Wednesday, December 1, 2021

ਅਫਗਾਨਿਸਤਾਨ : ਤਲੀਆਂ ਲਹੂੰਦੀ ਅੱਗ

 ਅਫਗਾਨਿਸਤਾਨ : ਤਲੀਆਂ ਲਹੂੰਦੀ ਅੱਗ

                ਓਸਾਮਾ-ਬਿਨ-ਲਾਦੇਨ ਦੀ ਹੱਤਿਆ ਤੇ ਵਧਾਈਆਂ ਦੇ ਮਾਹੌਲ ਦਰਮਿਆਨ ਅਫਗਾਨਿਸਤਾਨ ਦੀ ਹਾਲਤ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਅਮਰੀਕੀ ਸਾਮਰਾਜੀਆਂ ਲਈ ਖੁਸ਼ਗਵਾਰ ਨਹੀਂ ਹੈ। ਸਾਮਰਾਜੀ ਕਬਜੇ ਖਲਿਾਫ ਅਫ਼ਗਾਨ ਦੇਸ਼ ਭਗਤ ਟਾਕਰੇ ਦੀ ਜੰਗ ਪੂਰੀ ਤਰ੍ਹਾਂ ਅਮਰੀਕੀ ਸਾਮਰਾਜੀਆਂ ਅਤੇ ਨਾਟੋ ਹਮਲਾਵਰਾਂ ਦੀਆਂ ਤਲੀਆਂ ਲੂਹ ਰਹੀ ਹੈ। ਓਬਾਮਾ ਪ੍ਰਸ਼ਾਸਨ ਨੇ ਅਫਗਾਨਿਸਤਾਨ ਦੀ ਜੰਗ ਨੂੰ ਹੋਰ ਤੇਜ਼ ਕਰਨ ਦੇ ਐਲਾਨ ਕੀਤੇ ਹਨ ਜਦੋਂ ਕਿ ਅਮਰੀਕੀ ਫ਼ੌਜੀਆਂ ਦੀਆਂ ਮੌਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਓਬਾਮਾ ਦੇ ਗੱਦੀ ਦੇ ਆਉਣ ਪਿੱਛੋਂ ਜਿੰਨੇਂ ਅਮਰੀਕੀ ਸੈਨਿਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਉਨ੍ਹਾਂ ਦੀ ਗਿਣਤੀ ਜਾਰਜ ਬੁਸ਼ ਦੇ ਪੂਰੇ ਸਾਸ਼ਨ ਕਾਲ ਤੋਂ ਜਿਆਦਾ ਹੈ। ਸੰਨ 2010 ਵਿਚ ਕੁੱਲ 701 ਵਿਦੇਸ਼ੀ ਹਮਲਾਵਰ ਫੌਜੀ ਫੁੰਡੇ ਗਏ ਜਿਨ੍ਹਾਂ ਵਿੱਚ ਅਮਰੀਕਨਾਂ ਦੀ ਗਿਣਤੀ 492 ਹੈ।

                ਬੌਖਲਾਏ ਹੋਏ ਅਤੇ ਡਰੇ ਹੋਏ ਅਮਰੀਕੀ ਸਾਮਰਾਜੀਏ ਹੁਣ ਰਾਤਾਂ ਨੂੰ ਹਮਲੇ ਕਰਦੇ ਹਨ ਅਤੇ ਸਿਵਲੀਅਨ ਵਸੋਂ ਤੇ ਧੜਾਧੜ ਬੰਬਾਰੀ ਕਰਦੇ ਹਨ। ਹੁਣੇ ਹੁਣੇ ਅਮਰੀਕੀ ਪੱਤਰਕਾਰ ਸੇਮਰਹਰਸ਼ ਨੇ ਰਿਪੋਰਟ ਦਿੱਤੀ ਹੈ, ‘‘ਅਫਗਾਨਿਸਤਾਨ ਚ ਰੋਜ਼ਾਨਾ ਭਿਆਨਕ ਗੱਲਾਂ ਵਾਪਰ ਰਹੀਆਂ ਹਨ। ਅਮਰੀਕੀ ਰਾਤਾਂ ਨੂੰ ਕਾਤਲਾਨਾ ਹਮਲੇ ਜਾਰੀ ਰੱਖ ਰਹੇ ਹਨ ਉਨ੍ਹਾਂ ਨੇ ਬੰਬਾਂ ਦੀ ਵਾਛੜ ਵਧਾ ਦਿੱਤੀ ਹੈ।ਜੌਹਨ ਚੇਰੀਅਨ ਨੇ ਟਿੱਪਣੀ ਕੀਤੀਹੈ ਕਿ ਅਫ਼ਗਾਨਿਸਤਾਨ ਵਿੱਚ ਅਮਰੀਕੀ ਸਾਮਰਾਜੀਆਂ ਵੱਲੋਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਨੇ  ਵੀਅਤਨਾਮ ਦੇ ਪਿੰਡ ਮਾਈ-ਲਾਈ ਦੀਆਂ ਬਦਨਾਮ ਘਟਨਾਵਾਂ ਯਾਦ ਕਰਵਾ ਦਿੱਤੀਆਂ ਹਨ ਜਿੱਥੇ ਅਮਰੀਕਨ ਸਾਮਰਾਜੀਆਂ ਨੇ ਬੰਬਾਂ ਦੀ ਵਾਛੜ ਕਰਕੇ 500 ਬੱਚੇ ਔਰਤਾਂ ਅਤੇ ਬਜੁਰਗ ਮਾਰ ਦਿੱਤੇ ਸਨ। ਫਰਵਰੀ ਮਹੀਨੇ ਵਿਚ ਨਾਟੋ ਹੈਲੀਕਾਪਟਰਾਂ ਨੇ ਕੁਨਾਰ ਸੂਬੇਦੇ ਇਕ ਪਿੰਡ ਤੇ ਬੰਬਾਰੀ ਕਰਕੇ 65 ਵਿਅਕਤੀ ਮਾਰ ਦਿੱਤੇ, ਜਿਨ੍ਹਾਂ ਵਿਚ 40 ਤੇਰਾਂ ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 22 ਔਰਤਾਂ ਸ਼ਾਮਲ ਸਨ। ਵਿਕੀਲੀਕਸ ਵੱਲੋਂ ਨਸ਼ਰ ਕੀਤੇ 2009 ਕੇਬਲ ਸੰਦੇਸ਼ਾਂ ਚ ਅਮਰੀਕੀ ਸਪੈਸ਼ਲ ਅਪਰੇਸ਼ਨ ਟੁਕੜੀਆਂ ਵੱਲੋਂ ਰਾਤਾਂ ਨੂੰ ਨਿਸ਼ਾਨਾ ਬਣਾਏ ਗਏ 2058 ਨਿਰਦੋਸ਼ ਸਿਵਲੀਅਨਾਂ ਦਾ ਜ਼ਿਕਰ ਆਇਆ ਹੈ। ਇਸੇ ਸਾਲ ਯੂ.ਐਸ. ਰਾਜ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੈਥਿਊ ਹੋ ਨੇ ਨਿਰਦੋਸ਼ਾਂ ਦੀਆਂ ਹੱਤਿਆਵਾਂ ਖਿਲਾਫ ਰੋਸ ਵਜੋਂ ਅਸਤੀਫਾ ਦੇ ਦਿੱਤਾ। ਅਫਗਾਨਿਸਤਾਨ ਵਿੱਚ ਤਾਇਨਾਤ ਇਸ ਅਧਿਕਾਰੀ ਨੇ ਕਿਹਾ ਕਿ ਸਪੈਸ਼ਲ ਆਪ੍ਰੇਸ਼ਨ ਟੁਕੜੀਆਂ ਦੇ ਹਮਲਿਆਂ ਦੌਰਾਨ ਬਹੁਤੀ ਵਾਰ ਨਿਰਦੋਸ਼ ਵਿਅਕਤੀ ਮਾਰੇ ਜਾਂਦੇ ਹਨ। ਕਈ ਵਾਰ ਪੂਰੇ ਪਰਿਵਾਰ ਹੀ ਮਾਰੇ ਜਾਂਦੇ ਹਨ।

                9 ਮਾਰਚ ਨੂੰ ਰਾਸ਼ਟਰਪਤੀ ਹਾਮਿਦ ਕਰਜ਼ਈ ਦਾ ਰਿਸ਼ਤੇਦਾਰ ਭਰਾ ਜ਼ਾਰ ਮੁਹੰਮਦ ਕਰਜ਼ਈ ਵੀ ਅਮਰੀਕੀ ਫ਼ੌਜਾਂ ਦੇ ਹਮਲੇ ਦੀ ਲਪੇਟ ਵਿਚ ਆ ਕੇ ਮਾਰਿਆ ਗਿਆ। ਇਸ ਤੋਂ ਪਹਿਲਾਂ 1 ਮਾਰਚ  ਨੂੰ ਇੱਕ ਹਵਾਈ ਹਮਲੇ ਦੇ ਸਿੱਟੇ ਵਜੋਂ 14 ਬੱਚੇ ਮਾਰੇ ਗਏ ਸਨ।

                ਇਸਦੇ ਬਾਵਜੂਦ ਅਫ਼ਗਾਨ ਦੇਸ਼-ਭਗਤ ਟਾਕਰਾ ਤੇਜ਼ ਹੋ ਰਿਹਾ ਹੈ।ਇੱਥੇ ਤਾਇਨਾਤ ਅਮਰੀਕੀ ਜਰਨੈਲ ਪੈਟਰਸ ਨੇ ਕਿਹਾ ਹੈ ਕਿ ਅਗਲਾ ਸਾਲ ਨਾਟੋ ਫੌਜਾਂ ਲਈ ਕਰੜਾ ਸਾਲ ਹੋਵੇਗਾ। ਮਾਰਚ ਦੇ ਸ਼ੁਰੂ ਵਿਚ ਉਸ ਨੇ ਮੀਡੀਆ ਨੂੰ ਦੱਸਿਆ ਕਿ ਇਨ੍ਹਾਂ ਗਰਮੀਆਂ ਵਿੱਚ ਹਾਲਤ ਪਹਿਲਾਂ ਨਾਲੋਂ ਕਾਫੀ ਭੈੜੀ ਹੋਵੇਗੀ। ਉਸਨੇ ਕਿਹਾ ਕਿ ਓਬਾਮਾ ਵੱਲੋਂ ਭੇਜੀਆਂ 30 ਹਜਾਰ ਹੋਰ ਫੌਜਾਂ ਨੇ ਚਾਹੇ ਪ੍ਰਾਪਤੀਆਂ ਕੀਤੀਆਂ ਹਨ ਪਰ ਉਹ ‘‘ਬਹੁਤ ਕਮਜੋਰ ਹਨ ਅਤੇ ਉਲਟ ਸਕਦੀਆਂ ਹਨ।’’

                ਸਿੱਟੇ ਵਜੋਂ ਪੈਟਰਸ ਨੇ ਯੁੱਧਨੀਤੀ ਬਦਲ ਲਈ ਹੈ। ਹੁਣ ਉਸਦੀ ਟੇਕ ਸਿਰਫ ਹਵਾਈ ਹਮਲਿਆਂ ਅਤੇ ਰਾਤਾਂ ਨੂੰ ਹਮਲਿਆਂ ਤੇ ਹੈ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿਵਲੀਅਨ ਜਾਨਾਂ ਜਾਂਦੀਆਂ ਹਨ। ‘‘ਅਫਗਾਨ ਲੋਕਾਂ ਦੇ ਦਿਲ ਜਿੱਤਣ ਦੀਆਂ ਗੱਲਾਂ ਹੁਣ ਓਬਾਮਾ ਪ੍ਰਸ਼ਾਸਨ ਲਈ ਬੇਮਤਲਬ ਹੋ ਚੁੱਕੀਆਂ ਹਨ।ਫਰਵਰੀ ਮਹੀਨੇ ਵਿਚ ਅਮਰੀਕੀ ਫੌਜਾਂ ਉੱਤਰ ਪੂਰਬੀ ਪੇਚ ਘਾਟੀ ਚੋਂ ਦੁਰਗਤ ਕਰਵਾਕੇ ਵਾਪਸ ਪਰਤ ਆਈਆਂ, ਜਿੱਥੇ ਹੁਣ ਤੱਕ 100 ਅਮਰੀਕੀ ਫੌਜੀ ਮਾਰੇ ਜਾ ਚੁੱਕੇ ਹਨ। ਪਿਛਲੇ ਸਾਲ ਅਪ੍ਰੈਲ ਚ ਅਮਰੀਕੀਆਂ ਨੂੰ 42 ਫੌਜੀ ਗਵਾਉਣ ਪਿੱਛੋਂ ਨੇੜਲੀ ਕਾਰੰਗਵਾਲ ਘਾਟੀ ਵਿੱਚੋਂ ਪਰਤਣਾ ਪਿਆ ਸੀ। ਫੌਜੀ ਵਿਸ਼ਲੇਸ਼ਕਾਂ ਦਾ ਵਿਚਾਰ ਹੈ ਕਿ ਇਹ ਯੁੱਧਨੀਤਕ ਖੇਤਰ ਹੁਣ ਪੂਰੀ ਤਰ੍ਹਾਂ ਬਾਗੀ ਗਰੁੱਪਾਂ ਦੇ ਕਬਜੇ ਵਿੱਚ ਹਨ।

(ਸੁਰਖ ਰੇਖਾ ਮਈ-ਜੂਨ  2011ਦੇ ਅੰਕ ਚੋਂ)   

No comments:

Post a Comment