Wednesday, December 1, 2021

ਆਖਰੀ ਨਿਸ਼ਾਨਾ ਵੀ ਖੁੰਝਿਆ....

 

   ਆਖਰੀ ਨਿਸ਼ਾਨਾ ਵੀ ਖੁੰਝਿਆ....

 

                ਅਫਗਾਨਿਸਤਾਨ ਚੋਂ ਵਾਪਸ ਜਾਂਦੇ ਜਾਂਦੇ ਵੀ ਅਮਰੀਕੀ ਸਾਮਰਾਜੀਏ ਅਤਿਵਾਦੀਆਂ ਦੇ ਨਾਂ ਹੇਠ 10 ਸ਼ਹਿਰੀਆਂ ਦਾ ਕਤਲ ਕਰ ਗਏ। ਐਤਵਾਰ ਸ਼ਾਮ ਨੂੰ ਅਮਰੀਕਾ ਨੇ ਕਾਬਲ ਚ ਰਾਕਟ ਦਾਗ ਕੇ ਦਾਅਵਾ ਤਾਂ ਚਾਹੇ ਆਤਮਘਾਤੀ ਬੰਬ ਵਾਲੇ ਨੂੰ ਮਾਰਨ ਦਾ ਕੀਤਾ ਹੈ ਪਰ ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਾਰੇ ਗਏ ਦੋ ਸਿਵਿਲੀਅਨ ਪਰਿਵਾਰ ਹਨ ਜਿਹੜੇ ਅਮਰੀਕਾ ਨੂੰ ਉਡਾਣ ਭਰਨ ਲਈ ਉਡੀਕ ਕਰ ਰਹੇ ਸਨ, ਜਿਨ੍ਹਾਂ ਵਿੱਚ ਸੱਤ ਬੱਚੇ ਵੀ ਸ਼ਾਮਲ ਸਨ। ਇਸ ਰਾਕੇਟ ਹਮਲੇ ਨੇ ਦੋ ਕਾਰਾਂ ਤੇ ਸ਼ਹਿਰ ਦੇ ਕਈ ਘਰ ਤਬਾਹ ਕਰ ਦਿੱਤੇ। ਅਫਗਾਨਿਸਤਾਨ ਵਿਚ ਇਹ ਅਮਰੀਕੀ ਜੰਗੀ ਮੁਹਿੰਮ ਦਾ ਆਖਰੀ ਰਾਕੇਟ ਹਮਲਾ ਕਿਹਾ ਗਿਆ ਕਿਉਂਕਿ 31 ਅਗਸਤ ਨੂੰ ਅਫਗਾਨਿਸਤਾਨ ’ਚੋਂ ਨਿਕਲ ਜਾਣ ਦੀ ਡੈਡਲਾਈਨ ਸੀ। ਇਹ ‘‘ਆਖਰੀ ਹਮਲਾ’’ ਹੀ ਅਜਿਹਾ ਨਹੀਂ ਸੀ ਜਿਸ ਬਾਰੇ ਅਮਰੀਕੀ ਦਾਅਵਾ ਝੂਠਾ ਸਾਬਤ ਹੋਇਆ। ਸਭ ਤੋਂ ਪਹਿਲਾ ਅਮਰੀਕੀ ਡਰੋਨ ਹਮਲਾ ਵੀ ਅਜਿਹਾ ਹੀ ਸੀ ਜਿਸ ਰਾਹੀਂ ਅਕਤੂਬਰ 2001 ਵਿੱਚ ਤਾਲਿਬਾਨ ਮੁਖੀ ਮੁੱਲਾ ਉਮਰ ਨੂੰ ਮਾਰਨ ਦਾ ਦਾਅਵਾ ਕੀਤਾ ਗਿਆ ਜਦਕਿ ਹਕੀਕਤ ਵਿੱਚ ਉਹ ਟੀ ਬੀ ਦੀ ਬਿਮਾਰੀ ਨਾਲ 2013 ਚ ਮਰਿਆ ਸੀ। ਇਸ ਆਖਰੀ ਤੇ ਪਹਿਲੇ ਡਰੋਨ ਹਮਲੇ ਦੇ ਵਿਚਕਾਰ ਲੰਘੇ 20 ਸਾਲਾਂ ਦੌਰਾਨ ਅਨੇਕਾਂ ਵਾਰ ਅਮਰੀਕੀ ਡਰੋਨਾਂ ਨੇ ਪਾਕਿਸਤਾਨ ਅਫ਼ਗ਼ਾਨਿਸਤਾਨ ਸਰਹੱਦ ਤੇ ਇਉਂ ਹੀ ਘਰਾਂ ਦੇ ਘਰ ਤਬਾਹ ਕੀਤੇ ਸਨ ਤੇ ਅਤਿਵਾਦੀਆਂ ਦੇ ਨਾਂ ਹੇਠ ਲੋਕਾਂ ਦਾ ਘਾਣ ਕੀਤਾ ਸੀ।

                ਉਂਜ ਤਾਂ ਅਮਰੀਕਾ ਵੱਲੋਂ ਅਫਗਾਨਿਸਤਾਨ ਤੇ ਹਮਲੇ ਦਾ ਸਾਰਾ ਦਾਅਵਾ ਹੀ ਝੂਠਾ ਸਾਬਤ ਹੋਇਆ ਹੈ। ਵੀਹ ਸਾਲਾਂ ਦੀ ਇਸ ਜੰਗ ’ਚ ਲੱਖਾਂ ਬੇਦੋਸ਼ੇ ਲੋਕਾਂ ਨੂੰ ਕਤਲ ਕੀਤਾ, ਅਮਰੀਕੀ ਡਰੋਨਾਂ ਨੇ ਲੋਕਾਂ ਦੇ ਵਿਆਹ ਸਮਾਗਮਾਂ ਦੀਆਂ ਖੁਸ਼ੀਆਂ ਨੂੰ ਮਾਤਮ ਚ ਬਦਲਿਆ ਸੀ। ਕਿੰਨੇਂ ਮਾਸੂਮ ਬੱਚਿਆਂ ਤੇ ਅੱਗ ਵਰਸਾਈ ਸੀ ਤੇ ਹੁਣ ਦੁਨੀਆਂ ਭਰ ਚ ਤੋਏ-ਤੋਏ ਕਰਵਾ ਕੇ ਵਾਪਸ ਭੱਜ ਰਿਹਾ ਅਮਰੀਕੀ ਸਾਮਰਾਜ ਬੁਰੀ ਤਰ੍ਹਾਂ ਬੌਖਲਾਹਟ ’ਚ ਹੈ। ਅਸਲ ਹਕੀਕਤ ਇਹ ਹੈ ਕਿ ਇਹ ਸਿਰਫ਼ ਨਿਸ਼ਾਨੇ ਖੁੰਝਣ ਦਾ ਮਸਲਾ ਹੀ ਨਹੀਂ ਹੈ ਕਬਜ਼ੇ ਅਧੀਨ ਮੁਲਕਾਂ ਅੰਦਰ ਸਾਮਰਾਜੀਏ ਜੰਗਬਾਜ਼ ਇਉਂ ਹੀ ਪੇਸ਼ ਆਉਂਦੇ ਹਨ। ਇਹ ਹਮਲੇ ਅਮਰੀਕੀ ਜੰਗਬਾਜ਼ਾਂ ਖਿਲਾਫ  ਜੂਝਦੇ ਅਫਗਾਨ ਲੋਕਾਂ ਨੂੰ ਖ਼ੌਫ਼ਜ਼ਦਾ ਕਰਨ ਤੇ ਸਬਕ ਸਿਖਾਉਣ ਲਈ ਹੀ ਕੀਤੇ ਜਾਂਦੇ ਸਨ ਇਹ ਹਮਲਾ ਵੀ ਅਮਰੀਕੀ ਸਾਮਰਾਜੀਆਂ ਦੀ ‘‘ਅਤਿਵਾਦ ਖਿਲਾਫ ਜੰਗ’’  ਦੇ ਹਸ਼ਰ ਤੇ ਇਸਦੇ ਹਕੀਕੀ ਤੱਤ ਦੀ  ਗਵਾਹੀ ਬਣਿਆ ਹੈ।

No comments:

Post a Comment