Tuesday, August 11, 2020

ਟਰੰਪ ਦਾ ਦੌਰਾ: ਮੁਲਕ ਲੁਟਾਉਂਦੇ ਤੇ ਪੂਛ ਹਿਲਾਉਂਦੇ ਰਹੇ ਦਲਾਲ ਹਾਕਮ

 

ਟਰੰਪ ਦਾ ਦੌਰਾ:

ਮੁਲਕ ਲੁਟਾਉਂਦੇ ਤੇ ਪੂਛ ਹਿਲਾਉਂਦੇ ਰਹੇ ਦਲਾਲ ਹਾਕਮ

ਦਿੱਲੀ ਅੰਦਰ ਮੁਸਲਿਮ ਵਸੋਂ ਦੇ ਹਿੰਦੂ ਫਾਸ਼ੀ ਟੋਲਿਆਂ ਵੱਲੋਂ ਰਚਾਏ ਜਾ ਰਹੇ ਕਤਲੇਆਮ ਅਤੇ ਤਬਾਹੀ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਸੰਪੰਨ ਹੋਈ ਹੈ। ਆਪਣੇ ਵਪਾਰਕ, ਫੌਜੀ ਅਤੇ ਸਿਆਸੀ ਮੰਤਵਾਂ ਪੱਖੋਂ ਲੋਕ-ਹਿੱਤਾਂ ਨਾਲ ਇਸ ਫੇਰੀ ਦਾ ਵਿਰੋਧ ਤਾਂ ਵੱਖਰਾ ਮਸਲਾ ਹੈ, ਪਰ ਰਾਜਧਾਨੀ ਵਿਚ ਖੇਡੇ ਜਾ ਰਹੇ ਖੂਨੀ ਤਾਂਡਵ ਦੇ ਦਰਮਿਆਨ ਜਿਸ ਤਰ੍ਹਾਂ ਟਰੰਪ ਦੇ ਸ਼ਾਹੀ ਸਵਾਗਤ ਦੇ ਜਸ਼ਨਾਂ ਨੂੰ ਬਿਨਾਂ ਰੱਤੀ ਭਰ ਆਂਚ ਦੇ ਅਤੇ ਪੂਰੇ ਢੋਲ ਢਮੱਕੇ ਨਾਲ ਸਿਰੇ ਚਾੜ੍ਹਿਆ ਗਿਆ, ਇਹ ਗੱਲ ਆਪਣੇ ਆਪ ਵਿਚ ਠੋਕਵਾਂ ਸਬੂਤ ਹੈ ਕਿ ਭਾਰਤੀ ਲੋਕਾਂ ਦੀਆਂ ਜ਼ਿੰਦਗੀਆਂ ਇਹਨਾਂ ਜੋਕਾਂ ਲਈ ਕੋਈ ਮਾਅਨੇ ਨਹੀਂ ਰਖਦੀਆਂ।

ਇੱਕ ਪਾਸੇ ਭਾਜਪਾ ਦੀ ਸੋਚੀ ਸਮਝੀ ਸਕੀਮ ਮੁਤਾਬਿਕ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸੜਕਾਂ ਉੱਪਰ ਤੇ ਘਰਾਂ ਅੰਦਰ ਕੋਹਿਆ ਜਾ ਰਿਹਾ ਸੀ, ਉਹਨਾਂ ਦੇ ਘਰ ਦੁੁਕਾਨਾਂ ਤੇ ਮਾਲ ਅਸਬਾਬ ਨੂੰ ਅਗਨ ਭੇਂਟ ਕੀਤਾ ਜਾ ਰਿਹਾ ਸੀ, ਔਰਤਾਂ ਦੀ ਬੇਪਤੀ ਕੀਤੀ ਜਾ ਰਹੀ ਸੀ ਅਤੇ ਦੂਜੇ ਪਾਸੇ ਇਸ ਫੇਰੀ ਦੌਰਾਨ ਟਰੰਪ ਦੀ ਆਓ ਭਗਤ ਲਈ ਪਿਛਲੇ ਸਾਰੇ ਰਿਕਾਰਡ ਤੋੜੇ ਜਾ ਰਹੇ ਸਨ। ਲੋਕਾਂ ਦੀ ਕਿਰਤ ਕਮਾਈ ਨੂੰ   ਨਿਚੋੜ ਕੇ ਭਰੇ ਖਜਾਨੇ ਲੋਕ-ਦੁਸ਼ਮਣ ਸਾਮਰਾਜ ਦੇ ਨੁਮਾਇੰਦੇ ਉੱਪਰ ਪਾਣੀ ਵਾਂਗ ਵਹਾਏ ਜਾ ਰਹੇ ਸਨ। ਇਕ ਖਬਰ ਮੁਤਾਬਕ ਟਰੰਪ ਦੀ ਤਿੰਨ ਘੰਟਿਆਂ ਦੀ ਗੁਜਰਾਤ ਫੇਰੀ ਦੌਰਾਨ ਹੀ ਪ੍ਰਤੀ ਮਿੰਟ 55 ਲੱਖ ਰੁਪਏ ਖਰਚ ਕੀਤੇ ਜਾਣੇ ਸਨ। ਗੁਜਰਾਤ ਸਰਕਾਰ ਵੱਲੋਂ ਟਰੰਪ ਦੀ ਫੇਰੀ ਤੇ ਕੀਤਾ ਗਿਆ ਖਰਚ ਉਸ ਦੇ ਸਾਲਾਨਾ ਬਜਟ ਦਾ ਡੇਢ ਫੀਸਦੀ ਬਣਦਾ ਹੈ। ਇਸ ਤੋਂ ਇਲਾਵਾ ਵੀ ਕੇਂਦਰ ਸਰਕਾਰ ਵੱਲੋਂ 100 ਕਰੋੜ ਰੁਪਏ ਤੋਂ ਉੱਪਰ ਰਾਸ਼ੀ ਇਸ ਸ਼ਾਹੀ ਸਵਾਂਗ ਵਾਸਤੇ ਖਰਚੀ ਗਈ ਦੱਸੀ ਜਾਂਦੀ ਹੈ।

ਇਸ ਫੇਰੀ ਦੌਰਾਨ ਭਾਵੇਂ ਭਾਰਤੀ ਦਲਾਲ ਸਰਮਾਏਦਾਰੀ ਅਤੇ ਅਮਰੀਕੀ ਕਾਰਪੋਰੇਟ ਹਿੱਤਾਂ ਵਿਚ ਟਕਰਾਅ ਦੇ ਚਲਦੇ ਦੋਨਾਂ ਹਕੂਮਤਾਂ ਦੀਆਂ ਗਿਣਤੀਆਂ ਮਿਣਤੀਆਂ ਸਦਕਾ ਵਪਾਰਕ ਸੰਧੀ ਨੂੰ ਪਿੱਛੇ ਪਾਇਆ ਗਿਆ ਹੈ, ਪਰ ਹਥਿਆਰਾਂ ਸਬੰਧੀ ਸੌਦਾ ਕੀਤਾ ਗਿਆ ਹੈ, ਜਿਸ ਅਨੁਸਾਰ ਭਾਰਤ ਅਮਰੀਕਾ ਤੋਂ ਤਿੰਨ ਖਰਬ ਡਾਲਰ ਕੀਮਤ ਦਾ ਜੰਗੀ ਸਾਜੋਸਮਾਨ ਖਰੀਦੇਗਾ, ਜੀਹਦੇ ਵਿਚ 24 ਅਧੁਨਿਕ ਸੀ ਹਾਕ ਹੈਲੀਕਾਪਟਰ ਅਤੇ 6 ਏਪੇਕ ਹੈਲੀਕਾਪਟਰ ਹੋਣਗੇ। ਇਸ ਸੰਧੀ ਅਨੁਸਾਰ ਭਾਰਤ ਅਤੇ ਅਮਰੀਕਾ ਆਧੁਨਿਕ ਫੌਜੀ ਸਿਸਟਮ ਬਣਾਉਣ ਅਤੇ ਵਿਕਸਿਤ ਕਰਨ ਲਈ ਨੇੜਿਉ   ਮਿਲ ਕੇ ਕੰਮ ਕਰਨਗੇ। ਅਧੁਨਿਕ ਫੌਜੀ ਸਾਜੋਸਮਾਨ, ਕਲਪੁਰਜ਼ੇ ਅਤੇ ਫੌਜੀ ਪਲੇਟਫਾਰਮਾਂ ਦੇ ਵਿਕਾਸ ਲਈ ਨੇੜਲਾ ਸਹਿਯੋਗ ਕੀਤਾ ਜਾਵੇਗਾ। ਭਾਰਤੀ ਮਹਾਂਸਾਗਰ ਦੇ ਖੇਤਰ ਅੰਦਰ ਇਸ ਸਹਿਯੋਗ ਦੀ ਵਿਸ਼ੇਸ਼ ਲੋੜ ਉੱਪਰ ਦੋਨਾਂ ਮੁਲਕਾਂ ਵੱਲੋਂ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ਇਹ ਸਮਝੌਤੇ ਨਾ ਸਿਰਫ ਭਾਰਤ ਦੇ ਲੋਕਾਂ ਦੀ ਲੋੜ ਨਹੀਂ ਹਨ ਬਲਕਿ ਇਸ ਉੱਪਰ ਖਰਚੇ ਜਾਣ ਵਾਲੇ ਲਗਭਗ 24000 ਕਰੋੜ ਰੁਪਏ ਲੋਕਾਂ ਦੀਆਂ ਲੋੜੀਂਦੀਆਂ ਸਹੂਲਤਾਂ ਛਾਂਗ ਕੇ ਜੁਟਾਏ ਗਏ ਹਨ। ਇਸ ਖਿੱਤੇ ਅੰਦਰ ਚੌਧਰੀ ਬਣਨ ਦੀ ਭਾਰਤ ਦੀ ਲਾਲਸਾ ਅਮਰੀਕਾ, ਇਜ਼ਰਾਈਲ ਵਰਗੇ ਖੂੰਨੀ ਧਾੜਵੀਆਂ ਨਾਲ ਨਵੇਂ ਤੋਂ ਨਵੇਂ ਫੌਜੀ ਰਿਸ਼ਤੇ ਤੇ ਸੰਧੀਆਂ ਸਿਰਜਦੀ ਆਈ ਹੈ ਤੇ ਭਾਰਤ ਇਹਨਾਂ ਧਾੜਵੀਆਂ ਦੇ ਖੂਨੀ ਕੁਕਰਮਾਂ ਦਾ ਸ਼ਿਕਾਰ ਬਣੇ ਮਜ਼ਲੂਮ ਲੋਕਾਂ ਦੀ ਨਫਰਤ ਦਾ ਪਾਤਰ ਬਣਨ ਦੇ ਰਾਹ ਅੱਗੇ ਵਧ ਰਿਹਾ ਹੈ। ਹੁਣ ਵੀ ਚੀਨ ਦੀ ਉੱਭਰ ਰਹੀ ਆਰਥਿਕ ਤੇ ਫੌਜੀ ਸ਼ਕਤੀ ਦੇ ਮੁਕਾਬਲੇ ਭਾਰਤ ਨੂੰ ਇਸ ਖਿੱਤੇ ਅੰਦਰ ਸ਼ਹਿ ਦੇਣਾ ਅਮਰੀਕੀ ਸਾਮਰਾਜੀਆਂ ਦੀ ਲੋੜ ਹੈ। ਇਸੇ ਕਾਰਨ ਭਾਰਤ ਨਾਲ ਹੁੰਦੇ ਹਥਿਆਰ ਸਮਝੌਤੇ ਉਸ ਦਾ ਦੂਹਰਾ ਮੰਤਵ ਸਾਰਦੇ ਹਨ। ਇਕ ਪਾਸੇ ਇਹ ਅਮਰੀਕੀ ਹਥਿਆਰ ਕੰਪਨੀਆਂ ਲਈ ਮੁਨਾਫੇ ਦਾ ਸੌਦਾ ਬਣਦੇ ਹਨ ਤੇ ਦੂਜੇ ਪਾਸੇ ਇਸ ਖਿੱਤੇ ਅੰਦਰ ਆਪਣਾ ਹਥਿਆਰਬੰਦ ਪਿੱਠੂ ਖੜ੍ਹਾ ਕਰਕੇ ਚੀਨੀ ਸਰਦਾਰੀ ਨੂੰ   ਚੁਣੌਤੀ ਬਣਦੇ ਹਨ ਤੇ ਇਸ ਖਿੱਤੇ ਦੀ ਪਹਿਰੇਦਾਰੀ ਦੀਆਂ ਅਮਰੀਕੀ ਲੋੜਾਂ ਪੂਰੀਆਂ ਕਰਦੇ ਹਨ। ਇਸ ਤੋਂ ਪਹਿਲਾਂ ਵੀ ਭਾਰਤ, ਅਮਰੀਕੀ ਸਾਮਰਾਜੀਆਂ ਨੂੰ ਆਪਣੇ ਮਿਲਟਰੀ ਬੇਸ ਵਰਤਣ ਦੀ ਆਗਿਆ ਦੇ ਚੁੱਕਿਆ ਹੈ। ਭਾਰਤ ਨੇ 2016 ਅੰਦਰ ਅਮਰੀਕਾ ਨਾਲ ਦੋ ਬਹੁਤ ਮਹੱਤਵਪੂਰਨ   ਮਿਲਟਰੀ ਸਮਝੌਤੇ ਸਹੀਬੰਦ ਕੀਤੇ ਸਨ। ਪਹਿਲੇ ਸਮਝੌਤੇ ਰਾਹੀਂ ਭਾਰਤੀ ਬੰਦਰਗਾਹਾਂ ਅਤੇ ਹਵਾਈ ਬੇਸ ਅਮਰੀਕੀ ਫੌਜੀ ਜਹਾਜ਼ਾਂ ਦੇ ਰੁਟੀਨ ਬਾਲਣ ਭਰਾਉਣ ਅਤੇ ਸਪਲਾਈ ਦੇਣ ਲਈ ਖੋਲ੍ਹੇ ਗਏ ਸਨ। ਦੂਜਾ ਸਮਝੌਤਾ ਭਾਰਤੀ ਅਤੇ ਅਮਰੀਕੀ ਸੁਰੱਖਿਆ ਦੀ ਆਪਸੀ ਕਾਰਜਸ਼ੀਲਤਾ ਵਧਾਉਣ ਅਤੇ ਵਿਕਸਿਤ ਖੁਫੀਆ ਗੱਲਬਾਤ ਦੀ ਵਰਤੋਂ ਸਬੰਧੀ ਸੀ। ਹੁਣ ਵੀ ਗੱਲਬਾਤ ਰਾਹੀਂ ਵਿਚਾਰਿਆ ਤੀਜਾ ਸਮਝੌਤਾ ਭਾਰਤ ਵੱਲੋਂ ਆਪਣੇ ਡਰੋਨਾਂ, ਮਿਜ਼ਾਈਲਾਂ ਦੀ ਕਾਰਗਰਤਾ ਤੇ ਨਿਸ਼ਾਨਾ ਵਧਾਉਣ ਲਈ ਅਮਰੀਕੀ ਮੁਹਾਰਤ ਦੀ ਵਰਤੋਂ   ਸਬੰਧੀ ਹੈ। ਇਸੇ ਸੰਧੀ ਤਹਿਤ ਭਵਿੱਖ ਵਿਚ ਭਾਰਤ ਤੇ ਅਮਰੀਕਾ ਸਾਂਝੇ ਤੌਰ ਤੇ ਹਥਿਆਰ ਬਣਾਉਣਗੇ। ਭਾਰਤ ਦਾ ਅਜਿਹਾ ਫੌਜੀਕਰਨ ਗੁਆਂਢ ਅੰਦਰ ਬੇਲੋੜੇ ਖਤਰੇ ਖੜ੍ਹੇ ਕਰਕੇ ਤੇ ਅਮਰੀਕਾ, ਇਜ਼ਰਾਈਲ ਵਰਗੇ ਧਾੜਵੀਆਂ ਨਾਲ ਹੱਥ ਮਿਲਾ ਕੇ ਭਾਰਤੀ ਲੋਕਾਂ ਨੂੰ ਬਲਦੀ ਦੇ ਬੂਥੇ ਦੇਣ ਦੀ ਕਵਾਇਦ   ਹੈ। ਇਸ ਕਰਕੇ ਇਸ ਫੇਰੀ ਦੌਰਾਨ ਕੀਤੇ ਫੌਜੀ ਸਮਝੌਤੇ ਵੀ ਭਾਰਤੀ ਲੋਕਾਂ ਦੇ ਹਿੱਤਾਂ ਦੇ ਉਲਟ ਹਨ।

ਇਸ ਮੌਕੇ ਡੋਨਾਲਡ ਟਰੰਪ ਵੱਲੋਂ ਕੀਤੇ ਐਲਾਨ ਅਨੁਸਾਰ ਐਕਸੌਨ ਮੋਬਿਲ ਕੰਪਨੀ ਨੇ ਭਾਰਤ ਦੀ ਕੁਦਰਤੀ ਗੈਸ ਦੀ ਵੰਡ ਵਿਚ ਸੁਧਾਰ ਸਬੰਧੀ ਸੰਧੀ ਕੀਤੀ ਹੈ ਤਾਂ ਜੋ ਅਮਰੀਕਾ ਭਾਰਤ ਨੂੰ ਵਧੇਰੇ ਤਰਲ ਕੁਦਰਤੀ ਗੈਸ ਨਿਰਯਾਤ ਕਰ ਸਕੇ। ਭਾਰਤ ਅੰਦਰ ਅਮਰੀਕਾ ਵੱਲੋਂ 6 ਪ੍ਰਮਾਣੂ-ਰਿਐਕਟਰ ਲਾਉਣ ਸਬੰਧੀ ਦੋਨਾਂ ਧਿਰਾਂ ਨੇ ਹੀ ਉਤਸ਼ਾਹ ਦਿਖਾਇਆ ਹੈ। ਇਸ ਮਿਲਣੀ ਦੌਰਾਨ ਹੋਏ ਸਭ ਫੈਸਲੇ ਪੂਰੀ ਤਰ੍ਹਾਂ ਭਾਰਤੀ ਲੋਕਾਂ ਦੇ ਹਿੱਤਾਂ ਦੇ ਉਲਟ ਹਨ। ਪ੍ਰਮਾਣੂ ਰਿਐਕਟਰ ਨਾ ਸਿਰਫ ਮਹਿੰਗੇ ਅਤੇ ਵਾਤਾਵਰਨ ਲਈ ਅਤਿਅੰਤ ਨੁਕਸਾਨਦਾਇਕ ਹਨ, ਬਲਕਿ ਇਹਨਾਂ ਦਾ ਕਚਰਾ ਵੀ ਸੰਸਾਰ ਲਈ ਗੰਭੀਰ ਸੰਕਟ ਹੈ। ਤਾਮਿਲਨਾਡੂ ਦੇ ਪ੍ਰਮਾਣੂੰ ਪਲਾਂਟ ਦਾ ਲੋਕਾਂ ਵੱਲੋਂ ਪਹਿਲਾਂ ਹੀ ਵਿਰੋਧ ਕੀਤਾ ਗਿਆ ਹੈ। ਹੁਣ 6 ਹੋਰ ਪਲਾਂਟਾਂ ਦਾ ਮਤਾ ਭਾਰਤੀ ਲੋਕਾਂ ਦੀਆਂ ਜਾਨਾਂ ਅਤੇ ਵਾਤਾਵਰਨ ਨੂੰ ਖਤਰੇ ਮੂੰਹ ਪਾਉਣਾ ਹੈ।

ਇਸ ਫੇਰੀ ਪਿਛੇ ਟਰੰਪ ਦਾ ਇਕ ਮਕਸਦ ਅਗਾਮੀ ਚੋਣਾਂ ਅੰਦਰ ਭਾਰਤੀ-ਅਮਰੀਕੀ ਵਸੋਂ ਨੂੰ ਆਪਣੇ ਹੱਕ ਭੁਗਤਾਉਣਾ ਅਤੇ ਇੱਕ ਹਰਮਨ ਪਿਆਰੇ ਆਗੂ ਵਜੋਂ ਆਪਣਾ ਅਕਸ ਉਭਾਰਨਾ ਸੀ। ਮੋਦੀ ਦੀ ਸਤੰਬਰ ਮਹੀਨੇ ਦੀ ਅਮਰੀਕੀ ਫੇਰੀ ਦੌਰਾਨ ਹਾਓਡੀ ਮੋਦੀਦਾ ਆਯੋਜਨ ਵੀ ਏਸੇ ਪ੍ਰਸੰਗ ਸੀ ਜਿੱਥੇ ਮੋਦੀ ਨੇ ਅਬ ਕੀ ਬਾਰ ਟਰੰਪ ਸਰਕਾਰਦੇ ਨਾਅਰੇ ਲਗਵਾਏ ਸਨ। ਪਰ ਇਸ ਫੇਰੀ ਦਾ ਇਕ ਵਡੇਰਾ ਮਕਸਦ ਭਾਰਤੀ-ਅਮਰੀਕੀ ਰਣਨੀਤਕ ਭਾਈਵਾਲੀ ਦਾ ਵਿਕਾਸ ਕਰਕੇ ਚੀਨ ਦੀ ਉੱਭਰ ਰਹੀ ਤਾਕਤ ਨੂੰ ਚੁਣੌਤੀ ਦੇਣਾ ਵੀ ਹੈ। ਭਾਵੇਂ ਪਿਛਲੇ ਦੋ ਦਹਾਕਿਆਂ ਤੋਂ ਅਮਰੀਕਾ ਨਾਲ ਰਣਨੀਤਕ ਸਬੰਧਾਂ ਭਾਰਤ ਦੀ ਵਿਦੇਸ਼ ਨੀਤੀ ਦਾ ਉੱਭਰਵਾਂ ਅੰਗ ਰਿਹਾ ਹੈ ਅਤੇ ਪਿਛਲੇ 10-12 ਸਾਲਾਂ ਦੌਰਾਨ ਅਮਰੀਕਾ ਤੋਂ ਹਥਿਆਰਾਂ ਦੀ ਖਰੀਦ ਵੀ ਜ਼ੀਰੋ ਤੋਂ ਵਧ ਕੇ 15 ਖਰਬ ਡਾਲਰ ਤੱਕ ਜਾ ਅੱਪੜੀ ਹੈ ਪਰ ਮੋਦੀ ਹਕੂਮਤ ਦੀ 6 ਸਾਲਾਂ ਦੀ ਸੱਤਾ ਦੌਰਾਨ ਇਹ ਭਾਈਵਾਲੀ ਬਹੁਤ ਤੇਜ਼ੀ ਨਾਲ ਵਧੀ ਹੈ ਅਤੇ ਭਾਰਤ ਅਮਰੀਕੀ ਸਾਮਰਾਜ ਦੇ ਇਸ ਖੇਤਰ ਅੰਦਰ ਮੁੱਖ ਭਾਈਵਾਲ ਵਜੋਂ ਤਿਆਰ ਹੋ ਰਿਹਾ ਹੈ। ਇਸੇ ਭਾਈਵਾਲੀ ਤਹਿਤ ਭਾਰਤ ਨੇ ਨਵੰਬਰ 2018 ਵਿਚ ਇਰਾਨ ਖਿਲਾਫ ਨਿਹੱਕੀਆਂ ਬੰਦਸ਼ਾਂ ਆਇਦ ਕਰਨ ਵਿਚ ਅਮਰੀਕਾ ਦਾ ਸਾਥ ਦਿੱਤਾ ਸੀ ਅਤੇ ਗੰਭੀਰ ਆਰਥਿਕ ਤੇ ਰਣਨੀਤਕ ਹਰਜੇ ਝੱਲ ਕੇ ਵੀ ਇਰਾਨ ਤੋਂ ਸਸਤੇ ਤੇਲ ਦੀ ਸਪਲਾਈ ਬੰਦ ਕੀਤੀ ਸੀ। ਹੁਣ ਵੀ ਬੀਤੇ ਜਨਵਰੀ ਮਹੀਨੇ ਦੌਰਾਨ ਜਦੋਂ ਅਮਰੀਕਾ ਨੇ ਡਰੋਨ ਹਮਲੇ ਰਾਹੀਂ ਇਰਾਨੀ ਜਰਨੈਲ ਕਾਸਮ ਸੁਲੇਮਾਨੀ ਦਾ ਕਤਲ ਕੀਤਾ ਸੀ ਤਾਂ   ਉਸੇ ਵੇਲੇ ਫਟਾਫਟ ਮੋਦੀ ਨੇ ਟਰੰਪ ਨੂੰ ਫੋਨ ਕਰਕੇ ਅਮਰੀਕੀ ਭਾਰਤੀ ਰਣਨੀਤਕ ਸਬੰਧ ਵਧਾਉਣ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਅਤੇ ਭਾਰਤੀ ਮਹਾਂਸਾਗਰ ਦੀ ਇਸ ਖਿੱਤੇ ਅੰਦਰ ਰਣਨੀਤਕ ਮਹੱਤਤਾ ਨੂੰ ਪ੍ਰਵਾਨਦਿਆਂ ਮਈ 2018 ਅੰਦਰ ਅਮਰੀਕਾ ਨੇ ਸ਼ਾਂਤ ਮਹਾਂਸਾਗਰ ਅੰਦਰ ਆਪਣੀ ਪੈਸੀਫਿਕ ਕਮਾਂਡ ਦਾ ਨਾਂ ਬਦਲ ਕੇ ਇੰਡੋ-ਅਮਰੀਕੀ ਪੈਸੀਫਿਕ ਕਮਾਂਡ ਕਰ ਲਿਆ ਸੀ। ਭਾਰਤੀ ਮਹਾਂਸਾਗਰ ਚੀਨ ਨੂੰ ਤੇਲ ਸਪਲਾਈ ਕਰਨ ਦਾ ਮੁੱਖ ਰਾਹ ਬਣਦਾ ਹੈ ਅਤੇ ਚੀਨੀ ਵਸਤਾਂ ਦੇ ਯੂਰਪ, ਅਫਰੀਕਾ ਅਤੇ ਮੱਧ-ਪੂਰਬ ਨੂੰ ਸਪਲਾਈ ਦਾ ਲਾਂਘਾ ਵੀ ਇਹੋ ਹੈ। ਇਸ ਤੇ ਕੰਟਰੋਲ ਰਾਹੀਂ ਅਮਰੀਕਾ ਚੀਨ ਦੀ ਸਪਲਾਈ ਚੇਨ ਨੂੰ ਪ੍ਰਭਾਵਤ ਕਰਨ ਦੀ ਸਮਰੱਥਾ ਹਾਸਲ ਕਰਨਾ ਚਾਹੁੰਦਾ ਹੈ ਤੇ ਇਸ ਲਈ ਉਸ ਨੂੰ ਭਾਰਤੀ ਭਾਈਵਾਲੀ ਦੀ ਲੋੜ ਹੈ। ਦੂਜੇ ਪਾਸੇ ਇਹ ਭਾਈਵਾਲੀ ਇਸ ਖੇਤਰ ਅੰਦਰ ਚੌਧਰ ਦੀਆਂ ਭਾਰਤੀ ਹਕੂਮਤ ਦੀਆਂ ਇੱਛਾਵਾਂ ਦੇ ਵੀ ਅਨੁਕੂਲ ਹੈ। ਪਿਛਲੇ ਸਮੇਂ ਅੰਦਰ ਪੁਲਵਾਮਾ ਹਮਲੇ, ਉਸ ਤੋਂ ਬਾਅਦ ਦੇ ਘਟਨਾਕ੍ਰਮ ਅਤੇ ਧਾਰਾ 370 ਦੇ ਖਾਤਮੇ ਦੇ ਅਮਲ ਦੌਰਾਨ, ਟਰੰਪ ਹਕੂਮਤ ਨੇ ਮੋਦੀ ਹਕੂਮਤ ਦੀ ਹਮਾਇਤ ਕੀਤੀ ਹੈ ਅਤੇ ਇਸ ਥਾਪੜੇ ਦੇ ਸਿਰ ਤੇ ਮੋਦੀ ਹਕੂਮਤ ਪਹਿਲਾਂ ਬਾਲਕੋਟ ਹਮਲੇ ਕਰਨ ਤੱਕ ਗਈ ਤੇ ਫਿਰ ਪਾਕਿਸਤਾਨ ਖਿਲਾਫ ਲਗਾਤਾਰ ਭੜਕਾਊ ਬਿਆਨਬਾਜੀ ਕਰਦੀ ਰਹੀ ਹੈ। ਹੁਣ ਵੀ ਇਸ ਫੇਰੀ ਦੌਰਾਨ ਦੋਨਾਂ ਮੁਲਕਾਂ ਨੇ ਆਪਣੇ ਸਾਂਝੇ ਬਿਆਨ ਵਿਚ ਸਰਹੱਦ ਪਾਰਲੇ ਅੱਤਵਾਦ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕੀਤੀ ਹੈ। ਵੈਸੇ ਵੀ ਸੱਜੇ ਪੱਖੀ ਟਰੰਪ ਅਤੇ ਮੋਦੀ ਹਕੂਮਤ ਦਾ ਇਸਲਾਮਿਕ ਅੱਤਵਾਦ ਖਿਲਾਫ ਲਾਮਬੰਦੀ ਦਾ ਪੈਂਤੜਾ ਸਾਂਝਾ ਹੈ। ਟਰੰਪ ਨੇ ਅਮਰੀਕਾ ਅੰਦਰ ਇਸਲਾਮਿਕ ਅਤੇ ਹੋਰ ਪਛੜੇ ਮੁਲਕਾਂ ਦੇ ਨਾਗਰਿਕਾਂ ਦੇ ਦਾਖਲੇ ਤੇ ਬੰਦਸ਼ਾਂ ਲਾਈਆਂ ਹਨ, ਮੈਕਸੀਕੋ ਵੱਲ ਕੰਧ ਉਸਾਰੀ ਹੈ ਤੇ ਪ੍ਰਵਾਸੀਆਂ ਖਿਲਾਫ ਕਾਨੂੰਨ ਸਖਤ ਕੀਤੇ ਹਨ।

ਅਮਰੀਕੀ ਸਾਮਰਾਜੀ ਤਾਕਤ ਨਾਲ ਇਹ ਹਥਿਆਰ ਸੰਧੀ ਜਾਂ ਅਜਿਹੀਆਂ ਹੋਰ ਸੰਧੀਆਂ ਭਾਰਤੀ ਦਲਾਲ ਸਰਮਾਏਦਾਰਾਂ ਲਈ ਤਾਂ ਠੇਕੇ ਹਾਸਲ ਕਰਨ ਅਤੇ ਮੁਨਾਫੇ ਬਟੋਰਨ ਦਾ ਸਾਧਨ ਬਣ ਸਕਦੀਆਂ ਹਨ, ਪਰ ਭਾਰਤੀ ਕਿਰਤੀ ਲੋਕਾਂ ਦੇ ਹਿੱਤਾਂ ਨਾਲ ਐਨ ਟਕਰਾਵੀਆਂ ਹਨ।

No comments:

Post a Comment