Wednesday, March 23, 2011

ਤਾਜ਼ਾ ਕਾਲੇ ਕਾਨੂੰਨਾਂ ਅਤੇ ਕਾਲੀਆਂ ਸੋਧਾਂ ਬਾਰੇ

ਐਨ.ਕੇ. ਜੀਤ ਦੀ ਤਕਰੀਰ

(ਪੰਜਾਬ ਅਸੈਂਬਲੀ 'ਚ ਪਾਸ ਕੀਤੇ ਲੋਕ ਦੁਸ਼ਮਣ ਕਾਲੇ ਕਾਨੂੰਨਾਂ ਦਾ ਵੱਖ ਵੱਖ ਸ਼ਕਤੀਆਂ ਅਤੇ ਪਲੇਟਫਾਰਮਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅਪ੍ਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਵੱਲੋਂ ਇਸ ਮੁੱਦੇ 'ਤੇ ਕਨਵੈਨਸ਼ਨਾਂ ਦੀ ਲੜੀ ਚਲਾਈ ਗਈ ਹੈ। ਹੇਠਾਂ ਅਸੀਂ ਇਸ ਫਰੰਟ ਦੇ ਇੱਕ ਆਗੂ ਸ੍ਰੀ ਐਨ.ਕੇ. ਜੀਤ ਵੱਲੋਂ ਬਠਿੰਡਾ ਕਨਵੈਨਸ਼ਨ ਵਿੱਚ ਕੀਤੀ ਤਕਰੀਰ ਬਿਨਾ ਟਿੱਪਣੀ ਤੋਂ ਹੂ-ਬ-ਹੂ ਛਾਪ ਰਹੇ ਹਾਂ। ਇਹ ਤਕਰੀਰ ਸਾਦਾ ਅਤੇ ਸਮਝ ਆਉਣ ਵਾਲੇ ਢੰਗ ਨਾਲ ਇਹਨਾਂ ਕਾਨੂੰਨਾਂ ਦੀ ਲੋਕ-ਵਿਰੋਧੀ ਅਸਲੀਅਤ ਬਾਰੇ ਚਾਨਣਾ ਪਾਉਂਦੀ ਹੈ। -ਸੰਪਾਦਕ)

ਸਾਥੀਓ,
ਅੱਜ ਦੀ ਇਹ ਕਨਵੈਨਸ਼ਨ ਅਸੀਂ ਸਮਰਪਤ ਕਰ ਰਹੇ ਹਾਂ, ਆਦਿਵਾਸੀ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਅਤੇ ਜਮਹੂਰੀ ਹੱਕਾਂ ਦੇ ਬਹੁਤ ਵੱਡੇ ਆਲੰਬਰਦਾਰ ਡਾਕਟਰ ਬਿਨਾਇਕ ਸੇਨ ਤੇ ਉਹਨਾਂ ਦੇ ਦੋ ਹੋਰ ਸਾਥੀ ਨਰਾਇਣ ਸਾਨਿਆਲ ਅਤੇ ਪਿਊਸ ਗੁਪਤਾ ਜਿਹਨਾਂ ਨੂੰ ਦੇਸ਼ ਧਰੋਹ ਦੇ ਕੇਸ ਦੇ ਵਿੱਚ ਕੱਲ੍ਹ ਈ ਛੱਤੀਸਗੜ੍ਹ ਦੀ ਇੱਕ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਆਪਣੇ ਆਪ ਦੇ ਵਿੱਚ ਹੀ ਮਿਸਾਲ ਹੈ ਉਸ ਗੱਲ ਦੀ, ਮਿਸਾਲ ਹੈ ਉਹਨਾਂ ਕਾਨੂੰਨਾਂ ਦੀ ਦੁਰਵਰਤੋਂ ਦੀ, ਜਿਹਨਾਂ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ। ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਵਿਸ਼ੇਸ਼ ਕਾਨੂੰਨ ਬਣੇ- ਇਸੇ ਤਰ੍ਹਾਂ ਛੱਤੀਸਗੜ੍ਹ ਦੀ ਸਰਕਾਰ ਨੇ ਵੀ ਵਿਸ਼ੇਸ਼ ਕਾਨੂੰਨ ਬਣਾਇਆ, ਉਥੋਂ ਦਾ ਸੁਰੱਖਿਆ ਕਾਨੂੰਨ, ਜੀਹਦੇ ਤਹਿਤ ਇਹਨਾਂ ਸਾਥੀਆਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਨੇ। ਤੇ ਇਥੇ ਹੀ ਕਾਨਫਰੰਸ ਦੇ ਵਿੱਚ ਯਾਦ ਕਰਦੇ ਹਾਂ, ਸਾਡੀ ਉਸ ਭੈਣ ਆਇਨ ਐਰੋਮ ਸ਼ਰਮੀਲਾ ਨੂੰ, ਜਿਹਨਾਂ ਨੇ ਪਿਛਲੇ 10 ਸਾਲਾਂ ਤੋਂ ਅੰਨ ਨਹੀਂ ਗ੍ਰਹਿਣ ਕੀਤਾ। ਇਸ ਰੋਸ ਦੇ ਵਿੱਚ ਕਿ ਆਰਮਡ ਫੋਰਸਜ਼ ਸਪੈਸ਼ਲ ਆਰਮਡ ਐਕਟ, ਜੀਹਦੇ ਤਹਿਤ ਹਿੰਦੋਸਤਾਨ ਦੀ ਸਰਕਾਰ ਨੇ ਉੱਤਰ-ਪੂਰਬ ਦੇ ਵਿੱਚ, ਕਸ਼ਮੀਰ ਦੇ ਵਿੱਚ ਦੇ ਹੋਰ ਵੱਖ ਵੱਖ ਥਾਵਾਂ 'ਤੇ ਫੌਜਾਂ ਨੂੰ ਇਹ ਅਧਿਕਾਰ ਦਿੱਤੇ ਨੇ ਕਿ ਉਹ ਕਿਸੇ ਵੀ ਬੰਦੇ ਨੂੰ ਸ਼ੱਕ ਦੀ ਬਿਨਾਅ ਦੇ ਉੱਤੇ ਗੋਲੀ ਮਾਰ ਸਕਦੇ ਨੇ। ਸਾਡੀ ਇਹ ਭੈਣ ਪਿਛਲੇ 10 ਸਾਲਾਂ ਤੋਂ ਉਸ ਕਾਨੂੰਨ ਦੇ ਖਿਲਾਫ ਭੁੱਖ ਹੜਤਾਲ 'ਤੇ, ਅੰਨ ਤਿਆਗੀ ਬੈਠੀ ਹੈ, ਇਹ ਤਸਵੀਰ ਉਹਦੀ ਲੱਗੀ ਹੋਈ ਹੈ। ਉਹਨੂੰ ਪੁਲਸ ਨੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਦੇ ਦੋਸ਼ ਦੇ ਥੱਲੇ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ। ਜਿਥੇ ਉਸਨੂੰ ਗੁਲੂਕੋਜ਼ ਰਾਹੀਂ ਖੁਰਾਕ ਦਿੱਤੀ ਜਾ ਰਹੀ ਹੈ। ਇਹ ਕਾਨਫਰੰਸ, ਇਹ ਕਨਵੈਨਸ਼ਨ ਅਸੀਂ ਜਮਹੂਰੀ ਹੱਕਾਂ ਦੇ ਇਹਨਾਂ ਘੁਲਾਟੀਆਂ ਨੂੰ ਸਮਰਪਤ ਕਰਦੇ ਹਾਂ। ਇਹਦੇ ਨਾਲ ਨਾਲ ਹੀ ਇਸ ਕਨਵੈਨਸ਼ਨ ਦੇ ਵਿੱਚ ਕਿਸਾਨ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਵੀ ਪਹੁੰਚੇ ਹੋਏ ਨੇ। ਅਜੇ ਦੋ ਦਿਨ ਪਹਿਲਾਂ ਹੀ ਨਿਓਰ ਪਿੰਡ ਦੇ ਵਿੱਚ ਸਾਡੇ ਗੁਆਂਢ, ਪੁਲਸ ਨੇ ਜੋ ਤਸ਼ੱਦਦ ਕੀਤਾ ਹੈ, ਉਹਦੇ ਬਾਰੇ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹਿਆ ਹੈ। ਜਾਤੀ ਤੌਰ 'ਤੇ ਵੀ ਜਾਣੂੰ ਹੋਵੋਗੇ ਕਿ ਕਿਵੇਂ ਐਸ.ਡੀ.ਐਮ. ਨੇ ਆਪਣੀ ਆਕੜ ਦੇ ਵਿੱਚ ਲੋਕਾਂ ਦੀ ਗੱਲ ਨਹੀਂ ਸੁਣੀ ਤੇ ਲੋਕਾਂ ਨੂੰ ਕੁੱਟਿਆ ਹੈ ਅਤੇ ਉਸਤੋਂ ਬਾਅਦ 31 ਬੰਦਿਆਂ ਦੇ ਉੱਤੇ ਕੇਸ ਬਣਾ ਕੇ (ਜਿਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਲ ਨੇ) ਉਨ੍ਹਾਂ ਨੂੰ ਜੇਲ੍ਹਾਂ ਦੇ 'ਚ ਸੁੱਟ ਦਿੱਤਾ ਹੈ। ਅਤਿ ਦਾ ਤਸ਼ੱਦਦ ਉੱਥੇ ਕੀਤਾ ਹੈ।

ਪੂਰਾ ਲੇਖ਼ ਪੜ੍ਹਨ ਲਈ ਇੱਥੇ >ਕਲਿਕ< ਕਰੋ।

No comments:

Post a Comment