Friday, May 5, 2017

02 ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ ਬਣਕੇ ਉਭਰੀ ਨਕਸਲਬਾੜੀ ਬਗਾਵਤ

ਤਿਲੰਗਾਨਾ ਘੋਲ ਦੀ ਵਾਪਸੀ ਦੇ 16 ਸਾਲਾਂ ਬਾਅਦ ਪੱਛਮੀ ਬੰਗਾਲ ਦੇ ਨਕਸਲਬਾੜੀ  ਇਲਾਕੇ ਅੰਦਰ ਕਿਸਾਨਾਂ ਦਾ ਜ਼ਮੀਨ ਅਤੇ ਸੱਤਾ ਲਈ ਇਕ ਅਜੇਹਾ ਖਾੜਕੂ ਸੰਘਰਸ਼ ਉੱਠਿਆ ਜਿਸ ਨੇ ਭਾਰਤ ਦੀ ਕਮਿਊਨਿਸਟ ਲਹਿਰ 'ਤੇ ਆਪਣੀ ਅਜਿਹੀ ਅਮਿੱਟ ਛਾਪ ਛੱਡੀ ਕਿ ਨਕਸਲਬਾੜੀ  ਅਤੇ ਕਮਿਊਨਿਸਟ ਇਨਕਲਾਬੀ ਲਹਿਰ ਸਦਾ ਲਈ ਸਮਾਨਾਰਥਕ ਸ਼ਬਦ ਬਣ ਗਏ। ਇਹਨਾਂ ਸੋਲਾਂ ਸਾਲਾਂ ਅੰਦਰ ਸੰਸਾਰ ਅਤੇ ਭਾਰਤ ਪੱਧਰ 'ਤੇ ਅਨੇਕਾਂ ਅਹਿਮ ਘਟਨਾਵਾਂ ਵਾਪਰ ਚੁੱਕੀਆਂ ਸਨ।

ਸੋਵੀਅਤ ਯੂਨੀਅਨ ਅਤੇ ਇਸ ਦੀ ਛਤਰੀ ਹੇਠਲੇ ਪੂਰਬੀ ਯੂਰਪੀਅਨ ਮੁਲਕ, ਸਮਾਜਵਾਦ ਤੋਂ ਭਟਕ ਕੇ, ਮੁੜ ਪੂੰਜੀਵਾਦ ਦੇ ਰਾਹ ਪੈ ਚੁੱਕੇ ਸਨ। ਸੋਵੀਅਤ ਯੂਨੀਅਨ ਅਮਰੀਕਾ ਦੇ ਮੁਕਾਬਲੇ ਦੀ ਇਕ ਦਿਓ ਤਾਕਤ ਵਜੋਂ ਉੱਭਰ ਰਿਹਾ ਸੀ ਅਤੇ ਆਪਣੇ ਪਹਿਲੇ ਸਮਾਜਵਾਦੀ ਮੁਲਕ ਦੇ ਵਕਾਰ ਨੂੰ ਵਰਤ ਕੇ ਤੀਜੀ ਦੁਨੀਆਂ ਦੇ ਮੁਲਕਾਂ ਅਤੇ ਇਨਕਲਾਬੀ ਲਹਿਰਾਂ ਨੂੰ ਆਪਣੇ ਪ੍ਰਭਾਵ-ਖੇਤਰ ਅਧੀਨ ਲਿਆਉਣ ਦੇ ਆਹਰਾਂ ਵਿੱਚ ਜੁੱਟਿਆ ਹੋਇਆ ਸੀ। ਇਸ ਦੇ ਬਾਵਜੂਦ ਵੀ ਇਨਕਲਾਬ ਦਾ ਰੁਝਾਨ ਪੂਰੇ ਵੇਗ ਨਾਲ ਅੱਗੇ ਵੱਧ ਰਿਹਾ ਸੀ। ਚੀਨ ਕਾ. ਮਾਓ ਦੀ ਦਰੁਸਤ ਅਗਵਾਈ ਹੇਠ ਸਾਬਤ ਕਦਮੀਂ ਨਾਲ ਸਮਾਜਵਾਦ ਦੀ ਉਸਾਰੀ ਵਿੱਚ ਜੁੱਟਿਆ ਹੋਇਆ ਸੀ ਅਤੇ ਅਗਾਂਹ ਵੱਲ ਲੰਮੀ ਛਾਲ ਮਾਰਨ ਤੋਂ ਬਾਅਦ ਸਭਿਆਚਾਰਕ ਇਨਕਲਾਬ ਦਾ ਬਿਗਲ-ਨਾਦ ਵਜਾ ਚੁੱਕਿਆ ਸੀ। ਉਤਰੀ ਕੋਰੀਆ ਅਤੇ ਉਤਰੀ ਵੀਅਤਨਾਮ ਸਾਮਰਾਜ ਦੇ ਚੁੰਗਲ 'ਚੋਂ ਨਿਕਲ ਕੇ ਸਮਾਜਵਾਦ ਦੀ ਸੇਧ ਵਿੱਚ ਅਗਾਂਹ ਵਧ ਰਹੇ ਸਨ। ਦੱਖਣੀ ਵੀਅਤਨਾਮ ਅੰਦਰ, ਫਰਾਂਸੀਸੀ ਮੂੰਹ ਦੀ ਖਾਕੇ ਪਿੱਛੇ ਹੱਟ ਗਏ ਸਨ ਅਤੇ ਉਹਨਾਂ ਦੀ ਥਾਂ 'ਤੇ ਅਮਰੀਕੀ ਸਾਮਰਾਜੀਆਂ ਨੇ ਆਪਣੀ ਸੂਰ-ਬੂਥੀ ਘੁਸੋ ਦਿੱਤੀ ਸੀ। ਪਰ ਵੀਅਤਨਾਮੀ ਲੋਕ ਇਸ ਦੇ ਵੀ ਬੁਥਾੜ ਸੇਕ ਰਹੇ ਸਨ ਅਤੇ ਚੰਗੇ ਸਬਕ ਸਿਖਾ ਰਹੇ ਸਨ। ਫਿਲਪਾਇਨ ਅੰਦਰ ਇਨਕਲਾਬੀ ਹਥਿਆਰਬੰਦ ਘੋਲ ਪਰ ਤੋਲ ਰਿਹਾ ਸੀ। ਕਿਊਬਾ ਅੰਦਰ ਇਨਕਲਾਬ ਦੀ ਜਿੱਤ ਤੋਂ ਬਾਅਦ ਬੁਲੀਵੀਆ ਦੇ ਜੰਗਲਾਂ ਵਿੱਚ ਗਰਜਦਾ ਹੋਇਆ ਚੀ ਗੁਵੇਰਾ ਸ਼ਹੀਦ ਹੋ ਚੁੱਕਿਆ ਸੀ ਪਰ ਉਸ ਦੀ ਜਾਂਬਾਜ਼ ਇਨਕਲਾਬੀ ਕੌਮਾਂਤਰੀ ਭਾਵਨਾ ਨੇ ਨੌਜੁਆਨਾਂ ਅੰਦਰ ਅਜੀਬ ਜੋਸ਼ ਤੇ ਹੁਲਾਰਾ ਪੈਦਾ ਕਰ ਦਿੱਤਾ ਸੀ। ਲਾਤੀਨੀ ਅਮਰੀਕਾ ਅਤੇ ਅਫਰੀਕਾ ਅੰਦਰ ਥਾਂ-ਥਾਂ ਸਾਮਰਾਜ ਵਿਰੋਧੀ ਘੋਲ ਉੱਠ ਰਹੇ ਸਨ। ਯੂਰਪ ਅੰਦਰ ਮਜ਼ਦੂਰਾਂ ਦੇ ਅੰਦੋਲਨਾਂ ਨੇ ਫਿਜ਼ਾ ਅੰਦਰ ਇਨਕਲਾਬ ਦੇ ਤਰਾਨਿਆਂ ਦੀ ਗੂੰਜ ਭਰ ਦਿੱਤੀ ਸੀ।
ਇਹਨਾਂ 16 ਵਰ੍ਹਿਆਂ ਅੰਦਰ ਭਾਰਤ ਅੰਦਰ, ਹਾਕਮ ਜਮਾਤਾਂ ਦੀ ਰਹਿਨੁਮਾ ਕਾਂਗਰਸ ਪਾਰਟੀ ਦੀ ਛੱਬ ਘਸਮੈਲੀ ਪੈ ਚੁਕੀ ਸੀ ਅਤੇ ਉਹ ਲੋਕਾਂ ਵਿੱਚੋਂ ਨਿਖੜ ਚੁੱਕੀ ਸੀ। ਕਮਿਊਨਿਸਟ ਪਾਰਟੀ ਦੁਫਾੜ ਹੋ ਚੁੱਕੀ ਸੀ ਅਤੇ ਇਨਕਲਾਬੀ ਅਖਵਾਉਣ ਵਾਲੀ ਮਾਰਕਸੀ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਵੀ ਸੋਧਵਾਦ ਅਤੇ ਪਾਰਲੀਮੈਂਟਰੀਵਾਦ ਦੇ ਰਾਹ ਪੈ ਚੁੱਕੀ ਸੀ। ਪਰ ਲੋਕ ਇਸ ਨਰਕੀ ਜ਼ਿੰਦਗੀ ਤੋਂ ਆਕੀ ਹੋ ਰਹੇ ਸਨ। ਮਜ਼ਦੂਰ ਆਪਣੇ ਹੱਕਾਂ ਲਈ ਤਿੱਖੇ ਸੰਘਰਸ਼ ਦੇ ਰਾਹ ਪੈ ਰਹੇ ਸਨ। ਸਰਕਾਰੀ ਜ਼ਮੀਨੀ ਸੁਧਾਰਾਂ ਦਾ ਹੀਜ਼-ਪਿਆਜ਼ ਜਾਹਰ ਹੋ ਰਿਹਾ ਸੀ ਅਤੇ ਕਿਸਾਨ ਜਾਗੀਰੂ ਲੁੱਟ ਅਤੇ ਦਾਬੇ ਖਿਲਾਫ਼ ਖਾੜਕੂ ਟਕਰਾ ਦੇ ਰਾਹ ਪੈ ਰਹੇ ਸਨ। ਮਹਿੰਗਾਈ, ਬਲੈਕ ਮਾਰਕੀਟਿੰਗ, ਜ਼ਖੀਰੇਬਾਜ਼ੀ ਅਤੇ ਅਨਾਜ ਵਰਗੀਆਂ ਜ਼ਰੂਰੀ ਵਸਤਾਂ ਦੀ ਤੋਟ ਨੇ ਸ਼ਹਿਰੀ ਗਰੀਬਾਂ ਦਾ ਕਚੂਮਰ ਕੱਢ ਰੱਖਿਆ ਸੀ। ਇਸ ਅੰਨ੍ਹੀ ਲੁੱਟ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਵੀ ਅਕਸਰ ਅਖਬਾਰਾਂ ਵਿੱਚ ਸੁਰਖੀਆਂ ਬਣਦੇ ਰਹਿੰਦੇ ਸਨ
1967 ਦਾ ਸਾਲ ਅਜਿਹਾ ਸਾਲ ਸੀ ਜਦ ਭਾਰਤ ਦੀਆਂ ਹਾਕਮ ਜਮਾਤਾਂ ਨੂੰ ਹੁਣ ਤੱਕ ਦੇ ਸਭ ਤੋਂ ਤਿੱਖੇ ਆਰਥਕ-ਸਿਆਸੀ ਸੰਕਟ ਨੇ ਮਧੋਲਿਆ ਹੋਇਆ ਸੀ। ਹਾਕਮ ਜਮਾਤਾਂ ਲੋਕਾਂ 'ਚੋਂ ਨਿੱਖੜੀਆਂ ਹੋਈਆਂ ਸਨ ਅਤੇ ਲੋਕ ਥਾਂ ਥਾਂ ਸੰਘਰਸ਼ਾਂ ਦਾ ਰਾਹ ਫੜ ਰਹੇ ਸਨ। ਇਸ ਦੀ ਇੱਕ ਝਲਕ ਇਸ ਤੱਥ 'ਚੋ ਹੀ ਮਿਲ ਜਾਂਦੀ ਹੈ ਕਿ ਇਸ ਸਾਲ ਮਾਰਚ ਤੋਂ ਸਤੰਬਰ ਤੱਕ ਦੀ ਛਿਮਾਹੀ ਵਿੱਚ ਇਕੱਲੇ ਬੰਗਾਲ ਅੰਦਰ ਹੀ 1230 ਘਿਰਾਓ ਤੇ 447 ਹੜਤਾਲਾਂ ਹੋਈਆਂ ਜਿਨ੍ਹਾਂ ਅੰਦਰ 169000 ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਅਤੇ ਲੱਗਭੱਗ 60 ਲੱਖ ਦਿਹਾੜੀਆਂ ਦਾ ਨੁਕਸਾਨ ਹੋਇਆ। ਸੋ ਅਜਿਹੀ ਸੀ ਕੁੱਲ ਪ੍ਰਸਥਿਤੀ ਜਿਸ ਅੰਦਰ ਨਕਸਲਬਾੜੀ ਦਾ ਕਿਸਾਨ ਸੰਘਰਸ਼-''ਬਸੰਤ ਦੀ ਗਰਜ''-ਬਣ ਕੇ ਉੱਠਿਆ ਅਤੇ ਬਰਸਾਤ ਦੇ ਬੱਦਲਾਂ ਵਾਂਗ ਭਾਰਤ ਦੇ ਸਮੁੱਚੇ ਆਕਾਸ਼ 'ਤੇ ਘਣਘੋਰ ਘਟਾਵਾਂ ਬਣ ਕੇ ਛਾ ਗਿਆ। ਚੀਨੀ ਕਮਿਊਨਿਸਟ ਪਾਰਟੀ ਨੇ ਇਸ ਬਗਾਵਤ ਨੂੰ ''ਭਾਰਤ 'ਚ ਬਸੰਤ ਦੀ ਗਰਜ'' ਕਹਿ ਕੇ ਇਸਦਾ ਸੁਆਗਤ ਕੀਤਾ ਸੀ।
ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ਵਿੱਚ ਹਿਮਾਲਾ ਦੀ ਤਰਾਈ ਦੇ 60 ਪਿੰਡਾਂ ਦਾ ਸਮੂਹ ਨਕਸਲਬਾੜੀ ਦਾ ਉਹ ਇਲਾਕਾ ਹੈ ਜਿਸ ਨੇ ਇਤਿਹਾਸਕ ਕਿਸਾਨ ਵਿਦਰੋਹ ਨੂੰ ਜਨਮ ਦਿੱਤਾ। ਨਕਸਲਬਾੜੀ, ਖਾਰੀਬਾੜੀ ਅਤੇ ਫਾਂਸੀ ਦੇਵਾ ਥਾਣਿਆਂ ਅਧੀਨ 274 ਵਰਗ ਮੀਲ ਵਿੱਚ ਫੈਲੇ ਇਸ ਖੇਤਰ ਦੀ ਵਸੋਂ 1971 ਵਿੱਚ 167000 ਸੀ। ਇਸ ਵਿੱਚ ਜ਼ਿਆਦਾਤਰ ਕਬਾਇਲੀ ਅਤੇ ਰਾਜਬੰਸੀ ਅਖਵਾਉਂਦੇ ਕਿਸਾਨ ਸਨ। ਖੇਤੀ ਤੋਂ ਇਲਾਵਾ ਇੱਥੇ ਕਾਫੀ ਸਾਰੇ ਚਾਹ ਦੇ ਬਾਗ ਵੀ ਹਨ, ਜਿੱਥੇ ਆਦਿਵਾਸੀ ਕਿਸਾਨ ਮਜ਼ਦੂਰੀ ਵੀ ਕਰਦੇ ਸਨ। ਇਹ ਸਾਰਾ ਖੇਤਰ ਅੰਗਰੇਜ਼ੀ ਰਾਜ ਵੇਲੇ ਤੋਂ ਹੀ ਲੱਗਭਗ 500 ਦੇ ਕਰੀਬ ਜਗੀਰਦਾਰਾਂ ਦੀ ਮਾਲਕੀ ਹੇਠ ਚਲਿਆ ਆ ਰਿਹਾ ਸੀ। ਜ਼ਿਆਦਾਤਰ ਕਿਸਾਨ ਹਿੱਸੇ ਠੇਕੇ 'ਤੇ ਲੈ ਕੇ ਜਮੀਨ ਵਾਹੁਣ ਵਾਲੇ ਸਨ ਜਿਨ੍ਹਾਂ ਨੂੰ ਅਧਿਆਰ ਅਤੇ ਟਿੱਕੇਦਾਰ ਕਿਹਾ ਜਾਂਦਾ ਸੀ। 1947 ਤੋਂ ਬਾਅਦ ਜ਼ਮੀਨੀ ਸੁਧਾਰਾਂ ਦੀ ਚਰਚਾ ਨੇ ਜਗੀਰਦਾਰਾਂ ਨੂੰ ਚੁਕੰਨੇ ਕਰ ਦਿੱਤਾ ਸੀ ਤੇ ਉਹ ਸਦੀਆਂ ਤੋਂ ਮਾਣਦੇ  ਆ ਰਹੇ ਆਪਣੇ ਵਿਸ਼ੇਸ਼ ਅਧਿਕਾਰਾਂ ਦੀ ਰਾਖੀ ਲਈ, ਪਹਿਲਾਂ ਨਾਲੋਂ ਵੀ ਵੱਧ ਧੱਕੜ ਤੇ ਜਾਬਰ ਹੋ ਗਏ ਸਨ। ਹੁਣ ਉਨ੍ਹਾਂ ਗੁੰਡੇ ਅਤੇ ਲਠੈਤ ਪਾਲਣੇ ਸ਼ੁਰੂ ਕਰ ਦਿੱਤੇ ਸਨ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਬੇਦਖਖ ਕਰਕੇ ਖੇਤ-ਮਜ਼ਦੂਰੀ ਲਈ ਮਜ਼ਬੂਰ ਵੀ ਕਰਨ ਲੱਗ ਪਏ ਸਨ। ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਉਪਰ ਆਪਣਾ ਦਾਬਾ ਬਣਾਈ ਰੱਖਣ ਲਈ ਆਪਣੇ ਹੀ ਕਾਨੂੰਨ ਤੇ ਰਿਵਾਜ਼ ਬਣਾਏ ਹੋਏ ਸਨ ਜਿਨ੍ਹਾਂ ਵਿੱਚ ਇਕ ਤਾਂ ਇਹ ਸੀ ਕਿ ਇੱਕ ਜੋਤੇਦਾਰ ਦਾ ਅਧਿਆਰ, ਭਾਵੇਂ ਉਸ ਨੂੰ ਕਿੰਨੀ ਲੋੜ ਕਿਉਂ ਨਾ ਹੋਵੇ ਕਿਸੇ ਹੋਰ ਜੋਤੇਦਾਰ ਦੀ ਜ਼ਮੀਨ ਵਾਹ-ਬੀਜ ਨਹੀਂ ਸੀ ਸਕਦਾ ਅਤੇ ਦੂਸਰਾ ਕਾਨੂੰਨ ਉਹਨਾਂ ਇਹ ਤਹਿ ਕੀਤਾ ਕਿ ਹਰੇਕ ਅਧਿਆਰ ਨੂੰ, ਭਾਵੇ ਉਸ ਨੂੰ ਲੋੜੇ ਹੋਵੇ ਜਾਂ ਨਾ, ਆਪਣੇ ਜੋਤੇਦਾਰ ਤੋਂ ਸਾਲ ਵਿੱਚ ਇਕ ਵਾਰ ਉਧਾਰ ਅਨਾਜ ਜ਼ਰੂਰ ਲੈਣਾ ਪੈਂਦਾ ਸੀ। ਇਸ ਉਧਾਰ ਉਪਰ 50% ਵਿਆਜ ਲੱਗਦਾ ਸੀ। ਜਗੀਰਦਾਰਾਂ-ਜੋਤੇਦਾਰਾਂ ਨੇ ਆਪਣੀ ਮਰਜ਼ੀ ਪੁਗਾਉਣ ਅਤੇ ਧੌਂਸ ਬਣਾਈ ਰੱਖਣ ਲਈ ਜੋਤੇਦਾਰਾਂ ਦੀ ਸਭਾ ਅਤੇ ਤਰਾਈ ਮੰਗਲ ਸੰਮਤੀ ਵਰਗੀਆਂ ਜਥੇਬੰਦੀਆਂ ਬਣਾਈਆਂ ਹੋਈਆਂ ਸਨ ਅਤੇ ਇਨ੍ਹਾ ਨੂੰ ਹਾਕਮ ਪਾਰਟੀ ਕਾਂਗਰਸ ਦੀ ਪੂਰੀ ਸ਼ਹਿ ਅਤੇ ਸਮਰਥਨ ਹਾਸਲ ਸੀ।
ਭਾਵੇਂ ਕਿ ਇਸ ਇਲਾਕੇ ਅੰਦਰ ਜੋਤੇਦਾਰਾਂ ਅਤੇ ਚਾਹ-ਬਾਗਾਂ ਦੇ ਮਾਲਕਾਂ ਦੀਆਂ ਧੱਕੇਸ਼ਾਹੀਆਂ ਅਤੇ ਜਬਰ ਖਿਲਾਫ਼ ਕਿਸਾਨਾਂ-ਮਜ਼ਦੂਰਾਂ ਦੇ ਉਘੜ-ਦੁਘੜੇ ਸੰਘਰਸ਼ ਇਕ ਆਮ ਵਰਤਾਰਾ ਸੀ, ਪਰ ਤਿਭਾਗਾ ਲਹਿਰ ਦੇ ਜ਼ੋਰਦਾਰ ਪ੍ਰਭਾਵ ਨੇ ਕਿਸਾਨਾਂ ਮਜ਼ਦੂਰਾਂ ਅੰਦਰ ਏਕਤਾ ਤੇ ਇਕਮੁੱਠਤਾ ਦੀ ਜਾਗ ਲਾਈ ਸ਼ੁਰੂਆਤੀ ਦੌਰ ਵਿੱਚ ਕਿਸਾਨਾਂ ਅੰਦਰ ਆਪਸ ਵਿੱਚ ਕਾਫ਼ੀ ਵਿਤਕਰੇ ਅਤੇ ਤੁਅਸਬ ਮੌਜੂਦ ਸਨ। 1952 ਵਿੱਚ ਅੰਬਾਰੀ ਕਿਸਾਨ ਕਾਨਫਰੰਸ ਵਿੱਚ ਲੱਗਭਗ 2000 ਕਿਸਾਨ ਸ਼ਾਮਲ ਹੋਏ ਸਨ ਪਰ ਉਨ੍ਹਾਂ ਲਈ ਖਾਣਾ ਅੱਡ ਅੱਡ 22 ਚੁੱਲ੍ਹਿਆਂ 'ਤੇ ਬਣਿਆ ਸੀ। ਪਰ 1960 ਤੱਕ ਜਮਾਤੀ ਚੇਤਨਤਾ ਦੇ ਵਿਕਾਸ ਤਹਿਤ ਇਹ ਤੁਅੱਸਬ ਅਤੇ ਵਿਤਕਰੇ ਦੂਰ ਹੋ ਚੁੱਕੇ ਸਨ ਅਤੇ ਇਕੋ ਰਸੋਈ ਬਣਨੀ ਸ਼ੁਰੂ ਹੋ ਗਈ ਸੀ।
ਇਸ ਦਹਾਕੇ ਅੰਦਰ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਨੇ ਕਈ ਖਾੜਕੂ ਘੋਲ ਲੜੇ। ਇਕ ਫਾਇਦੇਮੰਦ ਗੱਲ ਇਹ ਸੀ ਕਿ ਕਿਸਾਨਾਂ ਅਤੇ ਚਾਹ-ਬਾਗਾਂ ਦੇ ਮਜ਼ਦੂਰਾਂ ਵਿਚਕਾਰ ਅਜੇ ਕੋਈ ਨਿਸ਼ਚਤ ਵਖਰੇਵਾਂ ਅਤੇ ਸਨਾਖਤ ਨਹੀਂ ਬਣੀ ਸੀ। ਆਮ ਕਰਕੇ ਕਿਸਾਨ ਜਾਂ ਆਦਿਵਾਸੀ ਪਰਿਵਾਰਾਂ ਦੇ ਕੁਝ ਜੀਅ, ਜਾਂ ਕੰਮ ਦੇ ਜ਼ੋਰ ਸਮੇਂ ਸਮੁੱਚਾ ਪਰਿਵਾਰ ਹੀ ਚਾਹ-ਬਾਗਾਂ ਵਿੱਚ ਮਜ਼ਦੂਰੀ ਕਰਦਾ ਸੀ ਅਤੇ ਨਾਲ ਹੀ ਖੇਤੀ ਦਾ ਧੰਦਾ ਵੀ ਚੱਲਦਾ ਰਹਿੰਦਾ ਸੀ। 1955-56 ਦੇ ਬੋਨਸ ਘੋਲ ਦਰਮਿਆਨ ਹਜ਼ਾਰਾਂ ਮਜ਼ਦੂਰਾਂ ਅਤੇ ਕਿਸਾਨਾਂ ਨੇ ਚਾਹ-ਬਾਗਾਂ ਦੇ ਮਾਲਕਾਂ ਦੇ ਲਠੈਤਾਂ ਅਤੇ ਪੁਲਸ ਨਾਲ ਜਬਰਦਸਤ ਟੱਕਰਾਂ ਲਈਆਂ ਸਨ ਅਤੇ ਉਨ੍ਹਾਂ ਨੂੰ ਝੁਕਣ ਲਈ ਮਜ਼ਬੂਰ ਕਰ ਦਿੱਤਾ ਸੀ।
1958-62 ਤੱਕ ਪੱਛਮੀ ਬੰਗਾਲ ਅੰਦਰ ਕਿਸਾਨ ਸਭਾ ਦੇ ਸੱਦੇ ਤੇ ਬੇਨਾਮੀ ਜ਼ਮੀਨਾਂ 'ਤੇ ਕਬਜੇ ਦੀ ਮੁਹਿਮ ਚੱਲੀ। ਇਸ ਮੁਹਿੰਮ ਦੌਰਾਨ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਨੇ ਬੇਨਾਮੀ ਜ਼ਮੀਨਾਂ ਤੋਂ ਇਲਾਵਾ ਜੋਤੇਦਾਰਾਂ ਦੀਆਂ ਫਸਲਾਂ ਅਤੇ ਜਮੀਨਾਂ 'ਤੇ ਕਬਜਾ ਕਰਨਾ ਸ਼ੁਰੂ ਕਰ ਦਿੱਤਾ। ਅਨੇਕਾਂ ਥਾਈਂ ਘਮਸਾਨੀ ਟੱਕਰਾਂ ਹੋਈਆਂ। ਕਿਸਾਨ ਕਿਤੇ ਵੀ ਨਾ ਡਰੇ ਨਾ ਝੁਕੇ। ਸਗੋਂ ਜੋਤੇਦਾਰਾਂ ਅੰਦਰ ਡਰ ਤੇ ਭੈਅ ਫੈਲ ਗਿਆ। ਉਹ ਪਹਿਲਾਂ ਨਾਲੋਂ ਵੀ ਵੱਧ ਜਥੇਬੰਦ, ਹਥਿਆਰਬੰਦ ਅਤੇ ਲੜਾਕੂ ਹੋਣਲੱਗ ਪਏ ਪਰ ਇਸ ਸਮੇਂ ਤੱਕ ਕਿਸਾਨ ਜਥੇਬੰਦੀ ਵੀ ਮਜਬੂਤ ਅਤੇ ਪੱਕੇ ਪੈਰੀਂ ਹੋ ਚੁੱਕੀ ਸੀ। ਕਿਸਾਨਾਂ ਅੰਦਰ ਇਨਕਲਾਬੀ ਚੇਤਨਾ ਜੜ੍ਹਾਂ ਲਾ ਚੁੱਕੀ ਸੀ। ਉਨ੍ਹਾਂ ਅੰਦਰ ਇਕ ਭਰੋਸੇਯੋਗ ਆਗੂ ਟੋਲੀ ਵੀ ਵਿਕਸਤ ਹੋ ਚੁੱਕੀ ਸੀ। ਇਨ੍ਹਾਂ ਵਿੱਚ ਇਕ ਕਾਨੂੰ ਸਾਨਿਆਨ ਸੀ, ਜਿਹੜਾ ਇਕ ਦਰਜੀ ਦਾ ਪੁੱਤਰ ਸੀ। ਵਿਦਿਆਰਥੀ ਜੀਵਨ ਦਰਮਿਆਨ ਤਿਭਾਗਾ ਲਹਿਰ ਤੋਂ ਪ੍ਰਭਾਵਤ ਹੋ ਕੇ ਕਮਿਊਨਿਸਟ ਪਾਰਟੀ ਦੇ ਵਾਹ ਵਿੱਚ ਆਇਆ ਸੀ ਅਤੇ ਮੁੜ ਕਿਸਾਨਾਂ ਅਤੇ ਆਦਿਵਾਸੀਆਂ ਵਿੱਚ ਲਗਾਤਾਰ ਸਰਗਰਮ ਰਿਹਾ ਸੀ। ਦੂਜਾ ਜੰਗਲ ਸੰਥਾਲ ਇਕ ਆਦਿਵਾਸੀ ਸੀ ਜਿਹੜਾ ਆਪਣੀ ਸੂਝਬੂਝ ਅਤੇ ਧੜੱਲੇ ਨਾਲ ਸਥਾਪਤ ਤੇ ਪਰਵਾਨਤ ਹੋਇਆ ਕਿਸਾਨ ਆਗੂ ਸੀ। ਤੀਸਰਾ ਬਾਬੂ ਲਾਲ ਵਿਸ਼ਵਕਰਮਨ, ਇਕ ਬੇਜ਼ਮੀਨੇ ਕਿਸਾਨ ਦਾ ਪੁੱਤਰ ਅਤੇ ਚਾਹ-ਬਾਗਾਂ ਦਾ ਮਜ਼ਦੂਰ ਸੀ ਜਿਹੜਾ ਮਜ਼ਦੂਰ ਸੰਘਰਸ਼ਾਂ ਦਾ ਚੰਡਿਆ ਤੇ ਹੰਡਿਆ ਵਰਤਿਆ ਆਗੂ ਸੀ। ਇਸ ਤੋਂ ਇਲਾਵਾ ਅਨੇਕਾਂ ਹੀ ਹੋਰ ਨਿਹਚਾ ਅਤੇ ਦ੍ਰਿੜਤਾ ਵਾਲੇ ਪਾਰਟੀ ਕਾਰਕੁਨ ਮੌਜੂਦ ਸਨ। ਵਰਨਣ ਯੋਗ ਗੱਲ ਇਹ ਹੈ ਕਿ ਇਸ ਇਲਾਕੇ ਅੰਦਰ ਪਾਰਟੀ ਦਾ ਬਾਹਰੋਂ ਭੇਜਿਆ ਕੁਲਵਕਤੀ ਕਾਰਕੁਨ ਕੋਈ ਨਹੀਂ ਸੀ ਅਤੇ ਇਥੇ ਲਹਿਰ ਤੇ ਲੀਡਰਸ਼ਿਪ ਸਥਾਨਕ ਘੋਲਾਂ ਵਿੱਚੋਂ ਹੀ ਉਸਰੀ ਹੋਈ ਸੀ। ਨਕਲਸਬਾੜੀ ਦੀ ਬਗਾਵਤ ਨਾਲ ਕਾ. ਚਾਰੂ ਮਜ਼ੂਮਦਾਰ ਦਾ ਨਾਂ ਵੀ ਜੁੜਿਆ ਹੋਇਆ ਸੀ ਪਰ ਹਕੀਕਤ ਇਹ ਹੈ ਕਿ ਇਸ ਇਲਾਕੇ ਨਾਲ ਉਸ ਦਾ ਕੋਈ ਸਿੱਧਾ ਸਬੰਧ ਨਹੀਂ ਸੀ। ਉਸ ਦੀ ਸਰਗਰਮੀ ਦਾ ਖੇਤਰ ਸਿਲੀਗੁੜੀ ਸੀ।
ਮਈ 1967 ਦੀ ਨਕਸਲਬਾੜੀ ਬਗਾਵਤ ਲਈ ਜੂਨ ਤੋਂ ਦਸੰਬਰ 1966 ਤੱਕ ਦਾਰਜੀਲਿੰਗ ਅੰਦਰ ਚੱਲੀ ਚਾਹ ਬਾਗਾਂ ਦੇ ਮਜ਼ਦੂਰਾਂ ਦੀ ਹੜਤਾਲ ਅਤੇ ਖਾੜਕੂ ਸੰਘਰਸ਼ ਨੇ ਹੁਲਾਰ ਪੈੜੇ ਦਾ ਕੰਮ ਕੀਤਾ। ਚਾਹ-ਬਾਗ ਮਜ਼ਦੂਰਾਂ ਦਾ ਕਿਸਾਨੀ ਨੇ ਡਟਵਾਂ ਸਮਰਥਨ ਕੀਤਾ। ਸਤੰਬਰ ਦੇ ਮਹੀਨੇ ਨੌਂ ਦਿਨ ਲਗਾਤਾਰ ਚੱਲੀ ਹੜਤਾਲ ਇਸ ਪੱਖੋਂ ਬੇਹੱਦ ਅਹਿਮ ਸੀ ਕਿ ਇਸ ਅਰਸੇ ਦੋਰਾਨ ਸਮੁੱਚੇ ਦਾਰਜੀਲਿੰਗ ਜਿਲੇ ਅੰਦਰ, ਸਮੂਹ ਚਾਹ-ਬਾਗਾਂ ਅੰਦਰ ਪੱਤੀਆਂ ਦੀ ਤੁੜਵਾਈ ਬੰਦ ਰਹੀ। ਚਾਹ-ਬਾਗ ਮਾਲਕਾਂ ਅਤੇ ਪੁਲਸ ਦੇ ਦਬਾਅ ਪਾਉਣ ਅਤੇ ਹੜਤਾਲ ਕੁਚਲਣ ਦੇ ਸਭ ਹਰਬਿਆਂ ਨੂੰ ਅਸਫਲ ਬਣਾਉਦੇ ਹੋਏ ਮਜ਼ਦੂਰਾਂ ਅਤੇ ਕਿਸਾਨਾਂ ਦੇ ਉਭਰ ਰਹੇ ਸਹਿਯੋਗ ਨੇ, ਉਨ੍ਹਾਂ ਦੀ ਉਭਰ ਰਹੀ ਤਾਕਤ ਨੇ , ਹਾਕਮ ਜਮਾਤਾਂ ਦੀ ਸੱਤਾ ਨੂੰ ਚੁਣੌਤੀ ਦੇ ਦਿੱਤੀ। ਫਰਵਰੀ 1967 ਵਿਚ ਹੋਈਆਂ ਅਸੈਂਬਲੀ ਚੋਣਾਂ ਅੰਦਰ ਕਾਂਗਰਸ ਪਾਰਟੀ ਨੂੰ ਮਿਲੀ ਕਰਾਰੀ ਹਾਰ ਅਤੇ ਕਮਿਊਨਿਸਟਾਂ ਦੇ ਸਹਿਯੋਗ ਨਾਲ ਬਣੀ ਸਾਂਝੇ ਮੋਰਚੇ ਦੀ ਸਰਕਾਰ ਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਹ ਭਰਮਾਊ ਹੁਲਾਰਾ ਦਿੱਤਾ ਕਿ ਹੁਣ ਉਨ੍ਹਾਂ ਦੀ ਸਰਕਾਰ ਬਣ ਗਈ ਹੈ। ਜੋਤੇਦਾਰ ਅਤੇ ਚਾਹਬਾਗਾਂ ਦੇ ਮਾਲਕ ਹੁਣ ਉਨ੍ਹਾਂ ਦਾ ਕੁੱਝ ਨਹੀਂ ਵਿਗਾੜ ਸਕਣਗੇ।
ਇਸ ਉਤਸ਼ਾਹੀ ਮਹੌਲ ਵਿੱਚ 7 ਮਈ 1967 ਨੂੰ ਨਕਸਲਬਾੜੀ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਸਾਂਝੀ ਕਾਨਫਰੰਸ ਹੋਈ। ਇਸ ਕਾਨਫਰੰਸ ਅੰਦਰ ਜਾਗੀਰਦਾਰਾਂ ਦੀ ਸੱਤਾ ਨੂੰ ਤਹਿਸ਼-ਨਹਿਸ਼ ਕਰਨ ਲਈ ਜ਼ਰੱਈ ਇਨਕਲਾਬ ਨੂੰ ਅੱਗੇ ਵਧਾਉਣ ਦਾ ਅਤੇ ਜਾਗੀਰਦਾਰਾਂ ਦੀ ਜਮੀਨ 'ਤੇ ਕਬਜਾ ਕਰਨ ਦਾ ਫੈਸਲਾ ਕੀਤਾ ਗਿਆ। ਇਸ ਪ੍ਰਸੰਗ ਵਿਚ ਇਹ ਵੀ ਵਰਨਣਯੋਗ ਹੈ ਕਿ ਸਾਂਝੇ ਮੋਰਚੇ ਦੀ ਸਰਕਾਰ ਅੰਦਰ ਮਾਰਕਸੀ ਪਾਰਟੀ ਦਾ ਆਗੂ ਹਰੇ ਕ੍ਰਿਸ਼ਨ ਕੋਨਾਰ ਜ਼ਮੀਨ ਅਤੇ ਮਾਲੀਆ ਵਿਭਾਗ ਦਾ ਮੰਤਰੀ ਬਣਿਆ ਸੀ। ਉਸ ਨੇ ਮੰਤਰੀ ਬਣਦੇ ਸਾਰ ਹੀ ਬਿਆਨ ਦਿੱਤਾ ਕਿ ਹੁਣ ਕਿਸਾਨ ਕਾਨੂੰਨ ਦੀਆਂ ਸੀਮਾਵਾਂ ਵਿੱਚ ਰਹਿ ਕੇ ਅੰਦੋਲਨ ਕਰਨ ਅਤੇ ਸਾਂਝੇ ਮੋਰਚੇ ਦੀ ਸਰਕਾਰ ਲਈ ਕੋਈ ਦਿੱਕਤਾਂ ਖੜ੍ਹੀਆਂ ਨਾ ਕਰਨ।                     ਮਜ਼ਦੂਰਾਂ ਕਿਸਾਨਾਂ ਦੀ ਇਸ ਕਾਨਫਰੰਸ ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡ ਪਿੰਡ ਕਿਸਾਨ ਕਮੇਟੀਆਂ ਕਾਇਮ ਕਰਨ। ਰਾਖਾ ਦਸਤੇ ਤਿਆਰ ਕਰਨ , ਜਾਗੀਰੂ ਦਹਿਸ਼ਤ ਨੂੰ ਤੋੜ ਸੁੱਟਣ ਤੇ ਜਾਗੀਰਦਾਰਾਂ ਦੀਆਂ ਜਮੀਨਾਂ 'ਤੇ ਕਬਜ਼ਾ ਕਰ ਲੈਣ। ਉਨ੍ਹ੍ਵਾਂ ਦੇ ਇਸ ਸੱਦੇ ਨੂੰ ਬੇਮਿਸਾਲ ਹੁੰਗਾਰਾ ਮਿਲਿਆ। ਦਿਨਾਂ ਵਿਚ ਹੀ ਕਿਸਾਨ ਸਭਾ ਦੀ ਮੈਂਬਰਸ਼ਿਪ 4 ਹਜ਼ਾਰ ਤੋਂ 16 ਹਜਾਰ ਹੋ ਗਈ ਕਿਸਾਨ ਲਾਲ ਝੰਡੇ ਹੇਠ ਇਕੱਠੇ ਹੁੰਦੇ ਅਤੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਜਾ ਲਹਿਰਾਉਂਦੇ । ਹੱਦਬੰਦੀ ਨੂੰ ਚਕਮਾ ਦੇਣ ਵਾਲੇ ਪਟਵਾਰੀਆਂ ਦੇ ਝੂਠੇ ਰਿਕਾਰਡ ਸਾੜ ਦਿੰਦੇ। ਸੂਦਖੋਰਾਂ ਦੀਆਂ ਵਹੀਆਂ ਅਤੇ ਪ੍ਰੋਨੋਟ ਫੂਕ ਦਿੰਦੇ। ਜਾਗੀਰਦਾਰਾਂ ਦੇ ਗੁੰਡਿਆਂ ਨੂੰ ਕੁਟਾਪਾ ਚਾੜ੍ਹਦੇ ਇਸ ਤਰ੍ਹਾਂ ਜਾਗੀਰਦਾਰਾਂ ਅੰਦਰ ਸਹਿਮ ਅਤੇ ਦਹਿਸ਼ਤ ਪੈਦਾ ਹੋ ਰਹੀ ਸੀ, ਘਬਰਾਹਟ ਤੇ ਨਿਰਾਸ਼ਤਾ ਪਨਪ ਰਹੀ ਸੀ।
ਅਜਿਹੇ ਸਮੇਂ ਹੀ ਇਕ ਅਜਿਹੀ ਘਟਨਾ ਵਾਪਰੀ ਜਿਸ ਨੇ ਮਾਰਕਸੀ ਪਾਰਟੀ ਦੇ ''ਕਾਨੂੰਨ ਦੀਆਂ ਹੱਦਾਂ ਅੰਦਰ ਰਹਿ ਕੇ ਸੰਘਰਸ਼ ਕਰਨ'' ਦੀ ਪਹੁੰਚ ਦੀ ਅਸਲੀਅਤ ਬੇਨਕਾਬ ਕਰ ਦਿੱਤੀ ਤੇ ਨਾਲ ਹੀ ਮਜ਼ਦੂਰ-ਕਿਸਾਨ ਕਾਨਫਰੰਸ ਦੀ ਜ਼ਰੱੱੱੱੱਈ ਇਨਕਲਾਬੀ ਲਹਿਰ ਨੂੰ ਅਗਾਂਹ ਵਧਾਉਣ ਦੀ ਸੇਧ 'ਤੇ ਦਰੁਸਤੀ ਦੀ ਮੋਹਰ ਲਾ ਦਿੱਤੀ। ਇਸ ਇਲਾਕੇ ਵਿਚ ਇਕ ਬਿਗਲ ਨਾਮੀ ਬੇਜ਼ਮੀਨਾ ਕਿਸਾਨ ਸੀ, ਜਿਹੜਾ ਕਿ ਮਾਰਕਸੀ ਪਾਰਟੀ ਦਾ ਮੈਂਬਰ ਵੀ ਸੀ। ਮੁਜਾਰਾ ਐਕਟ ਤਹਿਤ ਉਸ ਨੂੰ ਜ਼ਮੀਨ ਮਾਲਕੀ ਦਾ ਅਧਿਕਾਰ ਮਿਲ ਗਿਆ ਸੀ ਪਰ ਜਾਗੀਰਦਾਰਾਂ ਨੇ ਪਹਿਲਾਂ ਅਦਾਲਤ ਵਿਚ ਉਲਝਾਈ ਰੱਖਿਆ। ਅਦਾਲਤ ਵਿੱਚੋਂ ਵੀ ਉਸ ਦੇ ਹੱਕ ਵਿਚ ਫੈਸਲਾ ਹੋ ਜਾਣ 'ਤੇ ਵੀ, ਜਾਗੀਰਦਾਰਾਂ ਨੇ ਉਸ ਨੂੰ ਜਮੀਨ ਵਿਚ ਪੈਰ ਨਾ ਰੱਖਣ ਦਿਤਾ। ਪਿੰਡ ਦੇ ਹੋਰ ਕਿਸਾਨ ਬਿਗਲ ਦੀ ਮਦੱਦ 'ਤੇ ਆਏ ਤਾਂ ਜਾਗੀਰਦਾਰਾਂ ਦੇ ਲਠੈਤਾਂ ਨਾਲ ਉਨ੍ਹਾਂ ਦੀ ਜੰਮ ਕੇ ਲੜਾਈ ਹੋਈ। ਦੋਹਾਂ ਧਿਰਾਂ ਦੇ ਸੱਟਾਂ-ਫੇਟਾਂ ਲੱਗੀਆਂ। 23 ਮਈ ਨੂੰ ਪੁਲਸ ਆਈ ਅਤੇ ਉਸ ਨੇ ਜਾਗੀਰਦਾਰਾਂ ਦਾ ਪੱਖ ਲੈ ਕੇ ਕਿਸਾਨਾਂ ਦੀ ਫੜੋ-ਫੜੀ ਆਰੰਭ ਦਿਤੀ। ਕਿਸਾਨਾਂ ਦਾ ਗੁੱਸਾ ਭਾਂਬੜ ਬਣ ਉਠਿਆ। ਰਵਾਇਤੀ ਹਥਿਆਰਾਂ ਨਾਲ ਲੈਸ ਕਿਸਾਨਾਂ ਅਤੇ ਤੀਰ-ਕਮਾਨਾਂ ਵਾਲੇ ਸੈਕੜੇ ਆਦਿਵਾਸੀਆਂ ਨੇ ਪੁਲਸ ਦਲ ਨੂੰ ਘੇਰ ਲਿਆ। ਝੜੱਪ ਹੋਈ। ਤਿੰਨ ਪੁਲਸੀਏ ਜਖਮੀ ਹੋ ਗਏ। ਦਰੋਗਾ ਸੁਨਮ ਵਾਂਗਦੀ ਦੋ ਦਿਨ ਬਾਅਦ ਹਸਪਤਾਲ ਵਿਚ ਦਮ ਤੋੜ ਗਿਆ। ਉਸੇ ਦਿਨ ਭਾਰੀ ਤਦਾਦ ਵਿਚ ਪੁਲਸ ਨੇ ਇਸ ਪਿੰਡ 'ਤੇ ਹਮਲਾ ਬੋਲ ਦਿੱਤਾ। ਜੰਮ ਕੇ ਲੜਾਈ ਹੋਈ। ਕਿਸਾਨਾਂ ਨੇ ਰਵਾਇਤੀ ਹਥਿਆਰਾਂ ਨਾਲ ਟਾਕਰਾ ਕੀਤਾ। ਔਰਤਾਂ-ਬੱਚਿਆਂ ਨੇ ਇੱਟਾਂ ਰੋੜੇ ਵਰਾ੍ਹਏ। ਆਦਿਵਾਸੀਆਂ ਨੇ ਤੀਰ ਛੱਡੇ। ਪੁਲਸ ਨੇ ਅੰਧਾਧੁੰਦ ਗੋਲੀ ਚਲਾਈ। ਦਸ ਵਿਅਕਤੀ ਮਾਰੇ ਗਏ ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸਨ। ਇਹੀ ਘਟਨਾ ਭਾਰਤ ਅੰਦਰ ''ਬਸੰਤ ਦੀ ਗਰਜ'' ਬਣ ਗਈ।
ਇਸ ਘਟਨਾ ਨੇ ਨਕਸਲਬਾੜੀ ਦੇ ਇਲਾਕੇ ਅੰਦਰ ਇੱਕ ਬਿਜਲਈ ਤਰੰਗ ਛੇੜ ਦਿੱਤੀ। ਕਿਸਾਨਾਂ ਨੇ ਥਾਂ ਥਾਂ ਜਾਰੀਰਦਾਰਾਂ ਦੀਆਂ ਜਮੀਨਾਂ 'ਤੇ ਕਬਜੇ ਆਰੰਭ ਦਿੱਤੇ। ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਰਵਾਇਤੀ ਹਥਿਆਰਾਂ ਸਮੇਤ ਇਕੱਠੇ ਹੁੰਦੇ, ਲਾਲ ਝੰਡੇ ਝੁਲਾਉਂਦ,ੇ ਜੋਤੇਦਾਰਾਂ ਦੀਆਂ ਜ਼ਮੀਨਾਂ 'ਤੇ ਕਬਜੇ ਕਰਦੇ ਅਤੇ ਜਾਲਮ ਜਾਗੀਰਦਾਰਾਂ ਅਤੇ ਉਨ੍ਹਾਂ ਦੇ ਲਠੈਤਾਂ ਨੂੰ ਸਜਾਵਾਂ ਸੁਣਾਉਂਦੇ। ਮੁਲਕ ਭਰ ਅੰਦਰ ਭਖੇ ਹੋਏ ਸਿਆਸੀ ਮਹੌਲ ਅੰਦਰ ਇਹ ਲਹਿਰ ਅਤੇ ਕਿਸਾਨ ਬਗਾਵਤ ਤਿੱਖੀ ਤੇ ਭਖਵੀਂ ਚਰਚਾ ਦਾ ਵਿਸ਼ਾ ਬਣ ਗਈ। ਕਮਿਊਨਿਸਟ ਇਨਕਲਾਬੀ ਸ਼ਕਤੀਆਂ, ਖਰੇ ਜਮਹੂਰੀ ਅਨਸਰ ਅਤੇ ਇਨਸਾਫਪਸੰਦ ਲੋਕ ਇਸ ਬਗਾਵਤ 'ਤੇ ''ਅਸ਼ ਅਸ਼ '' ਕਰ ਉਠੇ ਜਦ ਕਿ ਹਾਕਮ ਜਮਾਤਾਂ ਅਤੇ ਉਨ੍ਹਾਂ ਦੇ ਚਮਚੇ ''ਤਰਾਹ ਤਰਾਹ'' ਕਰ ਉਠੇ।
ਬੰਗਾਲ ਦਾ ਮੁੱਖ-ਮੰਤਰੀ ਅਜੈ ਕੁਮਾਰ ਮੁਖਰਜੀ, ਅਸੈਂਬਲੀ ਵਿਚ ਭਰਿਆ ਪੀਤਾ ਕੂਕਿਆ ਕਿ ਨਕਸਲਬਾੜੀ ਦੇ ਇਲਾਕੇ ਅੰਦਰ ਅਮਨ ਕਾਨੂੰਨ ਦੀ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ। ਉਸ ਨੇ ਆਪਣੀ ਹਾਕਮ ਜਮਾਤੀ ਭਾਸ਼ਾ ਵਿਚ ਦੱਸਿਆ ਕਿ 8 ਤੋਂ 10 ਜੂਨ ਤੱਕ ਤਿੰਨ ਦਿਨਾਂ ਅੰਦਰ ਹੀ ਨਕਸਲਬਾੜੀ ਵਿਚ 13 ਡਕੈਤੀਆਂ, ਦੋ ਹੱਤਿਆਵਾਂ ਅਤੇ ਇੱਕ ਅਗਜਨੀ ਸਮੇਤ 80 ਵਾਰ ਕਾਨੂੰਨ ਭੰਗ  ਹੋਇਆ ਹੈ। ਕੇਂਦਰੀ ਗ੍ਰਹਿ ਮੰਤਰੀ ਖੁਸ਼ਵੰਤ ਰਾਓ ਚਵਾਨ ਨੇ ਲੋਕ ਸਭਾ ਵਿਚ ਬਿਆਨ ਦਿੱਤਾ ਕਿ ਨਕਸਲਵਾੜੀ ਇਲਾਕੇ ਅੰਦਰ ਅਮਨ ਕਾਨੂੰਨ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਲੋਕ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਰਹੇ ਹਨ ਅਤੇ ਭੰਨ ਤੋੜ ਕਰ ਰਹੇ ਹਨ। ਉਸ ਨੇ ਉਮੀਦ ਪਰਗਟ ਕੀਤੀ ਕਿ ਸਾਂਝੇ ਮੋਰਚੇ ਦੀ ਧਿਰ ਮਾਰਕਸੀ ਕਮਿਊਨਿਸਟ ਪਾਰਟੀ ਉਨ੍ਹਾਂ ਭੰਨਤੋੜ ਦੀਆਂ ਕਾਰਵਾਈਆਂ ਦਾ ਸਮਰਥਨ ਨਹੀਂ ਕਰੇਗੀ ਅਤੇ ਮਾਰਕਸੀ ਕਮਿਊਨਿਸਟ ਪਾਰਟੀ ਹਾਕਮ ਜਮਾਤਾਂ ਦੇ ਇਸ ਪਹਿਰੇਦਾਰ ਚਵਾਨ ਦੀ ਉਮੀਦ 'ਤੇ ਪੂਰੀ ਉਤਰੀ। 20 ਜੂਨ ਨੂੰ ਮਾਰਕਸੀ ਪਾਰਟੀ ਦੀ ਪੋਲਿਟ ਬਿਓਰੋ ਨੇ ਨਕਸਲਬਾੜੀ ਦੀ ਬਗਵਤ ਨੂੰ ਮੁੱਠੀ ਭਰ ਮਾਹਰਕੇਬਾਜਾਂ ਦੀ ਕਾਰਵਾਈ ਕਰਾਰ ਦੇ ਦਿੱਤਾ ਅਤੇ ਇਸ ਬਗਾਵਤ ਦਾ ਸਮਰਥਨ ਕਰਨ ਵਾਲੇ 19 ਮਹੱਤਵਪੂਰਨ ਆਗੂਆਂ ਨੂੰ ਪਾਰਟੀ ਵਿਚੋਂ ਖਾਰਜ ਕਰ ਦਿੱਤਾ।  
ਇਸ ਉਪਰੰਤ ਮਾਰਕਸੀ ਪਾਰਟੀ ਦੀ ਹਮਾਇਤ ਮਿਲਣ 'ਤੇ ਪੱਛਮੀ ਬੰਗਾਲ ਸਰਕਾਰ ਨੇ 13 ਜੁਲਾਈ ਨੂੰ ਹਥਿਆਰਬੰਦ ਪੁਲਸ ਅਤੇ ਬੀ ਐਸ ਐਫ ਨਾਲ ਨਕਸਲਬਾੜੀ 'ਤੇ ਚੜ੍ਹਾਈ ਕਰ ਦਿੱਤੀ। 250 ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਵਿਰੋਧ ਕਰ ਰਹੇ ਇੱਕ 80 ਸਾਲਾ ਬਜ਼ੁਰਗ ਨੂੰ ਸੰਗੀਨ ਖੋਭ ਕੇ ਮਾਰ ਦਿੱਤਾ । ਕਿਸਾਨ ਸ਼ਭਾ ਦੇ ਕਾਰਕੁੰਨਾਂ ਤੇ ਹਮੈਤੀਆਂ 'ਤੇ ਅੰਨ੍ਹਾਂ ਕੁਟਾਪਾ ਚਾੜ੍ਹਿਆ। ਥਾਂ ਥਾਂ ਪੁਲਸ ਕੈਂਪ ਸਥਾਪਤ ਕਰ ਦਿੱਤੇ ਅਤੇ ਉਲਟ ਇਨਕਲਾਬੀ ਦਹਿਸ਼ਤ ਦਾ ਗੇੜ  ਚਲਾ ਦਿੱਤਾ ।  ਇਉਂ ਨਕਸਲਬਾੜੀ ਦੀ ਇਹ ਬਗਾਵਤ ਕੁੱਲ ਮਿਲਾ ਕੇ 53 ਦਿਨਾਂ ਤੱਕ ਹੀ ਚੱਲੀ, ਪਰ ਭਾਰਤ ਦੇ ਸਿਆਸੀ ਸੀਨ ਤੇ ਇਹ ਬਗਵਤ ਇਕ ਲਾਸਾਨੀ ਇਤਿਹਾਸਕ ਮਹੱਤਤਾ ਵਾਲੀ ਅਮਰ ਗਾਥਾ ਹੋ ਨਿੱਬੜੀ।
ਇਸ ਬਗਾਵਤ ਨੇ ਭਾਰਤ ਦੀ ਧਰਤੀ 'ਤੇ ਮਾਓ-ਜ਼ੇ-ਤੁੰਗ ਵਿਚਾਰਧਾਰਾ ਦਾ ਝੰਡਾ ਗੱਡ ਦਿੱਤਾ। ਭਾਰਤੀ ਇਨਕਲਾਬ ਦੇ ਰਾਹ, ਜ਼ੱਰਈ ਇਨਕਲਾਬ ਦੀ ਮਹੱਤਤਾ, ਲਮਕਵੇਂ ਲੋਕ ਯੁੱਧ ਦੀ ਸਾਰਥਕਤਾ ਆਦਿ ਸੁਆਲਾਂ ਦਾ ਨਿਬੇੜਾ ਕਰ ਦਿੱਤਾ। ਨਵ-ਸੋਧਵਾਦੀ ਮਾਰਕਸੀ ਪਾਰਟੀ ਦੇ ਮੁਖੌਟੇ ਲੂਹ ਸੁੱਟੇ ਅਤੇ ਉਨਾਂ ਦਾ ਹਾਕਮ ਜਮਾਤਾਂ ਪ੍ਰਤੀ, ਉਹਨਾਂ ਦੇ ਅਖੌਤੀ ਪਾਰਲੀਮੀਨੀ ਨਿਜ਼ਾਮ ਪ੍ਰਤੀ ਹੇਜ ਨੂੰ ਅਤੇ ਹਕੂਮਤੀ ਕੁਰਸੀਆਂ ਦੀ ਹਵਸ ਨੂੰ ਸ਼ਰੇਆਮ ਨੰਗਾ ਕਰ ਦਿੱਤਾ।  ਇਸ ਉਪਰੰਤਰ ਨਕਸਲਬਾੜੀ ਇਲਾਕੇ ਦੀ ਇਹ ਬਗਾਵਤ ਵੀ ਇਕ ਘਟਨਾ ਨਾ ਰਹਿ ਕੇ ਇਕ ਅਜੇਹੀ ਇਨਕਲਾਬੀ ਜਮਹੂਰੀ ਲਹਿਰ ਬਣ ਗਈ ਜਿਹੜੀ ਲੱਖਾਂ ਹੀ ਕਮਿ: ਇਨਕਲਾਬੀਆਂ, ਕਿਸਾਨਾਂ-ਮਜ਼ਦੂਰਾਂ, ਬੁੱਧੀਜੀਵੀਆਂ ਅਤੇ ਨੌਜੁਆਨਾਂ ਲਈ ਇਨਕਲਾਬੀ ਪ੍ਰੇਰਨਾਸ੍ਰੋਤ ਤੇ ਮਾਰਗ-ਦਰਸ਼ਕ ਬਣ ਗਈ।
ਨਕਸਲਬਾੜੀ ਦੀ ਬਗਾਵਤ ਨੇ ਤਿਲੰਗਾਨਾ ਤੋਂ ਬਾਅਦ ਜ਼ੱਰਈ ਇਨਕਲਾਬੀ ਲਹਿਰ ਅਤੇ ਇਨਕਲਾਬੀ ਰਾਜ-ਸੱਤਾ ਦੀ ਸਥਾਪਤੀ ਦੇ ਆਪਸੀ ਰਿਸ਼ਤੇ ਦੇ ਸੁਆਲ ਨੂੰ ਸਦਾ ਲਈ ਹੱਲ ਕਰ ਦਿੱਤਾ। ''ਨਕਸਲਬਾੜੀ ਬਾਰੇ ਕੁਝ ਹੋਰ'' ਵਿੱਚ ਕਾਨੂੰ ਸਾਨਿਆਲ ਦਾ ਇਹ ਕਥਨ ਅੱਜ ਬੇਹੱਦ ਢੁਕਵਾਂ ਹੈ ਕਿ ਨਕਸਲਬਾੜੀ ਦਾ ਸਬਕ ਇਹ ਹੈ ਕਿ ਜ਼ੱਰਈ ਇਨਕਲਾਬ ਦਾ ਮੁੱਖ ਤੱਤ ਕਿਸਾਨਾਂ ਵਿੱਚ ਜ਼ਮੀਨ ਦੀ ਵੰਡ ਹੈ। ਆਪਣੀ ਮਲਕੀਅਤ ਹੇਠ ਆਈ ਇਸ ਜ਼ਮੀਨ ਦੀ ਰਾਖੀ ਲਈ ਟਾਕਰੇ ਦਾ ਉਹ ਸੰਘਰਸ਼ ਪੇਂਡੂ ਖੇਤਰਾਂ ਅੰਦਰ ਵਿਕਸਤ ਹੋਵੇਗਾ ਜਿਹੜਾ ਕਿ ਅਗਾਂਹ ਰਾਜਸੀ ਸੱਤਾ ਲਈ ਸੰਘਰਸ਼ ਵਿੱਚ ਬਦਲ ਜਾਵੇਗਾ। ਇਸ ਲਈ ਜਮਹੂਰੀ ਇਨਕਲਾਬ ਜਾਂ ਜ਼ੱਰਈ ਇਨਕਲਾਬ ਦੇ ਦੌਰ ਵਿੱਚ ਜਮੀਨ ਲਈ ਸੰਘਰਸ਼ ਅਤੇ ਸੱਤਾ ਲਈ ਸੰਘਰਸ਼ ਆਪਸ ਵਿੱਚ ਜੜੁੱਤ ਹਨ। '' ਕਾਨੂੰ ਸਾਨਿਆਲ ਨੇ ਇਸ ਲਿਖਤ ਅੰਦਰ ਇਹ ਹਕੀਕਤ ਵੀ ਉਭਾਰੀ ਸੀ ਕਿ ਨਕਸਲਬਾੜੀ ਦਾ ਕਿਸਾਨ ਘੋਲ ਕਿਸੇ ਵੀ ਰੂਪ ਵਿੱਚ ਵਿਅਕਤੀਗਤ ਸਫਾਏ ਦੀ ਲੀਹ ਦੀ ਧਾਰਨਾ ਪੇਸ਼ ਨਹੀਂ ਸੀ ਕਰਦਾ, ਸਗੋਂ ਇਸ ਤੋਂ ਉਲਟ ਇਹ ਇਨਕਲਾਬੀ ਜਨਤਕ ਲੀਹ 'ਤੇ ਆਧਾਰਤ ਜ਼ੱਰਈ ਇਨਕਲਾਬੀ ਲਹਿਰ ਦੇ ਵਿਕਾਸ ਮਾਰਗ ਦਾ ਨਕਸ਼ਾ ਚਿਤਰਦਾ ਸੀ। ਨਕਸਲਬਾੜੀ ਦੀ ਬਗਾਵਤ ਅੱਜ ਕਮਿਊਨਿਸਟ ਇਨਕਲਾਬੀ ਲਹਿਰ ਦਾ ਚਿੰਨ੍ਹ ਬਣ ਕੇ ਸਦਾ ਲਈ ਅਮਰ ਹੋ ਗਈ ਹੈ।

  ***

No comments:

Post a Comment