ਇੱਕ ਮਿਆਨ ਦੋ ਤਲਵਾਰਾਂ
ਕਿਸਾਨ ਘੋਲ ਬਨਾਮ ਫਿਰਕਾਪ੍ਰਸਤੀ
ਬੀ. ਕੇ. ਯੂ ਦਾ ਹੱਡੀਂ ਹੰਢਾਇਆ ਤਜਰਬਾ
- ਜਗਜੀਤ
ਪੰਜਾਬ ਅੰਦਰ ਜਥੇਬੰਦ ਕਿਸਾਨ ਜਨਤਾ ਦੀ ਮੌਜੂਦਾ ਪ੍ਰਭਾਵਸ਼ਾਲੀ ਹੈਸੀਅਤ
ਸਥਾਪਤ ਕਰਨ ’ਚ ਫਿਰਕੂ ਸਿਆਸਤ ਖਿਲਾਫ਼ ਸੰਘਰਸ਼ ਦਾ ਬਹੁਤ ਹੀ ਅਹਿਮ
ਰੋਲ ਹੈ। ਦੂਜੇ ਪਾਸੇ ਬੀਤੇ ਦਹਾਕਿਆਂ ’ਚ ਜਥੇਬੰਦ ਕਿਸਾਨ ਜਨਤਾ
ਦੇ ਜਮਾਤੀ ਘੋਲਾਂ ਦੇ ਵੱਡੇ ਤਜਰਬਿਆਂ ’ਚੋਂ ਗੁਜਰੀ ਹੋਣ ਕਰਕੇ
ਭਟਕਾਊ ਅਤੇ ਭੜਕਾਊ ਫਿਰਕੂ ਹੱਲਿਆਂ ਦੀ ਚੁਣੌਤੀ ਨੂੰ ਟੱਕਰਨ ਪੱਖੋਂ ਸਮਰੱਥਾ ’ਚ ਵਾਧਾ ਹੋਇਆ
ਹੈ। ਇਸੇ ਕਰਕੇ ਕਿਸਾਨਾਂ ਖੇਤ-ਮਜ਼ਦੂਰਾਂ ਅਤੇ ਹੋਰਨਾਂ ਲੋਕ ਹਿੱਸਿਆਂ ਦੇ ਭਖਦੇ ਜਮਾਤੀ ਮੁੱਦੇ ਫਿਰ
ਉੱਭਰ ਕੇ ਮੂਹਰੇ ਆ ਗਏ ਹਨ। ਪਿਛਾਂਹ ਖਿੱਚੂ ਫਿਰਕੂ ਅਤੇ ਹਕੂਮਤੀ ਤਾਕਤਾਂ ਦੀਆਂ ਤਾਜ਼ਾ ਕੋਸ਼ਿਸ਼ਾਂ
ਦੀ ਅਸਰਕਾਰੀ ਨੂੰ ਸੀਮਤ ਕਰਨ ’ਚ ਇਸ ਸੁਲੱਖਣੇ ਹਾਂ-ਪੱਖੀ ਪਹਿਲੂ ਦਾ ਅਹਿਮ
ਰੋਲ ਹੈ।
ਸਾਲ 2015 ਦੇ ਸਤੰਬਰ ਮਹੀਨੇ
ਪੰਜਾਬ ’ਚ ਕਿਸਾਨੀ ਦੇ ਸੰਘਰਸ਼ ਦਾ ਅਖਾੜਾ ਪੂਰੀ ਤਰ੍ਹਾਂ ਮਘਿਆ ਹੋਇਆ ਸੀ। ਚਿੱਟੇ
ਮੱਛਰ ਵੱਲੋਂ ਤਬਾਹ ਕੀਤੀ ਨਰਮੇਂ ਦੀ ਫਸਲ ਦਾ ਪ੍ਰਭਾਵਤ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ
ਢੁੱਕਵਾਂ ਮੁਆਵਜਾ ਦੁਆਉਣ, ਘਟੀਆ ਕੀਟਨਾਸ਼ਕ ਦਵਾਈਆਂ
ਸਪਲਾਈ ਕਰਨ ਦੇ ਮੁਜ਼ਰਮ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਅਤੇ ਉਹਨਾਂ ਦੇ ਸਿਆਸੀ ਸਰਪ੍ਰਸਤਾਂ
ਨੂੰ ਸਜਾਵਾਂ ਦੁਆਉਣ ਅਤੇ ਬਾਸਮਤੀ ਝੋਨੇ ਦੀ ਵਾਜਬ ਕੀਮਤ ’ਤੇ ਖਰੀਦ
ਕਰਾਉਣ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਪੰਜਾਬ ਦੀਆਂ ਜਮਹੂਰੀ ਕਿਸਾਨ ਜਥੇਬੰਦੀਆਂ ਵੱਲੋਂ ਚਲਾਏ ਜਾ
ਰਹੇ ਸੰਘਰਸ਼ ਨੂੰ ਪੰਜਾਬ ਭਰ ਅੰਦਰ ਕਿਸਾਨੀ ਦਾ ਉਤਸ਼ਾਹੀ ਹੁੰਗਾਰਾ ਮਿਲ ਰਿਹਾ ਸੀ। ਅਗਸਤ ਮਹੀਨੇ
ਤੋਂ ਸ਼ੁਰੂ ਹੋਈ ਲਾਮਬੰਦੀ ਲਗਾਤਾਰ ਵਧਦੀ ਜਾ ਰਹੀ ਸੀ। ਬਠਿੰਡੇ ਜਿਲ੍ਹਾ ਕਚਹਿਰੀਆਂ ’ਚ ਕਿਸਾਨ
ਜਥੇਬੰਦੀਆਂ ਵੱਲੋਂ ਲਾਏ ਦਿਨ-ਰਾਤ ਦੇ ਲਗਾਤਾਰ ਮੋਰਚੇ ਨੂੰ ਲਾਮਿਸਾਲ ਹੁੰਗਾਰਾ ਮਿਲਿਆ ਸੀ। ਮੋਰਚੇ
ਦੌਰਾਨ ਨਰਮਾ ਪੱਟੀ ਦੇ ਨਵੇਂ ਤੋਂ ਨਵੇਂ ਪਿੰਡਾਂ ਤੋਂ ਕਿਸਾਨ ਜਨਤਾ ਆਪ ਮੁਹਾਰੇ ਉੱਠ ਕੇ, ਰਾਸ਼ਣ ਪਾਣੀ
ਲੈ ਕੇ, ਮੋਰਚੇ ’ਚ ਸ਼ਾਮਲ ਹੋ ਰਹੀ ਸੀ।
ਕਿਸਾਨਾਂ ਦਾ ਇਹ ਅੰਦੋਲਨ ਇੱਕ ਕਿਸਾਨ ਉਭਾਰ ਦਾ ਰੂਪ ਧਾਰਨ ਕਰ ਰਿਹਾ ਸੀ। ਅਕਤੂਬਰ ਮਹੀਨੇ ਦੇ
ਸ਼ੁਰੂਆਤੀ ਹਫਤੇ ’ਚ ਹਫਤਾ-ਭਰ ਲੰਮੇ ਰੇਲ ਰੋਕੋ ਦੇ ਸੱਦੇ ਦੀ ਪੂਰਨ
ਸਫਲਤਾ ਨੇ ਇਸ ਕਿਸਾਨ ਅੰਦੋਲਨ ਨੂੰ ਸਿਖਰੀਂ ਪਹੁੰਚਾ ਦਿੱਤਾ ਸੀ। ਕਿਸਾਨੀ ਦੇ ਇਸ ਲਾਮਿਸਾਲ ਤੇ
ਜਬਤ-ਬੱਧ ਅੰਦੋਲਨ ਦੀ ਪੰਜਾਬ ਦੇ ਲੋਕਾਂ, ਮੀਡੀਏ ਤੇ ਸਿਆਸੀ
ਹਲਕਿਆਂ ’ਚ ਭਖਵੀਂ ਚਰਚਾ ਹੋ ਰਹੀ ਸੀ। ਪੰਜਾਬ ਸਰਕਾਰ ਬੁਰੀ ਤਰ੍ਹਾਂ ਘਿਰੀ ਅਤੇ ਫਸੀ
ਹੋਈ ਮਹਿਸੂਸ ਕਰ ਰਹੀ ਸੀ।
ਐਨ ਇਸੇ ਮੌਕੇ ਜਦ ਲਾਮਿਸਾਲ ਰੇਲ-ਰੋਕੋ ਅੰਦੋਲਨ ਤੋਂ ਬਾਅਦ, 23 ਅਕਤੂਬਰ ਨੂੰ
ਕਿਸਾਨ ਸੰਘਰਸ਼ ਇੱਕ ਨਵੇਂ ਪੜਾਅ ’ਚ ਦਾਖਲ ਹੋਣ ਜਾ ਰਿਹਾ
ਸੀ ਤਾਂ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਤੇ ਪੱਤਰੇ ਪਾੜ ਕੇ ਸੁੱਟਣ ਦੀ ਬੇਅਦਬੀ
ਭਰਪੂਰ ਘਟਨਾ ਵਾਪਰ ਗਈ। ਇਸ ਤੋਂ ਬਾਅਦ ਕੋਟਕਪੂਰੇ ’ਚ ਇਸ ਘਟਨਾ
ਵਿਰੁੱਧ ਧਰਨਾ ਦੇ ਰਹੇ ਲੋਕਾਂ ’ਤੇ ਲਾਠੀਚਾਰਜ ਤੇ ਫਿਰ
ਬਹਿਬਲ ਕਲਾਂ ’ਚ ਪੁਲਸ ਵੱਲੋਂ ਚਲਾਈ ਗੋਲੀ ਨਾਲ ਦੋ ਧਰਨਾਕਾਰੀਆਂ ਦੀ
ਹੋਈ ਮੌਤ ਨੇ ਰੋਸ ਦੀ ਇਸ ਧੁਖਦੀ ਧੂਣੀ ਨੂੰ ਭੰਬੂਕੇ ’ਚ ਬਦਲ
ਦਿੱਤਾ। ਕਿਸੇ ਗਿਣੀ ਮਿਥੀ ਤੇ ਗੁੱਝੀ ਸ਼ਾਜਿਸ਼ ਤਹਿਤ ਸਿੱਖਾਂ ਦੇ ਧਾਰਮਿਕ ਗਰੰਥ ਦੀ ਬੇਅਦਬੀ ਕਰਨ
ਦਾ ਸ਼ੁਰੂ ਹੋਇਆ ਇਹ ਸਿਲਸਿਲਾ ਇੱਕ ਲਗਾਤਾਰ ਵਰਤਾਰਾ ਬਣ ਗਿਆ ਤੇ ਸਿੱਖ ਜਨਤਾ ਅੰਦਰ ਰੋਹ ਵਧਦਾ
ਗਿਆ।
ਸਿੱਖਾਂ ਦੇ ਧਰਮ ਗਰੰਥ ਦੀ ਬੇਅਦਬੀ ਵਿਰੁੱਧ ਸਿੱਖ ਜਨਤਾ ਦੇ ਵਾਜਬ ਰੋਸ
ਨੂੰ ਕੁੱਝ ਮੌਕਪ੍ਰਸਤ ਤੇ ਫਿਰਕੂ ਸਿਆਸਤਦਾਨਾਂ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਹਵਾ ਦੇਣੀ, ਗੁਮਰਾਹ ਕਰਨਾ
ਤੇ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ। ਸਰਕਾਰ ਤੇ ਪੁਲਸ ਵੱਲੋਂ ਅਪਣਾਈ ਕੁੱਢਰ ਤੇ ਦਬਾਊ ਪਹੁੰਚ ਨੇ
ਅਤੇ ਬਾਦਲ ਸਰਕਾਰ ਦੀਆਂ ਵੋਟ ਗਿਣਤੀਆਂ ਮਿਣਤੀਆਂ ਤਹਿਤ ਡੇਰਾ ਸੱਚਾ ਸੌਦਾ ਦੇ ਮੁੱਖੀ ਦੇ ਮਾਮਲੇ ’ਚ ਕੁਚੱਜੇ ਤੇ
ਬੇਮੌਕਾ ਪੈਂਤੜੇ ਨੇ ਇਸ ਰੋਸ ਲਹਿਰ ਨੂੰ ਝੋਕਾ ਲਾਉਣ ਦਾ ਕੰਮ ਕੀਤਾ। ਕੁੱਝ ਮੌਕਾ-ਤਾੜੂ ਫਿਰਕੂ
ਸਿਆਸਤਦਾਨਾਂ ਨੇ ਸਰਕਾਰ ਵਿਰੋਧੀ ਇਸ ਰੋਸ-ਲਹਿਰ ਨੂੰ ਫਿਰਕੂ ਰੰਗਤ ਦੇਣੀ ਜਾਰੀ ਰੱਖੀ। ਪੁਲਸ ਗੋਲੀ
ਨਾਲ ਮਾਰੇ ਗਏ ਨੌਜਵਾਨਾਂ ਨੂੰ ਫਿਰਕੂ ਨਜਰੀਏ ਤਹਿਤ ਸਿੱਖ ਕੌਮ ਦੇ ਘਾਣ ਵਜੋਂ ਉਭਾਰਿਆ ਗਿਆ।
ਖਾਲਸਤਾਨ ਜਿੰਦਾਬਾਦ ਤੇ ਭਿੰਡਰਾਂਵਾਲਾ ਜਿੰਦਾਬਾਦ ਦੇ ਨਾਹਰੇ ਲਵਾਏ ਗਏ। ਚਾਹੇ ਸਿੱਖ ਜਨਤਾ ਨੇ
ਇਹਨਾਂ ਫਿਰਕੂ ਲੀਡਰਾਂ ਨੂੰ ਬਹੁਤਾ ਹੁੰਗਾਰਾ ਨਹੀਂ ਦਿੱਤਾ ਪਰ ਫਿਰ ਵੀ ਧਾਰਮਿਕ ਬੇਅਦਬੀ ਨਾਲ ਜੁੜ
ਕੇ ਉੱਭਰੀ ਧਾਰਮਕ ਜਨੂੰਨ ਦੀ ਇਸ ਕਾਂਗ ਨੇ ਅਹਿਮ ਕਿਸਾਨੀ ਮੰਗਾਂ ਦੁਆਲੇ ਉੱਸਰੀ ਤੇ ਭਰ ਜੋਬਨ ’ਤੇ ਆਈ ਕਿਸਾਨ
ਜੱਦੋ-ਜਹਿਦ ’ਚ ਵਿਘਨ ਪਾਇਆ। ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਦੀ
ਸੁਰਤ ਲੋਕ ਮਸਲਿਆਂ ਤੋਂ ਭਟਕਾ ਕੇ ਇੱਕ ਵਾਰੀ ਬੇਅਦਬੀ ਦੇ ਮਸਲੇ ’ਤੇ ਕੇਂਦਰਤ
ਕਰ ਦਿੱਤੀ ਸੀ। ਇਹ ਵਰਤਾਰਾ ਇਸ ਗੱਲ ਦਾ ਸੂਚਕ ਹੈ ਕਿ ਜਮਾਤੀ ਜੱਦੋਜਹਿਦ ਦੇ ਨੁਕਤਾ ਨਜਰ ਤੋਂ
ਦੇਖਿਆਂ ਧਾਰਮਕ ਜਨੂੰਨ ਤੇ ਫਿਰਕਾਪ੍ਰਸਤੀ ਕੁਰਾਹੀਆ ਰੁਝਾਨ ਹੈ, ਜਮਾਤੀ
ਜੱਦੋਜਹਿਦ ਤੋਂ ਭਟਕਾਊ ਤੇ ਟਕਰਾਵਾਂ ਰੁਝਾਨ ਹੈ। ਇਸ ਲਈ ਕਿਸਾਨ ਲਹਿਰ ਨੂੰ ਮਜਬੂਤ ਕਰਨ ਤੇ ਅੱਗੇ
ਵਧਾਉਣ ਲਈ ਕਿਸਾਨਾਂ ਨੂੰ ਅਜੇਹੇ ਭਟਕਾਊ ਹੱਥਕੰਡਿਆਂ ਵਿਰੁੱਧ ਸੁਚੇਤ ਤੇ ਸਿੱਖਿਅਤ ਕਰਨਾ ਤੇ
ਇਹਨਾਂ ਨੂੰ ਹਰਾਉਣਾ ਨਿਹਾਇਤ ਜ਼ਰੂਰੀ ਹੈ।
ਭਾਰਤੀ ਕਿਸਾਨ ਯੂਨੀਅਨ ਲਈ ਇਹ ਕੋਈ ਪਹਿਲਾ ਮੌਕਾ ਨਹੀਂ ਜਦ ਧਾਰਮਕ ਜਨੂੰਨ
ਤੇ ਫਿਰਕੂ ਤੁਅੱਸਬ ਇਸ ਲਈ ਗੰਭੀਰ ਚੁਣੌਤੀ ਬਣ ਕੇ ਉੱਭਰੇ ਹਨ। ਦਰਅਸਲ ਪਿਛਲੀ ਸਦੀ ਦੇ ਅੱਸੀਵਿਆਂ
ਤੇ ਨੱਬੇਵਿਆਂ ਦੇ ਸਾਲਾਂ ’ਚ ਭਾਰਤੀ ਕਿਸਾਨ ਯੂਨੀਅਨ ’ਚ
ਕਿਸਾਨ-ਪੱਖੀ ਧਿਰ ਨੂੰ ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੂਹਰੇ ਸੰਤਾਪ ਵਾਲੀਆਂ ਬੇਹੱਦ ਕਠਿਨ
ਹਾਲਤਾਂ ’ਚ, ਜਥੇਬੰਦੀ ਦੇ ਅੰਦਰ ਅਤੇ
ਬਾਹਰ, ਦੋਹਾਂ ਮੋਰਿਚਿਆਂ ਤੇ ਅਜ਼ਮਾਇਸ਼ੀ ਸੰਘਰਸ਼ ’ਚੋਂ ਗੁਜ਼ਰਨਾ
ਪਿਆ ਸੀ। ਇਸ ਲੰਮੇ, ਗੁੰਝਲਦਾਰ ਤੇ ਅਜਮਾਇਸ਼ੀ ਘੋਲ ’ਚ ਕਿਵੇਂ
ਕਿਸਾਨ ਪੱਖੀ ਧਿਰ ਇਹਨਾਂ ਭਟਕਾਊ ਤੇ ਕਿਸਾਨ ਵਿਰੋਧੀ ਰੁਝਾਨਾਂ ਨਾਲ ਮੜਿੱਕਦਿਆਂ, ਅੰਤ ਇਹਨਾਂ
ਨੂੰ ਪਛਾੜਦਿਆਂ, ਸੰਗਰਾਮੀ ਕਿਸਾਨ ਜਨਤਾ ਦੇ ਵੱਡੇ ਹਿੱਸਿਆਂ
ਨੂੰ ਆਪਣੇ ਦੁਆਲੇ ਲਾਮਬੰਦ ਕਰਨ ’ਚ ਕਾਮਯਾਬ ਰਹੀ, ਉਸ ਦਾ ਹੇਠਾਂ
ਬਹੁਤ ਹੀ ਸੰਖੇਪ ਵਰਨਣ ਦਿੱਤਾ ਜਾ ਰਿਹਾ ਹੈ।
1980ਵਿਆਂ ਦੇ ਸ਼ੁਰੂਆਤੀ ਸਾਲਾਂ ’ਚ, ਪੰਜਾਬ ਵਿੱਚ
ਕਿਸਾਨੀ ਅੰਦਰ ਸਰਗਰਮ ਭਾਰਤੀ ਕਿਸਾਨ ਯੂਨੀਅਨ ਅਜਿਹੀ ਇਕੋ ਇੱਕ ਜਥੇਬੰਦੀ ਸੀ ਜਿਸ ਦਾ ਮੁਕਾਬਲਤਨ
ਕੁੱਝ ਅਸਰ ਰਸੂਖ ਸੀ। ਭਾਵੇਂ ਇਸ ਦੀ ਲੀਡਰਸ਼ਿੱਪ ਮੁੱਖ ਤੌਰ ’ਤੇ ਧਨੀ
ਕਿਸਾਨੀ ਤੇ ਲੈਂਡਲਾਰਡਾਂ ਦੇ ਹੱਥ ਸੀ ਪਰ ਇਸ ਦਾ ਗੈਰ-ਧਰਮੀ ਤੇ ਗੈਰ ਸਿਆਸੀ ਬੰਧੇਜ ਸਰਗਰਮੀ ਕਰਨ
ਲਈ ਇਨਕਲਾਬੀ ਕਾਰਕੁਨਾਂ ਨੂੰ ਬੇਹਤਰ ਗੁੰਜਾਇਸ਼ ਮੁਹੱਈਆ ਕਰਦਾ ਸੀ। ਗੈਰ-ਧਰਮੀ ਦਾ ਅਰਥ ਇਹ ਨਹੀਂ
ਸੀ ਕਿ ਧਾਰਮਿਕ ਬਿਰਤੀ ਵਾਲਾ ਜਾਂ ਧਰਮ ਨੂੰ ਮੰਨਣ ਵਾਲਾ ਕੋਈ ਕਿਸਾਨ ਇਸ ਦਾ ਮੈਂਬਰ ਨਹੀਂ ਬਣ
ਸਕਦਾ ਸੀ ਸਗੋਂ ਇਸ ਦਾ ਅਰਥ ਇਹ ਸੀ ਕਿ ਕਿਸੇ ਵੀ ਧਰਮ ਜਾਂ ਜਾਤ ਨੂੰ ਮੰਨਣ ਜਾਂ ਨਾ ਮੰਨਣ ਵਾਲਾ
ਹਰ ਕਿਸਾਨ ਇਸ ਦਾ ਮੈਂਬਰ ਬਣ ਸਕਦਾ ਸੀ । ਪਰ ਇੱਕ ਜਥੇਬੰਦੀ ਦੇ ਤੌਰ ’ਤੇ, ਯੂਨੀਅਨ
ਧਰਮ-ਨਿਰਪੱਖ ਜਥੇਬੰਦੀ ਸੀ। ਯਾਨੀ, ਯੂਨੀਅਨ ਦਾ ਜਥੇਬੰਦੀ
ਦੇ ਤੌਰ ’ਤੇ ਕਿਸੇ ਧਰਮ ਵਿਸ਼ੇਸ਼ ਨਾਲ ਕੋਈ ਲਾਗਾ ਦੇਗਾ ਨਹੀਂ ਹੋਵੇਗਾ। ਯੂਨੀਅਨ ਦੀ
ਸਟੇਜ ਤੋਂ ਕਿਸੇ ਧਰਮ ਨੂੰ ਉਤਸ਼ਾਹਤ ਜਾਂ ਨਿਰਉਤਸ਼ਾਹਤ ਨਹੀਂ ਕੀਤਾ ਜਾਵੇਗਾ। ਯੂਨੀਅਨ ਨੂੰ ਕਿਸੇ ਵੀ
ਧਰਮ ਦੀ ਰਾਖੀ ਜਾਂ ਵਧਾਰੇ ਪਸਾਰੇ ਜਾਂ ਵਿਰੋਧ ਲਈ ਵਰਤਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਇਸੇ ਤਰ੍ਹਾਂ
ਗੈਰਸਿਆਸੀ ਦਾ ਅਰਥ ਇਹ ਸੀ ਕਿ ਯੂਨੀਅਨ ਕਿਸੇ ਪਾਰਟੀ ਵਿਸ਼ੇਸ ਨਾਲ ਨਹੀਂ ਜੁੜੇਗੀ, ਕਿਸੇ ਵੀ
ਸਿਆਸੀ ਪਾਰਟੀ ਨਾਲ ਰਲ ਕੇ ਨਹੀਂ ਚੱਲੇਗੀ ਜਾਂ ਸਾਂਝੀਆਂ ਸਰਗਰਮੀਆਂ ਨਹੀਂ ਕਰੇਗੀ ਤੇ ਵੋਟ ਸਿਆਸਤ ’ਚ ਕਿਸੇ
ਪਾਰਟੀ ਵਿਸ਼ੇਸ਼ ਦੀ ਹਮਾਇਤ ਜਾਂ ਵਿਰੋਧ ਨਹੀਂ ਕਰੇਗੀ। ਪਾਰਟੀ ਵਿਧਾਨ ਦੀਆਂ ਇਹ ਦੋ ਪ੍ਰਮੁੱਖ
ਵਿਸ਼ੇਸ਼ਤਾਵਾਂ ਨਾ ਸਿਰਫ ਇਸ ਨੂੰ ਫਿਰਕੂ, ਜਾਤਪਾਤੀ ਜਾਂ ਪਾਰਟੀ
ਸਿਆਸਤ ਦੇ ਆਧਾਰ ਤੇ ਵੰਡੇ ਜਾਣ ਤੋਂ ਰੋਕਣ ਦੀ ਗਰੰਟੀ ਬਣਦੀਆਂ ਸਨ ਸਗੋਂ ਵੱਧ ਤੋਂ ਵੱਧ ਕਿਸਾਨ
ਜਨਤਾ ਨੂੰ ਯੂਨੀਅਨ ਅੰਦਰ ਸਰਗਰਮ ਹੋ ਸਕਣ ਦਾ ਬਾਹਰਮੁਖੀ ਆਧਾਰ ਮੁਹੱਈਆ ਕਰਦੀਆਂ ਸਨ।
1980 ਵਿਆਂ ਦੇ ਸ਼ੁਰੂਆਤੀ ਸਾਲ ਅਜਿਹਾ ਸਮਾਂ ਸੀ ਜਦੋਂ ਹਕੂਮਤੀ ਗੱਦੀਆਂ
ਹਥਿਆਉਣ ਦੀ ਦੌੜ ’ਚ ਹਾਕਮ ਜਮਾਤਾਂ ਦੇ ਅੱਡ ਅੱਡ ਹਿੱਸੇ ਵਿਸ਼ੇਸ਼ ਕਰਕੇ
ਕਾਂਗਰਸ ਤੇ ਅਕਾਲੀ ਧੜੇ, ਇੱਕ ਦੂਜੇ ਨੂੰ ਠਿੱਬੀ
ਲਾਉਣ ਲਈ ਧਾਰਮਿਕ ਜਨੂੰਨ ਅਤੇ ਫਿਰਕੂ ਜ਼ਹਿਰ ਪਸਾਰਾ ਕਰਨ ਦੀ ਗੰਦੀ ਖੇਡ ’ਚ ਮਸ਼ਰੂਫ ਸਨ।
ਇੱਕ ਪਾਸੇ ਫਿਰਕੂ ਫਾਸ਼ੀ ਸਿੱਖ ਦਹਿਸ਼ਤਗਰਦ ਟੋਲੇ ਨੇ ਦੂਜੇ ਪਾਸੇ ਹਕੂਮਤੀ ਹਥਿਆਰਬੰਦ ਸ਼ਕਤੀਆਂ ਦੀ
ਦਹਿਸ਼ਤਗਰਦੀ ਨਾ ਸਿਰਫ ਆਪਸ ਵਿਚ ਭਿੜਦੀਆਂ ਸਨ ਸਗੋਂ ਦੋਹੇਂ ਲੋਕਾਂ ਦੇ ਉੱਪਰ ਵੀ ਖੂਨੀ ਝਪਟ ਮਾਰ
ਰਹੀਆਂ ਸਨ। ਅਜਿਹੇ ਔਖੇ ਸਮਿਆਂ ’ਚ ਭਾਰਤੀ ਕਿਸਾਨ
ਯੂਨੀਅਨ ਵੱਲੋਂ ਪੰਜਾਬ ਭਰ ’ਚੋਂ ਤੀਹ-ਚਾਲੀ ਹਜਾਰ ਕਿਸਾਨਾਂ ਨੂੰ ਲਾਮਬੰਦ
ਕਰਕੇ ਚੰਡੀਗੜ੍ਹ ’ਚ ਗਵਰਨਰ ਹਾਊਸ ਦਾ ਕਈ ਦਿਨ ਘਿਰਾਓ ਕਰੀ
ਰੱਖਣਾ ਤੇ ਮੁੱਖ ਮੰਗ ਮਨਾ ਕੇ ਉੱਠਣਾ ਬਹੁਤ ਹੀ ਸਲਾਹੁਣ ਯੋਗ ਉੱਦਮ ਸੀ। ਕਿਸਾਨੀ ਮੰਗਾਂ ਮਸਲਿਆਂ ’ਤੇ ਇਸ ਤਰ੍ਹਾਂ
ਦੀਆਂ ਜੱਦੋਜਹਿਦਾਂ ਨਾ ਸਿਰਫ ਉਹਨਾਂ ਦੇ ਹੱਕਾਂ ਦੀ ਲੜਾਈ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਦੀਆਂ ਸਨ
ਸਗੋਂ ਕਿਸਾਨ ਜਨਤਾ ਦੇ ਵੱਡੇ ਹਿੱਸਿਆਂ ਨੂੰ ਇੱਕ ਜਾਂ ਦੂਜੀ ਕਿਸਮ ਦੇ ਫਿਰਕੂ ਅਨਸਰਾਂ ਦੇ ਚੁੰਗਲ ’ਚ ਫਾਹੇ ਜਾਣ
ਤੋਂ ਵੀ ਬਚਾਅ ਕਰਨ ਦਾ ਸਾਧਨ ਬਣਦੀਆਂ ਸਨ। ਭਰਾ-ਮਾਰ ਲੜਾਈ ਦੇ ਮੂੰਹ ਧੱਕਣ ਦੀ ਥਾਂ ਭਾਈਚਾਰਕ
ਸਾਂਝ ਨੂੰ ਕਾਇਮ ਰੱਖਣ ਤੇ ਵਧਾਉਣ ਦਾ ਸਾਧਨ ਬਣਦੀਆਂ ਸਨ। ਇਸ ਸੰਘਰਸ਼ ਰਾਹੀਂ ਹੋਰਨਾਂ ਸੂਬਿਆਂ ਦੀ
ਕਿਸਾਨੀ ਨਾਲ ਸਾਂਝੀ ਹੋਣੀ ਦਾ ਅਹਿਸਾਸ ਤਕੜਾ ਹੋ ਰਿਹਾ ਸੀ। ਨਿੱਜੀ ਧਾਰਮਕ ਵਿਸ਼ਵਾਸਾਂ ਦੀ ਭਿੰਨਤਾ
ਦੇ ਬਾਵਜੂਦ ਕਿਸਾਨੀ ਦੀ ਤਬਕੇ ਵਜੋਂ ਸ਼ਨਾਖਤ ਸਿਰਮੌਰ ਬਣੀ ਹੋਈ ਸੀ। ਇਸੇ ਵਜ੍ਹਾ ਕਰਕੇ
ਭਿੰਡਰਾਂਵਾਲੇ ਨੇ ਕਿਸਾਨ ਅੰਦੋਲਨ ਦੀ ਰੜਕ ਮੰਨੀ ਸੀ ਅਤੇ ਇਸਨੂੰ ਖੁੱਲ੍ਹੇਆਮ ਨਿੰਦਿਆ ਸੀ। ਪਰ
ਬੀ.ਕੇ.ਯੂ. ਦੀ ਲੀਡਰਸ਼ਿਪ ਆਪਣੇ ਜਮਾਤੀ ਕਿਰਦਾਰ ਅਤੇ ਹੋਰ ਸੀਮਤਾਈਆਂ/ਕਮਜ਼ੋਰੀਆਂ ਕਾਰਨ ਕਿਸਾਨ
ਸੰਘਰਸ਼ ਦੇ ਰਾਹ ਅੱਗੇ ਵਧਣ ਦੇ ਅਸਮਰੱਥ ਰਹੀ।
‘‘ਨੀਲਾ ਤਾਰਾ ਕਾਰਵਾਈ’’ ਤੋਂ ਮਗਰਲੇ ਅਰਸੇ ’ਚ ਯੂਨੀਅਨ
ਆਗੂਆਂ ਦੇ ਇੱਕ ਹਿੱਸੇ ਦੀ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਦੀ ਮੌਕਾ-ਤਾੜੂ ਪਹੁੰਚ ਸਦਕਾ, ਕੁੱਝ ਫਿਰਕੂ
ਸਿੱਖ ਸਿਆਸਤ ਦੇ ਪ੍ਰਭਾਵ ਸਦਕਾ ਤੇ ਕੁੱਝ ਫਿਰਕੂ ਫਾਸ਼ੀ ਗਰੋਹਾਂ ਦੇ ਡਰ ਸਦਕਾ, ਲੀਡਰਸ਼ਿਪ ਨੇ
ਆਪਣੀਆਂ ਤਹਿਸ਼ੁਦਾ ਬੁਨਿਆਦੀ ਨੀਤੀਆਂ ਤੋਂ ਮੋੜਾ ਕੱਟਣਾ ਸ਼ੁਰੂ ਕਰ ਦਿੱਤਾ। ਰਾਜੀਵ-ਲੋਂਗੋਵਾਲ
ਸਮਝੌਤੇ ਤੋਂ ਬਾਅਦ ਹੋਈਆਂ ਪੰਜਾਬ ਅਸੈਂਬਲੀ ਚੋਣਾਂ ਮੌਕੇ ਸਿਆਸੀ ਪਾਰਟੀਆਂ ਤੋਂ ਨਿਰਪਲੇਪ ਰਹਿਣ
ਦੇ ਯੂਨੀਅਨ ਦੇ ਬੰਧੇਜ ਨੂੰ ਦਰ-ਕਿਨਾਰ ਕਰਦਿਆਂ ਲੀਡਰਸ਼ਿਪ ਨੇ ਚੋਣਾਂ ’ਚ ਅਕਾਲੀ ਦਲ
ਦੀ ਹਮਾਇਤ ਦਾ ਐਲਾਨ ਕਰ ਦਿੱਤਾ। ਫਿਰ ਬਰਨਾਲਾ ਹਕੂਮਤ ਵੱਲੋਂ ਠੁੱਠ ਵਿਖਾ ਦੇਣ ਤੇ ਬਾਦਲ-ਟੌਹੜਾ
ਧੜੇ ਵੱਲੋਂ ਅੱਡ ਹੋ ਜਾਣ ’ਤੇ ਬੀ.ਕੇ.ਯੂ. ਦੀ ਭਾਰੂ ਲੀਡਰਸ਼ਿਪ ਨੇ ਬਾਦਲ
ਧੜੇ ਦਾ ਗੁਣਗਾਨ ਸ਼ੁਰੂ ਕਰ ਲਿਆ। ਇਸ ਤੋਂ ਬਾਦ ਹੋਈਆਂ ਚੋਣਾਂ ’ਚ ਇਸ ਨੇ
ਸਿਮਰਨਜੀਤ ਸਿੰਘ ਮਾਨ ਦਾ ਪੱਲਾ ਫੜ ਲਿਆ, ਹਾਲਾਂ ਕਿ ਮਾਨ ਨੇ
ਕਿਸਾਨੀ ਮੰਗਾਂ ਮਸਲਿਆਂ ਬਾਰੇ ਕਦੇ ਵੀ ਕੋਈ ਦਿਲਚਸਪੀ ਨਹੀਂ ਵਿਖਾਈ ਸੀ। ਨਾ ਉਸ ਕੋਲ ਕਿਸਾਨੀ ਲਈ
ਕੋਈ ਸੇਧ ਦਿਖਾਈ ਦਿੰਦੀ ਸੀ। ਯੂਨੀਅਨ ਅੰਦਰਲੇ ਕਿਸਾਨ ਪੱਖੀ ਹਿੱਸਿਆਂ ਨੇ ਇਸ ਤਿਲਕਾਅ ਵਿਰੁੱਧ
ਬੁੜ ਬੁੜ ਤੇ ਰੋਸ ਜਾਰੀ ਰੱਖਿਆ ਪਰ ਇਹ ਧਿਰ ਛੋਟੀ ਤੇ ਕਮਜੋਰ ਹੋਣ ਕਰਕੇ ਇਸ ਭਟਕਣ ਵਿਰੁੱਧ ਕੋਈ
ਅਸਰਦਾਰ ਰੋਕ ਨਹੀਂ ਬਣ ਸਕੀ।
ਬੀ.ਕੇ.ਯੂ.ਦੀ ਚੋਟੀ ਲੀਡਰਸ਼ਿਪ ਦੇ ਵੱਡੇ ਹਿੱਸੇ ਦੇ ਫਿਰਕੂ ਸਿੱਖ ਸਿਆਸਤ
ਜਾਂ ਇਸ ਤੋਂ ਵੀ ਵੱਧ ਫਿਰਕੂ ਫਾਸ਼ੀ ਦਹਿਸ਼ਤਗਰਦ ਸਿਆਸਤ ਦੇ ਪ੍ਰਭਾਵ ਹੇਠ ਆ ਜਾਣ ਦਾ ਸਭ ਤੋਂ ਅਹਿਮ
ਸਿੱਟਾ ਬੀ.ਕੇ.ਯੂ ਦੇ ਕਿਸਾਨੀ ਦੀਆਂ ਭਖਵੀਆਂ ਤੇ ਅਹਿਮ ਮੰਗਾਂ-ਮਸਲਿਆਂ ਤੇ ਸੰਘਰਸ਼ ਕਰਨ ਤੋਂ ਮੂੰਹ
ਫੇਰ ਲਏ ਜਾਣ ’ਚ ਨਿੱਕਲਿਆ। ਕਿਸਾਨ ਜੱਦੋਜਹਿਦ ਠੱਪ ਹੋ ਕੇ ਰਹਿ ਗਈ।
ਲੀਡਰਸ਼ਿਪ ਨੇ ਕਿਸਾਨੀ ਮੰਗਾਂ ਦੀ ਥਾਂ ਫਿਰਕੂ ਸਿੱਖ ਸਿਆਸਤਦਾਨਾਂ ਵੱਲੋਂ ਉਭਾਰੀਆਂ ਜਾ ਰਹੀਆਂ
ਮੰਗਾਂ ਦੀ ਸੁਰ ’ਚ ਸੁਰ ਮਿਲਾਉਣੀ ਸ਼ੁਰੂ ਕਰ ਰੱਖੀ ਸੀ। ਯੂਨੀਅਨ
ਅੰਦਰਲੇ ਖਰੇ ਕਿਸਾਨ ਪੱਖੀ ਹਿੱਸਿਆਂ ਵੱਲੋਂ ਆਪੋ ਆਪਣੇ ਪ੍ਰਭਾਵ ਹੇਠਲੇ ਸਥਾਨਕ ਪੱਧਰਾਂ ’ਤੇ ਪ੍ਰਚਾਰ
ਅਤੇ ਸਥਾਨਕ ਸਰਗਰਮੀ ਜਾਰੀ ਰੱਖ ਕੇ ਹਰ ਕਿਸਮ ਦੀ ਫਿਰਕਾਪ੍ਰਸਤੀ ਅਤੇ ਦਹਿਸ਼ਤਗਰਦੀ ਦਾ ਵਿਰੋਧ ਕਰਨਾ
ਜਾਰੀ ਰੱਖਿਆ ਗਿਆ। ਇਸ ਨਾਲ ਕਿਸਾਨ ਸਰਗਰਮੀ ਤੇ ਕਿਸਾਨ ਜਥੇਬੰਦੀ ਦੀ ਹੋਂਦ ਨੂੰ ਬਚਾਅ ਕੇ ਰੱਖਣ ’ਚ ਸਫਲਤਾ
ਮਿਲੀ।
ਚੋਟੀ ਲੀਡਰਸ਼ਿਪ ਦੇ ਫਿਰਕੂ ਫਾਸ਼ੀ ਸਿੱਖ ਸਿਆਸਤ ਦੇ ਲਪੇਟੇ ’ਚ ਆ ਜਾਣ ਦਾ
ਇੱਕ ਹੋਰ ਨੁਕਸਾਨ ਇਸ ਦੇ ਵਕਾਰ ਤੇ ਅਕਸ ਨੂੰ ਲੱਗੀ ਢਾਹ ਦੇ ਰੂਪ ’ਚ ਸਾਹਮਣੇ
ਆਇਆ। ਗੈਰ-ਧਰਮੀ ਰਹਿਣ ਯਾਨੀ ਕਿ ਕਿਸੇ ਵੀ ਧਰਮ ਦੇ ਪੱਖੀ ਜਾਂ ਵਿਰੋਧੀ ਹੋਣ ਤੋਂ ਨਿਰਲੇਪ ਰਹਿਣ
ਦੇ ਆਪਣੇ ਬੁਨਿਆਦੀ ਅਸੂਲ ਤੋਂ ਥਿੜਕਦਿਆਂ, ਲੀਡਰਸ਼ਿਪ ਨੇ ਮਨਮਾਨੇ
ਢੰਗ ਨਾਲ, ਸਿੱਖ ਹਿੱਤਾਂ ਦੀ ਤਰਫਦਾਰੀ ਤੇ ਪਹਿਰੇਦਾਰੀ ਆਰੰਭ ਦਿੱਤੀ। ਸਿੱਖਾਂ ਉਤੇ
ਹਕੂਮਤੀ ਅਤਿਆਚਾਰਾਂ ਤੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ’ਚ ਕਤਲਾਂ ਦੀ
ਦੁਹਾਈ ਪਿੱਟਣੀ ਸ਼ੁਰੂ ਕਰ ਦਿੱਤੀ। ਇਸ ਨੇ ਫਿਰਕੂ ਫਾਸ਼ੀ ਸਿੱਖ ਦਹਿਸ਼ਤਗਰਦਾਂ ਵੱਲੋਂ ਬੇਕਸੂਰ ਲੋਕਾਂ, ਵਿਸ਼ੇਸ਼ ਕਰਕੇ
ਕਿਸਾਨਾਂ ਦੇ ਕੀਤੇ ਜਾ ਰਹੇ ਵਹਿਸ਼ੀ ਕਤਲਾਂ, ਵਸੂਲੀਆਂ ਜਾ ਰਹੀਆਂ
ਫਿਰੌਤੀਆਂ ਅਤੇ ਮੜ੍ਹੇ ਜਾ ਰਹੇ ਨਾਦਰਸ਼ਾਹੀ ਫੁਰਮਾਨਾਂ ਬਾਰੇ ਪੂਰੀ ਤਰ੍ਹਾਂ ਚੁੱਪ ਵੱਟ ਲਈ।
ਹਾਲਾਂਕਿ ਪੁਲਿਸ ਗੋਲੀ ਨਾਲ ਮਰਨ ਵਾਲੇ ਸਿੱਖਾਂ ਦੇ ਮੁਕਾਬਲੇ ਸਿੱਖ ਦਹਿਸ਼ਗਰਦਾਂ ਹੱਥੋਂ ਮਾਰੇ ਜਾ
ਰਹੇ ਸਿੱਖਾਂ ਦੀ ਗਿਣਤੀ ਕਿਤੇ ਜਿਆਦਾ ਸੀ। ਲੀਡਰਸ਼ਿਪ ਦੇ ਇਸ ਫਿਰਕੂ ਤੇ ਪੱਖਪਾਤੀ ਨਜ਼ਰੀਏ ਕਰਕੇ, ਨਾ ਸਿਰਫ
ਬੀ.ਕੇ.ਯੂ. ਤੋਂ ਇਸ ਦੀ ਲੀਡਰਸ਼ਿੱਪ ਦੇ ਨਿਰਪੱਖ ਤੇ ਇਨਸਾਫਪਸੰਦੀ ਵਾਲੇ ਅਕਸ ਨੂੰ ਢਾਹ ਲੱਗ ਰਹੀ
ਸੀ ਸਗੋਂ ਗੈਰ-ਸਿੱਖ, ਅਫਿਰਕੂ ਅਤੇ ਇਨਸਾਫ ਪਸੰਦ ਹਿੱਸੇ ਲੀਡਰਸ਼ਿੱਪ
ਦੇ ਅਜਿਹੇ ਬੇਅਸੂਲੇ ਵਿਹਾਰ ਤੋਂ ਬਦਜ਼ਨ ਹੋ ਕੇ ਪਿੱਛੇ ਹਟਣ ਲੱਗ ਪਏ ਸਨ। ਖਰੇ ਕਿਸਾਨ ਪੱਖੀ
ਹਿੱਸਿਆਂ ਨੇ ਚੋਟੀ ਲੀਡਰਸ਼ਿੱਪ ਦੇ ਇਸ ਆਪਹੁਦਰੇ ਤੇ ਫਿਰਕੂ ਵਿਹਾਰ ਦਾ ਵਿਰੋਧ ਕਰਨਾ ਅਤੇ ਆਮ
ਕਿਸਾਨਾਂ ਦਾ ਦਬਾਅ ਲਾਮਬੰਦ ਕਰਕੇ ਉਹਨਾਂ ਨੂੰ ਇਸ ਘਾਤਕ ਰਾਹ ਤੋਂ ਹਟਕਣ ਦਾ ਉਪਰਾਲਾ ਜਾਰੀ
ਰੱਖਿਆ।
19 ਤੋਂ 21 ਜੁਲਾਈ 1990 ਨੂੰ
ਗੋਇੰਦਵਾਲ ਸਾਹਿਬ ਵਿਖੇ ਹੋਏ ਬੀ.ਕੇ.ਯੂ. ਦੇ ਸੂਬਾਈ ਇਜਲਾਸ ’ਚ ਖਰੀ ਕਿਸਾਨ
ਪੱਖੀ ਧਿਰ ਨੇ ਚੋਟੀ ਲੀਡਰਸ਼ਿਪ ਦੀ ਯੂਨੀਅਨ ਲਈ ਘਾਤਕ ਫਿਰਕੂ ਲੀਹ ਦਾ ਬਠਿੰਡਾ ਦੇ ਜਿਲ੍ਹਾ ਪ੍ਰਧਾਨ
ਦੀ ਅਗਵਾਈ ਵਿੱਚ ਤਕੜਾ ਵਿਰੋਧ ਕੀਤਾ। ਭਾਰੂ ਲੀਡਰਸ਼ਿੱਪ ਨੇ ਚੁਸਤੀ ਤੇ ਮੱਕਾਰੀ ਵਰਤਦਿਆਂ ਖਰੀ
ਕਿਸਾਨ ਪੱਖੀ ਧਿਰ ਵਿਰੁੱਧ ‘‘ਫੁੱਟ ਪਾਉਣ ਤੇ ਉਤਾਰੂ
ਹੋਣ’’ ਦੀ ਕਾਨਾਫੂਸੀ ਅਰੰਭ ਦਿੱਤੀ। ਲੀਡਰਸ਼ਿੱਪ ਦੇ ਕਿਰਦਾਰ ਬਾਰੇ ਬੇ-ਭੇਤੇ ਤੇ
ਨਾ-ਤਜਰਬੇਕਾਰ ਕਿਸਾਨ-ਡੈਲੀਗੇਟ ਲੀਡਰਸ਼ਿਪ ਦੇ ਗੁਮਰਾਹੀ ਪ੍ਰਚਾਰ ਦੇ ਪਲੇਚੇ ’ਚ ਆ ਗਏ। ਇਸ
ਹਾਲਤ ਦਾ ਲਾਹਾ ਲੈਂਦਿਆਂ ਲੀਡਰਸ਼ਿੱਪ ਨੇ ਜਥੇਬੰਦੀ ਦਾ ਕਿਰਦਾਰ ਗੈਰ-ਧਰਮੀ ਤੋਂ ਬਦਲ ਕੇ ਸਰਭ-ਧਰਮੀ
ਕਰਨ, ਸਿਆਸੀ ਪਾਰਟੀਆਂ ਨਾਲ ਗੱਠਜੋੜ ਤੇ ਚੋਣ ਸਮਝੌਤੇ ਕਰਨ, ਵਪਾਰੀਆਂ ਨੂੰ
ਯੂਨੀਅਨ ਦੇ ਮੈਂਬਰ ਬਣਾਉਣ ਅਤੇ ਜਮੀਨੀ ਹੱਦਬੰਦੀ ਤੋਂ ਵਾਧੂ ਜਮੀਨ ਛੋਟੇ ਕਿਸਾਨਾਂ ’ਚ ਵੰਡਣ ਦੀ
ਮੱਦ ਰੱਦ ਕਰਨ ਜਿਹੀਆਂ ਸੰਵਿਧਾਨਕ ਸੋਧਾਂ ਪਾਸ ਕਰਵਾ ਲਈਆਂ। ਖਰੀ ਕਿਸਾਨ ਪੱਖੀ ਧਿਰ ਵੱਲੋਂ ਰੱਖੀ
ਹਰ ਕਿਸਮ ਦੀ ਫਿਰਕਾਪ੍ਰਸਤੀ ਤੇ ਦਹਿਸ਼ਤਗਰਦੀ ਦਾ ਵਿਰੋਧ ਕਰਨ ਦੀ ਤਜਵੀਜ ਨੂੰ ਵੀ ਲੀਡਰਸ਼ਿੱਪ ਨੇ
ਰੱਦ ਕਰਵਾ ਦਿੱਤਾ। ਪਰ ਇਸ ਦੇ ਬਾਵਜੂਦ ਖਰੀ ਕਿਸਾਨ ਪੱਖੀ ਧਿਰ ਭਾਰੀ ਜੱਦੋਜਹਿਦ ਰਾਹੀਂ ਕਈ ਮਸਲਿਆਂ
’ਤੇ ਕਿਸਾਨ ਵਿਰੋਧੀ ਧਿਰ ਨੂੰ ਪਛਾੜਨ ’ਚ ਕਾਮਯਾਬ
ਰਹੀ। ਇਹਨਾਂ ਪ੍ਰਾਪਤੀਆਂ ’ਚ ਵਪਾਰੀਆਂ ਨੂੰ ਯੂਨੀਅਨ ਦੇ ਆਹੁਦੇਦਾਰ ਨਾ
ਬਣਨ ਦੇਣਾ, ਖੇਤੀਬਾੜੀ ਨੂੰ ਸਨਅੱਤ ਦਾ ਦਰਜਾ ਦਿਵਾਉਣ ਲਈ
ਸੰਘਰਸ਼ ਕਰਨ, ਔਰਤਾਂ ਨਾਲ ਧੱਕੇ, ਵਿਤਕਰੇ ਤੇ
ਦਾਬੇ ਵਿਰੁੱਧ ਲੜਾਈ ਵਾਲੀ ਮੱਦ ਨੂੰ ਖਤਮ ਕਰਨ ਦੀ ਸੋਧ ਰੱਦ ਕਰਨ, ਨਾਮਜਦਗੀਆਂ
ਤੀਹ ਚਾਲੀ ਫੀ ਸਦੀ ਤੋਂ ਘਟਾ ਕੇ ਸਿਰਫ ਦੋ ਤੱਕ ਸੀਮਤ ਕਰਨ ਤੇ ਕੋਰਮ ਪੂਰਾ ਨਾ ਹੋਣ ਦੀ ਹਾਲਤ ’ਚ ਦੁਬਾਰਾ
ਇਤਲਾਹ ਤੇ ਸਮਾਂ ਦੇ ਕੇ ਕੋਰਮ ਪੂਰਾ ਕਰਨ ਜਿਹੀਆਂ ਅਹਿਮ ਗੱਲਾਂ ਸ਼ਾਮਲ ਸਨ।
27 ਸਤੰਬਰ 1990 ਨੂੰ ਚੰਡੀਗੜ੍ਹ ’ਚ ਵਰ੍ਹਦੇ
ਮੀਂਹ ’ਚ ਹੋਈ ਰੈਲੀ ’ਚ ਪੰਜਾਬ ਭਰ ’ਚੋਂ ਹਜਾਰਾਂ
ਕਿਸਾਨ ਪਹੁੰਚੇ। ਗਵਰਨਰ ਨਾਲ ਮੰਗਾਂ ਸਬੰਧੀ ਗੱਲਬਾਤ ਟੁੱਟ ਜਾਣ ਤੇ ਇਹ ਰੈਲੀ ਅਣਮਿਥੇ ਸਮੇਂ ਦੇ
ਮੋਰਚੇ ’ਚ ਵਟ ਗਈ। ਅਜਿਹਾ ਫੈਸਲਾ ਲੀਡਰਸ਼ਿੱਪ ਨੂੰ ਕਿਸਾਨਾਂ ਦੇ ਤਿੱਖੇ ਰੌਂਅ ਨੂੰ
ਵੇਖਦਿਆਂ ਲੈਣਾ ਪਿਆ। ਬੀ.ਕੇ.ਯੂ.ਦੇ ਕੌਮੀ ਪ੍ਰਧਾਨ ਮਹਿੰਦਰ ਸਿੰਘ ਟਕੈਤ ਨੇ ਪੰਜਾਬ ’ਚ ਹੋ ਰਹੀ
ਕਤਲੋਗਾਰਦ ’ਤੇ ਚਿੰਤਾ ਪ੍ਰਗਟ ਕਰਦਿਆਂ ਇਸ ਨੂੰ ਬੰਦ ਕਰਾਉਣ ਦੀ
ਮੰਗ ਕੀਤੀ। ਇਸ ਤੋਂ ਐਨ ਉਲਟ ਬੀ.ਕੇ.ਯੂ. ਪੰਜਾਬ ਦੇ ਦੋ ਆਗੂਆਂ ਨੇ ਖਾਲਸਤਾਨੀ ਦਹਿਸ਼ਤਗਰਦੀ ਦੀ ਜੈ
ਜੈ ਕਾਰ ਕਰਦਿਆਂ ਇਸ ਨੂੰ ਕਿਸਾਨਾਂ ਦੀ ਲੜਾਈ ਦੱਸਿਆ। ਕੁੱਝ ਦਿਨਾਂ ਬਾਦ ਕੋਈ ਵੀ ਅਹਿਮ ਮੰਗ
ਮਨਵਾਏ ਬਗੈਰ ਲੀਡਰਸ਼ਿੱਪ ਨੇ ਇਹ ਮੋਰਚਾ ਵਾਪਸ ਲੈ ਲਿਆ।
ਗੋਇੰਦਵਾਲ ਇਜਲਾਸ ਤੋਂ ਬਾਅਦ ਲੀਡਰਸ਼ਿੱਪ ਹੋਰ ਵੀ ਧੜੱਲੇ ਨਾਲ ਫਿਰਕੂ ਫਾਸ਼ੀ
ਖਾਲਿਸਤਾਨੀ ਦਹਿਸ਼ਤਗਰਦੀ ਦਾ ਪੱਖ ਪੂਰਨ ਲੱਗ ਪਈ। ਇਸ ਨੇ ਕਿਸਾਨ ਮੰਗਾਂ ਤੇ ਲੜਾਈ ਨੂੰ ਸੰਤੋਖ ਕੇ
ਖਾਲਸਤਾਨੀ ਦਹਿਸ਼ਤਗਰਦਾਂ ਅਤੇ ਫਿਰਕੂ ਅਕਾਲੀ ਲੀਡਰਾਂ ਵੱਲੋਂ ਸਿੱਖ ਸੰਘਰਸ਼ ਦੇ ਨਾਂ ਹੇਠ ਲੜੇ ਜਾ
ਰਹੇ ਕੁਰਸੀ ਯੁੱਧ ਨੂੰ ਹੀ ਆਪਣਾ ਸਰੋਕਾਰ ਬਣਾ ਲਿਆ। ਅਖੌਤੀ ਪੰਥਕ ਇਕੱਠਾਂ ਅਤੇ ਖਾਲਸਤਾਨੀਆਂ ਦੇ
ਭੋਗ ਸਮਾਗਮਾਂ ’ਚ ਸ਼ਾਮਲ ਹੋਣ ਨੂੰ ਮੁੱਖ ਸਰਗਰਮੀ ਬਣਾ ਲਿਆ। ਇਹਨਾਂ
ਬਦਲੇ ਉਦੇਸ਼ਾਂ ਦੀ ਇਕ ਵੰਨਗੀ ਸ੍ਰੀ ਅਜਮੇਰ ਸਿੰਘ ਲੱਖੋਵਾਲ ਦੀਆਂ ਲਿਖਤਾਂ ਦੇ ਇਨ੍ਹਾਂ ਅੰਸ਼ਾਂ ’ਚੋਂ ਸਾਫ
ਦੇਖੀ ਜਾ ਸਕਦੀ ਹੈ ਜੋ ਬੀ.ਕੇ.ਯੂ. ਦੇ ਪਰਚੇ ‘ਕਿਸਾਨ’ ’ਚ ਛਪੀਆਂ ਸਨ।
‘‘ਪੰਜਾਬ ਦਾ ਹੁਣ ਦਿੱਲੀ ਨਾਲ ਗੁਜਾਰਾ ਨਹੀਂ ਹੋ ਸਕਦਾ। ਇਸ ਲਈ ਪੰਥ ਦੇ
ਵੱਡੇ ਹਿਤਾਂ ਨੂੰ ਧਿਆਨ ’ਚ ਰੱਖ ਕੇ, ਸਾਨੂੰ ਸਪੱਸ਼ਟ
ਪੁਜੀਸ਼ਨ ਲੈ ਕੇ, ਦਿੱਲੀ ਵਾਲਿਆਂ ਨਾਲ ਦੋ ਟੁੱਕ ਫੈਸਲਾ ਕਰਕੇ
ਲਕੀਰ ਖਿੱਚਣ ਤੋਂ ਬਾਅਦ ਆਪਣੀ ਪੁਰਅਮਨ ਲੜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ’’ (ਕਿਸਾਨ, ਨਵੰਬਰ 91, ਸਫਾ 5-6)
‘‘ਸਾਨੂੰ ਆਪਣੀ ਆਜਾਦੀ ਲਈ ਬਦਲਵੀਆਂ ਹਾਲਤਾਂ ਅਨੁਸਾਰ ਲੜਾਈ ਤੇਜ ਕਰਨ ਦੀ
ਲੋੜ ਹੈ। ਸਾਨੂੰ ਇਨ੍ਹਾਂ ਚੋਣਾਂ ਤੋਂ ਉਪਰ ਉਠ ਕੇ ਖਾਲਸਾਈ ਆਦਰਸ਼ਾਂ ਮੁਤਾਬਕ ਸੁਤੰਤਰ ਤੇ
ਖੁਦਮੁਖਤਿਆਰ ਅਤੇ ਜਮਹੂਰੀ ਰਾਜ ਦੀ ਸਥਾਪਨਾ ਲਈ ਲੜਾਈ ਤੇਜ ਕਰਨੀ ਪਵੇਗੀ।’’ (ਕਿਸਾਨ, ਜਨਵਰੀ 1992, ਸਫਾ 9)
ਬੀ.ਕੇ.ਯੂ. ਦੇ ਮੰਗਾਂ ਮਸਲਿਆਂ ਨੂੰ ਛੱਡ ਕੇ ਲੜਾਈ ਦੇ ਬਦਲੇ ਹੋਏ ਉਦੇਸ਼
ਸਬੰਧੀ ਸ੍ਰੀ ਲੱਖੋਵਾਲ ਦੇ ਉਪਰੋਕਤ ਬਿਆਨਾਂ ਨੂੰ ਦੋ ਟੁੱਕ ਸ਼ਬਦਾਂ ’ਚ ਸਪਸ਼ਟ ਕਰਦੇ
ਹੋਏ, ਭਾਰੂ ਲੀਡਰਸ਼ਿੱਪ ਨਾਲ ਸਬੰਧਤ ਅੱਗ ਚਬਦੇ ਇੱਕ ਹੋਰ ਸੂਬਾ ਕਮੇਟੀ ਮੈਂਬਰ ਨੇ
ਯੂਨੀਅਨ ਦੀ ਮੋਗਾ ਰੈਲੀ ’ਚ ਕਿਹਾ,‘‘ਸਾਡੀ ਲੜਾਈ
ਖਾਲਸਤਾਨ ਲਈ ਹੈ ਅਤੇ ਹੁਣ ਸਿਰਫ ਮੁੰਡੇ ਹੀ ਨਹੀਂ, ਅਸੀਂ ਵੀ
ਉਹਨਾਂ ਨਾਲ ਏ.ਕੇ. ਸੰਤਾਲੀ ਚੱਕ ਕੇ ਲੜਾਂਗੇ। ’’
ਬੀ. ਕੇ. ਯੂ. ਦੀ ਭਾਰੂ ਲੀਡਰਸ਼ਿੱਪ ਲਈ ਕਿਵੇਂ ਖਾਲਸਤਾਨੀ ਸਰਗਰਮੀ ਯੂਨੀਅਨ
ਦੀ ਆਪਣੀ ਸਰਗਰਮੀ ਤੋਂ ਵਧੇਰੇ ਮਹੱਤਵਪੂਰਨ ਤੇ ਤਰਜੀਹੀ ਬਣ ਗਈ ਸੀ, ਇਹਦੀ ਇੱਕ
ਬਹੁਤ ਹੀ ਸਪਸ਼ਟ ਉਦਾਹਰਣ ਦੇਖੀ ਜਾ ਸਕਦੀ ਹੈ। ਕਿਸਾਨ ਸਫਾਂ ਦੇ ਭਾਰੀ ਦਬਾਅ ਸਦਕਾ ਲੀਡਰਸ਼ਿਪ ਨੇ 15 ਅਗਸਤ 1991 ਦੇ ਅਜਾਦੀ
ਜਸ਼ਨਾਂ ’ਚ ਵਿਘਨ ਪਾਉਣ ਦਾ ਸੱਦਾ ਦੇ ਦਿੱਤਾ। ਅੱਡ ਅੱਡ ਥਾਵਾਂ ’ਤੇ ਇਸ
ਸਰਗਰਮੀ ਨੂੰ ਸਫਲ ਕਰਨ ਲਈ ਹੇਠਾਂ ਕਿਸਾਨਾਂ ਵੱਲੋਂ ਤਿਆਰੀ ਵੀ ਕਰ ਲਈ ਗਈ ਸੀ। ਸੈਂਕੜੇ ਕਿਸਾਨ
ਪੁਲਸ ਨੇ ਫੜ ਲਏ ਸਨ ਤੇ ਸੈਂਕੜੇ ਹੋਰ ਸੱਦੇ ਨੂੰ ਸਫਲ ਕਰਨ ਲਈ ਰੂਪੋਸ਼ ਹੋ ਗਏ। ਖਾਲਸਤਾਨੀ
ਜਥੇਬੰਦੀਆਂ ਵੱਲੋਂ ਇਸ ਦਿਨ ਪੰਜਾਬ ਬੰਦ ਦਾ ਸੱਦਾ ਦੇ ਦਿੱਤੇ ਜਾਣ ਪਿੱਛੋਂ ਐਨ ਮੌਕੇ ’ਤੇ ਲੀਡਰਸ਼ਿੱਪ
ਨੇ ਆਪਣਾ ਵਿਘਨ ਪਾਉਣ ਵਾਲਾ ਸੱਦਾ ਵਾਪਸ ਲੈ ਕੇ ਖਾਲਸਤਾਨੀ ਬੰਦ ਦੇ ਸੱਦੇ ਨੂੰ ਹਮਾਇਤ ਐਲਾਨ
ਦਿੱਤੀ। ਬਿਨਾ ਕਿਸੇ ਠੋਸ ਤੇ ਵਾਜਬ ਕਾਰਨ ਦੇ, ਅਚਨਚੇਤ ਵਿਘਨ ਪਾਉਣ ਦਾ
ਸੱਦਾ ਵਾਪਸ ਲੈਣ ਦੀ ਆਪਾ ਪੜਚੋਲ ਕਰਨ ਦਾ ਥਾਂ ਲੀਡਰਸ਼ਿੱਪ ਸੱਦੇ ਨੂੰ ਲਾਗੂ ਕਰਨ ਵਾਲਿਆਂ ਵਿਰੁੱਧ
ਜਾਬਤੇ ਦੀ ਕਾਰਵਾਈ ਕਰਨ ਤੱਕ ਗਈ।
ਬੀ.ਕੇ.ਯੂ ਦੀ ਚੋਟੀ ਲੀਡਰਸ਼ਿਪ, ਖਾਸ ਕਰਕੇ
ਸ੍ਰੀ ਅਜਮੇਰ ਸਿੰਘ ਲੱਖੋਵਾਲ ਤੇ ਕੁੱਝ ਹੋਰ ਆਗੂ, ਕਿਸਾਨ
ਲੀਡਰਾਂ ਨਾਲੋਂ ਵੱਧ ਪੰਥਕ ਲੀਡਰਾਂ ਵਜੋਂ ਵਿਚਰ ਰਹੇ ਸਨ। ਯੂਨੀਅਨ ਦੀਆਂ ਸਟੇਜਾਂ ਤੋਂ ਨਾ ਸਿਰਫ
ਭਾਰੂ ਲੀਡਰਸ਼ਿੱਪ ਫਿਰਕੂ ਤੇ ਖਾਲਸਤਾਨੀ ਪ੍ਰਚਾਰ ਖੁਦ ਕਰ ਰਹੀ ਸੀ ਸਗੋਂ ਹੋਰਨਾਂ ਫਿਰਕੂ ਅਨਸਰਾਂ
ਨੂੰ ਵੀ ਇਹਨਾਂ ਦੀ ਮਨਆਏ ਢੰਗ ਨਾਲ ਵਰਤੋਂ ਕਰਨ ਦਿੱਤੀ ਜਾ ਰਹੀ ਸੀ। ਭਾਰੂ ਲੀਡਰਸ਼ਿਪ ਦੀ ਸਰਗਰਮੀ
ਬਾਰੇ ਚਾਨਣਾ ਪਾਉਂਦਿਆਂ ਬੀ.ਕੇ.ਯੂ. ਦੇ ਉਪ-ਪ੍ਰਧਾਨ ਗੁਰਬਚਨ ਸਿੰਘ ਭਾਮੀਆਂ ਨੇ ਮਾਰਚ 1992 ’ਚ ਫਰੀਦਕੋਟ
ਜਿਲ੍ਹੇ ’ਚ ਗੋਲਵਾਲਾ ਵਿਖੇ ਹੋਈ ਕਾਨਫਰੰਸ ’ਚ ਸ਼ੇਖੀ ਮਾਰੀ, ‘‘ਮੈਂ ਤੇ
ਲੱਖੋਵਾਲ ਸਾਹਿਬ, ਇੱਕ ਮਹੀਨਾ ਸਤਾਰਾਂ ਦਿਨਾਂ ਵਿਚੋਂ, ਸਿਰਫ ਚਾਰ
ਰਾਤਾਂ ਆਪਣੇ ਘਰ ਰਹੇ, ਬਾਕੀ ਸਾਰੇ ਦਿਨ ਅਸੀਂ ਅਕਾਲੀ ਦਲਾਂ ਨੂੰ
ਇੱਕ ਕਰਨ ਉੱਤੇ ਲਾਏ। ਅਸੀਂ ਕਦੇ ਬਾਦਲ ਦੇ ਘਰੇ, ਕਦੇ ਤਲਵੰਡੀ
ਦੇ ਘਰੇ ਤੇ ਕਦੇ ਟੌਹੜੇ ਦੇ ਘਰੇ.....।’’
ਅਕਾਲੀ ਦਲਾਂ ਦੀ ਏਕਤਾ ਕਰਾਉਣ ਜਾਂ ਫਿਰਕੂ ਸਿੱਖ ਸਿਆਸਤ ਦਾ ਗੋਲਪੁਣਾ ਕਰਨ
’ਚ ਮਸ਼ਰੂਫ ਬੀ.ਕੇ.ਯੂ. ਦੀ ਲੀਡਰਸ਼ਿੱਪ ਕਿਸਾਨੀ ਦੀਆਂ ਆਰਥਕ ਮੰਗਾਂ ਤੋਂ
ਬਿਲਕੁੱਲ ਬੇਮੁੱਖ ਹੋ ਚੁੱਕੀ ਸੀ। ਜਦ ਸਰਕਾਰ ਨੇ ਖਾਦ ਦੀਆਂ ਕੀਮਤਾਂ ਵਧਾਈਆਂ ਤਾਂ ਇਸ ਨਾਲ ਕਿਸਾਨਾਂ
ਅੰਦਰ ਕਾਫੀ ਗੁਸੈਲਾ ਪ੍ਰਤੀਕਰਮ ਜਾਗਿਆ। ਜਦ ਹੋਰ ਕਿਸਾਨ ਜਥੇਬੰਦੀਆਂ ਇਸ ਕੀਮਤ ਵਾਧੇ ਦਾ ਵਿਰੋਧ
ਤੇ ਖਾਦ ਦੀ ਕਾਲਾਬਜਾਰੀ ਵਿਰੁੱਧ ਸਰਗਰਮੀ ਕਰ ਰਹੀਆਂ ਸਨ ਤਾਂ ਲੀਡਰਸ਼ਿਪ ਇਸ ਮਾਮਲੇ ਬਾਰੇ ਬੇਹਰਕਤ
ਰਹੀ। ਖਾਲਸਤਾਨੀ ਦਹਿਸ਼ਤਗਰਦਾਂ ਵੱਲੋ ਝੋਨੇ ਦੀ ਥਾਂ ਕਮਾਦ ਬੀਜਣ ਦੇ ਸੱਦੇ ਦੀ ਹਾਂ ਵਿਚ ਹਾਂ
ਮਿਲਾਉਂਦਿਆਂ, ਲੀਡਰਸ਼ਿਪ ਨੇ ਹੇਠਾਂ ਕਿਸਾਨਾਂ ਨਾਲ ਕੋਈ ਵੀ
ਰਾਏ ਮਸ਼ਵਰਾ ਕੀਤੇ ਬਗੈਰ, ਝੋਨਾ ਨਾ ਬੀਜਣ ਦਾ
ਫੁਰਮਾਨ ਸੁਣਾ ਦਿੱਤਾ। ਇਹ ਬੇਤੁਕਾ ਫੈਸਲਾ ਕਿਸਾਨਾਂ ਦੇ ਰਾਸ ਆਉਣ ਵਾਲਾ ਨਹੀਂ ਸੀ, ਇਸ ਲਈ ਇਸਦਾ
ਵਿਰੋਧ ਵੀ ਉਠਿਆ ਤੇ ਇਹ ਲਾਗੂ ਵੀ ਨਹੀਂ ਹੋਇਆ। ਇਵੇਂ ਹੀ ਭਾਰੂ ਲੀਡਰਸ਼ਿੱਪ ਦਾ ਪੰਚਾਇਤਾਂ ਤੋਂ
ਅਸਤੀਫੇ ਲੈਣ ਦਾ ਸੱਦਾ ਸੀ ਜੋ ਆਮ ਕਿਸਾਨਾਂ ਨੂੰ ਬੇਫਾਇਦਾ ਤੇ ਨਾ-ਅਮਲਯੋਗ ਲਗਦਾ ਸੀ ਤੇ ਇਸ ਦਾ
ਕਿਸਾਨ ਹਿੱਤਾਂ ਨਾਲ ਕੋਈ ਲਾਗਾ ਦੇਗਾ ਵੀ ਨਹੀਂ ਜਾਪਦਾ ਸੀ। ਭਾਰੂ ਲੀਡਰਸ਼ਿੱਪ ਦੇ ਅਜਿਹੇ ਮਨਮਾਨੇ
ਫੈਸਲੇ ਫਿਰਕੂ ਸਿੱਖ ਸਿਆਸਤ ਦੀਆਂ ਲੋੜਾਂ ਦਾ ਹੁੰਗਾਰਾ ਸਨ, ਇਨ੍ਹਾਂ ਦਾ
ਕਿਸਾਨ ਹਿੱਤਾਂ ਨਾਲ ਕੋਈ ਲਾਗਾ ਦੇਗਾ ਨਹੀਂ ਸੀ। ਇਹਨਾਂ ਕਲੱਲੇ ਫੈਸਲਿਆਂ ਕਰਕੇ ਕਿਸਾਨ ਹਿੱਸਿਆਂ
ਅੰਦਰ ਲੀਡਰਸ਼ਿੱਪ ਪ੍ਰਤੀ ਔਖ ਤੇ ਬਦਜਨੀ ਅੰਦਰੇ ਅੰਦਰ ਵਧ ਰਹੀਆਂ ਸਨ।
ਫਿਰਕੂ ਸਿੱਖ ਸਿਆਸਤ ਦੀ ਪਟੜੀ ’ਤੇ ਚੜ੍ਹੀ
ਅਤੇ ਵਾਹੋਦਾਹ ਦੌੜੀ ਜਾ ਰਹੀ ਬੀ.ਕੇ.ਯੂ. ਦੀ ਲੀਡਰਸ਼ਿੱਪ ਨੂੰ ਇਹ ਪਿਛਾਖੜੀ ਸਿਆਸਤ ਮੁਲਕ ਦੇ
ਹੋਰਨਾ ਭਾਗਾਂ ਦੇ ਕਿਸਾਨਾਂ ਨਾਲ ਸੰਗਰਾਮੀ ਸਾਂਝ ਉਸਾਰਨ ਤੇ ਸਾਂਝੀਆਂ ਮੰਗਾਂ ਤੇ ਸਾਂਝੀ
ਜੱਦੋਜਹਿਦ ਕਰਨ ਦੇ ਰਾਹ ਪੈਣ ਤੋਂ ਵੀ ਹਟਕ ਰਹੀ ਸੀ। ਸਗੋਂ ਗਵਾਂਢੀ ਸੂਬਿਆਂ ਦੇ ਕਿਸਾਨਾਂ ਨਾਲ
ਟਕਰਾਅ ’ਚ ਵੀ ਝੋਕ ਰਹੀ ਸੀ। ਇਹੀ ਵਜ੍ਹਾ ਸੀ ਕਿ ਜਦ ਮੁਲਕ ਭਰ ਦੇ 15 ਸੂਬਿਆਂ ’ਚੋਂ ਆਏ
ਕਿਸਾਨ ਨੁਮਾਇੰਦਿਆਂ ਨੇ 16 ਸਤੰਬਰ 1991 ਨੂੰ ਦਿੱਲੀ
ਵਿਖੇ ਖਾਦਾਂ ਦੀਆਂ ਕੀਮਤਾਂ ’ਚ ਕੀਤਾ ਵਾਧਾ ਵਾਪਸ ਲੈਣ, ਫਸਲਾਂ ਦੇ
ਯੋਗ ਭਾਅ ਦੇਣ, ਅਤੇ ਵਧ ਰਹੀ ਮਹਿੰਗਾਈ ਵਿਰੁੱਧ ਮੁਲਕ ਪੱਧਰ ’ਤੇ ਇਕਜੁੱਟ
ਹੋ ਕੇ ਲੜਨ ਦੀ ਜ਼ੋਰਦਾਰ ਤਾਂਘ ਦਾ ਇਜ਼ਹਾਰ ਕੀਤਾ ਅਤੇ 2 ਅਕਤੂਬਰ ਨੂੰ
ਦਿੱਲੀ ਵਿਖੇ ਰੈਲੀ ਕਰਨ ਦਾ ਸੱਦਾ ਦਿੱਤਾ ਤਾਂ ਪੰਜਾਬ ਅੰਦਰਲੀ ਭਾਰਤੀ ਕਿਸਾਨ ਯੂਨੀਅਨ ਦੀ
ਲੀਡਰਸ਼ਿੱਪ ਇਸ ਬਾਰੇ ਖਾਮੋਸ਼ ਰਹੀ।
27-28 ਮਾਰਚ 1992 ਨੂੰ ਗੁਰੂ ਕੀ ਢਾਬ
ਵਿਖੇ ਯੂਨੀਅਨ ਦਾ ਇਜਲਾਸ ਬੁਲਾਏ ਜਾਣ ਦੇ ਸਮੇਂ ਤੱਕ ਯੂਨੀਅਨ ਕਾਰਕੁਨਾਂ ਤੇ ਹੇਠਲੇ ਪੱਧਰ ਤੱਕ ਦੀ
ਲੀਡਰਸ਼ਿੱਪ ਦਾ ਇੱਕ ਚੋਖਾ ਤਕੜਾ ਹਿੱਸਾ ਯੂਨੀਅਨ ਦੀ ਸੂਬਾਈ ਲੀਡਰਸ਼ਿੱਪ ਵੱਲੋਂ ਕਿਸਾਨੀ ਮੰਗਾਂ ’ਤੇ ਜੱਦੋਜਹਿਦ
ਕਰਨ ਦੇ ਕਾਰਜ ਤੋਂ ਬੇਮੁੱਖ ਹੋ ਕੇ ਫਿਰਕੂ ਸਿੱਖ ਸਿਆਸਤ ਦਾ ਗੋਲਪੁਣਾ ਕਰਨ ’ਚ ਰੁੱਝੇ ਹੋਣ
ਤੋਂ ਕਾਫੀ ਨਿਰਾਸ਼ ਤੇ ਬਦਜਨ ਹੋ ਚੁੱਕਿਆ ਸੀ। ਫਿਰਕੂ ਅਕਾਲੀ ਲੀਡਰਾਂ ਤੇ ਖਾਲਸਤਾਨੀ ਦਹਿਸ਼ਤਗਰਦਾਂ
ਦੀ ਕਥਨੀ ਤੇ ਕਰਨੀ ਨੂੰ ਉਚਿਆਉਣ ਵਾਲੇ ਲੀਡਰਸ਼ਿੱਪ ਦੇ ਕਈ ਫੈਸਲੇ ਤੇ ਨੀਤੀਆਂ ਨੂੰ ਹੇਠਾਂ ਕਿਸਾਨ
ਜਨਤਾ ’ਚ ਵਾਜਬ ਠਹਿਰਾਉਣ ’ਚ ਉਨ੍ਹਾਂ ਨੂੰ ਮੁਸ਼ਕਲ
ਆ ਰਹੀ ਸੀ। ਆਪਣੀਆਂ ਮਨਆਈਆਂ ਪੁਗਾਉਣ ਦੀ ਆਦੀ ਲੀਡਰਸ਼ਿੱਪ ਨੂੰ ਉਸ ਵੇਲੇ ਅਚੰਭੇ ਭਰਿਆ ਝਟਕਾ
ਲੱਗਿਆ ਜਦ ਸਤਿ-ਬਚਨੀਏ ਲਹਿਜੇ ’ਚ ਲੀਡਰਸ਼ਿੱਪ ਦੇ
ਫੁਰਮਾਨ ’ਤੇ ਮੋਹਰ ਲਾਉਣ ਦੀ ਥਾਂ ਲਗਭਗ ਕੁੱਲ 250 ਡੈਲੀਗੇਟਾਂ ’ਚੋਂ 200 ਨੇ ਆਪਣਾ
ਮੱਤ ਰੱਖਿਆ ਤੇ ਵੱਡੀ ਗਿਣਤੀ ਡੈਲੀਗੇਟਾਂ ਨੇ ਲੀਡਰਸ਼ਿੱਪ ਪ੍ਰਤੀ ਆਪਣੀ ਨਰਾਜ਼ਗੀ, ਗੁੱਸੇ ਜਾਂ
ਵਿਰੋਧ ਦਾ ਇਜ਼ਹਾਰ ਕੀਤਾ। ਲੀਡਰਸ਼ਿੱਪ ਨੂੰ ਖਟਕ ਗਿਆ ਸੀ ਕਿ ਹੁਣ ਲੀਡਰਸ਼ਿੱਪ ਦੇ ਹੱਕ ਵਿਚ ਫਤਵਾ
ਲੈਣਾ ਖਾਲਾ ਜਾ ਦੀ ਵਾੜਾ ਨਹੀਂ, ਬਾਜੀ ਪੁੱਠੀ ਵੀ ਪੈ
ਸਕਦੀ ਹੈ। ਇਸ ਲਈ ਉਹ ਇਜਲਾਸ ’ਚ ਕੋਈ ਨਿਰਣਾ ਕਰਨ ਦੀ ਥਾਂ ਸਮੇਂ ਦੀ ਘਾਟ
ਕਰਕੇ ਰਹਿੰਦਾ ਕੰਮ ਫਿਰ ਸਿਰੇ ਚਾੜ੍ਹਨ ਦੀ ਗੱਲ ਕਹਿ ਕੇ ਇਜਲਾਸ ਵਿੱਚੇ ਛੱਡ ਗਈ। ਬਾਅਦ ’ਚ ਲੀਡਰਸ਼ਿੱਪ
ਨੇ ਉਸਦੇ ਵਿਰੁੱਧ ਪਸਰੇ ਰੋਸ ਦੀ ਛਾਣਬੀਣ ਕਰਨ ਤੇ ਗਲਤੀ ਸੁਧਾਰਨ ਦੀ ਥਾਂ ਲੀਡਰਸ਼ਿੱਪ ਦੀ ਫਿਰਕੂ
ਫਾਸ਼ੀ ਤੇ ਕਿਸਾਨ-ਵਿਰੋਧੀ ਲੀਹ ਦਾ ਡਟਵਾਂ ਵਿਰੋਧ ਕਰਨ ਵਾਲੀ ਖਰੀ ਕਿਸਾਨ ਪੱਖੀ ਧਿਰ ਨਾਲ ਸਬੰਧਤ
ਆਗੂਆਂ ਨੂੰ ਬਿਨਾਂ ਕੋਈ ਠੋਸ ਦੋਸ਼ ਲਾਇਆਂ, ਬਿਨਾਂ ਚਾਰਜਸ਼ੀਟ
ਦਿੱਤਿਆਂ ਤੇ ਬਿਨਾਂ ਸਫਾਈ ਦੇਣ ਦਾ ਮੌਕਾ ਦਿੱਤਿਆਂ ਯੂਨੀਅਨ ’ਚੋਂ ਬਰਤਰਫ਼
ਕਰ ਦਿੱਤਾ।
ਫਿਰਕੂ ਸਿਆਸਤ ਦੇ ਇਸ ਪ੍ਰਛਾਵੇਂ ਖਿਲਾਫ਼ ਤਿੱਖੇ ਸੰਘਰਸ਼ ਦੇ ਨਤੀਜੇ ਵਜੋਂ
ਹੀ ਕਿਸਾਨ ਜਨਤਾ ਧਰਮ-ਨਿਰਲੇਪ ਲੀਹਾਂ ’ਤੇ ਮੁੜ ਜਥੇਬੰਦ ਹੋ ਕੇ
ਉੱਭਰ ਸਕੀ ਅਤੇ ਕਿਸਾਨ ਘੋਲਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸੁਲੱਖਣੇ ਦੌਰ ਦਾ ਆਗਾਜ਼ ਹੋਇਆ।
ਪੰਜਾਬ ਅੰਦਰ ਜਥੇਬੰਦ ਕਿਸਾਨ ਜਨਤਾ ਦੀ ਮੌਜੂਦਾ ਪ੍ਰਭਾਵਸ਼ਾਲੀ ਹੈਸੀਅਤ ਸਥਾਪਤ ਕਰਨ ’ਚ ਫਿਰਕੂ
ਸਿਆਸਤ ਖਿਲਾਫ਼ ਸੰਘਰਸ਼ ਦਾ ਬਹੁਤ ਹੀ ਅਹਿਮ ਰੋਲ ਹੈ। ਦੂਜੇ ਪਾਸੇ ਬੀਤੇ ਦਹਾਕਿਆਂ ’ਚ ਜਥੇਬੰਦ
ਕਿਸਾਨ ਜਨਤਾ ਦੇ ਜਮਾਤੀ ਘੋਲਾਂ ਦੇ ਵੱਡੇ ਤਜ਼ਰਬਿਆਂ ’ਚੋਂ ਗੁਜਰੀ
ਹੋਣ ਕਰਕੇ ਭਟਕਾਊ ਅਤੇ ਭੜਕਾਊ ਫਿਰਕੂ ਹੱਲਿਆਂ ਦੀ ਚੁਣੌਤੀ ਨੂੰ ਟੱਕਰਨ ਪੱਖੋਂ ਸਮਰੱਥਾ ’ਚ ਵਾਧਾ ਹੋਇਆ
ਹੈ। ਇਸੇ ਕਰਕੇ ਕਿਸਾਨਾਂ ਖੇਤ-ਮਜ਼ਦੂਰਾਂ ਅਤੇ ਹੋਰਨਾਂ ਲੋਕ ਹਿੱਸਿਆਂ ਦੇ ਭਖਦੇ ਜਮਾਤੀ ਮੁੱਦੇ ਫਿਰ
ਉੱਭਰ ਕੇ ਮੂਹਰੇ ਆ ਗਏ ਹਨ। ਪਿਛਾਂਹ ਖਿੱਚੂ ਫਿਰਕੂ ਅਤੇ ਹਕੂਮਤੀ ਤਾਕਤਾਂ ਦੀਆਂ ਤਾਜ਼ਾ ਕੋਸ਼ਿਸ਼ਾਂ
ਦੀ ਅਸਰਕਾਰੀ ਨੂੰ ਸੀਮਤ ਕਰਨ ’ਚ ਇਸ ਸੁਲੱਖਣੇ ਹਾਂ-ਪੱਖੀ ਪਹਿਲੂ ਦਾ ਅਹਿਮ
ਰੋਲ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਅੰਦਰ ਫਿਰਕੂ ਲੀਹ ਦੀ ਪੈਰੋਕਾਰ
ਲੀਡਰਸ਼ਿੱਪ ਅਤੇ ਖਰੀ ਕਿਸਾਨ-ਪੱਖੀ ਧਿਰ ਵਿਚਕਾਰ ਚੱਲਿਆ ਜੱਦੋਜਹਿਦ ਦਾ ਲਗਭਗ ਡੇਢ ਦਾਹਾਕੇ ਦਾ ਇਹ
ਅਮਲ ਇਸ ਗੱਲ ਦੀ ਜਚਵੀਂ ਪੁਸ਼ਟੀ ਕਰਦਾ ਹੈ ਕਿ ਫਿਰਕਾਪ੍ਰਸਤੀ ਜਾਂ ਧਾਰਮਕ ਜਨੂੰਨੀ ਪਹੁੰਚ ਇੱਕ
ਅਜਿਹਾ ਨਾਂਹ-ਪੱਖੀ ਤੇ ਪਾਟਕ-ਪਾਊ ਵਰਤਾਰਾ ਹੈ ਜੋ ਜਮਾਤੀ ਜੱਦੋਜਹਿਦ ਦੇ ਅਮਲ ’ਚ ਸੁਭਾਵਕ
ਸੰਗੀ ਬਣਦੇ ਅੱਡ ਅੱਡ ਫਿਰਕਿਆਂ ਦੇ ਲੋਕਾਂ ਨੂੰ ਇੱਕ ਦੂਜੇ ਵਿਰੁੱਧ ਖੜ੍ਹਾ ਕਰਦਾ ਹੈ, ਉਨ੍ਹਾਂ ਨੂੰ
ਭਰਾ-ਮਾਰ ਲੜਾਈ ਦੇ ਮੂੰਹ ਧੱਕਣ ਵੱਲ ਲਿਜਾਂਦਾ ਹੈ, ਜਿਹੜਾ ਜਮਤੀ
ਏਕਤਾ ਤੇ ਜੱਦੋਜਹਿਦ ਨੂੰ ਖੰਡਤ ਤੇ ਕਮਜੋਰ ਕਰਦਾ ਹੈ। ਹਕੀਕੀ ਜਮਾਤੀ ਮੰਗਾਂ ਮਸਲਿਆਂ ਤੋਂ
ਸੰਘਰਸ਼ਸ਼ੀਲ ਜਨਤਾ ਦਾ ਧਿਆਨ ਤਿਲ੍ਹਕਉਂਦਾ ਹੈ ਅਤੇ ਉਹਨਾਂ ਨੂੰ ਔਝੜੇ ਰਾਹ ਪਾਉਂਦਾ ਹੈ। ਫਿਰਕੂ
ਤੁਅੱਸਬੀ ਸੋਚ ਤੇ ਪਹੁੰਚ ਸਾਂਝੇ ਦੁਸ਼ਮਣ ਵਿਰੁੱਧ ਵਿਸ਼ਾਲ ਏਕਤਾ ਉਸਾਰਨ ਦੇ ਰਾਹ ਵਿਚ ਰੋੜਾ ਬਣਦੀ
ਹੈ-ਇਸ ਲਈ ਘਾਤਕ ਹੋ ਨਿੱਬੜਦੀ ਹੈ। ਉਪਰੋਕਤ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ ਜਮਾਤੀ ਏਕਤਾ ਤੇ
ਜੱਦੋਜਹਿਦ ਦੀ ਰਾਖੀ ਕਰਨ, ਇਸ ਨੂੰ ਮਜਬੂਤ ਕਰਨ ਤੇ
ਅੱਗੇ ਵਧਾਉਣ ਲਈ ਫਿਰਕੂ ਵਿਚਾਰਾਂ ਨੂੰ ਭਾਂਜ ਦੇਣਾ ਤੇ ਫਿਰਕੂ ਸਦਭਾਵਨਾ ਕਾਇਮ ਰੱਖਣੀ ਬਹੁਤ
ਜਰੂਰੀ ਹੈ। ਅਤੇ ਇਹ ਅਮਲ ਇਸ ਗੱਲ ਦਾ ਵੀ ਗੁਆਹ ਹੈ ਕਿ ਅਜਿਹੀ ਲੋਕ ਵਿਰੋਧੀ ਸੋਚ ਤੇ ਅਮਲ ਨੂੰ
ਸਫ਼ਲਤਾ ਨਾਲ ਹਰਾਇਆ ਜਾ ਸਕਦਾ ਹੈ।
No comments:
Post a Comment