Wednesday, January 20, 2016

(21) ਗਣਤੰਤਰ ਦਿਵਸ




ਗਣਤੰਤਰ ਦਿਵਸ: 

ਜੋਕਾਂ ਲਈ ਸੁਨਹਿਰੀ ਤੇ ਲੋਕਾਂ ਲਈ ਕਾਲ਼ਾ ਦਿਨ


26 ਜਨਵਰੀ ਆਜ਼ਾਦ ਭਾਰਤਦਾ ਗਣਤੰਤਰ ਦਿਵਸ ਹੈ। ਭਾਰਤੀ ਹਾਕਮ ਜਮਾਤਾਂ ਲਈ ਇਹ ਜਸ਼ਨਾਂ ਦਾ ਦਿਨ ਹੈ ਤੇ ਲੋਕਾਂ ਲਈ ਕਾਲ਼ਾ ਦਿਨ ਹੈ ਕਿਉਂਕਿ ਇਸ ਦਿਨ ਲੁਟੇਰੇ ਰਾਜ ਦਾ ਐਲਾਨਨਾਮਾ ਲੋਕਾਂ ਤੇ ਜਬਰੀ ਠੋਸ ਦਿੱਤਾ ਗਿਆ ਸੀ। ਭਾਰਤੀ ਸੰਵਿਧਾਨ ਜੋਕਾਂ ਲਈ ਪਵਿੱਤਰ ਦਸਤਾਵੇਜ਼ ਹੈ ਤੇ ਲੋਕਾਂ ਨੂੰ ਦਬਾਉਣ ਕੁਚਲਣ ਤੇ ਗੁਲਾਮ ਰੱਖਣ ਵਾਲਾ ਜੋਕਾਂ ਦਾ ਸੰਦ ਹੈ। ਜਿਹੜੀ ਅੰਸੈਂਬਲੀ ਨੇ ਇਹ ਸਿਰਜਿਆ ਸੀ ਉਹ ਵੱਡੀਆਂ ਜਾਇਦਾਦਾਂ ਵਾਲੇ, ਟੈਕਸ ਭਰਨ ਵਾਲੇ ਸਰਮਾਏਦਾਰਾਂ-ਜਗੀਰਦਾਰਾਂ ਚੋਂ ਲਏ ਨੁਮਾਇੰਦਿਆਂ ਦੀ ਸੀ। ਇਹਨੇ ਸੰਵਿਧਾਨ ਦੇ ਰੂਪ ਚ ਅੰਗਰੇਜ਼ਾਂ ਦੀ ਬਸਤੀਵਾਦੀ ਵਿਰਾਸਤ ਨੂੰ ਜਾਰੀ ਰੱਖਣ ਦਾ ਸੰਦ ਘੜਿਆ ਸੀ ਤਾਂ ਹੀ ਅੰਗਰੇਜ਼ ਸਾਮਰਾਜੀਆਂ ਵੱਲੋਂ ਤਿਆਰ ਕੀਤੇ ਗੌਰਮਿੰਟ ਆਫ਼ ਇੰਡੀਆ ਐਕਟ ਦੀਆਂ 250 ਧਾਰਾਵਾਂ ਲਗਭਗ ਉਵੇਂ ਹੀ ਅਪਣਾ ਲਈਆਂ ਸਨ। ਇਹਦੇ ਚ ਨਿਰਦੇਸ਼ਕ ਸਿਧਾਂਤਾਂ ਦੇ ਨਾਂ ਤੇ ਵੱਡੇ ਵੱਡੇ ਦਾਅਵੇ ਹਨ ਪਰ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਤਾਕਤ ਤੋਂ ਵਾਂਝੇ ਰੱਖ ਕੇ ਬੇ-ਅਰਥ ਕੀਤਾ ਹੋਇਆ ਹੈ। ਇਹਦੇ ਚ ਮੌਲਿਕ ਅਧਿਕਾਰਾਂ ਦਾ ਦੰਭ ਅਜਿਹਾ ਹੈ ਕਿ ਹਰ ਅਧਿਕਾਰ ਇੱਕ ਹੱਥ ਦੇ ਕੇ ਦੂਜੇ ਹੱਥ ਖੋਹ ਲਿਆ ਗਿਆ ਹੈ। ਇਹਦੇ ਤੇ ਹੁਣ ਤੱਕ ਹੋਏ ਅਮਲ ਨੇ ਅਨਿਆਂ ਤੇ ਟਿਕੇ ਭਾਰਤੀ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ। ਇਹ ਸੰਵਿਧਾਨ ਹਕੂਮਤਾਂ ਨੂੰ ਹਰ ਤਰ੍ਹਾਂ ਦੇ ਕਾਲ਼ੇ ਕਾਨੂੰਨ ਘੜਨ ਅਤੇ ਇਹਨਾਂ ਰਾਹੀਂ ਲੋਕਾਂ ਦੇ ਜਮਹੂਰੀ ਅਧਿਕਾਰਾਂ ਸਮੇਤ ਮੁੱਢਲੇ ਮਨੁੱਖੀ ਹੱਕ ਖੋਹਣ ਦੀ ਅਥਾਹ ਤਾਕਤ ਦਿੰਦਾ ਹੈ। ਏਸੇ ਸੰਵਿਧਾਨ ਦੀ ਢੋਈ ਲੈ ਕੇ ਹੀ ਹੁਣ ਤੱਕ ਭਾਰਤੀ ਹਾਕਮਾਂ ਨੇ ਦਰਜਨਾਂ ਕਾਲ਼ੇ ਕਾਨੂੰਨ ਘੜੇ ਹਨ ਤੇ ਲੋਕਾਂ ਤੇ ਜਬਰ ਢਾਹਿਆ ਹੈ। ਇਹਦੇ ਰਾਹੀਂ ਹੀ ਅਦਾਲਤਾਂ ਵੱਡੇ ਵੱਡੇ ਸਰਮਾਏਦਾਰਾਂ ਜਗੀਰਦਾਰਾਂ ਦੀਆਂ ਵਧਦੀਆਂ ਫੁਲਦੀਆਂ ਜਾਇਦਾਦਾਂ ਦੀ ਰੱਖਿਆ ਕਰਦੀਆਂ ਹਨ ਅਤੇ ਜਿਉਣ ਦਾ ਹੱਕ ਮੰਗਦੇ ਲੋਕਾਂ ਤੇ ਪਾਬੰਦੀਆਂ ਮੜ੍ਹਦੀਆਂ ਹਨ, ਫਾਂਸੀਆਂ ਤੇ ਕਾਲ ਕੋਠੜੀਆਂ ਦਿੰਦੀਆਂ ਹਨ।
ਭਾਰਤੀ ਸੰਵਿਧਾਨ ਜਾਬਰ ਤੇ ਲੁਟੇਰੀਆਂ ਭਾਰਤੀ ਹਾਕਮ ਜਮਾਤਾਂ ਦੇ ਧੱਕੜ ਤੇ ਆਪਾਸ਼ਾਹ ਰਾਜ ਦਾ ਅਕਸ ਹੈ। ਹਕੀਕੀ ਜਮਹੂਰੀਅਤ ਲਈ ਲੋਕਾਂ ਨੂੰ ਨਵੇਂ ਸਿਰਿਓਂ ਰਾਜ ਭਾਗ ਤੇ ਸੰਵਿਧਾਨ ਬਣਾਉਣਾ ਪੈਣਾ ਹੈ। ਜੋਕਾਂ ਦੇ ਧੂਮ ਧੜੱਕੇ ਦਰਮਿਆਨ ਲੋਕਾਂ ਨੂੰ ਆਪਣੀਆਂ ਬਿਰਤੀਆਂ ਆਪਣੇ  ਅਸਲ ਰਾਜ ਦੇ ਨਕਸ਼ ਤਲਾਸ਼ਣ ਵੱਲ ਇਕਾਗਰ ਕਰਨੀਆਂ ਚਾਹੀਦੀਆਂ ਹਨ।

No comments:

Post a Comment