ਇੱਕ ਫਿਰਕੂ ਦੁਰਭਾਵਨਾ ਦੀ ਮੁਜਰਮਾਨਾ ਕਰਤੂਤ
ਦੂਜੀ ਫਿਰਕੂ ਸਦਭਾਵਨਾ ਦਾ ਸ਼ਾਨਦਾਰ ਝਲਕਾਰਾ
ਪਹਿਲੀ ਘਟਨਾ 9 ਦਸੰਬਰ ਐਤਵਾਰ ਦੀ ਹੈ। ਪੰਜਾਬ ਦੇ ਨਵਾਂ ਸ਼ਹਿਰ ਤੋਂ ਕਰੀਬ
50-60 ਪਰਵਾਸੀ ਮਜ਼ਦੂਰ ਪੰਚਾਇਤੀ ਵੋਟਾਂ ਪਾਉਣ ਲਈ ਉੱਤਰ ਪ੍ਰਦੇਸ਼ ਜਾ ਰਹੇ ਸਨ। ਜਦੋਂ ਕੈਂਟਰ ਉੱਤੇ
ਹਰਿਆਣਾ ਵਿੱਚ ਕਰਨਾਲ ਦੇ ਨੇੜੇ ਪਿੰਡ ਡਬਕੌਲੀ ਖੁਰਦ ਕੋਲ ਪਹੁੰਚੇ ਤਾਂ ਉੱਥੇ ਅਖਾਉਤੀ ਗਊ
ਰਖਵਾਲਿਆਂ ਦਾ ਨਾਕਾ ਲੱਗਿਆ ਹੋਇਆ ਸੀ। ਗਊ ਸਮੱਗਲਰਾਂ ਦੇ ਸ਼ੱਕ ਵਿੱਚ ਕੈਂਟਰ ਨੂੰ ਰੋਕਿਆ ਗਿਆ।
ਕੈਂਟਰ ਸਵਾਰਾਂ ਨੂੰ ਹੇਠਾਂ ਉਤਾਰ ਕੇ ਕੈਂਟਰ ਦੀ ਤਲਾਸ਼ੀ ਲਈ ਗਈ। ਕਿਧਰੋਂ ਗੋਲੀਆਂ ਚੱਲੀਆਂ। ਇੱਕ
ਬੰਦਾ ਮਾਰਿਆ ਗਿਆ। ਦੂਜਾ ਜ਼ਖਮੀ ਹੋ ਗਿਆ। ਉਹਨਾਂ ਦਾ ਕਸੂਰ? ਕਸੂਰ ਸਿਰਫ
ਇਹੋ ਕਿ ਉਹ ਮੁਸਲਮਾਨ ਸਨ। ਮਰਨ ਵਾਲਾ 25 ਸਾਲਾਂ ਦਾ ਖੁਸ਼ਨੂਰ ਸੀ ਅਤੇ ਜ਼ਖਮੀ 20 ਸਾਲਾਂ ਦਾ
ਅਹਿਸਾਨ।
ਦੂਜੀ ਘਟਨਾ ਦਸੰਬਰ ਦੇ ਪਹਿਲੇ ਹਫਤੇ ਦੀ ਹੈ। ਇਹਨੀਂ ਦਿਨੀਂ ਚੇਨਈ (ਜਿਸਦਾ
ਨਾਉਂ ਮਦਰਾਸ ਸੀ) ਉੱਤੇ ਇੰਦਰ ‘ਦੇਵਤਾ’ ਦਾ ਕਹਿਰ
ਵਰਸਿਆ। ਸਾਰਾ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਵਾਸੀਆਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ।
ਯਾਸੀਨ ਨਾਉਂ ਦੇ ਇੱਕ ਮੁਸਲਮਾਨ ਨੌਜਵਾਨ ਨੂੰ ਕਿਧਰੋਂ ਇੱਕ ਇਸਤਰੀ ਦੇ ਕਰਾਹੁਣ ਦੀਆਂ ਆਵਾਜਾਂ
ਸੁਣੀਆਂ। ਉਹ ਉੱਧਰ ਨੂੰ ਭੱਜਿਆ। ਇਸਤਰੀ ਡੁੱਬ ਰਹੀ ਸੀ। ਪਾਣੀ ਗਲ਼ ਤੱਕ ਆ ਗਿਆ ਸੀ। ਅਸਲ ਵਿੱਚ
ਕਰਾਹੁਣ ਦੀਆਂ ਇਹ ਆਵਾਜਾਂ ਉਸ ਦੀਆਂ ਜੰਮਣ ਪੀੜਾਂ ਸਦਕਾ ਆ ਰਹੀਆਂ ਸਨ। ਇਸ ਨੌਜਵਾਨ ਨੇ ਆਪਣੇ ਕੁਝ
ਦੋਸਤਾਂ ਦੀ ਮੱਦਦ ਨਾਲ ਇਸਤਰੀ ਨੂੰ ਪਾਣੀ ਵਿੱਚੋਂ ਕੱਢਿਆ। ਇੱਕ ਮਛੇਰੇ ਦੀ ਕਿਸ਼ਤੀ ਰਾਹੀਂ ਉਸਨੂੰ
ਫਟਾਫਟ ਹਸਪਤਾਲ ਪਹੁੰਚਦਾ ਕੀਤਾ।
ਕੁਝ ਸਮੇਂ ਬਾਅਦ ਇਸ ਨੌਜਵਾਨ ਦੇ ਮੋਬਾਈਲ ਉੱਤੇ ਉਸ ਇਸਤਰੀ ਅਤੇ ਉਸਦੇ ਪਤੀ
ਵੱਲੋਂ ਸੁਨੇਹਾ ਆਇਆ। ਸੁਨੇਹਾ ਇਹ ਸੀ ਕਿ ਇਸ ਹਿੰਦੂ ਪਤੀ-ਪਤਨੀ ਨੇ ਇਸ ਮੁਸਲਮਾਨ ਨੌਜਵਾਨ ਦੇ
ਸ਼ੁਕਰਾਨੇ ਵਿੱਚ ਗੜੂੰਦ ਹੋ ਕੇ ਆਪਣੀ ਬੱਚੀ ਦਾ ਨਾਉਂ ਉਸ ਮੁਸਲਮਾਨ ਨੌਜਵਾਨ ਵਾਲਾ ਰੱਖ ਦਿੱਤਾ ਹੈ।
ਲੱਗਦੇ ਹੱਥ ਫਿਰਕੂ ਸਦਭਾਵਨਾ ਦੇ ਸੁੱਚੇ ਜਜ਼ਬੇ ਵਿੱਚ ਖੀਵੇ ਹੋਏ ਇਸ ਨੌਜਵਾਨ ਨੇ ਵੀ ਇਹ ਐਲਾਨ ਕਰ
ਦਿੱਤਾ ਕਿ ਇਸ ਬੱਚੀ ਦੀ ਪੜ੍ਹਾਈ ਦਾ ਸਾਰਾ ਖਰਚਾ ਉਹ ਦੇਵੇਗਾ।
ਦੋਹਾਂ ਧਿਰਾਂ ਦੇ ਫਿਰਕੂ ਸਦਭਾਵਨਾ ਦੇ ਇਸ ਪਵਿੱਤਰ ਜਜ਼ਬੇ ਨੂੰ ਸਲਾਮ!
- ਪਰਮਿੰਦਰ
No comments:
Post a Comment