ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ
ਲੰਬੀ ਥਾਣੇ ਅੱਗੇ ਰੋਹ ਭਰਪੂਰ ਧਰਨਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਕਮੇਟੀ
ਲੰਬੀ ਵੱਲੋਂ ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ 23 ਦਸੰਬਰ ਨੂੰ ਲੰਬੀ ਥਾਣੇ ਅੱਗੇ ਰੋਹ ਭਰਪੂਰ
ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ 500 ਦੇ ਕਰੀਬ ਮਰਦਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਧਰਨੇ
ਦੌਰਾਨ ਭਾਰੀ ਪੁਲਸ ਨਫ਼ਰੀ ਦੀ ਮੌਜੂਦਗੀ ’ਚ ਅਣਮਿਆਉਂਦੇ ਜੋਸ਼ ਨਾਲ ਪੁਲਸ ਤੇ
ਬਾਦਲਾਂ ਖਿਲਾਫ਼ ਲੱਗਦੇ ਆਕਾਸ਼ ਗੁੰਜਾਊ ਨਾਹਰੇ ਲੋਕਾਂ ’ਚ ਪੁਲਸ ਸਿਆਸੀ ਗੁੰਡਾ ਗਠਜੋੜ ਵਿਰੁੱਧ ਲਟ ਲਟ ਬਲਦੀ ਨਫ਼ਰਤ ਦਾ ਸਬੂਤ ਦੇ ਰਹੇ ਸਨ। ਜਦੋਂ ਕਿ
ਬੁਲਾਰਿਆਂ ਦੀ ਉਭਾਰੂ ਸੁਰ ਅਤੇ ਨੰਗੇ ਚਿੱਟੇ ਧੱਕੇ ਦੀਆਂ ਠੋਸ ਉਦਾਹਰਣਾਂ ਦੀ ਬੱਝਵੀਂ ਪੇਸ਼ਕਾਰੀ
ਧਰਨਾਕਾਰੀਆਂ ਦੇ ਜੋਸ਼ ਨੂੰ ਹੋਰ ਵੀ ਅੱਡੀ ਲਾ ਰਹੀ ਸੀ।
ਬੁਲਾਰਿਆਂ ਨੇ ਆਖਿਆ ਕਿ ਉਂਝ ਤਾਂ ਅਕਾਲੀਆਂ ਦੀ ਗੁੰਡਾਗਰਦੀ ਨੇ ਸਾਰੇ ਪੰਜਾਬ ’ਚ ਲੋਕਾਂ ਦੇ ਨੱਕ ’ਚ ਦਮ ਕਰ ਰੱਖਿਆ ਹੈ, ਪਰ ਲੰਬੀ ਦਾ ਇਹ ਖੇਤਰ ਬਾਦਲਾਂ ਦਾ ਜੱਦੀ ਹਲਕਾ ਹੋਣ ਅਤੇ ਵੱਡੀ ਜਾਗੀਰਦਾਰੀ ਦਾ ਗੜ੍ਹ ਹੋਣ ਕਰਕੇ ਇੱਥੇ ਅਕਾਲੀਆਂ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਸਿਖਰਾਂ ਛੋਹ ਰਹੀ ਹੈ। ਬਾਦਲ
ਪਰਿਵਾਰ ਦੇ ਸਿੱਧੇ ਦਖਲ ਕਾਰਨ ਲੰਬੀ ਥਾਣੇ ਦਾ ਮੁਖੀ ਗੁਰਪ੍ਰੀਤ ਬੈਂਸ ਤੇ ਸਮੁੱਚਾ ਪੁਲਸ ਤੰਤਰ
ਆਪਣੀ ਬਣਦੀ ਡਿਊਟੀ ਕਰਨ ਦੀ ਥਾਂ ਅਕਾਲੀ ਦਲ ਦੀ ਨਿੱਜੀ ਸੈਨਾ ਦਾ ਰੋਲ ਅਦਾ ਕਰ ਰਿਹਾ ਹੈ।
ਉਨ੍ਹਾਂ ਆਖਿਆ ਕਿ ਪਿੰਡ ਸਿੰਘੇਵਾਲਾ ਦੇ ਜਾਗੀਰਦਾਰ ਅਤੇ ਸਾਬਕਾ ਸਰਪੰਚ ਧੀਰ ਤੇ ਉਹਦੇ
ਲੱਠਮਾਰ ਟੋਲੇ ਵੱਲੋਂ ਪਿੰਡ ਦੇ ਇੱਕ ਦੁਕਾਨਦਾਰ ਪਰਿਵਾਰ ’ਤੇ ਦੋ ਵਾਰ ਜਾਨਲੇਵਾ ਹਮਲਾ ਕਰਨ ਦੇ ਬਾਵਜੂਦ ਦੋਸ਼ੀਆਂ ਵਿਰੁੱਧ ਪੁਖ਼ਤਾ ਕਾਨੂੰਨੀ ਕਾਰਵਾਈ ਕਰਨ
ਦੀ ਥਾਂ ਉਹਨਾਂ ਵਿਰੁੱਧ ਅੱਖਾਂ ਪੂੰਝਣ ਲਈ ਦਰਜ ਕੀਤੇ ਕੇਸ ਵੀ ਪੁਲਸ ਵੱਲੋਂ ਰੱਦ ਕਰਨਾ ਤੇ ਉਲਟਾ
ਪੀੜਤ ਪਰਿਵਾਰ ’ਤੇ ਹੀ ਕੇਸ ਦਰਜ ਕਰਨਾ, ਪਿੰਡ ਚੰਨੂ ਦੇ ਇੱਕ ਕਿਸਾਨ ਦੇ ਘਰ ਨੂੰ ਹਥਿਆਰਬੰਦ ਗੁੰਡਿਆਂ
ਦੇ ਜ਼ੋਰ ਘੇਰ ਕੇ ਉਹਦਾ ਟਰੈਕਟਰ ਤੇ ਕੰਬਾਈਨ ਆਦਿ ਕਰਜ਼ੇ ’ਚ ਜਬਰੀ ਲੈ ਜਾਣ ਵਾਲੇ ਗਿੱਦੜਬਾਹੇ ਦੇ ਆੜ੍ਹਤੀਏ ਅਤੇ ਅਕਾਲੀ ਆਗੂ ਵਿਰੁੱਧ ਕੇਸ ਦਰਜ ਨਾ
ਕਰਨਾ, ਖੁੱਡੀਆਂ ਦੇ ਮਜ਼ਦੂਰ ਦੀ ਮੱਝ ਚੋਰੀ ਕਰਨ ਵਾਲਿਆਂ ਦੀ ਸਪੱਸ਼ਟ ਸ਼ਨਾਖਤ ਦੇ ਬਾਵਜੂਦ ਕਾਰਵਾਈ ਨਾ
ਕਰਨਾ, ਸਿੰਘੇਵਾਲਾ ਫਤੂਹੀਵਾਲਾ ਵਿੱਚ ਬਿਜਲੀ ਮੀਟਰ ਬਾਹਰ ਕੱਢਣ ਸਮੇਂ ਭਾਰੀ ਪੁਲਸ ਨਫ਼ਰੀ ਵੱਲੋਂ
ਲਾਠੀਚਾਰਜ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਜਖਮੀ ਕਰਨਾ, ਥਾਣੇ ਅੰਦਰ ਲਿਜਾ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣਾ, ਤਸ਼ੱਦਦ ਢਾਹੁਣਾ ਤੇ ਸੈਂਕੜੇ ਮਰਦਾਂ ਔਰਤਾਂ ’ਤੇ ਕੇਸ ਦਰਜ ਕਰਨਾ, ਪਿੰਡ ਮਹਿਣਾ ਦੇ ਖੇਤ-ਮਜ਼ਦੂਰਾਂ ਨੂੰ ਇੱਕ ਸਥਾਨਕ ਅਕਾਲੀ ਆਗੂ ਦੇ ਇਸ਼ਾਰੇ ’ਤੇ ਪੁਲਸ ਵੱਲੋਂ ਵਾਰ ਵਾਰ ਝੂਠੇ ਕੇਸਾਂ ’ਚ ਫਸਾਉਣ ਦੀਆਂ ਚਾਲਾਂ ਚੱਲਣੀਆਂ
ਆਦਿ ਪੁਲਸ ਸਿਆਸੀ ਗੁੰਡਾ ਗਠਜੋੜ ਦੀਆਂ ਉੱਘੜਵੀਆਂ ਉਦਾਹਰਣਾਂ ਹਨ। ਉਹਨਾਂ ਮੰਗ ਕੀਤੀ ਉਕਤ ਸਾਰੇ
ਦੋਸ਼ੀਆਂ ਵਿਰੁੱਧ ਅਤੇ ਲੰਬੀ ਥਾਣੇ ਦੇ ਮੁਖੀ ਵਿਰੁੱਧ ਕੇਸ ਦਰਜ ਕੀਤਾ ਜਾਵੇ। ਇਸ ਮੌਕੇ ਚੰਨੂ ਅਤੇ
ਅਬੋਹਰ ਕਾਂਡ ਵਿਰੁੱਧ ਵੀ ਮਤੇ ਪਾਸ ਕੀਤੇ ਗਏ। ਇਹ ਵੀ ਵਰਨਣਯੋਗ ਹੈ ਕਿ ਸਿੰਘੇਵਾਲਾ ਲਾਠੀਚਾਰਜ
ਦੌਰਾਨ ਜਿਹੜੇ ਆਗੂਆਂ ’ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਉਹਨਾਂ ਵੱਲੋਂ ਵੀ ਧਰਨੇ ਨੂੰ
ਸੰਬੋਧਨ ਕੀਤਾ ਗਿਆ।
- ਲਛਮਣ ਸਿੰਘ ਸੇਵੇਵਾਲਾ
No comments:
Post a Comment