ਮੁੜ ਚਰਚਾ –
ਸਿੱਖਾਂ ਨਾਲ ਧੱਕੇ ਵਿਤਕਰੇ ਦਾ ਸਵਾਲ
- ਗੁਲਜ਼ਾਰ
ਦੂਜੀ ਕਿਸ਼ਤ
ਇੱਕ ਧਾਰਮਿਕ ਫਿਰਕੇ ਵਜੋਂ ਭਾਰਤੀ ਰਾਜ ਅਧੀਨ ਸਿੱਖਾਂ ਦੀ ਹੈਸੀਅਤ ਦਾ ਸਵਾਲ ਫ਼ਿਰਕੂ
ਦਹਿਸ਼ਤਗਰਦੀ ਦੇ ਉਭਾਰ ਸਮੇਂ ਇਨਕਲਾਬੀ ਹਲਕਿਆਂ ’ਚ ਵਿਚਾਰ ਵਟਾਂਦਰੇ ਅਤੇ ਤਿੱਖੀ
ਬਹਿਸ ਦਾ ਮੁੱਦਾ ਬਣਿਆ ਸੀ। ਪਿਛਲੇ ਦਿਨੀਂ ਹੋਏ ਘਟਨਾਕ੍ਰਮ ਨੇ ਇਸ ਮੁੱਦੇ ਦੀ ਮੁੜ-ਚਰਚਾ ਦੀ
ਪ੍ਰਸੰਗਿਕਤਾ ਬਣਾ ਦਿੱਤੀ ਹੈ। ਇਸ ਪੱਖੋਂ ਅਸੀਂ 80 ਵਿਆਂ ਦੀ ਬਹਿਸ ਦੌਰਾਨ ਇਨਕਲਾਬੀ
ਜਨਤਕ ਲੀਹ ਦੇ 1989 ਦੇ ਅੰਕਾਂ ’ਚ ਛਪੀ ਲਿਖਤ ਕਿਸ਼ਤਵਾਰ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।
ਕੀ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ
ਅਤੇ ਹਸਤੀ ਲਿਤਾੜੀ ਜਾ ਰਹੀ ਹੈ?
ਇਹ ਫਿਰਕੂ ਪ੍ਰਚਾਰ ਬੜੇ ਜ਼ੋਰ ਸ਼ੋਰ ਨਾਲ ਕੀਤਾ ਜਾਂਦਾ ਹੈ ਕਿ 1947 ਤੋਂ ਲੈ ਕੇ ਹੀ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਅਤੇ ਹਸਤੀ ਖਤਰੇ ਮੂੰਹ ਆਈ ਹੋਈ ਹੈ, ਕਿ ਉਦੋਂ ਤੋਂ ਲੈ ਕੇ ਹੀ ਭਾਰਤੀ ਹਾਕਮਾਂ ਵੱਲੋਂ ਉਨ੍ਹਾਂ ਨੂੰ ‘‘ਹਿੰਦੂ ਧਰਮ ਦੇ ਖਾਰੇ ਸਮੁੰਦਰ ’ਚ ਜਜ਼ਬ ਕਰਨ’’ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਰ 1947 ਤੋਂ ਲੈ ਕੇ ਇਹ ਸਭ ਕੁਝ ਕਿਵੇਂ
ਕੀਤਾ ਜਾ ਰਿਹਾ ਹੈ ਫਿਰਕੂ ਸਿੱਖ ਜਨੂੰਨੀ ਅਤੇ ਪੈਗਾਮ ਪੰਥੀਏ ਇਹ ਦਰਸਾਉਣ ਲਈ ਕੋਈ ਤਸੱਲੀਬਖਸ਼
ਸਬੂਤ ਦੇਣ ’ਚ ਨਾਕਾਮ ਰਹੇ ਹਨ। ਉਹ ਆਪਣੇ ‘‘ਸਬੂਤਾਂ’’ ਨੂੰ ‘‘ਧਰਮ-ਯੁੱਧ’’ ਤੋਂ ਪਹਿਲਾਂ ਦੇ ਅਰਸੇ ’ਤੇ ਕੇਂਦਰਤ ਕਰਨ ਤੋਂ ਟਾਲਾ ਵੱਟਦੇ ਹਨ ਅਤੇ ਅਕਸਰ ਹੀ ਉਹ
ਧਰਮ ਯੁੱਧ ਮੋਰਚੇ ਤੋਂ ਮਗਰੋਂ ਵਾਪਰੀਆਂ ਘਟਨਾਵਾਂ ਨੂੰ ਸਿੱਖਾਂ ਦੀ ਵੱਖਰੀ ਧਾਰਮਿਕ ਹਸਤੀ ’ਤੇ ਹਮਲੇ ਦੀ ਮਿਸਾਲ ਬਣਾ ਕੇ ਪੇਸ਼ ਕਰਦੇ ਹਨ। ਇਸ ਮਗਰੋਂ ਦੇ ਅਰਸੇ ਬਾਰੇ ਗੱਲ ਬਾਅਦ ਵਿੱਚ
ਕੀਤੀ ਜਾਵੇਗੀ। ਪਰ ਇਹ ਸਾਬਤ ਕਰਨ ਲਈ ਕਿ ‘‘ਧਰਮ-ਯੁੱਧ’’ ਮੋਰਚਾ ਸਿੱਖਾਂ ਦੀ ਲਤਾੜੀ ਜਾ ਰਹੀ ਧਾਰਮਿਕ ਹਸਤੀ ਦੀ ਰਾਖੀ ਲਈ ਲਾਇਆ ਗਿਆ ਸੀ ਧਰਮ-ਯੁੱਧ
ਮੋਰਚੇ ਤੋਂ ਪਹਿਲਾਂ ਦੇ ਅਰਸੇ ’ਚ ਅਜਿਹੇ ਧੱਕੇ ਵਿਤਕਰੇ ਨੂੰ
ਸਾਬਤ ਕਰਨਾ ਜ਼ਰੂਰੀ ਹੈ। ਆਓ! ਵੇਖੀਏ ਇਸ ਪੱਖੋਂ ਅਸਲੀਅਤ ਕੀ ਹੈ?
ਕੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਤੇ ਹਸਤੀ ਨੂੰ
ਦਰਸਾਉਂਦੀਆਂ ਧਾਰਮਿਕ ਸਰਗਰਮੀਆਂ ਕਰਨਾ ਕਿਸੇ ਦਿੱਕਤ ਦਾ ਮਸਲਾ ਬਣਿਆ ਹੋਵੇ? ਸਿੱਖ ਧਾਰਮਿਕ ਅਸਥਾਨਾਂ ਦੀ ਉਸਾਰੀ, ਸਿੱਖ ਸੰਸਥਾਵਾਂ ਦੀ ਸਥਾਪਤੀ, ਸਿੱਖ ਧਰਮ ਦੇ ਪ੍ਰਚਾਰ ਲਈ ਧਾਰਮਿਕ ਜਲਸੇ, ਜਲੂਸ ਅਤੇ ਸਮਾਗਮ ਕਰਨ, ਸਿੱਖ ਹੋਣ ਜਾ ਵਿਸ਼ੇਸ਼ ਧਾਰਮਿਕ ਚਿੰਨ੍ਹ ਲੈ ਕੇ ਘੁੰਮਣ ਫਿਰਨ ਵਗੈਰਾ ’ਚੋਂ ਉਹ ਕਿਹੜਾ ਮਾਮਲਾ ਹੈ ਜਿਸ
ਅੰਦਰ ਸਿੱਖਾਂ ਨੂੰ ਰੋਕਾਂ ਤੇ ਮਨਾਹੀਆਂ ਦਾ ਸਾਹਮਣਾ ਕਰਨਾ ਪੈਂਦਾ ਹੋਵੇ। ਇਸਦੇ ਉਲਟ, ਨਾ ਸਿਰਫ਼ ਸਿੱਖ ਧਰਮ ਅਸਥਾਨਾਂ ਨੂੰ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਛੋਟ ਹਾਸਲ ਹੈ ਸਗੋਂ ਵਿਸ਼ੇਸ਼
ਧਾਰਮਿਕ ਪਛਾਣ ਦੇ ਚਿੰਨ੍ਹ ਵਜੋਂ ਕਿਰਪਾਨ ਪਹਿਨਣ ਅਤੇ ਬਰਛਾ
ਰੱਖਣ ਦਾ ਵਿਸ਼ੇਸ਼ ਅਧਿਕਾਰ ਵੀ ਹਾਸਲ ਹੈ। ਪੰਜਾਬ ’ਚ ਰਹਿੰਦਾ ਹਰ ਵਿਅਕਤੀ ਜਾਣਦਾ ਹੈ
ਕਿ ਕਿਵੇਂ ਹੱਥਾਂ ’ਚ ਛੇ-ਛੇ ਫੁੱਟ ਬਰਛੇ ਅਤੇ ਕਿਰਪਾਨਾਂ ਲਈ ਫਿਰਦੇ ਨਿਹੰਗ ਟੋਲੇ ਕਿਸੇ ਦੀ ਨਿੱਜੀ ਜਾਇਦਾਦ ’ਤੇ ਨਿਸ਼ਾਨ ਸਾਹਿਬ ਗੱਡਕੇ ਇਸਨੂੰ ਪਲਾਂ ਵਿੱਚ ਸਿੱਖ ਧਰਮ-ਅਸਥਾਨ ਦਾ ਜਬਰੀ ਰੁਤਬਾ ਬਖਸ਼ ਦੇਣ
ਦੇ ਕੌਤਕ ਰਚਾਉਂਦੇ ਰਹੇ ਹਨ।
ਪੈਗਾਮ ਪੰਥੀ ਲਾਣੇ ਵੱਲੋਂ ਇਸ ਗੱਲ ਉੱਤੇ ਬਹੁਤ ਹੋ ਹੱਲਾ ਮਚਾਇਆ ਜਾਂਦਾ ਹੈ ਕਿ ਭਾਰਤੀ
ਸੰਵਿਧਾਨ ਦੀ ਧਾਰਾ 25
(2) (6) ਅੰਦਰ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਕਿਹਾ ਗਿਆ ਹੈ।
ਉਹ ਇਸਨੂੰ ਸਿੱਖਾਂ ਦੀ ਵੱਖਰੀ ਪਛਾਣ ਨੂੰ ਮਾਨਤਾ ਨਾ ਦੇਣ ਦੇ ਸਬੂਤ ਵਜੋਂ ਪੇਸ਼ ਕਰਦੇ ਹਨ। ਪਰ ਜੇ
ਇਸ ਧਾਰਾ ਦਾ ਮੰਤਵ ਸਿੱਖਾਂ ਦੀ ਵੱਖਰੀ ਧਾਰਮਿਕ ਹਸਤੀ ਨੂੰ ਖੋਰਨਾ ਹੈ ਤਾਂ ਇਸ ਧਾਰਾ ਦੀ ਵਿਆਖਿਆ
(ਨੰਬਰ 1) ’ਚ ਸਿੱਖਾਂ ਨੂੰ ਆਪਣੀ ਵੱਖਰੀ ਧਾਰਮਿਕ ਪਛਾਣ ਦੇ ਚਿੰਨ੍ਹ ਵਜੋਂ ਕਿਰਪਾਨ ਪਹਿਨਣ ਤੇ ਕੋਲ ਰੱਖਣ ਦਾ ਵਿਸ਼ੇਸ਼ ਅਧਿਕਾਰ ਕਿਉਂ ਦਿੱਤਾ ਗਿਆ ਹੈ? ਕੀ ਹਰ ਮਰਦਮ ਸ਼ੁਮਾਰੀ ’ਚ ਸਿੱਖਾਂ ਦੇ ਧਰਮ ਨੂੰ ਵੱਖਰੇ ਤੌਰ ’ਤੇ ਨੋਟ ਨਹੀਂ ਕੀਤਾ ਜਾਂਦਾ? ਜੇ ਇਸ ਧਾਰਾ ਦੇ ਬਾਵਜੂਦ ਸਿੱਖਾਂ
ਨੂੰ ਵੱਖਰੇ ਧਰਮ ਅਸਥਾਨ ਉਸਾਰਨ, ਵੱਖਰੇ ਪਹਿਰਾਵੇ, ਵੱਖਰੀਆਂ ਰਹੁ ਰੀਤਾਂ ਅਤੇ ਪੂਜਾ ਪਾਠ ਦੇ ਵੱਖਰੇ ਢੰਗਾਂ ਨੂੰ ਅਪਨਾਉਣ ਦੀ ਕਾਨੂੰਨੀ ਆਜ਼ਾਦੀ
ਹੈ ਅਤੇ ਇੱਥੋਂ ਤੱਕ ਕਿ ਧਰਮ ਦੇ ਨਾਂ ’ਤੇ ਵਿੱਦਿਅਕ ਸੰਸਥਾਵਾਂ ਖੜ੍ਹੀਆਂ
ਕਰਨ ਤੇ ਉਨ੍ਹਾਂ ਦੇ ਅੰਦਰ ਵੀ ਗੁਰਦੁਆਰੇ ਤੱਕ ਬਣਾਉਣ ਦੀ ਕਾਨੂੰਨੀ ਆਜ਼ਾਦੀ ਹੈ ਤਾਂ ਸਿੱਖ ਧਰਮ
ਨੂੰ ਹਿੰਦੂ ਧਰਮ ਦਾ ਅੰਗ ਬਣਾਉਂਦੀ ਦੱਸੀ ਜਾਂਦੀ ਉਪਰੋਕਤ ਧਾਰਾ ਦਾ ਕੀ ਅਮਲੀ ਮਹੱਤਵ ਰਹਿ ਜਾਂਦਾ
ਹੈ? (ਭਾਰਤ ਅੰਦਰ ਇਹ ਸਿਰਫ ਨਾਸਤਕ ਹਨ ਜਿਨ੍ਹਾਂ ਦੇ ਵੱਖਰੇ ਜਿਉਣ ਢੰਗ ਨੂੰ ਕੋਈ ਕਾਨੂੰਨੀ ਮਾਨਤਾ
ਹਾਸਲ ਨਹੀਂ ਹੈ। ਮਿਸਾਲ ਵਜੋਂ ਹਿੰਦੂ ਰਹੁ-ਰੀਤਾਂ ਅਨੁਸਾਰ ਫੇਰੇ ਲੈ ਕੇ, ਸਿੱਖ ਰਹੁ-ਰੀਤਾਂ ਮੁਤਾਬਕ ਲਾਵਾਂ ਲੈ ਕੇ ਜਾਂ ਮੁਸਲਮ ਰਹੁ-ਰੀਤਾਂ ਮੁਤਾਬਕ ਨਿਕਾਹ ਪੜ੍ਹਾ ਕੇ
ਕਰਵਾਏ ਜਾਣ ਵਾਲੇ ਵਿਆਹ ਨੂੰ ਕਾਨੂੰਨੀ ਮਾਨਤਾ ਹਾਸਲ ਹੈ ਜਦੋਂ ਕਿ ਕਿਸੇ ਵੀ ਧਾਰਮਿਕ ਰਹੁ ਰੀਤ ਦੀ
ਪਾਲਣਾ ਕੀਤੇ ਵਗੈਰ ਹੋਣ ਵਾਲੇ ਵਿਆਹ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਹੈ।
ਸਿੱਖ ਧਰਮ ਨੂੰ ਹਿੰਦੂ ਧਰਮ ਦਾ ਅੰਗ ਬਣਾਉਂਦੀ ਦੱਸੀ ਜਾਂਦੀ ਸੰਵਿਧਾਨ ਦੀ ਉਪਰੋਕਤ ਧਾਰਾ ਦੇ
ਖਾਤਮੇ ਦੀ ਮੰਗ ਉਠਾਏ ਜਾਣ ਦਾ ਅਮਲ ਵੀ ਬੜਾ ਦਿਲਚਸਪ ਹੈ। ਸਿੱਖਾਂ ਦੀ ਵੱਖਰੀ ਹਸਤੀ ਨੂੰ ਖੋਰਨ ਦੇ
ਸਭ ਤੋਂ ਵੱਡੇ ਸਬੂਤ ਵਜੋਂ ਭੁਗਤਾਈ ਜਾਂਦੀ ਇਸ ਧਾਰਾ ਦਾ ਜ਼ਿਕਰ ਨਾ ਅਨੰਦਪੁਰ ਦੇ ਮਤੇ ’ਚ ਲੱਭਦਾ ਹੈ ਅਤੇ ਨਾ ਹੀ ‘‘ਧਰਮ ਯੁੱਧ’’ ਮੋਰਚੇ ਦੀਆਂ 45 ਮੰਗਾਂ ਦੇ ਚਾਰਟਰ ’ਚ ਲੱਭਦਾ ਹੈ। ਇਹ ਕਿਵੇਂ ਵਾਪਰ ਸਕਦਾ ਹੈ ਕਿ ਸਿੱਖਾਂ ਦੀ
ਅੱਡਰੀ ਹਸਤੀ ਨੂੰ ਦਰੜਨ ਦਾ ਇਹ ਅਖੌਤੀ ਸਭ ਤੋਂ ਵੱਡਾ ਹਥਿਆਰ ਸਿੱਖਾਂ ਦੇ ਨੁਮਾਇੰਦੇ ਅਖਵਾਉਣ
ਵਾਲਿਆਂ ’ਚੋਂ ਕਿਸੇ ਨੂੰ ਵੀ ਦਿਸਿਆ ਤੱਕ ਨਾ ਹੋਵੇ।
ਇਹ ਵੀ ਇੱਕ ਦਿਲਚਸਪ ਕਹਾਣੀ ਹੈ ਕਿ ਅਪਰੇਸ਼ਨ ਬਲਿਊ ਸਟਾਰ ਤੋਂ ਪਹਿਲਾਂ ਸੰਵਿਧਾਨ ਦੀ ਇਸ ਧਾਰਾ
ਨੂੰ ਅਚਾਨਕ ਹੀ ਜ਼ੋਰ ਸ਼ੋਰ ਨਾਲ ਉਛਾਲਿਆ ਜਾਣਾ ਇੰਦਰ ਸਰਕਾਰ ਅਤੇ ਅਕਾਲੀ ਸਿਆਸਤਦਾਨਾਂ ਦੇ ਇੱਕ
ਹਿੱਸੇ ਦਰਮਿਆਨ ਹੋਈ ਗਿਟਮਿਟ ਦਾ ਨਤੀਜਾ ਸੀ। ਇਸ ਤਹਿਸ਼ੁਦਾ ਵਿਉਂਤ ਅਨੁਸਾਰ ਇਹ ਮੰਗ ਬਹੁਤ ਜ਼ੋਰ
ਨਾਲ ਉਭਾਰੇ ਜਾਣ ਮਗਰੋਂ ਇੰਦਰਾ ਹਕੂਮਤ ਵੱਲੋਂ ਕਬੂਲ ਕਰ ਲਈ ਜਾਣੀ ਸੀ ਅਤੇ ਇਸਨੂੰ ‘‘ਧਰਮ-ਯੁੱਧ’’ ਮੋਰਚੇ ਦੀ ਇੱਕ ਅਹਿਮ ਪ੍ਰਾਪਤੀ ਵਜੋਂ ਦਰਸਾਕੇ ਸਮਝੌਤੇ ਲਈ ਰਾਹ ਪੱਧਰਾ ਕੀਤਾ ਜਾਣਾ ਸੀ ਅਤੇ
ਸੰਤ ਭਿੰਡਰਾਂਵਾਲੇ ਨੂੰ ਇਸ ਸਮਝੌਤੇ ਲਈ ਰਾਜ਼ੀ ਕੀਤਾ ਜਾਣਾ ਸੀ। ਇਸ ਵਜ੍ਹਾ ਕਰਕੇ ਹੀ ਅਕਾਲੀ
ਲੀਡਰਾਂ ਵੱਲੋਂ ਇਸ ਧਾਰਾ ਦੀਆਂ ਕਾਪੀਆਂ ਸਾੜੇ ਜਾਣ ਦੀ ਮੰਗ ਤੋਂ ਝੱਟ ਪਿੱਛੋਂ ਇੰਦਰਾ ਗਾਂਧੀ ਨੇ
ਸਭ ਤੋਂ ਪਹਿਲਾਂ ਇਸ ਦੇਖਣ ਨੂੰ ਅਹਿਮ ਪਰ ਅਮਲੀ ਪੱਖੋਂ ਬੇਮਤਲਬ ਮੰਗ ’ਤੇ ਗੌਰ ਕਰਨ ਦੀ ‘‘ਫਰਾਖ਼ਦਿਲੀ’’ ਦਿਖਾਈ ਸੀ ਅਤੇ ਇਹ ਬਿਆਨ ਜਾਰੀ ਕੀਤਾ ਸੀ ਕਿ ਧਾਰਾ 25 ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਨਹੀਂ ਬਣਾਉਂਦੀ, ਪਰ ਜੇ ਵਰਤੀ ਗਈ ਸ਼ਬਦਾਵਲੀ ਕੋਈ ਵੀ ਭੁਲੇਖਾ ਪਾਉਂਦੀ ਹੈ ਤਾਂ ਹਕੂਮਤ ਉਸ ’ਚ ਤਬਦੀਲੀ ਲਈ ਤਿਆਰ ਹੈ। ਪਰ ਫਿਰਕੂ ਸਿੱਖ ਲੀਡਰਸ਼ਿਪ ਦੇ ਆਪਸੀ ਕਾਟੋ ਕਲੇਸ਼ ਸਦਕਾ ਅਤੇ
ਭਿਡਰਾਂਵਾਲੇ ਦੇ ਵਿੱਟਰ ਜਾਣ ਕਰਕੇ ਸਮਝੌਤਾ ਸਿਰੇ ਨਾ ਚੜ੍ਹਿਆ। ਇਸ ਸਕੀਮ ਦੇ ਫੇਲ੍ਹ ਹੋ ਜਾਣ ਨਾਲ ਹੀ ਅਕਾਲੀਆਂ ਨੂੰ ਇਸ ਧਾਰਾ ਸਦਕਾ ‘‘ਸਿੱਖਾਂ ਦੀ ਅੱਡਰੀ ਹਸਤੀ’’ ਨੂੰ ਖਤਰੇ ਦਾ ਅਚਾਨਕ ਜਾਗਿਆ ਤਿੱਖਾ ਅਹਿਸਾਸ ਝੱਟ ਮੱਧਮ ਪੈ
ਗਿਆ ਅਤੇ ਉਨ੍ਹਾਂ ਨੇ ਇਹ ਮੰਗ ਮੁੜ ਬੋਝੇ ਵਿੱਚ ਪਾ ਲਈ।
ਕੀ ਸਿੱਖ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਸਿੱਖ ਧਰਮ ਨੂੰ
ਕੁਚਲਣ ਲਈ ਹੋ ਰਹੀ ਹੈ?
ਸਿੱਖਾਂ ਦੀ ਅੱਡਰੀ ਧਾਰਮਿਕ ਹਸਤੀ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਦਾ ਇੱਕ ਵੱਡਾ ਸਬੂਤ ਇਸ ਤੱਥ
ਨੂੰ ਬਣਾਇਆ ਜਾਂਦਾ ਹੈ ਕਿ ਕਾਂਗਰਸ ਪਾਰਟੀ ਅਤੇ ਸਰਕਾਰਾਂ ਸਿੱਖ ਧਾਰਮਿਕ ਅਸਥਾਨਾਂ ਅਤੇ ਸਿੱਖ
ਸੰਸਥਾਵਾਂ ’ਤੇ ਕਬਜ਼ੇ ਦੀ ਨੀਤ ਨਾਲ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲਅੰਦਾਜ਼ੀ ਕਰਦੀਆਂ ਹਨ। ਬਿਨਾਂ ਸ਼ੱਕ, ਕਾਂਗਰਸ ਪਾਰਟੀ ਤੇ ਸਰਕਾਰਾਂ
ਅਜਿਹੀ ਦਖਲਅੰਦਾਜ਼ੀ ਕਰਦੀਆਂ ਹਨ। ਇਹ ਨਜਾਇਜ਼ ਦਖਲਅੰਦਾਜ਼ੀ ਹੈ ਅਤੇ ਬੰਦ ਹੋਣੀ ਚਾਹੀਦੀ ਹੈ। ਪਰ ਤਾਂ
ਵੀ ਇਹ ਸਿੱਖਾਂ ਦੀ ਅੱਡਰੀ ਹਸਤੀ ਨੂੰ ਕੁਚਲਣ ਦੀ ਕਿਸੇ ਕੋਸ਼ਿਸ਼ ਦਾ ਸਬੂਤ ਨਹੀਂ ਬਣਦੀ। ਇਸਦੇ ਐਨ
ਉਲਟ ਇਹ ਇਸ ਗੱਲ ਦਾ ਸਬੂਤ ਬਣਦੀ ਹੈ ਕਿ ਕਾਂਗਰਸ ਪਾਰਟੀ ਅਤੇ ਸਰਕਾਰਾਂ ਆਪਣੇ ਸਿਆਸੀ ਹਿੱਤਾਂ ਲਈ
ਹੋਰਨਾਂ ਧਰਮਾਂ ਵਾਂਗ ਹੀ ਸਿੱਖ ਧਰਮ ਦੀ ਵੀ ਵਰਤੋਂ ਕਰ ਰਹੀਆਂ ਹਨ। ਕਾਂਗਰਸੀ ਹਾਕਮਾਂ ਵੱਲੋਂ
ਸਿੱਖ ਸੰਸਥਾਵਾਂ ਅਤੇ ਸਿੱਖ ਧਰਮ ਅਸਥਾਨਾਂ ਨੂੰ ਕੰਟਰੋਲ ਕਰਨ ਦੀ ਇਹ ਕੋਸ਼ਿਸ਼ ਇਹਨਾਂ ਨੂੰ ਆਪਣੇ
ਸਿਆਸੀ ਹਿੱਤਾਂ ਦਾ ਹੱਥਾ ਬਣਾਉਣ ਅਤੇ ਇਸ ਦੀਆਂ ਲੋੜਾਂ ਮੁਤਾਬਕ ਢਾਲਣ-ਤਰਾਸ਼ਣ ਦੀ ਕੋਸ਼ਿਸ਼ ਹੈ। ਇਹ
ਸੰਭਵ ਨਹੀਂ ਹੈ ਕਿ ਕੋਈ ਪਾਰਟੀ ਜਾਂ ਸਰਕਾਰ ਇੱਕੋ ਸਮੇਂ ਨਾਲੇ ਤਾਂ ਕਿਸੇ ਧਰਮ ਨੂੰ ਆਪਣੇ ਹਿੱਤਾਂ
ਦੇ ਵਧਾਰੇ ਲਈ ਵਰਤਣ ਦੇ ਯਤਨ ਕਰ ਰਹੀ ਹੋਵੇ ਅਤੇ ਨਾਲ ਹੀ ਉਸ ਧਰਮ ਦੀ ਹਸਤੀ ਨੂੰ ਮਿਟਾਉਣ ਦੇ ਯਤਨ
ਕਰ ਰਹੀ ਹੋਵੇ।
ਪੈਗਾਮ ਪੰਥੀ ਜੁੰਡਲੀ ਆਪਣੀ ਅਕਲ ਦਾ ਬੁਰੀ ਤਰ੍ਹਾਂ ਜਲੂਸ ਕੱਢਦੀ ਹੈ ਜਦੋਂ ਉਹ ਸਿੱਖ ਧਰਮ
ਨਾਲ ਧੱਕੇ ਅਤੇ ਵਿਤਕਰੇ ਦੀ ਇਹ ਮਿਸਾਲ ਪੇਸ਼ ਕਰਦੀ ਹੈ।
‘‘ਸਿੱਖਾਂ ਦੇ ਧਾਰਮਿਕ ਅਸਥਾਨਾਂ ’ਤੇ ਕਬਜ਼ਿਆਂ ਦੀ ਕੇਂਦਰੀ ਹਾਕਮਾਂ
ਦੀ ਨੀਤ ਤੇ ਰੀਤ ਬਹੁਤ ਪੁਰਾਣੀ ਹੈ। 1954 ਵਿੱਚ ਕਾਂਗਰਸੀ ਹਾਕਮਾਂ ਵੱਲੋਂ ‘‘ਖਾਲਸਾ ਦਲ’’ ਨਾਂ ਦੀ ਜਥੇਬੰਦੀ ਬਣਾ ਕੇ ਸਿੱਖਾਂ ਦੀ ਉੱਚ ਧਾਰਮਿਕ ਸੰਸਥਾ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
ਕਮੇਟੀ- ’ਤੇ ਕਬਜ਼ੇ ਦੀ ਮੁਹਿੰਮ ਵਿੱਢੀ ਗਈ। ਕਾਂਗਰਸੀ ਹਾਕਮਾਂ ਦੇ ਇਸ ਹਮਲੇ ਦਾ ਸਿੱਖਾਂ ’ਚ ਇਹ ਪ੍ਰਤੀਕਰਮ ਹੋਇਆ ਕਿ ਇੱਕ ਵੀ ਸਰਕਾਰੀ ਪਿੱਠੂ ਨਾ ਜਿੱਤ ਸਕਿਆ, ਬਾਵਜੂਦ ਅਥਾਹ ਸਰਕਾਰੀ ਸ਼ਹਿ ਦੇ ਇਸ ਹਾਰ ਤੋਂ ਬਾਅਦ ਵੀ ਕਾਂਗਰਸੀ ਹਾਕਮ ਚੁੱਪ ਕਰਕੇ ਨਹੀਂ
ਬੈਠੇ। ਉਨ੍ਹਾਂ ਨੇ ਨਵੇਂ ਚੁਣੇ ਮੈਂਬਰਾਂ ਨੂੰ ਮੀਟਿੰਗ ਹੀ ਨਾ ਕਰਨ ਦਿੱਤੀ ਤੇ ਆਪਣੇ ਪਿੱਠੂ ਬਣੇ
ਪਹਿਲੇ ਪ੍ਰਧਾਨ ਰਾਹੀਂ ਲੋਕਲ (ਸਥਾਨਕ) ਗੁਰਦੁਆਰਾ ਕਮੇਟੀਆਂ ਨਿਯੁਕਤ ਕਰਨ ਦੀ ਚਾਲ ਚੱਲੀ।’’
ਉਪਰੋਕਤ ਲਿਖਤ ਪੈਗਾਮ-ਪੰਥੀਆਂ ਲਈ ਕਈ ਕਸੂਤੇ ਸਵਾਲ ਖੜ੍ਹੇ ਕਰਦੀ ਹੈ। ਜੇ ਇਹ ਸਾਰਾ ਕੁੱਝ
ਸਿੱਖ ਧਰਮ ਨੂੰ ਆਪਣੇ ਸਿਆਸੀ ਹਿਤਾਂ ਲਈ ਵਰਤਣ ਖਾਤਰ ਕੀਤੀ ਜਾ ਰਹੀ ਸਿੱਖ ਧਾਰਮਕ ਮਸਲਿਆਂ ’ਚ ਦਖਲਅੰਦਾਜੀ ਨਹੀਂ ਹੈ ਸਗੋਂ ਸਿੱਖਾਂ ਦੀ ਅੱਡਰੀ ਹਸਤੀ ਨੂੰ ਕੁਚਲਣ ਲਈ ਕੀਤੀ ਜਾ ਰਹੀ
ਦਖਲਅੰਦਾਜ਼ੀ ਹੈ ਤਾਂ ਇਸ ਇਲਜ਼ਾਮ ਤੋਂ ਨਾ ਅਕਾਲੀ ਦਲ ਦਾ ਕੋਈ ਧੜਾ ਬਰੀ ਹੋ ਸਕਦਾ ਹੈ ਤੇ ਨਾ ਹੀ
ਸਿਆਸੀ ਦਹਿਸ਼ਤਗਰਦਾਂ ਦੀ ਸਿਆਸੀ ਲੀਡਰਸ਼ਿਪ ਹੋ ਸਕਦੀ ਹੈ। ਕਿਉਂਕਿ ਸਿੱਖ ਧਾਰਮਕ ਅਸਥਾਨਾਂ ਅਤੇ
ਸ਼ਰੋਮਣੀ ਕਮੇਟੀ ’ਤੇ ਕਬਜੇ ਦੀ ਸੁਆਰਥੀ ਲੜਾਈ ’ਚ ਇੱਕ ਦੂਜੇ ਤੋਂ ਮੋਹਰੀ ਹੋ ਕੇ
ਨਿੱਘਰੇ ਹੱਥਕੰਡੇ ਵਰਤਣ ਅਤੇ ਇਉਂ ਸਿੱਖ ਸ਼ਰਧਾਲੂਆਂ ਨਾਲ ਖਿਲਵਾੜ ਕਰਨ ’ਚ ਇਨ੍ਹਾਂ ਸਭਨਾਂ ਦਾ ਕੋਈ ਸਾਨੀ ਨਹੀਂ ਹੈ। ਜੇ ਕਾਂਗਰਸੀ ਹਾਕਮਾਂ ਵੱਲੋਂ ਸ਼੍ਰੋਮਣੀ ਕਮੇਟੀ
ਦੇ ਚੁਣੇ ਹੋਏ ਮੈਂਬਰਾਂ ਨੂੰ ‘‘ਮੀਟਿੰਗ ਨਾ ਕਰਨ ਦੇਣ’’ ਅਤੇ ‘‘ਗੁਰਦੁਆਰਿਆਂ ਦੇ ਲੋਕਲ ਪ੍ਰਧਾਨ ਨਿਯੁਕਤ ਕਰਨ’’ ਦੇ ਇਸ ਦੇ ਅਧਿਕਾਰ ਨੂੰ ਚੁਣੌਤੀ
ਦੇਣ ਨੂੰ-ਸਿੱਖਾਂ ਦੀ ਹਸਤੀ ਨੂੰ ਕੁਚਲਣ ਦੀ ਧਾਰਮਕ ਕੋਸ਼ਿਸ਼ ਕਿਹਾ ਜਾ ਸਕਦਾ ਹੈ ਤਾਂ ਅੱਜ
ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਸਿੰਘ ਸਹਿਬਾਨਾਂ ਦੀ ਨਿਯੁਕਤੀ ਦੇ ਇਸ ਦੇ ਅਧਿਕਾਰ ਨੂੰ ਚੁਣੌਤੀ
ਦੇਣ, ਦਰਬਾਰ ਸਹਿਬ ਅੰਦਰ ਇਸ ਦੀਆਂ ਮੀਟਿੰਗਾਂ ਅਸੰਭਵ ਬਣਾਉਣ ਅਤੇ ਇਸ ਤੋਂ ਵੀ ਅੱਗੇ ਇਸ ਦੇ ਮੈਂਬਰਾਂ ਅਤੇ ਇਸ ਵੱਲੋਂ ਨਿਯੁਕਤ
ਕੀਤੇ ਜਥੇਦਾਰਾਂ ਨੂੰ ਗੋਲੀਆਂ ਨਾਲ ਉਡਾਉਣ ਦੀਆਂ ਕਾਰਵਾਈਆਂ ਕੀਹਦੀ ‘‘ਅੱਡਰੀ ਹਸਤੀ’’ ਨੂੰ ਕੁਚਲਣ ਦੀ ਕੋਸ਼ਿਸ਼ ਹਨ?
ਗੱਲ ਇੱਥੇ ਹੀ ਨਹੀਂ ਮੁੱਕਦੀ। ਪੈਗਾਮਪੰਥੀਆਂ ਨੂੰ ਇਸ ਗੱਲ ਦਾ ਜੁਆਬ ਦੇਣਾ ਪਵੇਗਾ ਕਿ ਜੇ
ਕਾਂਗਰਸੀ ਹਾਕਮਾਂ ਵੱਲੋਂ ‘‘ਖਾਲਸਾ ਦਲ’’ ਨਾਂ ਦੀ ਨਾਂ-ਨਿਹਾਦ ਜਥੇਬੰਦੀ
ਬਣਾ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ੇ ਦੀ ਵਿੱਢੀ
ਮੁਹਿੰਮ-ਸਿੱਖਾਂ ਦੀ ‘‘ਅੱਡਰੀ ਹਸਤੀ’’ ਨੂੰ ਕੁਚਲਣ ਦੀ ਕੋਸ਼ਿਸ਼ ਦੀ ਮਿਸਾਲ ਬਣਦੀ ਹੈ ਤਾਂ ਕੀ ਇੱਕ ਦਹਾਕਾ ਪਹਿਲਾਂ ਸ਼ਰੋਮਣੀ ਕਮੇਟੀ
ਦੀਆਂ ਚੋਣਾਂ ਸਮੇਂ ਉਹਨਾਂ ਹੀ ਕਾਂਗਰਸੀ ਹਾਕਮਾਂ ਵੱਲੋਂ ਭਿੰਡਰਾਂਵਾਲੇ ਨੂੰ ਵਰਤ ਕੇ ਅਜਿਹਾ ਹੀ
ਕਰਨ ਦੀ ਕੋਸ਼ਿਸ਼ ਵੀ ਸਿੱਖਾਂ ਦੀ ‘‘ਅੱਡਰੀ ਹਸਤੀ’’ ’ਤੇ ਹਮਲਾ ਸੀ? ਪੈਗਾਮਪੰਥੀਆਂ ਨੂੰ ਜਾਂ ਤਾਂ ਇਹ ਮੰਨਣਾ ਪੈਣਾ ਹੈ ਕਿ ਸੰਤ ਭਿੰਡਰਾਂਵਾਲਾ ਵੀ ‘‘ਖਾਲਸਾ ਦਲ’’ ਵਾਂਗ ‘‘ਸਿੱਖਾਂ ਦੀ ਅੱਡਰੀ ਹਸਤੀ ਨੂੰ ਮਿਟਾਉਣ’’ ਲਈ ਕਾਂਗਰਸੀ ਹਾਕਮਾਂ ਦਾ ਮੋਹਰਾ
ਹੀ ਸੀ ਜਾਂ ਫਿਰ ਇਹ ਮੰਨਣਾ ਪੈਣਾ ਹੈ ਕਿ ਇਸ ਮਸਲੇ ਦਾ ‘‘ਸਿੱਖਾਂ ਦੀ ਅੱਡਰੀ ਹਸਤੀ ਨੂੰ ਕੁਚਲਣ’’ ਦਾ ਕੋਈ ਸਬੰਧ ਨਹੀਂ ਬਣਦਾ।
ਸੋ ਉਹ ਸਭ ਸਿਆਸੀ ਸ਼ਕਤੀਆਂ ਸਿੱਖਾਂ ਦੇ ਧਾਰਮਕ ਮਸਲਿਆਂ ’ਚ ਮੁਜਰਿਮ ਹਨ ਜਿਹੜੀਆਂ ਸਿੱਖ ਧਾਰਮਕ ਸੰਸਥਾਵਾਂ ਅਤੇ ਧਰਮ-ਅਸਥਾਨਾਂ ਨੂੰ ਸਿਆਸੀ ਹਿੱਤਾਂ ਲਈ
ਵਰਤਣ ਦੀ ਦੌੜ ’ਚ ਸ਼ਾਮਲ ਹਨ। ਸਿੱਖਾਂ ਦੇ ਧਾਰਮਕ ਮਸਲਿਆਂ ’ਚ ਦਖਲਅੰਦਾਜ਼ੀ ਨੂੰ ਰੋਕਣ ਲਈ ਧਰਮ
ਅਤੇ ਸਿਆਸਤ ਨੂੰ ਵੱਖ ਵੱਖ ਕਰਨ ਦਾ ਨਾਅਰਾ ਉੱਚਾ ਕਰਨਾ ਜਰੂਰੀ ਹੈ ਕਿਉਂਕਿ ਸਿਆਸੀ ਹਿਤਾਂ ਲਈ ਧਰਮ
ਦੀ ਦੁਰਵਰਤੋਂ ਦੀ ਦੌੜ ਹੀ ਸਿੱਖ ਧਾਰਮਕ ਸੰਸਥਾਵਾਂ ਨੂੰ ਵੱਖ ਵੱਖ ਸਿਆਸੀ ਧਿਰਾਂ ਦੇ ਹੱਥਾਂ ਦਾ
ਖਿਡੌਣਾ ਬਣਾ ਧਰਨ ਲਈ ਜੁੰਮੇਵਾਰ ਹਨ। ਜਦੋਂ ਪੈਗਾਮਪੰਥੀ ਧਰਮ ਅਤੇ ਸਿਆਸਤ ਨੂੰ ਵੱਖ ਵੱਖ ਕਰਨ ਦੀ
ਮੰਗ ਦਾ ਵਿਰੋਧ ਕਰਦੇ ਹਨ ਤਾਂ ਉਹ ਕਾਂਗਰਸੀ ਹਾਕਮਾਂ ਸਮੇਤ ਸਿੱਖ ਧਾਰਮਕ ਮਾਮਲਿਆਂ ’ਚ ਸੌੜੇ ਸਿਆਸੀ ਹਿੱਤਾਂ ਲਈ ਦਖਲ ਦੇਣ ਵਾਲੀਆਂ ਸਭਨਾਂ ਸ਼ਕਤੀਆਂ ਦੀ ਸੇਵਾ ਕਮਾਉਂਦੇ ਹਨ।
(ਚਲਦਾ)
No comments:
Post a Comment