Thursday, September 24, 2015

09 Surkh Leeh Special Issue on Farmers's and Farm Labourers' Suicides



ਪੱਕਾ ਕਿਸਾਨ ਧਰਨਾ ਜਾਰੀ                                   20 ਸਤੰਬਰ, 2015
ਫ਼ਸਲ ਬਰਬਾਦੀ ਤੇ ਖੁਦਕੁਸ਼ੀਆਂ ਦੇ ਮੁਜਰਮਾਂ ਨੂੰ ਚਣੌਤੀ
ਚਿੱਟੇ ਮੱਛਰ ਦੇ ਹਮਲੇ ਤੇ ਮੌਸਮ ਕਾਰਨ ਹੋਈ ਨਰਮੇ ਦੀ ਫਸਲ ਦੀ ਤਬਾਹੀ ਕਰਕੇ ਜਿੱਥੇ ਇੱਕ ਪਾਸੇ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਦਾ ਪਿੜ ਵੀ ਮਘਾ ਰਹੇ ਹਨ।ਨੁਕਸਾਨੀ ਫਸਲ ਤੇ ਉੱਜੜੇ ਰੁਜ਼ਗਾਰ ਦਾ ਮੁਆਵਜ਼ਾ ਲੈਣ ਲਈ ਬਠਿੰਡਾ ਵਿਖੇ ਲਗਾਤਾਰ ਧਰਨਾ ਲਾ ਕੇ ਬੈਠੇ ਕਿਸਾਨ ਮਜ਼ਦੂਰ ਵਰ੍ਹਦੇ ਮੀਂਹ 'ਚ ਵੀ ਡਟੇ ਹੋਏ ਹਨ, ਅੱਜ ਧਰਨੇ ਦਾ ਚੌਥਾ ਦਿਨ ਸੀ।ਸਰਕਾਰ ਦੇ ਨਾਲ ਨਾਲ ਅੱਜ ਮੌਸਮ ਨੇ ਵੀ ਕਿਰਤੀ ਜਨਤਾ ਦੇ ਸਿਦਕ ਦੀ ਪਰਖ ਕੀਤੀ।ਪੰਜਾਬ ਦੀਆਂ ੮ ਕਿਸਾਨ ਜਥੇਬੰਦੀਆਂ, ਜੀਹਦੇ 'ਚ ਬੀ. ਕੇ. ਯੂ. ਏਕਤਾ (ਉਗਰਾਹਾਂ), ਬੀ. ਕੇ.
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਪਹਿਲੇ ਦਿਨ ਧਰਨੇ 'ਚ ਸ਼ਾਮਲ ਹੋਣ ਆ ਰਿਹਾ ਕਿੱਲ਼ਿਆਂਵਾਲ਼ੀ ਪਿੰਡ (ਲੰਬੀ) ਤੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦਾ ਕਾਰਕੁੰਨ ਮੰਦਰ ਸਿੰਘ ਦਿਲ ਦਾ ਦੌਰਾ ਪੈਣ ਕਰਕੇ ਸ਼ਹੀਦ ਹੋ ਗਿਆ।ਜਥੇਬੰਦੀਆਂ ਨੇ ਮ੍ਰਿਤਕ ਦੇ ਪਰਿਵਾਰ ਨੂੰ ੫ ਲੱਖ ਦਾ ਮੁਆਵਜ਼ਾ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੀ ਮੰਗ ਮੰਨੇ ਜਾਣ 'ਤੇ ਹੀ ਸਸਕਾਰ ਕਰਨ ਦਾ ਐਲਾਨ ਕਰ ਦਿੱਤਾ।ਪਰਿਵਾਰ ਵੀ ਧਰਨੇ 'ਚ ਡਟਿਆ ਰਿਹਾ।ਆਖਰ ਚੌਥੇ ਦਿਨ ਜਾ ਕੇ ਪਰਿਵਾਰ ਨੂੰ ੫ ਲੱਖ ਦਾ ਚੈੱਕ ਮਿਲਿਆ ਤੇ ਡੀ.ਸੀ. ਵੱਲੋਂ ਨੌਕਰੀ ਦੀ ਸਿਫ਼ਾਰਸ਼ ਭੇਜੀ ਗਈ।ਇਸ ਤੋ ਬਾਅਦ ਹੀ ੨੦ ਸਤੰਬਰ ਨੂੰ ਸਸਕਾਰ ਕੀਤਾ ਗਿਆ ਜੀਹਦੇ 'ਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸ਼ਮੂਲੀਅਤ ਕਰਕੇ ਵਿਛੜੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਸਾਨ ਮਜ਼ਦੂਰ ਲਹਿਰ ਦਾ ਸ਼ਹੀਦ ਐਲਾਨਿਆ।
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਯੂ. ਏਕਤਾ (ਡਕੌਂਦਾ), ਬੀ. ਕੇ. ਯੂ. ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ (ਸਤਨਾਮ ਪੰਨੂ), ਕਿਸਾਨ ਸੰਘਰਸ਼ ਕਮੇਟੀ (ਕੰਵਲਪ੍ਰੀਤ ਪੰਨੂ), ਪੰਜਾਬ ਕਿਸਾਨ ਯੂਨੀਅਨ ਤੇ ਜਮਹੂਰੀ ਕਿਸਾਨ ਸਭਾ ਸ਼ਾਮਲ ਹਨ, ਵੱਲੋਂ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਹੋਇਆ ਹੈ।ਇਸ ਮੋਰਚੇ ਨੂੰ ਪੰਜਾਬ ਦੀਆਂ ੭ ਮਜ਼ਦੂਰ ਜਥੇਬੰਦੀਆਂ ਵੱਲੋਂ ਡਟਵਾਂ ਸਮਰਥਨ ਦਿੱਤਾ ਜਾ ਰਿਹਾ ਹੈ।ਇਸ ਪੱਕੇ ਮੋਰਚੇ ਦਾ ਐਲਾਨ ਪਹਿਲਾਂ ੧੦ ਸਤੰਬਰ ਨੂੰ ਹੋਏ ਵਿਸ਼ਾਲ ਇਕੱਠ ਮੌਕੇ ਕੀਤਾ ਗਿਆ ਸੀ।ਬਰਬਾਦ ਹੋਈ ਫਸਲ ਦਾ ੪੦ ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਕਾਸ਼ਤਕਾਰ ਕਿਸਾਨਾਂ ਨੂੰ ਦੇਣ, ੨੦ ਹਜ਼ਾਰ ਪ੍ਰਤੀ ਪਰਿਵਾਰ ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜਾ ਪੂਰਤੀ ਵਜੋਂ ਦੇਣ, ਨਕਲੀ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੇ ਡੀਲਰਾਂ ਦੀ ਪੜਤਾਲ ਕਰਕੇ ਸਖ਼ਤ ਸਜ਼ਾਵਾਂ ਦੇਣ ਆਦਿ ਮੰਗਾਂ ਨੂੰ ਲੈ ਕੇ ਮਾਲਵੇ ਦੇ ੧੧ ਜ਼ਿਲ੍ਹਿਆਂ ਦੇ ਹਜ਼ਾਰਾਂ ਕਿਸਾਨ ਮਜ਼ਦੂਰ ੧੭ ਸਤੰਬਰ ਨੂੰ ਧਰਨਾ ਦੇਣ ਲਈ ਪਹੁੰਚੇ ਸਨ।ਸਰਕਾਰ ਨੇ ਬਠਿੰਡਾ ਮਿੰਨੀ ਸੱਕਤਰੇਤ ਦਾ ਆਲ਼ਾ ਦੁਆਲ਼ਾ ਸੀਲ਼ ਕਰ ਰੱਖਿਆ ਸੀ।ਧਰਨੇ ਲਈ ਸਕੱਤਰੇਤ ਤੋਂ ਦੂਰ ਕੋਈ ਜਗ੍ਹਾ ਦੀ ਸਰਕਾਰੀ ਵਿਉਂਤ ਕਿਸਾਨ-ਮਜ਼ਦੂਰ ਜਨਤਾ ਦੇ ਜੁਝਾਰ ਇਰਾਦਿਆਂ ਸਾਹਮਣੇ ਠੁੱਸ ਹੋ ਗਈ ਤੇ ਹੁਣ ਧਰਨਾ ਮੁੱਖ ਮਾਰਗ 'ਤੇ ਮਿੰਨੀ ਸਕੱਤਰੇਤ ਨੇੜੇ ਇੱਕ ਪਾਸਾ ਜਾਮ ਕਰਕੇ ਚੱਲ ਰਿਹਾ ਹੈ।ਔਰਤਾਂ ਦੀ ਗਿਣਤੀ ਸੈਂਕੜਿਆਂ 'ਚ ਹੈ।ਧਰਨੇ ਤੋਂ ਇੱਕ ਦਿਨ ਪਹਿਲਾਂ ਜਥੇਬੰਦੀਆਂ ਨੂੰ ਆਪੋ 'ਚ ਪਾੜਨ ਦੀ ਚਾਲ ਚਲਦਿਆਂ ਸਰਕਾਰ ਨੇ ਅੱਠਾਂ 'ਚੋਂ ਪੰਜ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦਿੱਤਾ।ਪਰ ਜਥੇਬੰਦੀਆਂ ਦੇ ਆਪਸੀ ਏਕੇ ਅੱਗੇ ਇਹ ਚਾਲ ਫੇਲ੍ਹ ਹੋ ਗਈ।
ਧਰਨੇ ਦਾ ਉਭਰਵਾਂ ਪੱਖ ਹੈ ਕਿ ਨਾਲ ਨਾਲ ਪਿੰਡਾਂ 'ਚ ਜ਼ੋਰਦਾਰ ਲਾਮਬੰਦੀ ਚੱਲ ਰਹੀ ਹੈ।ਬੀ. ਕੇ. ਯੂ. ਏਕਤਾ (ਉਗਰਾਹਾਂ) ਦੀਆਂ ਲਗਭਗ ਅੱਧੀ ਦਰਜਨ ਟੀਮਾਂ ਰੋਜ਼ਾਨਾ ਦਰਜਨਾਂ ਪਿੰਡਾਂ ' ਪ੍ਰਚਾਰ-ਲਾਮਬੰਦੀ ਕਰ ਰਹੀਆਂ ਹਨ।ਬਠਿੰਡਾ ਜ਼ਿਲਾ੍ਹ ਤੇ ਆਸ ਪਾਸ ਦੇ ਇਲਾਕਿਆਂ 'ਚ ਜ਼ੋਰਦਾਰ ਲਾਮਬੰਦੀ ਦਾ ਸਿਲਸਿਲਾ ਜਾਰੀ ਹੈ।੧੯ ਸਤੰਬਰ ਨੂੰ ੬ ਤੇ ੨੦ ਸਤੰਬਰ ਨੂੰ ੫ ਟੀਮਾਂ ਨੇ ਲਗਭਗ ੧੦੦ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਧਰਨੇ ਲਈ ਪ੍ਰੇਰਿਆ।ਕਈ ਪਿੰਡਾਂ 'ਚ ਭਰਵੀਆਂ ਰੈਲ਼ੀਆਂ ਵੀ ਹੋਈਆਂ।ਇਕੱਠ ਦੀ ਗਿਣਤੀ ਆਏ ਦਿਨ ਵਧ ਰਹੀ ਹੈ।ਇਹ ਗਿਣਤੀ ਦਸ ਹਜ਼ਾਰ ਤੱਕ ਜਾ ਪਹੁੰਚੀ ਹੈ ਤੇ ਰਾਤ ਨੂੰ ਰੁਕਣ ਵਾਲ਼ਿਆਂ ਦੀ ਗਿਣਤੀ ਵੀ ਚੌਥੇ ਦਿਨ ਤੱਕ ਦੁੱਗਣੀ ਹੋ ਗਈ ਹੈ।
ਪਿੰਡਾਂ 'ਚੋਂ ਮੋਰਚੇ ਨੂੰ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ।ਬੀ. ਕੇ. ਯੂ. ਏਕਤਾ (ਉਗਰਾਹਾਂ) ਤੇ ਹੋਰਨਾਂ ਜਥੇਬੰਦੀਆਂ ਦੇ ੨੫ ਦੇ ਲਗਭਗ ਲੰਗਰ ਹੀ ਚੱਲ ਰਹੇ ਹਨ, ਇਹਨਾਂ 'ਚ ਹਰ ਜ਼ਿਲ੍ਹੇ ਦਾ ਆਪਣਾ ਵੱਖਰਾ ਲੰਗਰ ਹੈ।ਇੱਕਲੇ ਸੰਗਰਰੂ ਜ਼ਿਲ੍ਹੇ 'ਚੋਂ ਹੀ ੧੭ ਥਾਵਾਂ 'ਤੇ ਲੰਗਰ ਪਕਾਇਆ ਜਾ ਰਿਹਾ ਹੈ।ਪਿੰਡਾਂ 'ਚੋਂ ਦੁੱਧ, ਆਟਾ ਤੇ ਹੋਰ ਰਾਸ਼ਨ ਧੜਾਧੜ ਪਹੁੰਚ ਰਿਹਾ ਹੈ।
ਆਗੂਆਂ ਨੇ ਦੱਸਿਆ ਕਿ ਡੀ.ਸੀ. ਬਠਿੰਡਾ ਵੱਲੋਂ ਮੁੱਖ ਮੰਤਰੀ ਨਾਲ ਮੀਟਿਗ ਦਾ ਸਮਾਂ ਦਿਵਾ ਕੇ ਧਰਨਾ ਚੁਕਵਾਉਣ ਦੀ ਪੇਸ਼ਕਸ਼ ਜਥੇਬੰਦੀਆਂ ਨੇ ਰੱਦ ਕਰ ਦਿੱਤੀ ਹੈ।ਜਥੇਬੰਦੀਆਂ ਨੇ ਐਲ਼ਾਨ ਕੀਤਾ ਕਿ ਧਰਨਾ ਮੰਗਾਂ ਮੰਨਣ 'ਤੇ ਹੀ ਚੱਕਿਆ ਜਾਵੇਗਾ। ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲ਼ਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਐਲਾਨੀ ੧੦ ਕਰੋੜ ਦੀ ਰਕਮ ਲੋਕਾਂ ਨਾਲ ਮਜ਼ਾਕ ਹੈ।ਨਰਮੇ ਹੇਠ ਕੁੱਲ ਰਕਬਾ ੧੦ ਲੱਖ ੫੬ ਹਜ਼ਾਰ ਏਕੜ ਹੈ ਜੀਹਦੇ 'ਚੋ ੯ ਲੱਖ ੫੦ ਹਜ਼ਾਰ ਏਕੜ ਬਰਬਾਦ ਹੋ ਚੁਕਿਆ ਹੈ।ਇਉਂ ਜੇਕਰ ਖੇਤ ਮਜ਼ਦੂਰਾਂ ਦਾ ਵੀ ਪ੍ਰਤੀ ਪਰਿਵਾਰ ੨੦੦੦੦ ਰੁ: ਜੋੜ ਲਈਏ ਤਾਂ ਇਹ ਰਕਮ ੩੮੦੦ ਕਰੋੜ ਬਣਦੀ ਹੈ।
ਆਗੂਆਂ ਨੇ ਇਨ੍ਹਾਂ ਦਿਨਾਂ ਦੌਰਾਨ ਹੋ ਰਹੀਆਂ ਖੁਦਕੁਸ਼ੀਆਂ ਨੂੰ ਅਸਿੱਧੇ ਕਤਲ ਕਰਾਰ ਦਿੱਤਾ।ਇਹਨਾਂ ਕਤਲਾਂ ਲਈ ਸਿੱਧੇ ਤੌਰ 'ਤੇ ਦੋਸ਼ੀ ਬਣਦੇ ਦਵਾਈ ਕੰਪਨੀਆਂ, ਡੀਲਰ ਤੇ ਸਰਕਾਰੀ ਅਫ਼ਸਰਾਂ ਦੀਆਂ ਜਾਇਦਾਦਾਂ ਕੁਰਕ ਕਰਕੇ ਮੁਆਵਜ਼ਾ ਦੇਣਾ ਚਾਹੀਦਾ ਹੈ।


ਹਰੇ ਇਨਕਲਾਬ ਦੀ ਧਰਤੀ ਤੇ ਚਿੱਟੇ ਮੱਛਰ
ਅਤੇ ਖੁਦਕਸ਼ੀਆਂ ਦੀ ਪੈਦਾਵਾਰ
ਅਪਰਾਧੀ ਸਾਮਰਾਜੀ ਬਹੁਕੌਮੀ ਕੀਟਨਾਸ਼ਕ ਕੰਪਨੀਆਂ
ਡੈੱਸਕ ਤੋਂ ਵਿਸ਼ੇਸ਼ ਰਿਪੋਰਟ
ਖੇਤੀ ਸੰਕਟ ਤੇ ਕਰਜ਼ਿਆਂ ਮਾਰੇ ਕਿਸਾਨਾਂ ਦੀ ਖੁਦਕੁਸ਼ੀਆਂ ਦੀ ਲੜੀ ਅਮੁੱਕ ਹੋ ਗਈ ਹੈ।ਤਾਜ਼ਾ ਕਹਿਰ ਚਿੱਟੇ ਮੱਛਰ ਦੀ ਮਾਰ ਦਾ ਹੈ।ਚਾਲ਼ੀ-ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ 'ਤੇ ਲੈ ਕੇ ਵਾਹੁਣ ਵਾਲੇ ਕਿਸਾਨਾਂ ਦਾ ਤਾਂ ਇਸਨੇ ਲੱਕ ਹੀ ਤੋੜ ਦਿੱਤਾ ਹੈ।ਚੰਗੀ ਫਸਲ ਹੋਣ ਨਾਲ ਤਿੰਨ ਮਹੀਨੇ ਦੇ ਰੁਜ਼ਗਾਰ ਦੀ ਖੇਤ-ਮਜ਼ਦੂਰਾਂ ਦੀ ਆਸ ਮਧੋਲੀ ਗਈ ਹੈ। ਲਪੇਟ ' ਆਇਆ ਰਕਬਾ ੫.੪੦ ਲੱਖ ਏਕੜ ਹੈ।ਤਬਾਹ ਹੋਈ ਫਸਲ ੨ ਲੱਖ ਏਕੜ ਹੈ।ਨੁਕਸਾਨ ਦਾ ਅੰਦਾਜ਼ਾ ੭੦੦ ਕਰੋੜ ਦਾ ਹੈ। ਕਿਸਾਨ ਖੇਤ-ਮਜ਼ਦੂਰ ਜਥੇਬੰਦੀਆਂ ਦੇ ਅੰਦਾਜ਼ੇ ਇਸ ਸਰਕਾਰੀ ਅੰਕੜੇ ਨਾਲੋਂ ਕਿਤੇ ਉੱਚੇ ਹਨ।
ਕਿਸਾਨਾਂ ਨੇ ਸਪਰੇਅ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਮੱਛਰ ਬੇਰੋਕ ਵੱਧਦਾ ਗਿਆ ਹੈ।ਬੇਅਸਰ ਸਪਰੇਆਂ ਦਾ ਵਪਾਰ ਕਰਨ ਵਾਲੇ ਦੋਸ਼ੀਆਂ 'ਚ ਜਰਮਨ ਬਹੁਕੌਮੀ ਕੰਪਨੀ ਬਾਇਰ ਕਰੌਪ ਦਾ ਨਾਂ ਬੋਲਦਾ ਹੈ।ਭਾਰਤ 'ਚ ਇਸਦੀ ਬ੍ਰਾਂਚ ਬਾਇਰ ਫਸਲ ਵਿਗਿਆਨ ਦੇ ਨਾਂ ਹੇਠ ਕੰਮ ਕਰਦੀ ਹੈ।ਇਸਦੀ ਕੀਟਨਾਸ਼ਕ ਦਵਾਈ ਓਬੇਰੋਨ ਦੀ ਸਫਾਰਿਸ਼ ਕੇਂਦਰੀ ਕੀਟਨਾਸ਼ਕ ਬੋਰਡ ਨੇ ਕੀਤੀ ਹੈ।ਪੰਜਾਬ ਖੇਤੀਬਾੜੀ ਵਿਭਾਗ ਨੇ ਇਸਦੀ ੯੦,੦੦੦ ਲੀਟਰ ਸਪਲਾਈ ਯਕੀਨੀ ਬਣਾਈ ਹੈ।ਇਸਤੇ ੩੩ ਕਰੋੜ ਰੁਪਈਆ ਖਰਚਿਆ ਹੈ।ਪੰਜਾਹ ਫੀਸਦੀ ਸਬਸਿਡੀ ਦਿੱਤੀ ਹੈ। ਪੰਜਾਬ ਖੇਤੀਬਾੜੀ ਯੁਨਿਵਰਸਿਟੀ ਤੋਂ ਇਸਦੀ ਸਫਾਰਿਸ਼ ਕਰਵਾਈ ਗਈ ਹੈ।ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਸੰਧੂ ਅਨੁਸਾਰ ਸਬਸਿਡੀ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਿੱਤੀ ਗਈ ਹੈ।ਖੇਤੀਬਾੜੀ ਮਹਿਕਮੇ ਨੇ ਬੱਸਾਂ 'ਚ ਪੁੜੀਆਂ ਵੇਚਦੇ ਨੀਮ-ਹਕੀਮਾਂ ਵਾਂਗ ਇਸਦੀ 'ਸਫਲਤਾ' ਦੀ ਮਸ਼ਹੂਰੀ ਕੀਤੀ ਹੈ।ਵੱਡੀ ਜਨ-ਸੰਪਰਕ ਮੁਹਿੰਮ ਚਲਾਈ ਹੈ।ਪਰ ਸਾਰੇ ਵਾਅਦੇ ਅਤੇ ਦਾਅਵੇ ਨਿਰਾ ਧੋਖੇ ਦਾ ਮਾਲ ਸਾਬਿਤ ਹੋਏ ਹਨ।
ਭਾਰਤੀ ਹਕੂਮਤਾਂ ਅਤੇ ਮਹਿਕਮਿਆਂ ਨੇ ਇਸ ਗੱਲ ਨੂੰ ਉੱਕਾ ਹੀ ਨਜ਼ਰਅੰਦਾਜ ਕਰ ਦਿੱਤਾ ਕਿ ਇਹ ਬਹੁਕੌਮੀ ਕੰਪਨੀ ਸੰਸਾਰ 'ਚ ਬਦਨਾਮੀ ਦੇ ਦਾਗਾਂ ਨਾਲ ਭਰੀ ਹੋਈ ਹੈ। ਇਸ ਦੇ ਬੋਰਡ ਮੈਂਬਰਾਂ 'ਤੇ ਹਿਟਲਰ ਦੇ ਗੈਸ ਚੈਂਬਰਾਂ ਨੂੰ ਜ਼ਹਿਰੀਲੀਆਂ ਗੈਸਾਂ ਦੀ ਸਪਲਾਈ ਬਦਲੇ ਮੁਕੱਦਮੇ ਚੱਲੇ ਸਨ। ਨਸ਼ੇੜੀਆਂ ਅਤੇ ਮਰੀਜ਼ਾਂ ਦੇ ਵਰਜਿਤ ਖੂਨ ਤੋਂ ਤਿਆਰ ਹੋਈਆਂ ਇਸਦੀਆਂ ਦਵਾਈਆਂ ਨਾਲ ਹਜ਼ਾਰਾਂ ਮੌਤਾਂ ਹੋਈਆਂ ਹਨ।੨੦੦੬ 'ਚ ਹਜ਼ਾਰਾਂ ਮੌਤਾਂ ਤੋਂ ਬਾਅਦ ਇਸਦੀ ਇੱਕ ਹੋਰ ਦਵਾਈ ਟਾਰਸੀਲੋਲ 'ਤੇ ਪਾਬੰਦੀ ਲਾਈ ਗਈ।ਇਸਦੀ ਇੱਕ ਹੋਰ ਗਰਭ ਰੋਕੂ ਦਵਾਈ ਖਿਲਾਫ ਜਰਮਨੀ ਦੀ ਅਦਾਲਤ 'ਚ ੯੦੦੦ ਮੁਕੱਦਮੇ ਦਰਜ ਹਨ।ਇਸ ਦੀ ਵਰਤੋਂ ਸਦਕਾ ਸੈਂਕੜੇ ਪੂਰੀਆਂ ਤੰਦਰੁਸਤ ਔਰਤਾਂ ਦੀਆਂ ਮੌਤਾਂ ਹੋਈਆਂ ਹਨ।ਇਉਂ ਇਹ ਕੰਪਨੀ ਮੁਨਾਫੇ ਦੀ ਅਣਮਨੁੱਖੀ ਪੂੰਜੀਵਾਦੀ ਹਵਸ ਦਾ ਅੱਤ ਘਿਨਾਉਣਾ ਨਮੂਨਾ ਬਣੀ ਹੋਈ ਹੈ।ਸਭ ਕੁਝ ਜਾਣਦੇ ਬੁੱਝਦੇ ਹੋਏ ਇਸ ਅਪਰਾਧੀ ਕੰਪਨੀ ਨੂੰ ਖੁੱਲ੍ਹ ਦੇ ਕੇ ਮੁਲਕ ਦੇ ਹਾਕਮਾਂ ਨੇ ਕਿਸਾਨਾਂ ਅਤੇ ਹੋਰ ਭਾਰਤੀ ਲੋਕਾਂ ਨਾਲ ਦੁਸ਼ਮਣੀ ਕਮਾਈ ਹੈ।
ਅੱਜ ਕੱਲ੍ਹ ਇਹ ਕੰਪਨੀ ਬੀਜਾਂ ਅਤੇ ਕੀਟਨਾਸ਼ਕਾਂ ਦੀ ਮੰਡੀ 'ਚ ਦਨਦਨਾਉਂਦੀ ਫਿਰਦੀ ਹੈ।ਫਸਲਾਂ ਦੀ ਪੈਦਾਵਾਰ, ਸੰਭਾਲ, ਢੋ-ਢੋਆਈ, ਖੋਜ ਅਤੇ ਜੜੀ ਬੂਟੀਆਂ ਦੇ ਖੇਤਰਾਂ ਤੇ ਕਬਜ਼ੇ ਵੱਲ ਵਧ ਰਹੀ ਹੈ। ਸੰਨ ੨੦੧੩-੧੪ 'ਚ ਬੀਜਾਂ ਦੀ ਵਿਕਰੀ ਤੋਂ ਇੱਕ ਅਰਬ ਤੋਂ ਉੱਪਰ ਕਮਾ ਚੁੱਕੀ ਹੈ।
ਬਾਇਰ ਅਤੇ ਇਸਦੇ ਕੀਟਨਾਸ਼ਕ ਓਬੇਰੋਨ ਦਾ ਮਾਮਲਾ, ਪਹਿਲਾ ਅਤੇ ਟੁੱਟਵਾਂ ਕਹਿਰਾ ਮਾਮਲਾ ਨਹੀਂ ਹੈ।ਖੇਤੀ ਰਸਾਇਣਾਂ ਅਤੇ ਬੀਜਾਂ ਦਾ ਕਾਰੋਬਾਰ ਕਰਨ ਵਾਲੀਆਂ ਸਾਮਰਾਜੀ ਬਹੁਕੌਮੀ ਕੰਪਨੀਆਂ ਦੇ ਕੁਕਰਮਾਂ ਦੀ ਲੜੀ ਬਹੁਤ ਲੰਮੀ ਅਤੇ ਪੁਰਾਣੀ ਹੈ।ੱਹਰੇ ਇਨਕਲਾਬ' ਨੇ ਬਹੁਤ ਚਿਰ ਪਹਿਲਾਂ ਭਾਰਤ ਨੂੰ ਜਹਿਰਲੀਆਂ ਅਤੇ ਖਤਰਨਾਕ ਖੇਤੀ ਰਸਾਇਣਾਂ ਦੀ ਸਭ ਤੋਂ ਵੱਡੀ ਮੰਡੀ ਬਣਾ ਦਿੱਤਾ ਸੀ।
ਬ੍ਰਿਟਿਸ਼ ਐਗਰੋ ਕੈਮੀਕਲ ਐਸੋਸੀਏਸ਼ਨ ਫਾਰ ਆਕਸਫਾਮ ਨੇ ੪੫ ਸਾਲ ਪਹਿਲਾਂ ਇੱਕ ਸਰਵੇਖਰਣ ਦੇ ਅਧਾਰ 'ਤੇ ਦੱਸਿਆ ਸੀ ਕਿ ਅਮਰੀਕਾ ਤੋਂ ਜਿਨ੍ਹਾਂ ਕੀਟਨਾਸ਼ਕਾਂ ਦੀ ਪਛੜੇ ਮੁਲਕਾਂ ਨੂੰ ਬਰਾਮਦ ਕੀਤੀ ਜਾ ਰਹੀ ਹੈ, ਉਹਨਾਂ ਚੋਂ ੩੦ ਫੀਸਦੀ ਖੁਦ ਅਮਰੀਕਾ 'ਚ ਵਰਜਿਤ ਹਨ।ਇੰਗਲੈਂਡ ਵੀ ਆਪਣੇ ਮੁਲਕ 'ਚ ਵਰਜਿਤ ੧੧ ਕੀਟਨਾਸ਼ਕ ਪਛੜੇ ਮੁਲਕਾਂ 'ਚ ਵੇਚ ਰਿਹਾ ਸੀ।ਪਰ ਇਸਦੇ ਬਾਵਜੂਦ ਭਾਰਤੀ ਹਾਕਮ ਸਾਡੇ ਮੁਲਕ 'ਚ ਇਹਨਾਂ ਕੀਟਨਾਸ਼ਕਾਂ ਦੀ ਪੈਦਾਵਾਰ, ਦਰਾਮਦ ਅਤੇ ਵਰਤੋਂ ਵਧਾਉਂਦੇ ਗਏ। ੧੯੮੨ ਤੱਕ ਆਉਂਦੇ-ਆਉਂਦੇ ਭਾਰਤ ਅੰਦਰ ਵਰਜਿਤ ਕੀਟਨਾਸ਼ਕਾਂ ਦਾ ਹਿੱਸਾ ਇਹਨਾਂ ਦੀ ਵਰਤੋਂ ਦੇ ੭੦ ਫੀਸਦੀ ਤੱਕ ਪਹੁੰਚ ਗਿਆ। ਇਹ ਕੀਟਨਾਸ਼ਕ ਸੰਸਾਰ ਸਿਹਤ ਸੰਸਥਾ ਵੱਲੋਂ ਜ਼ਹਿਰੀਲੇ ਅਤੇ ਖਤਰਨਾਕ ਕਰਾਰ ਦਿੱਤੇ ਹੋਏ ਸਨ।ਇਹਨਾਂ ਵਰਜਿਤ ਕੀਟਨਾਸ਼ਕਾਂ 'ਚ ਡੀ. ਡੀ. ਟੀ., ਬੀ. ਐਚ. ਸੀ., ਪੈਰਾਥੀਨ, ਹੈਪਚਾਰਲ, ਲਿੰਡੇਨ, ਬੀ. ਡੀ. ਸੀ. ਪੀ., ੪-ਡੀ. ਹਰਬੀਸਾਈਟ, ਪੈਰਾਕਫ ਅਤੇ ਟੈਕਸਾਫਾਈਨ ਸ਼ਾਮਲ ਸਨ। ਡੀ. ਡੀ. ਟੀ. ਨਾਲੋਂ ੨੦ ਗੁਣਾ ਜ਼ਹਿਰੀਲੀ ਪੈਰਾਥੀਨ ਦਾ ੧੦੦ ਮਿਲੀਗਰਾਮ ਜਾਣੀ ਇੱਕ ਗਰਾਮ ਦਾ ਦਸਵਾਂ ਹਿੱਸਾ ਇੱਕ ਕਿਲੋ ਭਾਰੇ ਚੂਹੇ ਨੂੰ ਚਮੜੀ ਛੋਂਹਦਿਆਂ ਹੀ ਮਾਰ ਸਕਦਾ ਹੈ।
ਇਸ ਤੋਂ ਬਿਨਾਂ ਰਿਵਿਊ ਅਧੀਨ ਸ਼ਕੀਆ ਕੀਟਨਾਸ਼ਕਾਂ ਦੀ ਇੱਕ ਹੋਰ ਪੂਰੀ ਸੂਰੀ ਸੂਚੀ ਤਿਆਰ ਕੀਤੀ ਗਈ  ਸੀ।ਸੰਸਾਰ ਸਿਹਤ ਸੰਸਥਾ ਨੇ ਇਹਨਾਂ ਨੂੰ "ਬੇਹੱਦ ਖਤਰਨਾਕ" ਜਾਂ "ਬਹੁਤ ਖਤਰਨਾਕ" ਵੰਨਗੀਆਂ 'ਚ ਦਰਜ ਕੀਤਾ ਸੀ।ਇਹਨਾਂ 'ਚ ਐਲਡੀਕਾਰਬ, ਕਾਰਬੋਫਰਾਨ, ਕਲੋਰੋਫੈਨਫਿਨਫਾਸ, ਡਾਈਕਲੋਰੋਵਿਸ਼, ਐਂਡੋਸਲਫਾਨ, ਮੋਨੋਕਰੇਟੋਫਾਸ, ਆਕਸੀਡੇਮੇਟਿਨ, ਮੇਥਾਈਲਫੌਰੇਟ, ਫਾਸਫੋਮੀਡਿਨ ਅਤੇ ਪਾਇਰਮਫਾਸ ਇਥਾਈਲ ਸ਼ਾਮਲ ਸਨ।
ਤਾਂ ਵੀ ਭਾਰਤ 'ਚ ਇਹਨਾਂ ਦੀ ੫੧੦ ਲੱਖ ਕਿਲੋਗ੍ਰਾਮ ਸਾਲਾਨਾ ਖਪਤ ਹੋ ਰਹੀ ਸੀ। ਇਹ ਸੰਸਾਰ 'ਚ ਕੀਟਨਾਸ਼ਕਾਂ ਦੀ ਵਰਤੋਂ ਦੀ ਸਭ ਤੋਂ ਉੱਚੀ ਮਾਤਰਾ ਸੀ।ਇਹ ਚਰਚਾ ਜੋਰਾਂ 'ਤੇ ਸੀ ਕਿ ਇਹ ਕੀਟਨਾਸ਼ਕ ਮਨੁੱਖੀ ਸਿਹਤ ਲਈ ਭਾਰੀ ਸਰਾਪ ਹਨ।ਹਰ ਕਿਸਮ ਦੇ ਭੋਜਨ ਪਦਾਰਥਾਂ, ਪਾਣੀ, ਦੁਧਾਰੂ ਪਸ਼ੂਆਂ, ਮੱਛੀਆਂ, ਮੁਰਗਿਆਂ, ਮਨੁੱਖੀ ਅੰਗਾਂ ਅਤੇ ਲਹੂ ਤੱਕ 'ਚ ਇਹਨਾਂ ਦੇ ਖਤਰਨਾਕ ਹੱਦ ਤੱਕ ਉੱਚੇ ਅੰਸ਼ਾਂ ਦੀ ਵੱਡੇ ਪੱਧਰ 'ਤੇ ਸੈਂਪਲਾਂ ਰਾਹੀਂ ਪੁਸ਼ਟੀ ਹੋ ਰਹੀ ਸੀ।
ਦੂਜੇ ਪਾਸੇ ਇਹਨਾਂ ਕੀਟਨਾਸ਼ਕਾਂ ਦੇ ਖੇਤੀ ਲਈ ਆਫਤ ਬਣ ਜਾਣ ਦੇ ਵੱਡੇ ਸਬੂਤ ਸਾਹਮਣੇ ਆ ਰਹੇ ਸਨ। ਇਹ ਨੁਕਸਾਨਦਾਇਕ ਕੀੜਿਆਂ ਨੂੰ ਖਾਣ ਵਾਲੇ ਜੀਵ ਜੰਤੂਆਂ, ਪੰਛੀਆਂ ਅਤੇ ਮਿੱਤਰ ਕੀੜਿਆਂ ਦਾ ਸਫਾਇਆ ਕਰੀ ਜਾ ਰਹੀਆਂ ਸਨ। ਪਰ ਫਸਲਾਂ ਦੇ ਦੁਸ਼ਮਣ ਕੀੜਿਆਂ ਅਤੇ ਨਦੀਣਾਂ 'ਚ ਇਹਨਾਂ ਦੇ ਟਾਕਰੇ ਦੀ ਸਮਰੱਥਾ ਵਿਕਸਤ ਹੋ ਰਹੀ ਸੀ।ਕੀੜਿਆਂ ਦੇ ਲਸ਼ਕਰ ਵੱਡੇ ਹੋ ਰਹੇ ਸਨ। ੧੯੮੨ ਤੱਕ ਕੀੜਿਆਂ ਦੀਆਂ ਅਜਿਹੀਆਂ ੧੫ ਕਿਸਮਾਂ ਨੋਟ ਹੋ ਚੁੱਕੀਆਂ ਸਨ, ਜਿੰਨ੍ਹਾਂ 'ਤੇ ਹਰ ਰਸਾਇਣ ਬੇਅਸਰ ਹੋ ਚੁੱਕੀ ਸੀ। ੨੦ ਅਜਿਹੀਆਂ ਕਿਸਮਾਂ ਨੋਟ ਹੋ ਚੁੱਕੀਆਂ ਸਨ ਜਿਹੜੀਆਂ ਇੱਕ ਕੀਟਨਾਸ਼ਕ ਨਾਲ ਵਾਹ ਪੈਂਦਿਆਂ ਹੀ ਉਸ ਨਾਲ ਮਿਲਦੇ-ਜੁਲਦੇ ਹੋਰਨਾਂ ਕੀਟਨਾਸ਼ਕਾਂ ਦੇ ਵੀ ਮੁਕਾਬਲੇ ਦੀ ਸਮਰੱਥਾ (ਛਰੋਸਸ ੍ਰeਸਸਿਟeਨਚe) ਵਿਕਸਿਤ ਕਰ ਲੈਂਦੀਆਂ ਹਨ।ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਕੀਟਨਾਸ਼ਕਾਂ ਦੇ ਬਜ਼ਾਰ 'ਚ ਬਹੁਕੌਮੀ ਕੰਪਨੀਆਂ ਦਾ ਬੋਲਬਾਲਾ ਸੀ, ਪਰ ਖੇਤਾਂ 'ਚ ਚਿੱਟੀ ਮੱਖੀ,ਅਮਰੀਕਨ ਸੁੰਡੀ, ਲੀਫ-ਵਰਮ, ਬਾਲ-ਵਰਮ ਅਤੇ ਪਲਾਂਟ ਹੌਪਰ ਵਰਗੇ ਕੀੜਿਆਂ ਦਾ ਬੋਲਬਾਲਾ ਸੀ।ਕਣਕ ਅਤੇ ਧਾਨ ਦੀ ਫਸਲ 'ਤੇ ਕੀੜਿਆਂ ਦੀਆਂ ੧੮ ਹੋਰ ਨਵੀਆਂ ਕਿਸਮਾਂ ਨੇ ਹੱਲਾ ਬੋਲ ਦਿੱਤਾ ਸੀ।
ਬਿਮਾਰੀਆਂ ਲਈ ਸਪਰੇਅ ਦੇ ਨਤੀਜੇ ਵੀ ਵੱਖਰੇ ਨਹੀਂ ਸਨ। ਪੰਜਾਬ ਹਰਿਆਣੇ 'ਚ ਕਣਕ ਦਾ ੩੦-੪੦ ਫੀਸਦੀ ਰਕਬਾ ਫਲੇਰੀ ਮਾਈਨਰ ਦੀ ਮਾਰ ਹੇਠ ਸੀ।ਕਰਨਾਲ ਬੰਟ ਨੇ ਦੂਹਰੇ ਗੇੜ ਦਾ ਹੱਲਾ ਬੋਲਿਆ ਹੋਇਆ ਸੀ।ਬਹੁਕੌਮੀ ਕੰਪਨੀਆਂ ਦੇ ਅਣਪਰਖੇ ਰਸਾਇਣਾਂ ਦਾ ਰੋਲ ਚਰਚਾ 'ਚ ਆ ਰਿਹਾ ਸੀ।ਫਲੇਰੀ ਮਾਈਨਰ ਦੇ ਟਾਕਰੇ ਲਈ ਰਸਾਇਣਾਂ ਦੀ ਸਪਲਾਈ ਨਾਲ ਗੜਬੜ ਹੋ ਗਈ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਗ੍ਰੈਮੀਨਨ ਅਤੇ ਆਈਸੋਪ੍ਰੋਟੋਨ ਦਾ ਛਿੜਕਾਅ ਬੰਦ ਕਰਨ ਲਈ ਕਹਿ ਦਿੱਤਾ ਸੀ।ਪੰਜਾਬ ਸਰਕਾਰ ਵੱਲੋਂ ੩੦੦ ਜੜੀਮਾਰਾਂ ਦੇ ਟੈਂਡਰ ਜਾਰੀ ਕੀਤੇ ਜਾਣੇ ਸਨ। ਅਣਪਰਖੇ ਜੜੀਮਾਰਾਂ 'ਤੇ ਬੰਦਸ਼ ਖਿਲਾਫ਼ ਬਹੁਕੌਮੀ ਕੰਪਨੀਆਂ, ਡੀਲਰਾਂ ਅਤੇ ਸਥਾਨਕ  ਉਤਪਾਦਕਾਂ ਵੱਲੋਂ ਪੰਜਾਬ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਸੀ। ਰਸਾਇਣਾਂ ਦੀ ਦਰਾਮਦ ਪਹਿਲਾਂ ਸਿਰਫ ਹਿੰਦੋਸਤਾਨ ਇੰਸੈਕਟੀਸਾਈਡ ਲਿਮਿਟਡ ਰਾਹੀਂ ਹੋ ਸਕਦੀ ਸੀ। ਪਰ ਹੁਣ ਕੇਂਦਰ ਸਰਕਾਰ ਨੇ ਪੰਜਾਬ ਦੇ ਸਥਾਨਕ ਉਤਪਾਦਕਾਂ ਨੂੰ ਬਹੁਕੌਮੀ ਕੰਪਨੀਆਂ ਤੋਂ ਦਰਾਮਦ ਕੀਤੀ ਸਮੱਗਰੀ ਨਾਲ ਇਹ ਜੜੀਮਾਰ ਦਵਾਈਆਂ ਤਿਆਰ ਕਰਨ ਦੀ ਇਜਾਜਤ ਦੇ ਦਿੱਤੀ ਸੀਪਰ ਅਜੇ ਵੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਦੇ ਪਾਲਣ ਦੀ ਮਜਬੂਰੀ ਪੰਜਾਬ ਸਰਕਾਰ ਲਈ ਅੜਿੱਕਾ ਬਣ ਰਹੀ ਸੀ।ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਦੀ ਸੰਘੀ 'ਤੇ ਅੰਗੂਠਾ ਰੱਖ ਦਿੱਤਾ ਗਿਆ।ਯੂਨੀਵਰਸਿਟੀ ਨੇ ਸਾਜਿਸ਼ੀ ਲੋਟਣੀ ਖਾਂਦਿਆਂ ਉਹਨਾਂ ਹੀ ਅਣਪਰਖੇ ਰਸਾਇਣਾਂ ਦੇ ਗਰੁੱਪ ਦੀ ਵਰਤੋਂ ਦੀ ਸਿਫਾਰਸ਼ ਕਰ ਦਿੱਤੀ ਜਿਸਨੂੰ ਇੱਕ ਸਾਲ ਪਹਿਲਾਂ ਇਸਨੇ ਰੱਦ ਕਰ ਦਿੱਤਾ ਸੀ।ਇਉਂ ਹਿੰਦੁਸਤਾਨ ਇੰਸੈਕਟੀਸਾਈਡਜ਼ ਲਿਮਟਿਡ ਨੂੰ ਲਾਂਭੇ ਕਰਕੇ ਅਣਪਰਖੀਆਂ ਰਸਾਇਣਾਂ ਲੋਕਾਂ 'ਤੇ ਮੜ੍ਹ ਦਿੱਤੀਆਂ ਗਈਆਂ।(ਦੇਖੋ-ਇੰਡੀਅਨ ਐਕਸਪ੍ਰੈਸ ੩੦ ਨਵੰਬਰ ੧੯੮੨ ਅਤੇ ਜਫਰਨਾਮਾ ਫਰਵਰੀ ੧੯੮੩)
ਇਹ ਉਹ ਸਮਾਂ ਸੀ ਜਦੋਂ ਇੰਦਰਾ ਗਾਂਧੀ ਨੇ ਸਮਾਜਵਾਦ ਦੀ ਨਕਲੀ ਮੁਹਾਰਨੀ ਤਿਆਗ ਦਿੱਤੀ ਸੀ ਅਤੇ ਦਰਾਮਦ ਉਦਾਰਤਾ ਦੇ ਨਵੇਂ ਦੌਰ ਦੀ ਢੱਡ ਫੜ ਲਈ ਸੀ।ਸੋ ਕੀਟਨਾਸ਼ਕਾਂ ਦੀ ਦਰਾਮਦ ਅਤੇ ਪੈਦਾਵਾਰ ਲਈ ਮੁਲਕ ਦੇ ਬੂਹੇ ਹੋਰ ਚੌੜੇ ਕੀਤੇ ਜਾ ਰਹੇ ਸਨ।ਪਹਿਲੇ ਜਾਂ ਬਦਲਵੇਂ ਨਾਵਾਂ ਹੇਠ ਇਹਨਾਂ ਦੀ ਦਰਾਮਦ ਅਤੇ ਪੈਦਾਵਾਰ 'ਚ ਤੇਜੀ ਆ ਰਹੀ ਸੀ।(ਜਿਸਨੇ ੯੦ਵਿਆਂ ਦੇ ਸੰਸਾਰੀਕਰਣ ਅਤੇ ਆਰਥਿਕ ਸੁਧਾਰਾਂ ਦੇ ਅਗਲੇ ਦੌਰ 'ਚ ਹੋਰ ਜੋਰ ਫੜ ਲਿਆ ਸੀ)    
੮੦ਵਿਆਂ ਦੇ ਇਹਨਾਂ ਸਾਲਾਂ 'ਚ ਬਹੁਕੌਮੀ ਕੰਪਨੀਆਂ ਅਤੇ ਇਹਨਾਂ ਦੇ ਕੀਟਨਾਸ਼ਕਾਂ ਬਾਰੇ ਦੋ ਗੱਲਾਂ ਕਰਕੇ ਸੰਸਾਰ ਭਰ 'ਚ ਲਾਹਨਤਾਂ ਭਰੀ ਚਰਚਾ ਹੋਈ। ਇਹਨਾਂ ਕੀਟਨਾਸ਼ਕਾਂ ਨੇ ਸੂਡਾਨ ' 'ਗੇਜ਼ਰਾ' ਦੇ ਨਾਂ ਨਾਲ ਜਾਣੀ ਜਾਂਦੀ ਕਪਾਹ ਪੱਟੀ ਦੀ ਖੇਤੀ ਨੂੰ ਤਬਾਹ ਕਰ ਦਿੱਤਾ ਸੀ। ਭਾਰਤ ਅੰਦਰ ਵੀ ਇਹਨਾਂ ਕੀਟਨਾਸ਼ਕਾਂ ਦਾ ਖਰਚਾ ਫਸਲ ਦੇ ਕੁੱਲ ਖਰਚ ਦੇ ੬੦-੭੦ ਫੀਸਦੀ ਤੱਕ ਜਾ ਰਿਹਾ ਸੀ। ਜਦੋਂ ਕਿ ਕੀੜਿਆਂ ਦੇ ਹੱਲੇ ਭਿਆਨਕ ਹੁੰਦੇ ਜਾ ਰਹੇ ਸਨ।ਕਈ ਖੇਤੀ ਮਾਹਰਾਂ ਅਤੇ ਕੀਟ ਮਾਹਰਾਂ ਨੇ ਡਰ ਪ੍ਰਗਟ ਕੀਤਾ ਸੀ ਕਿ ਭਾਰਤ ਦੀ ਜ਼ਮੀਨ ਦੇ ਵੱਡੇ ਖੇਤਰਾਂ ਨਾਲ ਗੇਜ਼ਰਾ ਵਾਲੀ ਹੋਣੀ ਵਾਪਰ ਸਕਦੀ ਹੈ।
ਦਸੰਬਰ ੧੯੮੪ 'ਚ ਭੋਪਾਲ 'ਚ ਅਮਰੀਕੀ ਬਹੁਕੌਮੀ ਕੰਪਨੀ ਯੂਨੀਅਨ ਕਾਰਬਾਈਡ ਦੇ ਕੀਟਨਾਸ਼ਕਾਂ ਦੇ ਪਲਾਂਟ ਚੋਂ ਰਿਸੀ ਜ਼ਹਿਰਲੀ ਗੈਸ ਮਿਥਾਈਲ ਆਈਸੋਸਾਈਨੇਟ ਨੇ ਹਜ਼ਾਰਾਂ ਮਨੁੱਖੀ ਜਾਨਾਂ ਦੀ ਬਲੀ ਲੈ ਲਈ ਸੀ ਅਤੇ ਲੱਖਾਂ ਨੂੰ ਭਿਆਨਕ ਅਸਰਾਂ ਦੀ ਲਪੇਟ 'ਚ ਲੈ ਲਿਆ ਸੀ। ਇਸਨੇ ਬਹੁਕੌਮੀ ਕੰਪਨੀਆਂ ਦੀ ਅਣਮਨੁੱਖੀ ਮੁਨਾਫਾਖੋਰੀ ਦੀ ਵਿਆਪਕ ਚਰਚਾ ਛੇੜ ਦਿੱਤੀ।

ਪਰ ਭਾਰਤੀ ਹਾਕਮ ਇਹਨਾਂ ਅਪਰਾਧੀਆਂ ਖਿਲਾਫ ਕੁਝ ਕਰਨ ਦੀ ਬਜਾਏ ਵਿਦੇਸ਼ੀ ਸਰਮਾਏ ਦਾ ਉਤਸ਼ਾਹ ਕਾਇਮ ਰੱਖਣ ਦੀ ਕੌਮ-ਧਰੋਹੀ ਮੁਹਾਰਨੀ ਪੜ੍ਹਦੇ ਰਹੇ।ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਦੋ ਵਰ੍ਹੇ ਪਹਿਲਾਂ ਉਸੇ ਐਂਡੋਸਲਫਾਨ ਰਸਾਇਣ ਵੱਲੋਂ ਕੇਰਲ ਦੇ ਕਿਸਾਨਾਂ ਲਈ ਕਹਿਰ ਬਣ ਜਾਣ ਦੀਆਂ ਖਬਰਾਂ ਆਈਆਂ, ਜਿਸ ਵਰਜਿਤ ਰਸਾਇਣ ਦੀ ਵਰਤੋਂ ਖਿਲਾਫ ੪੫ ਸਾਲ ਪਹਿਲਾਂ ਭਾਰਤ ਦੇ ਵਿਗਿਆਨੀਆਂ ਨੇ ਆਵਾਜ਼ ਉੱਚੀ ਕੀਤੀ ਸੀ।
ਪੰਜਾਬ ਅਤੇ ਹਰਿਆਣੇ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਰੋਜ਼ੀ ਰੋਟੀ 'ਤੇ ਓਬਰੇਨ ਦਾ ਮਾਰੂ ਛਿੜਕਾਅ ਹਾਕਮਾਂ ਦੇ ਇਸ ਲੰਮੇ ਲੋਕ ਦੁਸ਼ਮਣ ਵਿਹਾਰ ਦੀ ਹੀ ਇੱਕ ਮਿਸਾਲ ਹੈ।

--------------0-------------

No comments:

Post a Comment