
ਸਤਲੁਜ ਫਿਲਮ 'ਤੇ ਪਾਬੰਦੀ ਬਾਰੇ ਕੁੱਝ ਗੱਲਾਂ....
ਸਤਲੁਜ ਫਿਲਮ ਆਉਣ ਤੇ ਫਿਰ ਉਸ 'ਤੇ ਪਾਬੰਦੀ ਲੱਗਣ ਦਾ ਮਸਲਾ ਇਸ ਵੇਲੇ ਸ਼ੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਹੈ। ਬਿਨਾਂ ਸ਼ੱਕ ਫਿਲਮ 'ਤੇ ਪਾਬੰਦੀ ਲਾਏ ਜਾਣ ਦਾ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ ਕਿਉਂਕਿ ਇਹ ਪ੍ਰਗਟਾਵੇ ਦੀ ਆਜ਼ਾਦੀ ਦੇ ਹੱਕ ਨੂੰ ਕੁਚਲਣਾ ਹੈ। ਇਹ ਵਿਰੋਧ ਹੋਇਆ ਵੀ ਹੈ ਤੇ ਸਵਾਗਤਯੋਗ ਹੈ। ਇਹ ਵਿਰੋਧ ਵਿਚਾਰ ਪ੍ਰਗਟਾਵੇ ਦੇ ਹੱਕ ਤੇ ਸਾਹਿਤ ਕਲਾ ਦੀ ਆਜ਼ਾਦੀ ਨੂੰ ਬੁਲੰਦ ਕਰਨ ਦੇ ਪੈਂਤੜੇ ਤੋਂ ਹੋਣਾ ਚਾਹੀਦਾ ਹੈ। ਪਰ ਜਿਵੇਂ ਮੌਕਾਪ੍ਰਸਤ ਵੋਟ ਪਾਰਟੀਆਂ ਤੇ ਸਿਆਸਤਦਾਨ ਇਸ ਮਸਲੇ ਨੂੰ ਲੈ ਕੇ ਪੈਂਤੜੇ ਬੰਨ੍ਹ ਰਹੇ ਹਨ, ਉਹਨਾਂ ਲਈ ਇਹ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ 'ਤੇ ਡਾਕੇ ਦਾ ਮਸਲਾ ਨਹੀਂ ਹੈ। ਉਹਨਾਂ ਲਈ ਤਾਂ ਮਸਲੇ ਤਖਤਾਂ ਦੇ ਪਾਵੇ ਮਿਣਨ ਦੇ ਹਨ ਤੇ ਉਹਨਾਂ ਨੇ ਹੁਣ ਪੰਜਾਬ ਅੰਦਰ ਉਸ ਬੀਤੇ ਦੌਰ ਦੀ ਸਿਆਸਤ ਦੇ ਹਵਾਲੇ ਨਾਲ ਇਹ ਪਾਵੇ ਮਿਣਨੇ ਸ਼ੁਰੂ ਕਰ ਦਿੱਤੇ ਹਨ।
ਅਫ਼ਸੋਸਨਾਕ ਹਾਲਤ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਚਰਚਾ ਪ੍ਰੋਡਿਊਸਰਾਂ ਦੇ ਮੰਤਵ, ਚੈਨਲ ਵਾਲਿਆਂ ਤੇ ਦਿਲਜੀਤ ਦੇ ਰੋਲ ਆਦਿ ਦੁਆਲੇ ਹੀ ਤੁਰੀ ਫਿਰਦੀ ਹੈ। ਫਿਲਮ ਬਣਾਉਣ ਵਾਲੇ ਇਸ ਖੇਤਰ ਦੇ ਕਾਰੋਬਾਰੀ ਹਨ ਤੇ ਦਿਲਜੀਤ ਵਰਗੇ ਇਨਾਂ ਕਾਰੋਬਾਰਾਂ 'ਚ ਵਰਤੇ ਜਾਣ ਵਾਲੇ ਕਲਾਕਾਰ ਹਨ। ਉਹਨਾਂ ਲਈ ਤਾਂ ਪੰਜਾਬ ਦੇ ਉਸ ਦੌਰ ਦੇ ਕਿਸੇ ਬਿਰਤਾਂਤ ਦੇ ਅਧਾਰ 'ਤੇ ਕਮਾਈ ਕਰਨ ਦਾ ਮਾਮਲਾ ਹੈ। ਖੇਡ ਤਾਂ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਕਦੋਂ ਫਿਲਮ ਰੋਕਣੀ ਹੈ, ਕਦੋਂ ਸੈਂਸਰ ਬੋਰਡ ਤੋਂ ਮਨਜ਼ੂਰੀ ਦਵਾਉਣੀ ਹੈ ,ਕਦੋਂ ਪਾਬੰਦੀ ਲਾਉਣੀ ਹੈ, ਇਹ ਸਭ ਕੁਝ ਵੋਟ ਪਾਰਟੀਆਂ ਤੇ ਸਰਕਾਰਾਂ ਦੀਆਂ ਆਪਣੀਆਂ ਸਿਆਸੀ ਵੋਟ ਗਿਣਤੀਆਂ ਨਾਲ ਜੁੜ ਕੇ ਤੈਅ ਹੋ ਜਾਂਦਾ ਹੈ। ਕਸ਼ਮੀਰ ਫਾਈਲਜ਼ ਤੇ ਧੁਰੰਦਰ ਵਰਗੀਆਂ ਫਿਲਮਾਂ ਭਾਜਪਾ ਦੇ ਹਿੰਦੂਤਵੀ ਫਿਰਕੂ ਏਜੰਡੇ ਲਈ ਫਿਲਮਾਂ ਦੀ ਵਰਤੋਂ ਦਾ ਤਾਜ਼ਾ ਨਮੂਨਾ ਹਨ। ਇਹ ਤਾਂ ਬਣਾਈਆਂ ਮਿਥ ਕੇ ਜਾਂਦੀਆਂ ਹਨ। ਜੇ ਮਿਥ ਕੇ ਨਾ ਵੀ ਬਣਾਈ ਹੋਈ ਹੋਵੇ ਤਾਂ ਵੀ ਕਿਸ ਹਾਲਤ 'ਚ ਕਿਸ ਫਿਲਮ ਦੀ ਕਿਵੇਂ ਵਰਤੋ ਕਰਨੀ ਹੈ, ਸਿਆਸਤਦਾਨ ਇਹਦੀਆਂ ਗੁੰਜਾਇਸ਼ਾਂ ਵੀ ਹਰ ਵੇਲੇ ਲੱਭਦੇ ਰਹਿੰਦੇ ਹਨ। ਏਥੇ ਵੀ ਸਭ ਕੁੱਝ ਵਾਪਰਨ ਦਾ ਰੋਲ ਸਪਸ਼ਟ ਦਿਖਾਈ ਦਿੰਦਾ ਹੈ। ਫਿਲਮ ਰੋਕੀ ਰੱਖਣ, ਜਾਰੀ ਕਰਨ ਤੇ ਫਿਰ ਰੋਕ ਦੇਣਾ ਸਭ ਕੁੱਝ ਏਸੇ ਵਿਉਂਤ ਦਾ ਹਿੱਸਾ ਹੈ।
ਫਿਲਮ 'ਚ ਕਹਾਣੀ ਤਾਂ ਕਹੀ ਜਾ ਚੁੱਕੀ ਸੀ ਕਿਵੇ ਕਹੀ ਗਈ ਹੈ, ਇਹ ਵੱਖਰੀ ਚਰਚਾ ਦਾ ਵਿਸ਼ਾ ਹੈ। ਪਰ ਅਸਲ ਕਹਾਣੀ ਤਾਂ ਮਗਰੋਂ ਸ਼ੁਰੂ ਹੋਈ ਹੈ। ਪੰਜਾਬ ਦੀ ਜਿਸ ਹਾਕਮ ਜਮਾਤੀ ਪਿਛਾਖੜੀ ਵੋਟ ਸਿਆਸਤ ਨੇ ਪੰਜਾਬ ਨੂੰ ਲਗਭਗ ਡੇਢ ਦਹਾਕਾ ਹਕੂਮਤੀ ਤੇ ਫਿਰਕੂ ਜਬਰ ਦੀ ਭੱਠੀ 'ਚ ਝੋਕੀ ਰੱਖਿਆ ਸੀ ਤੇ ਲੋਕਾਂ ਦੇ ਖੂਨ ਦੀ ਹੋਲੀ ਨਾਲ ਇਤਿਹਾਸ ਦਾ ਕਾਲਾ ਕਾਂਡ ਲਿਖਿਆ ਗਿਆ ਸੀ, ਹੁਣ ਉਸੇ ਆਪਣੇ ਹੀ ਰਚੇ ਹੋਏ ਇਤਿਹਾਸ ਦੇ ਹਵਾਲੇ ਨਾਲ ਮੁੜ ਪਿਛਾਖੜੀ ਫਿਰਕੂ ਸਿਆਸਤ ਦੀ ਖੇਡ ਖੇਡੀ ਜਾ ਰਹੀ ਹੈ। ਖਿਡਾਰੀ ਪੁਰਾਣੇ ਵੀ ਹਨ, ਨਵੇਂ ਵੀ ਤੇ ਕੁਝ ਨੇ ਪਾਲ਼ੇ ਬਦਲੇ ਹਨ ਤੇ ਕੁਝ ਹੁਣ ਉਹਨਾਂ ਪੁਜੀਸ਼ਨਾਂ ਤੋਂ ਖੜ੍ਹ ਕੇ ਹੀ ਖੇਡ ਰਹੇ ਹਨ। ਭਾਜਪਾ ਨੂੰ ਪਾਬੰਦੀ ਲਾਉਣਾ ਜਿਆਦਾ ਠੀਕ ਬੈਠਦਾ ਹੈ ਕਿਉਂਕਿ ਇਸ ਖਿਲਾਫ ਉੱਠਦੀ ਆਵਾਜ਼ ਨੂੰ ਫਿਰਕੂ ਰੰਗਤ ਦੇ ਕੇ ਹੋਣ ਵਾਲੀ ਵੋਟ ਪਾਲਾਬੰਦੀ ਵੀ ਉਸ ਨੂੰ ਰਾਸ ਬੈਠਦੀ ਹੈ। ਵੋਟ ਪਾਲਾਬੰਦੀ ਕਰਨ ਲਈ ਅਕਾਲੀ ਦਲ ਤੇ ਵਾਰਿਸ ਪੰਜਾਬ ਦੇ ਦੋਹੇਂ ਹੀ ਇਕ ਦੂਜੇ ਤੋਂ ਵੱਧ ਕੇ ਦਾਅਵੇਦਾਰ ਹਨ। ਅਕਾਲੀ ਦਲ ਬਾਦਲ ਜਿਹੜਾ ਉਸ ਖੂਨੀ ਦੌਰ ਦੇ ਸਿਆਸੀ ਮੁਜ਼ਰਮਾਂ 'ਚ ਸ਼ੁਮਾਰ ਹੈ, ਮੁੜ ਉਹੋ ਜਿਹੀ ਖੇਡ ਖੇਡਣੀ ਚਾਹੁੰਦਾ ਹੈ। ਉਸ ਦੌਰ ਤੋਂ ਮਗਰੋਂ 15 ਵਰ੍ਹੇ ਪੰਜਾਬ ਦੀ ਕੁਰਸੀ 'ਤੇ ਬੈਠ ਕੇ ਅਥਾਹ ਲੁੱਟ ਕਰਨ ਮਗਰੋਂ ਹੁਣ ਉਸਨੂੰ ਉਸ ਦੌਰ ਦੇ ਮਨੁੱਖੀ ਅਧਿਕਾਰਾਂ ਦਾ ਚੇਤਾ ਆ ਰਿਹਾ ਹੈ। ਵਾਰਿਸ ਪੰਜਾਬ ਦੇ ਨਾਂ ਦੀ ਜਥੇਬੰਦੀ ਐਲਾਨੀਆ ਫਿਰਕੂ ਸਿਆਸਤ ਦੇ ਰਾਹ 'ਤੇ ਹੈ ਤੇ ਉਹ ਇਸ ਨਾਲ ਜੁੜ ਕੇ ਉਭਰਦੀਆਂ ਸਿੱਖ ਵੋਟ ਭਾਵਨਾਵਾਂ ਦੀ ਸਭ ਤੋਂ ਵੱਧ ਵਰਤੋਂ ਕਰਨ ਦੀ ਤਾਕ 'ਚ ਹੈ। ਅਕਾਲੀ ਦਲ ਦੀ ਕਮਜ਼ੋਰ ਹੋਈ ਪਰਤ ਕਰਕੇ ਉਸ ਨਾਲੋਂ ਜ਼ਿਆਦਾ ਲਾਹਾ ਵਾਰਿਸ ਪੰਜਾਬ ਵਾਲਿਆਂ ਨੇ ਲੈਣਾ ਹੈ।
ਫਿਲਮ ਦੇ ਮਾਮਲੇ ਵਿੱਚ ਇਸ ਵੇਲੇ ਕੇਂਦਰੀ ਨੁਕਤਾ ਜਸਵੰਤ ਸਿੰਘ ਖਾਲੜਾ ਦੇ ਰੋਲ ਦੇ ਮੁਲਾਂਕਣ ਦਾ ਨਹੀਂ ਬਣਦਾ। ਉਸ ਦੇ ਰੋਲ, ਉਸਦੀ ਸਿਆਸਤ ਤੇ ਵਿਚਾਰਧਾਰਾ ਬਾਰੇ ਕਿਸੇ ਦੇ ਜੋ ਵੀ ਵਿਚਾਰ ਹੋਣ ਪਰ ਸਭ ਜਮਹੂਰੀ ਤੇ ਇਨਸਾਫ਼ ਪਸੰਦ ਲੋਕ ਪੰਜਾਬ ਪੁਲਿਸ ਵੱਲੋਂ ਉਸ ਨੂੰ ਅਗਵਾ ਕਰਕੇ ਕਤਲ ਕਰ ਦੇਣ ਦੇ ਸਖ਼ਤ ਖਿਲਾਫ਼ ਰਹੇ ਹਨ। ਉਸਨੂੰ ਕਤਲ ਕਰਨ ਦੇ ਵਹਿਸ਼ੀ ਕਾਰੇ ਖਿਲਾਫ਼ ਆਵਾਜ਼ ਉਠਾਈ ਗਈ ਹੈ। ਉਸਦੇ ਕਤਲ ਜਾਂ ਹੋਰਨਾਂ ਨੌਜਵਾਨਾਂ ਦੇ ਕਤਲਾਂ ਦੀ ਉਸ ਹਕੀਕਤ ਨੂੰ ਕੋਈ ਚਾਹੇ ਪਰਦੇ 'ਤੇ ਅੱਧੀ ਅਧੂਰੀ ਪੇਸ਼ ਕਰੇ ਜਾਂ ਪੂਰੀ ਪੇਸ਼ ਕਰੇ ਜਾਂ ਆਪਣੇ ਨਜ਼ਰੀਏ ਅਨੁਸਾਰ ਵਿਗਾੜ ਕੇ ਵੀ ਪੇਸ਼ ਕਰੇ , ਇਹ ਕਿਸੇ ਵੀ ਕਲਾਕਾਰ ਜਾਂ ਫਿਲਮ ਨਿਰਦੇਸ਼ਕ ਦਾ ਅਧਿਕਾਰ ਹੈ ਤੇ ਉਸਦੀ ਪੇਸ਼ਕਾਰੀ ਦੀ ਆਲੋਚਨਾ ਕਰਨਾ ਦਰਸ਼ਕਾਂ ਤੇ ਲੋਕਾਂ ਦਾ ਅਧਿਕਾਰ ਹੈ। ਫਿਲਮ ਜੋ ਵੀ ਪੇਸ਼ ਕਰਦੀ ਹੈ, ਉਸ ਨੂੰ ਦੇਖਣਾ, ਵਿਚਾਰਨਾ, ਸਵੀਕਾਰਨਾ ਜਾਂ ਅਸਵੀਕਾਰਨਾ, ਸਭ ਜਮਹੂਰੀ ਤਕਾਜ਼ਿਆਂ 'ਚ ਆਉਂਦਾ ਹੈ। ਇਸ ਲਈ ਕੇਂਦਰੀ ਨੁਕਤਾ ਫਿਲਮ ਤੋਂ ਪਾਬੰਦੀ ਹਟਾਏ ਜਾਣ ਦਾ ਬਣਦਾ ਹੈ ਤੇ ਇਹ ਮੰਗ ਜਮਹੂਰੀ ਤੇ ਇਨਸਾਫ ਪਸੰਦੀ ਦੇ ਤਕਾਜ਼ੇ ਅਨੁਸਾਰ ਕੀਤੀ ਜਾਣੀ ਚਾਹੀਦੀ ਹੈ।
ਪਰ ਪੰਜਾਬ ਦੇ ਵੋਟ ਸਿਆਸਤਦਾਨਾਂ ਦੇ ਤਕਾਜ਼ੇ ਅਜਿਹੇ ਨਹੀਂ ਹਨ। ਉਹਨਾਂ ਲਈ ਤਾਂ ਫਿਲਮ ਦਾ ਮੁੱਦਾ ਮਸਾਂ ਹੱਥ ਆਇਆ ਮੁੱਦਾ ਹੈ। ਪੰਜਾਬ ਦੇ ਫਿਰਕੂ ਵੋਟ ਸਿਆਸਤਦਾਨ ਜਿਹੜੇ ਉਸ ਪੁਰਾਣੇ ਦੌਰ ਨੂੰ ਮਹਾਨ ਸਿੱਖ ਸੰਘਰਸ਼ ਵਜੋਂ ਉਚਿਆ ਕੇ ਉਸਦੇ ਆਧਾਰ 'ਤੇ ਆਪਣੀ ਸਿਆਸਤ ਦੀ ਦੁਕਾਨ ਹੁਣ ਵੀ ਚਲਾਉਂਦੇ ਹਨ, ਉਹਨਾਂ ਲਈ ਇਹ ਮੁੱਦਾ ਸਭ ਤੋਂ ਜਿਆਦਾ ਰਾਸ ਬੈਠਦਾ ਹੈ। ਉਹਨਾਂ ਦਾ ਮਸਲਾ ਵੀ ਪੰਜਾਬ ਦੀ ਰਾਜ ਗੱਦੀ 'ਤੇ ਬੈਠਣ ਦਾ ਹੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੇਲੇ ਤੋਂ ਉਹ ਵਾਰ ਵਾਰ ਇਸ ਗੱਦੀ ਤੱਕ ਅਪੜਨ ਲਈ ਹੋਰ ਜ਼ਿਆਦਾ ਉਮੀਦਾਂ ਨਾਲ ਆਪਣੇ ਪਰ ਤੋਲਦੇ ਆ ਰਹੇ ਹਨ। ਖਾਲਿਸਤਾਨੀ ਕੈਦੀਆਂ ਨੂੰ ਬੰਦੀ ਸਿੰਘ ਕਰਾਰ ਦੇ ਕੇ ਉਹਨਾਂ ਦੀ ਰਿਹਾਈ ਦੀ ਕੀਤੀ ਜਾਂਦੀ ਸਰਗਰਮੀ ਵੀ ਇਸੇ ਫਿਰਕੂ ਸਿਆਸਤ ਦੇ ਪਸਾਰੇ ਲਈ ਜ਼ਮੀਨ ਵਿਛਾਉਣ ਲਈ ਹੁੰਦੀ ਹੈ। ਹੁਣ ਉਹਨਾਂ ਲਈ ਇਹ ਮੌਕਾ ਆਪਣੇ ਉਸੇ ਫਿਰਕੂ ਬਿਰਤਾਂਤ ਨੂੰ ਤਕੜਾ ਕਰਨ ਦਾ ਹੈ। ਅਕਾਲੀ ਦਲ ਵੀ ਇਸੇ ਫਿਰਕੂ ਬਿਰਤਾਂਤ ਨੂੰ ਤਕੜਾ ਕਰਕੇ ਲਾਹਾ ਖੱਟਣ ਨੂੰ ਫਿਰਦਾ ਹੈ। ਅਕਾਲ ਤਖਤ ਦੇ ਜਥੇਦਾਰ ਤੋਂ ਹਰੀਕੇ ਵਿਖੇ ਸੱਦਵਾਇਆ ਗਿਆ ਇਕੱਠ ਤੇ ਪਿੰਡ ਪਿੰਡ ਦਿਖਾਈ ਜਾ ਰਹੀ ਫਿਲਮ ਅਜਿਹਾ ਲਾਹਾ ਲੈਣ ਲਈ ਮਾਰਿਆ ਜਾ ਰਿਹਾ ਹੰਭਲਾ ਹੈ। ਦੂਜੇ ਪਾਸੇ ਭਾਜਪਾ ਨੂੰ ਵੀ ਇਸੇ ਫਿਰਕੂ ਬਿਰਤਾਂਤ ਦੀ ਤਕੜਾਈ ਰਾਸ ਬੈਠਦੀ ਹੈ ਕਿਉਂਕਿ ਇਸ ਦੇ ਨਾਲ ਹਿੰਦੂ ਧਰਮ ਦੇ ਵੋਟਰਾਂ ਅੰਦਰ ਜਿੰਨਾ ਕੁ ਵੀ ਫਿਰਕੂ ਦਹਿਸ਼ਤ ਦਾ ਪਸਾਰਾ ਹੋਣਾ ਹੈ, ਉਹਨਾਂ ਦੇ ਰਖਵਾਲੇ ਵਜੋਂ ਹਿੰਦੂਤਵੀ ਚੈਂਪੀਅਨ ਬਣੀ ਹੋਈ ਭਾਜਪਾ ਨੇ ਪੇਸ਼ ਹੋ ਕੇ ਵੋਟਾਂ ਬਟੋਰਨੀਆਂ ਹਨ। ਬਿੱਟੂ ਵੱਲੋਂ ਬੇਅੰਤ ਦੇ ਪੋਤੇ ਵਜੋਂ ਉਸ ਦੌਰ ਦੇ ਹਕੂਮਤੀ ਜਬਰ ਦੀ ਵਾਜਬੀਅਤ ਦਿੰਦੇ ਬਿਆਨ ਇਹਨਾਂ ਗਿਣਤੀਆਂ ਤਹਿਤ ਆ ਰਹੇ ਹਨ। ਇਹ ਦੋਹੇਂ ਹਿੱਸੇ ਇਸ ਮੌਜੂਦਾ ਘਟਨਾਕ੍ਰਮ 'ਚੋਂ ਸਭ ਤੋਂ ਵੱਧ ਲਾਹਾ ਦੇਖ ਰਹੇ ਹਨ। ਆਪ ਤੇ ਕਾਂਗਰਸ ਤਾਂ ਆਪਣੇ ਸਿਆਸੀ ਪੈਂਤੜਿਆਂ ਦੇ ਅਜੇ ਪਰ ਤੋਲ ਰਹੀਆਂ ਹਨ।
ਫਿਲਮ 'ਤੇ ਰੋਕ ਲਾਉਣ ਖਿਲਾਫ ਆਵਾਜ਼ ਜਮਹੂਰੀ ਤੇ ਇਨਸਾਫ ਪਸੰਦੀ ਦੇ ਪੈਂਤੜੇ ਤੋਂ ਉੱਠ ਰਹੀ ਹੈ ਜਾਂ ਫਿਰਕੂ ਸਿਆਸਤ ਦੇ ਪਸਾਰੇ ਦੇ ਮੰਤਵਾਂ ਤਹਿਤ ਉਠਾਈ ਜਾ ਰਹੀ ਹੈ , ਇਸ ਵੇਲੇ ਇਹ ਵਖਰੇਵੇਂ ਦਾ ਮੂਲ ਨੁਕਤਾ ਹੈ। ਸਿੱਖ ਧਰਮ ਦੇ ਵੋਟਰਾਂ ਦੀ ਵਰਤੋਂ ਕਰਨਾ ਚਾਹੁੰਦੇ ਸਿਆਸਤਦਾਨਾਂ ਵੱਲੋਂ ਫਿਰਕੂ ਮੰਤਵਾਂ ਤਹਿਤ ਉਠਾਈ ਜਾਂਦੀ ਆਵਾਜ਼ ਉਸ ਕਾਲੇ ਦੌਰ ਦੀ ਫਿਰਕੂ ਦਹਿਸ਼ਤਗਰਦੀ ਨੂੰ ਉਭਾਰਦੀ ਹੈ, ਉਹਨਾਂ ਦਹਿਸ਼ਤਗਰਦ ਕਾਰਨਾਮਿਆਂ ਨੂੰ ਵਾਜਬ ਤੇ ਹੱਕੀ ਦਿਖਾਉਂਦੀ ਹੈ ਤੇ ਮੁੜ ਉਸੇ ਫਿਰਕਾਪ੍ਰਸਤੀ ਨੂੰ ਉਭਾਰਨ ਦੇ ਮੰਤਵ ਲੈ ਕੇ ਚਲਦੀ ਹੈ। ਹਿੰਦੂ ਫਿਰਕਾਪ੍ਰਸਤ ਪੈਂਤੜੇ ਤੋਂ ਉਸ ਦੌਰ ਬਾਰੇ ਕੀਤੀ ਜਾਂਦੀ ਗੱਲ ਹਕੂਮਤ ਦੇ ਅੰਨ੍ਹੇ ਜਬਰ ਤੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਢਕਣ ਦੀ ਕੋਸ਼ਿਸ਼ ਕਰਦੀ ਹੈ। ਫਿਲਮ ਨਾਲ ਜੁੜ ਕੇ ਉਸ ਦੌਰ ਬਾਰੇ ਲਾਜ਼ਮੀ ਹੀ ਲੋਕਾਂ ਦੇ ਮਨਾਂ 'ਚ ਵਿਚਾਰ ਉਤੇਜਨਾ ਦਾ ਪ੍ਰਵਾਹ ਚਲਦਾ ਹੈ। ਇਹ ਚੱਲਣਾ ਚਾਹੀਦਾ ਹੈ। ਉਸ ਦੌਰ ਦੇ ਜਿੰਮੇਵਾਰ ਸਿਆਸਤਦਾਨਾਂ ਤੇ ਦੋਸ਼ੀਆਂ ਬਾਰੇ ਚਰਚਾ ਹੋਣੀ ਚਾਹੀਦੀ ਹੈ ਪਰ ਇਸ ਚਰਚਾ ਨੂੰ ਵੀ ਪੰਜਾਬ ਦੀ ਫਿਰਕਾਪ੍ਰਸਤ ਸਿਆਸਤ ਵਾਲੀ ਧਿਰ ਆਪਣੇ ਮੰਤਵਾਂ ਅਨੁਸਾਰ ਚਲਾਉਣਾ ਚਾਹੁੰਦੀ ਹੈ ਤੇ ਵੱਖਰੇ ਵਿਚਾਰਾਂ ਨੂੰ ਗਾਲੀ ਗਲੋਚ ਨਾਲ ਦਬਾਉਣ ਤੁਰਦੀ ਹੈ। ਉਸ ਦੌਰ ਬਾਰੇ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਫਿਰਕੂ ਨਜ਼ਰੀਏ ਤੋਂ ਵੱਖਰੀ ਪੇਸ਼ਕਾਰੀ ਨੂੰ ਕਾਮਰੇਡ ਦਾ ਲੇਬਲ ਲਾ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਇਸ ਵੇਲੇ ਇਸ ਫਿਲਮ ਨਾਲ ਜੁੜ ਕੇ ਮਨੁੱਖੀ ਅਧਿਕਾਰਾਂ ਦੀ ਗੱਲ ਹੋ ਰਹੀ ਹੈ। ਫਿਲਮ ਇਸ ਪਹਿਲੂ ਨੂੰ ਚਾਹੇ ਜਿਵੇਂ ਵੀ ਸੰਬੋਧਿਤ ਹੁੰਦੀ ਹੋਵੇ, ਇਸ ਦਾ ਮੁਲਾਂਕਣ ਹਰ ਇਕ ਦਰਸ਼ਕ ਖੁਦ ਕਰ ਸਕਦਾ ਹੈ। ਚਾਹੇ ਹੁਣ ਜਸਵੰਤ ਸਿੰਘ ਖਾਲੜਾ ਦੇ ਪ੍ਰਸੰਗ ਨਾਲ ਹੀ ਸਹੀ , ਸਾਡੇ ਸਮਾਜ ਅੰਦਰ ਮਨੁੱਖੀ ਅਧਿਕਾਰਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਪਰ ਮਨੁੱਖੀ ਅਧਿਕਾਰਾਂ ਨੂੰ ਫਿਰਕੂ ਸਿਆਸਤ ਤੋਂ ਵੱਖ ਕਰਕੇ ਦੇਖਿਆ ਜਾਣਾ ਚਾਹੀਦਾ ਹੈ। ਉਸ ਦੌਰ ਅੰਦਰ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਕਤਲ ਕੀਤੇ ਗਏ ਬੇਕਸੂਰ ਲੋਕਾਂ ਦੇ ਮਨੁੱਖੀ ਅਧਿਕਾਰਾਂ ਤੋਂ ਲੈ ਕੇ ਪੁਲੀਸ ਵੱਲੋਂ ਖਾਲਿਸਤਾਨੀ ਕਰਾਰ ਦੇ ਕੇ ਮਾਰੇ ਗਏ ਆਮ ਸਿੱਖ ਨੌਜਵਾਨਾਂ ਅਤੇ ਸੱਚੀਂ ਮੁੱਚੀਂ ਦੇ ਖਾਲਿਸਤਾਨੀ ਦਹਿਸ਼ਤਗਰਦਾਂ, ਸਭਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਇਕਸਾਰ ਹੋਣੀ ਚਾਹੀਦੀ ਹੈ। ਉਸ ਦੌਰ ਅੰਦਰ ਵੀ ਖ਼ਰੀਆਂ ਇਨਕਲਾਬੀ ਜਮਹੂਰੀ ਲੋਕ ਸ਼ਕਤੀਆਂ ਵੱਲੋਂ ਖਾਲਿਸਤਾਨੀ ਦਹਿਸ਼ਤਗਰਦੀ ਤੇ ਹਕੂਮਤੀ ਦਹਿਸ਼ਤਗਰਦੀ ਦੋਹਾਂ ਦਾ ਸਖਤ ਵਿਰੋਧ ਕੀਤਾ ਜਾਂਦਾ ਰਿਹਾ ਹੈ। ਖਾਲਸਤਾਨੀ ਦਹਿਸ਼ਤਗਰਦਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਦਾ ਵੀ ਸਖਤ ਵਿਰੋਧ ਕੀਤਾ ਜਾਂਦਾ ਰਿਹਾ ਹੈ। ਲੋਕਾਂ ਨੂੰ ਦੋਹਾਂ ਤਰ੍ਹਾਂ ਦੀ ਦਹਿਸ਼ਤਗਰਦੀ ਤੇ ਜਬਰ ਦੇ ਖਿਲਾਫ ਇਕੱਠੇ ਹੋ ਕੇ ਜੂਝਣ ਤੇ ਜਥੇਬੰਦ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ। ਇਹੀ ਪਹੁੰਚ ਤੇ ਨਜ਼ਰੀਆ ਹੈ ਜਿਸ ਨਾਲ ਉਸ ਬੀਤੇ ਦੌਰ ਨੂੰ ਦੇਖਿਆ ਸਮਝਿਆ ਜਾ ਸਕਦਾ ਹੈ ਤੇ ਨਾਲ ਹੀ ਹੁਣ ਵੀ ਫਿਰਕੂ ਸਿਆਸਤ ਦੀਆਂ ਤੇਜ਼ ਵਗਦੀਆਂ ਗੰਧਲੀਆਂ ਹਵਾਵਾਂ 'ਚ ਠੀਕ ਤਰ੍ਹਾਂ ਖੜ੍ਹਿਆ ਜਾ ਸਕਦਾ ਹੈ ਤੇ ਆਪਣਾ ਰੋਲ਼ ਅਦਾ ਕੀਤਾ ਜਾ ਸਕਦਾ ਹੈ।
ਮੁਕਦੀ ਗੱਲ ਫਿਲਮ 'ਤੇ ਪਾਬੰਦੀ ਦਾ ਵਿਰੋਧ ਕਰ ਰਹੇ ਹਿੱਸਿਆਂ ਲਈ ਇਸ ਵਿਰੋਧ ਸਰਗਰਮੀ ਤੇ ਪੈਂਤੜੇ ਨੂੰ ਫਿਰਕੂ ਸਿਆਸਤ ਦੇ ਪਰਛਾਵੇ ਤੋਂ ਮੁਕਤ ਰੱਖਣਾ ਬਹੁਤ ਜ਼ਰੂਰੀ ਹੈ। ਇਸ ਵੇਲੇ ਇਹ ਪਰਛਾਵਾਂ ਬਹੁਤ ਗੂੜਾ ਹੋ ਚੁੱਕਿਆ ਹੈ। ਪੂਰੇ ਸਪਸ਼ਟ ਨਜ਼ਰੀਏ ਤੇ ਡੂੰਘੀ ਇੱਕਸਾਰ ਜਮਹੂਰੀ ਪਹੁੰਚ ਤੋਂ ਬਿਨਾਂ ਇਸ ਪਰਛਾਵੇ ਤੋਂ ਮੁਕਤ ਹੋਣਾ ਸੌਖਾ ਨਹੀਂ ਹੈ। ਫਿਲਮ ਦੇ ਬਹਾਨੇ ਮੁੜ ਉਸ ਕਾਲੇ ਦੌਰ ਦੀ ਸਿਆਸੀ ਖੇਡ ਖੇਡਣਾ ਚਾਹੁੰਦੇ ਸਿਆਸਤਦਾਨਾਂ ਨੂੰ ਫਿਟਕਾਰ ਪਾਉਣੀ ਚਾਹੀਦੀ ਹੈ। --0--