Showing posts with label ਖੇਤ ਮਜ਼ਦੂਰ. Show all posts
Showing posts with label ਖੇਤ ਮਜ਼ਦੂਰ. Show all posts

Thursday, September 8, 2016

31. ਖੇਤ ਮਜ਼ਦੂਰਾਂ ਦੇ ਤਿੰਨ ਰੋਜ਼ਾ ਧਰਨੇ



ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਦਿੱਤੇ ਤਿੰਨ ਰੋਜ਼ਾ ਧਰਨੇ

- ਲਛਮਣ ਸੇਵੇਵਾਲਾ

ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਅਤੇ ਬੁਨਿਆਦੀ ਮੰਗਾਂ ਨੂੰ ਲੈ ਕੇ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਇੱਕ ਤੋਂ ਤਿੰਨ ਅਗਸਤ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਦਿੱਤੇ ਤਿੰਨ ਰੋਜ਼ਾ ਧਰਨਿਆਂ ਨੂੰ ਮਜ਼ਦੂਰਾਂ ਵੱਲੋਂ ਭਰਵਾਂ ਹੁੰਗ੍ਹਾਰਾ ਦਿੱਤਾ ਗਿਆ। ਪੰਜਾਬ ਦੇ 18 ਜ਼ਿਲ੍ਹਿਆਂ ’ਚ ਦਿੱਤੇ ਇਹਨਾਂ ਧਰਨਿਆਂ ਦੌਰਾਨ ਬਹੁਤੀਆਂ ਥਾਵਾਂ ’ਤੇ ਗਿਣਤੀ 500 ਤੋਂ ਲੈ ਕੇ 1000 ਤੱਕ ਨੂੰ ਪਹੁੰਚੀ ਹੈ। ਇਸ ਗਿਣਤੀ ’ਚ ਔਰਤਾਂ ਦੀ ਸ਼ਮੂਲੀਅਤ ਵਾਲਾ ਪੱਖ ਵੀ ਭਾਰੂ ਪੈਂਦਾ ਦਿਖਾਈ ਦਿੱਤਾ ਹੈ। ਜਿਉਂ ਜਿਉਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਤਿਉਂ ਤਿਉਂ ਅਕਾਲੀ-ਭਾਜਪਾ ਸਰਕਾਰ ਖੇਤ-ਮਜ਼ਦੂਰਾਂ/ਦਲਿਤਾਂ ਨੂੰ ਪਤਿਆਉਣ ਲਈ ਵਾਅਦੇ ਤੇ ਐਲਾਨ ਤਾਂ ਕਰ ਰਹੀ ਹੈ ਪਰ ਲਾਗੂ ਕਰਨ ’ਚ ਘੇਸਲ ਮਾਰ ਰਹੀ ਹੈ ਕਿਉਂਕਿ ਇਸਦਾ ਅਸਲ ਮਨੋਰਥ ਖੇਤ ਮਜ਼ਦੂਰਾਂ ਦੀ ਭਲਾਈ ਨਹੀਂ ਸਗੋਂ ਵੋਟਾਂ ਪੱਕੀਆਂ ਕਰਨਾ ਹੈ। ਇਸ ਲਈ ਹਕੂਮਤ ਦੀ ਇਹ ਨੀਤੀ ਪੇਡੂ ਤੇ ਖੇਤ ਮਜ਼ਦੂਰਾਂ/ਦਲਿਤਾਂ ’ਚ ਔਖ ਨੂੰ ਵੀ ਅੱਡੀ ਲਾ ਰਹੀ ਹੈ। ਇਹਨਾਂ ਧਰਨਿਆਂ ਦੌਰਾਨ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਿਹੜੀ ਵੀ ਥਾਂ ਤੇ ਜਿਹੜੀ ਵੀ ਜਥੇਬੰਦੀ ਨੇ ਜਿੰਨਾ ਕੁ ਤਾਣ ਲਾਇਆ ਮਜ਼ਦੂਰਾਂ ਨੇ ਉਸਦਾ ਭਰਵਾਂ ਹੁੰਗਾਰਾ ਭਰਿਆ ਹੈ।
ਇਹਨਾਂ ਧਰਨਿਆਂ ’ਚ ਜਿਥੇ ਮੰਨੀਆਂ ਮੰਗਾਂ ਤਹਿਤ ਕੱਟੇ ਪਲਾਟਾਂ ਦਾ ਕਬਜ਼ਾ ਦੇਣ, ਪੰਚਾਇਤੀ ਜ਼ਮੀਨਾਂ ’ਚੋਂ ਤੀਜਾ ਹਿੱਸਾ ਜ਼ਮੀਨ ਸਸਤੇ ਭਾਅ ਮਜ਼ਦੂਰਾਂ ਨੂੰ ਠੇਕੇ ’ਤੇ ਦੇਣ, ਨਰਮਾ ਚੁਗਾਈ ਦਾ ਮੁਆਵਜ਼ਾ ਦੇਣ, ਬਿਜਲੀ ਦੇ ਪੁੱਟੇ ਹੋਏ ਮੀਟਰ ਬਿਨਾਂ ਸ਼ਰਤ ਜੋੜਨ, ਨਰੇਗਾ ਦਾ ਬਕਾਇਆ ਦੇਣ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਆਦਿ ਦੀ ਮੰਗ ਕੀਤੀ ਗਈ ਉਥੇ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ, ਕਰਜ਼ੇ ਖ਼ਤਮ ਕਰਨ, ਕਰਜ਼ੇ ਬਦਲੇ ਵਗਾਰ ਕਰਵਾਉਣਾ ਬੰਦ ਕਰਨ, ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਕੇ ਜ਼ਮੀਨਾਂ ਦੀ ਵੰਡ ਕਰਨ ਅਤੇ ਦਲਿਤਾਂ ਉੱਪਰ ਕੀਤੇ ਜਾ ਰਹੇ ਸਰਕਾਰੀ ਤੇ ਗੈਰ-ਸਰਕਾਰੀ ਜਬਰ ਨੂੰ ਬੰਦ ਕਰਨ ਆਦਿ ਦੀ ਮੰਗ ਵੀ ਕੀਤੀ ਗਈ।
ਇਹਨਾਂ ਧਰਨਿਆਂ ਦਾ ਸੱਦਾ ਦੇਣ ਵਾਲੀਆਂ ਜਥੇਬੰਦੀਆਂ ’ਚ ਦਿਹਾਤੀ ਮਜ਼ਦੂਰ ਸਭਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਤੇ ਮਜ਼ਦੂਰ ਮੁਕਤੀ ਮੋਰਚਾ ਸ਼ਾਮਲ ਸਨ। ਪਰ ਬਠਿੰਡਾ ਤੇ ਮੋਗਾ ਵਿਖੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵੱਲੋਂ ਚੰਗੀ ਸ਼ਮੂਲੀਅਤ ਕੀਤੀ ਗਈ।
ਇਹ ਧਰਨੇ ਜਿਨ੍ਹਾਂ ਜ਼ਿਲ੍ਹਿਆਂ ’ਚ ਦਿੱਤੇ ਗਏ ਉਸ ਵਿਚ ਬਠਿੰਡਾ, ਮੁਕਤਸਰ, ਫਾਜ਼ਿਲਕਾ, ਫਰੀਦਕੋਟ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਸ਼ਾਮਲ ਹਨ ਜਿਥੇ ਤਿੰਨ ਰੋਜ਼ਾ ਧਰਨੇ ਦਿੱਤੇ ਗਏ ਜਦੋਂ ਕਿ ਫਿਰੋਜ਼ਪੁਰ, ਕਪੂਰਥਲਾ ਤੇ ਪਟਿਆਲਾ ਤੇ ਰੋਪੜ ’ਚ ਇੱਕ ਇੱਕ ਦਿਨ ਦੇ ਧਰਨੇ ਦਿੱਤੇ ਗਏ।
ਵਰਨਣਯੋਗ ਹੈ ਕਿ ਮਜ਼ੂਦਰ ਜਥੇਬੰਦੀਆਂ ਵੱਲੋਂ ਪਹਿਲਾਂ ਪੰਜ ਰੋਜ਼ਾ ਧਰਨਿਆਂ ਦਾ ਸੱਦਾ ਦਿੱਤਾ ਗਿਆ ਸੀ ਪਰ ਬਾਅਦ ’ਚ ਕੁਝ ਜਥੇਬੰਦੀਆਂ ਦੇ ਆਪਣੇ ਹੋਰ ਰੁਝੇਵਿਆਂ ਕਾਰਨ ਇਹ ਧਰਨੇ ਤਿੰਨ ਰੋਜ਼ਾ ਧਰਨਿਆਂ ’ਚ ਤਬਦੀਲ ਕਰ ਦਿੱਤੇ ਸਨ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਅਤੇ ਰੁਜ਼ਗਾਰ ਤੇ ਜ਼ਮੀਨ ਨਾਲ ਸਬੰਧਤ ਮੰਗਾਂ ਤੋਂ ਇਲਾਵਾ ਦਲਿਤਾਂ ਉੱਪਰ ਢਾਹੇ ਜਾ ਰਹੇ ਜਬਰ ਦੇ ਮੁੱਦਿਆਂ ਨੂੰ ਲੈ ਕੇ 15 ਤੋਂ 17 ਸਤੰਬਰ ਤੱਕ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਵਿਖੇ ਤਿੰਨ ਰੋਜ਼ਾ ਸੂਬਾ ਪੱਧਰੀ ਧਰਨਾ ਦੇਣ ਦਾ ਐਲਾਨ ਕੀਤਾ ਹੈ।

Monday, May 2, 2016

19) ਸਰਗਰਮੀਆਂ ਤੇ ਸ਼ਰਧਾਂਜਲੀਆਂ


ਸਰਗਰਮੀਆਂ ਤੇ ਸ਼ਰਧਾਂਜਲੀ

8 ਅਪ੍ਰੈਲ ਬੰਬ ਕਾਂਡ ਦਿਵਸ ਮੌਕੇ ਕਨਵੈਨਸ਼ਨ

ਫ਼ਿਰਕੂ ਫਾਸ਼ੀ ਤਾਕਤਾਂ ਖਿਲਾਫ਼ ਰਲ਼ ਕੇ ਡਟਣ ਦਾ ਹੋਕਾ

- ਅਮੋਲਕ ਸਿੰਘ

ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ, ਵੱਲੋਂ ਸ਼ਹੀਦ ਭਗਤ ਸਿੰਘ ਅਤੇ ਬੀ.ਕੇ.ਦੱਤ ਵਲੋਂ ‘ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟ ਬਿੱਲ’ ਖਿਲਾਫ ਬੋਲਿਆਂ ਹਾਕਮਾਂ ਨੂੰ ਸੁਣਾਉਣ ਲਈ ਕੀਤੇ ਬੰਬ ਧਮਾਕੇ ਵਾਲੇ ਦਿਨ 8 ਅਪ੍ਰੈਲ ਨੂੰ ਸਥਾਨਕ ‘ਸ਼ਹੀਦ ਨਛੱਤਰ ਸਿੰਘ ਧਾਲੀਵਾਲ ਹਾਲ’ ਅੰਦਰ ‘ਫਿਰਕੂ ਫਾਸ਼ੀ ਹਿੱਸਿਆਂ ਖਿਲਾਫ ਇਨਕਲਾਬੀ ਜਨਤਕ ਟਾਕਰੇ ਦੇ ਸੁਆਲ’ ਉੱਪਰ ਗੰਭੀਰ ਵਿਚਾਰ ਚਰਚਾ ਕਰਨ ਲਈ ਸੂਬਾਈ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਦੀ ਸੁਰ ਦਾ ਕੇਂਦਰੀ ਸੁਨੇਹਾ ਸੀ ਕਿ ਅੱਜ ਫੇਰ ਦੇਸੀ-ਵਿਦੇਸ਼ੀ ਲੋਕ-ਦੋਖੀ ਹਾਕਮਾਂ ਵੱਲੋਂ ਲੋਕਾਂ ਉਪਰ ਮਾਰੂ ਨੀਤੀਆਂ ਮੜ੍ਹਨ ਦਾ ਰਾਹ ਮੋਕਲਾ ਕਰਨ ਲਈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਉਪਰ ਹੱਲਾ ਬੋਲਿਆ ਜਾ ਰਿਹਾ ਹੈ। ‘ਭਾਰਤ ਮਾਤਾ ਦੀ ਜੈ’, ਅੰਨ੍ਹੇ ਕੌਮੀ ਜਨੂੰਨ ਦੀ ਕਾਲੀ ਛਤਰੀ ਤਾਣਕੇ, ਦੇਸ਼ ਧਰੋਹ ਅਤੇ ਦੇਸ਼ ਭਗਤੀ ਦੇ ਆਪੇ ਸਿਰਜੇ ਅਡੰਬਰ ਦੇ ਓਹਲੇ, ਲੋਕਾਂ ਨੂੰ ਝੁਕਾ ਕੇ ਆਪਣੇ ਫਿਰਕੂ ਫਾਸ਼ੀ ਏਜੰਡੇ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਅਤੇ ਸੰਘ ਪਰਿਵਾਰ ਪੱਬਾਂ ਭਾਰ ਹੋਇਆ ਹੈ।
 ਜਮਹੂਰੀ ਫਰੰਟ ਦੇ ਕਨਵੀਨਰ ਡਾ. ਪਰਮਿੰਦਰ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਲਕ ਅੰਦਰ ਫਿਰਕੂ ਦਹਿਸ਼ਤਗਰਦੀ ਦੀ ਹਨੇਰੀ ਝੁਲਉਣ ਲਈ ਭਾਜਪਾ ਅਤੇ ਕਾਂਗਰਸ ਦੋਨਾਂ ਦਾ ਹੀ ਕਾਲਾ ਇਤਿਹਾਸ ਮੂੰਹ ਬੋਲਦਾ ਹੈ। ਇਸ ਲਈ ਖਰੇ ਜਮਹੂਰੀ ਪੈਂਤੜੇ ’ਤੇ ਖੜ੍ਹ ਕੇ ਲੋਕ-ਪੱਖੀ ਸ਼ਕਤੀਆਂ ਨੂੰ ਹਰ ਵੰਨਗੀ ਦੀਆਂ ਫਿਰਕੂ ਤਾਕਤਾਂ ਖਿਲਾਫ ਨਿਸ਼ਾਨਾ ਵਿੰਨ੍ਹ ਕੇ ਲੋਕ-ਪ੍ਰਤੀਰੋਧ ਖੜ੍ਹਾ ਕਰਨ ਦੀ ਲੋੜ ਹੈ। ਉਨ੍ਹਾਂ ਨੇ ਕਨ੍ਹਈਆ ਕੁਮਾਰ, ਓਮਰ ਖਾਲਿਦ ਤੇ ਉਹਨਾਂ ਦੇ ਸਾਥੀਆਂ, ਸਾਈਂ ਬਾਬਾ, ਐਮ.ਆਰ. ਗਿਲਾਨੀ ਅਤੇ ਕਸ਼ਮੀਰੀ ਲੋਕਾਂ ਦੇ ਆਤਮ ਨਿਰਣੇ ਦੇ ਹੱਕਾਂ ਨੂੰ ਜਬਰ ਦੇ ਜੋਰ ਦਬਾਉਣ ਦੀ ਤਿੱਖੀ ਅਲੋਚਨਾ ਕੀਤੀ। ਉਹਨਾਂ ਦੇਸ਼ ਧਰੋਹ ਸੰਬੰਧੀ ਅੰਗਰੇਜੀ ਹਾਕਮਾਂ ਵੱਲੋਂ ਮੜ੍ਹੀ ਧਾਰਾ 124-ਏ ਮੂਲੋਂ ਖਤਮ ਕਰਨ ਦੇ ਹੱਕ ‘ਚ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ।
ਡਾ. ਗੌਤਮ ਨਵਲੱਖਾ ਨੇ ਕਿਹਾ ਕਿ ਫਿਰਕੂ ਫਾਸ਼ੀ ਹੱਲੇ ਦੀ ਚੁਣੌਤੀ ਕਬੂਲਣ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਟੀ, ਹੈਦਰਾਬਾਦ ਯੂਨੀਵਰਸਟੀ ਸਮੇਤ ਮੁਲਕ ਭਰ ਦੀ ਨੌਜਵਾਨ ਪੀੜ੍ਹੀ ਅਤੇ ਉਮਰ ਦੇ ਅਗਲੇਰੇ ਵਰ੍ਹਿਆਂ ਵੱਲ ਵਧ ਰਿਹਾ ਬੁੱਧੀਜੀਵੀ ਵਰਗ ਹੋਰ ਵੀ ਵਿਸ਼ਾਲ ਏਕਤਾ ਅਤੇ ਸਿਦਕਦਿਲੀ ਨਾਲ ਮੈਦਾਨ ‘ਚ ਨਿੱਤਰਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀਆਂ ਹਕੀਕੀ ਸਮੱਸਿਆਵਾਂ ਰੁਜ਼ਗਾਰ, ਪੀਣ ਵਾਲਾ ਪਾਣੀ, ਜੰਗਲ, ਜਲ, ਜ਼ਮੀਨ ਦੀ ਰਾਖੀ ਕਰਨਾ, ਸਿੱਖਿਆ, ਸਿਹਤ, ਬਰਾਬਰੀ ਅਤੇ ਨਿਆਂ ਹੈ। ਭਾਰਤੀ ਹਾਕਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਪਾਸੇ ਕਰਨ ਲਈ ਬੰਦੂਕ ਅਤੇ ਕਾਲੇ ਕਾਨੂੰਨਾਂ ਦੇ ਜੋਰ ਮੂੰਹ ਬੰਦ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹਨ ਅਤੇ ਸਮਾਜ ਅੰਦਰ ਫਿਰਕੇਦਾਰਾਨਾ ਫੁੱਟ ਪੈਦਾ ਕਰਕੇ ਲੋਕਾਂ ਨੂੰ ਲੋਕਾਂ ਨਾਲ ਲੜਾਉਣ ਦਾ ਛੜਯੰਤਰ ਵੀ ਰਚਿਆ ਜਾ ਰਿਹਾ ਹੈ। 
ਉਹਨਾਂ ਕਿਹਾ ਕਿ ਅਫਜ਼ਲ ਗੁਰੂ ਦੀ ਫਾਂਸੀ ਨਜਾਇਜ਼ ਕਤਲ ਹੈ, ਅਸੀਂ ਕਹਿੰਦੇ ਰਹੇ ਹਾਂ ਅਤੇ ਭਵਿੱਖ ‘ਚ ਵੀ ਕਹਿੰਦੇ ਰਹਾਂਗੇ। ਬਾਦਲੀਲ ਉਹਨਾਂ ਕਿਹਾ ਕਿ ਦੇਸ਼, ਜਮੀਨ ਦਾ ਇੱਕ ਟੁਕੜਾ ਨਹੀਂ ਹੁੰਦਾ। ਦੇਸ਼ ਦੀ ਅਸਲ ਪ੍ਰੀਭਾਸ਼ਾ ਲੋਕਾਂ ਨਾਲ ਬਣਦੀ ਹੈ। ਜੇ ਕਸ਼ਮੀਰ ਦੇ ਲੋਕ ਆਵਾਜ ਉਠਾ ਰਹੇ ਨੇ ਤਾਂ ਉਹਨਾਂ ਦੀ ਗੱਲ ਸੁਣਨ ਸਮਝਣ ਦੀ ਲੋੜ ਹੈ, ਨਾ ਕਿ ਸੰਗੀਨਾਂ ਦੇ ਜੋਰ ਉਹਨਾਂ ਦੀ ਆਵਾਜ ਬੰਦ ਕੀਤੀ ਜਾਵੇ।
ਅਖੀਰ ‘ਚ ਕਰਾਂਤੀਕਾਰੀ ਸੱਭਿਆਚਾਰਕ ਮੰਚ ਵੱਲੋਂ ‘ਛਿਪਣ ਤੋਂ ਪਹਿਲਾਂ’ ਨਾਟਕ ਖੇਡਿਆ ਗਿਆ।
ਫਿਰਕੂ ਫਾਸ਼ੀ ਹੱਲੇ ਨੂੰ ਪਛਾੜਨ ਲਈ ਕੌਮੀ ਸ਼ਹੀਦਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈਣ ਦਾ ਹੋਕਾ

----------

ਨੌਜਵਾਨ ਭਾਰਤ ਸਭਾ ਤੇ ਪੀ. ਐਸ. ਯੂ. (ਸ਼ਹੀਦ ਰੰਧਾਵਾ) ਵੱਲੋਂ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਦੇਸ਼ ‘ਚ ਫਿਰਕੂ ਫਾਸ਼ੀ ਤਾਕਤਾਂ ਖਿਲਾਫ਼ ਸੰਘਰਸ਼ ਕਰਨ ਦਾ ਸੁਨੇਹਾ ਉਭਾਰਿਆ ਗਿਆ। ਵੱਖ ਵੱਖ ਪਿੰਡਾਂ ‘ਚ ਹੋਏ ਨਾਟਕ ਸਮਾਗਮਾਂ, ਇਕੱਤਰਤਾਵਾਂ ਤੇ ਮਸ਼ਾਲ ਮਾਰਚਾਂ ਦੌਰਾਨ ਸੰਬੋਧਨ ਕਰਦਿਆਂ ਨੌਜਵਾਨ ਬੁਲਾਰਿਆਂ ਨੇ ਭਾਜਪਾਈ ਹਕੂਮਤ ਵੱਲੋਂ ਆਪਣੇ ਫਿਰਕੂ ਫਾਸ਼ੀ ਮੰਤਵਾਂ ਲਈ ਰਾਸ਼ਟਰਵਾਦ ਦੇ ਨਾਅਰੇ ਦੀ ਵਰਤੋਂ ਬਾਰੇ ਚਰਚਾ ਕੀਤੀ। ਇਹ ਦੱਸਿਆ ਗਿਆ ਕਿ ਭਾਜਪਾ ਦਾ ਹਮਲਾ ਰਾਸ਼ਟਰਵਾਦ ਦੇ ਨਾਮ ਹੇਠ ਕੌਮੀ ਘੱਟ ਗਿਣਤੀਆਂ, ਧਾਰਮਕ ਘੱਟ ਗਿਣਤੀਆਂ ਤੇ ਇਨਕਲਾਬੀ ਜਮਹੂਰੀ ਹਲਕਿਆਂ ਖਿਲਾਫ਼ ਸੇਧਤ ਹੈ ਜਿਸ ਦਾ ਮਕਸਦ ਲੋਕਾਂ ਨੂੰ ਅੰਨ੍ਹੇ ਕੌਮੀ ਜਨੂੰਨ ਦੀਆਂ ਭਾਵਨਾਵਾਂ ‘ਚ ਵਹਾ ਕੇ ਆਰਥਕ ਸੁਧਾਰਾਂ ਦਾ ਪ੍ਰੋਗਰਾਮ ਅੱਗੇ ਵਧਾਉਣਾ ਹੈ। ਇਹ ਹਮਲਾ ਵਿਸ਼ੇਸ਼ ਕਰਕੇ ਮੁਸਲਮਾਨ ਘੱਟ ਗਿਣਤੀਆਂ ਤੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਖਿਲਾਫ਼ ਸੇਧਤ ਹੈ। ਇਸ ਲਈ ਇਸ ਹੱਲੇ ਦੇ ਵਿਰੋਧ ਮੌਕੇ ਕਸ਼ਮੀਰੀ ਲੋਕਾਂ ਦੇ ਸਵੈ-ਨਿਰਣੇ ਦੇ ਹੱਕ ਲਈ ਜਦੋਜਹਿਦ ਦੀ ਡਟਵੀਂ ਹਮੈਤ ਕਰਨੀ ਚਾਹੀਦੀ ਹੈ। ਉਹਨਾਂ ’ਤੇ ਢਾਹੇ ਜਾ ਰਹੇ ਜਬਰ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਸਭਨਾਂ ਦੱਬੇ ਕੁਚਲੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹਰੀ ਹੱਕ ਨੂੰ ਬੁਲੰਦ ਕਰਨਾ ਚਾਹੀਦਾ ਹੈ। ਜਥੇਬੰਦੀਆਂ ਨੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਚਾਰਾਂ ਦੇ ਹਵਾਲੇ ਨਾਲ ਦਰਸਾਇਆ ਕਿ ਖਰਾ ਕੌਮਵਾਦ ਤਾਂ ਸਾਮਰਾਜ, ਜਾਗੀਰਦਾਰਾਂ ਤੇ ਦਲਾਲ ਸਰਮਾਏਦਾਰਾਂ ਦੇ ਜਾਬਰ ਤੇ ਲੁਟੇਰੇ ਰਾਜ ਦਾ ਫਸਤਾ ਵੱਢਣਾ ਹੈ ਤੇ ਦੇਸ਼ ‘ਚ ਖਰੀ ਜਮਹੂਰੀਅਤ ਦੀ ਸਿਰਜਣਾ ਕਰਨਾ ਹੈ ਜਿਹੜੀ ਸਭਨਾਂ ਕੌਮਾਂ ਦੇ ਵਿਕਾਸ ਦੀ ਗਾਰੰਟੀ ਬਣੇਗੀ। ਜਦਕਿ ਇਹ ਭਾਰਤੀ ਹਾਕਮ ਹਨ ਜਿਹੜੇ ਸਾਮਰਾਜੀਆਂ ਖਿਲਾਫ਼ ਜੂਝਦੇ ਲੋਕਾਂ ਨੂੰ ਤਾਂ ਕੌਮ ਧਰੋਹੀ ਹੋਣ ਦੇ ਫ਼ਤਵੇ ਦੇ ਰਹੇ ਹਨ ਤੇ ਆਪ ਉਸਦੇ ਦਲਾਦ ਬਣ ਕੇ ਕੌਮ ਨਾਲ ਧਰੋਹ ਕਮਾ ਰਹੇ ਹਨ।
ਇਸ ਸਰਗਰਮੀ ਦੌਰਾਨ ਜਿੱਥੇ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਕੋਟਗੁਰੂ, ਚੱਕ ਅਤਰ ਸਿੰਘ ਵਾਲਾ ਤੇ ਘੁੱਦਾ ‘ਚ ਨਾਟਕ ਸਮਾਗਮ ਕਰਵਾਏ ਗਏ ਜਿੱਥੇ ਭਾਰੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਬਿਨਾਂ ਗਿੱਦੜ ਪਿੰਡ ‘ਚ ਮਸ਼ਾਲ ਮਾਰਚ ਕੀਤਾ ਗਿਆ। ਖੇਮੂਆਣਾ (ਬਠਿੰਡਾ) ਤੇ ਹਿੰਮਤਪੁਰਾ (ਮੋਗਾ) ‘ਚ ਜਨਤਕ ਇਕੱਤਰਤਾਵਾਂ ਕੀਤੀਆਂ ਗਈਆਂ। ਮੌੜ ਬਲਾਕ (ਬਠਿੰਡਾ) ਦੇ ਪਿੰਡਾਂ ਮੌੜ ਚੜ੍ਹਤ ਸਿੰਘ ਵਾਲਾ, ਮਾਈਸਰਖਾਨਾ, ਮਾੜੀ, ਜੋਧਪੁਰ ਪਾਖਰ, ਘੁੰਮਣ ਕਲਾਂ ਤੇ ਰਾਮਨਗਰ ‘ਚ ਬੀ. ਕੇ. ਯੂ. ਏਕਤਾ ਦੇ ਸਹਿਯੋਗ ਨਾਲ ਭਰਵੀਆਂ ਰੈਲੀਆਂ ਕੀਤੀਆਂ ਗਈਆਂ। ਰਿਜਨਲ ਸੈਂਟਰ ਅਤੇ ਰਜਿੰਦਰਾ ਕਾਲਜ ਬਠਿੰਡਾ ‘ਚ ਸੈਮੀਨਾਰ ਹੋਏ। ਰਿਜਨਲ ਸੈਂਟਰ ‘ਚ ਹੋਏ ਸੈਮੀਨਾਰ ਨੂੰ ਸ਼੍ਰੀ ਐਨ. ਕੇ. ਜੀਤ ਨੇ ਸੰਬੋਧਨ ਕੀਤਾ। ਇਸ ਮੌਕੇ ਅਧਿਆਪਕਾਂ ਨੇ ਵੀ ਸ਼ਮੂਲੀਅਤ ਕੀਤੀ।

----------

ਪਾਸ਼ ਹੰਸਰਾਜ ਤੇ ਕੌਮੀ-ਮੁਕਤੀ ਲਹਿਰ ਦੇ ਸ਼ਹੀਦਾਂ ਦੀ ਯਾਦ ‘ਚ ਸਮਾਗਮ

ਸੋਨੇ ਦੀ ਸਵੇਰ ਲਈ ਜਦੋਜਹਿਦ ਜਾਰੀ ਰੱਖਣ ਦਾ ਅਹਿਦ

- ਪਾਠਕ ਪੱਤਰਕਾਰ

ਇਹ ਇਤਫਾਕ ਹੀ ਸੀ ਕਿ ਜਿਸ ਦਿਨ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਜਿਗਰੀ ਦੋਸਤ ਹੰਸਰਾਜ ਨੂੰ ਖਾਲਿਸਤਾਨੀ ਦਹਿਸ਼ਤਗਰਦਾਂ ਨੇ ਸ਼ਹੀਦ ਕੀਤਾ, ਉਹ ਦਿਨ ਸ਼ਹੀਦ-ਏੇ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਸੀ, ਯਾਨੀ 23 ਮਾਰਚ ।
ਅਠਾਈ ਸਾਲ ਪਹਿਲਾਂ, 1988 ‘ਚ ਤਲਵੰਡੀ ਸਲੇਮ ਦੀ ਜੂਹ ‘ਚ ਖਾਲਿਸਤਾਨੀ ਹਤਿਆਰਿਆਂ ਨੇ ਪਾਸ਼ ਹੋਰਾਂ ਦਾ ਕਤਲ ਕਰਕੇ ਸੋਚਿਆ ਹੋਊ!.... ਬਈ ਹੁਣ ਕੋਈ ਨਹੀਂ ਬੋਲੇਗਾ......। ਪਰ ਪਾਸ਼ ਦੇ ਸੰਗੀ ਸਾਥੀਆਂ ਨੇ ਅਤੇ ਇਲਾਕੇ ਅੰਦਰ ਕੰਮ ਕਰਦੀਆਂ ਇਨਕਲਾਬੀ ਜਮਹੂਰੀ ਸ਼ਕਤੀਆਂ ਨੇ ਫਿਰਕੂ ਟੋਲਿਆਂ ਵੱਲੋਂ ਦਿੱਤੀ ਖੂਨੀ ਚੁਣੌਤੀ ਨੂੰ ਕਬੂਲ ਕਰਦਿਆਂ ਐਲਾਨ ਕੀਤਾ ਕਿ ਉਹ ਨਾ ਸਿਰਫ ਆਪਣੇ ਵਿਛੜੇ ਸਾਥੀਆਂ ਦੀ ਯਾਦ ਮਨਾਇਆ ਕਰਨਗੇ ਸਗੋਂ ਉਹਨਾਂ ਦੇ ਵਿਚਾਰਾਂ ਦੀ ਉਸ ਮਿਸ਼ਾਲ ਨੂੰ ਹੋਰ ਉੱਚੀ ਕਰਨਗੇ।
ਹਰ ਸਾਲ ਹਾਕਮ ਜਮਾਤੀ ਖੇਮੇ ਵੱਲੋਂ ਪੇਸ਼ ਨਵੀਆਂ ਚੁਣੌਤੀਆਂ ਨੂੰ, ਯਾਦਗਰੀ ਕਮੇਟੀ ਅਤੇ ਸਹਿਯੋਗੀ ਜਥੇਬੰਦੀਆਂ ਆਪਣੇ ਪ੍ਰਚਾਰ ਦਾ ਨੁਕਤਾ ਬਣਾਉਂਦੀਆਂ ਹਨ। ....ਇਸ ਵਾਰ ਤੇਜੀ ਨਾਲ ਲਾਗੂ ਕੀਤੇ ਜਾ ਰਹੇ ਆਰਥਕ ਸੁਧਾਰਾਂ, ਲੋਕਾਂ ਦੇ ਸੰਘਰਸ਼ ਕਰਨ ਦੇ ਹੱਕਾਂ ਨੂੰ ਕੁਚਲਣ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵੱਲੋਂ ਮਚਾਏ ਉੁ¤ਧਮੂਲ ਨੂੰ ਪ੍ਰਚਾਰ ਦਾ ਕੇਂਦਰੀ ਨੁਕਤਾ ਬਣਾ ਕੇ ਯਾਦਗਾਰੀ ਕਮੇਟੀ ਨੇ ਇਲਾਕੇ ਦੇ ਪੰਜਾਹ ਤੋਂ ਵੱਧ ਪਿੰਡਾਂ ‘ਚ ਇਸ਼ਤਿਹਾਰ ਲਾਏ। ਇਲਾਕੇ ਅੰਦਰ ਕੰਮ ਕਰਦੀਆਂ ਜਥੇਬੰਦੀਆਂ, ਪੰਜਾਬ ਖੇਤ ਮਜਦੂਰ ਯੂਨੀਅਨ, ਲੋਕ ਮੋਰਚਾ ਪੰਜਾਬ ਅਤੇ ਟੈਕਨੀਕਲ ਸਰਵਿਸਿਜ਼ ਯੂਨੀਅਨ ਨੇ ਪਿੰਡਾਂ ਅਤੇ ਬਿਜਲੀ ਘਰਾਂ ਅੰਦਰ ਪ੍ਰਚਾਰ ਮੁਹਿੰਮ ਲਾਮਬੰਦ ਕੀਤੀ। ਖੇਤ ਮਜਦੂਰ ਯੂਨੀਅਨ ਵੱਲੋਂ ਇੱਕ ਦਰਜਨ ਪਿੰਡਾਂ ‘ਚ ਮੀਟਿੰਗਾਂ/ਰੈਲੀਆਂ ਕਰਕੇ , ਇਹਨਾਂ ਹੀ ਪਿੰਡਾਂ ’ਚੋਂ 43000 ਤੋਂ ਵੱਧ ਫੰਡ ਇਕੱਠਾ ਕੀਤਾ ਗਿਆ ਅਤੇ 23 ਮਾਰਚ ਨੂੰ 441 ਖੇਤ ਮਜਦੂਰ ਸ਼ਾਮਲ ਹੋਏ। ਜਲੰਧਰ ਤੇ ਕਪੂਰਥਲਾ ਸਰਕਲਾਂ ’ਚੋਂ 125 ਬਿਜਲੀ ਕਾਮੇ ਸਮਾਗਮ ‘ਚ ਸ਼ਾਮਲ ਹੋਏ। ਲੋਕ ਮੋਰਚਾ ਪੰਜਾਬ ਵੱਲੋਂ 2000 ਹੱਥ ਪਰਚਾ ਛਾਪ ਕੇ ਮਜਦੂਰਾਂ, ਕਿਸਾਨਾਂ, ਮੁਲਜ਼ਮਾਂ ਅਤੇ ਤਿੰਨ ਕਸਬਿਆਂ ਦੇ ਬਾਜਾਰਾਂ ‘ਚ ਵੰਡਿਆ ਗਿਆ ਅਤੇ ਸਮਾਗਮ ਵਾਸਤੇ ਲੋਕ ਮੋਰਚਾ ਵੱਲੋਂ 18000 ਰੁਪਏ ਫੰਡ ਵੀ ਇਕੱਠਾ ਕੀਤਾ ਗਿਆ। ਇਸ ਤੋਂ ਬਿਨਾ ਯਾਦਗਾਰੀ ਕਮੇਟੀ ਨੇ ਹਰ ਸਾਲ ਵਾਂਗ ਤਲਵੰਡੀ ਸਲੇਮ, ਉੱਗੀ ਅਤੇ ਮੱਲ੍ਹੀਆਂ ਤੋਂ ਫੰਡ ਇਕੱਠਾ ਕੀਤਾ, 25000 ਰੁਪਏ ਫੰਡ ਹੋਇਆ। ਵਿਸ਼ੇਸ਼ ਜਿਕਰਯੋਗ ਹੈ ਕਿ ਹਰ ਸਾਲ ਸਮਾਗਮ ਲਈ ਸ਼ਹੀਦ ਪਾਸ਼ ਅਤੇ ਹੰਸਰਾਜ ਦੇ ਪ੍ਰਵਾਰਾਂ ਵੱਲੋਂ ਸਮਾਗਮ ਲਈ ਸਹਾਇਤਾ ਭੇਜੀ ਜਾਂਦੀ ਹੈ (ਕਿਉਂਕਿ ਦੋਵੇਂ ਪ੍ਰਵਾਰ ਵਿਦੇਸ਼ ਵਿਚ ਹਨ) ਅਤੇ ਸਮਾਗਮ ਲਈ ਲੰਗਰ ਵੀ ਪਰਿਵਾਰਾਂ ਵੱਲੋਂ ਹੀ ਲਾਇਆ ਜਾਂਦਾ ਹੈ।
ਇਸ ਵਾਰ ਸਮਾਗਮ ‘ਚ ਜਿੱਥੇ ਖੇਤ ਮਜਦੂਰ, ਬਿਜਲੀ ਮੁਲਾਜ਼ਮ, ਅਧਿਆਪਕ ਅਤੇ ਤਰਕਸ਼ੀਲ ਸ਼ਾਮਲ ਹੋਏ ਉਥੇ ਕੁੱਲ ਸਾਢੇ ਸੱਤ ਸੌ ਦੇ ਇਕੱਠ ਦਾ ਇਕ ਸ਼ਾਨਦਾਰ ਪੱਖ ਇਹ ਵੀ ਸੀ ਕਿ ਇਸ ਵਿਚ ਔਰਤਾਂ ਦੀ ਗਿਣਤੀ ਵੀ ਅੱਧ ਦੇ ਬਰਾਬਰ ਹੀ ਸੀ।
ਇਸ ਵਾਰ ਪ੍ਰੋ. ਅਜਮੇਰ ਸਿੰਘ ਔਲਖ ਦੀ ਟੀਮ ਵੱਲੋਂ ਪ੍ਰਸਿੱਧ ਨਾਟਕ ‘ਬਿਗਾਨੇ ਬੋਹੜ ਦੀ ਛਾਂ’ ਅਤੇ ‘ਆਪਣਾ ਆਪਣਾ ਹਿੱਸਾ’ ਨਾਟਕ ਪੇਸ਼ ਕੀਤੇ ਗਏ। ਛੋਟੇ ਬੱਚਿਆਂ ਅਤੇ ਨੌਜਵਾਨਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਬੁਲਾਰਿਆਂ ‘ਚ ਕੌਮਾਂਤਰੀ ਪਾਸ਼ ਯਾਦਗਰੀ ਟਰੱਸਟ ਦੇ ਮੈਂਬਰ ਡਾ. ਪ੍ਰਮਿੰਦਰ ਸਿੰਘ, ਜਾਗੀਰ ਜੋਸਣ, ਸਥਾਨਕ ਯਾਦਗਾਰੀ ਕਮੇਟੀ ਦੇ ਮੈਂਬਰ ਨਿਰਮਲ ਸਿੰਘ ਜਹਾਂਗੀਰ, ਪੰਜਾਬ ਲੋਕ ਸੱਭਿਆਚਾਰਕ ਮੰਚ ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਅਤੇ ਇੱਕ ਨੌਜਵਾਨ ਮਨਵੀਰ ਸਿੰਘ ਨੇ ਵੀ ਆਪਣੇ ਵਲਵਲੇ ਪੇਸ਼ ਕੀਤੇ। ਸਟੇਜ ਸਕੱਤਰ ਦੀ ਭੂਮਿਕਾ ਯਾਦਗਾਰੀ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਨੇ ਨਿਭਾਈ।

----------

ਅਠਾਰਵੀਂ ਬਰਸੀ

ਟਰੇਡ ਯੂਨੀਅਨ ਆਗੂ ਸਾਥੀ ਤਰਸੇਮ ਦੁਸਾਂਝ

ਪੰਜਾਬ ਰੋਡਵੇਜ਼ ਇੰਪਲਾਈਜ਼ ਯੂਨੀਅਨ (ਆਜ਼ਾਦ) ਦੀ ਸੂਬਾ ਕਮੇਟੀ ਵੱਲੋਂ ਆਪਣੀ ਯੂਨੀਅਨ ਦੇ ਬਾਨੀ ਤੇ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਝੰਡਾ ਬਰਦਾਰ ਸਾਥੀ ਤਰਸੇਮ ਦੋਸਾਂਝ ਦੀ 18ਵੀਂ ਬਰਸੀ ’ਤੇ 27 ਫਰਵਰੀ ਨੂੰ ਉਸ ਦੇ ਪਿੰਡ ਦੁਸਾਂਝ ਕਲਾਂ ਵਿਖੇ ਬਣੀ ਯਾਦਗਾਰ ’ਤੇ ਪਰਿਵਾਰ ਨਾਲ ਮਿਲ ਕੇ ਸੁਰਖ ਫਰੇਰਾ ਲਹਿਰਾਇਆ ਗਿਆ ਅਤੇ 4 ਮਾਰਚ ਨੂੰ ਲੁਧਿਆਣੇ ਡੀਪੂ ‘ਚ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
 ਸਭ ਤੋਂ ਪਹਿਲਾਂ ਵਰਕਸ਼ਾਪ ਗੇਟ ’ਤੇ ਨਾਹਰਿਆਂ ਦੀ ਗੂੰਜ ਹੇਠ ਮਜ਼ਦੂਰਾਂ ਮੁਲਾਜ਼ਮਾਂ ਦੇ ਹੱਕਾਂ ਹਿਤਾਂ ਦੀ ਰਾਖੀ ਤੇ ਸੰਘਰਸ਼ ਦਾ ਪ੍ਰਤੀਕ ਲਾਲ ਝੰਡਾ ਲਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਐਕਸ਼ਨ ਕਮੇਟੀ ਦੇ ਸਾਥੀਆਂ ਤੋਂ ਇਲਾਵਾ ਠੇਕੇ ’ਤੇ ਭਰਤੀ ਪਨਬਸ ਕਾਮੇ ਵੀ ਸ਼ਾਮਲ ਹੋਏ। ਸਮਾਗਮ ‘ਚ ਵੱਖ ਵੱਖ ਡੀਪੂਆਂ ’ਚੋਂ 200 ਦੇ ਕਰੀਬ ਰੋਡਵੇਜ ਕਾਮੇ ਪਹੁੰਚੇ। ਦੋ ਮਿੰਟ ਖੜ੍ਹੇ ਹੋ ਕੇ ਸਾਥੀ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਸੂਬਾਈ ਆਗੂਆਂ ਤੋਂ ਇਲਾਵਾ ਵੱਖ ਵੱਖ ਬਰਾਂਚਾਂ ਦੇ ਆਗੂਆਂ, ਬੀ.ਕੇ.ਯੂ.ਏਕਤਾ (ਉਗਰਾਹਾਂ) ਦੇ ਜਿਲ੍ਹਾ ਆਗੂ ਸੁਦਾਗਰ ਸਿੰਘ ਘੁਡਾਣੀ ਕਲਾਂ ਅਤੇ ਮੋਲਡਰ ਐਡ ਸਟੀਲ ਵਰਕਰ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਨੇ ਸੰਬੋਧਨ ਕੀਤਾ।

----------

ਸੇਵੇਵਾਲਾ ਕਾਂਡ

25 ਸਾਲਾਂ ਬਾਅਦ ਵੀ ਸ਼ਹਾਦਤਾਂ ਦੀ ਜਗਦੀ ਲੋਅ

ਸੇਵੇਵਾਲਾ ਕਾਂਡ ਦੇ 18 ਸ਼ਹੀਦਾਂ ਵਿੱਚੋਂ ਮੇਘਰਾਜ ਭਗਤੂਆਣਾ ਸਮੇਤ 6 ਸ਼ਹੀਦ ਪਿੰਡ ਭਗਤੂਆਣਾ ਨਾਲ ਸਬੰਧ ਰੱਖਦੇ ਸਨ। ਜਿਹਨਾਂ ਦੀ ਯਾਦਗਾਰ ਪਿੰਡ ਭਗਤੂਆਣਾ ਵਿੱਚ ਉਸਾਰੀ ਗਈ ਹੈ। ਇਸ ਯਾਦਗਾਰ ’ਤੇ ਹਰ ਸਾਲ 9 ਅਪ੍ਰੈਲ ਨੂੰ ਲਾਲ ਝੰਡਾ ਝੁਲਾ ਕੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾਂਦਾ ਹੈ। ਇਸ ਦਿਨ ਸ਼ਹੀਦਾਂ ਦੇ ਹਮਰਾਹ ਬਿਨਾਂ ਕਿਸੇ ਵਿਸ਼ੇਸ਼ ਬੁਲਾਵੇ ਤੋਂ ਯਾਦਗਾਰ ’ਤੇ ਪੁੱਜਦੇ ਹਨ। ਇਸ ਵਾਰ ਵੀ ਲਗਭਗ ਡੇਢ ਸੌ ਮਰਦ ਔਰਤਾਂ ਨੇ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ। ਝੰਡਾ ਝੁਲਾਉਣ ਮੌਕੇ ‘‘18 ਖੋਹ ਕੇ ਲਾ ਲਿਆ ਜ਼ੋਰ, 18 ਦੇ ਵਾਰਸ ਲੱਖਾਂ ਹੋਰ’’ ਦੇ ਨਾਅਰੇ ਗੂੰਜ ਉੱਠੇ। ਇਸ ਮੌਕੇ ਜੁੜੇ ਲੋਕਾਂ ਨੂੰ ਸ਼ਹੀਦ ਮੇਘਰਾਜ ਦੀ ਬੇਟੀ ਅਤੇ ਔਰਤ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਨੇ ਸੰਬੋਧਨ ਕਰਦਿਆਂ ਅਜੋਕੇ ਦੌਰ ‘ਚ ਵੀ ਫਿਰਕਾਪ੍ਰਸਤੀ ਵਿਰੋਧ ਸੰਘਰਸ਼ ਦੀ ਲੋੜ ’ਤੇ ਜ਼ੋਰ ਦਿੱਤਾ। ਸੇਵੇਵਾਲਾ ਦੇ ਬਾਲ ਕਲਾਕਾਰਾਂ ਨੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ। ਕਰਮਜੀਤ ਸੇਵੇਵਾਲਾ ਤੇ ਕੁਲਦੀਪ ਭਗਤੂਆਣਾ ਨੇ ਇਨਕਲਾਬੀ ਗੀਤ ਸੁਣਾਏ।

Wednesday, March 9, 2016

9) ਖੇਤ ਮਜ਼ਦੂਰ ਔਰਤਾਂ ਦੀ ਵਿੱਥਿਆ

‘‘ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ, ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ’’

-     ਕਰਮਜੀਤ

ਪੰਜਾਬ ’ਚ ਕੋਈ ਟਾਵਾਂ-ਟੱਲਾ ਹੀ ਖੇਤ-ਮਜ਼ਦੂਰ ਪਰਿਵਾਰ ਹੋਊ ਜਿਸ ਸਿਰ ਕਰਜ਼ੇ ਦੀ ਪੰਡ ਨਾ ਹੋਵੇ। ਪਰ ਪੰਜਾਬ ਸਰਕਾਰ ਇਸ ਗੱਲ ਤੋਂ ਬਹੁਤ ਢੀਠਤਾਈ ਨਾਲ ਮੁੱਕਰਦੀ ਰਹੀ ਹੈ। ਖੇਤ-ਮਜ਼ਦੂਰ ਗਰੀਬੀ ਅਤੇ ਕਰਜ਼ੇ ਦੇ ਜਾਲ ’ਚ ਫਸੇ ਖੁਦਕੁਸ਼ੀਆਂ ਕਰ ਰਹੇ ਹਨ, ਇਹ ਇਨ੍ਹਾਂ ਨੂੰ ਖੁਦਕੁਸ਼ੀਆਂ ਸਬੰਧੀ ਸਰਵੇ ਦੇ ਘੇਰੇ ’ਚ ਲਿਆਉਣ ਨੂੰ ਹੀ ਤਿਆਰ ਨਹੀਂ ਸੀ। ਇਹ ਤਾਂ ਸਰਕਾਰ ਨੂੰ ਜਥੇਬੰਦ ਮਜ਼ਦੂਰ ਸ਼ਕਤੀ ਦੇ ਦਬਾਅ ਹੇਠ ਹੀ ਅਜਿਹਾ ਸਰਵੇ ਕਰਵਾਉਣ ਲਈ ਮਜ਼ਬੂਰ ਹੋਣਾ ਪਿਆ। ਪੰਜਾਬ ਸਰਕਾਰ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਰਾਜ ਦੇ ਖੇਤੀ ਖੇਤਰ ਵਿੱਚ 6926 ਵਿਅਕਤੀਆਂ ਨੇ 2000 ਤੋਂ 2010 ਦੌਰਾਨ ਆਤਮ ਹੱਤਿਆਵਾਂ ਕੀਤੀਆਂ। ਜਿੰਨ੍ਹਾਂ ’ਚੋਂ 3954 ਕਿਸਾਨ ਤੇ 2972 ਖੇਤ-ਮਜ਼ਦੂਰ ਸਨ। ਭਾਵ 74 % ਕਿਸਾਨੀ ਤੇ 58.6 % ਖੇਤ-ਮਜ਼ਦੂਰਾਂ ਨੇ ਕਰਜ਼ੇ ਦੀ ਪੰਡ ਭਾਰੀ ਹੋ ਜਾਣ ਕਾਰਨ ਖੁਦਕੁਸ਼ੀ ਕੀਤੀ। ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਇੱਕ ਸਰਵੇਖਣ ਅਨੁਸਾਰ 70 % ਤੋਂ ਵੱਧ ਖੇਤ-ਮਜ਼ਦੂਰ ਕਰਜ਼ੇ ’ਚ ਫਸੇ ਹੋਏ ਹਨ। ਪੜਤਾਲੇ ਗਏ ਹਰ ਮਾਮਲੇ ਨੇ ਦਰਸਾਇਆ ਹੈ ਕਿ ਖੇਤ-ਮਜ਼ਦੂਰਾਂ ਸਿਰ ਕਰਜ਼ਾ ਬਹੁਤ ਹੀ ਮੁੱਢਲੀਆਂ ਲੋੜਾਂ ਕਰਕੇ ਚੜ੍ਹਿਆ ਹੈ। ਖੇਤ-ਮਜ਼ਦੂਰ ਵਸੀਲੇ ਵਿਹੂਣੇ ਹੋਣ ਕਰਕੇ ਕਰਜ਼ਾ ਮੋੜਨ ਦੇ ਤਾਂ ਸਮਰੱਥ ਹੀ ਨਹੀਂ ਹੁੰਦੇ। ਇਸ ਲਈ ਕਰਜ਼ੇ ਬਦਲੇ ਵਗਾਰਾਂ ਵੀ ਕਰਨੀਆਂ ਪੈਂਦੀਆਂ ਨੇ। ਮੂਲ ਵੀ ਵਧਦਾ ਤੁਰਿਆ ਜਾਂਦਾ ਹੈ ਜੋ ਕਈ ਵਾਰ ਪੀੜ੍ਹੀਆਂ ਦੀ ਮੁਸ਼ੱਕਤ ਨਾਲ ਵੀ ਖਹਿੜਾ ਨਹੀਂ ਛੱਡਦਾ। ਉਹ ਕਰਜ਼ੇ ਦੇ ਅਜਿਹੇ ਜਾਲ ’ਚ ਫਸ ਜਾਂਦੇ ਹਨ ਕਿ ਉਨ੍ਹਾਂ ਦੀ ਹਾਲਤ ਬੰਧੂਆਂ ਮਜ਼ਦੂਰਾਂ ਵਾਲੀ ਬਣ ਜਾਂਦੀ ਹੈ।
ਜੇ ਖੇਤ-ਮਜ਼ਦੂਰ ਔਰਤਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਸਾਡੇ ਸਮਾਜ ਦਾ ਪਹਿਲਾਂ ਹੀ ਸਭ ਤੋਂ ਵੱਧ ਲੁੱਟਿਆ, ਲਿਤਾੜਿਆ ਤੇ ਦੁਰਕਾਰਿਆ ਹਿੱਸਾ ਨੇ। ਪਰ ਜੇ ਪਰਿਵਾਰ ’ਚੋਂ ਕਮਾਊ ਖੁਦਕੁਸ਼ੀ ਕਰ ਜਾਵੇ ਜਾਂ ਕਿਸੇ ਬਿਮਾਰੀ ਨਾਲ ਮਰ ਜਾਵੇ ਤਾਂ ਇਨ੍ਹਾਂ ’ਚੋਂ ਬਹੁਤੀਆਂ ਅਣਸਰਦੇ ਨੂੰ ਹੀ, ਕਰਜ਼ੇ ਬਦਲੇ ਵਗਾਰੀ ਕੰਮਾਂ ’ਚ ਜਕੜੀਆਂ ਜਾਣ ਲਈ ਸਰਾਪੀਆਂ ਜਾਂਦੀਆਂ ਨੇ। ਨਾਲ ਹੀ ਉਸੇ ਸਮੇਂ ਪਰਿਵਾਰ ਦੀ ਕਬੀਲਦਾਰੀ ਤੋਰਨ ਦਾ ਭਾਰ ਵੀ ਇਨ੍ਹਾਂ ਦੇ ਮੋਢਿਆਂ ’ਤੇ ਆਣ ਡਿੱਗਦਾ ਹੈ। ਘਰ ਦਾ ਸਾਰਾ ਕੰਮ ਕਰਨਾ, ਬੱਚੇ ਪਾਲਣਾ, ਜੇ ਕੋਈ ਘਰੇ ਬੁੱਢਾ ਠੇਰਾ ਹੋਵੇ ਉਸਨੂੰ ਸਾਂਭਣ ਵਰਗੇ ਕੰਮ ਔਰਤ ਹੋਣ ਨਾਤੇ ਕਰਨੇ ਹੀ ਪੈਂਦੇ ਹਨ। ਟੱਬਰ ਦਾ ਤੋਰਾ ਤੋਰਨ ਲਈ ਦਿਹਾੜੀ-ਦੱਪਾ ਕਰਨ ਜਾਣਾ, ਦੂਜਿਆਂ ਦੇ ਘਰਾਂ ’ਚ ਗੋਹਾ-ਕੂੜਾ ਕਰਨ ਜਾਣਾ ਜਾਂ ਹੋਰ ਕੋਈ ਕੰਮ ਕਰਨ ਜਾਣਾ ਇਨ੍ਹਾਂ ਲਈ ਮਜਬੂਰੀ ਬਣ ਜਾਂਦਾ ਹੈ। ਇਹ ਮਜਬੂਰੀਆਂ ਨਾਲ ਬੱਝੀਆਂ, ਅੰਤਾਂ ਦੇ ਕੰਮਾਂ ਦੇ ਬੋਝ ਥੱਲੇ ਦਬੀਆਂ ਦੇ ਦੁੱਖਾਂ-ਦਰਦਾਂ ਦੀ ਲੰਬੀ ਕਹਾਣੀ ਹੈ। ਪਰ ਔਖੀਆਂ ਹਾਲਤਾਂ ’ਚੋਂ ਬਣੇ ਇਨ੍ਹਾਂ ਦੇ ਉੱਦਮੀ ਤੇ ਸਿਰੜੀ ਸੁਭਾਅ ਥੋੜ੍ਹੇ ਕੀਤੇ ਇਨ੍ਹਾਂ ਨੂੰ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਮੂਹਰੇ ਹਾਰਨ ਨੀਂ ਦਿੰਦੇ।
ਪਿਛਲੇ ਦਿਨੀਂ ਮੁਕਤਸਰ ਦੇ ਇਲਾਕੇ ’ਚ ਕੁੱਝ ਖੁਦਕੁਸ਼ੀ ਪੀੜਤ ਤੇ ਕਰਜ਼ੇ ਮਾਰੀਆਂ ਖੇਤ-ਮਜ਼ਦੂਰ ਔਰਤਾਂ ਨਾਲ ਥੋੜ੍ਹਾ ਸਮਾਂ ਗੱਲਾਂ ਕਰਨ ਦਾ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਆਪਣੀਆਂ ਹੱਡ-ਬੀਤੀਆਂ ਬਿਆਨ ਕੀਤੀਆਂ। ਜੋ ਸਾਡੇ ਸਮਾਜ ਦੇ ਕੋਝ ਨੂੰ ਤਾਂ ਤਿੱਖੀ ਤਰ੍ਹਾਂ ਉਘਾੜਦੀਆਂ ਹੀ ਨੇ, ਪਰ ਇਸ ਤਬਕੇ ’ਚ ਤਿੱਖੀ ਇਨਕਲਾਬੀ ਤਬਦੀਲੀ ਲਈ ਇਨਕਲਾਬੀ ਜਥੇਬੰਦਕ ਤਾਕਤਾਂ ਨੂੰ ਜ਼ੋਰ ਨਾਲ ਆਪਣੀਆਂ ਤਾਕਤਾਂ ਵਧਾਉਣ ਦੀ ਮੰਗ ਵੀ ਉਭਾਰਦੀਆਂ ਹਨ।
ਨਿੱਕੋ (ਏਥੇ ਸਾਰੇ ਫਰਜ਼ੀ ਨਾਂ ਵਰਤੇ ਗਏ ਨੇ) ਜੋ ਤਿੰਨ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਸਿਰ ’ਤੇ ਕਰਜ਼ਾ ਲੱਖ ਤੋਂ ਉੱਪਰ ਹੈ। ਮਕਾਨ ਡਿੱਗ ਪਿਆ ਸੀ ਤੇ ਕਮਰਾ ਪਾਉਣ ਲਈ ਜਿਮੀਂਦਾਰਾਂ ਤੋਂ ਕਰਜ਼ਾ ਚੁੱਕਣਾ ਪਿਆ ਸੀ। ਉਸਦਾ ਆਦਮੀ ਨਸ਼ੇ ਕਰਦੈ, ਕੰਮ ਕੋਈ ਉਸ ਤੋਂ ਹੁੰਦਾ ਨੀਂ। ਪਹਿਲਾਂ ਜਿਮੀਂਦਾਰਾਂ ਦੇ ਘਰ ਇਸਦਾ ਆਦਮੀ ਕੰਮ ਕਰਦਾ ਰਿਹਾ ਸੀ। ਕੁੱਝ ਚਿਰ ਪਹਿਲਾਂ ਵੱਡੀ ਕੁੜੀ ਘਰੋਂ ਚਲੀ ਗਈ ਸੀ। ਛੋਟੀ ਕੁੜੀ ਜਿਮੀਂਦਾਰਾਂ ਦੀ ਚੰਡੀਗੜ੍ਹ ਵਿਆਹੀ ਹੋਈ ਕੁੜੀ ਕੋਲ ਉਹਨਾਂ ਦੇ ਘਰ ਦਾ ਕੰਮ ਕਰਨ ਲਈ ਤਿੰਨ ਸਾਲਾਂ ਲਈ ਉੱਥੇ ਭੇਜੀ ਹੋਈ ਹੈ। ਜਿਮੀਂਦਾਰ ਕਹਿੰਦੈ ਐ ‘‘ਅਸੀਂ ਥੋਡੀ ਕੁੜੀ ਦਾ ਵਿਆਹ ਕਰ ਦਿਆਂਗੇ।’’ ਹਿਸਾਬ ਕੋਈ ਨਹੀਂ ਉਸਦੇ ਕੰਮ ਦਾ। ਇਹ ਰੋਂਦੀ ਕਹਿੰਦੀ ਹੈ ਕਿ ਇਹ ਕੁੜੀ ਵੀ ਮੇਰੇ ਵੱਲੋਂ ਤਾਂ ਮੇਰੇ ਕੋਲੋਂ ਚਲੀ ਗਈ। ਆਪ ਇਹ ਕਿੰਨੂ ਤੋੜਨ ਜਾਂਦੀ ਹੈ ਦਿਹਾੜੀ ’ਤੇ। ਕਿੰਨੂ ਤੋੜਨ ਦੀ ਦਿਹਾੜੀ 140 ਰੁਪਏ ਮਿਲਦੀ ਹੈ। ਪਰ ਕਿੰਨੂ ਤੋੜਨ ਦਾ ਕੰਮ ਬਹੁਤ ਔਖਾ ਹੈ। ਉੱਤੇ ਚੜ੍ਹ ਕੇ ਤੋੜਨੇ ਪੈਂਦੇ ਨੇ, ਬਾਂਦਰਾਂ ਵਾਂਗੂ ਲਟਕਣਾ ਪੈਂਦਾ ਹੈ। ਕਈ ਵਾਰ ਡਿਗਦੀਆਂ ਨੇ, ਸੱਟਾਂ ਵੱਜਦੀਆਂ ਨੇ ਤੇ ਕੱਪੜੇ ਵੀ ਫਟ ਜਾਂਦੇ ਨੇ।
ਅੱਜਕਲ੍ਹ ਮੁਕਤਸਰ ਇਲਾਕੇ ’ਚ ਕਿੰਨੂ ਤੋੜਨ ਦਾ ਕੰਮ ਚਲਦਾ ਹੈ ਜੋ ਕਿ ਕੁੱਝ ਦਿਨਾਂ ਲਈ ਹੀ ਹੁੰਦਾ ਹੈ। ਬਹੁਤੀਆਂ ਖੇਤ-ਮਜ਼ਦੂਰ ਔਰਤਾਂ ਇਨ੍ਹੀਂ ਦਿਨੀਂ ਕਿੰਨੂ ਤੋੜਨ ਜਾਂਦੀਆਂ ਹਨ। ਬਾਗਾਂ ਦੇ ਠੇਕੇਦਾਰ ਇਨ੍ਹਾਂ ਨੂੰ ਸਵੇਰੇ 7 ਵਜੇ ਟਰਾਲੀਆਂ ’ਤੇ ਬਿਠਾ ਕੇ ਲੈ ਜਾਂਦੇ ਨੇ ਤੇ ਸ਼ਾਮੀਂ 8 ਵਜੇ ਤੱਕ ਘਰੀਂ ਛੱਡਦੇ ਨੇ। ਜਦੋਂ ਇਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਫੇਰ ਘਰ ਦਾ ਕੰਮ ਕਦੋਂ ਕਰਦੀਆਂ ਓਂ ਤਾਂ ਨਿੱਕੋ ਬੋਲੀ, ‘‘ਰਾਤ ਨੂੰ ਹੀ ਘੱਟਾ ਢੋਣੈ ਐਂ, ਦਿਨ ਤਾਂ ਲੋਕਾਂ ਲਈ ਨੇ’’।
ਗੁਰਦਿਆਲੋ ਜੋ ਚਾਰ ਜੁਆਕਾਂ ਦੀ ਮਾਂ ਹੈ ਦੱਸਦੀ ਹੈ ਕਿ ਆਦਮੀ ਨੇ ਸਪਰੇਅ ਪੀ ਲਈ ਸੀ। ਸਿਰ 60-70 ਹਜ਼ਾਰ ਰੁਪਏ ਕਰਜ਼ਾ ਹੈ। ਜਿੱਥੇ ਕੰਮ ਮਿਲਦਾ ਹੈ ਚਲੇ ਜਾਨੇ ਹਾਂ। ਚਾਹੇ ਖੇਤਾਂ ’ਚ ਮਿਲਜੇ, ਚਾਹੇ ਜਿਮੀਂਦਾਰਾਂ ਦੇ ਘਰਾਂ ’ਚ ਕੋਈ ਕੰਮ ਕਰਨ ਨੂੰ ਮਿਲਜੇ। ਹੁਣ ਕਿੰਨੂ ਤੋੜਨ ਜਾਂਦੀ ਹੈ। ਠੇਕੇਦਾਰ ਰੋਟੀ ਦੇ ਨਾਲ ਹੀ ਚਾਹ ਦੇ ਦਿੰਦੇ ਨੇ। ਉਨ੍ਹਾਂ ਦੇ ਬੰਦੇ ਇਨ੍ਹਾਂ ਦੇ ਕੰਮ ਦੀ ਨਿਗਰਾਨੀ ਕਰਦੇ ਰਹਿੰਦੇ ਨੇ ਕਿ ਕਿਤੇ ਬਹਿ ਤਾਂ ਨੀਂ ਗਈਆਂ, ਖੜ੍ਹ ਤਾਂ ਨੀਂ ਗਈਆਂ। ਭੋਰਾ ਆਰਾਮ ਨੀਂ ਕਰਨ ਦਿੰਦੇ। ਸਾਰਾ ਦਿਨ ਸੂਲਾਂ-ਕੰਡਿਆਂ ਵਿੱਚ ਦੀ ਉੱਤੇ ਚੜ੍ਹ ਚੜ੍ਹ ਕੇ ਕਿੰਨੂ ਤੋੜਨੇ ਪੈਂਦੇ ਨੇ। ਸਿਰ ਪੱਕੇ ਪਏ ਨੇ, ਉਂਗਲਾਂ ਪੱਕੀਆਂ ਪਈਆਂ ਨੇ। ਘਰੇ ਜਾ ਕੇ ਕੰਮ ਨੀਂ ਹੁੰਦਾ, ਫੇਰ ਵੀ ਪੈਂਦੀਆਂ ਚੀਸਾਂ ’ਚ ਕਰਨਾ ਪੈਂਦਾ ਹੈ। ਜੇ ਸਾਡੇ ’ਚੋਂ ਮਾੜਾ ਮੋਟਾ ਕੋਈ ਬਿਮਾਰ ਹੋ ਜੇ ਤਾਂ ਠੇਕੇਦਾਰ ਕਹਿ ਦਿੰਦੇ ਨੇ ਕੱਲ੍ਹ ਨੂੰ ਕੰਮ ’ਤੇ ਨਾ ਆਈਂ।
ਚੰਨੋ ਦੱਸਦੀ ਹੈ ਕਿ ਮਾੜਾ ਮੋਟਾ ਦਿਹਾੜੀ-ਦੱਪਾ ਕਰਦੇ ਹਾਂ, ਉਹ ਵੀ ਜੇ ਕਿਤੇ ਮਿਲ ਜੇ। ਉਸਦਾ ਆਦਮੀ ਮੁੱਕਿਆ ਹੋਇਆ ਹੈ। ਉਸਦੇ ਇਲਾਜ ਵਾਸਤੇ ਸਰਪੰਚ ਤੋਂ ਪੈਸੈ ਫੜ੍ਹੇ ਸੀ, ਜੋ ਹੁਣ ਵਧ ਕੇ ਦੋ ਲੱਖ ਦੇ ਨੇੜੇ ਹੋਏ ਪਏ ਨੇ। ਵਗਾਰ ’ਚ ਹੀ ਗੋਹਾ-ਕੂੜਾ ਕਰੀ ਜਾਨੇਂ ਆਂ। ਐਤਕੀਂ ਤਾਂ ਨਰਮਾ ਵੀ ਨੀਂ ਹੋਇਆ। ਭੁੱਖੇ ਮਰਨ ਹੀ ਰਹਿ ਗਿਆ ਗਰੀਬਾਂ ਦਾ। ਔਰਤਾਂ ਦਾ ਤਾਂ ਬੱਸ ਸਬਰ ਈ ਵੱਡਾ ਏ।
ਵੀਰਾਂ ਦੱਸਦੀ ਹੈ ਕਿ ਸਾਡੇ ਸਿਰ ਡੇਢ ਲੱਖ ਦਾ ਕਰਜ਼ਾ ਹੈ। ਮੁੰਡੇ ਨੂੰ ਪੋਲੀਓ ਹੋ ਗਿਆ ਸੀ। ਇੱਕ ਬਾਂਹ ਤੇ ਇੱਕ ਲੱਤ ਮਾਰੀ ਗਈ ਸੀ। 12 ਸਾਲ ਇਲਾਜ ਵਾਸਤੇ ਚੱਕੀ ਫਿਰਦੇ ਰਹੇ। ਇੱਕ ਦਿਨ ਰਾਤ ਨੂੰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਗੱਲ ਕੋਈ ਨਹੀਂ ਹੋਈ ਸੀ। ਉਸ ਦਿਨ ਵੀ ਮਿਰਚਾਂ ਰਗੜ ਕੇ ਰੋਟੀ ਦਿੱਤੀ ਸੀ। ਅਸੀਂ ਸਾਰਿਆਂ ਨੇ ਹੀ ਇੱਕ ਇੱਕ ਰੋਟੀ ਖਾਧੀ ਸੀ। ਮੇਰੇ ਕੋਲ ਜਿੰਨੇ ਕੁ ਪੈਸੇ ਸੀ ਮੈਂ ਓਨਾ ਕੁ ਆਟਾ ਲਿਆਈ ਸੀ। ਕਹਿੰਦਾ, ‘‘ਪਹਿਲਾਂ ਥੋਥੋਂ ਮੇਰਾ ਇਲਾਜ ਨੀਂ ਕਰਾਇਆ ਗਿਆ। ਹੁਣ ਰੋਟੀਆਂ ਨੀਂ ਪੂਰੀਆਂ ਹੁੰਦੀਆਂ, ਦਾਲ ਨੀਂ ਬਣਾਈ ਜਾਂਦੀ।’’ ਜਿਹੋ ਜਿਹਾ ਘਰੇ ਹੁੰਦੈ, ਉਹੋ ਜਿਹਾ ਸਾਰ ਲੈਨੇ ਆਂ। ਕਿਹਨੂੰ ਆਖੀਏ ਕਿ ਭੁੱਖੇ ਪੈਨ੍ਯੇ ਆਂ ਕਿ ਖਾ ਕੇ ਪੈਨੇਂ ਆਂ। ਦੂਜੇ ਮੁੰਡਿਆਂ ਦੇ ਆਪਦੇ ਨੀਂ ਪੰਜ-ਪਾਂਜੇ ਪੂਰੇ ਹੁੰਦੇ, ਸਾਨੂੰ ਕਿੱਥੋਂ ਖੁਆ ਦੇਣ। ਦਿਹਾੜੀ ਮਿਲ ਜਾਂਦੀ ਹੈ ਤਾਂ ਖਾ ਲੈਨੇ ਆਂ, ਨਹੀਂ ਤਾਂ ਭੁੱਖੇ ਪੈ ਜਾਨੇਂ ਆਂ। ਬੁੜਿਆਂ ਨੂੰ ਉਂਝ ਵੀ ਕੋਈ ਕੰਮ ’ਤੇ ਘੱਟ ਹੀ ਲਾਉਂਦੈ। ਜਿਨ੍ਹਾਂ ਤੋਂ ਪੈਸੇ ਫੜ੍ਹੇ ਨੇ, ਉਨ੍ਹਾਂ ਗੋਲਪੁਣਾ ਵੀ ਕਰਨਾ ਪੈਂਦਾ ਤੇ ਉੱਚੀਆਂ-ਨੀਵੀਆਂ ਵੀ ਸੁਣਨੀਆਂ ਪੈਂਦੀਆਂ ਨੇ।
ਜਗੀਰ ਕੁਰ ਤਿੰਨ ਕੁੜੀਆਂ ਦੀ ਮਾਂ ਹੈ। ਦੱਸਦੀ ਹੈ ਕਿ ਕੁੜੀਆਂ ਛੋਟੀਆਂ ਹੀ ਸੀ, ਇੱਕ ਤਾਂ ਬਾਅਦ ’ਚ ਹੀ ਹੋਈ ਸੀ ਜਦੋਂ ਆਦਮੀ ਨੇ ਖੁਦਕੁਸ਼ੀ ਕਰ ਲਈ। ਸਿਰ ਦੋ-ਢਾਈ ਲੱਖ ਦੇ ਨੇੜ ਕਰਜ਼ਾ ਹੈ। ਜਦੋਂ ਸਪਰੇਅ ਪੀਤੀ ਸੀ ਤਾਂ ਹਸਪਤਾਲ ਦਖਲ ਕਰਾਇਆ ਸੀ। ਇਲਾਜ ਵਾਸਤੇ ਪੂਰੀ ਵਾਹ ਲਾਈ, ਪਰ ਬਚਿਆ ਨਹੀਂ। ਸੱਸ-ਸਹੁਰਾ ਨਾਲ ਰਹਿੰਦੇ ਨੇ। ਇਨ੍ਹਾਂ ਕੋਲ ਥੋੜ੍ਹੀਆਂ ਜਿਹੀਆਂ ਭੇਡਾਂ ਸਨ। ਜੋ ਕਰਜ਼ਾ ਮੋੜਨ ਵਾਸਤੇ ਵੇਚਣੀਆਂ ਪਈਆਂ। ਹੁਣ ਚਾਰੇ ਮਾਵਾਂ-ਧੀਆਂ ਦਿਹਾੜੀ ਕਰਨ ਜਾਂਦੀਆਂ ਨੇ। ਨਾਲ ਕੋਈ ਕੱਟੀ ਵਗੈਰਾ ਪਾਲ਼ ਕੇ ਆਪ ਦੀ ਦਿਨ ਕਟੀ ਕਰਦੇ ਨੇ।
ਸੁਰਜੀਤ ਦੋ ਜੁਆਕਾਂ ਦੀ ਮਾਂ ਹੈ, ਦੱਸਦੀ ਹੈ ਕਿ ਅਸੀਂ ਇੱਕ ਕਮਰਾ ਪਾਇਆ ਸੀ ਤੇ ਇੱਕ ਸਾਡਾ ਬਿੱਲ ਜ਼ਿਆਦਾ ਆ ਗਿਆ ਸੀ। ਇਸ ਕਰਕੇ ਸਿਰ ਕਰਜ਼ਾ ਚੜ੍ਹ ਗਿਆ। ਆਦਮੀ ਨੇ ਨਮੋਸ਼ੀ ’ਚ ਖੁਦਕੁਸ਼ੀ ਕਰ ਲਈ। ਹੁਣ ਕਿੰਨੂ ਤੋੜਨ ਦਿਹਾੜੀ ’ਤੇ ਜਾਂਦੀ ਹੈ। ਕਿਤੇ ਆਪਣੀ ਸਤਾਰਾਂ ਸਾਲਾਂ ਦੀ ਕੁੜੀ ਨੂੰ ਦਿਹਾੜੀ ’ਤੇ ਭੇਜਦੀ ਹੈ। ਜਦੋਂ ਜੁਆਨ ਕੁੜੀ ਨੂੰ ਕੰਮ ’ਤੇ ਭੇਜਦੀ ਹੈ ਤਾਂ ਚਿੰਤਾ ਵੱਢ ਵੱਢ ਖਾਂਦੀ ਹੈ। ਪਰ ਸਰਦਾ ਨਹੀਂ। ਜੁਆਕਾਂ ਦਾ ਕੋਈ ਚਾਅ ਨੀਂ ਪੂਰਾ ਕੀਤਾ ਜਾਂਦਾ। ਅੱਖਾਂ ਭਰਕੇ ਕਹਿੰਦੀ ਹੈ ‘‘ਜੁਆਕ ਜਦੋਂ ਕੋਈ ਚੀਜ਼ ਮੰਗਦੇ ਨੇ ਤਾਂ ਆਪਦਾ ਮਨ ਮੱਚਦੈ। ਵਿਧਵਾ ਹੋਣ ਨਾਤੇ ਝੱਲਣਾ ਤਾਂ ਬਹੁਤ ਕੁੱਝ ਪੈਂਦਾ। ਲੋਕਾਂ ਦੀਆਂ ਗੱਲਾਂ ਵੀ ਝੱਲਣੀਆਂ ਪੈਂਦੀਆਂ। ਬੰਦਿਆਂ ਦੀ ਥਾਂ ’ਤੇ ਵੀ ਬੁੜੀ ਨੂੰ ਖੜ੍ਹਨਾ ਪੈਂਦਾ, ਉਹ ਵੀ ਆਖ ਦਿੰਦੇ ਐ, ਪਤਾ ਨੀਂ ਕਾਹਤੋਂ ਖੜ੍ਹੀ ਹੈ। ਏਥੋਂ ਵੀ ਬੋਚ ਕੇ, ਉੱਥੋਂ ਵੀ ਬੋਚ ਕੇ, ਮਸਾਂ ਟਾਈਮ ਪਾਸ ਕਰਨਾ ਪੈਂਦਾ। ਬੰਦਾ ਨਾ ਮਰੇ ਬੁੜੀ ਆਪ ਮਰਜੇ। ਜੇ ਬਿਮਾਰੀ-ਠਿਮਾਰੀ ਮੌਕੇ ਘਰੇ ਡਾਕਟਰ ਵੀ ਸੱਦ ਲਿਆ ਤਾਂ ਆਖਣਗੇ ਇਨ੍ਹਾਂ ਦੇ ਤਾਂ ਮਿੰਟ ’ਚ ਆ ਗਿਆ। ਗੱਲਾਂ ਬਹੁਤ ਦੂਰ ਤੱਕ ਹੋ ਜਾਂਦੀਆਂ। ਇਹ ਤਾਂ, ਜਿਸ ਨਾਲ ਬੀਤਦੀ ਹੈ, ਬੱਸ ਉਹੀ ਜਾਣਦੈ।’’
ਬੁਰੇ ਹਾਲੀਂ ਪਰਿਵਾਰ ਚਲਾ ਰਹੀਆਂ ਤੇ ਕਰਜ਼ੇ ’ਚ ਵਿੰਨ੍ਹੀਆਂ ਇਹਨਾਂ ਮਜ਼ਦੂਰ ਔਰਤਾਂ ਦੇ ਕਰਜ਼ੇ ਤੋਂ ਛੁਟਕਾਰਾ ਪਾ ਸਕਣ ਦੀ ਕੋਈ ਸਬੀਲ ਬਣਦੀ ਨਹੀਂ ਦਿਸਦੀ, ਕੋਈ ਸੰਭਾਵਨਾ ਦਿਖਾਈ ਨਹੀਂ ਦਿੰਦੀ। ਕਰਜ਼ਾ ਲਾਹੁਣ ਲਈ ਜਾਂ ਲਗਾਤਾਰ ਰੁਜ਼ਗਾਰ ਮਿਲੇ, ਜਾਂ ਕਮਾਈ ਦਾ ਕੋਈ ਹੋਰ ਹੀਲਾ ਵਸੀਲਾ ਬਣੇ। ਹੁਣ ਜਿੰਨਾ ਕੁ ਕੰਮ ਮਿਲਦਾ ਹੈ, ਉਹਦੇ ਨਾਲ ਤਾਂ ਪਰਿਵਾਰ ਦਾ ਜੂਨ ਗੁਜ਼ਾਰਾ ਹੀ ਦੁੱਭਰ ਬਣਿਆ ਹੋਇਆ ਹੈ। ਸਰਕਾਰਾਂ ਚਲਾਉਣ ਵਾਲਿਆਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ, ਮਜ਼ਦੂਰਾਂ ਲਈ ਕੀ ਲਈ ਬੈਠੇ ਆ। ਦਿਨੋ ਦਿਨ ਸੁੰਗੜ ਰਹੇ ਰੁਜ਼ਗਾਰ ਦੀਆਂ ਹਾਲਤਾਂ ’ਚ ਕਰਜ਼ੇ ਤਾਂ ਹੁਣ ਕੀ ਲਹਿਣੇ ਆ, ਹੋਰ ਭਾਵੇਂ ਚੜ੍ਹ ਜਾਣ।
ਹੁਣ ਮਜ਼ਦੂਰ ਪਰਿਵਾਰਾਂ ਕੋਲ ਢਿੱਡ ਨੂੰ ਹੋਰ ਗੰਢਾਂ ਦੇ ਕੇ ਟਾਈਮ ਪਾਸ ਕਰਨ ਦੀ ਵੀ ਬਹੁਤੀ ਹਾਲਤ ਨਹੀਂ ਬਚੀ
ਪਹਿਲਾਂ ਹੀ ਬਥੇਰੀਆਂ ਗੰਢਾ ਦੇਈ ਬੈਠੇ ਹਨ। ਹੁਣ ਭੁੱਖੇ ਮਰਨ ਤੇ ਖੇਹ-ਖਰਾਬ ਹੋਣ ਜਾਂ ਫਿਰ ਆਪਣੇ ਹੱਕਾਂ ਲਈ ਝੰਡਾ ਚੁੱਕਣ ’ਚੋਂ ਇੱਕ ਰਾਹ ਦੀ ਚੋਣ ਕਰਨੀ ਪੈਣੀ ਹੈ। ਖੁਦਕੁਸ਼ੀ-ਪੀੜਤ ਪਰਿਵਾਰਾਂ ਦੀਆਂ ਇਹ ਸਾਹਸੀ ਔਰਤਾਂ ਸੰਘਰਸ਼ ਦਾ ਝੰਡਾ ਚੁੱਕਣ ਵਾਲਿਆਂ ’ਚ ਹੁਣ ਸਭ ਤੋਂ ਮੋਹਰੀ ਹਨ।

18) ਪੇਂਡੂ ਤੇ ਖੇਤ-ਮਜ਼ਦੂਰ ਜਥੇਬੰਦੀਆਂ ਦੇ ਤਹਿਸੀਲ ਧਰਨੇ

ਪੇਂਡੂ ਤੇ ਖੇਤ-ਮਜ਼ਦੂਰ ਜਥੇਬੰਦੀਆਂ ਦੇ ਤਹਿਸੀਲ ਧਰਨੇ

ਚੰਡੀਗੜ੍ਹ ਧਰਨੇ ਦੀ ਤਿਆਰੀ

- ਲਛਮਣ ਸੇਵੇਵਾਲਾ

ਪੇਂਡੂ ਤੇ ਖੇਤ ਮਜਦੂਰਾਂ ਦੀਆਂ ਅੱਠ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪਲਾਟਾਂ, ਕਰਜਾ ਮੁਆਫੀ, ਖੁਦਕੁਸ਼ੀ ਪੀੜਤਾਂ ਨੂੰ ਮੁਆਵਜਾ ਤੇ ਨੌਕਰੀ ਦੇਣ, ਨਰਮਾ ਖਰਬੇ ਕਾਰਨ ਮਜਦੂਰਾਂ ਦੇ ਰੁਜਗਾਰ ਉਜਾੜੇ ਵਜੋਂ ਪ੍ਰਵਾਨ ਕੀਤੇ 64 ਕਰੋੜ 40 ਲੱਖ ਰੁਪਏ ਦੀ ਪ੍ਰਵਾਨ ਕੀਤੀ ਰਾਸ਼ੀ ਦੀ ਵੰਡ ਕਰਾਉੰਣ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਜਮੀਨ ਆਮ ਪੰਚਾਇਤੀ ਠੇਕੇ ਦੇ ਤੀਜਾ ਰੇਟ ’ਤੇ ਮਜਦੂਰਾਂ ਨੂੰ ਦੇਣ , ਤਿੱਖੇ ਜਮੀਨੀ ਸੁਧਾਰ ਲਾਗੂ ਕਰਨ, ਮਨਰੇਗਾ, ਆਟਾ-ਦਾਲ, ਪੈਨਸ਼ਨਾਂ, ਬਿਜਲੀ ਬਿੱਲਾਂ ਦੇ ਬਕਾਏ ਖਤਮ ਕਰਨ ਤੇ ਕਾਲਾ ਕਨੂੰਨ ਰੱਦ ਕਰਨਅ ਆਦਿ ਮੰਨੀਆਂ, ਭਖਦੀਆਂ ਤੇ ਅਹਿਮ ਮੰਗਾਂ ਨੂੰ ਲੈ ਕੇ 15,16 ਤੇ 17 ਫਰਵਰੀ ਨੂੰ ਤਹਿਸੀਲ ਦਫਤਰਾਂ ਅੱਗੇ ਇੱਕ ਰੋਜਾ ਧਰਨੇ ਦਿੱਤੇ ਗਏ। ਬਠਿੰਡਾ, ਮੁਕਤਸਰ, ਫਾਜਿਲਕਾ, ਫਿਰੋਜਪੁਰ, ਮੋਗਾ, ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਵਾਂ-ਸ਼ਹਿਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਸੰਗਰੂਰ, ਮਾਨਸਾ,  ਬਰਨਾਲਾ, ਰੋਪੜ ਤੇ ਫਰੀਦਕੋਟ ਸਮੇਤ 20 ਜਿਲ੍ਹਿਆਂ ’ਚ 48 ਤਹਿਸੀਲਾਂ ਵਿੱਚ ਇਹ ਧਰਨੇ ਦਿੱਤੇ ਗਏ। ਵਰਨਣਯੋਗ ਹੈ ਕਿ 16 ਫਰਵਰੀ ਨੂੰ ਬਠਿੰਡਾ ਦੇ ਐਸੱ.ਡੀ.ਐਮ. ਦਫਤਰ ਅੱਗੇ ਧਰਨਾ ਦੇਣ ਲਈ ਗੁਰਦੁਆਰਾ ਹਾਜੀ ਰਤਨ ’ਚ ਇਕੱਠੇ ਹੋਏ ਸੈਂਕੜੇ ਮਰਦ ਔਰਤਾਂ ਜਦੋਂ ਹੀ ਬਾਹਰ ਨਿਕਲਕੇ ਅੱਗੇ ਵਧੇ ਤਾਂ ਭਾਰੀ ਪੁਲਿਸ ਨਫਰੀ  ਵੱਲੋਂ ਇਸ ਕਾਫਲੇ ਨੂੰ ਰੋਕਾਂ ਲਾ ਕੇ ਰਸਤੇ ’ਚ ਹੀ ਘੇਰ ਲਿਆ। ਜਿਸ ਕਾਰਨ ਰੋਹ ’ਚ ਆਏ ਮਰਦ ਔਰਤਾਂ ਵੱਲੋਂ ਉੱਥੇ ਹੀ ਰੇਸ ਰੈਲੀ ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ।
 ਮੌਜੂਦਾ ਸਮੇਂ ਵੱਖ ਵੱਖ ਕਾਰਨਾਂ ਕਰਕੇ ਜਦੋਂ ਪੇਂਡੂ ਤੇ ਖੇਤ ਮਜਦੂਰਾਂ ਦੀ ਬਹੁਗਿਣਤੀ ਗੈਰ-ਜੱਥੇਬੰਦ ਹੈ ਅਤੇ ਜਿੰਨਾਂ ਕੁ ਹਿੱਸਾ ਜੱਥੇਬੰਦ ਵੁੀ ਹੈ ਉਹ ਵੂੀ ਵੱਖ ਵੱਖ ਜੱਥੇਬੰਦੀਆਂ ਵਿੱਚ ਵੰਡਿਆ ਹੋਣ ਕਰਕੇ ਇਸ ਹਿੱਸੇ ਦੀ ਸਾਂਝੀ ਸਰਗਰਮੀ ਦਾ ਵਿਸ਼ੇਸ਼ ਮਹੱਤਵ ਬਣਦਾ ਹੈ।ਇਹਨਾਂ ਜੱਥੇਬੰਦੀਆਂ ਵੱਲੋਂ ਤਹਿਸੀਲ ਦਫਤਰਾਂ ਅੱਗੇ ਦਿੱਤੇ ਧਰਨਿਆਂ ਦੀਆਂ ਪ੍ਰਾਪਤ ਰਿਪੋਰਟਾਂ ਅਨੁਸਾਰ ਜਿੱਥੇ ਸਾਂਝੀ ਸਰਗਰਮੀ ਦੇ ਸਿੱਟੇ ਵਜੋਂ ਇਕੱਠਾਂ ’ਚ ਵੀ ਵਧਾਰਾ ਹੋਇਆ ਹੈ ਉਥੇ 48 ਤਹਿਸੀਲਾਂ ’ਚ ਧਰਨੇ ਲੱਗਣਾ ਵੀ ਹੌਂਸਲੇ ਵਾਲੀ ਗੱਲ ਹੈ। ਇਸੇ ਸਾਂਝੀ ਸਰਗਰਮੀ ਨੂੰ ਅੱਗੇ ਤੋਰਦਿਆਂ ਹੁਣ ਇਹ ਜੱਥੇਬੰਦੀਆਂ 15 ਤੋਂ17 ਮਾਰਚ ਤੱਕ ਚੰਡੀਗ•ੜ ’ਚ ਤਿੰਨ ਰੋਜਾ ਲਗਾਤਾਰ ਧਰਨਾ ਦੇਣ ਜਾ ਰਹੀਆਂ ਹਨ, ਜਿਸਦੀ ਤਿਆਰੀ ਦੇ ਇੱਕ ਅੰਗ ਵਜੋਂ 25 ਹਜਾਰ ਤੋਂ ਜਿਆਦਾ ਕੰਧ ਪੇਸਟਰ ਵੀ ਜਾਰੀ ਕੀਤਾ ਗਿਆ ਹੈ।

ਚਿੱਟੇ ਮੱਛਰ ਦੀ ਮਾਰ ---ਖੇਤ ਮਜਦੂਰਾਂ ’ਤੇ ਅਸਰ  ਦੀਆਂ ਕੁਝ ਝਲਕਾਂ

    ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਲੰਬੀ ਹਲਕੇ ਦੇ ਪਿੰਡ ਸਿੰਘੇਵਾਲਾ, ਫਤੂਹੀਵਾਲਾ ਅਤੇ ਬਾਦਲ ਪਿੰਡ’ਚੋਂ ਚਿੱਟੇ ਮੱਛਰ ਕਾਰਨ ਤਬਾਹ ਹੋਏ ਨਰਮੇ ਕਾਰਨ ਖੇਤ ਮਜਦੂਰਾਂ ’ਤੇ ਅਸਰ ਸਬੰਧੀ ਘਰ ਘਰ ਜਾ ਕੇ ਸਰਵੇ ਕੀਤਾ ਗਿਆ ਜਿਸ ਦੀਆਂ ਕੁਝ ਝਲਕਾਂ ਹੇਠ ਲਿਖੇ ਅਨੁਸਾਰ ਹਨ
--ਇੱਕ ਮਜਦੂਰ ਪਰਿਵਾਰ ਜੋ ਨਰਮੇ ਦਾ ਸੀਜਨ ਲਾ ਕੇ ਘਰ ਦੇ ਇੱਕ  ਕਮਰੇ ਦੀ ਡਿੱਗੀ ਹੋਈ ਛੱਤ ਪਾਉਣ ਦੀਆਂ ਆਸਾਂ ਲਾਈ ਬੈਠਾ ਸੀ ਨੂੰ ਨਰਮੇ ਦਾ ਸੀਜਨ ਮਰ ਜਾਣ ਕਰਕੇ ਉਲਟਾ  ਛੱਤ ’ਚੋਂ ਲੱਥਾ ਗਾਡਰ ਵੀ ਵੇਚਣਾ ਪੈ ਗਿਆ
--ਇੱਕ ਪਰਿਵਾਰ ਨੂੰ ਘਰ ਦੀਆਂ ਹੋਰ ਜਰੂਰੀ ਲੋੜਾਂ ਪੂਰੀਆਂ ਕਰਨ ਖਾਤਰ ਪੱਖਾ ਤੇ ਕੂਲਰ ਵੇਚਣ ਪੈਗਏ  ਜਦ ਕਿ ਕੁਝ ਘਰਾਂ ਨੇ ਕੁਤਰੇ ਵਾਲੀਆਂ ਮਸ਼ੀਨਾਂ ਵੇਚ ਕੇ ਡੰਗ ਟਪਾਉਣ ਦਾ ਯਤਨ ਕੀਤਾ
--ਜਿਹਨਾਂ ਘਰਾਂ ’ਚ ਔਰਤਾਂ ਕੋਲ  ਕੋਈ ਗਹਿਣਾ- ਗੱਟਾ ਸੀ ਉਹ ਵੀ ਵਿਕ ਗਿਆ ਜਾਂ ਗਹਿਣੇ ਧਰਨਾ ਪੈ ਗਿਆ
--ਪਿਛਲੇ ਸਾਲ ਕਿੰਨੂੰਆਂ ਦੀ ਤੁੜਵਾਈ ਵਾਸਤੇ ਔਰਤਾਂ ਦੀ ਦਿਹਾੜੀ ਜੋ 200 ਰੁਪਏ ਸੀ  ਇਸ ਵਾਰ 150 ਰੁਪਏ ਤੱਕ ਆ ਡਿੱਗੀ ਅਤੇ ਤੁੜਵਾਈ ਦੌਰਾਨ ਇੱਕ ਅੱਧ ਕਿਨੂੰ ਖਾ ਲੈਣ ’ਤੇ ਵੀ ਪਾਬੰਦੀ ਮੜ੍ਹ ਦਿੱਤੀ ਗਈ।

Wednesday, January 20, 2016

16 (a) ਖੇਤ-ਮਜ਼ਦੂਰਾਂ ਦਾ ਦਿਨ ਰਾਤ ਮੋਰਚਾ



ਦਿਨ ਰਾਤ ਮੋਰਚੇ ਦਾ ਐਲਾਨ

ਪੇਂਡੂ ਤੇ ਖੇਤ ਮਜ਼ਦੂਰਾਂ ਦੀਆਂ ਅੱਠ ਜਥੇਬੰਦੀਆਂ ਵੱਲੋਂ ਮਜ਼ਦੂਰ ਮੰਗਾਂ ਨੂੰ ਲੈ ਕੇ 15 ਮਾਰਚ ਤੋਂ ਚੰਡੀਗੜ੍ਹ ਵਿਖੇ ਲਗਾਤਾਰ ਦਿਨ ਰਾਤ ਦੇ ਮੋਰਚੇ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਲੋਕਾਂ ਨੂੰ ਲਾਮਬੰਦ ਕਰਦਿਆਂ ਹਕੂਮਤ ਨੂੰ ਸੁਣਵਾਈ ਲਈ 15 ਤੋਂ 17 ਫਰਵਰੀ ਤੱਕ ਇੱਕ ਰੋਜ਼ਾ ਤਹਿਸੀਲ ਪੱਧਰੇ ਧਰਨੇ ਤੇ ਮੁਜ਼ਾਹਰੇ ਜਥੇਬੰਦ ਕੀਤੇ ਜਾਣਗੇ। ਇਹ ਸੰਘਰਸ਼ ਪ੍ਰੋਗਰਾਮ ਕਾਲ਼ੇ ਕਾਨੂੰਨ ਰੱਦ ਕਰਨ, ਮਨਰੇਗਾ ਤਹਿਤ ਸਾਰੇ ਪਰਿਵਾਰ ਨੂੰ ਪੂਰੇ ਸਾਲ ਦਾ ਰੁਜ਼ਗਾਰ ਤੇ ਦਿਹਾੜੀ 500 ਰੁ. ਦੇਣ, ਚਿੱਟੀ ਮੱਖੀ ਨਾਲ ਤਬਾਹ ਹੋਏ ਨਰਮੇ ਕਾਰਨ ਮਜ਼ਦੂਰਾਂ ਨੂੰ ਵੀਹ ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮੁਆਵਜ਼ਾ ਦੇਣ, ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦੇਣ, ਤਿੱਖੇ ਜ਼ਮੀਨੀ ਸੁਧਾਰ ਲਾਗੂ ਕਰਨ, ਖੁਦਕੁਸ਼ੀ ਪੀੜਤਾਂ ਨੂੰ 5 ਲੱਖ ਰੁਪਏ ਮੁਆਵਜ਼ਾ ਤੇ ਨੌਕਰੀ ਦੇਣ, ਬਿਜਲੀ ਬਿਲਾਂ ਦੇ ਬਕਾਏ ਖ਼ਤਮ ਕਰਨ, ਸਮਾਜਿਕ ਤੇ ਪੁਲਸ ਜਬਰ ਬੰਦ ਕਰਨ, ਕਿਰਤ ਕਾਨੂੰਨਾਂ ’ਚ ਮਜ਼ਦੂਰ ਦੋਖੀ ਸੋਧਾਂ ਵਾਪਸ ਕਰਵਾਉਣ ਆਦਿ ਮੰਗਾਂ ਲਈ ਉਲੀਕਿਆ ਗਿਆ ਹੈ।
ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਵੀ 22 ਜਨਵਰੀ ਨੂੰ ਬਾਦਲ ਪਿੰਡ ’ਚ ਤਿੰਨ ਰੋਜ਼ਾ ਧਰਨੇ ਦਾ ਸੱਦਾ ਦਿੱਤਾ ਹੋਇਆ ਹੈ। ਜਿਸਦੀਆਂ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਹਨਾਂ ਸੰਘਰਸ਼ ਐਕਸ਼ਨਾਂ ਨਾਲ ਆਉਣ ਵਾਲੇ ਦਿਨਾਂ ’ਚ ਲੋਕ ਘੋਲ ਦਾ ਅਖਾੜਾ ਮਘਿਆ ਰਹੇਗਾ।