ਵਿੱਛੜ ਗਏ ਸੰਗਰਾਮੀਆਂ ਦੀ
ਸੂਹੀ ਯਾਦ ਦਿਲਾਂ ਵਿੱਚ ਜੀਵੇ
ਕਿਰਤ ਦੀ ਮੁਕਤੀ ਲਈ ਸੰਘਰਸ਼ ਦਾ ਰਾਹ ਆਪਣੇ ਸੀਨੇ ’ਤੇ ਅਨੇਕਾਂ ਘੁਲਾਟੀਆਂ ਦੀਆਂ ਪੈੜਾਂ ਸਾਂਭੀ ਬੈਠਾ ਹੈ। ਇਹ ਪੈੜਾਂ, ਜਿਹਨਾਂ ਨੇ ਇਸ ਇੱਕੋ ਰਾਹ ਸਵੱਲੜੇ ਦੀ ਸ਼ਾਨ ਬੁਲੰਦ ਕੀਤੀ, ਅਗਲੇਰੇ ਪੜਾਵਾਂ ਦੇ ਰਾਹੀਆਂ ਲਈ ਚਾਨਣ ਮੁਨਾਰੇ ਹਨ। ਆਪਣੀਆਂ ਜ਼ਿੰਦਗੀਆਂ ਦੇ ਸਫ਼ਰ ਨੂੰ ਇਸ
ਨਾਲ ਇੱਕ ਮਿੱਕ ਕਰਕੇ ਤੁਰਨ ਵਾਲਿਆਂ ਅਤੇ ਇਸ ਰਾਹ ’ਤੇ ਅਮਿੱਟ ਪੈੜਾਂ ਛੱਡਣ ਵਾਲਿਆਂ
ਵਿੱਚ ਕਾਮਰੇਡ ਜਗਸੀਰ,
ਸਾਧੂ ਸਿੰਘ ਤਖ਼ਤੂਪੁਰਾ ਤੇ ਅਮਰ ਲੰਬੀ ਦੇ ਨਾਂ ਵੀ ਸ਼ੁਮਾਰ ਹਨ
ਜੋ ਜਨਵਰੀ ਫਰਵਰੀ ਮਹੀਨਿਆਂ ਦੌਰਾਨ ਇਨਕਲਾਬੀ ਕਾਫ਼ਲੇ ’ਚੋਂ ਸਦਾ ਲਈ ਵਿੱਛੜ ਗਏ ਸਨ। ਇਹਨਾਂ ਸਾਥੀਆਂ ਦੀ ਸ਼ਾਨਾਮੱਤੀ ਘਾਲਣਾ ਨੂੰ ਸਿਜਦਾ ਕਰਦਿਆਂ
ਉਹਨਾਂ ਦੀਆਂ ਜ਼ਿੰਦਗੀਆਂ ਤੋਂ ਪ੍ਰੇਰਨਾ ਲੈਣ ਅਤੇ ਉਹਨਾਂ ਦੇ ਰਾਹ ਦੇ ਰਾਹੀ ਬਣਨ ਦੀ ਲੋੜ ਅੱਜ
ਸਾਡੇ ਸਾਹਮਣੇ ਹੈ। ਆਓ ਇਹਨਾਂ ਸਾਥੀਆਂ ਦੀ ਯਾਦ ਦੀ ਲੋਅ ਨਾਲ ਆਪਣੇ ਸੀਨੇ ਮਘਾਈਏ।
ਕਾਮਰੇਡ ਜਗਸੀਰ
ਕਾਮਰੇਡ ਅਮ੍ਰਿਤਪਾਲ ਪਾਸੀ ਜਿਹਨਾਂ ਨੂੰ ਕੈਂਸਰ ਦੀ ਨਾਮੁਰਾਦ ਬਿਮਾਰੀ ਨੇ ਫਰਵਰੀ 2008 ਵਿੱਚ
ਕਮਿਊਨਿਸਟ ਇਨਕਲਾਬੀ ਲਹਿਰ ਤੋਂ ਖੋਹ ਲਿਆ ਸੀ, ਸਾਥੀਆਂ ਵਿੱਚ ਕਾਮਰੇਡ ਜਗਸੀਰ
ਵਜੋਂ ਜਾਣੇ ਜਾਂਦੇ ਸਨ। ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਤੇ ਅਧਿਆਪਕਾਂ ਦੀਆਂ ਅੱਖਾਂ ਦਾ ਤਾਰਾ
ਅਮ੍ਰਿਤਪਾਲ ਉਮਰ ਦੇ ਵੀਹਵੇਂ ਵਰ੍ਹੇ ਤੱਕ ਪੁੱਜਦੇ ਪੁੱਜਦੇ ਇਹ ਸਮਝ ਗਿਆ ਸੀ ਕਿ ਉਸਦੀ ਲਿਆਕਤ ਤੇ
ਮਿਹਨਤ ਦੀ ਲੋੜ ਉਸਦੇ ਪਰਿਵਾਰ ਤੇ ਆਪੇ ਤੋਂ ਵੀ ਕਿਤੇ ਵੱਧ ਉਸਦੇ ਲੋਕਾਂ ਨੂੰ ਹੈ। ਸਾਇੰਸ ਕਾਲਜ
ਜਗਰਾਓਂ ਦੇ ਵਿਦਿਆਰਥੀਆਂ ਦੀ ਮੋਗਾ ਘੋਲ ਦੌਰਾਨ ਅਗਵਾਈ ਕਰਦਾ ਪਾਸੀ ਨਕਸਲਬਾੜੀ ਲਹਿਰ ਦੇ ਸੰਪਰਕ
ਵਿੱਚ ਆਇਆ ਤੇ ਆਪਣੀ ਉਮਰ ਦੇ ਅਗਲੇ 37 ਵਰ੍ਹੇ ਉਸਨੇ ਇਸ ਲਹਿਰ ਦੇ ਲੇਖੇ ਲਾ ਦਿੱਤੇ। ਉਸਨੇ ਜੱਗ
ਨਾਲ ਸੀਰ ਨਿਭਾਉਣ ਦਾ ਕਾਰਜ ਅਤੇ ਨਾਂ ਆਪਣੇ ਲਈ ਚੁਣਿਆ ਤੇ ਅੰਤਲੇ ਸਾਹਾਂ ਤੱਕ ਇਸ ’ਤੇ ਨਿਭਿਆ। ਇਹਨਾਂ ਵਰ੍ਹਿਆਂ ਦੌਰਾਨ ਉਸਨੇ ਇੱਕ ਕਮਿਊਨਿਸਟ ਇਨਕਲਾਬੀ ਵਜੋਂ ਗੁਪਤਵਾਸ ਜੀਵਨ
ਦੀਆਂ ਕਠਿਨਾਈਆਂ ਤੇ ਲਹਿਰ ਦੇ ਉਤਰਾਅ ਚੜ੍ਹਾਅ ਦੀਆਂ ਅਜਮਾਇਸ਼ੀ ਹਾਲਤਾਂ ਦਾ ਦ੍ਰਿੜਤਾ ਤੇ ਇਰਾਦੇ
ਦੀ ਨਿੱਗਰਤਾ ਨਾਲ ਸਾਹਮਣਾ ਕੀਤਾ।
ਵਿਸ਼ੇਸ਼ ਬੌਧਿਕ ਸਮਰੱਥਾ ਦੇ ਮਾਲਕ ਜਗਸੀਰ ਨੇ ਗਹਿਰੇ ਅਧਿਐਨ ਰਾਹੀਂ ਮਾਰਕਸਵਾਦ ਲੈਨਿਨਵਾਦ ਮਾਓ
ਵਿਚਾਰਧਾਰਾ ਨੂੰ ਆਪਣੇ ਅੰਦਰ ਧਾਰਿਆ ਸੀ ਤੇ ਆਪਣੇ ਅਮਲੀ ਤਜ਼ਰਬੇ ਰਾਹੀਂ ਸਿੱਖਦਿਆਂ ਉਸਨੇ ਦਰੁਸਤ
ਲੀਹ ਦੀ ਪਛਾਣ ਤੇ ਪਕੜ ਹਾਸਲ ਕੀਤੀ ਸੀ। ਵਿਚਾਰਧਾਰਾ ਤੇ ਅਮਲ ਦੇ ਤਜ਼ਰਬਾ ਨਿਚੋੜ ਦਾ ਸੁਮੇਲ ਉਸਦੀ
ਸ਼ਖਸੀਅਤ ਦੀ ਤਾਕਤ ਸੀ ਜਿਸ ਸਦਕਾ ਉਹ ਕਮਿਊਨਿਸਟ ਇਨਕਲਾਬੀ ਲਹਿਰ ਦੀਆਂ ਆਗੂ ਸਫਾਂ ਵਿੱਚ ਸ਼ਾਮਲ
ਰਿਹਾ। ਉਹ ਸੀ. ਪੀ. ਆਰ. ਸੀ. ਆਈ. (ਐੱਮ. ਐੱਲ.) ਦਾ ਸੂਬਾ ਕਮੇਟੀ ਮੈਂਬਰ ਸੀ। ਉਸਨੇ ਮਾਰਕਸਵਾਦ
ਲੈਨਿਨਵਾਦ ਮਾਓ ਵਿਚਾਰਧਾਰਾ ਅਤੇ ਨਕਸਲਬਾੜੀ ਦੀ ਸਿਆਸਤ ਦੀ ਰੌਸ਼ਨੀ ਵਿੱਚ ਭਾਰਤ ਦੇ ਲੋਕਾਂ ਨੂੰ
ਹਥਿਆਰਬੰਦ ਇਨਕਲਾਬ ਰਾਹੀਂ ਜੋਕ ਰਾਜ ਨੂੰ ਉਲਟਾ ਕੇ ਲੋਕ ਜਮਹੂਰੀਅਤ ਸਿਰਜਣ ਦਾ ਸੱਦਾ ਦਿੱਤਾ ਤੇ
ਸਭ ਪ੍ਰਕਾਰ ਦੇ ਵਿਤਕਰਿਆਂ ਤੇ ਲੁੱਟ ਖਸੁੱਟ ਤੋਂ ਰਹਿਤ ਸਮਾਜ ਦੀ ਸਥਾਪਤੀ ਲਈ ਸੰਘਰਸ਼ ਦਾ ਰਾਹ
ਬੁਲੰਦ ਕੀਤਾ।
ਇੱਕ ਪਰਪੱਕ ਕਮਿਊਨਿਸਟ ਆਗੂ ਵਜੋਂ ਉਹਨਾਂ ਦੇ ਵਿਛੋੜੇ ਦਾ ਦੁੱਖ ਅਤੇ ਪੈਣ ਵਾਲੇ ਘਾਟੇ ਨੂੰ
ਸਭਨਾਂ ਕਮਿਊਨਿਸਟ ਇਨਕਲਾਬੀ ਹਲਕਿਆਂ ਨੇ ਮਹਿਸੂਸ ਕੀਤਾ ਤੇ ਇਸ ਭਾਵਨਾ ਦਾ ਜ਼ੋਰਦਾਰ ਪ੍ਰਗਟਾਅ
ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੌਰਾਨ ਹੋਇਆ। ਹਜ਼ਾਰਾਂ ਲੋਕਾਂ ਨੂੰ ਮੁਖ਼ਾਤਬ ਵੱਖ ਵੱਖ ਬੁਲਾਰਿਆਂ ਦੇ
ਸੰਬੋਧਨ ਵਿੱਚ ਉਹਨਾਂ ਦੀ ਘਾਲਣਾ ਪ੍ਰਤੀ ਗਹਿਰੇ ਸਤਿਕਾਰ ਦੀ ਭਾਵਨਾ ਝਲਕੀ ਅਤੇ ਇਹ ਸੋਚ ਉੱਭਰੀ ਕਿ
ਲੋਕਾਸ਼ਾਹੀ ਇਨਕਲਾਬ ਲਈ ਜ਼ਿੰਦਗੀਆਂ ਅਰਪਣ ਕਰਨਾ ਹੀ ਇਨਕਲਾਬੀ ਲਹਿਰ ਦੀ ਇਸ ਸੂਝਵਾਨ ਤੇ ਵਫ਼ਾਦਾਰ
ਸ਼ਖਸੀਅਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜੋ ਇਹਨਾਂ
ਨਾਰ੍ਹਿਆਂ ਰਾਹੀਂ ਫਿਜ਼ਾ ਵਿੱਚ ਗੂੰਜੀ
‘‘ਪਾਸੀ ਤੈਨੂੰ ਦਿਲ ’ਚ ਵਸਾਈਏ, ਇਨਕਲਾਬ ਲਈ ਜ਼ਿੰਦਗੀ ਲਾਈਏ।’’
‘‘ਲੋਕ ਲਹਿਰ ਦੀ ਜਗੇ ਮਸ਼ਾਲ, ਜਗਸੀਰ ਬਣੇ ਹਰ ਅਮ੍ਰਿਤਪਾਲ।’’
ਅਮਰ ਲੰਬੀ
ਸਾਥੀ ਅਮਰ ਲੰਬੀ ਜੋ ਬੀਤੇ ਵਰ੍ਹੇ 10 ਜਨਵਰੀ ਨੂੰ ਇੱਕ ਐਕਸੀਡੈਂਟ ਦੌਰਾਨ ਇਨਕਲਾਬੀ ਸਫ਼ਾਂ ’ਚੋਂ ਵਿੱਛੜ ਗਏ ਸਨ, ਉਹਨਾਂ ਚੁਨਿੰਦਾ ਆਗੂਆਂ ਵਿੱਚੋਂ ਸਨ ਜਿਨ੍ਹਾਂ ਨੇ ਪੰਜਾਬ
ਅੰਦਰ ਇਨਕਲਾਬੀ ਟਰੇਡ ਯੂਨੀਅਨ ਲਹਿਰ ਦੀ ਉਸਾਰੀ ਤੇ ਰਾਖੀ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਸੱਤਰਵਿਆਂ ਦੇ ਸ਼ੁਰੂ ਅੰਦਰ ਪੰਜਾਬ ’ਚ ਪ੍ਰਚਲਿਤ ਟਰੇਡ ਯੂਨੀਅਨ ਲਾਈਨ
ਜੋ ਆਰਥਕਵਾਦ, ਸੁਧਾਰਵਾਦ ਦਾ ਸ਼ੁੱਧ ਨਮੂਨਾ ਸੀ, ਸੰਗ ਭਿੜਦਿਆਂ ਤੇ ਹਕੂਮਤ ਦੇ
ਜਾਬਰ ਕਦਮਾਂ ਦਾ ਸਾਹਮਣਾ ਕਰਦਿਆਂ ਇਨਕਲਾਬੀ ਟਰੇਡ ਯੂਨੀਅਨ ਲੀਹ ਦੇ ਨਕਸ਼ ਉਘਾੜਨ ਵਿੱਚ ਸਾਥੀ ਲੰਬੀ
ਦਾ ਯੋਗਦਾਨ ਅਮੁੱਲਾ ਹੈ। ਚੜ੍ਹਦੀ ਉਮਰੇ ਹੀ ਭਗਤ ਸਿੰਘ ਦੇ ਇਨਕਲਾਬੀ ਆਦਰਸ਼ਾਂ ਨਾਲ ਟੁੰਬੇ ਗਏ ਤੇ
ਨੌਜਵਾਨ ਭਾਰਤ ਸਭਾ ਦੇ ਸੰਪਰਕ ਵਿੱਚ ਆਏ ਸਾਥੀ ਲੰਬੀ ਦੀ ਜ਼ਿੰਦਗੀ ਦੇ ਅਗਲੇ ਵਰ੍ਹੇ ਬਿਜਲੀ ਕਾਮੇ
ਵਜੋਂ ਵਿਚਰਦਿਆਂ ਬਿਜਲੀ ਕਾਮਿਆਂ ਨੂੰ ਇਨਕਲਾਬੀ ਜਨਤਕ ਲਹਿਰ ਦਾ ਅੰਗ ਬਣਾਉਣ ਲਈ ਅਣਥੱਕ ਮਿਹਨਤ
ਕਰਦਿਆਂ ਬੀਤੇ। ਪ੍ਰਚਲਿਤ ਮੌਕਾਪ੍ਰਸਤ ਟਰੇਡ ਯੂਨੀਅਨ ਲਾਈਨ ਦੇ ਮੁਕਾਬਲੇ ਸਾਥੀ ਲੰਬੀ ਨੇ ਸੰਘਰਸ਼
ਅਧਾਰਤ, ਜਮਹੂਰੀ ਲੀਹਾਂ ’ਤੇ ਉੱਸਰੀ, ਮੌਕਾਪ੍ਰਸਤ ਸਿਆਸੀ ਪਾਰਟੀਆਂ ਦੇ ਪ੍ਰਭਾਵ ਅਤੇ ਰਜ਼ਾ ਤੋਂ ਨਿਰਲੇਪ, ਬੁਨਿਆਦੀ ਘੋਲ ਮੰਗਾਂ ਵੱਲ ਸੇਧਤ ਤੇ ਲੋਕਾਂ ਨਾਲ ਸਾਂਝ ਅਤੇ ਹਾਕਮ ਜਮਾਤਾਂ ਨਾਲ ਦੁਸ਼ਮਣੀ ਦੇ
ਰਿਸ਼ਤੇ ਵਿੱਚ ਬੱਝੀ ਹੋਈ ਖਾੜਕੂ ਟਰੇਡ ਯੂਨੀਅਨ ਲੀਹ ਦੀ ਸਮਝ ਉਭਾਰੀ। 1974 ਅੰਦਰ ਜਦੋਂ ਮੁਲਾਜ਼ਮ
ਫੈਡਰੇਸ਼ਨਾਂ ਵੱਲੋਂ ਦਿੱਤਾ ਗਿਆ 21-22 ਫਰਵਰੀ ਦੀ ਹੜਤਾਲ ਦਾ ਸੱਦਾ ਮੌਕਾਪ੍ਰਸਤ ਆਗੂਆਂ ਵੱਲੋਂ
ਵਾਪਸ ਲੈ ਲਿਆ ਗਿਆ ਸੀ ਤਾਂ ਸਾਥੀ ਲੰਬੀ ਨੇ ਹੋਰਨਾਂ ਸਾਥੀਆਂ ਨਾਲ ਮਿਲ ਕੇ ‘‘21-22 ਫਰਵਰੀ ਦੇ ਅਹਿਮ ਸਬਕ’’ ਸਿਰਲੇਖ ਹੇਠ ਕਿਤਾਬਚਾ ਜਾਰੀ
ਕੀਤਾ ਜਿਸ ਅੰਦਰ ਇਨਕਲਾਬੀ ਟਰੇਡ ਯੂਨੀਅਨ ਲੀਹ ਨੂੰ ਨਿੱਖਰਵੇਂ ਰੂਪ ਵਿੱਚ ਪੇਸ਼ ਕੀਤਾ ਗਿਆ। ਇਸ
ਮਹੱਤਵਪੂਰਨ ਕਦਮ ਨੇ ਪੰਜਾਬ ਅੰਦਰ ਮੌਕਾਪ੍ਰਸਤ ਲਾਣੇ ਤੇ ਇਨਕਲਾਬੀ ਧਿਰਾਂ ਦਰਮਿਆਨ ਬੁਨਿਆਦੀ
ਨਿਖੇੜੇ ਦਾ ਅਮਲ ਛੇੜ ਦਿੱਤਾ। ਅਪ੍ਰੈਲ 1974 ਦੌਰਾਨ ਹੋਈ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਦੌਰਾਨ
ਸਾਥੀ ਲੰਬੀ ਨੂੰ ਪੰਜਾਬ ਸੇਫਟੀ ਐਕਟ ਅਧੀਨ ਗ੍ਰਿਫ਼ਤਾਰ ਕਰ ਲਿਆ ਗਿਆ ਤੇ ਮਹੀਨਿਆਂ ਬੱਧੀਂ ਜੇਲ੍ਹ ਵਿੱਚ ਰੱਖਣ ਤੋਂ ਇਲਾਵਾ ਲੰਮਾ ਸਮਾਂ ਨੌਕਰੀ ਤੋਂ ਮੁਅੱਤਲ ਰੱਖਿਆ ਗਿਆ। 1975 ਵਿੱਚ ਜਦੋਂ
ਇੰਦਰਾ ਸਰਕਾਰ ਵੱਲੋਂ ਐਮਰਜੈਂਸੀ ਮੜ੍ਹੀ ਗਈ ਤਾਂ ਟੀ. ਐਸ. ਯੂ. ਨੂੰ ਹਕੂਮਤੀ ਜਬਰ ਦਾ ਵਿਸ਼ੇਸ਼
ਨਿਸ਼ਾਨਾ ਬਣਾਇਆ ਗਿਆ। ਇਸ ਜਬਰ ਤੋਂ ਡਰ ਕੇ ਟੀ. ਐਸ. ਯੂ ਦੀ ਲੀਡਰਸ਼ਿਪ ਵੱਲੋਂ ਇਸ ਜੁਝਾਰ ਜਥੇਬੰਦੀ
ਨੂੰ ਭੰਗ ਕਰ ਦਿੱਤਾ ਗਿਆ। ਇਸ ਸਮੇਂ ਸਾਥੀ ਲੰਬੀ ਵੱਲੋਂ ਹੋਰਨਾਂ ਸਾਥੀਆਂ ਨਾਲ ਮਿਲ ਕੇ ਟੀ. ਐੱਸ.
ਯੂ. ਨੂੰ ਮੁੜ ਸੁਰਜੀਤ ਕਰਨ ਦੇ ਯਤਨ ਆਰੰਭੇ ਗਏ ਤੇ ਛੇਤੀ ਹੀ ਵੱਡੀ ਗਿਣਤੀ ਬਿਜਲੀ ਮੁਲਾਜ਼ਮ ਮੁੜ
ਇਸ ਟੀ. ਐੱਸ. ਯੂ. ਦੁਆਲੇ ਲਾਮਬੰਦ ਹੋ ਗਏ।
ਬਿਜਲੀ ਕਾਮਿਆਂ ਦੇ ਫਰੰਟ ’ਤੇ ਸਰਗਰਮੀ ਦੇ ਨਾਲੋ ਨਾਲ ਸਾਥੀ
ਲੰਬੀ ਨੇ ਹੋਰਨਾਂ ਤਬਕਿਆਂ ਦੇ ਜਥੇਬੰਦ ਹੋਣ ਤੇ ਉਹਨਾਂ ਦਰਮਿਆਨ ਸੰਗਰਾਮੀ ਸਾਂਝ ਉਸਾਰਨ ਦੇ ਮਹੱਤਵ
ਨੂੰ ਵੀ ਬੁੱਝਿਆ। ਇਸ ਕਰਕੇ ਜਿੱਥੇ ਉਹਨੇ ਵੱਖ ਵੱਖ ਸਮਿਆਂ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਦੇ ਘੋਲ, ਪਿਰਥੀਪਾਲ ਰੰਧਾਵਾ ਦੇ ਕਤਲ ਵਿਰੋਧੀ ਘੋਲ, ਬੱਸ ਕਿਰਾਇਆ ਘੋਲ, ਮਲੋਟ ਅਗਵਾ ਕਾਂਡ ਵਿਰੋਧੀ ਘੋਲ ਤੇ ਹੋਰ ਅਣਗਿਣਤ ਘੋਲਾਂ ਵਿੱਚ ਉੱਘੜਵਾਂ ਰੋਲ ਨਿਭਾਇਆ, ਉਥੇ ਕਿਸਾਨਾਂ ਤੇ ਖੇਤ-ਮਜ਼ਦੂਰਾਂ ਨੂੰ ਜਥੇਬੰਦ ਕਰਨ ਦੇ ਕੰਮ ਨੂੰ ਵੀ ਮੋਢਾ ਲਾਇਆ। ਪੰਜਾਬ
ਵਿੱਚ ਫਿਰਕੂ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਅੰਦਰ ਜਬਰ ਤੇ ਫਿਰਕਾਪ੍ਰਸਤੀ ਵਿਰੋਧੀ ਫਰੰਟ ਦੀਆਂ
ਮੂਹਰਲੀਆਂ ਸਫ਼ਾਂ ਵਿੱਚ ਡਟਦੇ ਹੋਏ ਲੋਕਾਂ ਦੇ ਘਾਣ ਖਿਲਾਫ਼ ਦਲੇਰ ਅਵਾਜ਼ ਬੁਲੰਦ ਕੀਤੀ।
1996 ਵਿੱਚ ਆਪਣੀ ਨੌਕਰੀ ਤੋਂ 6 ਵਰ੍ਹੇ ਪਹਿਲਾਂ ਸਵੈ-ਇੱਛਤ ਰਿਟਾਇਰਮੈਂਟ ਲੈ ਕੇ ਸਾਥੀ ਲੰਬੀ
ਨੇ ਆਪਣਾ ਸਮੁੱਚਾ ਸਮਾਂ ਤੇ ਸ਼ਕਤੀ ਲੋਕ ਲਹਿਰ ਨੂੰ ਅਰਪਣ ਕਰ ਦਿੱਤਾ। ਇੱਕ ਲੋਕ ਆਗੂ ਤੇ ਚੇਤਨ
ਘੁਲਾਟੀਏ ਵਜੋਂ ਸਾਥੀ ਲੰਬੀ ਦਾ ਜੀਵਨ ਪੰਧ ਹਮੇਸ਼ਾਂ ਰਾਹ ਦਿਖਾਉਂਦਾ ਰਹੇਗਾ।
ਸਾਧੂ ਸਿੰਘ ਤਖ਼ਤੂਪੁਰਾ
ਕਿਸਾਨ ਲਹਿਰ ਦੇ ਸੂਝਵਾਨ ਆਗੂ ਅਤੇ ਇਨਕਲਾਬੀ ਲਹਿਰ ਦੇ ਸਮਰਪਿਤ ਕਾਰਕੁੰਨ ਸਾਧੂ ਸਿੰਘ
ਤਖ਼ਤੂਪੁਰਾ 16 ਫਰਵਰੀ 2010 ਨੂੰ ਉਦੋਂ ਸ਼ਹੀਦਾਂ ਦੀ ਕਤਾਰ ’ਚ ਜਾ ਸ਼ਾਮਲ ਹੋਏ ਜਦੋਂ ਸਾਬਕਾ ਅਕਾਲੀ ਵਿਧਾਇਕ ਦੀ ਸ਼ਿਸ਼ਕਰ ’ਤੇ ਗੁੰਡਾ ਗਰੋਹ ਨੇ ਮਾਝੇ ਦੇ ਪਿੰਡਾਂ ’ਚ ਲਾਮਬੰਦੀ ਕਰਨ ਤੁਰੇ ਉਹਨਾਂ ਦੇ
ਕਾਫ਼ਲੇ ’ਤੇ ਕਾਤਲਾਨਾ ਹਮਲਾ ਕਰ ਦਿੱਤਾ। ਇਸ ਹਮਲੇ ’ਚ ਸਾਧੂ ਸਿੰਘ ਨੂੰ ਚੁਣ ਕੇ
ਨਿਸ਼ਾਨਾ ਬਣਾਇਆ ਗਿਆ ਤੇ ਮਾਰਿਆ ਗਿਆ। ਇਸ ਕਤਲ ਨਾਲ ਹਾਕਮਾਂ ਦੀਆਂ ਕਾਲੀਆਂ ਤਾਕਤਾਂ ਵੱਲੋਂ ਉਸ
ਜਗਦੀ ਜੋਤ ਨੂੰ ਮੱਧਮ ਪਾਉਣ ਦੀ ਅਜਾਈਂ ਕੋਸ਼ਿਸ਼ ਕੀਤੀ ਗਈ, ਜਿਸਦੀ ਲੋਅ ਪੰਜਾਬ ਦੀ ਕਿਸਾਨੀ ਨੂੰ ਤਰਥੱਲੀਆਂ ਪਾਊ ਤਾਕਤ ’ਚ ਪਲਟੇ ਜਾਣ ਦਾ ਰਾਹ ਰੁਸ਼ਨਾ ਰਹੀ ਸੀ। ਜੁਝਾਰੂ ਕਿਸਾਨ ਲਹਿਰ ਨੇ ਸਾਧੂ ਸਿੰਘ ਤਖ਼ਤੂਪੁਰਾ ਦੇ
ਵਿਗੋਚੇ ਨੂੰ ਸੀਨੇ ਅੰਦਰ ਸਾਂਭ ਹੋਰ ਵਧੇਰੇ ਸ਼ਿੱਦਤ ਤੇ ਦ੍ਰਿੜਤਾ ਨਾਲ ਸੰਘਰਸ਼ਾਂ ਦਾ ਝੰਡਾ ਉੱਚਾ
ਚੁੱਕ ਲਿਆ।
ਨੌਜਵਾਨ ਸਾਧੂ ਸਿੰਘ ਜੋ ਚੜ੍ਹਦੀ ਉਮਰੇ ਲੋਕ ਲਹਿਰ ਦੇ ਵਾਹ ’ਚ ਆਇਆ ਤੇ ਨੌਜਵਾਨ ਭਾਰਤ ਸਭਾ ਦਾ ਅੰਗ ਬਣਨ ਲਈ ਨੌਜਵਾਨਾਂ ਨੂੰ ਪ੍ਰੇਰਦਾ ਰਿਹਾ, ਅਧਿਆਪਨ ਕਿੱਤੇ ਦੇ ਅਗਲੇਰੇ ਵਰ੍ਹਿਆਂ ਦੌਰਾਨ ਗੌਰਮਿੰਟ ਟੀਚਰ ਯੂਨੀਅਨ ਤੇ ਫਿਰ ਡੀ. ਟੀ. ਐਫ.
ਵਿੱਚ ਆਗੂ ਵਜੋਂ ਅਧਿਆਪਕਾਂ ਨੂੰ ਲਾਮਬੰਦ ਕਰਨ ਵਿੱਚ ਜੁਟ ਗਿਆ। ਉਹਨੇ ਅਧਿਆਪਕਾਂ ਅੰਦਰ ਇਨਕਲਾਬੀ
ਟਰੇਡ ਯੂਨੀਅਨ ਲੀਹ ਪ੍ਰਚਾਰਨ ਤੇ ਪ੍ਰਸਾਰਨ ’ਚ ਰੋਲ ਨਿਭਾਇਆ। ਪਰ ਸਿਰਫ਼
ਅਧਿਆਪਕ ਮਸਲਿਆਂ ਤੱਕ ਸੀਮਤ ਨਾ ਰਹਿ ਕੇ ਇੱਕ ਸੁਚੇਤ ਇਨਕਲਾਬੀ ਕਾਰਕੁੰਨ ਵਜੋਂ ਉਹ ਇਲਾਕੇ ਅੰਦਰ
ਚੱਲਣ ਵਾਲੇ ਸਭਨਾਂ ਜਮਹੂਰੀ ਘੋਲਾਂ ਦਾ ਕਿਸੇ ਨਾ ਕਿਸੇ ਰੂਪ ਵਿੱਚ ਅੰਗ ਬਣਦਾ ਰਿਹਾ। ਉਸਦੀ ਕਲਮ
ਵਿੱਚੋਂ ਸਮਾਜ ਦੇ ਦੱਬੇ ਕੁਚਲੇ ਲੋਕਾਂ ਦੀ ਪੀੜ ਬਿਆਨਦੇ ਤੇ ਉਹਨਾਂ ਦੀ ਹੋਣੀ ਬਦਲਣ ਦੇ ਸੁਪਨੇ
ਪਾਲਦੇ ਅਨੇਕਾਂ ਗੀਤ ਫੁੱਟੇ। ਕਿਰਤੀ ਲੋਕਾਂ ਦੀ ਦੁਰਗਤ ਤੇ ਮੰਦਹਾਲੀ ਦੇ ਜ਼ਿੰਮੇਵਾਰ ਪ੍ਰਬੰਧ ਤੋਂ
ਨਾਬਰੀ ਉਸਦੀ ਸ਼ਾਹਕਾਰ ਰਚਨਾ ‘‘ਸਾਨੂੰ ਭੁੱਖਿਆਂ ਨੂੰ ਹੋਰ ਨਾ ਵਗਾਰ ਪੁੱਗਦੀ’’ ਦੇ ਬੋਲਾਂ ਰਾਹੀਂ ਰੂਪਮਾਨ ਹੋਈ। ਕਿਰਤੀ
ਲੋਕਾਂ ਨਾਲ ਉਹਦੇ ਮਨ ਦੀ ਸਾਂਝ, ਸਾਧੂ ਸਿੰਘ ਤਖ਼ਤੂਪੁਰਾ ਨੂੰ
ਉਹਨਾਂ ਨਾਲ ਇੱਕ ਮਿੱਕ ਹੋਣ ਤੇ ਆਪਣੀ ਹੋਣੀ ਬਦਲਣ ਲਈ ਉਹਨਾਂ ਨੂੰ ਜਥੇਬੰਦ ਕਰਨ ਦੇ ਰਾਹ ਲੈ
ਤੁਰੀ। ਅਧਿਆਪਕ ਵਜੋਂ ਆਪਣੇ ਫਰਜ਼ ਨਿਭਾਉਂਦਿਆਂ ਹੀ ਨਾਲੋ ਨਾਲ ਉਹਨਾਂ ਨੇ ਕਿਸਾਨਾਂ ਨੂੰ ਜਥੇਬੰਦ
ਕਰਨ ਦੀ ਜਿੰਮੇਵਾਰੀ ਵੀ ਚੁੱਕ ਲਈ। 2000 ਵਿੱਚ ਆਪਣੀ ਸੇਵਾ ਮੁਕਤੀ ਉਪਰੰਤ ਉਸਨੇ ਬਜ਼ੁਰਗ ਉਮਰੇ
ਰਿਟਾਇਰਮੈਂਟ ਦਾ ਆਨੰਦ ਲੈਣ ਦੀ ਥਾਵੇਂ ਆਪਣਾ ਕੁੱਲ ਸਮਾਂ ਤੇ ਸ਼ਕਤੀ ਕਿਸਾਨ ਜਥੇਬੰਦੀ ਦੇ ਹਵਾਲੇ
ਕਰ ਦਿੱਤੇ। ਬੀ. ਕੇ. ਯੂ. ਏਕਤਾ ਅੰਦਰ ਬਲਾਕ ਪੱਧਰੇ ਆਗੂ ਵਜੋਂ ਉਸਨੇ ਇਲਾਕੇ ਅੰਦਰ ਕਿਸਾਨਾਂ ਨੂੰ
ਲਾਮਬੰਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਕਿਸਾਨ ਲਹਿਰ ਅੰਦਰ ਗਰੀਬ ਕਿਸਾਨਾਂ ਦੀ ਭਾਰੂ ਹੈਸੀਅਤ
ਸਥਾਪਤ ਕਰਨ ਅਤੇ ਇਨਕਲਾਬੀ ਪੈਂਤੜਿਆਂ ਦੀ ਪੁੱਗਤ ਬਣਾਉਣ ਲਈ ਉਸਨੇ ਅਣਥੱਕ ਕੰਮ ਕੀਤਾ। ਬਾਅਦ ਵਿੱਚ
ਬੀ. ਕੇ. ਯੂ. ਉਗਰਾਹਾਂ ਦੇ ਸੂਬਾਈ ਆਗੂ ਵਜੋਂ ਉਹਨੇ ਜਥੇਬੰਦੀ ਦੀ ਸ਼ਨਾਖਤ ਉਘਾੜਨ ਤੇ ਇਸਨੂੰ
ਪੰਜਾਬ ਦੀ ਮੋਹਰੀ ਖਾੜਕੂ ਕਿਸਾਨ ਜਥੇਬੰਦੀ ਵਜੋਂ ਵਿਕਸਤ ਕਰਨ ਵਿੱਚ ਅਮੁੱਲਾ ਯੋਗਦਾਨ ਪਾਇਆ। ਉਸਨੇ
ਕਿਸਾਨਾਂ-ਖੇਤ ਮਜ਼ਦੂਰਾਂ ਦੀ ਸਾਂਝ ਦਾ ਮਹੱਤਵ ਉਘਾੜਨ, ਕਿਸਾਨ ਘੋਲਾਂ ਅੰਦਰ ਔਰਤਾਂ ਦੀ
ਸ਼ਮੂਲੀਅਤ ਦੀ ਲੋੜ ਉਭਾਰਨ ਅਤੇ ਕਿਸਾਨ ਲਹਿਰ ਦਾ ਹੋਰਨਾਂ ਸੰਘਰਸ਼ਸ਼ੀਲ ਲੋਕ ਧਿਰਾਂ ਨਾਲ ਨਾਤਾ ਗੰਢਣ
ਤੇ ਸੰਗਰਾਮੀ ਸਾਂਝ ਬੁਲੰਦ ਕਰਨ ਵਿੱਚ ਅਮਲੀ ਯੋਗਦਾਨ ਪਾਇਆ। ਟਰਾਈਡੈਂਟ ਘੋਲ ਦੌਰਾਨ ਬਾਂਹ ’ਤੇ ਲੱਗੀ ਗੋਲੀ ਨੇ ਉਸਦੇ ਇਰਾਦਿਆਂ ਨੂੰ ਹੋਰ ਸਾਣ ’ਤੇ ਲਾ ਦਿੱਤਾ ਉਸਨੇ ਕਿਸਾਨ ਜਨਤਾ ਨੂੰ ਜਥੇਬੰਦ ਕਰਨ ਲਈ ਜਥੇਬੰਦੀ ਦੀ ਲੋੜ ਮੁਤਾਬਕ ਕਿਤੇ ਵੀ
ਡਿਊਟੀ ਨਿਭਾਉਣ ਲਈ ਖੁਦ ਨੂੰ ਪੇਸ਼ ਕੀਤਾ ਤੇ ਮਾਝੇ ਅੰਦਰ ਅਬਾਦਕਾਰ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ
ਹੱਕ ਲੈਣ ਲਈ ਜਥੇਬੰਦ ਕਰਨ ਦੇ ਮੋਰਚੇ ’ਤੇ ਡਟ ਗਿਆ।
ਪੰਜਾਬ ਅੰਦਰ ਬੁਲੰਦੀਆਂ ਵੱਲ ਜਾ ਰਹੀ ਖਾੜਕੂ ਕਿਸਾਨ ਲਹਿਰ ਦੇ ਜਲੌਅ ਦਾ ਤਹਿਕਾ ਲੋਟੂ
ਹਾਕਮਾਂ ਦੀ ਨੀਂਦ ਹਰਾਮ ਕਰ ਰਿਹਾ ਸੀ। ਮਾਲਵੇ ਤੋਂ ਬਾਅਦ ਮਾਝੇ ਅੰਦਰ ਖਾੜਕੂ ਕਿਸਾਨ ਜਥੇਬੰਦੀ ਦਾ
ਪਸਾਰਾ ਕਿਸੇ ਵੀ ਤਰ੍ਹਾਂ ਹਾਕਮ ਜਮਾਤਾਂ ਨੂੰ ਵਾਰਾ ਨਹੀਂ ਖਾਂਦਾ ਸੀ। ਇੱਕ ਪਾਸੇ ਭੂ-ਮਾਫ਼ੀਆ
ਸਰਦਾਰ ਅਤੇ ਸਾਬਕਾ ਅਕਾਲੀ ਵਿਧਾਇਕ ਵੀਰ ਸਿੰਘ ਲੋਪੋਕੇ ਦੇ ਅਬਾਦਕਾਰ ਕਿਸਾਨਾਂ ਦੀਆਂ ਜ਼ਮੀਨਾਂ
ਧੋਖੇ ਨਾਲ ਹਥਿਆਉਣ ਦੇ ਹਿਤ ਅਤੇ ਦੂਜੇ ਪਾਸੇ ਅਕਾਲੀ ਸਰਕਾਰ ਦੇ ਅਬਾਦਕਾਰਾਂ ਨੂੰ ਜਥੇਬੰਦ ਹੋਣ
ਤੋਂ ਰੋਕਣ ਤੇ ਦਾਬੇ ਹੇਠ ਰੱਖਣ ਦੇ ਹਿਤ ਐਨ ਮੇਲਵੇਂ ਸਨ। ਇਹਨਾਂ ਹਿਤਾਂ ਤਹਿਤ ਵੀਰ ਸਿੰਘ ਲੋਪੋਕੇ
ਦੇ ਗੁੰਡਿਆਂ ਨੇ ਕਿਸਾਨ ਜਥੇਬੰਦੀ ਦੇ ਸਿਰਕੱਢ ਆਗੂਆਂ ਵਿੱਚੋਂ ਇੱਕ ਸਾਧੂ ਸਿੰਘ ਤਖ਼ਤੂਪੁਰਾ ਨੂੰ
ਜਾਨੋਂ ਮਾਰ ਕੇ ਜਥੇਬੰਦੀ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨ ਜਨਤਾ ਨੂੰ ਬੇਦਿਲ ਕਰਨ ਦੇ
ਸੁਪਨੇ ਪਾਲੇ। ਪਰ ਸ਼ਹਾਦਤ ਦੇ ਤੁਰੰਤ ਬਾਅਦ ਅਮ੍ਰਿਤਸਰ ਵਿੱਚ ਹੋਏ ਰੋਹ ਭਰੇ ਮਾਰਚ ਨੇ, 18 ਫਰਵਰੀ ਨੂੰ ਸਸਕਾਰ ਸਮੇਂ ਹੋਏ 12 ਹਜ਼ਾਰ ਲੋਕਾਂ ਦੇ ਇਕੱਠ ਨੇ, 24 ਫਰਵਰੀ ਨੂੰ ਸਭ ਜ਼ਿਲ੍ਹਾ ਕੇਂਦਰਾਂ ’ਤੇ ਹੋਈਆਂ ਰੈਲੀਆਂ ਨੇ ਤੇ 28
ਫਰਵਰੀ ਨੂੰ ਸ਼ਰਧਾਂਜਲੀ ਸਮਾਗਮ ਤੇ ਉਮੜੇ ਸੈਲਾਬ ਨੇ ਇਹ ਦਿਖਾ ਦਿੱਤਾ ਕਿ ਸਾਧੂ ਸਿੰਘ ਤਖ਼ਤੂਪੁਰਾ
ਦੇ ਕਤਲ ਦਾ ਗਮ ਰੋਹ ਵਿੱਚ ਵਟ ਚੁੱਕਿਆ ਹੈ। ਸ਼ਰਧਾਂਜਲੀ ਸਮਾਗਮ ਮੌਕੇ ਜੁੜੇ ਦਹਿ ਹਜ਼ਾਰਾਂ ਦੇ ਇਕੱਠ
ਨੇ ਸਾਧੂ ਸਿੰਘ ਤਖ਼ਤੂਪੁਰਾ ਨੂੰ ਸੰਗਰਾਮੀ ਸ਼ਰਧਾਂਜਲੀ ਦਿੰਦਿਆਂ ਉਸਦੇ ਲਹੂ ਰੱਤੇ ਝੰਡੇ ਨੂੰ ਹੋਰ ਉੱਚਾ
ਚੁੱਕਣ ਦਾ ਅਹਿਦ ਕੀਤਾ। - ਪਾਠਕ ਪੱਤਰਕਾਰ
ਦੀ ਕਲਮ ਤੋਂ
No comments:
Post a Comment