Sunday, May 7, 2017

(10) ਚੀਨੀ ਇਨਕਲਾਬ ਤੇ ਆਧਾਰ ਇਲਾਕੇ ਉਸਾਰਨ ਦੀ ਨੀਤੀ

ਅਰਧ-ਬਸਤੀਵਾਦੀ ਅਤੇ ਅਰਧ-ਜਗੀਰੂ ਚੀਨ ਦੀ ਕੁਲ ਵੱਸੋਂ ਦਾ 80% ਤੋਂ ਵੱਧ ਭਾਗ ਕਿਸਾਨੀ ਸੀ ਉਹ ਸਾਮਰਾਜ, ਜਗੀਰਦਾਰੀ, ਨੌਕਰਸ਼ਾਹ-ਦਲਾਲ ਸਰਮਾਏਦਾਰੀ ਦੇ ਤੀਹਰੇ ਜਬਰ ਤੇ ਲੁੱਟ ਦਾ ਸਿਕਾਰ ਸੀ, ਅਤੇ ਉਹ ਇਨਕਲਾਬ ਲਈ ਅਤੇ ਜਪਾਨ ਵਿਰੁੱਧ ਟਾਕਰੇ ਲਈ ਚਾਹਵਾਨ ਸੀ। ਜੇ ਲੋਕ-ਜੁੱਧ ਜਿੱਤਣਾ ਸੀ ਤਾਂ ਕਿਸਾਨਾਂ ਉਤੇ ਟੇਕ ਰੱਖਣੀ ਜਰੂਰੀ ਸੀ।
ਪਹਿਲੇ ਇਨਕਲਾਬੀ ਘਰੋਗੀ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੱਸਿਆ ਸੀ ਕਿ ਚੀਨੀ ਇਨਕਲਾਬ ਅੰਦਰ ਕਿਸਾਨਾਂ ਦੀ ਅੰਤਾਂ ਦੀ ਮਹੱਤਤਾ ਵਾਲੀ ਥਾਂ ਹੈ, ਸਾਮਰਾਜ ਤੇ ਜਗੀਰਦਾਰੀ ਵਿਰੁੱਧ ਸਰਮਾਏਦਾਰ ਜਮਹੂਰੀ ਇਨਕਲਾਬ ਅਸਲੋਂ ਇਕ ਕਿਸਾਨ ਇਨਕਲਾਬ ਸੀ, ਅਤੇ ਸਰਮਾਏਦਾਰ-ਜਮਹੂਰੀ ਇਨਕਲਾਬ ਅੰਦਰ ਚੀਨੀ ਪਰੋਲੇਤਾਰੀ ਜਮਾਤ ਦਾ ਬੁਨਿਆਦੀ ਕੰਮ ਕਿਸਾਨ ਘੋਲ ਨੂੰ ਅਗਵਾਈ ਦੇਣਾ ਹੈ।
ਜਪਾਨ ਵਿਰੁੱਧ ਟਾਕਰੇ ਦੇ ਜੁੱਧ ਸਮੇਂ ਸਾਥੀ ਮਾਓ ਜੇ-ਤੁੰਗ ਨੇ ਦੁਬਾਰਾ ਜੋਰ ਦਿੱਤਾ ਕਿ ਪਰੋਲੇਤਾਰੀ ਜਮਾਤ ਦੇ ਸਭ ਤੋਂ ਭਰੋਸੇਯੋਗ ਅਤੇ ਸਭ ਤੋਂ ਵੱਡੀ ਗਿਣਤੀ ਦੇ ਸੰਗੀ ਕਿਸਾਨ ਹਨ ਅਤੇ ਟਾਕਰੇ ਦੇ ਜੁੱਧ ਵਿਚ ਉਹ ਮੁੱਖ ਤਾਕਤ ਬਣਦੇ ਸਨ। ਚੀਨ ਦੀਆਂ ਫੌਜਾਂ ਵਾਸਤੇ ਬੰਦਿਆਂ ਦਾ ਮੁੱਖ ਸੋਮਾ ਕਿਸਾਨ ਸਨ। ਲਮਕਵੇਂ ਜੁੱਧ ਵਾਸਤੇ ਲੋੜੀਂਦੀਂ ਰਸ਼ਦ ਅਤੇ ਫੰਡ ਬਹੁਤਾ ਕਰਕੇ ਕਿਸਾਨਾਂ ਤੋਂ ਹੀ ਮਿਲਦੇ ਸਨ। ਜਪਾਨ ਵਿਰੋਧੀ ਜੁੱਧ ਵਿਚ ਮੁੱਖ ਤੌਰ 'ਤੇ ਟੇਕ ਕਿਸਾਨਾਂ ਉਤੇ ਰੱਖਣੀ ਅਤੇ ਉਨਾਂ ਨੂੰ ਵੱਡੇ ਪੈਮਾਨੇ ਉਤੇ ਜੁੱਧ ਵਿਚ ਸਾਮਲ ਹੋਣ ਲਈ ਉਭਾਰਨਾ ਲਾਜ਼ਮੀ ਸੀ।
ਜਪਾਨ ਵਿਰੁੱਧ ਟਾਕਰੇ ਦਾ ਜੁੱਧ ਸਾਡੀ ਪਾਰਟੀ ਦੀ ਅਗਵਾਈ ਵਿਚ ਅਸਲੋਂ ਇਕ ਕਿਸਾਨੀ ਦਾ ਇਨਕਲਾਬੀ ਜੁੱਧ ਸੀ। ਕਿਸਾਨ ਜਨਤਾ ਨੂੰ ਉਭਾਰਕੇ ਅਤੇ ਲਾਮਬੰਦ ਕਰਕੇ ਉਨ੍ਹਾਂ ਨੂੰ ਪਰੋਲੇਤਾਰੀ ਜਮਾਤ ਨਾਲ ਮੇਲ ਕੇ, ਸਾਡੀ ਪਾਰਟੀ ਨੇ ਸਭ ਤੋਂ ਤਕੜੇ ਵੈਰੀ ਨੂੰ ਹਰਾਉਣ ਲਈ ਇਕ ਬਲਵਾਨ ਤਾਕਤ ਪੈਦਾ ਕੀਤੀ।
ਕਿਸਾਨਾਂ ਉਤੇ ਟੇਕ ਰੱਖਣੀ, ਪੇਂਡੂ ਆਧਾਰ ਇਲਾਕੇ ਬਣਾਉਣੇ ਅਤੇ ਪਿੰਡਾਂ ਦੀ ਵਰਤੋਂ ਕਰਕੇ ਸ਼ਹਿਰਾਂ ਨੂੰ ਘੇਰਨਾ ਅਤੇ ਅਖੀਰ ਕਬਜੇ ਵਿਚ ਕਰਨਾ— ਚੀਨੀ ਇਨਕਲਾਬ ਦਾ ਜਿੱਤ ਦਾ ਏਹ ਰਾਹ ਸੀ। ਚੀਨੀ ਇਨਕਲਾਬ ਦੇ ਲੱਛਣਾਂ ਨੂੰ ਆਧਾਰ ਮੰਨ ਕੇ ਸਾਥੀ ਮਾਓ ਜ਼ੇ ਤੁੰਗ ਨੇ ਪੇਂਡੂ ਇਨਕਲਾਬੀ ਆਧਾਰ ਇਲਾਕੇ ਦੇ ਗੜ੍ਹ ਬਣਾਉਣ ਦੀ ਮਹੱਤਤਾ ਦੱਸੀ।
ਕਿਉਕਿ ਚੀਨ ਦੇ ਮੁੱਖ ਸ਼ਹਿਰ ਲੰਮੇ ਸਮੇਂ ਤੋਂ ਤਾਕਤਵਰ ਸਾਮਰਾਜਵਾਦੀਆਂ ਅਤੇ ਉਨ੍ਹਾਂ ਦੇ ਪਿੱਛੇ ਖਿੱਚੂ ਜੋਟੀਦਾਰਾਂ ਦੇ ਕਬਜੇ ਵਿਚ ਰਹੇ ਸਨ, ਇਨਕਲਾਬੀ ਦਸਤਿਆਂ ਲਈ ਇਹ ਲਾਜ਼ਮੀ ਸੀ ਕਿ ਉਹ ਪਿੱਛੜੇ ਹੋਏ ਪਿੰਡਾਂ ਨੂੰ ਉਨਤ ਅਤੇ ਪਰਪੱਕ ਅਧਾਰ ਇਲਾਕਿਆਂ ਵਿਚ, ਵੱਡੇ ਫੌਜੀ, ਰਾਜਸੀ, ਆਰਥਕ ਅਤੇ ਸਭਿਆਚਾਰਕ ਇਨਕਲਾਬ ਦੇ ਗੜ੍ਹਾਂ ਵਿਚ ਬਦਲ ਦੇਣ। ਜਿੱਥੋਂ ਸ਼ਹਿਰਾਂ ਨੂੰ ਵਰਤਕੇ ਪੇਂਡੂ ਇਲਾਕਿਆਂ ਉਤੇ ਧਾਵਾ ਬੋਲਦੇ ਦੁਸ਼ਟ ਵੈਰੀਆਂ ਨਾਲ ਲੜਿਆ ਜਾਵੇ, ਅਤੇ ਇਸ ਤਰ੍ਹਾਂ ਸਹਿਜੇ ਸਹਿਜੇ ਲਮਕਵੀਂ ਲੜਾਈ ਰਾਹੀਂ ਇਨਕਲਾਬ ਦੀ ਪੂਰਨ ਫਤਹਿ ਹਾਸਲ ਕੀਤੀ ਜਾਵੇ।ਜੇ ਉਹ ਸਾਮਰਾਜ ਅਤੇ ਉਸਦੇ ਚਾਟੜਿਆਂ ਨਾਲ ਸਮਝੋਤਾ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਨੇ ਲੜਦੇ ਰਹਿਣ ਦੀ ਧਾਰੀ ਹੋਈ ਹੈ ਅਤੇ ਜੇ ਉਹ ਆਪਣੀਆਂ ਤਾਕਤਾਂ ਨੂੰ ਉਸਾਰਨਾ ਅਤੇ ਕਾਠੀਆਂ ਕਰਨਾ ਚਾਹੁੰਦੇ ਹਨ ਅਤੇ ਉਨਾਂ ਚਿਰ ਤਾਕਤਵਰ ਵੈਰੀ ਨਾਲ ਫੈਸਲਾਕਰੂ ਲੜਾਈਆਂ ਤੋਂ ਟੱਲਣਾ ਚਾਹੁੰਦੇ ਹਨ, ਜਿੰਨਾ ਚਿਰ ਉਨ੍ਹਾਂ ਦੀ ਤਾਕਤ  ਨਾ-ਕਾਫੀ ਹੈ,ਤਾਂ ਉਨ੍ਹਾਂ ਲਈ ਇਹ ਕਰਨਾ ਲਾਜ਼ਮੀ ਹੈ। ਦੂਜੇ ਇਨਕਲਾਬੀ ਘਰੋਗੀ ਯੁੱਧ ਦੇ ਤਜਰਬੇ ਨੇ ਦੱਸਿਆ, ਜਦੋਂ ਸਾਥੀ ਮਾਓ ਜ਼ੇ ਤੁੰਗੀ ਦੀ ਇਸ ਯੁੱਧਨੀਤੀ ਦੀ ਧਾਰਨਾ ਨੂੰ ਲਾਗੂ ਕੀਤਾ ਗਿਆ ਤਾਂ ਇਨਕਲਾਬੀ ਤਾਕਤਾਂ ਅੰਦਰ ਅੰਤਾਂ ਦਾ ਵਾਧਾ ਹੋਇਆ ਅਤੇ ਇਕ ਤੋਂ ਪਿੱਛੋਂ ਦੂਜਾ ਲਾਲ ਇਲਾਕਾ ਬਣਦਾ ਗਿਆ। ਇਸ ਤੋਂ ਉਲਟ ਜਦੋਂ ਇਸ ਦੀ ਉਲੰਘਣਾ ਕੀਤੀ ਗਈ ਅਤੇ ''ਖੱਬੂ'' ਮੌਕਾਪ੍ਰਸਤਾਂ ਦੀਆਂ ਯੱਬਲੀਆਂ ਲਾਗੂ ਕੀਤੀਆਂ ਗਈਆਂ ਤਾਂ ਸ਼ਹਿਰਾਂ ਅੰਦਰ 100% ਅਤੇ ਪਿੰਡਾਂ ਅੰਦਰ 90% ਹਰਜ਼ਾ ਹੋਣ ਨਾਲ ਇਨਕਲਾਬੀ ਤਾਕਤਾਂ ਨੂੰ ਲੋਹੜਾ ਦਾ ਨੁਕਸਾਨ ਹੋਇਆ।
ਜਾਪਾਨ ਵਿਰੋਧੀ ਟਾਕਰੇ ਦੇ ਯੁੱਧ ਦੌਰਾਨ ਜਾਪਾਨੀ ਸਾਮਰਾਜੀ ਫੌਜਾਂ ਨੇ ਚੀਨ ਦੇ ਬਹੁਤ ਸਾਰੇ ਵੱਡੇ ਸ਼ਹਿਰਾਂ ਤੇ ਆਵਾਜਾਈ ਦੇ ਮੁੱਖ ਲਾਂਘਿਆਂ 'ਤੇ ਕਬਜ਼ਾ ਕਰ ਲਿਆ ਪਰ ਫੌਜੀ ਸਿਪਾਹੀਆਂ ਦੇ ਤੋੜੇ ਕਰਕੇ ਉਹ ਵਿਸ਼ਾਲ ਪੇਂਡੂ ਇਲਾਕੇ 'ਤੇ ਕਬਜ਼ਾ ਨਹੀਂ ਸੀ ਕਰ ਸਕਦੇ। ਜਿਹੜਾ ਵੈਰੀ ਦੇ ਰਾਜ ਦਾ ਕਮਜ਼ੋਰ ਪਾਸਾ ਰਿਹਾ। ਨਤੀਜੇ ਦੇ ਤੌਰ 'ਤੇ, ਪੇਂਡੂ ਆਧਾਰ ਇਲਾਕੇ ਬਣਾਉਣ ਦੀ ਸੰਭਾਵਨਾ ਹੋਰ ਵੀ ਵੱਧ ਹੋ ਗਈ। ਟਾਕਰੇ ਦਾ ਯੁੱਧ ਛਿੜਨ ਤੋਂ ਛੇਤੀ ਹੀ ਪਿੱਛੋਂ ਜਦੋਂ ਜਾਪਾਨੀ ਫੌਜਾਂ ਚੀਨ ਦੇ ਧੁਰ ਅੰਦਰ ਚੜ ਆਈਆਂ ਅਤੇ ਕੌਮਿਨਤਾਂਗੀ ਫੌਜਾਂ ਢਹਿਢੇਰੀ ਹੋ ਗਈਆਂ ਅਤੇ ਹਾਰ ਤੇ ਹਾਰ ਖਾ ਕੇ ਤਿੱਤਰ ਹੋ ਗਈਆਂ ਤਾਂ ਸਾਡੀ ਪਾਰਟੀ ਦੀ ਅਗਵਾਈ ਹੇਠਲੀਆਂ ਅੱਠਵੀਂ ਮਾਰਗ ਸੈਨਾ ਤੇ ਨਵੀਂ ਚੌਥੀ ਸੈਨਾ ਸਾਥੀ ਮਾਓ ਜ਼ੇ ਤੁੰਗ ਵੱਲੋਂ ਦੱਸੀ ਨੀਤੀ ਉਤੇ ਚੱਲੀਆਂ ਅਤੇ ਨਿਧੜਕ ਹੋ ਕੇ ਛੋਟੀਆਂ ਛੋਟੀਆਂ ਟੋਲੀਆਂ ਵਿੱਚ ਵੈਰੀਆਂ ਦੇ ਕਤਾਰਾਂ ਦੇ ਪਿਛਲੇ ਇਲਾਕਿਆਂ ਵਿੱਚ ਵੜ ਗਈਆਂ ਅਤੇ ਪਿੰਡਾਂ ਵਿੱਚ ਆਧਾਰ ਇਲਾਕੇ ਕਾਇਮ ਕੀਤੇ। ਯੁੱਣ ਦੇ ਅੱਠ ਸਾਲਾਂ ਦੇ ਦੌਰਾਨ ਅਸੀਂ ਉੱਤਰੀ, ਕੇਂਦਰੀ ਅਤੇ ਦੱਖਣੀ ਚੀਨ ਦੇ 19 ਜਾਪਾਨ ਵਿਰੋਧੀ ਆਧਾਰ ਇਲਾਕੇ ਕਾਇਮ ਕੀਤੇ। ਵੱਡੇ ਸ਼ਹਿਰਾਂ ਅਤੇ ਆਵਾਜਾਈ ਦੇ ਮੁੱਖ ਲਾਂਘਿਆਂ ਨੂੰ ਛੱਡ ਕੇ ਵੈਰੀ ਦੀ ਪਿੱਠ ਪਿਛਲਾ ਵਿਸ਼ਾਲ ਇਲਾਕਾ ਲੋਕਾਂ ਦੇ ਹੱਥਾਂ ਵਿੱਚ ਸੀ।
ਜਾਪਾਨ ਵਿਰੋਧੀ ਆਧਾਰ ਇਲਾਕਿਆਂ ਵਿੱਚ ਅਸੀਂ ਜਮਹੂਰੀ ਸੁਧਾਰ ਕੀਤੇ, ਲੋਕਾਂ ਦਾ ਰਹਿਣ ਸਹਿਣ ਸੁਧਾਰਿਆ ਅਤੇ ਕਿਸਾਨ ਜਨਤਾ ਨੂੰ ਲਾਮਬੰਦ ਅਤੇ ਜਥੇਬੰਦ ਕੀਤਾ। ਜਾਪਾਨ ਵਿਰੋਧੀ ਜਮਹੂਰੀ ਸਿਆਸੀ ਤਾਕਤ ਦੀਆਂ ਸੰਸਥਾਵਾਂ ਵਿਸ਼ਾਲ ਪੈਮਾਨੇ 'ਤੇ ਕਾਇਮ ਕੀਤੀਆਂ ਗਈਆਂ ਅਤੇ ਲੋਕਾਂ ਨੂੰ ਆਪਣੇ ਕਾਰਜ ਆਪ ਚਲਾਉਣ ਦੇ ਜਮਹੂਰੀ ਹੱਕ ਹਾਸਲ ਸਨ, ਨਾਲ ਦੀ ਨਾਲ ਅਸੀਂ ''ਵਾਜਬ ਭਾਰ'' ਅਤੇ ''ਲਗਾਨ ਅਤੇ ਵਿਆਜ ਦੀ ਕਮੀ'' ਦੀਆਂ ਨੀਤੀਆਂ ਚਲਾਈਆਂ, ਜਿਹਨਾਂ ਨੇ ਲੁੱਟ ਖਸੁੱਟ ਦੀਆਂ ਜਾਗੀਰੂ ਨੀਤੀਆਂ ਨੂੰ ਕਮਜ਼ੋਰ ਕੀਤਾ ਅਤੇ ਲੋਕਾਂ ਦਾ ਰਹਿਣ ਸਹਿਣ ਵਧੀਆ ਬਣਾਇਆ। ਨਤੀਜੇ ਦੇ ਤੌਰ 'ਤੇ ਵਿਸ਼ਾਲ ਜਨਤਾ ਦਾ ਉਤਸ਼ਾਹ ਖੂਬ ਜਾਗਿਆ, ਨਾਲੇ ਅੱਡ ਅੱਡ ਜਾਪਾਨ ਵਿਰੋਧੀ ਤਬਕਿਆਂ ਦਾ ਧਿਆਨ ਰੱਖਿਆ ਗਿਆ ਅਤੇ ਇਸ ਤਰ੍ਹਾਂ ਉਹ ਇੱਕਮੁੱਠ ਹੋ ਗਏ। ਆਧਾਰ ਇਲਾਕਿਆਂ ਵਾਸਤੇ ਨੀਤੀਆਂ ਘੜਨ ਵੇਲੇ ਅਸੀਂ ਇਹ ਵੀ ਖਿਆਲ ਰੱਖਿਆ ਕਿ ਵੈਰੀ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਇਹ ਸਾਡੇ ਕੰਮ ਲਈ ਸਹਾਈ ਹੋਣ।
ਵੈਰੀ ਦੇ ਕਬਜ਼ੇ ਹੇਠਲੇ ਸ਼ਹਿਰਾਂ ਅਤੇ ਪਿੰਡਾਂ ਅੰਦਰ ਅਸੀਂ ਕਾਨੂੰਨੀ ਅਤੇ ਗੈਰ ਕਾਨੂੰਨੀ ਘੋਲ ਨੂੰ ਮਿਲਾ ਕੇ ਚਲਾਇਆ, ਬੁਨਿਆਦੀ ਜਨਤਾ ਅਤੇ ਸਾਰੇ ਦੇਸ਼ਭਗਤਾਂ ਨੂੰ ਇਕਮੁੱਠ ਕੀਤਾ ਅਤੇ ਵੈਰੀ 'ਤੇ ਉਸਦੇ ਪਿੱਠੂਆਂ ਦੀ ਰਾਜਸੀ ਸੱਤਾ ਨੂੰ ਪਾੜਿਆ ਤੇ ਖਿੰਡਾਇਆ ਤਾਂ ਜੋ ਜਦੋਂ ਹਾਲਤਾਂ ਪੱਕ ਜਾਣ ਤਾਂ ਬਾਹਰੋਂ ਚਲਾਈਆਂ ਮੁਹਿੰਮਾਂ ਨਾਲ ਸਿੱਧਾ ਮੇਲ ਕੇ ਅੰਦਰਵਾਰੋਂ ਵੈਰੀ ਉਤੇ ਹੱਲਾ ਬੋਲਣ ਲਈ ਆਪਣੇ ਆਪ ਨੂੰ ਤਿਆਰ ਕਰ ਸਕੀਏ।
ਸਾਡੀ ਪਾਰਟੀ ਦੇ ਕਾਇਮ ਕੀਤੇ ਆਧਾਰ ਇਲਾਕੇ ਮੁਲਕ ਨੂੰ ਬਚਾਉਣ ਅਤੇ ਜਪਾਨ ਦਾ ਟਾਕਰਾ ਕਰਨ ਲਈ ਚੀਨੀ ਲੋਕਾਂ ਦੇ ਘੋਲ ਦਾ ਧੁਰਾ ਬਣੇ। ਇਨ੍ਹਾਂ ਅੱਡਿਆਂ ਦਾ ਆਸਰਾ ਲੈ ਕੇ ਸਾਡੀ ਪਾਰਟੀ ਨੇ ਲੋਕ ਇਨਕਲਾਬ ਨੂੰ ਵਧਾਇਆ ਅਤੇ ਮਜਬੂਤ ਬਣਾਇਆ, ਲਮਕਵੇਂ ਜੁੱਧ ਦੇ ਸਿਦਕ ਤੇ ਕਾਇਮ ਰਹੇ ਅਤੇ ਅੰਤ ਨੂੰ ਜਪਾਨ ਵਿਰੁੱਧੀ ਟਾਕਰੇ ਦੇ ਜੁੱਧ ਵਿਚ ਫਤਹਿ ਪਾਈ।
ਕੁਦਰਤੀ ਤੌਰ 'ਤੇ, ਇਨਕਲਾਬੀ ਅਧਾਰ ਇਲਾਕਿਆਂ ਨੂੰ ਵਧਾਉਣ ਫੈਲਾਉਣ ਦਾ ਕੰਮ ਸਾਵਾਂ ਚਲਣਾ ਅਸੰਭਵ ਸੀ। ਇਹ ਵੈਰੀ ਲਈ ਬੜਾ ਵੱਡਾ ਖਤਰਾ ਸਨ ਅਤੇ ਇਨ੍ਹਾਂ ਉਤੇ ਹਰ ਹਾਲ ਹੱਲਾ ਹੋਣਾ ਸੀ । ਇਸ ਲਈ ਉਨ੍ਹਾਂ ਦਾ ਵਾਧਾ ਫੈਲਣ, ਸੁੰਗੜਣ ਅਤੇ ਨਵੇਂ ਸਿਰਿਉ ਫੈਲਣ ਦਾ ਇਕ ਕਠਿਨ ਅਮਲ ਸੀ। 1937 ਅਤੇ 1940 ਦੇ ਦਰਮਿਆਨ ਜਪਾਨ ਵਿਰੋਧੀ ਅਧਾਰ ਇਲਾਕਿਆਂ ਦੀ ਅੰਦਰਲੀ ਵਸੋਂ ਵੱਧ ਕੇ 10 ਕਰੋੜ ਹੋ ਗਈ, ਪਰ 1941-42 'ਚ ਜਪਾਨੀ ਸਾਮਰਾਜੀਆਂ ਨੇ ਆਪਣੀਆਂ ਧਾੜਵੀ ਫੌਜਾਂ ਦਾ ਵੱਡਾ ਹਿੱਸਾ ਸਾਡੇ ਅਧਾਰ ਇਲਾਕਿਆਂ ਉਤੇ ਅੰਨ੍ਹੇਵਾਹ ਹਮਲੇ ਕਰਨ ਅਤੇ ਤਰਥੱਲ ਮਚਾਉਣ ਉਤੇ ਲਾ ਦਿੱਤਾ। ਏਸੇ ਸਮੇਂ ਕੌਮਨਤਾਂਗ ਨੇ ਵੀ ਇਨ੍ਹਾਂ ਅਧਾਰ ਇਲਾਕਿਆਂ ਨੂੰ ਘੇਰਾ ਪਾਇਆ, ਇਹਨਾਂ ਦੀ ਨਾਕਾਬੰਦੀ ਕੀਤੀ ਅਤੇ ਉਹ ਇਨ੍ਹਾਂ ਉਤੇ ਹੱਲਾ ਬੋਲਣ ਤੱਕ ਵੀ ਗਈ। ਸੋ 1942 ਤੱਕ, ਜਪਾਨ ਵਿਰੋਧੀ ਅਧਾਰ ਇਲਾਕੇ ਸੁੰਗੜ ਗਏ ਸਨ ਅਤੇ ਉਨ੍ਹਾਂ ਦੀ ਵਸੋਂ ਘੱਟ ਕੇ ਪੰਜ ਕਰੋੜ ਤੋਂ ਘੱਟ ਰਹਿ ਗਈ ਸੀ। ਜਨਤਾ ਉਤੇ ਪੂਰੀ ਟੇਕ ਰੱਖ ਕੇ, ਸਾਡੀ ਪਾਰਟੀ ਨੇ ਦ੍ਰਿੜਤਾ ਨਾਲ ਕਿੰਨੀਆਂ ਸਾਰੀਆਂ ਸਹੀ ਨੀਤੀਆਂ ਅਤੇ ਕਦਮ ਅਪਣਾਏ ਜਿਸਦੇ ਨਤੀਜੇ ਵੱਜੋਂ ਅੰਤਾਂ ਦੇ ਔਖੇ ਸਾਲਾਂ ਵਿਚ ਆਧਾਰ ਇਲਾਕੇ ਕਾਇਮ ਰਹੇ।...
ਟਾਕਰੇ ਦੇ ਯੁੱਧ ਸਮੇਂ ਕਾਇਮ ਕੀਤੇ ਇਨਕਲਾਬੀ ਆਧਾਰ ਇਲਾਕੇ ਮਗਰੋਂ ਸਾਡੇ ਮੁਕਤੀ ਦੇ ਲੋਕ ਯੁੱਧ ਵਾਸਤੇ ਹੁਲਾਰ ਪੈੜਾ ਬਣੇ, ਜਿਸ ਵਿੱਚ ਚੀਨੀ ਲੋਕਾਂ ਨੇ ਕੌਮਿਨਤਾਂਗੀ ਪਿੱਛਾਂਹ ਖਿੱਚੂਆਂ ਨੂੰ ਭਾਂਜ ਦਿੱਤੀ। ਮੁਕਤੀ ਯੁੱਧ ਵਿੱਚ ਅਸੀਂ ਪਹਿਲਾਂ ਪਿੰਡਾਂ ਵੰਨੀਓਂ ਸ਼ਹਿਰਾਂ ਨੂੰ ਘੇਰਨ ਤੇ ਫੇਰ ਸ਼ਹਿਰਾਂ ਉੱਤੇ ਕਬਜਾ ਕਰਨ ਦੀ ਨੀਤੀ ਜਾਰੀ ਰੱਖੀ ਅਤੇ ਇਸ ਤਰ੍ਹਾਂ ਕੌਮ ਵਿਆਪੀ ਜਿੱਤ ਹਾਸਲ ਕੀਤੀ।
ਲਿਨ ਪਿਆਓ ਦੀ ਲਿਖਤ ''ਲੋਕ ਯੁੱਧ ਦੀ ਜਿੱਤ ਅਮਰ ਰਹੇ'' 'ਚੋਂ ਕੁਝ ਅੰਸ਼


***

No comments:

Post a Comment