ਕਿਸਾਨ ਘੋਲਾਂ ਦੇ ਮੈਦਾਨ ’ਚੋਂ ...
ਦ੍ਰਿੜ ਘੋਲ ਇਰਾਦਿਆਂ ਨਾਲ ਨਵੇਂ ਸਾਲ ਦਾ ਸੰਗਰਾਮੀ ਸਵਾਗਤ
ਅਕਾਲੀ ਦਲ ਬਾਦਲ ਦੇ ਹਮਲਾਵਰ ਰੁਖ ਨੂੰ ਮਾਤ
- ਫੀਲਡ ਰਿਪੋਰਟਰ
ਲਗਾਤਾਰ ਘੋਲਾਂ ’ਚ ਰਹਿ ਰਹੀ ਕਿਸਾਨ ਮਜ਼ਦੂਰ ਜਨਤਾ ਨੇ ਜੇਠੂਕੇ (ਬਠਿੰਡਾ) ਅਤੇ ਦਿਆਲਪੁਰਾ (ਮਾਨਸਾ) ਦੀ ਧਰਤੀ
ਤੋਂ ਦ੍ਰਿੜ ਘੋਲ ਇਰਾਦਿਆਂ ਦਾ ਪ੍ਰਮਾਣ ਦੇ ਕੇ ਨਵੇਂ ਸਾਲ ਦਾ ਸ਼ਾਨਦਾਰ ਸੰਗਰਾਮੀ ਸਵਾਗਤ ਕੀਤਾ ਹੈ।
ਨਰਮਾ ਬਰਬਾਦੀ ਦਾ ਮੁਆਵਜ਼ਾ, ਝੋਨੇ ਦੀ ਲੁੱਟ ਰੁਕਵਾਉਣ, ਖੁਦਕੁਸ਼ੀ ਪੀੜਤਾਂ ਦੇ ਵਾਰਿਸਾਂ ਲਈ ਜ਼ਿੰਦਗੀ ਜਿਉਣ ਦਾ ਹੱਕ ਹਾਸਲ ਕਰਨ ਅਤੇ ਕਰਜ਼ਾ ਕਾਨੂੰਨ
ਵਰਗੇ ਮੁੱਦਿਆਂ ’ਤੇ ਬੀਤੇ ਕਈ ਮਹੀਨਿਆਂ ਤੋਂ ਘੋਲ਼ ਦਾ ਪਿੜ ਮਘਿਆ ਹੋਇਆ ਹੈ। ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ
22 ਜਨਵਰੀ ਨੂੰ ਬਾਦਲ ’ਚ ਤਿੰਨ ਰੋਜ਼ਾ ਧਰਨਾ ਦਿੱਤਾ ਜਾਣਾ ਹੈ ਤੇ ਨਾਲ ਹੀ ਪਿੰਡ ਪਿੰਡ ਆ ਰਹੇ ਅਕਾਲੀ ਆਗੂਆਂ ਦਾ ਵੀ
ਵਿਰੋਧ ਕੀਤਾ ਜਾ ਰਿਹਾ ਹੈ।
ਆਪਣੇ ‘ਕਰ-ਕਮਲਾਂ’ ਕਰਕੇ ਅਕਾਲੀ ਦਲ ਬਾਦਲ ਬੁਰੀ ਤਰ੍ਹਾਂ ਨਿਖੇੜੇ ਦਾ ਸ਼ਿਕਾਰ ਹੈ, ਦਿਨੋਂ ਦਿਨ ਇਹ ਆਪਣੀ ਬਚੀ-ਖੁਚੀ ਸਿਆਸੀ ਵੁੱਕਤ ਵੀ ਗੁਆ ਰਿਹਾ ਹੈ। ਸਿਆਸੀ ਪੜਤ ਦੇ ਖੋਰੇ ਦਾ
ਸਾਹਮਣਾ ਕਰ ਰਹੇ ਹਕੂਮਤੀ ਦਲ ਨੇ ਲੋਕਾਂ, ਅਤੇ ਖਾਸ ਕਰ ਦ੍ਰਿੜ ਸੰਘਰਸ਼ਸ਼ੀਲ
ਹਿੱਸਿਆਂ, ਪ੍ਰਤੀ ਹਮਲਾਵਰ ਰੁਖ਼ ਅਖ਼ਤਿਆਰ ਕੀਤਾ ਹੈ। ਲੋਕਾਂ ਦੇ ਉਲਟ ਲਾਮਬੰਦੀ ਅਤੇ ਗੁੰਡਾ ਤਾਕਤ ਨੂੰ
ਜਥੇਬੰਦ ਕਰਨਾ ਇਸ ਪੈਂਤੜੇ ਦਾ ਅਹਿਮ ਅੰਗ ਹੈ। ਲੋਕਾਂ ਦੇ ਤਿੱਖੇ ਤੇ ਵਿਆਪਕ ਵਿਰੋਧ ਦੇ ਮੱਦੇਨਜ਼ਰ
ਹਕੂਮਤੀ ਦਲ ਆਪਣੀ ਸਿਆਸੀ ਹਸਤੀ ਨੂੰ ਬਚਾਉਣ ਲਈ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਵੇਖਦਾ।
1 ਜਨਵਰੀ ਨੂੰ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਦੇ ਬੇਟੇ ਦੇ ਵਿਆਹ ਸਮਾਗਮ ਦਾ ਪਤਾ ਹੋਣ ਦੇ
ਬਾਵਜੂਦ ਬੀਬਾ ਜੀ ਦੀ ਜੇਠੂਕੇ ਪਿੰਡ ’ਚ ਫੇਰੀ ਦਾ ਪ੍ਰੋਗਰਾਮ ਜਾਣ-ਬੁੱਝ
ਕੇ ਰੱਖਿਆ ਗਿਆ ਸੀ। ਇਹ ਫੇਰੀ ਪਿੰਡ ਜੇਠੂਕੇ ਤੋਂ ਤਪਾ ਮੰਡੀ ਨੂੰ ਜਾਂਦੇ ਕੱਚੇ ਰਾਹ ਨੂੰ ਪੱਕਾ
ਕਰਨ ਦੇ ‘ਚੱਲ ਰਹੇ ਕੰਮ ਦਾ ਉਦਘਾਟਨ’ ਕਰਨ ਦੇ ਬਹਾਨੇ ਹੇਠ ਰੱਖੀ ਗਈ
ਸੀ। ਭਾਰੀ ਆਵਾਜਾਈ ਵਾਲੇ ਬਰਨਾਲਾ-ਬਠਿੰਡਾ ਮੁਖ ਮਾਰਗ ਤੋਂ ਪਾਸੇ ਪਾਸੇ ਮੰਡੀ ਨੂੰ ਜਾਣ ਵਾਲੇ ਇਸ
ਰਾਹ ਦੇ ਪੱਕੇ ਹੋਣ ਦੀ ਪਿੰਡ ਵਾਸੀਆਂ ਨੂੰ ਚਿਰਾਂ ਤੋਂ ਝਾਕ ਸੀ। ਹਮਲਾਵਰ ਹੋਇਆ ਅਕਾਲੀ ਦਲ ਇਸ
ਹਾਲਤ ਦਾ ਲਾਹਾ ਲੈਣ ਦੇ ਯਤਨ ’ਚ ਸੀ। ਇਸਨੇ ਇਕ ਪਾਸੇ ਕਿਸਾਨ ਲੀਡਰਸ਼ਿਪ ਸਾਹਮਣੇ ਵਿਆਹ
ਸਮਾਗਮ ’ਚ ਵਿਘਨ ਪੈਣ ਦਾ ਖਤਰਾ ਖੜ੍ਹਾ ਕਰਕੇ ਜਥੇਬੰਦੀ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਨੂੰ ਰੋਕਣ ਦਾ
ਹੋਛਾ ਪੈਂਤੜਾ ਲਿਆ ਸੀ। ਵਿਰੋਧ ਕੀਤੇ ਜਾਣ ਦੀ ਹਾਲਤ ’ਚ ਇਹ ਜਥੇਬੰਦੀ ਅਤੇ ਪਰਿਵਾਰ ਦੋਨਾਂ ਵਾਸਤੇ ਉਲਝਾਅ ਖੜ੍ਹਾ ਕਰਨ ਤੇ ਕਿੜ੍ਹ ਕੱਢਣ ਦੀ ਤਾਕ ’ਚ ਸੀ। ਇਸ ਖਾਤਰ ਪੁਲਸੀਆ ਤਾਕਤ ਦੇ ਨਾਲ ਨਾਲ ਯੂਥ ਬ੍ਰਿਗੇਡ ’ਤੇ ਇਸਦੀ ਟੇਕ ਸੀ। ਨਾਲ ਹੀ ਦੂਜੇ ਪਾਸੇ ਇਸਨੂੰ ਇਹ ਆਸ ਸੀ ਕਿ ਕਿਉਂ ਜੋ ਪਿੰਡ ਦੀ ਚਿਰਾਂ ਦੀ
ਲੋੜ ਪੂਰੀ ਹੋਣ ਜਾ ਰਹੀ ਹੈ ਇਸ ਲਈ ਆਮ ਲੋਕਾਂ ਨੂੰ ਵਿਰੋਧ ਤੋਂ ਪਾਸੇ ਰੱਖਣਾ ਵੀ ਸੌਖਾਲਾ
ਹੋਵੇਗਾ।
ਜਥੇਬੰਦ ਕਿਸਾਨ ਜਨਤਾ ਤੇ ਝੰਡਾ ਸਿੰਘ ਜੇਠੂਕੇ ਦੇ ਪਰਿਵਾਰ, ਦੋਵਾਂ ਨੇ ਹੀ ਅਕਾਲੀ ਦਲ ਬਾਦਲ ਦੇ ਮੂੰਹ ’ਤੇ ਮਾਰੀ ਹੈ। ਪਰਿਵਾਰ ਦਾ ਫੈਸਲਾ
ਸੀ, ‘‘ਵਿਆਹ ’ਚ ਵਿਘਨ ਪਵੇ ਜਾਂ ਨਾ, ਜੇ ਹਕੂਮਤ ਇਉਂ ਕਰਨ ’ਤੇ ਉੱਤਰ ਆਈ ਹੈ ਤਾਂ ਵਿਰੋਧ ਹਰ ਹਾਲਤ ਵਿੱਚ ਹੋਵੇਗਾ।’’ ਪਿੰਡ ਪਰਿਵਾਰ ਦੇ ਨਾਲ ਸੀ। ਉਹ ਪਿੰਡ ਦੇ ਅਕਾਲੀ ਸਰਪੰਚ ਨੂੰ ਬਾਜ ਆਉਣ ਲਈ ਵਾਰ ਵਾਰ
ਸੁਣਾਉਣੀ ਕਰ ਰਿਹਾ ਸੀ। ਸਮਾਜਿਕ ਸਮਾਗਮ ’ਚ ਵਿਘਨ ਪਾਉਣ ਦੇ ਅਕਾਲੀ ਪੈਂਤੜੇ
ਦੀ ਤੋਏ ਤੋਏ ਹੋ ਰਹੀ ਸੀ, ਬੁਰਾ ਮਨਾਇਆ ਜਾ ਰਿਹਾ ਸੀ।
ਦੂਜੇ ਪਾਸੇ ਜਥੇਬੰਦੀ ਦੇ ਕਾਰਕੁੰਨਾਂ ਨੇ ਵੀ ਇਸ ਚੁਣੌਤੀ ਨੂੰ ਕਬੂਲ ਕੀਤਾ ਹੈ। ਵਿਰੋਧ
ਲਾਜ਼ਮੀ ਕਰਨ ਤੇ ਬੇਲੋੜੇ ਟਕਰਾਅ ਤੋਂ ਬਚਣ ਦਾ ਪੈਂਤੜਾ ਲਿਆ ਗਿਆ। 30 ਤਰੀਕ ਨੂੰ ਹੀ ਜਿਲ੍ਹੇ ਦੇ
ਲਗਭਗ 700 ਵਰਕਰਾਂ ਨੇ ਪਿੰਡ ’ਚ ਡੇਰੇ ਲਾ ਲਏ ਸਨ। ਪਿੰਡ ’ਚ ਵੱਡੀ ਪ੍ਰਚਾਰ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਪਿੰਡ ਦਾ ਵਿਰੋਧ ਮੱਠਾ ਪਾਉਣ ਲਈ
ਅਕਾਲੀਆਂ ਵੱਲੋਂ ਪਿੰਡ ’ਚ ਛੱਡੇ ਵਿਕਾਸ ਤੇ ਪਿੰਡ ਦਾ ਭਲਾ ਹੋਣ ਦੇ ਸ਼ੋਸ਼ਿਆਂ ਨੂੰ
ਛੰਡਿਆ ਗਿਆ। ਲੋਕਾਂ ਦੇ ਕਾਜ ਨੂੰ ਸਮਰਪਿਤ ਕਿਸਾਨ ਆਗੂ ਦੇ ਪਰਿਵਾਰਕ ਸਮਾਗਮ ’ਚ ਵਿਘਨ ਪਾਉਣ ਦੇ ਹਕੂਮਤੀ ਪੈਂਤੜੇ ਕਰਕੇ ਪਿੰਡ ’ਚ ਰੋਸ ਪਹਿਲਾਂ ਹੀ ਬਹੁਤ ਸੀ। ਪ੍ਰਚਾਰ ਮੁਹਿੰਮ ਦੌਰਾਨ ਅਸਲ ਹਕੂਮਤੀ ਮਕਸਦ ਨੰਗਾ ਕਰ ਦਿੱਤਾ
ਗਿਆ। ਸਿੱਟੇ ਵਜੋਂ 700 ਕਾਰਕੁੰਨਾਂ ਨਾਲ 300 ਪਿੰਡ ਵਾਸੀ ਵੀ ਆ ਜੁੜੇ। ਪਿੰਡ ’ਚ ਮੁਜਾਹਰਾ ਕੀਤਾ ਗਿਆ, ਜੋਰਦਾਰ ਲਾਮਬੰਦੀ ਹੋਈ। 30 ਰਾਤ ਨੂੰ ਇਸ ਜਥੇ ਦੇ ਡੇਰੇ
ਪਿੰਡ ’ਚ ਹੀ ਸਨ।
ਜਥੇਬੰਦੀ ਵੱਲੋਂ ਲਏ ਧੜੱਲੇਦਾਰ ਵਿਰੋਧ ਦੇ ਪੈਂਤੜੇ ਤੇ ਪਿੰਡ ਦੀ ਜੋਰਦਾਰ ਹਮਾਇਤ ਨੇ 31
ਤਰੀਕ ਨੂੰ ਰੰਗ ਵਿਖਾਇਆ। ਬੀਬਾ ਜੀ ਦੀ ਫੇਰੀ ਇਸੇ ਦਿਨ ਸੀ। ਸੋ, ਇਕੱਠ ’ਚ ਹੋਰ ਵਾਧਾ ਹੋ ਗਿਆ। ਵਿਰੋਧ ’ਚ ਸ਼ਾਮਲ ਪਿੰਡ ਵਾਸੀਆਂ ਦੀ ਗਿਣਤੀ
ਵੀ ਵਧਕੇ 450-500 ਹੋ ਗਈ। ਇਕੱਠ ਸਾਰਾ ਦਿਨ ਜੁੜਿਆ ਰਿਹਾ। ਬੀਬਾ ਜੀ ਦੀ ਉਡੀਕ ਹੁੰਦੀ ਰਹੀ।
ਅਕਾਲੀ ਦਲ ਦਾ ਪੰਡਾਲ ਪਹਿਲਾਂ ਹੀ ਪਿੰਡ ’ਚੋਂ ਬਾਹਰ ਰੇਲਵੇ ਫਾਟਕ ਤੋਂ ਪਰ੍ਹਾਂ
ਨਿੱਕਲ ਚੁੱਕਾ ਸੀ। ਸ਼ਾਮ ਨੂੰ ਪਹੁੰਚੀ ਬੀਬਾ ਪਿੰਡ ’ਚ ਦਾਖਲ ਨਾ ਹੋ ਸਕੀ। ਉਸਦੇ
ਪੰਡਾਲ ’ਚ ਪਿੰਡ ’ਚੋਂ ਸ਼ਮੂਲੀਅਤ ਵੀ ਬੇਹੱਦ ਨਿਗੂਣੀ ਰਹੀ। ਤਪੇ ਤੋਂ ਦੇਸੀ ਤੇ ਪ੍ਰਵਾਸੀ ਦਿਹਾੜੀਦਾਰਾਂ ਦੇ ਭਰੇ
ਦੋ ਟਰੱਕਾਂ ਨੇ ਕੁਝ ਪੰਡਾਲ ਭਰਿਆ। ਕੁਝ ਮਨਰੇਗਾ ਮਜ਼ਦੂਰਾਂ ਨੇ ਭਰਿਆ। ਬੀਬਾ ਜੀ 3 ਮਿੰਟ ਤੋਂ ਵੱਧ
ਬੋਲ ਨਾ ਸਕੇ। ਤੇ ਅਖੀਰ ਉਦਘਾਟਨ ਵਾਲੀ ਥਾਂ ’ਤੇ ਜਾਣ ਲਈ ਪਿੰਡ ਵਿੱਚ ਦੀ ਵੀ
ਨਾ ਲੰਘ ਸਕੇ। ਪਿੰਡੋਂ ਬਾਹਰ ਬਾਹਰ ਹੀ ਡੇਢ ਕਿਲੋਮੀਟਰ ਕੱਚੇ ਪਹੇ ਤੋਂ ਦੀ ਹੁੰਦੇ ਹੋਏ ਖੇਤਾਂ
ਵਿਚਲੇ ਘੋਨੇ ਫਾਟਕਾਂ ਤੋਂ ਲੰਘ ਕੇ ਉਦਘਾਟਨ ਵਾਲੀ ਥਾਂ ’ਤੇ ਪਹੁੰਚੇ ਅਤੇ ਫਟਾਫਟ ਉਦਘਾਟਨ ਕਰਕੇ ਚਲਦੇ ਬਣੇ।
ਲੋਕਾਂ ਦਾ ਵਿਰੋਧ ਸ਼ਾਨਦਾਰ ਰਿਹਾ ਹੈ। ਹੋਛੇ ਹਥਕੰਡਿਆਂ ’ਤੇ ਉੱਤਰੇ ਅਕਾਲੀ ਦਲ ਨਾਲ ਬੁਰੀ ਬਣੀ ਹੈ। ਬੀਬਾ ਜੀ ਦੀ ਫੇਰੀ ਲਈ ਪਿੰਡ ’ਚੋਂ ਮੋਢੀ ਬਣੇ ਅਕਾਲੀ ਸਰਪੰਚ ਦੀ ਵੀ ਗਤ ਬਣੀ ਜਦੋਂ ਉਹ ਗਲਤੀ ਨਾਲ ਪਿੰਡ ’ਚ ਵਿਰੋਧ ਮਾਰਚ ਕਰ ਰਹੇ ਲੋਕਾਂ ਦੇ ਸਾਹਮਣੇ ਆ ਗਿਆ। ਲੋਕਾਂ ਦਾ ਰੋਸ ਇਸ ਹੱਦ ਤੱਕ ਸੀ ਕਿ
ਇਕੱਠ ’ਚੋਂ ‘‘ਅਕਾਲੀਆਂ ਦੇ ਕੁੱਤੇ ਮੁਰਦਾਬਾਦ’’, ‘‘ਅਕਾਲੀਆਂ ਦੇ ਚਮਚੇ ਮੁਰਦਾਬਾਦ’’ ਦੇ ਬੁਲੰਦ ਆਵਾਜ਼ ਨਾਅਰੇ ਲੱਗੇ। ਅਕਾਲੀਆਂ ਦੇ ਗੁੰਡਾ ਪੈਂਤੜੇ ਨੂੰ ਕੁੱਟਣ ਦਾ ਚਾਅ ਲੋਕਾਂ
ਵੱਲੋਂ ਜੋੜੀਆਂ ਬੋਲੀਆਂ ’ਚੋਂ ਪ੍ਰਗਟ ਹੋ ਰਿਹਾ ਸੀ - ‘‘... ਉਹਦੀ ਸਿਵਿਆਂ ’ਚ ਸਟੇਜ ਲਵਾਤੀ,
ਅਣਖੀ ਲੋਕਾਂ ਨੇ ਸਿਮਰੋ ਵਾਹਣੀਂ ਪਾ ’ਤੀ।’’ ਸੋ, ਨਾ ਵਿਰੋਧ ਰੁਕਿਆ ਨਾ ਵਿਆਹ ’ਚ ਵਿਘਨ ਪਿਆ। ਵਿਆਹ ਸਮਾਗਮ ਨੇ
ਰੋਸ ਨੂੰ ਤਿੱਖਾ ਕੀਤਾ ਸੀ ਤੇ ਵਿਰੋਧ ਦੀ ਸਫ਼ਲਤਾ ਨੇ ਵਿਆਹ ਦੇ ਰੰਗ ਨੂੰ ਹੋਰ ਗੂੜ੍ਹਾ ਕਰ ਦਿੱਤਾ, ਇਸਦਾ ਸਰੂਰ ਹੋਰ ਵਧਾ ਦਿੱਤਾ।
ਇਉਂ ਹੀ ਮਾਨਸਾ ਜ਼ਿਲ੍ਹੇ ਦੇ ਦਿਆਲਪੁਰਾ ਪਿੰਡ ਵਿੱਚ ਵੀ ਕਿਸਾਨਾਂ ਮਜ਼ਦੂਰਾਂ ਦਾ ਏਕਾ ਤੇ
ਹਕੂਮਤੀ ਪਾਰਟੀ ਦਾ ਧੌਂਸਬਾਜ਼ ਪੈਂਤੜਾ ਆਹਮੋ ਸਾਹਮਣੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਨਰਮੇ ਦੀ
ਬਰਬਾਦੀ ਲਈ ਮੁਆਵਜ਼ੇ ਦੇ ਚੈੱਕ ਬਹੁਤ ਨਿਗੂਣੀ ਮਾਤਰਾ ’ਚ ਜਾਰੀ ਕੀਤੇ ਗਏ ਹਨ। ਜਿੰਨੇ ਕੁ ਜਾਰੀ ਕੀਤੇ ਵੀ ਗਏ ਹਨ, ਉਹਨਾਂ ਚੈੱਕਾਂ ਦੀ ਵਰਤੋਂ ਵੀ ਹਕੂਮਤੀ ਪਾਰਟੀ ਆਪਣੀ ਖੁਰ ਚੁੱਕੀ ਪੜਤ ਦੀ ਭਰਪਾਈ ਲਈ ਕਰਨਾ
ਚਾਹੁੰਦੀ ਹੈ। ਸੋ ਅੰਦਰਖਾਤੇ ਹਕੂਮਤ ਦਾ ਇਹ ਫੈਸਲਾ ਹੈ ਕਿ ਚੈੱਕ ਪ੍ਰਸ਼ਾਸਕੀ ਅਧਿਕਾਰੀਆਂ ਦੀ ਬਜਾਏ
ਅਕਾਲੀ ਲੀਡਰਾਂ, ਵਿਧਾਇਕਾਂ ਤੇ ਜਥੇਦਾਰਾਂ ਵੱਲੋਂ ਹੀ ਵੰਡੇ ਜਾਣਗੇ। ਇਸਦੀ ਇਹ ਗੁੱਝੀ ਕੋਸ਼ਿਸ਼ ਵੀ ਰਹਿੰਦੀ ਹੈ
ਕਿ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਪ੍ਰਭਾਵ ਵਾਲੇ ਪਿੰਡਾਂ ਜਾਂ ਹਿੱਸਿਆਂ ਨੂੰ ਚੈੱਕ ਲਮਕਾਅ ਕੇ, ਖੱਜਲ ਕਰਕੇ ਵੰਡੇ ਜਾਣ ਜਾਂ ਨਾ ਹੀ ਵੰਡੇ ਜਾਣ ਤਾਂ ਜੋ ਇਨ੍ਹਾਂ ਜਥੇਬੰਦੀਆਂ ਦੇ ਵਧ ਰਹੇ
ਪ੍ਰਭਾਵ ਨੂੰ ਮਾਂਜਾ ਲਾਇਆ ਜਾ ਸਕੇ। ਲੰਮੀ ਲੜਾਈ ਲੜ ਕੇ ਹਕੂਮਤ ਨੂੰ ਨਰਮਾ ਬਰਬਾਦੀ ਦਾ ਮੁਆਵਜ਼ਾ
ਦੇਣ ਲਈ ਮਜਬੂਰ ਕਰਨ ਵਾਲੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਇਸ ਪੈਂਤੜੇ ਦੇ ਵਿਰੋਧ ਦਾ ਫੈਸਲਾ
ਕੀਤਾ ਹੋਇਆ ਹੈ। ਉਹਨਾਂ ਦਾ ਐਲਾਨ ਹੈ ਕਿ ਚੈੱਕ ਪ੍ਰਸ਼ਾਸ਼ਕੀ ਅਧਿਕਾਰੀਆਂ ਤੋਂ ਲਏ ਜਾਣਗੇ ਤੇ
ਪਿੰਡਾਂ ’ਚ ਵੜਨ ਵਾਲੇ ਅਕਾਲੀ ਲੀਡਰਾਂ ਦਾ ਵਿਰੋਧ ਕੀਤਾ ਜਾਵੇਗਾ।
ਮਾਨਸਾ ਜ਼ਿਲ੍ਹੇ ਦੇ ਪਿੰਡ ਦਿਆਲਪੁਰਾ ਵਿੱਚ ਕਿਸਾਨ ਜਥੇਬੰਦੀਆਂ, ਖਾਸ ਕਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਚੰਗਾ ਆਧਾਰ ਹੈ। ਇਸ ਪਿੰਡ ਦੇ ਅਕਾਲੀ
ਜਥੇਦਾਰਾਂ ਨੇ ਐਲਾਨ ਕਰ ਦਿੱਤਾ ਕਿ ਅਕਾਲੀ ਐਮ. ਐਲ. ਏ. ਚਤਿੰਨ ਸਮਾਓ ਪਿੰਡ ’ਚ ਆ ਕੇ ਕਿਸਾਨਾਂ ਨੂੰ ਚੈੱਕ ਵੰਡਣਗੇ ਤੇ ਕਿਹਾ ਕਿ ਇਸਦਾ ਵਿਰੋਧ ਕਰਨ ਵਾਲਿਆਂ ਨਾਲ ਵੀ ਦੋ
ਹੱਥ ਵੇਖੇ ਜਾਣਗੇ। ਨਾ ਸਿਰਫ਼ ਕਿਹਾ ਸਗੋਂ ਤਿੰਨ ਦਿਨ ਸਪੀਕਰਾਂ ’ਚੋਂ ਬੋਲਦੇ ਰਹੇ ਕਿ ਜਥੇਬੰਦੀ ਵਾਲੇ ’ਕੱਠ ’ਚ ਆਏ ਤਾਂ ਚੰਗਾ ਸਬਕ ਸਿਖਾਇਆ ਜਾਵੇਗਾ। ਜਥੇਬੰਦੀ ਦੇ ਆਗੂਆਂ ਨੂੰ ਅਜਿਹੇ ਧਮਕੀ ਭਰੇ ਸੁਨੇਹੇ
ਵੀ ਭੇਜੇ ਗਏ। ਧੌਂਸਬਾਜ਼ੀ ’ਤੇ ਉੱਤਰ ਚੁੱਕੇ ਅਕਾਲੀ ਦਲ ਦਾ ਸੰਕਟਗ੍ਰਸਤ ਕਿਸਾਨ ਜਨਤਾ ਲਈ
ਪੈਂਤੜਾ ਸੀ ‘‘ਸਾਡੇ ਲੀਡਰਾਂ ਨੂੰ ਪ੍ਰਵਾਨ ਕਰੋਂਗੇ ਤਾਂ 8 ਹਜ਼ਾਰ ਰੁ. ਮੁਆਵਜ਼ਾ ਮਿਲੇਗਾ। ਜਥੇਬੰਦੀ ਨੂੰ
ਪ੍ਰਵਾਨ ਕਰੋਂਗੇ ਤਾਂ ਸਬਕ ਸਿਖਾਇਆ ਜਾਵੇਗਾ ਤੇ ਮੁਆਵਜ਼ੇ ਤੋਂ ਵੀ ਜਾਓਂਗੇ।’’
ਪਿੰਡ ’ਚ ਤਣਾਅ ਪਹਿਲਾਂ ਹੀ ਬਣ ਚੁੱਕਾ ਸੀ। ਚੈੱਕ ਵੰਡਣ ਵਾਲੇ ਦਿਨ ਅਕਾਲੀਆਂ ਵੱਲੋਂ ਪਿੰਡ ਦੇ
ਗੁਰਦੁਆਰੇ ’ਚ ਇਕੱਠ ਕੀਤਾ ਗਿਆ। ਤਿੰਨ ਚਾਰ ਥਾਣਿਆਂ ਦੀ ਪੁਲਸ ਸੱਦੀ ਗਈ। ਵੱਡੀ ਗਿਣਤੀ ’ਚ ਅਕਾਲੀ ਲੱਠਮਾਰ ਵੀ ਲਿਆਂਦੇ ਗਏ। ਗੁਰਦੁਆਰੇ ’ਚ 150-200 ਦਾ ਇਕੱਠ ਹੋਇਆ।
ਬਹੁਤੇ ਬੰਦੇ ਬਾਹਰਲੇ ਤੇ ਥੋੜੇ ਬੰਦੇ ਪਿੰਡ ਦੇ। ਦੂਜੇ ਪਾਸੇ ਕਿਸਾਨ ਜਥੇਬੰਦੀ ਵੱਲੋਂ ਵੀ ਇਕੱਠ
ਕੀਤਾ ਗਿਆ। ਇਹ ਇਕੱਠ ਪਿੰਡ ਦੇ ਡੇਰੇ ਵਿੱਚ ਹੋਇਆ। ਗਿਣਤੀ 200-250 ਦੀ ਸੀ ਜਿਸ ਵਿੱਚ ਭਾਰਤੀ
ਕਿਸਾਨ ਯੂਨੀਅਨ (ਏਕਤਾ)ਲ ਡਕੌਂਦਾ ਦੇ ਕਾਰਕੁੰਨ ਵੀ ਸ਼ਾਮਲ ਸਨ। ਚਤਿੰਨ ਸਮਾਓ ਦੀ ਫੇਰੀ ਦੇ ਵਿਰੋਧ ’ਚ ਜਥੇਬੰਦੀਆਂ ਵੱਲੋਂ ਪਿੰਡ ’ਚ ਮੁਜ਼ਾਹਰਾ ਕੀਤਾ ਗਿਆ। ਜਦੋਂ
ਪੁਲਸ ਵੱਲੋਂ ਮੁਜ਼ਾਹਰਾ ਕਰਨ ਤੋਂ ਰੋਕਿਆ ਗਿਆ ਤਾਂ ਪਿੰਡ ਦੇ ਅੰਦਰ ਹੀ ਧਰਨਾ ਲਾ ਕੇ ਵਿਰੋਧ ਜਾਰੀ
ਰੱਖਿਆ ਗਿਆ। ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੀ ਕਨਸੋਅ ਜਦ ਐਮ. ਐਲ. ਏ. ਸਮਾਓਂ ਤੱਕ
ਪਹੁੰਚੀ ਤਾਂ ਉਸਨੇ ਪਿੰਡ ਨਾ ਵੜਨ ’ਚ ਹੀ ਭਲਾਈ ਸਮਝੀ ਤੇ ਦੌਰਾ ਰੱਦ
ਕਰ ਦਿੱਤਾ।
ਜਥੇਬੰਦੀ ਦਾ ਵਿਰੋਧ ਸਫ਼ਲ ਰਿਹਾ ਸੀ, ਦੌਰਾ ਰੱਦ ਹੋ ਗਿਆ ਸੀ। ਮੁਆਵਜ਼ੇ
ਦੇ ਚੈੱਕ ਵੰਡਣ ਲਈ ਹੁਣ ਤਹਿਸੀਲਦਾਰ ਹੀ ਰਹਿ ਗਿਆ ਸੀ। ਪਰ ਜਦ ਜਥੇਬੰਦੀਆਂ ਦੀ ਅਗਵਾਈ ’ਚ ਕਿਸਾਨ ਚੈੱਕ ਵੰਡਣ ਵਾਲੀ ਥਾਂ ’ਤੇ ਪੁਹੰਚੇ ਤਾਂ ਸਥਾਨਕ ਅਕਾਲੀ
ਲੀਡਰ ਕਿਸਾਨ ਆਗੂਆਂ ਨਾਲ ਤੂੰ-ਤੂੰ, ਮੈਂ-ਮੈਂ ਤੇ ਹੱਥੋਪਾਈ ’ਤੇ ਉੱਤਰ ਆਏ। ਮਾਹੌਲ ਕਾਫ਼ੀ ਭਖਾਅ ਫੜ੍ਹ ਗਿਆ। ਇਸਤੇ ਜਥੇਬੰਦੀ ਦੇ ਕਾਰਕੁੰਨ ਗੁਰਦੁਆਰੇ ’ਚੋਂ ਵਾਪਸ ਆ ਗਏ ਤੇ ਰੋਸ ਵਜੋਂ
ਬੁਢਲਾਡਾ ਬਰੇਟਾ ਮਾਰਗ ’ਤੇ ਸੜਕ ਜਾਮ ਲਗਾ ਦਿੱਤਾ। ਉਹਨਾਂ ਐਲਾਨ ਕੀਤਾ ਕਿ
ਤਹਿਸੀਲਦਾਰ ਕਿਸਾਨਾਂ ਦੇ ਇਕੱਠ ’ਚ ਆਵੇ ਅਤੇ ਚੈੱਕ ਵੰਡ ਕੇ ਜਾਵੇ, ਨਹੀਂ ਤਾਂ ਜਾਮ ਜਾਰੀ ਰਹੇਗਾ। ਜਥੇਬੰਦੀ ਵੱਲੋਂ ਜਾਮ ਉਦੋਂ ਹੀ ਖੋਲ੍ਹਿਆ ਗਿਆ ਜਦੋਂ ਪੁਲਸ
ਪ੍ਰਸ਼ਾਸਨ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਸਹੀ 3 ਵਜੇ ਤਹਿਸੀਲਦਾਰ ਆ ਕੇ ਕਿਸਾਨਾਂ ਦੇ ਚੈੱਕ
ਵੰਡੇਗਾ। 1 ਵਜੇ ਤੋਂ 3 ਵਜੇ ਤੱਕ ਕਿਸਾਨ ਦਾ ਇਕੱਠ ਸੜਕ ਦੇ ਕਿਨਾਰੇ ਬੈਠਾ ਰਿਹਾ।
3 ਵਜੇ ਹਾਲੇ ਅਕਾਲੀਆਂ ਦੇ ਗੁਰਦੁਆਰੇ ਵਾਲੇ ਇਕੱਠ ’ਚ ਚੈੱਕ ਵੰਡਣ ਦਾ ਕੰਮ ਪੂਰਾ ਨਹੀਂ ਸੀ ਹੋਇਆ। ਜਦ ਤਹਿਸੀਲਦਾਰ ਕੰਮ ਵਿੱਚ ਛੱਡ ਕੇ ਆਉਣ ਲੱਗਾ
ਤਾਂ ਅਕਾਲੀਆਂ ਨੇ ਇਸਦਾ ਵਿਰੋਧ ਕੀਤਾ ਅਤੇ ਤਹਿਸੀਲਦਾਰ ਨੂੰ ਘੇਰਨਾ ਚਾਹਿਆ। ਪਰ ਸੜਕ ਕਿਨਾਰੇ
ਬੈਠੀ ਕਿਸਾਨ ਜਨਤਾ ਦੇ ਦਬਾਅ ਦੀ ਦਬੱਲੀ ਪੁਲਸ ਨੇ ਤਹਿਸੀਲਦਾਰ ਨੂੰ ਕਿਸਾਨ ਜਨਤਾ ਦੇ ਇਕੱਠ ’ਚ ਹਾਜ਼ਰ ਕਰ ਦਿੱਤਾ। ਇਸ ਤੋਂ ਬਾਅਦ ਲਗਭਗ ਡੇਢ ਘੰਟਾ ਲਾ ਕੇ 80-90 ਚੈੱਕ ਵੰਡਾਏ ਗਏ। ਇਉਂ
ਪੂਰਾ ਦਿਨ ਦਿਆਲਪੁਰਾ ਪਿੰਡ ’ਚ ਜਨਤਾ ਦੀ ਜਥੇਬੰਦ ਤਾਕਤ ਤੇ ਅਕਾਲੀਆਂ ਦੀ ਲੱਠਮਾਰ ਤਾਕਤ
ਦਰਮਿਆਨ ਸੰਘਰਸ਼ ਚੱਲਿਆ ਤੇ ਜਥੇਬੰਦ ਕਿਸਾਨ ਜਨਤਾ ਨੇ ਸਫ਼ਲਤਾ ਨਾਲ ਅਕਾਲੀਆਂ ਦੇ ਧੌਂਸਬਾਜ਼ ਪੈਂਤੜੇ
ਨੂੰ ਮਾਤ ਦਿੱਤੀ।
ਪਰ ਜੇਠੂਕੇ ਅਤੇ ਦਿਆਲਪੁਰਾ ਦੀ ਧਰਤੀ ’ਤੇ ਲੋਕ ਤਾਕਤ ਵੱਲੋਂ ਵਿਖਾਏ
ਜੌਹਰ ਸੰਘਰਸ਼ਾਂ ਦੇ ਪਿੜ ਮੱਲਣ ਵਾਲੇ ਲੋਕਾਂ ਲਈ ਸੁਨੇਹਾ ਦੇ ਰਹੇ ਹਨ। ਆਉਂਦੇ ਸਮੇਂ ’ਚ ਜਥੇਬੰਦ ਲੋਕ ਤਾਕਤ ਦੀ ਹਾਕਮਾਂ ਨਾਲ ਟੱਕਰ ਅੱਗੇ ਵਧਣੀ ਹੈ। ਹਾਕਮ ਜਮਾਤਾਂ ਦੀ ਟੇਕ
ਪ੍ਰਸ਼ਾਸਨਿਕ ਜਬਰ ਦੇ ਨਾਲੋ ਨਾਲ ਫਿਰਕਾਪ੍ਰਸਤੀ, ਗੁੰਡਾਗਰਦੀ, ਲੱਠਮਾਰ ਤਾਕਤ ਅਤੇ ਲੋਕ ਵਿਰੋਧੀ ਲਾਮਬੰਦੀ ’ਤੇ ਵਧ ਰਹੀ ਹੈ। ਅਕਾਲੀ ਦਲ ਬਾਦਲ
ਵੱਲੋਂ ਅਖ਼ਤਿਆਰ ਕੀਤਾ ਜਾ ਰਿਹਾ ਰੁਖ਼ ਸਾਰੇ ਸੰਘਰਸ਼ਸ਼ੀਲ ਲੋਕਾਂ ਅਤੇ ਲੋਕ ਹਿਤਾਂ ਪ੍ਰਤੀ ਸੁਹਿਰਦ
ਹਿੱਸਿਆਂ ਦੇ ਸਰੋਕਾਰ ਦਾ ਮਾਮਲਾ ਹੈ।
No comments:
Post a Comment