Wednesday, December 1, 2021

ਅਮਰੀਕਾ ਤਾਲਿਬਾਨ ਸਮਝੌਤਾ ਸੰਸਾਰ ਮਹਾਂ-ਸ਼ਕਤੀ ਦੀ ਬੇਵਸੀ

 

ਅਮਰੀਕਾ ਤਾਲਿਬਾਨ ਸਮਝੌਤਾ ਸੰਸਾਰ ਮਹਾਂ-ਸ਼ਕਤੀ ਦੀ ਬੇਵਸੀ

                ਅਮਰੀਕੀ ਸਾਮਰਾਜੀਆਂ ਨੇ ਆਖਰ ਅਫਗਾਨਿਸਤਾਨ ਚੋਂ ਨਿਕਲ ਜਾਣ ਦਾ ਜੁਗਾੜ ਕਰ ਹੀ ਲਿਆ ਹੈ। 29 ਫਰਵਰੀ ਨੂੰ ਅਮਰੀਕਾ ਤੇ ਤਾਲਿਬਾਨ ਦਰਮਿਆਨ ਇੱਕ ਸਮਝੌਤੇ ਦਾ ਅਮਲ ਸਿਰੇ ਚੜ੍ਹਿਆ ਹੈ ਜਿਸ ਤਹਿਤ ਅਮਰੀਕਾ ਤੇ ਉਸਦੇ ਨਾਟੋ ਸੰਗੀਆਂ ਦੀਆਂ ਫੌਜਾਂ ਅਗਲੇ 14 ਮਹੀਨਿਆਂ’ ’ਚ ਅਫਗਾਨਿਸਤਾਨ ਵਿਚੋਂ ਪੂਰੀ ਤਰ੍ਹਾਂ ਕੱਢ ਲਈਆਂ ਜਾਣਗੀਆਂ। ਅਮਰੀਕਾ 135 ਦਿਨਾਂ ਚ ਉੱਥੇ ਫੌਜਾਂ ਦੀ ਗਿਣਤੀ 8600 ਤੱਕ ਲੈ ਆਵੇਗਾ ਤੇ 14 ਮਹੀਨਿਆਂ ਚ ਸਾਰੀਆਂ ਫੌਜਾਂ ਉਥੋਂ ਕੱਢ ਲਵੇਗਾ। ਇਉਂ ਹੀ ਏਸੇ ਅਨੁਪਾਤ ਚ ਬਾਕੀ ਨਾਟੋ ਮੁਲਕਾਂ ਦੀਆਂ ਫੌਜਾਂ ਵਾਪਸ ਬੁਲਾਈਆਂ ਜਾਣਗੀਆਂ। ਅਮਰੀਕਾ ਤੇ ਯੂ. ਐਨ. ਓ. ਵੱਲੋਂ ਤਾਲਿਬਾਨ ਆਗੂਆਂ ਤੇ ਲਾਈਆਂ ਪਾਬੰਦੀਆਂ 27 ਅਗਸਤ ਤੱਕ ਹਟਾ ਲਈਆਂ ਜਾਣਗੀਆਂ। ਇਸ ਤੋਂ ਬਿਨਾਂ ਤਾਲਿਬਾਨ ਤੇ ਅਫਗਾਨ ਹਕੂਮਤ ਵੱਲੋਂ ਇੱਕ ਦੂਜੇ ਦੇ ਕੈਦੀ ਰਿਹਾਅ ਕੀਤੇ ਜਾਣ ਦੀ ਮਦ ਵੀ ਸਮਝੌਤੇ ਚ ਸ਼ਾਮਲ ਹੋਣ ਦੀ ਚਰਚਾ ਹੈ। ਇਹ ਕਿਹਾ ਗਿਆ ਹੈ ਕਿ 50000 ਦੀ ਗਿਣਤੀ ਚ ਤਾਲਿਬਾਨ ਲੜਾਕੇ ਅਫਗਾਨੀ ਸਰਕਾਰ ਵੱਲੋਂ ਜੇਲ੍ਹ ਚ ਹਨ ਜਦਕਿ 10,000 ਅਫਗਾਨਿਸਤਾਨ ਸਰਕਾਰ ਤਰਫੋਂ ਉੱਧਰ ਡੱਕੇ ਹੋਏ ਹਨ। ਇਹਨਾਂ ਦੀ ਰਿਹਾਈ 10 ਮਾਰਚ ਤੱਕ ਹੋਣ ਦੀ ਸੰਭਾਵਨਾ ਹੈ, ਉਦੋਂ ਹੀ ਅਫਗਾਨ ਸਰਕਾਰ ਤੇ ਤਾਲਿਬਾਨ ਵਿਚਕਾਰ ਗੱਲਬਾਤ ਸ਼ੁਰੂ ਹੋਵੇਗੀ। ਦੂਜੇ ਪਾਸੇ ਤਾਲਿਬਾਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹ ਕਿਸੇ ਨੂੰ ਵੀ ਅਮਰੀਕਾ ਤੇ ਉਸਦੇ ਸਹਿਯੋਗੀਆਂ ਖਿਲਾਫ ਅਫਗਾਨਿਸਤਾਨ ਦੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ, ਜਿੰਨ੍ਹਾਂ ਕਾਰਵਾਈਆਂ ਨਾਲ ਅਮਰੀਕਾ ਦੀ ਸੁਰੱਖਿਆ ਨੂੰ ਆਂਚ ਪਹੁੰਚਦੀ ਹੋਵੇ। ਇਸ ਵਿਚ ਅਲਕਾਇਦਾ ਦਾ ਵਿਸ਼ੇਸ਼ ਜ਼ਿਕਰ ਵੀ ਸ਼ਾਮਲ ਹੈ।

                ਅਸਲ ਵਿਚ ਇਹ ਅਮਰੀਕਾ ਵੱਲੋਂ 17 ਸਾਲ ਪੁਰਾਣੇ ਯੁੱਧ ਵਿਚ ਬਕਾਇਦਾ ਤੌਰ ਤੇ ਸਵੀਕਾਰ ਕੀਤੀ ਗਈ ਹਾਰ ਹੈ। ਸਿਰਫ ਮੂੰਹ ਦਿਖਾਉਣ ਜੋਗਾ ਹੋਣ ਦੇ ਯਤਨ ਵਜੋਂ ਇਸਨੂੰ ਸਮਝੌਤੇ ਦਾ ਨਾਂ ਦਿੱਤਾ ਗਿਆ ਹੈ ਪਰ ਅਮਰੀਕਾ ਦਾ ਏਨਾ ਬੁਰਾ ਹਸ਼ਰ ਜੱਗ ਜਾਹਰ ਹੈ ਤੇ ਕੋਈ ਵੀ ਸਮਝੌਤੇ ਦਾ ਪਰਦਾ ਇਸਨੂੰ ਢਕਣ ਜੋਗਾ ਨਹੀਂ ਹੈ। ਇਹ ਸਮਝੌਤਾ ਪੂਰੀ ਤਰ੍ਹਾਂ ਤਾਲਿਬਾਨ ਦੀਆਂ ਸ਼ਰਤਾਂ ਤੇ ਹੋਇਆ ਹੈ। ਉਸਦੀ ਮੁੱਖ ਸ਼ਰਤ ਅਮਰੀਕੀ ਸਾਮਰਾਜੀ ਤੇ ਨਾਟੋ ਫੌਜਾਂ ਦੀ ਅਫਗਾਨਿਸਤਾਨ ਚੋਂ ਮੁਕੰਮਲ ਵਾਪਸੀ ਦੀ ਸੀ ਤੇ ਅਮਰੀਕੀਆਂ ਨੂੰ ਇਹ ਸ਼ਰਤ ਮੰਨਣੀ ਪਈ ਹੈ ਅਫਗਾਨਿਸਤਾਨ ਦੀ ਅਮਰੀਕਾ ਵੱਲੋਂ ਥੋਪੀ ਕਠਪੁਤਲੀ ਹਕੂਮਤ ਨੂੰ ਤਾਲਿਬਾਨ ਮੰਨਣ ਤੋਂ ਇਨਕਾਰੀ ਹੀ ਰਿਹਾ ਤੇ ਇਸ ਲਈ ਉਸਨੂੰ ਸਮਝੌਤੇ ਚ ਵੀ ਕੋਈ ਧਿਰ ਨਹੀਂ ਬਣਾਇਆ ਗਿਆ। ਇਸ ਸਾਰੀ ਗੱਲਬਾਤ ਦੌਰਾਨ ਉਸਨੂੰ ਪੂਰੀ ਤਰ੍ਹਾਂ ਪਾਸੇ ਹੀ ਰੱਖਿਆ ਗਿਆ ਹੈ।

                ਸਮਝੌਤੇ ਦੀ ਹਾਲਤ ਤਾਂ ਇਹ ਹੈ ਕਿ ਅਗਲੇ ਦਿਨ ਹੀ ਅਫਗਾਨਿਸਤਾਨ ਦੀ ਕਠਪੁਤਲੀ ਹਕੂਮਤ ਦੇ ਰਾਸ਼ਟਰਪਤੀ ਨੇ ਏਨੀ ਤੇਜ਼ੀ ਨਾਲ ਤਾਲਿਬਾਨ ਲੜਾਕਿਆਂ ਨੂੰ ਰਿਹਾਅ ਕਰਨ ਬਾਰੇ ਵਚਨ ਬੱਧਤਾਤੋਂ ਪਿਛੇ ਹਟਣ ਦੇ ਸੰਕੇਤ ਵੀ ਦੇ ਦਿੱਤੇ ਹਨ। ਉਹ ਤਾਂ ਪਹਿਲਾਂ ਹੀ ਅਮਰੀਕੀ ਫੌਜਾਂ ਘਟਾਏ ਜਾਣ ਵੇਲੇ ਤੋਂ ਹੀ ਤਾਲਿਬਾਨ ਦਾ ਸਾਹਮਣਾ ਕਰਨ ਚ ਲਾਚਾਰੀ ਮਹਿਸੂਸ ਕਰਦੇ ਆ ਰਹੇ ਹਨ ਤੇ ਹੁਣ ਇਸ ਮਗਰੋਂ ਉਹਨਾਂ ਦੀ ਘਬਰਾਹਟ ਹੋਰ ਸਿਰੇ ਲਗਦੀ ਦੇਖੀ ਜਾ ਸਕਦੀ ਹੈ। ਯੁੱਧਬੰਦੀ ਦੇ ਇਕਰਾਰਾਂ ਦੀ ਹਾਲਤ ਵੀ ਇਹੀ ਹੈ ਕਿ ਤੀਜੇ ਦਿਨ ਤਾਲਿਬਾਨ ਆਗੂ ਦਾ ਬਿਆਨ ਆ ਗਿਆ ਹੈ ਕਿ ਗੋਲੀਬੰਦੀ ਦਾ ਇਕਰਾਰ ਅਮਰੀਕੀ ਫੌਜਾਂ ਨਾਲ ਹੈ, ਅਫਗਾਨਿਸਤਾਨ ਚ ਥੋਪੀ ਹੋਈ ਹਕੂਮਤ ਦੇ ਫੌਜੀਆਂ ਨਾਲ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਉਹ ਅਫਗਾਨੀ ਫੌਜਾਂ ਤੇ ਹਮਲੇ ਜਾਰੀ ਰੱਖਣਗੇ। ਹੁਣ ਇਹ ਖ਼ਬਰ ਵੀ ਆ ਗਈ ਹੈ ਕਿ ਅਮਰੀਕੀ ਫੌਜਾਂ ਨੇ ਤਾਲਿਬਾਨ ਲੜਾਕਿਆਂ ਤੇ ਹਵਾਈ ਹਮਲੇ ਵੀ ਕਰ ਦਿੱਤੇ ਹਨਤਾਲਿਬਾਨ ਸ਼ਕਤੀ ਦਾ ਇਹ ਐਲਾਨ ਵੀ ਅਫਗਾਨੀ ਹਕੂਮਤ ਦੇ ਸਾਹ ਸੁਕਾਉਣ ਵਾਲਾ ਹੈ। ਪਿਛਲੇ ਕੁੱਝ ਸਾਲਾਂ ਚ ਤਾਲਿਬਾਨ ਦੀ ਟਾਕਰਾ ਸ਼ਕਤੀ ਚ ਜ਼ੋਰਦਾਰ ਵਾਧਾ ਹੋਇਆ ਹੈ। ਇਹ ਵਧੀ ਹੋਈ ਸ਼ਕਤੀ ਇਸ ਸਮਝੌਤਾ ਅਮਲ ਦੌਰਾਨ ਸਾਫ ਦਿਖਦੀ ਰਹੀ ਹੈ। ਤਾਲਿਬਾਨ ਆਪਣੀਆਂ ਸਭ ਸ਼ਰਤਾਂ ਮਨਵਾਉਂਦਾ ਰਿਹਾ ਹੈ। ਅਫਗਾਨਿਸਤਾਨ ਚ ਜ਼ਮੀਨੀ ਹਕੀਕਤ ਇਹੀ ਹੈ ਕਿ ਤਾਲਿਬਾਨ ਮੁਲਕ ਦੇ ਵੱਡੇ ਹਿੱਸੇ ਤੇ ਕਾਬਜ ਹੋ ਚੁੱਕਿਆ ਹੈ। ਕਾਬਲ ਦੇ ਨੇੜਲੇ ਖੇਤਰਾਂ ਤੋਂ ਬਿਨਾਂ ਬਾਕੀ ਹਿੱਸਾ ਤਾਲਿਬਾਨ ਦੀ ਮਾਰ ਹੇਠ ਹੀ ਹੈ ਤੇ ਇਹ ਚਰਚਾ ਵਿਆਪਕ ਹੈ ਕਿ ਤਾਲਿਬਾਨ ਦੀ ਤਾਕਤ ਕਾਬਲ ਤੇ ਕਬਜਾ ਜਮਾ ਲੈਣ ਤੱਕ ਪੁੱਜ  ਚੁੱਕੀ ਹੈ। ਕੌਮਾਂਤਰੀ ਮੀਡੀਆ ਚ ਤਾਂ ਇਹ ਚਰਚਾ ਵੀ ਭਖਦੀ ਹੈ ਕਿ ਅਮਰੀਕੀ ਫੌਜਾਂ ਨਿੱਕਲ ਜਾਣ ਮਗਰੋਂ ਕਾਬਲ ਤਾਲਿਬਾਨਾਂ ਲਈ ਕੁੱਝ ਦਿਨਾਂ ਦੀ ਮਾਰ ਹੀ ਹੋਵੇਗਾਇਉਂ ਇਹ ਸਮਝੌਤਾ ਤੇ ਅਫਗਾਨਿਸਤਾਨ ਦੇ ਹਾਲਾਤ ਇਹੀ ਦੱਸਦੇ ਹਨ ਕਿ ਅਮਰੀਕੀ ਸਾਮਰਾਜੀਆਂ ਨੂੰ ਥੁੱਕ ਕੇ ਚੱਟਣਾ ਪੈ ਰਿਹਾ ਹੈ।                     (ਫਰਵਰੀ , 2020 ਦੀ ਇੱਕ ਲਿਖਤ ਦਾ ਹਿੱਸਾ)

No comments:

Post a Comment