Sunday, May 7, 2017

(04) ਕੌਣ ਹਨ ਇਹ ਨਕਸਲਬਾੜੀਏ ਲੋਕਾਂ ਲਈ ਹਊਆ ਜਾਂ ਉਹਨਾਂ ਦੇ ਖਰੇ ਮਿੱਤਰ

ਲੋਕ-ਧਰੋਹੀ ਭਾਰਤੀ ਹਾਕਮਾਂ ਨੇ ਨਕਸਲਬਾੜੀ ਦੇ ਨਾਂਅ ਨਾਲ ਜਾਣੇ ਜਾਂਦੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਰਕੁਨਾਂ ਤੇ ਹਮਾਇਤੀਆਂ ਵਿਰੁੱਧ ਇੱਕ ਖੁੱਲਮ-ਖੁੱਲ੍ਹੀ ਹਥਿਆਰਬੰਦ ਜੰਗ ਛੇੜ ਰੱਖੀ ਹੈ। ਇਹ ਖੂੰਨੀ ਜੰਗ  1967 'ਚ ਪੱਛਮੀ ਬੰਗਾਲ ਸੂਬੇ 'ਚ ਭੜਕੀ ਨਕਸਲਬਾੜੀ ਦੀ ਹਥਿਆਰਬੰਦ ਬਗਾਵਤ ਦੇ ਵੇਲੇ ਤੋਂ ਹੀ ਚਲਦੀ ਆ ਰਹੀ ਹੈ। ਹਰ ਗੁਜਰਦੇ ਸਾਲ ਇਹ ਜੰਗ ਪਹਿਲਾਂ ਨਾਲੋਂ ਵਹਿਸ਼ੀ ਬਣਦੀ ਗਈ ਹੈ। ਭਾਰਤੀ ਹਾਕਮਾਂ ਨੇ ਨਕਸਲਬਾੜੀ ਲਹਿਰ ਨੂੰ ਦਬਾਉਣ ਤੇ ਕੁਚਲਣ ਲਈ ਲੱਖਾਂ ਦੀ ਗਿਣਤੀ 'ਚ ਹਥਿਆਰਬੰਦ ਲਸ਼ਕਰ, ਅਤਿ ਅਧੁਨਿਕ ਜੰਗੀ ਸਾਜ਼-ਸਮਾਨ ਅਤੇ ਮੂੰਹ ਮੰਗਿਆ ਪੈਸਾ ਝੋਕਿਆ ਜਾ ਰਿਹਾ ਹੈ। ਕੇਂਦਰ ਦੀ ਸਰਕਾਰ ਸਹਿਤ, ਨਕਸਲੀ ਲਹਿਰ ਤੋਂ ਪ੍ਰਭਾਵਤ ਸਭਨਾਂ ਰਾਜਾਂ ਦੀਆਂ ਸਰਕਾਰਾਂ-ਚਾਹੇ ਉਹ ਕਿਸੇ ਵੀ ਵੋਟ-ਪਾਰਟੀ ਨਾਲ ਸਬੰਧਤ ਹੋਣ-ਵੱਲੋਂ, ਇਸ ਨਹੱਕੀ ਤੇ ਖੂੰਨੀ ਜੰਗ ਨੂੰ ਪੂਰੀ ਬੇਕਿਰਕੀ ਨਾਲ ਚਲਾਇਆ ਜਾ ਰਿਹਾ ਹੈ, ਹੋਰ ਤਿੱਖਾ ਕੀਤਾ ਜਾ ਰਿਹਾ ਹੈ। ਹਰ ਵੰਨਗੀ ਦੀਆਂ ਪਿਛਾਖੜੀ ਤੇ ਸਾਮਰਾਜੀ ਸ਼ਕਤੀਆਂ ਵੱਲੋਂ ਇਸ ਖੂੰਨੀ ਜੰਗ ਨੂੰ ਚਲਦਾ ਰੱਖਣ ਲਈ ਭਾਰਤੀ ਹਾਕਮਾਂ ਦੀ ਪਿੱਠ ਥਾਪੜੀ ਜਾ ਰਹੀ ਹੈ, ਉਹਨਾਂ ਦੀ ਮਦਦ ਤੇ ਹਿਮਾਇਤ ਕੀਤੀ ਜਾ ਰਹੀ ਹੈ। ਆਖਿਰ, ਇਸ ਲਹਿਰ 'ਚ ਅਜਿਹਾ ਕੀ ਹੈ ਜਿਸ ਕਰਕੇ ਇਸ ਨੂੰ ਸਾਮਰਾਜੀ ਪ੍ਰਭੂਆਂ ਅਤੇ ਭਾਰਤੀ ਹਾਕਮਾਂ ਦੀ ਏਡੀ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਕਿਉਂ ਭਾਰਤੀ ਰਾਜ ਭਾਗ ਇਸ ਲਹਿਰ ਨੂੰ ਖੂੰਨ 'ਚ ਡੁਬੋਣ ਅਤੇ ਮਲੀਆ ਮੇਟ ਕਰਨ 'ਤੇ ਉਤਾਰੂ ਹੈ? 50 ਸਾਲਾਂ ਦੇ ਬੇਅਟਕ  ਵਹਿਸ਼ੀ ਜਬਰ ਅਤੇ ਦਮਨ ਦੇ ਬਾਵਜੂਦ ਭਰਤੀ ਹਾਕਮ ਕਿਉਂ ਇਸ ਲਹਿਰ ਨੂੰ ਕੁਚਲ ਨਹੀਂ ਸਕੇ? ਇਹ ਖੂੰਨੀ ਜੰਗ ਕਦ ਤੱਕ ਜਾਰੀ ਰਹੇਗੀ? ਇਸ ਲਹਿਰ ਬਾਰੇ ਇਹੋ ਜਿਹੇ ਅਨੇਕ ਸੁਆਲ ਪਾਠਕਾਂ ਦੇ ਮਨਾਂ 'ਚ ਉੱਠਣੇ ਸੁਭਾਵਕ ਹਨ।
ਕੌਣ ਹਨ ਇਹ ਨਕਸਲਬਾੜੀਏ
ਨਕਸਲਬਾੜੀ ਪੱਛਮੀ ਬੰਗਾਲ ਸੂਬੇ 'ਚ ਇੱਕ ਪੁਲਸ ਥਾਣਾ ਹੈ ਜਿਥੇ 1967 'ਚ ਇੱਕ ਜਬਰਦਸਤ ਕਿਸਾਨ ਬਗਾਵਤ ਭੜਕੀ ਸੀ। ਇਸ ਘਟਨਾ ਨੂੰ ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਕਿਸਾਨ ਬਗਾਵਤ ਨੇ ਮਾਰਕਸੀ ਕਮਿਊਨਿਸਟ ਪਾਰਟੀ, ਜੋ ਉਸ ਸਮੇਂ ਬੰਗਾਲ ਦੀ ਸਰਕਾਰ 'ਚ ਭਾਈਵਾਲ ਸੀ, ਲਈ ਵੱਡਾ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ ਇਹ ਫੁੱਟ ਦਾ ਸ਼ਿਕਾਰ ਹੋ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਦੇ ਹਮਾਇਤੀ ਖਰੇ ਤੇ ਸੁਹਿਰਦ ਕਮਿਊਨਿਸਟਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਅਤੇ ਮੁਲਕ ਭਰ ਅੰਦਰ ਅਜੇਹੇ ਕਿਸਾਨ ਅੰਦੋਲਨ ਛੇੜਨ ਦਾ ਸੱਦਾ ਦੇ ਦਿੱਤਾ। ਇਹ ਦੇਸ਼ ਵਿਆਪੀ ਲਹਿਰ ਬਣ ਗਈ। ਨਕਸਲਬਾੜੀ ਦੀ ਕਿਸਾਨ ਬਗਾਵਤ ਕਿਸਾਨਾਂ ਦੀ ਮੁਕਤੀ ਅਤੇ ਮੁਲਕ 'ਚ ਇਨਕਲਾਬ ਦੇ ਇਕ ਬਦਲਵੇਂ ਰਾਹ ਦੀ ਪ੍ਰਤੀਕ ਬਣ ਕੇ ਉਭਰੀ । ਪਾਰਲੀਮਾਨੀ ਚੋਣਾਂ ਰਾਹੀਂ ਪੁਰ ਅਮਨ ਤਬਦੀਲੀ ਦੇ ਰਾਹ ਦੀ ਥਾਂ ਇਸ ਨੇ ਮਜ਼ਦੂਰ ਜਮਾਤ ਦੀ ਅਗਵਾਈ 'ਚ ਹਥਿਆਰਬੰਦ ਜ਼ਰੱਈ ਲਹਿਰ ਉਸਾਰਨ ਤੇ ਕਿਸਾਨੀ ਦੇ ਹਥਿਆਰਬੰਦ ਲਮਕਵੇਂ ਲੋਕ-ਯੁੱਧ ਰਾਹੀਂ ਸੱਤ੍ਹਾ ਹਥਿਆਉਣ ਦਾ ਰਾਹ ਬੁਲੰਦ ਕੀਤਾ। ਇਸ ਨੇ ਮਾਰਕਸਵਾਦ ਲੈਨਿਨਵਾਦ ਮਾਓ-ਵਿਚਾਰਧਾਰਾ ਨੂੰ ਰਾਹ ਦਰਸਾਊ ਵਿਚਾਰਧਾਰਾ ਵਜੋਂ ਉਭਾਰਿਆ। ਨਕਸਲੀ ਕਿਸਾਨ  ਬਗਾਵਤ ਦੇ ਹਿਮਾਇਤੀਆਂ, ਅਤੇ ਉਪਰੋਕਤ ਸਿਆਸੀ ਵਿਚਾਰਧਾਰਾ ਦੇ ਪੈਰੋਕਾਰਾਂ ਨੂੰ ਕਮਿਊਨਿਸਟ ਇਨਕਲਾਬੀਆਂ ਜਾਂ ਨਕਸਲਬਾੜੀਆਂ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
    ਨਕਸਲਬਾੜੀ ਦੀ ਇਸ ਮਹਾਨ ਕਿਸਾਨ ਬਗਾਵਤ ਦੇ ਬੇਹੱਦ ਉਤਸ਼ਾਹੀ ਤੇ ਉਭਾਰੂ ਅਸਰ ਹੇਠ ਮੁਲਕ ਭਰ ਅੰਦਰ ਇਨਕਲਾਬੀ ਤਬਦੀਲੀ ਲਈ ਤਾਂਘਦੇ ਹਜਾਰਾਂ ਵਿਦਿਆਰਥੀਆਂ, ਕਿਰਤੀਆਂ, ਨੌਜਵਾਨਾਂ, ਕਿਸਾਨਾਂ ਤੇ ਬੁੱਧੀਜੀਵੀਆਂ ਨੇ ਯੂਨੀਵਰਸਿਟੀਆਂ, ਕਾਲਜਾਂ, ਨੌਕਰੀਆਂ ਤੇ ਕਾਰੋਬਾਰਾਂ ਨੂੰ ਛੱਡ ਦਿੱਤਾ ਤੇ ਉਹ ਜੀਅ ਜਾਨ ਨਾਲ ਇਸ ਲਹਿਰ 'ਚ ਕੁੱਦ ਪਏ। ਇਉਂ ਇਹ ਮਹਾਨ ਕਿਸਾਨ ਬਗਾਵਤ ਮੁਕਤੀ ਲਈ ਤਾਂਘਦੇ ਲੱਖਾਂ ਕਰੋੜਾਂ ਭਾਰਤੀਆਂ ਲਈ ਆਸ ਤੇ ਵਿਸ਼ਵਾਸ਼ ਦੀ ਸੂਹੀ ਕਿਰਨ ਬਣ ਕੇ ਲਿਸ਼ਕੀ।
ਜਾਹਿਰ ਹੈ ਕਿ ਨਕਸਲਬਾੜੀ ਲਹਿਰ 'ਚ ਸ਼ਾਮਲ ਹੋਣ ਵਾਲੇ ਕੋਈ ਮੌਕਾਤਾੜੂ ਤੇ ਦਾਅ-ਲਾਊ ਅਨਸਰ ਦੰਗੇਬਾਜ ਜਾਂ ਮਾਰ-ਧਾੜ ਕਰਨ ਵਾਲੇ ਮੁਜ਼ਰਮਾਨਾ ਅਨਸਰ ਨਹੀਂ ਸਨ, ਜਿਵੇਂ ਕਿ ਭਾਰਤੀ ਹਾਕਮ ਤੇ ਬੁਰਜੁਆ ਮੀਡੀਆ ਉਹਨਾਂ ਨੂੰ ਪੇਸ਼ ਕਰ ਰਿਹਾ ਹੈ। ਇਹ ਤਾਂ ਸਮਾਜ ਦੇ ਸਿਆਸੀ ਪੱਖੋਂ ਸਭ ਤੋਂ ਜ਼ਹੀਨ ਤੇ ਸੰਵੇਦਨਸ਼ੀਲ ਹਿੱਸੇ ਸਨ ਜਿਹੜੇ ਸਮਾਜ ਦੀਆਂ ਸਭ ਤੋਂ ਪਛੜੀਆਂ ਤੇ ਲੁੱਟੀਆਂ-ਲਤਾੜੀਆਂ ਪਰਤਾਂ ਦਾ ਦਰਦ ਆਪਣੀਆਂ ਹਿੱਕਾਂ 'ਚ ਸਾਂਭੀ ਉਹਨਾਂ ਦੀ ਜੰਗ 'ਚ ਜੂਝਣ ਖਾਤਰ ਨਿੱਤਰ ਕੇ ਸਾਹਮਣੇ ਆਏ ਸਨ। ਉਹਨਾਂ ਨੇ ਆਪਣੇ ਪਰਵਾਰਾਂ ਦੇ ਮੋਹ ਅਤੇ ਸੁਖ-ਆਰਾਮ ਨੂੰ ਛੱਡ ਕੇ ਆਪਣੀਆਂ ਜਿੰਦਗੀਆਂ ਇਨਕਲਾਬ ਦੇ ਲੇਖੇ ਲਾਉਣ ਦੀ ਜੁਅਰਤ ਤੇ ਚੇਤੰਨ ਫੈਸਲਾ ਕੀਤਾ ਸੀ। ਅਨੇਕਾਂ ਨੇ ਭਮੱਕੜਾਂ ਵਾਂਗ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਲੋਕ ਸ਼ਹੀਦੇ ਆਜ਼ਮ ਭਗਤ ਸਿੰਘ ਤੇ ਹੋਰਨਾਂ ਸ਼ਹੀਦਾਂ ਦੇ ਖਰੇ ਤੇ ਮਾਣ-ਮੱਤੇ ਵਾਰਿਸ ਹਨ। ਇਹ ਲੋਕ ਹੀ ਹਨ ਜੋ ਭਾਰਤ ਦੇ ਕਿਸਾਨਾਂ ਮਜਦੂਰਾਂ ਦੇ ਸੱਚੇ ਮਿੱਤਰ ਤੇ ਹਿਮੈਤੀ ਹਨ ਤੇ ਉਹਨਾਂ ਦੀ ਸਹੀ ਅਗਵਾਈ ਕਰਨ ਦੇ ਸਮਰੱਥ ਹਨ ।
ਸਿਰ ਵੱਢਵਾਂ ਵੈਰ
ਉਪਰੋਕਤ ਚਰਚਾ ਤੋਂ ਸਾਫ ਹੈ ਕਿ ਨਕਸਲਬਾੜੀ ਲਹਿਰ ਸਮਾਜ ਦੀਆਂ ਸਭ ਤੋਂ ਲੁੱਟੀਆਂ-ਲਤਾੜੀਆਂ ਜਮਾਤਾਂ-ਸ਼ਹਿਰੀ ਤੇ ਪੇਂਡੂ ਮਜ਼ਦੂਰਾਂ, ਕਿਸਾਨਾਂ ਛੋਟੇ ਤੇ ਟਟ-ਪੂੰਜੀਏ ਕਾਰੋਬਾਰੀਆਂ, ਵਿਦਿਆਰਥੀਆਂ, ਨੌਜਵਾਨਾਂ-ਆਦਿਕ ਤਬਕਿਆਂ ਦੇ ਹਿੱਤਾਂ ਦੀ ਤਰਜ਼ਮਾਨੀ ਕਰਨ ਵਾਲੀ ਇਨਕਲਾਬੀ ਲਹਿਰ ਹੈ। ਇਹ ਮੌਜੂਦਾ ਲੁਟੇਰੇ ਰਾਜ-ਪ੍ਰਬੰਧ ਦੀਆਂ ਵਲਗਣਾਂ 'ਚ ਸੀਮਤ ਲਹਿਰ ਨਹੀਂ, ਇਸ ਰਾਜ ਭਾਗ ਵਿਰੁੱਧ ਸੇਧਤ ਲਹਿਰ ਹੈ। ਇਹ ਮੌਜੂਦਾ ਲੁਟੇਰੇ ਤੇ ਜਾਬਰ ਰਾਜ ਪ੍ਰਬੰਧ ਨੂੰ ਉਲਟਾ ਕੇ, ਤਾਕਤ ਦੇ ਜੋਰ ਫਨਾਹ ਕਰਕੇ, ਇਸ ਦੀ ਥਾਂ ਕਿਸਾਨਾਂ ਮਜਦੂਰਾਂ ਦਾ ਰਾਜ ਸਥਾਪਤ ਕਰਨ ਦੀ ਮੁਦੱਈ ਲਹਿਰ ਹੈ। ਇਸੇ ਵਜਾਹ ਕਰਕੇ ਲੁਟੇਰੀਆਂ ਜਮਾਤਾਂ ਦੇ ਮੌਜੂਦਾ ਰਾਜ ਭਾਗ ਦਾ ਲੁੱਟ-ਖਸੁੱਟ ਤੇ ਦਾਬੇ ਦੀਆਂ ਵਿਰੋਧੀ ਇਨਕਲਾਬੀ ਜਮਾਤਾਂ ਦੀ ਇਸ ਲਹਿਰ ਨਾਲ ਪਹਿਲੇ ਦਿਨ ਤੋਂ ਹੀ ਸਿਰ-ਵੱਢਵੇਂ ਵੈਰ ਦਾ ਰਿਸ਼ਤਾ ਹੈ। ਇਹੀ ਵਜਾ੍ਹ ਹੈ ਕਿ ਮੌਜੂਦਾ ਰਾਜ ਭਾਗ ਦੀਆਂ ਰਖਵਾਲ ਸੱਭੇ ਸਿਆਸੀ ਸ਼ਕਤੀਆਂ ਅਤੇ ਪਾਰਟੀਆਂ ਇਨਕਲਾਬੀ ਲਹਿਰ ਨੂੰ ਸਖਤੀ ਤੇ ਬੇਕਿਰਕੀ ਨਾਲ ਕੁਚਲਣ ਦੀ ਪੁਰਜੋਰ ਵਕਾਲਤ ਕਰਦੀਆਂ ਹਨ। ਨਕਸਲਬਾੜੀ ਲਹਿਰ ਦਾ ਤੁਖਮ ਮਿਟਾਉਣ ਲਈ ਲੋਕ ਦੁਸ਼ਮਣ ਹਾਕਮਾਂ ਵੱਲੋਂ ਚਲਾਈ ਜਾ ਰਹੀ ਬੇਅਟਕ ਖੂੰਨੀ ਜੰਗ ਇਸ ਵੈਰ ਨੂੰ ਹੀ ਜਾਹਰ ਕਰਦੀ ਹੈ।
ਕੂੜ ਪ੍ਰਚਾਰ ਦਾ ਜੋਰਦਾਰ ਹੱਲਾ
ਭਾਰਤੀ ਲੁਟੇਰੇ ਹਾਕਮਾਂ ਤੇ ਉਹਨਾਂ ਦੀ ਸਰਕਾਰ ਵੱਲੋਂ ਨਕਸਲਬਾੜੀ ਲਹਿਰ ਖਿਲਾਫ ਚਲਾਈ ਜਾ ਰਹੀ ਜੰਗ ਦੋ ਧਾਰਾਵਾਂ ਰਾਹੀਂ ਅੱਗੇ ਵਧਾਈ ਜਾ ਰਹੀ ਹੈ। ਇਸ ਲਹਿਰ 'ਤੇ ਵਿੱਢੇ ਹਥਿਆਰਬੰਦ ਹਮਲੇ ਦੇ ਨਾਲ ਨਾਲ ਇਸ ਨੂੰ ਸਿਆਸੀ ਵਿਚਾਰਧਾਰਕ ਹਮਲੇ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਹੱਲੇ ਰਾਹੀਂ ਨਕਸਲਬਾੜੀ ਲਹਿਰ ਬਾਰੇ ਮਨਘੜਤ ਤੇ ਕੋਝਾ ਪ੍ਰਚਾਰ ਚਲਾਇਆ ਜਾ ਰਿਹਾ ਹੈ। ਇਸ ਲਹਿਰ ਦਾ ਮੂੰਹ-ਮੱਥਾ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਹ ਪ੍ਰਚਾਰ ਹੱਲਾ ਸਰਕਾਰੀ ਮਸ਼ੀਨਰੀ ਤੇ ਪ੍ਰਚਾਰ ਸਾਧਨਾਂ, ਬੁਰਜੁਆ ਪਾਰਟੀਆਂ , ਸੰਸਥਾਵਾਂ ਅਤੇ ਮੀਡੀਏ ਰਾਹੀਂ ਦਿਨ ਰਾਤ ਜਾਰੀ ਰੱਖਿਆ ਜਾ ਰਿਹਾ ਹੈ। ਸਾਮਰਾਜੀ ਮੀਡੀਆ ਵੀ ਇਸ ਹੱੱਲੇ 'ਚ ਪੂਰਾ ਸਹਿਯੋਗੀ ਹੈ। ਕਿਹਾ ਜਾ ਰਿਹਾ ਹੈ ਕਿ ਨਕਸਲੀ ਅਜਿਹੀ ਬੇਰਹਿਮ ਹਿੰਸਕ ਸ਼ਕਤੀ ਹਨ ਜੋ ਕਤਲ, ਮਾਰਧਾੜ ਤੇ ਲੁੱਟ 'ਚ ਸਰਗਰਮ ਹਨ। ਉਹ ਹਥਿਆਰਬੰਦ ਤਾਕਤ ਦੇ ਜੋਰ ਲੋਕਾਂ ਦੀ ਚੁਣੀ ਹੋਈ ਜਮਹੂਰੀ ਸਰਕਾਰ ਨੂੰ ਉਲਟਾਉਣ ਤੇ ਸਮਾਜਕ ਅਫਰਾ-ਤਫਰੀ ਫੈਲਾਉਣਾ ਚਾਹੁੰਦੇ ਹਨ, ਉਹ ਚੀਨ ਦੇ ਏਜੰਟ ਹਨ, ਉਹ ਵਿਕਾਸ ਦੇ ਵਿਰੋਧੀ ਹਨ ਤੇ ਭੰਨ-ਤੋੜ 'ਚ ਯਕੀਨ ਰਖਦੇ ਹਨ, ਆਦਿਕ ਆਦਿਕ। ਇਸ ਝੂਠ ਪ੍ਰਚਾਰ ਦਾ ਮਕਸਦ ਨਕਸਲਬਾੜੀ ਲਹਿਰ ਨੂੰ ਲੋਕਾਂ ਅੰਦਰ ਬੱਦੂ ਕਰਨਾ ਹੈ। ਲੋਕ-ਮਨਾਂ ਅੰਦਰ ਇਸ ਲਹਿਰ ਬਾਰੇ ਹਊਆ ਪੈਦਾ ਕਰਨਾ ਹੈ। ਉਹਨਾਂ ਦੇ ਮਨਾਂ 'ਚ ਇਸ ਲਹਿਰ ਬਾਰੇ ਭੈਅ, ਬੇਲਾਗਤਾ ਤੇ ਤੁਅੱਸਬ ਭਰਨਾ ਹੈ। ਇਸ ਲਹਿਰ ਅੰਦਰ ਹਕੂਮਤ ਵੱਲੋਂ ਢਾਹੇ ਜਾ ਰਹੇ ਅਣਮਨੁੱਖੀ ਕਹਿਰ ਦੀ ਵਾਜਬੀਅਤ ਤਿਆਰ ਕਰਨਾ ਹੈ। ਲੋਕਾਂ ਨੂੰ ਗੁਮਰਾਹ ਕਰਕੇ ਕਮਿਊਨਿਸਟ ਇਨਕਲਾਬੀਆਂ ਨੂੰ ਉਹਨਾਂ 'ਚੋਂ ਨਿਖੇੜਨ ਦਾ ਯਤਨ ਕਰਨਾ ਹੈ।
ਕਮਿਊਨਿਸਟ ਇਨਕਲਾਬੀ ਲਹਿਰ ਵਿਰੁੱਧ ਭਾਰਤੀ ਹਾਕਮਾਂ ਵੱਲੋਂ ਕੀਤਾ ਜਾ ਰਿਹਾ ਇਹ ਕੂੜ-ਪ੍ਰਚਾਰ ਨਾ ਤਾਂ ਕੋਈ ਅਣਕਿਆਸੀ ਤੇ ਨਾ ਹੀ ਕੋਈ ਆਲੋਕਾਰੀ ਵਰਤਾਰਾ ਹੈ। ਇਤਿਹਾਸ ਅਜਿਹੀਆਂ ਅਣਗਿਣਤ ਮਿਸਾਲਾਂ ਨਾਲ ਭਰਿਆ ਪਿਆ ਹੈ ਜਿੱਥੇ ਵੇਲਾ ਵਿਹਾ ਚੁੱਕੀਆਂ ਲੁਟੇਰੀਆਂ ਤੇ ਪਿਛਾਖੜੀ ਤਾਕਤਾਂ ਵੱਲੋਂ ਨਵੀਆਂ ਉੱਠ ਰਹੀਆਂ ਅਗਾਂਹ-ਵਧੂ ਤੇ ਲੋਕ-ਹਿਤੈਸ਼ੀ ਤਾਕਤਾਂ ਦੀ ਉਠਾਣ ਨੂੰ ਬੰਨ੍ਹ ਮਾਰਨ ਲਈ ਅਜਿਹੇ ਝੂਠ ਪ੍ਰਚਾਰ ਦੀ ਚਿਰ ਪੁਰਾਣੀ ਰਿਵਇਤ ਤੁਰੀ ਆ ਰਹੀ ਹੈ ਇਸ ਝੂਠ ਪ੍ਰਚਾਰ ਦਾ ਕਈ ਵਾਰ ਵਕਤੀ ਫਾਇਦਾ ਹੋ ਜਾਂਦਾ ਹੈ। ਪਰ ਕਹਿੰਦੇ ਹਨ ਝੂਠ ਦੇ ਪੈਰ ਨਹੀਂ ਹੁੰਦੇ, ਆਖਰ ਇਸ ਦਾ ਭਾਂਡਾ ਭੱਜ ਜਾਂਦਾ ਹੈ। ਸੱਚ ਬਾਹਰ ਆ ਜਾਂਦਾ ਹੈ। ਗੋਰੇ ਬਸਤੀਵਾਦੀ ਹਾਕਮਾਂ ਦੇ ਵਿਰੁੱਧ ਭਾਰਤੀ ਲੋਕਾਂ ਦੇ ਅਜ਼ਾਦੀ ਸੰਗਰਾਮ ਦੌਰਾਨ ਸਮੇਂ ਦੇ ਹਾਕਮਾਂ ਨੇ ਭਗਤ ਸਿੰਘ ਤੇ ਉਹਦੇ ਸਾਥੀਆਂ, ਗਦਰੀ ਬਾਬਿਆਂ ਤੇ ਹੋਰ ਅਨੇਕਾਂ ਦੇਸ਼ ਭਗਤਾਂ ਉਤੇ ਤਰ੍ਹਾਂ ਤਰ੍ਹਾਂ ਦੀਆਂ ਊਜਾਂ ਲਾਈਆਂ ਸਨ। ਉਹਨਾਂ ਨੂੰ ਦਹਿਸ਼ਤ ਪਸੰਦ ਦੱਸਿਆ ਸੀ। ਸਰਮਾਏਦਾਰੀ ਨੇ ਕਮਿਊਨਿਸਟਾਂ ਬਾਰੇ ਤਰ੍ਹਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਸੀ ਕਿ ਉਹ ਲੋਕਾਂ ਦੀਆਂ ਜਮੀਨਾਂ ਤੇ ਘਰ ਬਾਰ ਖੋਹ ਲੈਣਗੇ, ਪਤਨੀਆਂ ਸਾਂਝੀਆਂ ਕਰ ਲੈਣਗੇ ਆਦਿਕ ਆਦਿਕ। ਪਰ ਇਸ ਦੇ ਬਾਵਜੂਦ ਉਹ ਕਮਿਊਨਿਜ਼ਮ ਦੀ ਵਿਚਾਰਧਾਰਾ ਦੇ ਫੈਲਾਅ ਨੂੰ ਰੋਕ ਨਹੀਂ ਸਕੇ। ਰੂਸ 'ਚ ਜਾਰਸ਼ਾਹੀ ਨੇ ਬਾਲਸ਼ਿਵਕਾਂ ਖਿਲਾਫ ਬੜਾ ਭੱਦਾ ਤੇ ਭੜਕਾਊ ਕੂੜ-ਪ੍ਰਚਾਰ ਕੀਤਾ ਸੀ ਪਰ ਉਹ ਰੂਸ 'ਚ ਸਮਾਜਵਾਦੀ ਇਨਕਲਾਬ ਰੋਕ ਨਹੀਂ ਸਕੇ। ਇਹੋ ਜਿਹਾ ਝੂਠਾ ਪ੍ਰਚਾਰ ਭਾਰਤੀ ਹਾਕਮ ਕਮਿਊਨਿਸਟ ਇਨਕਲਾਬੀਆਂ ਬਾਰੇ ਕਰ ਰਹੇ ਹਨ। ਇਸ ਤੋਂ ਘਬਰਾਉਣ ਦੀ ਲੋੜ ਨਹੀਂ, ਇਸ ਨੂੰ ਧਰਕੇ ਛੰਡਣ ਦੀ ਲੋੜ ਹੈ।
ਬੇਬੁਨਿਆਦ ਤੋਹਮਤਬਾਜ਼ੀ
ਜਿੱਥੋਂ ਤੱਕ ਨਕਸਲਬਾੜੀ ਇਨਕਲਾਬੀਆਂ ਦੇ ਆਮ ਲੋਕਾਂ ਦੇ ਕਤਲ ਕਰਨ ਤੇ ਮਾਰਧਾੜ ਕਰਨ ਦਾ ਸੰਬੰਧ ਹੈ, ਉਹ ਕੋਰਾ ਝੂਠ ਹੈ। ਇਹ ਠੀਕ ਹੈ ਕਿ ਲਹਿਰ ਦੇ ਸ਼ੁਰੂਆਤੀ ਸਾਲਾਂ 'ਚ, ਪਾਰਟੀ 'ਚ ਖੱਬੂ-ਮਾਅਰਕੇ ਬਾਜ ਲੀਹ ਭਾਰੂ ਹੋ ਗਈ ਸੀ। ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਇਸ ਲੀਹ ਤਹਿਤ ਜਾਗੀਰਦਾਰਾਂ, ਰੱਤਪੀਣੇ ਸੂਦਖੋਰਾਂ, ਜ਼ਾਲਮ ਪੁਲਸ ਅਫਸਰਾਂ ਅਤੇ ਪੁਲਸ ਮੁਖਬਰਾਂ ਦਾ ਸਫਾਇਆ ਕੀਤਾ ਜਾਣ ਲੱਗ ਪਿਆ ਸੀ। ਇਹਨਾਂ ਕਾਰਵਾਈਆਂ 'ਚ ਮਾਰੇ ਜਾਣ ਵਾਲੇ ਲੋਕ ਕੋਈ ਸਾਧਾਰਨ ਆਦਮੀ ਨਹੀਂ ਸਨ ਸਗੋਂ ਸਮਾਜ ਵਿਰੋਧੀ ਤੇ ਲੁਟੇਰੀਆਂ ਜਮਾਤਾਂ ਦੇ ਲੋਕ ਸਨ। ਪਰ ਪਾਰਟੀ ਨੇ ਛੇਤੀ ਹੀ ਇਸ ਗਲਤ ਲੀਹ ਨੂੰ ਰੱਦ ਕਰ ਦਿੱਤਾ ਤੇ ਇਸ ਗਲਤ  ਲੀਹ ਦੀ ਸਵੈ-ਨੁਕਤਾਚੀਨੀ ਵੀ ਕੀਤੀ। ਫਿਰ ਵੀ ਇਸ ਲੀਹ ਨੇ ਪਾਰਟੀ ਦੀਆਂ ਮਨੁੱਖਾ ਸ਼ਕਤੀਆਂ ਅਤੇ ਪਾਰਟੀ ਦੇ ਇਨਕਲਾਬੀ ਅਕਸ ਨੂੰ ਵੱਡੀ ਢਾਹ ਲਾਈ ਸੀ। ਪਰ ਇਹ ਗਲਤ ਲੀਹ ਅੱਜ ਤੋਂ 45-50 ਸਾਲ ਪਹਿਲਾਂ ਦੀ ਗੱਲ ਹੈ ਜਿਸ ਦੀ ਪਾਰਟੀ ਨੇ ਉਸ ਸਮੇਂ ਜਨਤਕ ਸਵੈ-ਅਲੋਚਨਾ ਕੀਤੀ ਸੀ। ਅੱਜ ਕਲ੍ਹ ਛੱਤੀਸ਼ਗੜ੍ਹ, ਝਾਰਖੰਡ, ਬਿਹਾਰ ਆਦਿਕ ਸੂਬਿਆਂ 'ਚ ਇੱਕ ਬੰਨੇ ਹਕੂਮਤੀ ਹਥਿਆਰਬੰਦ ਬਲਾਂ ਤੇ ਉਹਨਾਂ ਦੇ ਏਜੰਟਾਂ ਅਤੇ ਦੂਜੇ ਬੰਨੇ ਕਮਿਊਨਿਸਟ ਇਨਕਲਾਬੀ ਘੁਲਾਟਿਆਂ ਤੇ ਉਹਨਾਂ ਦੇ ਸਾਥੀ ਤੇ ਹਿਮਾਇਤੀ ਆਦੀਵਾਸੀ ਲੋਕਾਂ 'ਚ ਚੱਲ ਰਹੀ ਹਥਿਆਰਬੰਦ ਲੜਾਈ 'ਚ ਇਨਕਲਾਬੀਆਂ ਵੱਲੋਂ ਆਮ ਕਰਕੇ ਹਕੂਮਤੀ ਬਲਾਂ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦਿਲਚਸਪ ਗੱਲ ਤਾਂ ਇਹ ਹੈ ਕਿ ਭਾਰਤੀ ਹਾਕਮਾਂ ਤੇ ਉਹਨਾਂ ਦੇ ਹਿਮੈਤੀਆਂ ਦੀ ਨਜ਼ਰ 'ਚ ਆਪਣੀਆਂ ਜ਼ਮੀਨਾਂ, ਜੰਗਲ, ਘਰ-ਘਾਟ ਤੇ ਕੁਦਰਤੀ ਵਸੀਲਿਆਂ ਦੀ ਰਾਖੀ ਲਈ ਜੂਝ ਰਹੇ ਆਦੀਵਾਸੀ ਲੋਕ ਤੇ ਨਕਸਲਬਾੜੀ ਇਨਕਲਾਬੀ ਤਾਂ ਕਾਤਲ ਅਤੇ ਅਫਰਾ-ਤਫਰੀ ਪੈਦਾ ਕਰਨਾ ਵਾਲੇ ਦੇਸ਼ ਵਿਰੋਧੀ ਅਨਸਰ ਹਨ ਪਰ ਉਹਨਾਂ ਦੀਆਂ ਜਮੀਨਾਂ ਤੇ ਪੈਦਾਵਾਰੀ ਸਾਧਨ ਖੋਹਣ ਵਾਲੇ ਕਾਰਪੋਰੇਟ ਘਰਾਣੇ ਤੇ ਉਹਨਾਂ ਦੀ ਇਸ ਲੁੱਟ ਦਾ ਰਾਹ ਪੱਧਰਾ ਕਰਨ ਲਈ ਗੋਲੀ ਵਰ੍ਹਾਉਣ ਵਾਲੀਆਂ ਹਥਿਆਰਬੰਦ ਸ਼ਕਤੀਆਂ ਦੇਸ਼ ਭਗਤ ਹਨ। ਇਉਂ ਹੀ ਬਾਰ ਬਾਰ ਫਿਰਕੂ ਦੰਗੇ ਰਚਾ ਕੇ ਹਜਾਰਾਂ ਲੋਕਾਂ ਦਾ ਥੋਕ ਰੂਪ 'ਚ ਕਤਲੇਆਮ ਕਰਨ ਵਾਲੇ ਆਰ.ਐਸ.ਐਸ., ਬਜਰੰਗ ਦਲ ਤੇ ਸੰਘ ਲਾਣੇ ਦੀਆਂ ਹੋਰ ਜਥੇਬੰਦੀਆਂ ਸਰਕਾਰੀ ਨਜਰਾਂ 'ਚ ਕਾਤਲੀ ਫਿਰਕੂ ਟੋਲੇ ਨਹੀਂ, ਕੌਮ ਪ੍ਰਸਤ ਅਨਸਰ ਹਨ
ਜਦੋਂ ਉਹ ਨਕਸਲਬਾੜੀ ਇਨਕਲਾਬੀਆਂ 'ਤੇ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦਾ ਇਲਜ਼ਾਮ ਲਾਉਂਦੇ ਹਨ ਤਾਂ ਉਹ ਇਹ ਨਹੀਂ ਦਸਦੇ ਕਿ ਉਹ ਕਿਰਤੀਆਂ, ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਹਥਿਆਰਬੰਦ ਤਾਕਤ ਰਾਹੀਂ ਸੱਤਾ ਉਲਟਾਉਣ ਦੀ ਗੱਲ ਕਹਿੰਦੇ ਹਨ। ਹਥਿਆਰ ਕੋਈ ਸ਼ੌਕ ਨਾਲ ਨਹੀਂ ਚੁੱਕਦਾ। ਮਿਹਨਤਕਸ਼ ਲੋਕ ਤਦ ਹੀ ਹਥਿਆਰਬੰਦ ਤਾਕਤ ਦੇ ਜੋਰ ਸੱਤਾ ਬਦਲਣ ਦੇ ਰਾਹ ਪੈਂਦੇ ਹਨ ਜਦ ਲੋਕਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਲੁਟੇਰੀਆਂ ਜਮਾਤਾਂ ਉਲਟ-ਇਨਕਲਾਬੀ ਹਥਿਆਰਬੰਦ ਤਾਕਤ ਦੇ ਜੋਰ ਆਪਣੀ ਲੁੱਟ ਤੇ ਦਾਬੇ ਨੂੰ ਬਣਾਈ ਰੱਖਣ ਲਈ ਬਜ਼ਿੱਦ ਹੁੰਦੀਆਂ ਹਨ। ਇਹ ਇੱਕ ਇਤਿਹਾਸਕ ਸਚਾਈ ਹੈ ਕਿ ਜਮਾਤੀ ਰਾਜ ਹਥਿਆਰਬੰਦ ਤਾਕਤ ਦੇ ਜੋਰ ਨਾਲ ਹੀ ਬਦਲੇ ਜਾਂਦੇ ਹਨ। ਲੋਕਾਂ ਉਪਰ ਧੱਕੇ ਨਾਲ ਮੜ੍ਹੇ ਤੇ ਕਾਇਮ ਰੱਖੇ ਜਾ ਰਹੇ ਲੁੱਟ ਤੇ ਦਾਬੇ ਦੇ ਰਾਜ ਨੂੰ ਤਾਕਤ ਦੀ ਵਰਤੋਂ ਨਾਲ ਉਲਟਾਉਣਾ ਹੱਕੀ ਹੈ ਤੇ ਜਾਇਜ਼ ਕਾਰਵਾਈ ਹੈ। ਅੱਜ ਹਕੂਮਤੀ ਹਥਿਆਰਬੰਦ ਤਾਕਤ ਦੇ ਜੋਰ ਆਦੀਵਾਸੀ ਲੋਕਾਂ ਤੋਂ ਉਹਨਾਂ ਦੇ ਜਲ, ਜੰਗਲ, ਜ਼ਮੀਨ ਖੋਹੇ ਜਾ ਰਹੇ ਹਨ। ਕਿਧਰੇ ਕੋਈ ਸੁਣਵਾਈ ਨਹੀਂ। ਅਜਿਹੀ ਹਾਲਤ 'ਚ ਹਥਿਆਰ ਚੁੱਕ ਕੇ ਆਪਣੇ ਪੈਦਾਵਾਰੀ ਸਾਧਾਨਾਂ ਤੇ ਕੁਦਰਤੀ ਦੌਲਤ ਦੀ ਰਾਖੀ ਕਰਨ ਤੋਂ ਬਿਨਾ ਉਹਨਾਂ ਕੋਲ ਹੋਰ ਚਾਰਾ ਹੀ ਕੀ ਬਚਿਆ ਹੈ? ਭਾਰਤ 'ਚ ਕਿਸਾਨ ਥੋਕ ਰੂਪ 'ਚ ਖੁਦਕਸ਼ੀਆਂ ਕਰ ਰਹੇ ਹਨ। ਉਹਨਾਂ ਦੀ ਬਾਂਹ ਫੜਨ ਤੇ ਮੱਦਦ ਕਰਨ ਦੀ ਗੱਲ ਤਾਂ ਦੂਰ ਰਹੀ ਕੋਈ ਸਰਕਾਰ ਗੱਲ ਸੁਣਨ ਲਈ ਵੀ ਤਿਆਰ ਨਹੀਂ। ਨੌਜਵਾਨ ਬੇਰੁਜ਼ਗਾਰੀ ਦੀ ਚੱਕੀ 'ਚ ਪਿਸ ਰਹੇ ਹਨ। ਅੱਕ ਕੇ ਅੰਤ ਨੂੰ ਜੇ ਇਹ ਹਥਿਆਰ ਚੁੱਕ ਲੈਂਦੇ ਹਨ ਤਾਂ ਇਹ ਨਜਾਇਜ਼ ਕਿਵੇਂ ਹੈ?
ਸਰਕਾਰੀ ਤੇ ਸਾਮਰਾਜੀ ਬੁਰਜੂਆ ਪ੍ਰਚਾਰ ਮੀਡੀਆ ਇਹ ਝੂਠ-ਪ੍ਰਚਾਰ ਕਰਦਾ ਹੈ ਕਿ ਨਕਸਲੀ ਚੀਨ ਦੇ ਏਜੰਟ ਹਨ। ਇਸ ਦਾ ਪ੍ਰਮਾਣ ਉਹ ਸ਼ਾਇਦ ਇਹ ਦਿੰਦੇ ਹਨ ਕਿ ਨਕਸਲੀ ਚੀਨ ਦੇ ਇਨਕਲਾਬ ਤੇ ਮਾਓ ਦੀ ਵਿਚਾਰਧਰਾ ਤੋਂ ਪ੍ਰੇਰਨਾ ਤੇ ਰਾਹ-ਦਰਸਾਈ ਲੈਂਦੇ ਹਨ। ਸੰਸਾਰ ਸਰਮਾਏਦਾਰੀ ਪਹਿਲਾਂ ਦੁਨੀਆਂ ਭਰ 'ਚ ਕਮਿਊਨਿਸਟਾਂ ਉਤੇ ਮਾਸਕੋ ਦੇ ਏਜੰਟ ਹੋਣ ਦੀਆਂ ਬੇਬੁਨਿਆਦ ਤੋਹਮਤਾਂ ਲਾਉਂਦੀ ਰਹੀ ਹੈ। ਅਜਿਹੀਆਂ ਊਜਾਂ ਅਸਲੋਂ ਹੀ ਬੇਤੁਕੀਆਂ ਹਨ। ਕਿਵੇਂ? ਭਾਰਤ ਨੇ ਪਾਰਲੀਮਾਨੀ ਜਮਹੂਰੀਅਤ ਦਾ ਸੰਕਲਪ ਬਰਤਾਨੀਆਂ  ਤੋਂ ਲਿਆ ਹੈ। ਕੀ ਭਾਰਤੀ ਆਗੂ ਇਸ ਨਾਲ ਬਰਤਾਨੀਆ ਦੇ ਏਜੰਟ ਬਣ ਗਏ ਹਨ? ਅੱਜ ਜੋ ਆਰਥਕ ਨੀਤੀਆਂ ਤੇ ਖੁੱਲ੍ਹੀ ਮੰਡੀ ਦੇ ਸਿਧਾਂਤ ਭਾਰਤ ਲਾਗੂ ਕਰ ਰਿਹਾ ਹੈ, ਇਹ ਸਾਮਰਾਜੀ ਮੁਲਕਾਂ ਦੀ ਦੇਣ ਹਨ। ਕੀ ਭਾਰਤੀ ਆਗੂਆਂ ਨੂੰ ਸਾਮਰਾਜੀ ਏਜੰਟ ਕਿਹਾ ਜਾਵੇ? ਕੁਦਰਤੀ ਵਿਗਿਆਨ ਦੀਆਂ ਵੱਡੀ ਗਿਣਤੀ ਖੋਜਾਂ ਤੇ ਵਿਗਿਆਨਕ ਸਿਧਾਂਤ ਜਿਵੇਂ, ਰੇਲ ਗੱਡੀ, ਹਵਾਈ ਜਹਾਜ, ਟੀ.ਵੀ., ਇੰਟਰਨੈਟ, ਗਰੂਤਾ ਖਿੱਚ ਦਾ ਸਿਧਾਂਤ, ਰੈਲੇਟੀਵਿਟੀ ਦਾ ਸਿਧਾਂਤ ਆਦਿਕ ਆਦਿਕ ਸਭ ਪੱਛਮੀ ਮੁਲਕਾਂ ਦੀ ਦੇਣ ਹਨ। ਕੀ ਇਸ ਗਿਆਨ ਨੂੰ ਅਪਣਾਉਣਾ ਪੱਛਮੀ ਮੁਲਕਾਂ ਦੀ ਏਜੰਟੀ ਹੈ? ਚੀਨੀ ਇਨਕਲਾਬ ਦਾ ਤਜਰਬਾ ਤੇ ਮਾਓ ਵਿਚਾਰਧਾਰਾ ਵੀ ਇਕ ਸਮਾਜਕ ਵਿਗਿਆਨ ਦਾ ਅੰਗ ਹਨ। ਇਹਨਾਂ ਦਾ ਵਰਤੋਂ ਕਰਨ ਜਾਂ ਇਹਨਾਂ ਤੋਂ ਪ੍ਰੇਰਨਾ ਲੈਣ ਵਾਲਾ ਕੋਈ ਵੀ ਸਖਸ਼ ਇਸ ਨਾਲ ਚੀਨ ਦਾ ਏਜੰਟ ਕਿਵੇਂ ਬਣ ਗਿਆ।
ਆਖਰ 'ਚ ਹਾਕਮ ਜਮਾਤਾਂ ਕਮਿਊਨਿਸਟ ਇਨਕਲਾਬੀਆਂ Àੁੱਪਰ ਅਕਸਰ ਇਹ ਝੂਠਾ ਦੋਸ਼ ਲਾਉਂਦੀਆਂ ਹਨ ਕਿ ਉਹ ਵਿਕਾਸ ਦੇ  ਵਿਰੋਧੀ ਹਨ। ਕਮਿਊਨਿਸਟ ਇਨਕਲਾਬੀ ਅਜਿਹੇ ਵਿਕਾਸ ਦੇ ਵਿਰੋਧੀ ਨਹੀਂ ਜੋ ਸੱਚਮੁੱਚ ਹੀ ਦੱਬੇ ਕੁਚਲੇ ਲੋਕਾਂ ਦੇ ਹਿੱਤ 'ਚ ਹੋਵੇ। ਆਦੀਵਾਸੀ ਇਲਾਕਿਆਂ 'ਚ ਸਰਕਾਰ ਸਕੂਲ ਖੋਲ੍ਹ ਦੇਵੇ, ਸਰਕਾਰੀ ਹਸਪਤਾਲ ਬਣਾ ਦੇਵੇ, ਬਿਜਲੀ ਪਹੁੰਚਦੀ ਕਰ ਦੇਵੇ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰ ਦੇਵੇ, ਸਿੰਚਾਈ ਲਈ ਤਲਾਬ ਖੋਦ ਦੇਵੇ, ਟਿਊਬਵੈਲ ਲਾ ਦੇਵੇ, ਖੇਤੀ ਮਸ਼ੀਨਰੀ ਮੁਹੱਈਆ ਕਰਾ ਦੇਵੇ, ਜਮੀਨ ਦੀ ਕਿਸਾਨਾਂ 'ਚ ਵੰਡ ਕਰ ਦੇਵੇ, ਉਹਨਾਂ ਲਈ ਰੁਜ਼ਗਾਰ ਪੈਦਾ ਕਰ ਦੇਵੇ, ਕਿਸੇ ਕਮਿ. ਇਨਕਲਾਬੀ ਨੇ ਕਦੇ ਇਸ ਦਾ ਵਿਰੋਧ ਨਹੀਂ ਕੀਤਾ। ਪਰ ਸਰਕਾਰੀ ਨਜ਼ਰਾਂ 'ਚ ਕਾਣ ਹੈ, ਖੋਟ ਹੈ। ਇਹ ਉਹਨਾਂ ਨੂੰ ਵਿਕਾਸ ਨਹੀਂ ਲਗਦਾ। ਉਹ ਵਿਕਾਸ ਸਮਝਦੇ ਹਨ ਬਹੁਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਵੱਡੇ ਵੱਡੇ ਖਾਣ ਪ੍ਰੋਜੈਕਟਾਂ ਨੂੰ, ਧੜਵੈਲ ਕਾਰਖਾਨਿਆਂ ਜਾਂ ਸੰਚਾਰ ਪ੍ਰੋਜੈਕਟਾਂ ਨੂੰ ਜਿੰਨ੍ਹਾਂ ਰਾਹੀਂ ਪੂੰਜੀਵਾਦੀ ਗਿਰਝਾਂ ਆਦੀਵਾਸੀ ਲੋਕਾਂ ਦੀਆਂ ਜਮੀਨਾਂ ਤੇ ਮਾਲ ਖਜ਼ਾਨਿਆਂ ਦੀ ਮਨਚਾਹੀ ਲੁੱਟ ਕਰ ਸਕਣ। ਜਾਂ ਉਹ ਵਿਕਾਸ ਸਮਝਦੇ ਹਨ ਅਜਿਹੇ ਸੜਕੀ ਪ੍ਰੋਜੈਕਟਾਂ ਜਾਂ ਸੰਚਾਰ ਤਾਣਾ ਬਾਣਾ ਸਥਾਪਤ ਕਰਨ ਨੂੰ ਜਿਸ ਰਾਹੀਂ ਉਹ ਸਥਾਨਕ ਵਸੋਂ 'ਤੇ ਭਰਵੀਂ ਨਿਗਾਹਦਾਰੀ ਰੱਖ ਸਕਣ ਅਤੇ ਲੋੜ ਪੈਣ ਤੇ ਝੱਟ ਹਕੂਮਤੀ ਹਥਿਆਰਬੰਦ ਧਾੜਾਂ ਉਥੇ ਪਹੁੰਚ ਸਕਦੀਆਂ ਹੋਣ। ਦਰਅਸਲ, ਇਹਨਾਂ ਲੋਕਾਂ ਦਾ ਵਿਕਾਸ ਸਰਕਾਰ ਦਾ ਏਜੰਡਾ ਨਹੀਂ। ਸਰਕਾਰੀ ਏਜੰਡਾ ਤਾਂ ਕਾਰਪੋਰੇਟ ਘਰਾਣਿਆਂ ਦੇ ਵਿਕਾਸ ਦਾ ਹੈ। ਜੇ ਨਕਸਲੀਆਂ ਵੱਲੋਂ ਪੈਦਾ ਕੀਤੇ ਅੜਿੱਕਿਆਂ ਕਰਕੇ ਵਿਕਾਸ ਮਾਰ ਖਾ ਰਿਹਾ ਹੈ ਤਾਂ ਫਿਰ ਦੇਸ ਦੇ ਉਹਨਾਂ ਇਲਾਕਿਆਂ, ਮਿਸਾਲ ਦੇ ਤੌਰ 'ਤੇ ਰਾਜਸਥਾਨ ਤੇ ਪੂਰਬ-ਉਤਰ ਦੇ ਰਾਜਾਂ, ਦਾ ਵਿਕਾਸ ਕਾਹਤੋਂ ਨਹੀਂ ਹੋਇਆ। ਜਿੱਥੇ ਇਨਕਲਾਬੀਆਂ ਦਾ ਹਾਲੇ ਤੱਕ ਪ੍ਰਭਾਵਸ਼ਾਲੀ ਦਖਲ ਨਹੀਂ। ਹਕੀਕਤ ਤਾਂ ਇਹ ਹੈ ਕਿ ਵਿਕਾਸ ਨਾ ਹੋਣ ਦਾ ਕਾਰਨ ਨਕਸਲੀ ਸਮੱਸਿਆ ਨਹੀਂ, ਸਗੋਂ ਵਿਕਾਸ ਨਾ ਹੋਣ ਦਾ ਸਿੱਟਾ ਨਕਸਲਬਾੜੀਆਂ ਦੇ ਦਖਲ ਲਈ ਰਾਹ ਪੱਧਰਾ ਕਰਨ 'ਚ ਨਿੱਕਲਦਾ ਹੈ।
ਕਮਿਊਨਿਸਟ ਇਨਕਲਾਬੀਆਂ ਨੂੰ ਬਦਨਾਮ ਕਰਨ ਤੇ ਉਹਨਾਂ ਬਾਰੇ ਆਮ ਲੋਕਾਂ ਦੇ ਮਨਾਂ 'ਚ ਤੁਅੱਸਬੀ ਜ਼ਹਿਰ ਭਰਨ ਲਈ ਸਰਕਾਰੀ ਤੰਤਰ ਨਵੇਂ ਤੋਂ ਨਵੇਂ ਸ਼ੋਸੇ ਛਡਦਾ ਰਹਿੰਦਾ ਹੈ। ਸਾਨੂੰ ਇਸ ਪਿੱਛੇ ਛੁਪੇ ਸਰਕਾਰ ਦੇ ਕੋਝੇ ਮੰਤਵਾਂ ਨੂੰ ਪਛਾਨਣਾ ਤੇ ਪਛਾੜਨਾ ਚਾਹੀਦਾ ਹੈ। ਕਮਿ. ਇਨਕਲਾਬੀਆਂ ਦੀ ਹਕੀਕੀ ਕਹਿਣੀ ਦੇ ਕਰਨੀ ਜਾਨਣ ਲਈ ਜਾਣਕਾਰੀ ਦੇ ਮੁਕਾਬਲਤਨ ਨਿਰਪੱਖ ਤੇ ਭਰੋਸੇਯੋਗ ਸਰੋਤਾਂ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ।
ਦੀਵਾਲੀਆ ਬੁਰਜੂਆ ਰਾਜਨੀਤੀ
ਆਪਣੇ ਆਲੇ ਦੁਆਲੇ ਜਰਾ ਝਾਤ ਮਾਰੋ। ਮਿਹਨਤਕਸ਼ ਲੋਕਾਂ ਦੇ ਹਰ ਵਰਗ 'ਚ ਹਾਹਾਕਾਰ ਮੱਚੀ ਹੋਈ ਹੈ। ਪੰਜਾਬ ਸਮੇਤ ਭਾਰਤ ਦੇ ਕਈ ਸੂਬਿਆਂ 'ਚ ਪਿਛਲੇ ਕਈ ਸਾਲਾਂ ਤੋਂ ਕਿਸਾਨ ਖੁਦਕਸ਼ੀਆਂ ਦਾ ਅਮਲ ਤਿੱਖਾ ਹੁੰਦਾ ਜਾ ਰਿਹਾ ਹੈ। ਪੜ੍ਹੇ ਲਿਖੇ ਤੇ ਅਨਪੜ੍ਹ ਬੇਰੁਜ਼ਗਾਰਾਂ ਦੀਆਂ ਧਾੜਾਂ ਵੱਡੀਆਂ  ਹੁੰਦੀਆਂ ਜਾ ਰਹੀਆਂ ਹਨ। ਸੁਬਾਈ ਰੁਜਗਾਰ ਸੁੰਗੜ ਰਿਹਾ ਹੈ ਤੇ ਇਸ ਦੀ ਥਾਂ ਨਿਗੂਣੀਆਂ ਤਨਖਾਹਾਂ ਅਤੇ ਅੱੱਤ ਭੈੜੀਆਂ ਸੇਵਾ ਹਾਲਤਾਂ ਵਾਲੀ ਠੇਕਾ ਪ੍ਰਣਾਲੀ ਲੈ ਰਹੀ ਹੈ। ਮਜ਼ਦੂਰਾਂ ਦੇ ਸਥਾਪਤ ਹੱਕਾਂ ਅਤੇ ਅਧਿਕਾਰਾਂ 'ਤੇ ਛਾਪਾ ਜਾਰੀ ਹੈ। ਸਰਕਾਰੀ ਨੀਤੀਆਂ ਰੁਜ਼ਗਾਰ ਉਜਾੜੇ ਨੂੰ ਝੋਕਾ ਲਾ ਰਹੀਆਂ ਹਨ। ਵਿਦਿਆ, ਇਲਾਜ ਤੇ ਸਿਹਤ ਸਹੂਲਤਾਂ ਦੇ ਨਿੱਜੀਕਰਨ ਨੇ ਵਸੋਂ ਦੀ ਵੱਡੀ ਗਿਣਤੀ ਨੂੰ ਇਹਨਾਂ ਤੱਕ ਪਹੁੰਚ ਤੋਂ  ਬਾਹਰ ਧੱਕ ਦਿੱਤਾ ਹੈ। ਛੋਟੇ ਤੇ ਦਰਮਿਆਨੇ ਕਾਰੋਬਾਰ ਉੱਜੜ ਰਹੇ ਹਨ। ਹਰ ਖੇਤਰ 'ਚ Àੁੱਪਰਲੇ ਮੁੱਠੀ ਭਰ ਲੋਕ ਮਾਲਾ ਮਾਲ ਹੋ ਰਹੇ ਹਨ, ਹੇਠਲੇ ਰਸਾਤਲ 'ਚ ਹੋਰ ਧਸਦੇ ਜਾ ਰਹੇ ਹਨ।
ਕਿਸੇ ਵੀ ਹਾਕਮ ਜਮਾਤੀ ਪਾਰਟੀ ਕੋਲ ਲੋਕਾਂ ਦੀਆਂ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ। ਕਾਰਨ ਇਹ ਹੈ ਕਿ ਇਹ ਸਮੱਸਿਆਵਾਂ ਉਹਨਾਂ ਨੀਤੀਆਂ ਦੀ ਹੀ ਪੈਦਾਵਾਰ ਹਨ ਜਿਨ੍ਹਾਂ ਨੀਤੀਆਂ ਨੂੰ ਇਹ ਸਭ ਪਾਰਟੀਆਂ ਲਾਗੂ ਕਰ ਰਹੀਆਂ ਹਨ। ਇਹਨਾਂ ਨੀਤੀਆਂ ਨੂੰ ਰੱਦ ਕੀਤੇ ਬਗੈਰ ਖੇਤੀ ਖੇਤਰ 'ਚ ਤਿੱਖੇ ਜਮੀਨੀ ਸੁਧਾਰ ਤੇ ਜ਼ਰੱਈ ਸੰਬੰਧਾਂ 'ਚ ਤਬਦੀਲੀ ਕੀਤੇ ਬਗੈਰ, ਕਾਰਪੋਰੇਟ ਘਰਾਣਿਆਂ ਨੂੰ ਲਗਾਮ ਪਾਏ ਬਗੈਰ ਤੇ ਸਾਮਰਾਜੀ ਲੁੱਟ ਤੇ ਨੀਤੀਆਂ ਦੀ ਸਫ ਵਲੇਟੇ ਬਗੈਰ ਲੋਕਾਂ ਦੀਆਂ ਇਹ ਬੁਨਿਆਦੀ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਕਿਸੇ ਵੀ ਵੋਟ-ਪਾਰਟੀ ਦਾ ਨਾ ਅਜਿਹਾ ਪ੍ਰੋਗਰਾਮ ਹੈ, ਨਾ ਸਿਆਸੀ ਇੱਛਾ। ਇਹ ਸਿਰਫ ਨਕਸਲਬਾੜੀ ਪਾਰਟੀ ਹੀ ਹੈ ਜੋ ਮੁਲਕ ਦੇ ਗਲੋਂ ਸਾਮਰਾਜੀ ਤੇ ਜਗੀਰੂ ਗਲਬੇ ਦੇ ਜੂਲੇ ਨੂੰ ਵਗਾਹ ਮਾਰਨ ਲਈ ਦ੍ਰਿੜ ਹੈ। ਇਹੀ ਇਕੋ ਇੱਕ ਸਿਆਸੀ ਧਿਰ ਹੈ ਜੋ ਸਾਮਰਾਜੀ ਸੰਸਥਾਵਾਂ ਵੱਲੋਂ ਨਿਰਦੇਸ਼ਤ ਆਰਥਕ ਨੀਤੀਆਂ ਦਾ ਡਟ ਕੇ ਵਿਰੋਧ ਕਰਦੀ ਹੈ। ਸਿਰਫ ਇਹੀ ਧਿਰ ਹੈ ਜੋ ਵਸੋਂ ਦੇ ਸਭ ਤੋਂ ਵਿਰਵੇ ਤੇ ਦੱਬੇ ਕੁਚਲੇ ਆਦੀਵਾਸੀ ਲੋਕਾਂ ਦੀਆਂ ਜਮੀਨਾਂ, ਜੰਗਲ ਤੇ ਕੁਦਰਤੀ ਦੌਲਤ ਦੀ ਰਾਖੀ ਦੀ ਲੜਾਈ 'ਚ ਉਹਨਾਂ ਦੇ ਸੰਘਰਸ਼ ਦੀ ਅਗਵਾਈ ਕਰ ਅਤੇ ਆਪਣੇ ਕਾਰਕੁਨਾਂ ਦੀਆਂ ਸ਼ਹਾਦਤਾਂ ਦੇ ਰਹੀ ਹੈ। ਜਿੱਥੇ ਕਿਤੇ ਵੀ ਮਿਹਨਤਕਸ਼ ਲੋਕ ਸੰਘਰਸ਼ ਲਈ ਆਹੁਲਦੇ ਹਨ, ਨਕਸਲਬਾੜੀ ਦੇ ਕਾਰਕੁਨ ਆਪਣੀ ਸਿਆਸੀ ਸ਼ਨਾਖਤ ਗੁਪਤ ਰੱਖ ਕੇ ਇਹਨਾਂ ਘੋਲਾਂ 'ਚ ਮੂਹਰਲੀਆਂ ਸਫਾਂ 'ਚ ਹੋ ਕੇ ਲੜਦੇ ਹਨ। ਪੰਜਾਬ 'ਚ ਸੰਕਟ-ਮੂੰਹ ਆਈ ਕਿਸਾਨੀ ਬਾਰੇ ਮਗਰਮੱਛ ਦੇ ਹੰਝੂ ਕੇਰਨ ਤੋਂ ਵੱਧ ਕਿਸੇ ਵੀ ਵੋਟ ਪਾਰਟੀ ਨੇ ਡੱਕਾ ਦੂਹਰਾ ਨਹੀਂ ਕੀਤਾ। ਜੋ ਕੀਤਾ ਉਹ ਸਿਰਫ ਇਨਕਲਾਬੀ ਕਿਸਾਨ ਜਥੇਬੰਦੀਆਂ ਨੇ ਹੀ ਕੀਤਾ ਹੈ। ਇਹਨਾਂ ਇਨਕਲਾਬੀ ਕਿਸਾਨ ਜਥੇਬੰਦੀਆਂ ਬਾਰੇ ਸੁਖਬੀਰ ਬਾਦਲ ਤੇ ਅਮਰਿੰਦਰ ਸਮੇਤ ਸਭ ਹਕੂਮਤੀ ਕਰਤਿਆਂ ਧਰਤਿਆਂ ਦਾ ਕਹਿਣਾ ਹੈ ਕਿ ਇਹ ਤਾਂ ਨਕਸਲਬਾੜੀਆਂ ਦੇ ਪ੍ਰਭਾਵ ਹੇਠਲੀਆਂ ਜਥੇਬੰਦੀਆਂ ਹਨ। ਯਾਨੀ ਖੁਦ ਸਰਕਾਰ ਨੂੰ ਹੀ ਮੰਨਣਾ ਪੈ ਰਿਹਾ ਹੈ ਕਿ ਨਕਸਲਬਾੜੀ ਲੋਕ ਕਿਸਾਨ ਹਿੱਤਾਂ ਲਈ ਸੰਘਰਸ਼ਾਂ'ਚ ਸਭ ਤੋਂ ਮੂਹਰੇ ਹਨ। ਇਹੋ ਗੱਲ ਹੋਰਨਾਂ ਸੰਘਰਸ਼ਸ਼ੀਲ ਤਬਕਿਆਂ ਦੇ ਮਾਮਲੇ 'ਚ ਵੀ ਸਹੀ ਹੋ ਸਕਦੀ ਹੈ।
ਨਕਸਲਬਾੜੀ ਨੇ ਹੀ ਲਾਉਣਾ ਪਾਰ
ਉਪਰੋਕਤ ਚਰਚਾ ਤੋਂ ਜਾਹਰ ਹੈ ਕਿ ਮੌਜੂਦਾ ਢਾਂਚੇ ਅੰਦਰ ਹਰਕਤਸ਼ੀਲ ਵੋਟ ਪਾਰਟੀਆਂ ਜਾਂ ਕੋਈ ਸਿਆਸੀ ਗੱਠਜੋੜ ਲੋਕਾਂ ਦੀ ਕਿਸੇ ਬੁਨਿਆਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦਾ, ਉਹ ਤਾਂ ਖੁਦ ਸਮੱਸਿਆਵਾਂ ਦਾ ਹਿੱਸਾ ਹੈ। ਇਸ ਢਾਂਚੇ 'ਚ ਮੌਜੂਦ ਸਮੱਸਿਆਵਾਂ ਕਿਸੇ ਦਵਾ-ਦਾਰੂ ਨਾਲ ਠੀਕ ਹੋਣ ਵਾਲੀਆਂ ਨਹੀਂ। ਵੱਡੀ ਚੀਰ ਫਾੜ ਦੀ ਲੋੜ ਹੈ, ਖੁਦ ਢਾਂਚੇ ਦੀ ਭੰਨਤੋੜ ਨਾਲ ਸੂਤ ਆਉਣ ਵਾਲੀ ਹੈ। ਸਿੱਧੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਇਨਕਲਾਬ ਦੀ ਲੋੜ ਹੈ। ਇਹ ਕਾਰਜ ਕਮਿਊਨਿਸਟ ਇਨਕਲਾਬੀਆਂ ਦੀ ਅਗਵਾਈ ਤੋਂ... .....ਬਿਨਾਂ ਸੰਭਵ ਨਹੀਂ। ਇਹਨਾਂ ਪਾਰਟੀਆਂ ਦੀ ਤਾਂ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਹੀ ਸਹੀ ਟਿੱਕਣ, ਉਹਨਾਂ ਪਿੱਛੇ ਹਰਕਤਸ਼ੀਲ ਨੀਤੀਆਂ ਨੂੰ ਘੋਲ ਮੁੱਦੇ ਬਣਾਉਣ, ਲੋਕਾਂ ਨੂੰ ਇਹਨਾਂ ਦੁਆਲੇ ਲਾਮਬੰਦ ਕਰਨ ਅਤੇ ਸੰਘਰਸ਼ ਨੂੰ ਬੁਨਿਆਦੀ ਮੁੱਦਿਆਂ ਨਾਲ ਜੋੜਨ 'ਚ ਨਾ ਸਿਆਸੀ ਦਿਲਚਸਪੀ ਹੈ ਤੇ ਨਾ ਹੀ ਸਿਆਸੀ ਸਮਰੱਥਾ ਕਿਉਂਕਿ ਇਹ ਉਹਨਾਂ ਦੀ ਜਮਾਤੀ ਸਿਆਸਤ ਦੇ ਹਿੱਤਾਂ ਨਾਲ ਹੀ ਬੇਮੇਲ ਹੈ। ਅਜਿਹਾ ਕੰਮ ਤਾਂ ਇੱਕ ਖਰੀ ਇਨਕਲਾਬੀ ਪਾਰਟੀ ਹੀ ਕਰ ਸਕਦੀ ਹੈ। ਮੌਜੂਦਾ ਸਮੇਂ ਨਕਸਲਬਾੜੀ ਦੀ ਸਿਆਸਤ ਦੀ ਤਰਜ਼ਮਾਨ ਪਾਰਟੀ ਹੀ ਖਰੀ ਇਨਕਲਾਬੀ ਪਾਰਟੀ ਹੋ ਸਕਦੀ ਹੈ।
ਜਨਤਕ ਜੱਦੋਜਹਿਦਾਂ ਤੇ ਹੋਰ ਸਰਗਰਮੀਆਂ ਹਰਕਤਸ਼ੀਲ ਤੇ ਚੇਤੰਨ ਹਿੱਸਿਆਂ ਨੂੰ ਇਹ ਗੱਲ ਭਲੀ ਭਾਂਤ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਇੱਕ ਇਨਕਲਾਬੀ ਪਾਰਟੀ ਦੇ ਲੜ ਲੱਗੇ ਬਗੈਰ ਨਾ ਤਾਂ ਉਹਨਾਂ ਦਾ ਆਪਣਾ ਤੇ ਨਾ ਹੀ ਜਨਤਕ ਲਹਿਰ ਦਾ ਭਰਪੂਰ ਵਿਕਾਸ ਹੋ ਸਕਦਾ ਹੈ। ਇੱਕ ਸੁਲਝੀ ਹੋਈ ਇਨਕਲਾਬੀ ਪਾਰਟੀ ਦੀ ਰਾਹਨੁਮਾਈ ਬਗੈਰ ਨਾ ਘੋਲਾਂ ਦਾ ਸਿਆਸੀ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ ਤੇ ਨਾ ਹੀ ਵਿਸ਼ਾਲ ਇਨਕਲਾਬੀ ਲਹਿਰ ਖੜ੍ਹੀ ਕੀਤੀ ਜਾ ਸਕਦੀ ਹੈ। ਸੰਸਾਰ ਇਨਕਲਾਬੀ ਲਹਿਰ ਨੇ ਇਹ ਸਿੱਟਾ ਕੱਢਿਆ ਹੋਇਆ ਹੈ ਕਿ ਇੱਕ ਇਨਕਲਾਬੀ ਪਾਰਟੀ ਬਗੈਰ ਇਨਕਲਾਬ ਸੰਭਵ ਨਹੀਂ ਸੋ ਹਰ ਸੰਜੀਦਾ ਤੇ ਸੂਝਵਾਨ ਕਾਰਕੁਨ ਨੂੰ ਕਮਿਊਨਿਸਟ ਇਨਕਲਾਬੀ ਪਾਰਟੀ ਬਾਰੇ ਹਕੂਮਤੀ ਕੂੜ-ਪ੍ਰਚਾਰ 'ਤੇ ਥੁੱਕਦਿਆਂ , ਛੇਤੀ ਤੋਂ ਛੇਤੀ ਅਜਿਹੀ ਇਨਕਲਾਬੀ ਪਾਰਟੀ ਦੇ ਲੜ ਲੱਗਣਾ ਚਾਹੀਦਾ ਹੈ।
***

No comments:

Post a Comment