Saturday, January 2, 2016

17) ਕਾਮਰੇਡ ਸਮਰਿੰਦਰ ਨਾਇਕ



ਕਾਮਰੇਡ ਸਮਰਿੰਦਰ ਨਾਇਕ ਨਹੀਂ ਰਹੇ!

ਮਲਕਾਨਗਿਰੀ ਤੋਂ ਜਾਰੀ ਹੋਏ ਇੱਕ ਬਿਆਨ ਅਨੁਸਾਰ 30 ਨਵੰਬਰ, 2015 ਨੂੰ ਕਾ. ਸਮਰਿੰਦਰ ਨਾਇਕ ਸਦਾ ਲਈ ਇਨਕਲਾਬੀ ਕਾਫਲੇ ਚੋਂ ਵਿੱਛੜ ਗਏ। ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਮਲਕਾਨਗਿਰੀ ਦੇ ਆਦਿਵਾਸੀਆਂ ਦੇ ਸੰਘਰਸ਼ ਨਾਲ ਗੂੜ੍ਹੀ ਤਰਾਂ ਜੁੜੇ ਹੋਏ ਸਨ। ਸੁਰਖ ਰੇਖਾ (ਮੌਜੂਦਾ ਸੁਰਖ-ਲੀਹ) ਦੀਆਂ ਲਿਖਤਾਂ ਅਤੇ ਪੈਂਫਲਟਾਂ ਚ ਉੜੀਸਾ ਦੇ ਆਦਿਵਾਸੀਆਂ ਦੇ ਜਿਨ੍ਹਾਂ ਅਹਿਮ ਸੰਘਰਸ਼ਾਂ ਦੀ ਚਰਚਾ ਹੁੰਦੀ ਰਹੀ ਹੈ, ਉਹਨਾਂ ਸਭਨਾਂ ਚ ਕਾ.  ਸਮਰਿੰਦਰ ਨਾਇਕ ਦਾ ਉਭਰਵਾਂ ਆਗੂ ਰੋਲ ਰਿਹਾ ਹੈ। ਉਹ ਉੜੀਸਾ ਚ ਸੀ. ਪੀ. ਆਰ. ਸੀ. ਆਈ (ਐਮ. ਐਲ.) ਦੇ ਆਗੂ ਸਾਥੀਆਂ ਚ ਸ਼ਾਮਲ ਸਨ। ਉਹਨਾਂ ਨੂੰ ਸਾਥੀ ਕਾ. ਸਮਰ ਕਹਿ ਕੇ ਬੁਲਾਉਂਦੇ ਸਨ।
ਕਾ. ਸਮਰ ਨੂੰ ਕਮਿਊਨਿਸਟ ਵਿਚਾਰਧਾਰਾ ਦੀ ਗੁੜਤੀ ਵਿਰਸੇ ਚ ਮਿਲੀ ਸੀ। ਉਹਨਾਂ ਦੇ ਪਿਤਾ ਉੱਤਰੀ ਉੜੀਸਾ ਦੇ ਬਾਲਾਸੋਰ ਜ਼ਿਲ੍ਹੇ ਚ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਰਕੁਨ ਸਨ। ਸੱਠਵਿਆਂ ਦੇ ਅਖੀਰ ਚ ਮਾਰਕਸੀ ਪਾਰਟੀ ਨਾਲੋਂ ਨਿਖੇੜੇ ਸਮੇਂ ਕਾ. ਸਮਰ ਖੁਦ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਜੁੜ ਗਏ। ਉਹ ਪਹਿਲਾਂ ਕਮਿਊਨਿਸਟ ਇਨਕਲਾਬੀ ਏਕਤਾ ਕੇਂਦਰ ਦੇ ਮੈਂਬਰ ਰਹੇ। ਫਿਰ ਇਕਜੁਟ ਹੋਈ ਸੀ. ਸੀ. ਆਰ. ਆਈ. ਦਾ ਅੰਗ ਰਹੇ। ਅਗਲੀ ਵਡੇਰੀ ਏਕਤਾ ਪਿੱਛੋਂ ਉਹ ਸੀ. ਪੀ. ਆਰ. ਸੀ. ਆਈ. (ਐਮ. ਐਲ.) ਚ ਸ਼ਾਮਲ ਹੋਏ ਅਤੇ ਆਖਰੀ ਸਾਹ ਤੱਕ ਇਸਦੀਆਂ ਸਫਾਂ ਚ ਰਹੇ। ਉਹਨਾਂ ਨੇ ਸਭਿਆਚਾਰਕ ਮੋਰਚੇ ਤੇ ਅਤੇ ਜਮਹੂਰੀ ਹੱਕਾਂ ਦੀ ਲਹਿਰ ਚ ਸਰਗਰਮੀ ਨਾਲ ਕੰਮ ਕੀਤਾ ਅਤੇ ਉੜੀਸਾ ਦੇ ਗਣਤੰਤਰਿਕ ਅਧਿਕਾਰ ਸੁਰਕਸ਼ਾ ਸੰਗਠਨ ਦੇ ਸਕੱਤਰ ਬਣੇ।
ਨੱਬੇਵਿਆਂ ਦੇ ਸ਼ੁਰੂ ਚ ਉਹ ਦੱਖਣੀ ਉੜੀਸਾ ਦੇ ਪਹਾੜੀ ਕੋਰਾਪੁਟ ਖੇਤਰ ਚ ਆਦਿਵਾਸੀ ਜਨਤਾ ਨੂੰ ਜਥੇਬੰਦ ਕਰਨ ਚ ਜੁਟ ਗਏ। ਪਿਤਾ ਦੀ ਮੌਤ ਤੋਂ ਬਾਅਦ ਸਖਤ ਪਰਿਵਾਰਕ ਆਰਥਿਕ ਮੁਸ਼ਕਲਾਂ ਉਹਨਾਂ ਦਾ ਰਾਹ ਨਾ ਰੋਕ ਸਕੀਆਂ। ਉਹ ਇੱਕ ਜਾਣੇ ਪਹਿਚਾਣੇ ਕਵੀ ਸਨ। ਸਾਹਿਤ ਰਚਨਾ ਉਨ੍ਹਾਂ ਦੀ ਮਾਨਸਿਕ ਤਸੱਲੀ ਦਾ ਅਹਿਮ ਸਰੋਤ ਸੀ। ਪਰ ਸਾਹਿਤਕ ਸਰਗਰਮੀਆਂ ਚ ਆਪਣੀ ਗਹਿਰੀ ਦਿਲਚਸਪੀ ਦੇ ਬਾਵਜੂਦ ਉਹਨਾਂ ਨੇ ਇੱਕ ਕਮਿਊਨਿਸਟ ਕਾਰਕੁਨ ਵਜੋਂ ਆਦਿਵਾਸੀ ਜਨਤਾ ਨੂੰ ਜਥੇਬੰਦ ਕਰਨ ਦਾ ਜੁੰਮਾ ਓਟਿਆ। ਉਹ ਮਲਕਾਨਗਿਰੀ ਜ਼ਿਲ੍ਹਾ ਆਦਿਵਾਸੀ ਸੰਘ ਦੀ ਉਸਾਰੀ ਚ ਲਗ ਗਏ। ਆਪਣੀ ਖਾੜਕੂ ਲੜਾਕੂ ਭਾਵਨਾ ਅਤੇ ਲਹਿਰ ਦੀਆਂ ਅਜਮਾਇਸ਼ੀ ਭੇੜੂ ਹਾਲਤਾਂ ਚ ਆਪਣੀ ਦਾਅਪੇਚਕ ਮੁਹਾਰਤ ਕਰਕੇ ਉਹ ਅਦਿਵਾਸੀਆਂ ‘‘ਰੁੱਕੂ ਡੋਕਰਾ’’ (ਜੰਗਲੀ ਸਾਨ ) ਵਜੋਂ ਜਾਣੇ ਜਾਂਦੇ ਸਨ।
1995-96ਚ ਹੋਇਆ ਇਮਾਰਤੀ ਲਕੜੀ ਸੰਘਰਸ਼ ਮਲਕਾਨਗਿਰੀ ਦੇ ਆਦਿਵਾਸੀਆਂ ਦੀ ਉਠਾਨ ਚ ਇੱਕ ਮੀਲ ਪੱਥਰ ਸਾਬਤ ਹੋਇਆ। ਕਾ. ਸਮਰ ਇਸ ਸੰਘਰਸ਼ ਦਾ ਧੁਰਾ ਬਣੇ ਕਾਮਰੇਡਾਂ ਚ ਸ਼ਾਮਲ ਸਨ। ਉਹਨਾਂ ਨੂੰ ਹੋਰਨਾ ਅਹਿਮ ਲੀਡਰਾਂ ਸਮੇਤ ਜੇਲ ਚ ਡੱਕ ਦਿੱਤਾ ਗਿਆ। ਆਦਿਵਾਸੀ ਜਨਤਾ ਨੇ ਸਥਾਪਤ ਤਜ਼ਰਬਾਕਾਰ ਲੀਡਰਸ਼ਿਪ ਦੀ ਗੈਰ-ਹਾਜ਼ਰੀ ਚ ਵੀ ਸੰਘਰਸ਼ ਦਾ ਝੰਡਾ ਬੁਲੰਦ ਰੱਖਿਆ ਅਤੇ ਸਰਕਾਰ ਨੂੰ ਕਾ. ਸਮਰ ਅਤੇ ਸਾਥੀਆਂ ਦੀ ਰਿਹਾਈ ਲਈ ਮਜਬੂਰ ਕਰ ਦਿੱਤਾ। ਹੈਮਕੋ (HAMCO) ਕੰਪਨੀ ਖਿਲਾਫ ਸੰਘਰਸ਼ ਇੱਕ ਹੋਰ ਮੀਲ ਪੱਥਰ ਸੀ। ਇਸਨੇ ਮਲਕਾਨਗਿਰੀ ਖੇਤਰ ਚ ਇਨਕਲਾਬੀ ਜਨਤਕ ਲਹਿਰ ਦੀ ਮਜਬੂਤੀ ਚ ਰੋਲ ਅਦਾ ਕੀਤਾ।
1998-99ਚ ਕਾ. ਸਮਰ ਗੰਭੀਰ ਬਿਮਾਰੀ ਦੀ ਹਾਲਤ ਚੋਂ ਗੁਜਰੇ ਅਤੇ ਸਾਥੀਆਂ ਦੀਆਂ ਕੋਸ਼ਿਸ਼ਾਂ ਸਦਕਾ ਬੜੀ ਮੁਸ਼ਕਲ ਨਾਲ ਉਹਨਾਂ ਦਾ ਜੀਵਨ ਬਚਾਇਆ ਜਾ ਸਕਿਆ। ਕਾ. ਸਮਰ ਨੇ ਸ਼ੁਕਰਾਨੇ ਦੇ ਅਹਿਸਾਸ ਨਾਲ ਕਿਹਾ ਕਿ ਸਾਥੀਆਂ ਅਤੇ ਜਥੇਬੰਦੀ ਸਦਕਾ ਉਹਨਾਂ ਨੂੰ ਜੀਵਨ ਮਿਲਿਆ ਹੈ, ਇਸ ਕਰਕੇ ਇਹ ਲੋਕਾਂ ਦੀ ਅਮਾਨਤ ਹੈ। ਕਾ. ਸਮਰ ਫਿਰ ਤਿੱਖੇ ਸੰਘਰਸ਼ਾਂ ਦੇ ਅਖਾੜੇ ਚ ਪਰਤ ਗਏ। ਐਸਰ ਕੰਪਨੀ ਦੀ ਪਾਈਪਲਾਈਨ ਖਿਲਾਫ ਨਿਵੇਕਲ਼ੇ ਅਤੇ ਮਿਸਾਲੀ ਸੰਘਰਸ਼ ਅੰਦਰ ਉਹਨਾਂ ਨੇ ਸਿਰਕੱਢ ਰੋਲ ਅਦਾ ਕੀਤਾ।
ਬੀਤੇ ਦੋ-ਤਿੰਨ ਵਰ੍ਹਿਆਂ ਤੋਂ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਸੀ। ਕਾ. ਸਮਰ ਨੂੰ ਸ਼ੂਗਰ, ਦਿਲ ਅਤੇ ਹੋਰ ਬਿਮਾਰੀਆਂ ਨੇ ਘੇਰਿਆ ਹੋਇਆ ਸੀ। ਤਾਂ ਵੀ ਉਹ ਆਦਿਵਾਸੀ ਖੇਤਰ ਚ ਪਰਤਣ ਲਈ ਦ੍ਰਿੜ ਸਨ, ਇਸਦੇ ਬਾਵਜੂਦ ਕਿ ਸਾਥੀ ਉਹਨਾਂ ਨੂੰ ਸਿਹਤ ਵੱਲ ਧਿਆਨ ਦੇਣ ਲਈ ਪ੍ਰੇਰਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇੱਕ ਤਰ੍ਹਾਂ ਉਹਨਾਂ ਨੇ ਮਲਕਾਨਗਿਰੀ ਆਦਿਵਾਸੀਆਂ ਚ ਸਰਗਰਮੀ ਕਰਦਿਆਂ ਹੀ ਆਖਰੀ ਸਾਹ ਲੈਣ ਦਾ ਤਹੱਈਆ ਕੀਤਾ ਹੋਇਆ ਸੀ। ਸਮਰ ਦਾ ਆਖਰੀ ਪਲ ਉਸੇ ਤਰ੍ਹਾਂ ਆਇਆ ਜਿਵੇਂ ਉਹਨਾਂ ਨੇ ਚਾਹਿਆ ਸੀ। ਉਹ ਸਾਥੀਆਂ ਨਾਲ ਗਹਿਗੱਚ ਵਿਚਾਰ ਵਟਾਂਦਰੇ ਦੌਰਾਨ ਬੇਹੋਸ਼ ਹੋਏ ਅਤੇ ਸਦਾ ਸਦਾ ਲਈ ਚਲੇ ਗਏ । 6 ਅਤੇ 10 ਦਸੰਬਰ ਨੂੰ ਮਲਕਾਨਗਿਰੀ ਅਤੇ ਬਾਲਾਸੋਰ ਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਇਕੱਤਰਤਾਵਾਂ ਹੋਈਆਂ।
ਸੀ. ਪੀ. ਆਰ. ਸੀ. ਆਈ. (ਐਮ. ਐਲ.) ਦੇ ਕੇਂਦਰੀ ਸਕੱਤਰ ਵੱਲੋਂ ਜਾਰੀ ਕੀਤੇ ਇੱਕ ਬਿਆਨ ਚ ਕਾ. ਰੁੱਕੂ ਡੋਕਰਾ ਨੂੰ ਲਾਲ ਸਲਾਮ ਭੇਂਟ ਕਰਦਿਆਂ ਕਿਹਾ ਗਿਆ ਹੈ ਕਿ ਉਹਨਾਂ ਦੀ ਯਾਦ ਮਲਕਾਨਗਿਰੀ ਦੇ ਆਦਿਵਾਸੀਆਂ ਦੇ ਸੰਘਰਸ਼ਾਂ ਚ ਹਮੇਸ਼ਾ ਜ਼ਿੰਦਾ ਰਹੇਗੀ।

No comments:

Post a Comment