Tuesday, March 27, 2012

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਸਲਾ-

ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਮਸਲਾ-
ਨਕਸਲਬਾੜੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਵੱਲੋਂ
ਫਿਰਕੂ ਸਦਭਾਵਨਾ ਅਤੇ ਜਮਾਤੀ ਏਕਤਾ ਕਾਇਮ ਰੱਖਣ ਦਾ ਸੱਦਾ
ਨਕਸਲਬਾੜੀ ਕਮਿਊਨਿਸਟ ਇਨਕਲਾਬੀ ਜਥੇਬੰਦੀ ਸੀ.ਪੀ.ਆਰ.ਸੀ.ਆਈ.(ਐਮ.ਐਲ.) ਦੀ ਪੰਜਾਬ
ਸੂਬਾ ਕਮੇਟੀ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਸਬੰਧੀ ਅਦਾਲਤੀ ਫੈਸਲੇ ਸਦਕਾ
ਬਣ ਰਹੇ ਤਣਾਅ ਦੀਆਂ ਹਾਲਤਾਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ ਗਈ ਹੈ। ਜਥੇਬੰਦੀ ਦੇ
ਸੂਬਾ ਸਕੱਤਰ ਕਰਮਜੀਤ ਵੱਲੋਂ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ
ਕਿ ਇਸ ਮੁੱਦੇ ਦੇ ਭਖਾਅ ਫੜਨ ਕਰਕੇ ਲੋਕਾਂ ਦੀ ਭਾਈਚਾਰਕ ਅਤੇ ਜਮਾਤੀ ਏਕਤਾ ਤੇ ਫਿਰਕੂ
ਸਦਭਾਵਨਾ ਲਈ ਖਤਰਾ ਖੜ੍ਹਾ ਹੋ ਰਿਹਾ ਹੈ। ਉਹਨਾਂ ਨੇ ਸਮੁਹ ਲੋਕ-ਪੱਖੀ ਸ਼ਕਤੀਆਂ ਨੂੰ
ਅਪੀਲ ਕੀਤੀ ਹੈ ਕਿ ਉਹ ਲੋਕਾਂ ਦਰਮਿਆਨ ਆਪਸੀ ਸਦਭਾਵਨਾ ਅਤੇ ਫਿਰਕੂ ਅਮਨ ਬਣਾਈ ਰੱਖਣ
ਲਈ ਸਰਗਰਮੀ ਨਾਲ ਹਰਕਤ ਵਿੱਚ ਆਉਣ ਅਤੇ ਲੋਕਾਂ ਦੀ ਏਕਤਾ ਦੇ ਜੜ੍ਹੀਂ ਤੇਲ ਦੇਣ ਦੀਆਂ
ਕੋਸ਼ਿਸ਼ਾਂ ਕਰ ਰਹੀਆਂ ਵੰਨ-ਸੁਵੰਨੀਆਂ ਲੋਕ-ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਨੂੰ
ਨਾਕਾਮ ਕਰਨ।
ਮਸਲੇ ਦੇ ਪਿਛੋਕੜ ਦੀ ਚਰਚਾ ਕਰਦਿਆਂ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਬਕਾ
ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਲੋਕ-ਦੁਸ਼ਮਣ ਪਿਛਾਂਹ-ਖਿੱਚੂ ਤਾਕਤਾਂ ਦਰਮਿਆਨ
ਆਪਸੀ ਖ਼ੂਨੀ ਭੇੜ ਦਾ ਨਤੀਜਾ ਸੀ। ਇਹਨਾਂ ਤਾਕਤਾਂ ਵੱਲੋਂ ਨਾ ਸਿਰਫ ਹਕੂਮਤੀ ਤਾਕਤ ਲਈ
ਆਪਸੀ ਸ਼ਰੀਕਾ-ਭੇੜ ਦੌਰਾਨ ਹਿੰਸਾ ਦੀ ਦੱਬ ਕੇ ਵਰਤੋਂ ਕੀਤੀ ਗਈ ਸਗੋਂ ਪਹਿਲ-ਪ੍ਰਿਥਮੇ
ਪੰਜਾਬ ਦੇ ਲੋਕਾਂ ਨੂੰ ਹਕੂਮਤੀ ਦਹਿਸ਼ਤਗਰਦੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਸ਼ਿਕਾਰ
ਬਣਾਇਆ ਗਿਆ। ਅਣਗਿਣਤ ਲੋਕ ਇਹਨਾਂ ਪਿਛਾਂਹ-ਖਿੱਚੂ ਤਾਕਤਾਂ ਦੀ ਨਿਹੱਕੀ ਲੋਕ-ਦੁਸ਼ਮਣ
ਹਿੰਸਾ ਦਾ ਸ਼ਿਕਾਰ ਹੋਏ।
ਇਨਕਲਾਬੀ ਜਮਹੂਰੀ ਅਤੇ ਇਨਸਾਫਪਸੰਦ ਸ਼ਕਤੀਆਂ ਦੀ ਲਗਾਤਾਰ ਜੱਦੋਜਹਿਦ ਦੇ ਸਿੱਟੇ ਵਜੋਂ
ਅੱਜ ਪੰਜਾਬ ਅੰਦਰ ਫਿਰਕੁ ਸਦਭਾਵਨਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਲੋਕ ਆਪਣੇ
ਜਮਾਤੀ-ਤਬਕਾਤੀ ਹਿੱਤਾਂ ਦੀ ਰਾਖੀ ਲਈ ਸਾਂਝੇ ਘੋਲਾਂ ਦੇ ਰਾਹ ਪਏ ਹੋਏ ਹਨ। ਪਰ ਲੋਕ
ਦੁਸ਼ਮਣ ਤਾਕਤਾਂ ਆਪਸੀ ਸਦਭਾਵਨਾ ਅਤੇ ਜਮਾਤੀ ਸਾਂਝ ਦੇ ਇਸ ਮਾਹੌਲ ਨੂੰ ਖੰਡਿਤ ਕਰਨ ਲਈ
ਲਗਾਤਾਰ ਯਤਨਸ਼ੀਲ ਹਨ।
ਮੌਜੂਦਾ ਹਾਲਤਾਂ ਵਿੱਚ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਮਸਲੇ ਨੂੰ ਲੋਕਾਂ ਦੀ
ਏਕਤਾ ਅਤੇ ਫਿਰਕੂ ਸਦਭਾਵਨਾ ਦੇ ਜੜ੍ਹੀਂ ਤੇਲ ਦੇਣ ਦਾ ਸਾਧਨ ਬਣਾਉਣ ਦੀ ਕੋਸ਼ਿਸ਼ ਕੀਤੀ
ਜਾ ਰਹੀ ਹੈ। ਇਹ ਕੋਸ਼ਿਸ਼ ਸਭਨਾਂ ਲੋਕ-ਦੁਸ਼ਮਣ ਤਾਕਤਾਂ ਦੇ ਹਿੱਤਾਂ ਨੂੰ ਰਾਸ ਆਉਂਦੀ
ਹੈ, ਜਿਹੜੇ ਲੋਕਾਂ ਨੂੰ ਪਾੜ ਕੇ ਉਹਨਾਂ ਦੇ ਆਰਥਿਕ ਹਿੱਤਾਂ ਨੂੰ ਦਰੜਨਾ ਚਾਹੁੰਦੇ ਹਨ,
ਵੱਡੇ ਆਰਥਿਕ ਹਮਲਿਆਂ ਖਿਲਾਫ ਜਮਾਤੀ ਘੋਲਾਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ ਅਤੇ
ਫਿਰਕੂ ਦਹਿਸ਼ਤਗਰਦੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਉਸੇ ਮਾਹੌਲ ਨੂੰ ਬਹਾਲ ਕਰਨਾ
ਚਾਹੁੰਦੇ ਹਨ, ਜਿਸਦਾ ਪੰਜਾਬ ਦੇ ਲੋਕਾਂ ਨੇ ਲੰਮਾ ਚਿਰ ਸੰਤਾਪ ਹੰਢਾਇਆ ਹੈ।
ਇਸ ਪ੍ਰਸੰਗ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੇਣ ਦਾ ਕਦਮ ਲੋਕਾਂ ਦੇ ਹਿੱਤਾਂ
ਲਈ ਨੁਕਸਾਨਦੇਹ ਅਤੇ ਘਾਤਕ ਸਾਬਤ ਹੋ ਸਕਦਾ ਹੈ। ਇਸ ਕਰਕੇ ਲੋਕ-ਹਿੱਤਾਂ ਨਾਲ ਸਰੋਕਾਰ
ਰੱਖਣ ਵਾਲੀਆਂ ਸਭਨਾਂ ਤਾਕਤਾਂ ਨੂੰ ਫਾਂਸੀ ਦੇ ਅਦਾਲਤੀ ਫੈਸਲੇ 'ਤੇ ਅਮਲਦਾਰੀ ਨੂੰ
ਰੋਕਣ ਦੀ ਮੰਗ ਕਰਨੀ ਚਾਹੀਦੀ ਹੈ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਫਿਰਕੂ ਅਮਨ ਨੂੰ ਭੰਗ ਕਰਨ ਅਤੇ ਭਰਾਮਾਰ ਹਿੰਸਾ
ਦਾ ਮਾਹੌਲ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਬਣਾਉਣ ਲਈ ਤੇਜ਼ੀ ਨਾਲ ਸਰਗਰਮ ਕਦਮ
ਲਏ ਜਾਣ। ਇਸ ਹਾਲਤ ਵਿੱਚ ਸਥਾਪਤ ਅਤੇ ਮਕਬੂਲ ਲੋਕ-ਪੱਖੀ ਜਥੇਬੰਦੀਆਂ ਨੂੰ ਆਪਣੇ
ਪ੍ਰਭਾਵ ਦਾ ਵਜ਼ਨ ਫਿਰਕੂ ਅਮਨ ਦੀ ਰਾਖੀ ਲਈ ਪਾਉਣਾ ਚਾਹੀਦਾ ਹੈ ਅਤੇ ਆਪਣੀਆਂ ਸ਼ਕਤੀਆਂ
ਇਸ ਮਕਸਦ ਲਈ ਜੁਟਾਉਣੀਆਂ ਚਾਹੀਦੀਆਂ ਹਨ।
ਇਨਕਲਾਬੀ ਸ਼ਕਤੀਆਂ ਨੂੰ ਰਾਜੋਆਣਾ ਦੀ ਫਾਂਸੀ ਦੇ ਮਸਲੇ 'ਤੇ ਲੋਕ-ਦੁਸ਼ਮਣ ਤਾਕਤਾਂ ਦੇ
ਦੋਹਾਂ ਪੈਂਤੜਿਆਂ ਨਾਲੋਂ ਸਪਸ਼ਟ ਨਿਖੇੜਾ ਕਰਨਾ ਚਾਹੀਦਾ ਹੈ। ਰਾਜੋਆਣਾ ਨੂੰ ਫਾਂਸੀ ਦਾ
ਮਸਲਾ ਆਪਣੇ ਤੱਤ ਪੱਖੋਂ ਅਦਾਲਤੀ ਇਨਸਾਫ ਦਾ ਮਸਲਾ ਨਹੀਂ ਹੈ, ਜਿਵੇਂ ਹਕੂਮਤੀ
ਦਹਿਸ਼ਤਗਰਦੀ ਦੀਆਂ ਝੰਡਾਬਰਦਾਰ ਸ਼ਕਤੀਆਂ ਇਸ ਨੂੰ ਪੇਸ਼ ਕਰ ਰਹੀਆਂ ਹਨ। ਨਾ ਹੀ ਇਹ
ਮਨੁੱਖੀ ਹੱਕਾਂ ਦੀ ਰਾਖੀ ਦਾ ਮਸਲਾ ਹੈ, ਜਿਵੇਂ ਫਿਰਕੂ ਦਹਿਸ਼ਤਗਰਦੀ ਦੀਆਂ
ਝੰਡਾ-ਬਰਦਾਰ ਸ਼ਕਤੀਆਂ ਇਸਨੂੰ ਪੇਸ਼ ਕਰ ਰਹੀਆਂ ਹਨ। ਇਹ ਦੋ  ਪਿਛਾਂਹ-ਖਿੱਚੂ ਧਿਰਾਂ
ਦਰਮਿਆਨ ਆਪਸੀ ਸ਼ਰੀਕਾ-ਭੇੜ ਵਿੱਚ ਹਿੰਸਾ ਅਤੇ ਜਵਾਬੀ-ਹਿੰਸਾ ਦੀ ਵਰਤੋਂ ਦਾ ਮਸਲਾ ਹੈ।
ਹਾਲਤ ਦੇ ਠੋਸ ਪ੍ਰਸੰਗ ਵਿੱਚ ਇਸ ਕਦਮ ਦੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਰੋਲ
ਸਦਕਾ ਫਾਂਸੀ ਦੇ ਫੈਸਲੇ 'ਤੇ ਅਮਲਦਾਰੀ ਲੋਕਾਂ ਦੇ ਹਿੱਤਾਂ ਦੇ ਖਿਲਾਫ ਭੁਗਤੇਗੀ। ਇਹ
ਮੂਲ ਸਰੋਕਾਰ ਹੈ, ਜਿਸ ਕਰਕੇ ਜਮਹੂਰੀ ਅਤੇ ਇਨਸਾਫ ਪਸੰਦ ਸ਼ਕਤੀਆਂ ਨੂੰ ਫਾਂਸੀ ਦੇ
ਫੈਸਲੇ 'ਤੇ ਅਮਲਦਾਰੀ ਰੋਕਣ ਦੀ ਮੰਗ ਕਰਨੀ ਚਾਹੀਦੀ ਹੈ। ਪਰ ਅਜਿਹਾ ਕਰਦਿਆਂ ਇਸ ਮਸਲੇ
ਨੂੰ ਫਿਰਕੂ ਰੰਗਤ ਦੇਣ ਅਤੇ ਫਿਰਕੂ ਅਮਨ ਨੂੰ ਲਾਂਬੂ ਲਾਉਣ ਦੀਆਂ ਕੋਸ਼ਿਸ਼ਾਂ ਕਰ
ਰਹੀਆਂ ਤਾਕਤਾਂ ਨਾਲੋਂ ਸਪਸ਼ਟ ਨਿਖੇੜਾ ਕੀਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਇਸ ਗੱਲ
ਵੱਲ ਗਹੁ ਕਰਨਾ ਚਾਹੀਦਾ ਹੈ ਕਿ ਰਾਜ-ਭਾਗ ਦੀਆਂ ਸ਼ਕਤੀਆਂ ਆਪਣੇ ਸਭਨਾਂ ਸਿਆਸੀ
ਸ਼ਰੀਕਾਂ ਅਤੇ ਲੋਕਾਂ ਖਿਲਾਫ ਕਾਨੂੰਨੀ ਅਤੇ ਗੈਰ-ਕਾਨੂੰਨੀ ਹਿੰਸਾ ਦੀ ਵਰਤੋਂ ਕਰਦੀਆਂ
ਹਨ। ਉਹਨਾਂ ਦਾ ਧਰਮ ਚਾਹੇ ਕੋਈ ਵੀ ਹੋਵੇ। ਮੁਲਕ ਅੰਦਰ ਗੈਰ-ਸਿੱਖ ਜਨਤਾ ਖਿਲਾਫ
ਰਾਜ-ਭਾਗ ਦੀ ਹਿੰਸਾ ਦੀ ਵਰਤੋਂ ਵੱਡੇ ਪੱਧਰ 'ਤੇ ਹੋ ਰਹੀ ਹੈ। ਝਾਰਖੰਡ, ਛਤੀਸਗੜ੍ਹ
ਵਰਗੇ ਖੇਤਰਾਂ, ਕਸ਼ਮੀਰ ਅਤੇ ਉੱਤਰ-ਪੂਰਬੀ ਖਿੱਤੇ 'ਚ ਅਨੇਕਾਂ ਹੌਲਨਾਕ ਖ਼ੂਨੀ ਕਾਂਡ
ਰਚਾਏ ਜਾ ਰਹੇ ਹਨ। ਝਾਰਖੰਡ ਦੇ ਉੱਘੇ ਲੋਕ-ਪੱਖੀ ਕਵੀ ਜਤਿਨ ਮਰਾਂਡੀ ਨੂੰ ਝੂਠੇ,
ਹਾਸੋਹੀਣੇ ਅਤੇ ਨਿਰ-ਆਧਾਰ ਦੋਸ਼ਾਂ ਤਹਿਤ ਫਾਂਸੀ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਕਰਕੇ ਬਲਵੰਤ ਰਾਜੋਆਣਾ ਦੀ ਫਾਂਸੀ ਦੇ ਮਸਲੇ ਨੂੰ ''ਹਿੰਦੂ ਹਾਕਮਾਂ ਵੱਲੋਂ''
ਸਿੱਖਾਂ 'ਤੇ ਹਮਲੇ ਵਜੋਂ ਪੇਸ਼ ਕਰਨਾ ਅੱਤਿਆਚਾਰੀ ਰਾਜ-ਭਾਗ ਖਿਲਾਫ ਲੋਕਾਂ ਦੀ ਏਕਤਾ
ਨੂੰ ਖੰਡਿਤ ਕਰਨ ਦਾ ਰੋਲ ਅਦਾ ਕਰਦਾ ਹੈ। ਜਮਹੂਰੀ ਅਤੇ ਇਨਸਾਫਪਸੰਦ ਸ਼ਕਤੀਆਂ ਨੂੰ
ਲੋਕਾਂ ਨੂੰ ਇਸ ਕੋਸ਼ਿਸ਼ ਬਾਰੇ ਸੁਚੇਤ ਕਰਨਾ ਚਾਹੀਦਾ ਹੈ।
(27 ਮਾਰਚ, 2012)

No comments:

Post a Comment