Monday, July 12, 2021

ਵਾਤਾਵਰਨ ਤਬਾਹੀ ਦਾ ਜ਼ਰੀਆ ਹੈ, ਕਾਰਪੋਰੇਟ ਖੇਤੀ

 

ਵਾਤਾਵਰਨ ਤਬਾਹੀ ਦਾ ਜ਼ਰੀਆ ਹੈ,  ਕਾਰਪੋਰੇਟ ਖੇਤੀ

 

ਇਸ ਤਰਾਂ ਅਸੀਂ ਦੇਖ ਸਕਦੇ ਹਾਂ ਕਿ ਪੂੰਜੀਵਾਦੀ ਪ੍ਰਬੰਧ ਵਿੱਚ ਮੁਨਾਫਾ ਕਮਾਉਣ ਦੀ ਦੌੜ ਕਾਰਨ ਦੁਨੀਆਂ ਵਿੱਚ ਜਿਣਸਾਂ ਦੇ ਕੁੱਲ ਉਤਪਾਦਨ (World economy)  ਭਾਵ ਸੰਸਾਰ ਆਰਥਿਕਤਾ ਵਿੱਚ ਹੋ ਰਿਹਾ ਲਗਾਤਾਰ ਵਾਧਾ ਕਿਸ ਤਰਾਂ ਧਰਤੀ ਉਤਲੇ ਵਾਤਾਵਰਣ ਦੇ ਸੰਕਟ ਨੂੰ ਡੂੰਘਾ ਕਰ ਰਿਹਾ ਹੈ। ਇਸ ਪ੍ਰਬੰਧ ਵਿੱਚ ਜਿਣਸਾਂ ਦੇ ਉਤਪਾਦਨ ਵਿੱਚ ਲੱਗਾ ਹਰ ਪੂੰਜੀਵਾਦੀ ਆਪਣੇ ਫੈਸਲੇ ਕਰਨ ਸਮੇਂ ਸਿਰਫ ਇਹ ਹੀ ਦੇਖਦਾ ਹੈ ਕਿ ਉਹ ਆਪਣੇ ਪੂੰਜੀ ਨਿਵੇਸ਼ ਰਾਹੀਂ ਥੋੜੇ ਜਿਹੇ ਸਮੇਂ ਦੌਰਾਨ ਕਿੰਨਾਂ ਜ਼ਿਆਦਾ ਮੁਨਾਫਾ ਕਮਾ ਸਕਦਾ ਹੈ ਅਤੇ ਇਹ ਨਹੀਂ ਦੇਖਦਾ ਕਿ ਉਸ ਦੇ ਫੈਸਲਿਆਂ ਦੇ ਲੰਮੇ ਸਮੇਂ ਵਿੱਚ ਧਰਤੀ ਦੀ ਸਿਹਤ ਉੱਤੇ ਕਿਸ ਤਰਾਂ ਦੇ ਮਾੜੇ ਅਸਰ ਪੈਣਗੇ। ਵਟ ਐਵਰੀ ਇਨਵਾਇਰਨਮੈਂਟਲਿਸਟ ਨੀਡਜ਼ ਟੂ ਨੋਅਵਿਚ ਦਿੱਤੀ ਇੱਕ ਟੂਕ ਦਰਸਾਉਦੀ ਹੈ ਕਿ ਪੂੰਜੀਵਾਦ ਦੇ ਇਸ ਵਰਤਾਰੇ ਨੂੰ ਸੰਨ 1880 ਵਿੱਚ ਐਂਗਲਜ਼ ਨੇ ਇਸ ਤਰਾਂ ਬਿਆਨ ਕੀਤਾ ਸੀ:

          ‘‘ਜਦੋਂ ਇਕੱਲੇ ਇਕੱਲੇ ਸਰਮਾਏਦਾਰ ਫੌਰੀ ਮੁਨਾਫੇ ਲਈ (ਜਿਣਸਾਂ ਦੇ) ਉਤਪਾਦਨ ਅਤੇ ਆਦਾਨ-ਪ੍ਰਦਾਨ ਵਿੱਚ ਹਿੱਸਾ ਲੈਂਦੇ ਹਨ, ਉਦੋਂ ਜਰੂਰੀ ਹੈ ਕਿ ਸਿਰਫ ਨੇੜ ਭਵਿੱਖ ਵਿੱਚ ਹੋਣ ਵਾਲੇ ਅਤੇ ਫੌਰੀ ਤੌਰ ਤੇ ਨਿਕਲਣ ਵਾਲੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਜਿੰਨਾਂ ਚਿਰ ਤੱਕ ਇੱਕ ਉਤਪਾਦਕ ਜਾਂ ਵਪਾਰੀ ਤਿਆਰ ਕੀਤੀ ਜਾਂ ਖਰੀਦੀ ਹੋਈ ਜਿਣਸ ਨੂੰ ਆਮ ਇੱਛਤ ਮੁਨਾਫੇ ਉੱਤੇ ਵੇਚ ਲੈਂਦਾ ਹੈ, ਉਦੋਂ ਤੱਕ ਉਹ ਸੰਤੁਸ਼ਟ ਰਹਿੰਦਾ ਹੈ ਅਤੇ ਇਸ ਬਾਰੇ ਨਹੀਂ ਸੋਚਦਾ ਕਿ ਉਸ ਤੋਂ ਬਾਅਦ ਜਿਣਸ ਅਤੇ ਖਰੀਦਦਾਰ ਦਾ ਕੀ ਬਣਦਾ ਹੈ। ਇਹ ਹੀ ਗੱਲ ਉਸ ਦੇ ਅਮਲ ਕਾਰਨ ਪੈਦਾ ਹੋਣ ਵਾਲੇ ਕੁਦਰਤੀ ਪ੍ਰਭਾਵ ਉੱਤੇ ਲਾਗੂ ਹੁੰਦੀ ਹੈ। ਕਿਊਬਾ ਵਿੱਚ ਬਹੁਤ ਜ਼ਿਆਦਾ ਮੁਨਾਫਾ ਕਮਾ ਕੇ ਦੇਣ ਵਾਲੇ ਕੌਫੀ ਦੇ ਬੂਟਿਆਂ ਦੀ ਇੱਕ ਪੀੜੀ ਲਈ ਪਹਾੜੀ ਢਲਾਣਾਂ ਉੱਤੇ ਜੰਗਲਾਂ ਨੂੰ ਜਲਾ ਕੇ ਲੋੜੀਂਦੀ ਖਾਦ ਪ੍ਰਾਪਤ ਕਰਨ  ਵਾਲੇ ਸਪੇਨੀ ਕਾਸ਼ਤਕਾਰਾਂ ਨੂੰ ਇਸ ਗੱਲ ਦੀ ਕੀ ਪ੍ਰਵਾਹ ਸੀ ਕਿ ਉਸ ਤੋਂ ਬਾਅਦ ਜ਼ੋਰਦਾਰ ਪੈਣ ਵਾਲਾ ਤਪਤ ਖੰਡੀ ਮੀਂਹ ਮਿੱਟੀ ਦੀ ਉੱਪਰਲੀ ਅਣਸੁਰੱਖਿਅਤ ਤਹਿ ਨੂੰ ਹੜਾ ਕੇ ਲੈ ਜਾਵੇਗਾ ਅਤੇ ਪਿੱਛੇ ਸਿਰਫ ਨੰਗੇ ਪੱਥਰ ਛੱਡ ਜਾਵੇਗਾ। ਸਮਾਜ ਵਾਂਗ ਕੁਦਰਤ ਦੇ ਸਬੰਧ ਵਿੱਚ ਵੀ ਮੌਜੂਦਾ ਉਤਪਾਦਨ ਦਾ ਢੰਗ (Mode of production) ਮੁੱਖ ਤੌਰ ਉੱਤੇ ਸਿਰਫ ਫੌਰੀ ਸਥੂਲ ਨਤੀਜਿਆਂ ਦੀ ਹੀ ਪ੍ਰਵਾਹ ਕਰਦਾ ਹੈ; ਅਤੇ ਫਿਰ ਜਦੋਂ ਇਨਾਂ ਅਮਲਾਂ ਦੇ ਲੰਮੇ ਸਮੇਂ ਬਾਅਦ ਪੈਣ ਵਾਲੇ ਨਤੀਜੇ ਕਾਫੀ ਵੱਖਰੇ ਅਤੇ ਉਲਟ ਨਿਕਲਦੇ ਹਨ ਤਾਂ ਉਸ ਬਾਰੇ ਹੈਰਾਨੀ ਪ੍ਰਗਟ ਕੀਤੀ ਜਾਂਦੀ ਹੈ।’’

          ਇੱਥੇ ਦੁਨੀਆਂ ਦੇ ਲਗਾਤਾਰ ਵਧ ਰਹੇ ਕੁੱਲ ਉਤਪਾਦਨ ਅਤੇ ਦੁਨੀਆਂ ਦੀ ਵਧ ਰਹੀ ਆਬਾਦੀ ਵਿਚਕਾਰ ਸਬੰਧ ਬਾਰੇ ਵੀ ਸੰਖੇਪ ਵਿੱਚ ਗੱਲ ਕਰ ਲੈਣੀ ਚਾਹੀਦੀ ਹੈ। ਇਹ ਸੱਚ ਹੈ ਕਿ ਵਧ ਰਹੀ ਆਬਾਦੀ ਕਾਰਨ ਦੁਨੀਆਂ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਮੰਗ ਵਧਦੀ ਹੈ ਅਤੇ ਇਸ ਮੰਗ ਦੀ ਪੂਰਤੀ ਲਈ ਕੁਦਰਤੀ ਵਸੀਲਿਆਂ (ਕੱਚੇ ਮਾਲ ਅਤੇ ਊਰਜਾ) ਦੀ ਖਪਤ ਵਧਦੀ ਹੈ। ਇਸ ਦੇ ਨਾਲ ਹੀ ਇਹਨਾਂ ਵਸਤਾਂ ਦੇ ਉਤਪਾਦਨ ਦੌਰਾਨ ਪੈਦਾ ਹੋਣ ਵਾਲੇ ਕੂੜੇ-ਕਰਕਟ ਦੀ ਮਾਤਰਾ ਵੀ ਵਧਦੀ ਹੈ, ਜਿਸ ਨੂੰ ਜਜ਼ਬ ਕਰਨ ਜਾਂ ਬਿਲੇ ਲਾਉਣ ਲਈ ਧਰਤੀ, ਸਮੁੰਦਰ, ਵਾਯੂਮੰਡਲ ਆਦਿ ਉੱਤੇ ਭਾਰ ਵਧਦਾ ਹੈ। ਪਰ ਇਹ ਗੱਲ ਪੂਰੀ ਸੱਚ ਨਹੀਂ ਕਿ ਦੁਨੀਆਂ ਦੇ ਕੁੱਲ ਉਤਪਾਦਨ ਦੇ ਵਾਧੇ ਦਾ ਕਾਰਨ ਸਿਰਫ ਆਬਾਦੀ ਵਿੱਚ ਵਾਧਾ ਹੈ। ਉਦਾਹਰਨ ਲਈ ਜੌਹਨ ਬਲੈਮੀ ਫੋਸਟਰ ਦੀ ਕਿਤਾਬ ਈਕੋਲੋਜੀ ਅਗੇਂਸਟ ਕੈਪੀਟਲਿਜ਼ਮਵਿੱਚ ਦਿੱਤੇ ਅੰਕੜੇ ਦਸਦੇ ਹਨ ਕਿ ਵੀਹਵੀਂ ਸਦੀ ਦੌਰਾਨ ਦੁਨੀਆਂ ਦੀ ਆਬਾਦੀ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਪਰ ਇਸ ਸਮੇਂ ਦੌਰਾਨ ਦੁਨੀਆਂ ਵਿੱਚ ਵਸਤਾਂ ਦਾ ਕੁੱਲ ਉਤਪਾਦਨ ਵੀਹ ਗੁਣਾ ਦੇ ਕਰੀਬ ਵਧਿਆ ਹੈ। ਇਸ ਤਰਾਂ ਵੀਹਵੀਂ ਸਦੀ ਵਿੱਚ ਦੁਨੀਆਂ ਦੇ ਕੁੱਲ ਉਤਪਾਦਨ ਵਿੱਚ ਹੋਇਆ ਵਾਧਾ ਇਸ ਸਦੀ ਵਿੱਚ ਹੋਏ ਆਬਾਦੀ ਦੇ ਵਾਧੇ ਨਾਲ ਮੇਲ ਨਹੀਂ ਖਾਂਦਾ। ਇਸ ਦਾ ਕਾਰਨ ਇਹ ਹੈ ਕਿ ਧਰਤੀ ਤੇ ਜੀ ਰਿਹਾ ਹਰ ਇੱਕ ਵਿਅਕਤੀ ਵਸਤਾਂ ਅਤੇ ਸੇਵਾਵਾਂ ਦੀ ਇੱਕੋ ਜਿੰਨੀ ਖਪਤ ਨਹੀਂ ਕਰਦਾ। ਇੱਕ ਗਰੀਬ ਦੇ ਮੁਕਾਬਲੇ ਅਮੀਰ ਵਿਅਕਤੀ ਵਸਤਾਂ ਦੀ ਖਪਤ ਜ਼ਿਆਦਾ ਕਰਦਾ ਹੈ। ਜੌਹਨ ਬਲੈਮੀ ਫੌਸਟਰ ਦੀ 1999 ਵਿੱਚ ਛਪੀ ਕਿਤਾਬ ਦੀ ਵਲਨੇਰੇਬਲ ਪਲੈਨਟਅਨੁਸਾਰ ਦੁਨੀਆਂ ਦੇ ਉਤਪਾਦਨ ਦਾ 75 ਫੀਸਦੀ ਹਿੱਸਾ, 9 ਸਨਅਤੀ ਦੇਸ਼ਾਂ ਵਿੱਚ ਰਹਿੰਦੀ 25% ਆਬਾਦੀ ਵੱਲੋਂ ਖਪਤ ਕੀਤਾ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਅਮੀਰ ਲੋਕ ਗਰੀਬ ਲੋਕਾਂ ਦੇ ਮੁਕਾਬਲੇ ਧਰਤੀ ਦੇ ਵਸੀਲਿਆਂ ਦੀ ਜ਼ਿਆਦਾ ਖਪਤ ਕਰਦੇ ਹਨ। ਫਰੈੱਟ ਮੈੱਕਡੌਫ ਅਤੇ ਕਰਿਸ ਵਿਲੀਅਮਜ਼ ਸੰਨ 2017 ਵਿੱਚ ਛਪੀ ਆਪਣੀ ਕਿਤਾਬ ਕਰੀਟਿੰਗ ਐਨ ਇਕੋਲੋਜੀਕਲ ਸੁਸਾਇਟੀਵਿੱਚ ਲਿਖਦੇ ਹਨ ਕਿ ਦੁਨੀਆਂ   ਵਿੱਚੋਂ 10 ਫੀਸਦੀ ਅਮੀਰ ਲੋਕ ਤਕਰੀਬਨ ਧਰਤੀ ਦੇ 60 ਫੀਸਦੀ ਵਸੀਲਿਆਂ ਦੀ ਵਰਤੋਂ ਕਰਦੇ ਹਨ। ਸੰਨ 2012 ਵਿੱਚ ਅਮਰੀਕਾ ਵਿੱਚ ਵਸਤਾਂ ਅਤੇ ਸੇਵਾਵਾਂ ਦੀ ਕੁੱਲ ਖਪਤ ਦਾ 38 ਫੀਸਦ ਹਿੱਸਾ 5 ਫੀਸਦੀ ਅਮੀਰ ਲੋਕਾਂ ਵੱਲੋਂ ਵਰਤਿਆ ਗਿਆ ਸੀ। ਜੇ ਥੋੜੇ ਜਿਹੇ ਅਮੀਰ ਲੋਕ ਧਰਤੀ ਦੇ ਵਸੀਲਿਆਂ ਦੀ ਵੱਡੀ ਮਾਤਰਾ ਵਿੱਚ ਵਰਤੋਂ ਕਰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਧਰਤੀ ਦੇ ਵਾਤਾਵਰਨ ਦੇ ਨੁਕਸਾਨ ਵਿੱਚ ਵੀ ਉਹ ਜ਼ਿਆਦਾ ਹਿੱਸਾ ਪਾਉਦੇ ਹਨ। ਇਸ ਸਬੰਧ ਵਿੱਚ ਦੀ ਇਕੋਲੋਜੀਕਲ ਰੈਵੋਲੂਸ਼ਨਅਤੇ ਵਟ ਐਵਰੀ ਇਨਵਾਇਰਨਮੈਂਟਲਿਸਟ ਨੀਡਜ਼ ਟੂ ਨੋਅਵਿੱਚੋਂ ਕੁੱਝ ਹੋਰ ਅੰਕੜੇ ਪੇਸ਼ ਹਨ :

 ਸੰਨ 1987 ਵਿੱਚ ਅਮਰੀਕਾ ਦੇ 10 ਫੀਸਦੀ ਅਮੀਰ ਲੋਕਾਂ ਵਿਚਲਾ ਇੱਕ ਵਿਅਕਤੀ 20 ਫੀਸਦੀ ਗਰੀਬ ਲੋਕਾਂ ਵਿਚਲੇ ਇੱਕ ਵਿਅਕਤੀ ਦੇ ਮੁਕਾਬਲੇ ਵਾਯੂਮੰਡਲ ਵਿੱਚ 11 ਗੁਣਾ ਜ਼ਿਆਦਾ ਕਾਰਬਨ ਡਾਈਔਕਸਾਈਡ ਛੱਡਣ ਲਈ ਜੁੰਮੇਵਾਰ ਸੀ। ਅਮਰੀਕਾ ਦਾ ਇੱਕ ਵਿਅਕਤੀ ਹਰ ਸਾਲ ਔਸਤਨ 5.6 ਮੀਟਰਕ ਟਨ ਕਾਰਬਨ ਡਾਈਔਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ, ਜਦ ਕਿ ਜੀ-7 ਮੁਲਕਾਂ ਤੋਂ ਬਾਹਰ ਦਾ ਇੱਕ ਵਿਅਕਤੀ ਹਰ ਸਾਲ ਔਸਤਨ  0.7 ਟਨ ਕਾਰਬਨ ਡਾਈਔਕਸਾਈਡ ਵਾਯੂਮੰਡਲ ਵਿੱਚ ਛੱਡਦਾ ਹੈ। ਵਿਸਵ ਪੱਧਰ ਤੇ ਉੱਪਰਲੇ 50 ਕਰੋੜ ਅਮੀਰ ਲੋਕ (ਤਕਰੀਬਨ ਆਬਾਦੀ ਦਾ 8 ਫੀਸਦੀ ਹਿੱਸਾ) ਦੁਨੀਆਂ ਦੀਆਂ ਕੁੱਲ ਗਰੀਨ ਹਾਊਸ ਗੈਸਾਂ ਦਾ ਅੱਧਾ ਹਿੱਸਾ ਵਾਯੂਮੰਡਲ ਵਿੱਚ ਛੱਡਦੇ ਹਨ। ਇਹਨਾਂ ਅੰਕੜਿਆਂ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਦੁਨੀਆਂ ਵਿੱਚ ਵਧ ਰਹੀ ਆਬਾਦੀ ਨਾਲ ਧਰਤੀ ਦੇ ਵਸੀਲਿਆਂ ਦੀ ਖਪਤ ਕੁੱਝ ਹੱਦ ਤੱਕ ਜਰੂਰ ਵਧਦੀ ਹੈ, ਪਰ ਆਬਾਦੀ ਦਾ ਵਧਣਾ ਧਰਤੀ ਦੇ ਵਸੀਲਿਆਂ ਦੀ ਵੱਡੀ ਪੱਧਰ ਉਤੇ ਖਪਤ ਅਤੇ ਵਾਤਾਵਰਨ ਦੇ ਵਧ ਰਹੇ ਪ੍ਰਦੂਸ਼ਨ  ਲਈ ਪੂਰੀ ਤਰਾਂ ਜਿੰਮੇਵਾਰ ਨਹੀਂ ਹੈ।

          ਕੁੱਝ ਲੋਕ ਇਹ ਵੀ ਕਹਿ ਸਕਦੇ ਹਨ ਕਿ ਧਰਤੀ ਉੱਤੇ ਵਸ ਰਹੇ ਲੋਕਾਂ ਦੀ ਲੋੜ ਪੂਰੀ ਕਰਨ ਲਈ ਦੁਨੀਆਂ ਦੇ ਕੁੱਲ ਉਤਪਾਦਨ ਵਿੱਚ ਵਾਧਾ ਹੋਣਾ ਜ਼ਰੂਰੀ ਹੈ। ਜੇ ਇਹ ਵਾਧਾ ਨਾ ਹੋਵੇ ਤਾਂ ਦੁਨੀਆਂ ਦੇ ਬਹੁਤ ਸਾਰੇ ਲੋਕ ਆਪਣੀਆਂ ਮੁੱਢਲੀਆਂ ਲੋੜਾਂ ਪੂਰੀਆਂ ਨਹੀਂ ਕਰ ਸਕਣਗੇ। ਪਰ ਇਹ ਧਾਰਨਾ ਤੱਥਾਂ ਉੱਤੇ ਪੂਰੀ ਨਹੀਂ ਉੱਤਰਦੀ। ਇਸ ਸਮੇਂ ਦੁਨੀਆਂ ਵਿੱਚ ਜਿੰਨਾਂ ਖਾਣਾ ਪੈਦਾ ਕੀਤਾ ਜਾਂਦਾ ਹੈ, ਉਹ ਦੁਨੀਆਂ ਦੀ ਮੌਜੂਦਾ ਆਬਾਦੀ ਦੀਆਂ ਲੋੜਾਂ ਤੋਂ ਡੇਢ ਗੁਣਾ ਜ਼ਿਆਦਾ ਹੈ। ਪਰ ਫਿਰ ਵੀ ਦੁਨੀਆਂ ਵਿੱਚ ਬਹੁਤ ਸਾਰੇ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਫੂਡ ਫਸਟ ਸੰਸਥਾ ਦੇ ਐਗਜ਼ੈਕਟਿਵ ਡਾਇਰੈਕਟਰ ਐਰਿਕ ਹੇਲਟ ਗਿਮਨਜ਼ ਨੇ ਹਫਿੰਗਟਨ ਪੋਸਟਦੇ ਆਨਲਾਈਨ ਸਾਈਟ ਉੱਤੇ ਛਪੇ ਆਪਣੇ ਇੱਕ ਆਰਟੀਕਲ ( We already grow enough food for 10 billion people and still can’t end hunger) ਵਿੱਚ  ਇਸ ਬਾਰੇ ਇਸ ਤਰਾਂ ਲਿਖਿਆ ਹੈ :

          ‘‘ਭੁੱਖਮਰੀ, ਗਰੀਬੀ ਅਤੇ ਨਾਬਰਾਬਰੀ ਕਾਰਨ ਪੈਦਾ ਹੁੰਦੀ ਹੈ, ਥੁੜ ਕਾਰਨ ਨਹੀਂ। ਪਿਛਲੇ ਦੋ ਦਹਾਕਿਆਂ ਵਿੱਚ ਦੁਨੀਆਂ ਵਿੱਚ ਖਾਣੇ ਦੇ ਉਤਪਾਦਨ ਵਿੱਚ ਵਾਧੇ ਦੀ ਦਰ ਦੁਨੀਆਂ ਦੀ ਆਬਾਦੀ ਦੇ ਵਾਧੇ ਦੀ ਦਰ ਨਾਲੋਂ ਤੇਜ਼ੀ ਨਾਲ ਵਧੀ ਹੈ। ਦੁਨੀਆਂ ਵਿੱਚ ਇਸ ਸਮੇਂ ਖਾਣੇ ਦਾ ਉਤਪਾਦਨ ਉਸ ਮਾਤਰਾ ਨਾਲੋਂ ਡੇਢ ਗੁਣਾ ਜ਼ਿਆਦਾ ਹੈ, ਖਾਣੇ ਦੀ ਜਿੰਨੀ ਮਾਤਰਾ ਧਰਤੀ ਉਤਲੇ ਹਰ ਵਿਅਕਤੀ ਨੂੰ ਖਾਣਾ ਦੇਣ ਲਈ ਚਾਹੀਦੀ ਹੈ। ਖਾਣੇ ਦੀ ਇਹ ਮਾਤਰਾ 10 ਅਰਬ ਲੋਕਾਂ ਨੂੰ ਖਾਣਾ ਖੁਆ ਸਕਣ ਲਈ ਕਾਫੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ 2050 ਤੱਕ ਦੁਨੀਆਂ ਦੀ ਆਬਾਦੀ 10 ਅਰਬ ਦੇ ਨੇੜੇ ਹੋਵੇਗੀ। ਪਰ (ਇਸ ਸਮੇਂ) ਇੱਕ ਦਿਨ ਵਿੱਚ ਦੋ ਡਾਲਰ ਤੋਂ ਘੱਟ ਆਮਦਨ ਵਾਲੇ ਲੋਕ ਇਹ ਖਾਣਾ ਖਰੀਦਣ ਦੇ ਯੋਗ ਨਹੀਂ ਹਨ। ਇਹਨਾਂ ਲੋਕਾਂ ਵਿੱਚ ਬਹੁਤੇ ਜ਼ਿਆਦਾ ਜ਼ਮੀਨ ਦੇ ਛੋਟੇ ਟੁਕੜਿਆਂ ਉਤੇ ਖੇਤੀ ਕਰਨ ਵਾਲੇ ਵਸੀਲਿਆਂ ਤੋਂ ਥੁੜੇ ਹੋਏ ਕਿਸਾਨ ਹਨ।’’      

          ਦੁਨੀਆਂ ਉੱਤੇ ਲੋੜ ਜਿੰਨਾ ਖਾਣਾ ਹੋਣ ਤੋਂ ਬਾਅਦ ਵੀ ਕਰੋੜਾਂ ਲੋਕਾਂ ਦਾ ਭੁੱਖਮਰੀ ਦਾ ਸ਼ਿਕਾਰ ਹੋਣਾ ਇਸ ਕਰਕੇ ਹੈ ਕਿਉਕਿ ਧਰਤੀ ਉੱਤੇ ਪੈਦਾ ਕੀਤਾ ਜਾਂਦਾ ਖਾਣਾ ਲੋਕਾਂ ਦੀ ਲੋੜ ਪੂਰਤੀ ਲਈ ਪੈਦਾ ਨਹੀਂ ਕੀਤਾ ਜਾਂਦਾ ਸਗੋਂ ਮੁਨਾਫਾ ਕਮਾਉਣ ਲਈ ਕੀਤਾ ਜਾਂਦਾ ਹੈ। ਕਰੀਏਟਿੰਗ ਐਨ ਇਕੋਲੌਜ਼ੀਕਲ ਸੁਸਾਇਟੀਅਨੁਸਾਰ ਇਸ ਕਾਰਨ ਕਰਕੇ ਹੀ ਸੰਨ 2008  ਵਿੱਚ ਜਦੋਂ ਖਾਣੇ ਦੀਆਂ ਵਧੀਆਂ ਕੀਮਤਾਂ ਕਾਰਨ ਦੁਨੀਆਂ ਦੇ 28 ਦੇਸ਼ਾਂ ਵਿੱਚ ਖਾਣੇ ਲਈ ਦੰਗੇ ਹੋਏ ਸਨ, ਉਸ ਸਾਲ ਅਮਰੀਕਾ ਵਿੱਚ ਪੈਦਾ ਕੀਤੀ ਮੱਕੀ (Corn) ਦਾ 30 ਪ੍ਰਤੀਸ਼ਤ ਹਿੱਸਾ ਕਾਰਾਂ ਵਿੱਚ ਤੇਲ ਦੀ ਥਾਂ ਪੈਂਦੀ ਈਥਾਨੋਲ ਪੈਦਾ ਕਰਨ ਲਈ ਵਰਤਿਆ ਗਿਆ ਸੀ।

          ਇਸ ਹਿੱਸੇ ਦੇ ਅੰਤ ਵਿੱਚ ਮੈਂ ਇਸ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਦੁਨੀਆਂ ਦੇ ਕੁੱਲ ਉਤਪਾਦਨ ਵਿੱਚ ਲਗਾਤਾਰ ਹੋ ਰਿਹਾ ਵਾਧਾ ਪੂੰਜੀਵਾਦੀ ਪ੍ਰਬੰਧ ਦੇ ਲਗਾਤਾਰ ਮੁਨਾਫਾ ਕਮਾਉਣ ਅਤੇ ਪੂੰਜੀ ਵਿੱਚ ਵਾਧੇ ਦੇ ਅੰਦਰੂਨੀ ਤਰਕ ਦਾ ਨਤੀਜਾ ਹੈ। ਇਸ ਦਾ ਦੁਨੀਆਂ ਦੇ ਲੋਕਾਂ ਦੀਆਂ ਲੋੜਾਂ ਦੀ ਪੂਰਤੀ ਕਰਨ ਨਾਲ ਬਹੁਤਾ ਸਬੰਧ ਨਹੀਂ। ਇਸ ਬਾਰੇ ਜੌਹਨ ਬਲੈਮੀ ਫੌਸਟਰ , ਆਪਣੀ ਕਿਤਾਬ ਇਕੌਲੋਜ਼ੀ ਅਗੇਂਸਟ ਕੈਪੀਟਲਿਜ਼ਮ  ਵਿੱਚ ਇਸ ਤਰਾਂ ਲਿਖਦਾ ਹੈ :

          ‘‘ਪੂੰਜੀਵਾਦ ਅਜਿਹਾ ਪ੍ਰਬੰਧ ਹੈ ਜਿਹੜਾ ਦੌਲਤ ਦਾ ਇਕੱਤਰੀਕਰਨ ਅਤੇ ਉਤਪਾਦਨ ਵਿਚ ਵਾਧਾ (growth)   ਸਿਰਫ ਆਪਣੇ ਫਾਇਦੇ ਲਈ ਹੀ ਕਰਦਾ ਹੈ। ਇਹ ਅਜਿਹਾ ਮਹਾਂਵਿਨਾਸ਼ਕਾਰੀ ਰਥ (Juggarnaut) ਹੈ ਜਿਹੜਾ ਵਪਾਰਾਂ ਵੱਲੋਂ ਵੱਧ ਤੋਂ ਵੱਧ ਦੌਲਤ ਇਕੱਤਰ ਕਰਨ ਦੀ ਲੋੜ ਦੇ ਇੱਕੋ ਇੱਕ ਮਕਸਦ ਅਨੁਸਾਰ ਚਲਦਾ ਹੈ। ਜਿਸ ਤਰਾਂ ਮਾਰਕਸ ਨੇ ਸਰਮਾਇਆਵਿੱਚ ਲਿਖਿਆ ਸੀ ‘‘(ਧਨ) ਇਕੱਤਰ ਕਰੋ, ਹੋਰ ਇਕੱਤਰ ਕਰੋ! ਇਹ ਹੀ ਮੂਸਾ ਹੈ, ਇਹ ਹੀ ਪੈਗੰਬਰ।’’

          ‘‘ਐਡਮ ਸਮਿੱਥ ਦੇ ਮਾਨੇ ਤੋਂ ਮੁੱਖ ਧਾਰਾ ਦੇ ਅਰਥਸ਼ਾਸਤਰੀਆਂ ਨੇ ਇਹ ਦਾਅਵਾ ਕੀਤਾ ਹੈ ਕਿ ਪੂੰਜੀਵਾਦ ਅਜਿਹਾ ਪ੍ਰਬੰਧ ਹੈ ਜੋ ਸਿੱਧੇ ਤੌਰ ਉੱਤੇ ਦੌਲਤ ਕਮਾਉਣ ਨਾਲ ਅਤੇ ਅਸਿੱਧੇ ਤੌਰ ਤੇ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਨਾਲ ਸਬੰਧਤ ਹੈ। ਅਸਲੀਅਤ ਵਿੱਚ ਪਹਿਲਾ ਮਕਸਦ ਪੂਰੀ ਤਰਾਂ ਦੂਜੇ ਮਕਸਦ ਉਤੇ ਭਾਰੂ ਹੋ ਜਾਂਦਾ ਹੈ ਅਤੇ ਇਸ ਨੂੰ ਤਬਦੀਲ ਕਰ ਦਿੰਦਾ ਹੈ। ਸਰਮਾਏਦਾਰ ਆਪਣੀਆਂ ਸਰਗਰਮੀਆਂ ਉਨਾਂ ਜਿਣਸਾਂ ਦੇ ਉਤਪਾਦਨ ਤੱਕ ਸੀਮਤ ਨਹੀਂ ਰਖਦੇ, ਜਿਹੜੀਆਂ ਜਿਣਸਾਂ ਖਾਣੇ, ਕੱਪੜੇ ਰਿਹਾਇਸ਼ ਅਤੇ ਸਮਾਜ ਵਿੱਚ ਇਨਸਾਨਾਂ ਦੀ ਉਤਪਤੀ ਨਾਲ ਸਬੰਧਤ ਜਰੂਰੀ ਵਸਤਾਂ ਦੇ ਉਤਪਾਦਨ ਵਰਗੀਆਂ ਮਨੁੱਖ ਦੀਆਂ ਮੁੱਢਲੀਆਂ ਲੋੜਾਂ ਨਾਲ ਸਬੰਧਤ ਹੁੰਦੀਆਂ ਹਨ। ਇਸ ਦੀ ਥਾਂ ਵੱਧ ਤੋਂ ਵੱਧ ਮੁਨਾਫੇ ਦਾ ਉਤਪਾਦਨ ਆਪਣੇ ਆਪ ਵਿੱਚ ਇੱਕ ਮਕਸਦ ਬਣ ਜਾਂਦਾ ਹੈ, ਅਤੇ ਪੈਦਾ ਕੀਤੀਆਂ ਜਾਣ ਵਾਲੀਆਂ ਜਿਣਸਾਂ ਕਿਸ ਤਰਾਂ ਦੀਆਂ ਹੋਣ ਜਾਂ ਅੰਮ ਰੂਪ ਵਿੱਚ ਉਹਨਾਂ ਦਾ ਕੀ ਫਾਇਦਾ ਹੋਵੇਗਾ, ਇਸ ਗੱਲ ਦੀ ਕੋਈ ਮਹੱਤਤਾ ਨਹੀਂ ਰਹਿੰਦੀ। ਜਿਣਸਾਂ ਦਾ ਵਰਤੋਂ ਮੁੱਲ (use value)ਜ਼ਿਆਦਾ ਤੋਂ ਜ਼ਿਆਦਾ ਹੱਦ ਤੱਕ ਤਬਾਦਲੇ ਦੇ ਮੁੱਲ (exchange value ) ਦੇ ਅਧੀਨ ਹੋ ਜਾਂਦਾ ਹੈ। ਵਿਖਾਵੇ ਵਾਲੀ  ਉਪਭੋਗਤਾ ਨੂੰ ਸਮਰਪਤ  ਜਿਣਸਾਂ, ਜਿਹੜੀਆਂ ਮਨੁੱਖਾਂ ਅਤੇ ਧਰਤੀ ਲਈ ਵਿਨਾਸ਼ਕਾਰੀ ਵੀ ਹੁੰਦੀਆਂ ਹਨ (ਇਸ ਨੂੰ ਮਨੁੱਖੀ ਵਰਤੋਂ ਦੇ ਅਯੋਗ ਬਣਾ ਕੇ) ਪੈਦਾ ਕੀਤੀਆਂ ਜਾਂਦੀਆਂ ਹਨ ਅਤੇ ਅਧੁਨਿਕ ਮਾਰਕੀਟਿੰਗ ਦੀ ਵਰਤੋਂ ਕਰਕੇ ਇਹ ਵਿਨਾਸ਼ਕਾਰੀ ਜਿਣਸਾਂ ਪੈਦਾ ਕਰਨ ਦੇ ਨਾਲ ਨਾਲ ਇਹਨਾਂ ਲਈ ਖਾਹਸ਼ਾਂ ਪੈਦਾ ਕੀਤੀਆਂ ਜਾਂਦੀਆਂ ਹਨ।’’

          ਸਰਮਾਏਦਾਰੀ ਪ੍ਰਬੰਧ ਅਧੀਨ ਖੇਤੀ ਅਤੇ ਮੈਟਾਬੋਲਿਕ  ਰਿਫਟ

          ਜੀਵਾਂ ਵਿੱਚ ਖੁਰਾਕ ਅਤੇ ਪਦਾਰਥਾਂ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਮੈਟਾਬੋਲਿਜ਼ਮ ਕਿਹਾ ਜਾਂਦਾ ਹੈ। ਉਨੀਵੀਂ ਸਦੀ ਦੇ ਦੂਜੇ ਅੱਧ ਵਿੱਚ ਜਰਮਨ ਕੈਮਿਸਟ ਜੁਸਟਸ ਵੋਨ ਲੀਬਿਗ ਅਤੇ ਕਾਰਲ ਮਾਰਕਸ ਨੇ ਮੈਟਾਬੋਲਿਜ਼ਮ ਦੇ ਸੰਕਲਪ ਨੂੰ ਉਸ ਸਮੇਂ ਦੇ ਇੰਗਲੈਂਡ ਵਿੱਚ ਸਰਮਾਏਦਾਰੀ ਪ੍ਰਬੰਧ ਅਧੀਨ ਕੀਤੀ ਜਾ ਰਹੀ ਖੇਤੀ ਉੱਤੇ ਲਾਗੂ ਕੀਤਾ ਅਤੇ ਕਿਹਾ ਕਿ ਖੇਤੀ ਦਾ ਇਹ ਪ੍ਰਬੰਧ ਇੱਕ ‘‘Robbery System’’  ਭਾਵ ਡਕੈਤੀ ਵਰਗਾ ਪ੍ਰਬੰਧ ਹੈ ਜਿਹੜਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਿਹਾ ਹੈ। ਇਹਨਾਂ ਵਿਦਵਾਨਾਂ ਦੇ ਇਸ  ਕਥਨ ਨੂੰ ਸਮਝਣ ਲਈ ਸਾਨੂੰ ਪੂੰਜੀਵਾਦੀ ਪ੍ਰਬੰਧ ਤੋਂ ਪਹਿਲਾਂ ਦੀ ਖੇਤੀ ਅਤੇ ਪੂੰਜੀਵਾਦੀ ਪ੍ਰਬੰਧ ਅਧੀਨ ਕੀਤੀ ਜਾਂਦੀ ਖੇਤੀ ਦੇ ਫਰਕ ਨੂੰ ਸਮਝਣ ਦੀ ਲੋੜ ਹੈ। ਬੈਰੀ ਕਾਮਨਰ 1971 ਵਿੱਚ ਛਪੀ ਆਪਣੀ ਕਿਤਾਬ 3 3: , The Closing Circle: Nature, Man and Technology  “ (ਦੀ ਕਲੋਜਿੰਗ ਸਰਕਲ: ਨੇਚਰ ਮੈਨ ਐਂਡ ਟੈਕਨੋਲੌਜ਼ੀ) ਵਿੱਚ ਦੱਸਦਾ ਹੈ ਕਿ ਪੂੰਜੀਵਾਦੀ ਪ੍ਰਬੰਧ ਤੋ ਪਹਿਲਾਂ ਦੀ ਖੇਤੀ ਵਿੱਚ ਉਗਾਈਆਂ ਜਾਣ ਵਾਲੀਆਂ ਫਸਲਾਂ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਤੱਤ ਮਿੱਟੀ ਵਿੱਚੋਂ ਲੈਂਦੀਆਂ ਸਨ। ਇਹਨਾਂ ਫਸਲਾਂ ਨੂੰ ਉਸ ਧਰਤੀ ਉੱਤੇ ਰਹਿਣ ਵਾਲੇ ਇਨਸਾਨ ਅਤੇ ਪਸ਼ੂ ਖਾਂਦੇ ਸਨ। ਇਨਸਾਨਾਂ ਅਤੇ ਪਸ਼ੂਆਂ ਦਾ ਮਲ-ਮੂਤਰ ਉਸੇ ਹੀ ਮਿੱਟੀ ਵਿੱਚ ਰਲ ਜਾਂਦਾ ਸੀ ਜਿਸ ਰਾਹੀਂ ਮਿੱਟੀ ਚੋਂ ਲਏ ਗਏ ਇਹ ਤੱਤ ਵਾਪਸ ਮਿੱਟੀ ਵਿੱਚ ਰਲ ਜਾਂਦੇ ਸਨ। ਇਸ ਤਰਾਂ ਇਹਨਾਂ ਤੱਤਾਂ ਦਾ ਚੱਕਰ-ਮਿੱਟੀ ਤੋਂ ਫਸਲਾਂ ਤੱਕ, ਫਸਲਾਂ ਤੋਂ ਇਨਸਾਨਾਂ ਤੇ ਪਸ਼ੂਆਂ ਤੱਕ ਅਤੇ ਇਨਸਾਨਾਂ ਤੇ ਪਸ਼ੂਆਂ ਤੋਂ ਫਿਰ ਮਿੱਟੀ ਤੱਕ -ਮੁਕੰਮਲ ਹੋ ਜਾਂਦਾ ਸੀ। ਯੂਰਪ ਅਤੇ ਏਸ਼ੀਆ ਵਿੱਚ ਇਸ ਤਰਾਂ ਦੀ ਖੇਤੀ ਸਦੀਆਂ ਤੋਂ ਹੁੰਦੀ ਆਈ ਸੀ। ਪਰ ਉੱਨੀਵੀਂ ਸਦੀ ਦੇ ਯੂਰਪ ਵਿੱਚ ਇਹ ਸਥਿਤੀ ਤਬਦੀਲ ਹੋਣੀ ਸ਼ਰੂ ਹੋ ਗਈ। ਪੂੰਜੀਵਾਦੀ ਪ੍ਰਬੰਧ ਅਧੀਨ ਵਸੋਂ ਦਾ ਸ਼ਹਿਰੀਕਰਨ ਹੋ ਰਿਹਾ ਸੀ। ਲੋਕ ਪੇਂਡੂ ਇਲਾਕਿਆਂ ਤੋ ਸ਼ਹਿਰਾਂ ਵਿੱਚ ਆ ਕੇ ਸਨਅਤੀ ਮਜ਼ਦੂਰ ਬਣ ਗਏ ਸਨ। ਪੇਂਡੂ ਖੇਤਰਾਂ ਵਿੱਚ ਉੱਗੀਆਂ ਫਸਲਾਂ ਦੀ ਖਪਤ ਸ਼ਹਿਰੀ ਵਸੋਂ ਵੱਲੋਂ ਹੋ ਰਹੀ ਸੀ। ਕਈ ਦੇਸ਼ਾ ਵਿੱਚ ਇੱਕ ਦੇਸ਼ ਦੇ ਪੇਂਡੂ ਖੇਤਰਾਂ ਵਿੱਚ ਉੱਗੀਆਂ ਫਸਲਾਂ ਦੀ ਖਪਤ ਦੂਜੇ ਦੇਸ਼ਾਂ ਦੇ ਸ਼ਹਿਰਾਂ ਵਿੱਚ ਹੁੰਦੀ ਸੀ। ਨਤੀਜੇ ਵਜੋਂ ਇਹਨਾਂ ਫਸਲਾਂ ਰਾਹੀਂ ਮਿੱਟੀ ਦੇ ਉਪਜਾਊ ਤੱਤ ਆਪਣੇ ਅਸਲੀ ਥਾਂ ਤੋਂ ਸੈਂਕੜੇ ਅਤੇ ਕਈ ਕੇਸਾਂ ਵਿੱਚ ਹਜ਼ਾਰਾਂ ਮੀਲ ਦੂਰ ਤੱਕ ਪਹੁੰਚ ਜਾਂਦੇ ਸਨ। ਪਰ ਸ਼ਹਿਰੀ ਵਸੋਂ ਦਾ ਮਲ-ਮੂਤਰ ਉਹਨਾਂ ਖੇਤਾਂ ਵਿੱਚ ਪੈਣ ਦੀ ਥਾਂ, ਜਿੱਥੇ ਇਹ ਫਸਲਾਂ ਉਗਾਈਆਂ ਜਾਂਦੀਆਂ ਸਨ, ਦੂਰ ਦੁਰੇਡੇ ਸ਼ਹਿਰਾਂ ਦੇ ਸੀਵਰੇਜ ਦੇ ਨਾਲਿਆਂ ਵਿੱਚ ਜਾ ਰਿਹਾ ਸੀ। ਇਸ ਦਾ ਅਰਥ ਸੀ ਕਿ ਮਿੱਟੀ ਦੇ ਉਪਜਾਊ ਤੱਤਾਂ ਦੇ ਚੱਕਰ ਦਾ ਉਪਰੋਕਤ ਸਿਲਸਿਲਾ -ਮਿੱਟੀ ਤੋਂ ਫਸਲਾਂ ਤੱਕ, ਫਸਲਾਂ ਤੋਂ ਇਨਸਾਨਾਂ ਤੇ ਪਸ਼ੂਆਂ ਤੱਤ ਅਤੇ ਇਨਸਾਨਾਂ ਤੇ ਪਸ਼ੂਆਂ ਤੋਂ ਦੁਬਾਰਾ ਮਿਟੀ ਤੱਕ -ਟੁੱਟ ਗਿਆ ਸੀ।

          ਜਿਵੇਂ ਉੱਪਰ ਕਿਹਾ ਗਿਆ ਹੈ ਕਿ ਜਰਮਨ ਕੈਮਿਸਟ ਜੁਸਟਸ ਵੇਨ ਲੀਬਿਗ ਨੇ ਇਸ ਤਰਾਂ ਦੇ ਖੇਤੀ ਪ੍ਰਬੰਧ ਦੀ  ‘‘ਇਕ ਡਕੈਤੀ ਪ੍ਰਬੰਧ’’ ਨਾਲ ਤੁਲਨਾ ਕੀਤੀ ਸੀ। ਦੀ ਇਕੋਲੌਜੀਕਲ ਰੈਵੋਲਿਊਸ਼ਨਵਿੱਚ ਫੌਸਟਰ ਦਸਦਾ ਹੈ ਕਿ ਲੀਬਿਗ ਦੀ ਸੋਚ ਸੀ ਕਿ ਇਸ ਖੇਤੀ ਪ੍ਰਬੰਧ ਅਧੀਨ ‘‘ਖਾਣੇ ਅਤੇ ਰੇਸ਼ੇ (fibre) ਨੂੰ ਪੇਂਡੂ ਖੇਤਰਾਂ ਤੋਂ ਦੂਰ ਦੇ ਸ਼ਹਿਰਾਂ ਤੱਕ ਲਿਜਾਇਆ ਜਾਂਦਾ ਹੈ-ਅਤੇ ਇਸ ਵਿਚ ਨਾਈਟਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ਵਰਗੇ ਪੌਸ਼ਟਿਕ ਤੱਤਾਂ ਦੇ ਦੁਬਾਰਾ ਮਿੱਟੀ ਵਿੱਚ ਰਲਣ ਦਾ ਕੋਈ ਸਾਧਨ ਨਹੀਂ ਹੁੰਦਾ। (ਇਸ ਕਰਕੇ) ਇਹ ਮਨੁੱਖਾਂ ਅਤੇ ਪਸ਼ੂਆਂ ਦੇ ਮਲ-ਮੂਤਰ ਦੇ ਰੂਪ ਵਿੱਚ ਸ਼ਹਿਰੀ ਪ੍ਰਦੂਸ਼ਨ ਪੈਦਾ ਕਰਨ ਵਿੱਚ ਯੋਗਦਾਨ ਪਾਉਦੇ ਹਨ। ਇਸ ਤਰਾਂ ਸਾਰੇ ਪੇਂਡੂ ਖੇਤਰਾਂ ਤੋਂ ਉਹਨਾਂ ਦੀ ਮਿੱਟੀ ਦੇ ਉਪਜਾਊ ਤੱਤ ਲੁੱਟ ਲਏ ਜਾਂਦੇ ਹਨ।’’

          ਕਾਰਲ ਮਾਰਕਸ ਲੀਬਿਗ ਦੀਆਂ ਲਿਖਤਾਂ ਨੂੰ ਧਿਆਨ ਨਾਲ ਪੜਦਾ ਸੀ। ਉਸ ਦੇ ਵਿਚਾਰਾਂ ਨੂੰ ਆਧਾਰ ਬਣਾ ਕੇ ਮਾਰਕਸ ਨੇ ਪੂੰਜੀਵਾਦੀ ਪ੍ਰਬੰਧ ਹੇਠਲੇ ਖੇਤੀ ਪ੍ਰਬੰਧ ਕਾਰਨ ਮਿੱਟੀ ਦੇ ਤੱਤਾਂ ਦੇ ਚੱਕਰ ਵਿੱਚ ਪਏ ਵਿਘਨ ਨੂੰ Metabolic Rift  (ਮਨੁੱਖਾਂ ਅਤੇ ਕੁਦਰਤ ਵਿਚਕਾਰ ਆਦਾਨ ਪ੍ਰਦਾਨ ਦੇ ਚੱਕਰ ਵਿੱਚ ਰੁਕਾਵਟ) ਦਾ ਨਾਂ ਦਿੱਤਾ। ਦਿ ਈਕੌਲੋਜ਼ੀਕਲ ਰੈਵੋਲਿਊਸ਼ਨਵਿੱਚ ਦਿੱਤੇ ਇੱਕ ਹਵਾਲੇ ਮੁਤਾਬਕ ਪੂੰਜੀਵਾਦੀ ਪ੍ਰਬੰਧ ਹੇਠਲੇ ਖੇਤੀ ਪ੍ਰਬੰਧ ਬਾਰੇ ਮਾਰਕਸ ਨੇ ਇਹ ਟਿੱਪਣੀ ਕੀਤੀ ਸੀ :

          ‘‘ਪੂੰਜੀਵਾਦੀ ਉਤਪਾਦਨ ਵਸੋਂ ਨੂੰ ਮਹਾਂ ਕੇਂਦਰਾਂ ਵਿੱਚ ਇਕੱਠੇ ਕਰਦਾ ਹੈ, ਅਤੇ ਸ਼ਹਿਰੀ ਵਸੋਂ ਦੀ ਲਗਾਤਾਰ ਮਹੱਤਤਾ ਵਧਾਉਣ ਦਾ ਕਾਰਨ ਬਣਦਾ ਹੈ। ਇਸ ਦੇ ਦੋ ਨਤੀਜੇ ਹੁੰਦੇ ਹਨ। ਇੱਕ ਪਾਸੇ ਇਹ ਸਮਾਜ ਦੀ ਇਤਿਹਾਸਕ ਚਾਲਕ ਸ਼ਕਤੀ ਨੂੰ ਕੇਂਦਰਤ ਕਰਦਾ ਹੈ, ਅਤੇ ਦੂਜੇ ਪਾਸੇ ਇਹ ਮਨੁੱਖ ਅਤੇ ਕੁਦਰਤ ਵਿਚਕਾਰ ਤੱਤਾਂ ਦੇ ਆਦਾਨ ਪ੍ਰਦਾਨ (Metabolic Interaction)  ਵਿੱਚ ਵਿਘਣ ਪਾਉਦਾ ਹੈ, ਭਾਵ ਇਹ ਮਨੁੱਖ ਵੱਲੋਂ ਖਾਣੇ ਅਤੇ ਕਪੜਿਆਂ ਦੇ ਰੂਪ ਵਿੱਚ ਖਪਤ ਕੀਤੇ ਮਿਟੀ ਦੇ ਤੱਤਾਂ ਨੂੰ ਮਿੱਟੀ ਵਿੱਚ ਦੁਬਾਰਾ ਪਰਤਣ ਤੋਂ ਰੋਕਦਾ ਹੈ, ਇਸ ਕਰਕੇ ਇਹ ਲੰਮੇ ਸਮੇ ਤੱਕ ਰਹਿਣ ਵਾਲੀ ਮਿੱਟੀ ਦੀ ਉਪਜਾਊ ਸ਼ਕਤੀ ਦੀ ਸਦੀਵੀ ਕੁਦਰਤੀ ਸਥਿਤੀ ਦੇ ਕਾਰਜ ਵਿੱਚ ਰੁਕਾਵਟ ਬਣਦਾ ਹੈ.. ..ਪੂੰਜੀਵਾਦੀ ਪ੍ਰਬੰਧ ਹੇਠਲੀ ਖੇਤੀ ਵਿੱਚ ਸਾਰੀ ਤਰੱਕੀ ਇਕੱਲੇ ਮਜ਼ਦੂਰ ਦੀ ਲੁੱਟ ਦੀ ਕਲਾ ਵਿੱਚ ਕੀਤੀ ਤਰੱਕੀ ਹੀ ਨਹੀਂ ਸਗੋਂ ਮਿੱਟੀ ਦੀ ਲੁੱਟ ਦੀ ਕਲਾ ਵਿੱਚ ਕੀਤੀ ਤਰੱਕੀ ਵੀ ਹੈ; ਥੋੜੇ ਸਮੇਂ ਲਈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿਚਲੀ ਸਾਰੀ ਤਰੱਕੀ ਉਸ ਉਪਜਾਊ ਸ਼ਕਤੀ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਸਰੋਤ ਦੀ ਬਰ ਕਰਨ ਦੀ ਤਰੱਕੀ ਹੈ. .. . ਇਸ ਕਰਕੇ ਪੂੰਜੀਵਾਦੀ ਉਤਪਾਦਨ , ਤਕਨੀਕਾਂ ਅਤੇ ਉਤਪਾਦਨ ਦੇ ਸਮਾਜਕ ਅਮਲ ਵਿੱਚ ਵਿਕਾਸ ਕਰਨ ਦੇ ਨਾਲ ਨਾਲ ਸਮੁੱਚੀ ਦੌਲਤ ਦੇ ਮੂਲ ਤਾਂ-ਮਿੱਟੀ ਅਤੇ ਮਜ਼ਦੂਰ-ਨੂੰ ਨਸ਼ਟ ਵੀ ਕਰਦਾ ਹੈ।’’

          ਪੇਂਡੂ ਖੇਤਰਾਂ ਤੋਂ ਸ਼ਹਿਰਾਂ ਵਿੱਚ ਪਹੁੰਚ ਸੀਵਰੇਜ ਦੇ ਨਾਲਿਆਂ ਵਿੱਚ ਪੁੱਜਣ ਵਾਲੇ ਉਪਜਾਊ ਤੱਤਾਂ ਦਾ ਇਹ ਕਾਰਜ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਕਰਨ ਵਿੱਚ ਹੀ ਭੂਮਿਕਾ ਨਹੀਂ ਨਿਭਾ ਰਿਹਾ ਸੀ, ਸਗੋਂ ਇਹ ਸ਼ਹਿਰਾਂ ਵਿੱਚ ਪ੍ਰਦੂਸ਼ਨ ਦੀ ਸਮੱਸਿਆ ਵੀ ਪੈਦਾ ਕਰ ਰਿਹਾ ਸੀ। ਇਸ ਵਰਤਾਰੇ ਦਾ ਨੋਟਿਸ ਲੈਂਦਿਆਂ, ਲੰਡਨ ਨੂੰ ਉਦਾਹਰਣ ਬਣਾ ਕੇ ਕਾਰਲ ਮਾਰਕਸ ਨੇ ਲਿਖਿਆ ਸੀ, ‘‘ਉਹ ਲੰਡਨ ਵਿੱਚ 45 ਲੱਖ ਲੋਕਾਂ ਦੇ ਮਲ-ਮੂਤਰ ਨਾਲ ਥੇਮਜ ਦਰਿਆ ਨੂੰ ਗੰਦਾ ਕਰਨ ਤੋਂ ਬਿਨਾਂ ਕੋਈ ਹੋਰ ਬਿਹਤਰ ਕੰਮ ਨਹੀਂ ਕਰ ਸਕੇ।’’

          ਪੂੰਜੀਵਾਦੀ ਪ੍ਰਬੰਧ ਹੇਠਲੇ ਖੇਤੀ ਦੇ ਪ੍ਰਬੰਧ ਕਾਰਨ ਮਨੁੱਖ ਅਤੇ ਕੁਦਰਤ ਵਿਚਕਾਰ ਉਪਜਾਊ ਤੱਤਾਂ ਦੇ ਆਦਾਨ ਪ੍ਰਦਾਨ ਵਿੱਚ ਪਏ ਇਸ ਵਿਘਣ ਨੇ ਉੱਨੀਵੀਂ ਸਦੀ ਦੇ ਯੂਰਪ ਵਿੱਚ ਖੇਤੀ ਵਾਲੀ ਜ਼ਮੀਨ ਦੇ ਤੱਤਾਂ ਦੇ ਨਾਸ਼ ਦੇ ਸਬੰਧ ਵਿੱਚ ਇੱਕ ਵੱਡਾ ਸੰਕਟ ਖੜਾ ਕਰ ਦਿੱਤਾ ਸੀ। ਅਸਲ ਵਿੱਚ ਇਹ ਸਥਿਤੀ ਇਕੱਲੇ ਯੂਰਪ ਤੱਕ ਹੀ ਸੀਮਤ ਨਹੀਂ ਸੀ, ਅਮਰੀਕਾ ਦੀ ਖੇਤੀ ਵਾਲੀ ਜ਼ਮੀਨ ਦੀ ਵੀ ਇਹ ਹੀ ਹਾਲਤ ਸੀ। ਦੀ ਈਕੋਲੋਜ਼ੀਕਲ ਰੈਵੋਲਿਊਸ਼ਨਵਿੱਚ ਦਿੱਤੀ ਜਾਣਕਾਰੀ ਅਨੁਸਾਰ ਸੰਨ 1840ਵਿਆਂ -1850ਵਿਆਂ ਦੌਰਾਨ ਅਮਰੀਕਾ ਦੇ ਅਰਥਸ਼ਾਸਤਰੀ ਹੈਨਰੀ ਕੇਰੀ ਨੇ ਅਮਰੀਕਾ ਵਿੱਚ ਖੇਤੀ ਵਾਲੀ ਜ਼ਮੀਨ ਦੇ ਤੱਤਾਂ ਦੇ ਨਸ਼ਟ ਹੋਣ ਦੇ ਸੰਕਟ ਦੀ ਗੱਲ ਕਰਦਿਆਂ ਲਿਖਿਆ ਕਿ  ਇਸ ਦਾ ਮੁੱਖ ਕਾਰਨ ਖੇਤੀ ਦੀ ਉਪਜ ਦਾ ਦੁਰੇਡੀਆਂ ਥਾਵਾਂ ਤੇ ਵੇਚਿਆ ਜਾਣਾ, ਸ਼ਹਿਰ ਅਤੇ ਪੇਂਡੂ ਖੇਤਰਾਂ ਦੀ ਅਲਹਿਦਗੀ, ਅਤੇ ਖੇਤੀ ਦੀਆਂ ਉਪਜਾਂ ਦੇ ਉਤਪਾਦਕਾਂ ਅਤੇ ਖਪਤਕਾਰਾਂ ਵਿਚਲੀ ਦੂਰੀ ਹੈ। ਇਸ ਦੇ ਨਾਲ ਹੀ ਕੇਰੀ ਨੇ ਕਿਹਾ, ‘‘ਜਦੋਂ ਸਾਰੇ ਦੇਸ਼ ਦੀਆਂ ਸ਼ਕਤੀਆਂ ਵਪਾਰੀ ਦੀ ਤਾਕਤ ਨੂੰ ਵਧਾਉਣ ਲਈ ਲੱਗੀਆਂ ਹੋਈਆਂ ਹਨ, ਤਾਂ ਇਸ ਤੋਂ ਹੈਰਾਨ ਹੋਣ ਦੀ ਲੋੜ ਨਹੀਂ ਕਿ ਹਰ ਜਗਾ ਉਤੇ ਲੋਕ ਜ਼ਮੀਨ ਦੇ ਮੂਲਧਨ ਨੂੰ ਲੁੱਟਣ ਉਤੇ ਲੱਗੇ ਹੋਏ ਹਨ।’’ ਅਮਰੀਕਾ ਦੀ ਸਥਿਤੀ ਉੱਤੇ ਟਿੱਪਣੀ ਕਰਦਿਆਂ ਲੀਬਿਗ ਨੇ 1859 ਵਿੱਚ ਛਪੀ ਆਪਣੀ ਕਿਤਾਬ ਲੈਟਰਜ਼ ਆਨ ਮਾਡਰਨ ਐਗਰੀਕਲਚਰਵਿੱਚ ਲਿਖਿਆ, ‘‘ਸੰਯੁਕਤ ਰਾਜ ਅਮਰੀਕਾ ਵਿੱਚ ਮੱਕੀ ਉਗਾਉਣ ਵਾਲੀਆਂ ਥਾਵਾਂ ਅਤੇ ਮੰਡੀਆਂ ਵਿੱਚਕਾਰ ਸੈਂਕੜੇ ਅਤੇ ਹਜ਼ਾਰਾਂ ਮੀਲਾਂ  ਫਾਸਲਾ ਹੈ, ਇਸ ਦਾ ਨਤੀਜਾ ਇਹ ਹੈ ਕਿ ਤਕਰੀਬਨ ਤਕਰੀਬਨ ਜ਼ਮੀਨ ਹਰ ਥਾਂ ਤੇ ਨਸ਼ਟ ਹੋ ਚੁੱਕੀ ਹੈ, ਅਤੇ ਪੇਂਡੂ ਖੇਤਰਾਂ ਦੀ ਖੁਸ਼ਹਾਲੀ ਵਧਣ ਦੀ ਥਾਂ ਘਟ ਰਹੀ ਹੈ।’’

          ਉੱਨੀਵੀਂ ਸਦੀ ਦੇ ਯੂਰਪ ਅਤੇ ਅਮਰੀਕਾ ਵਿੱਚ ਖੇਤੀ ਵਾਲੀ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਨਸ਼ਟ ਹੋਣਾ ਇੱਕ ਬਹੁਤ ਵੱਡਾ ਸੰਕਟ ਸੀ। ਏਨਾ ਵੱਡਾ ਸੰਕਟ ਕਿ ਇਸ ਦੇ ਹੱਲ ਲਈ ਬਰਤਾਨੀਆ ਨੂੰ ਲਾਤੀਨੀ ਅਮਰੀਕਾ ਵਿੱਚ ਸ਼ਾਂਤ ਮਹਾਂਸਾਗਰ ਦੀ ਜੰਗ    (War of the Pacific) ਨੂੰ ਸਪਾਂਸਰ ਕਰਨਾ ਪਿਆ। ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਸਰਮਾਏਦਾਰੀ ਅਤੇ ਸਾਮਰਾਜਵਾਦ ਦਾ ਕਿੰਨਾਂ ਡੂੰਘਾ ਰਿਸ਼ਤਾ ਹੈ। ਇਹ ਸੰਕਟ ਪਹਿਲੀ ਸੰਸਾਰ ਜੰਗ ਤੱਕ ਜਾਰੀ ਰਿਹਾ। ਸੰਨ 1913 ਵਿੱਚ ਨਾਈਟਰੋਜਨ ਵਾਲੀ ਰਸਾਇਣਕ ਖਾਦ ਬਣਾਉਣ ਦਾ ਢੰਗ ਲੱਭ ਲਿਆ ਗਿਆ ਅਤੇ ਉਸ ਤੋਂ ਬਾਅਦ ਜ਼ਮੀਨ ਦੇ ਨਸ਼ਟ ਹੋਏ ਤੱਤਾਂ ਦੀ ਭਰਪਾਈ ਲਈ ਰਸਾਇਣਕ ਖਾਦਾਂ ਦੀ ਵਰਤੋਂ ਹੋਣ ਲੱਗੀ। ਮੈਟਾਬੋਲਿਕ ਰਿਫਟ ਦੇ ਸੰਕਲਪ ਦੀ ਅੱਜ ਦੇ ਸਮਿਆਂ ਵਿੱਚ ਪ੍ਰਸੰਗਿਕਤਾ ਹੋਰ ਵੀ ਵਧ ਗਈ ਹੈ। ਦੁਨੀਆਂ ਵਿੱਚ ਵਸੋਂ ਦਾ ਸ਼ਹਿਰੀਕਰਨ ਉਨੀਵੀਂ ਸਦੀ ਤੋਂ ਕਿਤੇ ਵੱਧ ਹੈ। ਯੂਨਾਈਟਿਡ ਨੇਸ਼ਨਜ਼ ਦੇ ਇੱਕ ਆਨਲਾਈਨ ਸਾਈਟ ੳੱੁਤੇ ਸੰਨ 2018 ਵਿੱਚ  ਛਪੀ ਇੱਕ ਰਿਪੋਰਟ ਦੇ ਅੰਕੜਿਆਂ ਅਨੁਸਾਰ ਦੁਨੀਆਂ ਦੀ 55% ਵਸੋਂ ਸ਼ਹਿਰਾਂ ਵਿੱਚ ਰਹਿੰਦੀ ਹੈ ਅਤੇ ਅਨੁਮਾਨ ਹੈ ਕਿ 2050 ਤੱਕ ਦੁਨੀਆਂ ਦੀ 68% ਵਸੋਂ ਸ਼ਹਿਰਾਂ ਵਿੱਚ ਰਹਿਣ ਲਗੇਗੀ। ਜੇ ਦੁਨੀਆਂ ਨੂੰ ਵੱਖ ਵੱਖ ਖੇਤਰਾਂ ਅਨੁਸਾਰ ਦੇਖਿਆ ਜਾਵੇ ਤਾਂ ੳੱੁਤਰੀ ਅਮਰੀਕਾ ਵਿੱਚ 82% ਲੋਕ, ਲਾਤੀਨੀ ਅਮਰੀਕਾ ਦੇ 81% , ਯੂਰਪ ਦੇ 74% ਅਤੇ ਓਸ਼ੀਆਨੀਆ ਦੇ 68%  ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਖੇਤੀ ਦੀਆਂ ਵਸਤਾਂ ਦੇ ਉਤਪਾਦਨ ਅਤੇ ਵਿੱਕਰੀ ਉੱਤੇ ਐਗਰੀਬਿਜਨੈਸ ਨਾਲ ਸਬੰਧਤ ਕਾਰਪੋਰੇਸ਼ਨਾਂ ਦੀ ਵਧ ਰਹੀ ਅਜਾਰੇਦਾਰੀ ਕਾਰਨ ਅੱਜ ਦੁਨੀਆਂ ਦੇ ਬਹੁਤ ਸਾਰੇ ਅਣਵਿਕਸਿਤ ਦੇਸ਼ਾਂ ਵਿੱਚ ਉਗਾਈਆਂ ਜਾਂਦੀਆਂ ਫਸਲਾਂ ਦੀ ਖਪਤ ਯੂਰਪ ਅਤੇ ੳੱੁਤਰੀ ਅਮਰੀਕਾ ਵਿੱਚ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਜਿਨਾਂ ਥਾਵਾਂ ਤੇ ਫਸਲਾਂ ਉਗਾਈਆਂ ਜਾਂਦੀਆਂ ਹਨ, ਅਤੇ ਜਿਨਾਂ ਥਾਵਾਂ ਉਤੇ ਉਹ ਖਪਤ ਕੀਤੀਆਂ ਜਾਂਦੀਆਂ ਹਨ, ਉਹਨਾਂ ਥਾਵਾਂ ਵਿਚਲੀ ਦੂਰੀ ਹੋਰ ਵਧ ਗਈ ਹੈ ਅਤੇ ਫਸਲਾਂ ਉਗਾਉਣ ਵਾਲੀਆਂ ਜ਼ਮੀਨਾਂ ਦੇ ਉਪਜਾਊ ਤੱਤ ਫਸਲਾਂ ਦੀ ਖਪਤ ਬਾਅਦ ਵਾਪਸ ਉਹਨਾਂ ਜਮੀਨਾਂ ਵਿੱਚ ਜਾਣ ਦੀ ਥਾਂ, ਵੱਡੀ ਮਾਤਰਾ ਵਿੱਚ ਸ਼ਹਿਰਾਂ ਅਤੇ ਦੁਰੇਡੀਆਂ ਧਰਤੀਆਂ ਦੇ ਸ਼ਹਿਰਾਂ ਦੇ ਕੂੜੇ-ਕਰਕਟ ਦੇ ਢੇਰਾਂ ਅਤੇ ਸੀਵਰੇਜ ਦੇ ਨਾਲਿਆਂ ਵਿੱਚ ਨਸ਼ਟ ਹੋ ਰਹੇ ਹਨ। ਨਤੀਜੇ ਵਜੋਂ ਖੇਤੀ ਵਾਲੀਆਂ ਜ਼ਮੀਨਾਂ ਦੇ ਨਸ਼ਟ ਹੋਏ ਉਪਜਾਊ ਤੱਤਾਂ ਨੂੰ ਪੂਰਾ ਕਰਨ ਲਈ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹਨਾਂ ਰਸਾਇਣਿਕ ਖਾਦਾਂ ਦਾ ਕਾਫੀ ਵੱਡਾ ਹਿੱਸਾ, ਫਸਲਾਂ ਵੱਲੋਂ ਵਰਤੇ ਜਾਣ ਦੀ ਥਾਂ ਧਰਤੀ ਹੇਠਲੇ ਪਾਣੀ ਵਿੱਚ ਜਜ਼ਬ ਹੋ ਕੇ ਉਸ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ ਜਾਂ ਮੀਹ ਦੇ ਪਾਣੀ ਵਿੱਚ ਘੁਲ ਕੇ ਨਾਲਿਆਂ ਅਤੇ ਦਰਿਆਵਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਇਸ  ਤਰਾਂ ਜ਼ਮੀਨਾਂ ਦੇ ਉਪਜਾਊ ਤੱਤਾਂ ਦੇ ਨਸ਼ਟ ਹੋਣ ਦੀ ਸਮੱਸਿਆ ਨਾਲ ਨਿਟਪਣ ਲਈ ਵਰਤੀਆਂ ਜਾਂਦੀਆਂ ਰਸਾਇਣਕ ਖਾਦਾਂ ਵਾਤਾਵਰਨ ਦੇ ਪ੍ਰਦੂਸ਼ਨ ਦੇ ਨਵੇਂ ਮਸਲੇ ਖੜੇ ਕਰ ਰਹੀਆਂ ਹਨ। 

‘‘’’           (  )

  

No comments:

Post a Comment