Monday, May 2, 2016

16) ਐਸ.ਐਸ.ਏ./ਰਮਸਾ ਅਧਿਆਪਕਾਂ ਦਾ ਕਾਫ਼ਲਾ ਮਾਰਚ



ਸਰਕਾਰੀ ਧੱਕੇ ਦਾ ਕਰਕੇ, ਜੀਓ ਜੀਅ ਤੱਕ ਪਰਚਾਰ,



ਜੋੜ ਕੇ ਤਾਕਤ, ਕਰਕੇ ਘੋਲ, ਕਰਵਾਉਣਾ ਪੱਕਾ ਰੁਜ਼ਗਾਰ।

- ਮੁਲਾਜ਼ਮ ਮੁਹਾਜ਼ ਪੱਤਰਕਾਰ

             20 ਮਾਰਚ ਨੂੰ ਦਿਨ ਚੜਨ ਦੇ ਨਾਲ ਹੀ, ਪਿੰਡ ਲਹਿਰਾ ਬੇਗਾ (ਬਠਿੰਡਾ) ਦੇ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ, ਪਿੰਡ ਦੀ ਕਿਸਾਨ ਯੂਨੀਅਨ ਦੇ ਸਾਥੀਆਂ ਵੱਲੋਂ, ਵੱਡੀਆਂ ਭੱਠੀਆਂ ਤੇ ਚਾਹ ਦੇ ਦੋ ਵੱਡੇ ਪਤੀਲੇ ਚਾੜ੍ਹੇ ਹੋਏ ਸਨ। ਪਿੰਡ ਦੇ ਲੋਕੀਂ ਦੁੱਧ ਦੇ ਡੋਲੂ ਲਿਆ ਲਿਆ ਪਾ ਰਹੇ ਸਨ। ਜੋਸ਼ੀਲਾ ਮਾਹੌਲ ਬਣਿਆ ਹੋਇਆ ਸੀ। ਪੁੱਛਣ ਤੇ ਉਨ੍ਹਾਂ ਨੇ ਦੱਸਿਆ ‘‘ਅੱਜ ਇਥੇ ਕੱਚੇ ਅਧਿਆਪਕਾਂ ਨੇ ਆਵਦੀਆਂ ਨੌਕਰੀਆਂ ਪੱਕੀਆਂ ਕਰਵਾਉਣ ਅਤੇ ਸਰਕਾਰੀ ਸਕੂਲ ਸਿੱਖਿਆ ਬਚਾਉਣ ਲਈ ਇਥੋਂ ਲਾਗਲੇ ਪਿੰਡਾਂ ਵਿਚ ਝੰਡਾ ਮਾਰਚ ਸ਼ੁਰੂ ਕਰਨਾ ਹੈ। ਅਸੀਂ ਉਨ੍ਹਾਂ ਦੀ ਆਪਣੀ ਯੂਨੀਅਨ ਦੇ ਫੈਸਲੇ ਮੁਤਾਬਕ ਮੱਦਦ ਕਰ ਰਹੇ ਹਾਂਨਾ ਸਿਰਫ਼ ਚਾਹ ਹੀ ਪਿਆਵਾਂਗੇ, ਇਹਨਾਂ ਦੇ ਨਾਲ ਮਾਰਚ ਵਿਚ ਵੀ ਜਾਵਾਂਗੇ। ਕੱਲ ਰਾਤ ਇਥੇ ਪਿੰਡ ਵਿਚ ਜਾਗੋ ਮਾਰਚ ਕਰਦਿਆਂ ਇਨ੍ਹਾਂ ਅਧਿਆਪਕਾਂ ਨੇ ਖੁਦ ਵੀ ਸਾਰੇ ਪਿੰਡ ਨੂੰ ਸ਼ਾਮਲ ਹੋਣ ਤੇ ਮੱਦਦ ਦੀ ਅਪੀਲ ਕੀਤੀ ਸੀ, ਸਾਰੇ ਪਿੰਡ ਨੇ ਇਨ੍ਹਾਂ ਦੀ ਅਪੀਲ ਮੰਨ ਲਈ ਤੇ ਆਹ ਮੱਦਦ ਹੋ ਰਹੀ ਹੈ। ਚਾਹ ਐਨੀ ਕਿਉਂ ਚਾੜ੍ਹੀ ਹੈ, ਬਾਰੇ ਪੁੱਛਣ ਤੇ ਉਨ੍ਹਾਂ ਉਥੇ ਖੜ੍ਹੀ ਅਧਿਆਪਕ ਆਗੂ ਟੀਮ ਵੱਲ ਇਸ਼ਾਰਾ ਕਰਕੇ ਕਿਹਾ ਕਿ ਇਹ ਤਾਂ ਇਹੀ ਦੱਸਣਗੇ। ਆਗੂਆਂ ਨੇ ਦੱਸਿਆ ਕਿ ਉਹਨਾਂ ਦੀਆਂ ਟੀਮਾਂ ਵੱਲੋਂ ਵਿੱਢੀ ਵੱਡੀ ਤਿਆਰੀ ਮੁਹਿੰਮ ਵਿਚ 19 ਜਿਲ੍ਹਾ ਮੀਟਿੰਗਾਂ ਕਰਵਾਈਆਂ ਗਈਆਂ ਹਨ, 40 ਦੇ ਲਗਭਗ ਪਿੰਡਾਂ ਤੇ 4 ਸ਼ਹਿਰਾਂ ਵਿਚ ਮੀਟਿੰਗਾਂ, ਰੈਲੀਆਂ ਮਾਰਚ ਹੋਏ ਹਨਅਧਿਆਪਕਾਵਾਂ ਦੀਆਂ ਸੱਤ ਮੀਟਿੰਗਾਂ ਵੱਖਰੀਆਂ ਹੋਈਆਂ ਹਨ। ਭਰਾਤਰੀ ਜਥੇਬੰਦੀਆਂ ਨਾਲ ਮੀਟਿੰਗਾਂ ਹੋਈਆਂ ਹਨ। ਤਿਆਰੀ ਮੁਹਿੰਮ ਤੇ ਪੂਰਨ ਤਸੱਲੀ ਹੈ, ਅਧਿਆਪਕਾਂ-ਅਧਿਆਪਕਾਵਾਂ ਤੇ ਭਰੋਸਾ ਹੈ। ਕੱਠ ਹੋਵੇਗਾ। ਚਾਹ ਦੀ ਇਕ ਘੁੱਟ ਵੀ ਬਚਣ ਨਹੀਂ ਦਿੰਦੇ।’’
ਉਧਰ, ਪਿਡ ਦੇ ਬਾਹਰ, ਮੇਨ ਦਾਖਲਾ-ਰਾਹ ਤੇ ਪੁਲਸ ਨਫਰੀ ਇਕੱਠੀ ਹੋ ਰਹੀ ਸੀ। ਰਾਹਗੀਰਾਂ ਵੱਲ ਅੱਖਾਂ ਤਾਂ ਉੱਠਦੀਆਂ, ਤਾੜਦੀਆਂ ਵੀ ਪਰ ਰੋਕਣ ਲਈ ਨਾ ਮੂੰਹ ਖੁੱਲ੍ਹਦਾ, ਨਾ ਹੱਥ ਵਿਚਲੀ ਡਾਂਗ ਅੱਗੇ ਵਧਦੀ। ਮੌਕੇ ਦੇ ਅਫਸਰ ਦੇ ਕੰਨ ਨੂੰ ਚਿੰਬੜੇ ਫੋਨ ਤੋਂ ਕੋਈ ਸਪੱਸ਼ਟ ਆਦੇਸ਼ ਨਾ ਹੋਣ ਦੀ ਵਜ੍ਹਾ ਹੀ ਹੋ ਸਕਦੀ ਹੈ ਜਿਹੜੀ, ਨਾਹਰੇ ਮਾਰਦੀ ਕੋਲੋਂ ਲੰਘਦੀ ਬੱਸ ਗੱਡੀ ਨੂੰ ਰੋਕਣ ਦੀ ਹਿੰਮਤਨਹੀਂ ਪੈਣ ਦਿੰਦੀ ਸੀ।
ਚਾਹ-ਪਾਣੀ ਪੀ ਕੇ, ਬੱਸਾਂ ਥਾਏਂ ਠੱਲ੍ਹ ਕੇ, ਪਹਿਲਾਂ ਹੀ ਲਿਆਂਦੇ ਖੜੇ ਛੋਟੇ ਹਾਥੀਆਂ ਉਪਰ ਸਪੀਕਰ, ਬੈਨਰ ਤੇ ਝੰਡੇ ਬੰਨ੍ਹ ਕੇ ਕਾਫਲਾ ਕੂਚ ਲਈ ਤਿਆਰ ਬਰ ਤਿਆਰ ਹੋਇਆ ਹੀ ਸੀ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੇ ਆ ਰੋਕਿਆ। ਲਗਭਗ ਸੌ ਗੱਡੀਆਂ ਦੇ ਕਾਫ਼ਲੇ ਦੀ ਸਜ-ਧਜ, ਜ਼ੋਸ਼-ਰੌਂਅ ਤੇ ਅਨੁਸ਼ਾਸਨ ਮੂਹਰੇ ਦਬਕਾ ਛੱਡ ਪ੍ਰੋਗਰਾਮ ਤੇ ਰੂਟ ਪੁੱਛਣ ਲੱਗੇ। ਸੂਬਾ ਪ੍ਰਧਾਨ ਤੇ ਸਕੱਤਰ ਨੇ ਵਿਸਥਾਰ ਵਿਚ ਦਸਦਿਆਂ ਕਿਹਾ ਕਿ ‘‘ਸਾਰੇ ਦਿਨ ਵਿਚ ਜਿਥੋਂ ਤੱਕ ਜਾ ਸਕੇ ਪਿੰਡਾਂ ਤੇ ਸ਼ਹਿਰਾਂ ਵਿਚ ਮਾਰਚ ਕਰਾਂਗੇ, ਕਿਤੇ ਨੀ ਰੁਕਦੇ। ਪਰ ਜੇ ਰੋਕੋਂਗੇ ਤਾਂ ਉਥੇ ਹੀ ਸੜਕ ਤੇ ਬੈਠਾਂਗੇ।’’ ਇਕ ਪੁਲਸ ਅਧਿਕਾਰੀ ਨੇ ਇਹ ਵੀ ਪੁੱਛਿਆ ਕਿ ‘‘ਇਹ ਪਿੰਡ ਹੀ ਕਿਉਂ ਚੁਣਿਆ ਹੈ?’’ ਆਗੂਆਂ ਨੇ ਇਸਦਾ ਜਵਾਬ ‘‘ਇਹ ਬਾਦਲਾਂ ਦੇ ਹਲਕੇ ਦਾ ਇਧਰੋਂ ਆਉਂਦਿਆਂ ਨੂੰ ਪਹਿਲਾ ਪਿੰਡ ਹੈ’’ ਦੇ ਦਿੱਤਾ।
ਪ੍ਰਧਾਨ ਵੱਲੋਂ ਲਾਏ ਨਾਹਰੇ ਦਾ ਹਰ ਗੱਡੀ ਦੇ ਸਪੀਕਰ ਤੋਂ ਆਈ ਆਵਾਜ਼ ਦੇ ਨਾਲ ਹੀ ਕਾਫਲਾ ਤੁਰ ਪਿਆ। ਬਠਿੰਡਾ-ਬਰਨਾਲਾ ਸੜਕ ਤੋਂ ਹੋ ਕੇ ਲਹਿਰਾ ਮੁਹਬੱਤ ਤੇ ਅਗਲੇ ਪਿੰਡਾਂ ਨੂੰ ਚੱਲ ਪਿਆ।ਪ੍ਰਧਾਨ ਵੱਲੋਂ ਸਰਕਾਰ ਦੇ ਲਾਰਿਆਂ ਦੇ ਪਰਦੇ ਖੋਲਣ ਨੇ, ਅਧਿਆਪਕਾਂ ਵੱਲੋਂ ਵੰਡੇ ਪਰਚਿਆਂ ਨੇ ਅਤੇ ਸਪੀਕਰਾਂ ਤੋਂ ਲਗਦੇ ਨਾਹਰਿਆਂ ਨੇ ਹਰ ਪਿੰਡ ਵਿਚ ਕਾਲੀਆਂ ਦੇ ਕਾਲੇ ਰਾਜ ਦੀ ਚਰਚਾ ਛੇੜ ਦਿੱਤੀ। ਇਹ ਕਾਫਲਾ ਬਿਨਾਂ ਰੁਕੇ ਲਗਭਗ 15 ਪਿੰਡਾਂ ਸਮੇਤ ਭੁੱਚੋ ਮੰਡੀ ਦੇ ਬਾਜ਼ਾਰ ਅੰਦਰ ਸਰਕਾਰੀ ਲਾਰਿਆਂ ਤੇ ਡਰਾਵਿਆਂ ਦੀਆਂ ਧੂੜਾਂ ਪੁੱਟਦਾ ਹੋਇਆ ਤਲਵੰਡੀ ਸਾਬੋ ਵਾਲੇ ਪਾਸਿਓਂ ਬਠਿੰਡਾ ਸ਼ਹਿਰ ਵਿਚ ਦਾਖਲ ਹੋਣ ਲੱਗਿਆ ਤਾਂ ਪੁਲਸ ਅਧਿਕਾਰੀ ਫੇਰ ਮੂਹਰੇ ਹੋ ਖੜ੍ਹੇ। ਕਾਫਲਾ ਨਾ ਰੁਕਿਆ। ਅਧਿਕਾਰੀ ਖੜ੍ਹੇ ਰਹਿ ਗਏ। ਕਾਫਲਾ ਬਠਿੰਡਾ ਸ਼ਹਿਰ ਦੇ ਹਰ ਬਾਜ਼ਾਰ (ਜਿਥੇ ਕਦੇ ਪਹਿਲਾਂ ਮੁਜ਼ਾਹਰੇ ਘੱਟ ਜਾਂਦੇ ਹਨ) ਵਿਚ ਦੀ ਹੁੰਦਾ ਹੋਇਆ, ਨਾਹਰੇ ਮਾਰਦਾ ਹੋਇਆ, ਸ਼ਹਿਰ ਦੇ ਐਨ ਦੂਸਰੇ ਸਿਰੇ ਰੋਜ਼ ਗਾਰਡਨ ਦੇ ਨਾਲ ਲਗਵੇਂ ਖਾਲੀ ਗਰਾਊਂਡ ਵਿਚ ਪਹੁੰਚ ਕੇ ਪ੍ਰਧਾਨ ਨੇ ਕਾਫ਼ਲੇ ਵਿਚ ਸ਼ਾਮਲ ਆਵਦੇ ਅਧਿਆਪਕ ਆਗੂਆਂ ਤੇ ਵਰਕਰਾਂ ਅਤੇ ਭਰਾਤਰੀ ਹਮਾਇਤ ਵਿਚ ਆਏ ਹੋਏ ਡੀ.ਟੀ.ਐਫ., ਜੀ.ਟੀ.ਯੂ., ਜੀ.ਐਸ.ਟੀ.ਯੂ., ਈ.ਜੀ.ਐਸ, ਐਸ.ਅੀ.ਆਰ, ਏ.ਆਈ.ਈ., ਈ.ਟੀ.ਟੀ. ਅਧਿਆਪਕ ਯੂਨੀਅਨ, ਬੀ.ਐੱਡ. ਫਰੰਟ, ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿ: ਯੂਨੀਅਨ, ਕੰਪਿਊਟਰ ਟੀਚਰਜ਼ ਯੂਨੀਅਨ ਦੇ ਆਗੂਆਂ ਤੇ ਮੈਂਬਰਾਂ ਦਾ ਧੰਨਵਾਦ ਕਰਨ ਅਤੇ ਆਪਣੀ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਨਿਰੰਤਰ ਜਾਰੀ ਰੱਖਣ ਦੇ ਸੱਦੇ ਨਾਲ ਸੰਪਨ ਕੀਤਾ।
ਇਸ ਕਾਫਲਾ ਮਾਰਚ ਦੇ ਪੋਸਟਰ, ਪਰਚੇ, ਨਾਹਰਿਆਂ ਤੇ ਭਾਸ਼ਣਾਂ ਵਿਚੋਂ ਦੋ ਮੰਗਾਂ ਮੁੱਖ ਰੂਪ ਵਿਚ ਉਭਰ ਕੇ ਸਾਹਮਣੇ ਆ ਰਹੀਆਂ ਹਨ। ਇਕ, ਪਿਛਲੇ 7-8 ਸਾਲਾਂ ਤੋਂ ਸਾਲ ਸਾਲ ਦੇ ਠੇਕੇ ਤੇ ਚੱਲ ਰਹੀ ਨੌਕਰੀ ਨੂੰ ਰੈਗੂਲਰ ਕਰਵਾਉਣ ਦੀ ਮੰਗ ਹੈ।ਦੂਜੀ, ਜੇ ਇਹ ਸੇਵਾਵਾਂ ਰੈਗੂਲਰ ਨਹੀਂ ਹੁੰਦੀਆਂ ਤੇ ਅਧਿਆਪਕਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਆਸਾਮੀਆਂ ਉਪਰ ਨਵੀਂ ਰੈਗੂਲਰ ਭਰਤੀ ਨਹੀਂ ਹੁੰਦੀ ਤਾਂ ਸਰਕਾਰੀ ਸਕੂਲ ਸਿੱਖਿਆ ਦੇ ਰੈਗੂਲਰ ਚਲਦੇ ਰਹਿਣ ਨੂੰ ਖੜੇ ਹੋਏ ਖਤਰੇ ਦੇ ਸਨਮੁੱਖ ਸਰਕਾਰੀ ਸਕੂਲ ਸਿੱਖਿਆ ਬਚਾਉਣ ਦੀ ਮੰਗ ਹੈ। ਇਹਨਾਂ ਦੋਵਾਂ ਮੰਗਾਂ ਦੇ ਜ਼ੋੜ-ਮੇਲ ਨੂੰ ਸਮਝਣਾ, ਇਹਨਾਂ ਦੇ ਹੱਲ ਲਈ ਅਧਿਆਪਕਾਂ ਤੇ ਸਰਕਾਰੀ ਸਕੂਲ ਸਿੱਖਿਆ ਨਾਲ ਜੁੜੇ ਲੋਕਾਂ ਨਾਲ ਬਣਦੀ ਸਾਂਝ ਨੂੰ ਸਮਝਣਾ ਅਤੇ ਸਾਂਝ ਨੂੰ ਸੰਘਰਸ਼ ਵਿਚ ਢਾਲਣ ਦੇ ਇਸ ਰਾਹ ਤੁਰਨਾ, ਆਗੂਆਂ ਦੇ ਨਾਲ ਨਾਲ ਇਸ ਰਾਹ ਦੇ ਰਾਹੀ ਬਣਨ ਵਾਲੇ ਸਭ ਅਧਿਆਪਕਾਂ ਦਾ ਚੇਤਨਾ ਤੇ ਸੰਘਰਸ਼ ਦੇ ਵਿਕਾਸ ਵੱਲ ਕਦਮ ਵਧਾਰਾ ਹੈ। ਸਫਲਤਾ ਵੱਲ ਨੂੰ ਅਗਲੀ ਪੁਲਾਂਘ ਹੈ।
ਇਹ ਆਗੂ ਟੀਮ ਦੀ ਚੇਤਨ-ਚੋਣ ਦਾ ਸਿੱਟਾ ਹੈ ਕਿ ਇਸ ਕਾਫਲਾ ਮਾਰਚ ਲਈ ਚਲਾਈ ਤਿਆਰੀ-ਮੁਹਿੰਮ ਸਦਕਾ ਕਾਫਲੇ ਦੀ ਵੱਡੀ ਹੋਈ ਗਿਣਤੀ ਨੇ ਨਾ ਸਿਰਫ਼ ਕਾਫ਼ਲੇ ਵਿਚ ਸ਼ਾਮਲ ਹੋਏ ਅਧਿਆਪਕਾਂ ਦੇ ਹੌਂਸਲੇ ਹੀ ਵਧਾਏ ਹਨ ਸਗੋਂ ਸੰਘਰਸ਼ ਦੇ ਅਗਲੇ ਪੜਾਅ - ਸਰਕਾਰ ਦੀ ਸਿਖਿਆ-ਦੋਖੀ ਨੀਤੀਆਂ, ਫੈਸਲਿਆਂ, ਲਾਰਿਆਂ ਤੇ ਧੱਕੜ ਵਿਹਾਰ ਨੂੰ ਲੋਕ-ਸੱਥਾਂ ਵਿਚ ਬੇਨਕਾਬ ਕਰਨ ਲਈ ਬਸਤੀਆਂ ਤੇ ਪਿੰਡਾਂ ਵਿਚ ਸ਼ੁਰੂ ਹੋਏ ਮਸ਼ਾਲ ਮਾਰਚਾਂ ਤੇ ਵੰਡੇ ਜਾ ਰਹੇ ਪਰਚਿਆਂ ਦੀ ਚੱਲ ਰਹੀ ਮੁਹਿੰਮ - ਵਿਚ ਸ਼ਾਮਲ ਹੋ ਰਹੇ ਅਧਿਆਪਕ-ਅਧਿਆਪਕਾਵਾਂ ਦੀ ਗਿਣਤੀ ਵੇਖ ਕੇ ਲਗਦਾ ਹੈ ਕਿ ਕਿਸੇ ਕਾਰਨ ਕਰਕੇ ਇਸ ਕਾਫ਼ਲਾ ਮਾਰਚਚ ਸ਼ਾਮਲ ਹੋਣੋਂ ਰਹਿ ਗਏ ਅਧਿਆਪਕਾਂ ਅੰਦਰ ਵੀ ਉਤਸ਼ਾਹ ਭਰਿਆ ਗਿਆ ਹੈ। ਆਗੂ ਟੀਮ ਤੇ ਭਰੋਸਾ ਵਧਿਆ ਤੇ ਬੱਝਿਆ ਹੈ।
ਬਾਦਲਾਂ ਦੇ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਖਾਸ ਕਰਕੇ ਬਠਿੰਡਾ ਸ਼ਹਿਰ ਵਿਚ ਸਫ਼ਲ ਕਾਫ਼ਲਾ ਮਾਰਚ ਕਰਨਾ, ਆਵਦੀ, ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ ਤੇ ਬੇਰੁਜ਼ਗਾਰਾਂ ਦੀ ਜੁੜੀ ਤਾਕਤ ਦਾ ਕ੍ਰਿਸ਼ਮਾ ਹੈ।
ਅਧਿਆਪਕ ਸਾਂਝਾ ਮੋਰਚਾ ਪੰਜਾਬ ਦੀਆਂ ਕਈ ਜਥੇਬੰਦੀਆਂ ਦਾ ਇਸ ਕਾਫਲਾ ਮਾਰਚ ਵਿਚ ਸ਼ਾਮਲ ਹੋਣਾ, ਹੱਕ ਵਿਚ ਪ੍ਰੈਸ ਬਿਆਨ ਜਾਰੀ ਕਰਨਾ ਤੇ ਕਈ ਜਿਲ੍ਹਿਆਂ-ਬਲਾਕਾਂ ਵਿਚ ਤਿਆਰੀ ਮੁਹਿੰਮ ਵਿਚ ਹੱਥ ਵਟਾਉਣਾ ਸਲਾਹੁਤਾ ਤੇ ਸ਼ੁਕਰੀਆ ਭਰਿਆ ਕਾਰਜ ਹੈ।ਇਸ ਨੇ ਕਾਫ਼ਲਾ-ਮਾਰਚ ਦੀ ਤਾਕਤ ਵਧਾਈ ਹੈ। ਇਸਨੂੰ ਹੋਰ ਤਾਕਤਵਰ ਬਣਾਉਣ ਲਈ ਇਹ ਹੋਰ ਵੀ ਚੰਗਾ ਹੁੰਦਾ ਜੇ ਇਸ ਸਾਂਝੇ ਮੋਰਚੇ ਦੀ ਮੈਂਬਰ ਇਸ ਜਥੇਬੰਦੀ ਵੱਲੋਂ ਕੀਤੇ ਇਸ ਕਾਫ਼ਲਾ ਮਾਰਚ ਵਿਚ ਮੋਰਚਾ ਇਕਜੁੱਟ ਵਜੂਦ ਵਜੋਂ ਹਿਮਾਇਤੀ ਹਿੱਸਾ ਪਾਈ ਕਰਦਾ ਅਤੇ ਖੁਦ, ਆਪਣੇ ਵੱਲੋਂ ਪਹਿਲਾਂ ਲਗਾਤਾਰ ਕੀਤੇ ਕਈ ਐਕਸ਼ਨਾਂ-ਘੋਲਾਂ ਦੀ ਤਰ੍ਹਾਂ ਐਕਸ਼ਨ ਦਾ ਸੱਦਾ ਦਿੰਦਾ।
‘‘ਆਰਥਿਕ ਸੁਧਾਰਾਂ’’ ਦੇ ਨਾਂ ਹੇਠ ਵਿਤੀ ਘਾਟਾ ਘਟਾਉਣ ਦੀ ਸੇਧ ਵਿਚ ਚਲਦਿਆਂ ਸਰਕਾਰਾਂ ਵੱਲੋਂ ਸਰਕਾਰੀ ਸਕੂਲ ਸਿੱਖਿਆ ਲਈ ਬਜਟਾਂ ਵਿਚੋਂ ਆਏ ਸਾਲ ਛਾਂਗੀਆਂ ਜਾ ਰਹੀਆਂ ਰਕਮਾਂ ਅਤੇ ਸਿੱਖਿਆ ਨੂੰ ਮੁਨਾਫੇ ਦੀ ਵਸਤ ਬਣਾ ਰਹੀਆਂ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ, ਸਰਕਾਰੀ ਸਕੂਲ ਸਿੱਖਿਆ ਨੂੰ ਵੱਡੇ ਖਤਰੇ ਖੜੇ ਕਰ ਰਹੀਆਂ ਹਨ। ਇਸ ਪ੍ਰਸੰਗ ਵਿਚ ਠੇਕੇ ਤੇ ਲੱਗੇ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਵਿਸ਼ਾਲ ਏਕਤਾ, ਦ੍ਰਿੜ-ਖਾੜਕੂ ਲੰਬੇ ਘੋਲਾਂ ਦੇ ਰਾਹ ਪੈਣ ਦੀ ਲੋੜ ਹੈ। ਲੋਕਾਂ ਨਾਲ ਜੋਟੀ ਪਾ ਕੇ ਕੀਤੇ ਇਸ ਕਾਫ਼ਲਾ ਮਾਰਚ ਦਾ ਰਾਹ ਦਰੁਸਤ ਰਾਹ ਹੈ। ਸੰਘਰਸ਼ਸ਼ੀਲ ਕਿਸਾਨਾਂ, ਮਜਦੂਰਾਂ ਨਾਲ ਜੋਟੀ ਪਾੳਣ ਲਈ ਹੋਰ ਅੱਗੇ ਵਧਣਾ ਚਾਹੀਦਾ ਹੈ। ਅਧਿਆਪਕ ਸਾਂਝਾ ਮੋਰਚਾ ਨੂੰ ਸਰਗਰਮ ਕਰਨਾ ਇਸ ਸੰਘਰਸ਼ ਕਰ ਰਹੀ ਜਥੇਬੰਦੀ ਲਈ ਵੀ ਬੇਹੱਦ ਜਰੂਰੀ ਹੈ, ਯਤਨ ਕਰਨੇ ਚਾਹੀਦੇ ਹਨ। ਇਸਤੋਂ ਵੀ ਅੱਗੇ, ਸਭਨਾਂ ਸਰਕਾਰੀ ਵਿਭਾਗਾਂ ਅੰਦਰ ਠੇਕੇ ਤੇ ਸੇਵਾਵਾਂ ਨਿਭਾ ਰਹੇ ਸਭਨਾਂ ਕਰਮਚਾਰੀਆਂ ਨਾਲ ਜੋਟੀ ਪਾ ਕੇ ਸਾਂਝੀ ਮੰਗ - ਰੈਗੂਲਰ ਕਰੋ - ਤੇ ਸਾਂਝੇ ਸੰਘਰਸ਼ਾਂ ਦਾ ਬੱਝਵਾਂ ਜੋਰ ਲਾਉਣ ਲਈ ਕਦਮ  ਲੈਣ ਦੀ ਲੋੜ ਹੈ।

No comments:

Post a Comment