Saturday, September 14, 2019

ਪਾਕਿਸਤਾਨੀ ਹਾਕਮ ਵੀ ਕਸ਼ਮੀਰੀ ਕੌਮ ਦੀ 'ਆਜ਼ਾਦੀ' ਦੇ ਦੁਸ਼ਮਣ


ਪਾਕਿਸਤਾਨੀ ਹਾਕਮ ਵੀ ਭਾਰਤੀ ਹਾਕਮਾਂ ਵਾਂਗ ਕਸ਼ਮੀਰੀ ਲੋਕਾਂ ਦੇ ਸਵੈਨਿਰਣੇ ਦੇ ਹੱਕ ਨੂੰ ਕੁਚਲਣ ਦੇ ਦੋਸ਼ੀ ਹਨ। ਉਹਨਾਂ ਨੇ ਵੀ ਕਸ਼ਮੀਰ ਦੇ ਇਕ ਹਿੱਸੇ 'ਤੇ ਕਬਜਾ ਜਮਾਇਆ ਹੋਇਆ ਹੈ ਤੇ ਕਸ਼ਮੀਰ ਨੂੰ ਜਬਰੀ ਵੰਡ ਕੇ ਰੱਖਣ 'ਚ ਉਹ ਵੀ ਭਾਰਤੀ ਰਾਜ ਨਾਲ ਹਿੱਸਦਾਰ ਹਨ ਅਤੇ ਕਸ਼ਮੀਰੀ ਕੌਮੀ ਜੱਦੋਜਹਿਦ ਦੇ ਦੁਸ਼ਮਣਾਂ ਦੀ ਕਤਾਰ 'ਚ ਆਉਂਦੇ ਹਨ। ਕਿਸੇ ਸਮੇਂ ਭਾਰਤੀ ਕਬਜੇ ਹੇਠਲੇ ਕਸ਼ਮੀਰੀ ਲੋਕਾਂ ਨੂੰ ਆਪਣੀ ਜੱਦੋਜਹਿਦ ਲਈ ਪਾਕਸਤਾਨੀ ਹਾਕਮਾਂ ਤੋਂ ਹਮਾਇਤ ਦੀਆਂ ਆਸਾਂ ਰਹਿੰਦੀਆਂ ਰਹੀਆਂ ਹਨ ਪਰ ਕਸ਼ਮੀਰੀ ਕੌਮੀ ਸੰਘਰਸ਼ ਦੇ ਅਗਲੇਰੇ ਵਿਕਸਤ ਪੜਾਵਾਂ ਵੱਲ ਜਾਣ ਦੇ ਸਫਰ ਦੌਰਾਨ ਪਾਕਿਸਤਾਨੀ ਹਾਕਮਾਂ ਦਾ ਚਿਹਰਾ ਵੀ ਨੰਗਾ ਹੁੰਦਾ ਗਿਆ ਹੈ। ਹੁਣ ਚਾਹੇ ਭਾਜਪਾ ਹਕੂਮਤ ਦੇ ਕਦਮਾਂ ਖਿਲਾਫ ਪਾਕਿਸਤਾਨੀ ਹਾਕਮ ਕਸ਼ਮੀਰੀ ਲੋਕਾਂ (ਭਾਰਤੀ ਕਬਜੇ ਹੇਠਲੇ ਕਸ਼ਮੀਰ) ਦੇ ਹੱਕਾਂ ਦੀਆਂ ਗੱਲਾਂ ਉਚੀ ਸੁਰ 'ਚ ਕਰ ਰਹੇ ਹਨ ਪਰ ਉਹਨਾਂ ਨੇ ਉਹੀ ਹੱਕ ਆਪਣੇ ਕਬਜੇ ਹੇਠਲੇ ਕਸ਼ਮੀਰ ਦੇ ਲੋਕਾਂ 'ਤੋਂ ਖੋਹੇ ਹਨ। ਇਹ ਪਾਕਿਸਤਾਨੀ ਹਾਕਮ ਹੀ ਸਨ ਜਿਨ੍ਹਾਂ ਨੇ 1992 'ਚ ਆਜ਼ਾਦ ਤੇ ਇਕਜੁੱਟ ਕਸ਼ਮੀਰੀ ਦੀ ਤਾਂਘ ਦੇ ਪ੍ਰਗਟਾਵੇ ਲਈ ਸੰਕੇਤਕ ਤੌਰ 'ਤੇ ਭਾਰਤੀ ਸਰਹੱਦ ਉਲੰਘਣ ਜਾ ਰਹੇ ਉਹਨਾਂ ਦੇ ਕਬਜੇ ਹੇਠਲੇ ਕਸ਼ਮੀਰ ਦੇ ਲੋਕਾਂ 'ਤੇ ਗੋਲੀਆਂ ਵਰ੍ਹਾਈਆਂ ਸਨ ਤੇ ਜਾਨਾਂ ਲਈਆਂ ਸਨ। ਇਸ ਤੋਂ ਮਗਰੋਂ ਵੀ ਉਹ ਵੱਖ ਵੱਖ ਮੌਕਿਆਂ 'ਤੇ ਆਪਣੇ ਸੌੜੇ ਸਿਆਸੀ ਹਿਤਾਂ ਅਤੇ ਸਾਮਰਾਜੀ ਹੁਕਮਰਾਨਾਂ ਦੀਆਂ ਜਰੂਰਤਾਂ ਅਨੁਸਾਰ ਪੈਂਤੜੇ ਲੈਂਦੇ ਰਹੇ ਹਨ ਤੇ ਕਸ਼ਮੀਰੀ ਲੋਕਾਂ ਦੀ ''ਆਜ਼ਾਦੀ'' ਦੀ ਮੰਗ ਨੂੰ ਸ਼ਰੇਆਮ ਰੱਦ ਕਰਦੇ ਰਹੇ ਹਨ। ਉਹ ਤਾਂ ਕਸ਼ਮੀਰੀ ਖਾੜਕੂ ਨੌਜਵਾਨਾਂ ਨੂੰ ਦਹਿਸ਼ਤਗਰਦ ਕਹਿਣ ਤੱਕ ਗਏ ਹਨ। ਉਹ ਨਾਂ ਤਾਂ ਕਸ਼ਮੀਰੀ ਕੌਮ ਦੀ ਆਜ਼ਾਦੀ ਦੇ ਹਿਮਾਇਤੀ ਹਨ ਤੇ ਨਾ ਹੀ ਇਸ ਦੀ ਇਕਜੁੱਟਤਾ ਦੇ । ਜਦ ਕਿ ਦੋਹਾਂ ਪਾਸਿਆਂ ਦੇ ਲੋਕਾਂ 'ਚ ਆਪਸ 'ਚ  ਇਕਜੁੱਟ ਹੋਣ ਦੀਆਂ ਜੋਰਦਾਰ ਤਾਂਘਾਂ ਮੌਜੂਦ ਹਨ ਤੇ ਇਸ ਦੇ ਵੱਖ ਵੱਖ ਮੌਕਿਆਂ 'ਤੇ ਪ੍ਰਗਟਾਵੇ ਹੁੰਦੇ ਰਹਿੰਦੇ ਹਨ। ਕਿਸੇ ਸਮੇਂ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਨਾਂ ਦੀ ਜਥੇਬੰਦੀ ਦੀ ਹਰਮਨਪਿਆਰਤਾ ਦੀ ਇਕ ਵਜ੍ਹਾ ਇਕ ਖੁਦਮੁਖਤਿਆਰ ਤੇ ਸਾਂਝੇ ਕਸ਼ਮੀਰ ਬਾਰੇ ਇਸ ਦੀ ਸਮਝ ਤੇ ਪੈਂਤੜਾ ਸੀ ਜੋ ਅਸਲ 'ਚ ਦੋਹੀਂ ਪਾਸੀਂ ਵਸਦੇ ਕਸ਼ਮੀਰੀ ਲੋਕਾਂ ਦੀ ਭਾਵਨਾ ਦਾ ਹੀ ਪ੍ਰਗਟਾਵਾ ਸੀ। ਹੁਣ ਵੀ ਕਸ਼ਮੀਰੀ ਲੋਕਾਂ ਦੀਆਂ ਆਪਸ ਵਿਚ ਅਮਲੀ ਸਾਂਝਾਂ ਮੌਜੂਦ ਹਨ।


No comments:

Post a Comment