Wednesday, December 1, 2021

ਅਫਗਾਨਿਸਤਾਨ ’ਤੇ ਹਮਲੇ ਦੀ ਯੋਜਨਾ ਕਦੋਂ ਬਣੀ!

 

ਅਫਗਾਨਿਸਤਾਨ ਤੇ ਹਮਲੇ ਦੀ ਯੋਜਨਾ ਕਦੋਂ ਬਣੀ!  

                ਇਸ ਗੱਲ ਦੇ ਹੁਣ ਕਾਫੀ ਸਬੂਤ ਸਾਹਮਣੇ ਆ ਚੁੱਕੇ ਹਨ ਕਿ ਅਮਰੀਕਣ ਸਾਮਰਾਜੀਆਂ ਵੱਲੋਂ ਅਫਗਾਨਿਸਤਾਨ ਉੱਪਰ ਕੀਤੇ ਹਮਲੇ ਦੀ ਯੋਜਨਾ ਇਸਲਾਮਿਕ ਜਹਾਦੀਆਂ ਵੱਲੋਂ 11 ਸਤੰਬਰ 2001 ਨੂੰ ਅਮਰੀਕਾ ਦੇ ਵਰਲਡ ਟਰੇਡ ਸੈਂਟਰ ਉੱਪਰ ਕੀਤੇ ਦਹਿਸ਼ਤੀ ਹਮਲੇ ਦੀ ਮੁਥਾਜ ਜਾਂ ਸਿਰਫ ਇਸਦਾ ਜੁਆਬੀ ਕਰਮ ਨਹੀਂ ਸੀ, ਸਗੋਂ ਇਸ ਹਮਲੇ ਤੋਂ ਬਹੁਤ ਸਾਲ ਪਹਿਲਾਂ ਤੋਂ ਹੀ ਅਮਰੀਕਾ ਅਜਿਹੇ ਹਮਲੇ ਦੀਆਂ ਤਿਆਰੀਆਂ ਕਰਦਾ ਆ ਰਿਹਾ ਸੀ ਤੇ ਅਜਿਹੀ ਦਖਲਅੰਦਾਜੀ ਲਈ ਵੱਧ ਢੁੱਕਵੇਂ ਬਹਾਨੇ ਤੇ ਮੌਕੇ ਦੀ ਤਲਾਸ਼ ਚ ਸੀ। ਅਜਿਹੇ ਹਮਲੇ ਤੇ ਦਖਲਅੰਦਾਜੀ ਦਾ ਕਾਰਨ ਅਫਗਾਨਿਸਤਾਨ ਦਾ ਵਿਲੱਖਣ ਥਾਂ ਤੇ ਸਥਿੱਤ ਹੋਣਾ ਸੀ। ਇੱਥੇ ਉਸਦਾ ਪੈਰ-ਧਰਾਅ ਹੋਣ ਨਾਲ ਉਹ ਆਪਣੇ ਯੁੱਧਨੀਤਕ ਵਿਰੋਧੀਆਂ-ਚੀਨ, ਰੂਸ ਤੇ ਇਰਾਨ ਦੇ ਐਨ ਸਿਰਹਾਣੇ ਤੇ ਸਿਰ ਚੜ੍ਹ ਕੇ ਬੈਠ ਸਕਦਾ ਸੀ। ਦੱਖਣੀ ਏਸ਼ੀਆ ਨੂੰ ਕੇਂਦਰੀ ਏਸ਼ੀਆ, ਮੱਧ-ਪੂਰਬ ਤੇ ਯੂਰਪ ਆਦਿਕ ਨਾਲ ਜੋੜਨ ਦੇ ਛੋਟੇ ਜ਼ਮੀਨੀ ਆਵਾਜਾਈ ਰਸਤੇ (ਖਾਸ ਕਰਕੇ ਤੇਲ ਦੇ ਵਪਾਰ ਲਈ) ਵਜੋਂ ਵੀ ਇਹ ਬਹੁਤ ਅਹਿਮ ਸੀ ਅਤੇ ਇਸ ਸਪਲਾਈ ਲਾਈਨ ਤੇ ਕਬਜਾ ਅਮਰੀਕਾ ਲਈ ਭਾਰੀ ਮਹੱਤਵ ਰੱਖਦਾ ਸੀ। ਅਮਰੀਕਾ ਦੀ ਜੰਗੀ ਸਨਅਤ ਅਤੇ ਤੇਲ ਸਨਅਤ ਦੇ ਪੱਖ ਤੋਂ ਵੀ ਇਹ ਅਹਿਮੀਅਤ ਵਾਲੀ ਲੋਕੇਸ਼ਨ ਸੀ। ਇਹਨਾਂ ਅਤੇ ਅਜਿਹੇ  ਹੋਰ ਸਾਮਰਾਜੀ ਮਕਸਦਾਂ ਲਈ ਅਫਗਾਨਿਸਤਾਨ ਚ ਅਮਰੀਕਨ ਸਾਮਰਾਜ ਦੀ ਵਫਾਦਾਰ ਸਰਕਾਰ ਹੋਣਾ ਅਤਿਅੰਤ ਲਾਜ਼ਮੀ ਸੀ।

                ਓਸਾਮਾ ਬਿਨ ਲਾਦੇਨ, ਜੋ ਰੂਸ ਦੀ ਅਫਗਾਨਿਸਤਾਨ ਅੰਦਰ ਮੌਜੂਦਗੀ ਸਮੇਂ ਅਮਰੀਕਾ ਦਾ ਵਫਾਦਾਰ ਹੱਥ-ਠੋਕਾ ਸੀ, ਬਾਅਦ ਚ ਕਈ ਕਾਰਨਾਂ ਕਰਕੇ ਅਮਰੀਕਾ ਤੋਂ ਖਫਾ ਹੋ ਕੇ ਉਸ ਵਿਰੁੱਧ ਸਰਗਰਮ ਹੋਣ ਕਰਕੇ ਅਮਰੀਕਾ ਦੀ ਹਿੱਟ ਲਿਸਟ ਉੱਪਰ ਆ ਚੁੱਕਾ ਸੀ। ਅਫਗਾਨਿਸਤਾਨ ਵਿੱਚ ਰੱਬਾਨੀ ਸਰਕਾਰ ਦੇ ਮੌਕੇ ਉਸਦੇ ਅਫਗਾਨਿਸਤਾਨ ਚ ਸ਼ਰਨ ਲੈਣ ਨਾਲ ਅਮਰੀਕਾ ਨੂੰ ਅਜਿਹੇ ਹਮਲੇ ਤੇ ਦਬਾਅ ਲਈ ਇੱਕ ਹੱਦ ਤੱਕ ਬਹਾਨਾ ਮਿਲ ਗਿਆ ਸੀ ਤੇ ਇਸੇ ਅਧਾਰ ਉੱਤੇ ਉਹ ਅਮਰੀਕਾ ਦੇ ਟਰੇਡ ਸੈਂਟਰ ਤੇ ਹੋਏ ਹਮਲੇ ਤੋਂ ਬਹੁਤ ਅਰਸਾ ਪਹਿਲਾਂ ਹੀ ਅਜਿਹੀਆਂ ਵਿਉਂਤਾਂ ਬਣਾਉਂਦਾ ਆ ਰਿਹਾ ਸੀ। ਉਦਾਹਰਨ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦਾ ਕਹਿਣਾ ਸੀ :

                ‘‘ਮੈਂ ਓਸਾਮਾ ਬਿਨ ਲਾਦੇਨ ਦੀ ਗਿ੍ਫਤਾਰੀ ਤੇ ਲੋੜ ਪੈਣ ਤੇ ਉਸਦੇ ਕਤਲ ਕਰਨ ਦਾ ਹੁਕਮ ਦੇ ਦਿੱਤਾ ਸੀ ਅਤੇ ਇਸ ਮਕਸਦ ਲਈ ਅਫਗਾਨਿਸਤਾਨ ਵਿਚਲੇ ਇੱਕ ਗਰੁੱਪ ਨਾਲ ਸੰਪਰਕ ਵੀ ਕਰ ਲਿਆ ਸੀ। ਅਸੀਂ ਸੰਭਾਵਤ ਜ਼ਮੀਨੀ ਫੌਜੀ ਕਾਰਵਾਈ ਲਈ ਕਮਾਂਡੋ ਵੀ ਟਰੇਂਡ ਕਰ ਰੱਖੇ ਸਨ, ਪਰ ਅਜਿਹੇ ਐਕਸ਼ਨ ਨੂੰ ਅੰਜਾਮ ਦੇਣ ਲਈ ਜਿਹੋ ਜਿਹੀ ਸੂਹ ਦੀ ਜ਼ਰੂਰਤ ਹੁੰਦੀ ਹੈ, ਉਹੋ ਜਿਹੀ ਸੂਹ ਸਾਨੂੰ ਹਾਸਲ ਨਾ ਹੋਣ ਕਾਰਨ ਅਸੀਂ ਇਹ ਕਾਰਵਾਈ ਕਰ ਨਹੀਂ  ਸਕੇ।’’

                ਇਨ੍ਹਾਂ ਸਾਲਾਂ ਦੌਰਾਨ, ਅਫਗਾਨਿਸਤਾਨ ਅਮਰੀਕੀ ਵਿਦੇਸ਼ ਮੰਤਰਾਲੇ ਲਈ ਸਰੋਕਾਰ ਦਾ ਵੱਡਾ ਵਿਸ਼ਾ ਬਣਿਆ ਹੋਇਆ ਸੀ। ਇਸਦੀ ਪੁਸ਼ਟੀ ਜਨਵਰੀ 2001 ’ਚ ਹਕੂਮਤ ਬਦਲੀ ਮੌਕੇ ਹਕੂਮਤੀ ਕੁਰਸੀ ਛੱਡ ਕੇ ਜਾ ਰਹੇ ਵਿਦੇਸ਼ ਮੰਤਰਾਲੇ ਚ ਅਫਗਾਨਿਸਤਾਨ ਮਾਮਲਿਆਂ ਦੇ ਇੰਚਾਰਜ ਰਹੇ ਉੱਚ ਅਧਿਕਾਰੀ  ਕਾਰਲ ਇੰਦਰ ਫਰਥ- ਦੇ ਹੇਠ ਲਿਖੇ ਸ਼ਬਦਾਂ ਚੋਂ ਹੁੰਦੀ ਹੈ :

                ‘‘ਬੁਸ਼ ਸਰਕਾਰ ਨੂੰ ਬਹੁਤ ਸਾਰੀਆਂ ਚਣੌਤੀਆਂ ਦਾ ਸਹਮਣਾ ਕਰਨਾ ਪੈਣਾ ਹੈ ਅਤੇ ਬਦਕਿਸਮਤੀ ਨਾਲ ਦਹਿਸ਼ਤਗਰਦੀ ਅਤੇ ਬਿਨ ਲਾਦੇਨ ਦੇ ਮਸਲੇ ਕਰਕੇ, ਅਫਗਾਨਿਸਤਾਨ ਵੀ ਉਨ੍ਹਾਂ ਚਣੌਤੀਆਂ ਵਿੱਚੋਂ ਇੱਕ ਹੋਵੇਗੀ... ਅਤੇ ਇਹਨਾਂ ਮਸਲਿਆਂ ਨੂੰ ਲੈ ਕੇ ਉੱਥੇ ਹਾਲਤ ਬਦਤਰ ਹੁੰਦੀ ਜਾ ਰਹੀ ਹੈ।’’ ਇਹ ਸ਼ਬਦ ਅਮਰੀਕੀ ਜੌੜੇ ਟਾਵਰਾਂ ਉੱਪਰ ਹੋਏ ਹਵਾਈ ਹਮਲਿਆਂ ਤੋਂ 8 ਮਹੀਨੇ ਪਹਿਲਾਂ ਬੋਲੇ ਗਏ ਸਨ ਜੋ ਅਫਗਾਨਿਸਤਾਨ ਚ ਦਹਿਸ਼ਤਗਰਦੀ ਦੀ ਵਿਗੜ ਰਹੀ ਅਵਸਥਾ ਨਾਲ ਸਿੱਝਣ ਦੇ ਅਮਰੀਕਨ ਸਰਕਾਰ ਦੇ ਸਰੋਕਾਰ ਵੱਲ ਇਸ਼ਾਰਾ ਕਰਦੇ ਹਨ।

                ਇਸ ਤੋਂ ਵੀ ਅੱਗੇ, 26 ਸਤੰਬਰ 2001 ਦੇ ਅੰਗਰੇਜੀ ਅਖਬਾਰ , ਗਾਰਡੀਅਨ ਨੇ ਇਸ ਗੱਲ ਦਾ ਇੰਕਸ਼ਾਫ ਕੀਤਾ ਹੈ ਕਿ 2001 ਦੀਆਂ ਗਰਮੀਆਂ ਵਿੱਚ, ਯਾਨੀ ਕਿ ਵਰਲਡ ਟਰੇਡ ਸੈਂਟਰ ਤੇ ਹਮਲੇ ਤੋਂ ਕਾਫੀ ਮਹੀਨੇ ਪਹਿਲਾਂ, ਅਫਗਾਨਿਸਤਾਨ ਨਾਲ ਪੂਰੀ-ਸੂਰੀ ਜੰਗ ਲੜਨ ਲਈ ਤਿਆਰੀਆਂ ਜੋਰ-ਸ਼ੋਰ ਨਾਲ ਜਾਰੀ ਸਨ ਅਤੇ ਪਰਦੇ ਪਿੱਛੇ ਚੱਲ ਰਹੀ ਗੱਲਬਾਤ (ਟਰੈਕ-2 ਚੈਨਲਾਂ ਰਾਹੀਂ ) ਦੇ ਜ਼ਰੀਏ ਤਾਲਿਬਾਨ ਹਕੂਮਤ ਨੂੰ ਵੀ ਇਸਦੀ ਚਿਤਾਵਨੀ ਦਿੱਤੀ ਗਈ ਸੀ :

                ਇਸ ਸਾਲ ਦੇ ਅਰੰਭਕ ਸਮਿਆਂ ਦੌਰਾਨ ਇਸ ਗੱਲ ਦੇ ਸੰਕੇਤ ਮਿਲ ਰਹੇ ਸਨ ਕਿ ਵਸ਼ਿੰਗਟਨ ਉੱਤਰ ਵਾਲੇ ਪਾਸਿਉਂ, ਜਿੱਥੇ ਕਿ ਰੂਸ ਤੋਂ ਪਰਵਾਹੀਆਂ ਹੋਈਆਂ ਸਾਬਕਾ ਸੋਵੀਅਤ ਸਰਕਾਰਾਂ ਹਨ, ਅਫਗਾਨਿਸਤਾਨ ਨੂੰ ਫੌਜੀ ਪੱਖ ਤੋਂ ਧਮਕਾਉਣ ਜਾ ਰਿਹਾ ਹੈ। ਅਮਰੀਕਾ ਦੇ ਸੁਰੱਖਿਆ ਮੰਤਰਾਲੇ ਦਾ ਇੱਕ ਅਧਿਕਾਰੀ ਡਾ. ਜੈਫਰੀ ਸਟਾਰ, ਜਨਵਰੀ ਚ ਤਜਾਕਿਸਤਾਨ ਜਾ ਕੇ ਆਇਆ ਹੈ। ਗਾਰਡੀਅਨ ਅਖਬਾਰ ਦੇ ਪੱਤਰਕਾਰ ਫੈਲਿਸਟੀ ਲਾਰੰਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਅਮਰੀਕੀ ਰੇਂਜਰ ਕਿਰਗਿਸਤਾਨ ਚ ਵਿਸ਼ੇਸ਼ ਦਸਤਿਆਂ ਨੂੰ ਸਿਖਲਾਈ ਦੇ ਰਹੇ ਹਨ। ਅਪੁਸ਼ਟ ਸੂਚਨਾਵਾਂ ਅਨੁਸਾਰ, ਤਾਜਿਕ ਅਤੇ ਉਜ਼ਬੇਕੀ ਸੈਨਿਕਾਂ ਤੇ ਅਧਾਰਤ ਵਿਸ਼ੇਸ਼ ਦਸਤਿਆਂ ਨੂੰ ਅਲਾਸਕਾ ਅਤੇ ਮੋਨਟੈਨਾ ਚ ਸਿਖਲਾਈ ਦਿੱਤੀ ਜਾ ਰਹੀ ਹੈ। ਅਮਰੀਕਨ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਟੌਮੀ ਫਰੈਂਕਸ ਨੇ 16 ਮਈ ਨੂੰ ਦੁਸਾਂਬੇ ਦੇ ਆਪਣੇ ਦੌਰੇ ਦੌਰਾਨ ਬੁਸ਼ ਪ੍ਰਸਾਸ਼ਨ ਦਾ ਇਹ ਸੁਨੇਹਾ ਦਿੱਤਾ ਕਿ ‘‘ਅਮਰੀਕਾ ਤਜਾਕਿਸਤਾਨ ਨੂੰ ਆਪਣਾ ਇੱਕ ਅਹਿਮ ਯੁੱਧਨੀਤਕ ਸੰਗੀ ਦੇਸ਼ ਮੰਨਦਾ ਹੈ।’’ ਅਫਗਾਨਿਸਤਾਨ ਨੂੰ ਧਮਕਾਉਣ ਤੇ ਲੋੜ ਪੈਣ ਤੇ ਸਬਕ ਸਿਖਾਉਣ ਦੀਆਂ ਇਹ ਤਿਆਰੀਆਂ ਉਨਾਂ ਵੇਲਿਆਂ ਚ ਚੱਲ ਰਹੀਆਂ ਸਨ ਜਦ ਵਰਲਡ ਟਰੇਡ ਸੈਂਟਰ ਤੇ ਹਮਲੇ ਦਾ ਕੋਈ ਨਾਂ-ਥੇਹ ਵੀ ਨਹੀਂ ਸੀ।

                ਗਾਰਡੀਅਨ ਅਖਬਾਰ ਅਨੁਸਾਰ, ‘‘ਭਰੋਸੇਯੋਗ ਪੱਛਮੀ ਸੈਨਿਕ ਸੂਤਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਖਤਮ ਹੁੰਦੇ ਸਾਰ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲਾ ਕਰਨ ਦੀ ਯੋਜਨਾ ਦਸਤਾਵੇਜਾਂ ਚ ਮੌਜੂਦ ਹੈ। ਇਹ ਹਮਲਾ ਉੱਤਰ ਵਾਲੇ ਪਾਸਿਓਂ ਕੀਤਾ ਜਾਣਾ ਹੈ। 8 ਜੁਲਾਈ ਤੱਕ ਅਫਗਾਨ ਵਿਰੋਧੀ ਧਿਰ, ਪਾਕਿਸਤਾਨੀ ਡਿਪਲੋਮੈਟ ਅਤੇ ਬਰਤਾਨਵੀ ਵਿਦੇਸ਼ ਵਿਭਾਗ ਦੇ ਸੀਨੀਅਰ ਅਧਿਕਾਰੀ ਅਫਗਾਨਿਸਤਾਨ ਦੀ ਹਾਲਤ ਤੇ ਗੈਰ-ਰਸਮੀ ਨਿੱਜੀ ਚਰਚਾ ਲਈ, ਯੂ. ਐਨ. ਦੀ ਛੱਤਰਛਾਇਆ ਹੇਠ, ਵੈਸਟਰਨ ਪਾਰਕ ਚ ਇਕੱਠੇ ਹੋਣ ਜਾ ਰਹੇ ਹਨ।’’

                ਇਉਂ ਹੀ ਟਰੈਕ-2 ਡਿਪਲੋਮੇਸੀ ਦੇ ਚੈਨਲ ਰਾਹੀਂ ਹੀ ਜੁਲਾਈ 2001 ’ਚ (ਯਾਨੀ ਕਿ ਵਰਲਡ ਟਰੇਡ ਸੈਂਟਰ ਦੀ ਉਸ ਘਟਨਾ ਤੋਂ 2 ਮਹੀਨੇ ਪਹਿਲਾਂ, ਜਿਸ ਨੂੰ ਅਮਰੀਕੀ ਹਮਲੇ ਦਾ ਕਾਰਨ ਦੱਸਿਆ ਜਾ ਰਿਹਾ ਹੈ) ਬਰਲਿਨ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਅਮਰੀਕਾ (ਇੰਦਰਪਰਥ, ਟੌਮ ਸਾਇਮਨਜ, ਜੋ ਕਿ ਪਾਕਿਸਤਾਨ ਚ ਅਮਰੀਕੀ ਸਫੀਰ ਰਹਿ ਚੁੱਕਾ ਸੀ ਅਤੇ ਲੀ ਕੋਲਡਰਨ, ਜੋ ਵਿਦੇਸ਼ ਵਿਭਾਗ ਚ ਅਫਗਾਨਿਸਤਾਨ ਦੇ ਮਾਮਲਿਆਂ ਨੂੰ ਨਜਿੱਠਦਾ ਸੀ), ਰੂਸ, ਪਾਕਿਸਤਾਨ ਤੇ ਇਰਾਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆਪਾਕਿਸਾਤਾਨੀ ਸਫਾਰਤੀ ਅਧਿਕਾਰੀ ਨਿਆਜ਼ ਨਾਇਕ ਅਨੁਸਾਰ :

                ‘‘ਅਮਰੀਕਨ ਅਧਿਕਾਰੀਆਂ ਨੇ ਸਾਨੂੰ ਇਹ ਸੰਕੇਤ ਦੇ ਦਿੱਤਾ ਕਿ ਜੇ ਅਫਗਾਨਿਸਤਾਨ ਬੰਦੇ ਦਾ ਪੁੱਤ ਨਹੀਂ ਬਣਦਾ, ਤੇ ਜੇ ਪਾਕਿਸਤਾਨ ਅਫਗਾਨ ਸਰਕਾਰ ਨੂੰ ਸਮਝਾਉਣ ਚ ਸਾਡੀ ਮਦਦ ਨਹੀਂ ਕਰਦਾ ਤਾਂ ਫਿਰ ਅਮਰੀਕਾ ਕੋਲ ਅਫਗਾਨਿਸਤਾਨ ਵਿਰੁੱਧ ਖੁੱਲ੍ਹਮ-ਖੁਲ੍ਹਾ ਕਾਰਵਾਈ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹੇਗਾ। ਮੈਂ ਇਹ ਗੱਲ ਪਾਕਿਸਤਾਨ ਸਰਕਾਰ ਨੂੰ ਦੱਸ ਦਿੱਤੀ ਤੇ ਉਸਨੇ ਅੱਗਿਉਂ ਸਾਡੇ ਵਿਦੇਸ਼ ਮੰਤਰਾਲੇ ਰਾਹੀਂ ਅਤੇ ਪਾਕਿਸਤਾਨ ਚ ਤਾਲਿਬਾਨ ਸਫੀਰ ਰਾਹੀਂ ਤਾਲਿਬਾਨੀ ਸਰਕਾਰ ਨੂੰ ਸੂਚਿਤ ਕਰ ਦਿੱਤਾ।’’ ਜਦੋਂ ਨਿਆਜ਼ ਨਾਇਕ ਨੇ ਪੁੱਛਿਆ ਕਿ ਅਮਰੀਕਾ ਨੂੰ ਇੰਨਾਂ ਭਰੋਸਾ ਕਿਉਂ ਹੈ ਕਿ ਉਨ੍ਹਾਂ ਦਾ ਹਮਲਾ ਸਫਲ ਰਹੇਗਾ ਤਾਂ ਸਾਈਮਨਜ਼ ਦਾ ਜੁਆਬ ਸੀ ਕਿ ਇਸ ਵਾਰ ਉਹਨਾਂ ਕੋਲ ਲੋੜੀਂਦੀ ਸੂਹੀਆ ਜਾਣਕਾਰੀ ਹੈ ਤੇ ਉਹਨਾਂ ਦਾ ‘‘ਪੱਕਾ ਵਿਸ਼ਵਾਸ਼ ਹੈ ਕਿ ਇਸ ਵਾਰ ਲਾਦੇਨ ਤੇ ਉਹਨਾਂ ਦਾ ਨਿਸ਼ਾਨਾ ਚੁੱਕੇਗਾ ਨਹੀਂ। ਇਹ ਹਵਾਈ ਮਾਰਗ ਰਾਹੀਂ ਕੀਤੀ ਕਾਰਵਾਈ ਹੋਵੇਗੀ, ਸੰਭਵ ਹੈ ਕਿ ਹੈਲੀਕਾਪਟਰ ਗੰਨ ਰਾਹੀਂ ਕੀਤੀ ਜਾਵੇ। ਇਹ ਨਾ-ਸਿਰਫ ਖੁੱਲ੍ਹੇਆਮ ਕੀਤੀ ਕਾਰਵਾਈ ਹੋਵੇਗੀ, ਸਗੋਂ ਅਫਗਾਨਿਸਤਾਨ ਦੇ ਬਹੁਤ ਲਾਗਲੇ ਟਿਕਾਣੇ ਤੋਂ ਹੀ ਕੀਤੀ ਜਾਵੇਗੀ।’’ ਇਸ ਤੇ ਗਾਰਡੀਅਨ ਨੇ ਆਪਣੀ ਟਿੱਪਣੀ ਕਰਦਿਆਂ ਲਿਖਿਆ, ‘‘ਇਸ ਪ੍ਰਾਈਵੇਟ ਵਾਰਨਿੰਗ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਗੱਲ ਇਹ ਹੈ ਕਿ, ਉੱਥੇ ਪ੍ਰਤੱਖ ਦਰਸ਼ੀਆਂ ਚੋਂ ਇੱਕ ਪਾਕਿਸਤਾਨੀ ਅਧਿਕਾਰੀ ਨਿਆਜ਼ ਨਾਇਕ ਅਨੁਸਾਰ ਇਹ ਕਾਰਵਾਈ ਦੀ ਉਸ ਵਿਆਖਿਆ ਨਾਲ ਆਈ ਕਿ ਉਸ ਕੰਮ ਚ ਹੁਣ ਬੁਸ਼ ਸਰਕਾਰ ਕਿਵੇਂ ਸਫਲ ਹੋਵੇਗੀ, ਜਿਸ ਚ ਕਲਿੰਟਨ ਪ੍ਰਸਾਸ਼ਨ ਅਸਫਲ ਰਿਹਾ ਸੀ। ਵਸ਼ਿੰਗਟਨ ਚ ਘਾਗ ਹੁਣ ਰੂਸੀ ਸੈਨਿਕਾਂ ਦੀ ਮਿਲੀ ਭੁਗਤ ਅਤੇ ਉਜ਼ਬੇਕਿਸਤਾਨ ਤੇ ਤਜਾਕਿਸਤਾਨ ਜਿਹੀਆਂ ਥਾਵਾਂ, ਜਿੱਥੇ ਕਿ ਅਮਰੀਕਨ ਫੌਜੀ ਸਲਾਹਕਾਰ ਪਹਿਲਾਂ ਹੀ ਡੇਰੇ ਲਾਈ ਬੈਠੇ ਹਨ, ਉੱਤੇ ਮੌਜੂਦ ਫੌਜੀ ਤਾਣੇ-ਬਾਣੇ ਉੱਪਰ ਟੇਕ ਰੱਖ ਸਕਦੇ ਹਨ।’’ ਇਹ ਗੱਲ ਚੇਤੇ ਰਹਿਣੀ ਚਾਹੀਦੀ ਹੈ ਕਿ ਅਮਰੀਕੀ ਸਾਮਰਾਜੀ ਜਦ ਲਾਦੇਨ ਵਿਰੁੱਧ ਫੌਜੀ ਕਾਰਵਾਈ ਦੀ ਗੱਲ ਕਰਦੇ ਹਨ ਤਾਂ ਹਕੀਕਤ ਚ ਇਹ ਇੱਕ ਵਿਅਕਤੀ-ਵਿਸ਼ੇਸ ਵਿਰੁੱਧ ਕਾਰਵਾਈ ਤੱਕ ਸੀਮਤ ਕਾਰਵਾਈ ਦੀ ਗੱਲ ਨਹੀਂ, ਇਹ ਸਬੰਧਤ ਮੁਲਕਾਂ ਦੀ ਪ੍ਰਭੂਸਤਾ ਨੂੰ ਲਿਤਾੜਨ, ਜਨਤਕ ਕਤਲੇਆਮ ਕਰਨ ਅਤੇ ਸਮੁੱਚਾ ਅਰਥਚਾਰਾ ਤਬਾਹ ਕਰਨ ਦੀ ਹੀ ਕਾਰਵਾਈ ਹੁੰਦੀ ਹੈ। ਅਫਗਾਨਿਸਤਾਨ ਚ ਬਿਨ ਲਾਦੇਨ, ਇਰਾਕ ਚ ਸੱਦਾਮ ਹੁਸੈਨ, ਲੀਬੀਆ ਚ ਕਰਨਲ ਮੀਆਂਮਾਰ ਗੱਦਾਫੀ ਤੇ ਸੀਰੀਆ ਚ ਬਸ਼ਰ ਅਲ- ਅਸਦ ਆਦਿਕ ਜਿਹੇ ਵਿਅਕਤੀਆਂ ਨੂੰ ਸਜਾ ਦੇਣ ਦੇ ਬਹਾਨੇ ਅਮਰੀਕੀ ਸਾਮਰਾਜੀਆਂ ਵੱਲੋਂ ਜਿਵੇਂ ਉੱਥੇ ਆਮ ਵਸੋਂ ਦਾ ਕਤਲੇਆਮ ਰਚਾਇਆ ਗਿਆ ਹੈ ਅਤੇ ਪੂਰੇ ਦੇ ਪੂਰੇ ਮੁਲਕਾਂ ਚ ਵਿਆਪਕ ਤਬਾਹੀ ਕੀਤੀ ਗਈ ਹੈ, ਉਹ ਸਭ ਦੇ ਸਾਹਮਣੇ ਹੈ ਤੇ ਸਾਮਰਾਜੀ ਦੰਭੀ ਕੂੜ-ਪ੍ਰਚਾਰ ਤੇ ਰਤਾ ਭਰ ਵੀ ਵਿਸ਼ਵਾਸ਼ ਕਰਨ ਦੀ ਇਜਾਜ਼ਤ ਨਹੀਂ ਦਿੰਦੀ।

                ਤੇ ਆਖਰ ਚ ਰਾਸ਼ਟਰਪਤੀ ਬੁਸ਼ ਦੇ ਅਮਰੀਕਾ ਉੱਤੇ ਹੋਏ ਜਹਾਦੀ ਹਮਲੇ ਤੋਂ ਬਾਅਦ ਦਹਿਸ਼ਤਗਰਦੀ ਵਿਰੁੱਧ ਲੜਾਈ ਦੇ ਅਮੁੱਕ ਸਿਲਸਿਲੇ ਦੇ ਐਲਾਨ ਬਾਰੇ ਸੁਣੋ:

                ‘‘ਦੁਨੀਆਂ ਅੰਦਰ 60 ਦੇਸ਼ਾਂ ਚ ਫੈਲੇ ਹੋਏ ਹਜਾਰਾਂ ਦੀ ਗਿਣਤੀ ਚ ਦਹਿਸ਼ਤਗਰਦ ਮੌਜੂਦ ਹਨ। ...ਦਹਿਸ਼ਤਗਰਦੀ ਵਿਰੁੱਧ ਸਾਡੀ ਜੰਗ ਅਲਕਾਇਦਾ ਵਿਰੁੱਧ ਲੜਾਈ ਨਾਲ ਆਰੰਭ ਹੋ ਰਹੀ ਹੈ ਪਰ ਇਹ ਇਸ ਨਾਲ ਮੁੱਕੇਗੀ ਨਹੀਂ। ਇਹ ਓਨਾ ਚਿਰ ਨਹੀਂ ਮੁੱਕੇਗੀ ਜਿੰਨਾਂ ਚਿਰ ਵਿਸ਼ਵ-ਵਿਆਪੀ ਮਾਰ ਕਰਨ ਵਾਲਾ ਇਕੱਲਾ ਇਕੱਲਾ ਗਰੁੱਪ ਲੱਭ ਨਹੀਂ ਲਿਆ ਜਾਂਦਾ, ਉਸਦੀਆਂ ਕਾਰਵਾਈਆਂ ਠੱਪ ਨਹੀਂ ਕਰ ਦਿੱਤੀਆਂ ਜਾਂਦੀਆਂ ਤੇ ਉਸਨੂੰ ਪਛਾੜ ਨਹੀਂ ਦਿੱਤਾ ਜਾਂਦਾ।

                ਇਸ ਦਹਿਸ਼ਤਗਰਦੀ ਵਿਰੁੱਧ ਸਾਡਾ ਪ੍ਰਤੀਕਰਮ ਟੁੱਟਵੀਆਂ ਹਮਲਾ ਕਾਰਵਾਈਆਂ ਜਾਂ ਫੌਰੀ ਬਦਲੇ ਦੀਆਂ ਕਾਰਵਾਈਆਂ ਦੀਆਂ ਹੱਦਾਂ ਤੋਂ ਕਿਤੇ ਪਾਰ ਜਾਣ ਵਾਲਾ ਹੈ। ਅਮਰੀਕਣ ਲੋਕਾਂ ਨੂੰ ਸਿਰਫ ਇੱਕ ਲੜਾਈ ਦੀ ਹੀ ਆਸ ਨਹੀਂ ਰੱਖਣੀ ਚਾਹੀਦੀ, ਸਗੋਂ ਇੱਕ ਅਜਿਹੀ ਲੰਮੀਂ ਮੁਹਿੰਮ ਬਾਰੇ ਸੋਚਣਾ ਚਾਹੀਦਾ ਹੈ ਜਿਹੋ ਜਿਹੀ ਮੁਹਿੰਮ ਅਸੀਂ ਪਹਿਲਾਂ ਕਦੇ ਨਹੀਂ ਦੇਖੀ। ਇਸ ਅੰਦਰ ਟੀ ਵੀ ਸਕਰੀਨ ਤੇ ਵੇਖੀਆਂ ਜਾ ਸਕਣ ਵਾਲੀਆਂ ਨਾਟਕੀ ਹਮਲੇ ਦੀਆਂ ਕਾਰਵਾਈਆਂ ਵੀ ਹੋਣਗੀਆਂ ਅਤੇ ਅਦਿੱਖ ਕਾਰਵਾਈਆਂ ਵੀ ਹੋਣਗੀਆਂ ਜਿੰਨ੍ਹਾਂ ਦੇ ਸਿੱਟੇ ਵੀ ਗੁਪਤ ਹੀ ਹੋਣਗੇ।’’ ਤੇ ਅਮਰੀਕੀ ਸਾਮਰਾਜੀਆਂ ਦੀ ਇਹ ਲੰਮੀਂ ਮੁਹਿੰਮ ਅਫਗਾਨਿਸਤਾਨ ਤੋਂ ਮਗਰੋਂ ਇਰਾਕ, ਲਿਬੀਆ, ਸੀਰੀਆ ਵਰਗੇ ਮੁਲਕਾਂ ਤੱਕ ਜਾਂਦੀ ਹੋਈ ਅਜੇ ਵੀ ਜਾਰੀ ਹੈ।

                ਦਹਿਸ਼ਤਗਰਦੀ ਵਿਰੁੱਧ ਇਸ ਲੰਮੀਂ ਤੇ ਅਮੁੱਕ ਲੜਾਈ ਦੇ ਅਮਰੀਕਨ ਸਾਮਰਾਜੀਆਂ ਦੇ ਗੁਮਰਾਹਕੁੰਨ ਦਾਅਵਿਆਂ ਦੇ ਬੁਣੇ ਸ਼ਬਦਜਾਲ ਬਾਰੇ ਕਿਸੇ ਭਰਮ-ਭੁਲੇਖੇ ਚ ਪੈਣ ਦਾ ਉੱਕਾ ਹੀ ਅਧਾਰ ਨਹੀਂ। ਇਸੇ ਅਫਗਾਨਿਸਤਾਨ ਚ ਜਿਸ ਅਲ-ਕਾਇਦਾ ਅਤੇ ਤਾਲਿਬਾਨੀ ਦਹਿਸ਼ਤਗਰਦੀ ਵਿਰੁੱਧ ਲੜਾਈ ਦੀਆਂ ਉਹ ਡੀਂਗਾਂ ਮਾਰ ਰਹੇ ਹਨ, ਉਸ ਨੂੰ ਸਾਰੇ ਜੱਗ ਦੇ ਸਾਹਮਣੇ ਹੱਲਾ-ਸ਼ੇਰੀ ਦੇਣ, ਪਾਲਣ-ਪੋਸਣ ਤੇ ਹਥਿਆਰਬੰਦ ਕਰਨ ਦੇ ਸਭ ਤੋਂ ਵੱਡੇ ਮੁਜ਼ਰਮ ਉਹ ਆਪ ਹਨ। ਦਹਿਸ਼ਤਗਰਦੀ ਅਤੇ ਜੰਗ ਅਮਰੀਕਨ ਸਾਮਰਾਜੀਆਂ ਦੇ ਚਹੇਤੇ ਹਥਿਆਰ ਹਨ ਜਿੰਨ੍ਹਾਂ ਦੀ ਵਰਤੋਂ ਉਹ ਆਪਣੇ ਸਾਮਰਾਜੀ ਹਿੱਤਾਂ ਦੀ ਪੂਰਤੀ ਲਈ ਕਰਦੇ ਆ  ਰਹੇ ਹਨ ਤੇ ਕਰਦੇ ਰਹਿਣਗੇ। ਦੁਨੀਆਂ ਭਰ ਅੰਦਰ ਆਪਣਾ ਗਲਬਾ ਜਮਾਉਣ, ਵਧਾਉਣ ਜਾਂ ਕਾਇਮ ਰੱਖਣ ਤੇ ਆਪਣੇ ਵਿਰੋਧੀ ਜਾਂ ਨਾਬਰ ਸਕਤੀਆਂ ਨੂੰ ਨਕੇਲ ਪਾਉਣ, ਦਬਾਉਣ ਜਾਂ ਕੁਚਲਣ ਲਈ ਉਹ ਕਦੇ ਨਿਊਕਲੀਅਰ ਹਥਿਆਰਾਂ ਦਾ ਪਸਾਰ ਰੋਕਣ,ਕਦੇ ਜਨਤਕ ਤਬਾਹੀ ਦੇ ਹਥਿਆਰਾਂ ਦੇ ਖਾਤਮੇ ਤੇ ਕਦੇ ‘‘ਦਹਿਸ਼ਤਵਾਦ ਵਿਰੁੱਧ ਲੜਾਈ’’, ਕਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਆਦਿਕ ਨਾਹਰਿਆਂ ਦੇ ਹੇਠ ਲੋਕਾਂ ਨੂੰ ਗੁਮਰਾਹ ਕਰਨ ਅਤੇ ਆਪਣੇ ਸਾਮਰਾਜੀ ਹਿੱਤ ਸਾਧਣ ਦੀਆਂ ਸਾਜਸ਼ਾਂ ਰਚਦੇ ਰਹਿੰਦੇ ਹਨ। ਦਹਿਸ਼ਤਵਾਦ ਵਿਰੁੱਧ ਲੜਾਈ ਦਾ ਇਹ ਨਾਅਰਾ ਆਪਣੇ ਕਿਸੇ ਵੀ ਵਿਰੋਧੀ ਤੇ ਦਹਿਸ਼ਤਗਰਦੀ ਦੇ ਹਮਾਇਤੀ ਹੋਣ ਦਾ ਠੱਪਾ ਲਾ ਕੇ ਉਸ ਵਿਰੁੱਧ ਹਮਲਾਵਾਰ ਮਨਮਾਨੀਆਂ ਕਾਰਵਾਈਆਂ ਕਰਨ ਦਾ ਅਮਰੀਕਨ ਸਾਮਰਾਜੀਆਂ ਵੱਲੋਂ ਖੁਦ ਨੂੰ ਦਿੱਤਾ ਲਾਇਸੰਸ ਹੈ। ਪਹਿਲਾਂ ਵੀ, ਦਹਿਸ਼ਤਗਰਦੀ ਵਿਰੁੱਧ ਕਾਰਵਾਈ ਕਰਨ ਦੇ ਨਾਂ ਹੇਠ ਅਫਗਾਨਿਸਤਾਨ ਚ ਕਿਸੇ ਨਾ ਕਿਸੇ ਢੰਗ ਨਾਲ ਆਪਣੀ ਵਫਾਦਾਰ ਸਰਕਾਰ ਕਾਇਮ ਕਰਨ ਲਈ ਯਤਨ ਜਾਰੀ ਸਨ। ਅਮਰੀਕਾ ਉੱਪਰ ਦਹਿਸ਼ਤੀ ਹਮਲੇ ਨੇ ਨਾ ਸਿਰਫ ਅਫਗਾਨਿਸਤਾਨ ਚ ਸਗੋਂ ਖਾੜੀ ਤੇ ਮੱਧ-ਪੂਰਬ ਦੇ ਕਈ ਦੇਸ਼ਾਂ ਚ ਅਮਰੀਕਨ ਸਾਮਰਾਜ ਤੋਂ ਨਾਬਰ ਜਾਂ ਉਸਦੇ ਵਿਰੁੱਧ ਹੀਲ-ਹੁੱਜਤ ਕਰਨ ਵਾਲੀਆਂ ਕਈ ਸਰਕਾਰਾਂ ਨੂੰ ਉਲਟਾਇਆ ਅਤੇ ਸਬਕ ਸਿਖਾਇਆ ਗਿਆ ਹੈ।

   ਤਾਲਿਬਾਨ ਦੇ ਰੋਲ ਦਾ ਸਵਾਲ

                ਅਫਗਾਨਿਸਤਾਨ ਚੋਂ ਅਮਰੀਕਾ ਦੀ ਹਾਰ ਮਗਰੋਂ ਦੇ ਸਮੁੱਚੇ ਘਟਨਾਕ੍ਰਮ ਨੂੰ ਸਾਮਰਾਜੀ ਮੀਡੀਏ ਤੇ ਉਸ ਦੇ ਨਵ-ਬਸਤੀਵਾਦੀ ਰਾਜਾਂ ਦੇ ਮੀਡੀਏ ਨੇ ਇਉਂ ਪੇਸ਼ ਕੀਤਾ ਹੈ ਜਿਵੇਂ ਅਫਗਾਨਿਸਤਾਨ ਅੰਦਰ ਕੋਈ ਬਹੁਤ ਨਾਂਹ-ਪੱਖੀ ਤਬਦੀਲੀ ਵਾਪਰ ਗਈ ਹੈ ਜਿਵੇਂ ਕਿਤੇ ਇੱਕ ਜਮਹੂਰੀ ਲੋਕਰਾਜ ਨੂੰ ਉਲਟਾਇਆ ਗਿਆ ਹੈ। ਸਾਮਰਾਜੀ ਪ੍ਰਚਾਰ ਤੰਤਰ ਦੇ ਧੂੰਆਂਧਾਰ ਪ੍ਰਚਾਰ ਦੀ ਲਪੇਟ ਚ ਆ ਕੇ ਕਈ ਅਗਾਂਹਵਧੂ ਜਮਹੂਰੀ ਹਲਕੇ ਵੀ ਇਸ ਘਟਨਾ ਵਿਕਾਸ ਦੀ ਚਰਚਾ ਔਰਤਾਂ ਤੇ ਜ਼ੁਲਮਾਂ ਦੇ ਫ਼ਿਕਰਾਂ ਦੇ ਹਵਾਲੇ ਨਾਲ ਇਉਂ ਕਰ ਰਹੇ ਹਨ ਜਿਵੇਂ 20 ਸਾਲਾਂ ਦੇ ਅਮਰੀਕੀ ਕਬਜ਼ੇ ਦੇ ਰਾਜ ਦੌਰਾਨ ਅਫ਼ਗਾਨਿਸਤਾਨ ਅੰਦਰ ਔਰਤਾਂ ਆਜਾਦੀ ਤੇ ਬਰਾਬਰੀ ਮਾਣਦੀਆਂ ਆ ਰਹੀਆਂ ਸਨ ਤੇ ਅਫ਼ਗਾਨੀ ਲੋਕ ਕਿਸੇ ਲੋਕ ਜਮਹੂਰੀ ਗਣਰਾਜ ਦੀਆਂ ਬਰਕਤਾਂ ਹੰਢਾਉਂਦੇ ਆ ਰਹੇ ਸਨ। ਸਾਮਰਾਜੀ ਪ੍ਰਚਾਰਤੰਤਰ ਹੈ ਜਿਹੜਾ ਇਸ ਹਕੀਕਤ ਨੂੰ ਦੁਨੀਆਂ ਦੇ ਲੋਕਾਂ ਤੋਂ ਲੁਕਾਉਣਾ ਚਾਹੁੰਦਾ ਹੈ ਕਿ ਅਫਗਾਨਿਸਤਾਨ ਦੀ ਧਰਤੀ ਤੇ ਦੋ ਦਹਾਕਿਆਂ ਤੋਂ ਅਮਰੀਕੀ ਸਾਮਰਾਜੀਆਂ ਨੇ ਫੌਜੀ ਕਬਜ਼ਾ ਜਮਾਇਆ ਹੋਇਆ ਸੀ ਤੇ ਅਫਗਾਨਿਸਤਾਨ ਦੀ ਧਰਤੀ ਦੇ ਚੱਪੇ ਚੱਪੇ ਤੇ ਬੈਠੀਆਂ  ਜਾਲਮ ਸਾਮਰਾਜੀ ਫੌਜਾਂ ਵੱਲੋਂ  ਅਫਗਾਨੀ ਲੋਕਾਂ ਤੇ ਅੰਤਾਂ ਦਾ ਕਹਿਰ ਢਾਹਿਆ ਜਾ ਰਿਹਾ ਸੀ। ਅਫ਼ਗਾਨਿਸਤਾਨ ਦੇ ਲੋਕ ਦੋ ਦਹਾਕਿਆਂ ਤੋਂ ਇਸ ਕਬਜ਼ੇ ਖਿਲਾਫ ਹੱਕੀ ਦੇਸ਼ ਭਗਤ ਜੰਗ ਲੜ ਰਹੇ ਸਨ। ਤੇ ਉਨ੍ਹਾਂ ਨੇ ਇਸ ਜੰਗ ਵਿੱਚ ਇੱਕ ਵਾਰ ਅਮਰੀਕਾ ਨੂੰ ਗੋਡੇ ਟੇਕਣ ਲਈ ਮਜ਼ਬੂਰ ਕਰ ਦਿੱਤਾ ਹੈ।

                ਸਾਮਰਾਜੀ ਪ੍ਰਚਾਰ ਸਾਧਨਾਂ ਵੱਲੋਂ ਪਾਈ ਜਾ ਰਹੀ ਬੂ-ਦੁਹਾਈ ਕਿ ਅਫਗਾਨਿਸਤਾਨ ਅੰਦਰ ਤਾਲਿਬਾਨ ਨੇ ਕਬਜਾ ਕਰ ਲਿਆ ਹੈ, ਇਸ ਘਟਨਾ ਵਿਕਾਸ ਦੀ ਗਲਤ ਪੇਸ਼ਕਾਰੀ ਹੈ। ਹਕੀਕਤ ਇਹ ਹੈ ਕਿ ਪਿਛਲੇ ਵੀਹ ਸਾਲਾਂ ਤੋਂ ਅਫਗਾਨਿਸਤਾਨ ਅੰਦਰ ਨਿਹੱਕੇ ਅਮਰੀਕੀ ਫ਼ੌਜੀ ਕਬਜ਼ੇ ਖ਼ਿਲਾਫ਼ ਅਫ਼ਗਾਨਿਸਤਾਨ ਦੇ ਲੋਕਾਂ ਦੀ ਦੇਸ਼ ਭਗਤ ਟਾਕਰਾ ਜੰਗ ਚੱਲ ਰਹੀ ਸੀ। ਲੋਕਾਂ ਦੀ ਇਸ ਟਾਕਰਾ ਜੰਗ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਸ਼ਕਤੀਆਂ ਸ਼ੁਮਾਰ ਸਨ। ਇਸ ਟਾਕਰਾ ਜੰਗ ਅੰਦਰ ਇਨਕਲਾਬੀ ਜਮਹੂਰੀ ਤੇ ਦੇਸ਼ ਭਗਤ ਤਾਕਤਾਂ ਤੋਂ ਲੈ ਕੇ ਧਾਰਮਕ ਮੂਲਵਾਦੀ ਕਿਰਦਾਰ ਵਾਲੀਆਂ ਕਈ ਵੰਨਗੀਆਂ ਦੀਆਂ ਸ਼ਕਤੀਆਂ ਸ਼ਾਮਲ ਸਨ। ਇਹ ਸ਼ਕਤੀਆਂ ਆਪਣੇ ਕਿਸੇ ਵੀ ਕਿਰਦਾਰ ਦੇ ਬਾਵਜੂਦ ਸਾਮਰਾਜ ਵਿਰੋਧੀ ਰੋਲ ਅਦਾ ਕਰ ਰਹੀਆਂ ਸਨ ਇਨਕਲਾਬੀ ਜਮਹੂਰੀ ਦੇਸ਼ ਭਗਤ ਤਾਕਤਾਂ ਤੋਂ ਲੈ ਕੇ ਧਾਰਮਿਕ ਮੂਲਵਾਦੀ ਪੈਂਤੜੇ ਵਾਲੀਆਂ ਕਈ ਵੰਨਗੀਆਂ ਦੀਆਂ ਸ਼ਕਤੀਆਂ ਸ਼ਾਮਲ ਸਨ ਤੇ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦੀ ਹਮਾਇਤ ਦੀਆਂ ਹੱਕਦਾਰ ਬਣੀਆਂ ਹੋਈਆਂ ਸਨ। ਧਾਰਮਿਕ ਮੂਲਵਾਦੀ ਪੈਂਤੜੇ ਵਾਲੀਆਂ ਤਾਲਿਬਾਨ ਵਰਗੀਆਂ ਸ਼ਕਤੀਆਂ ਵੱਲੋਂ ਇਸ ਸਾਮਰਾਜੀ ਹਮਲੇ ਤੇ ਕਬਜ਼ੇ ਖ਼ਿਲਾਫ਼ ਲਿਆ ਹੋਇਆ ਟਾਕਰੇ ਦਾ ਪੈਂਤੜਾ ਇਨ੍ਹਾਂ ਨੂੰ ਦੁਨੀਆਂ ਭਰ ਦੇ ਸਾਮਰਾਜ ਵਿਰੋਧੀ ਲੋਕਾਂ ਦੇ ਕੈਂਪ ਚ ਖੜ੍ਹਾ ਕਰਦਾ ਸੀ। 

                ਤਾਲਿਬਾਨ ਵਰਗੀ ਕਿਸੇ ਧਾਰਮਕ ਬੁਨਿਆਦ-ਪ੍ਰਸਤ ਸ਼ਕਤੀ ਨੂੰ ਲੋਕਾਂ ਦੇ ਕੈਂਪ ਚ ਰੱਖ ਕੇ ਨਜਿੱਠਣ ਦਾ ਆਧਾਰ ਇਹ ਪਹੁੰਚ ਬਣਦੀ ਹੈ ਕਿ ਕਿਸੇ ਵੀ ਪਿਛਾਖੜੀ ਰਾਜ ਜਾਂ ਜਥੇਬੰਦੀ ਦੇ ਕਿਰਦਾਰ ਨੂੰ ਤੇ ਵਿਸ਼ੇਸ਼ ਹਾਲਤਾਂ ਵਿੱਚ ਉਸ ਵੱਲੋਂ ਅਦਾ ਕੀਤੇ ਜਾ ਰਹੇ ਸਿਆਸੀ ਰੋਲ ਨੂੰ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ । ਜਦੋਂ ਅਜਿਹੀ ਕੋਈ ਵੀ ਸ਼ਕਤੀ ਸਾਮਰਾਜੀ ਹਮਲੇ ਜਾਂ ਕਬਜ਼ੇ ਖ਼ਿਲਾਫ਼ ਲੋਕਾਂ ਦੀ ਧਿਰ ਦੀ ਤਰਫੋਂ ਖੜ੍ਹ ਕੇ ਭਿੜਦੀ ਹੈ ਤਾਂ ਉਹ ਲੋਕਾਂ ਦੇ ਸਾਮਰਾਜ ਵਿਰੋਧੀ ਕੈਂਪ ’ਚ ਹੀ ਗਿਣੀ ਜਾਂਦੀ ਹੈ। ਅਫਗਾਨਿਸਤਾਨ ਤੇ ਅਮਰੀਕੀ ਸਾਮਰਾਜੀਆਂ ਵੱਲੋਂ ਕੀਤਾ ਗਿਆ ਹਮਲਾ ਪਿਛਾਖੜੀ ਸਮਾਜੀ ਸਿਆਸੀ ਕਿਰਦਾਰ ਕਰਕੇ ਨਹੀਂ ਕੀਤਾ ਗਿਆ ਸੀ ਸਗੋਂ ਇਹ ਤਾਂ ਅਫਗਾਨਿਸਤਾਨ ਦੀ ਧਰਤੀ ’ਤੇ ਸਾਮਰਾਜੀ ਚੌਧਰ ਜਮਾਉਣ ਖਾਤਰ ਕੀਤਾ ਗਿਆ ਸੀ। ਇਸ ਖਿਲਾਫ ਅਫਗਾਨਿਸਤਾਨ ਦੇ ਲੋਕਾਂ ਦਾ ਟਾਕਰਾ ਇਸ ਸਾਮਰਾਜੀ ਹਮਲੇ ਨੂੰ ਚੁਣੌਤੀ ਬਣਦਾ ਸੀ। ਇਹ ਦੋ ਟਕਰਾਵੇਂ ਹਿੱਤ ਹੀ ਇਸ ਜੰਗ ਦੇ ਕਿਰਦਾਰ ਤੇ ਸੁਭਾਅ ਨੂੰ ਤੈਅ ਕਰ ਰਹੇ ਸਨ ਤੇ ਇਉਂ ਇਸੇ ਅਨੁਸਾਰ ਹੀ ਤਾਕਤਾਂ ਦੇ ਰੋਲ ਨੂੰ ਪਰਖਣ ਲਈ ਆਧਾਰ ਬਣ ਰਹੇ ਸਨ। ਇਸੇ ਪਹੁੰਚ ਦੇ ਅਧਾਰ ਤੇ ਹੀ ਦੁਨੀਆਂ ਭਰ ਅੰਦਰ ਸਾਮਰਾਜੀ ਹੱਲੇ ਖ਼ਿਲਾਫ਼ ਪੁਜੀਸ਼ਨ ਲੈਣ ਵਾਲੇ ਪਿਛਾਖੜੀ ਸ਼ਾਸਕਾਂ ਦਾ ਰੋਲ ਉਨਾਂ ਦੇ ਕਿਰਦਾਰ ਨਾਲੋਂ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ।

                ਅਫਗਾਨਿਸਤਾਨ ਅੰਦਰ ਅਮਰੀਕਾ ਨੇ ਤਾਲਿਬਾਨ ਨੂੰ ਆਪਣੇ ਮੁਲਕ ਦੀ ਪ੍ਰਭੂਸੱਤਾ ਛੱਡ ਕੇ ਸਾਮਰਾਜੀ ਅਧੀਨਗੀ ਪ੍ਰਵਾਨ ਕਰਨ ਲਈ ਦਬਾਅ ਪਾਇਆ ਸੀ ਪਰ ਤਾਲਿਬਾਨ ਨੇ ਸੰਸਾਰ ਦੀ ਮਹਾਂਸ਼ਕਤੀ ਸਾਹਮਣੇ ਝੁਕਣ ਦੀ ਥਾਂ ਟਾਕਰਾ ਕਰਨ ਦਾ ਰਾਹ ਚੁਣਿਆ ਤੇ ਲਗਾਤਾਰ ਵੀਹ ਵਰ੍ਹੇ ਇਸ ਖਿਲਾਫ ਜੂਝੇ ਤੇ ਹੱਕੀ ਜੰਗ ਵਿਚ ਲੋਕਾਂ ਦੇ ਕੈਂਪ ਵਿੱਚ ਸ਼ੁਮਾਰ ਰਹੇ।ਇਸ ਹੱਕੀ ਲੋਕ ਟਾਕਰੇ ਨੇ ਆਖਰ ਨੂੰ ਅਮਰੀਕੀ ਸਾਮਰਾਜੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਇਸ ਲਈ ਸੰਸਾਰ ਭਰ ਅੰਦਰ ਸਾਮਰਾਜੀਆਂ ਤੇ ਲੋਕਾਂ ਵਿਚਲੀ ਵੱਡੀ ਵਿਰੋਧਤਾਈ ਦੇ ਪ੍ਰਸੰਗ ਅੰਦਰ ਇਹ ਲੋਕਾਂ ਲਈ ਉਤਸ਼ਾਹਜਨਕ ਤੇ ਹੌਸਲਾ ਵਧਾਊ ਘਟਨਾ ਵਿਕਾਸ ਹੈ। ਇੱਕ ਅਤਿ ਗ਼ਰੀਬ ਤੇ ਪਛੜੇ ਮੁਲਕ ਦੇ ਲੋਕਾਂ ਨੇ ਇੱਕ ਸਾਮਰਾਜੀ ਧਾੜਵੀ ਤਾਕਤ ਨੂੰ ਆਪਣੀ ਧਰਤੀ ਤੋਂ ਭਜਾਉਣ ਵਿੱਚ ਇੱਕ ਵਾਰ ਸਫਲਤਾ ਹਾਸਲ ਕਰ ਲਈ ਹੈ ਅਤੇ ਆਪਣੇ ਦੇਸ਼ ਦੇ ਨਾਲ ਸਬੰਧਤ ਫੈਸਲੇ ਲੈਣ ਦੇ ਆਪਣੇ ਬੁਨਿਆਦੀ ਜਮਹੂਰੀ ਹੱਕ ਨੂੰ ਸਾਮਰਾਜੀ ਤਾਕਤ ਤੋਂ ਖੋਹਿਆ ਹੈ। ਇਉਂ ਇਹ ਅਫ਼ਗਾਨਿਸਤਾਨ ਦੇ ਲੋਕਾਂ ਦੀ ਸਾਂਝੀ ਜਿੱਤ ਹੈ ਅਤੇ ਸਾਮਰਾਜੀ ਮਹਾਂਸ਼ਕਤੀ ਦੀ ਕਰਾਰੀ ਹਾਰ ਹੈ।

                ਅਗਲਾ ਸੁਆਲ ਇਹ ਹੈ ਕਿ ਇਸ ਟਾਕਰੇ ਦੀ ਜਿੱਤ ਦੇ ਫਲ ਲੋਕ ਕਿਵੇਂ ਮਾਣ ਸਕਦੇ ਹਨ ਪਰ ਇਹ ਮਸਲਾ ਵੀ ਅਫ਼ਗਾਨਿਸਤਾਨ ਦੇ ਲੋਕਾਂ ਦਾ ਮਸਲਾ ਹੈ ਇਸ ਨੂੰ ਤੈਅ ਕਰਨ ਦਾ ਅਧਿਕਾਰ ਕਿਸੇ ਬਾਹਰੀ ਸ਼ਕਤੀ ਨੂੰ ਨਹੀਂ ਹੋ ਸਕਦਾ ਕਿ ਅਫਗਾਨਿਸਤਾਨ ਦੇ ਲੋਕ ਕਿਹੋ ਜਿਹਾ ਰਾਜ ਭਾਗ ਬਣਾਉਣ ਤੇ ਉਸ ਨੂੰ ਕਿਵੇਂ ਚਲਾਉਣ। ਇਹ ਅਫ਼ਗਾਨਿਸਤਾਨ ਦੇ ਲੋਕਾਂ ਸਾਹਮਣੇ ਅਗਲਾ ਕਾਰਜ ਹੈ ਕਿ ਉਹ ਹਰ ਤਰ੍ਹਾਂ ਦੇ ਸਾਮਰਾਜੀ ਦਾਬੇ ਤੇ ਗ਼ੁਲਾਮੀ ਤੋਂ ਮੁਕਤੀ ਲਈ ਖਰਾ ਲੋਕ ਜਮਹੂਰੀ ਨਿਜ਼ਾਮ ਕਾਇਮ ਕਰਨ ਖਾਤਰ ਜੂਝਣ। ਜਿਸ ਰਾਜ ਵਿੱਚ ਔਰਤਾਂ ਸਮੇਤ ਹਰ ਦਬਾਏ ਹੋਏ ਤਬਕੇ ਨੂੰ ਆਜ਼ਾਦੀ ਤੇ ਬਰਾਬਰੀ ਦਾ ਹੱਕ ਮਿਲੇ। ਅਜਿਹਾ ਰਾਜ ਤੇ ਸਮਾਜ ਉਸਾਰਨ ਵੱਲ ਅੱਗੇ ਵਧ ਕੇ ਹੀ ਅਫ਼ਗਾਨਿਸਤਾਨ ਦੇ ਲੋਕ ਇਸ ਹੱਕੀ ਜੰਗ ਚ ਅਮਰੀਕੀ ਹਾਰ ਦੇ ਫਲ ਹਾਸਲ ਕਰ ਸਕਣਗੇ। ਇਸ ਰਾਹ ਤੇ ਅੱਗੇ ਵਧਦਿਆਂ ਕਿਸੇ ਵੀ ਧਾਰਮਿਕ ਮੂਲਵਾਦੀ ਜਾਂ ਪਿਛਾਖੜੀ ਤਾਕਤਾਂ ਨਾਲ ਸਿੱਝਣਾ ਵੀ ਅਫਗਾਨੀ ਲੋਕਾਂ ਦਾ ਕਾਰਜ ਹੈ ਤੇ ਦੁਨੀਆਂ ਭਰ ਦੇ ਕਿਰਤੀ ਲੋਕ ਉਨਾਂ ਦੇ ਇਸ ਕਾਰਜ ਦੀ ਹਮਾਇਤ ਕਰਦੇ ਹਨ।ਅਮਰੀਕੀ ਸਾਮਰਾਜ ਨੂੰ ਸਿੱਧੇ ਫ਼ੌਜੀ ਕਬਜ਼ੇ ਚ ਹਰਾ ਦੇਣ ਮਗਰੋਂ ਇਹ ਅਫਗਾਨੀ ਲੋਕਾਂ ਦਾ ਅਗਲਾ ਸਫਰ ਬਣਦਾ ਹੈ ਜੋ ਉਨਾਂ ਨੇ ਖ਼ੁਦ ਤੈਅ ਕਰਨਾ ਹੈ।

                ਜਿੱਥੋਂ ਤੱਕ ਤਾਲਿਬਾਨ ਦੇ ਰਾਜ ਦੇ ਕਿਰਦਾਰ ਤੇ ਰੋਲ ਨੂੰ ਅੰਗਣ-ਜੋਖਣ ਦਾ ਸਵਾਲ ਹੈ ਇਹਦੀ ਖਾਤਰ ਅਮਰੀਕੀ ਸਾਮਰਾਜੀਆਂ ਜਾਂ ਦੂਸਰੀਆਂ ਸਾਮਰਾਜੀ ਤਾਕਤਾਂ ਨਾਲ ਰਾਜ ਵੱਲੋਂ ਅਖਤਿਆਰ ਕੀਤੀ ਜਾਣ ਵਾਲੀ ਪਹੁੰਚ ਇੱਕ ਅਹਿਮ ਹਵਾਲਾ ਨੁਕਤਾ ਬਣੇਗੀ। ਬਿਨਾ ਸ਼ੱਕ ਤਾਲਿਬਾਨ ਇੱਕ ਧਾਰਮਿਕ ਮੂਲਵਾਦੀ ਸ਼ਕਤੀ ਹੈ ਤੇ ਉਸ ਦਾ ਰਾਜ ਪ੍ਰਬੰਧ ਧਰਮ ਆਧਾਰਤ ਪਿਛਾਖੜੀ ਰਾਜ ਪ੍ਰਬੰਧ ਹੀ ਬਣੇਗਾ ਪਰ ਜਿੱਥੋਂ ਤੱਕ ਸੰਸਾਰ ਸਾਮਰਾਜੀ ਪ੍ਰਬੰਧ ਅੰਦਰ ਇਸ ਦੇ ਰੋਲ ਦਾ ਸਵਾਲ ਹੈ ਇਹ ਇਸ ਰਾਜ ਵੱਲੋਂ ਸਾਮਰਾਜੀ ਮਹਾਂਸ਼ਕਤੀ ਜਾਂ ਹੋਰਨਾਂ ਸਾਮਰਾਜੀ ਸ਼ਕਤੀਆਂ ਦੀ ਅਧੀਨਗੀ ਪ੍ਰਵਾਨ ਕਰਨ ਜਾਂ ਨਾਬਰੀ ਦੇ ਰਾਹ ਤੇ ਚੱਲਣ ਨਾਲ ਜੁੜਿਆ ਹੋਇਆ ਹੈ। ਲੋਕਾਂ ਦੇ ਕੈਂਪ ਦੀਆਂ ਟਾਕਰਾ ਸ਼ਕਤੀਆਂ ’ਚ ਸ਼ੁਮਾਰ ਰਹੀ ਤਾਲਿਬਾਨ ਵੱਲੋਂ ਰਾਜ ਸੱਤਾ ਤੇ ਕਾਬਜ਼ ਹੋ ਜਾਣ ਮਗਰੋਂ ਅਫਗਾਨਿਸਤਾਨ ਦੇ ਲੋਕਾਂ ਤੇ ਤਾਲਿਬਾਨ ਦਾ ਆਪਸੀ ਰਿਸ਼ਤਾ ਵੀ ਬਦਲ ਜਾਵੇਗਾ ਤੇ ਇਹ ਮੁੜ ਨਵੇਂ ਸਿਰੇ ਤੋਂ ਪ੍ਰਭਾਸ਼ਿਤ ਹੋਵੇਗਾ। ਪਰ ਇਸ ਰਿਸ਼ਤੇ ਤੇ ਸਾਮਰਾਜੀ ਦਖ਼ਲ ਅੰਦਾਜ਼ੀ ਦਾ ਪੱਖ ਡੂੰਘੀ ਤਰ੍ਹਾਂ ਅਸਰਅੰਦਾਜ਼ ਹੋਵੇਗਾ।

  

No comments:

Post a Comment