Monday, May 2, 2016

06) ਅੰਬੇਦਕਰ ਦਾ ਹੇਜ

ਦਲਿਤ ਵੋਟਾਂ ਤੇ ਅੱਖ ਅਤੇ ਲਾਲਸਾਚ ਉਮੱਡਿਆ


ਭਾਜਪਾ ਦਾ ਅੰਬੇਦਕਰ ਹੇਜ

- ਸਿਆਸੀ ਟਿੱਪਣੀਕਾਰ

2016 ਦਾ ਵਰ੍ਹਾ, ਡਾ. ਭੀਮਰਾਓ ਰਾਮਜੀ ਅੰਬੇਦਕਰ, ਜਿਹਨਾਂ ਨੂੰ ਸਤਿਕਾਰ ਨਾਲ ਬਾਬਾ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ 125 ਵੀਂ ਜਨਮ ਵਰ੍ਹੇਗੰਢ ਦਾ ਸਾਲ ਹੈ। ਇਸ ਵਰ੍ਹੇ ਗੰਢ ਮੌਕੇ ਪ੍ਰੈੱਸ ਅਤੇ ਇਲੈਕਟ੍ਰੋਨਿਕ ਮੀਡੀਆਚ ਉਹਨਾਂ ਬਾਰੇ ਕਾਫ਼ੀ ਚਰਚਾ ਹੋਈ ਹੈ। ਦਰਅਸਲ, ਪਿਛਲੇ ਕਾਫੀ ਸਮੇਂ ਤੋਂ, ਭਾਰਤ ਦੀਆਂ ਹਾਕਮ ਜਮਾਤੀ ਵੋਟ ਪਾਰਟੀਆਂ ਦਰਮਿਆਨ ਡਾ. ਭੀਮਰਾਓ ਅੰਬੇਦਕਰ ਦੇ ਨਾਮ, ਨਕਸ਼ੇ, ਸ਼ੋਹਰਤ ਤੇ ਵਿਰਾਸਤ ਨੂੰ ਹਥਿਆਉਣ ਅਤੇ ਸੌੜੇ ਸਿਆਸੀ ਸੁਆਰਥਾਂ ਲਈ ਆਪੋ ਆਪਣੇ ਹੱਕਚ ਭੁਗਤਾਉਣ ਦੀ ਜਬਰਦਸਤ ਦੌੜ ਅਤੇ ਖੋਹ-ਖਿੰਝ ਲੱਗੀ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਕਪਤਾਨੀ ਹੇਠ ਭਾਜਪਾ ਤੇ ਸੰਘ-ਪਰਿਵਾਰ ਇਸ ਖੇਡ ਵਿੱਚ ਸਭ ਤੋਂ ਵੱਧ ਸਰਗਰਮ ਹੈ। ਕੇਂਦਰ ਸਰਕਾਰ ਵੱਲੋਂ ਪੂਰੇ ਸਾਲ ਭਰ ਅੰਬੇਦਕਰ ਦੀ ਜਨਮ ਜਯੰਤੀ ਮਨਾਏ ਜਾਣ ਅਤੇ ਦਿੱਲੀ ਤੇ ਲੰਡਨਚ ਉਸਦੀ ਰਿਹਾਇਸ਼ ਰਹੀਆਂ ਥਾਵਾਂ ਨੂੰ ਅੰਬੇਦਕਰ ਭਵਨਚ ਤਬਦੀਲ ਕਰਨ ਦੇ ਐਲਾਨ ਕੀਤਾ ਗਏ ਹਨ। ਆਪਣੀ ਸਿਆਸੀ ਸ਼ਰੀਕ ਕਾਂਗਰਸ ਪਾਰਟੀ ਤੇ ਹਮਲੇ ਦਾ ਕੋਈ ਵੀ ਮੌਕਾ ਆਹਲਾ ਨਾ ਜਾਣ ਦੇਣ ਦੀ ਆਪਣੀ ਆਦਤ ਤੇ ਖਰੇ ਉੱਤਰਦਿਆਂ ਉਹਨਾਂ ਨੇ ਕਾਂਗਰਸ ਤੇ ਭੀਮਰਾਓ ਅੰਬੇਦਕਰ ਦੇ ਨਾਂ ਅਤੇ ਦੇਣ ਨੂੰ ਰੋਲਣ ਦੀ ਸਾਜਸ਼ ਕਰਨ ਲਈ ਖੂਬ ਰਗੜੇ ਲਾਏ। ਆਪਣੇ ਆਪ ਨੂੰ ‘‘ਅੰਬੇਦਕਰ ਦਾ ਭਗਤ’’ ਅਤੇ ਉਹਨਾਂ ਦੇ ‘‘ਚਰਨਾਂਚ ਬਹਿਕੇ ਕੰਮ ਕਰਨ ਉੱਤੇ ਫਖਰ ਮਹਿਸੂਸ ਕਰਨ ਵਾਲਾ’’ ਦਸਦਿਆਂ ਬਾਬਾ ਸਾਹਿਬ ਵੱਲੋਂ ਦਲਿਤਾਂ ਦੇ ਉਧਾਰ ਲਈ ਕੀਤੇ ਕੰਮ ਨੂੰ ਅੱਗੇ ਵਧਾਉਣ ਦੇ ਦਾਅਵੇ ਕੀਤੇ। 22 ਮਾਰਚ ਨੂੰ ਦਿੱਲੀ ਵਿਗਿਆਨ ਭਵਨਚ ਕੀਤੇ ਸਮਾਗਮਚ ਤਾਂ ਉਹ ਇਹ ਕਹਿਣ ਤੱਕ ਚਲੇ ਗਏ ਕਿ ਬਾਬਾ ਸਾਹਿਬ ਵੱਲੋਂ ਦਲਿਤਾਂ ਲਈ ਸ਼ੁਰੂ ਕੀਤਾ ਰਾਖਵਾਂਕਰਨ ਹਰ ਹਾਲ ਜਾਰੀ ਰਹੇਗਾ। ਜੇ ਅੰਬੇਦਕਰ ਦੁਬਾਰਾ ਆਪ ਆ ਕੇ ਵੀ ਇਸਨੂੰ ਬੰਦ ਕਰਨ ਦੀ ਮੰਗ ਕਰਨ ਤਾਂ ਵੀ ਇਸਨੂੰ ਬੰਦ ਨਹੀਂ ਕੀਤਾ ਜਾਵੇਗਾ। ਆਖਰ, ਇਸ ਹੇਜ ਦੀ ਵਜ੍ਹਾ ਕੀ ਹੈ?
ਅੰਬੇਦਕਰ ਭਾਰਤ ਦੀ ਬੁਰਜੂਆ ਸਿਆਸਤ ਦੇ ਇੱਕ ਪ੍ਰਸਿੱਧ ਤੇ ਸਨਮਾਨਤ ਆਗੂ ਸਨ। ਮਹਾਂਰਾਸ਼ਟਰਚ ਮਹਾਰ ਨਾਂ ਦੀ ਇੱਕ ਬਹੁਤ ਹੀ ਨੀਵੀਂ ਜਾਤੀਚ ਜਨਮੇ ਅੰਬੇਦਕਰ ਨੇ ਨਾਮੀ ਵਿਦੇਸ਼ੀ ਸੰਸਥਾਵਾਂ ਚੋਂ ਅਰਥ ਸ਼ਾਸਤਰ ਅਤੇ ਕਾਨੂੰਨ ਦੇ ਖੇਤਰਚ ਬਹੁਤ ਉੱਚ ਵਿੱਦਿਆ ਹਾਸਲ ਕੀਤੀ। ਭਾਰਤਚ ਅੰਗਰੇਜ਼ੀ ਸ਼ਾਸਨ ਦੌਰਾਨ ਸਮਾਜਕ ਤੇ ਸਿਆਸੀ ਜੀਵਨਚ ਅੱਡ-ਅੱਡ ਢੰਗਾਂ ਨਾਲ ਸਰਗਰਮ ਰਹਿਣ ਤੋਂ ਇਲਾਵਾ ਉਹ ਬ੍ਰਿਟਿਸ਼ ਪ੍ਰਸ਼ਾਸਨਚ ਡਿਫੈਂਸ ਐਡਵਾਈਜ਼ਰੀ ਕੌਂਸਲ ਦੇ ਮੈਂਬਰ ਅਤੇ ਵਾਇਸਰਾਏ ਦੀ ਐਗਜ਼ੈਕਟਿਵ ਕੌਂਸਲ (ਮੰਤਰੀ ਮੰਡਲ)ਚ ਲੇਬਰ ਮੰਤਰੀ ਜਿਹੇ ਅਹਿਮ ਅਹੁਦਿਆਂ ਤੇ ਰਹੇ। 1947 ਤੋਂ ਬਾਅਦ ਉਹ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਬਣੇ ਅਤੇ 1947 ਤੋਂ 1951 ਤੱਕ ਇਸ ਅਹੁਦੇ ਤੇ ਰਹੇ। ਇਸਤੋਂ ਇਲਾਵਾ ਉਹ ਵਿਧਾਨ-ਘੜਨੀ ਅਸੈਂਬਲੀ ਦੇ ਮੈਂਬਰ ਅਤੇ ਸੰਵਿਧਾਨ ਤਿਆਰੀ ਕਮੇਟੀ ਦੇ ਚੇਅਰਮੈਨ ਜਿਹੇ ਵੱਕਾਰੀ ਅਹੁਦੇ ਤੇ ਵੀ ਰਹੇ। ਭਾਰਤ ਭਰਚ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਜਾਤਪਾਤ ਵਿਰੋਧੀ ਦਲਿਤ ਲਹਿਰ ਦੇ ਸਿਆਸੀ-ਸਿਧਾਂਤਕ ਰਹਿਬਰ ਤੇ ਉੱਘੇ ਸਮਾਜ ਸੁਧਾਰਕ ਵਜੋਂ ਜਾਣਿਆ ਜਾਂਦਾ ਹੈ। ਚੋਟੀ ਦੇ ਵਿਦਵਾਨ ਹੋਣ ਦੇ ਬਾਵਜੂਦ, ਕਿਸੇ ਵੀ ਬੁਰਜੂਆ ਚਿੰਤਕ ਤੇ ਲੀਡਰ ਵਾਂਗ ਨਿਸ਼ਚੇ ਹੀ, ਬਾਬਾ ਸਾਹਿਬ ਦੀਆਂ ਵੀ ਕੁੱਝ ਸੀਮਤਾਈਆਂ ਰਹਿਣੀਆਂ ਸੁਭਾਵਕ ਸਨ। ਉਹ ਡੂੰਘੀਆਂ ਜੜ੍ਹਾਂ ਵਾਲੇ ਜਾਤਪਾਤ ਦੇ ਮਸਲੇ ਵਿਰੁੱਧ ਲੜਾਈ ਨੂੰ ਵੇਲੇ ਦੇ ਗੈਰ-ਜਮਹੂਰੀ ਤੇ ਲੁਟੇਰੇ ਸਮਾਜੀ-ਆਰਥਕ ਪ੍ਰਬੰਧ ਨੂੰ ਬਦਲਣ ਦੀ ਭਾਰਤੀ ਲੋਕਾਂ ਦੀ ਵਡੇਰੀ ਲੜਾਈ ਦੇ ਅਨਿੱਖੜਵੇਂ ਅੰਗ ਵਜੋਂ ਚਿਤਵਨ ਤੇ ਚਲਾਉਣਚ ਨਾਕਾਮ ਰਹੇ। ਉਹ ਇਹ ਸਮਝਣਚ ਵੀ ਨਾਕਾਮ ਰਹੇ ਕਿ ਸਿਰਫ਼ ਜਾਤਪਾਤੀ ਲਾਮਬੰਦੀ ਦੇ ਆਧਾਰ ਤੇ ਜਾਤਪਾਤੀ ਫੰਦੇ ਦੀ ਨਪੀੜੂ-ਕਸ ਨੂੰ ਤਾਂ ਕੁੱਝ ਹੱਦ ਤੱਕ ਢਿੱਲਾ ਪਾਇਆ ਜਾ ਸਕਦਾ ਹੈ ਪਰ ਇਸ ਪ੍ਰਬੰਧ ਦੀਆਂ ਗਹਿਰੀਆਂ ਜੜ੍ਹਾਂ ਨੂੰ ਨਹੀਂ ਖੋਰਿਆ ਜਾ ਸਕਦਾ। ਗੰਭੀਰ ਸਮਾਜਕ ਸਮੱਸਿਆਵਾਂ ਨੂੰ ਸਮਾਜੀ ਆਰਥਕ ਪ੍ਰਬੰਧ ਬਦਲੇ ਬਗੈਰ ਨਹੀਂ ਸੁਲਝਾਇਆ ਜਾ ਸਕਦਾ। ਇਉਂ ਹੀ ਉਹ ਅੰਗਰੇਜ਼ ਸ਼ਾਸਕਾਂ ਵੱਲੋਂ ਭਾਰਤ ਦੇ ਜਾਤਪਾਤੀ ਪ੍ਰਬੰਧ ਨੂੰ ਸਲਾਮਤ ਰੱਖੇ ਜਾਣ ਅਤੇ ਇਸਨੂੰ ਆਪਣੇ ਸਾਮਰਾਜੀ ਸੁਆਰਥਾਂ ਲਈ ਵਰਤਣ ਦੀ ਹਕੀਕਤ ਨੂੰ ਵੀ ਬੁੱਝਣਚ ਨਾਕਾਮ ਰਹੇ ਸਨ ਅਤੇ ਗੋਰੇ ਹਾਕਮਾਂ ਨੂੰ ਦਲਿਤਾਂ ਦੇ ਹਿਤੈਸ਼ੀਆਂ ਵਜੋਂ ਦੇਖਦੇ ਰਹੇ। ਉਹਨਾਂ ਵੱਲੋਂ ਖੁਦ ਧਰਮ ਬਦਲੀ ਕਰਨਾ ਤੇ ਆਪਣੇ ਪੈਰੋਕਾਰਾਂ ਨੂੰ ਅਜਿਹਾ ਕਰਨ ਲਈ ਕਹਿਣਾ ਨਿਸ਼ਚੇ ਹੀ ਹਿੰਦੂ ਧਰਮ ਵਿਰੁੱਧ ਉਹਨਾਂ ਦੇ ਤਿੱਖੇ ਪ੍ਰਤੀਕਰਮ ਦਾ ਸੂਚਕ ਹੈ ਪਰ ਉਹਨਾਂ ਵੱਲੋਂ ਚੁਣਿਆ ਇਹ ਰਾਹ ਜਾਤਪਾਤੀ ਜਬਰ ਦੇ ਮਸਲੇ ਦਾ ਕੋਈ ਸਾਰਥਕ ਹੱਲ ਨਹੀਂ ਬਣਦਾ। ਪਰ ਉਹਨਾਂ ਦੀਆਂ ਅਜਿਹੀਆਂ ਸਭਨਾਂ ਸੀਮਤਾਈਆਂ ਦੇ ਬਾਵਜੂਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਮਾਜਕ ਵਿਤਕਰੇ ਅਤੇ ਧੌਂਸ ਤੇ ਅਧਾਰਤ ਜਾਤਪਾਤੀ ਪ੍ਰਣਾਲੀ ਅਤੇ ਇਸਦੇ ਸਭ ਤੋਂ ਘਿਨਾਉਣੇ ਰੂਪ ਛੂਤਛਾਤ- ਵਿਰੁੱਧ ਉਹਨਾਂ ਦੇ ਲਗਨ ਭਰਪੂਰ ਤੇ ਅਣਥੱਕ ਸੰਗਰਾਮ ਅਤੇ ਦਲਿਤ ਸਮਾਜ ਦੀ ਭਲਾਈ ਅਤੇ ਤਰੱਕੀ ਲਈ ਭਾਰਤੀ ਸੰਵਿਧਾਨਚ ਕੀਤੀਆਂ ਰਾਖਵੇਂਕਰਨ ਜਿਹੀਆਂ ਵਿਵਸਥਾਵਾਂ ਕਰਕੇ ਅੰਬੇਦਕਰ ਦਲਿਤ ਸਮਾਜ ਅਤੇ ਕਾਜ਼ ਦੇ ਵਿਆਪਕ ਤੌਰ ਤੇ ਪ੍ਰਵਾਨਤ ਆਗੂ ਅਤੇ ਪ੍ਰਤੀਕ ਵਜੋਂ ਉੱਭਰੇ ਤੇ ਸਥਾਪਤ ਹੋ ਗਏ। ਹਾਕਮ ਜਮਾਤੀ ਪਾਰਲੀਮੈਂਟਰੀ ਪਾਰਟੀਆਂ ਅੰਦਰ ਅੰਬੇਦਕਰ ਲਈ ਡੁੱਲ੍ਹ ਡੁੱਲ੍ਹ ਪੈਂਦੇ ਮੋਹ ਦਾ ਅਸਲ ਰਾਜ ਅੰਬੇਦਕਰ ਦੀ ਉੱਭਰੀ ਇਸ ਪਛਾਣ ਅੰਦਰ ਲੁਕਿਆ ਹੋਇਆ ਹੈ।
ਦਲਿਤ ਸਮਾਜ ਮੋਟੇ ਤੌਰ ਤੇ ਭਾਰਤੀ ਵਸੋਂ ਦਾ ਲਗਭਗ 30 ਫੀਸਦੀ ਭਾਗ ਬਣਦਾ ਹੈ। ਆਜ਼ਾਦੀ ਤੋਂ ਬਾਅਦ ਲੰਮਾ ਸਮਾਂ ਦਲਿਤ ਭਾਈਚਾਰਾ ਦੇਸ਼ ਦੇ ਕਾਫ਼ੀ ਵੱਡੇ ਹਿੱਸੇਚ ਕਾਂਗਰਸ ਦਾ ਸੁਰੱਖਿਅਤ ਵੋਟ-ਬੈਂਕ ਬਣਿਆ ਰਿਹਾ। ਅੱਸੀਵਿਆਂਦੇ ਸਾਲਾਂਚ ਚੱਲੇ ਮੰਡਲ ਅੰਦੋਲਨ ਤੇ ਹੋਰ ਘਟਨਾਕ੍ਰਮਾਂ ਨੇ ਇਹਨਾਂ ਹਿੱਸਿਆਂ ਅੰਦਰ ਦਲਿਤ ਚੇਤਨਾ ਦਾ ਵੱਡੇ ਪੱਧਰ ਤੇ ਪਸਾਰਾ ਕੀਤਾ ਅਤੇ ਉਹਨਾਂ ਨੂੰ ਇੱਕ ਜ਼ੋਰਦਾਰ ਸਿਆਸੀ ਸ਼ਕਤੀ ਦੇ ਰੂਪਚ ਉਭਾਰਿਆ। ਦਲਿਤ ਹਿੱਸਿਆਂ ਦੇ ਕਾਂਗਰਸ ਪਾਰਟੀ ਨਾਲ ਹੋਏ ਮੋਹ ਭੰਗ ਨੂੰ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਕਾਂਗਰਸ ਪਾਰਟੀ ਦੇ ਪਤਨ ਦਾ ਇੱਕ ਅਹਿਮ ਕਾਰਨ ਦੱਸਿਆ ਜਾ ਰਿਹਾ ਹੈ। ਅੱਜ ਦੀ ਹਾਲਤ , ਕੋਈ ਵੀ ਸਿਆਸੀ ਸ਼ਕਤੀ ਇਸ ਵੱਡੇ ਵੋਟ-ਬੈਂਕ ਨੂੰ ਅਣਗੌਲਿਆ ਕਰਕੇ ਆਪਣੇ ਸਿਆਸੀ ਮਨੋਰਥ ਹਾਸਲ ਨਹੀਂ ਕਰ ਸਕਦੀ। ਆਪਣੇ ਦੂਰ-ਰਸ ਮਨਸੂਬਿਆਂ ਨੂੰ ਤੋੜ ਚਾੜ੍ਹਨ ਲਈ ਭਾਰਤ ਦੀ ਸਿਆਸੀ ਸਤ੍ਹਾ ਤੇ ਆਪਣੀ ਪਕੜ ਮਜਬੂਤ ਕਰਨ ਲਈ ਸੰਘ ਪਰਿਵਾਰ ਤੇ ਭਾਜਪਾ ਇਸ ਦਲਿਤ ਸਮਾਜ ਨੂੰ ਪਤਿਆਉਣ ਤੇ ਭਰਮਾਉਣ ਦਾ ਆਹਰ ਕਰ ਰਹੀ ਹੈ। ਅੰਬੇਦਕਰ ਅਤੇ ਦਲਿਤ ਸਮਾਜ ਪ੍ਰਤੀ ਡੁੱਲ੍ਹ ਡੁੱਲ੍ਹ ਪੈਂਦੇ ਮੋਦੀ ਤੇ ਭਾਜਪਾ ਦੇ ਦੰਭੀ ਹੇਜ ਦੀ ਅਸਲ ਵਜ੍ਹਾ ਇਹੋ ਹੈ।
ਦਲਿਤ ਸਮਾਜ ਅੰਦਰ ਆਪਣਾ ਅਸਰਦਾਰ ਪੈਰ-ਧਰਾਅ ਬਣਾਉਣ ਜਾਂ ਹੋਰ ਕਿਸੇ ਵਿਰੁੱਧ ਉਹਨਾਂ ਦੀ ਹਮਾਇਤ ਜਿੱਤਣ ਦਾ ਕਾਰਜ ਬੀ. ਜੇ. ਪੀ. ਲਈ ਕਾਫ਼ੀ ਦੁਸ਼ਵਾਰੀ ਭਰਿਆ ਹੈ। ਸੰਘ ਪਰਿਵਾਰ ਜਿਸ ਹਿੰਦੂ ਧਰਮ ਅਤੇ ਹਿੰਦੂ ਸੰਸਕ੍ਰਿਤੀ ਦੀ ਸ਼੍ਰੇਸ਼ਠਤਾ ਦੀ ਗੱਲ ਕਰਦਾ ਹੈ ਅਤੇ ਭਾਰਤ ਅੰਦਰ ਹਿੰਦੂ ਰਾਸ਼ਟਰ ਸਥਾਪਤ ਕਰਨ ਦੇ ਕਾਜ ਲਈ ਪ੍ਰਤੀਬੱਧ ਅਤੇ ਦਿਨ ਰਾਦ ਯਤਨਸ਼ੀਲ ਹੈ, ਜਾਤਪਾਤੀ ਵਿਵਸਥਾ ਉਸੇ ਹਿੰਦੂ ਧਰਮ ਦਾ ਇੱਕ ਅਹਿਮ ਅਤੇ ਅਨਿੱਖੜ ਅੰਗ ਹੈ। ਇਸ ਹਿੰਦੂ ਧਰਮ ਦੀ ਜੋਰ ਸ਼ੋਰ ਨਾਲ ਪੈਰਵਾਈ ਕਰਦਿਆਂ ਇਸਦਾ ਅੰਬੇਦਕਰ ਨਾਲ ਜੁੜੀ ਵਿਰਾਸਤ ਨਾਲ ਮੇਲ ਜੋਲ ਬਿਠਾਉਣਾ ਕੋਈ ਖਾਲਾ ਜੀ ਕਾ ਵਾੜਾ ਨਹੀਂ। ਇਸ ਪ੍ਰਸੰਗਚ ਅੰਬੇਦਕਰ ਦਾ ਹੇਠ ਲਿਖਿਆ ਕਥਨ ਭਾਜਪਾ ਲਈ ਸੰਘਚ ਫਸੀ ਹੱਡੀ ਵਾਂਗ ਹੈ:
‘‘ਜਾਤਪਾਤ ਇੱਕ ਮਨੋ-ਅਵਸਥਾ ਹੈ। ਇਹ ਇੱਕ ਮਨੋਰੋਗ ਹੈ। ਇਸ ਮਨੋਰੋਗ ਦੀ ਮੂਲ ਵਜ੍ਹਾ ਹਿੰਦੂ ਧਰਮ ਦੀਆਂ ਸਿੱਖਿਆਵਾਂ ਹਨ। ਅਸੀਂ ਇਸ ਕਰਕੇ ਜਾਤਪਾਤ ਨੂੰ ਮੰਨਦੇ ਹਾਂ ਅਤੇ ਛੂਤ-ਛਾਤ ਲਾਗੂ ਕਰਦੇ ਹਾਂ ਕਿਉਂਕਿ ਹਿੰਦੂ ਧਰਮ ਸਾਨੂੰ ਅਜਿਹਾ ਕਰਨ ਲਈ ਕਹਿੰਦਾ ਹੈ। ਇੱਕ ਕੌੜੀ ਚੀਜ਼ ਨੂੰ ਮਿੱਠਾ ਨਹੀਂ ਬਣਾਇਆ ਜਾ ਸਕਦਾ। ਕਿਸੇ ਵੀ ਚੀਜ਼ ਦਾ ਸੁਆਦ ਤਾਂ ਬਦਲਿਆ ਜਾ ਸਕਦਾ ਹੈ ਪਰ ਜ਼ਹਿਰ ਨੂੰ ਅਮ੍ਰਿਤ ਨਹੀਂ ਬਣਾਇਆ ਜਾ ਸਕਦਾ।’’
ਹੋਰ ਅੱਗੇ ‘‘ਹਿੰਦੂਵਾਦ ਅੰਦਰ, ਈਮਾਨ, ਤਰਕ ਅਤੇ ਆਜ਼ਾਦਾਨਾ ਸੋਚ ਦੇ ਵਿਕਾਸ ਦੀ ਕੋਈ ਸੰਭਾਵਨਾ ਨਹੀਂ।’’
ਜਿੱਥੇ ਅੰਬੇਦਕਰ ਜਾਤਪਾਤੀ ਵਿਵਸਥਾ ਅਤੇ ਘ੍ਰਿਣਤ ਛੂਤਛਾਤ ਨੂੰ ਹਿੰਦੂ ਧਰਮ ਦੀ ਉਪਜ ਮੰਨਦਾ ਸੀ ਤੇ ਉਸਦਾ ਸਪੱਸ਼ਟ ਮਤ ਸੀ ਕਿ ਹਿੰਦੂ ਧਰਮਚ ਰਹਿੰਦਿਆਂ ਜਾਤਪਾਤ ਦੇ ਇਸ ‘‘ਮਨੋਰੋਗ’’ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਇਸ ਲਈ ਉਸਨੇ ਨਾ ਸਿਰਫ਼ ਖੁਦ ਹਿੰਦੂ ਧਰਮ ਛੱਡ ਕੇ ਬੁੱਧ ਮੱਤ ਨੂੰ ਅਪਣਾਇਆ ਸਗੋਂ ਆਪਣੇ ਪੈਰੋਕਾਰਾਂ ਨੂੰ ਵੀ ਅਜਿਹੀ ਧਰਮ-ਬਦਲੀ ਲਈ ਉਤਸ਼ਾਹਤ ਕੀਤਾ ਸੀ। ਇਸਦੇ ਐਨ ਉਲਟ ਮੋਦੀ ਜੀ ਤੇ ਉਹਨਾਂ ਦਾ ਸੰਘ ਪਰਿਵਾਰ ਸਮੁੱਚੇ ਭਾਰਤੀਆਂ ਤੇ ਜਬਰਨ ਹਿੰਦੂ ਸਭਿਆਚਾਰ ਮੜ੍ਹਨ ਅਤੇ ਉਹਨਾਂ ਤੋਂ ਜੋਰਾ-ਜਬਰੀ ਹਿੰਦੂ ਧਰਮ ਦੀ ਸਰਪ੍ਰਸਤੀ ਕਬੂਲ ਕਰਵਾਉਣ ਲਈ ਵੱਟ ਚਾੜ੍ਹਦੇ ਆ ਰਹੇ ਹਨ। ਅਜਿਹੀ ਟਕਰਾਵੇਂ ਉਦੇਸ਼ਾਂ ਵਾਲੀਆਂ ਹਾਲਤਾਂਚ ਮੋਦੀ ਜੀ ਦਾ ਅੰਬੇਦਕਰ ਭਗਤੀ ਅਤੇ ਉਸਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਦਾਅਵਾ ਇੱਕ ਫ਼ਰੇਬ ਤੋਂ ਵੱਧ ਕੁੱਝ ਨਹੀਂ।
ਭਾਰਤ ਦੇ ਜਿਸ ਸੰਵਿਧਾਨ ਦੇ ਨਿਰਮਾਤਾ ਹੋਣ ਵਜੋਂ ਅੰਬੇਦਕਰ ਨੂੰ ਉਚਿਆਇਆ ਜਾਂਦਾ ਹੈ, ਉਸ ਬਾਰੇ ਸੰਘ ਪਰਿਵਾਰ ਦੇ ਵਿਚਾਰਧਾਰਕ ਬੁਲਾਰੇ ‘‘ਆਰਗੇਨਾਈਜ਼ਰ’’ ਦੇ 30 ਨਵੰਬਰ 1949 ਦੇ ਸੰਪਾਦਕੀ ਨੋਟਚ ਇਹ ਸਖਤ ਟਿੱਪਣੀ ਕੀਤੀ ਗਈ ਸੀ: ‘‘ਭਾਰਤ ਦੇ ਨਵੇਂ ਸੰਵਿਧਾਨ ਦੀ ਸਭ ਤੋਂ ਭੈੜੀ ਗੱਲ ਇਹ ਹੈ ਕਿ ਇਸ ਵਿੱਚ ਕੁਝ ਵੀ ਭਾਰਤੀ ਨਹੀਂ। ਇਸ ਅੰਦਰ ਭਾਰਤ ਦੇ ਪੁਰਾਤਨ ਵਿਧਾਨਕ ਕਾਨੂੰਨਾਂ, ਸੰਸਥਾਵਾਂ, ਨਾਮਾਵਲੀ ਅਤੇ ਸ਼ੈਲੀ ਦਾ ਅੰਸ਼ ਮਾਤਰ ਵੀ ਨਹੀਂ। ਪ੍ਰਾਚੀਨ ਭਾਰਤ ਅੰਦਰ ਕੀਤੀ ਗਈ ਵਿਲੱਖਣ ਵਿਧਾਨਕ ਤਰੱਕੀ ਦਾ ਇਸਚ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸਪਾਰਟਾ ਦੇ ਲਾਈਕਰਗਸ (ਇੱਕ ਪ੍ਰਾਚੀਨ ਯੂਨਾਨੀ ਕਾਨੂੰਨਦਾਨ-ਸੰਪਾਦਕ) ਅਤੇ ਪਰਸ਼ੀਆ ਦੇ ਸੋਲੋਨ ਤੋਂ ਬਹੁਤ ਚਿਰ ਪਹਿਲਾਂ ਹੀ ਮਨੂ ਨੇ ਕਾਨੂੰਨ ਘੜ ਦਿੱਤੇ ਸਨ। ਮਨੂੰ ਸਿਮ੍ਰਤੀਚ ਦਰਜ ਇਹ ਕਾਨੂੰਨ ਅੱਜ ਵੀ ਸੰਸਾਰ ਭਰ ਦੀ ਪ੍ਰਸੰਸਾ ਦੇ ਪਾਤਰ ਹਨ ਅਤੇ ਭਾਰਤ ਅੰਦਰ ਹਿੰਦੂਆਂ ਵੱਲੋਂ ਇਹਨਾਂ ਨਾਲ ਸਹਿਮਤੀ ਅਤੇ ਤੱਟ-ਫੱਟ ਪਾਲਣਾ ਵੱਲ ਪ੍ਰੇਰਤ ਕਰਦੇ ਹਨ। ਪਰ ਸਾਡੇ ਸੰਵਿਧਾਨ ਦੇ ਇਹਨਾਂ ਪੰਡਤਾਂ ਦੇ ਮਨਚ ਇਸ ਦੀ ਕੋਈ ਵੁੱਕਤ ਨਹੀਂ।’’
ਆਰਗੇਨਾਈਜ਼ਰ ਦੀ ਸੰਪਾਦਕੀਚ ਮਨੂੰ ਸਿਮ੍ਰਤੀਚ ਦਰਜ ਤੇ ਸੰਸਾਰ ਦੇ ਲੋਕਾਂ ਦੀ ਪ੍ਰਸੰਸਾ ਖੱਟਣ ਦਾ ਦਾਅਵਾ ਕੀਤੇ ਜਾਣ ਵਾਲੇ ਜਿਨ੍ਹਾਂ ਕਾਨੂੰਨਾਂ ਦੀ ਗੱਲ ਕੀਤੀ ਗਈ ਹੈ, ਉਹ ਵਰਣ-ਵਿਵਸਥਾ ਅਤੇ ਇਸ ਉੱਪਰ ਆਧਾਰਤ ਜਾਤਪਾਤੀ ਵਿਤਕਰੇ, ਧੌਂਸ ਅਤੇ ਆਚਾਰ, ਵਿਹਾਰ ਨਾਲ ਸਬੰਧਤ ਕਾਨੂੰਨ ਹੀ ਹਨ। ਜਿਸ ਬਦਨਾਮ ਵਰਣ-ਵਿਵਸਥਾ ਦੀ ਜਨਮਦਾਤੀ ਮਨੂੰ ਸਿਮ੍ਰਤੀ ਦਾ ਸੰਘ ਪਰਿਵਾਰ ਵੱਲੋਂ ਗੁਣਗਾਣ ਕੀਤਾ ਜਾ ਰਿਹਾ ਹੈ, ਉਸੇ ਮਨੂੰ ਸਿਮ੍ਰਤੀ ਨੂੰ ਅੰਬੇਦਕਰ ਦੀ ਅਗਵਾਈ1927 ‘ਚ ਮਹਾਂਰਾਸ਼ਟਰਚ ਖੱਲ੍ਹੇਆਮ ਸਾੜਿਆ ਗਿਆ ਸੀ। ਹਾਲੇ ਤੱਕ ਸੰਘ ਪਰਿਵਾਰ ਵੱਲੋਂ ਮਨੂੰ ਸਿਮ੍ਰਤੀ ਬਾਰੇ ਆਪਣੇ ਉਪਰੋਕਤ ਵਿਚਾਰ ਬਦਲੇ ਜਾਣ ਤੇ ਇਸਨੂੰ ਠੁਕਰਾਉਣ ਦਾ ਕੋਈ ਸੰਕੇਤ ਨਹੀਂ ਮਿਲਿਆ। ਇਉਂ ਹੀ ਅੰਬੇਦਕਰ ਵੱਲੋਂ ਪੇਸ਼ ਕੀਤੇ ਕਈ ਹੋਰ ਸੁਧਾਰਾਂ, ਵਿਸ਼ੇਸ਼ ਕਰਕੇ ਹਿੰਦੂ ਕੋਡ ਬਿੱਲ ਬਾਰੇ ਸੰਘ ਪਰਿਵਾਰ ਵੱਲੋਂ ਅੰਬੇਦਕਰ ਤੇ ਨਹਿਰੂ ਨੂੰ ਤਿੱਖੇ ਹੱਲੇ ਦੀ ਮਾਰ ਹੇਠ ਲਿਆਂਦਾ ਸੀ ਤੇ ਇਸ ਬਿੱਲ ਨੂੰ ‘‘ਹਿੰਦੂਆਂ ਦੇ ਧਾਰਮਕ ਵਿਸ਼ਵਾਸ ਤੇ ਸਿੱਧਾ ਹਮਲਾ’’ ਕਰਾਰ ਦਿੱਤਾ ਸੀ। ਸੰਸਦ ਵੱਲੋਂ ਇਸ ਬਿੱਲ ਨੂੰ ਨਾ ਪਾਸ ਕਰਨ ਦੇ ਰੋਸ ਵਜੋਂ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਦਰਅਸਲ ਸੰਘ ਪਰਿਵਾਰ ਦੀ ਦੁਬਿਧਾ ਇਹ ਹੈ ਕਿ ਇਸਦਾ ਵਿਚਾਰਧਾਰਕ ਵਿਸ਼ਵਾਸ ਇਸ ਤੋਂ ਕੁਝ ਹੋਰ ਹਾਸਲ ਦੀ ਮੰਗ ਕਰਦਾ ਹੈ ਪਰ ਅਜੋਕੀ ਹਾਲਤਚ ਇਸਦੀਆਂ ਸਿਆਸੀ ਮਜਬੂਰੀਆਂ ਇਸ ਨੂੰ ਬਿਲਕੁਲ ਵੱਖਰਾ ਕਰਨ ਲਈ ਤੁੰਨ੍ਹਦੀਆਂ ਹਨ। ਇੱਕੋ ਵੇਲੇ ਦੋ ਟਕਰਾਵੇਂ ਵਿਹਾਰ ਅਖਤਿਆਰ ਕਰਨ ਦੀ ਇਹ ਦੁਬਿਧਾ ਇਸਦੇ ਚਲਣ ਦਾ ਹਿੱਸਾ ਬਣੀ ਚਲੀ ਆ ਰਹੀ ਹੈ। ਸਿਆਸੀ ਮਜਬੂਰੀਆਂ ਕਾਰਨ ਇਸਨੂੰ ਮਹਾਤਮਾ ਗਾਂਧੀ ਦਾ ਗੁਣਗਾਣ ਕਰਨਾ ਪੈ ਰਿਹਾ ਹੈ ਪਰ ਨਾਲ ਹੀ ਆਪਣੇ ਫਿਰਕੂ ਹਿੰਦੂ ਮੂਲਵਾਦੀ ਆਧਾਰ ਨੂੰ ਬਰਕਰਾਰ ਰੱਖਣ ਲਈ ਨੱਥੂਰਾਮ ਗੌਡਸੇ ਨੂੰ ਵੀ ਸ਼ਹੀਦ ਵਜੋਂ ਮਾਨਤਾ ਦੇਣੀ ਪੈ ਰਹੀ ਹੈ। ਆਪਣੀਆਂ ਹਿੰਦੂ ਮੂਲਵਾਦੀ ਤੇ ਫਿਰਕੂ ਜਥੇਬੰਦੀਆਂ ਦੀ ਪੁਸ਼ਤਪਨਾਹੀ ਵੀ ਜਾਰੀ ਹੈ ਤੇ ਸ਼ਹੀਦ ਭਗਤ ਸਿੰਘ ਵਰਗੇ ਫਿਰਕਾਪ੍ਰਸਤੀ ਦੇ ਕੱਟੜ ਵਿਰੋਧੀ, ਨਾਸਤਕ ਤੇ ਸਮਾਜਵਾਦੀ ਵਿਚਾਰਧਾਰਾ ਦੇ ਧਾਰਨੀ ਇਨਕਲਾਬੀਆਂ ਦੇ ਬੁੱਤਾਂ ਦੇ ਗਲਾਂਚ ਹਾਰ ਵੀ ਪਾਉਣੇ ਪੈ ਰਹੇ ਹਨ। ਮਨੂੰ ਸਿਮ੍ਰਤੀ ਵੀ ਮਹਾਨ ਹੈ ਤੇ ਇਸਨੂੰ ਸਾੜਨ ਵਾਲੇ ਅੰਬੇਦਕਰ ਨੂੰ ਵੀ ਗਲੇ ਲਾਉਣ ਦਾ ਪਾਖੰਡ ਕਰਨਾ ਪੈ ਰਿਹਾ ਹੈ। ਇੱਕ ਪਾਸੇ ਅੰਬੇਦਕਰ ਦੀ ਵਰ੍ਹੇਗਢ ਮਨਾਈ ਜਾ ਰਹੀ ਹੈ, ਉਸਦੇ ਮੁਰੀਦ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉਸਦੇ ਚਰਨਾਚ ਬੈਠਣ ਨੂੰ ਫ਼ਖਰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਉਸੇ ਅੰਬੇਦਕਰ ਦੇ ਪੈਰੋਕਾਰ ਰੋਹਿਤ ਵੈਮੁੱਲਾ ਨੂੰ ਮਰਨ ਲਈ ਮਜਬੂਰ ਕੀਤਾ ਜਾਂਦਾ ਹੈ ਉਸਦੀ ਸੋਚ ਤੇ ਪਹਿਰਾ ਦੇਣ ਵਾਲੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਤੇ ਵਹਿਸ਼ੀ ਕੁਟਾਪਾ ਚਾੜ੍ਹਿਆ ਜਾਂਦਾ ਹੈ ਅਤੇ ਉਹਨਾਂ ਨੂੰ ਕੌਮ ਧਰੋਹੀ ਗਰਦਾਨਿਆ ਜਾਂਦਾ ਹੈ। ਆਪਣੇ ਇਸ ਦੋਗਲੇ ਚਰਿੱਤਰ ਤੇ ਪੂਰਾ ਉੱਤਰਨ ਲਈ ਇਹ ਆਪਣੀਆਂ ਵੰਨ-ਸੁਵੰਨੀ ਦੀਆਂ ਜਥੇਬੰਦੀਆਂ ਅਤੇ ਥੜ੍ਹਿਆਂ ਦੀ ਵਰਤੋਂ ਕਰਦੀ ਆ ਰਹੀ ਹੈ। ਜਦ ਇਸਦੀ ਕੋਈ ਫਰੰਟ ਜਥੇਬੰਦੀ ਇੱਕ ਕਿਸਮ ਦੇ ਮਕਸਦ ਨੂੰ ਅੱਗੇ ਵਧਾਉਣ ਦਾ ਸਾਧਨ ਬਣਦੀ ਹੈ ਤਾਂ ਉਸੇ ਵੇਲੇ ਸੰਘ ਪਰਿਵਾਰ ਦੀ ਕੋਈ ਹੋਰ ਜਥੇਬੰਦੀ ਦੂਸਰੇ ਮਕਸਦ ਦੀ ਪੂਰਤੀ ਦਾ ਹੱਥਾ ਬਣ ਜਾਂਦੀ ਹੈ।
ਦਲਿਤ ਸਮਾਜ ਨੂੰ ਗੁੰਮਰਾਹ ਕਰਨ ਤੇ ਪਤਿਆਉਣ ਲਈ ਭਾਜਪਾ ਵੱਲੋਂ ਵਰਤਿਆ ਜਾ ਰਿਹਾ ਪੱਤਾ ਕਿਸ ਹੱਦ ਤੱਕ ਕਾਮਯਾਬ ਹੋ ਸਕੇਗਾ, ਇਹ ਤਾਂ ਸਮਾਂ ਹੀ ਦੱਸੇਗਾ। ਪਰ ਇਸਦੇ ਕੱਟੜ ਤੇ ਦਲਿਤ-ਵਿਰੋਧੀ ਵਿਚਾਰਾਂ, ਪਿਛਲੇ ਅਭਿਆਸ ਤੇ ਵਿਹਾਰ ਦੇ ਸਨਮੁੱਖ ਭਾਜਪਾ ਵੱਲੋਂ ਵੱਡੀ ਗਿਣਤੀਚ ਦਲਿਤ ਵੋਟਾਂ ਮੁੱਛਣ ਦੀਆਂ, ਹਾਲ ਦੀ ਘੜੀ, ਜ਼ਿਆਦਾ ਸੰਭਾਵਨਾਵਾਂ ਦਿਖਾਈ ਨਹੀਂ ਦਿੰਦੀਆਂ।

No comments:

Post a Comment