Tuesday, August 11, 2020

8 ਮਾਰਚ ਦਾ ਦਿਹਾੜਾ: ਮੁਲਕ ’ਚ ਜਾਗ ਰਹੀ ਔਰਤ ਸ਼ਕਤੀ ਦਾ ਦਿਹਾੜਾ

 

8 ਮਾਰਚ ਦਾ ਦਿਹਾੜਾ:

 

ਮੁਲਕ ਜਾਗ ਰਹੀ ਔਰਤ ਸ਼ਕਤੀ ਦਾ ਦਿਹਾੜਾ

8 ਮਾਰਚ ਦਾ ਦਿਹਾੜਾ ਕਾਣੀ ਵੰਡ,   ਦਾਬੇ, ਅਨਿਆਂ ਅਤੇ ਵਿਤਕਰੇ ਭਰੇ ਸਮਾਜ ਅੰਦਰ, ਆਬਾਦੀ ਦੇ ਅੱਧ ਦੀ ਇਸ ਵਿਤਕਰੇ ਤੋਂ ਮੁਕਤੀ ਦੇ ਅਧੂਰੇ ਕਾਰਜ ਅਤੇ ਇਸ ਮੁਕਤੀ ਲਈ ਚੱਲ ਰਹੀ ਜੱਦੋਜਹਿਦ ਦਾ ਪ੍ਰਤੀਕ ਹੈ।

ਘੋਰ ਅਨਿਆਂ   ਉਪਰ ਟਿਕੇ ਮੌਜੂਦਾ ਸਮਾਜੀ ਪ੍ਰਬੰਧ ਅੰਦਰ ਚੀਜਾਂ ਉਲਟੇ ਅਰਥ ਗ੍ਰਹਿਣ ਕਰਨ ਲਈ ਸਰਾਪੀਆਂ ਹੋਈਆਂ ਹਨ। ਜਿਵੇਂ ਇਸ ਸਮਾਜ ਅੰਦਰ ਸਭ ਤੋਂ ਔਖੇ ਤੇ ਮੁਸ਼ੱਕਤੀ ਕੰਮਾਂ ਦਾ ਭਾਰ ਚੁੱਕਣ ਵਾਲੇ ਕੰਮੀਂ ਕਮੀਣਹਨ, ਤੇ ਘਰਾਂ ਅੰਦਰ ਸਭ ਤੋਂ ਵੱਧ ਅਤੇ ਮਨਮਾਰੂ ਕੰਮਾਂ ਦਾ ਬੋਝ ਚੁੱਕਣ ਵਾਲੀਆਂ ਔਰਤਾਂ, ‘ਪੈਰਾਂ ਦੀ ਜੁੱਤੀਹਨ।

ਮਰਦਾਵਾਂ ਦਾਬਾ ਸਾਡੇ ਜਗੀਰੂ ਪ੍ਰਬੰਧ ਦੀਆਂ ਰਗਾਂ ਰਚਿਆ ਹੋਇਆ ਹੈ। ਇਹ ਦਾਬਾ ਇਥੇ ਵਾਪਰਦੀਆਂ ਸਰੀਰਕ ਹਿੰਸਾ ਦੀਆਂ ਘਟਨਾਵਾਂ, ਭਰੂਣ ਹੱਤਿਆ ਵਰਗੇ ਵਰਤਾਰਿਆਂ, ਦਹੇਜ ਅਤੇ ਸਤੀ ਪ੍ਰਥਾ ਵਰਗੀਆਂ ਰਿਵਾਇਤਾਂ, ਘਰਾਂ ਅੰਦਰ ਔਰਤਾਂ ਦੀ ਹਾਲਤ ਵਰਗੇ ਅਨੇਕ ਝਰੋਖਿਆਂ ਰਾਹੀਂ ਝਲਕਦਾ ਹੈ। ਲੰਗੜੇ ਪੂੰਜੀਵਾਦੀ ਆਰਥਕ ਰਿਸ਼ਤਿਆਂ ਦੇ ਵਿਕਾਸ ਨੇ ਇਸ ਦਾਬੇ ਨੂੰ ਤੋੜਨ ਦੀ ਥਾਂ ਹੋਰ ਪਸਾਰ ਮੁਹੱਈਆ ਕਰ ਦਿੱਤਾ ਹੈ। ਮੁਨਾਫੇ ਦੀ ਮੰਡੀ ਵਿਚ ਔਰਤਾਂ ਦੀ ਨੁਮਾਇਸ਼ ਰਾਹੀਂ ਮੁਨਾਫੇ ਵਧਾਉਣ ਦੇ ਰਾਹ ਖੁੱਲੇ੍ਹ ਹਨ। ਕਿਸੇ ਵੀ ਹੋਰ ਮਨੁੱਖੀ ਗੁਣਾਂ ਤੇ ਯੋਗਤਾਵਾਂ ਦੇ ਮੁਕਾਬਲੇ ਸਰੀਰਕ ਦਿੱਖ ਨੂੰ ਉਭਾਰਨ ਦੇ ਰਾਹ ਖੁੱਲ੍ਹੇ ਹਨ ਅਤੇ ਇਸ ਦਿੱਖ ਨੂੰ   ਸੰਵਾਰਨ ਖਾਤਰ ਅਰਬਾਂ ਰੁਪਏ ਦੀ ਸੁੰਦਰਤਾ ਉਤਪਾਦਾਂ ਦੀ ਮੰਡੀ ਹੋਂਦ ਆਈ ਹੈ। ਲੱਚਰ ਪੱਛਮੀ ਸੱਭਿਆਚਾਰ ਨੇ ਪਹਿਲਾਂ ਹੀ ਸਮਾਜ ਅੰਦਰ ਧੱਕੇ ਤੇ ਸੋਸ਼ਣ ਦੇ ਕੁੱਢਰ ਜਗੀਰੂ ਇਜ਼ਹਾਰਾਂ ਦੀਆਂ ਸ਼ਿਕਾਰ ਔਰਤਾਂ ਲਈ ਬਾਜ਼ਾਰ, ਗਲੀਆਂ, ਕੰਮ ਦੀਆਂ ਥਾਵਾਂ ਤੇ ਵੀ ਜਿਨਸੀ ਅਤੇ ਮਾਨਸਿਕ ਸੋਸ਼ਣ ਦੀ ਨੀਂਹ ਪੱਕੀ ਕੀਤੀ ਹੈ। ਇਹ ਜਗੀਰੂ ਅਤੇ ਸਾਮਰਾਜੀ   ਸੱਭਿਆਚਾਰ ਦੀ ਜੁਗਲਬੰਦੀ ਹੀ ਹੈ ਕਿ ਬੁਰਕੇ ਸਲਾਮਤ ਹਨ, ਪਰ ਉਹਨਾਂ ਦੇ ਹੇਠ ਲਿਪਸਟਿਕ ਪਹੁੰਚ ਗਈ ਹੈ ਅਤੇ ਕਰਵਾ ਚੌਥ ਵਰਗੇ ਤਿਉਹਾਰ ਵੱਡੇ ਤਾਮ-ਝਾਮ ਨਾਲ ਮਨਾਏ ਜਾਣ ਲੱਗੇ ਹਨ। ਮਹਾਂਨਗਰੀ ਦੀਆਂ ਮੰਡੀ ਦੀਆਂ ਲੋੜਾਂ ਅਤੇ ਪਛੜੇ ਮਾਹੌਲ ਦੇ ਸਾਂਝੇ ਅਸਰ ਦਾਮਨੀ ਕਾਂਡ ਬਣ ਕੇ ਸਾਹਮਣੇ   ਆਉਦੇ ਹਨ।

ਜਿਹੜਾ ਪ੍ਰਬੰਧ ਹੀ ਦਾਬੇ ਅਤੇ ਵਿਤਕਰੇ ਦੀ ਬੁਨਿਆਦ ਤੇ ਉਸਰਿਆ ਹੈ, ਉਸ ਦੇ ਸਲਾਮਤ ਰਹਿੰਦੇ ਇਸ ਮਰਦਾਵੇਂ ਦਾਬੇ, ਅਪਮਾਨ ਅਤੇ ਅਸੁਰੱਖਿਆ ਦੇ ਮਾਹੌਲ ਤੋਂ ਪੂਰਨ ਮੁਕਤੀ ਸੰਭਵ ਨਹੀਂ। ਇਸ ਦਾਬੇ ਤੋਂ ਬੰਦਖਲਾਸੀ ਮੁਲਕ ਦੇ ਬਹੁਗਿਣਤੀ ਕਿਰਤੀ ਲੋਕਾਂ ਵੱਲੋਂ ਇਸ ਦਾਬੇ ਤੇ ਵਿਤਕਰਿਆਂ ਭਰੇ ਨਿਜ਼ਾਮ ਤੋਂ ਬੰਦਖਲਾਸੀ ਦਾ ਅੰਗ ਹੈ। ਔਰਤਾਂ ਦੀ ਜਾਤ ਵਜੋਂ ਹੈਸੀਅਤ ਇਹਨਾਂ ਦੀ ਜਮਾਤ ਵਜੋਂ ਹੈਸੀਅਤ ਤੋਂ ਸੁਤੰਤਰ ਨਹੀਂ। ਭਾਵੇਂ ਹਰ ਤਬਕੇ ਦੀਆਂ ਔਰਤਾਂ ਪਿੱਤਰੀ   ਸੱਤਾ ਦਾ ਬੋਝ ਹੰਢਾਉਦੀਆਂ ਹਨ, ਪਰ ਸਭ ਤੋਂ ਪਛੜੇ ਤਬਕਿਆਂ ਦੀਆਂ ਔਰਤਾਂ ਸਭ ਤੋਂ ਵੱਧ ਤੇ ਦੂਹਰੇ ਤੀਹਰੇ ਦਾਬੇ ਦੀਆਂ ਸ਼ਿਕਾਰ ਹਨ। ਜਿਵੇਂ ਦਲਿਤ ਔਰਤਾਂ ਜਮਾਤੀ ਦਾਬੇ ਤੋਂ ਅੱਗੇ ਜਾਤ ਪਾਤੀ ਦਾਬੇ ਤੇ ਮਰਦਾਵੇਂ ਦਾਬੇ ਸਮੇਤ ਤੀਹਰੇ ਦਾਬੇ ਹੇਠ ਜਿਉਦੀਆਂ ਹਨ। ਬੀਤੇ ਵਿਚ ਵੀ ਮਰਦਾਵੇਂ ਦਾਬੇ ਦੇ ਸੰਗਲ, ਕਿਰਤ ਦੀ ਲੁੱਟ ਦੇ ਸੰਗਲ ਤੋੜਨ ਲਈ ਚੱਲੇ ਸੰਘਰਸ਼ਾਂ ਦੌਰਾਨ ਹੀ ਚੋਟ ਨਿਸ਼ਾਨੇ ਤੇ ਆਏ ਹਨ। ਇਸ ਦਾਬੇ ਤੇ ਚੋਟ ਨਿਸ਼ਾਨਾ ਸੇਧਣ ਪੱਖੋਂ ਰੂਸ ਤੇ ਚੀਨ ਉਦਾਹਰਣਾਂ ਹਨ। ਇਸ ਕਰਕੇ ਔਰਤ ਮੁਕਤੀ ਦੀ ਜੱਦੋਜਹਿਦ ਇਸ ਵਿਤਕਰਿਆਂ ਭਰੇ ਪ੍ਰਬੰਧ ਦੀ ਤਬਦੀਲੀ ਦੀ ਜੱਦੋਜਹਿਦ ਨਾਲ ਡੂੰਘੀ ਤਰ੍ਹਾਂ ਗੁੰਦੀ ਹੋਈ ਹੈ।

ਸਾਡੇ ਮੁਲਕ ਅੰਦਰ ਲੋਕਾਂ ਦੇ ਵੱਖ ਵੱਖ ਹਿੱਸੇ ਹੱਕਾਂ ਲਈ ਸੰਘਰਸ਼ਾਂ ਦੇ ਮੈਦਾਨ ਵਿਚ ਹਨ। ਉਹ ਇਸ ਲੁਟੇਰੇ ਤੇ ਵਿਤਕਰੇ ਭਰਪੂਰ ਪ੍ਰਬੰਧ ਨਾਲ ਚਾਹੇ ਸੀਮਤ ਹੀ ਸਹੀ, ਪਰ ਆਢਾ ਲਾ ਰਹੇ ਹਨ। ਔਰਤਾਂ ਦੀ ਸੀਮਤ ਸ਼ਮੂਲੀਅਤ ਇਹਨਾਂ   ਸੰਘਰਸ਼ਾਂ ਦੀ ਵੱਡੀ ਸੀਮਤਾਈ ਬਣਦੀ ਰਹੀ ਹੈ। ਪਰ ਦਿਨੋ ਦਿਨ ਇਕ ਪਾਸੇ ਨਵੀਆਂ ਆਰਥਕ ਨੀਤੀਆਂ ਦਾ ਤਿੱਖਾ ਵੇਗ ਫੜ ਚੁੱਕਿਆ ਹੱਲਾ ਨਵੇਂ   ਤੋਂ ਨਵੇਂ ਹਿੱਸਿਆਂ   ਨੂੰ ਅਤੇ ਔਰਤਾਂ ਨੂੰ ਸੰਘਰਸ਼ਾਂ ਦੇ ਪਿੜ ਵਿਚ ਆਉਣ ਲਈ ਮਜਬੂਰ ਕਰ ਰਿਹਾ ਹੈ ਅਤੇ ਦੂਜੇ ਪਾਸੇ ਤਿੱਖਾ ਕੀਤਾ ਜਾ ਰਿਹਾ ਫਿਰਕੂ ਫਾਸ਼ੀ ਹੱਲਾ ਕਿਤੇ ਕਸ਼ਮੀਰ, ਕਿਤੇ    ਉੱਤਰ ਪੂਰਬ ਤੇ ਕਿਤੇ ਦਿੱਲੀ ਅੰਦਰ ਔਰਤਾਂ ਦੇ ਲਾਮਿਸਾਲ ਉਭਾਰ ਖੜ੍ਹੇ ਕਰ ਰਿਹਾ ਹੈ।

ਔਰਤਾਂ ਦੀ ਲੋਕ ਘੋਲਾਂ ਦੇ ਪਿੜਾਂ ਅੰਦਰ ਸਰਗਰਮ ਅਤੇ ਜਾਨਦਾਰ ਸ਼ਕਤੀ ਵਜੋਂ ਸ਼ਮੂਲੀਅਤ ਇਹਨਾਂ ਘੋਲਾਂ ਦੀ ਸਫਲਤਾ ਲਈ ਤਾਂ ਲੋੜੀਂਦੀ ਹੈ ਹੀ, ਪਰ ਇਸ ਤੋਂ ਵੀ ਵਧ ਕੇ, ਇਹ ਔਰਤ ਮੁਕਤੀ ਨੂੰ ਸਾਕਾਰ ਕਰਨ ਲਈ ਲੋੜੀਂਦੀ ਹੈ। ਆਬਾਦੀ ਦਾ ਇਹ ਅੱਧ, ਜਿਹੜਾ ਘਰਾਂ ਅੰਦਰ ਸਿਰੇ ਦੇ ਬੇਵੁੱਕਤੇ ਕੰਮਾਂ ਦੀ ਦਲਦਲ ਧੱਸਿਆ ਹੋਇਆ ਬੇਵੁੱਕਤਾ ਹੋ ਉਮਰ ਗੁਜ਼ਾਰ ਜਾਂਦਾ ਹੈ, ਜਦੋਂ ਵੱਡੇ ਫੈਸਲੇ ਉਲਟਾਉਣ ਲਈ ਅਤੇ ਆਪਣੀ ਹੋਣੀ ਬਦਲਣ ਲਈ ਹਰਕਤਸ਼ੀਲ ਹੁੰਦਾ ਹੈ ਤਾਂ ਆਪਣੀ ਅਸਲ ਸਮਰੱਥਾ ਦਾ ਅਹਿਸਾਸ ਮਾਣਦਾ ਹੈ। ਮਨੁੱਖ ਵਜੋਂ ਕੁੱਝ ਕਰ ਗੁਜ਼ਰਨ ਦੀ ਸਮਰੱਥਾ ਦਾ ਅਹਿਸਾਸ ਅਤੇ ਹਾਲਤਾਂ ਤਬਦੀਲੀ ਲਿਆ ਸਕਣ ਦਾ ਅਹਿਸਾਸ ਉਸ ਦੀ ਸਵੈਮਾਣ ਨਾਲ ਜਾਣ-ਪਛਾਣ ਕਰਾਉਦਾ ਹੈ। ਇਕ ਪਾਸੇ ਇਸ ਸਮਰੱਥਾ ਦਾ ਅਹਿਸਾਸ ਜਾਗਦਾ ਹੈ, ਦੂਜੇ ਪਾਸੇ ਘਰ- ਸਮਾਜ ਅੰਦਰ ਸਹਿਣੇ ਪੈਂਦੇ ਦਾਬੇ ਦੀ ਰੜਕ ਜਾਗਦੀ ਹੈ। ਇਸ ਅਹਿਸਾਸ ਅਤੇ ਇਸ ਰੜਕ ਵਿੱਚੋਂ ਹੀ ਲਿੰਗ ਦਾਬੇ ਤੋਂ ਮੁਕਤੀ ਦਾ ਰਾਹ ਸ਼ੁਰੂ ਹੁੰਦਾ ਹੈ।

ਪਿਛਲੇ ਕੁੱਝ ਅਰਸੇ ਅੰਦਰ ਕਿਸਾਨੀ ਕਰਜੇ ਖਿਲਾਫ ਘੋਲਾਂ, ਪੱਕੇ ਰੁਜ਼ਗਾਰ ਲਈ ਸੰਘਰਸ਼ਾਂ, ਉਜਾੜੇ ਖਿਲਾਫ ਸੰਘਰਸ਼ਾਂ ਜਿਹੇ ਅਨੇਕਾਂ ਘੋਲਾਂ ਅੰਦਰ ਔਰਤਾਂ ਦੀ ਗਿਣਨਯੋਗ ਤਾਕਤ ਹਰਕਤਸ਼ੀਲ ਹੋਈ ਹੈ। ਇਸ ਨੇ   ਘੋਲਾਂ ਦੇ ਮੁਹਾਂਦਰੇ, ਕਿਰਦਾਰ ਤੇ ਪੇਸ਼ਕਦਮੀ ਦੀ ਰੰਗਤ ਬਦਲਣ ਪੱਖੋਂ ਚੋਖਾ ਪ੍ਰਭਾਵ ਪਾਇਆ ਹੈ। ਨਾਲ ਹੀ ਇਹਨਾਂ ਸੰਘਰਸ਼ਾਂ ਨੇ ਔਰਤਾਂ ਦੇ ਸਵੈਮਾਣ ਅਤੇ ਵੱਕਾਰ ਨੂੰ ਉਗਾਸਾ ਦਿੱਤਾ ਹੈ। ਉਹਨਾਂ ਚੇਤਨਾ ਦੇ ਨਵੇਂ ਅੰਸ਼ਾਂ ਦਾ ਸੰਚਾਰ ਕੀਤਾ ਹੈ। ਸੰਘਰਸ਼ ਦੇ ਮੈਦਾਨਾਂ ਨੇ ਉਹਨਾਂ ਦੇ ਪਹਿਲੇ ਸੰਸਾਰ ਤੋਂ ਵੱਖ ਇਕ ਨਵੇਂ   ਤਜਰਬੇ ਲਈ ਰਾਹ ਖੋਲ੍ਹਿਆ ਹੈ। ਕਈ ਕਿਸਾਨ ਔਰਤਾਂ ਇਸ ਅਹਿਸਾਸ ਵਿਚੋਂ ਹਰੇਕ ਘੋਲ ਦਾ ਅੰਗ ਬਣਦੀਆਂ ਹਨ। ਇਸ ਤਜਰਬੇ ਦੇ ਮਾਣ ਦੇ ਸਿਰ ਤੇ ਸਮਾਜ ਵਿਚਰਦੀਆਂ ਹਨ। ਦੂਜੇ ਪਾਸੇ, ਜਮਹੂਰੀ ਲਹਿਰ ਅੰਦਰ ਵਿਚਰ ਰਹੇ ਮਰਦ ਹਿੱਸਿਆਂ ਅੱਗੇ ਵੀ ਆਪਣੇ ਸੰਘਰਸ਼ਾਂ   ਦੌਰਾਨ ਔਰਤਾਂ ਦੀ ਇਹਨਾਂ ਘੋਲਾਂ ਅੰਦਰ ਹਾਜ਼ਰੀ ਦੀ ਅਣਸਰਦੀ ਲੋੜ ਜਿਸ ਹੱਦ ਤੱਕ ਉੱਭਰੀ ਹੈ, ਉਸੇ ਹੱਦ ਤੱਕ ਉਹਨਾਂ ਨੇ ਘਰਾਂ ਦੀ ਚਾਰਦਿਵਾਰੀ ਵਿਚੋਂ   ਉਹਨਾਂ ਨੂੰ ਸੰਘਰਸ਼ ਦੇ ਪਿੜਾਂ ਲਿਆਉਣ ਲਈ ਯਤਨ ਅਰੰਭੇ   ਹਨ। ਅਜਿਹੀਆਂ ਉਦਾਹਰਣਾਂ ਹਨ ਜਿੱਥੇ ਪ੍ਰਵਾਰ ਦੇ ਦੋਵੇਂ ਜੀਅ ਜਦੋਂ ਤੋਂ   ਸੰਘਰਸ਼ਾਂ   ਵਿਚ ਹਾਜ਼ਰੀ ਭਰਨ ਲੱਗੇ ਹਨ, ਘਰੇਲੂ ਕਲੇਸ਼ ਘਟੇ ਹਨ ਤੇ ਔਰਤ ਨਾਲ ਹੋਰਨਾਂ ਮਾਮਲਿਆਂ ਵਿਚ ਵੀ ਸਲਾਹ ਮਸ਼ਵਰੇ ਦਾ ਅਮਲ ਸਾਹ ਭਰਨ ਲੱਗਿਆ ਹੈ।

ਇਸ ਪੱਖੋਂ, ਸ਼ਾਹੀਨ ਬਾਗ ਭਾਰਤ ਦੇ ਔਰਤ ਸੰਘਰਸ਼ਾਂ ਅੰਦਰ ਨਿਵੇਕਲੀ ਥਾਂ ਰਖਦਾ ਹੈ। ਇਸ ਮੋਰਚੇ ਵਿਚ ਡਟੀਆਂ ਔਰਤਾਂ ਉਹ ਹਨ ਜੋ ਸਭ ਤੋਂ ਪਿਛਾਖੜੀ ਅਤੇ ਜਗੀਰੂ ਮਹੌਲ ਨਾਲ ਸਬੰਧਤ ਹਨ। ਗਲੀਆਂ ਬਾਜ਼ਾਰਾਂ ਵਿਚ ਜਾਣ   ਤੱਕ ਤੇ ਪਾਬੰਦੀਆਂ ਹੰਢਾਉਦੀਆਂ ਹਨ। ਹੁਣ ਆਪਣੀ ਹੋਂਦ ਤੇ ਬੱਚਿਆਂ ਦੇ ਭਵਿੱਖ ਦਾ ਡਰ ਉਨ੍ਹਾਂ ਨੂੰ ਇਸ ਮੋਰਚੇ ਵਿਚ ਲੈ ਆਇਆ ਹੈ। ਫਿਰਕੂ ਪਾਲਾਬੰਦੀਆਂ ਦੇ ਚਲਦੇ, ਬਹੁਗਿਣਤੀ ਦੇ ਦਾਬੇ ਅਤੇ ਨਿਰੰਤਰ ਦਹਿਸ਼ਤ ਹੇਠ ਵਿਚਰਦੇ ਮੁਸਲਿਮ ਫਿਰਕੇ ਦੇ ਮਰਦਾਂ ਨਾਲ ਸਿੱਝਣਾ ਅਤੇ ਨਿਰੋਲ ਉਹਨਾਂ ਵੱਲੋਂ   ਲਾਇਆ ਕੋਈ ਵੀ ਮੋਰਚਾ ਦੋ ਫਿਰਕਿਆਂ ਦੀ ਲੜਾਈ ਵਜੋਂ ਪੇਸ਼ ਕਰਕੇ ਖੋਰਨਾ ਬੇਹੱਦ ਸੌਖਾ ਹੋਣਾ ਸੀ। ਇਸ ਗੱਲ ਦਾ ਅਹਿਸਾਸ ਤੇ ਤਜਰਬਾ ਮੁਸਲਿਮ ਭਾਈਚਾਰੇ ਨੇ ਮੁਲਕ ਭਰ ਅੰਦਰ ਵਾਰ ਵਾਰ ਹੰਢਾਇਆ ਹੈ। ਇਸੇ ਤਜਰਬੇ ਦੇ ਡਰ ਨੇ ਉਨ੍ਹਾਂ ਨੂੰ   ਤੀਹਰੇ ਤਲਾਕ, ਅਯੁੱਧਿਆ ਅਤੇ ਕਸ਼ਮੀਰ ਮਸਲੇ ਉਪਰ ਖੁੱਲ੍ਹ ਕੇ ਬੋਲਣੋਂ ਰੋਕ ਕੇ ਰੱਖਿਆ ਹੈ। ਹੁਣ ਜਦੋਂ ਸੀ ਦੇ ਰੂਪ ਵਿਚ ਉਨ੍ਹਾਂ ਦੀ ਇਸ ਮੁਲਕ ਅੰਦਰ ਹੋਂਦ ਹੀ ਖਤਰੇ ਵਿਚ ਪੈ ਗਈ ਹੈ ਅਤੇ ਦਹਾਕਿਆਂ ਬੱਧੀ ਇਸ ਮਿੱਟੀ ਵਿਚ ਮੁੜ੍ਹਕਾ ਡੋਲ੍ਹ ਕੇ ਬਣਾਏ ਘਰ, ਦੁਕਾਨਾਂ, ਮਾਲ ਅਸਬਾਬ ਦੇ ਖੁੱਸ ਜਾਣ ਦਾ ਅਤੇ ਆਪਣੇ ਗਲੀ, ਮੁਹੱਲੇ, ਸ਼ਹਿਰ ਤੋਂ ਵਿਰਵੇ ਹੋ ਜਾਣ ਦਾ ਖਤਰਾ ਖੜ੍ਹਾ ਹੋ ਗਿਆ ਹੈ ਤਾਂ ਉਹਨਾਂ ਲਈ ਹਾਲਤ ਕਰੋ ਜਾਂ ਮਰੋਵਰਗੀ ਹੈ। ਅਜਿਹੀ ਹਾਲਤ ਅੰਦਰ ਉਨ੍ਹਾਂ ਔਰਤਾਂ ਨੇ  ਅੱਗੇ ਹੋ ਕੇ ਮਹੀਨਿਆਂ ਬੱਧੀ ਚੱਲਣ ਵਾਲਾ ਮੋਰਚਾ ਸੰਭਾਲਿਆ ਹੈ, ਜਿਨ੍ਹਾਂ ਬਾਰੇ ਇਸ ਭਾਈਚਾਰੇ ਅੰਦਰ ਆਮ ਹਾਲਤਾਂ ਵਿਚ ਕਿਸੇ ਦੋ ਘੰਟੇ ਦੇ ਧਰਨੇ ਵਿਚ ਸ਼ਾਮਲ ਹੋਣਾ ਵੀ ਕਿਆਸਿਆ ਨਹੀਂ ਜਾਂਦਾ। ਇਹ ਔਰਤਾਂ ਆਪਣੇ ਸੀਨੇ ਅੰਦਰ ਡੱਕੇ ਵਰ੍ਹਿਆਂ ਦੇ ਗੁੱਭ-ਗੁਭਾਟ ਸਮੇਤ ਮੋਰਚੇ ਸ਼ਾਮਲ ਹੋਈਆਂ ਹਨ। ਇਹ ਸਿਰਫ ਸੀ ਦੀ ਵਿਤਕਰੇਬਾਜੀ ਦਾ ਰੋਹ ਹੀ ਨਹੀਂ ਹੈ, ਸਗੋਂ ਸਦੀਆਂ ਤੋਂ ਦਬਾ ਕੇ ਰੱਖੇ ਵਲਵਲਿਆਂ, ਉਮੰਗਾਂ ਦੇ ਫੁੱਟ ਪੈਣ ਦਾ ਨੁਕਤਾ ਵੀ ਹੈ ਜਿਹੜਾ ਇਸ ਰੋਸ ਲਹਿਰ ਦੀ ਕਾਂਗ ਨੂੰ ਚੜ੍ਹਦੀ ਰੱਖਣ ਤੇ ਹਰ ਤਰ੍ਹਾਂ ਦੀਆਂ ਕਠਿਨਾਈਆਂ ਝੱਲ ਕੇ ਡਟੇ ਰਹਿਣ ਦੀ ਤਾਕਤ ਬਣਿਆ ਹੈ। ਇਹ ਗੁੱਭ-ਗੁਭਾਟ ਉਹਨਾਂ ਦੇ ਜੋਸ਼ੀਲੇ ਨਾਅਰਿਆਂ ਤੇ ਬਲਦੇ ਬੋਲਾਂ ਚੋਂ ਡੁਲ੍ਹ ਡੁਲ੍ਹ ਪੈ ਰਿਹਾ ਹੈ। ਪੱਤਰਕਾਰਾਂ ਨੂੰ ਬੇਝਿਜਕ ਇਟਰਵਿਊਆਂ ਦਿੱਤੀਆਂ ਜਾਂਦੀਆਂ ਹਨ। ਨਾਅਰੇ ਲਗਦੇ ਹਨ - ਹਮ ਕਿਆ ਚਾਹਤੇ ਆਜ਼ਾਦੀ! ਮਨੂੰਵਾਦ ਸੇ ਆਜ਼ਾਦੀ! ਪਿੱਤਰ ਸੱਤਾ ਸੇ ਆਜ਼ਾਦੀ! ਔਰਤ ਕੇ ਲੀਏ ਆਜ਼ਾਦੀ! ਘਰ ਕੇ ਅੰਦਰ ਆਜ਼ਾਦੀ! ਘਰ ਕੇ ਬਾਹਰ ਆਜ਼ਾਦੀ! 65 ਸਾਲਾਂ ਦੀ ਦਾਦੀ ਸ਼ਬਨਮ ਕਹਿੰਦੀ ਹੈ,‘‘ਮੈਂ ਕਦੇ ਕਿਸੇ ਪ੍ਰਦਰਸ਼ਨ   ਵਿਚ ਸ਼ਾਮਲ ਨਹੀਂ ਹੋਈ, ਕਦੇ ਇਉ ਨਹੀਂ ਬੋਲੀ। ਮੈਂ ਕਦੇ ਨਹੀਂ ਚਾਹਿਆ ਕਿ ਕੋਈ ਮੈਨੂੰ ਦੇਖੇ ਜਾਂ ਮੇਰੀ ਗੱਲ ਸੁਣੇ ਪਰ ਹੁਣ ਮੈਂ ਕਹਿੰਦੀ ਹਾਂ ਕਿ ਸਾਨੂੰ   ਸੰਸਦ ਵੱਲ ਮਾਰਚ ਕਰਨ ਦਿਓ! ਹੁਣ ਮੈਂ ਕਹਿੰਦੀ ਹਾਂ ਕਿ ਉਹ ਸਾਨੂੰ ਦੇਖਣ!’’ ਇਸ ਧੜੱਲੇ ਨੂੰ ਦੇਖ ਕੇ ਝਲਕ ਮਿਲਦੀ ਹੈ ਕਿ ਕਾਗਜ਼ਾਂ ਦਾ ਸ਼ਿੰਗਾਰ ਬਣੇ ਅਨੇਕਾਂ ਨਾਮ ਨਿਹਾਦ ਕਾਨੂੰਨਾਂ ਅਤੇ ਮੋਦੀ ਦੇ ਦੰਭੀ ਤੀਹਰੇ ਤਲਾਕਬਿੱਲ ਦੇ ਮੁਕਾਬਲੇ ਸੰਘਰਸ਼ ਪਿੜਾਂ ਅੰਦਰ ਇਹਨਾਂ ਔਰਤਾਂ ਦੀ ਹਾਜ਼ਰੀ ਅਜਿਹੀ ਚੀਜ਼ ਹੈ ਜਿਸ ਨੇ ਸਦੀਆਂ ਦੀਆਂ ਔਰਤ ਵਿਰੋਧੀ ਰੂੜੀਵਾਦੀ ਕਦਰਾਂ ਕੀਮਤਾਂ ਦਾ ਸਮੂਹਕ ਹਿੱਤਾਂ ਨਾਲ ਟਕਰਾਅ ਉਭਾਰ ਕੇ ਉਹਨਾਂ ਦੇ ਖੋਰੇ ਦਾ ਅਮਲ ਚਲਾਉਣਾ ਹੈ। ਮਰਦਾਵੇਂ   ਦਾਬੇ ਦਾ ਕਿਰਤੀਆਂ ਦੇ ਸਮੂਹਕ ਹਿੱਤਾਂ ਨਾਲ ਟਕਰਾਅ ਉਭਾਰ ਕੇ ਘਰਾਂ ਦੇ ਅੰਦਰ ਅਤੇ ਘਰਾਂ ਦੇ ਬਾਹਰ ਜਮਹੂਰੀ ਤੇ ਸਾਵੇਂ ਰਿਸ਼ਤਿਆਂ ਦੀ ਨੀਂਹ ਧਰਨੀ ਹੈ। ਇਹ ਅਹਿਸਾਸ ਕਿ ਇਹਨਾਂ ਔਰਤਾਂ ਦੀ ਜਾਨਦਾਰ ਤੇ ਬੇਮਿਸਾਲ ਸ਼ਕਤੀ ਨੂੰ ਆਪਣੀ   ਕੁੱਲ ਤਾਕਤ ਚੋਂ ਮਨਫੀ ਕਰਕੇ ਕੁੱਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ, ਉਸ ਤਬਦੀਲੀ ਦੀ ਬੁਨਿਆਦ ਬਣਨਾ ਹੈ ਜਿਸ ਨੇ ਮਰਦ ਗੁਲਾਮੀ ਖਤਮ ਕਰਨੀ ਹੈ। ਔਰਤਾਂ ਦੀ ਇਹ ਅਗਵਾਨੂੰ ਭੂਮਿਕਾ ਲੋਕ ਅੰਦੋਲਨਾਂ ਸਮਾਜ ਦੇ ਵਿਸ਼ੇਸ਼ ਦਾਬੇ ਦੇ ਸ਼ਿਕਾਰ ਹਿੱਸਿਆਂ ਦੇ ਵਿਸ਼ੇਸ਼ ਰੋਲ ਦੇ ਮਹੱਤਵ ਵੱਲ ਇਸ਼ਾਰਾ ਕਰਦੀ ਹੈ। 

ਇਹ ਮੋਰਚਾ ਇਹਨਾਂ ਔਰਤਾਂ ਲਈ ਇਕ ਜੀਵੰਤ ਸ਼ਕਤੀ ਦਾ ਅਹਿਸਾਸ ਹੈ ਜਿਸਨੇ ਇਸ ਅੰਦੋਲਨ ਤੋਂ ਮਗਰੋਂ ਵੀ ਧੜਕਦੇ ਰਹਿਣਾ ਹੈ ਤੇ ਇਹਨਾਂ ਔਰਤਾਂ ਦੀ ਜ਼ਿੰਦਗੀ ਨੂੰ ਨਵੇਂ ਅਰਥ ਦੇਣੇ ਹਨ। ਪੰਜਾਬ ਤੋਂ ਗਏ ਕਾਫਲੇ ਵੀ ਇਸ ਦੀ ਸ਼ਕਤੀ ਨਾਲ   ਝੂਣੇ ਗਏ ਹਨ।   ਹੋਰ ਅਨੇਕਾਂ ਥਾਵਾਂ ਤੇ ਇਸੇ ਤਰਜ਼ ਉਪਰ ਸੀ ਖਿਲਾਫ ਔਰਤਾਂ ਦੇ ਵਿਸ਼ਾਲ ਇਕੱਠ ਹੋਏ ਹਨ। ਮਲੇਰਕੋਟਲੇ ਅੰਦਰ ਇੱਕ ਤੋਂ ਵੱਧ ਵਾਰ ਇਸ ਤਾਕਤ ਨੇ ਧਮਕ ਪਾਈ ਹੈ। ਪੰਜਾਬ ਦਾ ਖੇਤੀ ਸੰਕਟ ਹੰਢਾ ਰਹੀਆਂ ਔਰਤਾਂ ਦੀ ਇਹਨਾਂ ਸਿਰੇ ਦਾ ਧਾਰਮਿਕ ਤੇ ਲਿੰਗ ਦਾਬਾ ਹੰਢਾਅ ਰਹੀਆਂ ਔਰਤਾਂ ਨਾਲ ਪੈਣ ਜਾ ਰਹੀ ਜੋਟੀ ਪੰਜਾਬ ਦੀ ਕੁੱਲ ਜਮਹੂਰੀ ਲਹਿਰ ਲਈ ਵੀ ਅਥਾਹ ਅਰਥ ਸੰਭਾਵਨਾਵਾਂ ਰੱਖਦੀ ਹੈ ਤੇ ਔਰਤ ਹੱਕਾਂ ਦੀ ਲਹਿਰ ਲਈ ਵੀ। ਇਹ ਸ਼ਕਤੀ ਜਿਸ ਨੇ ਧਾਰਮਿਕ ਵਿਤਕਰੇ ਖਿਲਾਫ ਲੜਾਈ ਦਾ ਆਗਾਜ਼ ਕੀਤਾ ਹੈ, ਆਪਣੇ ਅੰਦਰ ਲਿੰਗ ਵਿਤਕਰੇ ਸਮੇਤ ਹਰ ਵਿਤਕਰੇ ਖਿਲਾਫ ਲੜਾਈ ਦਾ ਹਿਰਾਵਲ ਦਸਤਾ ਬਣਨ ਦੀ ਸਮਰੱਥਾ ਰੱਖਦੀ ਹੈ। ਅੱਜ ਮਸਲਾ ਚਾਹੇ ਧਾਰਮਿਕ ਆਜ਼ਾਦੀ ਦੇ ਹੱਕ ਦਾ ਹੈ, ਪਰ ਔਰਤਾਂ ਦੀ ਸੰਘਰਸ਼ ਵਿਚ ਸ਼ਮੂਲੀਅਤ ਨੇ ਇਸ ਪ੍ਰਸੰਗ ਤੱਕ ਸੀਮਤ ਨਹੀਂ ਰਹਿਣਾ। ਅੱਜ ਧਾਰਮਿਕ ਵਲਗਣਾਂ ਨਾਲ ਭਿੜਨ ਰਾਹੀਂ ਭਵਿੱਖ ਅੰਦਰ ਮਰਦਾਵੇਂ ਦਾਬੇ ਤੇ ਹਰ ਵਿਤਕਰੇ ਖਿਲਾਫ ਔਰਤਾਂ ਦੇ ਸਰਗਰਮ ਸੰਘਰਸ਼ਾਂ ਦਾ ਅਧਾਰ ਸਿਰਜਿਆ ਜਾ ਰਿਹਾ ਹੈ। ਆਬਾਦੀ ਦੇ ਦੱਬੇ ਕੁਚਲੇ ਹਿੱਸੇ ਭਵਿੱਖ ਦੀ ਕਾਇਆਪਲਟੀ ਦੇ ਸੰਗਰਾਮਾਂ ਦੇ ਰਾਹਾਂ ਤੇ ਮੁਢਲੇ ਕਦਮ ਰੱਖ ਰਹੇ ਹਨ। ਮੁਲਕ ਦੀ ਜਮਹੂਰੀ ਲਹਿਰ ਨਾਲ ਇਸ ਹਿੱਸੇ ਦੀ ਜਾਣ ਪਹਿਚਾਣ ਕਰਾਉਣ ਪੱਖੋਂ ਸ਼ਾਹੀਨ ਬਾਗ ਨੇ ਖਾਸ ਰੋਲ ਨਿਭਾਇਆ ਹੈ। ਇਸ ਵਾਰ 8 ਮਾਰਚ ਦਾ ਦਿਹਾੜਾ ਇਸ ਜਾਗ ਰਹੀ ਔਰਤ ਸ਼ਕਤੀ ਦੇ ਨਾਮ ਹੈ।

No comments:

Post a Comment