Saturday, January 2, 2016

11) ਫਿਰਕੂ ਅਮਨ ਦੀ ਰਾਖੀ ਦਾ ਹੋਕਾ



ਨੌਜਵਾਨਾਂ ਵਿਦਿਆਰਥੀਆਂ ਵੱਲੋਂ ਫਿਰਕੂ ਅਮਨ ਦੀ ਰਾਖੀ ਦਾ ਹੋਕਾ


- ਫੀਲਡ ਰਿਪੋਰਟਰ


ਬੀਤੇ ਅਕਤੂਬਰ ਮਹੀਨੇ ਚ ਵਾਪਰੀਆਂ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਬਾਅਦ ਪੰਜਾਬ ਦਾ ਫਿਰਕੂ ਅਮਨ ਖਤਰੇ ਮੂੰਹ ਆਇਆ ਦਿਖਿਆ ਹੈ। ਹਾਕਮ ਜਮਾਤੀ ਮੌਕਾਪ੍ਰਸਤ ਪਾਰਟੀਆਂ ਤੇ ਫਿਰਕਾਪ੍ਰਸਤ ਤਾਕਤਾਂ ਨੇ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਲੋਕਾਂ ਚ ਪਾਟਕ ਪਾਉਣ ਦੀਆਂ ਚਾਲਾਂ ਚੱਲੀਆਂ ਹਨ ਪਰ ਪੰਜਾਬ ਦੇ ਲੋਕਾਂ ਦੀ ਭਾਈਚਾਰਕ ਸਾਂਝ ਮੂਹਰੇ ਇਹ ਪੂਰੀ ਤਰ੍ਹਾਂ ਸਫ਼ਲ ਨਹੀਂ ਹੋਈਆਂ।
ਉੱਭਰੇ ਹੋਏ ਜਮਾਤੀ ਘੋਲ਼ ਦੇ ਮੁਦਿਆਂ ਦੇ ਮੁਕਾਬਲੇ ਧਾਰਮਿਕ ਮੁੱਦੇ ਲਿਆ ਕੇ ਆਪਣੇ ਸਿਆਸੀ ਹਿਤ ਪੂਰਨਾ ਚਾਹੁੰਦੀਆਂ ਤਾਕਤਾਂ ਦੇ ਇਰਾਦਿਆਂ ਨੂੰ ਲੋਕ ਲਹਿਰ ਦੀਆਂ ਵੱਖ-ਵੱਖ ਟੁਕੜੀਆਂ ਨੇ ਬੁੱਝਿਆ ਹੈ ਤੇ ਢੁਕਵਾਂ ਹੁੰਗਾਰਾ ਭਰਿਆ ਹੈ। ਜਮਾਤੀ ਘੋਲਾਂ ਚ ਸਰਗਰਮ ਕਈ ਜਥੇਬੰਦੀਆਂ ਨੇ ਫੌਰੀ ਤੌਰ ਤੇ ਫਿਰਕੂ ਏਕਤਾ ਤੇ ਭਾਈਚਾਰਕ ਸਾਂਝ ਦਾ ਹੋਕਾ ਦਿੱਤਾ ਹੈ। ਇਉਂ ਪੰਜਾਬ ਦੇ ਤਣਾਅਗ੍ਰਸਤ ਮਾਹੌਲ ਚ ਲੋਕ ਧੜੇ ਦਾ ਪੈਂਤੜਾ ਹੀ ਲੋਕਾਂ ਲਈ ਰਾਹਤ ਦਾ ਬੁੱਲਾ ਬਣਿਆ ਹੈ । ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਪੰਜਾਬ ਦੇ ਇਸ ਮਹੌਲ ਦੇ ਪ੍ਰਸੰਗ ‘‘ਫਿਰਕਾਪ੍ਰਸਤੀ-ਮੁਰਦਾਬਾਦ, ਇਨਕਲਾਬ-ਜ਼ਿੰਦਾਬਾਦ’’ ਮੁਹਿੰਮ ਰਾਹੀਂ ਹਾਕਮ ਜਮਾਤੀ ਸਿਆਸਤ ਤੇ ਹਿਤਾਂ ਦਾ ਪਰਦਾਚਾਕ ਕਰਦਿਆਂ ਲੋਕ ਲਹਿਰ ਤੇ ਸਮਾਜ ਲਈ ਇਸਦੀਆਂ ਅਰਥ ਸੰਭਾਵਨਾਵਾਂ ਨੂੰ ਦਰਸਾਇਆ ਗਿਆ ਹੈ। ਦੋਹਾਂ ਜਥੇਬੰਦੀਆਂ ਵੱਲੋਂ ਪੂਰੀ ਤਾਣ ਜੁਟਾਈ ਨਾਲ ਚਲਾਈ ਗਈ ਮੁਹਿੰਮ ਰਾਹੀਂ ਇਸ ਮਸਲੇ ਦੀਆਂ ਕਈ ਪਰਤਾਂ ਫਰੋਲੀਆਂ ਗਈਆਂ ਹਨ।
ਇਹਨਾਂ ਦੋਹਾਂ ਜਥੇਬੰਦੀਆਂ ਵੱਲੋਂ 14-15 ਅਕਤੂਬਰ ਦੀਆਂ ਘਟਨਾਵਾਂ ਤੋਂ ਫੌਰੀ ਬਾਅਦ ਭਰਾਤਰੀ ਜਥੇਬੰਦੀਆਂ ਨਾਲ ਮਿਲਕੇ ਫਿਰਕੂ ਸਦਭਾਵਨਾ ਕਾਇਮ ਰੱਖਣ ਤੇ ਹੁਕਮਰਾਨਾਂ-ਸਿਆਸਤਦਾਨਾਂ ਦੀਆਂ ਚਾਲਾਂ ਪਛਾੜਣ ਦਾ ਹੋਕਾ ਦਿੰਦੇ ਮਾਰਚ ਕੱਢੇ ਗਏ ਸਨ। ਫਿਰ ਪੂਰਾ ਨਵੰਬਰ ਮਹੀਨਾ ਇਹ ਮੁਹਿੰਮ ਚਲਾਈ ਗਈ ਹੈ, ਮੁਹਿੰਮ ਦੌਰਾਨ ਪੰਜਾਬ ਦੇ ਘਟਨਾਕ੍ਰਮ ਨੂੰ ਹਾਕਮ ਜਮਾਤਾਂ ਦੇ ਫਿਰਕੂ ਹੱਲੇ ਦੀ ਸਿਰ ਚੁੱਕ ਰਹੀ ਚੁਣੌਤੀ ਵਜੋਂ ਦਰਸਾਉਂਦਿਆਂ ਇਸ ਹੱਲੇ ਦੇ ਟਾਕਰੇ ਦਾ ਸੱਦਾ ਦਿੱਤਾ ਗਿਆ ਹੈ। ਮੁਹਿੰਮ ਦੇ ਦੂਜੇ ਲੜ ਵਜੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੇ 100 ਸਾਲਾ ਸ਼ਹਾਦਤ ਦਿਵਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਗਦਰ ਲਹਿਰ ਦੀ ਜੁਝਾਰ ਵਿਰਾਸਤ ਨੂੰ ਉਭਾਰਿਆ ਗਿਆ ਹੈ। ਗਦਰ ਲਹਿਰ ਦੇ ਧਰਮ ਨਿਰਪੱਖ ਪੈਂਤੜੇ ਦੀ ਜੈ ਜੈਕਾਰ ਕੀਤੀ ਗਈ ਹੈ ਤੇ ਅੱਜ ਵੀ ਲੋਕ ਲਹਿਰ ਲਈ ਮਾਰਗ ਦਰਸ਼ਕ ਪੈਂਤੜੇ ਵਜੋਂ ਇਸ ਦਾ ਮਹੱਤਵ ਦਰਸਾਇਆ ਗਿਆ ਹੈ।
ਮੁਹਿੰਮ ਦੀ ਸ਼ੁਰੂਆਤ ਮੌਕੇ ਦੋਹਾਂ ਜਥੇਬੰਦੀਆਂ ਦੇ ਸਰਗਰਮ ਕਾਰਕੁਨਾਂ ਦੀ ਵਧਵੀਂ ਸੂਬਾਈ ਮੀਟਿੰਗ ਕੀਤੀ ਗਈ ਜਿਸ ਵਿੱਚ 50 ਦੇ ਲਗਭਗ ਕਾਰਕੁਨ ਸ਼ਾਮਲ ਹੋਏ। ਹਾਕਮਾਂ ਵੱਲੋਂ ਫਿਰਕਾਪ੍ਰਸਤੀ ਨੂੰ ਇੱਕ ਹਥਿਆਰ ਦੇ ਤੌਰ ਤੇ ਵਰਤਣ ਬਾਰੇ ਉਦਾਹਰਣਾਂ ਸਮੇਤ ਵਿਸਥਾਰੀ ਚਰਚਾ ਕੀਤੀ ਗਈ। ਪਹਿਲਾਂ ਅੰਗਰੇਜਾਂ ਵੱਲੋਂ ਪਾੜੋ ਤੇ ਰਾਜ ਕਰੋ ਦੀ ਨੀਤੀ ਰਾਹੀਂ ਤੇ ਫਿਰ ਉਹਦੇ ਵਾਰਸਾਂ ਵਜੋਂ ਭਾਰਤੀ ਹਾਕਮਾਂ ਵੱਲੋਂ ਸਮਾਜ ਚ ਫਿਰਕੂ ਵੰਡੀਆਂ ਪਾਉਣ ਦੇ ਹੁਣ ਤੱਕ ਦੇ ਕਾਰਿਆਂ ਨੂੰ ਟਿੱਕਿਆ ਗਿਆ। 1947 ਤੋਂ ਲੈ ਕੇ ਹੁਣ ਤੱਕ ਦੇਸ਼ ਭਰ ਚ ਹੋਏ ਫਿਰਕੂ ਕਤਲੇਆਮ ਤੇ ਦੰਗਿਆਂ ਚ ਵੱਖ-ਵੱਖ ਵੋਟ ਪਾਰਟੀਆਂ ਤੇ ਫਿਰਕੂ ਜਥੇਬੰਦੀਆਂ ਦੀ ਭੂਮਿਕਾ ਅਤੇ ਆਪਣੇ ਸਮਾਜੀ ਸਿਆਸੀ ਹਿਤਾਂ ਤੇ ਸਮੀਕਰਨਾਂ ਦੀਆਂ ਜ਼ਰੂਰਤਾਂ ਅਨੁਸਾਰ ਲਏ ਪੈਤੜਿਆਂ ਬਾਰੇ ਚਰਚਾ ਹੋਈ।
ਪੰਜਾਬ ਚ ਬੀਤੇ ਡੇਢ ਦਹਾਕੇ ਦੇ ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਬਾਰੇ ਕਾਰਕੁਨਾਂ ਨੂੰ ਜਾਣੂੰ ਕਰਵਾੳਂੁਦਿਆਂ ਦੱਸਿਆ ਗਿਆ ਕਿ ਅਜਿਹੇ ਹਾਲਾਤ ਅਕਾਲੀਆਂ ਦੇ ਵੱਖ-ਵੱਖ ਧੜਿਆਂ ਤੇ ਕਾਂਗਰਸ ਪਾਰਟੀ ਦੀ ਰਾਜ ਗੱਦੀ ਲਈ ਤਿੱਖੀ ਹੋਈ ਲੜਾਈ ਦੌਰਾਨ ਇੱਕ ਦੂਜੇ ਨੂੰ ਠਿੱਬੀ ਲਾਉਣ ਵਾਸਤੇ ਫਿਰਕੂ ਟੋਲਿਆਂ ਨੂੰ ਸ਼ਹਿ ਦੇਣ ਦਾ ਸਿੱਟਾ ਸੀ ਅਤੇ ਪੰਜਾਬ ਦੇ ਲੋਕਾਂ ਨੇ ਡੇਢ ਦਹਾਕਾ ਦਹਿਸ਼ਤਗਰਦੀ ਦਾ ਸੰਤਾਪ ਹੰਢਾਇਆ ਸੀ। ਦੋਹਾਂ ਜਥੇਬੰਦੀਆਂ ਦੇ ਮਾਮਲੇ ਚ ਇਹ ਨੁਕਤਾ ਮਹੱਤਵਪੂਰਨ ਸੀ ਕਿਉਂਕਿ ਇਹ ਦੋਹੇਂ ਜਥੇਬੰਦੀਆਂ ਹੀ ਉਸ ਦੌਰ ਤੋਂ ਬਾਅਦ ਮੁੜ ਜਥੇਬੰਦ ਕੀਤੀਆਂ ਗਈਆਂ ਹਨ। ਭਾਵੇਂ ਇਹਨਾਂ ਕੋਲ਼ ਵਿਰਸੇ ਚ ਤਾਂ ਅਜਿਹੇ ਦੌਰ ਚ ਠੀਕ ਲੀਹ ਤੇ ਖੜ੍ਹਣ ਦੇ ਸਬਕ ਮੌਜੂਦ ਹਨ ਪਰ ਹੁਣ ਇਹਨਾਂ ਜਥੇਬੰਦੀਆਂ ਦੀਆਂ ਲੀਡਰਸ਼ਿਪਾਂ ਅਤੇ ਪ੍ਰਭਾਵ ਹੇਠਲੀ ਨੌਜਵਾਨ ਜਨਤਾ ਉਸ ਦੌਰ ਤੋਂ ਮਗਰੋਂ ਹੀ ਜਵਾਨ ਹੋਈ ਹੈ ਜਾਂ ਵੱਡਾ ਹਿੱਸਾ ਤਾਂ ਜਨਮਿਆ ਹੀ ਉਸ ਦੌਰ ਦੇ ਅੰਤਲੇ ਸਮੇਂ ਚ ਹੈ। ਇਸ ਪੂਰੀ ਪੀੜ੍ਹੀ ਨੂੰ ਉਸ ਦੌਰ ਬਾਰੇ ਹਕੀਕੀ ਜਾਣਕਾਰੀ ਦੀ ਭਾਰੀ ਘਾਟ ਹੈ ਅਤੇ ਅਗਾਂਹ ਫਿਰਕਾਪ੍ਰਸਤ ਤਾਕਤਾਂ ਵੱਲੋਂ ਵਿੱਢੇ ਹੋਏ ਫਿਰਕੂ ਪ੍ਰਚਾਰ ਹੱਲੇ ਦੀ ਮਾਰ ਹੇਠ ਵੀ ਮੁੱਖ ਤੌਰ ਤੇ ਇਹੀ ਪੀੜ੍ਹੀ ਹੈ। ਇਹ ਗੁੰਮਰਾਹਕਰੂ ਪ੍ਰਚਾਰ ਖਾਲਿਸਤਾਨੀ ਟੋਲਿਆਂ ਨੂੰ ਨਾਇਕ ਬਣਾ ਕੇ ਪੇਸ਼ ਕਰਦਾ ਹੈ ਤੇ ਅਜਿਹੇ ਦਿਨ ਮੁੜ ਲਿਆਉਣ ਦੀਆਂ ਇੱਛਾਵਾਂ ਜਗਾਉਣ ਦਾ ਯਤਨ ਕਰਦਾ ਹੈ। ਅਜਿਹੇ ਮਾਹੌਲ ਚ ਕਿਸੇ ਨੌਜਵਾਨ ਜਥੇਬੰਦੀ ਵੱਲੋਂ ਠੀਕ ਪੈਂਤੜੇ ਤੋਂ ਖੜ੍ਹ ਕੇ, ਬੀਤੇ ਦੌਰ ਦੇ ਹਵਾਲੇ ਨਾਲ ਮੌਜੂਦਾ ਫਿਰਕਾਪ੍ਰਸਤ ਤਾਕਤਾਂ ਤੋਂ ਲੋਕਾਂ ਨੂੰ ਸੁਚੇਤ ਕਰਨਾ ਸਧਾਰਨ ਮੁੱਦਿਆਂ ਤੇ ਚਲਦੀ ਸਰਗਰਮੀ ਤੋਂ ਕੁਝ ਕਠਿਨ ਕਾਰਜ ਬਣ ਜਾਂਦਾ ਹੈ।
ਇਉਂ ਦੋਹਾਂ ਜਥੇਬੰਦੀਆਂ ਦੀਆਂ ਆਗੂ ਟੋਲੀਆਂ ਤੇ ਕਾਰਕੁੰਨ ਆਪ ਇਸ ਦੌਰ ਬਾਰੇ ਸਮਝ ਨਾਲ ਲੈਸ ਹੋਏ ਹਨ ਤੇ ਇਸੇ ਹਵਾਲੇ ਨਾਲ ਹੀ ਅੱਜ ਦੇ ਦਿਨਾਂ ਚ ਵੱਖ-ਵੱਖ ਮੌਕਾਪ੍ਰਸਤ ਸਿਆਸੀ ਟੋਲਿਆਂ ਤੇ ਫਿਰਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਬੁੱਝਿਆ ਗਿਆ ਹੈ ਤੇ ਉਹਨਾਂ ਦੇ ਇਰਾਦਿਆਂ ਦਾ ਪਰਦਾਚਾਕ ਕੀਤਾ ਗਿਆ ਹੈ। ਅਜਿਹੀ ਸਿਰ ਚੁੱਕ ਰਹੀ ਚੁਣੌਤੀ ਦੇ ਟਾਕਰੇ ਲਈ ਜਮਾਤੀ ਸੰਗਰਾਮ ਨੂੰ ਹੋਰ ਤੇਜ਼ ਕਰਨ ਦਾ ਸੁਨੇਹਾ ਉਭਾਰਿਆ ਗਿਆ ਹੈ ਕਿਉਂਕਿ ਫਿਰਕਾਪ੍ਰਸਤੀ ਦੇ ਟਾਕਰੇ ਲਈ ਫਿਰਕੂ ਅਮਨ ਤੇ ਭਾਈਚਾਰਕ ਸਾਂਝ ਕਾਇਮ ਕਰਦੇ ਹੋਏ ਜਮਾਤੀ ਘੋਲ ਤੇਜ਼ ਕਰਨਾ ਹੀ ਮੁੱਖ ਹਥਿਆਰ ਹੈ
ਮਹੀਨਾ ਭਰ ਚੱਲੀ ਮੁਹਿੰਮ ਦੌਰਾਨ ਮੋਗਾ, ਬਠਿੰਡਾ, ਸੰਗਰੂਰ, ਮੁਕਤਸਰ ਤੇ ਲੁਧਿਆਣਾ ਜ਼ਿਲ੍ਹਿਆ ਚ ਪੈਂਦੇ ਵੱਖ-ਵੱਖ ਖੇਤਰਾਂ ਤੇ ਵਿਦਿਅਕ ਸੰਸਥਾਵਾਂ ਦੇ ਨੌਜਵਾਨਾਂ, ਵਿਦਿਆਰਥੀਆਂ ਤੇ ਮਿਹਨਤਕਸ਼ ਤਬਕਿਆਂ ਤੱਕ ਸੁਨੇਹਾ ਪਹੁੰਚਾਇਆ ਗਿਆ ਹੈ। 3000 ਦੀ ਗਿਣਤੀ ਚ ਕੰਧ ਪੋਸਟਰ ਲਾਇਆ ਗਿਆ ਹੈ ਤੇ 27000 ਦੀ ਗਿਣਤੀ ਚ ਹੱਥ ਪਰਚਾ ਵੰਡਿਆ ਗਿਆ ਹੈ। ਪਿੰਡਾਂ ਚ ਜਨਤਕ ਮੀਟਿੰਗਾਂ, ਰੈਲੀਆਂ ਤੇ ਹੋਰਨਾਂ ਸੰਭਵ ਸ਼ਕਲਾਂ ਰਹੀਂ ਪ੍ਰਚਾਰ-ਲਾਮਬੰਦੀ ਕੀਤੀ ਗਈ ਹੈ ਤੇ ਮੁਹਿੰਮ ਦੇ ਸਿਖਰ ਤੇ ਘੁੱਦਾ (ਬਠਿੰਡਾ), ਖੇਮੂਆਣਾ (ਬਠਿੰਡਾ), ਲੰਬੀ (ਮੁਕਤਸਰ), ਸੁਨਾਮ (ਸੰਗਰੂਰ) ਆਦਿ ਥਾਵਾਂ ਤੇ ਇਲਾਕਾ ਪੱਧਰੇ ਮਾਰਚ ਵੀ ਕੀਤੇ ਗਏ ਹਨ। ਏਸੇ ਤਰ੍ਹਾਂ ਹੀ ਪਿੰਡਾਂ ਚ ਫਿਰਕਾਪ੍ਰਸਤੀ ਵਿਰੋਧੀ ਕੰਧ ਨਾਹਰੇ ਲਿਖਣ ਦੀ ਸ਼ਕਲ ਕਾਫੀ ਅਸਰਦਾਰ ਸਾਬਤ ਹੋਈ ਹੈ। ਕਈ ਕਾਲਜਾਂ ਤੋਂ ਇਲਾਵਾ ਲਗਭਗ 50 ਕੁ ਪਿੰਡਾਂ ਚ ਅਜਿਹੀ ਸਰਗਰਮੀ ਹੋਈ ਹੈ। ਨੌਜਵਾਨ ਭਾਰਤ ਸਭਾ ਵੱਲੋਂ ਇਸ ਮਸਲੇ ਤੇ ਹੋਈ ਸਰਗਰਮੀ ਦੀ ਰਿਪੋਰਟ ਤੇ ਸੰਖੇਪ ਟਿੱਪਣੀਆਂ ਵਾਲਾ ਇੱਕ ਨੌਜਵਾਨਪੈਂਫਲਿਟ ਛਾਪ ਕੇ ਵੰਡਿਆ ਗਿਆ ਹੈ। ਨੌਜਵਾਨ-ਵਿਦਿਆਰਥੀਆਂ ਤੋਂ, ਇਲਾਵਾ ਹੋਰਨਾਂ ਜਥੇਬੰਦ ਹਿੱਸਿਆਂ ਤੱਕ ਵੀ ਪਹੁੰਚਾਇਆ ਗਿਆ ਹੈ। ਅਜਿਹੇ ਯਤਨਾਂ ਨੇ ਵੱਖ-ਵੱਖ ਜਥੇਬੰਦ ਹਿੱਸਿਆਂ ਚ ਵੀ ਇਸ ਮੁੱਦੇ ਦੀ ਗੰਭੀਰਤਾ ਬਾਰੇ ਸਰੋਕਾਰ ਜਗਾਉਣ ਚ ਰੋਲ ਨਿਭਾਇਆ ਹੈ।
ਉਪਰੋਕਤ ਸਰਗਰਮੀ ਦੇ ਝਰੋਖੇ ਚੋਂ ਨੌਜਵਾਨਾਂ ਦੇ ਇਨਕਲਾਬੀ ਸਿਆਸੀ ਤੇ ਸਮਾਜਿਕ ਰੋਲ ਦੀ ਪਛਾਣ ਤੇ ਅਜਿਹੀ ਸਰਗਰਮੀ ਦੇ ਮਹੱਤਵ ਦਾ ਅਹਿਸਾਸ ਹੋਰ ਗਹਿਰਾ ਹੁੰਦਾ ਹੈ। ਜਥੇਬੰਦ ਤੇ ਚੇਤਨ ਨੌਜਵਾਨ ਸ਼ਕਤੀ ਵੱਲੋਂ ਆਪਣੇ ਤਬਕਾਤੀ ਮੁੱਦਿਆਂ ਤੋਂ ਅਗਾਂਹ ਵਧਕੇ ਇਨਕਲਾਬੀ ਲੋਕ ਲਹਿਰ ਦੇ ਅਹਿਮ ਸਹਾਈ ਹਿੱਸੇ ਵਜੋਂ ਰੋਲ ਸਾਂਭਣ ਦੀਆਂ ਸੰਭਾਵਨਾਵਾਂ ਉਜਾਗਰ ਹੁੰਦੀਆਂ ਹਨ। ਇਨਕਲਾਬੀ ਨੌਜਵਾਨ ਲਹਿਰ ਵੱਲੋਂ ਹੋਰ ਤਕੜਾਈ ਹਾਸਲ ਕਰਨ ਨਾਲ ਹੀ ਇਹ ਸੰਭਾਵਨਾਵਾਂ ਸਾਕਾਰ ਹੋ ਸਕਦੀਆਂ ਹਨ।

No comments:

Post a Comment