Thursday, July 31, 2025

ਕਰੇਗੁੱਟਾ ਅਪਰੇਸ਼ਨ: ਦਾਅਵੇ, ਸੱਚਾਈ ਅਤੇ ਲਾਸ਼ਾਂ ਵਾਲੇ ਬੋਰੇ

 ਕਰੇਗੁੱਟਾ ਅਪਰੇਸ਼ਨ: ਦਾਅਵੇ, ਸੱਚਾਈ ਅਤੇ ਲਾਸ਼ਾਂ ਵਾਲੇ ਬੋਰੇ 



-ਮਾਲਿਨੀ ਸੁਬਰਾਮਨੀਅਮ

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 21 ਦਿਨ ਚੱਲੇ ਅਪਰੇਸ਼ਨ, ਜਿਸ ਦਾ ਗੁਪਤ ਨਾਂ ਕਰੇਗੁੱਟਾ ਅਪਰੇਸ਼ਨ ਸੀ, ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲ-ਵਿਰੋਧੀ ਅਪਰੇਸ਼ਨ ਕਰਾਰ ਦਿੱਤਾ। ਪਰ ਕੀ ਸੱਚਮੁੱਚ ਉਹ ਸੀ ਜੋ ਦੱਸਿਆ ਗਿਆ?

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਨਕਸਲਵਾਦ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਚਨਬੱਧ ਹਾਂ, ਅਤੇ 31 ਮਾਰਚ 2026 ਤੱਕ ਭਾਰਤ ਨੂੰ ਨਕਸਲ-ਮੁਕਤ ਬਣਾ ਦਿੱਤਾ ਜਾਵੇਗਾ।

ਸਾਡੀਆਂ ਸੁਰੱਖਿਆ ਫ਼ੌਜਾਂ ਨੇ ਸਿਰਫ਼ 21 ਦਿਨਾਂ ' ਅੱਜ ਤੱਕ ਦਾ ਸਭ ਤੋਂ ਵੱਡਾ ਨਕਸਲ ਵਿਰੋਧੀ ਅਪਰੇਸ਼ਨ ਨੇਪਰੇ ਚਾੜਿ੍ਆ, ਅਤੇ ਇਸ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ।

ਗ੍ਰਹਿ ਮੰਤਰੀ ਅਮਿਤ ਸ਼ਾਹ, 14 ਮਈ 2025

ਸਭ ਤੋਂ ਪਹਿਲਾਂ ਬਦਬੂ ਆਈ। ਬੀਜਾਪੁਰ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਤਿੱਖੀ ਬਦਬੂ ਫੈਲੀ ਹੋਈ ਸੀ। ਅੰਦਰ ਐਲੂਮੀਨਿਅਮ ਦੇ ਰੈਕਾਂ ' ਇਕ ਦੂਜੇ ਦੇ ਉੱਪਰ ਲਾਸ਼ਾਂ ਰੱਖੀਆਂ ਹੋਈਆਂ ਸਨ। ਫਰੀਜ਼ਰ ਨਾ ਹੋਣ ਕਾਰਨ ਮਈ ਦੀ ਤਿੱਖੀ ਗਰਮੀ ਵਿਚ ਲਾਸ਼ਾਂ ਫੁੱਲ ਚੁੱਕੀਆਂ ਸਨ ਅਤੇ ਸੜ ਰਹੀਆਂ ਸਨ।

ਮਰਦ ਅਤੇ ਔਰਤਾਂ, ਜਿਨ੍ਹਾਂ ਨੇ ਬਦਬੂ ਤੋਂ ਬਚਣ ਲਈ ਆਪਣੇ ਚਿਹਰਿਆਂ 'ਤੇ ਪਰਨੇ ਲਪੇਟੇ ਹੋਏ ਸਨ, ਮੁਸ਼ਕਲ ਨਾਲ ਸਾਹ ਲੈ ਕੇ ਰੈਕਾਂ 'ਤੇ ਰੱਖੇ ਲਹੂ ਨਾਲ ਲਿੱਬੜੇ ਲਾਸ਼ਾਂ ਵਾਲੇ ਬੈਗ ਖੋਲ੍ਹ ਖੋਲ੍ਹ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਚਿਹਰੇ ਲੱਭ ਰਹੇ ਸਨ। ਜਿਨ੍ਹਾਂ ਨੇ ਲਾਸ਼ਾਂ ਦੀ ਹਾਲਤ ਦੇਖਣ ਲਈ ਆਪਣੇ ਆਪ ਨੂੰ ਪਹਿਲਾਂ ਹੀ ਮਾਨਸਿਕ ਤੌਰ 'ਤੇ ਤਿਆਰ ਕਰ ਲਿਆ ਸੀ, ਉਹ ਵੀ ਇਕ ਬੈਗ ਖੋਲ੍ਹਦੇ ਸਾਰ ਤ੍ਰਭਕ ਕੇ ਪਿੱਛੇ ਹਟ ਗਏਉਸ ਵਿਚ ਇਕ ਨੌਜਵਾਨ ਲੜਕੀ ਦੀ ਲਾਸ਼ ਸੀ, ਜਿਸ ਵਿਚ ਕੀੜੇ ਚੱਲ ਰਹੇ ਸਨ।

"ਮੈਂ ਆਪਣੀ ਭੈਣ ਦੀ ਲਾਸ਼ ਪਛਾਣ ਨਹੀਂ ਸਕਿਆ," ਬੀਜਾਪੁਰ ਦੇ ਟੋਡਕਾ ਪਿੰਡ ਦੇ ਜੋਗਾ (ਬਦਲਿਆ ਹੋਇਆ ਨਾਂ) ਨੇ ਕਿਹਾ। "ਉਹ 17 ਸਾਲ ਦੀ ਸੀ ਜਦ ਮਾਓਵਾਦੀਆਂ ਵਿਚ ਸ਼ਾਮਲ ਹੋ ਗਈ ਸੀ। ਹੁਣ ਉਹ 22 ਸਾਲ ਦੀ ਸੀ...ਤੇ ਹੁਣ ਨਹੀਂ ਰਹੀ।" ਉਹ ਸਲਾਹ ਕਰਨ ਲਈ ਆਪਣੇ ਮਾਪਿਆਂ ਅਤੇ ਛੋਟੀ ਭੈਣ ਵੱਲ ਮੁੜਿਆ। ਆਖਿ਼ਰਕਾਰ, ਉਹ ਕਿਸੇ ਲਾਸ਼ ਉੱਪਰ ਦਾਅਵਾ ਕੀਤੇ ਬਿਨਾਂ ਹੀ ਚੁੱਪਚਾਪ ਵਾਪਸ ਮੁੜ ਗਏ।

14 ਮਈ ਨੂੰ ਬੀਜਾਪੁਰ ਦੇ ਅਧਿਕਾਰੀਆਂ ਨੇ ਅਪਰੇਸ਼ਨ ਕਰੇਗੁੱਟਾਖ਼ਤਮ ਹੋਣ ਦਾ ਐਲਾਨ ਕੀਤਾਇਹ ਮਾਓਵਾਦੀਆਂ ਵਿਰੁੱਧ 21 ਦਿਨਾਂ ਤੱਕ ਚੱਲਿਆ ਅਪਰੇਸ਼ਨ ਸੀ ਜੋ 21 ਅਪ੍ਰੈਲ ਨੂੰ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਤੇ ਸਥਿਤ ਕਰੇਗੁੱਟਾ ਪਹਾੜੀਆਂ ਵਿਚ ਸ਼ੁਰੂ ਕੀਤਾ ਗਿਆ ਸੀ। ਇਸ ਅਪਰੇਸ਼ਨ ਵਿਚ ਮਾਰੇ ਜਾਣ ਵਾਲੇ ਮਾਓਵਾਦੀਆਂ ਦੀ ਗਿਣਤੀ 31 ਦੱਸੀ ਗਈ, ਜਿਨ੍ਹਾਂ ਵਿਚ 16 ਔਰਤਾਂ ਸਨ।

ਸਰਕਾਰੀ ਪ੍ਰੈੱਸ ਬਿਆਨ ਅਨੁਸਾਰ, “ਇਕ ਵੱਡੇ ਪੈਮਾਨੇ ਦਾ ਸਾਂਝਾ ਅਪਰੇਸ਼ਨਛੱਤੀਸਗੜ੍ਹ ਪੁਲਿਸ ਵੱਲੋਂ ਡਿਸਟ੍ਰਿਕਟ ਰਿਜ਼ਰਵ ਗਾਰਡ (ਡੀਆਰਜੀ), ਵਿਸ਼ੇਸ਼ ਟਾਸਕ ਫੋਰਸ, (ਐੱਸਟੀਐੱਫ), ਬਸਤਰ ਫਾਈਟਰਜ਼), ਸੀਆਰਪੀਐੱਫ ਅਤੇ ਕੋਬਰਾ ਕਮਾਂਡੋ ਨੂੰ ਨਾਲ ਲੈ ਕੇ 60 ਕਿਲੋਮੀਟਰ ਲੰਮੀ ਪਹਾੜੀ ਜੰਗਲੀ ਪੱਟੀ ਵਿਚ ਚਲਾਇਆ ਗਿਆ। ਇਸ ਦਾ ਉਦੇਸ਼ ਮਾਓਵਾਦੀਆਂ ਦੀ ਹਥਿਆਰਬੰਦ ਤਾਕਤ ਨੂੰ ਸੱਟ ਮਾਰਨਾ, ਉਨ੍ਹਾਂ ਦੇ ਹਥਿਆਰਬੰਦ ਦਸਤਿਆਂ ਨੂੰ ਖ਼ਤਮ ਕਰਨਾ, ਉਨ੍ਹਾਂ ਨੂੰ ਇਨ੍ਹਾਂ ਕਠਿਨ ਇਲਾਕਿਆਂ 'ਚੋਂ ਬਾਹਰ ਕੱਢਣਾ ਅਤੇ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਦੀ ਬਟਾਲੀਅਨ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾਸੀ।

ਅਪਰੇਸ਼ਨ ਦੌਰਾਨ, ਸੁਰੱਖਿਆ ਬਲਾਂ ਨੇ "216 ਮਾਓਵਾਦੀ ਟਿਕਾਣੇ ਅਤੇ ਬੰਕਰ ਨਸ਼ਟ ਕੀਤੇ, 450 ਆਈਈਡੀ (ਵਿਸਫੋਟਕ ਯੰਤਰ) ਬੇਅਸਰ ਕੀਤੇ, ਨਾਲ ਹੀ ਬੈਰਲ ਗ੍ਰੇਨੇਡ ਲਾਂਚਰਾਂ ਵਿਚ ਵਰਤੇ ਜਾਂਦੇ 818 ਗੋਲੇ, ਪਲੀਤਾ ਲਾਉਣ ਵਾਲੀ ਤਾਰ ਦੇ 899 ਬੰਡਲ, ਡੈਟੋਨੇਟਰ ਅਤੇ ਬਹੁਤ ਵੱਡੀ ਮਾਤਰਾ ਵਿਚ ਵਿਸਫੋਟਕ ਸਮੱਗਰੀ ਬਰਾਮਦ ਕੀਤੀ।"

ਇਸ ਕਹਾਣੀ ਦੇ ਕੇਂਦਰ ਵਿਚ ਵੱਡਾ ਮੁੱਲ ਤਾਰਕੇ ਇੱਛਤ ਨਤੀਜੇ ਨਾ ਲੈ ਸਕਣ ਦੀ ਨਾਕਾਮੀ ਪਈ ਹੈ। ਇਸ ਨੂੰ "ਹੁਣ ਤੱਕ ਦੇ ਇਤਿਹਾਸ ਦੀ ਮਾਓਵਾਦੀਆਂ ਵਿਰੋਧੀ ਸਭ ਤੋਂ ਵੱਡੀ ਅਤੇ ਵਿਆਪਕ ਮੁਹਿੰਮ" ਦੱਸਿਆ ਗਿਆ, ਜੋ ਮਾਓਵਾਦੀ ਲੀਡਰਸ਼ਿੱਪ ਉੱਪਰ ਫ਼ੈਸਲਾਕੁੰਨ ਸੱਟ ਮਾਰਨ ਲਈ ਸ਼ੁਰੂ ਕੀਤੀ ਗਈ ਸੀ। ਪਰ ਰਾਜ ਕੋਲ ਆਪਣੀ ਪ੍ਰਾਪਤੀ ਦਿਖਾਉਣ ਲਈ ਬਹੁਤ ਘੱਟ ਸੀ: ਕੋਈ ਵੀ ਵੱਡਾ ਮਾਓਵਾਦੀ ਆਗੂ ਫੜਿਆ ਜਾਂ ਮਾਰਿਆ ਨਹੀਂ ਗਿਆ, ਜਦਕਿ ਮੁਹਿੰਮ ਦਾ ਮੁੱਖ ਉਦੇਸ਼ ਕਰੇਗੁੱਟਾ ਪਹਾੜੀਆਂ ਵਿਚ ਕਥਿਤ ਰੂਪ ' ਲੁਕੇ ਮਾਓਵਾਦੀ ਕੇਂਦਰੀ ਕਮੇਟੀ ਦੇ ਸੀਨੀਅਰ ਮੈਂਬਰਾਂ ਨੂੰ ਢੇਰ ਕਰਨਾ ਸੀ। ਨਾਲ ਹੀ ਇਹ ਕਹਾਣੀ ਬਹੁਤ ਜ਼ਿਆਦਾ ਮਨੁੱਖੀ ਨੁਕਸਾਨ ਨੂੰ ਵੀ ਲੁਕੋ ਲੈਂਦੀ ਹੈ ਜੋ ਗੋਲੀਬਾਰੀ ' ਘਿਰੇ ਆਦਿਵਾਸੀ ਭਾਈਚਾਰਿਆਂ ਨੂੰ ਝੱਲਣਾ ਪਿਆ। ਇਸ ਨਾਲ ਰਾਜ ਅਤੇ ਉਸਦੇ ਸਭ ਤੋਂ ਵੱਧ ਹਾਸ਼ੀਏ ਤੇ ਧੱਕੇ ਨਾਗਰਿਕਾਂ ਦਰਮਿਆਨ ਦੀ ਖਾਈ ਹੋਰ ਡੂੰਘੀ ਹੋ ਗਈ।

ਇਕ ਪ੍ਰੈੱਸ ਮਿਲਣੀ ' ਜਦ ਇਹ ਪੁੱਛਿਆ ਗਿਆ ਕਿ ਕੀ ਇਸ ਮੁਹਿੰਮ ਜ਼ਰੀਏ ਉੱਘੇ ਮਾਓਵਾਦੀਆਂ ਨੂੰ ਫੜਨ ਦਾ ਐਲਾਨੀਆ ਟੀਚਾ ਪ੍ਰਾਪਤ ਕੀਤਾ ਜਾ ਸਕਿਆ, ਤਾਂ ਛੱਤੀਸਗੜ੍ਹ ਦੇ ਡੀਜੀਪੀ ਨੇ ਜਵਾਬ ਦਿੱਤਾ ਕਿ ਫੋਰਸਾਂ ਨੇ "ਜੋ ਸੋਚਿਆ ਸੀ, ਉਸ ਤੋਂ ਵੱਧ ਹਾਸਲ ਕੀਤਾ ਹੈ" ਅਤੇ "ਇਹ ਮੁਹਿੰਮ ਮਾਰਚ 2026 ਤੱਕ ਦੇ ਟੀਚੇ ਮੁਤਾਬਿਕ ਮੁਲਕ ਵਿਚ ਨਕਸਲੀ ਹਿੰਸਾ ਦੇ ਅੰਤ ਦੀ ਸ਼ੁਰੂਆਤ ਹੈ।"

ਅਪਰੇਸ਼ਨ ਕਰੇਗੁੱਟਾ ਦੇ ਖ਼ਤਮ ਹੋਣ ਤੱਕ - ਇਕ ਅਜਿਹੀ ਕਵਾਇਦ ਜਿਸ ਵਿਚ ਕਈ ਦਿਨਾਂ ਤੱਕ ਹੈਲੀਕਾਪਟਰਾਂ ਦੀ ਗੂੰਜ ਅਤੇ ਵਿਸਫੋਟਾਂ ਦੀ ਗੜਗੱਜ ਸੰਘਣੇ ਜੰਗਲਾਂ ' ਪੈਂਦੀ ਰਹੀ - ਸਰਕਾਰ ਦੇ ਹੱਥ ਕੋਈ ਵੱਡੀ 'ਜਿੱਤ' ਨਹੀਂ ਲੱਗੀ। ਇਹ ਇਸ ਤੋਂ ਇਕ ਹਫ਼ਤੇ ਬਾਅਦ ਜਾ ਕੇ ਹੋਇਆ ਕਿ ਸਰਕਾਰ ਆਪਣੀ ਵਾਸਤਵਿਕ ਜਿੱਤ ਦਾ ਦਾਅਵਾ ਕਰਦੇ ਹੋਏ ਆਪਣਾ ਉਹ ਬਿਰਤਾਂਤ ਮੁੜ ਹਾਸਲ ਕਰਨ ਕਾਮਯਾਬ ਹੋ ਗਈ ਜਿਸ ਨੂੰ ਇਹ ਆਪਣੀ ਅਸਲੀ ਜਿੱਤਕਹਿੰਦੀ ਸੀ।

ਇਹ 'ਜਿੱਤ' ਕਰੇਗੁੱਟਾ ' ਨਹੀਂ, ਬਲਕਿ ਉਸ ਤੋਂ ਕਈ ਕਿਲੋਮੀਟਰ ਦੂਰ, ਨਰਾਇਣਪੁਰ ਅਤੇ ਬੀਜਾਪੁਰ ਜ਼ਿਲਿ੍ਹਆਂ ਵਿਚਲੇ ਅਬੂਝਮਾੜ ਦੇ ਸੰਘਣੇ ਜੰਗਲਾਂ ਵਿਚ ਹਾਸਲ ਹੋਈ ਜਿੱਥੇ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਅਤੇ 26 ਹੋਰ ਮਾਓਵਾਦੀ ਮਾਰੇ ਗਏ। ਜੋ ਇਨ੍ਹਾਂ ਸਾਲਾਂ ਦੇ ਸਭ ਤੋਂ ਵੱਡੇ ਮੁਕਾਬਲਿਆਂ 'ਚੋਂ ਇਕ ਬਣ ਗਿਆ।

ਘਚੋਲੇ ਵਾਲਾ ਅਪਰੇਸ਼ਨ

7 ਮਈ ਨੂੰ ਜਦ ਭਾਰਤ ਨੇ ਪਹਿਲਗਾਮ ਦਹਿ਼ਸਤਗਰਦ ਹਮਲੇ ਦੇ ਜਵਾਬ ' ਪਾਕਿਸਤਾਨ ਦੇ ਖਿ਼ਲਾਫ਼ ਫ਼ੌਜੀ ਕਾਰਵਾਈ ਸ਼ੁਰੂ ਕੀਤੀ, ਉਦੋਂ ਮੁਲਕ ਦੇ ਇਕ ਦੂਰ-ਦਰਾਜ ਕੋਨੇ ਕਰੇਗੁੱਟਾ ਦੀਆਂ ਪਹਾੜੀਆਂ ' ਸਟੇਟ ਦੇ ਖਿ਼ਲਾਫ਼ ਹਥਿਆਰ ਚੁੱਕਣ ਵਾਲੇ ਆਪਣੇ ਹੀ ਨਾਗਰਿਕਾਂ ਦੇ ਖਿ਼ਲਾਫ਼ ਇਕ ਹੋਰ ਯੁੱਧ ਪਹਿਲਾਂ ਹੀ ਚੱਲ ਰਿਹਾ ਸੀ।

ਪਿੰਡਾਂ ਦੇ ਲੋਕਾਂ ਅਨੁਸਾਰ ਕਰੇਗੁੱਟਾ ਪਰਬਤ-ਮਾਲਾ ਵਿਚ 200 ਤੋਂ ਵੱਧ ਪਹਾੜੀਆਂ ਹਨ ਜਿਨ੍ਹਾਂ ਵਿੱਚੋਂ ਕਈ ਕੁਦਰਤੀ ਗੁਫ਼ਾਵਾਂ ਦੇ ਤਾਣੇਬਾਣੇ ਰਾਹੀਂ ਆਪਸ ਵਿਚ ਜੁੜੀਆਂ ਹੋਈਆਂ ਹਨ ਜੋ ਅੱਗੇ ਪਹਾੜੀ ਚੋਟੀਆਂ ਅਤੇ ਇਨ੍ਹਾਂ ਦੇ ਮੁੱਢ ਵਸੇ ਪਿੰਡਾਂ ਤੱਕ ਜਾਂਦੀਆਂ ਹਨ। ਆਪਣੇ ਦਿਲਕਸ਼ ਕੁਦਰਤੀ ਦਿ੍ਰਸ਼ ਤੋਂ ਵੀ ਅੱਗੇ, ਇਹ ਪਹਾੜੀਆਂ ਨਾ ਕੇਵਲ ਆਰਥਕ ਜੀਵਨ-ਗੁਜ਼ਾਰੇ ਲਈ ਮਹੱਤਵਪੂਰਨ ਹਨ ਸਗੋਂ ਇਨ੍ਹਾਂ ਦਾ ਰੂਹਾਨੀ ਮਹੱਤਵ ਵੀ ਹੈ। ਇਨ੍ਹਾਂ ਪਹਾੜੀਆਂ ਨੇ ਮਾਓਵਾਦੀਆਂ ਨੂੰ ਸੁਰੱਖਿਆ ਬਲਾਂ ਦੀ ਨਿਗਰਾਨੀ ਤੋਂ ਦੂਰ ਯੁੱਧਨੀਤਕ ਠਾਹਰ ਵੀ ਮੁਹੱਈਆ ਕੀਤੀ।

"ਅਪਰੇਸ਼ਨ ਸੰਕਲਪ" ਚੁੱਪ-ਚੁਪੀਤੇ ਸ਼ੁਰੂ ਕੀਤਾ ਗਿਆ, ਜਿਸ ਬਾਰੇ ਮੀਡੀਆ ਨੇ ਕਿਹਾ ਕਿ ਇਹ ਕੋਡ ਨਾਮ ਹੈ ਪਰ ਸਰਕਾਰ ਨੇ ਬਾਅਦ ' ਇਸ ਤੋਂ ਇਨਕਾਰ ਕੀਤਾ। ਜਦ ਨੀਮ-ਫ਼ੌਜੀ ਬਲਾਂ ਨੂੰ ਕਰੇਗੁੱਟਾ ਪਹਾੜੀਆਂ ਵੱਲ ਭੇਜਿਆ ਗਿਆ ਤਾਂ ਮੀਡੀਆ ਰਿਪੋਰਟਾਂ ਤੋਂ ਸਿਵਾਏ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ। ਇਹ ਰਿਪੋਰਟਾਂ ਵੀ ਜ਼ਿਆਦਾਤਰ ਬੇਨਾਮ ਸੂਤਰਾਂ 'ਤੇ ਆਧਾਰਤ ਸਨ।

ਇਨ੍ਹਾਂ ਰਿਪੋਰਟਾਂ ਨੇ ਬਿਰਤਾਂਤ ਤੈਅ ਕੀਤਾ। ਕੁਝ ਰਿਪੋਰਟਾਂ 20000 ਜਵਾਨਾਂ ਦੀ ਤਾਇਨਾਤੀ ਦੀ ਗੱਲ ਕਹਿ ਰਹੀਆਂ ਸਨ ਅਤੇ ਬਾਕੀ 5000 ਕਹਿ ਰਹੀਆਂ ਸਨ ਕੁਝ ਰਿਪੋਰਟਾਂ ' ਤੇਲੰਗਾਨਾ ਦੇ ਗਰੇਅ ਹਾਊਂਡਜ਼ ਅਤੇ ਮਹਾਰਾਸ਼ਟਰ ਦੀ ਸੀ-60 ਵਰਗੀਆਂ ਵਿਸ਼ੇਸ਼ ਸਿਖਲਾਈਯਾਫ਼ਤਾ ਇਕਾਈਆਂ ਦੇ ਸ਼ਾਮਲ ਹੋਣ ਦਾ ਦਾਅਵਾ ਵੀ ਕੀਤਾ ਗਿਆ।

ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਪੁਲਿਸ ਮੁਖੀ ਨੇ ਇਸ ਪੱਤਰਕਾਰ ਨਾਲ ਗੱਲ ਕਰਦੇ ਹੋਏ ਅਪਰੇਸ਼ਨ ਵਿਚ ਰਾਜ ਦੀ ਪੁਲਿਸ ਦੀ ਕਿਸੇ ਵੀ ਸ਼ਮੂਲੀਅਤ ਤੋਂ ਸਪਸ਼ਟ ਇਨਕਾਰ ਕੀਤਾ। ਉਸਨੇ ਕਿਹਾ, "ਇਹ ਅਪਰੇਸ਼ਨ ਸਿਰਫ਼ ਤੇ ਸਿਰਫ਼ ਸੀਆਰਪੀਐੱਫ, ਜਿਸ ਵਿਚ ਕੋਬਰਾ ਬਟਾਲੀਅਨ ਸ਼ਾਮਲ ਹੈ, ਅਤੇ ਛੱਤੀਸਗੜ੍ਹ ਰਾਜ ਦੀ ਪੁਲਿਸ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਵਿਚ ਹੋਰ ਕਿਸੇ ਰਾਜ ਦੀ ਪੁਲਿਸ ਸ਼ਾਮਲ ਨਹੀਂ ਹੈ।"

ਪਹਾੜੀਆਂ ਵਿਚ "ਘਿਰੇ" ਮਾਓਵਾਦੀ ਲੜਾਕਿਆਂ ਦੀ ਗਿਣਤੀ ਨੂੰ ਲੈ ਕੇ ਅੰਦਾਜ਼ਾ 150 ਤੋਂ ਲੈ ਕੇ 500 ਤੱਕ ਦਰਮਿਆਨ ਡੋਲਦਾ ਰਿਹਾ - ਹਰ ਅੰਦਾਜ਼ਾ ਪਹਿਲੇ ਨਾਲੋਂ ਜ਼ਿਆਦਾ ਕਿਆਸਅਰਾਈਆਂ 'ਤੇ ਆਧਾਰਤ ਸੀ। ਅਪਰੇਸ਼ਨ ਦੀ ਯੁੱਧਨੀਤੀ, ਫੋਰਸਾਂ ਦੀ ਤਾਇਨਾਤੀ, ਅਤੇ ਪਹਾੜੀਆਂ ਵਿਚ ਕਥਿਤ ਮਾਓਵਾਦੀ ਆਗੂਆਂ ਦੀ ਮੌਜੂਦਗੀ ਬਾਰੇ ਹਰ ਵੇਰਵਾ ਅਣਪਛਾਤੇ "ਉੱਚ ਅਧਿਕਾਰੀਆਂ" ਦੇ ਹਵਾਲੇ ਨਾਲ ਹੀ ਦੱਸਿਆ ਗਿਆ। ਰਿਪੋਰਟਿੰਗ ਦਾ ਵੱਡਾ ਹਿੱਸਾ ਚੋਟੀ ਦੇ ਮਾਓਵਾਦੀ ਆਗੂਆਂ ਜਿਵੇਂ ਹਿੜਮਾ, ਸੁਜਾਤਾ, ਦੇਵਾ, ਦਮੋਦਰ ਅਤੇ ਚੰਦੰਨਾ ਦੀ ਮੌਜੂਦਗੀ ਦੀਆਂ ਅਟਕਲਾਂ 'ਤੇ ਆਧਾਰਤ ਰਿਹਾ। ਫਿਰ ਵੀ, ਕੋਈ ਵੀ ਚੋਟੀ ਦਾ ਕਮਾਂਡਰ ਨਾ ਮਾਰਿਆ ਗਿਆ, ਨਾ ਗਿ੍ਰਫ਼ਤਾਰ ਹੋਇਆ।

14 ਮਈ ਨੂੰ ਬੀਜਾਪੁਰ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਪੁਲਿਸ ਅਤੇ ਨੀਮ-ਫ਼ੌਜੀ ਬਲਾਂ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਹੁਣ ਤੱਕ ਦਾ "ਮਾਓਵਾਦੀਆਂ ਵਿਰੋਧੀ ਸਭ ਤੋਂ ਵੱਡਾ ਅਤੇ ਵਿਆਪਕ ਅਪਰੇਸ਼ਨ" ਐਲਾਨਿਆ। ਇਸ ਵਿਚ ਛੱਤੀਸਗੜ੍ਹ ਦੇ ਡੀਜੀਪੀ ਅਰੁਣ ਦੇਵ ਗੌਤਮ ਅਤੇ ਸੀਆਰਪੀਐੱਫ ਦੇ ਡਾਇਰੈਕਟਰ ਜਨਰਲ ਜੀ.ਪੀ.ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਮੁਹਿੰਮ ਨੂੰ ਮਾਓਵਾਦੀਆਂ ਦੀ ਹਥਿਆਰਬੰਦ ਤਾਕਤ ਨੂੰ ਕਮਜ਼ੋਰ ਕਰਨ, ਉਨ੍ਹਾਂ ਦੇ ਦਸਤਿਆਂ ਨੂੰ ਬੇਅਸਰ ਬਣਾਉਣ, ਕਠਿਨ ਇਲਾਕਿਆਂ ਨੂੰ ਖਾਲੀ ਕਰਾਉਣ ਅਤੇ ਪੀਐੱਲਜੀਏ ਬਟਾਲੀਅਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ਦੱਸਿਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਨੂੰ ਵੱਡੀ ਕਾਮਯਾਬੀ ਦੱਸਿਆ ਅਤੇ ਅਗਲੇ ਸਾਲ ਮਾਰਚ ਤੱਕ ਮੁਲਕ ਵਿੱਚੋਂ ਖੱਬੇਪੱਖੀ ਅੱਤਵਾਦ ਨੂੰ ਖ਼ਤਮ ਕਰਨ ਦੀ ਸਮਾਂ-ਸੀਮਾ ਐਲਾਨ ਕੀਤੀ ਜੋ ਪਿਛਲੇ ਚਾਰ ਦਹਾਕਿਆਂ ਤੋਂ ਮੁਲਕ ਵਿਚ ਜਾਰੀ ਹੈ।

ਇਹ ਅਪਰੇਸ਼ਨ ਭਾਰਤ ਵਿਚ ਪ੍ਰਚਲਤ ਹੋ ਰਹੇ ਨਵੇਂ ਸੁਰੱਖਿਆ ਮੱਤ ਨੂੰ ਉਜਾਗਰ ਕਰਦਾ ਹੈ: ਕੋਈ ਯੁੱਧ ਜਿੰਨਾ ਛੁਪਾ ਕੇ ਲੜਿਆ ਜਾਵੇਗਾ, ਉਸ ਨੂੰ ਜੇਤੂ ਐਲਾਨਣਾ ਵੀ ਓਨਾ ਹੀ ਸੌਖਾ ਹੋਵੇਗਾ।

31 ਮੌਤਾਂ

ਸਰਕਾਰ ਵੱਲੋਂ ਪ੍ਰੈੱਸ ਨੂੰ ਸੰਖੇਪ ਜਾਣਕਾਰੀ ਦਿੱਤੇ ਜਾਣ ਤੋਂ ਪਹਿਲਾਂ ਹੀ, ਪਹਾੜੀਆਂ ਦੇ ਨੇੜੇ ਵਸੇ ਪਿੰਡਾਂ ਦੇ ਲੋਕ ਬੀਜਾਪੁਰ ਜ਼ਿਲ੍ਹਾ ਹਸਪਤਾਲ ਪਹੁੰਚਣੇ ਸ਼ੁਰੂ ਹੋ ਗਏ ਸਨ, ਇਹ ਸੁਣਕੇ ਕਿ ਉਨ੍ਹਾਂ ਦੇ ਪਰਿਵਾਰਾਂ ਦੇ ਜੀਅ ਇਸ ਸੁਰੱਖਿਆ ਅਪਰੇਸ਼ਨ ਵਿਚ ਮਾਰੇ ਗਏ ਹਨ।

ਉਹ ਆਪਣੇ ਧੀਆਂ-ਪੁੱਤਰਾਂ ਅਤੇ ਭੈਣਾਂ-ਭਰਾਵਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਅੰਤਮ ਸੰਸਕਾਰ ਮਾਣ-ਸਨਮਾਨ ਨਾਲ ਕਰਨ ਲਈ 9 ਮਈ ਨੂੰ ਟਰੈਕਟਰਾਂ ਅਤੇ ਮੋਟਰ ਸਾਈਕਲਾਂ ਉੱਪਰ ਉੱਥੇ ਆਏ ਸਨ।

"9 ਮਈ ਨੂੰ ਡੀਆਰਜੀ (ਡਿਸਟਿ੍ਰਕਟ ਰਿਜ਼ਰਵ ਗਾਰਡ) ਦੇ ਇਕ ਪੁਲਸੀਏ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਅਸੀਂ ਕੇ ਆਪਣੇ ਪਿੰਡ ਦੇ ਤਿੰਨ ਜਣਿਆਂ ਦੀਆਂ ਲਾਸ਼ਾਂ ਲੈ ਜਾਈਏ," ਹਿਰੋਲੀ ਪਿੰਡ ਦੇ ਇਕ ਨੌਜਵਾਨ ਨੇ ਕਿਹਾ, ਜਿਸਨੇ ਆਪਣਾ ਮੂੰਹ ਅਤੇ ਨੱਕ ਪਰਨੇ ਨਾਲ ਢਕਿਆ ਹੋਇਆ ਸੀ।

ਸ਼ਾਮ ਦੇ ਲੱਗਭੱਗ 4 ਵਜੇ ਸਨ ਅਤੇ ਬਦਬੂ ਅਸਹਿ ਸੀ। ਡੀਆਰਜੀ ਪੁਲਿਸ ਵਿਚ ਭਰਤੀ ਕੀਤੇ ਸਥਾਨਕ ਪੁਲਸੀਏ ਹਨ ਜੋ ਅਕਸਰ ਸਾਬਕਾ ਮਾਓਵਾਦੀ ਹੁੰਦੇ ਹਨ।

ਲਾਸ਼ਘਰ ਔਰਤਾਂ ਅਤੇ ਬੱਚਿਆਂ ਦੇ ਵਾਰਡ ਦੇ ਬਿਲਕੁਲ ਨਾਲ ਸੀ। ਬਦਬੂ ਦੇ ਕਾਰਨ ਗਰਭਵਤੀ ਔਰਤਾਂ ਅਤੇ ਨਿੱਕੇ-ਨਿੱਕੇ ਬਾਲਾਂ ਵਾਲੇ ਮਾਂ-ਪਿਓ ਉੱਥੋਂ ਭੱਜ ਗਏ। ਲਾਸ਼ਘਰ ਦੇ ਇਕ ਮੁਲਾਜ਼ਮ ਨੇ ਦੂਰੋਂ ਖੜ੍ਹੇ ਹੋ ਕੇ ਪਰਿਵਾਰ ਮੈਂਬਰਾਂ ਨੂੰ ਖ਼ੁਦ ਹੀ ਸਟੀਲ ਦੇ ਰੈਕ ਖੋਹਲ ਕੇ ਲਾਸ਼ਾਂ ਦੀ ਪਛਾਣ ਕਰਨ ਲਈ ਕਿਹਾ।

ਲਾਸ਼ਾਂ ਦੀ ਹਾਲਤ ਐਨੀ ਖ਼ਰਾਬ ਸੀ ਕਿ ਪਛਾਣ ਕਰਨੀ ਬੇਹੱਦ ਮੁਸ਼ਕਲ ਸੀ। ਕੁਝ ਲਾਸ਼ਾਂ ਫੁੱਲੀਆਂ ਹੋਈਆਂ ਸਨ, ਗਰਮੀ ਅਤੇ ਸੜਨ ਕਾਰਨ ਪੋਸਟਮਾਰਟਮ ਦੇ ਚੀਰੇ ਹੋਰ ਜ਼ਿਆਦਾ ਫਟ ਗਏ ਸਨ। ਸਭ ਤੋਂ ਭਿਆਨਕ ਮੰਜ਼ਰ ਇਕ ਮੁਟਿਆਰ ਦੀ ਲਾਸ਼ ਦਾ ਸੀ ਜਿਸ ਵਿਚ ਕੀੜੇ ਕੁਰਬਲ-ਕੁਰਬਲ ਕਰ ਰਹੇ ਸਨ, ਉਸਦੀ ਛਾਤੀ ਦੀ ਬਣਤਰ ਹੀ ਉਸਦੇ ਔਰਤ ਹੋਣ ਅਤੇ ਉਸਦੀ ਉਮਰ ਦਾ ਸੰਕੇਤ ਦੇ ਰਹੀ ਸੀ

ਥੱਕ-ਹਾਰ ਕੇ ਪਿੰਡਾਂ ਵਾਲੇ ਪਿੱਛੇ ਹਟ ਗਏ।

"ਇਸ ਤਰ੍ਹਾਂ ਕਿਵੇਂ ਲੈ ਕੇ ਜਾਵਾਂਗੇ?" ਨੌਜਵਾਨ ਹੌਲੀ ਜਹੇ ਬੋਲਿਆ।

ਉਨ੍ਹਾਂ ਨੂੰ ਖ਼ਾਸ ਲਾਸ਼ ਨੰਬਰ ਦਿੱਤੇ ਗਏ ਸਨ, ਪਰ ਉਹ ਵੀ ਸਾਰੇ ਮੇਲ ਨਹੀਂ ਖਾਂਦੇ ਸਨ। "7 ਮਈ ਸ਼ਾਮ ਨੂੰ ਡੀਆਰਜੀ ਵਾਲਿਆਂ ਨੇ ਸਾਨੂੰ ਫ਼ੋਨ ਕਰਕੇ ਦੱਸਿਆ ਕਿ ਸਾਡੇ ਰਿਸ਼ਤੇਦਾਰ ਮੁਕਾਬਲੇ ਵਿਚ ਮਾਰੇ ਗਏ ਹਨ," ਮਿ੍ਰਤਕ ਸੋਮੜੀ ਟਾਮੋ ਦੇ ਭਰਾ ਕੋਸਾ ਟਾਮੋ ਨੇ ਕਿਹਾ ਜੋ ਅਗਲੇ ਦਿਨ ਸਵੇਰੇ ਮੋਟੂ ਮੁੜਾਮ ਦੇ ਪਰਿਵਾਰ ਵਾਲਿਆਂ ਨਾਲ 60 ਕਿਲੋਮੀਟਰ ਦੂਰ ਕੌਂਡਾਪੱਲੀ ਪਿੰਡ ਤੋਂ ਟਰੈਕਟਰ ਲੈ ਕੇ ਲਾਸ਼ਾਂ ਲੈਣ ਆਇਆ ਸੀ, ਇਸ ਆਸ ਨਾਲ ਕਿ ਲਾਸ਼ ਤੁਰੰਤ ਮਿਲ ਜਾਵੇਗੀ। ਇਸ ਦੀ ਬਜਾਏ, ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜੇ ਤਾਂ ਪੋਸਟ ਮਾਰਟਮ ਵੀ ਨਹੀਂ ਹੋਇਆ। ਪੁਲਿਸ ਥਾਣੇ ਤੋਂ ਉਨ੍ਹਾਂ ਨੂੰ ਇਹ ਕਹਿਕੇ ਮੋੜ ਦਿੱਤਾ ਗਿਆ ਕਿ ਐੱਸ.ਐੱਚ.. "ਸ਼ਹਿਰ ਤੋਂ ਬਾਹਰ" ਹੈ।

ਜਦੋਂ ਉਨ੍ਹਾਂ ਨੂੰ ਲਾਸ਼ ਲੈ ਜਾਣ ਲਈ ਪੁਲਿਸ ਨੇ ਦੁਬਾਰਾ ਫ਼ੋਨ ਕੀਤਾ ਤਾਂ ਸੀਮਤ ਵਸੀਲਿਆਂ ਦੇ ਬਾਵਜੂਦ, ਪਰਿਵਾਰ ਪੰਜ ਦਿਨ ਬਾਅਦ ਫਿਰ ਗਏ। ਇਸ ਵਾਰ ਸ਼ਨਾਖ਼ਤੀ ਅਮਲ ਦੀ ਕਾਰਵਾਈ ਵਿਸਤਾਰ ' ਕੀਤੀ ਗਈ: ਮਾਰੇ ਗਏ ਮਾਓਵਾਦੀਆਂ ਦੀਆਂ ਤਸਵੀਰਾਂ ਦਿਖਾਕੇ ਪੁਸ਼ਟੀ ਕਰਾਈ ਗਈ, ਫਿਰ ਆਧਾਰ ਕਾਰਡਾਂ ਦੀ ਜਾਂਚ ਕੀਤੀ ਗਈ ਅਤੇ ਅੰਤ ਲਾਸ਼ਾਂ ਦੇ ਟੈਗ ਉਨ੍ਹਾਂ ਨੂੰ ਦੇ ਦਿੱਤੇ ਗਏ।

ਪਰ ਇਹ ਪ੍ਰਕਿਰਿਆ ਵੀ ਬੇਹੱਦ ਮਾਯੂਸ ਕਰਨ ਵਾਲੀ ਸੀ।

ਨੌਜਵਾਨ ਮਿ੍ਰਤਕ

ਹਿਰੋਲੀ ਪਿੰਡ ਦੇ ਮੰਗਲ ਕਰਮ ਨੇ ਕਿਹਾ, "ਮੈਂ ਆਪਣੀ ਭੈਣ ਮੰਜੁਲਾ ਕਰਮ ਦੀ ਤਸਵੀਰ ਪਛਾਣ ਲਈ।" ਪਰ ਜਿਸ ਲਾਸ਼ ਨੂੰ 11 ਨੰਬਰ ਟੈਗ ਦਿੱਤਾ ਗਿਆ ਸੀ, ਉਹ ਐਨੀ ਬੁਰੀ ਤਰ੍ਹਾਂ ਗਲੀ-ਸੜੀ ਹੋਈ ਸੀ ਕਿ ਕਹਿਣਾ ਹੀ ਅਸੰਭਵ ਸੀ ਕਿ ਇਹ ਉਸ ਦੀ ਭੈਣ ਦੀ ਲਾਸ਼ ਸੀ। "ਅਸੀਂ ਕੀੜਿਆਂ ਨਾਲ ਭਰੀ ਲਾਸ਼ ਘਰ ਲੈ ਆਏ। ਪਤਾ ਨਹੀਂ ਉਹ ਮੇਰੀ ਭੈਣ ਸੀ ਜਾਂ ਕੋਈ ਹੋਰ," ਉਸਨੇ ਕਿਹਾ।

ਇਕ ਹੋਰ ਘਟਨਾ ' ਭੂਸਾਪੁਰ ਦੀ ਬਜ਼ੁਰਗ ਔਰਤ ਅੜਮੇ ਪੂਨਮ ਨੇ ਪੁਲਿਸ ਥਾਣੇ ' ਆਪਣੇ ਪੁੱਤ ਪੋਡੀਆ ਪੂਨਮ ਦੀ ਤਸਵੀਰ ਦੇਖਣ ਤੋਂ ਪਹਿਲਾਂ ਦਿਲ ਨੂੰ ਠੁੰਮਣਾ ਦੇਣ ਲਈ ਐਨਰਜੀ ਡਰਿੰਕ ਪੀਤਾ। ਪੋਡੀਆ ਨੂੰ ਪੁਲਿਸ ਨੇ ਸੂਚੀ ਮਾਓਵਾਦੀ ਪਾਰਟੀ ਦਾ ਡਿਵੀਜਨਲ ਕਮੇਟੀ ਮੈਂਬਰ ਦੱਸਿਆ ਸੀ ਜਿਸ ਦੇ ਸਿਰ ਉੱਪਰ ਅੱਠ ਲੱਖ ਦਾ ਇਨਾਮ ਸੀ। ਨਾਲ ਉਸਦਾ ਭਤੀਜਾ ਵੀ ਆਇਆ ਹੋਇਆ ਸੀ। ਉਨ੍ਹਾਂ ਨੂੰ ਲਾਸ਼ ਨੰਬਰ 23 ਲੈਣ ਲਈ ਕਿਹਾ ਗਿਆ। ਪਰਿਵਾਰ ਨੇ ਮੰਨਿਆ ਕਿ 23 ਸਾਲਾ ਪੋਡੀਆ ਪੰਜ ਸਾਲ ਤੋਂ ਮਾਓਵਾਦੀ ਪਾਰਟੀ ਨਾਲ ਸੀ।

ਪਰ ਬੀਜਾਪੁਰ ਹਸਪਤਾਲ ' ਰੱਖੀਆਂ ਲਾਸ਼ਾਂ ਉਸਦੀ ਲਾਸ਼ ਨਹੀਂ ਮਿਲੀ। ਪਰਿਵਾਰ ਵਾਲੇ ਵਾਰ-ਵਾਰ ਲਾਸ਼ਾਂ ਦੇ ਬੈਗ ਖੋਹਲ-ਖੋਹਲ ਕੇ ਦੇਖਦੇ ਰਹੇ, ਪਰ ਹਰ ਵਾਰ ਨਾਂਹ ' ਸਿਰ ਫੇਰ ਦਿੰਦੇ।

ਪੁਲਿਸ ਅਤੇ ਹਸਪਤਾਲ ਦੇ ਸਟਾਫ਼ ਦਰਮਿਆਨ ਕਈ ਫ਼ੋਨ ਕਾਲਾਂ ਤੋਂ ਬਾਅਦ ਪਤਾ ਲੱਗਾ ਕਿ ਲਾਸ਼ ਤਾਂ ਪੋਸਟ ਮਾਰਟਮ ਲਈ 45 ਕਿਲੋਮੀਟਰ ਦੂਰ ਭੈਰਮਗੜ੍ਹ ਹਸਪਤਾਲ ਭੇਜੀ ਗਈ ਸੀ। ਅੜਮੇ ਹੋਰ ਲੋਕਾਂ ਦੇ ਨਾਲ ਟਰੈਕਟਰ 'ਤੇ ਆਈ ਸੀ, ਜਦਕਿ ਉਸਦੇ ਛੋਟੀ ਉਮਰ ਦੇ ਸਕੇ-ਸੰਬੰਧੀ ਮੋਟਰ ਸਾਈਕਲਾਂ 'ਤੇ ਆਏ ਸਨ - ਇਨ੍ਹਾਂ ਵਿੱਚੋਂ ਕਿਸੇ ਉੱਪਰ ਵੀ ਲਾਸ਼ ਲਿਜਾਈ ਨਹੀਂ ਸੀ ਜਾ ਸਕਦੀ।

ਨਿੱਜੀ ਐਂਬੂਲੈਂਸ ਸਰਵਿਸ ਨੇ ਕੋਰਾ ਜਵਾਬ ਦੇ ਦਿੱਤਾ। ਡਰਾਇਵਰ ਨੇ ਉਨ੍ਹਾਂ ਨੂੰ ਕਿਹਾ, "ਅਸੀਂ ਮਾਓਵਾਦੀਆਂ ਦੀਆਂ ਲਾਸ਼ਾਂ ਲਈ ਐਂਬੂਲੈਂਸ ਨਹੀਂ ਭੇਜਦੇ।"

ਸਮਾਜਿਕ ਕਾਰਕੁਨਾਂ ਸੋਨੀ ਸੋਰੀ ਅਤੇ ਬੇਲਾ ਭਾਟੀਆ ਵੱਲੋਂ ਪੁਲਿਸ ਨਾਲ ਤਿੱਖੀ ਬਹਿਸ ਕਰਨ ਤੋਂ ਬਾਅਦ ਰਾਤ ਦੇ 1 ਵਜੇ ਭੈਰਮਗੜ੍ਹ ਤੋਂ ਐਂਬੂਲੈਂਸ ਭੇਜਣ ਦਾ ਇੰਤਜ਼ਾਮ ਕੀਤਾ ਗਿਆ। 13 ਮਈ ਦੀ ਰਾਤ ਨੂੰ 1 ਵਜੇ ਅੜਮੇ ਆਪਣੇ ਪੁੱਤ ਦੀ ਕੀੜਿਆਂ ਨਾਲ ਭਰੀ ਲਾਸ਼ ਘਰ ਨੂੰ ਲੈ ਕੇ ਗਈ।

ਸਰਕਾਰ ਵੱਲੋਂ ਜਾਰੀ ਕੀਤੀ ਸੂਚੀ ਵਿਚ ਮਰਨ ਵਾਲੇ ਮਾਓਵਾਦੀਆਂ ਵਿੱਚੋਂ ਜ਼ਿਆਦਾਤਰ ਚੜ੍ਹਦੀ ਉਮਰ ਦੇ ਨੌਜਵਾਨ ਸਨ, ਸਪਸ਼ਟ ਸੀ ਕਿ ਸਰਕਾਰ ਦਾ ਤੀਰ ਨਿਸ਼ਾਨੇ ਨਿਸ਼ਾਨੇ ਤੇ ਨਹੀਂ ਲੱਗਿਆ ਸੀ।

ਸਭ ਤੋਂ ਵੱਡੀ ਉਮਰ ਦਾ ਮਾਓਵਾਦੀ 37 ਸਾਲ ਦਾ ਸੀ। ਮਿ੍ਰਤਕਾਂ ਵਿਚ ਦੋ ਡਿਵੀਜਨਲ ਕਮੇਟੀ ਮੈਂਬਰ, ਇਕ ਤੇਲੰਗਾਨਾ ਰਾਜ ਕਮੇਟੀ ਮੈਂਬਰ ਅਤੇ ਇਕ 27 ਸਾਲ ਦਾ ਲੜਕਾ ਮੈਡੀਕਲ ਟੀਮ ਨਾਲ ਸੰਬੰਧਤ ਸੀ। ਬਾਕੀ 28 ਜਣੇ ਪਾਰਟੀ ਮੈਂਬਰ ਅਤੇ ਪਲਾਟੂਨ ਵਾਲੇ ਸਨ, ਜਿਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਪ੍ਰੈੱਸ ਨੂੰ ਜਾਣਕਾਰੀ ਦਿੱਤੇ ਜਾਣ ਤੱਕ ਨਹੀਂ ਹੋ ਸਕੀ ਸੀ। ਸੱਤ ਕਾਡਰਾਂ ਦੀ ਉਮਰ 30 ਤੋਂ ਉੱਪਰ ਸੀ, ਜਦਕਿ ਬਾਕੀ ਚੌਵੀ ਮਿ੍ਰਤਕਾਂ ਦੀ ਉਮਰ 25 ਤੋਂ ਘੱਟ ਸੀ; ਉਨ੍ਹਾਂ ਵਿੱਚੋਂ ਤਿੰਨ ਦੀ ਉਮਰ ਤਾਂ 20 ਜਾਂ ਉਸ ਤੋਂ ਵੀ ਘੱਟ ਸੀ।

ਉਨ੍ਹਾਂ ਵਿੱਚੋਂ ਮੋਟੂ ਮੁਡਾਮ ਉਸਦੇ ਮਾਂ-ਪਿਓ ਅਨੁਸਾਰ ਸਿਰਫ਼ 15 ਸਾਲ ਦਾ ਸੀ ਜਦਕਿ ਸਰਕਾਰੀ ਸੂਚੀ ਵਿਚ ਉਸ ਨੂੰ 19 ਸਾਲ ਦਾ ਦੱਸਿਆ ਗਿਆ ਸੀ ਜਿਸ ਉੱਪਰ ਅੱਠ ਲੱਖ ਦਾ ਇਨਾਮ ਸੀ। ਉਸਦੇ ਮਾਪਿਆਂ ਦਾ ਕਹਿਣਾ ਸੀ ਕਿ ਉਹ ਸਿਰਫ਼ ਛੇ ਮਹੀਨੇ ਪਹਿਲਾਂ ਹੀ ਮਾਓਵਾਦੀ ਪਾਰਟੀ ਸ਼ਾਮਲ ਹੋਇਆ ਸੀ।

ਇਸੇ ਤਰ੍ਹਾਂ ਤੁਮਰੇਲ ਪਿੰਡ ਦੀ ਭੀਮੇ ਕੁੰਜਾਮ ਦੀ ਉਮਰ ਸੂਚੀ ਵਿਚ 20 ਸਾਲ ਦੱਸੀ ਗਈ ਸੀ, ਉਸ ਉੱਪਰ 5 ਲੱਖ ਦਾ ਇਨਾਮ ਸੀ। ਉਸਦੇ ਪਿਤਾ ਬੁਧਰਾ ਨੇ ਦੱਸਿਆ ਕਿ ਉਹ ਸਿਰਫ਼ 16 ਸਾਲ ਦੀ ਸੀ ਅਤੇ ਵਿਆਹ ਤੋਂ ਬਚਣ ਲਈ ਘਰੋਂ ਭੱਜ ਗਈ ਸੀ।

ਕੁਝ ਲਈ ਜੰਗਲਾਂ ਨੂੰ ਸਰਕਾਰ ਤੋਂ ਬਚਾਉਣ ਦੀ ਪ੍ਰੇਰਣਾ ਐਨੀ ਜ਼ਬਰਦਸਤ ਸੀ ਕਿ ਉਨ੍ਹਾਂ ਨੇ ਹਥਿਆਰ ਚੁੱਕ ਲਏ, ਜਦਕਿ ਕੁਝ ਨੂੰ ਦਬਾਅ ਪਾ ਕੇ ਜਬਰੀ ਸ਼ਾਮਿਲ ਕੀਤਾ ਗਿਆ।

ਪਹਿਲਾਂ ਜਦੋਂ ਮੈਂ ਪਰਿਵਾਰਾਂ ਨਾਲ ਗੱਲ ਕਰਦੀ ਸੀ ਤਾਂ ਉਨ੍ਹਾਂ ਦੀ ਆਵਾਜ਼ ' ਅਕਸਰ ਪਛਤਾਵਾ ਹੁੰਦਾ ਸੀ। ਕਈ ਕਹਿੰਦੇ ਕਿ ਉਹ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਨਹੀਂ ਜਾਣ ਦੇਣਗੇ ਬਲਕਿ ਜ਼ਮੀਨ, ਜੰਗਲ ਅਤੇ ਜਲ ਦੀ ਰਾਖੀ ਲਈ ਕਾਨੂੰਨੀ ਤਰੀਕੇ ਨਾਲ ਵਿਰੋਧ ਕਰਨਗੇ।

ਮੁੱਖ ਮੰਤਰੀ ਵੱਲੋਂ ਆਪਣੇ ਇੰਸਤਾਗ੍ਰਾਮ ਹੈਂਡਲ ਉੱਪਰ ਕੀਤਾ ਗਿਆ ਦਾਅਵਾ ਕਿ ਬਸਤਰ "ਸ਼ਾਂਤੀ, ਵਿਸ਼ਵਾਸ ਅਤੇ ਵਿਕਾਸ ਦਾ ਨਵਾਂ ਅਧਿਆਏ ਲਿਖ ਰਿਹਾ ਹੈ," ਉਨ੍ਹਾਂ ਪਰਿਵਾਰਾਂ ਨੂੰ ਖੋਖਲਾ ਲੱਗੇਗਾ ਜੋ ਆਪਣੇ ਪਿਆਰੇ ਜੀਆਂ ਦੀਆਂ ਗਲੀਆਂ-ਸੜੀਆਂ ਲਾਸ਼ਾਂ ਲੈ ਕੇ ਘਰਾਂ ਨੂੰ ਗਏ।

ਝੂਠੀ ਜਾਣਕਾਰੀ ਅਤੇ ਖੰਡਨ

ਸੱਚੀ ਜਾਣਕਾਰੀ ਦੀ ਅਣਹੋਂਦ ' ਕਰੇਗੁੱਟਾ ਅਪਰੇਸ਼ਨ ਨੇ ਅਫ਼ਵਾਹਾਂ, ਲਾਸ਼ਾਂ ਦੀ ਗਿਣਤੀ ਦੇ ਦਾਅਵਿਆਂ ਅਤੇ ਰਾਜਨੀਤਕ ਕਿਆਸ ਅਰਾਈਆਂ ਲਈ ਦਰ ਖੋਹਲ ਦਿੱਤੇ।

7 ਮਈ ਨੂੰ, ਛੱਤੀਸਗੜ੍ਹ ਦੇ ਮੁੱਖ ਮੰਤਰੀ ਵਿਸ਼ਣੂ ਦੇਵ ਸਾਈ ਨੇ ਇਕ ਵੱਡੇ ਮੁਕਾਬਲੇ ਦੀ ਰਿਪੋਰਟ ਆਉਣ ਤੋਂ ਤੁਰੰਤ ਬਾਅਦ 22 ਮਾਓਵਾਦੀਆਂ ਦੇ ਮਾਰੇ ਜਾਣ ਦੀ ਪੁ਼ਸ਼ਟੀ ਜਨਤਕ ਤੌਰ 'ਤੇ ਕੀਤੀ। ਪਰ ਕੁਝ ਘੰਟੇ ਬਾਅਦ ਹੀ ਉੱਪ ਮੁੱਖ ਮੰਤਰੀ ਵਿਜੈ ਸ਼ਰਮਾ, ਜਿਸ ਕੋਲ ਗ੍ਰਹਿ ਮੰਤਰੀ ਦਾ ਅਹੁਦਾ ਵੀ ਹੈ, ਨੇ ਉਸਦੇ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਉਸਨੇ "ਅਪਰੇਸ਼ਨ ਸੰਕਲਪ" ਨਾਂ ਦੇ ਕਿਸੇ ਅਪਰੇਸ਼ਨ ਦੀ ਹੋਂਦ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਪ੍ਰੈੱਸ ਉੱਪਰ "ਗੁੰਮਰਾਹਕੁਨ ਜਾਣਕਾਰੀ" ਫੈਲਾਉਣ ਦਾ ਦੋਸ਼ ਲਾਇਆ।

ਸ਼ਰਮਾ ਨੇ ਕਿਹਾ, "ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਇਹ ਜਾਣਕਾਰੀ ਕਿੱਥੋਂ ਰਹੀ ਹੈ। ਮੈਂ ਤੁਹਾਨੂੰ ਸਪਸ਼ਟ ਕਰ ਦਿਆਂ - "ਅਪਰੇਸ਼ਨ ਸੰਕਲਪ" ਨਾਂ ਦੀ ਕੋਈ ਮੁਹਿੰਮ ਨਹੀਂ ਹੈ। ਇਹ ਮੀਡੀਆ ਵਿਚ ਫੈਲਾਈ ਜਾ ਰਹੀ ਗੁੰਮਰਾਹਕੁਨ ਖ਼ਬਰ ਹੈ।" ਉਸਨੇ ਇਹ ਵੀ ਕਿਹਾ ਕਿ 22 ਮਾਓਵਾਦੀਆਂ ਦੇ ਮਾਰੇ ਜਾਣ ਦਾ ਦਾਅਵਾ "ਪੂਰੀ ਤਰ੍ਹਾਂ ਝੂਠਾ" ਹੈ, ਅਤੇ ਉਸਨੇ ਕਰੇਗੁੱਟਾ ਅਪਰੇਸ਼ਨ ਨੂੰ "ਮਾਓਵਾਦੀਆਂ ਵਿਰੁੱਧ ਆਮ ਮੁਹਿੰਮ ਵਰਗਾ" ਅਪਰੇਸ਼ਨ ਦੱਸਿਆ।

ਇਸ ਤੋਂ ਤੁਰੰਤ ਬਾਅਦ ਛੱਤੀਸਗੜ੍ਹ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਕ ਬੈਜ ਨੇ ਪ੍ਰੈੱਸ ਕਾਨਫਰੰਸ ਕਰਕੇ ਰਾਜ ਸਰਕਾਰ ਦੇ ਸਿਖ਼ਰਲੇ ਪੱਧਰ 'ਤੇ ਤਾਲਮੇਲ ਨਾ ਹੋਣ ਉੱਪਰ ਚਿੰਤਾ ਪ੍ਰਗਟਾਈ। ਆਪਣੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਬੈਜ ਨੇ ਦਾਅਵਾ ਕੀਤਾ ਕਿ 22 ਲਾਸ਼ਾਂ ਬੀਜਾਪੁਰ ਲਿਆਂਦੀਆਂ ਗਈਆਂ ਸਨ, ਅਤੇ ਉਸਨੇ ਗ੍ਰਹਿ ਮੰਤਰੀ ਦੇ ਇਨਕਾਰ ਅਤੇ ਪੁਲਿਸ ਦੀ ਚੁੱਪ ਉੱਪਰ ਸਵਾਲ ਉਠਾਏ। "ਸਰਕਾਰ ਸਚਾਈ ਛੁਪਾ ਕਿਉਂ ਰਹੀ ਹੈ? ਅਤੇ ਗ੍ਰਹਿ ਮੰਤਰੀ ਆਪਣੇ ਹੀ ਮੁੱਖ ਮੰਤਰੀ ਦਾ ਖੰਡਨ ਕਿਉਂ ਕਰ ਰਹੇ ਹਨ?" ਉਸਨੇ ਪੁੱਛਿਆ।

ਘਚੋਲਾ ਹੋਰ ਵਧ ਗਿਆ ਜਦ 14 ਮਈ ਨੂੰ ਪੁਲਿਸ ਵੱਲੋਂ 31 ਮਿ੍ਰਤਕਾਂ ਦੀ ਅਧਿਕਾਰਕ ਸੂਚੀ ਜਾਰੀ ਕੀਤੀ ਗਈ ਜਿਸ ਵਿਚ ਮਿ੍ਰਤਕ ਦਾ ਨਾਂ, ਮਾਓਵਾਦੀ ਜਥੇਬੰਦੀ ਵਿਚ ਉਸਦਾ ਅਹੁਦਾ, ਸਿਰ 'ਤੇ ਰੱਖਿਆ ਇਨਾਮ ਅਤੇ ਤਸਵੀਰਾਂ ਸ਼ਾਮਲ ਸਨ।

11 ਅਤੇ 12 ਮਈ ਨੂੰ ਹਿਰੋਲੀ, ਟੋਡਕਾ, ਪਾਲਨਾਰ, ਕੋਂਜੇਡ, ਬੁ਼ਸਾਪਾਰਾ, ਕੌਂਡਾਪੱਲੀ, ਤੁਮਰੇਲ ਅਤੇ ਉਡਟਾਮੱਲਾ ਪਿੰਡਾਂ ਤੋਂ ਪਰਿਵਾਰ 11 ਲਾਸ਼ਾਂ ਦੀ ਪਛਾਣ ਕਰਨ ਲਈ ਪਹੁੰਚੇ, ਪਰ ਉਹ ਸਿਰਫ਼ 7 ਹੀ ਲਿਜਾ ਸਕੇ। ਚਾਰ ਲਾਸ਼ਾਂ ਜਾਂ ਤਾਂ ਬਹੁਤ ਜ਼ਿਆਦਾ ਗਲ਼-ਸੜ ਚੁੱਕੀਆਂ ਸਨ ਜਾਂ ਉਨ੍ਹਾਂ ਦੀ ਪਛਾਣ ਹੀ ਨਹੀਂ ਕੀਤੀ ਜਾ ਸਕੀ। ਪਰ ਇਸ ਪੱਤਰਕਾਰ ਨੂੰ ਪਿੰਡ ਤੋਂ ਫ਼ੋਨ ਆਏ ਜਿਨ੍ਹਾਂ ਵਿਚ ਦੱਸਿਆ ਗਿਆ ਕਿ ਜੋ ਨਾਂ ਡੀਆਰਜੀ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਦੱਸੇ ਸਨ, ਉਹ ਪੁਲਿਸ ਦੀ ਅੰਤਮ ਸੂਚੀ ਨਾਲ ਮੇਲ਼ ਨਹੀਂ ਸੀ ਖਾਂਦੇ। ਜਿਨ੍ਹਾਂ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਡੀਆਰਜੀ ਵਾਲੇ ਪੁਲਸੀਏ ਨੇ ਦਿੱਤੀ ਸੀ, ਜੇਕਰ ਉਹ ਤਸਵੀਰਾਂ ਵਾਲੀ ਅੰਤਮ ਸੂਚੀ ਵਿਚ ਨਹੀਂ ਹਨ ਤਾਂ ਉਹ ਕਿੱਥੇ ਹਨ? ਕੀ ਉਹ ਅਜੇ ਜਿਉਂਦੇ ਹਨ? ਜਾਂ ਉਹ ਮਾਰ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਲਾਸ਼ਾਂ ਕਿਤੇ ਜੰਗਲ ਵਿਚ ਹੀ ਛੱਡ ਦਿੱਤੀਆਂ ਗਈਆਂ?

"ਬਸਤਰ ਦੇ ਸੰਘਰਸ਼ ਗ੍ਰਸਤ ਖੇਤਰ ਵਿਚ ਬੁਨਿਆਦੀ ਮਨੁੱਖੀ ਮਾਣ-ਸਨਮਾਨ ਨੂੰ ਅਕਸਰ ਗਹਿਰੀ ਠੇਸ ਪਹੁੰਚਦੀ ਹੈ," ਬਸਤਰ ਦੀ ਉੱਘੀ ਕਾਰਕੁਨ ਸੋਨੀ ਸੋਰੀ ਨੇ ਕਿਹਾ।

ਜਦ ਮੁੰਡੇ-ਕੁੜੀਆਂ ਮਾਓਵਾਦੀ ਲਹਿਰ ਵਿਚ ਸ਼ਾਮਲ ਹੋਣ ਲਈ ਘਰ ਛੱਡਦੇ ਹਨ ਜੋ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਜਲ, ਜੰਗਲ ਅਤੇ ਜ਼ਮੀਨ ਲਈ ਸੰਘਰਸ਼ ਹੈ ਤਾਂ ਉਨ੍ਹਾਂ ਦੇ ਪਰਿਵਾਰ ਮੌਤ ਦੇ ਸਥਾਈ ਖ਼ਤਰੇ ਨੂੰ ਕਬੂਲ ਕਰ ਲੈਂਦੇ ਹਨ, ਉਸਨੇ ਕਿਹਾ। ਫਿਰ ਵੀ, ਉਹ ਅੰਤਮ ਸੰਸਕਾਰ ਦੀ ਆਸ ਕਰਦੇ ਹਨ, ਤਾਂ ਕਿ ਰੀਤੀ-ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ ਜਾ ਸਕੇ ਅਤੇ ਆਪਣੇ ਪਿਆਰਿਆਂ ਨੂੰ ਪੁਰਖਿਆਂ ਦੇ ਕੋਲ ਦਫ਼ਨਾਇਆ ਜਾ ਸਕੇ। "ਹੁਣ ਉਨ੍ਹਾਂ ਕੋਲ ਕੀ ਬਚੇਗਾ - ਟੁੱਟੀਆਂ ਹੋਈਆਂ ਯਾਦਾਂ ਅਤੇ ਇਹ ਚਿੰਤਾਜਨਕ ਸੋਚ ਕਿ ਉਨ੍ਹਾਂ ਨੇ ਕਿਸਦੀ ਲਾਸ਼ ਦਾ ਸੰਸਕਾਰ ਕੀਤਾ," ਇਹ ਗੱਲ ਉਸਨੇ ਉਸ ਸਮੇਂ ਕਹੀ ਜਦੋਂ ਉਸਨੇ ਭੈਰਮਗੜ੍ਹ ਵਿਚ ਅੱਧੀ ਰਾਤ ਨੂੰ ਅਡਮੇ ਨੂੰ ਉਸਦੇ ਪੁੱਤ ਦੀ ਲਾਸ਼ ਦਿਵਾ ਕੇ ਘਰ ਨੂੰ ਤੋਰਿਆ।

"ਲਾਸ਼ਾਂ ਇਸ ਤਰ੍ਹਾਂ ਦੇਣਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਸਿੱਧੀ ਉਲੰਘਣਾ ਹੈ, ਜਿਨ੍ਹਾਂ ਵਿਚ ਰਾਜ ਇਸ ਗੱਲ ਦਾ ਪਾਬੰਦ ਹੈ ਕਿ ਮਨੁੱਖੀ ਲਾਸ਼ਾਂ ਨੂੰ ਅਜਿਹੀ ਹਾਲਤ ' ਸਾਂਭਿਆ ਅਤੇ ਦਫ਼ਨਾਇਆ/ਦਾਹ ਸੰਸਕਾਰ ਕੀਤਾ ਜਾਵੇਗਾ ਜਿਸ ਨਾਲ ਮਿ੍ਰਤਕ ਦੇ ਮਾਣ-ਸਨਮਾਨ ਦੇ ਅਧਿਕਾਰ ਦੀ ਉਲੰਘਣਾ ਨਾ ਹੋਵੇ,"ਇਹ ਕਹਿਣਾ ਦੰਤੇਵਾੜਾ ਤੋਂ ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਲੇਖਿਕਾ ਬੇਲਾ ਭਾਟੀਆ ਦਾ ਸੀ ਜਿਸ ਦਾ ਪੂਰਾ ਦਿਨ ਪੁਲਿਸ ਥਾਣੇ ਅਤੇ ਹਸਪਤਾਲ ਦਰਮਿਆਨ ਗੇੜੇ ਮਾਰਦਿਆਂ ਬੀਤਿਆ ਤਾਂ ਕਿ ਉਹ ਲੋਕਾਂ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਲੈ ਕੇ ਜਾ ਸਕਣ ਮੱਦਦ ਕਰ ਸਕੇ।

ਗੁੰਮਨਾਮ ਕਸ਼ਟ ਝੱਲਣ ਵਾਲੇ

ਪਿਛਲੇ ਢਾਈ ਸਾਲਾਂ ਤੋਂ ਛੱਤੀਸਗੜ੍ਹ ਸਰਕਾਰ ਲਗਾਤਾਰ ਇਹ ਕਹਿੰਦੀ ਰਹੀ ਹੈ ਕਿ ਮਾਓਵਾਦੀਆਂ ਵਿਰੋਧੀ ਅਪਰੇਸ਼ਨਾਂ ਸੁਰੱਖਿਆ ਬਲਾਂ ਦੇ ਨੁਕਸਾਨ ਦੀ ਦਰ ਬਹੁਤ ਘੱਟ ਹੈ ਪਰ ਘੱਟ ਤੋਂ ਘੱਟ ਨੁਕਸਾਨ ਨਾਲ ਕਾਮਯਾਬੀਦਾ ਇਹ ਬਿਰਤਾਂਤ 21 ਦਿਨ ਚੱਲੇ ਕਰੇਗੁੱਟ ਅਪਰੇਸ਼ਨ ' ਪਹਿਲੀ ਦਫ਼ਾ ਪਰਖਿਆ ਗਿਆ, ਜਦ ਸੁਰੱਖਿਆ ਬਲਾਂ ਦੀ ਸਿਹਤ ਦੀ ਹਾਲਤ ਅਤੇ ਸੱਟਾਂ ਨੂੰ ਲੈ ਕੇ ਅਕਸਰ ਆਪਾ-ਵਿਰੋਧੀ ਅਤੇ ਗੋਲ-ਮੋਲ ਰਿਪੋਰਟਾਂ ਸਾਹਮਣੇ ਆਈਆਂ।

ਮਾਓਵਾਦੀ ਦਸਤਿਆਂ ਵੱਲੋਂ ਵਿਛਾਏ ਆਈਈਡੀ (ਵਿਸਫੋਟਕਾਂ) ਨਾਲ ਜ਼ਖ਼ਮੀ ਹੋਣ ਦੀ ਗੱਲ ਨੂੰ ਸਰਕਾਰੀ ਬਿਆਨਾਂ ਵਿਚ "ਮਾਮੂਲੀ ਸੱਟਾਂ" ਦੱਸਕੇ ਰੱਦ ਕੀਤਾ ਗਿਆ।

ਪਹਿਲੀ ਰਸਮੀਂ ਪੁਸ਼ਟੀ 6 ਮਈ ਨੂੰ ਪੁਲਿਸ ਦੇ ਇਕ ਪ੍ਰੈੱਸ ਬਿਆਨ ਵਿਚ ਹੋਈ, ਜਿਸ ਵਿਚ ਕਿਹਾ ਗਿਆ ਕਿ "ਕੋਬਰਾ, ਐੱਸਟੀਐੱਫ ਅਤੇ ਡੀਆਰਜੀ ਦੇ ਕੁਝ ਜਵਾਨ ਅਪਰੇਸ਼ਨ ਵਿਚ ਜ਼ਖ਼ਮੀ ਹੋਏ," ਪਰ ਇਸ ਵਿਚ ਗਿਣਤੀ ਵੀ ਨਹੀਂ ਦੱਸੀ ਗਈ ਅਤੇ ਉਨ੍ਹਾਂ ਦੀ ਹਾਲਤ ਵੀ ਸਥਿਰ ਦੱਸੀ ਗਈ।

ਪਰ ਜੋ ਹਿੱਸਾ ਛੱਡ ਦਿੱਤਾ ਗਿਆ, ਉਹ ਬਹੁਤ ਕੁਝ ਕਹਿ ਦਿੰਦਾ ਹੈ। ਮਿਸਾਲ ਲਈ, ਉਸ ਕੋਬਰਾ ਜਵਾਨ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਜਿਸਦਾ ਪੈਰ 4 ਮਈ ਨੂੰ ਆਈਈਡੀ ਉੱਪਰ ਰੱਖਿਆ ਗਿਆ ਸੀ ਅਤੇ ਜਿਸ ਨੂੰ ਗੰਭੀਰ ਰੂਪ ' ਫੱਟੜ ਹਾਲਤ ' ਏਮਜ਼ ਦਿੱਲੀ ਭੇਜਿਆ ਗਿਆ, ਜਿੱਥੇ ਡਾਕਟਰਾਂ ਨੂੰ ਉਸਦਾ ਪੈਰ ਕੱਟਣਾ ਪਿਆ। ਨਾ ਹੀ ਉਨ੍ਹਾਂ ਬਹੁਤ ਸਾਰੀਆਂ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਗਿਆ ਜਿਨ੍ਹਾਂ ਵਿਚ ਐੱਸਟੀਐੱਫ ਅਤੇ ਡੀਆਰਜੀ ਦੇ ਜਵਾਨਾਂ ਨੂੰ ਕਈ ਗੰਭੀਰ ਸੱਟਾਂ ਲੱਗਣ ਦੀ ਗੱਲ ਕਈ ਗਈ ਸੀ।

ਸਿਰਫ਼ 14 ਮਈ ਦੀ ਪ੍ਰੈੱਸ ਕਾਨਫਰੰਸ ਵਿਚ, ਜਦ ਅਪਰੇਸ਼ਨ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ, ਓਦੋਂ ਸਿਖ਼ਰਲੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਬਰਾ, ਐੱਸਟੀਐੱਫ ਅਤੇ ਡੀਆਰਜੀ ਦੇ 18 ਜਵਾਨ ਫੱਟੜ ਹੋਏ ਹਨ, ਜ਼ਿਆਦਾਤਰ ਆਈਈਡੀ ਦੀ ਲਪੇਟ ' ਆਉਣ ਨਾਲ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਸਾਰੇ "ਹੁਣ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਬਿਹਤਰੀਨ ਇਲਾਜ ਹੋ ਰਿਹਾ ਹੈ।"

ਜਦ ਇਕ ਪੱਤਰਕਾਰ ਨੇ ਇਨ੍ਹਾਂ 18 ਜਵਾਨਾਂ ਨੂੰ ਲੱਗੀਆਂ ਸੱਟਾਂ ਦੀ ਗੰਭੀਰਤਾ ਬਾਰੇ ਪੁੱਛਿਆ ਤਾਂ ਛੱਤੀਸਗੜ੍ਹ ਦੇ ਡੀਜੀਪੀ ਨੇ ਕਿਹਾ, "...ਮੇਰੇ ਲਈ ਇਨ੍ਹਾਂ ਸੱਟਾਂ ਦੇ ਵੇਰਵੇ ' ਜਾਣਾ ਮੁਨਾਸਬ ਨਹੀਂ ਹੋਵੇਗਾ।"

ਬਾਰੂਦੀ ਸੁਰੰਗਾਂ ਅਤੇ ਅਪਾਹਜ ਹੋਏ ਸਰੀਰ

ਕਰੇਗੁੱਟਾ ਦੀਆਂ ਪਹਾੜੀਆਂ ਭੋਪਾਲਪਟਨਮ ਗ੍ਰੈਨਿਊਲਾਈਟ ਬੈਲਟ (ਬੀਜੀਬੀ) ਦਾ ਹਿੱਸਾ ਹਨ - ਖ਼ਾਸ ਭੂ-ਚਟਾਨੀ ਬਣਤਰ ਜੋ ਲੱਗਭੱਗ 300 ਕਿਲੋਮੀਟਰ ਲੰਮੀ ਅਤੇ 40 ਕਿਲੋਮੀਟਰ ਚੌੜੀ ਹੈ। ਇਹ ਪਹਾੜੀਆਂ ਛੱਤੀਸਗੜ੍ਹ ਦੇ ਬੀਜਾਪੁਰ ਅਤੇ ਤੇਲੰਗਾਨਾ ਦੇ ਮੁਲੁਗੂ ਜ਼ਿਲਿ੍ਆਂ ਨੂੰ ਵੰਡਦੀਆਂ ਹਨ। ਚੂਨਾ ਪੱਥਰ ਨਾਲ ਭਰਪੂਰ ਅਤੇ ਚੋਖੀ ਮਾਤਰਾ ਆਰਗੈਨਿਕ ਕਾਰਬਨ ਵਾਲੀਆਂ ਚਟਾਨਾਂ ਤੋਂ ਬਣਿਆ ਇਹ ਖੇਤਰ ਵਡਮੁੱਲੇ ਖਣਿਜਾਂ ਅਤੇ ਰਤਨਾਂ ਲਈ ਜਾਣਿਆ ਜਾਂਦਾ ਹੈ,ਜਿਨ੍ਹਾਂ ਵਿਚ ਗ੍ਰੇਨਾਈਟ ਅਤੇ ਕੋਰੰਡਮ ਸ਼ਾਮਲ ਹਨ, ਜੋ ਇਸ ਖੇਤਰ ਦੀ ਕੁਦਰਤੀ ਦੌਲਤ ਨੂੰ ਵਧਾਉਂਦੇ ਹਨ। ਧਰਤੀ ਉੱਪਰ ਜੀਵਨ ਦੀ ਉਤਪਤੀ ਨੂੰ ਸਮਝਣ ਲਈ ਇੱਥੇ ਜੋ ਮਹੱਤਵਪੂਰਨ ਸਬੂਤ ਮਿਲੇ ਉਨ੍ਹਾਂ ਵਿਚ ਉਡਣ ਵਾਲੇ ਜੀਵਾਂ ਸਮੇਤ ਰੀਂਗਣ ਵਾਲੇ ਜੀਵਾਂ ਅਤੇ ਡਾਇਨਾਸੋਰਾਂ ਦੀ ਹੋਂਦ ਦੇ ਸਬੂਤ ਸ਼ਾਮਲ ਹਨ, ਜੋ ਸਾਨੂੰ ਪੂਰਵ-ਇਤਿਹਾਸਕ ਜੀਵਨ ਅਤੇ ਧਰਤੀ ਦੇ ਵਿਕਾਸ-ਕ੍ਰਮ ਦੀ ਅਦਭੁੱਤ ਝਲਕ ਪੇਸ਼ ਕਰਦੇ ਹਨ।

ਪਰ ਭੂ-ਵਿਗਿਆਨ ਤੋਂ ਵੀ ਅੱਗੇ, ਇਨ੍ਹਾਂ ਪਹਾੜੀਆਂ ਦਾ ਸੱਭਿਆਚਾਰਕ ਅਤੇ ਰੂਹਾਨੀ ਮਹੱਤਵ ਵੀ ਬਹੁਤ ਹੈ। ਪੀੜੀਆਂ ਤੋਂ ਆਦਿਵਾਸੀ ਭਾਈਚਾਰੇ ਇਨ੍ਹਾਂ ਪਹਾੜੀਆਂ ਦੇ ਬਿਲਕੁਲ ਵਸੇ ਹੋਏ ਹਨ ਜਿਨ੍ਹਾਂ ਦਾ ਜੀਵਨ ਜੰਗਲ ਨਾਲ ਬਹੁਤ ਡੂੰਘਾਈ ' ਜੁੜਿਆ ਹੋਇਆ ਹੈ।

ਅਕੀਦੇ ਅਤੇ ਜੀਵਨ-ਗੁਜ਼ਾਰੇ ਦੀ ਇਹ ਜੀਵਨ-ਰੇਖਾ ਹੁਣ ਤਿੱਖੇ ਟਕਰਾਅ ਨਾਲ ਗ੍ਰਹਿਣੀ ਗਈ ਹੈ। ਲੜਾਈ ਨੇ ਇਨ੍ਹਾਂ ਪਹਾੜੀਆਂ ਨੂੰ ਡੂੰਘੇ ਜ਼ਖ਼ਮ ਦਿੱਤੇ ਹਨ। ਇੱਥੋਂ ਦੇ ਕਈ ਬਾਸ਼ਿੰਦੇ ਹੁਣ ਕੱਟੇ ਹੋਏ ਅੰਗਾਂ, ਜ਼ਖ਼ਮਾਂ ਅਤੇ ਮਾਨਸਿਕ ਸਦਮੇ ਨਾਲ ਜੀਅ ਰਹੇ ਹਨ - ਉਨ੍ਹਾਂ ਦਾ ਭਵਿੱਖ ਹਿੰਸਾ ਅਤੇ ਅਸੁਰੱਖਿਆ ਘਿਰਿਆ ਹੋਇਆ ਹੈ।

"ਇਹ ਪਹਾੜੀਆਂ ਸਾਡੀ ਜੀਵਨ-ਰੇਖਾ ਹਨ," ਇਹ ਕਹਿਣਾ ਸੂਰੀਆ ਦਾ ਹੈ ਜੋ ਤੇਲੰਗਾਨਾ ਦੇ ਮੁਲੁਗੂ ਜ਼ਿਲ੍ਹੇ ਦੇ ਲਕਸ਼ਮੀਪੁਰ ਪਿੰਡ ਦਾ ਵਾਸੀ ਹੈ। ਭੱਠ ਵਾਂਗ ਤਪਦੀਆਂ ਗਰਮੀਆਂ ' ਤੇਂਦੂ ਪੱਤਾ ਤੋੜਨ ਤੋਂ ਲੈ ਕੇ ਮਾਨਸੂਨ ਤੋਂ ਬਾਅਦ ਬਾਂਸ ਦੀ ਕਟਾਈ ਤੱਕ, ਇਹ ਜੰਗਲ ਪੂਰਾ ਸਾਲ ਪਰਿਵਾਰਾਂ ਨੂੰ ਮੌਸਮੀ ਆਮਦਨ ਦਿੰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਬਹੁਤ ਸਾਰੇ ਆਦਿਵਾਸੀਆਂ ਦਾ ਗੁਜ਼ਾਰਾ ਚੱਲਦਾ ਹੈ। ਪਹਾੜੀਆਂ ਦੇ ਪੈਰਾਂ ਵਿਚਲੇ ਜੰਗਲ ਬਾਂਸ ਦੀਆਂ ਕਰੂੰਬਲਾਂ ਅਤੇ ਹੋਰ ਜੰਗਲੀ ਉਪਜਾਂ ਦੇ ਰੂਪ ' ਰੋਜ਼-ਮਰਾ ਜ਼ਿੰਦਗੀ ਲਈ ਪੌਸ਼ਟਿਕ ਭੋਜਨ ਦਿੰਦੇ ਹਨ।

ਵੀ.ਆਰ.ਕੇ. ਪੁਰਮ ਦੀ ਦਾਰਾ ਸੁਨੀਤਾ, ਜੋ ਪਿਛੜੀ ਜਾਤੀ ਭਾਈਚਾਰੇ ਵਾਡਾਬਲਿਜਾ ਚੋਂ ਹੈ, ਵਰਗਿਆਂ ਲਈ ਇਹ ਪਹਾੜੀਆਂ ਪਵਿੱਤਰ ਹਨ। ਹਰ ਸਾਲ ਮਈ ' ਪਿੰਡ ਵਾਸੀ ਪਹਾੜੀ ਚੋਟੀ ਤੇ ਬਣੇ ਬੇਡਮ ਮੱਲਾਣਾ ਮੰਦਰ ਦੇ ਦਰਸ਼ਨਾਂ ਲਈ ਜਾਂਦੇ ਹਨ। ਤਕਰੀਬਨ ਹਰ ਚੋਟੀ 'ਤੇ ਇਕ ਦੇਵਤਾ ਹੈ ਜੋ ਮੇਲਿਆਂ ਅਤੇ ਧਾਰਮਿਕ ਆਯੋਜਨਾਂ ਜ਼ਰੀਏ ਲੋਕਾਂ ਨੂੰ ਉਨ੍ਹਾਂ ਦੀ ਜ਼ਮੀਨ ਨਾਲ ਜੋੜੀ ਰੱਖਦਾ ਹੈ।

13 ਜੂਨ 2024 ਨੂੰ, 32 ਸਾਲ ਸੁਨੀਤਾ ਆਪਣੇ ਪਿੰਡ ਦੇ 130 ਲੋਕਾਂ ਨਾਲ ਕਰੇਗੁੱਟਾ ਪਹਾੜੀਆਂ ਤੇ ਬਣੇ ਇਸ ਮੰਦਰ ਦੇ ਦਰਸ਼ਨਾਂ ਲਈ ਸਾਲਾਨਾ ਤੀਰਥ ਯਾਤਰਾ 'ਤੇ ਗਈ। ਦੋ ਬੱਚਿਆਂ ਦੀ ਮਾਂ ਲੰਮੇ ਸਮੇਂ ਤੋਂ ਤੀਰਥ ਯਾਤਰਾ ਕਰਨਾ ਚਾਹੁੰਦੀ ਸੀ। ਉਹ ਕਹਿੰਦੀ ਹੈ, “ਵਿਆਹ ਤੋਂ ਪਹਿਲਾਂ ਮੈਂ ਸਿਰਫ਼ ਇਕ ਵਾਰ ਮੰਦਰ ਦੇ ਦਰਸ਼ਨਾਂ ਲਈ ਗਈ ਸੀ।

ਪਰ ਪਹਾੜ ਚੜ੍ਹਦੇ ਸਮੇਂ ਕਿਸੇ ਥਾਂ ਸੁਨੀਤਾ ਦਾ ਪੈਰ ਮਾਓਵਾਦੀਆਂ ਵੱਲੋਂ ਲਗਾਏ ਆਈਈਡੀ ਉੱਪਰ ਰੱਖਿਆ ਗਿਆ - ਉਹ ਵਿਸਫੋਟ ਹੋ ਗਿਆ ਜੋ ਸੁਰੱਖਿਆ ਬਲਾਂ ਨੂੰ ਰੋਕਣ ਲਈ ਲਗਾਇਆ ਗਿਆ ਸੀ। ਉਸਦਾ ਖੱਬਾ ਪੈਰ ਫੀਤਾ-ਫੀਤਾ ਹੋ ਗਿਆ।

ਉਸਦੇ ਪਤੀ ਨੇ ਲਹੂ ਨਾਲ ਲੱਥਪੱਥ ਅਤੇ ਨੀਮ-ਬੇਹੋਸ਼ੀ ਦੀ ਹਾਲਤ ' ਉਸਨੂੰ 10 ਕਿਲੋਮੀਟਰ ਹੇਠਾਂ ਪਿੰਡ ਤੱਕ ਪਹੁੰਚਾਇਆ। "ਹਰ ਕਦਮ ਭਿਆਨਕ ਸੀ," ਇਕ ਗੁਆਂਢੀ ਨੇ ਦੱਸਿਆ। ਜਦ ਉਹ ਪਾਮੂਨੁਰੂ ਪਿੰਡ ਪਹੁੰਚੇ, ਓਦੋਂ ਤੱਕ ਹਨੇਰਾ ਹੋ ਚੁੱਕਾ ਸੀ। ਉਸ ਨੂੰ ਸਥਾਨਕ ਸਿਹਤ ਕੇਂਦਰ ' ਲਿਜਾਇਆ ਗਿਆ, ਅਤੇ ਉੱਥੋਂ ਭਦਰਾਚਲਮ ਹਸਪਤਾਲ, ਜਿੱਥੇ ਡਾਕਟਰਾਂ ਨੇ ਉਸ ਦਾ ਪੈਰ ਗਿੱਟੇ ਤੱਕ ਕੱਟ ਦਿੱਤਾ।

ਜਿਵੇਂ ਉਹ ਕਹਿੰਦੇ ਹਨ, ਵਿਸ਼ਵਾਸ ਖ਼ਤਰੇ ਤੇ ਭਾਰੂ ਹੋ ਗਿਆ। ਇਸ ਤ੍ਰਾਸਦੀ ਦੇ ਬਾਵਜੂਦ, ਇਸ ਸਾਲ ਗਿਣਤੀ ਤਾਂ ਘਟੀ, ਫਿਰ ਵੀ ਲੱਗਭੱਗ 30 ਪਿੰਡ ਵਾਸੀਆਂ ਨੇ ਤੀਰਥ ਯਾਤਰਾ ਕੀਤੀ। "ਚੰਗੇ ਭਾਗਾਂ ਨੂੰ ਕੋਈ ਵਿਸਫੋਟ ਨਹੀਂ ਹੋਇਆ। ਦੇਵੀ ਨੇ ਸਾਡੀ ਰੱਖਿਆ ਕੀਤੀ," ਇਕ ਗੁਆਂਢਣ ਨੇ ਹੱਥ ਜੋੜਕੇ ਅਕਾਸ਼ ਵੱਲ ਦੇਖਦੇ ਹੋਏ ਕਿਹਾ।

ਪਰ ਕੁਝ ਹੋਰਾਂ ਨੂੰ ਇਹ ਰੱਖਿਆ ਨਸੀਬ ਨਹੀਂ ਹੋਈ। 5 ਜਨਵਰੀ ਨੂੰ ਅਨਾਕਨਾਗੁਡੇਮ ਪਿੰਡ ਦੇ ਕੋਇਆ ਆਦਿਵਾਸੀ ਬੇਗਲੂ ਨਵੀਨ, ਕਰੇਗੁੱਟਾ ਪਹਾੜੀਆਂ ਵੀਰਭੱਦਰਪੁਰਮ ਗੁੱਟਾ ਕੋਲ ਬਾਂਸ ਦੀ ਕਟਾਈ ਕਰਦੇ ਸਮੇਂ ਆਈਈਡੀ ਦੀ ਲਪੇਟ ' ਕੇ ਫੱਟੜ ਹੋ ਗਿਆ।

"ਮੈਂ ਸਭ ਤੋਂ ਪਿੱਛੇ ਚੱਲ ਰਿਹਾ ਸੀ। ਧਮਾਕਾ ਹੋਇਆ ਅਤੇ ਮੈਂ ਉੱਥੇ ਹੀ ਢਹਿ ਪਿਆ," ਨਵੀਨ ਨੇ ਦੱਸਿਆ ਜੋ ਹੁਣ ਲੰਗੜਾ ਕੇ ਤੁਰਦਾ ਹੈ ਅਤੇ ਜਿਸਦੇ ਪੈਰ ਉੱਪਰ ਅਜੇ ਵੀ ਛੱਰੇ ਦੇ ਕਾਲੇ ਨਿਸ਼ਾਨ ਹਨ। ਉਸ ਦੇ ਦੋਸਤਾਂ ਨੇ ਉਸ ਨੂੰ ਪਿੰਡ ਪਹੁੰਚਾਇਆ। ਇਕ ਮਹੀਨਾ ਭੱਦਰਾਚਲਮ ਹਸਪਤਾਲ ਵਿਚ ਦਾਖ਼ਲ ਰਹਿਣ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਛੇ ਮਹੀਨੇ ਅਰਾਮ ਕਰਨ ਲਈ ਕਿਹਾ। "ਇਸ ਸੀਜ਼ਨ ਦਾ ਕੰਮ ਹੱਥੋਂ ਨਿਕਲ ਗਿਆ," ਉਸ ਨੇ ਕਿਹਾ। ਕਿੱਤੇ ਪੱਖੋਂ ਰਾਜ ਮਿਸਤਰੀ ਨਵੀਨ ਹੁਣ ਸਿਰਫ਼ ਕਬਾਇਲੀ ਰਾਹਤ ਕੋਸ਼ ਚੋਂ ਮਿਲੇ 25000 ਰੁਪਏ ਉੱਪਰ ਨਿਰਭਰ ਹੈ, ਜਦਕਿ ਵਾਅਦਾ ਕੀਤੀ ਤਿੰਨ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਸਰਕਾਰੀ ਨੌਕਰਸ਼ਾਹ ਪ੍ਰਕਿਰਿਆ ' ਫਸੀ ਹੋਈ ਹੈ।

ਨਵੀਨ ਦੇ ਫੱਟੜ ਹੋਣ ਤੋਂ ਦੋ ਮਹੀਨੇ ਬਾਅਦ, ਉਨ੍ਹਾਂ ਦੇ ਪਿੰਡ ਦਾ ਬੋਗਲਾ ਕਿ੍ਰਸ਼ਨਾ ਵੀ ਬਾਂਸ ਦੀ ਭਾਲ ' ਉਸੇ ਪਹਾੜੀ 'ਤੇ ਚਲਾ ਗਿਆ। ਖ਼ਤਰਿਆਂ ਤੋਂ ਅੱਖਾਂ ਮੀਟਕੇ ਪਤਨੀ ਅਤੇ ਤਿੰਨ ਧੀਆਂ ਦੀ ਖ਼ਾਤਰ ਰੋਟੀ-ਰੋਜ਼ੀ ਦਾ ਜੁਗਾੜ ਕਰਨਾ ਜ਼ਰੂਰੀ ਸੀ। ਪਿੰਡ ਦੇ ਤਿੰਨ ਹੋਰ ਜਣਿਆਂ ਨਾਲ ਉਸਨੇ 10 ਕਿਲੋਮੀਟਰ ਪਹਾੜੀ ਪੈਂਡਾ ਤੈਅ ਕੀਤਾ। ਉੱਥੋਂ ਦਾ ਬਾਂਸ ਚੰਗੇ ਭਾਅ ਵਿਕ ਜਾਂਦਾ ਸੀ, ਅਤੇ ਸੀਜ਼ਨ ਵੀ ਖ਼ਤਮ ਹੋਣ ਵਾਲਾ ਸੀ। ਮਾਨਸੂਨ ਤੋਂ ਪਹਿਲਾਂ ਪਹਿਲਾਂ ਉਨ੍ਹਾਂ ਲਈ ਬਾਂਸ ਕੱਟਣਾ ਅਤੇ ਬੁਣਾਈ ਦਾ ਕੰਮ ਕਰਨਾ ਜ਼ਰੂਰੀ ਸੀ। ਪਰ ਉਹ ਵੀ ਆਈਈਡੀ ਦੀ ਲਪੇਟ ' ਗਿਆ - ਉਸਦੀ ਪੂਰੀ ਖੱਬੀ ਲੱਤ ਕੱਟੀ ਗਈ।

ਮੁਲੁਗੂ ਜ਼ਿਲ੍ਹੇ ਦੇ ਐੱਸ.ਪੀ. ਦਫ਼ਤਰ ਵੱਲੋਂ ਦਿੱਤੇ ਅੰਕੜਿਆਂ ਅਨੁਸਾਰ ਪਿਛਲੇ ਦੋ ਸਾਲਾਂ ' ਛੇ ਲੋਕ ਇਸ ਤਰ੍ਹਾਂ ਫੱਟੜ ਹੋਏ ਹਨ - 2024 ' ਚਾਰ ਅਤੇ 2025 ' ਦੋ - ਜਦਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ।

ਪਰ ਇਹ ਸਰਕਾਰੀ ਅੰਕੜੇ ਪੂਰੀ ਸਚਾਈ ਪੇਸ਼ ਨਹੀਂ ਕਰਦੇ। ਉੱਥੇ ਲਾਗੇ ਹੀ ਰਹਿਣ ਵਾਲਾ ਇਕ ਨਾਬਾਲਗ ਬੱਚਾ, ਜੋ ਅਜਿਹੇ ਹੀ ਵਿਸਫੋਟ ਦੌਰਾਨ ਬਚ ਗਿਆ, ਹੁਣ ਆਪਣੇ ਚਾਚੇ ਦੇ ਮੁੰਡੇ ਕੋਲ ਲੁਕਕੇ ਰਹਿੰਦਾ ਹੈ ਅਤੇ ਕਿਸੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਇਕ ਔਰਤ ਨੇ ਦੱਸਿਆ, "ਉਹ ਦੋਹਾਂ ਧਿਰਾਂ ਤੋਂ ਡਰਦਾ ਹੈ। ਜੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਉਹ ਫੜਕੇ ਲੈ ਜਾਣਗੇ। ਜੇ ਮਾਓਵਾਦੀਆਂ ਨੂੰ ਪਤਾ ਲੱਗ ਗਿਆ ਕਿ ਉਹ ਕੁਝ ਬੋਲਿਆ ਹੈ ਤਾਂ ਉਹ ਬਦਲਾ ਲੈਣਗੇ।" ਜਦ ਇਸ ਪੱਤਰਕਾਰ ਨੇ ਪੁੱਛਿਆ, "ਕੀ ਤੇਰੇ ਵਰਗੇ ਹੋਰ ਵੀ ਹਨ?" ਤਾਂ ਉਸਨੇ ਬਸ ਮੋਢੇ ਹਿਲਾ ਕੇ ਸਾਰ ਦਿੱਤਾ।

ਮਾਓਵਾਦੀਆਂ ਦੀ ਚੇਤਾਵਨੀ

ਕਰੇਗੁੱਟਾ ਅਪਰੇਸ਼ਨ ਸ਼ੁਰੂ ਹੋਣ ਤੋਂ ਦੋ ਹਫ਼ਤੇ ਪਹਿਲਾਂ, ਮਾਓਵਾਦੀਆਂ ਨੇ ਤੇਲਗੂ ਵਿਚ ਇਕ ਪਰਚਾ ਵੱਟਸਐਪ ਗਰੁੱਪਾਂ ਵਿਚ ਪਾਇਆ, ਜਿਸ ਵਿਚ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਉਹਨਾਂ ਨੇ "ਆਪਣੀ ਰੱਖਿਆ ਲਈ ਵਿਸਫੋਟਕ ਲਗਾਏ ਹਨ" ਪਰਚੇ ਵਿਚ ਇਹ ਵੀ ਕਿਹਾ ਗਿਆ ਕਿ ਪਾਰਟੀ ਨੇ ਪਿੰਡਾਂ ਦੇ ਲੋਕਾਂ ਨੂੰ ਕਈ ਤਰੀਕਿਆਂ ਨਾਲ ਇਨ੍ਹਾਂ ਵਿਸਫੋਟਕਾਂ ਬਾਰੇ ਚੇਤਾਵਨੀ ਦਿੱਤੀ ਸੀ, ਪਰ ਪੁਲਿਸ ਦੀਆਂ ਚਾਲਾਂ ਵਿਚ ਫਸ ਕੇ ਕਈ ਆਦਿਵਾਸੀ ਅਤੇ ਗੈਰ-ਆਦਿਵਾਸੀ ਇਨ੍ਹਾਂ ਵਿਸਫੋਟਾਂ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਨੂੰ ਲਾਲਚ ਦੇ ਕੇ ਪਹਾੜੀਆਂ 'ਤੇ ਭੇਜਿਆ ਜਾਂਦਾ ਹੈ। "ਅਸੀਂ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਉਹ ਪੁਲਿਸ ਦੇ ਝਾਂਸੇ ਵਿਚ ਨਾ ਆਉਣ ਅਤੇ ਕਰੇਗੁੱਟਾ ਨਾ ਜਾਣ," ਪਰਚਾ ਮਾਓਵਾਦੀ ਪਾਰਟੀ ਦੇ ਵੈਂਕਟਾਪੁਰਾ-ਵਾਜਿਦੂ ਏਰੀਆ ਕਮੇਟੀ ਦੇ ਸਕੱਤਰ ਸ਼ਾਂਤਾ ਦੇ ਦਸਖ਼ਤਾਂ ਹੇਠ ਜਾਰੀ ਕੀਤਾ ਗਿਆ ਸੀ।

ਪਰ ਇਹ ਰਸਮੀਂ ਚੇਤਾਵਨੀ ਬਹੁਤ ਦੇਰ ਨਾਲ ਪਹੁੰਚੀ ਅਤੇ ਇਸ ਦੇਰੀ ਦਾ ਮੁੱਲ ਤਾਰਨਾ ਪਿਆ। ਕਈ ਲੋਕਾਂ ਨੂੰ ਆਪਣੀ ਜਾਨ ਅਤੇ ਅੰਗ ਗੁਆਉਣੇ ਪਏ। ਦੋ ਹਫ਼ਤੇ ਬਾਅਦ, ਇਨ੍ਹਾਂ ਪਹਾੜੀਆਂ ਨੂੰ ਛੱਤੀਸਗੜ੍ਹ ਅਤੇ ਤੇਲੰਗਾਨਾ ਦੋਹਾਂ ਪਾਸਿਆਂ ਤੋਂ ਕੇਂਦਰੀ ਨੀਮ-ਫ਼ੌਜੀ ਬਲਾਂ ਨੇ ਘੇਰਾ ਪਾ ਲਿਆ। ਅਤੇ ਇਸ ਤਰ੍ਹਾਂ ਸ਼ੁਰੂ ਹੋਇਆ ਕਰੇਗੁੱਟਾ ਪਹਾੜੀਆਂ ਦਾ 21 ਰੋਜ਼ਾ ਅਪਰੇਸ਼ਨ।

ਸਿੱਟਾ:

ਮਾਓਵਾਦੀ ਪਾਰਟੀ ਮਾਰਚ 28 ਤੋਂ ਲੈ ਕੇ ਚਾਰ ਮਹੀਨਿਆਂ ਵਿਚ 6 ਚਿੱਠੀਆਂ ਜਾਰੀ ਕਰਕੇ ਸ਼ਾਂਤੀ ਗੱਲਬਾਤ ਕਰਨ ਦੀ ਪੇਸ਼ਕਸ਼ ਕਰ ਚੁੱਕੀ ਹੈ, ਫਿਰ ਵੀ ਕਰੇਗੁੱਟਾ ਅਪਰੇਸ਼ਨ ਵਿੱਢ ਦਿੱਤਾ ਗਿਆ। ਇਹਨਾਂ ਚਿੱਠੀਆਂ ਵਿਚ ਪਹਿਲੀ ਜੁਲਾਈ ਨੂੰ ਤੇਲੰਗਾਨਾ ਦੀ ਕਾਂਗਰਸ ਸਰਕਾਰ ਨੂੰ ਮੁਖਾਤਬ ਅਪੀਲ ਵੀ ਸ਼ਾਮਲ ਹੈ, ਜਿਸ ਵਿਚ ਮਾਓਵਾਦੀਆਂ ਵੱਲੋਂ ਯੁੱਧਬੰਦੀ ਦੀ ਮੰਗ ਕੀਤੀ ਗਈ ਸੀ ਤਾਂ ਜੋ ਗੱਲਬਾਤ ਸੰਭਵ ਹੋ ਸਕੇ। ਅਪੀਲ ਵਿਚ ਤੇਲੰਗਾਨਾ ਕਾਂਗਰਸ ਦੇ ਪ੍ਰਧਾਨ ਮਹੇਸ਼ ਕੁਮਾਰ ਗੌੜ ਦੇ ਬਿਆਨ ਦਾ ਸਵਾਗਤ ਕੀਤਾ ਗਿਆ, ਜਿਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਨਿੰਦਾ ਕੀਤੀ ਸੀ ਕਿ ਸਰਕਾਰ ਪਾਕਿਸਤਾਨ ਨਾਲ ਤਾਂ ਯੁੱਧਬੰਦੀ ਕਰ ਸਕਦੀ ਹੈ ਪਰ ਆਪਣੇ ਹੀ ਆਦਿਵਾਸੀ ਨਾਗਰਿਕਾਂ ਨਾਲ ਗੱਲਬਾਤ ਕਰਨ ਤੋਂ ਇਨਕਾਰੀ ਹੈ।

ਪਰ ਛੱਤੀਸਗੜ੍ਹ ਅਤੇ ਕੇਂਦਰ ਦੋਹਾਂ ਸਰਕਾਰ ਨੇ ਸ਼ਰਤ ਰੱਖੀ ਕਿ ਪਹਿਲਾਂ ਮਾਓਵਾਦੀ ਹਥਿਆਰ ਸੁੱਟਣ, ਅਤੇ ਉਨ੍ਹਾਂ ਨੇ ਅਪਰੇਸ਼ਨ ਰੋਕਣ ਤੋਂ ਇਨਕਾਰ ਕਰ ਦਿੱਤਾ। ਪਿਛਲੇ 18 ਮਹੀਨਿਆਂ ਵਿਚ 415 ਕਥਿਤ ਮਾਓਵਾਦੀ, ਜਿਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਆਦਿਵਾਸੀ ਸਨ, ਅਤੇ 39 ਸੁਰੱਖਿਆ ਬਲਾਂ ਦੇ ਜਵਾਨ ਮਾਰੇ ਗਏ ਹਨ ਜੋ ਇਸੇ ਆਦਿਵਾਸੀ ਭਾਈਚਾਰੇ ਚੋਂ ਸਨ। ਬਸਤਰ ਵਿਚ ਮਾਓਵਾਦੀਆਂ ਵੱਲੋਂ ਕਥਿਤ ਰੂਪ ' ਪੁਲਿਸ ਦੀ ਮੱਦਦ ਕਰਨ ਦੇ ਇਲਜ਼ਾਮ ਵਿਚ ਕਈ ਆਮ ਨਾਗਰਿਕ ਵੀ ਮਾਰ ਦਿੱਤੇ ਗਏ - 22 ਇਸ ਸਾਲ ਮਾਰੇ ਗਏ ਜਦਕਿ 71 ਪਿਛਲੇ ਸਾਲ ਮਾਰੇ ਗਏ ਸਨ।

(ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ)