Tuesday, July 10, 2018

ਸਾਂਝਾ ਅਧਿਆਪਕ ਮੋਰਚਾ: ਸਾਂਝੇ ਸੰਘਰਸ਼ ਨੂੰ ਲਾਮਿਸਾਲ ਹੁੰਗਾਰਾ



ਸਾਂਝਾ ਅਧਿਆਪਕ ਮੋਰਚਾ ਦੇ ਬੈਨਰ ਹੇਠ ਜੁੜੀਆਂ ਅਧਿਆਪਕਾਂ ਦੀਆਂ ਜਥੇਬੰਦੀਆਂ ਵਲੋਂ ਕੀਤੇ ਕੁੱਝ ਮਹੀਨਿਆਂ ਤੋਂ ਜ਼ੋਰਦਾਰ ਸਰਗਰਮੀ ਹੋਈ ਹੈ।।ਅਧਿਆਪਕਾਂ ਦੀਆਂ ਫੌਰੀ ਤੇ ਉਭਰਦੀਆਂ ਮੰਗਾਂ ਨੂੰ ਲੈ ਕੇ ਛਿੜੇ ਸੰਘਰਸ਼ ਨੇ ਕੈਪਟਨ ਹਕੂਮਤ ਲਈ ਡਾਢੀ ਸਿਰਦਰਦੀ ਪੈਦਾ ਕੀਤੀ ਹੈ।।ਅਧਿਆਪਕਾਂ ਦੇ ਇਸ ਸੰਘਰਸ਼ ਰਾਹੀਂ ਉਹਨਾਂ ਚ ਪਸਰ ਰਹੀ ਬੇਚੈਨੀ ਤੇ ਰੋਹ ਦਾ ਉਘੜਵਾਂ ਪ੍ਰਗਟਾਵਾ ਹੋਇਆ ਹੈ ਸਿੱਖਿਆ ਖੇਤਰ ਚ ਨਿੱਜੀਕਰਨ ਅਤੇ ਵਪਾਰੀਕਰਨ ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੀ ਧੁੱਸ ਚੋਂ ਅਧਿਆਪਾਕਾਂ ਦੀਆਂ ਵੱਖ-ਵੱਖ ਵੰਨਗੀਆਂ ਨੂੰ ਨਿੱਤ ਨਵੇਂ ਹਕੂਮਤੀ ਫਰਮਾਣਾ ਦਾ ਸਾਹਮਣਾ ਹੋ ਰਿਹਾ ਹੈ ਠੇਕਾ ਪ੍ਰਣਾਲੀ ਅਧੀਨ ਵੱਖ-ਵੱਖ ਸਕੀਮਾਂ ਤਹਿਤ ਕੰਮ ਕਰਦੇ ਅਧਿਆਪਕਾਂ ਤੇ ਇਹ ਹੱਲਾ ਸਭ ਤੋਂ ਤੇਜ਼ ਹੋਇਆ ਹੈ ਪੰਦਰਾਂ-ਪੰਦਰਾਂ ਵਰ੍ਹਿਆਂ ਤੋਂ ਪੂਰੀ ਤਨਖਾਹ ਤੇ ਕੰਮ ਕਰਦੇ ਅਧਿਆਪਕਾਂ ਨੂੰ ਹੁਣ ਰੈਗੂਲਰ ਦੀ ਕਰਨ ਦੀ ਥਾਂ ਪਰਖ ਦਾ ਸਮਾਂ ਤਿੰਨ ਸਾਲ ਲਈ ਹੋਰ ਵਧਾਉਣ ਅਤੇ ਤਨਖਾਹਾਂ ਨੂੰ 45000 ਹਜ਼ਾਰ ਤੋਂ 10000 ਤੱਕ ਕਰਨ ਵਰਗੇ ਫਰਮਾਨਾਂ ਨੇ ਅਧਿਆਪਕਾਂ ਚ ਡਾਢੀ ਬੇਚੈਨੀ ਪੈਦਾ ਕੀਤੀ ਹੈ।।ਇਉਂ ਹੀ 5178 ਦੀ ਵੰਨਗੀ ਦੇ ਅਧਿਆਪਕਾਂ ਨੂੰ ਮਹਿਕਮੇ ਅਧੀਨ ਹੋ ਕੇ ਵੀ ਹੋਰ ਤਿੰਨ ਸਾਲ ਲਈ 10,000 ਤੇ ਕੰਮ ਕਰਨ ਕਿਹਾ ਗਿਆ।।ਇਸ ਤੋਂ ਬਿਨਾਂ ਰੈਗੂਲਰ ਅਧਿਆਪਕਾਂ ਵਾਸਤੇ ਬਦਲੀਆਂ ਤੇ ਰੈਸ਼ਨਲਾਈਜੇਸ਼ਨ ਦੀ ਨੀਤੀ ਚ ਅਧਿਆਪਕਾਂ ਵਿਰੋਧੀ ਸੋਧਾਂ ਕਰ ਦਿੱਤੀਆਂ ਗਈਆਂ ਗੈਰ ਵਿਦਿਅਕ ਕੰਮਾਂ ਤੇ ਅਫਸਰਸ਼ਾਹੀ ਦਾਬੇ ਦੇ ਸਤਾਏ ਅਧਿਆਪਕ ਤਬਕੇ ਦਾ ਰੋਹ ਉਪਰੋਕਤ ਨੁਕਤਿਆ ਤੇ ਫੁੱਟ ਪਿਆ।।ਵੱਖ-ਵੱਖ ਵੰਨਗੀਆਂ ਦੇ ਅਧਿਆਪਕਾਂ ਦੇ ਸਾਂਝੇ ਮੋਰਚੇ ਚ ਜੁੜ ਜਾਣ ਤੇ ਅਧਿਆਪਕ ਏਕਤਾ ਰਾਹੀਂ ਦਿਖਦੀ ਤਾਕਤ ਦਾ ਅਧਿਆਪਕਾਂ ਤੇ ਉਤਸ਼ਾਹੀ ਅਸਰ ਹੋਇਆ ਤੇ ਆਪਣੀ ਜੁੜ ਗਈ ਤਾਕਤ ਦੇ ਹੌਸਲੇ ਨਾਲ ਸੰਘਰਸ਼ ਸਰਗਰਮੀ ਜ਼ੋਰਦਾਰ ਭਖਾਅ ਫੜ ਗਈ।। ਹਕੂਮਤ ਝੁਕਾ ਲੈਣ ਤੇ  ਲੈਣ ਦੀਆਂ ਆਸਾਂ ਜਾਗ ਪਈਆਂ।। ਪਹਿਲਾਂ ਮਾਰਚ ਵਿੱਚ ਜ਼ਿਲ੍ਹੇ ਦੇ ਐਕਸ਼ਨਾਂ ਤੋਂ ਬਾਅਦ ਲੁਧਿਆਣੇ ਤੇ ਪਟਿਆਲੇ ਚ ਵੱਡੇ ਇੱਕਠ ਜੁੜੇ ਅਧਿਆਪਕਾਂ ਦਾ ਹੁੰਗਾਰਾ ਲਾ ਮਿਸਾਲ ਸੀ ਆਪਸੀ ਏਕੇ ਨੇ ਉਤਸ਼ਾਹ ਨੂੰ ਦੂਣਾ ਚੌਣਾ ਕਰ ਦਿੱਤਾ 78 ਦੇ ਘੋਲ ਦੀਆਂ ਗੱਲਾਂ ਚਲ ਪਈਆਂ ਸੈਕੜੇਂ ਟੀਮਾਂ ਪੂਰੇ ਉਤਸ਼ਾਹ ਨਾਲ ਤਿਆਰੀਆਂ ਚ ਜੁੱਟ ਗਈਆਂ।। ਹਰ ਜ਼ਿਲ੍ਹੇ ਚ ਦਰਜਨ ਭਰ ਦੇ ਲਗਪਗ ਭਰੀਆਂ ਬੱਸਾਂ ਪੁਜੀਆਂ ਲੰਮੇ ਅਰਸੇ ਬਾਅਦ ਅਧਿਆਪਕਾਂ ਦਾ ਏਨਾ ਇਕੱਠ ਜੁੜਿਆ ਨਾ ਸਿਰਫ਼ ਜੁੜਿਆ, ਸਗੋਂ ਪੁਲਿਸ ਨਾਲ ਭਿੜਿਆ, ਟੱਕਰ ਲਈ ਅਧਿਆਪਕਾਂ ਦੇ ਇਸ ਝੜਪ ਰੋਂਅ ਨੇ ਪ੍ਰੈਸ ਸਮੇਤ ਸਮਾਜ ਦੇ ਵੱਖ-ਵੱਖ ਤਬਕਿਆਂ ਦਾ ਧਿਆਨ ਖਿੱਚਿਆ।।ਹਕੂਮਤ ਮੀਟਿੰਗ ਲਈ ਸਮਾਂ ਦੇ ਕੇ ਮੁੱਕਰ ਗਈ ਤਾਂ ਅਜਿਹਾ ਇਰਾਦਾ ਤੇ ਰੌਂਅ ਹੀ ਮੁੜ 20 ਦਿਨਾਂ ਬਾਅਦ ਪਟਿਆਲੇ ਚ ਪ੍ਰਗਟ ਹੋਇਆ ਉਹਨੇ ਹੀ ਇਕੱਠ ਤੇ ਉਸੇ ਜੋਸ਼ ਨੇ ਕਾਂਗਰਸ ਹਕੂਮਤ ਨੂੰ ਮਜ਼ਬੂਰ ਕੀਤਾ ਕਿ ਮੁੜ ਮੀਟਿੰਗ ਲਈ ਸਮਾਂ ਦੇਵੇ ਪਰ ਫਿਰ ਮੀਟਿੰਗ ਵਿੱਚ ਹਕੂਮਤ ਕੋਲ ਭਰੋਸੇ ਤੋਂ ਸਿਵਾਏ ਹੋਰ ਕੁਝ ਨਹੀਂ ਸੀ ਕਾਰਪੋਰੇਟ ਹਿੱਤਾਂ ਦੀ ਪੂਰਤੀ ਲਈ ਤੁਲੀ ਹੋਈ ਸਰਕਾਰ ਕੋਲ ਅਧਿਆਪਕਾ ਹਿੱਤਾ ਦੀ ਪੂਰਤੀ ਲਈ ਕੋਈ ਇਰਾਦਾ ਤੇ ਇੱਛਾ ਨਹੀਂ ਸੀ।।ਏਸੇ ਕਰਕੇ ਅਗਲੀ ਮੀਟਿੰਗ ਦਾ ਵਾਅਦਾ ਕਰਕੇ ਉਹ ਕਰਨ ਤੋਂ ਹੀ ਭੱਜ ਗਈ
ਮੁੱਖ ਮੰਤਰੀ ਨੂੰ ਆਪ ਅਮਲੇ ਫੈਲੇ ਸਮੇਤ ਮੀਟਿੰਗ ਕਰਨੀ ਪਈ।।ਏਸੇ ਅਰਸੇ ਦੌਰਾਨ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਦੌਰ ਚੱਲਿਆ।।ਕੁੱਝ ਫੌਰੀ ਮੰਗਾਂ ਪ੍ਰਵਾਨ ਕਰਨ ਬਾਰੇ ਸਹਿਮਤੀ ਵੀ ਹੋਈ ਪਰ ਪ੍ਰਮੁੱਖ ਤੇ ਅਹਿਮ ਮੰਗਾਂ ਬਾਰੇ ਸਰਕਾਰ ਨੇ ਘੇਸਲ ਮਾਰੀ ਹੋਈ ਹੈ, ਖਾਸ ਕਰਕੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਬਾਰੇ ਹਕੂਮਤੀ ਨੀਤ ਵਾਰ-ਵਾਰ ਜ਼ਾਹਰ ਹੋਈ।।ਮੁੱਖ ਮੰਤਰੀ ਦਾ ਮੀਟਿੰਗਾਂ ਤੋਂ ਭੱਜ ਜਾਣਾ, ਅਧਿਕਾਰੀਆਂ ਵੱਲੋਂ ਆਗੂਆਂ ਨੂੰ ਟੋਹਣਾ ਜਾਰੀ ਰੱਖਣਾ, ਇੱਕਾ-ਦੁੱਕਾ ਮੰਗਾਂ ਪ੍ਰਵਾਨ ਕਰਨੀਆਂ, ਇਹ ਹਾਲਤ ਹਕੂਮਤ ਤੇ ਬਣੇ ਦਬਾਅ ਦੇ ਤੇ ਨਾਲ ਹੀ ਸਿੱਖਿਆ ਦੇ ਨਿੱਜੀਕਰਨ ਦੇ ਅਗਲੇ ਕਦਮਾਂ ਨੂੰ ਲਾਗੂ ਕਰਨ ਦੀ ਧੁੱਸ ਤੇ ਡਟੇ ਹੋਣ ਦਾ ਪ੍ਰਗਟਾਵਾ ਹੈ ਹਕੂਮਤ ਇਹਨਾਂ ਸਾਰਿਆਂ ਤੇ ਭਰੋਸਿਆਂ ਨਾਲ ਟਿਕਾਅ ਚਾਹੁੰਦੀ ਹੈ ਪਰ ਅਧਿਆਪਕ ਵਰਗ ਦੀਆਂ ਦੁਸ਼ਵਾਰੀਆਂ ਤੋਂ ਰਾਹਤ ਬਿਨਾਂ ਇਹ ਟਕਾਅ ਸੰਭਵ ਨਹੀਂ।। ਹਕੂਮਤ ਆਪਣੇ ਅਮਲੇ ਨਾਲ ਇਹਨਾਂ ਦੁਸ਼ਵਾਰੀਆਂ ਚ ਹੋਰ ਵਾਧਾ ਕਰਨ ਜਾ ਰਹੀ ਹੈ ਜਿਸਨੇ ਅੰਤਮ ਤੌਰ ਤੇ ਇਸ ਟਕਰਾਅ ਨੂੰ ਅੱਗੇ ਵਧਾਉਣਾ ਹੈ ਤੇ ਹੋਰ ਵਧੇਰੇ ਅਧਿਆਪਕਾਂ ਨੂੰ ਸੰਘਰਸ਼ਾਂ ਤੇ ਮੈਦਾਨ ਚ ਲਿਆਉਣਾ ਹੈ
ਏਸੇ ਲਈ ਅਧਿਆਪਕ ਰੋਹ ਠੱਲ੍ਹਿਆਂ ਨਹੀਂ ਜਾ ਰਿਹਾ ਸਗੋਂ ਵਧ ਰਿਹਾ ਹੈ ਕੈਪਟਨ ਵੱਲੋਂ ਮੀਟਿੰਗ ਤੋਂ ਭੱਜ ਜਾਣ ਮਗਰੋਂ ਫੌਰੀ ਤੌਰ ਤੇ ਜਲੰਧਰ 26 ਜੂਨ ਨੂੰ ਭਰਵੀਂ ਸ਼ਮੂਲੀਅਤ ਵਾਲੀ ਸੂਬਾ ਪੱਧਰੀ ਕੈਨਵੈਨਸ਼ਨ ਹੋਈ ਹੈ।।ਜਿੱਥੇ ਤਿੱਖੇ ਤੇ ਵਿਸ਼ਾਲ ਸੰਘਰਸ਼ ਦੀ ਜ਼ਰੂਰਤ ਉੱਭਰੀ ਹੈ ਇਸ ਵਿੱਚ ਅਗਲੇ ਸੰਘਰਸ਼ ਦੇ ਸੱਦੇ ਦਿੱਤੇ ਗਏ ਹਨ।।6 ਜੁਲਾਈ ਨੂੰ ਜ਼ਿਲ੍ਹਾ ਪੱਧਰੇ ਧਰਨਿਆਂ ਤੋਂ ਮਗਰੋਂ ਪਟਿਆਲੇ ਮੋਤੀ ਮਹਿਲ ਦਾ ਘਿਰਾਉ ਤੋਂ ਲੈ ਕੇ ਪੱਕੇ ਧਰਨੇ ਵਰਗੀਆਂ ਅਗਲੀਆਂ ਸ਼ਕਲਾਂ ਚ ਘੋਲ ਅੱਗੇ ਵਧਾਇਆ ਜਾ ਰਿਹਾ ਹੈ।। ਜੇਲ੍ਹ ਭਰੋ ਅੰਦੋਲਨ ਦਾ ਸੱਦਾ ਵੀ ਦਿੱਤਾ ਗਿਆ ਹੈ।।ਇਉਂ ਆਉਂਦੇ ਮਹੀਨਿਆਂ ਦੌਰਾਨ ਅਧਿਆਪਕ ਸੰਘਰਸ਼ ਚ ਭਖਾਅ ਬਣਿਆ ਰਹੇਗਾ
ਇਸ ਮੌਜੂਦਾ ਸੰਘਰਸ਼ ਦਾ ਸਭ ਤੋਂ ਉਭਰਵਾਂ ਪੱਖ ਅਧਿਆਪਕ ਏਕਤਾ ਦੀ ਵਿਸ਼ਾਲਤਾ ਤੇ ਏਸ ਆਸਰੇ ਹੀ ਅਧਿਆਪਕਾਂ ਦਾ ਪ੍ਰਗਟ ਹੁੰਦਾ ਲੜਾਕੂ ਰੌਂਅ ਹੈ ਵੱਖ-ਵੱਖ ਕੈਟਾਗਰੀਆਂ ਚ ਅਤੇ ਵੱਖ-ਵੱਖ ਯੂਨੀਅਨਾਂ ਚ ਵੰਡੀ ਪਾਟੀ ਅਧਿਆਪਕ ਲਹਿਰ ਚ ਇਉਂ ਅਧਿਆਪਕਾਂ ਦਾ ਜੁੜਨਾ ਤੇ ਸਾਂਝੇ ਤੌਰ ਤੇ ਜੂਝਣਾ ਬਹੁਤ ਹੀ ਸੁਲੱਖਣਾ ਵਰਤਾਰਾ ਹੈ ਜਿਸਨੂੰ ਪੂਰੇ ਜੀਅ ਜਾਨ ਨਾਲ ਪਾਲਣਾ ਪੋਸ਼ਣਾ ਸਮੇਂ ਦੀ ਸਭ ਤੋਂ ਪਹਿਲੀ ਮੰਗ ਹੈ ਇਹ ਸਮੁੱਚੀ ਘੋਲ ਸਰਗਰਮੀ ਅਧਿਆਪਕ ਵਰਗ ਚ ਵਿਕਸਿਤ ਹੋ ਰਹੀ ਲੜਨ ਤਾਂਘ ਦਾ ਪ੍ਰਗਟਾਵਾ ਤਾਂ ਹੈ ਹੀ, ਨਾਲ ਹੀ ਇਹ ਏਕਤਾ ਜ਼ਿੰਮੇਵਾਰੀ ਆਇਦ ਕਰਦੀ ਹੈ ਉਹ ਇਸ ਤਾਂਘ ਨੂੰ ਢੁੱਕਵਾਂ ਹੁੰਗਾਰਾ ਵੀ ਦੇਣ ਤੇ ਹੋਰ ਉਗਾਸਾ ਵੀ, ਕਿਉਂਕਿ ਇਸ ਵਿਸ਼ਾਲ ਏਕਤਾ ਤੋਂ ਬਿਨਾਂ ਸਿੱਖਿਆ ਖੇਤਰ ਚ ਹੋ ਰਹੇ ਨਵੀਆਂ ਆਰਥਿਕ ਨੀਤੀਆਂ ਦੇ ਹਮਲੇ ਨੂੰ ਠੱਲ੍ਹਿਆ ਨਹੀਂ ਜਾ ਸਕਦਾ।। ਅਧਿਆਪਕਾਂ ਦੇ ਪ੍ਰਗਟ ਹੋ ਰਹੇ ਲੜਾਕੂ ਰੌਂਅ ਨੂੰ ਬਰਕਰਾਰ ਰੱਖਣ ਤੇ ਪੂਰੀ ਤਰ੍ਹਾਂ ਸਾਕਾਰ ਕਰਨ ਦੀ ਚੁਣੌਤੀ ਵੀ ਲੀਡਰਸ਼ਿਪ ਸਾਹਮਣੇ ਹੈ ਤੇ ਇਸ ਦੇ ਹਾਣ ਦੀ ਹੋਣ ਲਈ ਜ਼ੋਰਦਾਰ ਯਤਨ ਜਟਾਉਣ ਦੀ ਜ਼ਰੂਰਤ ਹੈ

No comments:

Post a Comment