Tuesday, February 8, 2011

ਬਰਸੀ 'ਤੇ :
ਸ਼ਹੀਦ ਸਾਧੂ ਸਿੰਘ ਤਖਤੂਪੁਰਾ ਨੂੰ ਸੁਰਖ਼ ਸਲਾਮ!
ਸਾਧੂ ਸਿੰਘ ਨੂੰ ਕਤਲ ਕਰਨ ਪਿੱਛੇ ਉਸ ਸਮੇਂ ਤੁਰਤ-ਪੈਰਾ ਸਿਆਸੀ ਮਕਸਦ ਤਾਂ ਸਭ ਨੂੰ ਸਾਫ ਸੀ। ਸਾਫ ਸੀ ਕਿ ਵੀਰ ਸਿੰਘ ਲੋਪੋਕੇ ਵਗੈਰਾ ਅਕਾਲੀ ਦਲ ਦੀ ਲੱਠਮਾਰ ਸ਼ਕਤੀ ਅਤੇ ਵੋਟ ਥੈਲੀ ਹੈ। ਇਸ ਨੂੰ ਛਤਰੀ ਦੇਣਾ, ਇਸਦੇ ਭੋਂ-ਮਾਫੀਆ ਧੰਦੇ ਨੂੰ ਹੰਮ੍ਹਾਂ ਲਾਉਣਾ ਅਤੇ ਗਰੀਬ ਅਬਾਦਕਾਰ ਕਿਸਾਨਾਂ ਨੂੰ ਜਗੀਰੂ ਸੱਤਾ ਦੇ ਤਹਿਕੇ ਹੇਠ ਦਬਾ ਕੇ ਰੱਖਣਾ, ਅਕਾਲੀ ਹਾਕਮਾਂ ਦੀ ਜਮਾਤੀ ਸਿਆਸੀ ਗਰਜ ਹੈ। ਇਸ ਤੋਂ ਅਗਲੀ ਅਕਾਲੀ ਭਾਜਪਾ ਹਾਕਮਾਂ ਦੀ ਵਡੇਰੀ ਲੁਟੇਰੀ ਸਿਆਸੀ ਗਰਜ਼ ਇਹ ਬਣਦੀ ਸੀ ਕਿ ਨਵੀਆਂ ਆਰਥਿਕ  ਨੀਤੀਆਂ ਖਿਲਾਫ ਠੱਲ੍ਹ ਬਣਦੀ ਆ ਰਹੀ ਇਨਕਲਾਬੀ ਕਿਸਾਨ ਲਹਿਰ ਨੂੰ ਖੋਰਨ-ਖਿੰਡਾਉਣ ਅਤੇ ਦਹਿਸ਼ਤਜ਼ਦਾ ਕਰਨ ਲਈ ਜਬਰ ਦਾ ਸਿਲਸਿਲਾ ਵਿੱਢਿਆ ਜਾਵੇ। ਤਾਂ ਜੋ ਲੋਕਾਂ ਨੂੰ ਲਾਦੂ ਕੱਢ ਕੇ, ਸਾਮਰਾਜੀ ਜਗੀਰੂ ਲੁੱਟ ਨੂੰ ਤਿੱਖਾ ਕੀਤਾ ਜਾਵੇ। ਇਸ ਨੂੰ ਝੱਲਣ ਵਾਲਾ ਦਬਾਊ ਸਿਆਸੀ ਮਾਹੌਲ ਸਿਰਜਿਆ ਜਾਵੇ। ਸਾਧੂ ਸਿੰਘ ਦੇ ਕਤਲ ਤੋਂ ਬਾਅਦ ਦੇ ਘਟਨਾਕਰਮ ਨੇ ਇਸੇ ਸਚਾਈ ਨੂੰ ਹੋਰ ਪੱਕਾ, ਹੋਰ ਡੂੰਘਾ ਕਰਨ ਵਾਲਾ ਅਮਲ ਸਾਹਮਣੇ ਲਿਆਂਦਾ ਹੈ। ਕਤਲ ਦੇ ਝੱਟ ਬਾਅਦ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਅਮਲ ਵਿੱਢਿਆ ਗਿਆ। ਹਕੂਮਤ ਚਾਲਬਾਜ਼ੀ ਅਤੇ ਸ਼ਕਤੀ-ਪ੍ਰਦਰਸ਼ਨ ਦੇ ਜ਼ੋਰ ਸਿਰੇ ਲਾਇਆ ਗਿਆ। ਭੰਨ-ਤੋੜ ਰੋਕੂ ਕਾਨੂੰਨ ਅਤੇ ਹੋਰ ਕਾਲੇ ਕਾਨੂੰਨ ਅਸੈਂਬਲੀ ਵਿੱਚ ਪਾਸ ਕਰਕੇ ਅਕਾਲੀ-ਭਾਜਪਾ ਹਾਕਮਾਂ ਨੇ ਜਿਥੇ ਇੱਕ ਪਾਸੇ ਪੰਜਾਬ ਅੰਦਰ ਜ਼ੋਰ ਫੜ ਰਹੀ ਜਨਤਕ ਇਨਕਲਾਬੀ ਲਹਿਰ ਤੋਂ ਤਹਿਕੇ ਹੋਣ ਦਾ ਸਬੂਤ ਦਿੱਤਾ ਹੈ, ਉਥੇ ਦੂਜੇ ਪਾਸੇ ਤਾਨਾਸ਼ਾਹੀ ਹਕੂਮਤਾਂ ਵਾਲੇ ਜਾਬਰ ਕਦਮਾਂ ਰਾਹੀਂ, ਇਸ ਲਹਿਰ ਦੀ ਸੰਘੀ ਘੁੱਟਣ ਲਈ ਗੋਂਦ-ਗੁੰਦੀ ਹੈ। ਲੋਕ ਲਹਿਰ ਅੱਗੇ ਗੰਭੀਰ ਚੁਣੌਤੀ ਸੁੱਟੀ ਹੈ। ਕੇਂਦਰੀ ਅਤੇ ਸੂਬਾਈ ਹਾਕਮਾਂ ਦੇ ਇਸ ਸਮੇਂ ਦੇ ਨੀਤੀ ਕਦਮਾਂ ਨੇ ਇਸੇ ਇੱਛਾ-ਸ਼ਕਤੀ ਦਾ ਮੁਜਾਹਰਾ ਕੀਤਾ ਹੈ ਕਿ ਆਰਥਿਕ ਸੁਧਾਰਾਂ ਦੇ ਨਾਂ ਹੇਠ ਆਰਥਿਕ ਹਮਲਿਆਂ ਦਾ ਅਗਲਾ ਗੇੜ ਹਰ ਹੀਲੇ ਅੱਗੇ ਵਧਾਉਣਾ ਅਤੇ ਤੇਜ ਕਰਨਾ ਹੈ। ਉਹਨਾਂ ਨੇ ਇਹਨਾਂ ਨੀਤੀਆਂ ਖਿਲਾਫ ਲੋਕ ਟਾਕਰੇ ਦੀਆਂ ਪਾਕਟਾਂ ਦੇ ਲੜਾਕੂ ਤੰਤ ਨੂੰ ਮਸਲ ਕੇ ਅੱਗੇ ਵਧਣ ਦਾ ਖੋਰੀ ਇਰਾਦਾ ਪ੍ਰਗਟਾਇਆ ਹੈ। ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬ ਦੀ ਟਾਕਰਾ ਲਹਿਰ ਨਾਲ ਨਜਿੱਠਣ ਲਈ ਚੋਣਵੇਂ ਲੋਕ ਆਗੂਆਂ ਨੂੰ ਕਤਲ ਕਰਨ ਅਤੇ ਲੋਕ ਲਹਿਰ ਨੂੰ ਕਾਲੇ ਕਾਨੂੰਨਾਂ ਅਤੇ ਜਬਰ ਨਾਲ ਨਿੱਸਲ ਕਰ ਲੈਣ ਨਾਲ, ਕੰਮ ਸਰ ਸਕਦਾ ਹੈ। ਕੇਂਦਰੀ ਹਾਕਮਾਂ ਨੂੰ ਲੱਗਦਾ ਹੈ ਕਿ ਦੇਸੀ ਬਦੇਸ਼ੀ ਕੰਪਨੀਆਂ ਲਈ ਜਲ, ਜੰਗਲ ਅਤੇ ਜ਼ਮੀਨ ਦੀ ਪ੍ਰਾਪਤੀ ਲਈ ਹੁਣ ਫੌਜ ਦੇ ਅਪ੍ਰੇਸ਼ਨ ਗਰੀਨ ਹੰਟ ਤੋਂ ਬਿਨਾ ਨਹੀਂ ਸਰ ਸਕਦਾ। ਹਾਕਮਾਂ ਦਾ ਲੋਕਾਂ ਨੂੰ ਸਿਆਸੀ ਭੁਚਲਾਵੇ ਵਿੱਚ ਲੈ ਕੇ ਲੁੱਟਣ ਵਾਲਾ ਸਿਆਸੀ ਤੰਤ ਮਰ-ਮੁੱਕ ਰਿਹਾ ਹੈ। ਹਕੂਮਤੀ ਤਪ-ਤੇਜ ਕਾਇਮ ਰੱਖਣ ਲਈ ਹਿੰਸਕ ਸ਼ਕਤੀ 'ਤੇ ਟੇਕ ਵਧ ਰਹੀ ਹੈ। ਇਨਕਲਾਬੀ ਲਹਿਰ ਦੀ ਚਡ੍ਹ ਰਹੀ ਕਾਂਗ ਨੂੰ ਦਬਾਉਣ ਲਈ ਉਲਟ ਇਨਕਲਾਬੀ ਹਿੰਸਾ ਤੇਜ ਹੋ ਰਹੀ ਹੈ। ਇਸ ਤਿੱਖੀ ਹੋਈ ਜਮਾਤੀ ਸਿਆਸੀ ਲੜਾਈ ਦਾ ਚੋਣਵਾਂ ਸਿਆਸੀ ਨਿਸ਼ਾਨਾ ਬਣਿਆ ਹੈ, ਸਾਧੂ ਸਿੰਘ। ਜਾਬਰ ਹਾਕਮਾਂ ਦੀ ਇਸ ਚੁਣੌਤੀ ਨੂੰ ਖਿੜੇ ਮੱਥੇ ਕਬੂਲ ਕਰਨਾ ਹੀ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਲੜਾਈ ਨੂੰ ਹਰ ਮੋਰਚੇ 'ਤੇ ਤਕੜਿਆਂ ਕਰਨਾ ਤੇ ਜਮਾਤੀ ਘੋਲ ਨੂੰ ਪਰਚੰਡ ਕਰਨਾ ਹੀ ਸ਼ਹੀਦ ਸਾਧੂ ਸਿੰਘ ਸੱਚੀ ਸ਼ਰਧਾਂਜਲੀ ਹੈ।

No comments:

Post a Comment