Sunday, October 28, 2018

ਅਧਿਆਪਕ ਸੰਘਰਸ਼ : ਕੁੱਝ ਅਹਿਮ ਪੱਖਾਂ ਦੀ ਚਰਚਾ



ਅਧਿਆਪਕ ਸੰਘਰਸ਼ : ਕੁੱਝ ਅਹਿਮ ਪੱਖਾਂ ਦੀ ਚਰਚਾ

ਪੰਜਾਬ ਦੇ ਅਧਿਆਪਕਾਂ ਦਾ ਸੰਘਰਸ਼ ਸੂਬੇ ਦੇ ਸਿਆਸੀ ਦ੍ਰਿਸ਼ ਤੇ ਉੱਭਰ ਆਇਆ ਹੈ ਕਈ ਮਹੀਨਿਆਂ ਤੋਂ ਵਿਸ਼ਾਲ ਜਨਤਕ ਲਾਮਬੰਦੀਆਂ ਤੇ ਐਕਸ਼ਨਾਂ ਦੀ ਲਗਾਤਾਰ ਲੜੀ ਨੇ ਅਤੇ ਹਕੂਮਤੀ ਧੱਕੇਸ਼ਾਹੀ, ਧਮਕੀਆਂ ਤੇ ਵਰਜਣਾ ਦੇ ਬਾਵਜੂਦ ਡਟੇ ਹੋਏ ਅਧਿਆਪਕਾਂ ਨੇ ਆਖਰ ਨੂੰ ਲੋਕ ਹਿੱਸਿਆਂ ਦਾ ਧਿਆਨ ਖਿੱਚ ਲਿਆ ਹੈ ਇਹ ਅਧਿਆਪਕਾਂ ਦੇ ਜੁਝਾਰ ਇਰਾਦਿਆਂ ਤੇ ਜੂਝਣ ਦੇ ਦਮ-ਖਮ ਦਾ ਸਿੱਟਾ ਹੈ ਕਿ ਆਖਰ ਨੂੰ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੇ ਲੀਡਰਾਂ ਨੂੰ ਅਧਿਆਪਕ ਮਸਲਿਆਂ ਤੇ ਜੁਬਾਨ ਖੋਲ੍ਹਣ ਲਈ ਮਜ਼ਬੂਰ ਹੋਣਾ ਪਿਆ ਹੈ ਤੇ ਹੁਣ ਉਹਨਾਂ ਨੂੰ ਇਹਦੇ ਚੋਂ ਸਿਆਸੀ ਲਾਹਾ ਲੈਣ ਦੀਆਂ ਆਸਾਂ ਜਾਗ ਪਈਆਂ ਹਨ ਮੌਜੂਦਾ ਅਧਿਆਪਕ ਸੰਘਰਸ਼ ਕੁੱਝ ਪੱਖਾਂ ਤੋਂ ਵਿਸ਼ੇਸ਼ ਮਹੱਤਵ ਰੱਖਦਾ ਹੈ ਇਹ ਘੋਲ ਸਰਗਰਮੀ ਜਨਤਕ ਖੇਤਰ ਦੇ ਅਦਾਰਿਆਂ ਨੂੰ ਬਿਲੇ ਲਾਉਣ ਦੀ ਹਕੂਮਤੀ ਨੀਤੀ ਦੇ ਅਸਰਾਂ ਖਿਲਾਫ ਲੋਕ ਸਮੂਹਾਂ ਚ ਪੈਦਾ ਹੋ ਰਹੇ ਰੋਸ ਦੇ ਆਏ ਦਿਨ ਉਚੇਰੇ ਪੱਧਰਾਂ ਵਲ ਵਧਣ ਦੇ ਸੰਕੇਤ ਦੇ ਰਹੀ ਹੈ ਇਹ ਵੀ ਦਰਸਾਉਂਦੀ ਹੈ ਕਿ ਸਿੱਖਿਆ ਖੇਤਰ ਚ ਆਰਥਿਕ ਸੁਧਾਰਾਂ ਵਾਲੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਮੌਜੂਦਾ ਕਾਂਗਰਸ ਹਕੂਮਤ ਕਿਸ ਹੱਦ ਤੱਕ ਤਹੂ ਹੈ ਇਹ ਹਕੂਮਤ ਕਈ ਮਹੀਨਿਆਂ ਦੇ ਲੰਮੇ ਸੰਘਰਸ਼ ਤੇ ਵਿਸ਼ਾਲ ਅਧਿਆਪਕ ਲਾਮਬੰਦੀ ਦੇ ਸਾਹਮਣੇ ਦੇ ਬਾਵਜੂਦ ਆਪਣੇ ਇਰਾਦਿਆਂ ਤੇ ‘‘ਡਟੀ’’ ਹੋਈ ਹੈ ਤੇ ਨਵੀਆਂ ਆਰਥਿਕ ਨੀਤੀਆਂ ਲਾਗੂ ਕਰਨ ਦੀ ਧੁੱਸ ਚ ਕਾਫੀ ਸਿਆਸੀ ਕੀਮਤ ਤਾਰਨ ਲਈ ਇੱਛਾ ਸ਼ਕਤੀ ਦਾ ਪ੍ਰਗਟਾਵਾ ਕਰ ਰਹੀ ਹੈ ਇਹ ਪ੍ਰਗਟਾਵਾ ਇਸ ਹੱਦ ਤੱਕ ਹੈ ਕਿ ਪਿਛਲੇ ਕਈ ਮਹੀਨਿਆਂ ਦੀ ਵਿਆਪਕ ਲਾਮਬੰਦੀ ਵਾਲੀ ਜ਼ੋਰਦਾਰ ਸਰਗਰਮੀ ਤੇ ਅਧਿਆਪਕਾਂ ਦੇ ਜ਼ਾਹਰ ਹੋ ਰਹੇ ਲੜਾਕੂ ਰੌਂਅ ਨੂੰ ਦਰਕਿਨਾਰ ਕਰਦਿਆਂ ਤਨਖਾਹ ਘਟਾਉਣ ਦਾ ਸਿਰੇ ਦਾ ਧੱਕੜ ਫੈਸਲਾ ਕੀਤਾ ਗਿਆ ਹੈ ਇਸ ਫੈਸਲੇ ਨਾਲ ਸਾਹਮਣਾ ਹੋਣ ਵਾਲੇ ਰੋਹ ਨੂੰ ਜਾਣਦਿਆਂ ਕੀਤਾ ਗਿਆ ਹੈ ਅਧਿਆਪਕ ਤਬਕੇ ਦਾ ਹਕੂਮਤ ਨਾਲ ਮੌਜੂਦਾ ਭੇੜ ਇਸ ਹਕੀਕਤ ਦੀ ਵੀ ਮੁੜ ਅਮਲੀ ਤੇ ਜ਼ੋਰਦਾਰ ਪੁਸ਼ਟੀ ਕਰਦਾ ਹੈ ਕਿ ਸਰਕਾਰੀ ਸਿੱਖਿਆ ਖੇਤਰ ਦੀ ਤਬਾਹੀ ਦੇ ਕਦਮਾਂ ਚੋਂ ਵਿਸ਼ੇਸ਼ ਕਰਕੇ ਠੇਕਾ ਭਰਤੀ ਦੀ ਨੀਤੀ ਧੁੱਸ, ਸਿੱਖਿਆ ਖੇਤਰ ਦਾ ਜਾਨਦਾਰ ਅੰਗ ਬਣਦੇ ਅਧਿਆਪਕ ਤਬਕੇ ਦੇ ਹਿਤਾਂ ਨਾਲ ਸਿੱਧੇ ਤੇ ਤਿੱਖੇ ਟਕਰਾਅ ਚ ਆਉਂਦੀ ਹੈ ਤੇ ਇਹ ਠੇਕਾ ਭਰਤੀ ਵਾਲਾ ਤਬਕਾ ਹੀ ਅਧਿਆਪਕ ਲਹਿਰ ਦੀ ਨੋਕ ਬਣ ਸਕਦਾ ਹੈ
ਸਾਰੀਆਂ ਹਕੂਮਤਾਂ ਵਾਰੋ ਵਾਰੀ ਸਿੱਖਿਆ ਸਮੇਤ ਸਭਨਾਂ ਜਨਤਕ ਅਦਾਰਿਆਂ ਦੀ ਤਬਾਹੀ ਦੇ ਕਦਮ ਅੱਗੇ ਵਧਾਉਂਦੀਆਂ ਆ ਰਹੀਆਂ ਹਨ ਰੈਗੂਲਰ ਭਰਤੀ ਦੀ ਥਾਂ, ਠੇਕਾ ਮੁਲਾਜ਼ਮਾਂ ਦੀ ਨੀਤੀ ਸਰਕਾਰੀ ਖੇਤਰ ਦਾ ਭੋਗ ਪਾਉਣ ਵੱਲ ਜਾਂਦੇ ਕਦਮਾਂ ਚੋਂ ਅਹਿਮ ਕਦਮ ਹੈ ਬਾਕੀ ਅਧਿਆਪਕ ਮੰਗਾਂ ਵੀ ਏਸੇ ਨਿੱਜੀਕਰਨ ਦੀ ਨੀਤੀ ਨਾਲ ਟਕਰਾਅ ਚ ਆਉਂਦੇ ਅਧਿਆਪਕ ਹਿਤਾਂ ਚੋਂ ਹੀ ਨਿਕਲਦੀਆਂ ਹਨ ਤੇ ਇਸ ਨੀਤੀ ਨੂੰ ਅੱਗੇ ਵਧਾਉਣ ਦੀ ਨੀਤ ਵਾਲੀ ਹਕੂਮਤ ਇਹਨਾਂ ਨੂੰ ਮੰਨਣ ਤੋਂ ਇਨਕਾਰੀ ਹੈ ਦੋ-ਚਾਰ ਨਿੱਕੇ ਨਿਗੂਣੇ ਕਦਮ ਅਧਿਆਪਕਾਂ ਨੂੰ ਰਾਹਤ ਦੇਣ ਜੋਗੇ ਨਹੀਂ ਹਨ, ਵਰਾਉਣ ਵਰਚਾਉਣ ਜੋਗੇ ਵੀ ਨਹੀਂ ਹਨ ਇਸੇ ਲਈ ਨਾਲ ਹੀ ਦਹਿਸ਼ਤ ਪਾਉਣ ਤੇ ਜਬਰ ਦੇ ਜ਼ੋਰ ਦਬਾਉਣ ਦੇ ਕਦਮਾਂ ਦਾ ਪੂਰ ਚੱਲ ਰਿਹਾ ਹੈ ਮੁਅੱਤਲੀਆਂ, ਬਦਲੀਆਂ ਤੇ ਨੋਟਿਸਾਂ ਦੇ ਕਦਮ ਆ ਰਹੇ ਹਨ ਡਰਾਵੇ ਤੇ ਧਮਕੀਆਂ ਦੀ ਭਰਮਾਰ ਹੈ ਪਰ ਇਹਨਾਂ ਦੇ ਅਸਰ ਦੇ ਝਲਕਾਰੇ ਨਾ ਮਾਤਰ ਹਨ ਮੋੜਵਾਂ ਜਵਾਬ ਠੋਕਵਾਂ ਹੈ, ਅਧਿਆਪਕ ਹਰ ਸੰਭਵ ਸ਼ਕਲ ਰਾਹੀਂ ਵਿਰੋਧ ਜਤਾ ਰਹੇ ਹਨ, ਸਨਮਾਨ ਵਾਪਸੀ ਤੋਂ ਲੈ ਕੇ ਮੁਅੱਤਲੀਆਂ ਲਈ ਪੇਸ਼ਕਸ਼ਾਂ ਵਰਗੀਆਂ ਸ਼ਕਲਾਂ ਵੀ ਹਥਿਆਰ ਬਣੀਆਂ ਹੋਈਆਂ ਹਨ ਸਿੱਖਿਆ ਸਕੱਤਰ ਦੀਆਂ ਧਮਕੀਆਂ ਦਹਿਸ਼ਤ ਦੀ ਥਾਂ ਰੋਹ ਦਾ ਪਸਾਰਾ ਕਰ ਰਹੀਆਂ ਹਨ ਅਜਿਹਾ ਲੜਾਕੂ ਇਰਾਦਾ ਇਸ ਹਕੀਕਤ ਦਾ ਹੀ ਪ੍ਰਗਟਾਵਾ ਹੈ ਕਿ ਹਕੂਮਤੀ ਹਮਲਾ ਏਨਾ ਬੇ-ਕਿਰਕ, ਵਿਆਪਕ ਤੇ ਡੂੰਘਾ ਹੈ ਜਿੰਨ੍ਹਾਂ ਨੇ ਅਧਿਆਪਕ ਤਬਕੇ ਦੇ ਅਜਿਹੇ ਹਿੱਤ ਦਾਅ ਤੇ ਲਾ ਦਿੱਤੇ ਹਨ ਜੋ ਉਹਨਾਂ ਨੂੰ ਕਰੋ ਜਾਂ ਮਰੋ ਵਰਗੀ ਹਾਲਤ ਮੂੰਹ ਧੱਕ ਰਹੇ ਹਨ, ਮੁੜ-ਮੁੜ ਸੰਘਰਸ਼ ਦੀ ਲੋੜ ਖੜ੍ਹੀ ਕਰਦੇ ਹਨ ਹੋਰਨਾਂ ਮਹਿਕਮਿਆਂ ਵਾਲੇ ਮੁਲਾਜ਼ਮਾਂ ਦੇ ਮੁਕਾਬਲੇ ਅਰਾਮਦਾਇਕ ਗਿਣੀ ਜਾਂਦੀ ਨੌਕਰੀ ਵਾਲੇ ਜੇਕਰ ਅਜਿਹੇ ਦਮਖਮ ਤੇ ਦ੍ਰਿੜਤਾ ਦਾ ਪ੍ਰਗਟਾਵਾ ਕਰ ਰਹੇ ਹਨ ਤਾਂ ਇਹ ਵਿਕਸਿਤ ਹੋ ਰਹੀ ਹਾਲਤ ਦਾ ਸੰਕੇਤ ਹੈ ਕਿ ਨਿੱਜੀਕਰਨ ਦੀਆਂ ਨੀਤੀਆਂ ਦਾ ਹਮਲਾ ਕਿਸ ਹੱਦ ਤੱਕ ਲੋਕਾਂ ਦੀਆਂ ਜ਼ਿੰਦਗੀਆਂ ਜ਼ਿਬ੍ਹਾ ਕਰ ਰਿਹਾ ਹੈ, ਕਬੀਲਦਾਰੀਆਂ ਦੀਆਂ ਵਿਉਂਤਾਂ ਉਖਾੜ ਕੇ ਸੁੱਟ ਰਿਹਾ ਹੈ ਸੰਘਰਸ਼ ਬਿਨਾਂ ਕੋਈ ਰਾਹ ਹੀ ਨਹੀਂ ਬਚਦਾ, ਵਿੱਚ ਵਿਚਾਲੇ ਦੀ ਹਾਲਤ ਨੂੰ ਸਿਰੇ ਲਾ ਦਿੰਦਾ ਹੈ ਤੇ ਕਰੋ ਜਾਂ ਮਰੋ ਵਾਲੀ ਹਾਲਤ ਸਿਰਜ ਦਿੰਦਾ ਹੈ ਤੇ ਨਵੀਆਂ ਤੋਂ ਨਵੀਆਂ ਪਰਤਾਂ ਨੂੰ ਸੰਘਰਸ਼ਾਂ ਦੇ ਪਿੜ ਚ ਲੈ ਆਉਂਦਾ ਹੈ
ਅਧਿਆਪਕ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਹਕੂਮਤ ਦੇ ਕਦਮ ਤੇ ਸਮੁੱਚਾ ਵਿਹਾਰ ਦਰਸਾੳਂ¹ਦਾ ਹੈ ਕਿ ਆਪਣੇ ਫੈਸਲੇ ਤੇ ਦ੍ਰਿੜਤਾ ਨਾਲ ਖੜ੍ਹਨ ਦਾ ਪ੍ਰਭਾਵ ਦੇ ਰਹੀ ਹਕੂਮਤ ਅੰਦਰੋਂ ਡਾਵਾਂਡੋਲ ਹੈ ਸਿੱਖਿਆ ਮੰਤਰੀ ਦੀ ਬੁਖਲਾਹਟ ਸਾਫ ਝਲਕਦੀ ਹੈ, ਅਫ਼ਸਰਸ਼ਾਹੀ ਤੇ ਟੇਕ ਰੱਖ ਕੇ ਨਿਭਣ ਦੇ ਕਦਮ ਵੀ ਏਸੇ ਕਮਜ਼ੋਰ ਪੈਂਤੜੇ ਦਾ ਹੀ ਪ੍ਰਗਟਾਵਾ ਹਨ ਮੁੱਖ ਮੰਤਰੀ ਦਾ ਪ੍ਰੈਸ ਕਾਨਫਰੰਸ ਚ ਸਫਾਈ ਦੇਣ ਲਈ ਮਜ਼ਬੂਰ ਹੋਣਾ ਵੀ ਕਮਜ਼ੋਰ ਹਕੂਮਤੀ ਹਾਲਤ ਦਾ ਸੰਕੇਤ ਹੀ ਹੈ ਪਰ ਇਸਦੇ ਬਾਵਜੂਦ ਉਹਨਾਂ ਦੀ ਨੀਤੀ ਧੁੱਸ ਅਜੇ ਉਹਨਾਂ ਨੂੰ ਏਸੇ ਪੈਂਤੜੇ ਤੇ ਖੜ੍ਹੇ ਰਹਿਣ ਲਈ ਧੱਕ ਰਹੀ ਹੈ, ਲੋਕਾਂ ਚ ਹੋ ਰਹੇ ਸਿਆਸੀ ਹਰਜੇ ਦੇ ਬਾਵਜੂਦ ਇਹੀ ਇਰਾਦਾ ਜ਼ਾਹਰ ਹੋ ਰਿਹਾ ਹੈ ਪਰ ਇਹ ਪੈਂਤੜਾ ਹਕੂਮਤ ਨੂੰ ਮਹਿੰਗਾ ਪੈਣ ਜਾ ਰਿਹਾ ਹੈ ਆਉਂਦੀਆਂ ਚੋਣਾਂ ਚ ਜਾਣ ਦੀ ਮਜ਼ਬੂਰੀ ਹਕੂਮਤੀ ਦਮਖਮ ਤੇ ਆਂਚ ਲਿਆਉਣ ਦਾ ਸਬੱਬ ਬਣਨੀ ਹੈ
ਅਧਿਆਪਕ ਲਹਿਰ ਦੇ ਨੁਕਤਾ-ਨਜ਼ਰ ਤੋਂ ਮਹੱਤਵਪੂਰਨ ਵਰਤਾਰਾ ਵਿਸ਼ਾਲ ਏਕਤਾ ਤਾਂਘ ਦਾ ਵਾਰ-ਵਾਰ ਹੋ ਰਿਹਾ ਪ੍ਰਗਟਾਵਾ ਤੇ ਸਾਕਾਰ ਹੋਈ ਏਕਤਾ ਦੀਆਂ ਬਰਕਤਾਂ ਦੀ ਸਮੁੱਚੇ ਅਧਿਆਪਕ ਸੰਘਰਸ਼ ਤੇ ਦਿਖ ਰਹੀ ਮੋਹਰ ਛਾਪ ਹੈ ਅਧਿਆਪਕਾਂ ਚ ਮੌਜੂਦ ਏਕਤਾ ਤਾਂਘ ਦਾ ਹੀ ਸਿੱਟਾ ਹੈ ਕਿ ਵੱਖ-ਵੱਖ ਵੰਨਗੀਆਂ ਦੀਆਂ ਲੀਡਰਸ਼ਿਪਾਂ ਵਖਰੇਵਿਆਂ ਦੀਆਂ ਉਲਝਣਾਂ ਤੇ ਔਕੜਾਂ ਦੇ ਬਾਵਜੂਦ ਸਾਂਝਾ ਸੰਘਰਸ਼ ਚਲਾ ਰਹੀਆਂ ਹਨ ਇੱਕ ਅਰਸੇ ਤੋਂ ਪਾਟੋ-ਧਾੜ ਦਾ ਸ਼ਿਕਾਰ ਚਲੀ ਆ ਰਹੀ ਅਧਿਆਪਕ ਲਹਿਰ ਦੇ ਅਜਿਹੇ ਸੰਘਰਸ਼ ਦੀ ਉਸਾਰੀ ਇਸ ਤਾਜ਼ਾ ਦੌਰ ਦੀ ਸਭ ਤੋਂ ਅਹਿਮ ਪ੍ਰਾਪਤੀ ਬਣਦੀ ਹੈ ਜਿਸਨੂੰ ਸਾਂਭਣਾਂ ਤੇ ਪੱਕੇ ਪੈਰੀਂ ਕਰਨਾ ਸਭਨਾਂ ਸੁਹਿਰਦ ਲੀਡਰਸ਼ਿਪਾਂ ਦਾ ਭਖਦਾ ਸਰੋਕਾਰ ਹੋਣਾ ਚਾਹੀਦਾ ਹੈ।। ਖਾਸ ਕਰਕੇ ਕੈਟਾਗਰੀਆਂ ਚ ਵੰਡੀਆਂ ਵੱਖ ਵੱਖ ਵੰਨਗੀਆਂ ਤੇ ਰੈਗੂਲਰ ਅਧਿਆਪਕਾਂ ਦਾ ਸਾਂਝਾ ਸੰਘਰਸ਼ ਉਸਰਨ ਦੇ ਸੁਲੱਖਣੇ ਰੁਝਾਨ ਨੂੰ ਪਾਲਣ-ਪੋਸ਼ਣ ਤੇ ਅਗਲੇ ਪੜਾਅ ਤੇ ਲਿਜਾਣ ਲਈ ਵਿਸ਼ੇਸ਼ ਯਤਨ ਜੁਟਾਉਣ ਦੀ ਜ਼ਰੂਰਤ ਹੈ ਵੱਖ-ਵੱਖ ਵੰਨਗੀਆਂ ਦੀਆਂ ਵਿੱਥਾਂ ਦਾ ਘਟਣਾ ਤੇ ਮਿਟਣਾ ਬੇਹਦ ਅਹਿਮ ਹੈ ਸਾਕਾਰ ਹੋਈ ਏਕਤਾ ਨਾਲ ਆਪਣੀ ਤਾਕਤ ਦੇ ਅਹਿਸਾਸ ਦਾ ਹੋ ਰਿਹਾ ਸੰਚਾਰ ਅਜਿਹੀ ਮੁੱਲਵਾਨ ਕਮਾਈ ਬਣਦੀ ਹੈ ਜਿਸਨੂੰ ਲਾਜ਼ਮੀ ਹੀ ਇੱਕ ਟਰੇਡ ਇੱਕ ਯੂਨੀਅਨ ਦੇ ਨਾਅਰੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਦਿਸ਼ਾ ਚ ਹੋਣ ਵਾਲੇ ਯਤਨਾਂ ਲਈ ਜੁਟਾਇਆ ਜਾਣਾ ਚਾਹੀਦਾ ਹੈ
ਮੌਜੂਦਾ ਸੰਘਰਸ਼ ਸਰਗਰਮੀ ਵੱਲੋਂ ਲੋਕਾਂ ਦਾ ਧਿਆਨ ਖਿੱਚ ਲੈਣ ਨਾਲ ਹਮਦਰਦੀਆਂ ਤੇ ਸਰੋਕਾਰਾਂ ਦੇ ਬਣ ਰਹੇ ਮਹੌਲ ਦਾ ਸੰਘਰਸ਼ ਦੀ ਠੋਸ ਤਕੜਾਈ ਲਈ ਹਿੱਸਾ ਪੁਆਉਣ ਖਾਤਰ ਅਧਿਆਪਕ ਆਗੂਆਂ ਤੇ ਕਾਰਕੁਨਾਂ ਨੂੰ ਵਿਸ਼ੇਸ਼ ਗੌਰ ਕਰਨੀ ਬਣਦੀ ਹੈ ਪਿੰਡਾਂ ਚ ਮੌਜੂਦ ਮਿਹਨਤਕਸ਼ ਜਨਤਾ ਦੀਆਂ ਜਥੇਬੰਦੀਆਂ ਨਾਲ ਰਾਬਤਾ ਸਿਰਜਣ ਤੇ ਪਿੰਡ ਪੱਧਰ ਤੇ ਉਹਨਾਂ ਦੀ ਸਹਾਇਤਾ ਨਾਲ ਮਾਪਿਆਂ ਵਜੋਂ ਲੋਕਾਂ ਦੀ ਲਾਮਬੰਦੀ ਦੇ ਪੱਖ ਨੂੰ ਸੰਬੋਧਿਤ ਹੋਣ ਦਾ ਵੇਲਾ ਹੈ ਇਸ ਲਾਮਬੰਦੀ ਦੇ ਪੱਖ ਲਈ ਤਨਖਾਹਾਂ ਘਟਾਉਣ ਦੇ ਮੌਜੂਦਾ ਕਦਮਾਂ ਤੇ ਹੋਰਨਾਂ ਫੈਸਲਿਆਂ ਨੂੰ ਲੋਕਾਂ ਦੇ ਸਿੱਖਿਆ ਤੇ ਰੁਜ਼ਗਾਰ ਦੇ ਹੱਕ ਤੇ ਹਮਲੇ ਵਜੋਂ ਦਰਸਾਉਣ ਦੀ ਲੋੜ ਹੈ ਖਾਸ ਕਰਕੇ ਨਿੱਜੀਕਰਨ ਦੀਆ ਨੀਤੀਆਂ ਦੇ ਸਮੁੱਚੇ ਹਮਲੇ ਦੇ ਅੰਗ ਵਜੋਂ ਸਿਹਤ, ਟਰਾਂਸਪੋਰਟ, ਖੇਤੀ ਖੇਤਰ, ਪੈਟਰੋਲ ਕੀਮਤਾਂ ਤੱਕ ਦੇ ਵੱਖ-ਵੱਖ ਖੇਤਰਾਂ ਚ ਵਡੇਰੇ ਹਮਲੇ ਦੀ ਤਸਵੀਰ ਚ ਫਿੱਟ ਕਰਕੇ ਉਘਾੜਨ ਦੀ ਜ਼ਰੂਰਤ ਹੈ ਸਿਰਫ ਅਧਿਆਪਕ ਸੰਘਰਸ਼ ਦੀ ਹਮਾਇਤ ਅਤੇ ਅਧਿਆਪਕ ਮੰਗਾਂ ਦੀ ਹਮਾਇਤ ਤੇ ਆਉਣ ਨਾਲੋਂ ਜ਼ਿਆਦਾ ਸਰਕਾਰੀ ਸਿੱਖਿਆ ਖੇਤਰ ਬਚਾਉਣ ਦੀ ਸਾਂਝੀ ਜਦੋਜਹਿਦ ਦੀ ਲੋੜ ਉਭਾਰੀ ਜਾਣੀ ਚਾਹੀਦੀ ਹੈ ਇਸ ਸਾਂਝ ਦੀ ਉਸਾਰੀ ਲਈ ਜ਼ਰੂਰਤ ਹੈ ਕਿ ਸਿੱਖਿਆ ਖੇਤਰ ਦੇ ਉਜਾੜੇ ਲਈ ਬਹੁ-ਪਰਤੀ ਤੇ ਬਹੁ-ਧਾਰੀ ਹੱਲੇ ਦੀਆਂ ਬਾਕੀ ਧਾਰਾਂ ਤੇ ਪਰਤਾਂ ਦੀ ਹੋ ਰਹੀ ਉਧੇੜ ਦਿਖਾਈ ਜਾਵੇ ਕਿਤਾਬਾਂ-ਕਾਪੀਆਂ ਤੇ ਵਜੀਫੇ ਨਾ ਭੇਜਣ ਤੋਂ ਲੈ ਕੇ, ਖਾਲੀ ਅਸਾਮੀਆਂ, ਸਹੂਲਤਾਂ ਦੀ ਘਾਟ ਤੱਕ ਦੇ ਸਭਨਾਂ ਕਦਮਾਂ ਨੂੰ ਬਜਟਾਂ ਗ੍ਰਾਂਟਾਂ ਦੀ ਤੋਟ ਨਾਲ ਜੋੜਨਾ ਚਾਹੀਦਾ ਹੈ ਤੇ ਬੱਜਟਾਂ ਦੀਆਂ ਹਕੂਮਤੀ ਤਰਜੀਹਾਂ ਨੂੰ ਹਮਲੇ ਹੇਠ ਲਿਆਉਣਾ ਚਾਹੀਦਾ ਹੈ ਸਰਕਾਰੀ ਖਜ਼ਾਨਾ ਜਟਾਉਣ ਲਈ ਵੱਡੇ ਕਾਰੋਬਾਰਾਂ ਤੇ ਜਾਇਦਾਦਾਂ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੇ ਮੁਨਾਫਿਅ» ਤੇ ਟੈਕਸ ਲਾਉਣ ਦੀ ਮੰਗ ਕਰਨੀ ਚਾਹੀਦੀ ਹੈ ਇਹਨਾਂ ਮੰਗਾਂ ਦੀ ਢੁੱਕਵੀਂ ਸਥਾਨਬੰਦੀ ਨੂੰ ਲੋਕ ਲਾਮਬੰਦੀ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ ਸੰਘਰਸ਼ ਚ ਸ਼ਾਮਲ ਇਨਕਲਾਬੀ ਚੇਤਨਾ ਵਾਲੇ ਕਾਰਕੁਨਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੇ ਬੁਨਿਆਦੀ ਹਿਤਾਂ ਤੱਕ ਲਿਜਾਣ ਵਾਲੀਆਂ ਅਹਿਮ ਸਾਂਝੀਆਂ ਮੰਗਾਂ ਤੇ ਸਾਂਝੇ ਸੰਘਰਸ਼ਾਂ ਦੀ ਉਸਾਰੀ ਦੀ ਜ਼ਰੂਰਤ ਦੇ ਨੁਕਤਾ-ਨਜ਼ਰ ਤੋਂ ਮੌਜੂਦਾ ਸੰਘਰਸ਼ ਦਾ ਮਹੱਤਵ ਗ੍ਰਹਿਣ ਕਰਨ ਤੇ ਇਸ ਸੇਧ ਨੂੰ ਘੋਲ ਦੌਰਾਨ ਲਾਗੂ ਕਰਨ ਲਈ ਯਤਨ ਜਟਾਉਣ ਮੌਜੂਦਾ ਅਧਿਆਪਕ ਸੰਘਰਸ਼ ਦਾ ਇੱਕ ਅਹਿਮ ਸੰਕੇਤ ਸੂਬੇ ਦੀ ਜਨਤਾ ਚ ਆਮ ਰੂਪ ਚ ਬੇਚੈਨੀ ਦੇ ਪਸਾਰੇ ਦੀ ਗਹਿਰਾਈ ਨੂੰ ਦਰਸਾਉਣਾ ਬਣਦਾ ਹੈ ਤੇ ਇਸ ਬੇਚੈਨੀ ਦੇ ਸੰਘਰਸ਼ ਦਾ ਰੁਖ਼ ਲੈਣ ਦੀਆਂ ਸੰਭਾਵਨਾਵਾਂ ਉਘਾੜਨ ਪੱਖੋਂ ਵੀ ਬਣਦਾ ਹੈ ਅਧਿਆਪਕ ਤਬਕਾ ਲੋਕਾਂ ਦੀਆਂ ਉਹਨਾਂ ਪਰਤਾਂ ਚ ਸ਼ੁਮਾਰ ਹੈ ਜਿਹੜੀਆਂ ਪਰਤਾਂ ਕਾਰਪੋਰੇਟ ਜਗਤ ਲਈ ਖਪਤ ਦੀ ਮੰਡੀ ਵਜੋਂ ਮਹੱਤਵਪੂਰਨ ਹਨ ਅਜਿਹੀਆਂ ਪਰਤਾਂ ਤੇ ਵੀ ਹੋ ਰਿਹਾ ਤਿੱਖਾ ਹੱਲਾ ਤੇ ਹੋ ਰਿਹਾ ਬੇਚੈਨੀ ਦਾ ਪਸਾਰਾ, ਇਕ ਪਾਸੇ ਡੂੰਘੇ ਹੋ ਰਹੇ ਆਰਥਿਕ ਸੰਕਟਾਂ ਦਰਮਿਆਨ ਲੁਟੇਰੀਆਂ ਜਮਾਤਾਂ ਦੀਆਂ ਸਖਤ ਚੋਣਾਂ ਦੀ ਹਾਲਤ ਦਿਖਾ ਰਿਹਾ ਹੈ, ਜਿਵੇਂ ਤਨਖਾਹਾਂ ਘਟਾਉਣ ਦਾ ਫੈਸਲਾ ਇਸ ਦੌਰ ਦੇ ਆਮ ਚਲਣ ਨਾਲੋਂ ਕੁੱਝ ਵੱਖਰਾ ਹੈ ਕਿਉਂਕਿ ਆਮ ਤੌਰ ਤੇ ਹਕੂਮਤਾਂ ਨਵੇਂ ਆਉਣ ਵਾਲੇ ਹਿੱਸਿਆਂ ਤੇ ਨਵੇਂ ਫੁਰਮਾਨ ਲਾਗੂ ਕਰਦੀਆਂ ਹਨ ਜਿਹੜੇ ਅਜੇ ਗੈਰ ਜਥੇਬੰਦਕ ਹਾਲਤ ਚ ਹੁੰਦੇ ਹਨ ਤੇ ਨਿਗੂਣੀਆਂ ਤਨਖਾਹਾਂ ਤੇ ਵੀ ਕੰਮ ਲਈ ਮਜਬੂਰ ਹੋ ਜਾਂਦੇ ਹਨ ਪਰ ਇਸ ਵਾਰ ਇਹ ਗਿਣਤੀ ਵੀ ਚੱਕ ਦਿੱਤੀ ਗਈ ਹੈ ਦੂਜੇ ਪਾਸੇ ਇਹਨਾਂ ਕਦਮਾਂ ਰਾਹੀਂ ਹੋਣ ਜਾ ਰਹੀ ਸਮਾਜਿਕ ਉਥਲ ਪੁਥਲ ਦੇ ਸੰਕੇਤ ਵੀ ਸਪੱਸ਼ਟ ਹਨ ਇਹਨਾਂ ਪਰਤਾਂ ਦੀ ਬੇਚੈਨੀ ਨੂੰ ਘੋਲਾਂ ਚ ਪਲਟਣਾ ਤੇ ਕਿਰਤੀ ਜਮਾਤਾਂ ਦੇ ਘੋਲਾਂ ਨਾਲ ਕੜੀ ਜੋੜ ਕਰਕੇ, ਬੁਨਿਆਦੀ ਇਨਕਲਾਬੀ ਤਬਦੀਲੀ ਲਈ ਜਮਾਤੀ ਸੰਗਰਾਮ ਦੇ ਅੰਗ ਵਜੋਂ ਉਸਾਰਨ ਦੀਆਂ ਵਿਕਸਿਤ ਹੋ ਰਹੀਆਂ ਸੰਭਾਵਨਾਵਾਂ ਨੂੰ ਸਾਕਾਰ ਕਰਨ ਲਈ ਤਾਣ ਜਟਾਉਣ ਦੀ ਜ਼ਰੂਰਤ ਉੱਭਰੀ ਹੋਈ ਹੈ ਤੇ ਵਿਕਸਿਤ ਹੋ ਰਹੀ ਹਾਲਤ ਚ ਉਪਰੋਕਤ ਦਿਸ਼ਾ-ਸੇਧ ਤੇ ਪਕੜ ਰੱਖਦਿਆਂ ਸਾਂਝੇ ਘੋਲਾਂ ਦੇ ਵਿਚਾਰ ਨੂੰ ਹਰਮਨ ਪਿਆਰਾ ਕਰਨਾ ਚਾਹੀਦਾ ਹੈ ਤੇ ਵੱਖ-ਵੱਖ ਤਬਕਿਆਂ ਦੀ ਜਮਾਤੀ ਏਕਤਾ ਦਾ ਸੰਦੇਸ਼ ਉਭਾਰਨਾ ਚਾਹੀਦਾ ਹੈ
ਮੌਜੂਦਾ ਸੰਘਰਸ਼ ਦੌਰਾਨ ਇੱਕ ਨੁਕਤਾ ਘੋਲ ਸ਼ਕਲਾਂ ਦੀ ਚੋਣ ਦਾ ਹੈ ਹਕੂਮਤਾਂ ਦਾ ਲੋਕਾਂ ਦੇ ਹਿਤਾਂ ਤੇ ਹਮਲਾ ਜਿਸ ਤਰ੍ਹਾਂ ਦੀ ਗਹਿਰਾਈ ਤੇ ਪਸਾਰ ਆਕਾਰ ਹਾਸਲ ਕਰ ਰਿਹਾ ਹੈ ਤੇ ਤੇਜ਼ੀ ਫੜ ਰਿਹਾ ਹੈ ਤਾਂ ਇਹ ਜਾਹਰ ਹੈ ਕਿ ਇਹ ਦੌਰ ਹਕੂਮਤਾਂ ਨਾਲ ਲੋਕਾਂ ਦੇ ਜੋਰਦਾਰ ਭੇੜ ਦਾ ਦੌਰ ਹੈ ਤੇ ਵਿਸ਼ਾਲ ਜਨਤਕ ਸੰਗਰਾਮਾਂ ਦੀ ਜ਼ਰੂਰਤ ਹੈ ਅਜਿਹੀ ਤਿੱਖ ਵਾਲੇ ਹਮਲੇ ਦੇ ਟਾਕਰੇ ਲਈ ਮਰਨ ਵਰਤ, ਭੁੱਖ ਹੜਤਾਲ ਜਾਂ ਰੋਸ ਜ਼ਾਹਰ ਕਰਨ ਦੀਆਂ ਹੇਠਲੀਆਂ ਸ਼ਕਲਾਂ ਦੀ ਅਸਰਕਾਰੀ ਦੀ ਸੀਮਤਾਈ ਨੂੰ ਪਹਿਚਾਨਣ ਦੀ ਲੋੜ ਹੈ ਅਜਿਹੀਆਂ ਸ਼ਕਲਾਂ ਨਾ ਸਿਰਫ ਜਦੋਜਹਿਦ ਦੀ ਜ਼ਰੂਰਤ ਦੇ ਮੇਚ ਦੀਆਂ ਨਹੀਂ ਬਣਦੀਆਂ ਸਗੋਂ ਇਹ ਲੋਕਾਂ ਤੇ ਹਕੂਮਤ ਦੇ ਦੁਸ਼ਮਣਾਨਾ ਰਿਸ਼ਤੇ ਦੀ ਨਿੱਤਰਵੀਂ ਪੇਸ਼ਕਾਰੀ ਹੋਣ ਚ ਰੁਕਾਵਟ ਬਣਦੀਆਂ ਹਨ ਤੇ ਇਹਦਾ ਤੱਤ ਆਪਣਿਆਂ ਨਾਲ ਰੋਸੇ ਵਾਲਾ ਬਣਾ ਧਰਦੀਆਂ ਹਨ ਜਿਵੇਂ ਕਿਤੇ ਹਕੂਮਤ ਤੇ ਲੋਕਾਂ ਦੇ ਕਿਸੇ ਹਿੱਸੇ ਵੱਲੋਂ ਖਾਣਾ ਤਿਆਗਣ ਦਾ ਕੋਈ ਦਬਾਅ ਬਣਦਾ ਹੋਵੇ ਜਾਂ ਕਿਸੇ ਹਕੂਮਤੀ ਅੰਗ ਦਾ ਦਿਲ ਪਸੀਜ ਸਕਦਾ ਹੋਵੇ ਜਦੋਂ ਕਿ ਹਕੀਕਤ ਇਹ ਹੈ ਕਿ ਮੌਜੂਦਾ ਆਦਮ ਖਾਣੇ ਲੁਟੇਰੇ ਨਿਜ਼ਾਮ ਨੂੰ ਚਲਾਉਣ ਵਾਲੇ ਇਹ ਹਾਕਮ ਕਿਰਤੀ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਹਨ, ਜਿਹੜੇ ਸ਼ਰੇਆਮ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਸਕਦੇ ਹਨ, ਜੇਲ੍ਹੀਂ ਤੂੜ ਸਕਦੇ ਹਨ, ਸਰਮਾਏਦਾਰਾਂ ਦੇ ਮੁਨਾਫਿਆਂ ਲਈ ਲੋਕਾਂ ਨੂੰ ਬਿਮਾਰੀਆਂ ਮੂੰਹ ਧੱਕ ਸਕਦੇ ਹਨ ਤੇ ਮੁਨਾਫੇ ਦੇ ਹਿਤਾਂ ਦੀ ਪੂਰਤੀ ਲਈ ਸਾਰੀ ਮਨੁੱਖਤਾ ਦਾ ਘਾਣ ਕਰ ਸਕਦੇ ਹਨ ਇਹ ਨਾ ਅਜਿਹਾ ਦਬਾਅ ਮੰਨਦੇ ਹਨ, ਨਾ ਪਸੀਜੇ ਜਾਂਦੇ ਹਨ ਇਹ ਲੋਕ ਤਾਕਤ ਦੇ ਜ਼ੋਰ, ਲੋਕਾਂ ਦੇ ਸੰਗਰਾਮਾਂ ਤੇ ਕੁਰਬਾਨੀਆਂ ਦੇ ਇਰਾਦਿਆਂ ਦੇ ਜ਼ੋਰ ਤੇ ਭਿੜ ਕੇ ਹੀ ਰੋਕੇ ਜਾ ਸਕਦੇ ਹਨ ਘੋਲ ਦੀਆਂ ਲੀਡਰਸ਼ਿਪਾਂ ਨੂੰ ਇਸ ਵਿਚਾਰ ਤੇ ਪਕੜ ਬਣਾਉਣੀ ਚਾਹੀਦੀ ਹੈ ਕਿ ਇਹ ਜਮਾਤੀ ਸਮਾਜ ਹੈ ਤੇ ਇਹ ਸੰਘਰਸ਼ ਜਮਾਤਾਂ ਦਾ ਭੇੜ ਹੈ ਤੇ ਇਹ ਭੇੜ ਆਏ ਦਿਨ ਤਿੱਖਾ ਹੋ ਰਿਹਾ ਹੈ ਜਦੋਂ ਹਕੂਮਤੀ ਨੀਤੀ ਤੇ ਚਲਣ ਇਸ ਹਕੀਕਤ ਨੂੰ ਹੋਰ ਵਧੇਰੇ ਉਘਾੜ ਰਿਹਾ ਹੋਵੇ ਤਾਂ ਲੋਕਾਂ ਵਾਲੇ ਪੱਖਾਂ ਤੋਂ ਵੀ ਇਸਨੂੰ ਉਘਾੜਨ ਤੇ ਜੋਰ ਲਾਉਣਾ ਚਾਹੀਦਾ ਹੈ
ਿੱਥੋਂ ਤੱਕ ਅਜਿਹੀਆਂ ਸ਼ਕਲਾਂ ਰਾਹੀਂ ਲੋਕਾਂ ਨੂੰ ਉਭਾਰਨ ਦਾ ਸੰਬੰਧ ਹੈ ਇਹ ਸ਼ਕਲਾਂ ਲੋਕਾਂ ਨੂੰ ਭਾਵੁਕਤਾ ਤੇ ਹਮਦਰਦੀ ਦੇ ਪੱਧਰ ਤੇ ਉਭਾਰਨ ਦਾ ਸਾਧਨ ਤਾਂ ਬਣ ਸਕਦੀਆਂ ਹਨ ਪਰ ਹਕੂਮਤੀ ਹਮਲੇ ਦਾ ਟਾਕਰਾ ਮੌਤ ਦੇ ਮੂੰਹ ਚ ਜਾ ਰਹੇ ਸਾਥੀਆਂ ਦੀ ਹਮਦਰਦੀ ਦੀ ਭਾਵਨਾ ਨਾਲ ਨਹੀਂ ਕੀਤਾ ਜਾ ਸਕਦਾ, ਹਕੂਮਤ ਨੂੰ ਦਬਾਅ ਅਧੀਨ ਝੁਕਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਟਾਕਰੇ ਲਈ ਵਿਸ਼ਾਲ ਜਨ ਸਮੂਹਾਂ ਦੀ ਚੇਤਨਾ, ਇਰਾਦਾ, ਦ੍ਰਿੜਤਾ, ਤੇ ਸਪੱਸ਼ਟਤਾ ਲੋੜੀਂਦੀ ਹੈ ਲੋਕਾਂ ਨੂੰ ਇਸ ਲਮਕਵੀਂ ਤੇ ਬੇਮੇਚੀ ਜਾਪਦੀ ਜਦੋਜਹਿਦ ਲਈ ਤਿਆਰ ਕਰਨਾ ਅਣਥੱਕ ਮਿਹਨਤ ਦੀ ਮੰਗ ਕਰਦਾ ਕਾਰਜ ਹੈ, ਪਰ ਇਸ ਤੋਂ ਬਿਨਾਂ ਹੋਰ ਕੋਈ ਸਿੱਧ ਪੱਧਰਾ ਤੇ ਸਰਲ ਰਸਤਾ ਨਹੀਂ ਹੈ ਜਦੋਂ ਲੀਡਰਸ਼ਿਪਾਂ ਦਾ ਮੱਥਾ ਅਜਿਹੀਆਂ ਹਾਲਤਾਂ ਨਾਲ ਲੱਗ ਰਿਹਾ ਹੋਵੇ ਜਦੋਂ ਤਾਕਤ ਥੋੜ੍ਹੀ ਹੋਵੇ, ਹਮਲਾ ਵੱਡਾ ਹੋਵੇ ਤੇ ਲੋਕ ਅਜੇ ਚੇਤਨਾ ਤੇ ਇਰਾਦੇ ਪੱਖੋਂ ਲੜਾਈ ਦੀ ਮੰਗ ਨੂੰ ਹੁੰਗਾਰਾ ਭਰਨ ਤੋਂ ਪਿੱਛੇ ਹੋਣ ਤਾਂ ਲੋਕਾਂ ਨੂੰ ਉਸ ਪੱਧਰ ਤੱਕ ਲੈ ਜਾਣ ਲਈ ਹੋਰ ਵਧੇਰੇ ਦ੍ਰਿੜ ਇਰਾਦਾ ਤੇ ਸਬਰ ਲੋੜੀਂਦਾ ਹੁੰਦਾ ਹੈ ਇਸ ਲਈ ਮੌਜੂਦਾ ਦੌਰ ਚ ਜਨਤਕ ਲਾਮਬੰਦੀ ਦੇ ਅਧਾਰ ਤੇ ਸਮੂਹਿਕ ਸ਼ਮੂਲੀਅਤ ਵਾਲੇ ਤਿੱਖੇ ਘੋਲ ਉਸਾਰਨ ਦਾ ਰਾਹ ਹੀ ਫੜਨਾ ਚਾਹੀਦਾ ਹੈ ਜੀਹਦੇ ਰਾਹੀਂ ਹਕੂਮਤ ਨੂੰ ਘੇਰ ਕੇ, ਦਬਾਅ ਬਣਾ ਕੇ ਹੋਰ ਸਿਆਸੀ ਤੇ ਪਦਾਰਥਕ ਪ੍ਰਾਪਤੀਆਂ ਕੀਤੀਆਂ ਜਾ ਸਕਣ
ਇੱਕ ਹੋਰ ਗਹੁ-ਕਰਨਯੋਗ ਨੁਕਤਾ ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਲੀਡਰਾਂ ਦੀ ਸੰਘਰਸ਼ ਦੇ ਮੰਚਾਂ ਤੇ ਮੌਜੂਦਗੀ ਹੈ ਜਿਸਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਮੌਕਾਪ੍ਰਸਤ ਲੀਡਰਾਂ ਦੇ ਆਪਸੀ ਕੁਰਸੀ ਭੇੜ ਦਾ ਅਖਾੜਾ ਅਧਿਆਪਕ ਸੰਘਰਸ਼ ਨੂੰ ਨਹੀਂ ਬਣਨ ਦੇਣਾ ਚਾਹੀਦਾ ਉਂਝ ਵੀ ਅਜੇ ਤੱਕ ਤਾਂ ਬਾਦਲਾਂ ਦੇ ਰਾਜ ਤੋਂ ਲੋਕਾਂ ਦਾ ਗੁੱਸਾ ਠੰਢਾ ਨਹੀਂ ਹੋਇਆ 10 ਸਾਲ ਪੱਕੇ ਹੋਣ ਲਈ ਜਿਸ ਹਕੂਮਤ ਖਿਲਾਫ ਜਦੋਜਹਿਦ ਕੀਤੀ ਹੋਵੇ, ਉਹਨਾਂ ਲੀਡਰਾਂ ਨੂੰ ਸੰਘਰਸ਼ ਚ ਆ ਕੇ ਹਮਾਇਤ ਦਾ ਦੰਭ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ ਵੱਖ-ਵੱਖ ਮੌਕਾਪ੍ਰਸਤ ਲੀਡਰਾਂ ਨੂੰ ਅਧਿਆਪਕ ਮਸਲਿਆਂ ਤੇ ਮਗਰਮੱਛ ਦੇ ਹੰਝੂ ਵਹਾਉਣ ਲਈ ਮੰਚ ਮੁਹੱਈਆ ਕਰਵਾਉਣ ਤੋਂ ਬਚਣਾ ਚਾਹੀਦਾ ਹੈ ਜਿਥੋਂ ਤੱਕ ਪਾਰਟੀਆਂ ਦੇ ਆਪਸੀ ਟਕਰਾਅ ਦਾ ਘੋਲ ਲਈ ਲਾਹਾ ਲੈਣ ਦਾ ਸੰਬੰਧ ਹੈ, ਅਜਿਹਾ ਕੁੱਝ ਕਰਨਾ ਉਹਨਾਂ ਦੀਆਂ ਆਪਣੀਆਂ ਵੋਟ ਗਿਣਤੀਆਂ ਦੀ ਜ਼ਰੂਰਤ ਹੈ ਤੇ ਉਹ ਆਪਣੇ ਤੌਰ ਤੇ ਫਿਰ ਵੀ ਕਰਦੇ ਰਹਿੰਦੇ ਹਨ ਲੀਡਰਸ਼ਿਪਾਂ ਨੂੰ ਤਾਂ ਇਹ ਸੋਚਣਾ ਚਾਹੀਦਾ ਹੈ ਕਿ ਇਹਨਾਂ ਮੌਕਾਪ੍ਰਸਤ ਪਾਰਟੀਆਂ ਤੇ ਲੀਡਰਾਂ ਦੇ ਦੰਭ ਨੂੰ ਵੀ ਲੋਕਾਂ ਚ ਕਿਵੇਂ ਉਜਾਗਰ ਕੀਤਾ ਜਾਵੇ ਤੇ ਸੰਸਾਰੀਕਰਨ ਦੀਆਂ ਨੀਤੀਆਂ ਦੇ ਪੈਰੋਕਾਰਾਂ ਵਜੋਂ ਉਹਨਾਂ ਦੇ ਅਸਲ ਕਿਰਦਾਰ ਨੂੰ ਕਿਵੇਂ ਨਸ਼ਰ ਕੀਤਾ ਜਾਵੇ
ਮੌਜੂਦਾ ਅਧਿਆਪਕ ਸੰਘਰਸ਼ ਪਦਾਰਥਕ ਪੱਧਰ ਤੇ ਚਾਹੇ ਕਿੰਨੀ ਵੀ ਪ੍ਰਾਪਤੀ ਕਰੇ ਪਰ ਸਿਆਸੀ ਪ੍ਰਾਪਤੀ ਕੀਤੀ ਜਾ ਚੁੱਕੀ ਹੈ ਤੇ ਹੋਰ ਹੋਣ ਜਾ ਰਹੀ ਹੈ ਅਧਿਆਪਕ ਏਕਤਾ ਪੀਡੀ ਹੋਣ, ਕੈਟਾਗਰੀਆਂ ਦੀਆਂ ਵਿੱਥਾਂ ਘਟਣ ਤੇ ਵਿਸ਼ਾਲ ਏਕਤਾ ਦੀ ਲੋੜ ਉਭਾਰਨ ਦੀ ਪ੍ਰਾਪਤੀ ਅਧਿਆਪਕ ਲਹਿਰ ਲਈ ਛੋਟੀ ਪ੍ਰਾਪਤੀ ਨਹੀਂ ਹੈ ਅਧਿਆਪਕਾਂ ਲਈ ਹਊਆ ਬਣੇ ਆ ਰਹੇ ਸਿੱਖਿਆ ਸਕੱਤਰ ਦੇ ਪੈਰਾਂ ਹੇਠ ਰੁਲਦੇ ਨਾਦਰਸ਼ਾਹੀ ਫੁਰਮਾਨ ਲੋਕਾਂ ਦੀ ਸਮੂਹਿਕ ਹਸਤੀ ਦੇ ਜ਼ੋਰ ਦਾ ਅਹਿਸਾਸ ਪੈਦਾ ਕਰਨ ਲਈ ਅਗਲੀ ਅਹਿਮ ਪ੍ਰਾਪਤੀ ਹੈ ਵਿਸ਼ਾਲ ਗਿਣਤੀ ਅਧਿਆਪਕਾਂ ਚ ਹਕੂਮਤੀ ਨੀਤੀ ਦਾ ਨਸ਼ਰ ਹੋਣਾ ਤੇ ਸੰਘਰਸ਼ ਦਾ ਅਣਸਰਦੀ ਲੋੜ ਵਜੋਂ ਉਭਰ ਆਉਣਾ ਅਧਿਆਪਕ ਲਹਿਰ ਲਈ ਅਜਿਹੀ ਕਮਾਈ ਬਣਦਾ ਹੈ ਜਿਸ ਨੂੰ ਘੋਲ ਦੇ ਅਗਲੇਰੇ ਵਿਕਾਸ ਲਈ ਜੁਟਾਇਆ ਜਾਣਾ ਚਾਹੀਦਾ ਹੈ ਇਹਨਾਂ ਪ੍ਰਾਪਤੀਆਂ ਨੂੰ ਸਾਂਭਣ, ਪੱਕੇ ਪੈਰੀਂ ਕਰਨ ਨਾਲ ਹੀ ਅਧਿਆਪਕ ਲਹਿਰ ਦਾ ਸ਼ਾਨਾਮੱਤਾ ਭਵਿੱਖ ਉਸਰਨਾ ਹੈ ਤੇ ਇਹਨਾਂ ਨੇ ਹੀ ਮੌਜੂਦਾ ਘੋਲ ਦੀ ਜਿੱਤ ਦਾ ਅਧਾਰ ਵੀ ਬਣਨਾ ਹੈ
(18 ਅਕਤੂਬਰ, 2018)

No comments:

Post a Comment