ਵਾਤਾਵਰਣ ਸਮਝੌਤਾ - ਟਕਰਾਵੇਂ ਦਬਾਵਾਂ ਦਾ ਨਤੀਜਾ
ਜਲਵਾਯੂ ’ਚ ਹੋ ਰਹੇ ਪਰਿਵਰਤਨ ਨੂੰ ਰੋਕਣ ਲਈ ਪੈਰਿਸ ’ਚ ਹੋਏ ਸਮਝੌਤੇ ਦੇ ਸੰਦਰਭ ’ਚ ਇਹ ਸੁਆਲ ਉੱਠਣਾ ਸੁਭਾਵਿਕ ਹੀ ਹੈ ਕਿ ਜਲਵਾਯੂ ਤਬਦੀਲੀ ਸੰਬੰਧੀ ਕੋਈ ਵਿਆਪਕ, ਭਰਵੇਂ ਤੇ ਕਾਨੂੰਨੀ ਬੰਧੇਜ ਵਾਲੇ ਕਿਸੇ ਸਮਝੌਤੇ ’ਤੇ ਅੱਪੜਨ ਦਾ ਜਿਹੜਾ ਮਸਲਾ ਐਨੇ ਸਾਲਾਂ ਤੋਂ ਘਚਾਨੀ ਦਿੰਦਾ ਆ ਰਿਹਾ ਸੀ, ਉਹ ਹੁਣ ਕਿਵੇਂ ਸੰਭਵ ਹੋ ਗਿਆ? ਵੱਡੇ ਛੋਟੇ ਹੋਰਨਾ ਕਾਰਨਾਂ ਤੋਂ ਇਲਾਵਾ ਬਹੁਤ ਹੀ ਮਹੱਤਵਪੂਰਨ ਘਟਨਾ-ਵਿਕਾਸਾਂ ਨੇ ਇਸ
ਸਮਝੌਤੇ ਦੇ ਹਕੀਕਤ ’ਚ ਵਟਣ ’ਚ ਬਹੁਤ ਹੀ ਅਹਿਮ ਰੋਲ ਨਿਭਾਇਆ ਹੈ। ਪਹਿਲਾ ਤੇ ਸਭ ਤੋਂ ਅਹਿਮ ਅੰਸ਼ ਪੌਣ-ਪਾਣੀ ’ਚ ਆ ਰਹੀਆਂ ਤਬਦੀਲੀਆਂ ਦੇ ਪੱਖ ਤੋਂ ਹੀ ਹਾਲਤ ’ਚ ਤੇ ਇਸ ਮਸਲੇ ਬਾਰੇ ਲੋਕਾਂ ’ਚ ਜਾਗੀ ਫਿਰਕਮੰਦੀ ਤੇ ਸਰੋਕਾਰ ਪੱਖੋਂ ਆਈ ਵੱਡੀ ਤਬਦੀਲੀ ਹੈ। ਪਿਛਲੇ ਕੁੱਝ ਵਰ੍ਹਿਆਂ ’ਚ ਉਠੇ ਸਮੁੰਦਰੀ ਤੂਫਾਨਾਂ ਅਤੇ ਵਾ-ਵਰੋਲਿਆਂ, ਦੁਨੀਆਂ ਦੇ ਅੱਡ-ਅੱਡ ਹਿੱਸਿਆਂ ’ਚ ਤਿੱਖੜ ਗਰਮੀ ਪੈਣ, ਅਸਾਧਾਰਨ ਮੀਂਹ ਜਾਂ ਸੋਕੇ ਪੈਣ, ਜੰਗਲਾਂ ’ਚ ਭਿਆਨਕ ਅੱਗਾਂ ਲੱਗਣ, ਗਲੇਸ਼ੀਅਰਾਂ ਦੇ ਖੁਰਨ ਤੇ ਹੜ੍ਹ ਆਉਣ ਦੀਆਂ ਘਟਨਾਵਾਂ ਵਾਪਰੀਆਂ ਹਨ। 2010 ’ਚ ਵੀ ਸਿਰੇ ਦੀ ਗਰਮੀ ਦੀ ਲਹਿਰ
ਅਤੇ ਰੂਸ ਦੇ ਜੰਗਲਾਂ ’ਚ ਭੜਕੀ ਅੱਗ, 2012 ’ਚ ਟੈਕਸਾਸ ਅਤੇ 2014 ’ਚ ਆਸਟਰੇਲੀਆ ’ਚ ਭਿਆਨਕ ਸੋਕਾ, ਮਿਆਮੀ ਵਿੱਚ ਆਏ ਭਾਰੀ ਹੜ੍ਹ ਅਤੇ ਸ਼ਾਂਤ ਮਹਾਂਸਾਗਰ ’ਚ ਉਠੇ ਅਨੇਕ ਤੂਫਾਨ ਇਸ ਦੀਆਂ ਉ¤ਘੜਵੀਆਂ ਉਦਾਹਰਣਾਂ ਹਨ। ਪਿਛਲੇ
ਸਾਲਾਂ ’ਚ ਅਨੇਕ ਅਧਿਆਨਾਂ,
ਖੋਜ-ਪੱਤਰਾਂ, ਸੈਟੇਲਾਈਟ ਨਕਸ਼ਿਆਂ ’ਚ ਅਜਿਹੇ ਵਰਤਾਰਿਆਂ ਨੂੰ ਪੌਣ-ਪਾਣੀ ’ਚ ਆ ਰਹੀ ਤਬਦੀਲੀ ਨਾਲ ਜੋੜ ਕੇ
ਬਿਆਨਿਆ ਗਿਆ ਹੈ, ਜਿਸ ਨੇ ਪੌਣ-ਪਾਣੀ ’ਚ ਆ ਰਹੀਆਂ ਤਬਦੀਲੀਆਂ ਦੇ ਮਸਲੇ ਨੂੰ ਇੱਕ ਕਿੰਤੂ-ਰਹਿਤ
ਵਰਤਾਰੇ ਵਜੋਂ ਸਥਾਪਤ ਕਰ ਦਿੱਤਾ ਹੈ। ਦੁਨੀਆਂ ਭਰ ਦੇ ਲੋਕਾਂ ਅੰਦਰ ਇਸ ਬਾਰੇ ਸੋਝੀ ਤੇ ਫਿਕਰਮੰਦੀ
ਵਧੀ ਹੈ ਅਤੇ ਉਹਨਾਂ ਦੀਆਂ ਵਿਰੋਧ ਸੁਰਾਂ ਉਚੀਆਂ ਹੋ ਰਹੀਆਂ ਹਨ। ਅਜਿਹੀ ਹਾਲਤ ’ਚ ਨੰਗੇ ਚਿੱਟੇ ਰੂਪ ’ਚ ਅਜਿਹੀਆਂ ਤਬਦੀਲੀਆਂ ਨੂੰ ਮੰਨਣ ਤੋਂ ਇਨਕਾਰੀ ਹੋਣਾ ਜਾਂ
ਫਿਰ ਇਸ ਬਾਰੇ ਬੇਹਰਕਤੀ ਦਾ ਕੁੱਢਰ ਪੈਂਤੜਾ ਕਿਸੇ ਵੀ ਸਰਕਾਰ ਨੂੰ ਹੁਣ ਵਾਰਾ ਨਹੀਂ ਖਾ ਸਕਦਾ।
ਦੂਜਾ ਅੰਸ਼, ਜਿਸ ਨੇ ਇਸ ਸਮਝੌਤੇ ਦੇ ਸਿਰੇ ਲੱਗਣ ’ਚ ਅਹਿਮ ਰੋਲ ਨਿਭਾਇਆ ਹੈ ਉਹ ਹੈ
ਪੌਣ-ਪਾਣੀ ਤਬਦੀਲੀ ਦੇ ਮਾਮਲੇ ’ਚ ਅਮਰੀਕਾ ਤੇ ਚੀਨ ਵਿਚਾਲੇ ਹੋਈ
ਸਹਿਮਤੀ ਤੇ ਚੀਨੀ ਹਾਕਮਾਂ ਦੇ ਰੁੱਖ ’ਚ ਆਈ ਨਰਮੀ। ਆਲਮੀ ਸਮਝੌਤਾ ਸਿਰੇ
ਨਾ ਚੜ੍ਹਨ ’ਚ ਚੀਨ ਅਤੇ ਭਾਰਤ ਜਿਹੇ ਤੀਜੀ ਦੁਨੀਆਂ ਦੇ ਦੇਸ਼ਾਂ ਵੱਲੋਂ ਵਾਤਾਵਰਣ ਤਬਦੀਲੀ ਦੇ ਮਾਮਲੇ ’ਚ ਨਿਭਾਈ ਜਾਣ ਵਾਲੀ ਭੂਮਿਕਾ ਨਾਲ ਸਬੰਧਤ ਰੇੜਕਾ ਵੀ ਦਖਲ ਦਿੰਦਾ ਆ ਰਿਹਾ ਸੀ। ਵਿਕਸਤ ਦੇਸ਼
ਤੇ ਖਾਸ ਕਰਕੇ ਅਮਰੀਕਾ ਇਸ ਗੱਲ ਲਈ ਜ਼ਿਦ ਕਰਦੇ ਆ ਰਹੇ ਸਨ ਕਿ ਚੀਨ, ਭਾਰਤ ਤੇ ਬਰਾਜ਼ੀਲ ਵਰਗੇ ਦੇਸ਼, ਖਾਸ ਕਰਕੇ ਚੀਨ ਪੌਣ-ਪਾਣੀ
ਤਬਦੀਲੀ ਦੇ ਮਾਮਲੇ ’ਚ ਹੁਣ ਦੇ ਮੁਕਾਬਲੇ ਵੱਧ ਭਾਰ ਚੱਕਣ, ਜਿਸ ਲਈ ਚੀਨ ਰਾਜ਼ੀ ਨਹੀਂ ਸੀ।
ਇੱਕ ਪਾਸੇ ਚੀਨੀ ਲੋਕਾਂ ਅੰਦਰ ਵੀ ਵਾਤਾਵਰਣ ਦੇ ਮੁੱਦੇ ’ਤੇ ਬੇਚੈਨੀ ਵਧਣ ਨੇ ਅਤੇ ਦੂਜੇ ਪਾਸੇ ਵਿਕਸਤ ਸਾਮਰਾਜੀ ਮੁਲਕਾਂ ਦੇ ਨਿਹੱਕੇ ਦਬਾਅ ਨੇ ਚੀਨੀ
ਹਾਕਮਾਂ ਨੂੰ ਪਿੱਛੇ ਹਟਣ ਲਈ ਤੁੰਨ੍ਹਿਆ ਤੇ 2014 ’ਚ ਇਸ ਬਾਰੇ ਚੀਨ ਤੇ ਅਮਰੀਕਾ ਦੀ
ਪੌਣ-ਪਾਣੀ ਮਸਲੇ ’ਤੇ ਮਿਲਕੇ ਕਿਰਿਆਸ਼ੀਲ ਹੋਣ ਸੰਬੰਧੀ ਆਪਸੀ ਸਹਿਮਤੀ ਬਣੀ। ਇਸ ਹਾਲਤ ’ਚ ਦੁਨੀਆਂ ਭਰ ਦੀਆਂ ਸਰਕਾਰਾਂ ਵੱਲੋਂ ਵਾਤਾਵਰਣ ਸੁਰੱਖਿਆ ਦੇ ਖਰਚੇ ਓਟਣ ਲਈ ਮਜਬੂਰ ਹੋਣਾ
ਚੰਗਾ ਪੱਖ ਹੈ, ਪਰ ਪਛੜੇ ਮੁਲਕਾਂ ’ਤੇ ਵਧੇਰੇ ਭਾਰ ਲੱਦਣਾ ਸਾਮਰਾਜੀ ਚੌਧਰ ਨੂੰ ਜ਼ਾਹਰ ਕਰਦਾ
ਨਿਹੱਕਾ ਪਹਿਲੂ ਹੈ।
No comments:
Post a Comment