੇ ਧੜੱਲੇ ਨਾਲ ਚੁੱਕੇ ਹਨ ਇਹਨਾਂ ਲੁਟੇਰੀਆਂ ਨੀਤੀਆਂ ਦੇ ਲਾਗੂ ਹੋਣ ਨਾਲ ਉਠਦੇ ਲੋਕ ਰੋਹ ਨੂੰ ਕੁਚਲਣ ਲਈ ਵੀ ਇਹ ਹਕੂਮਤ ਪੂਰੀ ਤਰ੍ਹਾਂ ਨਿਸ਼ੰਗ ਹੋ ਕੇ ਜਾਬਰ ਭਾਰਤੀ ਰਾਜ ਦੇ ਹਰ ਖੂਨੀਂ ਪੰਜੇ ਦੀ ਵਰਤੋਂ ਕਰਦੀ ਆ ਰਹੀ ਹੈ ਭਾਰਤੀ ਰਾਜ ਕੋਲ ਲੋਕਾਂ ਤੇ ਜਬਰ ਕਰਨ ਤੇ ਲੋਕ ਰੋਹ ਨੂੰ ਕੁਚਲਣ ਵਾਲੇ ਸਭਨਾਂ ਢੰਗ ਤਰੀਕਿਆਂ, ਜਿੰਨ੍ਹਾਂ ਚ ਝੂਠੇ ਕੇਸਾਂ, ਜੇਲ੍ਹਾਂ, ਬਦਨਾਮ ਜਾਬਰ ਕਾਨੂੰਨਾਂ, ਝੂਠੇ ਪੁਲਿਸ ਮੁਕਾਬਲਿਆਂ, ਫੌਜੀ ਹਮਲਿਆਂ ਤੋਂ ਲੈ ਕੇ ਗੈਰ-ਕਾਨੂੰਨੀ ਹਥਿਆਰਬੰੰਦ ਟੋਲਿਆਂ ਦੀ ਹਿੰਸਕ ਸ਼ਕਤੀ ਵਰਤਣ ਵਰਗੇ ਢੰਗ ਸ਼ਾਮਲ ਹਨ, ਦੀ ਥੋਕ ਵਰਤੋਂ ਕੀਤੀ ਜਾ ਰਹੀ ਹੈ ਕਾਂਗਰਸ ਹਕੂਮਤ ਵੇਲੇ ਤੋਂ ਜੰਗਲੀ ਖੇਤਰਾਂ ਚ ਆਦਿਵਾਸੀ ਲੋਕਾਂ ਤੇ ਵਿਢਿਆ ਫੌਜੀ ਖੂਨੀ ਹਮਲਾ ਭਾਜਪਾ ਦੇ ਰਾਜ ਚ ਨਵੀਆਂ ਹੱਦਾਂ  ਪਾਰ ਕਰ ਰਿਹਾ ਹੈ ਇਹਨਾਂ ਖੇਤਰਾਂ ਚ ਬਹੁਕੌਮੀ ਕਾਰਪੋਰੇਸ਼ਨਾਂ ਦੇ ਪੋ੍ਰਜੈਕਟਾਂ ਲਈ ਉਥੋਂ ਦੇ ਲੋਕ ਵਿਰੋਧ ਨੂੰ ਹਰ ਹੀਲੇ ਕੁਚਲਣ ਤੇ ਇਸ ਵਿਰੋਧ ਲਹਿਰ ਦੀ ਅਗਵਾਈ ਕਰਦੀਆਂ ਸ਼ਕਤੀਆਂ ਦਾ ਨਾਮੋ ਨਿਸ਼ਾਨ ਮਿਟਾ ਦੇਣ ਤੇ ਤੁਲੀ ਹੋਈ ਹੈ ਹੁਣ ਇਹ ਹਮਲਾ ਜੰਗਲੀ ਖੇਤਰਾਂ ਤੋਂ ਅਗਾਂਹ ਵਿਕਸਿਤ ਖੇਤਰਾਂ ਚ ਵੀ ਸਿਖਰਲੇ  ਇਜ਼ਹਾਰਾਂ ਚ ਸਾਹਮਣੇ ਆ ਰਿਹਾ ਹੈ ਬਹੁਕੌਮੀ ਲੁਟੇਰੀ ਕੰਪਨੀ ਵੇਦਾਂਤਾ ਦੇ ਕਾਰਖਾਨੇ ਲਈ ਤਾਮਿਲਨਾਡੂ ਚ ਰੋਸ ਪਗ੍ਰਟਾ ਰਹੇ ਲੋਕਾਂ ਨੂੰ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਨਾਲ ਭੁੰਨਿਆ ਗਿਆ ਹੈ ਲੁਟੇਰੇ ਸਾਮਰਾਜੀ ਹਿੱਤਾਂ ਲਈ 13 ਲੋਕਾਂ ਦਾ ਐਲਾਨੀਆ ਕਤਲ ਕੀਤਾ ਗਿਆ ਹੈ ਜਿੰਨ੍ਹਾਂ ਚੋਂ ਸੰਘਰਸ਼ ਦੇ ਆਗੂਆਂ ਨੂੰ ਵਿਸ਼ੇਸ਼ ਨਿਸ਼ਾਨੇਬਾਜਾਂ ਵੱਲੋਂ ਚੁਣਵਾਂ ਨਿਸ਼ਾਨਾ ਬਣਾਇਆ ਗਿਆ ਹੈ ਜੰਗਲੀ ਖੇਤਰਾਂ ਤੋਂ ਲੈ ਕੇ ਵਿਕਸਿਤ ਮੈਦਾਨੀ ਤੇ ਸ਼ਹਿਰੀ ਖੇਤਰਾਂ ਤੱਕ ਇਹ ਜਾਬਰ ਹਕੂਮਤੀ ਹੱਲਾ ਆਏ ਦਿਨ ਨਵਾਂ ਆਕਾਰ ਤੇ ਪਸਾਰ ਅਖਤਿਆਰ ਕਰ ਰਿਹਾ ਹੈ
          ਬੁੱਧੀਜੀਵੀ ਹਲਕੇ ਤੇ ਜਮਹੂਰੀ ਹੱਕਾਂ ਦੇ ਕਾਰਕੰੁਨ ਇਸ ਹਮਲੇ ਦਾ ਚੋਣਵਾਂ ਨਿਸ਼ਾਨਾ ਹਨ ਇਕ ਪਾਸੇ ਹਿੰਦੂ ਫਿਰਕੂ ਜਾਨੂੰਨੀ ਜਥੇਬੰਦੀਆਂ ਦੇ ਹਥਿਆਰਬੰਦ ਗਰੋਹਾਂ ਵੱਲੋਂ ਬੁੱਧੀਜੀਵੀਆਂ ਨੂੰ ਧਰਮ ਦੇ ਨਾਂ ਤੇ ਕਤਲ ਕੀਤਾ ਗਿਆ ਹੈ ਤੇ ਖੌਫਜ਼ਦਾ ਕਰਨ ਦੀਆਂ ਮੁਹਿੰਮਾਂ ਚਲਾਈਆਂ ਗਈਆਂ ਹਨ ਤੇ ਦੂਜੇ ਪਾਸੇ ਝੂਠੇ ਕੇਸਾਂ ਤੇ ਜੇਲ੍ਹਾਂ ਚ ਸੁੱਟਣ ਰਾਹੀਂ ਇਹਨਾਂ ਹਲਕਿਆਂ ਨੂੰ ਹਮਲੇ ਹੇਠਾਂ  ਲਿਆਂਦਾ ਗਿਆ ਹੈ ਪਹਿਲਾਂ ਜੰਗਲੀ ਖੇਤਰਾਂ, ਵਿਸ਼ੇਸ਼ ਕਰਕੇ ਛੱਤੀਸਗੜ੍ਹ , ਬੁੱਧੀਜੀਵੀ ਹਿੱਸਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਤੋਂ ਲੈ ਕੇ ਝੂਠੇ ਕੇਸਾਂ ਚ ਉਲਝਾਉਣ ਅਤੇ ਖੇਤਰ ਛੱਡ ਜਾਣ ਲਈ ਮਜ਼ਬੂਰ ਕਰਨ ਖਾਤਰ ਪੂਰੀ ਰਾਜ ਮਸ਼ੀਨਰੀ ਝੋਕੀ ਗਈ ਹੈ ਗੁੰਡਾ ਗਰੋਹਾਂ ਦੀ ਵਰਤੋਂ ਕੀਤੀ ਗਈ ਹੈ ਹੁਣ ਦਿੱਲੀ, ਮੁੰਬਈ ਤੇ ਨਾਗਪੁਰ ਚੋਂ ਪੰਜ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ, ਗੈਰ-ਕਾਨੂੰਨੀ ਗਤੀ ਵਿਧੀਆਂ ਰੋਕੂ ਕਾਨੂੰਨ ਤਹਿਤ ਝੂਠੇ ਕੇਸ ਮੜ੍ਹ ਕੇ ਜੇਲ੍ਹ ਚ ਸੁੱਟ ਦਿੱਤਾ ਹੈ ਇਹ ਚੱਲੇ ਆ ਰਹੇ ਹੱਲੇ ਦੀ ਹੀ ਅਗਲੀ ਕੜੀ ਹੈ ਉਸ ਤੋਂ ਦੋ ਦਿਨ ਮਗਰੋਂ ਇਕ ਹੋਰ 34 ਸਾਲਾ ਨੌਜਵਾਨ ਪੱਤਰਕਾਰ ਨੂੰ ਦਿੱੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਮਿਲਨਾਡੂ ਚ ਵੇਦਾਂਤਾ ਪਲਾਂਟ ਖਿਲਾਫ਼ ਜੂਝ ਰਹੇ ਲੋਕਾਂ ਦੇ ਵਕੀਲ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਪਹਿਲਾਂ ਗ੍ਰਿਫਾਤਾਰ ਕੀਤੇ ਗਏ ਪੰਜ ਕਾਰਕੁੰਨਾਂ ਨੂੰ ਭੀਮਾ ਕੋਰੇਗਾਉ ਦਾ ਸਮਾਗਮ ਜਥੇਬੰਦ ਕਰਨ ਵਾਲੇ ਦੋਸ਼ੀਆਂ ਵਜੋਂ ਕੇਸ ਚ ਨਾਮਜ਼ਦ ਕੀਤਾ ਗਿਆ ਹੈ  ਜ਼ਿਕਰਯੋਗ ਹੈ ਕਿ ਲੰਘੇ ਜਨਵਰੀ ਮਹੀਨੇ ਚ ਦਲਿਤ ਜਥੇਬੰਦੀਆਂ ਵੱਲੋਂ ਮਹਾਂਰਾਸ਼ਟਰ ਚ ਦਲਿਤਾਂ ਦਾ ਸਮਾਗਮ ਜਥੇਬੰਦ ਕੀਤਾ ਗਿਆ ਸੀ ਜਿਸ ਵਿਚ ਹਿੰਦੂ ਫਿਰਕਾਪ੍ਰਸਤ ਜਥੇਬੰਦੀਆਂ ਵੱਲੋਂ ਵਿਘਨ ਪਾਇਆ ਗਿਆ ਸੀ ਤੇ ੳੱੁਥੇ ਹੱਲਾ ਬੋਲਿਆ ਗਿਆ ਸੀ ਇਸ ਟਕਰਾਅ ਮਗਰੋਂ ਦਲਿਤ ਆਗੂਆਂ ਤੇ ਕਾਰਕੁੰਨਾਂ ਤੇ ਤਾਂ ਕੇਸ ਦਰਜ ਕਰ ਲਏ ਤੇ ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਜਦ ਕਿ ਅਸਲ ਦੋਸ਼ੀ ਬਣਦੇ ਹਿੰਦੂ ਜਥੇਬੰਦੀਆਂ ਦੇ ਆਗੂ ਹੁਣ ਤੱਕ ਸ਼ਰੇਆਮ ਘੁੰਮ ਰਹੇ ਹਨ ਤੇ ਹਕੂਮਤੀ ਗੋਦ ਚ ਸਲਾਮਤ ਹਨ ਮਹਾਂਰਾਸ਼ਟਰ ਪੁਲਿਸ ਨੇ ਮਾਰਚ ਮਹੀਨੇ ਇਸ ਕੇਸ ਚ ਯੂ..ਪੀ.ਏ ਤਹਿਤ  ਹੋਰ ਧਾਰਾਵਾਂ ਵੀ ਜੋੜ ਦਿੱਤੀਆਂ ਸਨ ਤੇ ਇਸ ਸਮਾਗਮ ਪਿੱਛੇ ਮਾਓਵਾਦੀਆਂ ਦਾ ਹੱਥ ਹੋਣ ਦੀ ਕਹਾਣੀ ਘੜੀ ਗਈ ਸੀ ਹੁਣ ਇਹਨਾਂ ਕਾਰਕੁੰਨਾਂ ਨੂੰ ਗ੍ਰਿਫਤਾਰ ਕਰਕੇ ਇਸ ਕਹਾਣੀ ਨੂੰ ਸਿਰੇ ਲਾ ਦਿੱਤਾ ਗਿਆ ਹੈ ਤੇ ਇਹਨਾਂ ਨੂੰ ਸ਼ਹਿਰੀ ਮਾਓਵਾਦੀ ਕਰਾਰ ਦੇ ਦਿੱਤਾ ਹੈ
          ਇਹਨਾਂ ਗ੍ਰਿਫਤਾਰ ਕੀਤੇ ਗਏ ਕਾਰਕੁੰਨਾਂ ਚ ਇਕ ਸੁਰਿੰਦਰ ਗਾਡਲਿੰਗ ਹੈ, ਜੋ ਲੋਕ-ਪੱਖੀ ਵਕੀਲ ਹੈ ਅਤੇ ਜੋ ਗੈਰਕਾਨੂੰਨੀ ਕਤਲਾਂ, ਝੂਠੇ ਕੇਸਾਂ, ਆਦਿਵਾਸੀਆਂ ਤੇ ਦਲਿਤਾਂ ਉੱਪਰ ਜੁਲਮਾਂ ਖਿਲਾਫ ਕੇਸ ਲੜਦਾ ਆ ਰਿਹਾ ਹੈ ਹੁਣ ਉਹ ਜੇਲ੍ਹ ਚ ਡੱਕੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ. ਐਨ. ਸਾੲੀਂ ਬਾਬਾ ਦਾ ਕੇਸ ਲੜ ਰਿਹਾ ਹੈ ਉਹ ਜਮਹੂਰੀ ਹੱਕਾਂ ਦੀ ਜਥੇਬੰਦੀ ਚ ਕੰਮ ਕਰਦਾ ਹੈ ਸਿਹਤ ਪੱਖੋਂ ਉਹ ਗਠੀਏ ਤੇ ਬਲੱਡ ਪ੍ਰੈਸ਼ਰ ਦਾ ਗੰਭੀਰ ਮਰੀਜ਼ ਹੈ  ਇਕ ਹੋਰ ਕਾਰਕੁੰਨ ਸੁਧੀਰ ਧਾਵਲੇ ਹੈ ਜਿਹੜਾ ਦਲਿਤ ਅੰਦੋਲਨਾਂ ਚ ਸਰਗਰਮ ਭੂੁਮਿਕਾ ਨਿਭਾਉਦਾ ਆ ਰਿਹਾ ਹੈ ਤੇ ‘‘ਵਿਦਰੋਹੀ’’ ਨਾਂ ਦੇ ਮੈਗਜ਼ੀਨ ਦਾ ਸੰਪਾਦਕ ਵੀ ਹੈ ਪਹਿਲਾਂ ਉਹ ਨਕਸਲੀ ਸਿਆਸਤ ਦਾ ਹਮਾਇਤੀ ਸੀ ਪਰ ਮਗਰੋਂ ਅੰਬੇਦਕਰਵਾਦੀ ਵਜੋਂ ਸਰਗਰਮ ਹੈ ਉਸ ਨੂੰ ਪਹਿਲਾਂ ਵੀ 2011 ਚ ਗ੍ਰਿਫਤਾਰ ਕੀਤਾ ਗਿਆ ਸੀ ਤੇ 40 ਮਹੀਨੇ ਜੇਲ੍ਹ ਚ ਰੱਖਿਆ ਗਿਆ ਸੀ ਮਹੇਸ਼ ਰਾੳੂਤ ਨਾਂ ਦਾ 39 ਸਾਲਾ ਨੌਜਵਾਨ ਮਹਾਂਰਾਸ਼ਟਰ ਦੇ ਵਿਦਰਭਾ ਖੇਤਰ ਚੋਂ ਹੈ ਜੋ ਪ੍ਰਧਾਨ ਮੰਤਰੀ ਪੇਂਡੂ ਵਿਕਾਸ ਯੋਜਨਾ ਦਾ ਫੈਲੋ ਵੀ ਰਿਹਾ ਹੈ ਪੜ੍ਹਾਈ ਪੂਰੀ ਕਰਕੇ ਉਹ ਆਦਿਵਾਸੀ ਖੇਤਰਾਂ ਚ ਕੰਮ ਕਰ ਰਿਹਾ ਹੈ ਤੇ ਉਹਨਾਂ ਦੇ ਸੰਘਰਸ਼ ਚ ਹਿੱਸਾ ਪਾ ਰਿਹਾ ਹੈ ਰੋਨਾ ਵਿਲਸਨ ਕੇਰਲਾ ਤੋਂ ਹੈ ਜੋ ਦਿੱਲੀ ਰਹਿ ਰਿਹਾ ਹੈ ਉਹ ਜੇ.ਐਨ.ਯੂ ਦਾ ਵਿਦਿਆਰਥੀ ਰਿਹਾ ਹੈ ਤੇ ਸਿਆਸੀ ਕੈਦੀਆਂ ਦੀ ਰਿਹਾਈ ਲਈ ਬਣੀ ਜਥੇਬੰਦੀ ਦੇ ਬਾਨੀਆਂ ਚੋਂ ਇੱਕ ਹੈ ਉਹ ਐਸ..ਆਰ ਗਿਲਾਨੀ ਦਾ ਸਾਥੀ ਰਿਹਾ ਹੈ ਹੁਣ ਉਹ ਕੁੱਝ ਮਹੀਨਿਆਂ ਤੋਂ ਘੱਟ ਸਰਗਰਮ ਸੀ ਤੇ ਆਪਣਾ ਖੋਜ ਵਰਕ ਪੂਰਾ ਕਰ ਰਿਹਾ ਸੀ ਸੋਮਾ ਸੇਨ ਨਾਗਪੁਰ ਯੂਨੀਵਰਸਿਟੀ ਚ ਅੰਗਰੇਜੀ ਸਹਿਤ ਵਿਭਾਗ ਦੀ ਮੁਖੀ ਹੈ ਤੇ ਸੇਵਾਮੁਕਤ ਹੋਣ ਜਾ ਰਹੀ ਹੈ ਉਹ ਵੀ ਵਿਦਿਆਰਥੀ ਜੀਵਨ ਤੋਂ ਲੈ ਕੇ ਜਮਹੂਰੀ ਹੱਕਾਂ ਦੀ ਲਹਿਰ ਚ ਸਰਗਰਮ ਹੈ ਉਸ ਦੇ ਪਤੀ ਨੂੰ 2007 ਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਤੇ ਨਕਸਲੀਆਂ ਨਾਲ ਸਬੰਧਾਂ ਦਾ ਦੋਸ਼ ਲਾ ਕੇ ਚਾਰ ਵਰ੍ਹੇ ਜੇਲ੍ਹ ਚ ਡੱਕੀ ਰੱਖਿਆ ਸੀ ਦਿੱਲੀ ਦੇ ਹਵਾਈ ਅੱਡੇ ਤੋਂ ਫੜਿਆ ਗਿਆ 34 ਸਾਲਾ ਦੇਵਦਾਸ ਨਾਇਕ ਅਸਲ 31 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਨੂੰ ਮਗਰੋਂ ਪੇਸ਼ ਕੀਤਾ ਗਿਆ ਹੈ ਉਸਨੂੰ ਮਾਓਵਾਦੀਆਂ ਲਈ ਦੇਸ਼ ਵਿਦੇਸ਼ ਤੋਂ ਫੰਡ ਜੁਟਾਉਣ ਦਾ ਦੋਸ਼ੀ ਕਰਾਰ ਦਿੱਤਾ ਹੈ ਜਦ ਕਿ ਉਹ ਵੱਖ-2 ਅਖਬਾਰਾਂ-ਮੈਗਜ਼ੀਨਾਂ ਲਈ ਲਿਖਣ ਵਾਲਾ ਪੱਤਰਕਾਰ ਹੈ
          ਇਹਨਾਂ ਕਾਰਕੁੰਨਾਂ ਨੂੰ ਸ਼ਹਿਰੀ ਮਾਓਵਾਦੀ ਕਰਾਰ ਦੇਣਾ ਤੇ ਅਗਾਂਹ ਪ੍ਰਧਾਨ ਮੰਤਰੀ ਮੋਦੀ ਨੂੰ ਰਾਜੀਵ ਗਾਂਧੀ ਵਾਂਗ ਕਤਲ ਕਰਨ ਦੀ ਸ਼ਾਜਿਸ਼ ਦੇ ਦੋਸ਼ ਲਾ ਕੇ ਜੇਲ੍ਹ ਚ ਸੁੱਟਣਾ, ਭਾਜਪਾ ਦੀ ਹਕੂਮਤ ਵੱਲੋਂ ਜਮਹੂਰੀ ਲਹਿਰ ਨੂੰ ਸਬਕ ਸਿਖਾਉਣ ਤੇ ਖੌਫਜ਼ਦਾ ਕਰਨ ਲਈ ਚੁੱਕਿਆ ਗਿਆ ਕਦਮ ਹੈ ਇਹ ਗੱਲ ਪੂਰੀ ਤਰ੍ਹਾਂ ਬੇਤੁਕੀ ਤੇ ਹਾਸੋਹੀਣੀ ਹੈ ਕਿ ਇੱਕ ਗੁਪਤ ਜਥੇਬੰਦੀ ਦੀ ਚਿੱਠੀ ਚ ਸਭ ਕੁੱਝ ਖੁੱਲ੍ਹਾ ਤੇ ਸਪਸ਼ਟ ਹੈ ਤੇ ਸਾਰੀ ਗੱਲ ਇੱਕੋ ਤਰ੍ਹਾਂ ਲਿਖੀ ਹੋਈ ਹੈ ਕਿੰਨੇ ਐਲਾਨੀਆ ਤਰੀਕੇ ਨਾਲ ਮੋਦੀ ਨੂੰ ਮਾਰਨ ਲਈ ਗੋਲਾ ਬਰੂਦ ਜੁਟਾਉਣ ਖਾਤਰ ਪੈਸਿਆਂ ਦਾ ਇੰਤਜ਼ਾਮ ਕਰਨ ਨੂੰ ਕਿਹਾ ਗਿਆ ਹੈ ਇਹ ਚਰਚਾ ਕਰਨ ਦੀ ਜਰੂਰਤ ਨਹੀਂ ਕਿ ਇਹ ਚਿੱਠੀ ਕਿਵੇਂ ਪੂਰੀ ਤਰ੍ਹਾਂ ਮਨਘੜਤ ਹੈ ਤੇ ਸਿਰਫ ਇੱਕ ਬਹਾਨਾ ਹੈ ਇਉ ਹੀ ਇਨ੍ਹਾਂ ਚੋਂ ਕਈ ਤਾਂ ਭੀਮਾ-ਕੋਰੇਗਾਉ ਸਮਾਗਮ ਨਾਲ ਵੀ ਕਿਸੇ ਤਰ੍ਹਾਂ ਜੁੜੇ ਨਹੀਂ ਸਨ ਪਰ ਇਹ ਸਾਰਾ ਹਮਲਾ ਇਕ ਪਾਸੇ ਜਿੱਥੇ ਆਮ ਰੂਪ ਚ ਸਮੁੱਚੀ ਜਮਹੂਰੀ ਲਹਿਰ ਦੇ ਕਾਰਕੁੰਨਾਂ ਨੂੰ ਖੌਫਜ਼ਦਾ ਕਰਨ ਲਈ ਹੈ ਉਥੇ ਵਿਸ਼ੇਸ਼ ਕਰਕੇ ਦਲਿਤਾਂ ਦੀ ਅਧਿਕਾਰ ਜਤਾਈ ਦਾ ਇਨਕਲਾਬੀ ਜਮਹੂਰੀ ਸ਼ਕਤੀਆਂ ਨਾਲ ਤੰਦਾਂ ਬਣਨ ਦਾ ਵਰਤਾਰਾ ਵੀ ਭਾਜਪਾਈ ਹਾਕਮਾਂ ਨੂੰ ਕਦਾਚਿਤ ਬਰਦਾਸ਼ਤ ਨਹੀਂ ਹੈ ਇਉ ਇਹ ਇੱਕ ਪਾਸੇ ਦਲਿਤ ਹਿੱਸਿਆਂ ਤੇ ਜਬਰ ਦਾ ਜਾਰੀ ਰੂਪ ਵੀ ਹੈ ਦਲਿਤ ਅਧਿਕਾਰ ਜਤਾਈ ਦਾ ਤੇਜੀ ਫੜ ਰਿਹਾ ਵਰਤਾਰਾ ਹਾਕਮਾਂ ਨੂੰ ਕਦਾਚਿਤ ਵੀ ਮਨਜੂਰ ਨਹੀਂ ਹੈ ਇਸ ਵਰਤਾਰੇ ਦਾ ਅਹਿਮ ਪਹਿਲੂ ਇਹ ਹੈ ਕਿ ਜਾਗ ਰਹੀ ਦਲਿਤ ਜਨਤਾ ਵੋਟ ਪਾਰਟੀਆਂ ਦੇ ਚੁੰਗਲ ਚ ਫਸਣ ਤੋਂ ਇਨਕਾਰੀ ਹੋਣ ਦਾ ਲੱਛਣ ਪ੍ਰਗਟਾਅ ਰਹੀ ਹੈ ਅਤੇ ਇਨਕਲਾਬੀ ਤੇ ਜਮਹੂਰੀ ਪੈਂਤੜੇ ਪ੍ਰਤੀ ਵਧੇਰੇ ਗ੍ਰਹਿਣਸ਼ੀਲ ਹੈ ਅਜਿਹੀ ਹਾਲਤ ਚ ਜਮਹੂਰੀ ਸ਼ਕਤੀਆਂ ਤੇ ਦਲਿਤ ਕਾਰਕੁੰਨਾਂ ਦੀ ਪੈ ਰਹੀ ਜੋਟੀ ਹਕੂਮਤ ਨੂੰ ਕਿਸੇ ਤਰ੍ਹਾਂ ਵੀ ਰਾਸ ਨਹੀਂ ਬੈਠਦੀ ਇਸੇ ਲਈ ਜਮਹੂਰੀ ਹਿੱਸਿਆਂ ਨੂੰ ਸਬਕ ਸਿਖਾਉਣ ਦਾ ਪੈਂਤੜਾ ਲਿਆ ਗਿਆ ਹੈ ਬੁੱਧੀਜੀਵੀਆਂ ਤੇ ਜਮਹੂਰੀ ਹਿੱਸਿਆਂ ਤੇ ਹਮਲਾ ਬੋਲਣ ਲਈ ਮਾਓਵਾਦੀਆਂ ਦਾ ਠੱਪਾ ਲਾਉਣਾ ਹਕੂਮਤ ਦੀ ਤੈਅਸ਼ੁਦਾ ਚਾਲ ਹੈ ਮੁਲਕ ਚ ਚੱਲਦੇ ਵੱਖ-2 ਵੰਨਗੀਆਂ ਦੇ ਅੰਦਲੋਨਾਂ ਨੂੰ ਕੁਚਲਣ ਲਈ ਉਹਨਾਂ  ਨੂੰ ਮਾਓਵਾਦੀ ਕਰਾਰ ਦਿੱਤਾ ਜਾਂਦਾ ਹੈ ਤੇ ਯੂ..ਪੀ.. ਵਰਗੇ ਜਾਬਰ ਕਾਨੂੰਨ ਮੜ੍ਹ ਕੇ ਜੇਲ੍ਹਾਂ ਚ ਸੁੱਟ ਦਿੱਤਾ ਜਾਂਦਾ ਹੈ ਦੇਸ਼ ਨਾਲ ਧ੍ਰੋਹ ਕਰਨ ਵਾਲੀ ਸ਼ਕਤੀ ਵਜੋਂ ਪੇਸ਼ ਕੀਤਾ ਜਾਂਦਾ ਹੈ ਹੱਲਾ ਆਏ ਦਿਨ ਨਵੇਂ ਤੋਂ ਨਵੇਂ ਹਿੱਸਿਆਂ ਨੂੰ ਲਪੇਟ ਚ ਲੈ ਰਿਹਾ ਹੈ ਹੁਣ ਪੀਪਲਜ਼ ਫਾਰ ਸਿਵਲ ਲਿਬਿਰਟੀਜ਼ ਦੀ ਕੌਮੀ ਸਕੱਤਰ ਸੁਧਾ ਭਾਰਦਵਾਜ ਨੂੰ ਮਾਓਵਾਦੀ ਕਰਾਰ ਦਿੱਤਾ ਗਿਆ ਹੈ ਇਹ ਠੱਪਾ ਹੁਣ ਭਾਜਪਾ ਦੇ ਜ਼ਰ-ਖਰੀਦ ਪੱਤਰਕਾਰ ਅਰਨਬ ਗੋਸਵਾਮੀ ਨੇ ਆਪਣੇ ਇੱਕ ਪ੍ਰੋਗਰਾਮ ਰਾਹੀਂ ਲਾਇਆ ਹੈ ਸੁਧਾ ਭਾਰਦਵਾਜ ਲੰਮੇ ਸਮੇਂ ਤੋਂ ਟਰੇਡ ਯੂਨੀਅਨ ਕਾਰਕੁੰਨ ਵਜੋਂ ਸਥਾਪਿਤ ਹੈ
          ਮੁਲਕ ਭਰ ਚ ਭਾਜਪਾ ਦੇ ਫਿਰਕੂ ਫਾਸ਼ੀ ਵਿਹਾਰ ਤੇ ਅਮਲ ਪ੍ਰਤੀ ਬੁੱਧੀਜੀਵੀ ਹਿੱਸਿਆਂ ਚ ਹਰਕਤਸ਼ੀਲਤਾ ਭਾਜਪਾ ਲਈ ਰੜਕਵਾਂ ਵਰਤਾਰਾ ਹੈ ਸਮਾਜ ਚ ਇਸ ਹਿੱਸੇ ਦੀ ਆਵਾਜ਼ ਵਿਸ਼ੇਸ਼ ਕਰਕੇ ਸੁਣੀ ਜਾਂਦੀ ਹੋਣ ਕਰਕੇ, ਲੋਕਾਂ ਨੂੰ ਅਸਰ ਅੰਦਾਜ਼ ਕਰਨ ਦੀ ਸਮਰੱਥਾ ਰਖਦੀ ਹੋਣ ਕਰਕੇ, ਭਾਜਪਾ ਦੇ ਇਸ ਹਮਲੇ ਖਿਲਾਫ ਬੁੱਧੀਜੀਵੀ ਹਰਕਤਸ਼ੀਲਤਾ ਦਾ ਮਹੱਤਵ ਬਣ ਰਿਹਾ ਹੈ ਪਹਿਲਾਂ ਵੀ ਕਾਂਗਰਸ ਦੇ ਰਾਜ ਸਮੇਂ ਸ਼ੁਰੂ ਹੋਏ ਅਪ੍ਰੇਸ਼ਨ ਗਰੀਨ ਹੰਟ ਖਿਲਾਫ ਮੁਲਕ ਭਰ ਦੇ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁੰਨਾਂ ਦੀ ਬੁਲੰਦ ਹੋਈ ਆਵਾਜ਼ ਨੇ ਇਸ ਵੱਡੇ ਹਮਲੇ ਨੂੰ ਲੋਕਾਂ ਸਾਹਮਣੇ ਉਭਾਰਿਆ ਸੀ ਤੇ ਦੇਸ਼ ਵਿਦੇਸ਼ ਦੇ ਲੋਕਾਂ ਸਾਹਮਣੇ ਰੱਖਿਆ ਸੀ ਜੰਗਲੀ ਖੇਤਰਾਂ ਤੋਂ ਬਾਹਰਲੇ ਵਿਕਸਿਤ ਤੇ ਸ਼ਹਿਰੀ ਖੇਤਰਾਂ ਦੇ ਲੋਕਾਂ ਦਾ ਸਰੋਕਾਰ ਇਸ ਖੂਨੀ ਹੱਲੇ ਦੀ ਮਾਰ ਸਹਿ ਰਹੇ ਲੋਕਾਂ ਨਾਲ ਜੁੜਿਆ ਸੀ ਤੇ ਮੁਲਕ ਪੱਧਰ ਤੇ ਇਸ ਹਮਲੇ ਦੇ ਵਿਰੋਧ ਲਈ ਆਵਾਜ਼ ੳੱੁਠੀ ਸੀ ਭਾਜਪਾ ਦੇ ਸੱਤਾ ਚ ਆਉਣ ਮਗਰੋਂ ਇਸਦੇ ਫਿਰਕੂ ਫਾਸ਼ੀ ਮੰਤਵਾਂ ਤੇ ਅਮਲਾਂ ਦੀ ਪਾਜ ਉਘੜਾਈ ਤੇ ਵਿਰੋਧ ਚ ਬੁੱਧੀਜੀਵੀ ਹਲਕੇ ਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਦੀ ਸਰਗਰਮੀ ਉੱਭਰਵੀਂ ਹੈ ਹਿੰਦੂ ਜਨੂੰਨੀ ਭੀੜਾਂ ਵੱਲੋਂ ਮੁਸਲਮਾਨਾਂ ਤੇ ਦਲਿਤਾਂ ਨੂੰ ਕਤਲ ਕਰਨ ਦੇ ਫਾਸ਼ੀ ਹਮਲਿਆਂ ਦੇ ਵਿਰੋਧ ਤੋਂ ਲੈ ਕੇ ਆਰ.ਐਸ.ਐਸ. ਤੇ ਭਾਜਪਾ ਵੱਲੋਂ ਹਰ ਸੰਸਥਾ/ਅਦਾਰੇ ਤੇ ਕਾਬਜ਼ ਹੋਣ ਦੇ ਵਰਤਾਰੇ ਦੇ ਕਦਮਾਂ ਖਿਲਾਫ਼ ਬੁੱਧੀਜੀਵੀ ਹਿੱਸਿਆਂ ਨੇ ਡਟਵੀਂ ਆਵਾਜ਼ ਉਠਾਈ ਹੈ ਕਤਲਾਂ ਧਮਕੀਆਂ ਤੇ ਜੇਲ੍ਹਾਂ ਦੇ ਬਾਵਜੂਦ ਇਹ ਹਿੱਸੇ ਝੁਕਣ ਤੋਂ ਇਨਕਾਰੀ ਹਨ ਇਹਨਾਂ ਨੂੰ ਹਰ ਹਾਲ ਚੁੱਪ ਕਰਾਉਣ ਲਈ ਵਾਰ ਵਾਰ ਖੌਫਜ਼ਦਾ ਕਰਨ ਦਾ ਹਥਿਆਰ ਵਰਤਿਆ ਜਾ ਰਿਹਾ ਹੈ
          ਭਾਜਪਾ ਹਕੂਮਤ ਦਾ ਇਹ ਜਾਬਰ ਹੱਲਾ ਭਾਰਤੀ ਜਮਹੂਰੀਅਤ ਦੇ ਦੰਭ ਨੂੰ ਲੀਰੋ ਲੀਰ ਕਰ ਰਿਹਾ ਹੈ ਇਸ ਹਮਲੇ ਦੀ ਤਿੱਖ ਤੇ ਗਹਿਰਾਈ ਏਨੀ ਵਿਆਪਕ ਹੈ ਕਿ ਭਾਰਤੀ ਰਾਜ ਦੇ ਜਮਹੂਰੀਅਤ ਵਜੋਂ ਕੀਤੇ ਗਏ ਸਾਰੇ ਹਾਰ-ਸ਼ਿੰਗਾਰ ਪੱਟੇ ਜਾ ਰਹੇ ਹਨ ਰਾਜ ਦੇ ਸਾਰੇ ਅੰਗਾਂ ਦੀ ਲੋਕ-ਦੋਖੀ ਖਸਲਤ ਆਏ ਦਿਨ ਨੰਗੀ ਹੋ ਰਹੀ ਹੈ ਸੁਪਰੀਮ ਕੋਰਟ ਆਏ ਦਿਨ ਭਾਜਪਾ ਦੀ ਜੇਬੀ ਅਦਾਲਤ ਵਜੋਂ ਫੈਸਲੇ ਲੈ ਰਹੀ ਹੈ ਤੇ ਲੁਟੇਰੀਆਂ ਜਮਾਤਾਂ ਦੇ ਰਾਜ ਦੇ ਇਕ ਜਾਬਰ ਹਥਿਆਰ ਵਜੋਂ ਹੋਰ ਵਧੇਰੇ ਨਸ਼ਰ ਹੋ ਰਹੀ ਹੈ ਇਉ ਹੀ ਪਹਿਲਾਂ ਤੋਂ ਬਦਨਾਮ ਹੋਇਆ ਹਾਕਮ ਜਮਾਤੀ ਮੀਡੀਆ ਆਪਣੇ ਵਿਕਾੳੂ ਕਿਰਦਾਰ ਪੱਖੋਂ ਹੋਰ ਨਵੇਂ ਮੁਕਾਮ ਸਿਰਜ ਰਿਹਾ ਹੈ ਤਾਜ਼ਾ ਕੋਬਰਾ ਪੋਸਟ ਦੇ ਖੁਲਾਸਿਆਂ ਨੇ ਇਸ ਦੀ ਖਸਲਤ ਨੂੰ ਨਵੇਂ ਪੈਮਾਨੇ ਤੇ ਲੋਕਾਂ ਮੂਹਰੇ ਉਭਾਰ ਦਿੱਤਾ ਹੈ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਲੋਟ-ਪੋਟ ਹੋ ਰਹੇ ਮੋਦੀ ਤੇ ਭਾਜਪਾ ਦੀ ਪੜਤ ਬੁਰੀ ਤਰ੍ਹਾਂ ਖੁਰ ਗਈ ਹੈ ਇਹਨਾਂ ਹਾਲਤਾਂ ਚ ਮੋਦੀ ਹਕੂਮਤ ਦਾ ਲੋਕਾਂ ਤੇ ਹਰ ਨਵਾਂ ਹਮਲਾ ਲੋਕ ਰੋਹ ਨੂੰ ਅੱਡੀ ਲਾਉਣ ਦਾ ਕਾਰਨ ਵੀ ਬਣ ਰਿਹਾ ਹੈ ਭਾਰਤੀ ਰਾਜ ਦੀ ਆਏ ਦਿਨ ਖੁਰਦੀ ਪੜਤ ਲੋਕਾਂ ਦੀ ਲਹਿਰ ਲਈ ਇੱਕ ਹੋਰ ਲਾਹੇਵੰਦਾ ਪੱਖ ਬਣਦਾ ਹੈ ਬੀਤੇ ਸੱਤਰ ਸਾਲਾਂ ਤੋਂ ਜਮਹੂਰੀਅਤ ਦੇ ਨਾਟਕ ਨੇ ਕਈ ਵਾਰ ਲੋਕ ਕੀਲੇ ਹਨ ਤੇ ਹੁਣ ਇਸ ਨਾਟਕ ਦੀ ਅਸਰਕਾਰੀ ਘਟ ਰਹੀ ਹੈ ਤੇ ਹਕੀਕਤ ਲੋਕਾਂ ਸਾਹਮਣੇ ਆਏ ਦਿਨ ਉਜਾਗਰ ਹੋ ਰਹੀ  ਹੈ ਇਸ ਲਈ ਮੋਦੀ ਹਕੂਮਤ ਖਿਲਾਫ ਟਾਕਰਾ ਉਸਾਰਨ ਲਈ ਉਹਦੇ ਹਮਲਾਵਰ ਰੁਖ ਦੇ ਨਾਲ ਨਾਲ ਉਪਰੋਕਤ ਪੱਖਾਂ ਨੂੰ ਵੀ ਮਹੱਤਵ ਦੇ ਕੇ ਚੱਲਣਾ ਚਾਹੀਦਾ ਹੈ ਅੱਜ ਜਦੋਂ ਮੋਦੀ ਹਕੂਮਤ ਦੇ ਫਾਸ਼ੀ ਹਮਲੇ ਖਿਲਾਫ਼ ਲੋਕ ਟਾਕਰੇ ਦਾ ਵਿਚਾਰ ਆਏ ਦਿਨ ਹੋਰ ਵਧੇਰੇ ਜ਼ਾਹਰਾ ਰੂਪ ਚ ਪੇਸ਼ ਹੋ ਰਿਹਾ ਹੈ ਤਾਂ ਮੋਦੀ ਹਕੂਮਤ ਨੂੰ ਡੱਕਣ ਲਈ ਤਰ੍ਹਾਂ-ਤਰ੍ਹਾਂ ਦੇ ਗੱਠਜੋੜਾਂ ਦੀ ਚਰਚਾ ਹੋ ਰਹੀ ਹੈ ਮੌਕਾਪ੍ਰਸਤ  ਵਿਰੋਧੀ ਸਿਆਸੀ ਪਾਰਟੀਆਂ ਦੇ ਗੱਠਜੋੜ ਦੀ ਉਸਾਰੀ ਦੀਆਂ ਗੱਲਾਂ ਚੱਲ ਰਹੀਆਂ ਹਨ ਹਰ ਹਾਲਤ ਚ ਭਾਜਪਾ ਨੂੰ ਸੱਤਾਂ ਤੋਂ ਬਾਹਰ ਰੱਖਣ ਲਈ ਚੋਣ- ਗੱਠਜੋੜਾਂ ਦੀ ਜ਼ਰੂਰਤ ਪੇਸ਼ ਕੀਤੀ ਜਾ ਰਹੀ ਹੈ ਅਜਿਹੇ ਸਿਆਸੀ ਦ੍ਰਿਸ਼ ਤੇ ਕਮਿ: ਇਨ: ਸ਼ਕਤੀਆਂ ਨੂੰ ਇਸ ਦੇ ਟਾਕਰੇ ਦੀ ਜ਼ਰੂਰਤ ਨੂੰ ਸਹੀ ਪੈਂਤੜੇ ਤੋਂ ਹੁੰਗਾਰਾ ਦੇਣਾ ਚਾਹੀਦਾ ਹੈ ਇਹ ਟਾਕਰਾ ਲੋਕ ਪੱਖੀ ਤੇ ਜਮਹੂਰੀ ਸ਼ਕਤੀਆਂ ਦੁਆਲੇ ਜੁੜੇ ਵੱਖ-2 ਮਿਹਨਤਕਸ਼ ਤਬਕਿਆਂ ਤੇ ਵਿਸ਼ੇਸ਼ ਕਰਕੇ ਦਬਾਏ ਹੋਏ ਸਮਾਜਿਕ ਹਿੱਸਿਆਂ (ਜਿਵੇਂ ਦਲਿਤ, ਮੁਸਲਮਾਨ ਧਾਰਮਿਕ ਘੱਟ ਗਿਣਤੀਆਂ ਆਦਿ) ਦੇ ਹਕੀਕੀ ਗੱਠਜੋੜ ਰਾਹੀਂ ਹੋ ਸਕਦਾ ਹੈ ਲੋਕਾਂ ਦੀ ਇਸ ਵਡੇਰੀ ਸਾਂਝ ਵਾਲੇ ਗੱਠਜੋੜ ਲਈ ਵੱਖ-2 ਸਿਆਸੀ ਸ਼ਕਤੀਆਂ ਪ੍ਰਤੀ ਰਵੱਈਆ ਤੈਅ ਕਰਨ ਦਾ ਸਵਾਲ ਵੀ ਆਰਥਿਕ ਸੁਧਾਰਾਂ ਦੇ ਹਵਾਲਾ ਨੁਕਤੇ ਨਾਲ ਜਾ ਜੁੜਦਾ ਹੈ ਇਸ ਲਈ ਇਹ ਪਹਿਚਾਨਣ ਦਾ ਤੇ ਲੋਕਾਂ ਦੀ ਚੇਤਨਾ ਚ ਇਸਦਾ ਸੰਚਾਰ ਕਰਨ ਦਾ ਮਹੱਤਵ ਬਣ ਜਾਂਦਾ ਹੈ ਕਿ ਭਾਜਪਾ ਦਾ ਇਹ ਫਿਰਕੂ ਫਾਸ਼ੀ ਹੱਲਾ ਵੀ ਆਖਰ ਨੂੰ ਸਾਮਰਾਜੀ ਸੰਸਾਰੀਕਰਨ ਦੇ ਹੱਲੇ ਨੂੰ ਹੋਰ ਅੱਗੇ ਵਧਾਉਣ ਦਾ ਹੀ ਸਾਧਨ ਹੈ ਤੇ ਭਾਜਪਾ ਨੂੰ ਡੱਕਣ ਦੇ ਹੋਕਰੇ ਮਾਰ ਰਹੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਵੀ ਏਸੇ ਸਾਮਰਾਜੀ ਸੰਸਾਰੀਕਰਨ ਦੀਆਂ ਮੁੱਦਈ ਹਨ ਤੇ ਏਸੇ ਨੂੰ ਮੁਲਕ ਦੇ ਵਿਕਾਸ ਦੀ ਕੰੁਜੀ ਦੱਸਦੀਆਂ ਹਨ ਇਉਂ ਲੋਕਾਂ ਦੀ ਕਿਰਤ ਤੇ ਮੁਲਕ ਦੇ ਖਜ਼ਾਨਿਆਂ ਤੇ ਲੁਟੇਰੀਆਂ ਜਮਾਤਾਂ ਹੱਥੋਂ ਡਾਕੇ ਪਵਾਉਣ ਚ ਭਾਜਪਾ ਨਾਲੋਂ ਪਿੱਛੇ ਰਹਿਣ ਵਾਲੀਆਂ ਨਹੀਂ ਹਨ ਇਸ ਲਈ ਇਹਨਾਂ ਨੀਤੀਆਂ ਤੇ ਸਹਿਮਤੀ ਵਾਲੀਆਂ ਸ਼ਕਤੀਆਂ ਨਾਲ ਲੋਕਾਂ ਦੀ ਸਾਂਝ ਦਾ ਕੋਈ ਆਧਾਰ ਨਹੀਂ ਬਣਦਾ ਇਹਨਾਂ ਸਭਨਾਂ ਮੌਕਾਪ੍ਰਸਤ ਪਾਰਟੀਆਂ ਨੇ ਆਪ ਕਈ ਵਾਰ ‘‘ਭਾਰਤੀ ਜਮਹੂਰੀਅਤ’’ ਨੂੰ ਲੰਗਾਰ ਕਰਕੇ ਇਸਦੀ ਹਕੀਕਤ ਦਰਸਾਈ ਹੈ ਲੋਕਾਂ ਨੂੰ ਕੁਚਲਣ ਲਈ ਅਦਾਲਤਾਂ ਤੋਂ ਲੈ ਕੇ ਗੈਰ ਕਨੂੰਨੀ ਗ੍ਰੋਹਾਂ ਦੀ ਭਰਪੂਰ ਵਰਤੋਂ ਕੀਤੀ ਹੈ ਤੇ ਲੋਕਾਂ ਦੀ ਜਮਹੂਰੀ ਰਜ਼ਾ ਨੂੰ ਅਨੇਕਾਂ ਵਾਰ ਪੈਰਾਂ ਹੇਠ ਰੋਲਿਆ ਹੈ ਫਿਰਕਾਪ੍ਰਸਤੀ ਦੀ ਪਾਲਣਾ ਪੋਸ਼ਣਾ ਕੀਤੀ ਹੈ, ਫਿਰਕੂ ਗ੍ਰੋਹਾਂ ਨੂੰ ਹੱਲਾਸ਼ੇਰੀ ਦਿੱਤੀ ਹੈ ਇਹ ਸਾਰੀਆਂ ਮੌਕਾਪ੍ਰਸਤ ਪਾਰਟੀਆਂ ਹੀ ਕੁਰਸੀ ਭੇੜ ਦੌਰਾਨ ਵੱਧ ਘੱਟ ਰੂਪ ਚ ਜਾਤਪਾਤੀ ਤੇ ਫਿਰਕੂ ਵੰਡੀਆਂ ਡੂੰਘੀਆਂ ਕਰਦੀਆਂ ਹਨ ਤੇ ਇਹਨਾਂ ਵੰਡੀਆਂ ਦੀਆਂ ਪੌੜੀਆਂ ਸਹਾਰੇ ਕੁਰਸੀ ਤੱਕ ਪੁੱਜਣ ਦਾ ਰਾਹ ਅਖਤਿਆਰ ਕਰਦੀਆਂ ਹਨ ਭਾਜਪਾ ਇਸ ਖੇਡ ਚ ਇਹਨਾਂ ਸਭਨਾਂ ਤੋਂ ਦੋ ਹੱਥ ਉੱਪਰ ਦੀ ਹੈ
ਹਾਕਮ ਜਮਾਤੀ ਸਿਆਸੀ ਸ਼ਕਤੀਆਂ ਦੇ ਆਪਸੀ ਪਾਟਕਾਂ ਨੂੰ ਵਰਤਣ ਤੇ ਲੋਕ ਹੱਕਾਂ ਦੀ ਲਹਿਰ ਦੀ ਪੇਸ਼ਕਦਮੀ ਲਈ ਇਹਦਾ ਲਾਹਾ ਜਟਾਉਣ ਖਾਤਰ ਵੀ ਹਵਾਲਾ ਨੁਕਤਾ ਆਰਥਕ ਸੁਧਾਰਾਂ ਬਾਰੇ ਰਵੱਈਆ ਹੀ ਰਹਿੰਦਾ ਹੈ ਏਸੇ ਚੌਖਟੇ ਚ ਰਹਿੰਦਿਆਂ ਇਹਨਾਂ ਪਾਟਕਾਂ ਦਾ ਲਾਹਾ ਲੈਣ ਬਾਰੇ ਸੋਚਿਆ ਜਾਣਾ ਚਾਹੀਦਾ ਹੈ
          ਇਸ ਲਈ ਹਿੰਦੂ ਫਿਰਕੂ ਫਾਸ਼ੀ ਹੱਲੇ ਖਿਲਾਫ਼ ਟਾਕਰੇ ਲਈ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਕਿਰਤੀ ਲੋਕਾਂ ਦੀ ਵਿਸ਼ਾਲ ਏਕਤਾ ਉਸਾਰਨ ਦੇ ਵਿਚਾਰ ਨੂੰ ਉਭਾਰਨਾ ਚਾਹੀਦਾ ਹੈ ਇਹ ਏਕਤਾ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਖਿਲਾਫ਼ ਚੱਲ ਰਹੇ ਸੰਘਰਸ਼ ਦੇ ਮੈਦਾਨਾਂ ਵਿੱਚ ਦੀ ਹੀ ਸਾਕਾਰ ਹੋਣੀ ਹੈ
          ਜਮਹੂਰੀ ਹੱਕਾਂ ਦੇ ਕਾਰਕੁੰਨਾਂ ਖਿਲਾਫ ਹੋਏ ਤਾਜ਼ਾ ਹੱਲੇ ਮੂਹਰੇ ਸਭਨਾਂ ਇਨਕਲਾਬੀ ਜਮਹੂਰੀ ਤੇ ਲੋਕ-ਪੱਖੀ ਸ਼ਕਤੀਆਂ ਨੂੰ ਇਕਜੁੱਟ ਹੋ ਕੇ ਡਟਣਾ ਚਾਹੀਦਾ ਹੈ ਤੇ ਕਮਿ. ਇਨ. ਸ਼ਕਤੀਆਂ ਨੂੰ ਆਪਣੀ ਪੂਰੀ ਸ਼ਕਤੀ ਲੋਕ-ਪੱਖੀ ਬੁੱਧੀਜੀਵੀਆਂ ਨੂੰ ਉਭਾਰਨ ਤੇ ਲਗਾਉਣੀ ਚਾਹੀਦੀ ਹੈ 

No comments:

Post a Comment