Sunday, May 7, 2017

(12) ਇਕ ਨਕਸਲਬਾੜੀ ਸ਼ਹੀਦ ਦੀ ਬੀਰ ਗਾਥਾ

ਛੱਡ ਨੌਕਰੀ ਇਨਕਲਾਬੀਆਂ ਦੇ ਦਲ ਰਲਿਆ,
ਬਸ ਇੱਕ ਦਰਦ ਲੋਕਾਈ ਦੇ ਦਿਲ ਉਹਦਾ ਵਲਿਆ
ਬਸ ਇੱਕ ਸੁਪਨੇ ਓਸ ਦਾ ਹਿਰਦਾ ਸੀ ਮੱਲਿਆ
ਦੁੱਖ ਭੁੱਖ ਦੇ ਤੇਲ 'ਚ ਜੀਹਨੇ ਜੀਵਨ ਤਲਿਆ
ਪੂੰਜੀ-ਜਗੀਰੂ ਪੁੜਾਂ ਵਿਚ ਸਾਡਾ ਜੀਵਨ ਦਲਿਆ
ਜੋ ਸਾਡੇ ਲਹੂ ਪਸੀਨੇ 'ਤੇ ਅੱਜ ਤੀਕਰ ਪਲਿਆ
ਫਸਤਾ ਵੱਢੀਏ ਏਸ ਸਮਾਜ ਦਾ ਜੋ ਸੜਿਆ ਗਲਿਆ
ਠੀਕ, ਅਜੇ ਨਾ ਜਨਤਾ ਰੋਹ ਵਿਚ, ਨਾ ਲਹੂ ਉਬਲਿਆ
ਪਰ ਸਾਡੀ ਸ਼ਹਾਦਤ ਖਾਦ ਦਾ ਕੰਮ ਦੇ ਸੀਂ, ਬੱਲਿਆ।
ਫਿਰ ਤੱਕਸੀ ਇੱਕ ਦਿਨ ਲੋਕਾਈ ਇਹ ਖੇਤਰ ਫਲਿਆ।

ਉਹ ਫਿਰਦਾ ਸੀ ਨਿੱਤ ਪਿੰਡ ਪਿੰਡ ਕੋਈ ਲਾਂਬੂ ਲਾਂਦਾ
ਜਿਹੜੇ ਦੁਸ਼ਮਣ ਉਹਨਾਂ ਦੇ ਚਿਹਰਿਆਂ ਤੋਂ ਪਰਦੇ ਲਾਂਹਦਾ
ਕੌਣ ਆਪਣੇ ਕੌਣ ਬਗਾਨੇ ਏਸ ਦਾ ਗਿਆਨ ਕਰਾਂਦਾ
ਫਲ ਲਗਦਾ ਤੱਕ ਕੇ ਕਿਰਤ ਨੂੰ ਥੋੜ੍ਹਾ ਮੁਸਕਰਾਂਦਾ
ਉਹ ਨਵੇਂ ਲਹੂ ਨੂੰ ਖਾਸ ਕਰ ਤਾਅ, ਸਾਣ ਚੜ੍ਹਾਂਦਾ
ਕੋਈ ਸੁਪਨਾ ਨਵੇਂ ਸਮਾਜ ਦਾ ਅੱਖਾਂ 'ਚ ਵਸਾਂਦਾ
ਅੰਗ ਅੰਗ ਵਿਚ ਫੇਰ ਇਹ ਸੁਪਨਾ ਨਗਮੇਂ ਧੜਕਾਂਦਾ
ਕਿਵੇਂ ਤਲੀਆਂ 'ਤੇ ਸਿਰ ਧਰੀਦੇ, ਧਰ ਕੇ ਦਿਖਲਾਂਦਾ
ਕਿਵੇਂ ਗਲੀ ਯਾਰ ਦੀ ਜਾਈਦਾ, ਇਹ ਜਾਂਚ ਸਿਖਾਂਦਾ
ਓ ਮਰ ਕੇ ਕਿਵੇਂ ਜੀਉਂਈਦਾ-ਇਹ ਸਬਕ ਪੜ੍ਹਾਂਦਾ।

ਲੁਧਿਆਣੇ ਦੇ ਬੱਸ ਅੱਡੇ 'ਤੇ ਉਹ ਇਕ ਦਿਨ ਆਇਆ
ਅੱਗੋਂ ਸੀ ਬਲਵੀਰ ਨੇ ਆ ਹੱਥ ਮਿਲਾਇਆ
ਤੱਕ ਪੁਰਾਣਾ ਸਹਿ-ਪਾਠੀ ਬਾਵਾ ਮੁਸਕਾਇਆ
ਸ਼ੱਕ ਨਾ ਕੀਤਾ ਰਤਾ ਵੀ ਉਸ ਧ੍ਰੋਹ ਕਮਾਇਆ
ਮੁਖਬਰ ਸੀ ਉਹ ਪੁਲਸ ਦਾ ਬਾਵਾ ਫੜਵਾਇਆ।

ਫੜ ਕੇ ਲੈ ਗਏ ਮਰਜੀਵੜੇ ਨੂੰ ਪੁਲਸੀਏ ਥਾਣੇ
ਜਾ ਹਵਾਲਾਤ ਵਿਚ ਡੱਕਿਆ, ਮੰਨੇ ਕਿੰਜ ਭਾਣੇ
ਅੱਜ ਕੀ ਸਨ ਦਿਲ 'ਤੇ ਗੁਜਰੀਆਂ ਕੋਈ ਕੀ ਜਾਣੇ
ਕਿਵੇਂ ਮੌਤ ਨੂੰ ਜਿਤਦੇ ਸੂਰਮੇ ਤੱਕਣਾ ਦੁਨੀਆਂ ਨੇ
ਅੱਜ ਦੁਹਰਾਣੇ ਨੇ ਸਮੇਂ ਨੇ ਇਤਿਹਾਸ ਪੁਰਾਣੇ
ਮੁੜ ਵੇਖਣਾ, ਚੁੰਮਦੇ ਫਾਂਸੀਆਂ ਨੂੰ ਕਿਵੇਂ ਦੀਵਾਨੇ
ਕਿੰਜ ਸੱਲ ਪੈਂਦੇ ਨੇ ਮਾਵਾਂ ਨੂੰ, ਕਿੰਜ ਰੋਣ ਵੀਰਾਨੇ

ਪਹਿਲਾਂ ਦਿੱਤੇ ਲਾਲਚ ਸ਼ੇਰ ਨੂੰ ਜੇ ਭੇਦ ਉਹ ਦੱਸੇ
ਉਹਦਾ ਭਰਨ ਰੁਪਈਆਂ ਨਾਲ ਘਰ, ਸੁਖ ਭੋਗੇ, ਵੱਸੇ
ਜੇ ਚੁੱਪ ਰਿਹਾ ਤਾਂ ਪੈਣਗੇ ਗਲ ਰੇਸ਼ਮੀ ਰੱਸੇ
ਇਹ ਮੀਰ ਮੰਨੂੰ ਜੱਲਾਦ ਅੱਜ ਦੇ ਰੰਘੜ ਮੱਸੇ
ਕਹਿੰਦੇ ਵੇਖਾਂਗੇ ਦਲ ਦਾ ਭੇਦ ਇਹ ਕਿੱਦਾਂ ਨਾ ਦੱਸੇ
ਉਹਨਾਂ ਕਸੀਆਂ ਮੁਸ਼ਕਾਂ ਡਾਢੀਆਂ, ਅੰਗ ਅੰਗ ਗਰੱਸੇ
ਉਹਨਾਂ ਸੰਘੀ ਘੋਪੀ ਇੰਜ ਕਿ ਸਾਹ ਵੀ ਨਾ ਨੱਸੇ
ਫਿਰ ਕੀਤੀਆਂ ਸੀਖਾਂ ਗਰਮ ਅਤੇ ਅੰਗ ਲੂਹੇ ਲੱਸੇ
ਫਿਰ ਸੂਈਆਂ ਚੋਭੀਆਂ ਨਹੁੰਆਂ ਵਿਚ ਪੋਟਿਓ ਰੱਤ ਵਸੇ
ਪਰ ਸੂਰਮੇ ਮੂੰਹ ਨਾ ਖੋਲ੍ਹਿਆ ਕੁੱਝ ਵੀ ਨਾ ਦੱਸੇ।

ਉਹਨੂੰ ਮਾਰ ਮਾਰ ਕੇ ਪੁਲਸੀਆਂ ਕੀਤਾ ਅਧਮੋਇਆ
ਉਹਦਾ ਪੋਟਾ ਪੋਟਾ ਨੋਚਿਆ ਉਹਦਾ ਬੰਦ ਬੰਦ ਕੋਹਿਆ
ਜਦ ਕਸ ਚਿਹਰੇ ਦੀ ਉੱਡ ਗਈ ਤੇ ਸਾਹ ਬੰਦ ਹੋਇਆ
ਤੇ ਵੇਖਿਆ ਇਹਨਾਂ ਜ਼ੁਲਮੀਆਂ ਨੇ ਬਾਵਾ ਮੋਇਆ
ਜਾ ਝਾੜੀਆਂ ਪਿੱਛੇ ਸੁਟਿਆ ਲਾਗੇ ਇੱਕ ਟੋਇਆ
ਤੇ ਦੱਸਿਆ; ਪੁਲਸ ਮੁਕਾਬਲੇ ਵਿਚ ਬਾਵਾ ਮੋਇਆ।

ਤੂੰ ਹੋ ਗਇਉਂ ਉਚ-ਦੁਮਾਲੜਾ ਸੂਰਮਿਆਂ, ਸ਼ਾਬਾ
ਤੇ ਵਿਰਸਾ ਹੋਰ ਅਮੀਰ ਹੋ ਗਿਆ ਸਾਡਾ ਵਾਹਵਾ
ਧੰਨ ਮਾਂ ਜਿਸ ਸੀ ਜੰਮਿਆ ਇਹ ਪੁੱਤਰ ਬਾਵਾ
ਧੰਨ ਧਰਤੀ ਪੰਜਾਬ ਦੀ, ਇਹਦੀ ਵਧ ਗਈ ਆਭਾ
ਜੀਹਦੇ ਜਾਇਆਂ ਬੋਲਿਆ ਜਬਰ ਜ਼ੁਲਮ 'ਤੇ ਹੈ ਨਿੱਤ ਧਾਵਾ
ਇਹ ਧਰਤੀ ਸੁੱਚੀ ਕਿਰਤ ਦੀ ਇਹਨੂੰ ਪਿਆਰ ਦਾ ਦਾਅਵਾ
ਪਰ ਲੱਗੇ ਬਾਣ ਤਾਂ ਉੱਗਲੇ ਇਹ ਧਰਤੀ ਲਾਵਾ।

ਉਹ ਸੁਣੋ ਜਾਬਰੋ ਜ਼ੁਲਮੀਓਂ, ਤੁਹਾਨੂੰ ਸਮਾਂ ਵੰਗਾਰੇ
ਅੱਜ ਬੁਝੀਆਂ ਹਿੱਕਾਂ ਵਿੱਚ ਵੀ ਭਖ ਰਹੇ ਅੰਗਿਆਰੇ
ਜਿਹੜੇ ਸੁੱਟ ਧੌਣਾਂ ਸੀ ਖੜ੍ਹੇ ਅੱਜ ਤੱਕ ਛੰਨਾਂ ਢਾਰੇ
ਉਹ ਉਗਲਣ ਵਾਲੇ ਨੇ ਲਾਟਾਂ, ਛਡਸਨ ਚੰਗਿਆੜੇ
ਇਹਨਾਂ ਕੀਟਾਂ ਨੇ ਹਨ ਦੱਸਣੇ ਤੁਹਾਨੂੰ ਹੱਥ ਕਰਾਰੇ
ਜਿਵੇਂ ਭੱਠ ਵਿਚ ਨੇ ਭੁੰਨਦੇ ਦਾਣੇ ਭਠਿਆਰੇ
ਜਿੱਤ ਕਿਰਤੀ ਕਿਰਤ ਦੀ ਹੋ ਰਹੀ ਅੱਜ ਪਾਸੇ ਚਾਰੇ
ਹੈ ਲੋਕਾਂ ਦਾ ਯੁੱਗ ਆ ਗਿਆ ਤੁਹਾਡੇ ਕੂੜ ਪਸਾਰੇ
ਤੁਸੀਂ ਇਸ ਜੀਵਨ-ਸੰਗਰਾਮ ਵਿਚ ਹਾਰੇ ਕਿ ਹਾਰੇ।

'ਸ਼ਹੀਦ ਤਰਸੇਮ ਬਾਵਾ  ਦੀ ਵਾਰ '  ਚੋਂ
ਲੇਖਕ-ਪਿਆਰਾ ਸਿੰਘ ਸਹਿਰਾਈ

No comments:

Post a Comment