Monday, May 2, 2016

14) ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੰਨ ਰੋਜ਼ਾ ਧਰਨਾ



ਪੇਂਡੂ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ 

ਚੰਡੀਗੜ੍ਹਚ ਤਿੰਨ ਰੋਜ਼ਾ ਧਰਨਾ

ਲਛਮਣ ਸਿੰਘ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 15 ’ਤੋਂ 17 ਮਾਰਚ ਤੱਕ ਹਜ਼ਾਰਾਂ ਮਜ਼ਦੂਰ ਔਰਤਾਂ ਵੱਲੋਂ ਚੰਡੀਗੜ੍ਹ ਵਿਖੇ ਮੰਨੀਆਂ ਹੋਈਆਂ ਅਤੇ ਅਹਿਮ ਤੇ ਬੁਨਿਆਦੀ ਮੰਗਾਂ ਨੂੰ ਲਾਗੂ ਕਰਵਾਉਣ ਅਤੇ ਮਨਾਉਣ ਨੂੰ ਲੈ ਕੇ ਤਿੰਨ ਰੋਜ਼ਾ ਦਿਨ ਰਾਤ  ਦਾ ਧਰਨਾ ਦਿੱਤਾ ਗਿਆ ਅਤੇ 16 ਮਾਰਚ ਨੂੰ ਵਿਧਾਨ ਸਭਾ ਵੱਲ ਰੋਹ ਭਰਪੂਰ ਤੇ ਜਬਤਬੱਧ ਰੋਸ ਮਾਰਚ ਕੀਤਾ ਗਿਆ। ਮਜ਼ਦੂਰ ਜਥੇਬੰਦੀਆਂ ਵੱਲੋਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਇਹ ਧਰਨਾ ਤੇ ਮਾਰਚ ਕੀਤਾ ਗਿਆ ਉਹਨਾਂ ਕੱਟੇ ਪਲਾਟਾਂ ਦੇ ਕਬਜ਼ੇ ਦੇਣ, ਸਾਰੇ ਬੇਘਰੇ ਤੇ ਲੋੜਵੰਦਾਂ ਨੂੰ ਦਸ ਦਸ ਮਰਲੇ ਦੇ ਪਲਾਟ ਦੇਣ, ਨਰਮਾ ਖਰਾਬੇ ਕਾਰਨ ਰੁਜ਼ਗਾਰ ਉਜਾੜੇ ਵਜੋਂ ਪ੍ਰਵਾਨ ਕੀਤੇ 64 ਕਰੋੜ ਰੁਪਏ ਵੰਡਣ, ਮਨਰੇਗਾ, ਆਟਾ-ਦਾਲ, ਪੈਨਸ਼ਨਾਂ ਆਦਿ ਦੇ ਬਕਾਏ ਜਾਰੀ ਕਰਨ, ਮਨਰੇਗਾ ਤਹਿਤ ਪੂਰੇ ਪਰਿਵਾਰ ਨੂੰ ਸਾਲ ਭਰ ਦਾ ਰੁਜ਼ਾਗਰ ਦੇਣ ਤੇ ਦਿਹਾੜੀ 500 ਰਪਏ ਕਰਨ, ਬਿਜਲੀ ਦੇ ਬਕਾਏ ਖ਼ਤਮ ਕਰਕੇ ਪੁੱਟੇ ਮੀਟਰ ਮੋੜ ਲਾਉਣ, ਪੰਚਾਇਤੀ ਜ਼ਮੀਨਾਂ ਚੋਂ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ ਤੇ ਦੇਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਨੌਕਰੀ ਦੇਣ, ਕਰਜ਼ੇ ਖ਼ਤਮ ਕਰਨ, ਮਜ਼ਦੂਰਾਂ ਤੇ ਜਗੀਰੂ ਤੇ ਪੁਲਿਸ ਜਬਰ ਬੰਦ ਕਰਨ, ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਨ ਅਤੇ ਕਾਲਾ ਕਾਨੂੰਨ ਰੱਦ ਕਰਨ ਆਦਿ ਪ੍ਰਮੁੱਖ ਸਨ। ਇਸ ਐਕਸ਼ਨ ਦਾ ਸੱਦਾ ਪੰਜਾਬ ਖੇਤ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਮਜ਼ਦੂਰ ਮੁਕਤੀ ਮੋਰਚਾ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਖੇਤ-ਮਜ਼ਦੂਰ ਸਭਾ ਤੇ ਅਧਾਰਤ ਸਾਂਝੇ ਮੋਰਚੇ ਵੱਲੋਂ ਦਿੱਤਾ ਗਿਆ ਸੀ।
ਆਰਥਿਕ ਸਮਾਜਿਕ ਤੇ ਰਾਜਨੀਤਕ ਆਦਿ ਖੇਤਰਾਂਚ ਕੰਨੀ ਤੇ ਵਿਚਰਦੇ ਇਹਨਾਂ ਕਿਰਤੀਆਂ ਦੇ ਕਾਫ਼ਲੇ 14 ਮਾਰਚ ਦੀ ਰਾਤ ਤੋਂ ਹੀ ਰਾਜਧਾਨੀਚ ਧਰਨਾ ਦੇਣ ਲਈ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬਚ ਪੁੱਜਣੇ ਸ਼ੁਰੂ ਹੋ ਗਏ ਸਨ। ਇਹਨਾਂ ਅੱਟਣਾ ਭਰੇ ਹੱਥਾਂਚ ਝੁੱਲਦੇ ਲਾਲ ਫਰੇਰੇ, ਬੈਨਰ, ਮੰਗਾਂ ਵਾਲੀਆਂ ਤਖ਼ਤੀਆਂ ਤੇ ਗੂੰਜਦੇ ਨਾਹਰੇ ਇਸ ਤਿੰਨ ਰੋਜ਼ਾ ਧਰਨੇ ਤੇ ਵਿਧਾਨ ਸਭਾ ਵੱਲ ਰੋਸ ਮਾਰਚ ਦੀ ਦਿੱਖ ਨੂੰ ਦੂਣ ਸਵਾਇਆ ਕਰ ਰਹੇ ਸਨ। 16 ਮਾਰਚ ਦੀ ਦੁਪਹਿਰ 12 ਵਜੇ ਔਰਤਾਂ ਤੇ ਨੌਜਵਾਨਾਂ ਦੀ ਭਰਵੀਂ ਗਿਣਤੀ ਵਾਲੇ ਇਸ ਕਾਫ਼ਲੇ ਵੱਲੋਂ ਜਦੋਂ ਵਿਧਾਨ ਸਭਾ ਨੂੰ ਮਾਰਚ ਸ਼ੁਰੂ ਕੀਤਾ ਤਾਂ ਇਹ ਹੜ ਦਾ ਰੂਪ ਧਾਰ ਗਿਆ। ਕੋਈ ਗਿਣਤੀ ਨੂੰ 4000 ਤੇ ਕੋਈ 6000 ਤੋਂ ਤਾਂ ਜਮਾਂ ਹੀ ਘੱਟ ਨਹੀਂ ਕਹਿ ਕੇ ਆਪਣੇ ਉਤਸ਼ਾਹੀ ਰੌਂਅ ਦਾ ਪ੍ਰਗਟਾਵਾ ਕਰ ਰਿਹਾ ਸੀ। ਖੈਰ! ਠੋਸ ਗਿਣਤੀ ਕਿੰਨੀ ਵੀ ਹੋਵੇ ਇਹ ਸੱਦਾ ਦੇਣ ਵਾਲੀ ਲੀਡਰਸ਼ਿੱਪ ਲਈ ਵੀ ਤਸੱਲੀਬਖਸ਼ ਤੇ ਹੌਂਸਲਾ ਵਧਾਊ ਸੀ।
ਵਿਧਾਨ ਸਭਾ ਵੱਲ ਵਧ ਰਹੇ ਇਸ ਮਜ਼ਦੂਰ ਕਾਫ਼ਲੇ ਨੂੰ ਭਾਰੀ ਨਫ਼ਰੀਚ ਜੁੜੀ ਚੰਡੀਗੜ੍ਹ ਤੇ ਮੋਹਾਲੀ ਦੀ ਪੁਲਿਸ ਵੱਲੋਂ ਰਸਤੇਚ ਹੀ ਬੈਰੀਕੇਡ ਲਾ ਕੇ ਰੋਕਣ ਤੇ ਮਜ਼ਦੂਰ ਮਰਦ ਔਰਤਾਂ ਨੇ ਉਥੇ ਹੀ ਸੜਕ ਜਾਮ ਕਰਕੇ ਧਰਨਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਜਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਉਹਨਾਂ ਦੇ ਮੰਗ ਪੱਤਰ ਤੇ ਮੀਟਿੰਗ ਦਾ ਭਰੋਸਾ ਦਿੱਤਾ ਗਿਆ। ਮਜ਼ਦੂਰ ਆਗੂਆਂ ਵੱਲੋਂ ਅਧਿਕਾਰੀਆਂ ਨੂੰ ਸਪੱਸ਼ਟ ਸੁਣਵਾਈ ਕਰ ਦਿੱਤੀ ਕਿ ਜੇਕਰ ਕੱਲ੍ਹ 10 ਵਜੇ ਤੱਕ ਮੀਟਿੰਗ ਤਹਿ ਨਾ ਹੋਈ ਤਾਂ ਉਹ ਮੁੜ ਵਿਧਾਨ ਸਭਾ ਵੱਲ ਮਾਰਚ ਕਰਨਗੇ। ਸੋ ਅਗਲੇ ਦਿਨ ਦਿੱਤੇ ਸਮੇਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਲਿਖਤੀ ਸੁਨੇਹਾ ਆ ਗਿਆ ਕਿ 1 ਅਪ੍ਰੈਲ ਨੂੰ ਮੁੱਖ ਮੰਤਰੀ ਵੱਲੋਂ ਮੀਟਿੰਗ ਕੀਤੀ ਜਾਵੇਗੀ ਅਤੇ ਐਸ. ਡੀ. ਐਮ. ਵੱਲੋਂ ਧਰਨੇ ਦੀ ਸਟੇਜ ਤੋਂ ਵੀ ਮੀਟਿੰਗ ਦਾ ਸਮਾਂ ਤੇ ਸਥਾਨ ਐਲਾਨਿਆ ਗਿਆ। ਸੋ 17 ਮਾਰਚ ਨੂੰ ਦੁਪਹਿਰ ਤੱਕ ਬੁਲਾਰਿਆਂ ਵੱਲੋਂ ਤਕਰੀਰਾਂ ਕਰਨ ਉਪਰੰਤ ਇਹ ਕਾਫ਼ਲਾ ਪਿੰਡਾਂ ਵੱਲ ਰਵਾਨਾ ਹੋ ਗਿਆ। ਇਸੇ ਦੌਰਾਨ ਬੁਲਾਰਿਆਂ ਨੇ ਵੱਡੀ ਗਿਣਤੀਚ ਮਜ਼ਦੂਰ ਮਰਦ ਔਰਤਾਂ ਤੇ ਪੂਰੇ ਜੋਸ਼ ਤੇ ਜਬਤਬੱਧ ਤਰੀਕੇ ਨਾਲ ਡਟੇ ਰਹਿਣ ਦੀ ਵਧਾਈ ਦਿੱਤੀ ਅਤੇ ਮੁੱਖ ਮੰਤਰੀ ਵੱਲੋਂ ਧਰਨੇ ਦੇ ਦਬਾਅ ਤਹਿਤ ਦਿੱਤੀ ਮੀਟਿੰਗ ਨੂੰ ਸੰਘਰਸ਼ ਦੀ ਮੁਢਲੀ ਜਿੱਤ ਕਰਾਰ ਦਿੰਦਿਆਂ ਮੰਗਾਂ ਮਨਾਉਣ ਤੇ ਲਾਗੂ ਕਰਾਉਣ ਲਈ ਹੋਰ ਵਡੇਰੀ ਤਾਕਤ ਇਕੱਠੀ ਕਰਨ ਅਤੇ ਕਰੜੇ ਘੋਲਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਮੁੱਖ ਮੰਤਰੀ ਨੇ ਮੀਟਿੰਗਚ ਕਈ ਮੰਗਾਂ ਤੇ ਭਰਿਆ ਹੁੰਗਾਰਾ
ਇੱਕ ਅਪ੍ਰੈਲ ਨੂੰ ਮੁੱਖ ਮੰਤਰੀ ਵੱਲੋਂ ਆਪਣੇ ਚਾਰ ਕੈਬਨਿਟ ਮੰਤਰੀਆਂ ਤੇ ਇੱਕ ਸੰਸਦੀ ਸਕੱਤਰ ਤੋਂ ਇਲਾਵਾ ਵੱਖ ਵੱਖ ਉੱਚ ਅਧਿਕਾਰੀਆਂ ਸਮੇਤ ਮਜ਼ਦੂਰ ਜਥੇਬੰਦੀਆਂ ਨਾਲ ਕੀਤੀ ਮੀਟਿੰਗਚ ਮਜ਼ਦੂਰਾਂ ਦੇ ਪੁੱਟੇ ਮੀਟਰ ਤੁਰੰਤ ਜੋੜਨ, ਪਿਛਲੇ ਖੜ੍ਹੇ 12.5 ਕਰੋੜ ਰੁਪਏ ਦੇ ਬਕਾਏ ਛੱਡਕੇ ਤਾਜ਼ਾ ਬਿੱਲ ਭੇਜਣ ਅਤੇ ਇਹਨਾਂ ਬਕਾਇਆਂ ਦਾ ਬਾਅਦਚ ਫੈਸਲਾ ਕਰਨ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਮਨਰੇਗਾ ਤਹਿਤ ਕੀਤੇ ਕੰਮ ਦੇ 177 ਕਰੋੜ ਰੁਪਏ ਦੇ ਬਕਾਏ ਅਤੇ ਨਰਮਾ ਖਰਾਬੇ ਕਾਰਨ ਰੁਜ਼ਗਾਰ ਉਜਾੜੇ ਵਜੋਂ ਪ੍ਰਵਾਨ ਕੀਤੇ 64 ਕਰੋੜ ਰੁਪਏ ਇੱਕ ਮਹੀਨੇ ਦੇ ਅੰਦਰ ਅਦਾ ਕਰਨ, ਅਲਾਟ ਕੀਤੇ ਪਲਾਟਾਂ ਦਾ ਕਬਜ਼ਾਂ ਦੇਣਚ ਤੇਜ਼ੀ ਲਿਆਉਣ ਆਦਿ ਐਲਾਨ ਕੀਤੇ ਗਏ ਜਦੋਂਕਿ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਇਸ ਵਫ਼ਦ ਨਾਲ ਵੱਖਰੀ ਮੀਟਿੰਗ ਕਰਕੇ ਨਜਾਇਜ਼ ਕੱਟੇ ਅਤੇ ਰਹਿੰਦੇ ਯੋਗ ਨੀਲੇ ਕਾਰਡ ਬਣਾਉਣ, ਕਣਕ ਦੀ ਵੰਡ ਸਮੇਂ ਘਟੀਆ ਕੁਆਲਟੀ ਨੂੰ ਰੋਕਣ ਲਈ ਕਣਕ ਦੀ ਖਰੀਦ ਸਮੇਂ ਹੀ ਕਿਸ ਆੜ੍ਹਤੀਏ ਦੀ ਦੁਕਾਨ ਤੋਂ ਤੇ ਕਿਸ ਇੰਸਪੈਕਟਰ ਨੇ ਇਹ ਕਣਕ ਖਰੀਦੀ ਹੈ ਦੇ ਵੇਰਵੇ ਬੋਰੀਆਂ ਉੱਤੇ ਨੋਟ ਕਰਨ ਦਾ ਐਲਾਨ ਕੀਤਾ ਗਿਆ।
ਭਾਵੇਂ ਮੁੱਖ ਮੰਤਰੀ ਵੱਲੋਂ ਮਜ਼ਦੂਰ ਜਥੇਬੰਦੀਆਂ ਨਾਲ ਕੀਤੇ ਵਾਅਦੇ ਤੇ ਐਲਾਨਾਂ ਕਾਰਨ ਵੀ ਮਜ਼ਦੂਰ ਹਿੱਸਿਆਂ ਤੇ ਉਤਸ਼ਾਹੀ ਅਸਰ ਵੇਖਣ ਨੂੰ ਮਿਲਿਆ ਹੈ ਪਰੰਤੂ ਇਸ ਤੋਂ ਪਹਿਲਾਂ ਰਾਜਧਾਨੀਚ ਹੋਏ ਸੂਬੇ ਪੱਧਰੇ ਇਕੱਠ ਨੇ ਵੀ ਉਨ੍ਹਾਂ ਨੂੰ ਹੌਂਸਲਾ ਪ੍ਰਦਾਨ ਕਰ ਦਿੱਤਾ ਸੀ। ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੇ ਇਸ ਐਕਸ਼ਨ ਦੀ ਅਹਿਮੀਅਤ ਹੇਠਲੇ ਪੱਖਾਂ ਤੋਂ ਕਿਤੇ ਜ਼ਿਆਦਾ ਹੈ। ਇੱਕ ਇਸ ਤਬਕੇ ਵੱਲੋਂ ਨਿਰੋਲ ਆਪਣੀਆਂ ਮੰਗਾਂ ਨੂੰ ਲੈ ਕੇ ਆਪਣੇ ਬਲਬੂਤੇ ਅਤੇ ਆਪਣੇ ਥੜ੍ਹੇ ਤੋਂ ਰਾਜਧਾਨੀਚ ਕੀਤਾ ਗਿਆ ਇਹ ਪਹਿਲਾ ਤੇ ਸਫ਼ਲ ਐਕਸ਼ਨ ਹੈ। ਜੋ ਇਹਨਾਂ ਹਿੱਸਿਆਂ ਵੱਲੋਂ ਅੰਸ਼ਕ ਮੰਗਾਂ ਤੇ ਸਥਾਨਕ ਪੱਧਰਾਂ ਤੇ ਲੜੇ ਜਾ ਰਹੇ ਘੋਲਾਂ ਤੋਂ ਅਗਾਂਹ ਸੂਬੇ ਪੱਧਰ ਤੇ ਘੋਲ ਲੜਨ ਦੀ ਦਿਸ਼ਾ ਵੱਲ ਕਦਮ ਵਧਾਰਾ ਹੈ। ਦੂਜੀ ਗੱਲ ਇਹਨਾਂ ਤਿੰਨਾਂ ਦਿਨਾਂਚ ਇਸ ਧਰਨੇ ਦੀ ਗਿਣਤੀ ਕਿਸੇ ਸਮੇਂ ਵੀ ਰੜਕਵੇਂ ਰੂਪਚ ਵਿਰਲੀ ਨਹੀਂ ਪਈ। ਇੱਥੋਂ ਤੱਕ ਕਿ ਰਾਤਾਂ ਨੂੰ ਵੀ ਕੋਈ ਖਾਸ ਫ਼ਰਕ ਨੋਟ ਨਹੀਂ ਹੋਇਆ ਜੋ ਇਸ ਤਬਕੇ ਦੀ ਦ੍ਰਿੜਤਾ ਤੇ ਜਾਬਤੇ ਦਾ ਪਾਬੰਦ ਹੋਣ ਵਾਲੇ ਜਮਾਤੀ ਗੁਣਾ ਦੀ ਪੁਸ਼ਟੀ ਕਰਦਾ ਹੈ। ਇਸ ਧਰਨੇ ਦੌਰਾਨ ਪਲਸ ਮੰਚ ਦੀ ਟੀਮ ‘‘ਚੰਡੀਗੜ੍ਹ ਸਕੂਲ ਆਫ਼ ਡਰਾਮਾ’’ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ‘‘ਬੁੱਤ ਜਾਗ ਪਿਆ’’ ਅਤੇ ‘‘ਇਹ ਲਹੂ ਕਿਸਦਾ ਹੈ’’ ਨਾਟਕ ਖੇਡਣ ਰਾਹੀਂ ਕਲਾ ਤੇ ਦਾਤੀਆਂ ਦੀ ਸਾਂਝ ਨੂੰ ਮਜਬੂਤ ਕੀਤਾ ਗਿਆ ਅਤੇ ਬੀ. ਕੇ. ਯੂ. ਏਕਤਾ ਉਗਰਾਹਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲੰਗਰ ਲਈ ਦੁੱਧ ਤੇ ਵਲੰਟੀਅਰਾਂ ਦੀ ਸੇਵਾ ਨਿਭਾਈ ਗਈ। ਭਾਵੇਂ ਕਹਿਣ ਪੱਖੋਂ ਇਹ ਸਹਿਯੋਗ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਲੰਗਰ ਲਈ ਸੀ ਪਰ ਤੱਤ ਪੱਖੋਂ ਇਹ ਸਹਿਯੋਗ ਸਮੁੱਚੇ ਧਰਨਾਕਾਰੀਆਂ ਲਈ ਹੋ ਨਿੱਬੜਿਆ।

No comments:

Post a Comment