ਹਾਕਮ ਜਮਾਤੀ ਵੋਟ ਸਿਆਸਤ ਦੇ ਹਵਾਲੇ ਨਾਲ
ਧਰਮ-ਨਿਰਪੱਖਤਾ ਦੇ ਸਹੀ ਸੰਕਲਪ ਬਾਰੇ
- ਸੁਰਖ਼ ਲੀਹ ਡੈੱਸਕ
‘‘ਧਰਮ ਨਿਰਪੱਖਤਾ’’
ਪੰਜਾਬੀ ’ਚ ਅਕਸਰ ਹੀ ਅੰਗਰੇਜ਼ੀ ਦੇ ਸ਼ਬਦ
ਸੈਕੂਲਰਿਜ਼ਮ ਦੇ ਅਨੁਵਾਦ ਵਜੋਂ ਵਰਤਿਆ ਜਾਂਦਾ ਹੈ। ਸ਼ਬਦ ਸੈਕੂਲਰਿਜ਼ਮ ਲਾਤੀਨੀ ਭਾਸ਼ਾ ਵਿੱਚੋਂ ਆਇਆ
ਹੈ ਜਿਸਦੇ ਅਰਥ ਹਨ ਇਸੇ ਦੁਨੀਆਂ ਨਾਲ ਸਬੰਧਤ ਹੋਣਾ (ਯਾਨੀ ਕਿਸੇ ਹੋਰ ਦੁਨੀਆਂ ਨਾਲ ਨਹੀਂ) ਇਸ
ਸੰਕਲਪ ਦਾ ਅਰਥ ਧਾਰਮਕ ਹੋਣ ਦੇ ਉਲਟ ਗੈਰ-ਧਾਰਮਕ ਜਾਂ ਧਰਮ-ਨਿਰਲੇਪ ਹੋਣਾ ਹੈ। ਇਸਦਾ ਅਰਥ ਧਰਮਾਂ
ਦਰਮਿਆਨ ਨਿਰਪੱਖਤਾ ਨਹੀਂ ਹੈ ਜਿਵੇਂ ਅਕਸਰ ਵਰਤੇ ਜਾਂਦੇ ਧਰਮ-ਨਿਰਪੱਖਤਾ ਤੋਂ ਪ੍ਰਭਾਵ ਪੈਂਦਾ ਹੈ।
ਪੱਛਮੀ ਦੇਸ਼ਾਂ ਵਿੱਚ ਜ਼ਿੰਦਗੀ ਦੇ ਪਬਲਿਕ ਖੇਤਰ ਉੱਤੇ ਸਰਦਾਰੀ ਹਾਸਲ ਕਰਨ ਵਾਸਤੇ ਰਾਜ ਅਤੇ
ਚਰਚ ਵਿੱਚ ਇੱਕ ਲੰਮੀ (1400 ਤੋਂ 1600 ਏ. ਡੀ. ਤੱਕ) ਲੜਾਈ ਚੱਲੀ। ਇਸ ਲੜਾਈ ਵਿੱਚ ਰਾਜ ਦੀ
ਜਿੱਤ ਹੋਈ ਜਿਸਦੇ ਨਤੀਜੇ ਵਜੋਂ ਧਰਮ-ਨਿਰਲੇਪਤਾ ਦਾ ਸੰਕਲਪ ਉੱਭਰਿਆ। ਇਸ ਸੰਕਲਪ ਦਾ ਮਤਲਬ ਸੀ ਰਾਜ
ਅਤੇ ਧਰਮ ਵਿੱਚ ਨਿਖੇੜੇ ਦੀ ਇੱਕ ਕੰਧ ਕੱਢ ਦੇਣੀ। ਰਾਜ ਨੇ ਪਬਲਿਕ ਖੇਤਰ ਉੱਤੇ ਹਕੂਮਤ ਕਰਨੀ ਸੀ
ਅਤੇ ਚਰਚ ਨੂੰ ਮਨੁੱਖੀ ਜੀਵਨ ਦੇ ਨਿੱਜੀ ਖੇਤਰ ਤੱਕ ਸੀਮਤ ਕਰ ਦਿੱਤਾ ਗਿਆ। ਖਰੀ ਧਰਮ-ਨਿਰਲੇਪਤਾ
ਮੰਗ ਕਰਦੀ ਹੈ ਕਿ ਸਭ ਧਰਮਾਂ ਦਾ ਰਾਜ ਨਾਲੋਂ ਅਤੇ ਸਿਵਲ ਸਮਾਜ ਨਾਲੋਂ ਮੁਕੰਮਲ ਨਿਖੇੜਾ ਹੋਵੇ।
ਵਿੱਦਿਆ, ਸਰਕਾਰ ਅਤੇ ਜਨਤਕ ਸੇਵਾਵਾਂ ਅਤੇ ਸਹੂਲਤਾਂ ਨਾਲ ਕਿਸੇ ਵੀ ਧਰਮ ਦਾ ਬਿਲਕੁਲ ਕੋਈ ਲਾਗਾ-ਦੇਗਾ
ਨਾ ਹੋਵੇ। ਕਿਸੇ ਥਾਂ ਦਾ ਧਰਮ ਨਿਰਲੇਪ ਰਾਜ ਅਤੇ ਸਰਕਾਰ ਉਸ ਥਾਂ ਦੇ ਲੋਕਾਂ ਤੋਂ ਇਹ ਮੰਗ ਨਹੀਂ
ਕਰਦੇ ਕਿ ਉਹ ਧਰਮ ਨੂੰ ਤਿਆਗ ਕੇ ਨਾਸਤਕ ਬਣ ਜਾਣ। ਉਹ ਇਹ ਮੰਗ ਜ਼ਰੂਰ ਕਰਦੇ ਹਨ ਕਿ ਧਰਮ ਉਹਨਾਂ ਦਾ
ਨਿੱਜੀ ਮਾਮਲਾ ਹੀ ਰਹੇ।
ਕਿਸੇ ਵਿਅਕਤੀ ਦਾ ਨਿੱਜੀ ਮਾਮਲਾ ਉਹ ਹੁੰਦਾ ਹੈ ਜਿਹੜਾ ਨਾ ਤਾਂ ਸਮਾਜ ਦੇ ਅਤੇ ਨਾ ਹੀ ਰਾਜ
ਦੇ ਸਰੋਕਾਰਾਂ ਅਤੇ ਕੰਮਾਂ-ਕਾਰਾਂ ਵਿੱਚ ਕੋਈ ਵਿਘਨ ਪਾਉਂਦਾ ਹੈ। ਏਸੇ ਕਰਕੇ ਸਮਾਜ ਨੂੰ ਅਤੇ ਰਾਜ
ਨੂੰ ਵੀ ਕਿਸੇ ਵਿਅਕਤੀ ਦੇ ਨਿੱਜੀ ਮਾਮਲੇ ਵਿੱਚ ਦਖਲ ਦੇਣ ਦੀ ਜ਼ਰੂਰਤ ਹੀ ਨਹੀਂ ਪੈਂਦੀ। ਹਰ
ਵਿਅਕਤੀ ਨੂੰ ਪੂਰਨ ਅਧਿਕਾਰ ਹੁੰਦਾ ਹੈ ਕਿ ਉਹ ਜਿਹੜਾ ਮਰਜ਼ੀ ਧਰਮ ਅਪਨਾਵੇ ਜਾਂ ਕੋਈ ਵੀ ਧਰਮ ਨਾ
ਅਪਨਾਵੇ ਯਾਨੀ ਨਾਸਤਕ ਰਹੇ। ਇਸੇ ਨੂੰ ਹੀ ਵਿਅਕਤੀ ਦੀ ਧਾਰਮਕ ਆਜ਼ਾਦੀ ਕਿਹਾ ਜਾਂਦਾ ਹੈ। ਰਾਜ ਦੀ
ਇਹ ਜੁੰਮੇਵਾਰੀ ਬਣਦੀ ਹੈ ਕਿ ਕਿਸੇ ਧਾਰਮਕ ਵਿਅਕਤੀ ਦੀ ਅਤੇ ਉਸਦੀ ਧਾਰਮਕ ਆਜ਼ਾਦੀ ਦੀ ਤਾਂ ਰਾਖੀ
ਕਰੇ ਪਰ ਉਸਦੇ ਧਰਮ ਦੀ ਨਹੀਂ। ਸਾਰ ਤੱਤ ਇਹ ਹੈ ਕਿ ਨਾ ਸਿਆਸਤ ਧਰਮ ਵਿੱਚ ਦਖ਼ਲ ਦੇਵੇ ਤੇ ਨਾ ਹੀ
ਧਰਮ ਸਿਆਸਤ ਵਿੱਚ ਦਖ਼ਲ ਦੇਵੇ। ਪਰ ਇਸਦੀ ਜ਼ਰੂਰਤ ਕਿਉਂ ਹੈ?
ਕਿਸੇ ਧਰਮ ਦੇ ਪੈਰੋਕਾਰਾਂ ਨੂੰ ਜੇ ਇਹ ਧਰਮ ਅਪਨਾਉਣ ਦੀ ਲੋੜ ਸਿਰਫ ਏਸ ਕਰਕੇ ਪੈਂਦੀ ਹੈ ਕਿ
ਉਹਨਾਂ ਨੇ ਆਪਣੀ ਇਸ ਜ਼ਿੰਦਗੀ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਮੰਨਤਾਂ ਅਤੇ ਸੁੱਖਾਂ ਪੂਰੀਆਂ
ਕਰਵਾਉਣੀਆਂ ਹੁੰਦੀਆਂ ਹਨ ਅਤੇ ‘‘ਅਗਲੀ ਜ਼ਿੰਦਗੀ’’ ਵਿੱਚ ‘‘ਚੁਰਾਸੀ ਦੇ ਗੇੜ’’
ਵਿੱਚੋਂ ਨਿਕਲਣਾ ਹੁੰਦਾ ਹੈ ਤਾਂ ਉਹਨਾਂ ਨੂੰ ਆਪਣੇ ਧਰਮੀਆਂ
ਦਾ ਧੜਾ ਵਧਾਉਣ ਦੀ ਕੋਈ ਜ਼ਰੂਰਤ ਨਹੀਂ। ਆਪਣਾ ਧੜਾ ਵਧਾਉਣ ਲਈ ਦੂਜੇ ਧਰਮਾਂ ਵਿਰੁੱਧ ਤੁਅੱਸਬ ਤੇ
ਨਫ਼ਰਤ ਪਾਲਣ ਦੀ ਕੋਈ ਜ਼ਰੂਰਤ ਨਹੀਂ। ਕਿਸੇ ਧਰਮ ਦੇ ਪੈਰੋਕਾਰਾਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ
ਜਾਂ ਹਜ਼ਾਰਾਂ-ਲੱਖਾਂ ਵਿੱਚ ਹੈ, ਇਸ ਗੱਲ ਨਾਲ ਉਹਨਾਂ ਦੀਆਂ ਮੰਨਤਾਂ-ਸੁੱਖਾਂ ਪੂਰੀਆਂ ਹੋਣ ਦੇ
ਮਾਮਲੇ ਵਿੱਚ ਕੋਈ ਫਰਕ ਨਹੀਂ ਪੈਂਦਾ। ਕਿਉਂਕਿ ਉਹਨਾਂ ਦਾ ਰੱਬ (ਦੇਵੀ-ਦੇਵਤੇ) ਕਿਸੇ ਧਰਮ ਦੇ
ਵੋਟ-ਬੈਂਕ ਅਨੁਸਾਰ ਬਖਸ਼ਿਸ਼ਾਂ ਨਹੀਂ ਕਰਦਾ ਜਿਵੇਂ ਹਾਕਮ-ਜਮਾਤੀ ਸਰਕਾਰਾਂ ਕਰਦੀਆਂ ਹਨ।
ਅੱਡ-ਅੱਡ ਧਰਮਾਂ ਦੇ ਆਗੂ ਅਤੇ ਧਰਮ ਗੁਰੂ ਆਪੋ-ਆਪਣੇ ਧਰਮ ਦਾ ਧੜਾ ਵਧਾਉਣ ਉਤੇ ਜ਼ੋਰ ਇਸ ਕਰਕੇ
ਲਾਉਂਦੇ ਹਨ ਤਾਂ ਜੋ ਉਹਨਾਂ ਦੀ ਸਮਾਜਕ ਹੈਸੀਅਤ ਵਧੇ-ਫੁੱਲੇ; ਤਾਂ ਜੋ ਇਸ ਸਮਾਜਿਕ ਹੈਸੀਅਤ ਦੇ ਸਿਰ ਉੱਤੇ, ਯਾਨੀ ਉਹਨਾਂ ਦੇ ਵੋਟ ਬੈਂਕ ਦੇ
ਸਿਰ ਉੱਤੇ ਸਿਆਸਤ (ਸਰਕਾਰ) ਵਿੱਚ ਉਹਨਾਂ ਦੀ ਪੁੱਗਤ ਵਧੇ-ਫੁੱਲੇ ਅਤੇ ਮੋੜਵੇਂ ਰੂਪ ਵਿੱਚ ਸਿਆਸੀ
ਪੁੱਗਤ ਦੇ ਸਿਰ ਉੱਤੇ ਉਹਨਾਂ ਦਾ ਧੜਾ (ਵੋਟ-ਬੈਂਕ) ਹੋਰ ਵਧੇ ਫੁੱਲੇ। ਇਹ ਸਿਆਸੀ ਹਵਸ ਸਦਕਾ ਹੀ
ਅਜਿਹੇ ਧਾਰਮਕ ਆਗੂਆਂ ਅਤੇ ਧਰਮ ਗੁਰੂਆਂ ਨੂੰ ਧਰਮ ਨਾਲੋਂ ਧੜਾ ਪਿਆਰਾ ਲੱਗਣ ਲੱਗ ਪੈਂਦਾ ਹੈ। ਏਸੇ
ਕਰਕੇ ਇਹਨਾਂ ਦੇ ਸਿਰ-ਕੱਢਵੇਂ ‘‘ਸੇਵਾਦਾਰਾਂ’’ ਵਿੱਚ ਐਹੋ ਜਿਹੇ ਬਥੇਰੇ ਬੰਦੇ ਹੁੰਦੇ ਹਨ ਜਿਹੜੇ ਧਾਰਮਕ ਪੱਖੋਂ ਬੜੇ ਕੁਕਰਮੀ ਹੁੰਦੇ ਹਨ ਪਰ
ਧੜਾ ਵਧਾਉਣ ਪੱਖੋਂ ਬੜੇ ਕੰਮ ਦੀ ਚੀਜ਼ ਹੁੰਦੇ ਹਨ।
ਧਰਮ ਦਾ ਸਿਆਸਤ ਵਿੱਚ ਦਖ਼ਲ ਇੱਕ-ਪਾਸੜ ਵਰਤਾਰਾ ਨਹੀਂ ਹੈ। ਹਾਕਮ ਜਮਾਤੀ ਪਾਰਟੀਆਂ ਅਤੇ ਲੀਡਰ, ਧਾਰਮਕ ਲੀਡਰਾਂ ਤੇ ਧਰਮ ਗੁਰੂਆਂ ਦੇ ਸ਼ਰਧਾਲੂਆਂ ਨੂੰ ਸਿਰਫ਼ ਵੋਟਰਾਂ ਦੇ ਰੂਪ ਵਿੱਚ ਹੀ ਦੇਖਦੇ
ਹਨ ਅਤੇ ਇਹਨਾਂ ਧਾਰਮਕ ਲੀਡਰਾਂ ਤੇ ਗੁਰੂਆਂ ਨੂੰ ਇਹਨਾਂ ਵੋਟ-ਬੈਂਕਾਂ ਦੇ ਮੈਨੇਜਰਾਂ ਦੇ ਰੂਪ
ਵਿੱਚ। ਏਸੇ ਲਈ ਵੋਟਾਂ ਦੇ ਦਿਨੀਂ ਹਾਕਮ ਜਮਾਤੀ ਲੀਡਰ ਵੋਟਾਂ ਲਈ ਲੋਕਾਂ ਕੋਲੇ ਜਾਣ ਨਾਲੋਂ ਵੱਧ, ਸੰਤਾਂ-ਮਹੰਤਾਂ ਦੇ ਅਸ਼ੀਰਵਾਦ ਲਈ ਕਾਹਲੇ ਹੁੰਦੇ ਹਨ। ਪਿਛਲੀਆਂ ਇੱਕ ਚੋਣਾਂ ਦੌਰਾਨ ਕਈ
ਪਾਰਟੀਆਂ ਦੇ ਉਮੀਦਵਾਰ ਡੇਰਾ ਸੱਚਾ ਸੌਦਾ (ਸਰਸੇ) ਵਿੱਚ ਇਸਦੇ ਗੁਰੂ ਤੋਂ ‘ਆਸ਼ੀਰਵਾਦ’ ਲੈਣ ਲਈ ਸਬੱਬ ਨਾਲ ਇੱਕੋ ਦਿਨ ਇਕੱਠੇ ਹੋ ਗਏ। ਇਸ ਗੁਰੂ ਨੇ ਪਹਿਲਾਂ ਤਾਂ ਉਹਨਾਂ ਤੋਂ ਕਈ
ਘੰਟੇ ਉਡੀਕ ਕਰਵਾਈ ਅਤੇ ਫਿਰ ਸਾਰਿਆਂ ਨੂੰ ਇਕੱਠੇ
ਬਹਾਕੇ ਇੱਕ ਸੰਖੇਪ ਪਰਵਚਨ ਦੇ ਕੇ ਤੁਰਦਾ ਬਣਿਆ। ਇਸ ਮਾਮਲੇ ਵਿੱਚ ਖਾਸ ਦਿਲਚਸਪੀ ਦੀ ਗੱਲ ਇਹ ਸੀ
ਕਿ ‘ਅਸ਼ੀਰਵਾਦ’ ਲੈਣ ਵਾਲਿਆਂ ਵਿੱਚ ਜ਼ਿਲ੍ਹਾ ਮਾਨਸਾ ਵਿੱਚੋਂ ਚੋਣ ਲੜ ਰਿਹਾ ਸੀ. ਪੀ. ਆਈ. ਦਾ ਉਮੀਦਵਾਰ
ਹਰਦੇਵ ਅਰਸ਼ੀ ਵੀ ਸੀ। ਇਹ ਸਿਆਸੀ ਲੀਡਰਾਂ ਅਤੇ ਧਾਰਮਕ ਲੀਡਰਾਂ/ਗੁਰੂਆਂ ਦਾ ਇਹ ਨਾਪਾਕ ਗੱਠਜੋੜ ਹੀ
ਹੈ ਜਾਂ ਦੂਜੇ ਸ਼ਬਦਾਂ ਵਿੱਚ ਧਰਮ ਅਤੇ ਸਿਆਸਤ ਦਾ ਇੱਕ ਦੂਜੇ ਵਿੱਚ ਦਖ਼ਲ ਹੀ ਹੈ ਜਿਹੜਾ ਅੱਡ-ਅੱਡ
ਧਰਮ ਦੇ ਲੋਕਾਂ ਨੂੰ ਇੱਕ ਦੂਜੇ ਖਿਲਾਫ਼ ਭੜਕਾ ਕੇ, ਭਰਾਮਾਰ ਲੜਾਈ ਦੇ ਰਾਹ ਧੱਕਦਾ
ਹੈ।
ਧਰਮ-ਨਿਰਲੇਪਤਾ ਤੇ ਜਮਹੂਰੀਅਤ ਜੌੜੀਆਂ ਭੈਣਾਂ
ਸਾਡੇ ਦੇਸ਼ ਦੇ ਇਨਕਲਾਬੀ ਹਲਕਿਆਂ ਵਿੱਚ ਮੱਤਭੇਦਾਂ ਦਾ ਇਹ ਵੀ ਇੱਕ ਮਹੱਤਵਪੂਰਨ ਨੁਕਤਾ ਹੈ ਕਿ
ਐਥੇ ਵੋਟਾਂ ਅਤੇ ਇਨ੍ਹਾਂ ਰਾਹੀਂ ਚੁਣੀਆਂ ਗਈਆਂ ਸੰਸਥਾਵਾਂ (ਪਾਰਲੀਮੈਂਟ, ਅਸੰਬਲੀਆਂ ਆਦਿਕ) ਏਸ ਗੱਲ ਦੀ ਗਵਾਹੀ ਦਿੰਦੀਆਂ ਹਨ ਕਿ ਨਹੀਂ ਕਿ ਐਥੇ ਮੂਲ ਰੂਪ ਵਿੱਚ
ਬੁਰਜੂਆ ਡੈਮੋਕਰੇਸੀ ਆ ਚੁੱਕੀ ਹੈ।
ਸਾਡੇ ਦੇਸ਼ ਵਿੱਚ ਵੋਟਾਂ ਨਾਲ ਚੁਣੀਆਂ ਗਈਆਂ ਸੰਸਥਾਵਾਂ ਮੂਲ ਰੂਪ ਵਿੱਚ ਡੈਮੋਕਰੇਸੀ ਦੀ
ਨਿਸ਼ਾਨੀ ਤਾਂ ਹੀ ਹੋ ਸਕਦੀਆਂ ਹਨ ਜੇ ਇਥੋਂ ਦਾ ਰਾਜ (ਸਟੇਟ) ਜਮਹੂਰੀ ਹੋਵੇ। ਯਾਨੀ ਜਗੀਰੂ ਅਤੇ
ਸਾਮਰਾਜ-ਪੱਖੀ ਤਾਕਤਾਂ ਦੀ ਪੁੱਗਤ ਦੇ ਖਾਤਮੇ ਦਾ ਸੰਦ ਹੋਵੇ। ਕੌਮੀ ਸਰਮਾਏਦਾਰੀ ਅਤੇ ਹੋਰਨਾਂ ਲੋਕ
ਹਿੱਸਿਆਂ ਦੀ ਪੁੱਗਤ ਨੂੰ ਯਕੀਨੀ ਬਣਾਉਣ ਦਾ ਸੰਦ ਹੋਵੇ। ਕਿਸੇ ਵੀ ਰਾਜ ਦੀ ਨਿਉਂ-ਜੜ ਉਥੋਂ ਦਾ
ਸਮਾਜ ਬਣਦਾ ਹੈ। ਜਿਹੋ ਜਿਹਾ ਸਮਾਜ ਉਹੋ ਜਿਹਾ ਰਾਜ। ਇਸ ਲਈ ਜਮਹੂਰੀ ਰਾਜ ਦੀ ਸਥਾਪਨਾ ਲਈ ਸਮਾਜ
ਨੂੰ ਜਮਹੂਰੀ ਕਰਨ ਦਾ ਮਤਲਬ ਹੈ ਸਮਾਜ ਵਿੱਚੋਂ ਜਗੀਰੂ ਤੇ ਸਾਮਰਾਜ ਪੱਖੀ ਤਾਕਤਾਂ ਨੂੰ ਖਤਮ ਕਰਕੇ
ਲੋਕ-ਪੱਖੀ ਤਾਕਤਾਂ ਦੀ ਪੁੱਗਤ ਕਾਇਮ ਕਰਨੀ। ਇਹਦੇ ਵਾਸਤੇ ਲੋਕਾਂ ਵਿੱਚ ਖਰੀ ਜਮਹੂਰੀ ਸਮਾਜਕ
ਚੇਤਨਾ ਦਾ ਪਸਾਰਾ ਜ਼ਰੂਰੀ ਹੈ।
ਖਰੀ ਜਮਹੂਰੀ ਸਮਾਜਕ ਚੇਤਨਾ ਕੀ ਹੁੰਦੀ ਹੈ? ਲੋਕਾਂ ਵਿਚਲੇ ਕਈ ਹੋਰਨਾਂ
ਵੰਡ-ਵਖਰੇਵਿਆਂ ਤੋਂ ਇਲਾਵਾ ਧਰਮ ਦੇ ਆਧਾਰ ਉੱਤੇ ਪਏ ਪਾਟਕਾਂ, ਬਣੇ ਤੁਅੱਸਬਾਂ ਅਤੇ ਮੌਜੂਦ ਪੱਖਪਾਤਾਂ ਤੋਂ ਉੱਚਾ ਉੱਠਣਾ। ਸਾਰੇ ਧਰਮਾਂ ਦੇ ਪੈਰੋਕਾਰਾਂ ਅਤੇ
ਗੈਰ-ਧਰਮੀ ਲੋਕਾਂ ਦੇ ਸਾਂਝੇ ਹਿਤਾਂ ਨੂੰ ਪ੍ਰਮੁੱਖ ਰੱਖਣਾ। ਯਾਨੀ ਧਰਮ-ਨਿਰਲੇਪਤਾ ਦੀ ਸੋਚ ਨੂੰ
ਗ੍ਰਹਿਣ ਕਰਨਾ। ਇਸ ਤਰ੍ਹਾਂ ਧਰਮ-ਨਿਰਲੇਪਤਾ ਅਤੇ ਜਮਹੂਰੀਅਤ ਦਾ ਸਾਂਝਾ ਆਧਾਰ, ਖਰੀ ਜਮਹੂਰੀ ਸਮਾਜਕ ਚੇਤਨਾ ਬਣਦੀ ਹੋਣ ਕਰਕੇ, ਇਹ ਦੋਵੇਂ ਇੱਕ ਦੂਜੇ ਦਾ ਅਟੁੱਟ
ਅੰਗ ਬਣਦੀਆਂ ਹਨ।
ਲੋਕਾਂ ਵਿੱਚ ਧਰਮ-ਨਿਰਲੇਪਤਾ ਦੀ ਸੋਝੀ ਦਾ ਪਸਾਰਾ ਉਹਨਾਂ ਦੇ ਜਮਾਤੀ ਘੋਲ ਦੇ ਅਖਾੜਿਆਂ
ਵਿੱਚੋਂ ਹੀ ਹੋ ਸਕਦਾ ਹੈ। ਜਦੋਂ ਉਹ ਆਪਣੇ ਸਿੱਧੇ ਤਜਰਬੇ ਰਾਹੀਂ ਇਹ ਦੇਖਦੇ ਹਨ ਕਿ ਘੋਲਾਂ ਵਿੱਚ
ਸ਼ਾਮਲ ਵਿਅਕਤੀਆਂ ਦੇ ਧਾਰਮਕ ਪਾਟਕ ਪੱਖਪਾਤ ਤੇ ਤੁਅੱਸਬਾਂ ਸਦਕਾ ਉਹਨਾਂ ਦੀ ਸੰਗਰਾਮੀ ਏਕਤਾ ਭੰਗ
ਹੋ ਰਹੀ ਹੈ, ਘੋਲਾਂ ਦੇ ਫੇਲ੍ਹ ਹੋਣ ਦਾ ਖਤਰਾ ਖੜ੍ਹਾ ਹੋ ਜਾਂਦਾ
ਹੈ ਤਾਂ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗਦਾ ਹੈ ਕਿ ਘੋਲਾਂ ਨੂੰ ਸਫ਼ਲ ਕਰਨ ਲਈ ਧਰਮ-ਨਿਰਲੇਪਤਾ ਦੀ
ਪਹੁੰਚ ਅਪਨਾਉਣੀ ਜ਼ਰੂਰੀ ਹੈ।
ਇਥੇ ਇੱਕ ਏਸ ਗੱਲ ਵੰਨੀ ਗਹੁ ਕਰਨਾ ਜ਼ਰੂਰੀ ਹੈ ਕਿ ਧਰਮ-ਨਿਰਲੇਪ ਸੋਚ ਅਪਨਾਉਣ ਲਈ ਨਾਸਤਕ
ਹੋਣਾ ਜ਼ਰੂਰੀ ਨਹੀਂ। ਵੱਖ ਵੱਖ ਧਰਮਾਂ ਦੇ ਪੈਰੋਕਾਰ ਵੀ ਨਾਸਤਕਾਂ ਵਾਂਗੂ ਧਰਮ-ਨਿਰਲੇਪ ਹੋ ਸਕਦੇ
ਹਨ। ਪਰ ਸ਼ਰਤ ਇਹ ਹੈ ਕਿ ਉਹ ਆਪਣੀ ਧਾਰਮਕ ਸ਼ਨਾਖਤ ਨੂੰ ਪ੍ਰਮੁੱਖ ਰੱਖਣ ਦੀ ਬਜਾਏ ਸਾਰੇ ਧਰਮਾਂ ਦੇ
ਅਤੇ ਨਾਸਤਕ ਲੋਕਾਂ ਦੇ ਸਾਂਝੇ ਭਾਈਚਾਰੇ ਦੇ ਮੈਂਬਰ ਹੋਣ ਦੀ ਸ਼ਨਾਖਤ ਨੂੰ ਪ੍ਰਮੁੱਖ ਰੱਖਣ। ਯਾਨੀ
ਉਹ ਆਪਣੇ ਧਾਰਮਕ ਵਿਸ਼ਵਾਸਾਂ ਨੂੰ ਸਿਰਫ਼ ਆਪਣਾ ਨਿੱਜੀ ਮਾਮਲਾ ਸਮਝਣ। ਇਸਦੀ ਇੱਕ ਉਦਾਹਰਣ ਗਦਰੀ ਦੇਸ਼
ਭਗਤਾਂ ਦੀ ਹੈ। ਉਹਨਾਂ ਵਿੱਚ ਸਿੱਖ ਵੀ ਸਨ, ਹਿੰਦੂ ਵੀ ਅਤੇ ਮੁਸਲਮਾਨ ਵੀ।
ਉਹਨਾਂ ਨੇ ਇਹਨਾਂ ਧਾਰਮਕ ਵਖਰੇਵਿਆਂ ਤੋਂ ਉੱਪਰ ਉੱਠਕੇ ਦੇਸ਼ ਦੀ ਆਜ਼ਾਦੀ ਦੇ ਹਿਤਾਂ ਨੂੰ ਪ੍ਰਮੁੱਖ
ਰੱਖਿਆ। ਯਾਨੀ ਆਪਣੀ ਧਾਰਮਕ ਸ਼ਨਾਖਤ ਨੂੰ ਭਾਰਤੀ ਹੋਣ ਦੀ ਆਪਣੀ ਸ਼ਨਾਖਤ ਦੇ ਅਧੀਨ ਰੱਖਿਆ। ਏਸੇ
ਕਰਕੇ ਉਨ੍ਹਾਂ ਨੇ ਧਾਰਮਕ ਹੋਣ ਦੇ ਬਾਵਜੂਦ ਧਰਮ-ਨਿਰਲੇਪਤਾ ਦੀ ਸੋਚ ਅਪਨਾਈ।
ਭਾਰਤੀ ਹਾਕਮ ਜਮਾਤਾਂ ਦੇ ਸਿਆਸੀ ਆਗੂਆਂ ਵੱਲੋਂ ਧਰਮ-ਨਿਰਲੇਪਤਾ ਦੇ ਸਹੀ ਸੰਕਲਪ ਦਾ
ਧਰਮ-ਨਿਰਪੱਖਤਾ ਦੇ ਰੂਪ ਵਿੱਚ ਸ਼ਕਲ ਵਿਗਾੜ ਕੀਤਾ ਹੈ। ਧਰਮ-ਨਿਰਪੱਖਤਾ ਦਾ ਅਰਥ ਰਾਜ ਤੇ ਸਰਕਾਰ
ਵੱਲੋਂ ਸਾਰੇ ਧਰਮਾਂ ਤੋਂ ਨਿਰਲੇਪ ਰਹਿਣ ਦੀ ਥਾਂ ਸਾਰੇ ਧਰਮਾਂ ਨੂੰ ਸਤਿਕਾਰ ਤੇ ਸਹਾਇਤਾ ਦੇ ਮਾਮਲੇ
ਵਿੱਚ ਬਰਾਬਰ ਸਮਝਣਾ ਹੈ। ਸਤਿਕਾਰ ਤੇ ਸਹਾਇਤਾ ਦੀ ਇਸ ਵੰਡ-ਵੰਡਾਈ ਵਿੱਚ ਲੋਕਾਂ ਦੇ ਨਾਸਤਕ
ਹਿੱਸਿਆਂ ਨੂੰ ਮਨਫ਼ੀ ਕਰਨਾ ਹੈ। ਧਰਮ-ਨਿਰਪੱਖਤਾ ਦੇ ਇਸ ਸੰਕਲਪ ਵਿੱਚੋਂ ਹੀ ਧਰਮ ਤੇ ਸਿਆਸਤ ਦੀ
ਇੱਕ ਦੂਜੇ ਵਿੱਚ ਦਖਲਅੰਦਾਜ਼ੀ ਨਿਕਲਦੀ ਹੈ ਅਤੇ ਇਸ ਦਖਲਅੰਦਾਜ਼ੀ ਵਿੱਚੋਂ ਹੀ ਉਹ ਸਾਰੇ ਗੈਰ-ਜਮਹੂਰੀ
ਤੇ ਲੋਕ-ਵਿਰੋਧੀ ਸਿੱਟੇ ਨਿਕਲਦੇ ਹਨ ਜਿਹਨਾਂ ਦੀ ਚਰਚਾ ਪਹਿਲਾਂ ਕੀਤੀ ਗਈ ਹੈ।
No comments:
Post a Comment