Thursday, September 24, 2015

06 Surkh Leeh Special Issue on Farmers's and Farm Labourers' Suicides

ਸੂਦਖੋਰ ਖੁਦਕੁਸ਼ੀ-ਕਰਜੇ ਦੇ ਜੂਲੇ ਖਿਲਾਫ਼ ਸੰਘਰਸ਼
ਜਿੰਦਗੀ ਮੌਤ ਦੀ ਜਮਾਤੀ ਲੜਾਈ
ਕਿਸਾਨ ਖੁਦਕੁਸ਼ੀਆਂ ਦੇ ਵਰਤਾਰੇ ਦੀਆਂ ਜੜ੍ਹਾਂ ਕਿਸਾਨਾਂ  ਦੀ ਆਰਥਕ ਮੰਦਹਾਲੀ 'ਚ ਹੋਣ ਦੀ ਹਕੀਕਤ ਸਥਾਪਤ ਹੋ ਚੁੱਕੀ ਹੈ।ਕੇਂਦਰ ਅਤੇ ਸੂਬਾਈ ਸਰਕਾਰਾਂ ਦੇ ਮਾਹਰਾਂ ਦੀਆਂ ਰਿਪੋਰਟਾਂ ਕਹਿੰਦੀਆਂ ਆ ਰਹੀਆਂ ਹਨ ਕਿ ਖੁਦਕੁਸ਼ੀਆਂ ਪਿੱਛੇ ਖੇਤੀਬਾੜੀ ਦਾ ਸੰਕਟ ਹੈ।ਇਸ ਸੰਕਟ ਨੇ ਕਿਸਾਨਾਂ ਖੇਤ ਮਜ਼ਦੂਰਾਂ ਨੂੰ ਸਿਰੇ ਦੀ ਮੰਦਹਾਲੀ 'ਚ ਧੱਕ ਦਿੱਤਾ ਹੈ।ਇਹ ਮੰਦਹਾਲੀ ਸੰਘਣੇ ਰੂਪ 'ਚ ਕਰਜ਼ੇ, ਵਿਸ਼ੇਸ਼ ਕਰਕੇ ਸੂਦਖੋਰ ਕਰਜ਼ੇ ਦੇ ਭਾਰੀ ਬੋਝ ਰਾਹੀਂ ਪ੍ਰਗਟ ਹੋ ਰਹੀ ਹੈ। ਸਰਕਾਰ ਦੇ ਆਪਣੇ ਮਾਹਰਾਂ ਨੂੰ ਸਿਫਾਰਸ਼ ਕਰਨੀ ਪੈ ਰਹੀ ਹੈ ਕਿ ਸਰਕਾਰ ਸੂਦਖੋਰਾਂ ਦਾ ਕਰਜ਼ਾ ਲਾਹੁਣ ਲਈ ਅਤੇ ਆਰਥਕ ਮੁੜ ਸੰਭਾਲੇ ਲਈੇ ਕਿਸਾਨਾਂ ਨੂੰ ਬੈਂਕ ਕਰਜ਼ੇ ਦੇਵੇ।ਹੁਣ ਇਸ ਗੱਲ ਬਾਰੇ ਕੋਈ ਸ਼ੱਕ ਨਹੀਂ ਰਿਹਾ ਕਿ ਸੂਦਖੋਰ ਕਰਜ਼ੇ ਦਾ ਅਰਥ ਖੁਦਕੁਸ਼ੀ ਕਰਜ਼ਾ ਬਣ ਗਿਆ ਹੈ।
ਤਾਂ ਵੀ ਮੁਲਕ ਦੇ ਹਾਕਮ ਖੁਦਕੁਸ਼ੀਆਂ ਦੇ ਵਰਤਾਰੇ ਦੇ ਕਾਰਨਾਂ ਨੂੰ ਢਕਣ ਤੋਂ ਬਾਜ ਨਹੀਂ ਆਉਂਦੇ। ਇਸ ਵਰਤਾਰੇ ਨੂੰ ਬਹੁਤ ਹੀ ਹਲਕੇ ਢੰਗ ਨਾਲ ਲੈਣ ਦੀ ਕੁੱਢਰ ਮਿਸਾਲ ਕੁਝ ਚਿਰ ਪਹਿਲਾਂ ਇੱਕ ਕੇਂਦਰੀ ਮੰਤਰੀ ਨੇ ਪੇਸ਼ ਕੀਤੀ ਸੀ ਜਿਹੜਾ ਇਹ ਕਹਿਣ ਤੱਕ ਚਲਿਆ ਗਿਆ ਕਿ ਇਹਨਾਂ ਖੁਦਕੁਸ਼ੀਆਂ ਦਾ ਕਾਰਨ ਨਾਮਰਦੀ ਅਤੇ ਪਿਆਰ ਦੇ ਮਾਮਲਿਆਂ 'ਚ ਅਸਫ਼ਲਤਾ ਹੈ।
ਸ਼ਰਮ ਦੇ ਘਾਟੇ ਦੀ ਅਜਿਹੀ ਹਾਲਤ 'ਚ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਖੁਦਕੁਸ਼ੀਆਂ ਦਾ ਮੁਆਵਜਾ ਦੇਣ, ਕਿਸਾਨ-ਪੱਖੀ ਕਰਜ਼ਾ ਕਾਨੂੰਨ ਬਣਾਉਣ, ਜ਼ਮੀਨਾਂ ਦੀਆਂ ਕੁਰਕੀਆਂ ਰੋਕਣ, ਸੂਦਖੋਰਾਂ ਲਈ ਪਾਸਬੁੱਕਾਂ ਲਾਜ਼ਮੀ ਕਰਨ ਅਤੇ ਕਿਸਾਨ ਕਰਜ਼ੇ ਦਾ ਭਾਰ ਓਟਣ ਵਰਗੇ ਹਰ ਮੁੱਦੇ 'ਤੇ ਸਰਕਾਰਾਂ ਦੀ ਕਾਰਗੁਜ਼ਾਰੀ ਨਿੱਘਰੀ ਹੋਈ ਹੈ।ਪਰ ਇਸ ਤੋਂ ਵੀ ਵੱਧ ਅਹਿਮ ਗੱਲ ਇਹ ਹੈ ਕਿ ਰਾਜਭਾਗ ਦਾ ਰੁਖ ਰਵੱਈਆ ਸੂਦਖੋਰ ਜੋਕਾਂ ਨਾਲ ਵਿਸ਼ੇਸ਼ ਹੇਜ ਅਤੇ ਕਿਸਾਨ ਖੇਤ ਮਜ਼ਦੂਰ ਜਨਤਾ ਨਾਲ ਦੁਸ਼ਮਣੀ ਦੇ ਰਿਸ਼ਤੇ 'ਚ ਰੰਗਿਆ ਹੋਇਆ ਹੈ।ਖੁਦਕਸ਼ੀ ਪੀੜਤਾਂ ਲਈ ਮੁਆਵਜ਼ੇ ਵਰਗੀਆਂ ਅੰਸ਼ਕ ਰਾਹਤ  ਮੰਗਾਂ ਤੋਂ ਅੱਗੇ, ਕਿਸਾਨਾਂ ਵੱਲੋਂ ਸੂਦਖੋਰ ਲੁੱਟ ਨੂੰ ਕੋਈ ਵੀ ਗੰਭੀਰ ਚਣੌਤੀ ਉਨ੍ਹਾਂ ਦੀ ਬਰਦਾਸ਼ਤ ਤੋਂ ਬਾਹਰ ਹੈ।ਪੰਜਾਬ ਦੇ ਕਿਸਾਨ ਸੰਘਰਸ਼ਾਂ ਨੇ ਵਾਰ ਵਾਰ ਵੱਡੇ ਭੋਂ-ਮਾਲਕਾਂ ਅਤੇ ਸੂਦਖੋਰਾਂ ਵਰਗੀਆਂ ਪਰਜੀਵੀ ਜੋਕਾਂ ਦੇ ਰਖਵਾਲੇ ਜ਼ਾਲਮ ਰਾਜ ਦੇ ਕਸਾਈ ਵਾਰ ਹੰਢਾਏ ਹਨ।ਇਹ ਉਹੀ ਜੋਕਾਂ ਹਨ ਜਿਹੜੀਆਂ ਲੁੱਟ ਦੇ ਨਪੀੜੇ ਕਿਸਾਨਾਂ ਨੂੰ ਕਰਜ਼ੇ ਦੀ ਫਾਹੀ 'ਤੇ ਲਟਕਾ ਕੇ, ਖੁਦਕਸ਼ੀਆਂ ਵੱਲ ਧੱਕਦੀਆਂ ਹਨ।ਮੌਤ ਦੇ ਇਨ੍ਹਾਂ ਸੌਦਾਗਰਾਂ ਖਿਲਾਫ਼ ਸੰਘਰਸ਼ ਦਾ ਕਿਸਾਨਾਂ ਦਾ ਤਜਰਬਾ ਜਮਾਤੀ ਨਫਰਤ ਦੀ ਵਿਹੁ  ਨਾਲ ਭਰੇ ਬਦਲਾਖੋਰ ਕਪਟੀ ਦੁਸ਼ਮਣਾਂ ਨਾਲ ਸ਼ੰਘਰਸ਼ ਦਾ ਤਜ਼ਰਬਾ ਹੈ। ਬੀਤੀ ਸਦੀ ਦੇ ਅਖੀਰ 'ਚ ਪੰਜਾਬ ਦੇ ਕਿਸਾਨ ਸੰਘਰਸ਼ਾਂ 'ਚ ਸੂਦਖੋਰ ਲੁੱਟ ਖਿਲਾਫ ਮੁੱਦਿਆਂ ਦੇ ਸੁਚੇਤ ਦਾਖਲੇ ਅਤੇ ਪੈਰਵੀ ਦੀ ਸ਼ੁਰੂਆਤ ਨਾਲ ਹੀ ਸੂਦਖੋਰ ਜਮਾਤ ਅਤੇ ਰਾਜਭਾਗ ਦੇ ਪ੍ਰਤੀਕਰਮ ਦੀਆਂ ਝਲਕਾਂ ਮਿਲਣ ਲੱਗ ਪਈਆਂ ਸਨ।ਸੁਰਖ ਰੇਖਾ ਦੇ ਕਾਲਮਾਂ 'ਚ ਅਸੀਂ ਇਹ ਚਰਚਾ ਪਹਿਲਾਂ ਵੀ ਕਰਦੇ ਰਹੇ ਹਾਂ ਕਿ ਜੇਠੂਕੇ ਫਾਇਰਿੰਗ ਦੇ ਪਿਛੋਕੜ 'ਚ ਕਰਜ਼ੇ ਦੇ ਮਸਲੇ 'ਤੇ ਇਲਾਕੇ 'ਚ ਖਾੜਕੂ ਕਿਸਾਨ ਲਾਮਬੰਦੀ ਦਾ ਤਹਿਕਾ ਅਤੇ ਇਸਨੂੰ ਸ਼ੁਰੂ 'ਚ ਹੀ ਨੱਪ ਦੇਣ ਦਾ ਇਰਾਦਾ ਕੰਮ ਕਰਦਾ ਸੀ।ਮਗਰੋਂ ਜਿਉਂ ਜਿਉਂ ਕਰਜ਼ੇ ਦੇ ਮਸਲੇ 'ਤੇ ਕਿਸਾਨ ਘੋਲ ਮੋਰਚੇ ਭਖਦੇ ਗਏ, ਰਾਜਭਾਗ ਅਤੇ ਸੂਦਖੋਰ ਜਮਾਤ ਦਾ ਗੱਠਜੋੜ ਆਪਣੀ ਜਮਾਤੀ ਵਿਹੁ ਦੀ ਕਸਾਈ ਨੁਮਾਇਸ਼ ਲਾਉਂਦਾ ਗਿਆ।ਰਾਮਪੁਰਾ, ਮੌੜ, ਮਾਨਸਾ, ਚੱਠੇਵਾਲਾ, ਮਾਈਸਰਖਾਨਾ, ਤਪਾ ਅਤੇ ਹੋਰਨਾਂ ਥਾਵਾਂ ਦੇ ਤਜ਼ਰਬੇ ਨੇ ਇਸ ਗੱਠਜੋੜ ਖਿਲਾਫ ਅਸਰਦਾਰ ਘੋਲ ਦੀਆਂ ਲੋੜਾਂ ਨੂੰ ਉਘਾੜਿਆ।ਇਹ ਸਾਹਮਣੇ ਆਇਆ ਕਿ ਸੂਦਖੋਰ ਜਮਾਤ ਕਿਸਾਨਾਂ ਖਿਲਾਫ਼ ਮੋੜਵੇਂ ਜਥੇਬੰਦ ਹਮਲੇ 'ਤੇ ਉੱਤਰਦੀ ਹੈ।ਮੁਕਾਬਲੇ ਦੀ ਲਾਮਬੰਦੀ ਕਰਦੀ ਹੈ। ਲੱਠਮਾਰ ਤਾਕਤ ਦੀ ਨੁਮਾਇਸ਼ ਲਾਉਂਦੀ ਹੈ।ਕੂੜ ਪਰਚਾਰ ਦਾ ਹੱਲਾ ਬੋਲਦੀ ਹੈ।ਪਿੰਡ-ਸ਼ਹਿਰ ਦਾ ਸਵਾਲ ਖੜ੍ਹਾ ਕਰਦੀ ਹੈ।ਫਾਸ਼ੀ ਹਮਲਿਆਂ ਦੀਆਂ ਗੋਂਦਾਂ ਅਤੇ ਕਾਰਵਾਈਆਂ 'ਤੇ ਉੱਤਰਦੀ ਹੈ।ਵੱਡੀਆਂ ਜੋਕਾਂ ਦੀਆਂ ਪਾਰਟੀਆਂ ਇਸ ਜਮਾਤ 'ਚ ਆਪਣੇ ਸਿਆਸੀ ਅਧਾਰ ਨੂੰ ਵਿਸ਼ੇਸ਼ ਮਹੱਤਵ ਦਿੰਦੀਆਂ ਹਨ। ਇਸ ਨਾਲ ਬਣਾਕੇ ਰੱਖਣ ਦੀਆਂ ਲੋੜਾਂ ਨੂੰ ਮੂਹਰੇ ਰੱਖਦੀਆਂ ਹਨ।ਕੁਰਸੀ ਤੇ ਹੁੰਦਿਆਂ ਇਸ ਖਾਤਰ ਖੂਨੀ ਰਾਜ ਮਸ਼ੀਨਰੀ ਝੋਕਦੀਆਂ ਹਨ।ਜੂਝਦੇ ਲੋਕਾਂ 'ਤੇ ਬਦਲਾਖੋਰੀ ਨਾਲ ਝਪਟਦੀਆਂ ਹਨ।ਹਕੂਮਤ ਤੋਂ ਬਾਹਰ ਹੋਣ ਦੀ ਹਾਲਤ 'ਚ ਵੀ ਵਾਹ ਲਗਦੀ ਸੂਦਖੋਰ ਜਮਾਤ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ।ਅਸੀਂ ਇਸ ਹਾਲਤ ਨੂੰ ਗਹੁ ਨਾਲ ਵਾਚਦੇ-ਅੰਗਦੇ ਰਹੇ ਹਾਂ ਅਤੇ ਆਪਣੀਆਂ ਨਿਰਖਾਂ ਅਤੇ ਸਰੋਕਾਰ ਸੁਰਖ ਰੇਖਾ ਦੇ ਕਾਲਮਾਂ ਰਾਹੀਂ ਸਾਂਝੇ ਕਰਦੇ ਰਹੇ ਹਾਂ।ਚੱਠੇਵਾਲਾ ਸੰਘਰਸ਼ ਵੇਲੇ ਅਤੇ ਮਗਰੋਂ ਇਸ ਗੰਭੀਰ ਮਸਲੇ ਬਾਰੇ ਸਾਡੇ ਵੱਲੋਂ ਸੁਰਖ ਰੇਖਾ 'ਚ ਕੀਤੀਆਂ ਕੁਝ ਟਿੱਪਣੀਆਂ ਦੇ ਅੰਸ਼ ਅਸੀਂ ਅਗਲੇ ਪੰਨਿਆਂ 'ਤੇ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
v  
ਫਾਸ਼ੀ ਵਾਰਾਂ ਦੀ ਸਿਰ ਚੁੱਕ ਰਹੀ ਚੁਣੌਤੀ
ਸੂਦਖੋਰ ਲੁੱਟ ਖਿਲਾਫ ਚੱਠੇਵਾਲਾ ਕਿਸਾਨ ਸੰਘਰਸ਼ ਦੌਰਾਨ ਕਿਸਾਨ ਦੁਸ਼ਮਣ ਤਾਕਤਾਂ ਦੇ ਖਤਰਨਾਕ ਇਰਾਦੇ ਪ੍ਰਗਟ ਹੋਏ ਹਨ। ਸੂਦਖੋਰਾਂ ਅਤੇ ਪੁਲਸ ਦੇ ਗੱਠਜੋੜ ਵੱਲੋਂ ਹਰਮਨ ਪਿਆਰੇ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ ਕਾਲੇ ਮਨਸੂਬੇ ਨਸ਼ਰ ਹੋਏ ਹਨ। ਭਾਰਤੀ ਕਿਸਾਨ ਯੂਨੀਅਨ (ਏਕਤਾ) ਦੇ ਸੂਤਰਾਂ ਅਨੁਸਾਰ ਰਾਮਾਂ ਮੰਡੀ ਦੀ ਸੂਦਖੋਰ ਜੁੰਡੀ ਵੱਲੋਂ ਸ੍ਰੀ ਝੰਡਾ ਸਿੰਘ ਜੇਠੂਕੇ ਨੂੰ ਨਿਸ਼ਾਨਾ ਬਣਾਉਣ ਲਈ ਪੇਸ਼ਾਵਰ ਕਾਤਲ ਗਰੋਹਾਂ ਦੀਆਂ ਸੇਵਾਵਾਂ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਰਾਮਾ ਮੰਡੀ ਦੀ  ਜਿਸ ਸੂਦਖੋਰ ਫਰਮ ਖਿਲਾਫ ਚੱਠੇਵਾਲਾ ਵਿਚ ਕੁਰਕੀ ਦੇ ਮਸਲੇ 'ਤੇ ਸੰਘਰਸ਼ ਚੱਲਿਆ ਹੈ, ਉਸ ਵੱਲੋਂ ਡੀ.ਆਈ.ਜੀ. ਰੈਂਕ ਦੇ ਇੱਕ ਉੱਚ ਪੁਲਸ ਅਧਿਕਾਰੀ ਨਾਲ ਆਪਣੇ ਨੇੜਲੇ ਸੰਬੰਧਾਂ ਦੀ ਅਤੇ ਉੱਚ ਅਫਸਰਾਂ ਵੱਲੋਂ ਬਣਾਏ ਦਰਜਨਾਂ ਝੂਠੇ ਪੁਲਸ ਮੁਕਾਬਲਿਆਂ ਦੀ ਹੁੱਬ ਕੇ ਡੌਂਡੀ ਪਿੱਟੀ ਜਾਂਦੀ ਰਹੀ ਹੈ। ਰੱਲਾ ਵਿਚ ਸ੍ਰੀ ਜੇਠੂਕੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਜਿਸਮਾਨੀ ਤੌਰ 'ਤੇ ਨਕਾਰਾ ਕਰਨ ਦੇ ਮਨਸੂਬੇ ਨਾਲ ਕੀਤੀ ਗਈ ਸੀ। ਮਗਰੋਂ ਜਿਵੇਂ ਪੁਲਸ ਨੇ ਬਿਰਧ ਕਿਸਾਨਾਂ 'ਤੇ ਕਹਿਰ ਢਾਹਿਆ ਹੈ ਅਤੇ ਲੱਤਾਂ ਬਾਹਾਂ ਤੋੜੀਆਂ ਹਨ, ਇਸ ਵਿਚ ਝੰਡਾ ਸਿੰਘ ਜੇਠੂਕੇ ਨੂੰ ਅਗਵਾ ਕਰਨ ਵਿਚ ਹੋਈ ਨਾਕਾਮੀ ਦਾ ਗੁੱਸਾ ਵੀ ਰਲਿਆ ਹੋਇਆ ਸੀ।
     ਇਸ ਗੰਭੀਰ ਚੁਣੌਤੀ ਨਾਲ ਜੁੜੇ ਹੋਏ ਕੁੱਝ ਪੱਖ ਧਿਆਨ ਦੀ ਮੰਗ ਕਰਦੇ ਹਨ। ਪਿਛਲੇ ਅਰਸੇ ਤੋਂ ਕਿਸਾਨ ਸੰਘਰਸ਼ ਖਿਲਾਫ ਸੂਦਖੋਰ ਜਮਾਤ ਦਾ ਪ੍ਰਤੀਕਰਮ ਮੋੜਵੀਆਂ ਸਮੂਹਕ ਜਮਾਤੀ ਮੁਹਿੰਮਾਂ ਦੀ ਸ਼ਕਲ ਵਿਚ ਸਾਹਮਣੇ ਆ ਰਿਹਾ ਹੈ। ਜ਼ੋਰਦਾਰ ਪ੍ਰਚਾਰ ਹੱਲਾ, ਮੁਕਾਬਲੇ ਦੀ ਲਾਮਬੰਦੀ ਅਤੇ ਲੱਠਮਾਰ ਸ਼ਕਤੀ ਨੂੰ ਸਰਗਰਮ ਕਰਨਾ ਇਸ ਪ੍ਰਤੀਕਰਮ ਦਾ ਜ਼ਰੂਰੀ ਹਿੱਸਾ ਬਣ ਰਿਹਾ ਹੈ।
ਚੱਠੇਵਾਲਾ ਘਟਨਾਕਰਮ ਤੋਂ ਬਾਅਦ ਹਕੂਮਤ ਨੇ ਵੀ ਕਿਸਾਨ ਸੰਘਰਸ਼ ਤੋਂ ਅਮਨ-ਕਾਨੂੰਨ ਨੂੰ ਖਤਰੇ ਅਤੇ ਕਿਸਾਨ ਜਥੇਬੰਦੀ ਦੇ ਆਂਧਰਾ ਦੇ ''ਦਹਿਸ਼ਤਗਰਦਾਂ'' ਨਾਲ ਸੰਬੰਧਤ ਹੋਣ ਦੀ ਸੁਰ ਅਲਾਪੀ ਹੈ। ਇਸ ਤੋਂ ਪਹਿਲਾਂ ਪਾਰਲੀਮਾਨੀ ਚੋਣਾਂ ਦੌਰਾਨ, ਮੀਨੀਆਂ ਵਿਚ ਇੱਕ ਸਾਬਕਾ ਕਾਂਗਰਸ ਮੰਤਰੀ ਨੇ ਸ਼ਰੇਆਮ ਸਟੇਜ ਤੋਂ ਸੱਦਾ ਦੇ ਕੇ ਕਿਸਾਨ ਕਾਰਕੁੰਨਾਂ 'ਤੇ ਲੱਠਮਾਰ ਹਮਲਾ ਕਰਵਾਇਆ ਗਿਆ ਸੀ ਅਤੇ ਭਾਈ ਬਖਤੌਰ ਦੀਆਂ ਘਟਨਾਵਾਂ ਸਮੇਂ ਯੂਨੀਅਨ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਲੱਤ ਗਿਣ ਮਿਥ ਕੇ ਤੋੜੀ ਗਈ ਸੀ।
ਕਿਸਾਨ ਸ਼ਕਤੀ ਖਿਲਾਫ ਸਰਕਾਰੀ ਅਤੇ ਗੈਰ ਸਰਕਾਰੀ ਜਥੇਬੰਦ ਹਿੰਸਾ ਦੀ ਵਰਤੋਂ ਦੇ ਪੱਖ ਦੇ ਨਾਲ ਨਾਲ, ਮੋੜਵੀਂ ਲਾਮਬੰਦੀ ਅਤੇ ਕੂੜ ਪ੍ਰਚਾਰ ਮੁਹਿੰਮਾਂ ਦਾ ਪੱਖ, ਇਹ ਜ਼ਾਹਰ ਕਰਦਾ ਹੈ ਕਿ ਹਾਕਮ ਜਮਾਤਾਂ ਕਿਸਾਨ ਜਨਤਾ ਦੀ ਬੇਚੈਨੀ ਤੋਂ ਤ੍ਰਭਕੀਆਂ ਹੋਈਆਂ ਹਨ। ਵਿਸ਼ੇਸ਼ ਕਰਕੇ ਇਸਦੇ ਜਥੇਬੰਦ ਸੰਘਰਸ਼ ਦੀ ਸ਼ਕਲ ਅਖਤਿਆਰ ਕਰਨ ਤੋਂ ਤ੍ਰਭਕਦੀਆਂ ਹੋਈਆਂ ਹਨ ਅਤੇ ਪਿਛਾਖੜੀ ਹਿੰਸਕ ਫਾਸ਼ੀ ਤੌਰ ਤਰੀਕਿਆਂ ਨੂੰ ਅਜ਼ਮਾਉਣ ਵੱਲ ਕਦਮ ਵਧਾ ਰਹੀਆਂ ਹਨ। ਕਿਸਾਨ ਜਥੇਬੰਦੀ, ਸੰਘਰਸ਼ਾਂ ਅਤੇ ਆਗੂਆਂ ਨੂੰ ਕੂੜ ਪ੍ਰਚਾਰ ਰਾਹੀਂ ਬੱਦੂ ਕਰਨ ਦੇ ਯਤਨ ਇਹਨਾਂ ਤੌਰ ਤਰੀਕਿਆਂ ਦਾ ਅਨਿੱਖੜਵਾਂ ਜ਼ਰੂਰੀ ਅੰਗ ਹਨ।
ਨਵੰਬਰ ਦਸੰਬਰ 2004
v  
ਕੁਝ ਨਿਰਖਾਂ - ਕੁਝ ਸਬਕ
ਚੱਠੇਵਾਲਾ ਘਟਨਾਕਰਮ ਦਾ ਗਹੁ ਕਰਨਯੋਗ ਪਹਿਲੂ ਇਹ ਹੈ ਕਿ ਨਿੱਜੀ ਸੂਦਖੋਰਾਂ ਵੱਲੋਂ, ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਨੂੰ ਦਿੱਤੀ ਗਈ ਜਥੇਬੰਦ ਚੁਣੌਤੀ ਨੇ ਰਾਜ ਭਾਗ ਦੀ ਤਿੱਖੀ ਪ੍ਰਤੀਕਿਰਿਆ ਜਗਾਈ ਹੈ। ਬੈਂਕ ਕੁਰਕੀਆਂ ਦੇ ਵਿਰੋਧ ਨਾਲ ਨਜਿੱਠਣ ਦੇ ਮੁਕਾਬਲੇ ਕਿਤੇ ਵੱਧ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਸੂਦਖੋਰ ਜਮਾਤ ਨੇ ਰਾਜ ਮਸ਼ੀਨਰੀ ਦੀ ਸਰਗਰਮ ਸਹਾਇਤਾ ਨਾਲ ਜਥੇਬੰਦ ਹਮਲਾਵਰ ਰੁਖ ਅਖਤਿਆਰ ਕੀਤਾ ਹੈ। ਅਦਾਲਤੀ ਹੁਕਮਾਂ ਨਾਲ ਲੈਸ ਹੋ ਕੇ, ਕੁਰਕੀ ਦੇ ਮਨਸੂਬੇ ਨੂੰ ਸਿਰੇ ਚੜਾਉਣ ਲਈ ਵੱਡੇ ਪੱਧਰ 'ਤੇ ਪੁਲਸ ਤਾਕਤ ਝੋਕੀ ਗਈ ਹੈ। ਉੱਚ ਪੁਲਸ ਅਧਿਕਾਰੀਆਂ ਦੇ ਪੱਧਰ ਤੇ ਯਰਕਾਊ ਅਤੇ ਦਹਿਸ਼ਤਪਾਊ ਕਦਮਾਂ ਦਾ ਸਿਲਸਿਲਾ ਵਿਉਂਤਿਆ ਅਤੇ ਚਲਾਇਆ ਗਿਆ ਹੈ। ਇਉਂ ਸੂਦਖੋਰ ਜਮਾਤ ਦੇ ਹਿੱਤਾਂ ਦੀ ਰਾਖੀ ਪ੍ਰਤੀ ਰਾਜ ਭਾਗ ਦੀ ਬਚਨਵੱਧਤਾ ਦੀ ਵੱਡੇ ਪੱਧਰ 'ਤੇ ਖੁੱਲੀ ਅਮਲੀ ਨੁਮਾਇਸ਼ ਲਾਈ ਗਈ ਹੈ। ਇਹ ਜ਼ਾਹਰ ਕੀਤਾ ਗਿਆ ਹੈ ਕਿ ਸੂਦਖੋਰ ਜਮਾਤ ਦੇ ਹਿੱਤਾਂ ਲਈ ਕਿਸੇ ਚੁਣੌਤੀ ਨੂੰ ਹਕੂਮਤ ਬਰਦਾਸ਼ਤ ਨਹੀਂ ਕਰੇਗੀ। ਦੂਜੇ ਪਾਸੇ ਕਿਸਾਨ ਜਨਤਾ ਨੇ ਸੂਦਖੋਰੀ ਲੁੱਟ ਖਿਲਾਫ ਆਪਣੀ ਨਫ਼ਰਤ ਅਤੇ ਰੋਹ ਦਾ ਜ਼ੋਰਦਾਰ ਪ੍ਰਗਟਾਵਾ ਕੀਤਾ ਹੈ। ਹਜ਼ਾਰਾਂ ਕਿਸਾਨ ਦਹਿਸ਼ਤਪਾਊ ਹਕੂਮਤੀ ਕਦਮਾਂ ਦਾ ਮੂੰਹ ਚਿੜਾ ਕੇ ਅਤੇ ਪੁਲਸ ਰੋਕਾਂ ਉਲੰਘ ਕੇ ਪਿੰਡ ਚੱਠੇਵਾਲਾ ਵਿਚ ਪੁੱਜੇ ਹਨ। ਜੁਝਾਰ ਨਾਬਰ ਰੌਂਅ ਦਾ ਪ੍ਰਗਟਾਵਾ ਹੋਇਆ ਹੈ। ਜਬਰੀ ਕੁਰਕੀ ਦੀ ਕੋਸ਼ਿਸ਼ ਨੂੰ ਕਿਸਾਨ ਜਨਤਾ ਦੀ ਜਥੇਬੰਦ ਟਾਕਰਾ ਸ਼ਕਤੀ ਦਾ ਸਾਹਮਣਾ ਕਰਨਾ ਪਿਆ ਹੈ। ਰਾਜ ਭਾਗ ਦੀ ਖੂਨੀ ਤਾਕਤ ਦੇ ਜ਼ੋਰ, ਇਸ ਟਾਕਰਾ ਸ਼ਕਤੀ 'ਤੇ ਝਪਟ ਪੈਣ ਤੋਂ ਹਾਕਮਾਂ ਨੂੰ ਪ੍ਰਹੇਜ਼ ਕਰਨਾ ਪਿਆ ਹੈ।. . . . .
ਤਾਂ ਵੀ ਇਸ ਤਜ਼ਰਬੇ ਵਿਚੋਂ ਕੁੱਝ ਗਹੁ ਕਰਨਯੋਗ ਸਬਕ ਉੱਭਰਦੇ ਹਨ। ਸੂਦਖੋਰ ਜਮਾਤ ਖਿਲਾਫ ਸੰਘਰਸ਼ ਮੁਕਾਬਲਤਨ ਗੁੰਝਲਦਾਰ ਅਤੇ ਕਠਿਨ ਸੰਘਰਸ਼ ਹੈ। ਸਰਕਾਰ ਖਿਲਾਫ ਸੰਘਰਸ਼ ਮੁੱਦਿਆਂ ਦੇ ਮੁਕਾਬਲੇ, ਅਜਿਹੇ ਸੰਘਰਸ਼ਾਂ ਦੌਰਾਨ ਹਕੂਮਤ ਨੂੰ, ਸੂਦਖੋਰ ਜਮਾਤ ਦੇ ਕਿਤੇ ਵੱਧ ਜ਼ੋਰਦਾਰ ਜਥੇਬੰਦ ਜਮਾਤੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹਨਾਂ ਦੀ ਖਰੀ ਨੁਮਾਇੰਦਾ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਅਜਿਹੀ ਹਾਲਤ ਵਿਚ ਹਕੂਮਤੀ ਵਾਰਾਂ ਨੂੰ ਪਛਾੜ ਕੇ ਪ੍ਰਾਪਤੀਆਂ ਕਰਨ ਲਈ ਕਿਸਾਨ ਜਨਤਾ ਦੀ ਮੁਕਾਬਲਤਨ ਵਧੇਰੇ ਬਲਵਾਨ ਜਥੇਬੰਦ ਟਾਕਰਾ ਸ਼ਕਤੀ ਲੋੜੀਂਦੀ ਹੈ, ਜਿਹੜੀ ਤਿੱਖੇ ਹਮਲਿਆਂ ਦੀ ਲੜੀ ਨੂੰ ਠੱਲਸਕਣ ਅਤੇ ਪਛਾੜ ਸਕਣ ਦੀ ਸਮਰੱਥਾ ਰੱਖਦੀ ਹੋਵੇ। ਇਹ ਲੋੜ ਯੂਨੀਅਨਾਂ ਦੇ ਪ੍ਰਭਾਵ ਘੇਰੇ ਦੇ ਪਸਾਰੇ ਨੂੰ ਠੋਸ ਜਥੇਬੰਦ ਤਾਕਤ ਵਿਚ ਢਾਲਣ ਲਈ ਵਿਸ਼ੇਸ਼ ਉਪਰਾਲੇ ਜੁਟਾਉਣ ਦੀ ਮੰਗ ਕਰਦੀ ਹੈ। ਕਸੂਤੀਆਂ ਜਾਬਰ ਹਾਲਤਾਂ ਵਿਚ ਘੋਲਾਂ ਦੀ ਸਫਲ ਅਗਵਾਈ ਦੇ ਸਮਰੱਥ ਆਗੂ ਟੋਲੀਆਂ ਦੀ ਗਿਣਤੀ ਅਤੇ ਗੁਣਾਂ ਵਿਚ ਵਾਧੇ ਲਈ ਵਿਸ਼ੇਸ਼ ਯਤਨ ਜੁਟਾਉਣ ਦੀ ਮੰਗ ਕਰਦੀ ਹੈ।
ਨਵੰਬਰ ਦਸੰਬਰ 2004
v  
ਸੂਦਖੋਰ ਜਮਾਤ ਦੀ ਹਿੰਸਕ ਬਿਰਤੀ ਚੁਣੌਤੀ ਕਬੂਲ ਕਰਨ ਦੀ ਲੋੜ
.... ਸੂਦਖੋਰ ਵਰਗ, ਹਾਕਮ ਵਰਗ ਅਤੇ ਹਕੂਮਤੀ ਅਮਲੇ ਫੈਲੇ ਦਾ ਐਨਾ ਜ਼ਿਆਦਾ ਭੜਕਿਆ ਅਤੇ ਤ੍ਰਭਕਿਆ ਹੋਇਆ ਵਿਹਾਰ ਸਾਹਮਣੇ ਆਉਣ ਦੀ ਵਜਾਹ ਕੀ ਹੈ?
ਇਸ ਦੀ ਠੋਸ ਵਜਾਹ ਸੂਦਖੋਰ ਵਰਗ ਦੀ ਇਸ ਧਾਰਨਾ ਵਿਚ ਪਈ ਹੈ ਕਿ ਜੇਕਰ ਸੰਕਟ ਦੀ ਪਿੰਜੀ ਹੋਈ ਕਿਸਾਨੀ ਦੀ ਸਭ ਤੋਂ ਹੇਠਲੀ ਪਰਤ, ਉਹਨਾਂ ਦੀ ਜਾਗੀਰੂ ਦਬਸ਼ ਅਤੇ ਝੇਪ ਨੂੰ ਚੁੱਕਣ ਦੀ ਜੁਰਅਤ ਕਰਨ ਲੱਗ ਪਈ ਤਾਂ ਬਗਾਵਤ ਭੜਕੀ ਕਿ ਭੜਕੀ ਸਮਝੋ। ਕਿਉਂਕਿ ਜਿੰਨੀ ਲੁੱਟ ਡੇਢ, ਦੋ ਜਾਂ ਤਿੰਨ ਰੁਪਏ ਸੈਂਕੜਾ ਸੂਦ ਦੇ ਪ੍ਰਚੱਲਤ ਅਤੇ ਪ੍ਰਵਾਨਤ ਤਰੀਕੇ ਰਾਹੀਂ ਹੁੰਦੀ ਹੈ, ਉਸ ਤੋਂ ਕਈ ਗੁਣਾਂ ਵੱਧ ਲੁੱਟ ਜਾਗੀਰੂ ਦਬਸ਼, ਝੇਪ, ਮੁਥਾਜਗੀ ਅਤੇ ਦੁਸ਼ਮਣੀ ਵਾਲੇ ਰਿਸ਼ਤੇ ਬਾਰੇ ਕਿਸਾਨਾਂ ਦੀ ਅਣਜਾਣਤਾ ਸਦਕਾ ਹੁੰਦੀ ਹੈ।
ਅੱਜ ਦੀ ਹਾਲਤ ਵਿਚ ਗਰੀਬ ਅਤੇ ਦਰਮਿਆਨੀ ਕਿਸਾਨੀ, ਇੱਕ ਤਰਾਂ ਨਾਲ ਸੂਦਖੋਰੀ ਲਈ ਬੰਧਕ-ਸਾਮੀ ਬਣੀ ਹੋਈ ਹੈ। ਕਿਉਂਕਿ ਕਿਸਾਨੀ ਦੇ ਪੱਲੇ ਪੈਣ ਵਾਲਾ ਖੇਤੀ ਮੁਨਾਫਾ, ਖੇਤੀ ਲਾਗਤ ਵਸਤਾਂ ਪੈਦਾ ਕਰਨ ਵਾਲੀਆਂ ਅਤੇ ਇਸਦਾ ਵਪਾਰ ਕਰਨ ਵਾਲੀਆਂ, ਦੇਸੀ ਅਤੇ ਵਿਦੇਸ਼ੀ ਕੰਪਨੀਆਂ ਦੇ ਅੰਨੇ ਮੁਨਾਫ਼ੇ ਵਿਚ ਵਟ ਜਾਂਦਾ ਹੈ। ਜਾਂ ਆੜਤੀਆਂ ਦੀ ਪਰਚੀ 'ਤੇ ਦੋਮ ਦਰਜੇ ਦਾ ਮਿਲਾਵਟੀ ਮਾਲ ਚੁਕਾਉਣ ਵਾਲੀਆਂ ਬੇਨਾਮੀ ਕੰਪਨੀਆਂ ਦੇ ਅੰਨੇ ਮੁਨਾਫ਼ੇ ਵਿਚ ਵਟ ਜਾਂਦਾ ਹੈ। ਬਾਕੀ ਦਾ ਸੂਦਖੋਰਾਂ ਦੇ ਖਾਤੇ ਵਿਚ ਜਮਾਂ ਹੋ ਜਾਂਦਾ ਹੈ। ਸਿੱਟੇ ਵਜੋਂ ਘਰੇਲੂ ਖਰਚਾ ਤੋਰਨ ਲਈ, ਅਗਲੀ ਫਸਲ ਬੀਜਣ ਅਤੇ ਸਿਰੇ ਲਾਉਣ ਲਈ, ਠੇਕੇ 'ਤੇ ਲਈ ਜ਼ਮੀਨ ਦਾ ਪੇਸ਼ਗੀ ਠੇਕਾ ਦੇਣ ਲਈ, ਕੋਈ ਬੱਚਤ ਨਹੀਂ ਬਚਦੀ। ਕੋਈ ਨਕਦੀ ਹੱਥ ਨਹੀਂ ਹੁੰਦੀ। ਸਗੋਂ ਕਿਸਾਨ ਦੇ ਉਧਾਰ-ਖਾਤੇ ਦਾ ਬੋਝ ਵਧ ਜਾਂਦਾ ਹੈ। ਨਕਦੀ ਦੀ ਇਸ ਤੋਟ ਨੂੰ ਪੂਰਾ ਕਰਨ ਦੇ ਸਰਕਾਰੀ ਯਤਨਾਂ ਦੇ ਨਾਂ ਹੇਠ ਬਣਾਈਆਂ ਕੋਆਪਰੇਟਿਵ ਸੁਸਾਇਟੀਆਂ ਅਤੇ ਖੇਤੀ ਬੈਂਕਾਂ ਆਦਿ ਦਾ ''ਤੋਟ ਪੂਰੀ ਕਰਨ ਦਾ''' ਕੋਈ ਇਰਾਦਾ ਨਹੀਂ ਹੁੰਦਾ। ਨਾ ਸਰਕਾਰੀ ਬੱਜਟਾਂ ਵਿਚੋਂ ਅਜਿਹਾ ਕੋਈ ਧਨ ਇਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਹੈ। ਇਥੋਂ ਮਿਲਦੀ ਹੈ ਕਿਸਾਨਾਂ ਨੂੰ ਚੂਨ-ਭੂਨ। ਉਹ ਵੀ ਬੈਂਕਾਂ ਦੇ ਦਲਾਲਾਂ ਜਾਂ ਸੂਦਖੋਰਾਂ ਨੂੰ ਚੰਗੀ ਚੁੰਗ ਦੇਣ ਬਾਅਦ। ਨਕਦੀ ਦੀ ਇਸ ਤੋਟ ਨੂੰ ਪੂਰਾ ਕਰਨ ਲਈ ਪਰਿਵਾਰ ਦੇ ਕੁਝ ਜੀਆਂ ਲਈ ਬਦਲਵੇਂ ਰੁਜ਼ਗਾਰ ਦੇ ਸੋਮੇ ਵੀ ਸੁੱਕ ਚੁੱਕੇ ਹਨ। ਜਿਹਨਾਂ ਨੂੰ ਦੂਰ-ਦੁਰਾਡੇ ਮਿਹਨਤ, ਮਜ਼ਦੂਰੀ, ਮੁਲਾਜ਼ਮਤ ਜਾਂ ਛੋਟੇ ਕਾਰੋਬਾਰ ਵਿਚ ਕੋਈ ਥਾਂ ਮਿਲੀ ਹੋਈ ਸੀ, ਉਹ ਵੀ ਉਥੋਂ ਤੋਰੇ ਜਾ ਰਹੇ ਹਨ। ਲੈ ਦੇ ਕੇ ਸਾਰੇ ਪਰਿਵਾਰ ਦਾ, ਗਰੀਬ ਕਿਸਾਨੀ ਦੀ ਸਾਰੀ ਆਬਾਦੀ ਦਾ ਸਾਰਾ ਭਾਰ ਖੇਤੀ 'ਤੇ ਆ ਪੈਂਦਾ ਹੈ। ਇਉਂ ਕਿਸਾਨੀ, ਖੇਤੀ ਕਿੱਤੇ ਨਾਲ, ਹਾਸਲ ਜ਼ਮੀਨ ਦੇ ਟੋਟੇ ਨਾਲ ਅਤੇ ਲੁੱਟ ਦੇ ਸਥਾਪਤ ਵਿਹਾਰ ਨਾਲ ਨੂੜੀ ਪਈ ਹੈ। ਇਸਦੇ, ਇਸ ਕਿੱਤੇ ਵਿਚੋਂ ਨਿਕਲਣ ਦੇ, ਇਸ ਨੂੰ ਮੁਨਾਫ਼ਾਬਖਸ਼ ਬਣਾਉਣ ਦੇ, ਸਾਰੇ ਰਸਤੇ ਬੰਦ ਕੀਤੇ ਜਾ ਚੁੱਕੇ ਹਨ। ਗਿਣ-ਮਿਥ ਕੇ ਬੰਦ ਕੀਤੇ ਜਾ ਚੁੱਕੇ ਹਨ। ਸਰਕਾਰੀ ਨੀਤੀਆਂ ਦੇ ਸਿੱਟੇ ਵਜੋਂ ਕੀਤੇ ਜਾ ਚੁੱਕੇ ਹਨ। ਇਸ ਹਾਲਤ ਵਿਚ ਕਿਸਾਨੀ ਦੀ ਇਹ ਪਰਤ ਸੂਦਖੋਰ ਦੀ ਬੰਧਕ ਸਾਮੀ ਬਣ ਜਾਂਦੀ ਹੈ। ਸੂਦਖੋਰ ਦੀ ਮੁਥਾਜ ਤੇ ਬੇਵਸ ਹੋ ਜਾਂਦੀ ਹੈ। ਇਸੇ ਜ਼ੋਰ ਸਦਕਾ ਸੂਦਖੋਰ ਨੰਗੇ ਚਿੱਟੇ ਡਾਕੇ ਮਾਰਨ 'ਤੇ ਉੱਤਰ ਆਉਂਦਾ ਹੈ। ਇਉਂ ਸੂਦਖੋਰ ਵਰਗ ਦੀ ਆਪਣੀ ਬੰਧਕ ਜਮਾਤ ਖਿਲਾਫ ਡਾਕਿਆਂ ਦੀ ਲੜੀ ਸ਼ੁਰੂ ਹੁੰਦੀ ਹੈ।
ਪਹਿਲਾ ਡਾਕਾ ਕਲਮਾਂ ਦੇ ਜ਼ੋਰ ਵੱਜਦਾ ਹੈ। ਖਾਲੀ ਪ੍ਰੋਨੋਟ 'ਤੇ ਦਸਤਖਤ ਕਰਵਾ ਕੇ, ਮਨਮਰਜੀ ਦਾ ''ਮੂਲ'' ਬਣਾ ਲੈਣਾ, ਮਨਮਰਜੀ ਦਾ ਵਿਆਜ ਲਾ ਲੈਣਾ, ਆਮ ਚੱਲਦਾ ਹੈ। ਫਸਲਾਂ ਸਿਰੇ ਲਾਉਣ ਲਈ ਉਧਾਰ  ਕਿੰਨੀ ਵਾਰੀ ਗਿਆ, ਕਿੰਨਾ ਗਿਆ, ਘਰੇਲੂ ਖਰਚੇ ਲਈ ਉਧਾਰ ਕਿੰਨੀ ਵਾਰ, ਕਿੰਨਾ ਗਿਆ? ਅਤੇ ਵਹੀ 'ਤੇ ਕਿੰਨਾ ਚੜਿ? ਕਿੰਨੇ ਗੁਣਾਂ ਚੜਿ? ਇਸਦਾ ਭੇਤ ਸੂਦਖੋਰ ਦੇ ਕੋਲ ਹੀ ਰਹਿੰਦਾ ਹੈ। ਖੇਤ ਵਿਚੋਂ ਆੜ'ਤੇ ਆਈ ਫਸਲ ਕਿੰਨੇ ਦੀ ਹੋ ਗਈ? ਕੱਟ-ਕਟਾਅ ਕੇ ਕੀ ਬਣਿਆ? ਇਹ ਰਾਜ ਵੀ ਸੂਦਖੋਰ ਦੀ ਕਲਮ ਕੋਲ ਹੀ ਹੁੰਦਾ ਹੈ। ਸੂਦਖੋਰ ਦੇ ਹੱਥ ਵਿਚ ਦਿੱਤਾ ਹੋਇਆ ਇਹ ਸਾਰਾ ਹਿਸਾਬ-ਕਿਤਾਬ, ਵੱਡੀਆਂ ਹੇਰਾਫੇਰੀਆਂ ਦੀ ਥਾਂ ਬਣਦਾ ਹੈ। ਇਉਂ ਕਲਮ ਦੀ ਸਰਦਾਰੀ, ਸੂਦਖੋਰ ਦੇ ਹੱਥ ਹੋਣ ਸਦਕਾ, ਉਸਦੀ ਕਮਾਈ ਨੂੰ ਜਰਬਾਂ ਆਉਂਦੀਆਂ ਹਨ।
ਦੂਜਾ ਡਾਕਾ ਪਰਚੀ ਦੇ ਜ਼ੋਰ ਵੱਜਦਾ ਹੈ। ਕਿਉਂਕਿ ਖੇਤੀ ਲਾਗਤ ਵਸਤਾਂ ਲਈ ਖਰਚਾ ਸੂਦਖੋਰ ਤੋਂ ਆਉਂਦਾ ਹੈ, ਇਹ ਨਕਦੀ ਵਿਚ ਨਹੀਂ ਪਰਚੀ 'ਤੇ ਆਉਂਦਾ ਹੈ। ਜਿਸ ਦਿਨ, ਜਿੰਨੀ ਚੀਜ਼ ਖਰੀਦਣੀ ਹੈ, ਉਸ ਦਿਨ ਉਸਦੀ ਪਰਚੀ ਮਿਲਣੀ ਹੈ। ਏਹੀ ਹਾਲ ਰੋਜ਼ਾਨਾ ਦੇ ਘਰੇਲੂ ਖਰਚਿਆਂ ਦਾ ਹੁੰਦਾ ਹੈਗੁੜ-ਚਾਹ, ਕੱਪੜਾ-ਲੱਤਾ, ਸਭ ਪਰਚੀ 'ਤੇ ਆਉਂਦਾ ਹੈ। ਇਸ  ਤੋਂ ਇਲਾਵਾ ਖੁਸ਼ੀ-ਗ਼ਮੀ, ਬਿਮਾਰੀ-ਹਾਦਸਾ ਅਤੇ ਮੁਕੱਦਮਾ ਵਗੈਰਾ, ਕੋਈ ਵੀ ਵਿਸ਼ੇਸ਼ ਖਰਚੇ ਹੋਣ ਪਰਚੀ ਨਾਲ ਹੀ ਕੰਮ ਚੱਲਦਾ ਹੈ। ਪਰਚੀ ਦੇ ਕੇ ਖਰੀਦੀ ਚੀਜ਼ ਦਾ ਰੇਟ ਉੱਚਾ ਹੁੰਦਾ ਹੈ। ਮਾਲ ਰੇਵਾਂ ਜਾਂ ਮਿਲਾਵਟੀ ਹੁੰਦਾ ਹੈ। ਨਾਪ-ਤੋਲ ਘਟਵਾਂ ਹੁੰਦਾ ਹੈ। ਅਤੇ ਹਰ ਪਰਚੀ ਮਗਰ ਸੂਦਖੋਰ ਦਾ ਕਮਿਸ਼ਨ ਇਸ ਤੋਂ ਵੱਖਰਾ ਹੁੰਦਾ ਹੈ। ਪਰਚੀਆਂ ਦੇ ਬਣਦੇ ਪੈਸਿਆਂ 'ਤੇ ਸੂਦ ਵੱਖਰਾ ਲੱਗਦਾ ਹੈ। ਇਉਂ ਕਿਸਾਨ ਦੀ ਖਪਤ ਅਤੇ ਖਰੀਦ ਮੰਡੀ ਦੀ ਸਰਦਾਰੀ ਸੂਦਖੋਰ ਦੇ ਹੱਥ ਹੋਣ ਸਦਕਾ, ਉਸਦੀ ਕਮਾਈ ਜਰਬਾਂ ਖਾਂਦੀ ਹੈ।
ਤੀਜਾ ਵੱਡਾ ਡਾਕਾ ਕਾਰੋਬਾਰ ਵਿਚੋਂ ਟੁੱਟ ਚੁੱਕੇ ਕਿਸਾਨ ਤੋਂ ਮੂਲ ਅਤੇ ਵਿਆਜ ਦੀ ਅਸਮਾਨੀ ਚੜੀ ਰਕਮ ਦੀ ਉਗਰਾਹੀ ਕਰਨ ਵੇਲੇ ਪੈਂਦਾ ਹੈ। ਜੱਜ ਨੂੰ ਪੈਸੇ ਚਾੜਕੇ ਡਿਗਰੀ ਕਰਾਈ ਹੋਵੇ ਜਾਂ ਪੁਲਸ ਨੂੰ ਖਰੀਦ ਕੇ, ਕਿਸਾਨ ਨੂੰ ਅੰਦਰ ਕਰਵਾ ਕੇ, ਇਕਰਾਰਨਾਮਾ ਲਿਖਵਾਇਆ ਜਾਵੇ ਜਾਂ ਚੁੱਪ-ਚੁਪੀਤੇ ਲਿਖਾ-ਪੜੀ ਕਰਕੇ ਨੱਕ ਬਚਾਉਣ ਦਾ ਉਪਰਾਲਾ ਹੋਵੇ, ਕਿਸਾਨ ਕੋਲ ਦੇਣ ਲਈ ਨਕਦੀ ਨਹੀਂ ਹੁੰਦੀ। ਘਰ, ਜ਼ਮੀਨ-ਜਾਇਦਾਦ, ਪਸ਼ੂ ਜਾਂ ਖੇਤੀ-ਸੰਦ, ਕੁੱਝ ਵੀ ਵਿਕਾਊ ਹੁੰਦਾ ਹੈ। ਸੂਦਖੋਰ ਨੂੰ ਮਨਜੂਰ ਹੁੰਦਾ ਹੈ। ਪਰ ਇਹਦੇ ਵਿਚੋਂ ਚੰਗੀ-ਚੋਣਵੀਂ ਚੀਜ਼ ਲਿਜਾਣੀ, ਅੱਧੇ-ਪੌਣੇ ਰੇਟ 'ਤੇ ਲਿਜਾਣੀ, ਸੂਦਖੋਰ ਦਾ ਧਰਮ ਹੈ। ਇਹ ਪ੍ਰਵਾਨਤ ਪਿਰਤ ਹੈ। ਇਸ ਤੋਂ ਵੀ ਅੱਗੇ ਜ਼ਮੀਨ ਗਹਿਣੇ ਕਰਨ ਦਾ ਨਿਬੇੜਾ ਕਰਕੇ, ਧੋਖੇ ਨਾਲ ਬੈਅ ਲਿਖਵਾ ਲੈਣੀ, ਕਿੱਲੇ ਦੇ ਨੰਬਰਾਂ ਦੀ ਥਾਂ, ਵੱਧ ਥਾਂ ਦੇ ਨੰਬਰ ਪੁਆ ਲੈਣੇ, ਆਮ ਵਾਪਰਦੀਆ ਘਟਨਾਵਾਂ ਹਨ। ਇਉਂ ਦੀਵਾਲੀਆ ਹੋ ਚੁੱਕੇ ਕਿਸਾਨ ਦੀ ਜ਼ਮੀਨ-ਜਾਇਦਾਦ ਅਤੇ ਮਾਲ-ਅਸਬਾਬ ਦੀ ਨੀਲਾਮੀ ਅਤੇ ਖਰੀਦਦਾਰੀ ਕਰਨ ਦੀ ਸਰਦਾਰੀ, ਸੂਦਖੋਰ ਦੇ ਹੱਥ ਹੋਣ ਸਦਕਾ, ਉਸਦੀ ਕਮਾਈ ਜਰਬਾਂ ਖਾਂਦੀ ਹੈ।
ਕਿਸਾਨੀ, ਜਾਗੋ-ਮੀਟੀ ਦਿਖਾਉਂਦੀ ਹੈ ਤਾਂ ਇਸ ਸੂਦਖੋਰ ਵਰਗ ਨੂੰ, ਥਾਏਂ ਲਾਂਬੂ ਲੱਗ ਜਾਂਦੇ ਹਨ। ਮਿੱਠ-ਬੋਲੜਾ, ਮੇਮਣਾ ਅਤੇ ਆਪਣਾ ਘਰਦਾ ਬਣਕੇ ਵਿਚਰਦਾ ਇਹ ਸੂਦਖੋਰ, ਲੋਹੇ ਦਾ ਥਣ ਬਣ ਜਾਂਦਾ ਹੈ। ਲੋਹੇ ਦੀ ਲੱਠ ਬਣ ਜਾਂਦਾ ਹੈ। ਹਿਸਾਬ ਕਰਨ ਆਇਆਂ ਦੇ ਸਿਰ ਫੇਹਣ ਲੱਗ ਜਾਂਦਾ ਹੈ। ਇਹ ਹੈ ਸੂਦਖੋਰ ਜਮਾਤ ਦਾ ਅਸਲ ਰੰਗ। ਅਸਲੀਅਤ! ਚੱਠੇਵਾਲੇ, ਮਾਈਸਰਖਾਨੇ ਤੇ ਗੁਰੂਹਰਸਹਾਏ ਦੇ ਹਿੰਸਕ ਵਾਕੇ ਵੀ ਇਸੇ ਜਾਗੀਰੂ ਤਰਕ ਦਾ ਸਿੱਟਾ ਹਨ। ਅੰਨੇ-ਜਾਗੀਰੂ-ਮੁਨਾਫੇ ਦੀ ਰਾਖੀ ਲਈ, ਭਰੂਣ ਹੱਤਿਆ ਕਰ ਦੇਣ ਦੀ ਬਿਰਤੀ ਦਾ ਇਜ਼ਹਾਰ ਹਨ। ਜੰਮਦੀ ਦੇ ਗਲ਼ 'ਗੂਠਾ ਦੇ ਕੇ ਤੁਰਦੀ ਕਰਨ, ਦੀ ਪ੍ਰਚੱਲਤ ਜਾਗੀਰੂ ਰੀਤ ਹਨ। ਇਹਨਾਂ ਸਾਰੇ ਥਾਵਾਂ 'ਤੇ ਜਾਗੀਰੂ ਲੁੱਟ ਅਤੇ ਦਾਬੇ ਦੀ ਸਲਾਮਤੀ ਲਈ ਤਤਪਰ ਰਹਿੰਦੀ ਸਰਕਾਰ ਦਾ ਸਾਰਾ ਛਲ ਅਤੇ ਬਾਹੂ-ਬਲ ਇਸ ਸੂਦਖੋਰ ਪ੍ਰਬੰਧ ਦੀ ਸੇਵਾ ਲਈ ਦਗੜ-ਦਗੜ ਕਰਕੇ ਨਿਕਲ ਆਉਂਦਾ ਰਿਹਾ ਹੈ। ਇਸੇ ਲਈ ਇਹ ਕਿਸਾਨ ਲਹਿਰ ਦੇ ਗੰਭੀਰ ਘੁਲਾਟੀਆਂ ਲਈ ਖੁੱਲੀ ਚੁਣੌਤੀ ਹੈ। ਇਸ ਹਿੰਸਕ ਬਿਰਤੀ ਵਾਲੇ ਵਰਗ ਖਿਲਾਫ਼, ਲੜਾਈ ਦੀ ਸ਼ੁਰੂਆਤ ਕਰਨ ਲਈ ਨਿਕਲਣ ਸਮੇਂ ਵੀ, ਸਿਰਾਂ 'ਤੇ ਕੱਫਣ ਬੰਨਕੇ ਨਿਕਲਣ ਦੀ ਅਣਸਰਦੀ ਲੋੜ ਹੈ। ਅਜਿਹੇ ਦ੍ਰਿੜਇਰਾਦੇ, ਕੁਰਬਾਨੀ ਦੇ ਮਾਦੇ ਅਤੇ ਖਿੜੇ-ਮੱਥੇ ਨਾਲ ਚੁਣੌਤੀ ਕਬੂਲ ਕਰਨ ਦੀ ਲੋੜ ਹੈ।
ਮਈ-ਅਗਸਤ, 2005
v  
ਸੂਦਖੋਰੀ ਦਾ ਖੂੰਨੀ ਫੰਦਾ
12ਅਕਤੂਬਰ ਨੂੰ ਬੀਰੋਕੇ ਖੁਰਦ (ਜ਼ਿਲਾ ਮਾਨਸਾ) ਵਿਖੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਨ ਆਏ ਸੂਦਖੋਰ-ਆੜਤੀਆ ਪਰਿਵਾਰ ਮੈਂਬਰਾਂ ਅਤੇ ਗੁੰਡਾ ਗਰੋਹ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਵਰਕਰਾਂ ਨਾਲ ਤਿੱਖੀ ਝੜੱਪ ਹੋ ਗਈ। ਯੂਨੀਅਨ ਦਾ ਬਲਾਕ ਆਗੂ ਪ੍ਰਿਥੀਪਾਲ ਸਿੰਘ ਕਰਜੇ-ਮਾਰੇ ਕਿਸਾਨ ਦੀ ਜ਼ਮੀਨ ਦੀ ਰਾਖੀ ਕਰਦਿਆਂ ਸ਼ਹੀਦ ਹੋ ਗਿਆ। ਜਦੋਂ ਕਿ, ਸੂਦਖੋਰ ਗਰੋਹ ਦੇ ਜ਼ਮੀਨ ਹੜੱਪਣ ਆਏ ਕਈ ਮੈਂਬਰ ਗੰਭੀਰ ਜ਼ਖਮੀ ਹੋ ਗਏ। ਸੂਦਖੋਰ ਗਰੋਹ ਦੀ ਇਹ ਖੂੰਨੀ ਕਾਰਵਾਈ ਬੇਹੱਦ ਭੜਕਾਊ ਹੈ। ਸਰਬ-ਵਿਆਪਕ ਨਿੰਦਿਆ ਦੀ ਹੱਕਦਾਰ ਹੈ।
ਰੂੰ ਵਾਂਗ ਕਰਜ਼ੇ ਦੀ ਪਿੰਜੀ ਗਈ ਕਿਸਾਨ ਜਨਤਾ ਨੂੰ ਧੁਰ ਤੱਕ ਹਿਲਾ ਦੇਣ ਵਾਲੀ ਇਸ ਵਾਰਦਾਤ ਨੇ ਉਹਨਾਂ ਅੰਦਰ ਕੰਬਣੀ ਨਹੀਂ ਛੇੜੀ। ਰੋਹ ਦੀ ਤਰੰਗ ਪੈਦਾ ਕੀਤੀ ਹੈ। ਸੂਹੀ ਕਿਸਾਨ ਲਹਿਰ ਦੀ ਉੱਭਰਦੀ ਫਸਲ ਨੂੰ ਆਪਣੇ ਖੂੰਨ ਨਾਲ ਸਿੰਜਣ ਵਾਲੇ ਪ੍ਰਿਥੀਪਾਲ ਦੀ ਦੇਹ ਨੂੰ ਹਜ਼ਾਰਾਂ ਕਿਸਾਨਾਂ ਨੇ ਦਿਲੀ ਸ਼ਰਧਾਂਜਲੀ ਦਿੱਤੀ ਹੈ। ਮ੍ਰਿਤਕ ਦੇਹ ਨੂੰ ਅਗਨ ਭੇਟ ਕਰਨ, ਫੁੱਲ ਚੁਗਣ, ਅੰਤਿਮ ਵਿਦਾਇਗੀ ਦੇਣ ਅਤੇ ਸਤਲੁਜ ਕੰਢੇ ਫੁੱਲ 'ਤਾਰਨ ਵਿੱਚ ਭਾਰੀ ਗਿਣਤੀ ਕਿਸਾਨ ਸਮੂਹਾਂ ਨੇ ਸ਼ਾਮਲ ਹੋ ਕੇ ਆਪਣੇ ਗਮ ਅਤੇ ਗੁੱਸੇ ਦਾ ਇਜ਼ਾਹਰ ਕੀਤਾ ਹੈ। ਪ੍ਰਿਥੀਪਾਲ ਦੇ ਕਾਤਲਾਂ ਦੇ ਗਲ ਫਾਹੀ ਪੁਆਉਣ ਅਤੇ ਜ਼ਮੀਨ ਦੀ ਰਾਖੀ ਦੇ ਘੋਲ ਨੂੰ ਅੱਗੇ ਤੋਰਨ ਲਈ ਕਿਸਾਨ ਜਥੇਬੰਦੀਆਂ ਵੱਲੋਂ ਤੁਰਤ-ਪੈਰੀ ਅਤੇ ਤਿੱਖੀ ਕਾਰਵਾਈ ਕੀਤੀ  ਗਈ ਹੈ।. . . . .
. . . . . ਇਸ ਨਵੇਂ ਵਾਰ ਨੇ ਸਾਧੂ ਸਿੰਘ ਤਖਤੂਪੁਰਾ ਦੀ ਸ਼ਹਾਦਤ ਅਤੇ ਖੰਨਾ-ਚਮਿਆਰਾ ਦੇ ਕਿਸਾਨਾਂ ਦੇ ਕਤਲਾਂ ਦੇ ਅਜੇ ਤੱਕ ਅੱਲੇ ਤੇ ਰਿਸਦੇ ਜ਼ਖਮਾਂ ਉੱਤੇ ਲੂਣ ਭੁੱਕ ਦਿੱਤਾ ਹੈ। ਕਿਸਾਨ ਜਨਤਾ ਅੰਦਰ, ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਅੰਦਰ ਇਸ ਸੋਝੀ ਨੂੰ ਪ੍ਰਚੰਡ ਕੀਤਾ ਹੈ ਕਿ, ਆਰਥਿਕ ਹੱਲੇ ਨੂੰ ਅੱਗੇ ਵਧਾਉਣ ਲਈ ਹਾਕਮ ਖੂੰਨੀ ਧਾਵੇ ਉੱਤੇ ਟੇਕ ਰੱਖ ਰਹੇ ਹਨ। ਜਿਉਂ ਜਿਉਂ ਆਰਥਿਕ ਧਾਵਾ ਤੇਜ਼ ਹੋ ਰਿਹਾ ਹੈ, ਖੂੰਨੀ ਧਾਵਾ ਵੀ ਤੇਜ਼ ਹੋ ਰਿਹਾ ਹੈ। ਇਸ ਸੋਝੀ ਨੂੰ ਉਗਾਸਾ ਦਿੱਤਾ ਹੈ ਕਿ, ਆਰਥਿਕ ਹਿੱਤਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਖੂੰਨੀ ਧਾਵੇ ਖਿਲਾਫ਼ ਲੜੇ ਬਿਨਾ ਅੱਗੇ ਨਹੀਂ ਵਧਿਆ ਜਾ ਸਕਦਾ। . . . . .
. . . . . ਹਾਕਮਾਂ ਦੇ ਜਾਬਰ ਰਵੱਈਏ ਖਿਲਾਫ ਮਾਲਵਾ, ਮਾਝਾ ਅਤੇ ਦੁਆਬਾ ਹਰਕਤ ਵਿੱਚ ਆ ਗਿਆ ਹੈ। ਸੂਦਖੋਰ ਲਾਣਾ, ਭੋਇੰ-ਮਾਫੀਆ ਤੇ ਸਿਆਸਤਦਾਨਾਂ ਦੇ ਗੱਠਜੋੜ ਖਿਲਾਫ, ਉਹਨਾਂ ਦੀ ਲੁੱਟ ਅਤੇ ਮਾਰ-ਮਰਾਈ ਕਰਨ ਦੇ ਜੱਦੀ-ਪੁਸ਼ਤੀ ਕਿਰਦਾਰ ਖਿਲਾਫ ਘੋਲ ਦੀ ਚੁਣੌਤੀ ਉੱਭਰ ਆਈ ਹੈ।. . . . .
. . . . . ਸੂਦਖੋਰ ਵਰਗ ਦੇ ਕਿਸੇ ਵਿਅਕਤੀ ਖਿਲਾਫ ਵਾਜਬ ਕਾਨੂੰਨੀ ਕਾਰਵਾਈ ਕਰਵਾਉਣ ਲਈ ਉਠਦੀ ਸਮੂਹਿਕ ਕਿਸਾਨ ਆਵਾਜ਼ ਨੂੰ ਥਾਏਂ ਨੱਪਣ ਲਈ ਇਹ ਵਰਗ, ਵਰਗ  ਵਜੋਂ ਹਰਕਤ ਵਿੱਚ ਆਉਂਦਾ ਹੈ। ਜੰਗੀ ਜਹਾਦ ਖੜਾ ਕਰਦਾ ਹੈ। ਹਿੰਸਕ ਹੋ ਕੇ ਦੋਸ਼ੀ ਨੂੰ ਬਚਾਉਣ ਲਈ ਅਹੁਲਦਾ ਹੈ। ਸਿਆਸਤ ਅਤੇ ਪੈਸੇ ਦੀ ਤਾਕਤ ਝੋਕਦਾ ਹੈ। ਰਾਜ ਕਰਦੀ ਪਾਰਟੀ ਉੱਤੇ, ਜਮਾਤੀ ਵਫਾਦਾਰੀ ਨਿਭਾਉਣ ਲਈ ਜ਼ੋਰ ਚੜਾਉਂਦਾ ਹੈ। ਪੁਲਸ ਅਤੇ ਪ੍ਰਸ਼ਾਸਨ ਨੂੰ ''ਹਲਾ-ਕੁੱਤੀਏ'', ''ਹਲਾ-ਕੁੱਤੀਏ'' ਆਖਦਾ ਹੈ। ਇਹਨਾਂ ਸਭਨਾਂ ਭਾਈਵਾਲਾਂ, ਜੁੰਡੀਦਾਰਾਂ ਦਾ ਸਾਂਝਾ ਵਾਰ ਉੱਭਰਦਾ ਹੈ। ਸਮੂਹਿਕ ਕਿਸਾਨ ਆਵਾਜ਼ ਦਾ ਮੱਥਾ ਪਾੜਨ ਲਈ ਅਹੁਲਦਾ ਹੈ। ਇਹ ਪਿਛਲੇ ਸਾਰੇ ਸਾਲਾਂ ਦਾ ਸਥਾਪਤ ਦਸਤੂਰ ਹੈ।. . . . .
. . . . . ਕਿਸਾਨਾਂ ਦੀਆਂ ਜ਼ਮੀਨਾਂ ਅਤੇ ਜਾਨਾਂ ਖੋਹਣ ਵਾਲੇ ਕਈ ਰੂਪ ਤਿੱਖੀ ਤਰਾਂ ਪ੍ਰਗਟ ਹੁੰਦੇ ਆ ਰਹੇ ਹਨ। ਜ਼ਮੀਨ ਦੀ ਕੁਰਕੀ, ਆੜਤੀਆ ਕਰੇ ਜਾਂ ਬੈਂਕ ਕਰ ਲਵੇ। ਜਾਂ ਸਰਕਾਰ ਕਿਸੇ ਬਹਾਨੇ ਜ਼ਮੀਨ ਐਕੁਆਇਰ ਕਰ ਲਵੇ। ਜਾਂ ਭੋਇੰ ਮਾਫੀਆ ਕਿਸੇ ਜ਼ਮੀਨ 'ਤੇ ਦੱਬਾ ਮਾਰ ਲਵੇ। ਜਾਂ ਕੋਈ ਜਣਾ ਕਰਜ਼ੇ ਦੇ ਬੋਝ ਹੇਠ ਆ ਕੇ ਸਾਰੀ ਜ਼ਮੀਨ ਵੇਚ ਕੇ ਬੇਜ਼ਮੀਨਾ ਹੋ ਜਾਵੇ। ਗਰੀਬ ਕਿਸਾਨਾਂ ਦੇ ਹੱਥੋਂ ਜ਼ਮੀਨਾਂ ਤੇਜ਼ੀ ਨਾਲ ਖਿਸਕ ਰਹੀਆਂ ਹਨ। ਬੈਂਕਾਂ, ਸੂਦਖੋਰਾਂ ਦੀ ਜਲਾਲਤ ਤੋਂ ਸਤਿਆ ਜਾਂ ''ਕਿਥੋਂ ਕਮਾਊਂ, ਕਿਥੋਂ ਖੁਆਊਂ'' ਦੇ ਝੋਰੇ ਦਾ ਮਾਰਿਆ, ਕਿਸਾਨੀ ਦਾ ਇੱਕ ਹਿੱਸਾ, ਖੁਦਕੁਸ਼ੀਆਂ ਰਾਹੀਂ ਮੌਤ ਦੇ ਮੂੰਹ ਜਾ ਰਿਹਾ ਹੈ। ਇੱਕ ਹੋਰ ਹਿੱਸਾ, ਧਰਤੀ, ਪਾਣੀ ਅਤੇ ਆਬੋ-ਹਵਾ ਨੂੰ ਅੰਨ ਮੁਨਾਫਿਆਂ ਖਾਤਰ ਪਲੀਤ ਕਰ ਦਿੱਤੇ ਜਾਣ ਸਦਕਾ, ਕੈਂਸਰ ਵਰਗੀਆਂ ਬੀਮਾਰੀਆਂ ਰਾਹੀਂ ਮੌਤ ਦੇ ਮੂੰਹ ਜਾ ਰਿਹਾ ਹੈ। ਜਦ ਜ਼ਮੀਨਾਂ ਹੜੱਪਣ ਅਤੇ ਜਾਨਾਂ ਖੋਹਣ ਦੇ ਇਸ ਤਾਂਡਵ ਦੇ ਇਜ਼ਹਾਰਾਂ ਖਿਲਾਫ ਉਂਗਲ ਉਠਾਉਣ ਲਈ ਕਿਸਾਨੀ ਸਮੂਹਿਕ ਹੰਭਲਾ ਮਾਰਦੀ ਹੈ ਤਾਂ ਇਸ ਲੁੱਟ-ਮਾਰ ਦੀਆਂ ਜੁੰਮੇਵਾਰ ਸ਼ਕਤੀਆਂ ਦੇ ਸੱਤੀਂ-ਕੱਪੜੀਂ ਅੱਗ ਲੱਗ ਜਾਂਦੀ ਹੈ। ਵੱਡੇ ਸੂਦਖੋਰਾਂ, ਵੱਡੇ ਜਗੀਰਦਾਰਾਂ, ਭੋਇੰ-ਮਾਫੀਏ, ਵੱਡੇ ਵਪਾਰੀਆਂ ਅਤੇ ਇਹਨਾਂ ਦੀਆਂ ਸਰਕਾਰਾਂ ਦੀਆਂ ਸਰਕਾਰੀ ਅਤੇ ਗੈਰ ਸਰਕਾਰੀ ਹਿੰਸਕ ਸ਼ਕਤੀਆਂ, ਆਪਸ ਵਿਚਲੇ ਨਿਸ਼ੰਗ ਤਾਲਮੇਲ ਰਾਹੀਂ, ਮੌਤ ਵਰਾਉਣ 'ਤੇ ਉੱਤਰ ਆਉਂਦੀਆਂ ਹਨ। ਇਉਂ, ਇਹ ਲੜਾਈ ਸਾਹਮਣੇ ਆਏ ਮੁੱਦੇ ਦੇ ਹੱਲ ਤੋਂ ਕਿਤੇ ਵੱਡੀ ਅਤੇ ਲੰਬੀ ਬਣ ਜਾਂਦੀ ਹੈ। ਇਸ ਲਈ ਜਿੱਥੇ ਇੱਕ ਪਾਸੇ ਤਾਂ ਇਹਨਾਂ ਇਜ਼ਹਾਰਾਂ ਖਿਲਾਫ਼ ਡਟਵੇਂ ਵਿਰੋਧ ਨੂੰ ਪ੍ਰਚੰਡ ਕਰਨ ਦੀ ਜ਼ਰੂਰਤ ਹੈ। ਉੱਥੇ ਦੂਜੇ ਪਾਸੇ, ਨਾਲ ਦੀ ਨਾਲ, ਕਿਸਾਨ ਸਮੂਹਾਂ ਵਿੱਚ ਇਸ ਸੰਕਟ ਨੂੰ ਪੈਦਾ ਕਰਨ ਅਤੇ ਤਿੱਖਾ ਕਰਨ ਲਈ ਅਪਣਾਈਆਂ ਜਾ ਰਹੀਆਂ ਬੁਨਿਆਦੀ ਨੀਤੀਆਂ 'ਤੇ ਝਾਤ ਪੁਆਉਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਉਹਨਾਂ ਨੂੰ ਲੰਬੇ ਅਤੇ ਤਿੱਖੇ ਸੰਘਰਸ਼ਾਂ ਲਈ ਤਿਆਰ ਕੀਤਾ ਜਾ ਸਕੇ, ਤਾਂ ਜੋ, ਕਿਸਾਨੀ ਸੰਕਟ ਦੇ ਬੁਨਿਆਦੀ ਕਾਰਣਾਂ ਨੂੰ ਦੂਰ ਕਰਨ ਦੇ ਰਾਹ ਅੱਗੇ ਵਧਿਆ ਜਾ ਸਕੇ।
ਨਵੰਬਰ-ਦਸੰਬਰ, 2010
---------------0---------------

No comments:

Post a Comment