Sunday, March 22, 2026

ਪੰਜਾਬ 'ਚ ਹੜ੍ਹਾਂ ਦਾ ਕਹਿਰ

 ਪੰਜਾਬ 'ਚ ਹੜ੍ਹਾਂ ਦਾ ਕਹਿਰ
ਡੋਬਦਾ ਰਾਜ ਪ੍ਰਬੰਧ-ਬਚਾਉਂਦੇ ਲੋਕ

(ਇੱਕ ਰਿਪੋਰਟ)

ਇਸ ਪੈਂਫਲਿਟ ਬਾਰੇ

ਸਤੰਬਰ 2025 'ਚ ਪੰਜਾਬ ਅੰਦਰ ਹੜ੍ਹਾਂ ਦੀ ਭਿਆਨਕ ਮਾਰ ਪਈ ਸੀ। ਮਨੁੱਖੀ ਤੇ ਪਸ਼ੂਆਂ ਦੀਆਂ ਜਾਨਾਂ ਤੋਂ ਲੈ ਕੇ ਘਰਾਂ, ਫਸਲਾਂ ਤੇ ਖੇਤਾਂ ਤੱਕ ਹੋਰ ਬਹੁਤ ਕੁਝ ਨੁਕਸਾਨਿਆ ਗਿਆ ਸੀ। ਉਦੋਂ ਵੀ ਅਸੀਂ ਪੇਪਰ ਦੇ ਰੈਗੂਲਰ ਅੰਕ ਵਿੱਚ ਲਿਖੀ ਲਿਖਤ ਵਿਚ  ਕਿਹਾ ਸੀ ਕਿ ਇਹ ਹੜ੍ਹ ਮਹਿਜ਼ ਕੁਦਰਤੀ ਕਰੋਪੀ ਨਹੀਂ ਹਨ ਸਗੋਂ ਕੁਦਰਤੀ ਵਰਤਾਰਿਆਂ ਨੂੰ ਕਰੋਪੀਆਂ 'ਚ ਬਦਲਣ ਵਾਲਾ ਮੌਜੂਦਾ ਸਮਾਜੀ ਸਿਆਸੀ ਨਿਜ਼ਾਮ ਤੇ ਇਸ ਦੀਆਂ ਹਕੂਮਤਾਂ ਹਨ। ਉਦੋਂ ਅਸੀਂ ਇਸ ਨਾਲ ਜੁੜਦੇ ਵੱਖ ਵੱਖ ਪੱਖਾਂ 'ਤੇ ਚਰਚਾ ਕੀਤੀ ਸੀ।

ਹੜ੍ਹਾਂ ਦਾ ਦੌਰ ਆਇਆ ਤੇ ਲੋਕਾਂ ਲਈ ਡਾਢੀਆਂ ਪੀੜਾਂ ਛੱਡ ਕੇ ਗੁਜ਼ਰ ਗਿਆ। ਹੜ੍ਹਾਂ ਦੀ ਮਾਰ ਹੰਢਾਉਂਦੇ ਪੰਜਾਬ ਨੇ ਰਾਜਕੀ ਮਸ਼ੀਨਰੀ ਤੇ ਇਸ ਦੀਆਂ ਹਕੂਮਤਾਂ ਦਾ ਲੋਕ ਦੋਖੀ ਹੁੰਗਾਰਾ ਵੀ ਹੰਢਾਇਆ ਤੇ ਆਮ ਲੋਕਾਂ ਦੇ ਡੂੰਘੇ ਦਰਦ ਫ਼ਿਕਰ ਸਰੋਕਾਰ ਵੀ ਹੰਢਾਏ। ਰਾਜਕੀ ਮਸ਼ੀਨਰੀ ਦੇ ਵੱਖ-ਵੱਖ ਅੰਗ ਲੋਕਾਂ ਤੇ ਪਈ ਇਸ ਬਿਪਤਾ ਵੇਲੇ ਜਾਂ ਗੈਰ ਹਾਜ਼ਰ ਸਨ ਜਾਂ ਰਸਮੀ ਕਾਰਵਾਈ ਨਾਲ ਸਮਾਂ ਲੰਘਾ ਰਹੇ ਸਨ, ਮੌਕਾ ਪ੍ਰਸਤ ਸਿਆਸਤਦਾਨ ਲੋਕ ਦਰਦੀਆਂ ਵਜੋਂ ਮਸ਼ਹੂਰੀ ਖੱਟਣ ਲਈ ਸੋਸ਼ਲ ਮੀਡੀਆ ਮੁਹਿੰਮ 'ਤੇ ਸਵਾਰ ਸਨ। ਦੂਜੇ ਪਾਸੇ ਆਮ ਕਿਰਤੀ ਲੋਕਾਂ ਦੀਆਂ ਵੱਖ ਵੱਖ ਪਰਤਾਂ ਆਪ ਮੁਹਾਰੇ ਲੱਕ ਬੰਨ੍ਹ ਕੇ ਪੂਰੀ ਸਮਰਪਣ ਭਾਵਨਾ ਨਾਲ ਹੜ੍ਹ ਪੀੜਤ ਇਲਾਕਿਆਂ ਦੇ ਲੋਕਾਂ ਦੀ ਬਾਂਹ ਫੜਨ ਲਈ ਸਰਗਰਮ ਹੋਈਆਂ। ਇਹ ਸਰੋਕਾਰ ਗੁਆਂਢੀ ਸੂਬਿਆਂ ਯੂ ਪੀ ਹਰਿਆਣੇ ਤੱਕ ਵੀ ਫੈਲੇ ਹੋਏ ਸਨ ਜਿੱਥੋਂ ਲੋਕ ਦਰਦੀ ਹਿੱਸੇ ਵੱਖ ਵੱਖ ਤਰ੍ਹਾਂ ਦੀ ਸਹਾਇਤਾ ਲੈ ਕੇ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਤੱਕ ਪਹੁੰਚੇ। ਸੂਬੇ ਦੀਆਂ ਧਾਰਮਿਕ, ਸਮਾਜਿਕ ਤੇ ਸੰਘਰਸ਼ਸ਼ੀਲ ਜਥੇਬੰਦੀਆਂ ਤੱਕ ਨੇ ਲੋਕਾਂ ਲਈ ਹਰ ਵੰਨਗੀ ਦੇ ਰਾਹਤ ਕਾਰਜਾਂ ਨੂੰ ਓਟਿਆ ਤੇ ਡੂੰਘੀ ਸੇਵਾ ਭਾਵਨਾ ਨਾਲ ਨਿਭਾਇਆ। 

ਇਹ ਪੈਂਫਲਿਟ ਪਿਛਲੇ ਵਰ੍ਹੇ ਆਈ ਹੜ੍ਹਾਂ ਦੀ ਬਿਪਤਾ ਨਾਲ ਜੁੜਦੇ ਵੱਖ ਵੱਖ ਪੱਖਾਂ ਬਾਰੇ ਹੈ। ਇਸ ਦੇ ਮੁੱਖ ਤੌਰ 'ਤੇ ਦੋ ਹਿੱਸੇ ਹਨ। ਪਹਿਲੀ ਲਿਖਤ ਹੜ੍ਹਾਂ ਦੀ ਜਿੰਮੇਵਾਰੀ ਲਈ ਹਕੂਮਤਾਂ ਤੇ ਰਾਜ ਮਸ਼ੀਨਰੀ ਦੇ ਦੋਸ਼ਾਂ ਦੀ ਨਿਸ਼ਾਨਦੇਹੀ ਕਰਦੀ ਹੈ ਤੇ ਤੱਥਾਂ ਦੇ ਆਧਾਰ 'ਤੇ ਦੱਸਦੀ ਹੈ ਕਿ ਹਕੂਮਤ ਦਾ ਲੋਕ ਦੋਖੀ ਕਿਰਦਾਰ ਤੇ ਇਸ 'ਚੋਂ ਨਿਕਲਦੀਆਂ ਤਰਜੀਹਾਂ, ਲਾ-ਪ੍ਰਵਾਹੀ ਤੇ ਨਾ-ਅਹਿਲੀਅਤ ਆਦਿ ਨੇ ਰਲ਼ ਕੇ ਆਮ ਨਾਲੋਂ ਜ਼ਿਆਦਾ ਪਏ ਮੀਹਾਂ ਨੂੰ ਭਿਆਨਕ ਮਾਰ ਵਾਲੇ ਹੜ੍ਹਾਂ 'ਚ ਕਿਵੇਂ ਤਬਦੀਲ ਕੀਤਾ। ਇਹ ਲਿਖਤ ਇਸ ਬਿਪਤਾ ਵੇਲੇ ਦੇ ਦੌਰ ਦੇ ਫੌਰੀ ਕਾਰਨਾਂ ਅਤੇ ਲੰਮੇ ਚਿਰਾਂ ਤੋਂ ਤੁਰੀ ਆਉਂਦੀ ਪਹੁੰਚ ਦੇ ਕਾਰਨਾਂ ਨੂੰ ਟਿਕਦੀ ਹੈ ਤੇ ਸਮੁੱਚੇ ਢਾਂਚੇ ਦੇ ਉਸ ਖੋਖਲੇਪਣ 'ਤੇ ਉਂਗਲ ਧਰਦੀ ਹੈ ਜਿਹੜਾ ਨਾ ਸਿਰਫ਼ ਕੁਦਰਤੀ ਮਾਰ ਨੂੰ ਨਜਿੱਠਣ ਤੋਂ ਅਸਮਰੱਥ ਹੈ ਸਗੋਂ ਉਸਨੂੰ ਪੈਦਾ ਕਰਨ ਤੇ ਉਸਦੀ ਮਾਰ ਵਧਾਉਣ ਵਿੱਚ ਵੀ ਰੋਲ ਅਦਾ ਕਰਦਾ ਹੈ। 

ਦੂਸਰੀ ਲਿਖਤ ਇਹਨਾਂ ਹੜ੍ਹਾਂ ਦੇ ਕਹਿਰ ਤੋਂ ਲੋਕਾਂ ਦੀ ਬਾਂਹ ਫੜਨ ਦੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਵੱਡੇ ਉੱਦਮ ਦੀ ਰਿਪੋਰਟ  ਹੈ। ਲੋਕਾਂ ਦੀ ਆਪਣੀ ਤਾਕਤ ਵਜੋਂ ਇਸ ਸਮੇਂ ਵੱਖ ਵੱਖ ਜਨਤਕ ਜਥੇਬੰਦੀਆਂ ਨੇ ਰਾਹਤ ਕਾਰਜਾਂ ਦੀ ਸਰਗਰਮੀ 'ਚ ਅਹਿਮ ਹਿੱਸਾ ਪਾਇਆ। ਇਹਨਾਂ ਰਾਹਤ ਕਾਰਜਾਂ ਦਾ ਘੇਰਾ ਕਾਫ਼ੀ ਵਸੀਹ ਬਣਦਾ ਹੈ।  ਇਹ ਪਹਿਲੇ ਦਿਨਾਂ 'ਚ ਲੋਕਾਂ ਲਈ ਭੋਜਨ ਤੇ ਕੱਪੜਿਆਂ ਵਰਗੀਆਂ ਫੌਰੀ ਜ਼ਰੂਰਤਾਂ ਤੋਂ ਲੈ ਕੇ ਜ਼ਮੀਨਾਂ ਪੱਧਰ ਕਰਨ ਤੇ ਫਸਲਾਂ ਬੀਜਣ ਤੱਕ ਫੈਲੇ ਹੋਏ ਸਨ। ਲੋਕਾਂ ਦੀਆਂ ਜਥੇਬੰਦੀਆਂ ਜਾਂ ਹੋਰਨਾਂ ਲੋਕ ਪੱਖੀ ਸ਼ਕਤੀਆਂ ਵੱਲੋਂ ਜੁਟਾਇਆ ਇਹ ਉੱਦਮ ਏਨਾ ਬਹੁ ਪਰਤੀ ਤੇ ਬਹੁ ਪਸਾਰੀ ਸੀ ਕਿ ਸਾਡੇ ਲਈ ਇਸ ਸਮੁੱਚੇ ਉੱਦਮ ਦੀ ਰਿਪੋਰਟ ਇਕੱਠੀ ਕਰਨੀ ਕਾਫ਼ੀ ਵੱਡੇ ਪੈਮਾਨੇ ਦਾ ਕਾਰਜ ਬਣਦਾ ਸੀ ਤੇ ਇਹ ਇੱਕ ਵੱਡੀ ਟੀਮ ਵੱਲੋਂ ਹੀ ਨਿਭਾਇਆ ਜਾ ਸਕਦਾ ਸੀ। ਅਸੀਂ ਚਾਹੁੰਦੇ ਹੋਏ ਵੀ ਆਪਣੀ ਸੀਮਤ ਸਮਰੱਥਾ ਤੇ ਸ਼ਕਤੀ ਜੁਟਾਈ ਦੀ ਸੀਮਤਾਈ ਕਾਰਨ ਵੱਖ ਵੱਖ ਜਨਤਕ ਜਥੇਬੰਦੀਆਂ ਵੱਲੋਂ ਜੁਟਾਏ ਸਭਨਾਂ ਉੱਦਮਾਂ ਨੂੰ ਆਪਣੀ ਰਿਪੋਰਟ ਵਿੱਚ ਸ਼ਾਮਿਲ ਨਹੀਂ ਕਰ ਸਕੇ। ਇਕ ਦੋ ਜਥੇਬੰਦੀਆਂ ਵੱਲੋਂ ਸਾਨੂੰ ਰਿਪੋਰਟਾਂ ਮੁਹੱਈਆ ਹੀ ਨਹੀਂ ਕਰਵਾਈਆਂ ਜਾ ਸਕੀਆਂ। ਸਾਡੇ ਪੱਤਰਕਾਰ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ 'ਚ ਜੁੜੀਆਂ ਕੁੱਝ ਜਨਤਕ ਜਥੇਬੰਦੀਆਂ ਵੱਲੋਂ ਜੁਟਾਏ ਉੱਦਮ ਦੀ ਰਿਪੋਰਟ ਹੀ ਹਾਸਲ ਕੀਤੀ ਜਾ ਸਕੀ ਹੈ। ਇਹ ਰਿਪੋਰਟ ਵੀ ਇਸ ਸਮੁੱਚੀ ਸਰਗਰਮੀ ਦੇ ਕੁਝ ਪਹਿਲੂਆਂ ਤੇ ਝਾਤ ਪਵਾਉਂਦੀ ਹੈ ਤੇ ਇੱਕ ਮੋਟੀ ਤਸਵੀਰ ਹੀ ਪੇਸ਼ ਕਰਦੀ ਹੈ। ਇਹ ਰਿਪੋਰਟ ਲੋਕ ਜਮਹੂਰੀ ਲਹਿਰ ਦੇ ਸਮੁੱਚੇ ਉੱਦਮ ਦੇ ਸਭਨਾਂ ਲੜਾਂ ਨੂੰ ਤੇ ਵੱਖ ਵੱਖ ਪੱਧਰਾਂ 'ਤੇ ਹੋਏ ਯਤਨਾਂ ਨੂੰ ਪੂਰੀ ਭਰਪੂਰਤਾ 'ਚ ਦਰਸਾਉਣ ਪੱਖੋਂ  ਅਜੇ ਨਾ-ਕਾਫ਼ੀ  ਹੈ। 

ਸੰਕਟ ਦੇ ਸਮੇਂ ਲੋਕਾਂ ਦੀ ਆਪਣੀ ਜਥੇਬੰਦ ਤਾਕਤ ਵੱਲੋਂ ਲੋਕਾਂ ਦੀ ਇਉਂ ਬਾਂਹ ਫੜਨ ਦਾ ਵੱਡਾ ਜਨਤਕ ਹੰਭਲਾ ਪ੍ਰਸੰਸਾ ਦਾ ਹੱਕਦਾਰ ਹੈ। ਬੀਕੇਯੂ ਏਕਤਾ (ਉਗਰਾਹਾਂ) ਵੱਲੋਂ ਆਪਣੀ ਸਾਰੀ ਜਥੇਬੰਦ ਸ਼ਕਤੀ ਝੋਕ ਕੇ ਲੋਕਾਂ ਲਈ ਰਾਹਤ ਸਮੱਗਰੀ ਤੇ ਫੰਡ ਜਟਾਉਣ ਦੀ ਵੱਡੀ ਮੁਹਿੰਮ ਮਿਸਾਲੀ ਪੈੜਾਂ ਪਾਉਣ ਵਾਲੀ ਮੁਹਿੰਮ ਬਣੀ ਹੈ। ਇਸ ਰਾਹੀਂ ਜਥੇਬੰਦੀ ਦੇ ਸੰਘਰਸ਼ ਜਜ਼ਬੇ ਦੇ ਨਾਲ ਨਾਲ ਲੋਕਾਂ ਦੀ ਸੇਵਾ ਦੇ ਜਜ਼ਬੇ ਦੀ ਤਸਵੀਰ ਉੱਭਰੀ ਹੈ। ਲੋਕਾਂ ਦੀ ਸੇਵਾ ਤੇ ਸੰਘਰਸ਼ ਦੇ ਜਜ਼ਬੇ ਦੇ ਇੱਕ ਦੂਜੇ ਨਾਲ ਜੁੜਵੇਂ ਲੜਾਂ ਦੀ ਤਸਵੀਰ ਉੱਭਰੀ ਹੈ। ਇਹ ਉੱਦਮ ਲੋਕਾਂ ਤੋਂ ਬਾਹਰੀ ਕਿਸੇ ਪਰਾਈ ਤਾਕਤ ਵੱਲੋਂ ਜਾਂ ਵੱਡੇ ਕਾਰੋਬਾਰੀਆਂ ਦੀਆਂ ਐਨਜੀਓ ਵੱਲੋਂ ਚਲਾਏ ਜਾਂਦੇ ਰਾਹਤ ਕਾਰਜਾਂ ਦੇ ਮੁਕਾਬਲੇ ਨਿਵੇਕਲੀ ਦਿੱਖ ਤੇ ਵੱਖਰੇ ਤੱਤ ਵਾਲਾ ਸੀ। ਇਸ ਸਮੁੱਚੇ ਉੱਦਮ ਦਾ ਆਧਾਰ ਲੋਕਾਂ ਨਾਲ ਵਫ਼ਾਦਾਰੀ , ਅਪਣੱਤ , ਲੋਕਾਂ ਦੇ ਦਰਦਾਂ ਦੀ ਥਾਹ ਤੇ ਲੋਕਾਂ ਪ੍ਰਤੀ ਸਮਰਪਣ ਦੀ ਭਾਵਨਾ ਸੀ ਜਿਸ ਦੇ ਜ਼ੋਰ 'ਤੇ ਸੀਮਤ ਸੋਮੇ ਵੀ ਵਿਸ਼ਾਲ ਉੱਦਮ 'ਚ ਵਟ ਗਏ। ਕਿਸੇ ਆਮ ਸਮਾਜਿਕ ਸੇਵਾ ਭਾਵਨਾ ਨਾਲ ਹੋਣ ਵਾਲੇ ਕਾਰਜ ਨਾਲੋਂ ਇਸਦੀ ਵਿਸ਼ੇਸ਼ਤਾ ਇਹ ਹੈ ਕਿ ਲੋਕਾਂ ਦੀ ਆਪਣੀ ਜਥੇਬੰਦ ਤਾਕਤ ਵੱਲੋਂ ਲੋਕਾਂ ਨਾਲ ਆਪਣੇ ਹਕੀਕੀ ਰਿਸ਼ਤੇ ਦੀ ਪਛਾਣ ਦੇ ਸਿਰ 'ਤੇ ਇਹ ਉੱਦਮ ਨਿਭਾਇਆ ਗਿਆ ਹੈ। ਲੋਕਾਂ ਨਾਲ ਖੜ੍ਹਨ ਦੇ ਇਸ ਉੱਦਮ ਦਾ ਆਕਾਰ ਤੇ ਪਸਾਰ ਇਕ ਵਿਸ਼ਾਲ ਜਨਤਕ ਆਧਾਰ ਵਾਲੀ ਜਥੇਬੰਦੀ ਵਜੋਂ ਵੀ ਕਿਸਾਨ ਜਥੇਬੰਦੀ ਦੀ ਹਾਲਤ ਸਾਹਮਣੇ ਲਿਆਉਂਦਾ ਹੈ ਤੇ ਨਾਲ ਹੀ ਅਜਿਹੇ ਵੱਡੇ ਜਨਤਕ ਕਾਰਜਾਂ ਨੂੰ ਜਥੇਬੰਦ ਕਰਨ ਦੀ ਇਸਦੀ ਲੀਡਰਸ਼ਿਪ ਦੀਆਂ ਵੱਖ ਵੱਖ ਪਰਤਾਂ ਦੀ ਵਿਕਸਿਤ ਹੋਈ ਸਮਰੱਥਾ ਨੂੰ ਵੀ ਦਰਸਾਉਂਦਾ ਹੈ। ਇਸ ਸਰਗਰਮੀ ਦੌਰਾਨ ਲੋਕਾਂ ਵੱਲੋਂ ਦਿੱਤੇ ਹੋਏ ਜ਼ੋਰਦਾਰ ਹੁੰਗਾਰੇ ਰਾਹੀਂ ਜਿੱਥੇ ਇੱਕ ਪਾਸੇ ਲੋਕ ਸਮੂਹਾਂ ਅੰਦਰ ਮੌਜੂਦ ਡੂੰਘੀ ਸੇਵਾ ਭਾਵਨਾ ਦਾ ਪ੍ਰਗਟਾਵਾ ਹੋਇਆ ਹੈ ਓਥੇ ਪੇਂਡੂ ਜਨਤਾ ਅੰਦਰ ਕਿਸਾਨ ਜਥੇਬੰਦੀ ਦੇ ਬਣੇ ਹੋਏ ਵੱਕਾਰ ਤੇ ਪੜਤ ਦੀ ਤਸਵੀਰ ਵੀ ਉਭਰਦੀ ਹੈ। ਇਸ ਵੱਡੇ ਉੱਦਮ ਨੇ ਇਸ ਵੱਕਾਰ 'ਚ ਵੱਡਾ ਵਾਧਾ ਕੀਤਾ ਹੈ ਤੇ ਨਾਲ ਹੀ ਲੋਕਾਂ ਦੀ ਆਪਣੀ ਸ਼ਕਤੀ ਵਜੋਂ ਲੋਕਾਂ ਦੀਆਂ ਉਮੀਦਾਂ ਵੀ ਵਧਾਈਆਂ ਹਨ। 

  ਜਥੇਬੰਦੀ ਵੱਲੋਂ ਇਕੱਠੇ ਹੋਏ ਫੰਡਾਂ ਤੇ ਲੋਕਾਂ 'ਚ ਵੰਡ ਵੰਡਾਈ ਦੇ ਸਮੁੱਚੇ ਅਮਲ ਨੂੰ ਵੀ ਨਮੂਨੇ ਦੀ ਪਾਰਦਰਸ਼ਤਾ ਨਾਲ ਨਪੇਰੇ ਚਾੜ੍ਹਿਆ ਗਿਆ ਹੈ ਤੇ ਆਪਣੇ ਵੱਲੋਂ ਵਿਸਥਾਰੀ  ਅੰਕੜੇ ਜਾਰੀ ਕੀਤੇ ਗਏ ਹਨ।ਇਹ ਜਥੇਬੰਦੀ ਵੱਲੋਂ ਲੋਕਾਂ ਪ੍ਰਤੀ ਮਹਿਸੂਸ ਕੀਤੀ ਜਾਂਦੀ ਜਿੰਮੇਵਾਰੀ ਦੇ ਅਹਿਸਾਸ ਦਾ ਨਮੂਨਾ ਹੈ। ਇਹ ਲੋਕਾਂ ਦੇ ਯੋਗਦਾਨ ਨੂੰ ਸਹੀ ਤਰ੍ਹਾਂ ਉਸੇ ਮਕਸਦ ਦੇ  ਲੇਖੇ ਲਾਉਣ ਦੀ ਗਾਰੰਟੀ ਕਰਨ ਦਾ ਸਿੱਕੇਬੰਦ ਯਤਨ ਬਣਿਆ ਹੈ। ਅਜਿਹਾ ਅਮਲ ਲੋਕਾਂ ਦਾ ਜਥੇਬੰਦੀ 'ਚ ਭਰੋਸਾ ਹੋਰ ਡੂੰਘਾ ਕਰਦਾ ਹੈ।

ਇਸ ਰਾਹਤ ਸਰਗਰਮੀ ਦੀ ਅਹਿਮ ਸਿਆਸੀ ਮਹੱਤਤਾ ਹੈ। ਇਹ ਲੋਕਾਂ ਅੰਦਰ ਡੂੰਘੇ ਉਤਰਨ ਦਾ ਵੀ ਇਕ ਗੰਭੀਰ ਯਤਨ ਹੈ। ਲੋਕਾਂ ਨਾਲ ਤੰਦਾਂ ਮਜਬੂਤ ਕਰਨ ਦਾ ਇੱਕ ਸਫ਼ਲ ਉਦਮ ਹੈ।  ਲੋਕਾਂ ਦੇ ਅੱਗੇ ਵਧੇ ਅਤੇ ਮੁਕਾਬਲਤਨ ਵਿਕਸਿਤ ਤੇ ਚੇਤਨ ਹਿੱਸਿਆਂ ਵੱਲੋਂ ਲੋਕਾਂ ਨਾਲ ਡੂੰਘੀ ਵਫ਼ਾਦਾਰੀ ਜ਼ਾਹਰ ਹੋਈ। ਇਹ ਮੁਹਿੰਮ ਸਤਹੀ ਪੱਧਰ ਤੇ ਪ੍ਰਚਾਰਕ ਕੰਮ ਦੀ ਬਜਾਏ ਲੋਕਾਂ ਅੰਦਰ ਗੰਭੀਰ ਤੇ ਡੂੰਘਾ ਜਨਤਕ ਕੰਮ ਕਰਨ ਦੀ ਪਹੁੰਚ ਦਾ ਇਕ ਨਮੂਨਾ ਵੀ ਬਣਦੀ ਹੈ।

ਅਫਸ਼ਰਸ਼ਾਹੀ ਮੁਕਾਬਲੇ ਲੋਕਾਂ ਵੱਲੋਂ ਜਥੇਬੰਦ ਕੀਤੀਆਂ ਰਾਹਤ ਤੇ ਸਹਾਇਤਾ ਮੁਹਿੰਮਾਂ ਕਿੰਨੀਆਂ ਅਸਰਦਾਰ ਹੁੰਦੀਆਂ ਹਨ, ਇਸਦੀ ਝਲਕ ਇਹਨਾਂ ਹੜ੍ਹਾਂ ਦੌਰਾਨ ਵੀ ਸਾਹਮਣੇ ਆਈ ਹੈ। ਅਫ਼ਸਰਸ਼ਾਹੀ ਦਾ ਲੋਕ ਦੋਖੀ ਕਿਰਦਾਰ ਇਹਨਾਂ ਮੁਹਿੰਮਾਂ ਨੂੰ ਰਸਮੀ ਤੇ ਫਰਜੀ ਬਣਾ ਧਰਦਾ ਹੈ ਜਦ ਕਿ ਲੋਕਾਂ ਦੀ ਸੱਚੀ ਸਮਰਪਣ ਭਾਵਨਾ ਇਹਨਾਂ ਮੁਹਿੰਮਾਂ ਦੇ ਸਾਰਥਿਕ ਸਿੱਟੇ ਕੱਢਦੀ ਹੈ। ਅਜਿਹੇ ਕਾਰਜ ਜਥੇਬੰਦ ਕਰਨ ਦੀ ਲੋਕਾਂ ਦੀ ਲੁਪਤ ਸਮਰੱਥਾ ਵੀ ਇਸ ਦੌਰਾਨ ਸਾਹਮਣੇ ਆਈ ਹੈ ਤੇ ਇਹਦਾ ਸੰਘਣਾ ਇਜ਼ਹਾਰ ਕਿਸਾਨ ਜਥੇਬੰਦੀ ਦੇ ਵੱਡੇ ਉੱਦਮ ਰਾਹੀਂ ਹੋਇਆ ਹੈ।

   ਇਹ ਰਾਹਤ ਸਰਗਰਮੀਆਂ ਪਿਛਲੇ ਵਰ੍ਹੇ ਦੇ ਅਖ਼ੀਰ ਤੱਕ ਮੁੱਕ ਜਾਣ ਵੇਲੇ ਅਸੀਂ ਇਹ ਰਿਪੋਰਟ ਪ੍ਰਕਾਸ਼ਿਤ ਕਰਨ ਦਾ ਫ਼ੈਸਲਾ ਕੀਤਾ ਸੀ ਪ੍ਰੰਤੂ ਅਸੀਂ  ਇਸਦੀ ਪ੍ਰਕਾਸ਼ਨਾ 'ਚ ਮਿੱਥੇ ਸਮੇਂ ਤੋਂ ਲੋਟ ਹੋ ਗਏ ਹਾਂ। ਰਿਪੋਰਟ ਇਕੱਠੀ ਕਰਨ ਦਾ ਕਾਰਜ ਖਾਸ ਕਰਕੇ ਅੰਕੜੇ ਇਕੱਠੇ ਕਰਕੇ ਪੇਸ਼ ਕਰਨ ਦਾ ਕਾਰਜ ਬੀ ਕੇ ਯੂ ਏਕਤਾ (ਉਗਰਾਹਾਂ) ਦੇ ਕਾਰਕੁੰਨਾਂ ਲਈ ਭਾਰੀ ਮਿਹਨਤ ਜੁਟਾਉਣ ਵਾਲਾ ਕਾਰਜ ਸੀ ਕਿਉਂ ਕਿ ਇਸਦਾ ਜਥੇਬੰਦੀ ਦੀਆਂ ਟੀਮਾਂ ਨੂੰ ਅਭਿਆਸ ਨਹੀਂ ਸੀ। 

ਸਾਡੇ ਪੱਤਰਕਾਰ ਵੱਲੋਂ ਤਿਆਰ ਕੀਤੀ ਗਈ ਇਹ ਵਿਸਥਾਰੀ ਰਿਪੋਰਟ ਇਸ ਉਮੀਦ ਨਾਲ ਪ੍ਰਕਾਸ਼ਿਤ ਕਰ ਰਹੇ ਹਾਂ ਕਿ ਹੜ੍ਹਾਂ ਦੀ ਸਥਾਈ ਸਮੱਸਿਆ ਦੇ ਪ੍ਰਸੰਗ 'ਚ  ਇਹ  ਇਨਕਲਾਬੀ ਜਮਹੂਰੀ ਲਹਿਰ ਦੇ ਕਾਰਕੁੰਨਾਂ ਲਈ ਕੁੱਝ ਪੱਖਾਂ ਤੋਂ ਲਾਹੇਵੰਦ ਸਾਬਤ ਹੋਵੇਗੀ।

ਸੰਪਾਦਕ, ਸੁਰਖ਼ ਲੀਹ

 ਹੜ੍ਹਾਂ ਦੇ ਕਹਿਰ ਦੀਆਂ ਮੁਜ਼ਰਮ ਹਕੂਮਤਾਂ
ਪੰਜਾਬ ਸਰਕਾਰ ਦੇ ਘੋਰ ਲੋਕ ਦੋਖੀ ਰੋਲ ਦੀ ਨਿਸ਼ਾਨਦੇਹੀ 

ਪੰਜਾਬ ਅੰਦਰ ਇਸ ਸਾਲ ਹੜ੍ਹਾਂ ਦੇ ਪਾਣੀ ਦਾ ਵਹਾਅ ਅਤੇ ਇਸਦਾ ਕਹਿਰ ਪਿਛਲੇ ਸਾਲਾਂ ਦੇ ਰਿਕਾਰਡਾਂ ਨੂੰ ਮਾਤ ਪਾਉਂਦਾ ਅੱਗੇ ਲੰਘ ਗਿਆ। ਇਸ ਦਾ ਅਕਾਰ ਪਸਾਰ ਸਥਾਨਕ ਨਾ ਰਹਿ ਕੇ ਸੂਬਾਈ ਬਣ ਗਿਆ। ਮਨੁੱਖੀ ਜਾਨਾਂ, ਜ਼ਮੀਨਾਂ , ਘਰ-ਘਾਟ ਅਤੇ ਘਰਾਂ ਦੇ ਸਾਜੋ-ਸਮਾਨ ਦੀ ਵੱਡੇ ਪੱਧਰ 'ਤੇ ਬਰਬਾਦੀ ਹੋਈ। ਲੋਕ ਸੇਵਾਵਾਂ ਦਾ ਉਸਾਰ ਢਾਚਾਂ ਸਕੂਲ, ਕਾਲਜ, ਹਸਪਤਾਲ ਤੇ ਸੜਕਾਂ ਵਗੈਰਾ ਨੂੰ ਸੇਵਾ ਕੇਦਰਾਂ ਵਜੋਂ ਉਖਾੜ ਦਿੱਤਾ ਗਿਆ। ਸੈਂਕੜੇ ਪਿੰਡਾਂ ਵਿੱਚ ਪਾਣੀ ਵੜ ਗਿਆ ਅਤੇ ਹਫ਼ਤਿਆਂ ਤੱਕ ਕਈ ਪਿੰਡ ਪਾਣੀ ਤੋਂ ਖਾਲੀ ਨਹੀਂ ਹੋਏ। ਦਰਜਨ ਪਿੰਡਾਂ ਵਿੱਚ ਪਾਣੀ ਡੋਬੂ ਹੋ ਗਿਆ। ਤੇਜ਼ ਵਹਾਅ ਮਨੁੱਖੀ ਜਾਨਾਂ ਤੇ ਪਸ਼ੂਆਂ ਨੂੰ ਰੋੜ੍ਹ ਕੇ ਲੈ ਗਿਆ। ਪੰਜਾਬ ਸਰਕਾਰ ਮੌਨਸੂਨ ਦੀ ਆਮਦ ਤੋਂ ਪਹਿਲਾਂ ਦੀ ਤਿਆਰੀ ਕਰਨ ਦੀ ਜਿੰਮੇਵਾਰੀ ਤੋਂ ਲੈ ਕੇ, ਹੜ੍ਹਾਂ ਦੀ ਆਮਦ ਦੇ ਸਮੇਂ ਲੋਕਾਂ ਨੂੰ ਚੌਕਸ ਕਰਨ, ਡੈਮਾਂ ਦਾ ਰੋੜ੍ਹ ਲਿਜਾਣ ਵਾਲਾ ਪਾਣੀ ਛੱਡਣਾ, ਡੁੱਬਦਿਆਂ ਨੂੰ ਬਾਹਰ ਕੱਢਣ ਅਤੇ ਡੁੱਬ ਗਿਆਂ ਨੂੰ ਮੁੱਢਲੀ ਸਹਾਇਤਾ ਪਹੁੰਚਾਣ ਤੋਂ ਲੈ ਕੇ ਮੁੜ-ਵਸੇਬਾ ਕਰਨ ਦੇ ਸਾਰੇ ਫਰਜ਼ਾਂ ਪ੍ਰਤੀ ਪੂਰੀ ਤਰ੍ਹਾਂ ਬੇਵਾਸਤਾ ਰਹੀ ਹੈ। ਬੱਜਟੀ ਰਕਮਾਂ ਜੁਟਾਉਣ ਦੀ ਫਰਜ਼ ਅਦਾਇਗੀ ਨਿਭਾਉਣਾ ਤਾਂ ਦੂਰ ਦੀ ਗੱਲ ਰਹੀ। ਕੇਂਦਰ ਸਰਕਾਰ ਇਸ ਜਲ-ਤਾਂਡਵ ਦੀ ਮੂਕ ਦਰਸ਼ਕ ਬਣਕੇ ਅਤੇ ਟਿਕ ਕੇ ਬੈਠੀ ਰਹੀ ਹੈ। ਦੋਵੇਂ ਸਰਕਾਰਾਂ ਹੜ੍ਹਾਂ ਦੇ ਕਹਿਰ ਦੀਆਂ ਮੁਜ਼ਰਮ ਹੋ ਨਿਬੜੀਆਂ ਹਨ। ਪਰ ਦੀਨ-ਦੁਖੀ ਦੇ ਦਰਦੀ ਪੰਜਾਬੀ ਲੋਕ ਆਵਦੀਆਂ ਇਤਿਹਾਸਕ ਰਵਾਇਤਾਂ 'ਤੇ ਪੂਰੇ ਉੱਤਰੇ ਹਨ। ਉਹ ਹੜ੍ਹਾਂ ਦੀ ਤੇਜ਼ੀ ਵਾਲੇ ਵਹਾਅ ਵਾਂਗ ਹੀ ਕੁੱਦ ਕੇ ਨਿੱਕਲੇ ਹਨ। ਲੋਕ ਸੇਵਾ ਦੇ ਭਖੇ ਮੈਦਾਨ 'ਚ ਛਾਲਾਂ ਮਾਰਕੇ ਉਤਰੇ ਹਨ। ਇਸ ਵਾਰ ਦੇ ਰਾਹਤ ਕਾਰਜਾਂ ਵਿੱਚ ਕੁੱਝ ਉਭਰਵੇਂ ਵਿਸ਼ੇਸ਼ ਪਹਿਲੂ ਹਨ। ਆਪਣੇ ਲੋਕ ਦੋਖੀ ਕਿਰਦਾਰਾਂ ਅਨੁਸਾਰ ਹੀ ਪੰਜਾਬ ਅਤੇ ਕੇਂਦਰ ਸਰਕਾਰ ਨੇ ਤਾਂ ਹੜ੍ਹਾਂ ਦੀ ਅਗਾਊਂ ਰੋਕਥਾਮ, ਹੜ੍ਹਾਂ ਦੇ ਸਿਖਰਲੇ ਸਮੇਂ ਅਤੇ ਉਤਰਾਅ ਦੇ ਸਮੇਂ ਤੱਕ ਇਸ ਪਾਸੇ ਦਿਖਾਵਾ ਮਾਤਰ ਸਰੋਕਾਰ ਵੀ ਨਹੀਂ ਪ੍ਰਗਟਾਇਆ। ਸਗੋਂ ਇਸੇ ਸਮੇਂ ਕਾਰਪੋਰੇਟ ਏਜੰਡਾ ਕਿਸਾਨੀ ਸਿਰ ਮੜ੍ਹਨ ਲਈ ਹਮਲੇ-ਦਰ-ਹਮਲਾ ਜਾਰੀ ਰੱਖਿਆ। ਹਮਲਿਆਂ ਦਾ ਤਾਂਤਾ ਬੰਨ੍ਹ ਦਿੱਤਾ। ਜਦ ਕਿ ਹੜ੍ਹਾਂ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਪੰਜਾਬ ਦੇ ਬਾਕੀ ਲੋਕ ਤੁਰਤ-ਫੁਰਤ ਜੁਆਬੀ ਧਾਵੇ ਵਾਂਗ ਨਿੱਤਰੇ ਹਨ। ਉੱਥੇ ਇਸ ਵਾਰ ਪਾਣੀ ਦੇ ਚੜ੍ਹਾਅ ਤੇ ਉਤਰਾਅ ਨਾਲ ਵਾਪਸ ਨਹੀਂ ਮੁੜੇ। ਪੰਜਾਬ ਦੇ ਲੋਕ, ਪੰਜਾਬ ਦੀ ਜਾਗਰਤ ਅਤੇ ਜਥੇਬੰਦ ਲੋਕ ਲਹਿਰ ਦੀ ਅਗਵਾਈ ਅਤੇ ਸਾਥ ਨਾਲ ਰਾਹਤ ਕਾਰਜਾਂ ਨੂੰ ਤੀਜੇ ਮਹੀਨੇ ਵੀ ਜਾਰੀ ਰੱਖ ਰਹੇ ਹਨ। ਪੰਜਾਬ ਦੀਆਂ ਸੇਵਾ ਭਾਵਨਾ ਲਈ ਡਟ ਖਲੋਣ ਦੀਆਂ ਰਵਾਇਤਾਂ ਨੂੰ ਅੱਗੇ ਲਿਜਾਅ ਰਹੇ ਹਨ। ਲੋਕ ਸੇਵਾ ਮੁਹਿੰਮ  ਨੂੰ ਜਥੇਬੰਦਕ ਸਰੂਪ ਦੇ ਰਹੇ ਹਨ। ਲੋਕਾਂ ਦਾ ਲੋਕਾਂ ਨਾਲ ਗੂੜ੍ਹਾ ਰਿਸ਼ਤਾ ਨਿਭਾਅ ਰਹੇ ਹਨ। ਆਵਦੀ ਹੋਣੀ ਨੂੰ ਲੋਕੀਂ ਆਵਦੇ ਹੱਥ ਲੈਣ ਦੇ ਰਾਹਾਂ 'ਤੇ  ਨਵੀਆਂ ਲੀਹਾਂ ਪਾ ਰਹੇ ਹਨ। ਨਵੇਂ ਪੂਰਨੇ ਪਾ ਰਹੇ ਹਨ। 

ਮੌਸਮ ਵਿਭਾਗ ਨੇ ਇਸ ਵਾਰ 15 ਅਪ੍ਰੈਲ ਨੂੰ ਹੀ ਖਬਰਦਾਰ ਕਰ ਦਿੱਤਾ ਸੀ ਕਿ ਇਸ ਵਾਰ ਮੀਂਹ ਆਮ ਨਾਲੋਂ 105% ਵੱਧ ਪੈਣਗੇ। ਪੰਜਾਬ ਸਰਕਾਰ ਦੇ ਸਾਹਮਣੇ 1988 ਵੇਲੇ ਦਾ ਹੜ੍ਹਾਂ ਦਾ ਤਜਰਬਾ ਵੀ ਪਿਆ ਸੀ। ਜਦੋਂ ਪੰਜਾਬ ਦੇ ਦਰਿਆ ਸਤੁਲਜ, ਰਾਵੀ, ਬਿਆਸ ਦਾ ਪਾਣੀ “ਗਮਾਂ ਦਾ ਪਾਣੀ” ਬਣ ਗਿਆ ਸੀ ਅਤੇ 500 ਤੋਂ ਵੱਧ ਜਾਨਾਂ ਨਿਗਲ ਗਿਆ ਸੀ। 1993 ਵਿੱਚ ਇਹੀ ਕੁੱਝ ਫਿਰ ਦੁਹਰਾਇਆ ਗਿਆ ਸੀ। ਇਸ ਸਾਲ 300 ਮਨੁੱਖੀ ਜਾਨਾਂ ਗੁਆਈਆਂ ਸਨ ਅਤੇ 6200 ਪਸ਼ੂ ਮਾਰੇ ਗਏ ਸਨ। “ਪੰਜਾਬ ਰਿਮੋਟ ਸੈਲਿੰਸ ਅਧਿਐਨ” ਨੇ ਆਵਦੇ ਅਧਿਐਨ ਵਿੱਚ ਦੱਸਿਆ ਸੀ ਕਿ 1988 ਵਿੱਚ ਪੰਜਾਬ ਦਾ 1890 ਏਕੜ ਰਕਬਾ ਹੜ੍ਹਾਂ ਦੀ ਮਾਰ ਹੇਠ ਆਇਆ ਸੀ, ਜਦੋਂ ਕਿ 1993 ਵਿੱਚ ਇਸ ਤੋਂ ਵੱਧ 19490 ਏਕੜ ਰਕਬਾ ਅਤੇ ਹਫਤਿਆਂ ਤੱਕ ਕਈ ਪਿੰਡ ਪਾਣੀ ਤੋਂ ਖਾਲੀ ਨਹੀਂ ਹੋਏ, ਹੜ੍ਹਾਂ ਦੀ ਮਾਰ ਹੇਠ ਆਇਆ। ਇਸ ਅਧਿਐਨ ਵਿੱਚ ਹੜ੍ਹਾਂ ਦੇ ਆਉਣ ਦੇ ਕਾਰਨਾਂ ਦੀ ਚਰਚਾ ਕਰਦਿਆਂ ਦੱਸਿਆ ਗਿਆ ਸੀ ਕਿ 1988 ਦੇ ਹੜ੍ਹਾਂ ਦੀ ਵਜ੍ਹਾ ਦਰਿਆਵਾਂ ਦੇ ਆਵਦੇ ਕੰਢਿਆਂ ਤੋਂ ਉੱਪਰ ਦੀ ਉਛਲ ਜਾਣਾ ਬਣਿਆ ਸੀ। ਜਦੋਂ ਕਿ 1993 ਵਿੱਚ ਹੜ੍ਹ ਆਉਣ ਦਾ ਪ੍ਰਮੁੱਖ ਕਾਰਨ ਦਰਿਆਵਾਂ ਅਤੇ ਨਹਿਰਾਂ ਦੇ ਬੰਨ੍ਹਾਂ ਵਿੱਚ ਪਾੜ੍ਹ ਪੈਣ ਸਦਕਾ ਹੜ੍ਹ ਆਏ ਸਨ। ਇਸ ਅਧਿਐਨ ਨੇ ਦੱਸਿਆ ਸੀ ਕਿ ਪੰਜਾਬ ਵਿੱਚ ਹੜ੍ਹਾਂ ਦੀ ਵਜ੍ਹਾ ਸਿਰਫ਼ ਕੁਦਰਤੀ ਨਹੀਂ ਹੈ, ਮਨੁੱਖ ਦੀ ਸਹੇੜੀ ਹੋਈ ਹੈ। ਅਧਿਐਨ ਨੇ ਦੱਸਿਆ ਕਿ ਮਨੁੱਖ ਦੀ ਸਹੇੜ ਦੇ ਕਾਰਨ ਹਨ:- ਧੁੱਸੀ ਬੰਨ੍ਹਾਂ ਦੀ ਦੇਖ-ਭਾਲ ਨਾ ਕਰਨਾ, ਦਰਿਆਵਾਂ ਦੇ ਕੰਢਿਆਂ ਦੀ ਦੇਖਭਾਲ ਨਾ ਕਰਨਾ, ਇਸ ਵਿੱਚ ਪਏ ਪਾੜ੍ਹਾਂ ਦਾ ਬਣੇ ਰਹਿਣਾ, ਨਹਿਰਾਂ,ਚੋਆਂ ਅਤੇ ਡਰੇਨਾਂ ਦੀ ਸਫ਼ਾਈ ਨਾ ਹੋਣਾ। ਜੀਹਦੇ ਕਰਕੇ ਹੜ੍ਹਾਂ ਦੇ ਸਮੇਂ ਆਉਣ ਵਾਲੇ ਵਾਫ਼ਰ ਪਾਣੀ ਨੂੰ ਸੰਭਾਲਿਆ ਨਹੀਂ ਜਾਂਦਾ। ਇਸ ਅਧਿਐਨ ਨੇ ਇਹ ਵੀ ਦਰਸਾਇਆ ਕਿ ਪੰਜਾਬ ਅੰਦਰ ਪਾਣੀ ਦੇ ਕੁਦਰਤੀ ਵਹਾਅ ਵਿੱਚ ਨਹਿਰਾਂ, ਰੇਲਾਂ ਤੇ ਸੜਕਾਂ ਦੀ ਉਸਾਰੀ ਤੇ ਇਸਦੀ ਕੁਢੱਬੀ ਦਿਸ਼ਾ ਨੇ ਇੱਕ ਹੱਦ ਤੱਕ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਹਨ ਅਤੇ ਪਾਣੀ ਦੇ ਕੁਦਰਤੀ ਵਹਾਅ ਵਾਲੇ ਖੇਤਰਾਂ ਨੂੰ ਵਾਹੀ ਹੇਠ ਲੈ ਆਂਦਾ ਹੈ। ਇਸ ਰਿਪੋਰਟ ਤੋਂ ਬਿਨਾਂ ਸਾਲ 2019 ਦੇ ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਰਿਪੋਰਟਾਂ ਨੇ ਚਿਤਾਵਨੀ ਦਿੱਤੀ ਸੀ ਕਿ ਪੰਜਾਬ ਦੇ ਦਰਿਆਵਾਂ ਵਿੱਚ 7000 ਲੱਖ ਟਨ ਰੇਤਾ ਅਤੇ ਬੱਜਰੀ ਭਰ ਚੁੱਕੀ ਹੈ। ਜੇਕਰ ਇਸਨੂੰ ਕੱਢ ਲਿਆ ਜਾਵੇ ਤਾਂ ਇਹ ਪਾਣੀ ਦੇ ਵਹਾਅ ਵਿੱਚ 15000 ਤੋਂ 50000 ਕਿਊਸਿਕ ਪਾਣੀ ਲਿਜਾਣ ਦੀ ਸਮਰੱਥਾ ਵੱਧ ਹਾਸਲ ਕਰ ਸਕਦੇ ਹਨ। ਇਹ ਰੇਤਾ ਅਤੇ ਬੱਜਰੀ ਆਮ ਸਮਝੀ ਜਾਂਦੀ ਗਾਰ ਨਹੀਂ ਹੈ। ਸਗੋਂ ਪੰਜਾਬ ਅੰਦਰ ਰੇਤੇ ਅਤੇ ਬੱਜਰੀ ਦੀ ਕੁੱਲ ਸਾਲਾਨਾ ਮੰਗ ਤੋਂ 15 ਗੁਣਾ ਵੱਧ ਰੇਤਾ ਅਤੇ ਬੱਜਰੀ ਹੈ। ਪਰ ਇਸ ਤੋਂ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਰਿਹਾ ਅਤੇ ਪੰਜਾਬ ਨੂੰ ਦੋ ਹੋਰ ਹੜ੍ਹਾਂ 2023 ਵਿੱਚ ਅਤੇ ਹੁਣ 2025 ਵਿੱਚ ਸਾਹਮਣਾ ਕਰਨਾ ਪੈ ਗਿਆ ਹੈ। ਇਹਨਾਂ ਹੜ੍ਹਾਂ ਨਾਲ ਹੋਰ ਰੇਤਾ ਅਤੇ ਬੱਜਰੀ ਜਮ੍ਹਾਂ ਹੋਣ ਸਦਕਾ ਦਰਿਆਵਾਂ ਦੇ ਪਾਣੀ ਦਾ ਵਹਾਅ ਸਾਂਭਣ ਦੀ ਸਮਰੱਥਾ ਹੋਰ ਵੀ ਘਟ ਗਈ ਹੈ। ਇਸ ਤੋਂ ਬਿਨਾਂ ਪੰਜਾਬ ਸਰਕਾਰ ਦੇ ਸਾਹਮਣੇ ਪੰਜਾਬ ਅੰਦਰ 1990 ਤੋਂ 2010 ਤੱਕ ਦੇ ਦੋ ਦਹਾਕਿਆਂ ਵਿੱਚ ਹੜ੍ਹਾਂ ਦੀ ਮਾਰ ਦੇ ਕਾਰਨਾਂ ਅਤੇ ਹੱਲ ਨੂੰ ਦਰਸਾਉਂਦੀ ਦਸਤਾਵੇਜ਼ ਵੀ ਮੌਜੂਦ ਸੀ ਜਿਹੜੀ “ਖੋਜ ਅਤੇ ਵਿਸ਼ੇਲੇਸ਼ਣਾਤਮਕ ਲੇਖਾ ਜੋਖਾ ਦਾ ਕੌਮਾਂਤਰੀ ਰਸਾਲਾ” ਵਿੱਚ ਛਪੀ ਸੀ। ਜਿਸਦਾ ਸਿਰਲੇਖ ਸੀ “ਪੰਜਾਬ (1990-2010) ਅੰਦਰ ਹੜ੍ਹਾਂ ਦੀ ਮਾਰ ਦਾ ਮਿਆਦੀ ਵਿਸ਼ਲੇਸ਼ਣ”। ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ “ਦਰਿਆਵਾਂ , ਨਹਿਰਾਂ ਦੀ ਮਾੜੀ ਸਾਂਭ-ਸੰਭਾਲ, ਬੰਨ੍ਹਾ ਦਾ ਕਮਜ਼ੋਰ ਪੈ ਜਾਣਾ, ਪ੍ਰਮੁੱਖ ਕਾਰਨ ਬਣੇ।” ਭਾਖੜਾ ਡੈਮ ਤੋਂ ਅਚਨਚੇਤ ਪਾਣੀ ਛੱਡਣ ਨਾਲ 1988 ਅਤੇ 2010 ਦੇ ਸਾਲਾਂ ਵਿੱਚ ਤਬਾਹਕੁੰਨ ਸਿੱਟੇ ਨਿਕਲੇ। ਘੱਗਰ ਦਰਿਆ ਦੇ ਖੇਤਰ ਦੀ ਬਣਤਰ ਨੂੰ ਰਿਪੋਰਟ ਦਰੁਸਤ ਨਹੀਂ ਸਮਝਦੀ ਸੀ। ਜਿਸ ਦੇ ਕਾਰਨ ਜਦ ਪਾਣੀ ਜ਼ਿਆਦਾ ਆਉਂਦਾ ਹੈ ਤਾਂ ਇਹ ਬਣਤਰ ਇਸਦੇ ਵਹਾਅ ਅੱਗੇ ਰੋਕ ਬਣ ਜਾਂਦੀ ਹੈ। ਇਸ ਨਾਲ ਹੜ੍ਹਾਂ ਦਾ ਖਤਰਾ ਵਧ ਜਾਂਦਾ ਹੈ। ਸਾਲ 2023 ਦੇ ਹੜ੍ਹਾਂ ਦੇ ਸਬਕਾਂ ਬਾਰੇ ਆਪ ਸਰਕਾਰ ਦੇ “ਪੰਜਾਬ ਜਲ ਸੋਮੇ ਵਿਭਾਗ” ਨੇ ਦਸਤਾਵੇਜ਼ ਜਾਰੀ ਕੀਤਾ ਹੈ, ਜਿਸਦਾ ਸਿਰਲੇਖ ਹੈ, “ਹੜ੍ਹ ਰੋਕੂ ਤਿਆਰੀ ਲਈ ਗਾਈਡ ਬੁੱਕ-2024”। ਇਸ ਦਸਤਾਵੇਜ਼ ਵਿੱਚ ਦੱਸਿਆ ਗਿਆ ਹੈ ਕਿ 2023 ਦੀ ਤਬਾਹੀ ਤੋਂ ਸਿੱਖ ਕੇ ਪੰਜਾਬ ਕਿਵੇਂ ਹੜ੍ਹਾਂ ਨਾਲ ਨਿਪਟਣ ਲਈ ਤਿਆਰ-ਬਰ-ਤਿਆਰ ਹੈ। ਇਸ ਸਰਕਾਰੀ ਰਿਪੋਰਟ ਵਿੱਚ ਦੱਸਿਆ ਕਿ ਹੜ੍ਹ ਆਉਣ ਲਈ ਹਾਲਤ ਪੈਦਾ ਇਸ ਤਰ੍ਹਾਂ ਕੀਤੀ ਜਾਂਦੀ ਹੈ, ਜਦੋਂ ਪਾਣੀ ਦੇ ਕੁਦਰਤੀ ਵਹਾਅ ਦੇ ਰਸਤੇ ਵਿੱਚ ਬਹੁਤ ਕਿਸਮ ਦੀਆਂ ਰੋਕਾਂ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ, ਖਾਸ ਕਰਕੇ ਅਜਿਹੀਆਂ ਉਸਾਰੀਆਂ ਜੋ ਪਾਣੀ ਦੇ ਨਿਕਾਸ ਵਿੱਚ ਰੋਕ ਖੜ੍ਹੀ ਕਰਦੀਆਂ ਹਨ। ਇਸ ਦਸਤਾਵੇਜ਼ ਨੇ ਅੱਗੇ ਵਿਆਖਿਆ ਕਰਦਿਆਂ ਸਤੁਲਜ ਦਰਿਆ 'ਤੇ ਬਣੇ ਇੱਕ ਪੁਲ ਦੀ ਠੋਸ ਉਦਾਹਰਨ ਦੀ ਵਿਆਖਿਆ ਕੀਤੀ। ਬਿਆਸ ਦਰਿਆ ਉੱਪਰ ਬਣੇ ਇੱਕ ਪੁਲ ਦਾ ਜ਼ਿਕਰ ਕੀਤਾ। ਇਸ ਦਸਤਾਵੇਜ਼ ਵਿੱਚ ਨਵੇਂ ਬਣੇ ਉੱਚੇ ਹਾਈਵੇਆਂ ਬਾਰੇ ਵੀ ਸਵਾਲ ਉਠਾਏ ਹਨ ਅਤੇ ਨੋਟ ਕੀਤਾ ਹੈ ਕਿ ਇਹਨਾਂ ਹਾਈਵੇਆਂ ਨੂੰ ਬਣਾਉਣ ਤੋਂ ਪਹਿਲਾਂ ਪਾਣੀ ਦੇ ਕੁਦਰਤੀ ਵਹਾਅ ਅਤੇ ਮੌਨਸੂਨ ਦੌਰਾਨ ਵਹਾਅ ਦੀ ਵਧੀ ਹੋਈ ਮਾਤਰਾ ਬਾਰੇ ਅਧਿਐਨ ਕਰਵਾਉਣ ਵੱਲ ਬਣਦੀ ਤਵੱਜ਼ੋ ਨਹੀਂ ਦਿੱਤੀ ਗਈ। ਸਿੱਟੇ ਵਜੋਂ ਪਾਣੀ ਦੀ ਰੋਕ ਨੇ ਸੇਮ ਅਤੇ ਹੜ੍ਹਾਂ ਦੀ ਹਾਲਤ ਵਿੱਚ ਪੈਦਾ ਕਰ ਦਿੱਤੀ ਹੈ। ਮੌਜੂਦਾ ਪੰਜਾਬ ਸਰਕਾਰ ਦੇ ਇਸ ਅਧਿਐਨ ਨੇ ਮੋਹਾਲੀ ਜ਼ਿਲ੍ਹੇ ਦੇ ਬਲਾਕ ਡੇਰਾਬਸੀ ਵਿੱਚ ਹੜ੍ਹਾਂ ਦੀ ਮਾਰ ਦੀ ਵਜ੍ਹਾ ਅਜਿਹੇ ਬੇਤਰਤੀਬੇ ਵਿਕਾਸ ਨੂੰ ਦੱਸਿਆ ਹੈ। ਇਸ ਤੋਂ ਬਿਨਾਂ ਨੋਟ ਕੀਤਾ ਹੈ ਕਿ ਦਰਿਆ ਦੇ ਤਲ ਵਿੱਚ ਵੱਡੇ ਪੱਧਰ 'ਤੇ ਸਫ਼ੈਦਿਆਂ ਦੀ ਬਿਜਾਈ ਪਾਣੀ ਦੀ ਨਿਕਾਸੀ ਵਿੱਚ ਰੋਕਾਂ ਖੜ੍ਹੀਆਂ ਕਰ ਰਹੀ ਹੈ। ਖੇਤੀ ਯੂਨੀਵਰਸਿਟੀ ਲੁਧਿਆਣਾ ਦੇ 2023 ਦੇ ਹੜ੍ਹਾਂ ਬਾਰੇ ਅਧਿਐਨ ਨੇ ਦੱਸਿਆ ਹੋਇਆ ਸੀ ਕਿ ਬਾਰਿਸ਼ਾਂ ਦੇ ਮੁੜ-ਮੁੜ ਹੋਣ ਅਤੇ ਵਧਵੀਂ ਮਾਤਰਾ ਵਿੱਚ ਹੋਣ ਦੇ ਪਿੱਛੇ ਮੌਸਮੀ ਤਬਦੀਲੀਆਂ ਦਾ ਵੱਡਾ ਹੱਥ ਹੈ। “ਪੰਜਾਬ ਵਿੱਚ 2023 ਦੇ ਹੜ੍ਹ: ਕਾਰਨ, ਅਸਰ ਅਤੇ ਸਬਕ” ਨਾਂ ਦੇ ਇਸ ਅਧਿਐਨ ਵਿੱਚ ਦੱਸਿਆ ਗਿਆ ਸੀ ਕਿ ਜਿਉਂ-ਜਿਉਂ ਸਮਾਂ ਲੰਘ ਰਿਹਾ ਹੈ, ਮੌਸਮੀ ਤਬਦੀਲੀਆਂ ਤੇਜ਼ੀ ਨਾਲ ਸਿਖਰੀਂ ਪਹੁੰਚ ਰਹੀਆਂ ਹਨ। 11 ਜੁਲਾਈ, 2023 ਨੂੰ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਆਮ ਪੱਧਰ ਤੋਂ 436% ਵੱਧ ਹੋਈ। ਜਿਸਦਾ ਸਿੱਟਾ ਇਹ ਨਿਕਲਿਆ ਕਿ ਇਹ ਪਾਣੀ ਹੇਠਾਂ ਪੰਜਾਬ ਵਿੱਚ ਆ ਗਿਆ ਅਤੇ ਇਸ ਨੇ ਪੰਜਾਬ ਵਿੱਚ ਹੜ੍ਹਾਂ ਦੀ ਹਾਲਤ ਸਿਰਜ ਦਿੱਤੀ। ਹਿਮਾਚਲ ਵਿੱਚ ਉਛਲਦਾ ਪਾਣੀ ਪੰਜਾਬ ਵਿੱਚ ਬਿਆਸ, ਘੱਗਰ ਅਤੇ ਸਤਲੁਜ ਵਿੱਚ ਆ ਗਿਆ ਅਤੇ ਪੰਜਾਬ ਦੀ 2.21 ਲੱਖ ਹੈਕਟੇਅਰ ਝੋਨੇ ਦੀ ਫਸਲ ਬਰਬਾਦ ਕਰ ਦਿੱਤੀ। ਪੰਜਾਬ ਸਰਕਾਰ ਦੇ “ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਪੰਜਾਬ ਸਰਕਾਰ) ਦੀ ਪ੍ਰਧਾਨ ਮੰਤਰੀ ਖੇਤੀ ਸਿੰਜਾਈ ਯੋਜਨਾ 2017” ਵਿੱਚ ਨੋਟ ਕੀਤਾ ਗਿਆ ਸੀ ਕਿ “ਪੰਜਾਬ ਦਾ ਨਹਿਰੀ ਢਾਂਚਾ, ਜਿਹੜਾ ਕਿ 150 ਸਾਲ ਪੁਰਾਣਾ ਹੋ ਚੁੱਕਿਆ ਹੈ, ਵਗ ਰਹੇ ਸਾਰੇ ਪਾਣੀ ਨੂੰ ਸੰਭਾਲਣ ਦੇ ਸਮਰੱਥ ਨਹੀਂ ਹੈ। ਇਸਦੀ ਵੱਡੇ ਪੱਧਰ 'ਤੇ ਮੁੜ ਬਹਾਲੀ ਦੀ ਲੋੜ ਹੈ।” ਅੰਗਰੇਜ਼ੀ ਦੇ ਅਖ਼ਬਾਰ “ਟਾਈਮਜ਼ ਆਫ਼ ਇੰਡੀਆ” 18 ਅਕਤੂਬਰ 2023 ਮੁਤਾਬਕ “ਪੰਜਾਬ ਵਿੱਚ ਨਹਿਰੀ ਤਾਣਾ ਬਾਣਾ ਵਾਹਵਾ ਤਕੜਾ ਹੋਣ ਦੇ ਬਾਵਜੂਦ ਮਾਲਵੇ ਦੀ ਭਾਖੜਾ ਮੇਨ ਲਾਇਨ ਨਹਿਰ 21% ਪਾਣੀ ਲਿਜਾਂਦੀ ਹੈ। ਘੱਗਰ ਬਰਾਂਚ 31% ਪਾਣੀ ਲਿਜਾਂਦੀ ਹੈ ਜਦੋਂ ਕਿ ਪਟਿਆਲਾ ਫੀਡਰ 45% ਲਿਜਾਂਦੀ ਹੈ।” ਇਸ ਤੋਂ ਬਿਨਾਂ ਅਸੀਂ ਇਸ ਹਕੀਕਤ ਤੋਂ ਭਲੀ ਭਾਂਤ ਜਾਣੂ ਹਾਂ ਕਿ ਪੰਜਾਬ ਦਾ ਨਹਿਰੀ ਢਾਂਚਾ ਜਰਜਰਾ ਹੋਣ ਸਦਕਾ ਪੰਜਾਬ ਆਵਦੇ ਹਿੱਸੇ ਆਉਂਦਾ ਪਾਣੀ ਵਰਤਣ ਤੋਂ ਆਹਰੀ ਹੈ। ਸਿਰਫ਼ ਇਸੇ ਵਜ੍ਹਾ ਕਰਕੇ ਪੰਜਾਬ ਆਵਦੇ ਹਿੱਸੇ ਆਉਂਦੇ ਪਾਣੀ ਦਾ 1/3 ਹਿੱਸਾ ਹੀ ਵਰਤ ਰਿਹਾ ਹੈ ਜਦੋਂ ਕਿ 2/3 ਹਿੱਸਾ ਪਾਣੀ ਅਣਵਰਤਿਆ ਪਾਕਿਸਤਾਨ ਵੱਲ ਚਲਾ ਜਾਂਦਾ ਹੈ। ਪੰਜਾਬੀ ਟ੍ਰਿਬਿਊਨ 21 ਜੂਨ 2025 ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਅੰਦਰ, “ਬੰਦ ਪਏ 60000 ਕਿਲੋਮੀਟਰ ਲੰਬੇ ਰਜਵਾਹਿਆਂ ਅਤੇ 79 ਨਹਿਰਾਂ ਨੂੰ ਮੁੜ-ਸੁਰਜੀਤ ਕਰਨ ਦੀ ਜ਼ਰੂਰਤ ਹੈ।” 1988 ਦੇ ਹੜ੍ਹਾਂ ਦੀ ਭਿਆਨਕ ਮਾਰ ਦੇ ਸਮੇਂ ਤੋਂ ਲੈ ਕੇ 2025 ਤੱਕ ਇਹ ਮਾਰ ਅਰਸਾਵਾਰ ਤਰੀਕੇ ਨਾਲ ਪੈਂਦੀ ਆ ਰਹੀ ਹੈ। ਹੁਣ ਦੇ ਸਾਲਾਂ ਵਿੱਚ ਆ ਕੇ ਇਹ ਅਰਸਾ ਬੇਹੱਦ ਘਟਦਾ ਜਾ ਰਿਹਾ ਹੈ,ਹੜ੍ਹਾਂ ਦੀ ਮਾਰ ਦਾ ਆਕਾਰ-ਪਸਾਰ ਅਤੇ ਕਹਿਰ ਵਧਦਾ ਜਾ ਰਿਹਾ ਹੈ। ਹੜ੍ਹਾਂ ਦੀ ਮਾਰ ਦੇ ਕਾਰਨਾਂ ਵਿੱਚ ਪਹਿਲਾਂ ਤੋਂ ਤੁਰੇ ਆਉਂਦੇ ਸਾਰੇ ਬੁਨਿਆਦੀ ਅਤੇ ਮੌਕੇ ਦੇ ਕਾਰਨ ਤਾਂ ਦੁਹਰਾਏ ਜਾ ਰਹੇ ਹਨ, ਸਗੋਂ ਨਵੇਂ ਤੋਂ ਨਵੇਂ ਇਸ ਮਾਰ ਨੂੰ ਜਲ-ਤਾਂਡਵ ਵਿੱਚ ਪਲਟਣ ਵਾਲੇ ਕਾਰਨ ਜਮ੍ਹਾਂ ਹੋ ਜਾਂਦੇ ਹਨ। ਇਸ ਲੰਬੇ ਅਰਸੇ ਵਿੱਚ ਕੇਂਦਰ ਅਤੇ ਸਾਡੇ ਸੂਬੇ ਵਿੱਚ ਹਰ ਇੱਕ ਪਾਰਟੀ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਹੈ। ਕਿਸੇ ਵੀ ਪਾਰਟੀ ਨੇ ਨਾ ਕੇਂਦਰ ਵਿੱਚ, ਨਾ ਪੰਜਾਬ ਵਿੱਚ ਕੋਈ ਝੂਠਾ ਚੋਣ ਵਾਅਦਾ ਵੀ ਨਹੀਂ ਕੀਤਾ ਕਿ ਉਹ ਦਰਿਆਈ ਪਾਣੀ ਅਤੇ ਹੜ੍ਹਾਂ ਦੇ ਪਾਣੀ ਦੀ ਸੰਭਾਲ ਕਰਨ ਦਾ ਇਰਾਦਾ ਰੱਖਦੇ ਹਨ। ਇਸ ਲਈ ਜਦੋਂ ਇਸ ਸਾਲ ਮੌਸਮ ਵਿਭਾਗ ਨੇ 15 ਅਪ੍ਰੈਲ ਨੂੰ 105% ਵੱਧ ਬਾਰਿਸ਼ ਹੋਣ ਦੀ ਚਿਤਾਵਨੀ ਦੇ ਦਿੱਤੀ, ਉਸ ਸਮੇਂ ਤੱਕ ਪਿਛਲੇ ਸਾਲਾਂ ਵਿੱਚ ਹੜ੍ਹਾਂ ਦੇ ਮਾਰੂ ਹੋ ਜਾਣ ਦਾ ਕਾਰਨ ਬਣਦੇ ਆ ਰਹੇ ਸਾਰੇ ਹਾਲਤ ਜਿਉਂ ਦੇ ਤਿਉਂ ਸਨ। ਪਹਿਲੀਆਂ ਸਰਕਾਰਾਂ ਦਾ ਬਦਲ ਪੇਸ਼ ਕਰਨ ਦੇ ਨਾਅਰੇ ਹੇਠ ਆਈ, ਰਾਜ ਗੱਦੀ ਤੱਕ ਪਹੁੰਚੀ ਸਰਕਾਰ ਨੇ ਵੀ ਇਸ ਮਸਲੇ ਬਾਰੇ ਡੱਕਾ ਵੀ ਦੂਹਰਾ ਨਹੀਂ ਸੀ ਕੀਤਾ। ਉਸ ਦੀ ਕਾਰਗੁਜ਼ਾਰੀ ਹੜ੍ਹਾਂ ਦੇ ਭਿਆਨਕ ਬਣ ਜਾਣ ਦਾ ਐਲਾਨ ਬਣੀ ਖੜ੍ਹੀ ਸੀ। ਪਰ ਜੇਕਰ ਇਸ ਸਰਕਾਰ ਨੂੰ ਮੌਸਮ ਵਿਭਾਗ ਦੀ ਅਗਾਊਂ ਭਵਿੱਖਬਾਣੀ ਹੀ ਜਗਾਅ ਦਿੰਦੀ ਤਾਂ ਵੀ ਮੋਹਲਤੀ ਸਮਾਂ 4 ਤੋਂ 4.5 ਮਹੀਨੇ ਦਾ ਬਣਦਾ ਸੀ। ਇਸ ਸਮੇਂ ਵੀ ਕਈ ਸਾਰੇ ਹੰਗਾਮੀ ਕਦਮ ਚੁੱਕੇ ਜਾ ਸਕਦੇ ਸਨ। ਮੋਹਲਤੀ ਸਮੇਂ ਵਿੱਚ ਸਰਕਾਰੀ ਕਾਰਗੁਜ਼ਾਰੀ ਬਿਨਾਂ ਸ਼ੱਕ ਵਾਤਾਵਰਣ ਅੰਦਰ ਤਬਦੀਲੀਆਂ ਸਦਕਾ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਵਾਤਾਵਰਣ ਨੂੰ ਸੁਧਾਰਨ ਪੱਖੋਂ ਇਸ ਮੋਹਲਤੀ ਸਮੇਂ ਵਿੱਚ ਕੁੱਝ ਵੀ ਨਹੀਂ ਕੀਤਾ ਜਾ ਸਕਦਾ ਸੀ। ਦਰਿਆਵਾਂ ਵਿੱਚ, ਡੈਮਾਂ ਵਿੱਚ ਅਤੇ ਬੰਨ੍ਹਾਂ ਵਿੱਚ ਜਮ੍ਹਾਂ ਹੋ ਚੁੱਕੀ ਲੱਖਾਂ ਟਨ ਰੇਤ, ਬਜਰੀ ਅਤੇ ਗਾਰ ਨੂੰ ਵਿਗਿਆਨਕ ਤਰੀਕੇ ਨਾਲ ਚੁੱਕ ਕੇ ਗਾਰ ਮੁਕਤ ਨਹੀਂ ਕੀਤਾ ਜਾ ਸਕਦਾ ਸੀ। ਦਰਿਆਈ ਪਾਣੀ ਨੂੰ ਡੈਮਾਂ ਰਾਹੀਂ ਸਟੋਰ ਕਰਨ ਦੀ ਸਮਰੱਥਾ ਵਧਾਉਣ ਲਈ ਗਾਰ ਮੁਕਤ ਕਰਨ ਦਾ ਸਮਾਂ ਲੰਘ ਚੁੱਕਾ ਸੀ। ਦਰਿਆਵਾਂ ਅਤੇ ਨਹਿਰਾਂ ਦੀ ਰੋੜ੍ਹ ਨੂੰ ਬਣਦੀ ਵਿਗਿਆਨਕ ਢਾਲ ਮੁਤਾਬਕ ਮੁੜ-ਲੈਵਲ ਕਰਨ ਦਾ ਕੰਮ ਹੁਣ ਨਹੀਂ ਹੋ ਸਕਦਾ ਸੀ। ਧੁੱਸੀ ਬੰਨ੍ਹਾਂ ਨੂੰ ਨਵੇਂ ਵਿਗਿਆਨਕ ਤਰੀਕਿਆਂ ਨਾਲ ਪੱਕਿਆਂ ਕਰਨ ਦਾ ਸਮਾਂ ਲੰਘ ਚੁੱਕਾ ਸੀ। ਪੰਜਾਬ ਦੇ ਜਰਜਰੇ ਹੋ ਚੁੱਕੇ ਨਹਿਰੀ ਢਾਂਚੇ ਨੂੰ ਨਵਿਆਉਣ ਦਾ ਵਿੱਢ ਵਿੱਢਣ ਦਾ ਮੌਕਾ ਲੰਘ ਚੁੱਕਾ ਸੀ। ਅੰਗਰੇਜ਼ਾਂ ਦੇ ਵੇਲਿਆਂ ਦੇ ਬਣੇ ਹੋਏ ਫਲੱਡ ਗੇਟਾਂ ਨੂੰ ਮੁਰਮੰਤ ਕਰਕੇ ਜਾਂ ਤਬਦੀਲ ਕਰਕੇ ਦਰਿਆਈ ਪਾਣੀ ਨੂੰ ਕਾਬੂ ਵਿੱਚ ਰੱਖਣ ਤੇ ਛੱਡਣ ਦੀ ਸਮਰੱਥਾ ਨੂੰ ਵਧਾਉਣ ਦਾ ਸਮਾਂ ਗੁਆਚ ਚੁੱਕਾ ਸੀ। ਪਰ ਆਲਮੀ ਤਪਸ਼ ਅਤੇ ਵਾਤਾਵਰਣ 'ਚ ਆਈਆਂ ਤਬਦੀਲੀਆਂ ਸਦਕਾ ਦੁਨੀਆਂ ਭਰ ਵਿੱਚ ਮੱਚੀ ਹਾਹਾਕਾਰ ਨੂੰ ਧਿਆਨ 'ਚ ਰੱਖਦਿਆਂ, ਇਸ ਸਿੱਟੇ 'ਤੇ ਤਾਂ ਪਹੁੰਚਿਆ ਜਾ ਸਕਦਾ ਸੀ ਕਿ ਇਸ ਸਾਲ ਦੀ 105% ਜ਼ਿਆਦਾ ਬਾਰਿਸ਼ਾਂ ਦੀ ਭਵਿੱਖਬਾਣੀ 1988,1993 ਅਤੇ 2023 ਦੇ ਸਾਲਾਂ 'ਚੋਂ ਕਿਸੇ ਵੀ ਸਾਲ ਦੇ ਕਹਿਰ ਨੂੰ ਦਹਰਾਅ ਸਕਦੀ ਹੈ! ਇਸ ਤੋਂ ਅੱਗੇ ਵੀ ਜਾ ਸਕਦੀ ਹੈ! ਮੋਹਲਤੀ ਸਮੇਂ ਵਿੱਚ ਪੈਦਾ ਹੋਈ ਅਜਿਹੀ ਸੋਝੀ ਬਹੁਤ ਸਾਰੇ ਕਦਮਾਂ ਦੇ ਪੂਰ ਜੰਗੀ ਪੱਧਰ 'ਤੇ ਚੁੱਕਣ ਦੀ ਪ੍ਰੇਰਨਾ ਬਣ ਸਕਦੀ ਸੀ। ਦਰਿਆਵਾਂ ਦੇ ਕੰਢਿਆਂ, ਧੁੱਸੀ ਬੰਨ੍ਹਾਂ ਅਤੇ ਨਹਿਰਾਂ, ਡਰੇਨਾਂ ਦੇ ਕੰਢਿਆਂ ਦੀ ਮਜ਼ਬੂਤੀ, ਯਕੀਨੀ ਕੀਤੀ ਜਾ ਸਕਦੀ ਸੀ। ਡਰੇਨਾਂ ਨਾਲਿਆਂ ਦੀ ਸਫ਼ਾਈ ਕਰਨ ਦਾ ਸਮਾਂ ਢੁੱਕਵਾਂ ਸੀ। ਦਰਿਆਵਾਂ ਦੇ ਪਾਣੀ ਦੀ ਰੋੜ੍ਹ ਵਿੱਚ ਰੁਕਾਵਟ ਬਣਦੀਆਂ ਉਸਾਰੀਆਂ, ਸਫ਼ੈਦਿਆਂ ਦੀਆਂ ਖੇਤੀਆਂ, ਧਾਰਮਿਕ ਡੇਰਿਆਂ ਦੀਆਂ ਨਜਾਇਜ਼ ਰੋਕਾਂ ਅਤੇ ਉਸਾਰੀਆਂ ਉੱਪਰ ਪੋਕਲੇਨਾ, ਜੇ.ਸੀ.ਬੀ. ਮਸ਼ੀਨਾਂ ਤੇ ਬੁਲਡੋਜ਼ਰ ਚੱਲ ਸਕਦੇ ਸਨ। ਪੰਜਾਬ ਦੇ ਲੋਕ ਸਰਕਾਰੀ ਮਹਿਕਮਿਆਂ ਦੀ ਕਾਮਾ ਸ਼ਕਤੀ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਕੰਮ ਵਿੱਚ ਲੱਕ ਬੰਨ੍ਹ ਕੇ ਲੱਗ ਸਕਦੇ ਸਨ। ਦਰਿਆਈ ਪਾਣੀ ਦੇ ਵਹਾਅ ਨੂੰ ਕਾਬੂ ਵਿੱਚ ਰੱਖਣ ਲਈ ਪਾਣੀ ਨੂੰ ਸਟੋਰ ਕਰਨ ਅਤੇ ਛੱਡਣ ਲਈ ਦਰਿਆਵਾਂ ਉੱਪਰ ਤਿੰਨ ਡੈਮ ਭਾਖੜਾ ਡੈਮ, ਥੀਨ ਡੈਮ ਅਤੇ ਰਣਜੀਤ ਸਾਗਰ ਡੈਮ ਉਸਾਰੇ ਗਏ ਹਨ। ਪਿਛਲੇ ਸਾਲਾਂ ਵਿੱਚ ਹੜ੍ਹਾਂ ਦਾ ਇੱਕ ਵੱਡਾ ਕਾਰਨ ਡੈਮਾਂ ਦੇ ਪਾਣੀ ਨੂੰ ਅਚਨਚੇਤ ਛੱਡਣਾ ਬਣਿਆ ਸੀ। ਇਸ ਮੋਹਲਤੀ ਸਮੇਂ ਦੌਰਾਨ ਬੀ.ਬੀ.ਐਮ.ਬੀ ਅਤੇ ਦੂਜੇ ਡੈਮਾਂ ਦੇ ਪੰਜਾਬ ਦੇ ਅਫ਼ਸਰਾਂ ਨੂੰ ਡੈਮਾਂ ਰਾਹੀਂ ਪਾਣੀ ਨੂੰ ਕੰਟਰੋਲ ਕਰਨ ਤੇ ਨਿਯਮਤ ਕਰਨ ਵਿੱਚ ਕੋਈ ਵੀ ਕੁਤਾਹੀ ਨਾ ਕਰਨ ਲਈ ਚੰਡਿਆ ਜਾ ਸਕਦਾ ਸੀ। ਦਰਿਆਵਾਂ ਦੇ ਉਛਾਲ ਸਮੇਂ, ਪਾਣੀ ਨੂੰ ਛੱਡਣ ਸਮੇਂ ਇਸਦੀ ਮਾਰ ਹੇਠ ਆਉਣ ਵਾਲੇ ਪਿੰਡ/ਖੇਤਰ ਤਹਿ ਹੋ ਜਾਂਦੇ ਹਨ। ਉਹਨਾਂ ਖੇਤਰਾਂ ਦੇ ਲੋਕਾਂ ਨਾਲ ਤੇ ਪ੍ਰਸ਼ਾਸ਼ਨ ਨਾਲ, ਸਜਿੰਦ ਰਾਬਤਾ ਸਥਾਪਤ ਕਰਨ ਲਈ ਢਾਂਚਾ ਅਗਾਊਂ ਰਵਾਂ ਕੀਤਾ ਜਾ ਸਕਦਾ ਸੀ। ਪਿੰਡ ਤੇ ਘਰ ਤੁਰਤ ਖਾਲੀ ਕਰਨ ਲਈ ਕਿਸ਼ਤੀਆਂ, ਮੋਟਰ ਬੋਟਾਂ ਅਤੇ ਹੋਰ ਸਾਧਨ ਤਿਆਰ-ਬਰ-ਤਿਆਰ ਰੱਖੇ ਜਾ ਸਕਦੇ ਸਨ। ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਸੁਰੱਖਿਅਤ ਬਾਹਰ ਲਿਆਂਦੇ ਜਾਣ ਵਾਲੇ ਪਰਿਵਾਰਾਂ, ਪਸ਼ੂਆਂ ਅਤੇ ਹੋਰ ਕੀਮਤੀ ਮਾਲ ਅਸਬਾਬ ਦੀ ਸਾਂਭ-ਸੰਭਾਲ ਕਰਨ ਲਈ ਅਗਾਊਂ ਮੁਕੰਮਲ ਤਿਆਰੀ ਕੀਤੀ ਜਾ ਸਕਦੀ ਸੀ। ਪਰ ਅਜਿਹਾ ਕਰਨ ਲਈ ਸੂਬਾਈ ਸਰਕਾਰਾਂ, ਕੇਂਦਰ ਸਰਕਾਰ ਦੇ ਸੰਬਧਤ ਵਿਭਾਗਾਂ, ਸਮੁੱਚੀ ਸਿਆਸੀ ਲੀਡਰਸ਼ਿਪ ਅਤੇ ਸਮੁੱਚੀ ਅਫਸਰਸ਼ਾਹੀ ਅਤੇ ਸਰਕਾਰੀ ਅਮਲੇ ਫੈਲੇ ਲਈ ਇਹ ਮੁੱਦਾ ਅਗਾਊਂ ਕੇਂਦਰ-ਬਿੰਦੂ ਬਣਨਾ ਚਾਹੀਦਾ ਸੀ, ਪਰ ਅਫਸੋਸ! ਇਹ ਮੁੱਦਾ ਅਗਾਊਂ ਕੇਂਦਰ ਬਿੰਦੂ ਤਾਂ ਕੀ ਬਣਨਾ ਸੀ, ਇਸ ਕਹਿਰ ਦੇ ਵਾਪਰਨ ਸਮੇਂ ਅਤੇ ਵਾਪਰ ਜਾਣ ਤੋਂ ਬਾਅਦ ਵੀ ਕੇਂਦਰ ਬਿੰਦੂ ਨਹੀਂ ਬਣਿਆ। ਸਰਕਾਰਾਂ ਦੀ ਕਾਰੁਗੁਜ਼ਾਰੀ ਬਾਂਝ ਹੋ ਨਿਬੜੀ ਹੈ। ਲੋਕਾਂ ਨਾਲ ਰਿਸ਼ਤੇ ਵਿੱਚ ਨਿਰੀ-ਖੋਟ ਭਰੀ ਹੋਣ ਸਦਕਾ ਕਾਰਗੁਜ਼ਾਰੀ ਬਾਂਝ ਹੋ ਗਈ ਹੈ। ਨਿਰੀ-ਖੋਟ ਕੁੱਟ-ਕੁੱਟ ਕੇ ਭਰੀ ਹੋਣ ਸਦਕਾ ਸਦਾ ਸਦਾ ਲਈ ਬਾਂਝ ਹੋ ਚੁੱਕੀ ਹੈ। ਇਸ ਮੋਹਲਤੀ ਸਮੇਂ ਦੌਰਾਨ ਸਰਕਾਰਾਂ ਨੇ ਕੀ ਉੱਕਾ ਨਹੀਂ ਕੀਤਾ ਅਤੇ ਅਤੇ ਕੀ ਪੱਬਾਂ ਭਾਰ ਹੋ ਕੇ ਕੀਤਾ। ਇਸ 'ਤੇ ਝਾਤ ਮਾਰਨਾ ਲੋਕਾਂ ਨਾਲ ਰਿਸ਼ਤੇ ਵਿਚਲੀ ਨਿਰੀ-ਖੋਟ ਸਾਬਤ ਕਰਨ ਵਾਲਾ ਸੁਲਤਾਨੀ ਸਬੂਤ ਬਣਦਾ ਹੈ। ਡਰੇਨਾਂ, ਨਹਿਰਾਂ ਦੀ ਅਗਾਊਂ ਸਫਾਈ 'ਚ ਕੁਤਾਹੀ: ਬਰਸਾਤੀ ਮੌਸਮ ਨਾਲ ਨਜਿੱਠਣ ਲਈ ਸਾਲਾਨਾ ਅਗਾਊਂ ਤਿਆਰੀ ਕਰਨ ਅਤੇ ਪਿਛਲੀਆਂ ਸਮੱਸਿਆਵਾਂ ਦਾ ਲੇਖਾ ਜੋਖਾ ਕਰਨ ਲਈ ਆਮ ਤੌਰ 'ਤੇ ਫਰਵਰੀ ਮਹੀਨਾ ਰੱਖਿਆ ਹੁੰਦਾ ਹੈ। ਪਰ ਕਿਉਂਕਿ ਆਮ ਆਦਮੀ ਪਾਰਟੀ ਉਸ ਸਮੇਂ ਦਿੱਲੀ ਚੋਣਾਂ ਵਿੱਚ ਗ੍ਰਸਤ ਸੀ। ਇਸ ਲਈ ਇਸ ਕੰਮ ਨੂੰ ਮਈ ਮਹੀਨੇ ਤੱਕ ਅੱਗੇ ਪਾ ਦਿੱਤਾ ਗਿਆ। ਇਸ ਅਗਾਊਂ ਤਿਆਰੀ ਸਮੀਖਿਆ ਦੇ ਸਮੇਂ ਲੁਧਿਆਣਾ ਦੀ ਚੋਣ ਆ ਗਈ। ਜੂਨ 'ਚ ਬੀ.ਬੀ.ਐਮ.ਬੀ ਨਾਲ ਝਗੜਾ ਲਮਕਾਈ ਰੱਖਿਆ। ਹਰਿਆਣੇ ਨਾਲ ਤਿੱਖਾ ਤਕਰਾਰ ਬਣਾਈ ਰੱਖਿਆ। ਮਾਹਿਰਾਂ ਦਾ ਦੋਸ਼ ਹੈ ਕਿ “ਹੜ੍ਹ ਸਿੰਜਾਈ ਵਿਭਾਗ ਦੀ ਘੋਰ ਨਾ-ਅਹਿਲੀਅਤ ਦਾ ਸਿੱਟਾ ਹਨ।” (ਸੋਮਾ ਇੰਡੀਅਨ ਐਕਸਪ੍ਰੈਸ, 2 ਸਤੰਬਰ 2025) ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ, ਜਿਹੜਾ ਮੁੱਖ ਮੰਤਰੀ ਦੇ ਹਲਕੇ ਦਾ ਸਿਆਸੀ ਇੰਚਾਰਜ ਵੀ ਹੈ, ਨੇ ਦੱਸਿਆ ਹੈ ਕਿ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਗੋਇਲ ਨੇ ਨਾਲਿਆਂ ਦੀ ਸਫ਼ਾਈ ਲਈ ਸਰਕਾਰੀ ਖਜ਼ਾਨੇ ਵਿੱਚੋਂ 250 ਕਰੋੜ ਰੁਪਏ ਕਢਵਾਏ ਹਨ। ਉਸਦਾ ਕਹਿਣਾ ਹੈ ਜਾਂ ਪੁੱਛਣਾ ਜਾਂ ਦੱਸਣਾ ਹੈ ਕਿ ਕੀ ਉਹ ਨਾਲਿਆਂ ਦੀ ਸਫ਼ਾਈ 'ਤੇ ਲੱਗੇ ਹਨ? ਕਿ 250 ਕਰੋੜ ਰੁਪਏ ਦੀ ਸਫ਼ਾਈ ਹੋ ਚੁੱਕੀ ਹੈ। ਉਸਨੇ ਅਜਿਹਾ ਬਿਆਨ ਉਹਨਾਂ ਦਿਨਾਂ ਵਿੱਚ ਦਿੱਤਾ ਸੀ, ਜਿੰਨ੍ਹਾਂ ਦਿਨਾਂ ਵਿੱਚ ਭਗਵੰਤ ਮਾਨ ਦੀ ਥਾਂ ਨਵਾਂ ਮੁੱਖ ਮੰਤਰੀ ਬਣਾਉਣ ਲਈ ਕਈ ਨਾਵਾਂ ਦੀ ਚਰਚਾ ਹੋ ਰਹੀ ਸੀ। ਪਰ ਜਿਉਂ ਹੀ ਮਾਨ ਦੀ ਕੁਰਸੀ ਬਚ ਗਈ, ਨਾਲ ਹੀ 250 ਕਰੋੜ ਰੁਪਏ ਦੀ ਸਫ਼ਾਈ ਹੋ ਜਾਣ ਦੀ ਖ਼ਬਰ ਦੀ ਸਫ਼ਾਈ ਹੋ ਗਈ। ਇਹ ਖ਼ਬਰ ਗਬਨ ਹੋ ਗਈ। ਸੇਮ ਨਾਲਿਆਂ ਦੀ ਸਫ਼ਾਈ ਦਾ ਠੇਕਾ ਲੈਣ ਵਾਲੇ ਪੋਕਲੇਨ ਦੇ ਇੱਕ ਮਾਲਕ ਅਤੇ ਕਾਮਿਆਂ ਨੇ ਰੋਸ ਕਰਦਿਆਂ ਦੱਸਿਆ ਕਿ ਇਸ ਸਾਲ ਸਫ਼ਾਈ ਲਈ ਠੇਕੇ ਦਿੱਤੇ ਨਹੀਂ ਗਏ। 2. ਡੈਮਾਂ ਦਾ ਲੈਵਲ ਨੀਵਾਂ ਨਾ ਕਰਨ ਦੀ ਕੁਤਾਹੀ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਦੇ ਸਾਬਕਾ ਸੀ.ਐਮ.ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਅਤੇ ਇਸੇ ਵਿਭਾਗ ਦੇ ਸਾਬਕਾ ਉੱਪ ਮੁੱਖ ਇੰਜਨੀਅਰ ਦਰਸ਼ਨ ਸਿੰਘ ਭੁੱਲਰ ਦਾ ਪੰਜਾਬੀ ਟ੍ਰਿਬਿਊਨ ਦੇ 25 ਸਤੰਬਰ 2025 ਦੇ ਅੰਕ ਵਿੱਚ “ਹੜ੍ਹ, ਕੁਦਰਤ ਅਤੇ ਮਨੁੱਖ” ਦੇ ਸਿਰਲੇਖ ਹੇਠ ਲੇਖ ਛਪਿਆ ਹੈ। ਇਹਨਾਂ ਤਕਨੀਕੀ ਮਾਹਿਰਾਂ ਨੇ ਡੈਮਾਂ ਰਾਹੀਂ ਹੜ੍ਹਾਂ ਦੇ ਪਾਣੀ ਨੂੰ ਨਿਯਮਤ ਕਰਨ ਦੀ ਵਿਧੀ, ਸਮਰੱਥਾ ਅਤੇ ਮੌਜੂਦਾ ਹੜ੍ਹਾਂ ਦੌਰਾਨ ਸਬੰਧਤ ਮੈਨੇਜਮੈਂਟਾਂ ਦੇ ਹਕੀਕੀ ਨਿਭਾਅ ਨੂੰ ਅੰਗਣ ਲਈ ਵਿਗਿਆਨਕ ਪੈਮਾਨਾ ਦਿੱਤਾ ਹੈ, ਇਸਦੀ ਵਿਆਖਿਆ ਮੁਹੱਈਆ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ “ਪੰਜਾਬ ਵਿੱਚ ਇਸ ਵਕਤ ਤਿੰਨ ਦਰਿਆਵਾਂ ਉੱਪਰ ਡੈਮ ਹਨ। ਡੈਮਾਂ ਦੇ ਮੁੱਖ ਮਕਸਦ ਪਾਣੀ ਨੂੰ ਕੁੰਡ 'ਚ (Reservior) 'ਚ ਜਮ੍ਹਾਂ ਕਰਕੇ ਕਾਬੂ ਕਰਨਾ ਹੁੰਦਾ ਹੈ ਤਾਂ ਕਿ ਘਰਾਂ ਤੇ ਉਦਯੋਗਾਂ ਲਈ ਪਾਣੀ ਦੀ ਸਪਲਾਈ, ਖੇਤੀਬਾੜੀ ਲਈ ਸਿੰਜਾਈ, ਹੜ੍ਹ ਕੰਟਰੋਲ ਅਤੇ ਪਣ-ਬਿਜਲੀ ਉਤਪਾਦਨ ਸਮੇਤ ਕਈ ਉਦੇਸ਼ਾਂ ਦੀ ਪੂਰਤੀ ਕੀਤੀ ਜਾ ਸਕੇ। ਡੈਮ ਯਕੀਨੀ ਬਣਾਉਂਦੇ ਹਨ ਕਿ ਪਾਣੀ ਜਦੋਂ ਅਤੇ ਜਿੱਥੇ ਲੋੜ ਹੋਵੇ ਉਪਲੱਬਧ ਹੋਵੇ। ਭਾਖੜਾ ਡੈਮ ਦੀ ਪਾਣੀ ਜਮ੍ਹਾਂ ਕਰਨ ਦੀ ਕੁੱਲ ਸਮਰੱਥਾ 7.8 ਐਮ.ਏ.ਐਫ. ਹੈ। (9.34 ਅਰਬ ਕਿਊਬਿਕ ਮੀਟਰ ਹੈ)। ਪੌਂਗ ਡੈਮ ਦੀ ਕੁੱਲ ਸਮਰੱਥਾ 8.57 ਅਰਬ ਕਿਊਬਕ ਮੀਟਰ ਹੈ ਅਤੇ ਥੀਨ ਡੈਮ ਦੀ ਪਾਣੀ ਜਮ੍ਹਾਂ ਕਰਨ ਦੀ ਕੁੱਲ ਸਮਰੱਥਾ 3.29 ਅਰਬ ਕਿਊਬਿਕ ਮੀਟਰ ਹੈ। ਤਿੰਨਾਂ ਡੈਮਾਂ ਦੀ ਸਮੁੱਚੀ ਸਮਰੱਥਾ ਨੂੰ ਜੋੜ ਲਈਏ ਤਾਂ ਇਹ 17.6627 ਮਿਲੀਅਨ ਏਕੜ ਫੁੱਟ ਬਣ ਜਾਂਦੀ ਹੈ। ਇਸਨੂੰ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਮਰੱਥਾ 176 ਲੱਖ 62 ਹਜ਼ਾਰ 700 ਏਕੜ ਵਿੱਚ ਇੱਕ ਫੁੱਟ ਪਾਣੀ ਜਮ੍ਹਾਂ ਕਰਨ ਦੇ ਬਰਾਬਰ ਬਣ ਜਾਂਦੀ ਹੈ। ਪੰਜਾਬ ਦੀ ਖੇਤੀ ਹੇਠਲੀ ਜ਼ਮੀਨ ਵਿੱਚ, ਜੋ 1 ਕਰੋੜ 5 ਏਕੜ ਦੇ ਕਰੀਬ ਮੰਨੀ ਜਾਂਦੀ ਹੈ, ਪੌਣੇ ਦੋ ਫੁੱਟ ਦੇ ਕਰੀਬ ਪਾਣੀ ਖੜ੍ਹ ਸਕਦਾ ਹੈ। ਇਸ ਵਿਸ਼ਾਲ ਸਮਰੱਥਾ ਨੂੰ ਜੇ ਬਣਾਈ ਰੱਖਿਆ ਜਾਵੇ, ਡੈਮ ਮੈਨੇਜਮੈਂਟ ਨੂੰ ਚੁਸਤ ਦਰੁਸਤ ਰੱਖਿਆ ਜਾਵੇ ਤਾਂ ਬਹੁਤ ਭਾਰੀ ਬਾਰਿਸ਼ਾਂ ਨੂੰ ਵੀ ਡੈਮ ਮੈਨੇਜਮੈਂਟ ਰਾਹੀਂ ਸੰਭਾਲਿਆ ਜਾ ਸਕਦਾ ਹੈ। ਹੜ੍ਹਾਂ ਨੂੰ ਡੈਮ ਮੈਨੇਜਮੈਂਟ ਰਾਹੀਂ ਕਾਬੂ ਕਰਨ ਲਈ ਡੈਮ ਵਿੱਚ ਵੱਧ ਤੋਂ ਵੱਧ ਪਾਣੀ ਦਾ ਲੈਵਲ ਰੱਖਣ ਅਤੇ ਘੱਟ ਤੋਂ ਘੱਟ ਤੱਕ ਨੀਵਾਂ ਲੈ ਜਾਣ ਦੀਆਂ ਸੀਮਾਵਾਂ ਮਿਥੀਆਂ ਹੁੰਦੀਆਂ ਹਨ। ਮੌਨਸੂਨ ਦੇ ਆਉਣ ਵੇਲੇ ਜੇ ਬਾਰਿਸ਼ਾਂ ਦੀ ਭਵਿੱਖਬਾਣੀ ਹੋ ਜਾਂਦੀ ਹੈ ਤਾਂ ਤਿੰਨੇ ਹੀ ਡੈਮਾਂ ਨੂੰ ਹੇਠਲੇ ਲੈਵਲ 'ਤੇ ਲਿਆਂਦਾ ਜਾ ਸਕਦਾ ਹੁੰਦਾ ਹੈ ਅਤੇ ਵਧਵੀਂ ਬਾਰਿਸ਼ ਨੂੰ ਸੰਭਾਲਣ ਲਈ ਤਿੰਨਾਂ ਹੀ ਡੈਮਾਂ ਵਿੱਚ ਰਾਖਵੀਂ ਸਮਰੱਥਾ ਪੈਦਾ ਕਰਕੇ ਇਸਨੂੰ ਡੈਮ ਮੈਨੇਜਮੈਂਟ ਦੇ ਮਾਹਿਰ ਆਵਦੇ ਹੱਥ ਹੇਠ ਰੱਖ ਸਕਦੇ ਹਨ। ਤਿੰਨ ਡੈਮਾਂ ਦੀ ਰਾਖਵੀਂ ਕੀਤੀ ਜਾ ਸਕਣ ਵਾਲੀ ਸਮਰੱਥਾ ਵੀ ਬਹੁਤ ਹੁੰਦੀ ਹੈ। ਭਾਖੜਾ ਡੈਮ ਦੇ ਪਾਣੀ ਦੀ ਸਤਹ ਦਾ ਖੇਤਰਫਲ 168 ਵਰਗ ਕਿਲੋਮੀਟਰ ਹੈ। ਇਸ ਡੈਮ ਵਿੱਚ 218 ਫੁੱਟ ਡੂੰਘਾ ਪਾਣੀ ਰਾਖਵਾਂ ਰੱਖ ਕੇ ਸੰਭਾਲਿਆ ਜਾ ਸਕਦਾ ਹੈ। ਪੌਂਗ ਡੈਮ ਦੇ ਉਪਰਲੇ ਪਾਣੀ ਦੀ ਸਤਹ 260 ਵਰਗ ਕਿਲੋਮੀਟਰ ਹੈ ਇਸ ਵਿੱਚ 91 ਫੁੱਟ ਡੂੰਘਾ ਪਾਣੀ ਰਾਖਵਾਂ ਕੀਤਾ ਜਾ ਸਕਦਾ ਹੈ। ਤੀਜੇ ਥੀਨ ਡੈਮ ਦੇ ਪਾਣੀ ਦੀ ਸਤਹ 240 ਵਰਗ ਕਿਲੋਮੀਟਰ ਹੈ। ਇਸ ਵਿੱਚ 161 ਫੁੱਟ ਡੂੰਘਾ ਪਾਣੀ ਸੁਰੱਖਿਅਤ ਕੀਤਾ ਜਾ ਸਕਦਾ ਹੈ। ਇਹਨਾਂ ਤਿੰਨਾਂ ਡੈਮਾਂ ਵਿੱਚ ਹੜ੍ਹਾਂ ਦੇ ਸਮੇਂ ਡੈਮ ਮੈਨੇਜਮੈਂਟ ਰਾਹੀਂ ਪਾਣੀ ਨੂੰ ਰਾਖਵਾਂ ਕਰਨ ਲਈ 99 ਹਜ਼ਾਰ ਵਰਗ ਕਿਲੋਮੀਟਰ ਵਿੱਚ (99098.4 ਵਰਗ ਕਿਲੋਮੀਟਰ) ਇੱਕ ਫੁੱਟ ਤੱਕ ਚੜ੍ਹਾਅ ਜਿੰਨਾ ਰਾਖਵਾਂ ਕੀਤਾ ਜਾ ਸਕਦਾ ਹੈ।” ਇਸ ਵਾਰ ਮੌਸਮ ਵਿਭਾਗ ਨੇ 15 ਅਪ੍ਰੈਲ ਨੂੰ ਹੀ ਖਬਰਦਾਰ ਕਰ ਦਿੱਤਾ ਸੀ ਕਿ ਮੀਂਹ ਆਮ ਨਾਲੋਂ 105% ਵੱਧ ਪੈਣਗੇ। ਆਧੁਨਿਕ ਵਿਗਿਆਨ ਮੌਸਮ ਬਾਰੇ ਠੀਕ-ਠੀਕ ਜਾਣਕਾਰੀ ਦੇਣ ਦੇ ਸਮਰੱਥ ਹੈ। ਜੇ ਮੌਸਮ ਦੀ ਭਵਿੱਖਬਾਣੀ ਧਿਆਨ ਵਿੱਚ ਰੱਖ ਕੇ ਡੈਮ ਖਾਲੀ ਕਰਵਾ ਲਏ ਜਾਣ ਤਾਂ ਹੜ੍ਹਾਂ ਦੀ ਮਾਰ ਤੋਂ ਬਚਿਆ ਜਾ ਸਕਦਾ ਹੈ। ਸਮੇਂ ਸਿਰ ਡੈਮ ਖਾਲੀ ਕਰਨ ਨਾਲ ਮੀਂਹ ਵੇਲੇ ਵੀ ਕੈਚਮੈਂਟ ਏਰੀਏ ਤੋਂ ਆ ਰਹੇ ਪਾਣੀ ਨੂੰ ਪੂਰਾ ਛੱਡਣ ਦੀ ਬਜਾਏ ਨਿਯਮਤ (Regulate) ਕੀਤਾ ਜਾ ਸਕਦਾ ਹੈ। ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਵਿੱਚ ਕੁੱਲ 7.8 ਮਿਲੀਅਨ ਏਕੜ ਫੁੱਟ (7.8 ਐਮ.ਏ.ਐਫ) ਪਾਣੀ ਜਮ੍ਹਾ ਕੀਤਾ ਜਾ ਸਕਦਾ ਹੈ। ਡੈਮ ਨੂੰ ਵੱਧ ਤੋਂ ਵੱਧ 1680 ਫੁੱਟ ਤੱਕ ਭਰਿਆ ਜਾ ਸਕਦਾ ਹੈ ਅਤੇ 1462 ਫੁੱਟ ਤੱਕ ਖਾਲੀ ਕੀਤਾ ਜਾ ਸਕਦਾ ਹੈ। ਇਸ ਡੈਮ ਨੂੰ ਸਤੰਬਰ ਤੱਕ ਭਰਿਆ ਜਾਂਦਾ ਹੈ ਅਤੇ ਅਕਤੂਬਰ ਤੋਂ ਲੋੜ ਮੁਤਾਬਕ ਤੇ ਸੰਭਾਵੀ ਪਾਣੀ ਦੀ ਆਮਦ ਦੇ ਮੱਦੇਨਜ਼ਰ ਖਾਲ਼ੀ ਕੀਤਾ ਜਾਣਾ ਚਾਹੀਦਾ ਹੈ। ਕੀ ਡੈਮ ਅਪਰੇਸ਼ਨ ਵਿਧੀ ਸੁਚਾਰੂ ਢੰਗ ਨਾਲ ਅਪਣਾਈ ਜਾ ਰਹੀ ਹੈ? ਸਾਲ 2025 ਵਿੱਚ ਭਾਖੜਾ ਡੈਮ ਦਾ ਲੈਵਲ 30 ਜੂਨ 2025 ਨੂੰ 1575 ਫੁੱਟ ਸੀ। ਇਸਨੂੰ ਮੌਨਸੂਨ ਸ਼ੁਰੂ ਹੋਣ ਵੇਲੇ ਤੱਕ ਹੇਠਾਂ ਨਹੀਂ ਲਿਆਂਦਾ ਗਿਆ। ਮੌਨਸੂਨ ਦੇ ਸ਼ੁਰੂ ਹੋਣ ਵੇਲੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਘੱਟੋ-ਘੱਟ ਪੱਧਰ ਤੋਂ 113 ਤੋਂ 143 ਫੁੱਟ ਉੱਚਾ ਰੱਖਿਆ ਗਿਆ। ਪੌਂਗ ਡੈਮ ਦੇ ਪਾਣੀ ਦਾ ਪੱਧਰ ਘੱਟੋ-ਘੱਟ ਪੱਧਰ ਤੋਂ 46 ਤੋਂ 76 ਫੁੱਟ ਤੱਕ ਵੱਧ ਰੱਖਿਆ ਗਿਆ ਅਤੇ ਰਣਜੀਤ ਸਾਗਰ ਡੈਮ ਦਾ 59 ਫੁੱਟ ਤੱਕ ਵੱਧ ਰੱਖਿਆ ਗਿਆ। ਜੇ ਡੈਮ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਖਾਲੀ ਕੀਤੇ ਹੁੰਦੇ, ਖਾਸ ਕਰਕੇ 2025 ਦੌਰਾਨ (ਜਦੋਂ ਭਵਿੱਖਬਾਣੀ ਭਾਰੀ ਮੀਂਹ ਦੀ ਸੀ) ਤਾਂ ਹੜ੍ਹਾਂ ਦਾ ਖਤਰਾ ਟਾਲਿਆ ਜਾ ਸਕਦਾ ਸੀ। 3. ਫਲੱਡ ਗੇਟ ਖੋਲ੍ਹਣ 'ਚ ਦੇਰੀ ਇੰਜ: ਬਲਦੇਵ ਸਿੰਘ ਸਰਾਂ ਅਤੇ ਦਰਸ਼ਨ ਸਿੰਘ ਭੁੱਲਰ ਅੱਗੇ ਜਾ ਕੇ ਫਲੱਡ ਗੇਟ ਦੇਰੀ ਨਾਲ ਖੋਲ੍ਹਣ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ ਕਰਦੇ ਹਨ। ਉੱਥੇ ਅਜਿਹਾ ਕਰਨ ਨਾਲ ਹੋਣ ਵਾਲੀ ਤਬਾਹੀ ਦੇ ਖੇਤਰ ਦੀ ਨਿਸ਼ਾਨਦੇਹੀ ਕਰਦੇ ਹਨ। ਉਹ ਲਿਖਦੇ ਹਨ, “ਜੇ ਡੈਮਾਂ ਦੇ ਫਲੱਡ ਗੇਟ ਖੋਲ੍ਹਣ ਦੇ ਸਮੇਂ ਅਤੇ ਲੈਵਲ ਦੇ ਅੰਕੜੇ ਦੇਖੀਏ ਤਾਂ ਲੈਵਲ ਖਤਰੇ ਦੇ ਨਿਸ਼ਾਨ ਵੱਲ ਤੇਜ਼ੀ ਨਾਲ ਵਧਣ ਦੇ ਬਾਵਜੂਦ ਫਲੱਡ ਗੇਟ ਦੇਰੀ ਨਾਲ ਖੋਲ੍ਹੇ ਜਾਂਦੇ ਹਨ। ਇਸ ਵਾਰ ਸਾਲ 2025 ਵਿੱਚ ਭਾਖੜਾ ਡੈਮ ਦਾ ਲੈਵਲ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਤੋਂ ਘੱਟ ਸੀ। ਪੌਂਗ ਡੈਮ ਦਾ ਲੈਵਲ 15 ਫੁੱਟ ਘੱਟ ਸੀ। ਜਦੋਂ ਕਿ ਰਣਜੀਤ ਸਾਗਰ ਡੈਮ ਦਾ ਲੈਵਲ ਸਿਰਫ਼ 2 ਫੁੱਟ ਘੱਟ ਸੀ। ਫਲੱਡ ਗੇਟ ਦੇਰੀ ਨਾਲ ਖੋਲ੍ਹਣ ਕਰਕੇ ਡੈਮਾਂ ਦੇ ਕੈਚਮੈਂਟ ਖੇਤਰ ਵਿੱਚ ਆ ਰਿਹਾ ਪਾਣੀ ਇੱਕਦਮ ਸਿੱਧਾ ਹੀ ਚਲਾ ਜਾਂਦਾ ਹੈ ਜੋ ਦਰਿਆਵਾਂ ਦੇ ਬੰਨ੍ਹ, ਖਾਸ ਕਰਕੇ ਧੁੱਸੀ ਬੰਨ੍ਹ ਟੁੱਟਣ ਦਾ ਕਾਰਨ ਬਣਦਾ ਹੈ।” ਤਿੰਨਾਂ ਹੀ ਡੈਮਾਂ ਦਾ ਕੈਂਚਮੈਂਟ ਏਰੀਏ ਦਾ ਕੁੱਲ ਮਿਲਵਾਂ ਰਕਬਾ 75626 ਵਰਗ ਕਿਲੋਮੀਟਰ ਹੈ। ਭਾਖੜਾ ਡੈਮ ਦਾ ਕੈਚਮੈਂਟ ਏਰੀਆ 56980 ਵਰਗ ਕਿਲੋਮੀਟਰ, ਪੌਂਗ ਡੈਮ ਦਾ 12560 ਵਰਗ ਕਿਲੋਮੀਟਰ ਹੈ ਅਤੇ ਥੀਨ ਡੈਮ ਦਾ ਕੈਂਚਮੈਂਟ ਏਰੀਆ 6086 ਵਰਗ ਕਿਲੋਮੀਟਰ ਹੈ। ਤਿੰਨ ਡੈਮਾਂ ਦਾ ਕੁੱਲ ਜੁੜਵਾਂ ਕੈਚਮੈਂਟ ਏਰੀਆ ਪੰਜਾਬ ਦੇ ਭੂਗੋਲਿਕ ਰਕਬੇ, 50362 ਵਰਗ ਕਿਲੋਮੀਟਰ ਤੋਂ ਡੂਢਾ ਬਣ ਜਾਂਦਾ ਹੈ, ਜੇਕਰ ਡੈਮਾਂ ਦਾ ਪਾਣੀ ਖ਼ਤਰੇ ਦੇ ਨਿਸ਼ਾਨਾਂ ਦੇ ਨੇੜੇ ਜਾਣ 'ਤੇ ਹੀ ਛੱਡਿਆ ਜਾਂਦਾ ਹੈ ਤਾਂ 75-76 ਹਜ਼ਾਰ ਵਰਗ ਕਿਲੋਮੀਟਰ ਕੈਚਮੈਂਟ ਏਰੀਆ ਵਿੱਚ ਜੋ ਤਿੰਨ ਸੂਬਿਆਂ ਤੱਕ ਪਸਰਿਆ ਹੈ, ਪੈਣ ਵਾਲੀ ਬਰਸਾਤ ਦਾ ਪਾਣੀ ਡੈਮਾਂ ਵਿੱਚ ਰੋਕਣਾ ਸੰਭਵ ਨਹੀਂ ਹੁੰਦਾ। ਸਿੱਧਾ ਹੀ ਜਾਂਦਾ ਹੈ। ਧੁੱਸੀ ਬੰਨ੍ਹਾਂ ਉੱਪਰ ਧਾਵਾ ਕਰਕੇ ਪਿੰਡਾਂ ਨੂੰ ਡੁਬੋ ਦੇਣ ਦਾ ਸਾਧਨ ਬਣਦਾ ਹੈ। 4. ਗਾਰ ਦੀ ਮਾਰ ਡੈਮਾਂ ਰਾਹੀਂ ਪਾਣੀ ਨੂੰ ਜਮ੍ਹਾਂ ਕਰਕੇ ਨਿਯਮਤ ਕਰਨ ਅਤੇ ਹੜ੍ਹਾਂ ਦੀ ਰੋਕਥਾਮ ਕਰਨ ਦੀ ਸਮਰੱਥਾ ਨੂੰ ਇੱਕ ਹੋਰ ਪਾਸੇ ਤੋਂ ਵੀ ਭਾਰੀ ਮਾਰ ਪਈ ਹੋਈ ਹੈ। ਪੰਜਾਬ ਦੇ ਜਲ ਸੋਮਿਆਂ ਦੇ ਸਾਬਕਾ ਸਕੱਤਰ ਸ੍ਰੀ ਕਾਹਨ ਸਿੰਘ ਪੰਨੂੰ ਅੰਗਰੇਜ਼ੀ ਟ੍ਰਿਬਿਊਨ ਦੇ ਇੱਕ ਲੇਖ “ਮੌਸਮੀ ਤਬਦੀਲੀਆਂ, ਡੈਮ ਅਤੇ ਜਮ੍ਹਾਂ ਹੋਈ ਗਾਰ ਪੰਜਾਬ ਦੇ ਦਰਿਆਵਾਂ ਦੀ ਸੰਘੀ ਕਿਵੇਂ ਘੁੱਟ ਰਹੀ ਹੈ?”, ਵਿੱਚ ਇਸ ਪਾਸੇ ਧਿਆਨ ਦਿਵਾਉਂਦੇ ਹਨ , ਉਹ ਲਿਖਦੇ ਹਨ “ਦਹਾਕਿਆਂ ਤੋਂ ਦਰਿਆਵਾਂ ਵਿੱਚ ਜਮ੍ਹਾਂ ਹੋ ਰਹੀ ਗਾਰ ਨੇ ਹੈੱਡਵਰਕਸਾਂ ਅਤੇ ਡੈਮਾਂ ਦੀ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਬੁਰੀ ਤਰ੍ਹਾਂ ਘਟਾ ਦਿੱਤੀ ਹੈ। ਉਦਾਹਰਨ ਦੇ ਤੌਰ 'ਤੇ ਫਿਰੋਜ਼ਪੁਰ ਹੈੱਡਵਰਕਸ, ਜੋ 1928 ਵਿੱਚ ਬਣਿਆ ਸੀ, ਪਾਣੀ ਸਟੋਰ ਕਰਨ ਦੀ ਸਮਰੱਥਾ 24000 ਏਕੜ ਫੁੱਟ ਹੈ। ਪਰ ਹੁਣ ਇਹ ਘਟ ਕੇ 5000 ਏਕੜ ਫੁੱਟ ਰਹਿ ਗਈ। ਹਰੀਕੇ ਹੈੱਡਵਰਕਸ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ ਜੋ 67000 ਏਕੜ ਫੁੱਟ ਸੀ, ਹੁਣ ਘਟ ਕੇ 10000 ਏਕੜ ਫੁੱਟ ਰਹਿ ਗਈ ਹੈ। ਜਦੋਂ ਕਿ ਭਾਖੜਾ ਡੈਮ 1956 ਵਿੱਚ ਸਤਲੁਜ 'ਤੇ ਬਣਿਆ, ਪੌਂਗ ਡੈਮ 1972 'ਚ ਬਿਆਸ ਦਰਿਆ ਉੱਪਰ ਬਣਿਆ ਅਤੇ ਰਣਜੀਤ ਸਾਗਰ ਡੈਮ 1999 ਵਿੱਚ ਰਾਵੀ ਉੱਪਰ ਬਣਿਆ। ਇਹਨਾਂ ਡੈਮਾਂ ਦੇ ਬਣਨ ਸਮੇਂ ਭਾਖੜਾ ਡੈਮ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 9.34 ਅਰਬ ਕਿਊਬਕ ਮੀਟਰ ਸੀ, ਪੌਂਗ ਡੈਮ ਦੀ ਸਮਰੱਥਾ 8.57 ਅਰਬ ਕਿਊਬਿਕ ਮੀਟਰ ਸੀ ਅਤੇ ਰਣਜੀਤ ਸਾਗਰ ਡੈਮ ਦੀ ਪਾਣੀ ਸਟੋਰ ਕਰਨ ਦੀ ਸਮਰੱਥਾ 3.24 ਅਰਬ ਕਿਊਬਕ ਮੀਟਰ ਸੀ। ਇਹਨਾਂ ਸਾਰਿਆਂ ਦੀ ਸਮਰੱਥਾ ਵਿੱਚ 20% ਦੀ ਕਮੀ ਆ ਚੁੱਕੀ ਹੈ। ਅੱਜ ਹਾਲਤ ਇਹ ਬਣ ਗਈ ਹੈ ਕਿ ਜੇਕਰ ਡੇਢ ਲੱਖ ਕਿਊਸਕ ਪਾਣੀ ਵੀ ਸਤਲੁਜ ਅਤੇ ਬਿਆਸ ਵਿੱਚ ਵੱਧ ਛੱਡ ਦਿੱਤਾ ਜਾਵੇ ਤਾਂ ਹੜ੍ਹਾਂ ਦੀ ਤਬਾਹੀ ਸ਼ੁਰੂ ਹੋ ਜਾਂਦੀ ਹੈ।” ਜਲ ਸਰੋਤ ਵਿਭਾਗ ਪੰਜਾਬ ਹੇਠ ਕੰਮ ਕਰਦੇ ਪੰਜਾਬ ਨਹਿਰੀ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਗਾਰ ਦੀ ਸਮੱਸਿਆ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 2019 ਅਤੇ 2023 ਦੇ ਮੁਕਾਬਲੇ, “ਹਾਲਤ ਬਹੁਤ ਜ਼ਿਆਦਾ ਗੰਭੀਰ ਹੈ। ਕੁੱਝ ਥਾਵਾਂ 'ਤੇ ਦਰਿਆਵਾਂ ਦੀ ਡੂੰਘਾਈ ਐਨੀ ਜ਼ਿਆਦਾ ਘਟ ਗਈ ਹੈ ਕਿ ਦਰਮਿਆਨੀ ਜਿਹੀ ਬਾਰਿਸ਼ ਜਾਂ ਵਾਫ਼ਰ ਪਾਣੀ ਦੀ ਕਾਬੂ ਹੇਠ ਰੱਖ ਕੇ ਕੀਤੀ ਨਿਕਾਸੀ ਵੀ ਬੰਨ੍ਹਾਂ ਨੂੰ ਤੋੜ ਰਹੀ ਹੈ।” ਇਸੇ ਤਰ੍ਹਾਂ ਇਸ ਸਵਾਲ ਦੇ ਜੁਆਬ ਵਿੱਚ ਕਿ ਕੀ ਪੰਜਾਬ ਦੇ ਦਰਿਆਵਾਂ ਅਤੇ ਡੈਮਾਂ ਵਿੱਚ ਬਹੁਤ ਜ਼ਿਆਦਾ ਗਾਰ ਭਰ ਚੁੱਕੀ ਹੈ? ਜਲ ਸਰੋਤ ਵਿਭਾਗ ਪੰਜਾਬ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਜਵਾਬ ਬਹੁਤ ਸਾਫ਼ ਹੈ। “ਪੰਜਾਬ ਵਿੱਚ ਹੜ੍ਹ ਆਉਣ ਦੇ ਬਹੁਤ ਸਾਰੇ ਕਾਰਨ ਹਨ, ਸਮੇਤ ਲਾਮਿਸਾਲ ਬਰਸਾਤਾਂ ਦੇ। ਪਰ ਕੁੱਝ ਥਾਵਾਂ 'ਤੇ ਗਾਰ ਸਦਕਾ ਸਾਡੇ ਦਰਿਆਵਾਂ ਦੀ ਸੰਘੀ ਘੁੱਟੀ ਪਈ ਹੈ। ਸਤਲੁਜ, ਬਿਆਸ, ਰਾਵੀ ਅਤੇ ਬਰਸਾਤੀ ਨਾਲਿਆਂ ਜਿਵੇਂ ਘੱਗਰ ਅਤੇ ਚੱਕੀ ਦੇ ਤਲ ਦੇ ਪੱਧਰ ਗਾਰ ਸਦਕਾ ਕਈ ਥਾਵਾਂ 'ਤੇ 5 ਤੋਂ 12 ਫੁੱਟ ਤੱਕ ਉੱਚਾ ਹੋ ਚੁੱਕਾ ਹੈ ਅਤੇ ਕੁਦਰਤ ਦੀ ਕਰੋਪੀ ਇਹਨਾਂ ਜਖ਼ਮਾਂ ਨੂੰ ਡੂੰਘਾ ਕਰ ਰਹੀ ਹੈ।” 2019 ਦੇ ਹੜ੍ਹਾਂ ਤੋਂ ਬਾਅਦ, ਪੰਜਾਬ ਸਰਕਾਰ ਦੀ 2020 ਦੀ ਇੱਕ ਰਿਪੋਰਟ ਵਿੱਚ ਚਿਤਾਵਨੀ ਦਿੱਤੀ ਗਈ ਸੀ ਕਿ ਪੰਜਾਬ ਦੇ ਦਰਿਆਵਾਂ ਵਿੱਚ 7000 ਲੱਖ ਟਨ ਰੇਤਾ ਅਤੇ ਬੱਜਰੀ ਭਰ ਚੁੱਕੀ ਹੈ, ਜੇਕਰ ਇਸ ਨੂੰ ਕੱਢ ਦਿੱਤਾ ਜਾਵੇ ਤਾਂ ਪਾਣੀ ਦੀ ਨਿਕਾਸੀ ਦੀ ਸਮਰੱਥਾ ਵਿੱਚ 15000-50000 ਕਿਊਸਕ ਦਾ ਵਾਧਾ ਹੋ ਸਕਦਾ ਹੈ। ਜਮ੍ਹਾਂ ਰੇਤ ਅਤੇ ਬੱਜਰੀ ਦੀ ਮਾਤਰਾ ਪੰਜਾਬ ਅੰਦਰ ਰੇਤ ਬੱਜਰੀ ਦੀ ਕੁੱਲ ਮੰਗ ਤੋਂ 15 ਗੁਣਾ ਵੱਧ ਹੈ।” ਉਸ ਤੋਂ ਬਾਅਦ ਆਏ ਦੋ ਹੜ੍ਹਾਂ ਸਦਕਾ 2023 ਅਤੇ ਹੁਣ 2025 ਵਿੱਚ ਇਸ ਦੀ ਮਾਤਰਾ ਵਿੱਚ ਹੋਰ ਵਾਧਾ ਹੋ ਗਿਆ ਹੈ। ਪਿਛਲੀਆਂ ਸਾਰੀਆਂ ਸਰਕਾਰਾਂ ਨੇ ਪੰਜਾਬ ਦੇ ਸੱਤ ਬਲਾਕਾਂ ਵਿੱਚ ਕਈ ਦਰਜਨ ਮਾਈਨਿੰਗ ਥਾਵਾਂ ਉੱਪਰੋਂ ਰੇਤਾ ਬੱਜਰੀ ਚੁੱਕਣ ਲਈ ਮਨਜ਼ੂਰੀ ਦਿੱਤੀ, ਤਾਂ ਜੋ ਠੇਕੇਦਾਰਾਂ ਦੀ ਨਿਗਰਾਨੀ ਹੇਠ ਰਹਿੰਦਿਆਂ ਦਰਿਆ ਦੇ ਤਲ ਨੂੰ ਨੀਵਾਂ ਕਰ ਦੇਣ। ਪਰ ਅੰਦਰੂਨੀ ਸੋਮਿਆਂ ਦਾ ਕਹਿਣਾ ਹੈ ਕਿ ਇਹ ਯੋਜਨਾ ਬੇਦਿਲੀ ਨਾਲ ਬਣੀ ਅਤੇ ਇਸ ਨੇ ਟਾਕੀਆਂ ਲਾਉਣ ਵਰਗਾ ਕੰਮ ਕੀਤਾ। ਸਿੰਚਾਈ ਵਿਭਾਗ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ, “ਇਧਰੋਂ-ਉਧਰੋਂ ਕੁੱਝ ਟਰੱਕ ਭਰ ਲੈਣ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ, ਸਮੱਸਿਆ ਤਾਂ ਇਹ ਹੈ ਕਿ ਹਜ਼ਾਰਾਂ ਲੱਖ ਟਨ ਰੇਤਾ, ਬੱਜਰੀ, ਗਾਰ ਪਾਣੀ ਦੇ ਨਿਕਾਸ ਨੂੰ ਰੋਕ ਰਿਹਾ ਹੈ।” ਇਹਨਾਂ ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਹੈ ਕਿ ਸਿਰਫ਼ ਨਿਯਮਬੱਧ, ਵਿਗਿਆਨਕ ਗਾਰ ਨਿਕਾਸੀ ਹੀ ਹੰਢਣਸਾਰ ਰਾਹਤ ਮੁਹੱਈਆ ਕਰ ਸਕਦੀ ਹੈ। ਬਰਸਾਤੀ ਮੌਸਮ ਸਮੇਂ ਦਰਿਆਵਾਂ ਦੇ ਕੈਚਮੈਂਟ ਖੇਤਰਾਂ ਵਿੱਚ ਬੇ-ਥਾਹ ਪਾਣੀ ਜਮ੍ਹਾਂ ਹੁੰਦਾ ਤੇ ਹੇਠਾਂ ਡਿੱਗਦਾ ਹੈ। ਨਿਯਮਬੱਧ ਵਿਗਿਆਨਕ ਗਾਰ ਨਿਕਾਸੀ ਕਰਨ ਲਈ ਦਰਿਆ ਦੇ ਤਲ ਵਿੱਚ ਡੂੰਘੀ ਕੇਂਦਰੀ ਨਿਕਾਸੀ ਨਾਲੀ ਖੋਦਣੀ ਹੁੰਦੀ ਹੈ (cunette), ਦਰਿਆ ਦਾ ਤਲ ਦਰਿਆ ਦੀ ਕੁਦਰਤੀ ਢਾਲ ਦੇ ਪੱਧਰ ਨੂੰ ਬਰਕਰਾਰ ਰੱਖਣਾ ਹੁੰਦਾ ਹੈ ਅਤੇ ਦਰਿਆ ਦੀ ਕੁਦਰਤੀ ਢਾਲ ਦੇ ਪੱਧਰ 'ਤੇ ਲਿਆਉਣਾ ਹੁੰਦਾ ਹੈ। “ਜੇਕਰ ਅਸੀਂ ਹੜ੍ਹ ਮਾਰੇ ਲੋਕਾਂ ਲਈ ਰਾਹਤ ਪਹੁੰਚਾਉਣ ਲਈ ਜਿੰਨੀ ਰਾਸ਼ੀ ਹਰ ਇੱਕ ਹੜ੍ਹ ਤੋਂ ਬਾਅਦ ਖਰਚਦੇ ਹਾਂ ਤਾਂ ਇਸ ਤੋਂ ਅੱਧੀ ਰਾਸ਼ੀ ਨਾਲ ਹੀ ਇਸ ਤਰੀਕੇ ਨਾਲ ਗਾਰ-ਮੁਕਤ ਹੋ ਜਾਈਏ ਤਾਂ ਹੜ੍ਹ ਸਾਨੂੰ ਹਰ ਦੋ ਸਾਲਾਂ ਬਾਅਦ ਮਾਰ ਹੇਠ ਨਹੀਂ ਲਿਆ ਸਕਦੇ।” ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਫਸਰਾਂ ਨੇ ਦੱਸਿਆ ਡੈਮਾਂ ਨੂੰ ਗਾਰ ਮੁਕਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਜਦੋਂ ਤੋਂ ਭਾਖੜਾ ਅਤੇ ਪੌਂਗ ਡੈਮ ਬਣੇ ਹਨ, ਇਹਨਾਂ ਜਲ ਭੰਡਾਰਾਂ ਵਿੱਚੋਂ ਕਦੇ ਵੀ ਗਾਰ ਨਹੀਂ ਕੱਢੀ ਗਈ। ਉਪਰੋਕਤ ਸਾਰੇ ਹਵਾਲੇ 18 ਸਤੰਬਰ 2025 ਦੇ ਅੰਗਰੇਜ਼ੀ ਟ੍ਰਿਬਿਊਨ ਵਿੱਚ ਛਪੀ “ਅੰਜੂ ਅਗਨੀਹੋਤਰੀ ਚਾਬਾ” ਦੀ ਪੜਤਾਲੀਆ ਰਿਪੋਰਟ ਵਿੱਚੋਂ ਲਏ ਗਏ ਹਨ। ਸ੍ਰੀ ਚਾਬਾ ਨੇ ਜਦੋਂ ਉਪਰਕੋਤ ਪੜਤਾਲੀਆ ਰਿਪੋਰਟ ਬਾਰੇ ਬੀ.ਬੀ.ਐਮ.ਬੀ. ਦੇ ਚੇਅਰਮੈਨ ਸ੍ਰੀ ਮਨੋਜ ਤ੍ਰਿਪਾਠੀ ਨੂੰ ਸੰਪਰਕ ਕਰਨ ਦਾ ਯਤਨ ਕੀਤਾ ਤਾਂ ਵਾਰ-ਵਾਰ ਕੀਤੇ ਯਤਨਾਂ ਦੇ ਬਾਵਜੂਦ ਚੇਅਰਮੈਨ ਰਾਬਤੇ ਵਿੱਚ ਨਹੀਂ ਆਇਆ। ਜਲ ਨਿਕਾਸੀ ਵਿਭਾਗ ਦੇ ਇੱਕ ਉੱਚ ਅਫਸਰ ਨੇ ਕਿਹਾ ਕਿ ਹੁਣ ਜਦੋਂ ਪਾਣੀ ਉਤਰ ਜਾਵੇਗਾ ਤਾਂ ਪੰਜਾਬ ਦੇ ਹੜ੍ਹ ਮਾਰੇ ਪਿੰਡਾਂ ਅਤੇ ਸ਼ਹਿਰਾਂ ਦੇ ਸਾਹਮਣੇ ਉਹੀ ਸਵਾਲ ਉਭਰਿਆ ਖੜ੍ਹਾ ਹੈ, ਕੀ ਜਿਹੜੀਆਂ ਥਾਵਾਂ ਤੋਂ ਗਾਰ ਕੱਢਣ ਦੀ ਜ਼ਰੂਰਤ ਹੈ ਉਹ ਜ਼ਰੂਰਤ ਫਾਇਲਾਂ ਵਿੱਚ ਹੀ ਦੱਬੀ ਰਹੇਗੀ, ਜਾਂ ਸਰਕਾਰ ਅਗਲੇ ਮੌਨਸੂਨ ਸੈਸ਼ਨ ਆਉਣ ਤੱਕ ਆਵਦੇ ਦਰਿਆਵਾਂ ਦੀ ਖੁਦਾਈ ਕਰਕੇ ਇਹਨਾਂ ਨੂੰ ਸਾਫ਼ ਕਰ ਦੇਵੇਗੀ। 5. ਬੇਕਾਬੂ ਹੜ੍ਹਾਂ ਦਾ ਧੁੱਸੀ ਬੰਨ੍ਹਾਂ 'ਤੇ ਧਾਵਾ ਹੜ੍ਹਾਂ ਦੇ ਪਾਣੀ ਨੂੰ ਕਾਬੂ ਵਿੱਚ ਰੱਖਣ ਦੇ ਸਾਰੇ ਸੰਭਵ ਉਪਰਾਲੇ ਕਿਵੇਂ ਅਣਛੋਹੇ ਛੱਡੇ ਗਏ ਹਨ, ਇਸ ਬਾਰੇ ਕੁੱਝ ਜਾਣਕਾਰੀ ਕਾਫ਼ੀ ਵਿਸਥਾਰ ਨਾਲ ਉੱਪਰ ਦਰਜ ਕੀਤੀ ਗਈ ਹੈ। ਪਰ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਸਾਲ ਉੱਤਰੀ ਭਾਰਤ 2013 ਦੇ ਸਾਲ ਤੋਂ ਬਾਅਦ, ਸਭ ਤੋਂ ਵੱਧ ਬਾਰਿਸ਼ ਵਾਲਾ ਵਰ੍ਹਾ ਹੋ ਨਿਬੜਿਆ ਹੈ। ਇਸ ਦੇ ਕਾਰਨ ਦੱਸਦਿਆਂ ਭਾਰਤੀ ਮੌਸਮ ਵਿਭਾਗ ਨੇ ਅੰਕੜੇ ਜਾਰੀ ਕੀਤੇ ਹਨ। ਭਾਰਤੀ ਮੌਸਮ ਵਿਭਾਗ ਨੇ (ਅਖਬਾਰ ਦਾ ਇਕਨਾਮਿਕ ਟਾਈਮਜ਼ 28 ਅਗਸਤ, 2025 ਵਿੱਚ) ਦੱਸਿਆ ਹੈ ਕਿ ਪੰਜਾਬ ਵਿੱਚ 25 ਅਗਸਤ 2025 ਦੀ ਸਵੇਰ 8.30 ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 1272 ਫੀਸਦੀ ਵੱਧ ਬਾਰਿਸ਼ ਹੋਈ ਹੈ। ਆਮ ਤੌਰ 'ਤੇ ਇਸ ਸਮੇਂ 3.5 ਮਿਲੀਮੀਟਰ ਬਾਰਿਸ਼ ਹੁੰਦੀ ਹੈ, 12/13 ਗੁਣਾ ਵੱਧ ਬਾਰਿਸ਼ ਹੋਈ ਹੈ। ਇਸੇ ਦਿਨ ਹਿਮਾਚਲ ਵਿੱਚ 5/6 ਗੁਣਾ ਵੱਧ (554%) ਬਾਰਿਸ਼ ਹੋਈ ਹੈ, ਹਰਿਆਣਾ ਵਿੱਚ ਵੀ 7 ਗੁਣਾ ਵੱਧ ਬਾਰਿਸ਼ ਹੋਈ ਹੈ। ਇਸ ਸਾਲ ਪੰਜਾਬ ਵਿੱਚ ਮੌਨਸੂਨ ਦੇ ਸ਼ੁਰੂ ਵਿੱਚ ਹੀ 1 ਅਗਸਤ ਤੋਂ 25 ਅਗਸਤ ਤੱਕ 20% ਵੱਧ ਬਾਰਿਸ਼ ਹੋ ਚੁੱਕੀ ਸੀ, ਹਰਿਆਣਾ ਵਿੱਚ 14% ਵੱਧ ਬਾਰਿਸ਼ ਹੋ ਚੁੱਕੀ ਸੀ ਅਤੇ ਹਿਮਾਚਲ ਵਿੱਚ 44% ਵੱਧ ਬਾਰਿਸ਼ ਹੋ ਚੁੱਕੀ ਸੀ। ਭਾਰਤੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਬਾਰਿਸ਼ ਦੇ ਬਹੁਤ ਜ਼ਿਆਦਾ ਦੋਣ ਦਾ ਕਾਰਨ ਇਹ ਹੈ ਕਿ ਇੱਕ ਪਾਸੇ ਤੋਂ ਪੱਛਮੀ ਹਲਚਲ (Western Disturbance) ਅਤੇ ਦੂਜੇ ਪਾਸੇ ਤੋਂ ਮੌਨਸੂਨ ਹਵਾਵਾਂ ਜੋ ਬੰਗਾਲ ਦੀ ਖਾੜੀ ਵਿੱਚੋਂ ਉੱਠਦੀਆਂ ਹਨ ਜਾਂ ਕਦੇ ਅਰਬ ਸਾਗਰ 'ਚੋਂ ਉੱਠਦੀਆਂ ਹਨ, ਜਦ ਉੱਤਰੀ ਭਾਰਤ ਦੇ ਖਿੱਤੇ ਵਿੱਚ ਇਕੱਠੀਆਂ ਹੋ ਜਾਂਦੀਆਂ ਹਨ ਤਾਂ ਬਾਰਿਸ਼ਾਂ ਧਰਲ-ਧਰਲ ਪੈਂਦੀਆਂ ਹਨ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਸਭ ਤੋਂ ਵੱਧ ਬਾਰਿਸ਼ਾਂ ਇਸ ਸਾਲ ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਪਈਆਂ ਹਨ। ਸਤਲੁਜ ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਆਉਣ ਲਈ ਇਕੱਠਾ ਹੋਣ ਵਾਲਾ ਇਹੀ ਖੇਤਰ ਹੈ। ਇਸ ਨੂੰ ਕੈਚਮੈਂਟ ਏਰੀਆ ਕਿਹਾ ਜਾਂਦਾ ਹੈ। ਇੱਥੇ ਵਰ੍ਹਿਆ ਪਾਣੀ, ਤਬਾਹੀ ਮਚਾਉਂਦਾ ਪਾਣੀ, ਪੰਜਾਬ ਵਿਚਲੇ ਪਾਣੀ ਨਾਲ ਆ ਰਲਦਾ ਹੈ, ਦਰਿਆਵਾਂ ਵਿੱਚ ਵਗਦਾ ਹੈ। ਸੇਮ ਨਾਲਿਆਂ, ਚੋਆਂ ਤੇ ਮੌਸਮੀ ਨਾਲਿਆਂ 'ਚ ਮਾਰ ਕਰਦਾ ਹੈ। ਨਦੀਆਂ ਨਾਲਿਆਂ ਦੀ ਅਗਾਊਂ ਸਫਾਈ ਕਰਨ ਤੋਂ ਮੁਨਕਰ ਹੋ ਜਾਣਾ, ਤਿੰਨ ਡੈਮਾਂ ਦੇ ਪਾਣੀ ਨੂੰ ਮੌਨਸੂਨ ਦੇ ਸ਼ੁਰੂ ਹੋਣ ਸਮੇਂ ਨੀਵੇਂ ਤੋਂ ਨੀਵੇਂ ਪੱਧਰ 'ਤੇ ਲੈ ਆਉਣ ਦੀ ਪੇਸ਼ਬੰਦੀ ਨੂ ਹਰਕਤਹੀਣ ਬਣਾ ਦੇਣਾ, ਡੈਮਾਂ ਤੇ ਦਰਿਆਵਾਂ ਦਾ ਗਾਰ ਨਾਲ ਭਰੇ ਹੋਣਾ ਅਤੇ ਡੈਮਾਂ ਨੂੰ ਖਤਰੇ ਦੇ ਨਿਸ਼ਾਨ ਦੇ ਨੇੜੇ ਆਉਣ ਸਮੇਂ ਛੱਡਣਾ-ਸਰਕਾਰਾਂ ਦੇ ਇਹ ਸਾਰੇ ਕੁਕਰਮ ਹੜ੍ਹਾਂ ਦੇ ਕਹਿਰ ਨੂੰ ਜਰਬਾਂ ਦਿੰਦੇ ਹਨ। ਹੜ੍ਹਾਂ ਦੇ ਕਹਿਰ ਦੇ ਸਾਹਮਣੇ ਲੋਕਾਈ ਦੇ ਹਿਤ ਲਈ ਖੜ੍ਹੇ ਕੀਤੇ ਰੱਖਿਆ ਪ੍ਰਬੰਧ ਨੂੰ ਤਾਕ 'ਤੇ ਰੱਖ ਦਿੰਦੇ ਹਨ। ਨਾਸ਼ ਕਰਕੇ ਰੱਖ ਦਿੰਦੇ ਹਨ। ਬਾਰਿਸ਼ਾਂ ਦਾ ਧਰਲ-ਧਰਲ ਵਰ੍ਹਨਾ ਤੇ ਬੱਦਲਾਂ ਦਾ ਫਟਣਾ ਅਤੇ ਇਸ ਰੋੜ੍ਹ ਨੂੰ ਮਨੁੱਖੀ ਰੋਕਾਂ ਲਾਉਣ ਵਾਲੇ ਸਾਡੇ ਸਰਕਾਰੀ ਪ੍ਰਬੰਧ ਦਾ ਰਾਵੀ ਦਰਿਆ ਦੇ ਜਰਜਰੇ ਬੰਧ ਵਾਂਗ ਰੁੜ੍ਹ ਜਾਣਾ, ਅੱਗੇ ਜਾ ਕੇ ਧੁੱਸੀ ਬੰਨ੍ਹਾਂ ਉੱਪਰ ਧਾਵੇ ਦਾ ਰੂਪ ਧਾਰ ਲੈਂਦਾ ਹੈ। ਇਹ ਧੁੱਸੀ ਬੰਨ੍ਹ ਪਹਿਲਾਂ ਹੀ ਧੁੱਸੀ ਦੇ ਬਣੇ ਹੋਏ ਹੁੰਦੇ ਹਨ। ਦੂਜੇ ਇਹਨਾਂ ਨੂੰ ਗੈਰਕਾਨੂੰਨੀ ਮਾਈਨਿੰਗ ਨੇ ਹੇਠਾਂ ਤੱਕ ਖੁੱਡਾਂ ਪਾ ਕੇ ਖੋਖਲਾ ਕੀਤਾ ਪਿਆ ਹੁੰਦਾ ਹੈ। ਗੈਰ-ਕਾਨੂੰਨੀ ਮਾਈਨਿੰਗ ਦੇ ਵੱਡੇ ਟਿੱਪਰਾਂ ਨੇ ਦਰਿਆਵਾਂ ਵਿੱਚ ਵੜ੍ਹਨ ਲਈ ਧੁੱਸੀ ਬੰਧਾਂ ਨੂੰ ਮਿੱਧ ਕੇ ਲੀਹੇ ਬਣਾ ਰੱਖੇ ਹੁੰਦੇ ਹਨ। ਇਹ ਬੰਧ ਤਾਂ ਪਾਣੀ ਦਾ ਚੜ੍ਹਾਅ ਦੇਖਣ ਸਾਰ ਟੁੱਟਣ ਲਈ ਤਿਆਰ-ਬਰ-ਬਰ ਰਹਿੰਦੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਹੜ੍ਹ ਮਾਰੇ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਗੈਰ-ਕਾਨੂੰਨੀ ਮਾਈਨਿੰਗ ਨੂੰ ਹੜ੍ਹਾਂ ਦਾ ਕਾਰਨ ਦੱਸਦਿਆਂ ਇਸ ਹਾਲਤ ਉੱਪਰ ਹੀ ਉਂਗਲ ਧਰੀ ਸੀ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ 20 ਸਤੰਬਰ 2025 ਦੇ ਪੰਜਾਬੀ ਟ੍ਰਿਬਿਊਨ ਲਈ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਹੈ ਕਿ, “ਦਰਿਆਵਾਂ ਵਿੱਚ ਹੜ੍ਹਾਂ ਦੌਰਾਨ 44 ਪਾੜ੍ਹ ਪਏ ਹਨ।” ਇਸੇ ਤਰ੍ਹਾਂ 19 ਸਤੰਬਰ 2025 ਦੀ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਵਿੱਚ ਇਹ ਨੋਟ ਹੋਇਆ ਹੈ ਕਿ, “ਬਿਆਸ, ਸਤੁਲਜ, ਘੱਗਰ, ਸਿਸਵਾਂ ਅਤੇ ਚੱਬੇਵਾਲ ਚੋਅ ਆਦਿ ਵਿੱਚ ਚਾਰ ਦਰਜਨ ਸਾਈਟਾਂ ਦੀ ਸ਼ਨਾਖਤ ਹੋਈ ਹੈ, ਜਿੱਥੇ ਗਾਰ ਕੱਢਣ ਦੀ ਲੋੜ ਹੈ ਜਾਂ ਫਿਰ ਦਰਿਆਵਾਂ ਦੇ ਪਾਣੀ ਵਿੱਚ ਇਹਨਾਂ ਸਾਈਟਾਂ 'ਤੇ ਅੜਿੱਕੇ ਖੜ੍ਹੇ ਹੋਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਅਤੇ ਡੀਸਿਲਟਿੰਗ ਵਾਲੀਆਂ ਸਾਈਟਾਂ ਦੀ ਵੱਖੋ-ਵੱਖਰੀ ਸਨਾਖ਼ਤ ਕੀਤੀ ਗਈ ਹੈ। ”ਪੰਜਾਬ ਸਰਕਾਰ ਅਤੇ ਕੇਂਦਰੀ ਖੇਤੀ ਮੰਤਰੀ ਦੀ ਇਸ ਨਿਗੂਣੀ ਤੇ ਅੰਸ਼ਿਕ ਤੱਥ ਬਿਆਨੀ ਨੂੰ ਦਰਜ ਸਿਰਫ਼ ਇਸ ਲਈ ਹੀ ਕੀਤਾ ਗਿਆ ਹੈ ਕਿ ਹੜ੍ਹਾਂ ਨੂੰ ਮਾਰੂ ਬਣਾਉਣ ਵਾਲਾ ਇਹ ਪੱਖ ਸਰਕਾਰਾਂ ਦੀ ਨਿਗਾਹ ਵਿੱਚ ਵੀ ਇੱਕ ਕਾਰਨ ਵਜੋਂ ਨੋਟ ਕੀਤਾ ਜਾ ਰਿਹਾ ਹੈ। 6. ਫਲੱਡ ਗੇਟ ਖੋਲ੍ਹਣ ਸਮੇਂ-ਬਚਾਓ ਹੋਕਾ ਡੈਮਾਂ ਦਾ ਪ੍ਰਬੰਧ, ਪ੍ਰਬੰਧਕਾਂ ਦੇ ਹੱਥ ਇਹ ਗੁੰਜਾਇਸ਼ ਦਿੰਦਾ ਹੈ ਕਿ ਫਲੱਡ ਗੇਟ ਕਦੋਂ ਅਤੇ ਕਿੰਨੇ ਖੋਹਲੇ ਜਾਣ। ਬਿਨ੍ਹਾਂ ਸ਼ੱਕ ਤੇਜ ਬਰਸਾਤਾਂ ਦੀ ਹਾਲਤ ਵਿੱਚ ਇਹ ਵਕਫ਼ਾ ਇੱਕ ਦੋ ਜਾਂ ਤਿੰਨ ਦਿਨਾਂ ਤੱਕ ਸੀਮਤ ਹੋ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਫਲੱਡ ਗੇਟਾਂ ਵਿੱਚੋਂ ਕਦੋਂ ਅਤੇ ਕਿੰਨਾ ਪਾਣੀ ਛੱਡਿਆ ਜਾਣਾ ਹੈ, ਇਹ ਵੀ ਨਿਸ਼ਚਿਤ ਹੁੰਦਾ ਹੈ। ਇਸ ਪਾਣੀ ਨੇ ਆਉਂਦੇ ਕੁੱਝ ਘੰਟਿਆਂ ਜਾਂ ਇੱਕ ਦੋ-ਤਿੰਨਾ ਦਿਨਾਂ ਵਿੱਚ ਕਿਹੜੇ ਇਲਾਕਿਆਂ ਵਿੱਚ, ਕਿੰਨੀ ਰਫਤਾਰ ਨਾਲ (ਵਧ ਕੇ ਕਿੰਨੀ ਮਾਤਰਾ ਵਿੱਚ) ਪੁਹੰਚਣਾ ਹੈ, ਇਸ ਦਾ ਮੋਟਾ ਅੰਦਾਜ਼ਾ ਫਲੱਡ ਗੇਟ ਖੋਲ੍ਹਣ ਦੇ ਪ੍ਰਬੰਧਕਾਂ ਨੂੰ ਜ਼ਰੂਰ ਹੁੰਦਾ ਹੈ। ਜੇਕਰ ਫਲੱਡ ਗੇਟ ਖੋਲ੍ਹਣ ਵਾਲਿਆਂ ਵਿੱਚ ਅਤੇ ਫਲੱਡ ਦੇ ਪਾਣੀ ਦੀ ਮਾਰ ਹੇਠ ਆਉਣ ਵਾਲੇ ਲੋਕਾਂ ਵਿੱਚ ਸਜਿੰਦਾ ਰਿਸ਼ਤਾ ਬਣਾਇਆ ਗਿਆ ਹੋਵੇ ਤਾਂ ਹੜ੍ਹਾਂ ਦੀ ਮਾਰ ਹੇਠ ਆਉਣ ਵਾਲੇ ਹਰ ਇੱਕ ਖੇਤਰ ਨੂੰ ਸਮੇਂ ਸਿਰ ਚੌਕਸ ਕੀਤਾ ਜਾ ਸਕਦਾ ਹੈ, ਹੰਗਾਮੀ ਹਾਲਤ ਵਿੱਚ ਵਧਵੇਂ ਖਤਰੇ ਦੇ ਸਨਮੁੱਖ ਘਰ ਘਾਟ ਛੱਡ ਜਾਣ ਲਈ ਕਿਹਾ ਜਾ ਸਕਦਾ ਹੈ। ਲੋਕਾਂ ਨੂੰ ਮਾਲ ਅਸਬਾਬ ਸਮੇਤ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਲਈ, ਪ੍ਰਸਾਸ਼ਨਿਕ ਤਾਕਤ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਇਸ ਪੱਖੋਂ ਤਿੰਨ ਡੈਮਾਂ ਵਿੱਚੋਂ ਸਿਰਫ਼ ਇੱਕ ਡੈਮ ਭਾਖੜਾ ਡੈਮ ਦੀ ਪਾਣੀ ਸਾਂਭਣ ਦੀ ਸਮਰੱਥਾ ਉੱਪਰ ਝਾਤ ਮਾਰਨ ਨਾਲ ਹੱਲ ਨੂੰ ਸਮਝਿਆ ਜਾ ਸਕਦਾ ਹੈ। ਭਾਖੜਾ ਡੈਮ ਦੀ ਪਾਣੀ ਸੰਭਾਲਣ ਦੀ ਕੁੱਲ ਸਮਰੱਥਾ 7.8 ਐਮ ਏ ਐਫ (78 ਲੱਖ ਏਕੜ ਫੁੱਟ) ਦੱਸੀ ਗਈ ਹੈ। ਇਸ ਡੈਮ ਨੂੰ ਵੱਧ ਤੋਂ ਵੱਧ 1680 ਫੁੱਟ ਤੱਕ ਭਰਿਆ ਜਾ ਸਕਦਾ ਹੈ ਅਤੇ ਘੱਟ ਤੋਂ ਘੱਟ 1462 ਫੁੱਟ ਤੱਕ ਖਾਲੀ ਕੀਤਾ ਜਾ ਸਕਦਾ ਹੈ। ਡੈਮ ਦੇ ਪ੍ਰਬੰਧਕਾਂ ਦੇ ਹੱਥਾਂ ਵਿੱਚ 218 ਫੁੱਟ ਪਾਣੀ ਆ ਜਾਂਦਾ ਹੈ, ਜਿਸ ਦੇ ਜ਼ੋਰ 'ਤੇ ਉਹ ਡੈਮ ਰਾਹੀਂ ਫਲੱਡ ਨੂੰ ਨਿਯਮਤ ਕਰਨ ਦੇ ਸਮਰੱਥ ਹੋ ਜਾਂਦੇ ਹਨ। ਭਾਖੜਾ ਦਾ 218 ਫੁੱਟ ਪਾਣੀ ਦਸਲੱਖ ਬਾਰਾਂ ਹਜ਼ਾਰ ਇੱਕ ਸੌ ਬਿਆਲੀ ਏਕੜ ਫੁੱਟ ਪਾਣੀ ਬਣ ਜਾਂਦਾ ਹੈ। ਦੂਜੇ ਦੋਹਾਂ ਡੈਮਾਂ ਦੀ ਸਮਰੱਥਾ ਨੂੰ ਜੋੜ ਕੇ ਪਾਣੀ ਨੂੰ ਸਟੋਰ ਕਰਨ ਦੀ ਸਮਰੱਥਾ ਭਾਖੜਾ ਡੈਮ ਤੋਂ ਵੀ ਵੱਧ ਜਾਂਦੀ ਹੈ। ਕੁੱਲ ਮਿਲਾ ਕੇ ਦੇਖੀਏ ਤਾਂ ਡੈਮ ਪ੍ਰਬੰਧਕਾਂ ਕੋਲ 20 ਲੱਖ ਏਕੜ ਫੁੱਟ ਦੇ ਕਰੀਬ ਪਾਣੀ ਨੂੰ ਵਧਾ-ਘਟਾ ਕੇ ਸੰਭਾਲਣ ਜਾਂ ਨਿਯਮਤ ਰੂਪ ਵਿੱਚ ਛੱਡਣ ਦੀ ਗੁੰਜਾਇਸ਼ ਹੁੰਦੀ ਹੈ। ਹੰਗਾਮੀ ਹਾਲਤ ਵਿੱਚ ਫਲੱਡ ਗੇਟ ਖੋਲ੍ਹਣ ਸਮੇਂ ਲੋਕਾਂ ਨੂੰ ਸੂਚਿਤ ਕਰਨ ਦਾ ਸਮਾਂ ਯਕੀਨਨ ਪ੍ਰਬੰਧਕਾਂ ਦੇ ਹੱਥਾਂ ਵਿੱਚ ਹੁੰਦਾ ਹੈ। ਪਰ ਜਿਵੇਂ ਉੱਪਰ ਵਿਸਥਾਰੀ ਰਿਪੋਰਟ ਵਿੱਚ ਜ਼ਿਕਰ ਆਇਆ ਹੈ, ਸੂਬਾ ਸਰਕਾਰ, ਜਲ ਨਾਲ ਸਬੰਧਤ ਪੰਜਾਬ ਸਰਕਾਰ ਦੇ ਸਾਰੇ ਵਿਭਾਗ ਅਤੇ ਕੇਂਦਰ ਸਰਕਾਰ ਅਤੇ ਉਸਦੀਆਂ ਸੰਸਥਾਵਾਂ ਇਸ ਜਿੰਮੇਵਾਰੀ ਸਮੇਂ ਗੈਰ-ਹਾਜ਼ਰ ਹੋਣ ਵਰਗੀਆਂ ਹਨ। ਨਾ ਨਹਿਰਾਂ ਨਾਲਿਆਂ ਦੀ ਸਫ਼ਾਈ ਹੋਈ। ਨਾ ਧੁੱਸੀ ਬੰਨ੍ਹਾਂ ਦੀ ਤਕੜਾਈ ਕੀਤੀ। ਨਾ ਦਰਿਆਵਾਂ ਵਿੱਚ ਖੜ੍ਹੀਆਂ ਰੋਕਾਂ ਹਟਾਈਆਂ। ਨਾ ਸਮੇ ਸਿਰ ਡੈਮਾਂ ਨੂੰ ਖਾਲੀ ਕੀਤਾ। ਨਾ ਡੈਮਾਂ ਵਿੱਚੋਂ ਰਹਿੰਦੇ ਸਮੇਂ ਪਾਣੀ ਛੱਡਿਆ। ਨਾ ਫਲੱਡ ਗੇਟ ਖੋਲ੍ਹਣ ਸਦਕਾ ਯਕੀਨੀ ਤੌਰ 'ਤੇ ਹੜ੍ਹਾਂ ਦੀ ਮਾਰ ਹੇਠ ਆ ਜਾਣ ਵਾਲੇ ਲੋਕਾਂ ਨੂੰ ਚੌਕਸ ਕੀਤਾ। ਨਾ ਉਹਨਾਂ ਨੂੰ ਡੁੱਬਦਿਆਂ ਨੂੰ ਕੱਢਣ ਲਈ ਸਮੇਂ ਸਿਰ ਕੋਈ ਉਪਰਾਲਾ ਕੀਤਾ। ਨਾ ਡੁੱਬ ਚੁੱਕਿਆਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਕੋਈ ਉਪਰਾਲਾ ਕੀਤਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਹੜ੍ਹਾਂ ਦੀ ਜਾਨੀ ਮਾਲੀ ਨੁਕਸਾਨ ਕਰਨ ਦੀ ਸਮਰੱਥਾ ਕਈ ਸੌ ਗੁਣਾ ਵਧ ਗਈ। ਪੰਜਾਬ ਦੇ ਦੋ ਉੱਘੇ ਤਕਨੀਕੀ ਮਾਹਿਰ ਸ. ਬਲਦੇਵ ਸਿੰਘ ਸਰਾਂ ਅਤੇ ਸ. ਦਰਸ਼ਨ ਸਿੰਘ ਭੁੱਲਰ ਤਾਂ ਇਸ ਨਤੀਜੇ 'ਤੇ ਪਹੁੰਚੇ ਹਨ ਕਿ, “ਜੇ ਡੈਮ ਮੌਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਹੋਰ ਖਾਲੀ ਕੀਤੇ ਹੁੰਦੇ ਤਾਂ ਹੜ੍ਹਾਂ ਦਾ ਖਤਰਾ ਟਾਲਿਆ ਜਾ ਸਕਦਾ ਸੀ।” ਇਹਨਾਂ ਦੋਹਾਂ ਮਾਹਰਾਂ ਦਾ ਇਹ ਸਿੱਟਾ ਤਿੰਨਾਂ ਡੈਮਾਂ ਦੀ ਪਾਣੀ ਨੂੰ ਸਟੋਰ ਕਰਨ ਅਤੇ ਹੜ੍ਹਾਂ ਸਮੇਂ ਨਿਯਮਤ ਕਰਨ ਦੀ ਬਣਦੀ ਸਮੁੱਚੀ ਸਮਰੱਥਾ ਉੱਪਰ ਟਿਕਿਆ ਹੋਇਆ ਹੈ। ਇਸ ਜਾਣਕਾਰੀ ਉੱਪਰ ਵੀ ਟਿਕਿਆ ਹੋਇਆ ਹੈ ਕਿ ਇਸ ਸਮਰੱਥਾ ਦੀ ਵਰਤੋਂ ਕਰਨ ਨੂੰ ਹੱਥ ਵੀ ਨਹੀਂ ਲਾਇਆ ਗਿਆ। ਇਸ ਤੋਂ ਬਿਨਾਂ ਪੰਜਾਬ ਸਰਕਾਰ ਜਾਂ ਇਸਦੇ ਡੈਮਾਂ ਦੇ ਪ੍ਰਬੰਧਕਾਂ ਨੇ ਇਹ ਦਾਅਵਾ ਜਤਾਉਣ ਦਾ ਵੀ ਕੋਈ ਕਮਜ਼ੋਰ ਯਤਨ ਵੀ ਨਹੀਂ ਕੀਤਾ ਕਿ ਅਸੀਂ ਫਲੱਡ ਗੇਟ ਖੋਲ੍ਹਣ ਸਮੇਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਣ ਲਈ ਕੁੱਝ ਕਿਹਾ ਹੈ, ਕੁੱਝ ਕੀਤਾ ਹੈ। 7. ਜਲ-ਤਾਂਡਵ ਦੀਆਂ ਮੂਕ ਦਰਸ਼ਕ ਸਰਕਾਰਾਂ ਅੰਗਰੇਜ਼ੀ ਟ੍ਰਿਬਿਊਨ ਦੇ 17 ਸਤੰਬਰ 2025 ਦੇ ਅੰਕ ਵਿੱਚ ਲੇਖਕ ਦਿਨੇਸ਼ ਸੀ. ਸ਼ਰਮਾਂ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਅੰਕੜੇ ਦਰਜ ਕੀਤੇ ਹਨ। ਉਸਨੇ ਨੋਟ ਕੀਤਾ ਹੈ ਕਿ ਖੇਤੀਬਾੜੀ ਸੈਕਟਰ ਵਿੱਚ ਹੋਏ ਨੁਕਸਾਨ ਪੱਖੋਂ 23 ਜ਼ਿਲ੍ਹਿਆਂ ਦੇ 2000 ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। 20 ਲੱਖ ਲੋਕ ਇਸਦੀ ਮਾਰ ਵਿੱਚ ਆਏ ਹਨ। 17 ਲੱਖ ਹੈਕਟੇਅਰ ਜ਼ਮੀਨ ਪਾਣੀ ਦੀ ਮਾਰ ਹੇਠ ਆਈ ਹੈ। ਇਸ ਤੋਂ ਬਿਨਾਂ ਮੁਰਗੀਖ਼ਾਨੇ ਤੇ ਪਸ਼ੂ ਪਾਲਣ ਦੇ ਕਾਰੋਬਾਰ ਨੂੰ ਵੱਡੀ ਢਾਹ ਲੱਗੀ ਹੈ। ਸਿਹਤ ਖੇਤਰ ਦਾ ਵੇਰਵਾ ਦਰਜ ਕਰਦਿਆਂ ਸ਼੍ਰੀ ਸ਼ਰਮਾ ਲਿਖਦੇ ਹਨ ਪਾਣੀ ਦੀ ਮਾਰ ਹੇਠ ਆਈਆਂ ਡਿਸਪੈਂਸਰੀਆਂ ਦੀ ਗਿਣਤੀ 1289 ਹੈ, ਲੋਕ ਸਿਹਤ ਕੇਂਦਰਾਂ ਦੀ ਗਿਣਤੀ ਅਤੇ ਸਬ ਡਿਵੀਜ਼ਨਲ ਸਿਹਤ ਕੇਂਦਰਾਂ ਦੀ ਗਿਣਤੀ ਕ੍ਰਮਵਾਰ 100 ਅਤੇ 31 ਦਰਜ ਕੀਤੀ ਗਈ ਹੈ। ਇਹਨਾਂ ਸੰਸਥਾਵਾਂ ਵਿੱਚ ਨੁਕਸਾਨੇ ਗਏ ਸਾਜੋ ਸਮਾਨ ਦੀ ਕੀਮਤ ਕਰੋੜਾਂ ਰੁਪਇਆਂ ਵਿੱਚ ਬਣਦੀ ਹੈ। ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜੋ ਨੁਕਸਾਨੇ ਗਏ ਹਨ, ਉਹਨਾਂ ਦੀ ਗਿਣਤੀ 3300 ਦੱਸੀ ਗਈ ਹੈ। ਐਨ.ਡੀ.ਟੀ.ਵੀ ਸਤੰਬਰ ਦੀ ਖ਼ਬਰ ਮੁਤਾਬਕ ਮਨੁੱਖੀ ਮੌਤਾਂ ਦੀ ਗਿਣਤੀ 48 ਤੱਕ ਪਹੁੰਚ ਚੁੱਕੀ ਹੈ। ਇਹ ਰਿਪੋਰਟਾਂ ਭਾਵੇਂ ਕਾਫ਼ੀ ਜਾਣਕਾਰੀ ਮੁਹੱਈਆ ਕਰਦੀਆਂ ਹਨ। ਅਜਿਹੀਆਂ ਹੋਰ ਵੀ ਕਈ ਰਿਪੋਰਟਾਂ ਅਖਬਾਰਾਂ ਜਾਂ ਐਨ.ਜੀਓ ਦੇ ਹਵਾਲੇ ਨਾਲ ਸਾਹਮਣੇ ਆਈਆਂ ਹਨ। ਇਹਨਾਂ ਸਾਰੀਆਂ ਵਿੱਚ ਅੰਕੜਿਆਂ ਨੂੰ ਉਭਰਵੀਂ ਥਾਂ ਦਿੱਤੀ ਜਾਂਦੀ ਹੈ। ਮਨੁੱਖੀ ਪੀੜਾਂ ਦਾ ਜ਼ਿਕਰ, ਜ਼ਿੰਦਗੀ ਦੀ ਤੋਰ ਨੂੰ ਪੈਰੋਂ ਕੱਢ ਕੇ ਮੂਧੇ ਮੂੰਹ ਕਰ ਦੇਣ ਦੇ ਪੱਖ ਨੂੰ ਉਘਾੜਦੇ ਵੇਰਵੇ ਇਹਨਾਂ ਰਿਪੋਰਟਾਂ ਵਿੱਚੋਂ ਮਿਲਣੇ ਸੰਭਵ ਨਹੀਂ ਹੁੰਦੇ, ਮੁੜ-ਵਸੇਬੇ ਲਈ, ਜ਼ਿੰਦਗੀ ਨੂੰ ਪੈਰਾਂ ਸਿਰ ਕਰਨ ਲਈ ਮੂੰਹ ਅੱਡੀ ਖੜ੍ਹੀਆਂ ਲੋੜਾਂ ਨੂੰ ਉਭਾਰਨ ਲਈ ਅਤੇ ਪੂਰਾ ਕਰਨ ਲਈ ਸਰਕਾਰਾਂ ਦਾ ਅੱਗੇ ਆਉਣਾ ਦੂਰ ਰਿਹਾ ਹੈ। ਪੰਜਾਬ ਅਤੇ ਕੇਂਦਰ ਸਰਕਾਰ ਨੇ ਅੱਜ ਤੱਕ ਹੋਏ ਨੁਕਸਾਨ ਦੇ ਵੇਰਵੇ ਨਾ ਇਕੱਤਰ ਕੀਤੇ ਹਨ ਨਾ ਜਾਰੀ ਕੀਤੇ ਹਨ। ਕੁਦਰਤੀ ਆਫ਼ਤਾਂ ਦੇ ਹੋਏ ਨੁਕਸਾਨ ਦਾ ਮੁਆਵਾਜ਼ਾ ਗਰਦੌਰੀ ਹੋਣ ਤੋਂ ਪਹਿਲਾਂ ਹੀ ਅਦਾ ਕਰਨ ਦੇ ਵਾਅਦੇ ਕਰਕੇ ਰਾਜਗੱਦੀ 'ਤੇ ਕਾਬਜ਼ ਹੋਈ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 9 ਸਤੰਬਰ ਨੂੰ ਹੋਈ। ਸਮੁੱਚੇ ਪੰਜਾਬ ਦੀਆਂ ਲੋਕ-ਜਥੇਬੰਦੀਆਂ, ਸਿਆਸੀ ਸਮਾਜਕ ਜਥੇਬੰਦੀਆਂ, ਜਮਹੂਰੀ ਸਖਸ਼ੀਅਤਾਂ ਅਤੇ ਸੋਸ਼ਲ ਮੀਡੀਆ ਉੱਪਰ ਸਰਕਾਰ ਦੇ ਗੈਰ-ਹਾਜ਼ਰ ਹੋਣ ਦੀ ਹਾਹਾਕਾਰ ਮੱਚਣ ਬਾਅਦ ਹੋਈ। ਕੇਂਦਰੀ ਖੇਤੀ ਮੰਤਰੀ ਅਤੇ ਕੇਂਦਰੀ ਸਰਕਾਰ ਦੇ ਅਧਿਕਾਰੀਆਂ ਦੀਆਂ ਪੰਜਾਬ ਦੇ ਹੜ੍ਹਾਂ ਦੀਆਂ ਹਾਲਤਾਂ ਦਾ ਜਾਇਜ਼ਾ ਲੈਣ ਆਈਆਂ ਟੀਮਾਂ ਕੋਲ ਆਵਦਾ ਪੱਖ ਰੱਖਣ ਲਈ ਪੰਜਾਬ ਸਰਕਾਰ ਦੇ ਨੁਮਾਇਂਦੇ ਖਾਲੀ ਹੱਥ ਸਨ। ਪੰਜਾਬ ਦਾ ਮੁੱਖ ਮੰਤਰੀ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਪੰਜਾਬ ਦੇ ਹੜ੍ਹਾਂ ਵਿੱਚ ਸਹਾਇਤਾ ਕਰਨ ਦੀ ਬੇਨਤੀ ਕਰਨ ਲਈ 1 ਅਕਤੂਬਰ 2025 ਨੂੰ ਦਿੱਲੀ ਜਾ ਕੇ ਮਿਲਿਆ। ਪਰ ਉਸਨੂੰ ਨਮੋਸ਼ੀ ਦਾ ਸਾਹਮਣਾ ਇਸ ਲਈ ਕਰਨਾ ਪਿਆ ਕਿ ਉਸ ਕੋਲ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਠੋਸ ਵੇਰਵਾ ਮੌਜੂਦ ਨਹੀਂ ਸੀ। ਉਸ ਕੋਲ ਆਫ਼ਤ ਨਿਰਧਾਰਨ ਫੰਡ ਵਜੋਂ ਪੰਜਾਬ ਕੋਲ ਜਮ੍ਹਾਂ ਪਈ 13000 ਕਰੋੜ ਰੁਪਏ ਦੀ ਰਾਸ਼ੀ ਦੇ ਖਰਚ ਹੋਣ ਜਾਂ ਹਾਸਲ ਪਈ ਹੋਣ ਦੇ ਵੇਰਵੇ ਨਹੀਂ ਸਨ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ 1600 ਕਰੋੜ ਰੁਪਏ ਦੀ ਰਾਸ਼ੀ ਪੰਜਾਬ ਨੂੰ ਦੇਣ ਦਾ ਐਲਾਨ ਕਾਗਜਾਂ ਦਾ ਸ਼ਿੰਗਾਰ ਹੀ ਬਣਿਆ ਆ ਰਿਹਾ ਹੈ। ਇਸ ਨੂੰ ਟੋਕਨ ਸਹਾਇਤਾ ਸਮਝਣ ਅਤੇ ਪੂਰੀ ਮੱਦਦ ਲਈ ਉਡੀਕਣ ਦਾ ਬਿਆਨ ਬੱਸ ਸਿਰਫ਼ ਉਡੀਕ ਬਣ ਕੇ ਰਹਿ ਗਿਆ ਹੈ। 8. ਹੜ੍ਹਾਂ ਦੇ ਅਰਸਾਵਾਰ ਕਹਿਰ ਦਾ ਦੁਹਰਾਅ ਇੰਡੀਅਨ ਐਕਸਪ੍ਰੈਸ ਦੇ 3 ਸਤੰਬਰ 2025 ਦੇ ਅੰਕ ਵਿੱਚ ਪਿਛਲੇ 39 ਸਾਲਾਂ ਦੌਰਾਨ ਹੜ੍ਹਾਂ ਦੇ ਅਰਸਾਵਾਰ ਵਾਪਰ ਜਾਣ ਦੇ ਪੱਖ ਨੂੰ ਉਭਾਰ ਕੇ ਪੇਸ਼ ਕੀਤਾ ਹੈ। ਅਰਸਾਵਾਰ ਹੜ੍ਹਾਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਦੇ ਵੇਰਵੇ ਇਸ ਤਰ੍ਹਾਂ ਦਿੱਤੇ ਹਨ: 1988 ਵਿੱਚ ਮੌਤਾਂ ਦੀ ਗਿਣਤੀ 500 ਤੋਂ ਵੱਧ, 1993 ਵਿੱਚ 300 ਤੋਂ ਵੱਧ, 1995 ਵਿੱਚ 50, 2004 ਵਿੱਚ ਘੱਟੋ-ਘੱਟ 20, 2010 ਵਿੱਚ ਘੱਟੋ ਘੱਟ 39, 2023 ਵਿੱਚ 38 ਅਤੇ ਐਨ.ਡੀ.ਟੀ.ਵੀ. ਮੁਤਾਬਕ ਇਸ ਵਾਰ 48 ਹੋ ਗਈ ਹੈ। ਇਸ ਤੋਂ ਬਿਨਾਂ ਫ਼ਸਲਾਂ, ਜ਼ਮੀਨਾਂ, ਘਰ-ਘਾਟ ਦੇ ਨੁਕਸਾਨ ਪੱਖੋਂ ਵੀ ਤਜਰਬਾ ਦੁਹਰਾਇਆ ਗਿਆ ਹੈ। ਇਸ ਵਾਰ ਹੜ੍ਹਾਂ ਵੱਲੋਂ ਕਹਿਰ ਬਣ ਜਾਣ ਵਿੱਚ ਰੋਲ ਨਿਭਾਉਣ ਵਾਲੇ ਸਾਰੇ ਕਾਰਨ ਮੁੜ ਦੁਹਰਾਏ ਗਏ ਹਨ। ਪਹਿਲਾਂ ਤੋਂ ਵੀ ਉਗਰ ਰੂਪ ਵਿੱਚ ਹਰਕਤਸ਼ੀਲ ਹੋਏ ਹਨ। 9. ਬਲੀ ਦਾ ਬੱਕਰਾ ਵੀ ਦੋਸ਼ੀ ਨਹੀਂ ਪੰਜਾਬ ਸਰਕਾਰ ਨੇ ਅੱਜ ਤੱਕ ਕੋਈ ਨਾ ਮਾਤਰ ਸੰਕੇਤ ਵੀ ਨਹੀਂ ਦਿੱਤਾ ਕਿ ਹੜ੍ਹਾਂ ਦੇ ਨੁਕਸਾਨ ਲਈ ਕਿਸੇ ਪੱਧਰ 'ਤੇ ਹੋਈ ਛੋਟੀ ਜਾਂ ਵੱਡੀ ਕੁਤਾਹੀ ਲਈ ਉਹ ਜਿੰਮੇਵਾਰ ਹੈ। ਅਜਿਹੀ ਕੁਤਾਹੀ ਲਈ ਕੋਈ ਵਿਅਕਤੀ ਵਿਸ਼ੇਸ਼, ਕੋਈ ਨੀਤੀ ਨਿਰਦੇਸ਼ ਜਿੰਮੇਵਾਰ ਹੈ। ਕੋਈ ਨਾਤਜਰਬੇਕਾਰੀ, ਕੋਈ ਭੁੱਲ-ਭੁਲਾਈ ਜਿੰਮੇਵਾਰ ਹੈ। ਅਕਸਰ ਸਰਕਾਰਾਂ ਅਜਿਹੇ ਸਮੇਂ ਕਿਸੇ ਦਰਮਿਆਨੇ ਜਿਹੇ ਪੱਧਰ ਦੇ ਅਧਿਕਾਰੀ ਨੂੰ ਬਲੀ ਦਾ ਬੱਕਰਾ ਬਣਾ ਕੇ ਖੁਦ ਬਰੀ ਹੋ ਜਾਂਦੀਆਂ ਹਨ। ਪਰ ਆਪ ਸਰਕਾਰ ਦਾ ਤਾਂ ਬਲੀ ਦਾ ਬੱਕਰਾ ਵੀ ਦੋਸ਼ੀ ਨਹੀਂ ਹੈ! ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ 12 ਅਕਤੂਬਰ 2025 ਨੂੰ ਐਕਸ ਉੱਪਰ ਇੱਕ ਪੋਸਟ ਪਾ ਕੇ ਦਾਅਵਾ ਜਤਲਾਇਆ ਹੈ ਅਤੇ ਇਹੀ ਦਾਅਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਗੁਜਰਾਤ ਸੂਬੇ ਦੇ ਜਨਤਕ ਇਕੱਠ ਵਿੱਚ ਵੀ ਦੁਹਰਾਇਆ ਹੈ ਕਿ ਆਪ ਸਰਕਾਰ ਨੇ “ਸਿਰਫ਼ 20 ਦਿਨਾਂ ਦੇ ਵਿੱਚ-ਵਿੱਚ 20,000 ਰੁਪਏ (ਪ੍ਰਤੀ ਏਕੜ) ਪਾਏ ਹਨ। ਇਹ ਮੁਲਕ ਭਰ ਵਿੱਚੋਂ ਸਭ ਤੋਂ ਵੱਧ ਉੱਚੀ ਅਤੇ ਛੇਤੀ ਕੀਤੀ ਅਦਾਇਗੀ ਹੈ। ਪੰਜਾਬ ਨੇ ਨਵਾਂ ਕੌਮੀ ਮਿਆਰ ਤਹਿ ਕਰ ਦਿੱਤਾ ਹੈ ਕਿ ਲੋਕ ਪੱਖੀ ਸਰਕਾਰਾਂ ਕਿਵੇਂ ਕੰਮ ਕਰਦੀਆਂ ਹਨ।” ਸ੍ਰੀ ਕੇਜਰੀਵਾਲ ਅਤੇ ਸਿਸੋਦੀਆ ਨੇ ਇੱਕ ਸਾਂਝੀ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਇਹ ਆਪ ਸਰਕਾਰ ਦੀ “ਰਿਕਾਰਡ ਤੋੜ ਪ੍ਰਾਪਤੀ ਹੈ, ਅਜਿਹਾ ਸਿਰਫ਼ ਈਮਾਨਦਾਰ ਸਰਕਾਰ ਹੀ, ਜਿਸਦੀ ਨੀਅਤ ਸਾਫ ਹੋਵੇ, ਕਰ ਸਕਦੀ ਹੈ।” ਪਰ ਪੰਜਾਬ ਦੀਆਂ ਅਖ਼ਬਾਰੀ ਰਿਪੋਰਟਾਂ ਤਾਂ ਇਹ ਕਹਿੰਦੀਆਂ ਹਨ ਕਿ ਫੋਟੋਆਂ ਖਿਚਵਾਉਣ ਲਈ ਜਾਰੀ ਕੀਤੇ ਕੁੱਝ ਕੁ ਚੈੱਕਾਂ ਵਿੱਚੋਂ ਵੀ ਚੈੱਕ ਬਾਊਂਸ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ। ਅਜਿਹੇ ਸ਼ਿਕਾਇਤ ਕਰਤਾਵਾਂ ਨੂੰ ਸਰਕਾਰੀ ਅਧਿਕਾਰੀਆਂ ਨੇ ਇਹ ਕਹਿ ਕੇ ਟਿਕਾਅ ਲਿਆ ਹੈ ਕਿ ਖਜ਼ਾਨੇ ਵਿੱਚ ਪੈਸੇ ਆ ਜਾਣ ਦਿਉ, ਇਸ ਤੋਂ ਵੱਧ ਦੇ ਦਿਆਂਗੇ। ਹੜ੍ਹਾਂ ਦੇ ਕਾਰਨਾਂ ਨੂੰ ਲੱਭਣ ਅਤੇ ਅੱਗੇ ਤੋਂ ਹੱਲ ਕਰਨ ਲਈ “ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ 19 ਸਤੰਬਰ 2025 ਨੂੰ ਹੋਈ ਹੈ। ਅੱਜ ਹੋਈ ਮੀਟਿੰਗ ਵਿੱਚ ਨਵੇਂ ਫੈਸਲੇ ਲਏ ਗਏ ਹਨ, ਜੋ ਭਵਿੱਖ ਵਿੱਚ ਦਰਿਆਵਾਂ ਦੀ ਮਾਰ ਤੋਂ ਬਚਾਉਣ ਹਿਤ ਉਸਾਰੂ ਸਿੱਧ ਹੋ ਸਕਦੇ ਹਨ। ਮੀਟਿੰਗ ਵਿੱਚ ਵੱਡਾ ਫ਼ੈਸਲਾ ਇਹ ਹੋਇਆ ਹੈ ਕਿ ਦਰਿਆਵਾਂ ਦੀ ਜ਼ਮੀਨ 'ਚੋਂ ਵੀ ਦਰੱਖਤ ਹਟਾਏ ਜਾਣਗੇ। ਦਰਿਆਵਾਂ ਵਿੱਚ ਜਿੰਨ੍ਹਾਂ ਜ਼ਮੀਨਾਂ 'ਤੇ ਪ੍ਰਾਈਵੇਟ ਲੋਕਾਂ ਨੇ ਦਰੱਖਤ ਲਗਾਏ ਹੋਏ ਹਨ, ਉਹਨਾਂ ਦਰੱਖਤਾਂ ਦੀ ਕਟਾਈ ਕੀਤੀ ਜਾਵੇਗੀ ਅਤੇ ਇਹਨਾਂ ਦਰੱਖਤਾਂ ਦਾ ਪੈਸਾ ਸੰਬੰਧਤ ਕਿਸਾਨਾਂ ਨੂੰ ਦੇ ਦਿੱਤਾ ਜਾਵੇਗਾ। ਦਰਿਆਵਾਂ ਵਿੱਚ ਅਜਿਹੀਆਂ ਚਾਰ ਸਾਈਟਾਂ ਵੀ ਹਨ, ਜਿੱਥੇ ਜੰਗਲਾਤ ਵਿਭਾਗ ਨੇ ਵੀ ਦਰੱਖਤ ਲਗਾਏ ਹੋਏ ਹਨ। ਜੋ ਕਿ ਮੁਹਾਲੀ, ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹਨ।” “ਪ੍ਰਾਪਤ ਵੇਰਵਿਆਂ ਮੁਤਾਬਕ ਦਰਿਆਵਾਂ ਦੀਆਂ ਮਾਈਨਿੰਗ ਸਾਈਟਾਂ ਅਤੇ ਡੀਸਿਲਟਿੰਗ ਵਾਲੀਆਂ ਸਾਈਟਾਂ ਦੀ ਵੱਖੋ-ਵੱਖਰੀ ਸ਼ਨਾਖ਼ਤ ਕੀਤੀ ਗਈ ਹੈ। ਦਰਿਆਵਾਂ ਵਿੱਚ 48 ਅਜਿਹੀਆਂ ਸਾਈਟਾਂ ਦੀ ਸ਼ਨਾਖ਼ਤ ਹੋਈ ਹੈ।” (ਸੋਮਾ: ਪੰਜਾਬੀ ਟ੍ਰਿਬਿਊਨ 20 ਸਤੰਬਰ 2025) ਅਸੀਂ ਹੜ੍ਹਾਂ ਦੀ ਮਾਰ ਨੂੰ ਕਈ ਸੌ ਗੁਣਾ ਕਹਿਰਵਾਨ ਬਣਾਉਣ ਵਾਲੀਆਂ ਸਰਕਾਰੀ ਕੁਤਾਹੀਆਂ ਦੀ ਵਿਗਿਆਨਕ ਪਹੁੰਚ 'ਤੇ ਅਧਾਰਤ ਤੱਥਾਂ-ਅੰਕੜਿਆਂ ਸਮੇਤ ਲੰਬੀ ਸੂਚੀ ਉੱਪਰ ਦਰਜ ਕੀਤੀ ਹੈ। ਹੋ ਸਕਦਾ ਹੈ, ਮੁੱਖ ਸਕੱਤਰ ਸਾਹਬ ਅਤੇ ਪੰਜਾਬ ਸਰਕਾਰ ਨੂੰ ਇਹ ਕੋਈ ਖਾਸ ਗੱਲ ਨਾ ਲੱਗਦੀ ਹੋਵੇ। ਪਰ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਤਾਂ ਨੋਟ ਹੋ ਰਿਹਾ ਹੈ ਕਿ ਦਰਿਆਵਾਂ ਵਿੱਚ “ਦਰੱਖਤਾਂ ਦੀਆਂ ਸਾਈਟਾਂ ਹਨ, ਮਾਈਨਿੰਗ ਸਾਈਟਾਂ ਹਨ, ਗਾਰ ਦੀ ਸਮੱਸਿਆ ਹੈ।” ਕੀ ਇਹਦੇ ਲਈ ਕੋਈ ਵੀ ਦੋਸ਼ੀ ਨਹੀਂ ਹੈ। ਸਰਕਾਰੀ ਚਿਹਨ ਚੱਕਰ ਤਾਂ ਇਹੀ ਦੱਸਦੇ ਹਨ ਕਿ ਆਪ ਸਰਕਾਰ ਦਾ ਤਾਂ ਬਲੀ ਦਾ ਬੱਕਰਾ ਵੀ ਦੋਸ਼ੀ ਨਹੀਂ ਹੈ। ਇਹ ਤਾਂ ਕੇਜਰੀਵਾਲ-ਸਿਸੋਦੀਆ-ਭਗਵੰਤ ਮਾਨ ਦੀ ਸਰਕਾਰ ਨੇ “ਨਵਾਂ ਕੌਮੀ ਮਿਆਰ ਸਥਾਪਤ ਕਰ ਦਿੱਤਾ ਹੈ।” “ਇਹ ਆਪ ਸਰਕਾਰ ਦੀ ਰਿਕਾਰਡ ਤੋੜ ਪ੍ਰਾਪਤੀ ਹੈ।” ਇਹ ਹੈ ਕੱਟੜ ਈਮਾਨਦਾਰ ਸਰਕਾਰ ਦੀ ਇਨਸਾਫ਼ ਪਸੰਦੀ! 10. ਜਿਸਦਾ ਖੇਤ ਉਸਦੀ ਰੇਤ ਪੰਜਾਬ ਸਰਕਾਰ ਦੀ ਹੜ੍ਹਾਂ ਦੇ ਚੜ੍ਹਾਅ ਅਤੇ ਉਤਰਾਅ ਦੌਰਾਨ ਪਹਿਲੀ ਕੈਬਨਿਟ ਮੀਟਿੰਗ ਵਿੱਚ “ਜਿਸਦਾ ਖੇਤ ਉਸ ਦੀ ਰੇਤ” ਦਾ ਫ਼ੈਸਲਾ ਐਲਾਨਿਆ ਗਿਆ। ਸਰਸਰੀ ਨਜ਼ਰੇ ਦੇਖਿਆਂ ਇਹ ਫੈਸਲਾ ਚੰਗਾ ਹੀ ਲੱਗਦਾ ਸੀ। ਖਾਸ ਕਰਕੇ ਉਦੋਂ ਜਦੋਂ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਲੀਡਰਸ਼ਿਪ ਕੋਲੋਂ ਇਹ ਜਾਣਕਾਰੀ ਮਿਲੀ ਕਿ ਹੜ੍ਹ ਪੀੜ੍ਹਤ ਖੇਤਰ ਦੇ ਜ਼ਮੀਨ ਮਾਲਕ ਕਿਸਾਨ ਕਹਿ ਰਹੇ ਹਨ ਕਿ ਜਦੋਂ ਦਰਿਆ ਦਾ ਪਾਣੀ ਉਤਰ ਗਿਆ ਉਦੋਂ ਸਾਨੂੰ ਜਥੇਬੰਦੀਆਂ ਦੀ ਲੋੜ ਪਵੇਗੀ। ਕਿਉਂਕਿ ਪਾਣੀ ਉਤਰਨ ਸਾਰ ਮਾਈਨਿੰਗ ਵਾਲੇ ਠੇਕੇਦਾਰ ਪੁਲਿਸ ਨੂੰ ਲੈਕੇ ਆ ਖੜ੍ਹਦੇ ਹਨ, ਰੇਤਾ ਚੁੱਕ ਕੇ ਲੈ ਜਾਂਦੇ ਹਨ। ਕਿਸਾਨਾਂ ਨੂੰ ਹੱਥ ਨਹੀਂ ਲਾਉਣ ਦਿੰਦੇ। ਜੇਕਰ ਕੋਈ ਥੋੜ੍ਹਾ ਬਹੁਤ ਰੇਤਾ ਚੁੱਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਨੂੰ ਪੁਲਿਸ ਗ੍ਰਿਫ਼ਤਾਰ ਕਰ ਲੈਂਦੀ ਹੈ। ਪਰ ਪੰਜਾਬ ਸਰਕਾਰ ਨੇ ਇਸ ਫੈਸਲੇ ਨੂੰ ਨਵੰਬਰ ਮਹੀਨੇ ਤੱਕ ਸਮਾਂ-ਬੱਧ ਕਰਕੇ ਇਸਨੂੰ ਲੰਗੜਾ-ਲੂਲ੍ਹਾ ਕਰ ਦਿੱਤਾ। ਜੋ ਅਮਲ ਸਾਹਮਣੇ ਆਇਆ ਉਹ ਇਹ ਹੈ ਕਿ ਹਰ ਇੱਕ ਕਿਸਾਨ ਨੂੰ ਆਵਦੇ ਖੇਤ ਦਾ ਰੇਤਾ ਮਾਈਨਿੰਗ ਦੇ ਠੇਕੇਦਾਰਾਂ ਨੂੰ ਕੌਡੀਆਂ ਦੇ ਭਾਅ ਵੇਚਣ ਲਈ ਮਜ਼ਬੂਰ ਹੋਣ ਪਿਆ। ਕਿਉਂਕਿ ਖੇਤ ਵਿੱਚੋਂ ਰੇਤਾ ਚੁੱਕਣਾ ਹੈ ਤੇ ਸਿਰਫ਼ ਵੇਚਣ ਵਾਲਾ ਰੇਤਾ ਹੀ ਚੁੱਕਣਾ ਹੈ, ਹੇਠਲੀ ਗਾਰ ਛੱਡਣੀ ਹੈ ਤਾਂ ਇਹਦੇ ਲਈ ਵਿਸ਼ੇਸ਼ ਤੇ ਵੱਡੀ ਮਸ਼ੀਨਰੀ ਅਤੇ ਢੋਅ ਢੋਆਈ ਵਾਲੇ ਵੱਡੇ ਟਿੱਪਰ ਚਾਹੀਦੇ ਸਨ। ਇਕੱਲਾ-ਇਕੱਲਾ ਕਿਸਾਨ ਮਿਥੇ ਹੋਏ ਸਮੇਂ ਵਿੱਚ ਆਵਦੇ ਸਾਧਨਾਂ ਨਾਲ ਨਾ ਰੇਤਾ ਚੁੱਕ ਸਕਦਾ ਸੀ, ਨਾ ਗਾਹਕ ਭਾਲ ਸਕਦਾ ਸੀ। ਸੋ ਜਿਸਦਾ ਖੇਤ ਉਸਦੀ ਰੇਤ ਨਹੀਂ ਸੀ। ਰੇਤ ਠੇਕੇਦਾਰਾਂ ਦੀ ਸੀ ਤੇ ਕਮਿਸ਼ਨ ਸਰਕਾਰਾਂ ਦਾ ਸੀ। ਇਸ ਲਈ ਮਾਈਨਿੰਗ ਠੇਕੇਦਾਰਾਂ ਨੇ ਜਿਹੜਾ ਰੇਤਾ ਸੈਂਕੜਿਆਂ ਦੇ ਭਾਅ ਚੁੱਕਿਆ ਉਹੀ ਰੇਤਾ ਹਜ਼ਾਰਾਂ ਰੁਪੱਈਆਂ ਦੇ ਭਾਅ ਵੇਚਿਆ। ਦਰਿਆ ਦੇ ਪਾਣੀ ਨੇ ਕਿਸਾਨ ਦੀ ਖੇਤੀ ਬਰਬਾਦ ਕਰਕੇ ਬਚੀ ਜ਼ਮੀਨ ਨੂੰ ਰੇਤੇ ਅਤੇ ਗਾਰ ਨਾਲ ਦੱਬ ਲਿਆ ਹੈ। ਸਰਕਾਰ ਇਸ ਹਰਜਾਨੇ ਦੀ ਪੂਰਤੀ ਕਰਨ ਲਈ ਕਾਨੂੰਨੀ ਅਤੇ ਇਖ਼ਲਾਕੀ ਤੌਰ 'ਤੇ ਵਚਨਬੱਧ ਹੋਣੀ ਚਾਹੀਦੀ ਹੈ। ਪਰ ਸਰਕਾਰ ਤਾਂ ਇਸ ਰੇਤੇ ਦੀ ਠੇਕੇਦਾਰ ਬਣ ਬੈਠੀ। ਕਿਸਾਨ ਕੋਲ ਜਮ੍ਹਾਂ ਕਰਵਾਈ ਸਰਕਾਰੀ ਅਮਾਨਤ ਵਾਂਗੂੰ ਇਸ ਦੀ ਸਮਾਂ ਬੱਧ ਵਸੂਲੀ ਲਈ ਤਰੀਕਾਂ ਮਿਥਣ ਬੈਠ ਗਈ। ਇਸ ਨੂੰ ਕਹਿੰਦੇ ਹਨ, “ਤਕੜੇ ਦਾ ਸੱਤੀਂ ਵੀਹੀਂ ਸੌ”। ਇਸ ਨੂੰ ਡਾਕਾ ਵੀ ਕਿਹਾ ਜਾਂਦਾ ਹੈ। ਦਰਿਆਵਾਂ ਦੇ ਵਹਿਣ ਲਈ ਕੋਈ ਸਾਂਝੀ ਜ਼ਮੀਨ ਛੱਡੀ ਹੋਈ ਨਹੀਂ ਹੁੰਦੀ। ਦਰਿਆ ਜਦੋਂ ਵਹਿਣ ਬਦਲਦੇ ਹਨ ਤਾਂ ਇੱਕ ਪਾਸੇ ਦੀ ਜ਼ਮੀਨ ਖਾਲੀ ਕਰ ਦਿੰਦੇ ਹਨ, ਦੂਜੇ ਪਾਸੇ ਦੇ ਕਿਸਾਨਾਂ ਦੀ ਜ਼ਮੀਨ ਦੱਬ ਲੈਂਦੇ ਹਨ। ਕਿਸਾਨ ਦੀ ਮਾਲਕੀ ਖੋਹ ਲਈ ਜਾਂਦੀ ਹੈ। ਦਰਿਆ ਦੇ ਪਾਣੀ ਦੁਆਰਾ ਛੱਡੀ ਜ਼ਮੀਨ ਦੀ ਮਾਲਕੀ ਸਰਕਾਰੀ ਹੋ ਜਾਂਦੀ ਹੈ। ਇਸ ਵਿੱਚ ਜਮ੍ਹਾਂ ਹੁੰਦੀ ਰੇਤ ਤੇ ਬੱਜਰੀ ਦੀ ਮਾਲਕੀ ਵੀ ਸਰਕਾਰੀ ਹੋ ਜਾਂਦੀ ਹੈ। ਰਜਵਾੜੇਸ਼ਾਹੀ ਤੇ ਬਸਤੀਵਾਦੀ ਰਾਜਾਂ ਦੇ ਸਮੇਂ ਤੋਂ ਤੁਰਿਆ ਆ ਰਿਹਾ ਕਾਨੂੰਨ ਅੱਜ ਦੇ ਅਖੌਤੀ ਆਜ਼ਾਦ ਅਤੇ ਜਮਹੂਰੀ ਰਾਜ ਵਿੱਚ ਵੀ ਉਵੇਂ ਹੀ ਚੱਲ ਰਿਹਾ ਹੈ। ਐਹੋ ਜਿਹੀ ਸਰਕਾਰੀ ਮਾਲਕੀ ਵਾਲੇ ਦਰਿਆ ਵਿੱਚੋਂ ਨਿਕਲ ਕੇ ਕਿਸਾਨਾਂ ਦੇ ਖੇਤਾਂ ਨੂੰ ਬਰਬਾਦ ਕਰਦੀ ਰੇਤ ਦੀ ਮਾਲਕੀ ਵੀ ਸਰਕਾਰੀ ਹੀ ਰਹਿੰਦੀ ਹੈ, ਗਾਰ ਦੀ ਮਾਲਕੀ ਕਿਸਾਨ ਦੀ ਹੋ ਜਾਂਦੀ ਹੈ। 11. ਕਾਹਦੇ ਲਈ ਪੱਬਾਂ ਭਾਰ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਅਗਾਊਂ ਤਿਆਰੀ ਦੇ ਫਰਵਰੀ ਮਹੀਨੇ ਤੋਂ ਲੈ ਕੇ, ਮੌਨਸੂਨ ਦਾ ਕਹਿਰ ਬਣ ਕੇ ਵਰ੍ਹਨ ਸਮੇਂ, ਲੋਕਾਂ ਦੇ ਡੁੱਬ-ਡੁੱਬ ਕੇ ਮਰਨ ਸਮੇਂ ਅਤੇ ਸਤੰਬਰ-ਅਕਤੂਬਰ ਮਹੀਨਿਆਂ ਦੇ ਮੁੜ-ਵਸੇਬੇ ਸਮੇਂ ਪੰਜਾਬ ਸਰਕਾਰ ਕਿੱਥੇ ਰਹੀ? ਰੁੱਝੀ ਰਹੀ। ਪੱਬਾਂ ਭਾਰ ਰਹੀ। ਕਾਹਦੇ ਲਈ। ਚੋਣਾਂ ਲਈ। ਦਿੱਲੀ ਦੀਆਂ ਚੋਣਾਂ ਲਈ। ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ। ਅਗਲੇ ਸਾਲ 2027 ਦੀਆਂ ਅਸੈਬਲੀ ਚੋਣਾਂ ਦੀ ਅਗਾਊਂ ਤਿਆਰੀ ਲਈ ਪੈਂਤੜਾ ਘੜਨ ਲਈ, ਰੁੱਝੀ ਰਹੀ। ਸਾਮ, ਦਾਮ, ਦੰਡ ਭੇਦ, ਲੜਾਈ-ਝਗੜਾ, ਝੂਠ-ਸੱਚ ਵਰਗੇ ਅਸ਼ਤਰ-ਸ਼ਸਤਰ ਸਾਣ 'ਤੇ ਲਾਉਣ ਵਿੱਚ ਰੁੱਝੀ ਰਹੀ। ਸਰਕਾਰੀ ਬਲ ਤੇ ਛਲ ਦੇ ਜ਼ੋਰ ਧਨ-ਬਲ, ਬਾਹੂ-ਬਲ ਇਕੱਤਰ ਕਰਕੇ ਬਲਵਾਨ ਹੋ ਕੇ ਮੈਦਾਨ 'ਚ ਉਤਰਨ ਦੀ ਤਿਆਰੀ ਕਰਦੀ ਰਹੀ। ਆਮ ਆਦਮੀ ਵਾਲਾ ਮਖੌਟਾ ਲਾਹ ਕੇ, ਲੀਰੋ-ਲੀਰ ਕਰਕੇ, ਨਿਸ਼ੰਗ ਹੋ ਕੇ, ਕਾਰਪੋਰੇਟਾਂ ਦੀ ਬਣ ਖਲੋਣ ਲਈ ਪੱਬਾਂ ਭਾਰ ਹੋਈ ਰਹੀ। ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਨਵੰਬਰ ਤੱਕ ਦੀਆਂ ਆਪ ਸਰਕਾਰ ਦੀਆਂ ਸਿਆਸੀ ਪਹਿਲਕਦਮੀਆਂ, ਰੁਝੇਵਿਆਂ ਅਤੇ ਪੰਜਾਬ ਅੰਦਰਲੇ ਸਿਆਸੀ ਘਟਨਾਕ੍ਰਮ ਦੀ ਸਿਲਸਿਲੇਵਾਰ ਤੇ ਪੜਤਾਲੀਆ ਪਰਖ ਪੜਤਾਲ ਤਾਂ ਇਸੇ ਸਿੱਟੇ 'ਤੇ ਪਹੁੰਚਾਉਂਦੀ ਹੈ। ਪੰਜਾਬ ਵਿਚੋਂ ਉਗਰਾਹੇ ਗਏ ਸਿਆਸੀ ਬਲ, ਧਨ-ਬਲ ਤੇ ਬਾਹੂ-ਬਲ ਦੇ ਜ਼ੋਰ 'ਤੇ ਆਮ ਪਾਰਟੀ ਨੇ ਦਿੱਲੀ ਦੀਆਂ ਚੋਣਾਂ ਲੜੀਆਂ। ਪੱਬਾਂ ਭਾਰ ਹੋ ਕੇ ਲੜੀਆਂ। ਬੁਰੀ ਤਰ੍ਹਾਂ ਹਾਰੀਆਂ। ਪੰਜਾਬ ਅੰਦਰ ਦਰਿਆਵਾਂ, ਨਹਿਰਾਂ, ਨਾਲਿਆਂ ਦੀ ਸਫ਼ਾਈ ਦਾ ਕੰਮ ਇਸੇ ਰੁਝੇਵੇਂ ਨੂੰ ਫੈਸਲਾ ਕਰਕੇ ਪਿੱਛੇ ਪਾਇਆ। ਪੰਜਾਬ 'ਚੋਂ ਇਸ ਸਫ਼ਾਈ ਮਕਸਦ ਲਈ ਕਢਵਾਇਆ 250 ਕਰੋੜ ਰੁਪਿਆ ਕਿੱਥੇ ਖਪਿਆ। ਜੇ ਸਫ਼ਾਈ 'ਤੇ ਨਹੀਂ ਖਪਿਆ ਤਾਂ ਸਿਆਸੀ ਮਾਹਿਰ ਖੁਦ ਹਿਸਾਬ ਕਿਤਾਬ ਲਾਉਣ ਕਿ ਕਿੱਥੇ ਖਪਿਆ? ਦਿੱਲੀ ਦੀ ਨਮੋਸ਼ੀ ਭਾਰ ਹਾਰ 'ਚੋਂ ਆਪ ਦੀ ਕੌਮੀ ਲੀਡਰਸ਼ਿਪ ਨੇ ਇੱਕ ਸਹੀ ਅਤੇ ਕੀਮਤੀ ਸਬਕ ਹਾਸਲ ਕੀਤਾ। ਸਬਕ ਸਿੱਖਿਆ ਕਿ ਆਮ ਆਦਮੀ ਨੇ ਹੁਣ “ਆਮ ਆਦਮੀ ਪਾਰਟੀ” ਦੇ 'ਬਦਲਾਅ' ਵਾਲੇ ਸਿੱਕੇ ਨੂੰ ਅਮਲ ਦੀ ਪਰਖ-ਵੱਟੀ 'ਤੇ ਰਗੜਕੇ ਪਰਖ ਲਿਆ ਹੈ। ਇਸ ਨੂੰ ਨਿਰਾ ਖੋਟਾ ਸਮਝ ਕੇ ਵਾਪਸ ਮੋੜ ਦਿੱਤਾ ਹੈ। ਪੰਜਾਬ ਦੇ ਪਾਰਖੂ ਲੋਕਾਂ, ਜਾਗਰਤ ਤੇ ਜਥੇਬੰਦ ਜਨਤਕ ਲਹਿਰ ਹੇਠਲੇ ਸੰਘਰਸ਼ਸ਼ੀਲ ਅਤੇ ਖਰੇ ਬਦਲਾਅ ਲਈ ਤਾਂਘਦੇ ਲੋਕਾਂ ਨੇ ਇਸ ਤੋਂ ਵੀ ਦੋ ਕਦਮ ਅੱਗੇ ਪਹੁੰਚ ਜਾਣਾ ਹੈ। ਸੋ ਆਪ ਦੀ ਕੌਮੀ ਲੀਡਰਸ਼ਿਪ ਨੇ ਆਮ ਆਦਮੀ ਵਾਲੀ, “ਬਦਲਾਅ” ਦੇ ਨਾਂ ਵਾਲੀ ਕੁੰਜ ਉਤਾਰ ਦਿੱਤੀ ਹੈ। ਇੱਕੋ ਝਟਕੇ ਨਾਲ ਉਤਾਰ ਦਿੱਤੀ ਹੈ। ਹੜ੍ਹਾਂ ਦੀ ਰੋਕਥਾਮ ਦੀ ਅਗਾਊਂ ਤਿਆਰੀ ਨੂੰ ਠੱਪ ਕਰ ਦਿੱਤਾ। ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚੋਂ ਮੁੱਖ ਮੰਤਰੀ ਮਾਨ ਕ੍ਰੋਧਿਤ ਹੋ ਕੇ ਵਾਕ ਆਊਟ ਕਰ ਗਿਆ। ਚੰਡੀਗੜ੍ਹ ਕੂਚ 'ਤੇ ਪਾਬੰਦੀ ਲਾ ਦਿੱਤੀ। ਸ਼ੰਭੂ ਅਤੇ ਖਨੌਰੀ ਮੋਰਚੇ ਦੀ ਲੀਡਰਸ਼ਿਪ ਨੂੰ ਗੱਲਬਾਤ ਕਰਨ ਗਿਆ ਨੂੰ ਭੁਚਲਾਕੇ ਫੜ੍ਹ ਲਿਆ— ਜ਼ੇਲ੍ਹੀਂ ਡੱਕ ਦਿੱਤਾ। ਮੋਰਚੇ ਉੱਪਰ ਬੁਲਡੋਜ਼ਰ ਚਲਾ ਦਿੱਤਾ। ਸੰਦ-ਸਮਾਨ ਤੇ ਰਾਸ਼ਨ ਪੁਲਿਸ ਦੇ ਜ਼ੋਰ ਦੱਬ ਲਿਆ, ਲੁੱਟ ਲਿਆ। ਸੜਕਾਂ, ਰੇਲਾਂ ਰੋਕਣ ਤੋਂ ਬਾਜ ਆਉਣ ਦਾ ਹੋਕਾ ਫੇਰ ਦਿੱਤਾ। ਰਸਤੇ ਰੋਕ ਕੇ ਕਿਸਾਨ ਜਥੇਬੰਦੀਆਂ, ਵਪਾਰੀਆਂ, ਕਾਰੋਬਾਰੀਆਂ ਦੇ ਮੁਨਾਫ਼ਿਆ ਨੂੰ ਸੱਟ ਮਾਰਦੀਆਂ ਹਨ। ਕਿਸਾਨ ਜਥੇਬੰਦੀਆਂ ਗੈਂਗਸਟਰ ਹਨ। ਲੁੱਟਾਂ-ਖੋਹਾਂ ਕਰਦੀਆਂ ਹਨ। ਹੋਟਲਾਂ ਦੀਆਂ ਕਾਰੋਬਾਰੀ ਹਨ। ਕਾਲੀ ਕਮਾਈ ਕਰਦੀਆਂ ਹਨ। ਆਮ ਆਦਮੀ ਪਾਰਟੀ, ਆਪ ਸਰਕਾਰ ਅਤੇ ਪਾਰਟੀ ਦੇ ਆਈ.ਟੀ. ਸੈੱਲ ਨੇ ਉਪਰੋਕਤ ਬਿਰਤਾਂਤ ਸਿਰਜਣ ਦਾ ਬੀੜਾ ਚੁੱਕ ਲਿਆ। ਸੰਘਰਸ਼ਸ਼ੀਲ ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਦੇ ਚੱਲ ਰਹੇ ਸੰਘਰਸ਼ਾਂ ਨੂੰ ਉੱਕਾ ਹੀ ਬੇਗੌਲਿਆਂ ਕਰਕੇ ਪੁਲਿਸ ਦਾ ਕਟਕ ਵਧਾ ਦਿੱਤਾ। ਇਹ ਸਾਰੇ ਦਾ ਸਾਰਾ ਪੈਂਤੜਾ ਡੰਕੇ ਦੀ ਚੋਟ ਨਾਲ ਗੱਜ-ਵੱਜ ਕੇ ਉਭਾਰਿਆ। ਮਾਰਚ 2025 ਦੇ ਇੱਕੋ ਮਹੀਨੇ ਦੇ ਵਿੱਚ ਵਿੱਚ ਉਭਾਰਿਆ। ਇਸ ਪੈਂਤੜੇ ਦਾ ਸਿਆਸੀ ਅਰਥ ਇਹ ਬਣਦਾ ਸੀ ਕਿ ਆਪ ਪਾਰਟੀ ਨੇ ਪੰਜਾਬ ਦੇ ਇਨਕਲਾਬ ਲਈ ਤਾਂਘਣ ਵਾਲੇ, ਬਦਲਾਅ ਲਈ ਵੋਟ ਪਾਰਟੀ ਭਾਲਣ ਵਾਲੇ ਵੋਟਰਾਂ ਨੂੰ ਦੁਬਾਰਾ ਫੇਰ ਭੁਚਲਾਅ ਕੇ ਵੋਟਾਂ ਬਟੋਰਨ ਦੀ ਕੁੱਤੇ ਝਾਕ ਮੁਕਾਅ ਦਿੱਤੀ ਹੈ। ਹੁਣ ਨਵੇਂ ਕਿਸ ਲੋਕ-ਹਲਕੇ ਦੀ ਵੋਟ ਵਟੋਰਨ ਉੱਪਰ ਕੇਂਦਰਤ ਕਰਨਾ ਹੈ, ਕਿਹੜੀ ਸਿਆਸੀ ਸ਼ਨਾਖਤ ਦਾ ਚੋਲਾ ਪਾ ਕੇ ਸਿਆਸੀ ਮੈਦਾਨ 'ਚ ਅੱਗੇ ਵਧਣਾ ਹੈ। ਇਸ ਸਮੁੱਚੇ ਪੈਂਤੜੇ ਦੀ ਨੀਂਹ ਆਮ ਆਦਮੀ ਪਾਰਟੀ ਨੇ ਆਵਦੀਆਂ ਅਪ੍ਰੈਲ ਤੇ ਮਈ 2025 ਦੇ ਦੋ ਮਹੀਨਿਆਂ ਦੀਆਂ ਸਮੁੱਚੀਆਂ ਸਿਆਸੀ ਪਹਿਲਕਦਮੀਆਂ ਰਾਹੀਂ ਸਾਹਮਣੇ ਲਿਆ ਦਿੱਤੀ ਹੈ। ਜੂਨ ਮਹੀਨੇ ਵਿੱਚ ਲੁਧਿਆਣੇ ਦੀ ਜ਼ਿਮਨੀ ਚੋਣ ਵਿੱਚ ਵੀ ਲਾਜ਼ਮੀ ਜਿੱਤ ਪ੍ਰਾਪਤ ਕਰਨੀ ਹੈ। ਇਸ ਸਮੁੱਚੇ ਮਕਸਦ ਨੂੰ ਪੂਰ ਚੜ੍ਹਾਉਣ ਲਈ ਸ੍ਰੀ ਅਰਵਿੰਦ ਕੇਜਰੀਵਾਲ ਦਾ ਡੇਰਾ ਲੁਧਿਆਣੇ ਲੱਗ ਗਿਆ। ਪੰਜਾਬ ਅਸੈਂਬਲੀ ਨੇ ਕੇਂਦਰ ਸਰਕਾਰ ਵੱਲੋਂ ਲਿਆਂਦਾ ਕਾਨੂੰਨ ਸਨਅਤਾਂ ਵੱਲੋਂ ਪਾਣੀ ਪਲੀਤ ਕਰਨ ਦੀ ਉਲੰਘਣਾ ਨੂੰ ਅਪਰਾਧਕ ਖੇਤਰ ਵਿੱਚੋਂ ਖਾਰਜ ਕਰਨ ਵਾਲਾ ਕਾਨੂੰਨ, ਪੰਜਾਬ ਲਈ ਪ੍ਰਵਾਨ ਕਰ ਲਿਆ। ਇਸ ਉਲੰਘਣਾ ਨੂੰ ਜੁਰਮਾਨੇ ਰਾਹੀਂ ਸਜ਼ਾ ਦੇਣ ਤੱਕ ਸੀਮਤ ਕਰ ਦਿੱਤਾ। ਲੁਧਿਆਣੇ ਦੇ ਸਨਅਤੀ ਘਰਾਣਿਆਂ ਲਈ ਇਹ ਮੂੰਹੋਂ ਮੰਗਿਆ ਤੋਹਫ਼ਾ ਸੀ। ਇਸ ਤੋਂ ਬਿਨਾਂ 26 ਮਈ 2025 ਨੂੰ ਲੁਧਿਆਣਾ ਦੀ ਜ਼ਿਮਨੀ ਚੋਣ ਦਾ ਨੋਟੀਫੀਕੇਸ਼ਨ ਜਾਰੀ ਹੋਣ ਤੋਂ ਪਹਿਲਾਂ-ਪਹਿਲਾਂ ਸ਼ੁਰੂ ਹੋਣ ਵਾਲੀਆਂ ਅਤੇ ਵੋਟਾਂ ਪੈਣ ਵਾਲੇ ਦਿਨ ਦੇ ਨੇੜੇ ਤੇੜੇ ਸਮਾਪਤ ਹੋਣ ਵਾਲੀਆਂ ਚਾਰ-ਪੰਜ ਵੱਡੀਆਂ ਸਿਆਸੀ ਮੁਹਿੰਮਾਂ ਵਿੱਢ ਦਿੱਤੀਆਂ। ਪਹਿਲੀ, 7 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਅਤੇ 31 ਮਈ ਨੂੰ ਸਮਾਪਤ ਹੋਣ ਵਾਲੀ ਸਿੱਖਿਆ ਕ੍ਰਾਂਤੀ ਮੁਹਿੰਮ ਐਲਾਨ ਦਿੱਤੀ ਗਈ। 54 ਦਿਨਾਂ ਵਿੱਚ ਸਿੱਖਿਆ ਕ੍ਰਾਂਤੀ ਲਿਆ ਦੇਣ ਵਾਲੀ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ 2000 ਕਰੋੜ ਰੁਪਏ ਖਜ਼ਾਨੇ ਵਿੱਚੋਂ ਹਾਸਲ ਕਰ ਲਏ ਗਏ ਹਨ। ਦੂਜੀ, 19 ਅਪ੍ਰੈਲ ਤੋਂ “ਯੁੱਧ ਨਸ਼ਿਆਂ ਵਿਰੁੱਧ” ਵਿੱਢਣ ਦਾ ਐਲਾਨ ਹੋ ਗਿਆ। ਇਸ ਯੁੱਧ ਵਿੱਚ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਜਿੱਤ ਪ੍ਰਾਪਤ ਕਰ ਲੈਣ ਦਾ ਟੀਚਾ ਰੱਖਿਆ ਗਿਆ। 9 ਜੁਲਾਈ 2025 ਦੀ ਤਾਰੀਕ ਵੀ ਐਲਾਨ ਦਿੱਤੀ ਗਈ। ਇਸ ਯੁੱਧ ਵਿੱਚ ਹੋਣ ਵਾਲੇ ਖਰਚੇ ਦੀ ਪੂਰਤੀ ਲਈ 334 ਕਰੋੜ ਰੁਪਏ ਖਜ਼ਾਨੇ ਵਿੱਚੋਂ ਹਾਸਲ ਕਰਨ ਦਾ ਫੈਸਲਾ ਹੋ ਗਿਆ। ਇਸ 'ਯੁੱਧ' ਦੀ ਮਸ਼ਹੂਰੀ ਕਰਨ ਲਈ ਇਸ਼ਤਿਹਾਰਬਾਜ਼ੀ ਕਰਨ ਦੇ ਕੰਮ ਵੱਲ ਖਾਸ ਤਵੱਜ਼ੋ ਦਿੱਤੀ ਗਈ। 15 ਕਰੋੜ ਰੁਪਏ ਰਾਖਵੇਂ ਕੀਤੇ ਗਏ। ਇਹਨਾਂ ਸਿਆਸੀ ਮੁਹਿੰਮਾਂ ਦਾ ਵੱਡਾ ਸਿਆਸੀ ਟੀਚਾ ਹੋਣ ਤੋਂ ਬਿਨਾਂ ਖੁੱਲ੍ਹੀਆਂ ਬੱਜਟੀ ਰਕਮਾਂ ਜਾਰੀ ਕਰਵਾਉਣਾ, ਕੋਈ ਛੋਟਾ ਟੀਚਾ ਨਹੀਂ ਸੀ। ਤੀਜੇ:-ਅਪ੍ਰੈਲ ਦੇ ਮਗਰਲੇ ਹਫ਼ਤੇ ਤੱਕ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਦੇ ਯੋਧੇ ਵਜੋਂ ਗੁਰਜ ਹਾਸਲ ਕਰਨ ਲਈ ਬੀ.ਬੀ.ਐਮ.ਬੀ. ਅਤੇ ਹਰਿਆਣਾ ਸਰਕਾਰ ਨਾਲ ਮੋਰਚਾ ਭਖਾ ਲਿਆ। ਮੁੱਖ ਮੰਤਰੀ ਅਤੇ ਇਸ ਦੇ ਮੰਤਰੀ ਮੰਡਲ ਵੱਲੋਂ ਲਾਇਆ ਇਹ ਮੋਰਚਾ ਅਗਸਤ ਮਹੀਨੇ ਤੱਕ, ਹੜ੍ਹਾਂ ਦੀ ਸ਼ੁਰੂਆਤ ਹੋਣ ਤੱਕ ਜਾਰੀ ਰਿਹਾ। ਇਹ ਉਹੀ ਸਮਾਂ ਸੀ ਜਦੋਂ ਆਉਂਦੇ ਮੌਨਸੂਨ ਵਿੱਚ ਬਾਰਿਸ਼ਾਂ ਜ਼ਿਆਦਾ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਤਿੰਨਾਂ ਹੀ ਡੈਮਾਂ ਵਿਚਲੇ ਪਾਣੀ ਨੂੰ ਹੇਠਲੇ ਪੱਧਰ 'ਤੇ ਲਿਆਉਣਾ ਚਾਹੀਦਾ ਸੀ। ਲੱਗਦਾ ਹੈ, “ਤਿੱਪ ਨੀ ਦੇਣਾ” ਦੀ ਮੁਹਾਰਨੀ ਪੜ੍ਹਨ ਵਾਲੇ ਇਸ ਜਲ ਯੋਧੇ ਦਾ ਐਹੋ ਜਿਹੀਆਂ ਤਕਨੀਕਾਂ ਲੋੜਾਂ ਵਾਲਾ ਖਾਨਾ ਖਾਲੀ ਹੀ, ਰਹਿੰਦਾ ਹੈ। ਚੌਥੇ:- 14 ਮਈ ਨੂੰ ਲੈਂਡ ਪੂਲਿੰਗ ਪਾਲਿਸੀ ਵਾਲਾ ਨੋਟੀਫੀਕੇਸ਼ਨ ਜਾਰੀ ਹੋ ਗਿਆ। ਜਿਸ ਨਾਲ ਲੁਧਿਆਣੇ ਸਮੇਤ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਦੀ ਵੱਖੀ ਨੇੜਲੀਆਂ ਬਹੁਫ਼ਸਲੀ ਅਤੇ ਬੇਹੱਦ ਕੀਮਤੀ 65000 ਏਕੜ ਜ਼ਮੀਨਾਂ ਕਿਸਾਨਾਂ ਦੀ ਮਾਲਕੀ ਤੋਂ ਹਾਸਿਲ ਕਰਨੀਆਂ ਸਨ। ਖੋਹ ਕੇ, ਲੁੱਟ ਕੇ, ਠੱਗ ਕੇ, ਬਿਲਡਰਾਂ, ਰੀਅਲ ਅਸਟੇਟਾਂ ਤੇ ਕਾਰਪੋਰੇਟਾਂ ਲਈ ਪਰੋਸ ਦੇਣੀਆਂ ਸਨ। ਪੰਜਵੀਂ:- ਲੁਧਿਆਣੇ ਦੀ ਜ਼ਿਮਨੀ ਚੋਣ ਸਾਰੀ ਸਰਕਾਰੀ ਮਸ਼ਨੀਰੀ ਨੂੰ ਝੋਕ ਕੇ ਲੜੀ ਗਈ ਅਤੇ ਜਿੱਤੀ ਗਈ। ਉਪਰਲੀਆਂ ਚਾਰੇ ਮੁਹਿੰਮਾਂ ਸਿਰਫ਼ ਇਸ ਚੋਣ ਲਈ ਨਹੀਂ ਸ਼ੁਰੂ ਕੀਤੀਆਂ ਗਈਆਂ ਸਨ। ਸਗੋਂ ਆਉਂਦੇ ਅਰਸੇ ਲਈ ਆਵਦੀ ਸਿਆਸੀ ਸ਼ਨਾਖਤ ਦੇ ਮੋਟੇ ਨਕਸ਼ ਉਘਾੜਨ ਲਈ ਵਿੱਢੀਆਂ ਗਈਆਂ ਹਨ। ਇਹਨਾਂ ਦਾ ਜ਼ਿਮਨੀ ਚੋਣ ਮੁਹਿੰਮ ਵਿੱਚ ਕਿੰਨਾ ਫਾਇਦਾ ਹੋਇਆ, ਇਹਨਾਂ ਮੁਹਿੰਮਾਂ ਦਾ ਸਰਕਾਰ ਦੀ ਸਿਆਸੀ ਸਾਖ਼ ਬਚਾਉਣ ਤੇ ਬਣਾਉਣ ਤੇ ਉਭਾਰਨ ਵਿੱਚ ਕਿੰਨਾ ਕੁ ਫਾਇਦਾ ਹੋਇਆ, ਇਹ ਹਥਲੀ ਲਿਖਤ ਦਾ ਮੁੱਦਾ ਨਹੀਂ ਹੈ। ਲਿਖਤ ਦਾ ਮੁੱਦਾ ਤਾਂ ਇਹ ਹੈ ਕਿ ਜਦ ਪੰਜਾਬ ਦੇ ਲੋਕ ਦਰਿਆ ਦੇ ਕਹਿਰ ਵਿੱਚ ਰੁੜ੍ਹ ਰਹੇ ਸਨ ਤਾਂ ਪੰਜਾਬ ਸਰਕਾਰ ਕਿੱਥੇ ਰਹੀ? ਅਸੀਂ ਦੱਸਿਆ ਸੀ ਕਿ, “ਰੁੱਝੀ ਰਹੀ”, “ਪੱਬਾਂ ਭਾਰ ਰਹੀ।” ਦਸੰਬਰ 2024 ਤੋਂ ਫਰਵਰੀ 2025 ਤੱਕ ਵਾਹੋਦਾਹੀ ਦਿੱਲੀ ਚੋਣਾਂ। ਮਾਰਚ ਸਾਰਾ— ਪੰਜਾਬ ਦੀ ਜਨਤਕ ਲਹਿਰ ਨਾਲ ਲਾਮਿਸਾਲ ਆਢਾ। ਅਪ੍ਰੈਲ ਸਾਰਾ ਸਿੱਖਿਆ ਕ੍ਰਾਂਤੀ, ਹਰਿਆਣੇ ਨਾਲ ਜਲ-ਯੁੱਧ, “ਯੁੱਧ ਨਸ਼ਿਆਂ ਵਿਰੁੱਧ।” ਮਈ-ਜੂਨ ਸਾਰਾ ਲੈਂਡ ਪੂਲਿੰਗ ਰਾਹੀਂ ਜ਼ਮੀਨੀ ਯੁੱਧ, ਕਿਸਾਨੀ ਵਿਰੁੱਧ ਅਤੇ ਲੁਧਿਆਣਾ ਜ਼ਿਮਨੀ ਚੋਣ ਯੁੱਧ। ਲੈਂਡ ਪੂਲਿੰਗ ਪਾਲਸੀ ਤਾਂ 11 ਅਗਸਤ ਨੂੰ ਵਾਪਸ ਲੈਣੀ ਪੈ ਗਈ। ਪਰ ਜ਼ਮੀਨੀ ਯੁੱਧ ਕਿਸਾਨੀ ਵਿਰੁੱਧ ਵਾਪਸ ਨਹੀਂ ਲਿਆ ਗਿਆ। ਜ਼ਮੀਨਾਂ ਲਈ ਪੰਜਾਬ ਦੀ ਆਪ ਸਰਕਾਰ ਨੂੰ ਪਿਆ ਹਲਕਾਅ ਦਾ ਦੌਰਾ ਥੰਮ੍ਹ ਨਹੀਂ ਰਿਹਾ। ਲੁਧਿਆਣੇ ਤੋਂ ਚੋਣ ਜਿੱਤੇ ਸਨਅਤਕਾਰ ਨੂੰ ਆਪ ਸਰਕਾਰ ਨੇ ਜ਼ਮੀਨਾਂ ਭਾਲਣ ਵਾਲਾ ਮੰਤਰੀ ਬਣਾ ਦਿੱਤਾ ਹੈ। ਇਸ ਸਾਰੀ ਵਾਹੋ-ਦਾਹੀ ਵਿੱਚ ਕਾਰੋਪਰੇਟਾਂ ਖਾਤਰ ਘਾਲੀ ਜਾ ਰਹੀ ਦਿਨ ਰਾਤ ਦੀ ਘਾਲਣਾ ਵਿੱਚ ਲੱਗੀ ਸਰਕਾਰ ਕੋਲ, ਹੜ੍ਹ ਵਰਗੇ ਮਸਲੇ ਨੂੰ ਸੰਬੋਧਤ ਹੋਣ ਲਈ ਨਾ ਸਮਾਂ ਹੈ, ਨਾ ਸਰਮਾਇਆ ਹੈ। ਚੋਣਾਂ ਤਾਂ ਸਾਮ, ਦਾਮ, ਦੰਡ, ਭੇਦ, ਲੜਾਈ, ਝਗੜਾ ਰਾਹੀਂ ਜਿੱਤੀਆਂ ਜਾਂਦੀਆਂ ਹਨ। ਚੋਣਾਂ ਤਾਂ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਹੰਭਲੇ ਰਾਹੀਂ ਲੋਕਾਂ ਦੇ ਉੱਭਰੇ ਹੋਏ ਮਸਲਿਆਂ ਨੂੰ ਪੈਰਾਂ ਹੇਠ ਰੋਲਣ ਖਾਤਰ ਲੜੀਆਂ ਜਾਂਦੀਆਂ ਹਨ। ਪੈਰਾਂ ਹੇਠ ਰੋਲ ਕੇ ਲੜੀਆਂ ਜਾਂਦੀਆਂ ਹਨ। ਆਪ ਸਰਕਾਰ ਇਸ ਪੈਂਤੜੇ ਉੱਪਰ ਹੀ ਅੱਗੇ ਵਧ ਰਹੀ ਹੈ। ਤਰਨਤਾਰਨ ਦੇ ਨੇੜਲੇ ਹੜ੍ਹ ਪੀੜ੍ਹਤ ਖੇਤਰਾਂ ਦੇ ਮੁੱਦੇ ਦਾ ਤਰਨਤਾਰਨ ਦੀ ਚੋਣ 'ਚ ਕੀ ਸਥਾਨ ਰਿਹਾ। ਤਰਨਤਾਰਨ ਦੀ ਜਿੱਤ ਨੇ ਮੁੜ ਸਥਾਪਤ ਕਰ ਦਿੱਤਾ ਹੈ ਕਿ ਲੋਕ-ਮੁੱਦੇ, ਲੋਕ-ਹਿੱਤ ਚੋਣਾਂ ਦਾ ਸਰੋਕਾਰ ਨਹੀਂ ਹੈ। ਹੜ੍ਹਾਂ ਦੇ ਕਹਿਰ ਸਮੇਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਮੁਕੰਮਲ ਗੈਰ-ਹਾਜ਼ਰੀ ਲਵਾਉਣ ਵਾਲੀ 'ਜੁਰਅਤ' ਇੱਥੋਂ ਹੀ ਨਿਕਲਦੀ ਹੈ।

 ਹੜ੍ਹ ਪੀੜਤਾਂ ਦੀ ਸਹਾਇਤਾ ਲਈ ਵੱਡਾ ਜਨਤਕ ਹੰਭਲਾ

 ਇੱਕ ਮੁੱਲਵਾਨ ਤਜਰਬੇ ਦੀ ਰਿਪੋਰਟ

ਅਗਸਤ 2025 ਦੇ ਮਗਰਲੇ ਦਿਨਾਂ ਅਤੇ ਸਤੰਬਰ ਦੇ ਪਹਿਲੇ ਤਿੰਨ-ਚਾਰ ਦਿਨਾਂ ਵਿੱਚ ਪੰਜਾਬ ਨੂੰ ਹੜ੍ਹਾਂ ਦੇ ਹੱਲੇ ਨੇ ਦਬੋਚ ਲਿਆ। ਹੜ੍ਹ ਪੀੜਤਾਂ ਲਈ ਇਹ ਜਲ-ਛਾਪਾ ਬਹੁਤ ਅੱਚਨਚੇਤ ਸੀ। ਅਣਕਿਆਸਿਆ ਸੀ।
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੋਰਚਾ
ਪੰਜਾਬ ਦੀ ਇਨਕਲਾਬੀ ਜਨਤਕ ਜਮਹੂਰੀ ਲਹਿਰ ਦਾ ਉਸ ਸਮੇਂ ਜ਼ਮੀਨਾਂ ਦੀ ਰਾਖੀ ਅਤੇ ਜਮੀਨਾਂ ਦੀ ਪ੍ਰਾਪਤੀ ਲਈ ਮੋਰਚਾ ਪੂਰੀ ਤਰ੍ਹਾਂ ਭਖਿਆ ਹੋਇਆ ਸੀ। ਜ਼ਮੀਨਾਂ ਖੋਹਣ ਲਈ ਅਤੇ ਹੱਕੀ ਮੰਗਾਂ ਮੰਨਣ ਤੋਂ ਇਨਕਾਰੀ ਹੋਣ ਵਾਲੀ ਸਰਕਾਰ ਸੰਘਰਸ਼ ਕਰਨ ਦਾ ਹੱਕ ਖੋਹਣ ਲਈ ਝੱਪਟਾਂ ਮਾਰ ਰਹੀ ਸੀ। ਕਿਸਾਨ ਲਹਿਰ ਦੇ ਆਗੂਆਂ ਨੂੰ ਲੰਬੇ ਸਮੇਂ ਲਈ ਜੇਲ੍ਹਾਂ 'ਚ ਸੁੱਟਣ ਦੀਆਂ ਗੋਦਾਂ ਨਸ਼ਰ ਹੋ ਚੁੱਕੀਆਂ ਸਨ। ਇਸ ਨੂੰ ਨਾਕਾਮ ਕਰਨ ਲਈ ਰੋਸ ਤੇ ਰੋਹ ਉੱਭਰ ਰਿਹਾ ਸੀ। ਲੰਬੇ ਸਮੇਂ ਲਈ ਸੰਭਾਵਤ ਜੇਲ੍ਹ-ਬੰਦੀ ਨਾਲ ਦੋ ਹੱਥ ਕਰਨ ਦੀ ਤਿਆਰੀ ਜ਼ੋਰਾਂ 'ਤੇ ਸੀ। ਜ਼ਮੀਨਾਂ ਅਤੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੀ ਰਾਖੀ ਦੇ ਸਿਰ-ਖੜ੍ਹੇ ਕਾਰਜ ਜਾਂ ਹੜ੍ਹ-ਪੀੜਤਾਂ ਲਈ ਰਾਹਤ ਕਾਰਜ ਵਿੱਚੋਂ ਪ੍ਰਮੁੱਖਤਾ ਕਿਸ ਕਾਰਜ ਨੂੰ ਮਿਲੇ? ਰਾਹਤ ਕਾਰਜਾਂ ਵਿਚ ਆਮ ਲੋਕਾਈ ਵਾਂਗੂੰ ਹਿੱਸਾ ਪਾਉਣ ਦਾ ਲਿਆ ਪਹਿਲਾ ਫ਼ੈਸਲਾ ਸਤੰਬਰ ਦੇ ਪਹਿਲੇ ਦੋ ਤਿੰਨ ਦਿਨਾਂ ਵਿੱਚ ਹੀ ਪਲਟ ਗਿਆ। ਦਰਿਆ ਕਹਿਰਵਾਨ ਹਨ। ਸਰਕਾਰੀ ਬਦਇੰਤਜ਼ਾਮੀ ਸਿਖਰਾਂ 'ਤੇ ਹੈ। ਦੋਵੇਂ ਸਰਕਾਰਾਂ ਗ਼ੈਰਹਾਜ਼ਰ ਹਨ। ਆਪ-ਮੁਹਾਰੀ ਰਾਹਤ ਸਰਗਰਮੀ ਨਾਲ ਹੜ੍ਹ ਪੀੜਤਾਂ ਦੇ ਦੁੱਖਾਂ ਨੂੰ ਘਟਾਉਣ ਲਈ ਤੁਰਤ ਲੋੜੀਂਦੀ ਮੱਦਦ ਤਾਂ ਹੋ ਸਕਦੀ ਹੈ। ਪਰ ਹੜ੍ਹ ਪੀੜ੍ਹਤਾਂ ਨੂੰ ਮੁੜ ਪੈਰਾਂ-ਸਿਰ ਹੋਣ ਲਈ ਬਹੁਤ ਵਿਆਪਕ ਸਹਾਇਤਾ ਦੀ ਜ਼ਰੂਰਤ ਹੈ। ਇਹੀ ਕਾਰਜ ਪ੍ਰਮੁੱਖਤਾ ਮੰਗਦਾ ਹੈ। ਸੰਘਰਸ਼ ਦੇ ਕਾਰਜ ਨੂੰ ਦੋਮ ਦਰਜੇ 'ਤੇ ਰੱਖ ਕੇ ਵੀ ਰਾਹਤ ਕਾਰਜ ਨੇਪਰੇ ਨਹੀਂ ਚੜ੍ਹ ਸਕਦੇ। ਇਸ ਨੂੰ ਪਾਸੇ ਰੱਖ ਦੇਣਾ ਚਾਹੀਦਾ ਹੈ। ਰਾਹਤ ਕਾਰਜ ਵਿੱਚ ਮੋਢ੍ਹੀ-ਕੰਨ੍ਹਾ ਲਾਉਣ ਦੀ ਲੋੜ ਹੈ। ਜਨਤਕ ਜਮਹੂਰੀ ਲਹਿਰ ਦਾ ਸਾਰਾ ਤਾਣ-ਜੁਟਾਉਣ ਦੀ ਲੋੜ ਹੈ। ਹੜ੍ਹ ਪੀੜਤਾਂ ਦੀ ਸਹਾਇਤਾ ਲਈ ਮੋਰਚਾ ਬਣਾਉਣ ਅਤੇ ਮੋਰਚਾ ਲਾਉਣ ਦੀ ਲੋੜ ਹੈ, ਤਿੰਨ ਸਤੰਬਰ ਤੱਕ ਇਹ ਤਹੱਈਆ ਹੋ ਗਿਆ। ਇਸ ਦਾ ਜਨਤਕ ਤੌਰ 'ਤੇ ਐਲਾਨ 10 ਸਤੰਬਰ ਨੂੰ ਹੋਇਆ। ਇਸ ਵਿੱਚ ਇਸ ਮੋਰਚੇ ਵਿੱਚ ਇਨਕਲਾਬੀ ਜਨਤਕ ਲਹਿਰ ਦੀਆਂ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਸ਼ਾਮਲ ਹੋਈਆਂ। ਇਹਨਾਂ ਦੇ ਨਾਂਅ ਹਨ: ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ), ਪੰਜਾਬ ਖੇਤ ਮਜ਼ਦੂਰ ਯੂਨੀਅਨ,ਪੰਜਾਬ ਲੋਕ ਸੱਭਿਆਚਾਰਕ ਮੰਚ, ਪੀ.ਐਸ.ਯੂ.(ਸ਼ਹੀਦ ਰੰਧਾਵਾ), ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ, ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਅਤੇ ਸਨਅਤੀ ਮਜਦੂਰਾਂ 'ਚੋਂ  ਮੋਲਡਰ ਅਤੇ ਸਟੀਲ ਵਰਕਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ,ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ।
ਲੋੜਾਂ ਦੀ ਪਛਾਣ ਲਈ ਜਾਂਚ-ਪੜਤਾਲ
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਆਵਦੇ ਵਿਤ, ਵਕਾਰ ਅਤੇ ਉੱਚੀ ਚੇਤਨਾ ਦੇ ਆਸਰੇ ਇਸ ਮੁਹਿੰਮ ਵਿੱਚ ਮੋਢੀ ਰੋਲ ਨਿਭਾਉਣਾ ਮਿਥ ਲਿਆ। ਭਾਰਤੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਪੰਜਾਬ ਦੀ ਟੀਮ ਨੇ, ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ  ਵਿਚ ਜਾਕੇ ਹੜ੍ਹ ਪੀੜਤ ਖੇਤਰਾਂ ਦਾ ਮੌਕੇ 'ਤੇ ਪਹੁੰਚ ਕੇ ਜਾਇਜਾ ਲਿਆ। ਅੰਮ੍ਰਿਤਸਰ ਜਿਲ੍ਹੇ ਦੇ ਬਲਾਕਾਂ-ਅਜਨਾਲਾ ਅਤੇ ਰਾਮਦਾਸ, ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਡੇਰਾ ਬਾਬਾ ਨਾਨਕ, ਮੁਕੇਰੀਆਂ ਤੇ ਪੁਰਾਣਾ ਸਾਹਲਾ ਵਿੱਚ ਥਾਂ-ਥਾਂ ਜਾਕੇ ਦੋ ਦਿਨ ਲਾਏ। ਤੀਜੇ ਦਿਨ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਤ ਖੇਤਰ 'ਚ ਬਿਤਾਇਆ। ਪਲਤਾਲੀਆ ਮਕਸਦ ਨਾਲ ਪਹੁੰਚੀ ਸਮੁੱਚੀ ਟੀਮ ਨੇ ਯੂਨੀਅਨ ਦੀਆਂ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਫਾਜ਼ਿਲਕਾ ਜ਼ਿਲ੍ਹਾ ਅਤੇ ਬਲਾਕ ਇਕਾਈਆਂ ਦੀਆਂ ਮਰਦਾਂ, ਔਰਤਾਂ ਦੀਆਂ ਵੱਡੀਆਂ ਮੀਟਿੰਗਾਂ ਕੀਤੀਆਂ। ਰਾਹਤ ਕੈਪਾਂ ਵਿੱਚ ਸ਼ਰਨ ਲਈ ਬੈਠੇ ਪੀੜਤਾਂ ਤੋਂ ਲੋੜਾਂ ਜਾਨਣ ਲਈ ਮੀਟਿੰਗਾਂ ਕੀਤੀਆਂ। ਪਾਣੀ ਵਿੱਚ ਡੁੱਬੇ ਹੋਏ ਪਿੰਡਾਂ ਵਿੱਚ ਜਾਕੇ, ਖੇਤ ਮਜ਼ਦੂਰਾਂ ਅਤੇ ਕਿਸਾਨਾਂ ਦੇ ਘਰਾਂ ਵਿੱਚ ਜਾਕੇ, ਹਾਲ-ਚਾਲ ਦੇਖਿਆ, ਸੁਣਿਆ ਅਤੇ ਪੁੱਛਿਆ। ਤਿੰਨ ਸੂਬਿਆਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ (ਏਕਤਾ-ਉਗਰਾਹਾਂ) ਦੀਆਂ ਇਕਾਈਆਂ ਅਤੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਕਾਫ਼ਲੇ ਦੇ ਪਹੁੰਚਣ ਸਦਕਾ ਇਸ ਜੱਥੇ ਦਾ ਮਹੱਤਵ ਹੋਰ ਵੀ ਵਧ ਗਿਆ। ਇਹ ਪੜਤਾਲੀਆ ਦੌਰਾ ਜਿੱਥੇ ਇਸ ਰਾਹਤ ਮੁਹਿੰਮ ਦੇ ਨਕਸ਼ ਉਲੀਕਣ ਦਾ ਅਧਾਰ ਬਣਿਆ, ਉਥੇ ਏਕਤਾ-ਉਗਰਾਹਾਂ ਦੀ ਸੂਬਾ ਟੀਮ ਨੇ ਹਰ ਥਾਂ ਐਲਾਨ ਕੀਤਾ ਕਿ ਪੰਜਾਬ ਦੀ ਜਨਤਕ ਜਮਹੂਰੀ ਲਹਿਰ ਦੇ ਅੰਗ ਵਜੋਂ ਉਹਨਾਂ ਦੀ ਜਥੇਬੰਦੀ ਕਣਕ ਦੀ ਬਿਜਾਈ ਹੋ ਜਾਣ ਤੱਕ, ਪੀੜਤ ਕਿਸਾਨਾਂ ਦੇ ਮੋਢੇ-ਨਾਲ-ਮੋਢਾ ਲਾਕੇ ਖੜ੍ਹੇਗੀ। ਖੇਤ ਮਜ਼ਦੂਰਾਂ ਅਤੇ ਗਰੀਬ ਕਿਸਾਨਾਂ ਦੇ ਪਰਿਵਾਰਾਂ ਦੇ ਹਰ ਇੱਕ ਜੀਅ ਲਈ ਕਣਕ, ਕਿਸਾਨਾ ਦੇ ਪਸ਼ੂਆਂ ਲਈ ਤੂੜੀ ਅਤੇ ਅਚਾਰ ਅਤੇ ਕਣਕ ਦਾ ਬੀਜ, ਪਹੁੰਚਦਾ ਕਰੇਗੀ। ਬੰਨ੍ਹਾਂ ਦੇ ਟੁੱਟਣ ਸਦਕਾ ਜਿਹੜੇ ਖੇਤਾਂ ਵਿੱਚ ਰੇਤਾ ਅਤੇ ਗਾਰ ਭਰ ਗਈ ਹੈ ਜਾਂ ਖਾਰ ਪੈ ਗਈ ਹੈ, ਉਹਨਾਂ ਜ਼ਮੀਨਾਂ ਨੂੰ ਕਣਕ ਦੀ ਬਿਜਾਈ ਦੇ ਯੋਗ ਬਣਾਉਣ ਲਈ ਤਾਣ ਜੁਟਾਵੇਗੀ। ਹੜ੍ਹ ਪੀੜਤ ਖੇਤਰਾਂ ਵਿੱਚ ਪੈਦੀਆਂ ਸਾਰੀਆਂ ਜ਼ਿਲ੍ਹਾ ਇਕਾਈਆਂ ਨੂੰ ਸੂਬਾ ਟੀਮ ਨੇ ਇਸ ਮੁਹਿੰਮ ਦਾ ਧੁਰਾ ਬਣਨ ਵਾਲੇ ਹੜ੍ਹ ਪੀੜਤਾਂ ਦੇ ਸਰਵੇ ਦੇ ਕੰਮਾਂ ਨੂੰ ਤੁਰਤ ਹੀ ਹੱਥ ਲੈਣ ਦੀਆਂ ਹਦਾਇਤਾਂ ਕਰ ਦਿੱਤੀਆਂ।
      ਪਹਾੜ ਜਿੱਡੇ ਰਾਹਤ ਕਾਰਜ
ਸੂਬੇ ਦੀ ਪੜਤਾਲੀਆ ਟੀਮ ਨੇ 6, 7 ਅਤੇ 8 ਸਤੰਬਰ ਦੀ ਫੇਰੀ ਦੀ ਰਿਪੋਰਟ ਅਤੇ ਇਸ ਵਿਚੋਂ ਨਿਕਲਦੇ ਕਾਰਜਾਂ ਦੀ ਰਿਪੋਰਟ 9 ਤਾਰੀਕ ਦੀ ਸਮੂਹ ਜਥੇਬੰਦੀਆਂ ਦੀ ਮੀਟਿੰਗ ਅਤੇ 10 ਤਾਰੀਕ ਦੀ ਸੂਬੇ ਦੀ ਵਧਵੀਂ ਮੀਟਿੰਗ ਨਾਲ ਸਾਂਝੀ ਕੀਤੀ। ਸੂਬਾ ਟੀਮ ਦਾ ਦੌਰਾ ਉਹਨਾਂ ਸਾਰੇ ਖੇਤਰਾਂ ਨੂੰ ਘੇਰੇ ਵਿੱਚ ਰੱਖਕੇ ਸਿਰੇ ਲੱਗਿਆ, ਜਿਥੇ ਪਾਣੀ ਖੇਤਾਂ ਤੋਂ ਅੱਗੇ ਪਿੰਡਾਂ ਵਿਚ ਵੀ ਵੜਿਆ ਸੀ। ਜਿੱਥੇ ਫਸਲਾਂ ਦਾ ਨੁਕਸਾਨ ਸੌ ਫੀਸਦੀ ਸੀ। ਖੇਤਾਂ ਵਿਚਲੇ ਬੋਰ ਅਤੇ ਹੋਰ ਮਸ਼ੀਨਰੀ ਨੁਕਸਾਨੀ ਗਈ ਸੀ, ਜਿਥੇ ਜ਼ਮੀਨਾਂ ਦਾ ਇਕ ਹਿੱਸਾ ਦਰਿਆ ਵਿੱਚ ਰੁੜ੍ਹ ਗਿਆ ਸੀ। ਇਹਨਾਂ ਪਿੰਡਾਂ ਅਤੇ ਖੇਤਾਂ ਵਿਚ 4 ਫੁੱਟ ਤੋਂ 9-10 ਫੁੱਟ ਤੱਕ ਪਾਣੀ ਦੇ ਨਿਸ਼ਾਨ ਮੌਜੂਦ ਸਨ। ਕਾਫ਼ੀ ਸਾਰੇ ਪਿੰਡਾਂ ਦੀ ਅਬਾਦੀ ਵਿੱਚ ਅਜੇ ਵੀ ਪਾਣੀ ਖੜ੍ਹਾ ਸੀ। ਪੀੜਤ ਲੋਕਾਂ ਨੇ ਦੱਸਿਆਂ ਕਿ ਇਹ ਪਾਣੀ ਵੱਖ-ਵੱਖ ਥਾਵਾਂ 'ਤੇ ਪੂਰੀ ਤਰ੍ਹਾਂ ਉਤਰਨ ਵਿੱਚ ਅਜੇ ਵੀ ਹਫ਼ਤਾ-ਦਸ ਦਿਨ ਲੈ ਜਾਵੇਗਾ। ਫਾਜ਼ਿਲਕਾ ਜ਼ਿਲ੍ਹੇ ਦੇ ਕੁੱਝ ਪਿੰਡਾਂ ਵਿਚ ਪਾਣੀ 8 ਸਤੰਬਰ ਤੱਕ ਵੀ ਏਨਾ ਸੀ ਕਿ ਦਰਿਆ ਵਿਚ ਘਿਰੇ ਘਰਾਂ ਦੇ ਬਨੇਰੇ ਹੀ ਦਿਸਦੇ ਸਨ। ਉਥੇ ਦੇ ਲੋਕਾਂ ਦਾ ਕਹਿਣਾ ਸੀ ਕਿ ਪਾਣੀ ਨਿਕਲਣ ਤੋਂ ਬਾਅਦ ਖੇਤਾਂ ਵਿੱਚ ਵੜਨ ਅਤੇ ਘਰਾਂ ਵਿੱਚ ਜਾਣ ਵਿੱਚ ਅਜੇ 10-15 ਦਿਨ ਦਾ ਸਮਾਂ ਹੋਰ ਲੱਗ ਜਾਣਾ ਹੈ। ਕੁੱਝ ਥਾਵਾਂ 'ਤੇ ਲੋਕਾਂ ਨੇ ਦੱਸਿਆ ਕਿ ਪਾਣੀ ਦਾ ਚੜ੍ਹਾਅ ਇੰਨਾ ਅਚਨਚੇਤ, ਤੇਜ਼ ਅਤੇ ਜ਼ਿਆਦਾ ਸੀ ਕਿ ਪਸ਼ੂਆਂ ਦੇ ਰੱਸੇ ਵੀ ਨਹੀਂ ਖੋਹਲੇ ਗਏ। ਪਸ਼ੂ ਕਿਲਿਆਂ 'ਤੇ ਹੀ ਮਰ ਗਏ। ਆਵਦੀਆਂ ਜਾਨਾਂ ਕੋਠਿਆਂ 'ਤੇ ਚੜ੍ਹਨ ਸਦਕਾ ਬਚ ਸਕੀਆਂ। ਉਸ ਸਮੇਂ ਤੱਕ ਇਹਨਾਂ ਕਈ ਖੇਤਰਾਂ ਦੇ ਬਹੁਤੇ ਲੋਕ ਘਰਾਂ ਤੋ ਦੂਰ ਕੈਂਪਾਂ ਵਿਚ ਬੈਠੇ ਸਨ। ਉੱਥੇ ਰੋਟੀ ਪਾਣੀ ਖਾ ਰਹੇ ਸਨ। ਹਰ ਇਕ ਪ੍ਰੀਵਾਰ ਨੇ ਇਕ-ਅੱਧ ਜੀਅ ਨੂੰ ਘਰਾਂ ਦੀ ਰਾਖੀ ਲਈ ਛੱਤ ਉਪਰ ਛੱਡ ਦਿੱਤਾ ਸੀ। ਖੇਤ ਮਜ਼ਦੂਰ ਪ੍ਰੀਵਾਰਾਂ ਦੇ ਘਰਾਂ 'ਚ ਜਿਥੇ ਵੀ ਪਹੁੰਚ ਹੋਈ, ਉਹਨਾਂ ਨੇ ਦੱਸਿਆਂ ਕਿ ਤੁਸੀਂ ਪਹਿਲੇ ਆਦਮੀ ਹੋ, ਜੋ ਸਾਨੂੰ ਪੁੱਛਣ ਆਏ ਹੋ। ਤੁਹਾਡੀਆਂ ਲੋੜਾਂ ਕੀ ਹਨ ? ਦੇ ਜੁਆਬ ਵਿੱਚ ਉਹਨਾਂ ਦਾ ਕਹਿਣਾ ਸੀ: ਰੋਟੀ ਲਈ ਲੰਗਰ ਲੱਗਿਆ ਹੋਇਆ ਹੈ, ਹੋਰ ਲੋੜਾਂ ਤਾਂ ਅਜੇ ਹੈ ਨਹੀਂ। ਜਦੋਂ ਪਾਣੀ ਉਤਰ ਗਿਆ ਤਾਂ ਲੋੜਾਂ ਹੀ ਲੋੜਾਂ ਹਨ। ਦਾਣਾ-ਫੱਕਾ, ਕੱਪੜਾ-ਲੱਤਾ ਜੋ ਸਾਡੀ ਵਰਤੋਂ ਵਾਸਤੇ ਜ਼ਰੂਰੀ ਸੀ, ਪਾਣੀ ਨੇ ਖੇਹ-ਵਰਾਨ ਕਰ ਦਿੱਤਾ ਹੈ। ਫ਼ਸਲ ਦੀ ਕਟਾਈ ਦੀ ਦਿਹਾੜੀ ਵੀ ਮਰਗੀ, ਕਣਕ ਦੀ ਬਿਜਾਈ ਵੀ ਕਿੰਨੀ ਕੁ ਹੋਊ, ਕਿਹੋ ਜਿਹੀ ਹੋਊ, ਸਾਡਾ ਰੁਜ਼ਗਾਰ ਤਾਂ ਮਹੀਨਿਆਂ ਬੱਧੀ ਰੁਲ-ਖੁਲ ਗਿਆ ਹੈ। ਬਹੁਤ ਸਾਰੇ ਮਜ਼ਦੂਰਾਂ ਨੇ ਪਾਟੀਆਂ ਕੰਧਾਂ ਅਤੇ ਡਿਗੂੰ-ਡਿਗੂੰ ਕਰਦੇ ਘਰਾਂ ਵੱਲ ਧਿਆਨ ਦੁਆਇਆ, “ਇਹ ਇਹਦੀ ਮਰਜ਼ੀ 'ਤੇ ਹੈ, ਕਦੋਂ ਜੁਆਬ ਦੇ ਜਾਵੇ”। ਜਿਲ੍ਹਾ ਇਕਾਈਆਂ ਅਤੇ ਪੀੜਤ ਕਿਸਾਨਾ ਵੱਲੋਂ ਸੁਝਾਅ ਆਏ ਕਿ ਅਜੇ ਜਿਥੇ ਪਾਣੀ ਭਰਿਆ ਖੜ੍ਹਾ ਹੈ, 'ਤੇ ਲੋਕ ਟੈਂਟਾਂ ਵਿੱਚ ਬੈਠੇ ਹਨ, ਉਹਨਾਂ ਨੂੰ ਖਾਣ-ਪੀਣ ਦੀ ਲੋੜ ਲਈ ਉਥੇ ਰਸਦ ਪਾਣੀ ਦਾ ਕੋਈ ਅੰਤ ਨਹੀਂ ਹੈ। ਅਸਲ ਲੋੜਾਂ ਪਾਣੀ ਉਤਰਨ ਤੋਂ ਬਾਅਦ ਪੈਣੀਆਂ ਹਨ। ਜਥੇਬੰਦੀਆਂ ਦੀ ਲੋੜ ਉਦੋਂ ਪੈਣੀ ਹੈ, ਜਦੋਂ ਪਾਣੀ ਉਤਰਨ ਸਾਰ ਰੇਤ ਬਜਰੀ ਦੀ ਮਾਈਨਿੰਗ ਵਾਲੇ ਠੇਕੇਦਾਰ ਸਾਡੇ ਖੇਤਾਂ ਵਿੱਚ ਰੇਤਾ ਚੁੱਕਣ ਆ ਖੜ੍ਹਦੇ ਹਨ। ਜਿਸਦਾ ਖੇਤ ਮਾਰਿਆ ਗਿਆ ਹੁੰਦਾ ਹੈ, ਉਸਨੂੰ ਹੱਥ ਨਹੀਂ ਲਾਉਂਣ ਦਿੰਦੇ। ਪੁਲਸ ਹਰ ਵੇਲੇ ਉਹਨਾਂ ਦੇ ਨਾਲ ਹੁੰਦੀ ਹੈ। ਆਨਾ-ਕਾਨੀ ਕਰਨ ਵਾਲਿਆਂ ਨੂੰ ਪੁਲਸ ਫੜ੍ਹਕੇ ਲੈ ਜਾਂਦੀ ਹੈ। ਸਰਕਾਰੀ ਜ਼ਮੀਨਾਂ ਉੱਪਰ ਕਈ-ਕਈ ਦਹਾਕਿਆਂ ਤੋਂ ਕਾਬਜ਼ ਕਿਸਾਨਾਂ ਨੇ ਲੱਗਭਗ ਸਭਨਾਂ ਥਾਵਾਂ ਉਪਰ ਜਾਣਕਾਰੀ ਦਿੱਤੀ ਕਿ ਜਦੋਂ ਵੀ ਹੜ੍ਹਾਂ ਦੀ ਮਾਰ ਪੈਂਦੀ ਹੈ, ਉਹ ਇਹਨਾਂ ਜ਼ਮੀਨਾਂ ਨੂੰ ਵਾਹੁੰਦੇ ਬੀਜਦੇ ਹੋਣ ਦੇ ਬਾਵਜੂਦ ਮੁਆਵਜ਼ੇ ਤੋਂ ਵਿਰਵੇ ਰਹਿ ਜਾਂਦੇ ਹਾਂ। ਇਹਦਾ ਕੁਛ ਕਰਨ ਦੀ ਲੋੜ ਹੈ। ਜ਼ਮੀਨ ਮਾਲਕ ਅਤੇ ਪਸ਼ੂ ਪਾਲਕ ਕਿਸਾਨਾਂ ਦੀ ਇਕ-ਵਾਢਿਉਂ ਮੰਗ ਸੀ ਕਿ ਪਸ਼ੂਆਂ ਨੂੰ ਕੀ ਪਾਈਏ? ਖੇਤਾਂ 'ਚ ਪਾਣੀ ਕਾਬਜ਼ ਹੈ। ਤੂੜੀ ਦੀਆਂ ਢਿੱਗਾਂ ਖੇਤਾਂ 'ਚ ਰੁੜ੍ਹ ਗਈਆਂ, ਅੰਦਰ ਸਾਂਭੀਆ ਗਲ ਗਈਆਂ। ਜਿਹੜੇ ਪਸ਼ੂ ਬਚ ਗਏ ਆ, ਭੁੱਖੇ ਮਰਦੇ ਆ। ਬੀਜ, ਖਾਦ ਕਣਕ ਬਿਜਾਈ 'ਚ ਮੱਦਦ ਦੀ ਲੋੜ ਹੈ। ਗੰਨੇ ਦਾ ਬੀਜ ਜੇ ਹੋ ਸਕੇ ਤਾਂ, ਅਗਲੀ ਫ਼ਸਲ ਤਾਂ ਕਰ ਲਈਏ। ਦੋ-ਚਾਰ ਕਨਾਲਾਂ ਜਾਂ ਇਕ ਦੋ ਕਿਲਿਆਂ ਦੇ ਮਾਲਕ ਕਿਸਾਨਾਂ ਨੂੰ ਜਦ ਪੁੱਛਿਆ ਗਿਆ ਕਿ ਖੇਤਾਂ 'ਚ ਜਮ੍ਹਾਂ ਹੋਈ ਰੇਤ/ਗਾਰ ਨੂੰ ਚੱਕ ਕੇ ਬਿਜਾਈ ਕਰਨ ਯੋਗ ਕਦੋਂ ਤੱਕ ਕਰ ਲਉਗੇ? ਪਿਛਲੇ ਤਜਰਬੇ ਨੂੰ ਦਸਦਿਆਂ ਉਹਨਾਂ ਨੇ, ਦੋ, ਤਿੰਨ, ਚਾਰ ਸਾਲਾਂ ਦੇ ਅਰਸੇ ਦਾ ਵੇਰਵਾ ਪਾਇਆ। ਨਾ ਪੱਲੇ ਪੈਸਾ ਹੈ, ਨਾ ਸਾਧਨ ਹੈ। ਉਧਾਰ ਫੜ੍ਹਾਂਗੇ ਤਾਂ ਮੋੜਾਂਗੇ ਕਿਥੋਂ? ਇਹ ਹਕੀਕਤ ਗ਼ਰੀਬ ਕਿਸਾਨਾਂ ਦੇ ਖੇਤਾਂ ਵਿਚ ਦਰਿਆਵਾਂ ਦੇ ਕਬਜ਼ੇ ਦਾ ਅਰਸਾ ਲੰਬਾ ਬਣਾ ਰਹੀ ਸੀ। ਸੜਕਾਂ ਸਕੂਲਾਂ, ਹਸਪਤਾਲਾਂ ਦੀ ਬਰਬਾਦੀ, ਬੀਮਾਰੀਆਂ ਫੈਲਣ ਦਾ ਗੰਭੀਰ ਖਤਰਾ, ਟੁੱਟੇ ਧੁੱਸੀ ਬੰਨ੍ਹਾਂ ਨੂੰ ਮਜ਼ਬੂਤੀ ਦੇਣ ਦਾ ਕੰਮ, ਗੈਰ ਕਾਨੂੰਨੀ ਰੋਕਾਂ ਨੂੰ ਹਟਾਉਣ ਦਾ ਕੰਮ-ਲੋੜਾਂ ਹੀ ਲੋੜਾਂ ਨੋਟ ਹੋਈਆਂ ਸਨ। ਪਰ ਸੂਬਾ ਟੀਮ ਨੇ ਆਵਦੇ ਵਿਤ ਉਪਰ ਝਾਤੀ ਮਾਰਦਿਆਂ ਕਿਹਾ ਅੱਜ ਦੀ ਹਾਲਤ 'ਚ ਇਹ ਜਥੇਬੰਦੀਆਂ ਦੇ ਵਿਤ ਤੋਂ ਉਪਰ ਦੀ ਲੰਘਦੇ ਕੰਮ ਹਨ। ਸਰਕਾਰਾਂ ਵੱਲੋਂ ਕੀਤੇ ਜਾਣ ਵਾਲੇ ਕੰਮ ਹਨ। ਏਵੇਂ ਹੀ ਹੋਏ ਨੁਕਸਾਨ ਦੀ ਪੂਰਤੀ ਅਤੇ ਅੱਗੇ ਤੋਂ ਹੜ੍ਹਾਂ ਦੀ ਰੋਕਥਾਮ ਦੇ ਕੰਮ ਲਈ ਸਰਕਾਰੀ ਬੱਜਟਾਂ ਦੀ ਲੋੜ ਹੈ, ਲੋਕ ਹਿਤੂ ਇਰਾਦਿਆਂ ਦੀ ਲੋੜ ਹੈ- ਇਹਦੇ ਲਈ ਸੰਘਰਸ਼ ਦਾ ਰਸਤਾ ਹੀ ਬਚਦਾ ਹੈ। ਸੋ ਹੜ੍ਹ ਪੀੜਤਾਂ ਦੀ ਸੇਵਾ ਲਈ ਜੁਟ ਜਾਣ ਅਤੇ ਸੰਘਰਸ਼ ਨੂੰ ਅੱਗੇ ਵਧਾਉਣ ਦਾ ਦੁਵੱਲਾ ਕਾਰਜ, ਹੱਥ ਲੈਣ ਦਾ ਫ਼ੈਸਲਾ ਐਲਾਨ ਦਿੱਤਾ ਗਿਆ। ਹੜ੍ਹ ਪ੍ਰਭਾਵਤ ਜਿਲ੍ਹਿਆਂ ਦੀਆਂ ਇਕਾਈਆਂ ਵੱਲੋਂ ਮੁਢਲੀ ਰਿਪੋਰਟ ਇਹ ਆਈ ਕਿ ਚਾਰ ਜਿਲ੍ਹਿਆਂ ਦੇ, ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ 100 ਪਿੰਡ ਅਜਿਹੇ ਹਨ, ਜੋ ਪਾਣੀ ਵਿੱਚ ਡੁੱਬੇ ਰਹੇ ਹਨ। ਇਹਨਾਂ ਪਿੰਡਾਂ ਵਿੱਚ ਖਾਣ ਪਹਿਨਣ ਤੋਂ ਲੈਕੇ ਕਣਕ ਦੀ ਬਿਜਾਈ ਤੱਕ ਦੀਆਂ ਅੱਜ ਲੋੜਾਂ ਖੜ੍ਹੀਆਂ ਹਨ। ਇਸ ਹਿਸਾਬ ਨਾਲ ਜੱਥੇਬੰਦੀ ਦੇ ਵਿੱਤ 'ਤੇ ਨਜ਼ਰ ਮਾਰੀ ਜਾਵੇ। ਪਿੰਡ ਭਾਵੇਂ ਬਹੁਤ ਵੱਡੇ ਨਹੀਂ ਹਨ, ਢਾਣੀਆਂ ਨੂੰ ਵੀ ਪਿੰਡ ਹੀ ਗਿਣਿਆ ਗਿਆ ਹੈ। ਪਰ ਤਾਂ ਵੀ ਕੰਮ ਕਾਫ਼ੀ ਹੈ। ਸੋ ਕੰਮ-ਭਾਰ ਨੂੰ ਜੋਖੋ। ਫੇਰ ਹੱਥ ਪਾਓ!
   ਜੱਥੇਬੰਦੀ ਦਾ ਵਿਤ ਫਰੋਲਣ ਦਾ ਕਾਰਜ
ਜੱਥੇਬੰਦੀ ਦਾ ਵਿਤ ਫਰੋਲਣ ਲੱਗਿਆਂ ਸਭ ਤੋਂ ਵੱਡੀ ਸਮੱਸਿਆ ਜੋ ਅਨੇਕਾਂ ਆਗੂਆਂ ਨੇ ਉਭਾਰੀ ਕਿ ਹੜ੍ਹਾਂ ਲਈ ਫੰਡ ਤਾਂ ਲੱਗ-ਪੱਗ ਸਾਰੇ ਪਿੰਡਾਂ ਵਿਚੋਂ ਹੋ ਚੁੱਕਾ ਹੈ। “ਸਾਰੇ ਥਾਵੀਂ ਪਿੰਡ ਇਕਾਈਆਂ ਰਾਹਤ ਕਾਰਜਾਂ ਲਈ ਤੁਰੇ ਪਿੰਡ ਵਾਸੀਆਂ ਦੇ ਕਾਫ਼ਲੇ ਦਾ ਹਿੱਸਾ ਬਣਕੇ ਤੁਰੀਆਂ ਹਨ”। ਦੁਬਾਰਾ ਕਿਵੇਂ ਜਾਵਾਂਗੇ? ਲੋਕੀਂ ਕੀ ਕਹਿਣਗੇ? “ਅਸੀਂ ਪਛੜ ਗਏ ਹਾਂ”। “ਬਹੁਤ ਪਛੜ ਗਏ ਹਾਂ”। ਪਰ ਹੜ੍ਹ ਪੀੜਤਾਂ ਦੀ ਜੋ ਹਾਲਤ ਪੜਤਾਲੀਆ ਟੀਮਾਂ ਨੇ ਉਭਾਰੀ ਉਸ ਨੂੰ ਸੁਣਕੇ ਹਰ ਇੱਕ ਕਾਰਕੁਨ ਦਾ ਜੀਅ ਉਠਦਾ ਸੀ ਕਿ “ਹਾਂ ਸਾਨੂੰ ਹਰ ਹਾਲਤ 'ਚ ਸੰਕਟ 'ਚ ਘਿਰੇ ਭਰਾਵਾਂ ਦੀ ਬਾਂਹ ਫੜਨੀ ਚਾਹੀਦੀ ਹੈ।“ ਇੱਥੇ ਹੀ, ਇਸ ਭਾਵਨਾ ਦੇ ਪਿੱਛੇ ਹੀ ਹੜ੍ਹ-ਪੀੜਤਾਂ ਦੀ ਮੱਦਤ ਲਈ ਉਭਾਰ ਪੈਦਾ ਕਰ ਸਕਣ ਦੀ ਲੁਪਤ ਸਮਰੱਥਾ ਸਮੋਈ ਹੋਈ ਸੀ। “ਲੁਪਤ ਸਮਰੱਥਾ ਨੂੰ ਸਾਹਮਣੇ ਲਿਆਓ”, ਇਸ ਅੜਾਉਣੀ ਨੂੰ ਦੂਰ ਕਰਨ ਲਈ ਜੋ ਤਰਕ ਉਭਾਰਿਆ ਗਿਆ ਉਸਦਾ ਫ਼ਾਇਦਾ ਹੋਇਆ। ਪੁੰਨਦਾਨ ਕਰਨ ਅਤੇ ਸੰਘਰਸ਼ ਸੰਗੀਆਂ ਦੀ ਭਾਈਚਾਰਕ ਮੱਦਤ ਕਰਨ ਵਿੱਚ ਫ਼ਰਕ ਹੁੰਦਾ ਹੈ। ਇਹ ਫ਼ਰਕ ਸਮਝਾਉਣਾ ਚਾਹੀਦਾ ਹੈ। ਪੁੰਨਦਾਨ ਕਰਨ ਵਾਲਾ ਆਵਦੀ ਆਮਦਨ ਵਿਚੋਂ, ਆਵਦੀ ਕਮਾਈ ਦੇ ਇੱਕ ਮਾਮੂਲੀ ਹਿਸੇ ਨੂੰ ਧਰਮ ਅਰਥ ਲਾਉਣ ਲਈ, ਕਿਸੇ ਲੋੜਵੰਦ ਦੀ ਮੱਦਤ ਕਰਨ ਵਾਸਤੇ ਕੁੱਝ ਦਾਨ ਕਰਦਾ ਹੈ। ਪਰਉਪਕਾਰ ਕਰਦਾ ਹੈ। ਮੋੜਵੇਂ ਰੂਪ ਵਿਚ ਆਵਦੇ ਲਈ ਮਾਨਸਿਕ ਸੰਤੁਸ਼ਟੀ ਹਾਸਲ ਕਰਦਾ ਹੈ। ਆਵਦੇ ਅੰਦਰਲੇ ਮਨੋਂ, ਰੱਬ ਦੀ ਕਚਿਹਰੀ 'ਚ ਮੁੜ ਪੇਸ਼ੀ ਪੈਣ ਵਾਲੇ ਸਮੇਂ ਲਈ ਪਰਉਪਕਾਰਾਂ ਦੀ ਸੂਚੀ ਤਿਆਰ ਕਰਦਾ ਹੈ। ਇਹ ਕੰਮ ਧਰਮੀ ਤੇ ਦਾਤਾ ਆਦਮੀ ਤਾਂ ਕਰਦਾ ਹੀ ਹੈ। ਪਰ ਪਾਪੀ ਵੀ ਕਰਦਾ ਹੈ। ਕਰੋਧੀ ਵੀ ਕਰਦਾ ਹੈ। ਲੋਭੀ ਵੀ ਕਰਦਾ ਹੈ। ਉੱਚ ਹਸਤੀਆਂ ਵੱਲੋਂ ਪੀੜਤਾਂ ਨੂੰ ਨਿਮਨ ਜਾਣ ਕੇ ਗੋਦ ਲੈਣ ਵਰਗੀ ਖੈਰਾਤ ਦੇਣਾ, ਐਹੋ ਜਿਹੇ ਪੁੰਨਦਾਨ ਦਾ ਹੀ ਇਕ ਰੂਪ ਹੈ। ਫ਼ਰਕ ਸਿਰਫ਼ ਇਹ ਹੈ ਕਿ ਉਹ ਆਵਦੇ-ਆਪ ਨੂੰ ਉਚਾ ਦਸਦੇ ਹਨ। ਪੀੜਤਾਂ ਨੂੰ ਨਿਮਨ ਦਿਖਾਉਂਦੇ ਹਨ। ਆਵਦੀ ਹਊਮਾ ਨੂੰ ਖੂਬ ਪੱਠੇ ਪਾਉਂਦੇ ਹਨ। ਖੈਰਾਤ ਨੂੰ ਆਵਦੀ ਮਸ਼ਹੂਰੀ ਕਰਨ ਲਈ ਕੀਤੀ ਗਈ ਨਗਦ ਅਦਾਇਗੀ ਸਮਝਦੇ ਹਨ। ਭਰਾਤਰੀ ਭਾਵ ਵਿਚੋਂ ਮੱਦਤ ਲਈ ਬਹੁੜਨਾ, ਸੰਕਟ ਦੇ ਸਮੇਂ ਜਮਾਤੀ ਭਾਈਚਾਰਾ ਨਿਭਾਉਣਾ ਹੁੰਦਾ ਹੈ। ਸੰਕਟ ਦਾ ਭਾਰ ਵੰਡਾਉਣਾ ਹੁੰਦਾ ਹੈ। ਭਾਈਚਾਰੇ ਦੀ ਭਾਵਨਾ ਨੂੰ ਉਚਿਆਉਣਾ ਅਤੇ ਜਗਾਉਣਾ ਹੁੰਦਾ ਹੈ। ਭਾਈਚਾਰਿਆਂ ਵਿੱਚ ਰਿਸ਼ਤਾ ਗੂੜ੍ਹਾ ਬਣਾਉਣਾ ਹੁੰਦਾ ਹੈ। ਭਾਈਚਾਰੇ ਦੇ ਇੱਕ ਹਿੱਸੇ ਵੱਲੋਂ ਭਾਈਚਾਰੇ ਦੇ ਦੂਜੇ ਹਿੱਸੇ ਦੇ ਦਿਲਾਂ ਵਿਚ, ਮਨ੍ਹਾਂ ਵਿੱਚ ਡੂੰਘੇ ਉੱਤਰ ਜਾਣਾ ਹੁੰਦਾ ਹੈ।“ਆਪਣੀ ਰਾਖੀ ਆਪ ਕਰੋ“ ਦਾ ਸਬਕ ਉਭਾਰਨਾ ਹੁੰਦਾ ਹੈ। “ਸਾਡੀ ਕਿਸਾਨ ਜੱਥੇਬੰਦੀ ਨੇ ਇਸ ਪਾਸੇ ਬਹੁਤ ਪਿਰਤਾਂ ਪਾਈਆਂ ਹਨ। ਇਸ ਪਿਰਤ ਨੂੰ ਵਿਆਪਕ ਬਣਾਉਣਾ ਹੈ। ਹੱਲਾ ਮਾਰੋ !” ਹੜ੍ਹ ਪੀੜਤਾਂ ਦੀ, ਪਾਣੀ ਵਿਚ ਘਿਰੇ ਹੋਏ, ਬੇਘਰ ਹੋਏ ਲੋਕਾਂ ਲਈ ਤੁਰਤ ਰਸਦ ਪਾਣੀ ਪਹੁੰਚਦਾ ਕਰਨਾ, ਹਾਦਸਾ ਗ੍ਰਸਤ ਲੋਕਾਂ ਨੂੰ ਮੁੱਢਲੀ ਸਹਾਇਤਾ ਪਹੁੰਚਾਉਣਾ ਹੁੰਦਾ ਹੈ। ਹਾਦਸੇ ਦੇ ਚੂਰ ਕੀਤੇ ਲੋਕਾਂ ਨੂੰ ਮੁੜ-ਮੁੜ ਪੈਰਾਂ ਸਿਰ ਕਰਨ ਵਿੱਚ ਹੱਥ ਵਟਾਉਣਾ ਅਣਸਰਦੀ ਲੋੜ ਹੁੰਦੀ ਹੈ। ਖਾਸ ਕਰਕੇ ਜਦੋਂ ਲੋਕਾਂ ਦੀਆਂ ਵਾਲੀਵਾਰਸ ਸਮਝੀਆਂ ਜਾਂਦੀਆਂ ਸਰਕਾਰਾਂ ਨੇ ਉਹਨਾਂ ਨੂੰ ਲਾਵਾਰਸ ਬਣਾਕੇ ਧੱਕ ਦਿੱਤਾ ਹੋਵੇ। ਜੇਕਰ ਅਸੀਂ ਲੋਕਾਂ ਵਿਚ ਇਹ ਤਸਵੀਰ ਉਭਾਰੀਏ ਕਿ ਤੁਰਤ ਸਹਾਇਤਾ ਨੇ ਬਹੁਤ ਚੰਗਾ ਕੰਮ ਕੀਤਾ ਹੈ। ਪਰ ਉਸ ਤੋਂ ਵੱਡਾ ਕੰਮ, ਲੰਬੇ ਅਰਸੇ ਵਿਚ ਹੋਣ ਵਾਲੀ ਮੱਦਤ ਦੇ ਸਿਰ 'ਤੇ ਪੈਰਾਂ ਸਿਰ ਖੜ੍ਹੇ ਹੋਣ ਦਾ ਕੰਮ, ਅਜੇ ਬਾਕੀ ਪਿਆ ਹੈ। ਅਜੇ ਹਫ਼ਤੇ ਦਸ ਦਿਨਾਂ ਨੂੰ ਸ਼ੁਰੂ ਹੋਣ ਵਾਲਾ ਹੈ। ਪੰਜਾਬ ਦੇ, ਸੇਵਾ ਭਾਵਨਾ ਦੀ ਗੁਰਜ ਦੇ ਮਾਲਕ ਲੋਕ ਦੁਨੀਆਂ ਭਰ ਵਿਚ ਸਥਾਪਤ ਲੋਕ, ਲਾਜ਼ਮੀ ਹੀ ਨਿਤਰਕੇ ਅੱਗੇ ਆਉਣਗੇ। ਇੱਥੇ ਸਾਡੀ ਕਿਸਾਨ ਜਥੇਬੰਦੀ ਦੀਆਂ ਭਰਾਤਰੀ ਮੱਦਤ ਦੀਆਂ ਸ਼ਾਨਦਾਰ ਰਵਾਇਤਾਂ ਦੀ ਪੜਤ-ਕਮਾਈ ਸਾਡੀ ਤਾਕਤ ਬਣੇਗੀ। ਲੋਕਾਂ ਦੇ ਹੋਰ ਵੱਡੇ ਹੁੰਗਾਰੇ ਲਈ ਪ੍ਰੇਰਨਾ ਸ੍ਰੋਤ ਬਣੇਗੀ। ਇਹਨਾਂ ਸਾਰੇ ਪੱਖਾਂ ਤੋਂ ਬਿਨਾਂ ਇਕ ਹੋਰ ਅੜਿੱਕਾ ਦੂਰ ਕਰਨ ਦਾ ਕਾਫ਼ੀ ਫ਼ਾਇਦਾ ਹੋਵੇਗਾ। ਬਿਨਾਂ ਸ਼ੱਕ ਜੱਥੇਬੰਦੀ ਦਾ ਆਵਦੇ ਅਧਾਰ ਖੇਤਰ ਵਿੱਚ ਚੰਗਾ ਭਰੋਸਾ ਹੈ ਕਿ ਇਕੱਤਰ ਕੀਤੇ ਫੰਡਾਂ ਦੀ ਸਹੀ ਵਰਤੋਂ ਹੋਵੇਗੀ। ਇਕੱਤਰ ਹੋਏ ਅਤੇ ਵਰਤੇ ਗਏ ਫੰਡਾਂ ਨੂੰ ਪਾਰਦਰਸ਼ੀ ਰੱਖਣ ਦਾ ਕੰਮ ਕੀਤਾ ਜਾਵਗੇ। ਪਰ ਇਸ ਵਾਰ ਇਕੋਂ ਹੀ ਮਕਸਦ ਲਈ ਦੁਬਾਰਾ ਫੰਡ ਇਕੱਤਰ ਕਰਨਾ ਹੈ ਤੇ ਹੁਣ ਵਾਲਾ ਫੰਡ ਕਰਨਾ ਵੀ ਵੱਧੋ-ਵੱਧ ਹੈ। ਫੰਡ ਦੇਣ ਵਾਲਾ ਅਤੇ ਰਾਹਤ ਹਾਸਲ ਕਰਨ ਵਾਲਾ ਘੇਰਾ ਤਾਂ ਸਾਡੇ ਆਵਦੇ ਅਧਾਰ ਘੇਰੇ ਤੋਂ ਵੀ ਬਹੁਤ ਅੱਗੇ ਦਾ ਘੇਰਾ ਬਣਦਾ ਹੈ। ਵੱਖ-ਵੱਖ ਸ਼ਕਤੀਆਂ ਵੱਲੋਂ ਫੰਡਾਂ ਦੀ ਦੁਰਵਰਤੋਂ ਕਰਨ ਵਾਲੇ ਇਸ ਬਾਰੇ ਨਿਰਅਧਾਰ ਤੇ ਝੂਠਾ ਦੁਰਪ੍ਰਚਾਰ ਕਰਨ ਦੇ ਦੋਵੇਂ ਪੱਖ ਬਰੋ-ਬਰਾਬਰ ਤੁਰੇ ਆ ਰਹੇ ਹਨ। ਰਾਹਤ ਕਾਰਜਾਂ ਵਿੱਚ ਵੀ ਦਿਸ ਰਹੇ ਹਨ। ਇਸ ਲਈ ਫੰਡ ਇਕੱਤਰ ਕਰਨ ਸਮੇਂ ਅਤੇ ਫੰਡ ਵਰਤਣ ਸਮੇਂ ਐਹੋ ਜਿਹਾ ਪ੍ਰਬੰਧ ਉਸਾਰੋ ਕਿ ਇਸ ਵਿੱਚ ਉਕਾਈ ਦੀ ਗੁੰਜਾਇਸ਼ ਉੱਕਾ ਹੀ ਖਾਰਜ ਹੁੰਦੀ ਹੋਵੇ। ਇਸ ਦਾ ਮੋਟਾ ਤੇ ਸਿੱਧਾ ਤਰੀਕਾ ਅਪਣਾ ਲਿਆ ਗਿਆ। ਹਰ ਇਕ ਪਿੰਡ ਵਿਚੋਂ ਜਿੰਨਾ ਰਸਦ ਪਾਣੀ ਅਤੇ ਫੰਡ ਇਕੱਤਰ ਹੋਵੇ ਉਸ ਦੀ ਨਾਲ ਦੀ ਨਾਲ ਸੂਚੀ ਬਣੇ ਅਤੇ ਪਿੰਡ ਦੇ ਸਪੀਕਰ ਤੋਂ ਇਸਦੀ ਜਾਣਕਾਰੀ ਦਿੱਤੀ ਜਾਵੇ। ਕਿਹੜੇ ਪਿੰਡ ਵੰਡਿਆ ਜਾਣਾ ਹੈ ਉਸ ਪਿੰਡ ਦਾ ਨਾਂਅ ਫੰਡ ਇੱਕਤਰ ਕਰਨ ਵਾਲੇ ਪਿੰਡ ਵਿੱਚ ਸਭ ਨੂੰ ਦੱਸਿਆ ਜਾਵੇ। ਜਿਸ ਪਿੰਡ ਵਿੱਚ ਵੰਡਿਆਂ ਜਾਣਾ ਉਸ ਪਿੰਡ ਦਾ ਬਾਕਾਇਦਾ ਰਜਿਸਟਰ ਲਾਕੇ ਸਰਵੇ ਕੀਤਾ ਗਿਆ ਹੋਵੇ। ਲੋੜਵੰਦ ਪ੍ਰੀਵਾਰਾਂ ਦੇ ਮੁਖੀ ਦਾ ਨਾਂਅ ਅਤੇ ਫੋਨ ਨੰਬਰ ਰਜਿਸਟਰ ਵਿਚ ਦਰਜ ਹੋਵੇ। ਫੰਡ ਇਕੱਠਾ ਕਰਨ ਵਾਲੇ ਪਿੰਡ ਦੇ ਜਿਹੜੇ ਵੀ ਆਦਮੀ ਵੰਡ-ਵੰਡਾਈ ਲਈ ਜਾਣਾ ਚਾਹੁੰਦੇ ਹੋਣ, ਖੁਦ ਜਾਕੇ ਵੰਡ ਕੇ ਆਉਣ। ਸਰਵੇ ਵਾਲਾ ਰਜਿਸਟਰ ਲੈਕੇ ਆਉਣ। ਪਿੰਡ ਦੇ ਸਾਹਮਣੇ ਲਿਆਕੇ ਜਮ੍ਹਾਂ ਕਰਾਉਣ। ਜਿਹੜਾ ਮਰਜੀ ਜਦੋਂ ਮਰਜੀ ਇਸਨੂੰ ਚੈਕ ਕਰਨ ਲਈ ਅਧਿਕਾਰਤ ਸਮਝਿਆ ਜਾਵੇ। ਇਸ ਪੇਸ਼ਬੰਦੀ ਨੂੰ ਫੰਡ ਇਕੱਠਾ ਕਰਨ ਸਮੇਂ ਉਭਾਰਨ ਅਤੇ ਇਸਨੂੰ ਨਿਭਾਉਣ ਵਿਚ, ਬਹੁਤ ਜ਼ਿਆਦਾ ਲਿਖਤ-ਪੜ੍ਹਤ ਕਰਨੀ ਪਈ। ਪਰ ਇਸਨੇ ਹਰ ਕਿਸੇ ਉਪਰ ਬਹੁਤ ਕਬੂਲਵਾਂ ਅਸਰ ਛੱਡਿਆ। ਫੰਡ ਉਗਰਾਹੀ ਲਈ ਤੁਰਨ ਵਾਲਿਆਂ ਦੀ ਝਿਜਕ ਨੂੰ ਤੋੜਨ ਵਿਚ ਇਸ ਗੁਰ ਨੇ ਕਾਫ਼ੀ ਸਹਾਇਤਾ ਕੀਤੀ।
ਪਛੇਤ ਪੂਰੀ ਕਰੋ, ਲੇਟ ਕੱਢ੍ਹੋ
ਅਗਲੀ ਅਸਲੀ ਸਮੱਸਿਆ ਸੀ  - ਪਛੇਤ ਪੂਰੀ ਕਰੋ, ਲੇਟ ਕੱਢ੍ਹੋ। ਕਰੋ ਵੀ ਸਭ ਕੁੱਝ! ਕਰੋ ਵੀ ਛੇਤੀ-ਛੇਤੀ! ਦੁਬਾਰਾ ਫੰਡ ਮੁਹਿੰਮ ਲੈਣ ਦੀ ਵਜਾਹਤ, 100 ਪਿੰਡਾਂ ਨੂੰ ਪੈਰਾਂ ਸਿਰ ਕਰਨ ਲਈ ਵੱਡਾ ਉਦਮ ਕਰਨ ਦੀ ਲੋੜ, ਧੁਰ ਪਿੰਡ ਇਕਾਈਆਂ ਤੱਕ ਛੇਤੀ ਪਹੁੰਚਦੀ ਕਰੋ। ਸੂਬੇ ਦੇ ਮਰਦਾਂ ਔਰਤਾਂ ਦੀਆਂ, 2000 ਵਰਕਰਾਂ ਦੀਆਂ ਮੀਟਿੰਗਾਂ, ਜ਼ਿਲ੍ਹਾ ਕਮੇਟੀਆਂ ਦੀਆਂ ਮੀਟਿੰਗਾਂ, ਸਾਰੀਆਂ ਬਲਾਕ ਮੀਟਿੰਗਾਂ ਦੋ-ਤਿੰਨ ਦਿਨਾਂ ਵਿਚ ਕਰੋ। ਜਥੇਬੰਦੀ ਦੀ ਤੜ੍ਹ ਬਣਾਉ। ਸਾਣ 'ਤੇ ਲਾਉ। ਤਿੰਨ ਕੁ ਦਿਨ ਫੰਡ ਇੱਕਤਰ ਕਰਨ ਲਈ ਬਣਦੇ ਹਨ। ਏਨੇ ਦਿਨਾਂ ਵਿੱਚ ਰਾਹਤ ਉਡੀਕਦੇ 100 ਪਿੰਡਾਂ ਦਾ ਜੇ ਸਰਵੇ ਹੋਵੇਗਾ ਤਾਂ ਹੀ ਵੰਡ-ਵੰਡਾਈ ਸ਼ੁਰੂ ਹੋਵੇਗੀ। ਇਹ ਤਾਂ ਜ਼ਰੂਰ ਛੇਤੀ ਕਰੋ। ਤਾਂ ਹੀ ਪਿੰਡ ਨੂੰ ਪਿੰਡ ਦਾ ਜੁੰਮਾ ਦਿੱਤਾ ਜਾਵੇਗਾ, ਕਿ ਆਹ ਇਕ –ਦੋ ਪਿੰਡ, ਆਹ ਪਿੰਡ ਵਿਚ ਰਾਸ਼ਨ ਪੁਜਦਾ ਕਰਨਗੇ। ਪਛੇਤ ਪੂਰੀ ਕਰੋ, ਲੇਟ ਕੱਢ੍ਹੋ ਦੇ ਕਾਰਜ ਨੂੰ ਬਹੁਤ ਛੇਤੀ ਨੇਪਰੇ ਚਾੜ੍ਹ ਲਿਆ ਗਿਆ। 10 ਸਤੰਬਰ ਦੀ ਸੂਬਾ ਕਮੇਟੀ ਦੀ ਵਧਵੀਂ ਮੀਟਿੰਗ ਤੋਂ ਸੂਬਾ ਕਮੇਟੀ ਦੀ ਅਗਲੀ ਵਧਵੀਂ ਮੀਟਿੰਗ, 19 ਸਤੰਬਰ ਨੂੰ ਹੋਈ। ਇਸ ਦਿਨ ਤੱਕ ਬਹੁਤ ਵੱਡਾ ਹਿੱਸਾ ਫੰਡ, ਕਣਕ, ਔਰਤਾਂ ਦੇ ਸੂਟ ਤੇ ਬਿਸਤਰੇ ਇਕੱਠੇ ਹੋ ਚੁੱਕੇ ਸਨ। ਅੰਮ੍ਰਿਤਸਰ ਜਿਲ੍ਹੇ ਵੱਲੋਂ ਸਰਵੇ ਮੁਕੰਮਲ ਕਰ ਲਿਆ ਗਿਆ ਸੀ। ਕਿਸਾਨਾਂ ਦੇ ਕਾਫ਼ਲੇ ਕਣਕ, ਕੱਪੜਿਆਂ ਦੀਆਂ ਟਰਾਲੀਆਂ ਭਰੀ ਖੜ੍ਹੇ ਹਨ- ਛੇਤੀ ਨਾਲ ਕਾਫ਼ਲਿਆਂ ਦੇ ਤੁਰਨ ਦੀ ਵਾਰੀ ਬੰਨ੍ਹੋਂ। ਪੱਕੀਆਂ ਤਰੀਕਾਂ ਦਿਓ। ਮੀਟਿੰਗ ਵਿਚ ਇਹ ਮੰਗ ਉੱਠੀ। 20 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦਾ ਪਹਿਲਾਂ ਟਰਾਲੀਆਂ ਦਾ ਜੱਥਾ ਮਸਤੂਆਣਾ ਸਾਹਬ ਤੋਂ 11 ਵਜੇ ਰਵਾਨਾ ਹੋ ਚੁੱਕਾ ਸੀ। ਸੰਗਰੂਰ ਦੇ ਸਾਰੇ-ਦੇ-ਸਾਰੇ ਕਾਫ਼ਲੇ ਤਿਆਰ-ਬਰ-ਤਿਆਰ ਸਨ। ਇਹਨਾਂ ਕਾਫ਼ਲਿਆਂ ਨੂੰ ਦੋ ਦਿਨਾਂ ਤੋਂ ਰੋਕ ਰੱਖਿਆ ਸੀ। ਇਸ ਦਿਨ ਤੋਂ ਚਲ-ਸੋ-ਚੱਲ ਹੋ ਗਈ। ਕਾਫ਼ਲਿਆਂ ਦੀ ਇਸ ਲੜੀ ਦੀ ਕੜੀ ਕਿਸੇ ਜ਼ਿਲ੍ਹੇ ਨੇ ਟੁੱਟਣ ਨਹੀਂ ਦਿੱਤੀ। ਸੂਬਾ ਆਗੂਆਂ ਨੇ ਇਕ ਇਕ ਦਿਨ ਵਿਚ, ਤਿੰਨ-ਤਿੰਨ ਬਲਾਕਾਂ ਦੀਆਂ ਵੱਖ-ਵੱਖ ਮੀਟਿੰਗਾਂ ਕਰਵਾਈਆਂ। ਫੰਡ ਇਕੱਤਰ ਕਰਨ ਲਈ 529 ਦੀ ਕਰੀਬ ਇਕਾਈਆਂ ਵਿੱਚ ਮਰਦਾਂ ਦੇ 5 ਤੋਂ 15-20 ਜਾਣਿਆਂ ਦੇ ਜੱਥੇ ਤੁਰੇ। ਔਰਤਾਂ ਨੇ ਆਵਦੇ ਵੱਖਰੇ ਜੱਥੇ ਬਣਾ ਲਏ। ਅਣਸਿਉਂਤੇ ਸੂਟ, ਨਵੇਂ ਜਾਂ ਨਵਿਆਂ ਵਰਗੇ ਬਿਸਤਰੇ ਇਕੱਠੇ ਕਰਨ ਲਈ ਇਸੇ ਤਰ੍ਹਾਂ ਦੇ ਜੱਥੇ ਬਣ ਗਏ। ਪਿੰਡ ਦਾ ਕੋਈ ਘਰ ਛੱਡਿਆ ਨਹੀਂ। ਕਿਸੇ ਨੇ ਖ਼ਾਲੀ ਨਹੀਂ ਮੋੜਿਆ। 100 ਪਿੰਡਾਂ ਦੇ ਖੇਤ ਮਜ਼ਦੂਰਾਂ ਅਤੇ ਗ਼ਰੀਬ ਕਿਸਾਨ ਪ੍ਰੀਵਾਰਾਂ ਦੀਆਂ ਔਰਤਾਂ ਦੇ ਹਰ ਇਕ ਵੱਡੇ ਛੋਟੇ ਜੀਅ ਨੂੰ ਦੋ ਸੂਟ ਜਮ੍ਹਾਂ ਹੋ ਚੁੱਕੇ ਸਨ। ਇਹ ਔਰਤਾਂ ਦਾ ਆਵਦਾ ਫ਼ੈਸਲਾ ਸੀ ਆਵਦੀ ਪਹਿਲਕਦਮੀ ਸੀ ਇਹ ਸਾਰਾ ਕੰਮ ਤਿੰਨ-ਚਾਰ ਦਿਨਾਂ ਵਿੱਚ ਨਿਬੜ ਚੁੱਕਾ ਸੀ। ਪਛੇਤ ਪੂਰੀ ਕੀਤੀ ਜਾ ਚੁੱਕੀ ਸੀ, ਲੇਟ ਕੱਢ੍ਹੀ ਜਾ ਚੁੱਕੀ ਸੀ।
ਕਾਹਲੀ ਅੱਗੇ ਟੋਏ ਤੋਂ ਬਚਣ ਦੀ ਸਮੱਸਿਆ
ਇਸ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਇਕ ਹੋਰ ਸਮੱਸਿਆ ਕਾਹਲੀ ਅੱਗੇ ਟੋਏ ਤੋਂ ਬਚਣ ਦੀ ਸਮੱਸਿਆ ਦਰਪੇਸ਼ ਸੀ। ਉਘੜ-ਦੁਘੜਾਪਣ ਖੋਹ-ਖਿੰਝ, ਸੀਨਾ-ਜ਼ੋਰੀ, ਜ਼ੋਰ-ਜਬਰਦਸਤੀ, ਹੇਰਾ-ਫੇਰੀ, ਹਫ਼ੜਾ-ਦਫ਼ੜੀ ਅਤੇ ਘੜਮੱਸ ਤੋਂ ਕਿਵੇਂ ਬਚਿਆ ਜਾਵੇ। ਸਾਰੀ ਮੁਹਿੰਮ ਨੂੰ ਯੋਜਨਾ-ਬੱਧ, ਬਾ-ਜ਼ਾਬਤਾ, ਪਾਰਦਰਸ਼ੀ, ਬਾਤਰਤੀਬ ਅਤੇ ਅਰਸਾਵਾਰ ਤਰੀਕੇ ਨਾਲ ਕਿਵੇਂ ਨੇਪਰੇ ਚਾੜ੍ਹਿਆ ਜਾਵੇ ? ਇਸ ਮਸਲੇ ਨੂੰ ਇੱਕ ਸਮੱਸਿਆ ਵਜੋਂ, ਹੱਲ ਮੰਗਦੀ ਸਮੱਸਿਆ ਵਜੋਂ ਪ੍ਰਵਾਨ ਕੀਤਾ ਗਿਆ। ਇਸ ਦਾ ਬਾਕਾਇਦਾ ਹੱਲ ਕੱਢਿਆ ਗਿਆ। ਉਸ ਹੱਲ ਨੂੰ ਲਾਗੂ ਕਰਨ ਲਈ ਪਹਿਰੇਦਾਰੀ, ਨਿਗਾਹਦਾਰੀ ਅਤੇ ਚਲਦੇ ਅਮਲ ਦੌਰਾਨ ਲੋੜੀਂਦੀ ਹਦਾਇਤਕਾਰੀ ਦੇ ਜੱਥੇਬੰਦਕ ਨਿਯਮ ਦਾ ਪਾਲਣ ਕੀਤਾ ਗਿਆ।
ਹੜ੍ਹ ਪ੍ਰਭਾਵਤ ਚਾਰ ਜਿਲ੍ਹਿਆਂ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਫ਼ਾਜਿਲਕਾ ਦੇ ਬਲਾਕਾਂ ਦੇ ਸੌ ਪਿੰਡਾਂ ਵਿਚ ਘਰ-ਘਰ ਦਾ ਸਰਵੇ ਕਰਨ ਦੀ ਟੀਚਾ ਮਿਥਿਆ ਗਿਆ। ਇਸ ਸਰਵੇ ਵਿਚ ਹਰ ਇਕ ਖੇਤ ਮਜ਼ਦੂਰ ਅਤੇ ਗ਼ਰੀਬ ਕਿਸਾਨ ਪਰਿਵਾਰ ਦੇ ਮੁੱਖੀ ਦਾ ਨਾਂਅ, ਫੋਨ ਨੰਬਰ ਅਤੇ ਜੀਆਂ ਦੀ ਗਿਣਤੀ ਦਰਜ ਕਰਨੀ ਸੀ। ਔਰਤਾਂ, ਮਰਦਾਂ ਦੇ ਵੇਰਵਿਆਂ ਨੂੰ ਵੱਖ-ਵੱਖ ਨੋਟ ਕਰਨਾ ਸੀ। ਪ੍ਰਤੀ ਜੀ ਰਾਸ਼ਨ, ਪ੍ਰਤੀ ਔਰਤ ਦੋ ਸੂਟ-ਵੰਡਣ ਲਈ ਆਹ ਤਰੀਕਾ ਅਪਣਾਇਆ। ਹਰ ਇੱਕ ਕਿਸਾਨ ਪਰਿਵਾਰ ਦੀ ਜ਼ਮੀਨ ਮਾਲਕੀ, ਪਸ਼ੂ ਮਾਲਕੀ ਸਰਵੇ ਵਿੱਚ ਲਿਆਉਣੀ ਮਿਥੀ ਗਈ। ਤਾਂ ਜੋ ਪ੍ਰਤੀ ਏਕੜ ਕਣਕ ਦਾ ਬੀਜ ਅਤੇ ਪ੍ਰਤੀ ਪਸ਼ੂ ਤੂੜੀ ਦੀ ਮਾਤਰਾ ਵੰਡੀ ਜਾ ਸਕੇ। ਵੰਡ-ਵੰਡਾਈ ਕਰਨ ਵਾਲੀ ਟੀਮ ਦੇ ਨਾਲ ਸਥਾਨਕ ਜ਼ਿਲ੍ਹੇ ਦੀ ਸਰਵੇ ਟੀਮ-ਸਰਵੇ ਰਜਿਸਟਰ ਅਤੇ ਸਹਾਇਕ ਵਰਕਰਾਂ ਨੇ ਮੌਜੂਦ ਰਹਿਣਾ ਸੀ।
ਇਹਨਾਂ ਚਾਰ ਜ਼ਿਲ੍ਹਿਆਂ ਦੀਆਂ ਆਗੂ ਪਰਤਾਂ ਨੂੰ ਫੰਡ ਇੱਕਤਰ ਕਰਨ ਜਾਂ ਜ਼ਮੀਨਾਂ ਵਾਹੀਯੋਗ ਬਣਾਉਣ ਵਰਗੇ ਸਾਰੇ ਕੰਮਾਂ ਤੋਂ ਵਿਹਲੇ ਕਰ ਦਿੱਤਾ ਗਿਆ। ਉਹਨਾਂ ਦੇ ਜੁੰਮੇ ਬਦਲਵੇਂ ਕੰਮ ਸਨ। ਉਹਨਾਂ ਨੇ ਸਰਵੇ ਕਰਨਾ ਸੀ, ਰਾਸ਼ਨ ਲੈਕੇ ਪਹੁੰਚਣ ਵਾਲੇ ਕਾਫ਼ਲਿਆਂ ਨੂੰ ਸਾਂਭਣਾ, ਵਧੇ-ਘਟੇ ਰਾਸ਼ਨ ਨੂੰ ਸੰਭਾਲਣਾ, ਵੰਡ ਕਰਨ ਵਾਲੇ ਪਿੰਡਾਂ ਵਿਚ ਜਾਣ ਵਾਲੇ ਜੱਥਿਆਂ ਦੇ ਨਾਲ ਸਰਵੇ ਰਜਿਸਟਰ ਲੈਕੇ ਜਾਣਾ ਅਤੇ ਪਿੰਡ ਦੇ ਲੋੜਵੰਦਾਂ ਦੀ ਸ਼ਨਾਖ਼ਤ ਕਰਨਾ ਸੀ।
ਸ਼ਾਨਦਾਰ ਉਗਰਾਹੀ, ਬਾ-ਤਰਤੀਬ ਵੰਡ-ਵੰਡਾਈ
ਫੰਡ ਉਗਰਾਹੀ ਦਾ ਕਿੰਮ ਜਿਵੇਂ ਬਹੁਤ ਤੇਜੀ ਨਾਲ ਨੇਪਰੇ ਚੜ੍ਹਿਆ, ਜਿਵੇਂ 3/4 ਹਜ਼ਾਰ ਕਿਸਾਨ ਵਰਕਰਾਂ ਅਤੇ 2/2½ ਹਜ਼ਾਰ ਔਰਤਾਂ ਨੇ ਤਕਰੀਬਨ 530 ਪਿੰਡਾਂ ਤੱਕ ਪਹੁੰਚ ਕੀਤੀ, ਰਸਦ ਨੂੰ ਅਤੇ ਨਗਦ ਫੰਡ ਨੂੰ ਹੁੰਗਾਰਾ ਉਨ੍ਹਾ ਹੀ ਉਤਸ਼ਾਹਜਨਕ ਸੀ। ਰਸਦ ਉਗਰਾਹੀ ਵਿੱਚ ਵਿਲੱਖਣ ਲੱਛਣ ਇਹ ਸੀ ਕਿ ਕਿਸਾਨ ਕਾਰਕੁੰਨ ਔਰਤਾਂ ਨੇ ਆਵਦੇ ਵੱਖਰੇ ਜੱਥੇ ਬਣਾਏ। ਪਿੰਡ-ਪਿੰਡ ਵਿੱਚੋਂ, ਘਰ-ਘਰ ਵਿੱਚੋਂ, ਔਰਤਾਂ ਔਰਤਾਂ ਦੇ  ਸੂਟਾਂ ਲਈ ਅਣਲੱਗ ਸੂਟਾਂ ਦੇ ਕੱਪੜੇ, ਨਵੇਂ ਸਿਆਲੂ ਬਿਸਤਰੇ, ਲੋਈਆਂ ਅਤੇ ਕੰਬਲ/ਖੇਸ ਵਗੈਰਾ ਇਕੱਤਰ ਕੀਤੇ। ਰਸਦ ਉਗਰਾਹੀ ਵਾਲਿਆਂ ਨੇ ਜੋਸ਼ ਅਤੇ ਧੜੱਲੇ ਨਾਲ ਮੰਗ ਕੀਤੀ। ਸਹਾਇਤਾ ਦੇਣ ਵਾਲਿਆਂ ਨੇ ਰੈਲੇ ਮਨ ਅਤੇ ਖੁੱਲ੍ਹੇ ਦਿਲ ਨਾਲ ਹਿੱਸਾ ਪਾਇਆ। ਕਿਸਾਨੀ ਦੀਆਂ ਸਾਰੀਆਂ ਪਰਤਾਂ ਨੇ ਪੂਰੇ ਜੋਸ਼ ਨਾਲ ਸਹਾਇਤਾ ਜੁਟਾਈ। ਗਿਣ ਲਉ: ਮੇਰੀ ਮਹੀਨੇ ਦੀ ਸਾਰੀ ਪੈਨਸ਼ਨ! ਮੇਰੀ ਕਣਕ ਦੀ ਇਕ ਟਰਾਲੀ! ਮੇਰਾ ਤੂੜੀ ਦਾ ਸਾਰਾ ਕੁੱਪ! ਮੇਰਾ ਤੂੜੀ ਦਾ ਸਾਰਾ ਦਲਾਨ! ਮੇਰਾ 20,000/- ਮੇਰਾ 50,000/- ਕੁੱਝ ਥਾਵਾਂ 'ਤੇ ਫੰਡ/ਰਾਹਤ ਇਕੱਤਰ ਕਰਨ ਵਾਲੀਆਂ ਟੀਮਾਂ ਨੂੰ ਮਜ਼ਦੂਰਾਂ ਨੇ ਵਾਜ ਮਾਰਕੇ ਸੱਦਿਆ, ”ਸਾਡੇ ਵੱਲੀਂ ਕਿਉਂ ਨੀਂ ਆਏ? ਕਿਸੇ ਨੇ ਕਣਕ ਦੇ ਦਾਣੇ ਕਿਸੇ ਨੇ ਨਰੇਗਾ ਦੀ ਮਿਲੀ ਦਿਹਾੜੀ, ਕਿਸੇ ਨੇ ਮਹੀਨੇ ਦੀ ਬੁਢਾਪਾ ਪੈਨਸ਼ਨ ਜਮ੍ਹਾਂ ਕਰਵਾਈ। ਇਕ ਪਰਿਵਾਰ ਵਿੱਚ ਇਕ ਔਰਤ ਨੇ ਕਿਹਾ ਮੇਰੇ ਕੋਲ ਤਾਂ ਦੇਣ ਨੂੰ ਕੁੱਝ ਹੈ ਨਹੀਂ। ਆਹ ਕੰਨਾਂ ਦੀਆਂ ਵਾਲੀਆਂ ਹਨ। ਇਹ ਲੈ ਜਾਉ। ਉਸਨੇ ਇਹ ਵਾਲੀਆਂ ਜਜ਼ਬਾਤੀ ਹੋਈ ਕਿਸਾਨ ਕਾਰਕੁੰਨਾ ਦੀ ਟੀਮ ਨੂੰ ਸੌਂਪ ਦਿੱਤੀਆਂ। ਟੀਮ ਨੇ ਭਰੇ ਮਨ, ਪੂਰੇ ਮਾਣ ਅਤੇ ਸਤਿਕਾਰ ਨਾਲ ਸਾਂਭ ਲਈਆਂ। ਫੰਡ/ਰਾਹਤ ਇਕੱਠਾ ਕਰਨ ਵਾਲੀਆਂ ਟੀਮਾਂ ਦਾ ਹੋਕਾ ਹੁੰਦਾ ਸੀ, ਹੜ੍ਹਾਂ ਦੇ ਪਾਣੀ ਵਿੱਚ ਡੁੱਬ ਰਹੇ ਪਿੰਡਾਂ ਦੇ ਗਰੀਬਾਂ ਦਾ ਕੋਈ ਘਰ, ਕੋਈ ਜੀਅ, ਦਾਣੇ, ਕੱਪੜੇ ਤੋਂ ਬਿਨਾਂ ਨਹੀਂ ਰਹਿਣ ਦੇਣਾ, ਕੋਈ ਪਸ਼ੂ ਨੀਰੇ/ਚਾਰੇ ਤੋਂ ਵਿਰਵਾ ਨਹੀਂ ਰਹਿਣ ਦੇਣਾ, ਰੇਤ ਨਾਲ ਭਰੇ ਤੇ ਖਾਰ ਨਾਲ ਟੋਏ ਬਣੇ ਖੇਤਾਂ ਵਿੱਚ ਕਣਕਾਂ ਬੀਜ ਕੇ ਮੁੜਨਾ ਹੈ! ਦਿਉ! ਦਿਲ ਖੋਹਲ ਕੇ ਦਿਉ! ਇਕੱਠਾ ਹੋਇਆ ਇਕ-ਇਕ ਪੈਸਾ ਧੁਰ ਪਹੁੰਚਦਾ ਕੀਤਾ ਜਾਵੇਗਾ! ਟੀਮਾਂ ਨੇ ਵਾਅਦਾ ਕੀਤਾ। ਲੋਕਾਂ ਨੇ ਵਿਸਵਾਸ਼ ਕੀਤਾ। ਜਥੇਬੰਦੀ ਨੇ ਵਿਸਵਾਸ਼ ਨਿਭਾਇਆ। ਫੰਡ ਇਕੱਤਰ ਕਰਨ ਵਿੱਚ ਸਹਾਇਤਾ ਮੁਹਿੰਮ ਚਲਾਉਣ ਵਿਚ ਸ਼ਾਮਲ ਹੋਈਆਂ ਸਾਰੀਆਂ ਜਥੇਬੰਦੀਆਂ ਨੇ ਚੰਗਾ ਯੋਗਦਾਨ ਪਾਇਆ। ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦੇ ਹਮਾਇਤੀ ਸੱਜਣਾਂ ਨੇ ਵਿਅਕਤੀਗਤ ਤੌਰ 'ਤੇ, ਅਤੇ ਗਰੁੱਪਾਂ ਵਜੋਂ ਮੁਹਿੰਮਾਂ ਚਲਾਕੇ ਵਧੀਆ ਯੋਗਦਾਨ ਪਾਇਆ। ਫੰਡ/ਰਾਹਤ ਦੇਣ ਵਾਲੀਆਂ ਬਹੁਤ ਸਾਰੀਆਂ ਥਾਵਾਂ ਉੱਤੇ ਇਕ ਵਾਰ ਫੰਡ ਇਕੱਠਾ ਹੋ ਜਾਣ ਦੇ ਬਾਅਦ ਵੀ ਜੋ ਹੁੰਗਾਰਾ ਦੁਬਾਰਾ ਚੱਲੀ ਇਸ ਮੁਹਿੰਮ ਨੂੰ ਮਿਲਿਆ ਹੈ, ਉਹ ਸ਼ਾਨਦਾਰ ਹੈ। ਯਾਦਗਾਰੀ ਹੈ! ਮਿਸਾਲੀ ਹੈ!
ਨਗਦੀ ਦੇ ਰੂਪ ਵਿਚ ਹੋਇਆ ਫੰਡ ਅਤੇ ਰਸਦ ਦੇ ਰੂਪ ਵਿਚ ਇਕੱਤਰ ਹੋਇਆ (ਰਸਦ ਦੀ ਰੁਪਏ ਵਿੱਚ ਕੀਮਤ ਪਾਕੇ) ਫੰਡ ਅੱਠ ਕਰੋੜ 69 ਲੱਖ ਰੁਪਏ ਬਣਦਾ ਹੈ। ਇਹਦੇ ਵਿਚੋਂ 7 ਕਰੋੜ 92 ਲੱਖ ਤੋਂ ਵੱਧ ਰੁਪਏ ਦੀ ਰਸਦ ਅਤੇ ਸਹਾਇਤਾ ਪਹੁੰਚ ਚੁੱਕੀ ਹੈ। ਬਾਕੀ ਬਚੇ ਪੈਸੇ ਦੀ ਵਰਤੋਂ ਬਾਰੇ ਫ਼ੈਸਲਾ ਹੋ ਚੁੱਕਾ ਹੈ। ਸੰਘਰਸ਼ ਸਰਗਰਮੀਆਂ ਅਤੇ ਖੇਤੀ ਰੁਝੇਵਿਆਂ ਤੋਂ ਫੁਰਸ਼ਤ ਮਿਲਨ ਸਾਰ ਰੇਤੇ ਵਾਲੀਆਂ ਜ਼ਮੀਨਾਂ ਪੱਧਰ ਕਰਨ ਦੇ ਰਹਿੰਦੇ ਕੰਮ ਨੂੰ ਹੱਥ ਲੈਣਾ ਹੈ। (ਫੰਡ ਉਗਰਾਹੀਂ ਅਤੇ ਰਸਦ ਉਗਰਾਹੀਂ ਦੇ ਵਿਸਥਾਰ ਲਈ ਦੇਖੋ ਟੇਬਲ ਨੰ: 1, 1.1 ਇੱਥੇ ਰੱਖੇ ਜਾਣ ਬਾਕੀ ਟੇਬਲ ਪਿੱਛੇ ਛਪਣ ਵਾਲੇ ਸਫਿਆਂ 'ਤੇ ਜਾਣ। ਫੰਡ ਇਕੱਤਰ ਕਰਨ ਦੀ ਮੁਹਿੰਮ ਵਿਚ ਕਿਸਾਨ ਜਥੇਬੰਦੀ ਵੱਲੋਂ ਫਾਜ਼ਿਲਕਾ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜਿਲ੍ਹਿਆਂ ਨੂੰ ਪ੍ਰਬੰਧਕੀ ਕੰਮਾਂ ਦੀਆਂ ਵਡੇਰੀਆਂ ਜੁੰਮੇਵਾਰੀਆਂ ਸੌਪੀਆਂ ਸਨ। ਉਹਨਾਂ ਨੂੰ ਫੰਡ/ਰਾਹਤ ਇਕੱਤਰ ਕਰਨ ਤੋਂ ਛੋਟ ਦਿੱਤੀ ਹੋਈ ਸੀ।
ਉਘੜ ਦੁਘੜਾਪਣ, ਘੜਮੱਸ, ਹਫੜਾ-ਦਫੜੀ, ਹੇਰਾ-ਫੇਰੀ, ਸੀਨਾ-ਜ਼ੋਰੀ, ਖੋਹ-ਖਿੰਝ ਤੇ ਜੋਰਾ-ਜਰਬੀ ਵਗੈਰਾ ਤੋਂ ਬਚਣ ਦਾ ਕੱਢ੍ਹਿਆ ਹੋਇਆ ਕਾਰਜ ਵੀ ਵਧੀਆ ਨਿਭ੍ਹ ਗਿਆ। ਸਹਾਇਤਾ ਪ੍ਰਾਪਤ ਕਰਨ ਵਾਲੇ ਪਿੰਡਾਂ, ਪਰਿਵਾਰਾਂ ਅਤੇ ਉਹਨਾਂ ਦੇ ਜੀਆਂ ਦਾ ਅਤੇ ਉਹਨਾਂ ਦੀ ਸਮਾਜੀ-ਆਰਥਕ ਹਾਲਤ ਬਾਰੇ ਲੋੜੀਂਦਾ ਸਰਵੇ ਹੋ ਚੁੱਕਾ ਸੀ। ਸਹਾਇਕ ਜਿਲ੍ਹਿਆਂ ਦੀਆਂ ਸਰਵੇ ਦਸਤਾਵੇਜ਼ਾਂ ਵਾਲੀਆਂ ਟੀਮਾਂ ਅਤੇ ਪ੍ਰਬੰਧਕੀ ਟੀਮਾਂ ਅਤੇ ਸਹਾਇਤਾ ਪਹੁੰਚਾਉਣ ਵਾਲੀਆਂ ਟੀਮਾਂ ਦਰਮਿਆਨ ਸਿੱਧਮ-ਸਿੱਧਾ ਸੰਪਰਕ ਸਥਾਪਤ ਹੋ ਚੁੱਕਾ ਸੀ। ਰਸਦ ਪਹੁੰਚਦੀ ਕਰਨ ਅਤੇ ਹੋਰ ਸਹਾਇਤਾ ਜੁਟਾਉਣ ਦੇ ਕੰਮ ਨੂੰ ਤਿੰਨ ਪੜਾਵਾਂ ਵਿੱਚ ਵੰਡ ਕੇ ਕਰਨ ਦਾ ਫੈਸਲਾ ਲਿਆ ਗਿਆ। ਪਹਿਲੇ ਪੜਾਵਾਂ ਵਿਚ ਪਹਿਲ ਦੇ ਅਧਾਰ 'ਤੇ ਖਾਣ ਲਈ ਕਣਕ ਅਤੇ ਕੱਪੜਾ-ਲੱਤਾ ਪਹੁੰਚਦਾ ਕਰਨ ਦਾ ਮਿਥਿਆ ਗਿਆ। ਇਸ ਕੰਮ ਲਈ ਵੀ ਜਾਣ ਵਾਲੇ ਜ਼ਿਲ੍ਹਿਆਂ ਅਤੇ ਸਹਾਇਕ ਜ਼ਿਲ੍ਹਿਆਂ ਨੇ ਢੁਕਵੀਆਂ ਤਰੀਕਾਂ ਤਹਿ ਕਰਕੇ ਯੋਜਨਾ ਬੰਦੀ ਕੀਤੀ। ਪਹਿਲੇ ਪੜਾਅ ਦਾ ਕਸਾਅ ਖਤਮ ਹੋਣ ਸਾਰ, ਦੂਜੇ ਪੜਾਅ ਵਿੱਚ ਤੂੜੀ, ਚਾਰਾ-ਨੀਰਾ ਤੇ ਫੀਡ ਪਹੁੰਚਾਉਣ ਦਾ ਕੰਮ ਹੱਥ ਲੈਣਾ ਮਿਥਿਆ ਗਿਆ। ਇਸ ਦੇ ਨਾਲ ਲੱਗਵਾਂ ਜਾਂ ਇਸ ਪੜਾਅ ਦਾ ਕਸਾਅ ਘਟਣ ਸਾਰ ਕਣਕ ਦੀ ਬਿਜਾਈ ਲਈ ਬੀਜ ਵਗੈਰਾ ਵੰਡਣ ਦਾ ਕੰਮ ਵੀ ਕਰਨਾ ਮਿਥਿਆ ਗਿਆ। ਤੀਜਾ ਪੜਾਅ ਸੀ, ਖੇਤ ਨੂੰ ਰੇਤ-ਮੁਕਤ, ਖਾਰ-ਮੁਕਤ ਕਰਨ ਦੇ ਕੰਮ ਨੂੰ ਹੱਥ ਪਾਉਣ ਦਾ ਇਹ ਕੰਮ ਬਹੁਤ ਵੱਡਾ ਸੀ। ਉੱਕਾ ਹੀ ਬੇ-ਭੇਤਾ ਸੀ। ਕੀ ਕਰਨਾ ਪਊ?  ਕਿਵੇਂ ਕਰਨਾ ਹੋਊ? ਕਿਨੇ ਉਦਮ, ਊਰਜਾ ਅਤੇ ਪੈਸੇ ਦੀ ਲੋੜ ਪਊ? ਸਭ ਕਾਸੇ ਦਾ ਅੰਦਾਜਾ ਵਾਹ ਪਿਆਂ ਹੀ ਬਣਨਾ ਸੀ। ਇਸ ਲਈ ਇਸ ਨੂੰ ਹੋਰ ਸਭ ਕਾਸੇ ਤੋਂ ਵਿਹਲੇ ਹੋਕੇ ਕਰਨਾ ਮਿਥਿਆ ਗਿਆ। ਉਂਝ ਵੀ ਕਣਕ ਦੀ ਬਿਜਾਈ ਹੋਣ 'ਚ ਸਮਾਂ ਵੀ ਪਿਆ ਸੀ। ਇਹ ਕੰਮ ਕਣਕ ਬਿਜਾਈ ਦੀ ਤਿਆਰੀ ਦਾ ਕੰਮ ਹੀ ਬਣਦਾ ਸੀ।
ਕਈ ਸਾਰੀਆਂ ਪ੍ਰਬੰਧਕੀ, ਅਨੁਸ਼ਾਸ਼ਨਿਕ ਅਤੇ ਜਥੇਬੰਦੀ ਦੀ ਅਗਵਾਈ ਦੀਆਂ ਲੋੜਾਂ ਅਤੇ ਗਿਣਤੀਆਂ-ਮਿਣਤੀਆਂ 'ਚੋਂ ਲੋੜ ਇਹ ਨਿਕਲਦੀ ਸੀ ਕਿ ਰਾਹਤ ਵੰਡਾਈ ਦਾ ਕੰਮ ਤਰਤੀਬ ਬੱਧ,ਬਾਜ਼ਬਤ ਅਤੇ ਵੱਡੇ ਕਾਫਲਿਆਂ ਦੀਆਂ ਲੜੀਆਂ ਬਣਾਕੇ ਨੇਪਰੇ ਚਾੜ੍ਹਿਆ ਜਾਵੇ। ਸੋ ਰਾਹਤ ਵੰਡਣ ਵਾਲੇ ਵੱਡੇ ਕਾਫਲਿਆਂ ਦੀਆਂ ਲੜੀਆਂ ਢਾਈ-ਤਿੰਨ ਮਹੀਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਚਲਦੀਆਂ ਰਹੀਆਂ। ਇਸ ਕੰਮ ਲਈ ਲੰਬਾ ਅਰਸਾ ਵੀ ਲੱਗਾ। ਤਕੜੀ ਊਰਜਾ ਵੀ ਲੱਗੀ। ਪਰ ਇਸ ਨਾਲ ਵੰਡ-ਵੰਡਾਈ ਦੇ ਕੰਮ ਵਿਚ ਬਾਕਾਇਦਗੀ, ਲਗਾਤਾਰਤਾ ਅਤੇ ਜਬਤਬੱਧਤਾ ਪ੍ਰਾਪਤ ਕਰਨ ਵਿੱਚ ਤਕੜੀ ਮੱਦਤ ਹਾਸਲ ਹੋਈ।
( ਇਸ ਲਈ ਦੇਖੋ ਟੇਬਲ ਨੰ: 2.4, 2.5, 2.6, 2.7, ਟੇਬਲ ਨੰ: 3, 3.1,)
ਰਾਹਤ ਵੰਡ-ਵੰਡਾਈ ਦੇ ਕੰਮ ਦੀ ਅਗਵਾਈ, ਪੈਰਵੀ ਅਤੇ ਪਹਿਰੇਦਾਰੀ ਕਰਨ ਲਈ ਸੂਬਾ ਟੀਮ ਦੇ ਦੋ ਕੇਂਦਰ ਬਣਾ ਲਏ ਗਏ। ਹੜ੍ਹਾਂ ਤੋਂ ਸਭ ਤੋਂ ਵੱਧ ਪ੍ਰਭਾਵਤ ਜਿਲ੍ਹੇ ਫਾਜ਼ਿਲਕਾ ਦੇ 54 ਪਿੰਡਾਂ ਵਿਚ ਸਮੁੱਚੇ ਰਾਹਤ ਕੰਮ ਦੀ ਅਗਵਾਈ ਕਰਨ ਲਈ ਸੀਨੀਅਰ ਮੀਤ-ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੂੰ ਤਾਇਨਾਤ ਕੀਤਾ ਗਿਆ। ਇਹਨਾਂ ਪਿੰਡਾਂ ਲਈ ਰਾਹਤ ਸਮੱਗਰੀ ਜੁਟਾਉਣ ਲਈ ਚਾਰ ਜਿਲ੍ਹਿਆਂ ਬਠਿੰਡਾ, ਮਾਨਸਾ, ਫਰੀਦਕੋਟ, ਮੁਕਤਸਰ ਨੂੰ ਜੋੜਿਆ ਗਿਆ। ਜਿਲ੍ਹਾ ਫਾਜ਼ਿਲਕਾ ਦੀ ਜਿਲ੍ਹਾ ਟੀਮ ਨੂੰ ਪ੍ਰਬੰਧਕੀ ਕੰਮਾਂ ਦਾ ਵਡੇਰਾ ਜਿੰਮਾ ਦਿੱਤਾ ਗਿਆ। ਸੂਬਾ ਕਮੇਟੀ ਦੇ ਦੂਜੇ ਕੇਂਦਰ ਦੀ ਟੀਮ ਵਿਚ ਸੂਬਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ, ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਅਤੇ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੂੰ ਸ਼ਾਮਲ ਕੀਤਾ ਗਿਆ। ਇਸ ਆਗੂ ਕੇਂਦਰ ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਅਜਨਾਲਾ ਦੇ ਸਭ ਤੋਂ ਵੱਧ ਪ੍ਰਭਾਵਤ ਪਿੰਡਾਂ ਅਤੇ ਗੁਰਦਾਸਪੁਰ, ਹੁਸ਼ਿਆਰਪੁਰ ਜਿਲ੍ਹਿਆਂ ਦੇ ਕੁਲ ਮਿਲਾ ਕੇ ਇਕ ਸੌ ਤੋਂ ਵੱਧ ਪਿੰਡਾਂ ਵਿਚ ਸਾਰੇ ਰਾਹਤ ਕਾਰਜ ਕਰਨ ਦਾ ਜੁੰਮਾ ਦਿੱਤਾ ਗਿਆ। ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀਆਂ ਟੀਮਾਂ ਨੂੰ ਪ੍ਰਬੰਧਕੀ ਕੰਮਾਂ ਦੀਆਂ ਜੁੰਮੇਵਾਰੀਆਂ ਦਾ ਮੁਸ਼ਕਲ ਕੰਮ ਦਿੱਤਾ ਗਿਆ। ਬਾਕੀ ਦੇ ਸਾਰੇ ਜ਼ਿਲ੍ਹਿਆਂ ਲੁਧਿਆਣਾ, ਜਲੰਧਰ ਅਤੇ ਤਰਨਤਾਰਨ, ਫਿਰੋਜ਼ਪੁਰ ਅਤੇ ਮੋਹਾਲੀ ਨੂੰ ਆਵਦੇ ਵਿਤ ਅਤੇ ਵਿਉਂਤਬੰਦੀ ਮੁਤਾਬਕ ਯੋਗਦਾਨ ਪਾਉਣ ਲਈ ਕਿਹਾ ਗਿਆ। ਦੋਹਾਂ ਸੂਬਾ ਕੇਂਦਰਾ ਦਾ ਆਪਸੀ ਸਰਗਰਮ ਰਾਬਤਾ ਲਗਾਤਾਰ ਬਣਾਈ ਰੱਖਣਾ ਯਕੀਨੀ ਬਣਿਆ ਰਿਹਾ। ਇਸ ਪ੍ਰਬੰਧ ਸਦਕਾ ਹਰ ਇਕ ਸਥਾਨਕ ਰਾਹਤ ਸਰਗਰਮੀ ਉਪਰ ਸੂਬਾਈ ਲੀਡਰਸ਼ਿੱਪ ਦੀ ਨਿਗਾਹਦਾਰੀ ਯਕੀਨੀ ਬਣ ਗਈ। ਅਜਿਹੇ ਕਾਰਗਰ ਜਥੇਬੰਦਕ ਉਪਰਾਲਿਆਂ ਦੇ ਸਿੱਟੇ ਵਜੋਂ ਆਪ ਮੁਹਾਰਤਾ ਹਫੜਾ-ਦਫੜੀ ਅਤੇ ਘੜਮੱਸ ਵਰਗੀਆਂ ਉਕਾਈਆਂ ਨੂੰ ਕਾਬੂ ਕਰਨ ਅਤੇ ਸਮੁੱਚੇ ਰਾਹਤ ਕਾਰਜਾਂ ਨੂੰ ਬੰਨ੍ਹਕੇ ਚਲਾਉਣ ਦਾ ਟੀਚਾ ਹਾਸਲ ਕੀਤਾ ਜਾ ਸਕਿਆ।
ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ
ਪੰਜਾਬ ਦੇ ਜਾਇਆਂ ਨੂੰ ਨਿਤਾਣਿਆਂ ਦੇ ਤਾਣ ਅਤੇ ਨਿਉਟਿਆਂ ਦੀ ਓਟ ਬਣਕੇ ਜਿਉਣ ਦੀ ਪ੍ਰੇਰਨਾ ਵਿਰਾਸਤ ਵਿਚ ਮਿਲੀ ਹੈ। ਉਹ ਇਸ ਮਾਰਗ ਉਪਰ ਪਹਿਰੇਦਾਰੀ ਕਰਨ ਅਤੇ ਇਸਨੂੰ ਅੱਗੇ ਤੋਰਨ ਦਾ ਕੋਈ ਮੌਕਾ ਆਹਲਾ ਨਹੀਂ ਜਾਣ ਦਿੰਦੇ। ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਇਸ ਭਾਵਨਾ ਨੂੰ ਆਵਦੇ ਵਿਗਿਆਨਕ ਜਮਾਤੀ ਨਜਰੀਏ ਮੁਤਾਬਕ ਅੱਗੇ ਵਧਾਉਣ ਲਈ ਪੁਲਾਘਾਂ ਪੁੱਟ ਰਹੀ ਹੈ। ਕਰੋਨਾ ਦੀ ਬਿਪਤਾ ਸਮੇਂ ਰੋਟੀ ਰੋਜੀ ਤੋਂ ਆਤੁਰ ਬੇਜ਼ਮੀਨੇ ਪੇਂਡੂ ਮਜ਼ਦੂਰ ਭਰਾਵਾਂ ਤੱਕ ਕਿਸਾਨ ਜਥੇਬੰਦੀ ਵੱਲੋਂ ਕਰੋੜਾਂ ਰੁਪਏ ਦਾ ਰਾਸ਼ਨ ਪਹੁੰਚਦਾ ਕਰਨ ਦਾ ਭਾਈਚਾਰਕ ਉੱਦਮ ਇਸੇ ਲੜੀ ਦਾ ਹਿੱਸਾ ਸੀ। ਹੜ੍ਹ ਪੀੜਤਾਂ ਲਈ ਰਾਹਤ ਕਾਰਜ ਜਥੇਬੰਦ ਕਰਨ ਦੇ ਮੌਜੂਦਾ ਉੱਦਮ ਵਿਚ ਇਨਕਲਾਬੀ ਜਮਹੂਰੀ ਲਹਿਰ ਵੱਲੋਂ ਅਪਣਾਈ ਹੋਈ ਇਸ ਜਮਾਤੀ ਭਾਈਚਾਰਕ ਸੇਧ ਦੀ ਉਭਰਵੀਂ ਮੋਹਰਸ਼ਾਪ ਮੌਜੂਦ ਹੈ। ਆਪ ਮੁਹਾਰੇ ਰਾਹਤ ਸਰਗਰਮੀਆਂ ਵਿਚ, ਉਭਰਵੀਂ ਭਾਵਨਾ ਭੀੜ ਪਈ ਤੋਂ ਬਹੁੜਨ ਦੀ ਲੋਕ-ਸੇਵਕ ਵਿਰਾਸਤ ਤੋਂ ਪ੍ਰੇਰਿਤ ਹੁੰਦੀ ਹੈ। ਬਿਨਾ ਸ਼ੱਕ ਅਜਿਹੀਆਂ ਮੁਹਿੰਮਾਂ ਦੀ ਵੱਟਤ ਕਰਨ ਲਈ ਫਿਰਕੂ ਸਿਆਸਤ ਦਾਨ ਅਤੇ ਸੌੜੀ ਹਾਕਮ ਜਮਾਤੀ ਸਿਆਸਤ ਵਾਲੀਆਂ ਸ਼ਕਤੀਆਂ ਵੀ ਮੈਦਾਨ 'ਚ ਹਾਜ਼ਰੀ ਭਰਦੀਆਂ ਹਨ। ਇਨਕਲਾਬੀ ਜਮਹੂਰੀ ਲਹਿਰ ਦੀ ਮੌਜੂਦਾ ਰਾਹਤ ਵੰਡ ਸਰਗਰਮੀ ਸਮੇਂ ਹੜ੍ਹਾਂ ਦੀ ਮਾਰ ਤੋਂ ਸਭ ਤੋਂ ਵੱਧ ਪੀੜਤ ਮਜ਼ਦੂਰ ਅਤੇ ਬੇਜ਼ਮੀਨੇ ਕਿਸਾਨਾ ਨੂੰ ਟਿੱਕਕੇ ਅਤੇ ਭਾਲ-ਭਾਲ ਕੇ ਆਵਦੀ ਗਲਵੱਕੜੀ ਵਿਚ ਲਿਆ ਹੈ। ਪਾਣੀ ਦੀ ਮਾਰ ਹੇਠ ਸਭ ਤੋਂ ਵੱਧ ਆਏ 142 ਪਿੰਡਾਂ ਦੇ ਹਰ ਇਕ ਖੇਤ ਮਜ਼ਦੂਰ ਅਤੇ ਗ਼ਰੀਬ ਕਿਸਾਨ ਪਰਿਵਾਰ ਦੇ ਹਰ ਇਕ ਜੀਅ ਮਗਰ 4-6 ਮਹੀਨਿਆਂ ਲਈ ਕਣਕ ਅਤੇ ਹਰ ਇਕ ਵੱਡੀ ਛੋਟੀ ਉਮਰ ਦੀ ਔਰਤ ਲਈ ਅਣਸਿਉਂਤੇ ਸੂਟ ਅਤੇ ਲੋੜਵੰਦਾਂ ਲਈ ਬਿਸਤਰੇ, ਕੰਬਲ ਲੋਈਆਂ ਵੰਡੀਆਂ ਹਨ। (ਦੇਖੋ ਟੇਬਲ ਨੰ: 2, 2.1, 2.2) ਰਾਹਤ ਸਮੱਗਰੀ ਦੇ ਰੂਪ ਵਿਚ ਸਮੁੱਚੇ ਤੌਰ 'ਤੇ 6 ਕਰੋੜ 10 ਲੱਖ ਤੋਂ ਵੱਧ ਦੀ ਰਾਹਤ ਸਮੱਗਰੀ ਵੰਡੀ ਹੈ। ਇਹਦੇ ਵਿਚੋਂ 4 ਕਰੋੜ 57 ਲੱਖ ਰੁਪਏ ਤੋਂ ਵੱਧ ਦੀ ਸਮੱਗਰੀ ਇਹਨਾਂ ਨਿਤਾਣਿਆਂ ਅਤੇ ਨਿਉਟਿਆਂ ਦੇ ਹਿੱਸੇ ਆਈ ਹੈ। ਫਾਜ਼ਿਲਕਾ ਜ਼ਿਲ੍ਹੇ ਦੇ 54 ਪਿੰਡਾਂ ਵਿੱਚ ਬੇਜ਼ਮੀਨੇ ਖੇਤ ਮਜ਼ਦੂਰਾਂ ਅਤੇ 2½ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਹਰ ਇਕ ਵੱਡੇ ਛੋਟੇ ਜੀਅ ਲਈ 40 ਕਿਲੋ ਕਣਕ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ ਹੈ। ਹੋਰਨੀਂ ਥਾਵੀਂ ਇਸਤੋਂ ਕੁੱਝ ਘੱਟ, ਪਰ ਹਰ ਇਕ ਜੀਅ ਦੇ ਰੋਟੀ ਪਾਣੀ ਦਾ ਪ੍ਰਬੰਧ ਯਕੀਨੀ ਬਣਾਇਆ ਹੈ। ਕਣਕ ਤੇ ਕੱਪੜੇ ਵੰਡਾਈ ਦਾ ਇਹ ਕੰਮ ਸਭ ਤੋਂ ਪਹਿਲ ਦੇ ਅਧਾਰ 'ਤੇ ਕੀਤਾ ਹੈ। 20 ਸਤੰਬਰ ਤੋਂ ਸ਼ੁਰੂ ਹੋ ਕੇ ਕਣਕ ਤੇ ਕੱਪੜੇ ਵੰਡਾਈ ਦੇ ਇਸ ਕੰਮ ਦਾ ਵੱਡਾ ਹਿੱਸਾ ਪਹਿਲੇ 8 ਦਿਨਾਂ ਵਿੱਚ ਵੰਡਿਆ ਗਿਆ। ਉਂਝ ਸਾਰੇ ਸਮੇਂ ਵਿੱਚ 20 ਤੋਂ 50/55 ਟਰੈਕਟਰ ਟਰਾਲੀਆਂ ਦੇ 10 ਕਾਫਲਿਆਂ ਨੇ ਸਵਾ 25 ਹਜ਼ਾਰ ਮਣ ਕਣਕ, 45000 ਨਗ ਕੱਪੜਿਆਂ ਦੇ ਘਰ-ਘਰ ਪਹੁੰਚਦੇ ਕੀਤੇ ਹਨ। ਰਸਦ ਲੈ ਕੇ ਪਹੁੰਚੀਆਂ ਟਰਾਲੀਆਂ  ਦੇ ਸੁਆਗਤ ਅਤੇ ਸੰਭਾਲ ਲਈ ਪ੍ਰਬੰਧਕੀ ਜ਼ਿਲ੍ਹੇ ਦੇ ਆਗੂ ਅਗਾਊਂ ਤਿਆਰ ਹੁੰਦੇ। ਰਾਤ ਤੱਕ ਹਰ ਇੱਕ ਰਾਸ਼ਨ ਵਾਲੀ ਟਰਾਲੀ ਨੂੰ ਪਿੰਡ ਅਲਾਟ ਹੋ ਜਾਂਦਾ ਅਤੇ ਉਸ ਦੇ ਨਾਲ ਸਰਵੇ ਰਜਿਸਟਰ ਵਾਲੀ ਟੀਮ ਜੋੜ ਦਿੱਤੀ ਜਾਂਦੀ। ਅਗਲੀ ਸਵੇਰ ਤੋਂ ਰਾਹਤ ਵੰਡਣ ਵਾਲੇ ਕਾਫ਼ਲੇ ਦੀਆਂ ਟਰਾਲੀਆਂ ਅਲਾਟ ਹੋਏ ਪਿੰਡਾਂ ਵਿੱਚ ਜਾ ਪਹੁੰਚਦੀਆਂ। ਪਿੰਡ ਵਿਚ ਇਕੱਤਰ ਹੋਏ ਲੋੜਵੰਦਾਂ ਦੇ ਨਾਂਵਾਂ ਦੀ ਪੁਕਾਰ ਸਰਵੇ ਰਜਿਸਟਰ ਵਿਚੋਂ ਨਾਂਅ ਬੋਲ ਕੇ ਕੀਤੀ ਜਾਂਦੀ। ਦਰਜ ਕਰਵਾਏ ਗਏ ਜੀਆਂ ਦੀ ਗਿਣਤੀ ਦੱਸੀ ਜਾਂਦੀ ਅਤੇ ਮੌਕੇ 'ਤੇ ਰਾਸ਼ਨ ਤੇ ਕੱਪੜਾ ਸੌਂਪ ਦਿੱਤਾ ਜਾਂਦਾ। ਜਿਸ ਪਰਿਵਾਰ ਦੇ ਜੀਅ ਮੌਕੇ 'ਤੇ ਨਾ ਹੁੰਦੇ ਉਸਦੇ ਘਰ ਜਾਕੇ ਵਾਲੰਟੀਅਰ ਰਾਸ਼ਨ ਪੁੱਜਦਾ ਕਰਦੇ। ਸੋ 40-50 ਟਰਾਲੀਆਂ ਦੇ ਕਾਫ਼ਲੇ ਨੂੰ ਭੁਗਤਾਉਣ ਲਈ 4-5 ਸੌ ਵਰਕਰਾਂ ਦੀ ਲੋੜ ਪੈਂਦੀ ਅਤੇ ਇਸ ਕੰਮ ਲਈ ਦੋ ਦਿਨ ਲੱਗ ਜਾਂਦੇ। ਦੋ ਦਿਨ ਆਉਣ ਜਾਣ ਦੇ ਦੋ ਦਿਨ ਵੰਡਣ ਦੇ ਇਕ ਬਿਜਲੀ ਮੁਲਾਜ਼ਮ ਆਗੂ ਨੇ ਉਸ ਦੇ ਨਾਲ ਕਣਕ ਦੀ ਬ-ਤਰਤੀਬ ਵੰਡ-ਵੰਡਾਈ ਨੂੰ ਦੇਖਣ ਲਈ ਉਚੇਚੇ ਤੌਰ 'ਤੇ ਪਹੁੰਚੇ ਆਵਦੇ ਸਾਥੀ ਨੂੰ ਕਿਹਾ, “ਆਹ ਦੇਖ ਕਿਸਾਨ ਯੂਨੀਅਨ ਦਾ ਅਮਲਾ ਫੈਲਾ, ਇਹ ਤਾਂ ਡੀ-ਸੀ ਦਫਤਰ ਦੇ ਸਟਾਫ਼ ਵਾਗੂੰ ਲੈਜਰ ਖੋਹਲੀ ਬੈਠਾ ਹੈ।“ ਮਜ਼ਦੂਰਾਂ ਨੇ ਆਮ ਹੀ ਕਿਹਾ, “ਐਂ ਤਾਂ ਸਾਡੇ ਕੋਲ ਕੋਈ ਪਹਿਲੀ ਵਾਰ ਆਇਆ ਹੈ।“
ਤੂੜੀ ਨੂੰ ਇਕੱਠੀ ਕਰਨਾ, ਪਹੁੰਚਦੀ ਕਰਨਾ ਅਤੇ ਵੰਡਣਾ ਤਿੰਨੇ ਕੰਮ ਜੋਖ਼ਮ ਭਰੇ ਸਨ। ਪਰ ਕੀਤੇ ਗਏ। ਤੂੜੀ ਦੇ ਇਕ ਭੂੰਗ ਵਿੱਚ 2-2½ ਸੌ ਕੁਅੰਟਲ ਤੂੜੀ ਭਰਦੀ ਸੀ। ਉਸਨੂੰ ਭਰਨ ਦਾ ਕੰਮ ਵੀ ਭੂੰਗ ਵਾਲੇ ਖੁਦ ਹੀ ਕਰਦੇ ਸਨ। ਉਹ ਹੀ ਕਰ ਸਕਦੇ ਸਨ। ਤੂੜੀ ਦੇ ਇਕ ਭੂੰਗ ਦਾ ਕਿਰਾਇਆ ਸੰਗਰੂਰ ਤੋਂ ਅਜਨਾਲੇ ਤੱਕ ਦਾ 35000 ਰੁਪਏ ਤੱਕ ਲਗਦਾ ਸੀ। ਵੱਖ-ਵੱਖ ਜਿਲ੍ਹਿਆਂ ਨੇ 7-8 ਕਾਫ਼ਲਿਆਂ ਰਾਹੀਂ 32 ਭੂੰਗ ਤੂੜੀ ਦੇ ਪਹੁੰਚਦੇ ਕੀਤੇ। ਫਾਜ਼ਿਲਕਾ ਲਿਜਾਣ ਵਾਲੇ ਗਰੁੱਪ ਨੂੰ ਜਦ ਭੂੰਗ ਨਾ ਮਿਲੇ ਅਤੇ ਇਹਨਾਂ ਦਾ ਖਰਚਾ ਵੀ ਜ਼ਿਆਦਾ ਪੈਂਦਾ ਲੱਗਿਆ ਤਾਂ ਉਹਨਾਂ ਨੇ ਆਵਦੀ ਤਰਕੀਬ ਕੱਢ ਲਈ। 58 ਟਰੈਕਟਰਾਂ ਮਗਰ 2-2 ਟਰਾਲੀਆਂ ਤੂੜੀ ਦੀਆਂ ਜੋੜ ਕੇ ਭਰ ਲਈਆਂ। ਕਾਮਿਆਂ ਅਤੇ ਕਿਸਾਨ ਵਰਕਰਾਂ ਨੇ ਭਰੀਆਂ ਉਹਨਾਂ ਨੇ ਹੀ ਲਾਹੀਆਂ। ਇਹ ਪ੍ਰਬੰਧ ਤੂੜੀ ਪਹੁੰਚਦੀ ਕਰਨ ਵਿਚ ਸੌਖਾ ਸੀ ਅਤੇ ਵੰਡਣ ਸਮੇਂ ਪਿੰਡ-ਪਿੰਡ ਤੂੜੀ ਪਹੁੰਚਦੀ ਕਰਦਾ ਸੀ। ਜਿਥੇ ਭੂੰਗ ਪਹੁੰਚਦੇ ਉਥੇ ਵੱਡੀ ਦਾਣਾ ਮੰਡੀ ਵਿਚ ਇਕ ਥਾਂ ਤੂੜੀ ਦੇ ਢੇਰ ਲੱਗ ਜਾਂਦੇ। 10 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਪਸ਼ੂਆਂ ਵਾਲਾ ਸਰਵੇ ਰਜਿਸਟਰ ਪ੍ਰਤੀ ਪਸ਼ੂ ਹਿੱਸੇ ਆਉਂਦੀ ਤੂੜੀ ਕਿਸਾਨ ਦੇ ਸਾਧਨ ਲਈ ਸੌਂਪਣ ਵਿੱਚ ਸਹਾਈ ਹੁੰਦਾ। ਟਰਾਲੀਆਂ ਰਾਹੀਂ ਪਿੰਡ ਪਹੁੰਚੀ ਤੂੜੀ ਕੋਲ ਪਸ਼ੂ ਮਾਲਕ ਇਕੱਠੇ ਹੋ ਜਾਂਦੇ ਅਤੇ ਸਰਵੇ ਰਜਿਸਟਰ ਦੀ ਪੁਕਾਰ ਮੁਤਾਬਕ ਆਵਦਾ ਅਗਾਊਂ ਮਿਥਿਆ ਹੋਇਆ ਪ੍ਰਤੀ ਪਸ਼ੂ ਹਿੱਸਾ ਆਵਦੇ ਸਾਧਨ ਵਿੱਚ ਲੱਦ ਕੇ ਘਰ ਲੈ ਜਾਂਦੇ। ਸਾਰੇ ਰਾਹਤ ਕਾਰਜ ਦੌਰਾਨ ਤਕਰੀਬਨ 27000 ਮਣ ਤੋਂ ਵੱਧ ਤੂੜੀ ਜਿਸਦੀ ਕੀਮਤ (ਢੋਅ ਢੁਆਈ ਦੇ ਕਿਰਾਏ ਤੋਂ ਬਿਨਾਂ) 42 ਲੱਖ ਰੁਪਏ ਦੇ ਨੇੜੇ ਜਾਂਦੀ ਹੈ, ਘਰ-ਘਰ ਪਹੁੰਚਦੀ ਕੀਤੀ ਗਈ। ਇਸ ਤੋਂ ਬਿਨਾਂ ਪਸ਼ੂ ਚਾਰੇ ਵਜੋਂ ਅਚਾਰ ਅਤੇ ਪਸ਼ੂ ਫੀਡ ਵੀ ਲੋੜਵੰਦਾਂ ਦੀ ਨਿਸ਼ਾਨਦੇਹੀ ਕਰਕੇ ਪਹੁੰਚਦੀ ਕੀਤੀ ਗਈ। ਪਸ਼ੂਆਂ ਦੀ ਸੰਭਾਲ ਲਈ ਤਕਰੀਬਨ 73 ਲੱਖ ਰੁਪਏ ਦੇ ਕਰੀਬ ਰਸਦ ਪਹੁੰਚਦੀ ਕੀਤੀ। (ਦੇਖੋ ਟੇਬਲ ਨੰ: 2) ਇਹਨਾਂ ਪਿੰਡਾਂ ਵਿੱਚ ਵੰਡ ਵੰਡਾਈ ਕਰਦਿਆਂ ਲੋਕਾਂ ਦੀ ਮੰਗ ਅਨੁਸਾਰ ਪ੍ਰਤੀ ਏਕੜ ਕਣਕ ਦਾ ਬੀਜ ਵੀ ਵੰਡਿਆ ਗਿਆ। ਜਿਸਦੀ ਕੀਮਤ 59 ਲੱਖ ਤੋਂ ਵੱਧ ਬਣਦੀ ਹੈ।
ਪਹਾੜ ਨਾਲ ਮੱਥਾ ਲਾਇਆ
ਖੇਤ ਨੂੰ ਰੇਤ-ਮੁਕਤ, ਖਾਰ-ਮੁਕਤ ਕਰਨ ਦਾ ਕੰਮ ਪਹਾੜ ਨਾਲ ਮੱਥਾ ਲਾਉਣ ਵਰਗਾ ਸੀ। ਪ੍ਰਬੰਧਕੀ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਵੀ ਕੋਈ ਅੰਦਾਜ਼ਾ ਨਹੀਂ ਬਣਦਾ ਸੀ ਕਿ ਕਿੰਨੇ ਪਿੰਡਾਂ ਦੀ ਕਿੰਨੀ ਜ਼ਮੀਨ 'ਚ, ਕਿੰਨਾ ਰੇਤਾ ਚੜ੍ਹਿਆ ਹੋਇਆ ਹੈ। ਕਿੰਨੀ ਜ਼ਮੀਨ ਖਾਰ ਪੈ ਕੇ ਡੂੰਘੇ ਟੋਇਆਂ ਵਿੱਚ ਵਟ ਚੁੱਕੀ ਹੈ। ਕਿਸੇ 10-15 ਏਕੜ ਦੇ ਟੱਕ ਨੂੰ ਕਣਕ ਦੀ ਬਿਜਾਈ ਯੋਗ ਬਣਾਉਣ ਲਈ ਕਿੰਨੀ ਸਮਾਂ-ਸ਼ਕਤੀ ਅਤੇ ਕਿਹੋ ਜਿਹੇ ਸੰਦਾਂ ਸਾਧਨਾਂ ਦੀ ਜ਼ਰੂਰਤ ਹੋਵੇਗੀ। ਬੱਸ ਕਿੰਨੀ ਕੁ ਵੀ ਪੜਤਾਲ ਕੀਤੀ ਜਾ ਸਕੀ ਉਸਤੋਂ ਇਹੀ ਪਤਾ ਲੱਗਿਆ ਕਿ ਫਾਜ਼ਿਲਕਾ ਜ਼ਿਲ੍ਹੇ ਦੇ ਕਿਹੜੇ-ਕਿਹੜੇ ਪਿੰਡਾਂ ਅਤੇ ਅੰਮ੍ਰਿਤਸਰ ਜਿਲ੍ਹੇ ਦੇ ਕਿਹੜੇ ਪਿੰਡਾਂ ਵਿੱਚ ਇਹ ਸਮੱਸਿਆ ਮੌਜੂਦ ਹੈ। ਕਾਫ਼ਲੇ ਉਧਰ ਨੂੰ ਚੱਲ ਪਏ। 23 ਅਕਤੂਬਰ ਨੂੰ 40 ਟਰੈਕਟਰ ਕਰਾਹ ਵਾਲੇ ਲੈ ਕੇ, 160 ਵਰਕਰਾਂ ਅਤੇ ਆਗੂਆਂ ਦਾ ਕਾਫ਼ਲਾ ਸੰਗਰੂਰ ਜਿਲ੍ਹੇ ਤੋਂ ਚੱਲਿਆ। 250 ਕਿਲੋਮੀਟਰ ਦੀ ਵਾਟ ਕਰਕੇ ਅਜਨਾਲੇ ਬਲਾਕ ਦੇ ਪਿੰਡਾਂ 'ਚ ਪਹੁੰਚਿਆ। 10 ਪਿੰਡਾਂ ਦੀ 100 ਏਕੜ ਜ਼ਮੀਨ ਨੂੰ ਵਾਹੀਯੋਗ ,ਕਣਕ ਬਿਜਾਈ ਯੋਗ ਬਣਾਕੇ 26 ਅਕਤੂਬਰ ਨੂੰ ਵਾਪਸ ਹੋਇਆ। ਦੂਜਾ ਕਾਫ਼ਲਾ ਇਸੇ ਦਿਨ 20-10-2025 ਨੂੰ ਬਠਿੰਡੇ ਤੋਂ ਚੱਲਿਆ। ਇਸ ਵਿਚ 45 ਟਰੈਕਟਰ ਕਰਾਹ ਵਾਲੇ 6 ਪਿਕਅੱਪ, ਲੰਗਰ ਤੇ ਹੋਰ ਸਾਜ ਸਮਾਨ ਵਾਲੇ ਸ਼ਾਮਲ ਸਨ। ਇਹ ਕਾਫ਼ਲਾ ਨੌਵੇਂ ਦਿਨ ਵਾਪਸ ਹੋਇਆ। 15 ਦਿਨ ਬਾਅਦ ਬਠਿੰਡੇ ਤੋਂ 72 ਟਰੈਕਟਰ-ਕਰਾਹ ਲੈ ਕੇ ਦੁਬਾਰਾ ਆਇਆ ਅਤੇ 9ਵੇਂ ਦਿਨ ਵਾਪਸ ਮੁੜਿਆ। ਇਸ ਤੋਂ ਬਿਨਾਂ ਇਸ ਕਾਫ਼ਲੇ ਨੇ ਆਵਦੇ ਨਾਲ ਰੇਤ-ਮੁਕਤ ਕਰਨ ਦੀ ਮੁਹਿੰਮ ਦੇ ਪਹਿਲੇ ਦਿਨ ਤੋਂ ਹੀ ਸਵਾ ਦੋ ਮਹੀਨੇ ਲਈ 3-4 ਟਰੈਕਟਰ ਟਰਾਲੀਆਂ ਅਤੇ 4-5 ਜੇ.ਸੀ.ਬੀ ਮਸ਼ੀਨਾਂ ਕਿਰਾਏ 'ਤੇ ਲੈਕੇ ਨਾਲ ਜੋੜ ਲਈਆਂ। ਕਿਰਾਏ ਤੇ ਲਿਆ ਗਿਆ ਇਹ ਕਾਫ਼ਲਾਂ ਫਾਜ਼ਿਲਕਾ ਜ਼ਿਲ੍ਹੇ ਦੀ ਪ੍ਰਬੰਧਕੀ ਟੀਮ ਦੀ ਅਗਵਾਈ ਵਿਚ ਬਾਹਰੋਂ ਆਏ ਕਾਫ਼ਲੇ ਤੋਂ ਬਿਨਾਂ ਵੀ ਰੇਤ-ਮੁਕਤ, ਖਾਰ-ਮੁਕਤ ਕਰਨ ਦੇ ਕਾਰਜ ਵਿੱਚ ਜੁਟਿਆ ਰਿਹਾ। ਇਨ੍ਹਾਂ ਕਾਫ਼ਲਿਆਂ ਨੇ ਸਵਾਂ ਦੋ ਮਹੀਨਿਆਂ ਲਈ ਲਗਾਤਾਰ ਸਰਗਰਮੀ ਜਾਰੀ ਰੱਖਕੇ 16 ਪਿੰਡਾਂ ਦੀ 1412 ਏਕੜ ਜ਼ਮੀਨ ਨੂੰ ਬਿਜਾਈ ਯੋਗ ਬਣਾਇਆ। ਉਹ 250 ਏਕੜ ਜ਼ਮੀਨ ਵਿਚ ਕਣਕ ਦੀ ਖੁਦ ਬਿਜਾਈ ਕਰਕੇ ਵਾਪਸ ਮੁੜੇ। ਬਾਕੀ ਰਹਿੰਦੇ ਫੰਡ ਨੂੰ ਵਰਤਣ ਅਤੇ ਰੇਤ-ਮੁਕਤ ਕਰਨ ਦੇ ਬਚਦੇ ਕੰਮ ਨੂੰ ਹੱਥ ਪਾਉਣਾ – ਅਗਲੇ ਹੱਲੇ ਦੇ ਜੁੰਮੇ ਹੈ। ਵਿਸਥਾਰ ਲਈ ਦੇਖੋ ਟੇਬਲ ਨੰ: 3, 3.1
ਬਠਿੰਡਾ ਤੋਂ ਚੱਲੇ ਪਹਿਲੇ ਕਾਫ਼ਲੇ ਨੇ ਫਾਜ਼ਿਲਕਾ ਤੋਂ 23 ਕਿਲੋਮੀਟਰ ਅੱਗੇ ਪਾਕਿਸਤਾਨ ਬਾਰਡਰ ਦੇ ਨੇੜੇ ਪੈਂਦੇ ਪਿੰਡ ਤੇਜਾ ਰਹੇਲਾ ਵਿੱਚ ਕੈਂਪ ਸਥਾਪਤ ਕੀਤਾ। ਅਜਿਹਾ ਹੀ ਕੈਂਪ 72 ਟਰੈਕਟਰ ਵਾਲੇ ਦੂਜੀ ਵਾਰ ਦੇ ਕਾਫ਼ਲੇ ਲਈ ਲਾਇਆ ਗਿਆ। ਇਹ ਕੈਂਪ ਵੀ ਫਾਜ਼ਿਲਕਾ ਤੋਂ 18 ਕਿਲੋਮੀਟਰ ਅੱਗੇ, ਪਿੰਡ ਰਾਮ ਸਿੰਘ ਭੈਣੀ ਵਿਚ ਲਾਇਆ ਗਿਆ। ਟੈਂਟਾਂ ਹੇਠਲੇ ਇਨ੍ਹਾਂ ਕੈਂਪਾਂ ਵਿੱਚ ਟਰੈਕਟਰ ਮੁਰੰਮਤ ਲਈ ਵਰਕਸ਼ਾਪ, ਡੀਜ਼ਲ-ਮੋਬਾਇਲ ਤੇਲ ਦਾ ਡਿਪੂ, 150-200 ਵਰਕਰਾਂ ਲਈ ਦਿਨ ਭਰ ਚੱਲਣ ਵਾਲਾ ਲੰਗਰ, ਨਹਾਉਣ ਧੋਣ ਲਈ ਵਾਸ਼ਿੰਗ ਮਸ਼ੀਨਾਂ, ਗਰਮ ਪਾਣੀ ਤੇ ਬਿਜਲੀ ਦਾ ਪੁਖ਼ਤਾ ਪ੍ਰਬੰਧ ਯਕੀਨੀ ਬਣਾਇਆ ਹੋਇਆ ਸੀ। ਇਸ ਕਾਫ਼ਲੇ ਦੀ ਅਗਵਾਈ ਕਰ ਰਹੀ ਸੂਬਾ ਟੀਮ ਨੇ ਲੰਗਰ ਲਈ ਲਾਂਗਰੀ ਕਿਰਾਏ ਤੇ ਲਿਆਂਦੇ ਸਨ। ਪਰ ਤੇਜਾ ਰਹੇਲਾ ਦੀਆਂ 30-35 ਔਰਤਾਂ ਨੇ ਇਹ ਮੋਰਚਾ ਖੁਦ ਅੱਗੇ ਆਕੇ ਸੰਭਾਲ ਲਿਆ। ਸਵੇਰੇ 7 ਵਜੇ ਡੇਢ ਦੋ ਸੌ ਵਰਕਰਾ ਲਈ ਲੰਗਰ ਤਿਆਰ ਹੋ ਜਾਂਦਾ। ਖੇਤਾਂ ਨੂੰ ਰੇਤ-ਮੁਕਤ ਕਰਨ ਗਏ ਕਾਫ਼ਲੇ ਦੇ ਕਾਮੇ ਤੇ ਆਗੂ ਦੋ-ਦੋ ਪਰਾਉਂਠੇ ਖਾਕੇ ਤੇ ਚਾਹ ਪੀਕੇ ਖੇਤਾਂ ਨੂੰ ਤੁਰ ਜਾਂਦੇ। ਰੇਤ-ਮੁਕਤ ਕਰਦੇ ਕਾਮਿਆਂ ਲਈ ਚਾਹ-ਪਾਣੀ ਅਤੇ ਲੰਗਰ ਕੰਮ ਵਾਲੇ ਖੇਤਾਂ ਵਿਚ ਹੀ ਪਹੁੰਚਦਾ। ਇਹ ਟੀਮਾਂ ਭਾਵੇਂ ਕਈ-ਕਈ ਖੇਤਾਂ ਵਿੱਚ ਵੰਡੀਆਂ ਹੁੰਦੀਆਂ, ਰਾਸ਼ਨ ਕੰਮ ਵਾਲੇ ਥਾਂ 'ਤੇ ਪਹੁੰਚਦਾ ਤਾਂ ਜੋ ਕੰਮ ਵਾਲਾ ਕੋਈ ਸਮਾਂ ਜਾਇਆ ਨਾ ਜਾਵੇ। ਸ਼ਾਮ ਨੂੰ ਟਰੈਕਟਰਾਂ ਦੀ ਵਾਪਸੀ ਹੋਣ ਸਾਰ ਟਰੈਕਟਰ ਵਰਕਸ਼ਾਪ ਵਾਲੀ ਟੀਮ ਹਰ ਇੱਕ ਵਿਗੜੇ ਟਰੈਕਟਰ ਨੂੰ ਸਵੇਰੇ 7 ਵਜੇ ਤੱਕ ਯਕੀਨੀ ਤੁਰਦਾ ਕਰਨ ਲਈ ਜੁਟ ਜਾਂਦੀ। ਸੂਬਾ ਆਗੂ ਟੀਮ ਦੀ ਲਾਣੇਦਾਰੀ ਹੇਠ ਉਪਰੋਕਤ ਸਾਰਾ ਕੰਮ ਤਾਂ ਜੱਥੇਬੰਦ ਹੋ ਹੀ ਰਿਹਾ ਸੀ, ਇਸ ਤੋਂ ਅਗਲਾ ਤੇ ਵੱਡਾ ਕੰਮ ਇਹ ਹੁੰਦਾ ਸੀ ਕਿ ਹੱਥ ਲਏ ਕੰਮ ਵਿੱਚ ਹੋਰ ਕੀ ਕਰਨ ਵਾਲਾ ਹੈ। ਅਗਲੇ ਦਿਨ ਦੇ ਕੰਮ ਲਈ ਹੱਥ ਲਏ 16 ਪਿੰਡਾਂ ਵਿਚੋਂ ਕਿਹੜੇ ਪਿੰਡ ਦਾ, ਕਿਹੜਾ ਖੇਤ, ਕਿੰਨੀ ਸਮਾਂ ਸ਼ਕਤੀ ਮੰਗਦਾ ਹੈ। ਹਰ ਦਿਨ ਦੀ ਸਵੇਰ ਦੇ 7 ਵਜੇ ਤੋਂ ਪਹਿਲਾਂ ਹੋਣ ਵਾਲੀ ਟਰੈਕਟਰ ਕਾਮਿਆਂ ਦੀ ਪੁਕਾਰ ਹੋਣ ਵੇਲੇ ਤੱਕ ਹਰ ਇਕ ਟਰੈਕਟਰ ਚਾਲਕ ਲਈ ਨਿਸ਼ਚਤ ਹੋਇਆ ਪਿੰਡ, ਖੇਤ ਅਤੇ ਕੰਮ ਸੌਂਪਣਾ ਹੁੰਦਾ ਸੀ। ਇਹ ਕੰਮ ਸਾਰਾ ਦਿਨ ਪਿੰਡਾਂ ਅਤੇ ਖੇਤਾਂ ਵਿੱਚ ਮੌਕੇ 'ਤੇ ਪਹੁੰਚਕੇ ਜਾਇਜ਼ਾ ਬਣਾਉਣ ਅਤੇ “ਪ੍ਰਧਾਨ ਜੀ ਸਾਡਾ ਖੇਤ ਪਹਿਲਾਂ ਕਰ ਦਿਉ” ਨੂੰ ਨਜਿੱਠਣ ਤੋਂ ਬਾਅਦ ਹੁੰਦਾ ਸੀ। ਚੱਲ ਰਹੇ ਕੰਮ 'ਚੋਂ ਕਿੰਨਾ ਹੋ ਗਿਆ ਹੈ, ਕਿੰਨਾ ਤਾਣ ਹੋਰ ਲੱਗੇਗਾ ਦਾ ਸਹੀ ਜਾਇਜ਼ਾ ਬਣਾਉਣ ਨਾਲ ਹੁੰਦਾ ਸੀ। ਟਰੈਕਟਰ ਕਾਮਿਆਂ ਦੇ ਕੰਮ ਦੀ ਚਾਲ ਹਰ ਸਮੇਂ ਬਣੀ ਰਹੇ, ਇਸ ਲਈ ਦੋ ਤਿੰਨ ਦਿਨਾਂ ਦੀ ਅਗਾਊਂ ਬਣਾ ਕੇ ਰੱਖੀ ਵਿਉਂਤ ਦੇ ਆਸਰੇ ਹੁੰਦਾ ਸੀ। ਰੇਤ-ਮੁਕਤ, ਖਾਰ-ਮੁਕਤ ਕਰਨ ਲਈ ਜੁਟਾਈ ਗਈ ਟਰੈਕਟਰ ਤੇ ਵਰਕਰ ਸ਼ਕਤੀ ਦੇ ਕੰਮ ਵਿੱਚ ਘੜਮੱਸ, ਹਫ਼ੜਾ-ਦਫ਼ੜੀ ਤੇ ਬੇ-ਜ਼ਾਬਤਗੀ ਨੂੰ ਖਾਰਜ ਕਰਨ ਦਾ ਸਿਹਰਾ ਸੂਬਾ ਆਗੂ ਟੀਮ ਅਤੇ ਜ਼ਿਲ੍ਹਾ ਫਾਜ਼ਿਲਕਾ ਦੀ ਸੁਜੋਗ ਅਤੇ ਬੇਹੱਦ ਸਿਰੜੀ ਟੀਮ ਦੇ ਸਿਰ ਬੱਝਦਾ ਹੈ। ਇਸ ਕੈਂਪ ਨੂੰ ਲਾਉਣ ਅਤੇ ਨਿਭਾਉਣ ਵਿੱਚ 70 ਲੱਖ ਦੇ ਨੇੜ-ਤੇੜੇ ਖਰਚ ਹੋਇਆ ਹੈ। (ਦੇਖੋ ਟੇਬਲ ਨੰ: 3.4)
ਰੇਤ-ਮੁਕਤ ਖ਼ਾਰ-ਮੁਕਤ ਕੈਂਪ ਵਿੱਚ ਸਿਹਤ ਸੰਭਾਲ ਵਾਲੀ ਤਿੰਨ ਚਾਰ ਡਾਕਟਰਾਂ ਦੀ ਟੀਮ ਦੀ ਲਗਾਤਾਰ ਹਾਜ਼ਰੀ ਨੇ ਪੱਲਿਓਂ ਦਵਾਈਆਂ ਦੇਕੇ ਸਭਨਾਂ ਨੂੰ ਸਿਹਤਯਾਬ ਬਣਾਈ ਰੱਖਿਆ। ਟਰੈਕਟਰ ਚਲਾਉਣ ਵਾਲੇ ਵਰਕਰ ਹਰ ਰੋਜ 8-9 ਘੰਟਿਆਂ ਲਈ ਪਲ ਭਰ ਰੁਕੇ ਬਿਨਾਂ ਹਰ ਦਿਨ ਚੜ੍ਹਦੇ ਜੋਸ਼-ਖਰੋਸ਼ ਨਾਲ ਜੁਟੇ ਰਹਿੰਦੇ। ਗੱਲ ਕੀ ਲੰਗਰ ਬਣਾਉਣ ਵਾਲੀਆਂ ਬੀਬੀਆਂ, ਟਰੈਕਟਰ ਚਾਲਕ ਵਰਕਰ, ਟਰੈਕਟਰ ਵਰਕਸ਼ਾਪ ਦੇ ਕਾਮੇ, ਪ੍ਰਬੰਧਕੀ ਜ਼ਿਲ੍ਹੇ ਦੀ 20-20 ਵਰਕਰਾਂ ਦੀ ਟੀਮ ਅਤੇ ਸੂਬਾ ਅਤੇ ਜ਼ਿਲ੍ਹਾ ਟੀਮ ਆਪੋ ਆਪਣੇ ਯੋਗਦਾਨ ਵਿੱਚ ਇਕ ਦੂਜੇ ਨੂੰ ਮਾਤ ਪਾਉਂਦੇ ਮਾਲੂਮ ਹੁੰਦੇ ਸਨ। ਇਕ ਦੂਜੇ ਤੋਂ ਵੱਧ ਕੇ ਜੋਸ਼-ਖਰੋਸ਼ ਨਾਲ ਜੁਟੇ ਰਹਿੰਦੇ ਸਨ। ਇਹ ਮਾਹੌਲ, ਇਹ ਜੋਸ਼-ਖਰੋਸ਼ ਸਵਾ ਦੋ ਮਹੀਨੇ ਕਾਇਮ ਰਿਹਾ। ਇਹੀ ਜੋਸ਼-ਖਰੋਸ਼ ਅਜਨਾਲੇ ਵਿੱਚ 100 ਏਕੜ ਨੂੰ ਰੇਤ-ਮੁਕਤ ਕਰਨ ਵਾਲੀਆਂ ਟੀਮਾਂ ਵਿੱਚ -  ਟਰੈਕਟਰ ਚਾਲਕ ਵਰਕਰਾਂ ਅਤੇ ਸੂਬਾ ਟੀਮ ਅਤੇ ਜਿਲ੍ਹਾ ਟੀਮਾਂ ਵਿੱਚ ਮੌਜੂਦ ਸੀ। ਕੁਲ ਮਿਲਾ ਕੇ ਫਾਜ਼ਿਲਕਾ ਅਤੇ ਅਜਨਾਲਾ ਦੇ ਦੋਹਾਂ ਖੇਤਰਾਂ ਦੇ 26 ਪਿੰਡਾਂ ਦੀ 1510 ਏਕੜ ਜ਼ਮੀਨ ਨੂੰ ਕਣਕ ਬੀਜਣ ਯੋਗ ਬਣਾਇਆ ਹੈ। 250 ਏਕੜ ਜ਼ਮੀਨ ਇਹਨਾਂ ਕਾਫ਼ਲਿਆਂ ਨੇ ਖੁਦ ਬੀਜੀ ਹੈ। ਇਹਨਾਂ ਕਾਫ਼ਲਿਆਂ ਨੇ ਸਾਢੇ 8 ਹਜ਼ਾਰ ਮਣ ਤੋਂ ਵੱਧ ਕਣਕ ਦਾ ਬੀਜ ਵੰਡਿਆ ਹੈ। ਅੱਜ ਰੇਤ-ਮੁਕਤ ਖਾਰ-ਮੁਕਤ ਕੀਤੇ 1510 ਏਕੜ ਦੇ ਖੇਤਾਂ ਵਿੱਚ ਕਣਕ ਦਾ ਸਾਵਾ ਰੰਗ ਲਹਿਰੀਏ ਉਡਾ ਰਿਹਾ ਹੈ। ਸਾਰੇ ਖੇਤਾਂ ਦੀ ਮਿੱਟੀ ਦੀ ਉੱਲਦ-ਪਲੱਦ ਹੋ ਜਾਣ ਸਦਕਾ, ਗੂੜ੍ਹੇ ਸਾਵੇ ਰੰਗ ਦੀ ਕਣਕ ਮੱਲਦੀ ਤੁਰੀ ਜਾਂਦੀ ਹੈ। ਪਹਾੜ ਜਿੱਡਾ ਕੰਮ 1510 ਏਕੜ ਜ਼ਮੀਨ ਨੂੰ ਰੇਤ-ਮੁਕਤ ਕਰਨ ਦਾ ਹੀ ਨਹੀਂ ਸੀ। ਖੇਤ ਨੂੰ ਰੇਤ-ਮੁਕਤ ਕਰਨ ਵਾਲਾ ਇਕ ਹਿੱਸਾ ਸੀ। ਵੱਡਾ ਹਿੱਸਾ ਸੀ। ਪਰ ਖੇਤ ਨੂੰ ਖਾਰ-ਮੁਕਤ ਕਰਨ ਵਾਲਾ ਕੰਮ ਬਹੁਤ ਵੱਡਾ ਤੇ ਔਖਾ ਸੀ। ਅਜਨਾਲਾ ਵਾਲੇ ਕਾਫ਼ਲੇ ਨੇ ਵੀ 100 ਏਕੜ ਵਿੱਚ ਬਹੁਤ ਸਾਰੀ ਕਈ ਫੁੱਟ ਡੂੰਘੇ ਟੋਇਆਂ ਵਾਲੀ ਜ਼ਮੀਨ ਨੂੰ ਬਿਜਾਈ ਯੋਗ ਬਣਾਇਆ। ਪਰ ਫਾਜ਼ਿਲਕਾ ਵਾਲੀ ਟੀਮ ਨੇ ਛੋਟੀ ਖਾਰ ਨੂੰ ਛੱਡਕੇ ਸਭ ਤੋਂ ਡੂੰਘੀ ਖਾਰ ਵਾਲੀ ਤੇ ਮੁੜ ਬਹਾਲ ਕੀਤੀ ਜ਼ਮੀਨ ਦਾ ਵੇਰਵਾ ਜਾਰੀ ਕੀਤਾ ਹੈ। 19 ਕਿਸਾਨ ਪਰਿਵਾਰਾਂ ਦੀ 21 ਕਿੱਲੇ ਜ਼ਮੀਨ ਵਿਚੋਂ 12 ਏਕੜ ਦੇ ਕਰੀਬ ਜ਼ਮੀਨੀ ਰਕਬੇ ਵਿੱਚ 10 ਫੁੱਟ ਤੋਂ 30 ਫੁੱਟ ਡੂੰਘੀ ਖਾਰ ਪਈ ਹੋਈ ਸੀ। ਗੱਲ ਸਮਝਣ ਖਾਤਰ ਅਸੀਂ ਇਸਨੂੰ ਇਉ ਕਹਿ ਸਕਦੇ ਹਾਂ ਕਿ ਇਹਨਾਂ 21 ਕਿਲਿਆਂ ਦੇ ਮੁਰੱਬੇ ਵਿੱਚ 12 ਏਕੜ ਦਾ ਰਕਬਾ 10 ਤੋਂ 30 ਫੁੱਟ ਤੱਕ ਡੂੰਘੀ ਝੀਲ ਬਣ ਚੁੱਕਾ ਸੀ। ਕਿਸਾਨ ਕਾਫ਼ਲਿਆਂ ਨੇ ਇਸ ਨਾਮੁਰਾਦ ਝੀਲ ਦਾ ਸਾਹ ਬੰਦ ਕਰ ਦਿੱਤਾ। ਇਸ ਦੇ ਮੱਥੇ ਉੱਤੇ ਕਣਕ ਹਰੀ ਕਰਕੇ ਦਿਖਾ ਦਿੱਤੀ ਹੈ। ਵਿਸਥਾਰ ਲਈ ਦੇਖੋ ਟੇਬਲ ਨੰ: 3.2
ਇਸ ਟੇਬਲ ਵਿੱਚ ਰੇਤਾ ਭੈਣੀ ਦੇ ਜੰਗੀਰ ਸਿੰਘ ਬੂੜ ਸਿੰਘ ਦਾ ਨਾਂਅ 5ਵੇਂ ਨੰਬਰ 'ਤੇ ਦਰਜ ਹੈ। ਇਸ ਦੀ ਢਾਈ ਕਨਾਲਾਂ ਜ਼ਮੀਨ ਵਿੱਚ ਡੂੰਘੇ ਟੋਏ ਨੂੰ ਭਰਨ ਲਈ ਕਰਾਹ ਵਾਲੇ 53 ਟਰੈਕਟਰਾਂ ਅਤੇ ਇਕ ਜੇ.ਸੀ.ਬੀ ਮਸ਼ੀਨ ਦੀ ਪੂਰੀ ਦਿਹਾੜੀ ਖਪ ਗਈ ਅਤੇ ਨੇੜ-ਤੇੜ ਦੀ ਮਿੱਟੀ ਖਤਮ ਹੋ ਗਈ। ਅਗਲੇ ਦਿਨ 30 ਟਰੈਕਟਰ ਟਰਾਲੀਆਂ ਅਤੇ ਦੋ ਜੇ.ਸੀ.ਬੀ ਮਸ਼ੀਨ ਲੱਗੀ ਅਤੇ ਦੂਜੀ ਜੇ.ਸੀ.ਬੀ ਮਸ਼ੀਨ ਮਿੱਟੀ ਨੂੰ ਟੋਏ ਵਿਚ ਸੁੱਟਣ ਲਈ ਲੱਗੀ ਹੋਈ ਸੀ। ਕਿਉਂਕਿ ਨਾ ਨਵੀਂ ਭਰੀ ਮਿੱਟੀ ਉੱਪਰ ਟਰੈਕਟਰ ਚੜ੍ਹਦਾ ਸੀ, ਨਾ ਡੂੰਘੇ ਟੋਏ ਵਿਚ ਟਰੈਕਟਰ ਟਰਾਲੀ ਵੜ ਸਕਦੀ ਸੀ। ਇਸੇ ਟੇਬਲ ਵਿੱਚ 10 ਨੰਬਰ ਤੇ ਦਰਜ ਦੋਨਾ ਨਾਨਕਾ ਪਿੰਡ ਦੇ ਕਾਲਾ ਸਿੰਘ ਪੁੱਤਰ ਲਾਲ ਸਿੰਘ ਦੀ ਤਿੰਨ ਕਨਾਲ ਜ਼ਮੀਨ ਵਿੱਚ 30 ਫੁੱਟ ਡੂੰਘੀ ਖਾਰ ਨੂੰ ਭਰਨ ਲਈ 8-10 ਕਰਾਹ ਵਾਲੇ ਟਰੈਕਟਰਾਂ ਅਤੇ ਤਿੰਨ ਜੇ.ਸੀ.ਬੀ ਮਸ਼ੀਨ ਦੇ ਦੋ ਦਿਨ ਲੱਗ ਕੇ ਕਣਕ ਬੀਜੀ ਗਈ ਹੈ। ਇਹਨਾਂ ਟੋਇਆਂ ਦਾ ਅਕਾਰ-ਪਸਾਰ ਅਤੇ ਇਸਦੀ ਮੁੜ-ਭਰਾਈ ਖੇਤ ਨੂੰ ਰੇਤ-ਮੁਕਤ ਕਰਨ ਦੇ ਮੁਕਾਬਲੇ ਖਾਰ-ਮੁਕਤ ਕਰਨ ਦੇ ਕੰਮ ਦੇ ਜੋਖ਼ਮ ਨੂੰ ਸਮਝਣ ਵਿੱਚ ਸਹਾਈ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਫਾਜ਼ਿਲਕਾ ਬਲਾਕ ਕੇ ਇਹਨਾਂ ਹੀ ਪਿੰਡਾਂ ਵਿੱਚ ਰਾਮ ਸਿੰਘ ਭੈਣੀ, ਰੇਤਾ ਭੈਣੀ ਅਤੇ ਘੁਰਕਾ ਪਿੰਡ ਦੇ ਕਿਸਾਨਾਂ ਦੀ 6½ ਕਿਲੇ ਜ਼ਮੀਨ ਵਾਹੀ ਖੇਤੀ 'ਚੋਂ ਬਾਹਰ ਹੋਈ ਪਈ ਸੀ। ਸਾਲ 1996 ਤੋਂ, ਜਾਣੀ 30 ਸਾਲਾਂ ਤੋਂ ਵਿਹਲੀ ਪਈ ਕਰਨੈਲ ਸਿੰਘ ਦੀ ਜ਼ਮੀਨ ਅਤੇ 2023 ਤੋਂ ਵਿਹਲੀ ਪਈ 3½ ਕਿੱਲੇ ਜ਼ਮੀਨ ਨੂੰ ਕਣਕ ਬੀਜਣ ਦੇ ਯੋਗ ਬਣਾਇਆ ਗਿਆ ਹੈ। ਵਿਸਥਾਰ ਲਈ ਦੇਖੋ ਟੇਬਲ ਨੰ: 3.3
ਸਿੱਕੇਬੰਦ ਪਾਰਦਰਸ਼ਤਾ
ਹੜ੍ਹ ਪੀੜਤਾਂ ਲਈ ਰਾਹਤ ਕਾਰਜ ਸ਼ੁਰੂ ਕਰਨ ਵੇਲੇ ਆਪ ਮੁਹਾਰੀ ਰਾਹਤ ਵੰਡਾਈ ਨੂੰ ਤੁਰਤ ਫੁਰਤ ਦਾ ਵਕਤੀ ਹੁੰਗਾਰਾ ਸਮਝਦੇ ਹੋਏ, ਪੀੜਤਾਂ ਦੇ ਪੈਰ ਲਵਾਉਣ ਵਾਲੀ ਸਰਗਰਮੀ ਕਰਨ ਦਾ ਵਿੱਢ-ਵਿਢ੍ਹਿਆ ਗਿਆ ਸੀ। ਸਵਾ ਦੋ ਮਹੀਨਿਆਂ ਦੀ ਇਹ ਮੁਹਿੰਮ ਉਸ ਦਿਸ਼ਾ ਵਿੱਚ ਚੁੱਕਿਆ ਗਿਆ ਨਮੂਨਾ ਮਾਤਰ ਛੋਟਾ ਕਦਮ ਹੈ, ਹੜ੍ਹਾਂ ਦੀ ਸਮੁੱਚੀ ਕਰੋਪੀ ਅਤੇ ਹਾਲਤ ਦੀ ਲੋੜ ਮੁਤਾਬਕ ਇਹ ਛੋਟੀ ਰਾਹਤ ਸਰਗਰਮੀ ਹੈ। ਪੰਜਾਬ ਦੀਆਂ ਜਥੇਬੰਦੀਆਂ ਦੇ ਵਿਤ ਅਨੁਸਾਰ ਦੇਖਿਆਂ ਇਨਕਲਾਬੀ ਜਮਹੂਰੀ ਲਹਿਰ ਦੇ ਇਕ ਹਿੱਸੇ ਦੀ ਚੰਗੀ ਸਰਗਰਮੀ ਹੈ। ਸ਼ਾਮਲ ਜੱਥੇਬੰਦੀਆਂ ਦੇ ਵਿੱਤ ਜਜਬੇ ਅਤੇ ਜਲੌਅ ਨੂੰ ਦੇਖਿਆਂ ਅਤੇ ਇਸਦੇ ਜਮਾਤੀ-ਭਾਈਚਾਰਕ ਨਜ਼ਰੀਏ ਤੇ ਨਿਭਾਅ ਨੂੰ ਦੇਖਿਆਂ, ਇਹ ਸਰਗਰਮੀ ਲਾ-ਮਿਸਾਲ ਹੈ। ਯਾਦਗਾਰੀ ਹੈ। ਪਿਰਤਾਂ ਪਾਉਣ ਵਾਲੀ ਹੈ। ਸਭਨਾਂ ਨੂੰ ਜਗਾਉਣ ਵਾਲੀ ਹੈ। ਹੋਕਾ ਦੇਣ ਵਾਲੀ ਹੈ। ਜਿਸ ਤੇਜ਼ੀ ਤੇ ਫੁਰਤੀ ਨਾਲ ਰਾਹਤ ਕਾਰਜਾਂ ਨੂੰ ਹੱਥ ਪਾਉਣ ਦਾ ਸੋਚਿਆ ਗਿਆ ਸੀ, ਉਹ ਹੰਗਾਮੀ ਹੁੰਗਾਰਾ ਦਿੱਤਾ ਗਿਆ ਹੈ। ਫੰਡ ਉਗਰਾਹੀ ਦੇ ਜਿਸ ਹੁੰਗਾਰੇ ਦੀ ਕਿਆਸ ਅਰਾਈ ਲਾਕੇ, ਕੁੱਦਿਆ ਗਿਆ ਸੀ, ਉਹ ਟੀਚੇ ਟਪਾਅ ਦਿੱਤੇ ਗਏ ਹਨ। ਹੜ੍ਹਾਂ 'ਚ ਡੁੱਬੇ ਰਹੇ ਹਰ ਇੱਕ ਪਿੰਡ ਦੇ ਖੇਤ ਮਜ਼ਦੂਰ, ਬੇ-ਜ਼ਮੀਨੇ ਤੇ ਗ਼ਰੀਬ ਕਿਸਾਨ ਤੱਕ ਰਾਸ਼ਨ/ਕੱਪੜੇ ਪਹੁੰਚਾਵਾਂਗੇ, ਖੇਤਾਂ 'ਚ ਆਈ ਰੇਤ ਨਾਲ ਮੱਥਾ ਲਾਵਾਂਗੇ ਤੇ ਕਣਕਾਂ ਬੀਜ ਕੇ ਮੁੜਾਂਗੇ। ਸਾਰੇ ਬੋਲ ਪੁਗਾਅ ਦਿੱਤੇ ਹਨ। ਇਹਨਾਂ ਬੋਲਾਂ ਨੂੰ ਪੁਗਾਉਣ ਲਈ ਆਗੂਆਂ ਵਰਕਰਾਂ, ਮਰਦਾਂ ਔਰਤਾਂ ਦੇ ਕਾਫ਼ਲੇ ਧਾਵੀਆਂ ਵਾਂਗ ਚੜ੍ਹਦੀ ਕੌਡੀ ਪਾਉਂਦੇ ਰਹੇ ਹਨ। ਫੰਡ ਉਗਰਾਹੀ ਲਈ ਸਾਢੇ ਪੰਜ ਸੌ ਪਿੰਡਾਂ 'ਚ ਮਰਦਾਂ ਔਰਤਾਂ ਦੇ ਕਾਫਲੇ ਭਰਾਤਰੀ ਜਥੇਬੰਦੀਆਂ ਅਤੇ ਦਾਨੀ ਸੱਜਣਾ ਦੇ ਕਾਫ਼ਲੇ, ਕਣਕ ਕੱਪੜੇ ਵੰਡਾਈ ਵਾਲੇ ਕਾਫ਼ਲੇ, ਕਣਕ ਬੀਜ ਵੰਡਾਈ ਦੇ ਕਾਫ਼ਲੇ। ਰੇਤ-ਮੁਕਤੀ, ਖਾਰ-ਮੁਕਤੀ ਅਤੇ ਅੰਤ ਕਣਕ ਬਿਜਾਈ ਲਈ ਕਾਫ਼ਲੇ। (ਵਿਸਥਾਰ ਲਈ ਦੇਖੋਂ ਢੁਕਵੇਂ ਟੇਬਲ ਨੰ:) ਇਕੱਠੇ ਹੋਏ ਫੰਡ ਦੇ ਪੈਸੇ ਪੈਸੇ ਦਾ ਹਿਸਾਬ ਰੱਖਿਆ ਜਾਵੇਗਾ। ਹੜ੍ਹ-ਪੀੜਤਾਂ ਲਈ ਇਕੱਠਾ ਹੋਇਆ ਪੈਸਾ-ਪੈਸਾ ਹੜ੍ਹ-ਪੀੜਤਾਂ ਤੱਕ ਪਹੁੰਚਦਾ ਕੀਤਾ ਜਾਵੇਗਾ। ਇਸ ਮਕਸਦ ਲਈ ਵਰਤਿਆ ਜਾਵੇਗਾ। ਹਰ ਪਿੰਡ 'ਚੋਂ ਹਰ ਜੱਥੇਬੰਦੀ ਤੋਂ, ਹਰ ਇਕ ਦਾਨੀ ਤੋਂ ਆਏ ਫੰਡ ਦਾ ਹਿਸਾਬ ਪਾਰਦਰਸ਼ੀ ਹੋਵੇਗਾ। ਹਰ ਇਕ ਘਰ ਪਰਿਵਾਰ ਅਤੇ ਪਿੰਡ ਤੱਕ ਪਹੁੰਚੀ ਰਾਹਤ ਸਮੱਗਰੀ ਦਾ ਵੇਰਵਾ ਤਿਆਰ ਕੀਤਾ ਜਾਵੇਗਾ। ਇਸ ਲੰਬੇ ਚੌੜੇ ਹਿਸਾਬ-ਕਿਤਾਬ ਨੂੰ, ਪਾਰਦਰਸ਼ੀ ਰੱਖਿਆ ਜਾਵੇਗਾ। ਇਸ ਪਾਰਦਰਸ਼ਤਾ ਵਿਚ ਹਰ ਕਿਸੇ ਦੇ ਹੱਥ ਵਿੱਚ ਖੁਦ ਸਿੱਧੀ ਪੜਤਾਲ ਕਰਨ ਯੋਗ ਸਮੱਗਰੀ ਹੋਵੇਗੀ। ਇਹ ਕੰਮ ਵੀ ਪੂਰੇ ਸਿੱਕੇਬੰਦ ਤਰੀਕੇ ਨਾਲ ਹੋ ਗਿਆ ਹੈ। ਪਰ ਇਸ ਕੰਮ ਲਈ ਬਹੁਤ ਜ਼ਿਆਦਾ ਤਾਣ-ਜੁਟਾਈ ਹੋਈ ਹੈ। ਇਸ ਕੰਮ ਵਿੱਚ ਲੱਗੀਆਂ ਟੀਮਾਂ ਲਈ ਇਹ ਤਾਣ ਉਗਰਾਹੀ ਕਰਨ ਅਤੇ ਰਾਹਤ ਪਹੁੰਚਾਉਣ ਦੀ ਸਰਗਰਮੀ ਜਿੱਡਾ ਹੀ ਬਣ ਗਿਆ। ਅਜਿਹਾ ਕਰਦਿਆਂ ਸਿੱਖਿਆ-ਸਿਖਲਾਈ ਤੇ ਤਜਰਬਾ ਵਟਾਈ ਦਾ ਕਾਫ਼ੀ ਕੰਮ ਹੋ ਗਿਆ ਹੈ। ਜਿਹੜੇ ਪਿੰਡਾਂ ਵਿਚੋਂ ਫੰਡ ਅਤੇ ਰਸਦ ਇਕੱਤਰ ਹੋਈ ਹੈ, ਇਸ ਦਾ ਹਿਸਾਬ ਇਕ ਪਿੰਡ 'ਚ ਦਰਜ ਹੈ। ਪਿੰਡਾਂ ਦੀਆਂ ਟੀਮਾਂ ਨੇ ਖੁਦ ਇਕੱਠਾ ਕੀਤਾ, ਸਾਂਭਿਆਂ ਅਤੇ ਖੁਦ ਜਾ ਕੇ ਵੰਡਿਆ, ਜਿੱਥੇ ਜਾਕੇ ਵੰਡਿਆ ਹੈ ਉਹਨਾਂ ਦੇ ਵਿਸਥਾਰੀ ਸਰਵੇ ਦੀਆਂ ਅਤੇ ਵੰਡਾਈ ਦੀਆਂ ਸੂਚੀਆਂ ਹੱਥਾਂ ਹੇਠ ਹਨ। ਪਰਿਵਾਰ ਮੁਖੀਆਂ ਦੇ ਨਾਂਅ ਅਤੇ ਫੋਨ ਨੰਬਰ ਰਜਿਸਟਰਾਂ 'ਚ ਚੜ੍ਹਾਏ ਹਨ। ਰਾਹਤ ਵੰਡਾਈ ਦੀ ਹਰ ਕਿਸਮ ਨੂੰ ਹਾਸਲ ਕਰਨ ਵਾਲੇ ਪਿੰਡਾਂ ਦੇ ਨਾਂਅ, ਪਿੰਡਾਂ 'ਚ ਰਾਹਤ ਹਾਸਲ ਕਰਨ ਵਾਲਿਆਂ ਦੇ ਤਿੰਨ ਚਾਰ ਨਾਂਅ ਅਤੇ ਫੋਨ ਨੰਬਰ ਇਸ ਰਿਪੋਰਟ ਰਾਹੀਂ ਜਾਰੀ ਕੀਤੇ ਜਾ ਰਹੇ ਹਨ। ਪਰਖ ਪੜਤਾਲ ਲਈ ਜਾਰੀ ਕੀਤੇ ਜਾ ਰਹੇ ਹਨ। 
(ਇਸ ਲਈ ਦੇਖੋ : ਵਿਸਥਾਰ ਅਤੇ ਪਾਰਦ੍ਰਸ਼ਤਾ ਸੂਚੀ ਨੰ: 1, 1.1, 1.2,
ਵਿਸਥਾਰ ਅਤੇ ਪਾਰਦ੍ਰਸ਼ਤਾ ਸੂਚੀ ਨੰ:  2, 2.1, 2.3, 2.4, 2.5, 
ਵਿਸਥਾਰ ਅਤੇ ਪਾਰਦ੍ਰਸ਼ਤਾ ਸੂਚੀ ਨੰ: 3, 3.1, ਟੇਬਲ ਨੰ: 1.4, 1.5,)
(ਇਹ ਸੂਚੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਫੇਸਬੁੱਕ ਪੇਜ ਤੇ ਉਪਲੱਬਧ ਹਨ। ਜਥੇਬੰਦੀ ਵੱਲੋਂ ਪ੍ਰਕਾਸ਼ਿਤ ਕਰਕੇ ਸਾਰੀਆਂ ਪਿੰਡ ਇਕਾਈਆਂ ਨੂੰ ਵੀ ਮੁਹੱਈਆਂ ਕਰਾਈਆ ਗਈਆ ਹਨ।)
ਇਸ ਸਮੁੱਚੀ ਸਰਗਰਮੀ ਬਾਰੇ ਕਿਸਾਨ ਜਥੇਬੰਦੀ ਦੀ ਲੀਡਰਸ਼ਿਪ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਇਉਂ ਸਮਟੇਵੀਂ ਟਿੱਪਣੀ ਰਾਹੀਂ ਆਪਣੇ ਤਜਰਬੇ ਤੇ ਅਹਿਸਾਸਾਂ ਨੂੰ ਸਾਂਝਾ ਕੀਤਾ। ਉਹਨਾਂ ਕਿਹਾ ਕਿ ਪੂਰੀ ਤਰ੍ਹਾਂ ਕਹਿਣਾ ਹੋਵੇ ਤਾਂ, ਅਸਲ ਕੰਮ ਅਜੇ ਬਾਕੀ ਹੈ।  ਇਹੀ ਕਹਿ ਸਕਦੇ ਹਾਂ ਕਿ ਡੁੱਬਦੇ ਨੂੰ ਤਿਣਕੇ ਨੇ ਸਹਾਰਾ ਦੇ ਦਿੱਤਾ ਹੈ। ਐਂਤਕੀ ਦੀ ਵਾਰ ਦੇ ਦਿੱਤਾ ਹੈ। ਪਰ ਡੁਬਿਆ ਕਿਓ?! ਹੜ੍ਹ, ਜਦੋਂ ਹੀ ਆਉਂਦੈ, ਡੋਬ ਦਿੰਦੈ। ਕਿਉਂ? ਅਗਲਾ ਸਾਲ ਆਇਆ ਲੈ! ਅਗਲੇ ਸਾਲ ਦਾ ਕੀ ਭਰੋਸਾ ਹੈ? ਕੀ  ਇਹ ਸਭ ਉਤਲੇ ਦੀ ਮਰਜੀ ਹੈ?! ਰੱਬ ਦਾ ਭਾਣਾ ਹੈ? ਸਾਡੇ ਪਾਪਾਂ ਦਾ ਫ਼ਲ ਹੈ?! ਸਾਡੇ ਹੱਥ-ਵੱਸ ਕੀ ਹੈ? ਭਾਣਾ ਮੰਨੋ? ਤੇ ਉਸ ਦਾ ਸ਼ੁਕਰ ਕਰੋ! ਜੋ ਬਚ ਗਿਆ ਉਹ ਵੀ ਉਸੇ ਦੀ ਲਿਖਤ ਹੈ? ਭਾਣਾ ਮੰਨੀ ਜਾਉ ਤੇ ਡੁਬਦੇ ਰਹੋ?! ਇਸ ਪੁਰਤਾਨ ਸੋਚ ਵਿੱਚ ਡੁੱਬੇ ਲੋਕਾਂ ਨੂੰ ਬਾਹਰ ਕੱਢਣਾ, ਹੜ੍ਹਾਂ ਦੀ ਮਾਰ ਦੀ ਵਿਗਿਆਨਕ ਵਿਆਖਿਆ ਕਰਨਾ, ਵਿਆਖਿਆਂ ਉਹਨਾਂ ਦੇ ਜਿਹਨ ’ਚ ਪਹੁੰਚਦੀ ਕਰਨਾ, ਇਹ ਅਸਲ ਕੰਮ ਹੈ। ਇਹ ਕੰਮ ਬਾਕੀ ਹੈ। ਰਾਹਤ ਪਹੁੰਚਦੀ ਕਰਨ ਦਾ ਕੰਮ, ਮੁੱਢਲਾ ਕੰਮ ਸੀ। ਡੁਬਦੇ ਨੂੰ ਤਿਣਕੇ ਦਾ ਵੀ ਸਹਾਰਾ ਹੁੰਦਾ ਹੈ। ਇਹ ਤਿਣਕਾ ਬਣਕੇ ਬਹੁੜਨ ਵਾਲਾ ਕੰਮ ਸੀ। ਭਾਈਚਾਰਰਕ ਭਾਵਨਾਂ ਦਿਖਾਉਣ ਦਾ ਕੰਮ ਸੀ। ਦੀਨ-ਦੁਖੀ ਦੀ ਸੇਵਾ-ਸੰਭਾਲ ਕਰਨ ’ਚ ਪੂਰੇ ਉਤਰਨ ਦਾ ਕੰਮ ਸੀ। ਦੁਖੀ ਲੋਕਾਂ ਦੇ ਦਿਲਾਂ ’ਚ ਉਤਰਨ ਵਾਲਾ ਕੰਮ ਸੀ। ਉਹਨਾਂ ਦੇ ਦਿਲਾਂ ’ਚ ਉਤਰਕੇ ਕੀ ਕਰਨਾ ਹੈ? ਵੋਟਾਂ ਲੈਣੀਆਂ ਹਨ? ਸ਼ੁਕਰਾਨੇ ਦੀ ਉਗਰਾਹੀਂ ਕਰਨੀ ਹੈ। ਇਸ ਦੀ ਵਸੂਲੀ ਕਰਨ ਲਈ ਝੋਲੀ ਅੱਡਣੀ ਹੈ? ਵੇਖੋ! ਵੋਖੋ! ਇਹ ਸਾਡੇ ’ਦੇਸ’ ਨਾਲ ਧੱਕਾ ਹੈ? ਦੇਖੋ! ਦੇਖੋ! ਸਾਡੇ ਧਰਮ ਨਾਲ ਧੱਕਾ ਹੈ? ਇਸ ਕੰਮ ਵਾਲੇ ਹੋਰ ਬਥੇਰੇ ਹਨ। ਇਹ ਸਾਡਾ ਕੰਮ ਨਹੀਂ ਹੈ। ਇਹ ਸਾਡਾ ਮਕਸਦ ਨਹੀਂ ਹੈ। ਅਸੀਂ ਭਾਣਾ ਨਹੀਂ ਮੰਨਦੇ। ਨਾ ਜੁਲਮ ਦਾ, ਨਾ ਜਾਲਮ ਦਾ। ਨਾ ਕਾਸੇ ਹੋਰ ਦਾ। ਅਸੀਂ ਤਾਂ ਇਸ ਪੁਰਾਤਨ ਸੋਚ ਨੂੰ ਮੁੱਢ੍ਹੋਂ ਰੱਦ ਕਰਦੇ ਹਾਂ। ਅਸੀਂ ਤਾਂ ਇਸ ਤੋਂ ਵੱਖਰੀ ਤੇ ਬਦਲਵੀਂ ਸੋਚ ਰੱਖਦੇ ਹਾਂ। ਅਸੀਂ ਸੇਵਾ ਤੇ ਸ਼ੰਘਰਸ ਦਾ ਨਾਅਰਾ ਲਾਉਂਦੇ ਹਾਂ। ਸੇਵਾ, ਸੰਘਰਸ਼ ਅਤੇ ਵਿਗਿਆਨਕ ਤਬਦੀਲੀ ਲਈ ਅੱਗੇ ਵਧੋ ਦਾ ਨਾਅਰਾ ਲਾਉਂਦੇ ਹਾਂ। ਇਹ ਅਸਲ ਕੰਮ ਹੈ! ਇਹ ਬਹੁਤ ਵਡੇਰਾ ਕਾਰਜ ਹੈ। ਇਸ ਵਡੇਰੇ ਕਾਰਜ ਨੂੰ ਅੱਗੇ ਤੋਰਨਾ ਦਾ ਕੰਮ ਅਜੇ ਬਾਕੀ ਹੈ!
ਲੋਕ-ਸੇਵਾ ਤੇ ਲੋਕ-ਸੇਵਾ ਦੀ ਭਾਵਨਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਅਸੀਂ ਆਵਦੇ ਵਿਤ ਮੁਤਾਬਕ ਨਿਭਕੇ ਦਿਖਾ ਦਿੱਤਾ ਹੈ। ਰਾਹਤ ਕਾਰਜਾਂ ਨੂੰ ਜਥੇਬੰਦ ਲੋਕ ਹੰਗਾਰਾ ਦਿਉ! ਜਮਾਤੀ ਭਾਈਚਾਰਕ ਨਜਰੀਆ ਰੱਖੋ। ਇਹ ਸੇਵਾ ਦੇ ਕਾਰਜ ਦੀਆਂ ਦੋ ਲੜੀਆਂ ਹਨ। ਅਸੀਂ ਆਵਦੇ ਵਿਤ ਮੁਤਾਬਕ ਦੋਵੇਂ ਪੂਰੀਆਂ ਕੀਤੀਆਂ ਹਨ। ਸੰਘਰਸ਼ ਲਈ ਦੋਸ਼ੀਆਂ ਦੀ ਪਛਾਣ ਕਰਾਉਣੀ ਜਰੂਰੀ ਹੁੰਦੀ ਹੈ। ਆਵਦਿਆਂ ’ਚ ਤੇ ਲੋਕਾਂ ਦੇ ਦੋਖੀਆਂ ’ਚ ਲਕੀਰ ਖਿੱਚਕੇ ਦਿਖਾਉਣੀ ਜਰੂਰੀ ਹੁੰਦੀ ਹੈ। ਲੋਕਾਂ ਦੇ ਦੋਖੀਆਂ ਦੀ, ਲੋਕਾਂ ਦੇ ਦੋਸ਼ੀਆਂ ਦੀ ਪੂਰੀ ਤਰ੍ਹਾਂ ਪਛਾਣ ਕਰਾਉਣੀ ਜਰੂਰੀ ਹੁੰਦੀ ਹੈ। ਰਾਹਤ ਕਾਰਜ ਕਰਦਿਆਂ, ਅਸੀਂ ਜੋ ਸੁਣਿਆ, ਜੋ ਦੇਖਿਆ ਤੇ ਜੋ ਪੜ੍ਹਿਆ ਹੈ। ਅਸੀਂ ਇਸ ਦਾ ਜੋ ਨਿਚੋੜ ਕੱਢ੍ਹਿਆ ਹੈ। ਇਸ ਨੂੰ ਇਕ ਵੱਖਰੀ ਲਿਖਤ ਵਿੱਚ ਕਲਮ ਬੰਦ ਕਰ ਦਿੱਤਾ ਹੈ। ਪਰ ਹੜ੍ਹਾਂ ਦੀ ਇਸ ਕਰੋਪੀ ਲਈ ਟਿੱਕੇ ਗਏ ਦੋਸ਼ੀਆਂ ਦੀ ਪਛਾਣ, ਰਾਸ਼ਨ ਦੀ ਵੰਡ-ਵੰਡਾਈ ਵਾਂਗੂੰ, ਘਰ-ਘਰ ਪਹੁੰਚਦੀ ਕਰਨੀ ਅਜੇ ਬਾਕੀ ਹੈ। ਘਰ-ਘਰ ’ਚੋਂ ਜੈ ਸੰਘਰਸ਼ ਦੀ ਅਵਾਜ ਉਠਾਉਣੀ ਅਜੇ ਬਾਕੀ ਹੈ। ਅੱਗੇ ਵਧੋ! ਰਾਹਤ ਕਾਰਜ ਅਜੇ ਬਾਕੀ ਹੈ!

ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਚਲਾਈ ਗਈ ਮੁਹਿੰਮ 

ਭਾਰੀ ਬਾਰਸ਼ਾਂ ਤੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਪਹਿਲਕਦਮੀ ਤੇ ਸਾਂਝੇ ਮਜ਼ਦੂਰ ਮੋਰਚੇ ਦੀ ਸੂਬਾਈ ਮੀਟਿੰਗ ਕੀਤੀ ਗਈ। ਖੇਤ ਮਜ਼ਦੂਰ ਯੂਨੀਅਨ ਵੱਲੋਂ ਤਿਆਰ ਕਰਕੇ ਰੱਖਿਆ ਗਿਆ ਮੰਗ ਪੱਤਰ ਥੋੜੇ ਬਹੁਤੇ ਸੁਝਾਵਾਂ ਨਾਲ਼ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪਾਸ ਕੀਤਾ ਗਿਆ ਅਤੇ 10 ਤੇ 11ਸਤੰਬਰ ਨੂੰ ਜ਼ਿਲ੍ਹਾ ਤੇ ਤਹਿਸੀਲ ਪੱਧਰੇ ਧਰਨੇ ਦੇਣ ਦਾ ਐਲਾਨ ਕੀਤਾ ਗਿਆ। ਮਜ਼ਦੂਰ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਮੁਕਤਸਰ, ਫਰੀਦਕੋਟ, ਮੋਗਾ, ਸੰਗਰੂਰ, ਬਠਿੰਡਾ, ਸ਼ਾਹਕੋਟ ਤੇ ਨਕੋਦਰ ਵਿਖੇ ਧਰਨਿਆਂ ’ਚ ਸ਼ਮੂਲੀਅਤ ਕੀਤੀ ਗਈ ਜਦੋਂ ਕਿ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਉਕਤ ਜ਼ਿਲਿਆਂ ਸਮੇਤ ਵੱਖ ਵੱਖ ਜ਼ਿਲ੍ਹਾ ਤੇ ਤਹਿਸੀਲ ਪੱਧਰਾਂ ’ਤੇ ਕੁੱਲ ਦੋ ਦਰਜ਼ਨ ਥਾਵਾਂ ’ਤੇ ਧਰਨੇ ਦਿੱਤੇ ਗਏ। * ਨਕੋਦਰ ਇਲਾਕੇ ਦੇ ਪਿੰਡ ਮਾਲੜੀ ਵਿਖੇ ਭਾਰੀ ਬਾਰਸ਼ਾਂ ਕਾਰਨ ਰੋਟੀ ਟੁੱਕ ਤੋਂ ਵੀ ਆਹਰੀ ਹੋਏ ਮਜ਼ਦੂਰਾਂ ਦੇ ਲਈ ਯੂਨੀਅਨ ਦੀ ਪਹਿਲਕਦਮੀ ਨਾਲ ਤਿੰਨ ਦਿਨ ਸਾਂਝੇ ਤੌਰ ਤੇ ਲੰਗਰ ਲਗਾਇਆ ਗਿਆ ਜਿਸ ਵਿੱਚ ਕਰੀਬ ਪੰਜਾਹ ਹਜ਼ਾਰ ਰੁਪਏ ਦੇ ਕਰੀਬ ਫੰਡ ਇਕੱਠਾ ਕਰਕੇ ਖਰਚਿਆ ਗਿਆ। * ਲਗਾਤਾਰ ਮੀਂਹ ਪੈਣ ਕਾਰਨ ਚੋਅ ਰਹੇ ਮਜ਼ਦੂਰ ਘਰਾਂ ਦੇ ਲਈ ਤਰਪਾਲਾਂ ਦੇਣ ਦੀ ਮੰਗ ਨੂੰ ਲੈਕੇ ਐੱਸ ਡੀ ਐੱਮ ਨਕੋਦਰ ਅਤੇ ਸ਼ਾਹਕੋਟ ਨੂੰ ਡੈਪੂਟੇਸ਼ਨ ਮਿਲੇ ਗਏ ਪਰ ਤਰਪਾਲਾਂ ਨਾ ਮਿਲਣ ਕਾਰਨ ਸਰਕਾਰ ਤੇ ਅਫ਼ਸਰਸ਼ਾਹੀ ਖਿਲਾਫ਼ ਰੋਹ ਭਰਪੂਰ ਨਾਹਰੇ ਮਾਰ ਕੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਹਲਕਾ ਵਿਧਾਇਕ ਦੇ ਘਰ ਜਾਕੇ ਵੀ ਮਜ਼ਦੂਰ ਵਫ਼ਦ ਵਲੋਂ ਤਰਪਾਲਾਂ ਦੀ ਮੰਗ ਕੀਤੀ ਗਈ। * ਜਨਤਕ ਜਥੇਬੰਦੀਆਂ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜਨ ਲਈ ਮੁਹਿੰਮ ਚਲਾਉਣ ਦੇ ਫੈਸਲੇ ਤਹਿਤ ਮੁਕਤਸਰ ਦੇ ਬਲਾਕ ਲੰਬੀ ਅਤੇ ਗਿੱਦੜਬਾਹਾ ਦੇ ਪਿੰਡਾਂ ’ਚ ਫੰਡ,ਕਣਕ ਆਦਿ ਇਕੱਠੇ ਕਰਨ ਲਈ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। * ਲੰਬੀ ਬਲਾਕ ’ਚ ਖੇਤ ਮਜ਼ਦੂਰ ਯੂਨੀਅਨ ਦੀ ਪਹਿਲਕਦਮੀ ’ਤੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਬਿਜਲੀ ਕਾਮਿਆਂ ਦੀ ਸਾਂਝੀ ਬਲਾਕ ਪੱਧਰੀ ਮੀਟਿੰਗ ਕਰਕੇ ਸਾਂਝੀ ਮੁਹਿੰਮ ਚਲਾਉਣ ਦੀ ਵਿਉਂਤਬੰਦੀ ਕੀਤੀ ਗਈ। ਪਿੰਡ ਲੰਬੀ, ਗੱਗੜ, ਖੁੱਡੀਆਂ, ਸਿੰਘੇਵਾਲਾ ਫਤੂਹੀਵਾਲਾ ’ਚੋਂ ਫੰਡ ਇਕੱਠਾ ਕਰਨ ਸਮੇਂ ਖੇਤ ਮਜ਼ਦੂਰ ਆਗੂਆਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਬਿਜਲੀ ਕਾਮਿਆਂ ਵੱਲੋਂ ਵੀ ਲੰਬੀ,ਘੁਮਿਆਰਾ ਤੇ ਮੰਡੀ ਡੱਬਵਾਲੀ ’ਚੋਂ ਫੰਡ ਇਕੱਠਾ ਕਰਨ ਸਮੇਂ ਸ਼ਮੂਲੀਅਤ ਕੀਤੀ ਗਈ। ਖੇਤ ਮਜ਼ਦੂਰਾਂ ਵੱਲੋਂ ਸਾਂਝੀ ਮੁਹਿੰਮ ਤੋਂ ਇਲਾਵਾ ਵੱਖਰੇ ਤੌਰ ’ਤੇ ਔਰਤਾਂ ਦੇ 48 ਸੂਟ, ਤਿੰਨ ਪੈਂਟ ਸ਼ਰਟਾ, ਇੱਕ ਕੁੜਤਾ ਪਜਾਮਾ,13 ਖੇਸ, 5 ਕੰਬਲ , 4 ਲੋਈਆਂ 1 ਕੋਟੀ, 2 ਸੌਲ , 1ਨਵਾਂ ਕੂਕਰ ਤੇ 2050 ਰੁਪਏ ਇਕੱਠੇ ਕਰਕੇ ਯੋਗਦਾਨ ਪਾਇਆ ਗਿਆ। * ਗਿੱਦੜਬਾਹਾ ਬਲਾਕ ਦੇ ਪਿੰਡਾਂ ਤੇ ਗਿੱਦੜਬਾਹਾ ’ਚੋਂ ਫੰਡ ਕਣਕ ਤੂੜੀ ਆਦਿ ਇਕੱਠੀ ਕਰਨ ਸਮੇਂ ਖੇਤ ਮਜ਼ਦੂਰ ਆਗੂ ਵਰਕਰਾਂ ਨੇ ਸ਼ਮੂਲੀਅਤ ਕੀਤੀ ਅਤੇ ਪਿੰਡ ਭੁੱਟੀਵਾਲਾ ’ਚੋਂ ਖੇਤ ਮਜ਼ਦੂਰਂ ਵੱਲੋਂ ਵੱਖਰੇ ਤੌਰ ’ਤੇ 117 ਸੂਟ ਨਵੇਂ, 17 ਲੋਈਆਂ ,18 ਖੇਸ, 29 ਕੰਬਲ -ਭੂਰੇ , 5 ਦਰੀਆਂ , 10 ਬਿਸਤਰੇ ਤੇ 850 ਰੁਪਏ ਇਕੱਠੇ ਕਰਕੇ ਸਾਂਝੇ ਫੰਡ ’ਚ ਹਿੱਸਾ ਪਾਇਆ ਗਿਆ। *ਗਿੱਦੜਬਾਹਾ ਸ਼ਹਿਰ ਸਮੇਤ ਪਿੰਡ, ਛੱਤੇਆਣਾ, ਸੁਖਣਾ, ਬੁੱਟਰਬਖੂਹਾ, ਦੋਦਾ, ਧੂੜਕੋਟ, ਭਲਾਈਆਣਾ,ਸਰੀਂਹ ਬੁੱਟਰ, ਤੇ ਮੁਕਤਸਰ ’ਚੋਂ ਫੰਡ ਕਣਕ ਤੂੜੀ ਤੇ ਕੱਪੜੇ ਇਕੱਠੇ ਕਰਨ ਸਮੇਂ ਖੇਤ ਮਜ਼ਦੂਰ ਆਗੂਆਂ ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ। * ਫਾਜ਼ਲਿਕਾ ਖੇਤਰ ’ਚ ਕਣਕ, ਕੱਪੜੇ ਤੇ ਤੂੜੀ ਵੰਡਣ ਸਮੇਂ ਵੀ ਖੇਤ ਮਜ਼ਦੂਰ ਆਗੂਆਂ ਤੇ ਵਰਕਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ । * ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਗੁਰੂ,ਘੁੱਦਾ, ਸਿਵੀਆਂ ਤੇ ਜੀਦਾ ’ਚੋਂ ਫੰਡ ਕਣਕ ਕੱਪੜੇ ਤੇ ਤੂੜੀ ਇਕੱਠੀ ਕਰਨ ਸਮੇਂ ਖੇਤ ਮਜ਼ਦੂਰ ਆਗੂ ਵਰਕਰ ਸ਼ਾਮਲ ਹੋਏ ਅਤੇ ਫਾਜ਼ਲਿਕਾ ਖੇਤਰ ਵੰਡ ਵੰਡਾਈ ਸਮੇਂ ਵੀ ਖੇਤ ਮਜ਼ਦੂਰ ਆਗੂ ਸ਼ਾਮਲ ਹੋਏ। * ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਨੰਗਲ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਵੱਲੋਂ ਸਾਂਝੀ ਮੁਹਿੰਮ ਚਲਾਈ ਗਈ। ---0—


ਅਮਰੀਕੀ ਸਾਮਰਾਜੀ ਹਮਲਾ ਤੇ ਇਰਾਨੀ ਕੌਮੀ ਟਾਕਰਾ


ਅਮਰੀਕੀ ਸਾਮਰਾਜੀ ਹਮਲਾ ਤੇ ਇਰਾਨੀ ਕੌਮੀ ਟਾਕਰਾ



 ਇਰਾਨ 'ਤੇ ਅਮਰੀਕੀ ਇਜ਼ਰਾਇਲੀ ਹਮਲੇ ਨੂੰ 12 ਦਿਨ ਹੋ ਚੁੱਕੇ ਹਨ। ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ 'ਤੇ ਕੀਤੀ ਜਾ ਰਹੀ ਭਾਰੀ ਬੰਬਾਰੀ 'ਚ 1348 ਇਰਾਨੀ ਲੋਕ ਮਾਰੇ ਗਏ ਹਨ ਤੇ 17000 ਤੋਂ ਉੱਪਰ ਜਖ਼ਮੀ ਹੋਏ ਹਨ। ਇੱਕ ਸਕੂਲ 'ਤੇ ਅਮਰੀਕੀ ਹਮਲੇ 'ਚ 175 ਦੇ ਲਗਪਗ ਲੜਕੀਆਂ ਦੇ ਮਾਰੇ ਜਾਣ ਨੇ ਦੁਨੀਆਂ ਭਰ 'ਚ ਲੋਕਾਂ ਅੰਦਰ ਸੋਗ ਫੈਲਾਇਆ ਹੈ। ਇਰਾਨ ਵੱਲੋਂ ਮੋੜਵੇਂ ਜਵਾਬ 'ਚ ਆਲੇ-ਦੁਆਲੇ ਦੇ ਗੁਆਂਢੀ ਮੁਲਕਾਂ 'ਚ ਅਮਰੀਕੀ ਫੌਜੀ ਅੱਡਿਆਂ 'ਤੇ ਡਰੋਨ ਅਤੇ ਮਿਜ਼ਾਇਲਾਂ ਸੁੱਟੀਆਂ ਜਾ ਰਹੀਆਂ ਹਨ ਤੇ ਇਜ਼ਰਾਇਲ ਅੰਦਰ ਵੀ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਅਮਰੀਕੀ ਹਮਲਿਆਂ ਨਾਲ ਇਰਾਨ ਅੰਦਰ ਲੱਖਾਂ ਲੋਕਾਂ ਦਾ ਉਜਾੜਾ ਹੋਇਆ ਹੈ। ਲਿਬਨਾਨ 'ਚ ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਨਾਲ ਉੱਥੇ 10 ਲੱਖ ਲੋਕਾਂ ਦਾ ਉਜਾੜਾ ਹੋਇਆ ਹੈ। 28 ਫਰਵਰੀ ਨੂੰ ਇਰਾਨ 'ਤੇ ਅਮਰੀਕਾ ਵੱਲੋਂ ਸ਼ੁਰੂ ਕੀਤੀ ਹਵਾਈ ਬੰਬਾਰੀ ਹੁਣ ਮੱਧ ਪੂਰਬ ਖੇਤਰ 'ਚ ਜੰਗ ਵਰਗੀ ਹਾਲਤ 'ਚ ਬਦਲ ਚੁੱਕੀ ਹੈ। ਇਰਾਨ ਵੱਲੋਂ ਜਵਾਬੀ ਕਾਰਵਾਈ ਵਜੋਂ ਸਮੁੰਦਰੀ ਲਾਂਘੇ ਸਟਰੇਟ ਆਫ ਹਾਰਮੂਜ਼ ਨੂੰ ਬੰਦ ਕਰਨ ਨਾਲ ਏਸ਼ੀਆ ਦੇ ਮੁਲਕਾਂ ਨੂੰ ਤੇਲ ਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਜਿਸਦਾ ਅਸਰ ਸਮੁੱਚੀ ਸੰਸਾਰ ਆਰਥਿਕਤਾ 'ਤੇ ਆਉਣਾ ਸ਼ੁਰੂ ਹੋ ਰਿਹਾ ਹੈ। ਇਸ ਹਾਲਤ 'ਚ ਸਮੁੱਚੇ ਸੰਸਾਰ ਅੰਦਰ ਇਸ ਜੰਗ ਦੇ ਅਸਰ ਦਿਖਾਈ ਦੇ ਰਹੇ ਹਨ। 

ਇਰਾਨ 'ਤੇ ਹਮਲੇ ਦਾ ਬਹਾਨਾ

ਅਮਰੀਕੀ-ਇਜ਼ਰਾਇਲੀ ਹਮਲਾਵਰਾਂ ਵੱਲੋਂ  ਪਿਛਲੇ ਕਈ ਮਹੀਨਿਆਂ ਤੋਂ ਇਰਾਨ 'ਤੇ ਹਮਲੇ ਦੀ ਤਿਆਰੀ ਕੀਤੀ ਜਾ ਰਹੀ ਸੀ।। ਫਿਰ ਇਰਾਨ ਨਾਲ ਗੱਲਬਾਤ ਦਾ ਅਮਲ ਚਲਾਇਆ ਗਿਆ ਤੇ ਇਸਦੇ ਤਿੰਨ ਦੌਰ ਚੱਲੇ ਸਨ। ਹੁਣ ਤੀਜੇ ਦੌਰ ਦੀ ਗੱਲਬਾਤ ਚੱਲ ਰਹੀ ਸੀ। ਗੱਲਬਾਤ ਦੀ ਵਿਚੋਲਗੀ ਕਰ ਰਹੇ ਓਮਾਨ ਵੱਲੋਂ ਕਿਹਾ ਗਿਆ ਹੈ ਕਿ ਗੱਲਬਾਤ ਤਹਿਤ ਸਮਝੌਤਾ ਨੇੜੇ ਲੱਗਣ ਵਾਲਾ ਸੀ ਪ੍ਰੰਤੂ ਵਿਚਕਾਰ ਹੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ਉੱਤੇ ਹੱਲਾ ਬੋਲ ਦਿੱਤਾ ਗਿਆ ਜਿਸਦਾ ਇਰਾਨ ਨੇ ਠੋਕਵਾਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ। 

ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕਾ ਵੱਲੋਂ ਇਰਾਨ ਦੀ ਫੌਜੀ ਘੇਰਾਬੰਦੀ ਕੀਤੀ ਜਾ ਰਹੀ ਸੀ। ਉਸਦੇ ਨੇੜੇ ਸਮੁੰਦਰ 'ਚ ਅਮਰੀਕਾ ਦਾ ਵੱਡਾ ਜੰਗੀ ਬੇੜਾ ਇਬਰਾਹਿਮ ਲਿੰਕਨ ਤਾਇਨਾਤ ਕਰ ਦਿੱਤਾ ਗਿਆ ਸੀ ਤੇ ਮਗਰੋਂ ਇੱਕ ਹੋਰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਵਾਲਾ ਬੇੜਾ ਵੀ ਨੇੜੇ ਲਿਆਂਦਾ ਗਿਆ। ਗੁਆਂਢੀ ਮੁਲਕਾਂ ਦੇ ਅਮਰੀਕੀ ਫੌਜੀ ਅੱਡਿਆਂ 'ਤੇ ਵੀ ਨਫ਼ਰੀ ਵਧਾ ਕੇ, ਹਰਕਤਸ਼ੀਲਤਾ ਵਧਾਈ ਗਈ ਸੀ ਤੇ ਇਰਾਨ 'ਤੇ ਗੱਲਬਾਤ ਲਈ ਦਬਾਅ ਬਣਾ ਕੇ, ਆਪਣੀਆਂ ਸ਼ਰਤਾਂ ਮਨਵਾਉਣ ਦੀ ਵਿਉਂਤ ਸੀ। ਅਮਰੀਕਾ ਮੰਗ ਕਰ ਰਿਹਾ ਸੀ ਕਿ ਇਰਾਨ ਆਪਣਾ ਪ੍ਰਮਾਣੂ ਬੰਬ ਬਣਾਉਣ ਦਾ ਪ੍ਰੋਗਰਾਮ ਤਿਆਗੇ, ਪ੍ਰਮਾਣੂ ਪ੍ਰੋਗਰਾਮ ਨੂੰ ਉਸਦੀ ਨਿਗਰਾਨੀ 'ਚ ਲਿਆਂਦਾ ਜਾਵੇ ਤੇ ਯੂਰੇਨੀਅਮ ਸੋਧਣਾ ਬੰਦ ਕੀਤਾ ਜਾਵੇ। ਬੈਲਸੈਟਿਕ ਮਿਜ਼ਾਇਲਾਂ ਦਾ ਪ੍ਰੋਗਰਾਮ ਬੰਦ ਕੀਤਾ ਜਾਵੇ ਅਤੇ ਇਰਾਨ ਵੱਲੋਂ ਹਿਜ਼ਬੁੱਲਾ,ਹਮਾਸ ਤੇ ਹਾਓਤੀ ਵਿਦਰੋਹੀਆਂ ਵਰਗੀਆਂ ਅਮਰੀਕੀ ਸਾਮਰਾਜ, ਵਿਰੋਧੀ ਟਾਕਰਾ ਸ਼ਕਤੀਆਂ ਦੀ ਮੱਦਦ ਕਰਨੀ ਬੰਦ ਕੀਤੀ ਜਾਵੇ। ਇਰਾਨ ਪ੍ਰਮਾਣੂ ਊਰਜਾ ਪ੍ਰੋਗਰਾਮ ਬਾਰੇ ਗੱਲਬਾਤ ਕਰਨ ਲਈ ਸਹਿਮਤ ਹੋ ਗਿਆ ਸੀ। ਪਰ ਬਾਕੀ ਮੁੱਦਿਆਂ 'ਤੇ ਗੱਲਬਾਤ ਨੂੰ ਰੱਦ ਕਰਦਾ ਸੀ। ਇਜ਼ਰਾਇਲ ਤਾਂ ਇਸ ਤੋਂ ਵੀ ਅੱਗੇ ਇਰਾਨ ਨੂੰ ਪੂਰੀ ਤਰ੍ਹਾਂ ਹਥਿਆਰ ਰਹਿਤ ਕਰਨ ਦੀ ਮੰਗ ਰੱਖ ਰਿਹਾ ਸੀ। ਇਰਾਨ ਨੇ ਪ੍ਰਮਾਣੂ ਬੰਬ ਬਣਾਉਣ ਦੇ ਅਮਰੀਕੀ ਦਾਅਵਿਆਂ ਨੂੰ ਹਮੇਸ਼ਾਂ ਰੱਦ ਕੀਤਾ ਹੈ ਤੇ ਉਸਨੇ ਆਪਣੇ ਯੂਰੇਨੀਅਮ ਸੋਧਣ ਦੇ ਮਕਸਦ ਨੂੰ ਊਰਜਾ ਲੋੜਾਂ ਦਾ ਪ੍ਰੋਗਰਾਮ ਦੱਸਿਆ ਹੈ। ਉਂਝ ਵੀ ਪ੍ਰਮਾਣੂ ਬੰਬ ਬਣਾਉਣ ਲਈ ਇਰਾਨ ਨੂੰ ਯੂਰੇਨੀਅਮ 90% ਸੋਧਣਾ ਪੈਂਦਾ ਹੈ ਜਦਕਿ ਇਰਾਨ ਕੋਲ ਅਜੇ ਤੱਕ 60% ਤੱਕ ਸੋਧਿਆ ਹੋਇਆ ਯੂਰੇਨੀਅਮ ਹੈ। ਓਮਾਨ ਦੇ ਵਿਦੇਸ਼ ਮੰਤਰੀ ਹਾਮਦ-ਅਲ-ਬੁਸਾਇਦੀ ਅਨੁਸਾਰ ਇਸ ਗੱਲਬਾਤ ਦੌਰਾਨ ਵੀ ਇਰਾਨ ਪ੍ਰਮਾਣੂ ਬੰਬ ਨਾ ਬਣਾਉਣ ਤੇ ਨਿਊਕਲੀਅਰ ਸਮੱਗਰੀ ਇਕੱਠੀ ਨਾ ਕਰਨ ਲਈ ਸਹਿਮਤ ਸੀ। ਉਸਨੇ ਕਿਹਾ ਕਿ ''ਜੇਕਰ ਏਨੀ ਹੀ ਮਨਸ਼ਾ ਸੀ ਤਾਂ ਅਸੀਂ ਇਸਨੂੰ ਹੱਲ ਕਰਨ ਦੇ ਨੇੜੇ ਪਹੁੰਚ ਚੁੱਕੇ ਹਾਂ।'' ਉਸਦੇ ਅਜਿਹਾ ਕਹਿਣ ਦੇ ਕੁੱਝ ਘੰਟਿਆਂ ਬਾਅਦ ਇਰਾਨ 'ਤੇ ਹਵਾਈ ਹਮਲੇ ਵਿੱਢ ਦਿੱਤੇ ਗਏ। ਜਿਸ ਵਿੱਚ ਮੁਲਕ ਦੀ ਚੋਟੀ ਸਿਆਸੀ ਤੇ ਫੌਜੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਹਮਲੇ 'ਚ ਇਰਾਨ ਦਾ ਸੁਪਰੀਮ ਲੀਡਰ ਖੇਮਨੇਈ ਤੇ ਹੋਰ ਉੱਚ ਪੱਧਰੀ ਫੌਜੀ ਲੀਡਰਸ਼ਿਪ ਮਾਰੀ ਗਈ। 

ਉਂਝ ਇਹ ਹਕੀਕਤ ਵੀ ਦਿਲਚਸਪ ਹੈ ਕਿ ਇਰਾਨ ਨਾਲ 2015 'ਚ ਓਬਾਮਾ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਮਾਣੂ ਸਮਝੌਤੇ ਨੂੰ ਟਰੰਪ ਵੱਲੋਂ ਆਪਣੀ ਪਿਛਲੀ ਵਾਰੀ 'ਚ ਭਾਵ ਕਿ 2018 'ਚ ਇੱਕਪਾਸੜ ਢੰਗ ਨਾਲ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ 2015 ਵਾਲੇ ਸਮਝੌਤੇ 'ਚ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਸੀਮਤ ਕੀਤਾ ਗਿਆ ਸੀ ਤੇ ਇਸ ਬਦਲੇ ਉਸ ਤੋਂ ਕੁੱਝ ਆਰਥਿਕ ਬੰਦਿਸ਼ਾਂ ਹਟਾਈਆਂ ਗਈਆਂ ਸਨ। ਇਰਾਨ ਇਸ ਸਮਝੌਤੇ ਦਾ ਪਾਲਣ ਕਰਦਾ ਆ ਰਿਹਾ ਸੀ। ਇਸ ਪਾਲਣਾ ਬਾਰੇ ਸੰਯੁਕਤ ਰਾਸ਼ਟਰ ਨੇ ਵੀ ਤਸੱਲੀ ਜ਼ਾਹਰ ਕੀਤੀ ਸੀ। ਟਰੰਪ ਵੱਲੋਂ ਅਮਰੀਕਾ ਨੂੰ ਇੱਕਪਾਸੜ ਤੌਰ 'ਤੇ ਇਸ ਸਮਝੌਤੇ 'ਚੋਂ ਬਾਹਰ ਕੱਢ ਲਿਆ ਗਿਆ ਤੇ ਮੁੜ ਇਰਾਨ 'ਤੇ ਸਖਤ ਆਰਥਿਕ ਬੰਦਿਸ਼ਾਂ ਮੜ੍ਹ ਦਿੱਤੀਆਂ। ਇਸਦਾ ਕਾਰਨ ਵੀ ਇਰਾਨ 'ਤੇ ਹਮਲੇ ਲਈ ਉਸਦੀ ਘੇਰਾਬੰਦੀ ਲਈ ਬਹਾਨਾ ਘੜਨਾ ਸੀ। ਸਮਝੌਤੇ ਦੇ ਰਹਿੰਦਿਆਂ ਇਹ ਬਹਾਨਾ ਔਖਾ ਸੀ। ਉਸ ਤੋਂ ਮਗਰੋਂ ਇਰਾਨ ਨੇ ਮੁੜ ਯੂਰੇਨੀਅਮ ਸੋਧਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਇਜ਼ਰਾਇਲ ਨੇ ਇਰਾਨ ਅੰਦਰ ਕਈ ਜਾਸੂਸੀ ਅਪ੍ਰੇਸ਼ਨ ਕੀਤੇ ਤੇ ਇਰਾਨ ਦੇ ਕਈ ਨਿਊਕਲੀਅਰ ਵਿਗਿਆਨੀਆਂ ਦੇ ਕਤਲ ਕੀਤੇ ਗਏ। ਇਸ ਸਾਰੇ ਅਮਲ ਨੇ ਦਰਸਾਇਆ ਕਿ ਅਮਰੀਕਾ ਤੇ ਇਜ਼ਰਾਇਲ ਦੇ ਹਮਲੇ ਲਈ ਪ੍ਰਮਾਣੂ ਹਥਿਆਰਾਂ ਦਾ ਤਾਂ ਬਹਾਨਾ ਹੈ ਜਦਕਿ ਅਸਲ ਮਕਸਦ ਤਾਂ ਇਰਾਨ 'ਚ ਰਾਜ ਪਲਟਾ ਕਰਨਾ ਹੈ। 

ਅਸਲ ਮਕਸਦ 

ਇਰਾਨ 'ਤੇ ਬੋਲੇ ਗਏ ਹਮਲੇ ਦਾ ਅਸਲ ਮੰਤਵ ਉੱਥੋਂ ਦੇ ਮੌਜੂਦਾ ਰਾਜ ਨੂੰ ਉਲਟਾ ਕੇ ਆਪਣੀ ਕਠਪੁਤਲੀ ਹਕੂਮਤ ਕਾਇਮ ਕਰਨਾ ਹੈ ਤਾਂ ਕਿ ਪੱਛਮੀ ਏਸ਼ੀਆ ਦੇ ਇਸ ਖਿੱਤੇ ਅੰਦਰ ਅਮਰੀਕੀ ਸਾਮਰਾਜੀ ਚੌਧਰ ਨੂੰ ਕੋਈ ਚੁਣੌਤੀ ਨਾ ਦੇ ਸਕੇ ਅਤੇ ਉਸਦੇ ਲੁਟੇਰੇ ਸਾਮਰਾਜੀ ਹਿਤ ਸਲਾਮਤ ਰੱਖੇ ਜਾ ਸਕਣ। ਇਸ ਖਿੱਤੇ ਅੰਦਰ ਤੇਲ ਤੇ ਕੁਦਰਤੀ ਗੈਸ ਦੀ ਊਰਜਾ ਦੇ ਵੱਡੇ ਭੰਡਾਰ ਹਨ ਤੇ ਅਮਰੀਕਾ ਇਹਨਾਂ ਭੰਡਾਰਾਂ ਦੇ ਕੰਟਰੋਲ ਦੇ ਸਿਰ 'ਤੇ ਦੁਨੀਆਂ 'ਚ ਸਾਮਰਾਜੀ ਮਹਾਂਸਕਤੀ ਵਜੋਂ ਆਪਣੀ ਸਿਖਰਲੀ ਆਰਥਿਕ ਹੈਸੀਅਤ ਕਾਇਮ ਰੱਖ ਰਿਹਾ ਹੈ। ਬਾਕੀ ਦੇ ਅਰਬ ਮੁਲਕਾਂ ਦੀਆਂ ਹਕੂਮਤਾਂ ਆਮ ਕਰਕੇ ਅਮਰੀਕੀ ਪਿੱਠੂ ਹਕੂਮਤਾਂ ਹਨ ਤੇ ਤੇਲ ਦੀ ਲੁੱਟ 'ਚ ਆਪਣਾ ਹਿੱਸਾ ਲੈ ਕੇ, ਅਮਰੀਕੀ ਸੇਵਾ ਕਮਾਉਂਦੀਆਂ ਹਨ। ਇਹ ਰਾਜ ਬਹੁਤ ਪੱਖਾਂ ਤੋਂ ਅਮਰੀਕੀ ਮਿਹਰ 'ਤੇ ਨਿਰਭਰ ਹਨ ਜਦਕਿ ਇਹਨਾਂ ਮੁਲਕਾਂ 'ਚ ਅਮਰੀਕਾ ਲੁਟੇਰੀ ਸਾਮਰਾਜੀ ਤਾਕਤ ਵਜੋਂ ਘੋਰ ਬਦਨਾਮ ਮੁਲਕ ਹੈ। ਇਸ ਖਿੱਤੇ ਦੇ ਅਜਿਹੇ ਵਿਸ਼ੇਸ਼ ਮਹੱਤਵ ਕਰਕੇ ਹੀ ਦੂਜੀ ਸੰਸਾਰ ਜੰਗ ਤੋਂ ਮਗਰੋਂ ਇੱਥੇ ਯਹੂਦੀਆਂ ਦਾ ਇਜ਼ਰਾਇਲ ਮੁਲਕ ਵਸਾਇਆ ਗਿਆ ਸੀ। ਅਮਰੀਕੀ ਤੇ ਬਰਤਾਨਵੀ ਸਾਮਰਾਜੀਆਂ ਨੇ ਆਪਣੀਆਂ ਲੰਮੇ ਦਾਅ ਦੀਆਂ ਯੁੱਧਨੀਤਿਕ ਸਾਮਰਾਜੀ ਵਿਉਂਤਾਂ ਤਹਿਤ ਹੀ, ਯਹੂਦੀਆਂ ਪ੍ਰਤੀ ਸੰਸਾਰ 'ਚ ਉੱਠੀ ਹੋਈ ਹਮਦਰਦੀ ਦੀ ਲਹਿਰ ਦਾ ਲਾਹਾ ਲੈ ਕੇ, ਇੱਥੇ ਫਲਸਤੀਨ ਦੀ ਧਰਤੀ 'ਤੇ ਇਜ਼ਰਾਇਲ ਨਾਂ ਦਾ ਮੁਲਕ ਵਸਾ ਦਿੱਤਾ ਤੇ ਫ਼ਲਸਤੀਨੀਆਂ ਨੂੰ ਬੇ-ਵਤਨੇ ਕਰਕੇ ਉਜਾੜੇ ਦਾ ਸਰਾਪ ਗਲ ਪਾ ਦਿੱਤਾ। ਇਜ਼ਰਾਇਲੀ ਰਾਜ ਘੋਰ ਪਿਛਾਖੜੀ ਰਾਜ ਹੈ ਤੇ ਅਮਰੀਕਾ 'ਤੇ ਸਿੱਧੀ ਤਰ੍ਹਾਂ ਨਿਰਭਰ ਹੈ। ਦੂਜੀ ਸੰਸਾਰ ਜੰਗ ਮਗਰੋਂ ਸਾਮਰਾਜੀ ਤਾਕਤ ਵਜੋਂ ਬਰਤਾਨੀਆ ਦੇ ਕਾਫੀ ਕਮਜ਼ੋਰ ਹੋ ਜਾਣ ਤੇ ਅਮਰੀਕਾ ਦੇ ਵੱਡੇ ਸਾਮਰਾਜੀ ਸ਼ਕਤੀ ਵਜੋਂ  ਉਭਾਰ ਮਗਰੋਂ , ਇਸਦੀ ਵਾਗਡੋਰ ਅਮਰੀਕਾ ਨੂੰ ਮਿਲ ਗਈ। ਉਦੋਂ ਤੋਂ ਅਰਬ ਜਗਤ ਅੰਦਰ ਇਜ਼ਰਾਇਲ ਅਮਰੀਕੀ ਫੌਜੀ ਅੱਡੇ ਵਜੋਂ ਕੰਮ ਕਰਦਾ ਹੈ ਤੇ ਅਰਬ ਮੁਲਕਾਂ ਨੂੰ ਦਬਾਉਣ ਦਾ ਅਮਰੀਕੀ ਹੱਥਾ ਬਣਿਆ ਆ ਰਿਹਾ ਹੈ। ਫ਼ਲਸਤੀਨੀ ਕੋਮੀ ਮੁਕਤੀ ਸੰਗਰਾਮ ਉਦੋਂ  ਤੋਂ ਹੀ ਜਾਰੀ ਹੈ ਤੇ ਅਰਬ 'ਚ ਵੱਖ-ਵੱਖ ਟਾਕਰਾ ਸ਼ਕਤੀਆਂ ਇਸ ਜੱਦੋਜਹਿਦ ਦੀ ਹਮਾਇਤ ਕਰਦੀਆਂ ਹਨ। ਇਰਾਨੀ ਰਾਜ ਵੀ ਇਸ ਜੱਦੋਜਹਿਦ ਦੀ ਹਮਾਇਤ ਕਰਦਾ ਹੈ ਤੇ ਫ਼ਲਸਤੀਨੀ ਕੌਮੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਇਸ ਸਮੁੱਚੇ ਖਿੱਤੇ 'ਚ ਹੁਣ ਇਰਾਨ ਹੀ ਅਜਿਹਾ ਰਾਜ ਬਚਿਆ ਸੀ ਜੋ ਅਮਰੀਕੀ ਸਾਮਰਾਜੀ ਧੌਂਸ ਤੋ ਨਾਬਰ ਤੁਰਿਆ ਆ ਰਿਹਾ ਸੀ। ਪਹਿਲਾਂ ਸੀਰੀਆ ਵੀ ਅਮਰੀਕੀ ਸਾਮਰਾਜੀ ਵਿਉਂਤ 'ਚ ਫਿੱਟ ਨਹੀਂ ਬੈਠ ਰਿਹਾ ਸੀ ਪਰ ਅਸਦ ਦੀ ਹਕੂਮਤ ਉਲਟ ਜਾਣ ਮਗਰੋਂ ਇੱਕ ਵਾਰ ਵੱਡੇ ਰਾਜ ਵਜੋਂ ਅਮਰੀਕਾ ਲਈ ਫੌਰੀ ਚੁਣੌਤੀ ਇਰਾਨ ਹੀ ਬਣਿਆ ਹੋਇਆ ਹੈ। ਇਸ ਤੋਂ ਬਿਨਾਂ ਇਰਾਨ ਕੋਲ ਆਪਣੇ ਵੀ ਤੇਲ ਦੇ ਵੱਡੇ ਭੰਡਾਰ ਹਨ ਤੇ ਇਹ ਅਮਰੀਕੀ ਕੰਟਰੋਲ ਤੋਂ ਬਾਹਰ ਹਨ। ਇਰਾਨ ਆਪਣੇ ਤੇਲ ਦਾ ਵਪਾਰ ਡਾਲਰਾਂ 'ਚ ਕਰਨ ਤੋਂ ਇਨਕਾਰੀ ਹੈ। ਤੇਲ ਦਾ ਵਪਾਰ ਡਾਲਰ 'ਚ ਕੀਤੇ ਜਾਣ ਕਾਰਨ, ਡਾਲਰ ਦੀ ਦੁਨੀਆਂ 'ਚ ਮੰਗ ਜ਼ਿਆਦਾ ਹੈ ਤੇ ਇਉਂ ਮਜ਼ਬੂਤ ਕਰੰਸੀ ਬਣੀ ਹੋਈ ਹੈ। ਬਾਕੀ ਅਰਬ ਮੁਲਕ ਇਹ ਵਪਾਰ ਡਾਲਰ 'ਚ ਕਰ ਰਹੇ ਹਨ ਜਦਕਿ ਇਰਾਨ ਅਜਿਹਾ ਨਹੀਂ ਕਰ ਰਿਹਾ ਤੇ ਡਾਲਰ ਤੋਂ ਬਿਨਾਂ ਵਪਾਰ ਕਰਨ ਵਾਲੇ ਮੁਲਕਾਂ 'ਚ ਮੋਹਰੀ ਹੈ ਅਤੇ ਇਸ ਰੁਝਾਨ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾ ਕਰ ਰਿਹਾ ਹੈ। ਇਹ ਵੀ ਅਮਰੀਕਾ ਨੂੰ ਵਾਰਾ ਨਹੀਂ ਖਾਂਦਾ। 

ਇਸ ਪ੍ਰਸੰਗ 'ਚ ਹੀ ਇਰਾਨ ਇਜ਼ਰਾਇਲ ਟਕਰਾਅ 1979 ਵੇਲੇ ਤੋਂ ਹੀ ਤੁਰਿਆ ਆ ਰਿਹਾ ਹੈ ਜਦੋਂ ਇਰਾਨ ਅੰਦਰ ਅਮਰੀਕੀ ਪਿੱਠੂ ਸ਼ਾਹ ਰਜ਼ਾ ਪਹਿਲਵੀ ਦੀ ਹਕੂਮਤ ਉਲਟਾ ਕੇ 'ਇਸਲਾਮਕ ਇਨਕਲਾਬ' ਦੇ ਨਾਂ ਹੇਠ ਨਵਾਂ ਰਾਜ ਕਾਇਮ ਹੋਇਆ ਸੀ। ਇਸ 'ਇਸਲਾਮਕ ਇਨਕਲਾਬ' 'ਚ ਲੋਕਾਂ ਦੀਆਂ ਅਮਰੀਕੀ ਸਾਮਰਾਜ ਵਿਰੋਧੀ ਜ਼ੋਰਦਾਰ ਭਾਵਨਾਵਾਂ ਸਨ ਤੇ ਸ਼ਾਹ ਦੀ ਪਿੱਠੂ ਹਕੂਮਤ ਅਤੇ ਅਮਰੀਕੀ ਸਾਮਰਾਜ ਲੁੱਟ ਤੇ ਦਾਬੇ ਖ਼ਿਲਾਫ਼ ਤਿੱਖਾ ਰੋਸ ਸੀ। ਇਸ ਹਾਲਤ 'ਚ ਹੀ ਸ਼ਾਹ ਦਾ ਤਖਤਾ ਪਲਟ ਕੇ ਇਹ ਮੌਜੂਦਾ ਰਾਜ ਬਣਿਆ ਸੀ ਤੇ ਇਹ ਉਦੋਂ ਤੋਂ ਹੀ ਇਜ਼ਰਾਇਲ ਤੇ ਅਮਰੀਕੀ ਸਾਮਰਾਜੀਆਂ ਲਈ ਚੁਣੌਤੀ ਬਣਿਆ ਹੋਇਆ ਸੀ। ਇਹਨਾਂ ਦੋਹਾਂ ਮੁਲਕਾਂ ਵੱਲੋਂ ਇੱਥੇ ਰਾਜ ਪਲਟੇ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਪੰਜ ਵਰ੍ਹੇ ਪਹਿਲਾਂ ਇਰਾਨ ਦੇ ਜਰਨਲ ਕਾਸਿਮ ਸੁਲੇਮਾਨੀ ਦਾ ਵੀ ਅਮਰੀਕਾ ਵੱਲੋਂ ਮਿਜ਼ਾਇਲ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਰਾਕ 'ਚ ਸੀ। ਇਸ ਜਰਨਲ ਦਾ ਇਰਾਨ ਦੇ ਇਸ ਖਿੱਤੇ ਅੰਦਰ ਵਧ ਰਹੇ ਫੌਜੀ ਪ੍ਰਭਾਵ 'ਚ ਮੋਹਰੀ ਰੋਲ ਸੀ ਤੇ ਉਹ ਅਮਰੀਕੀ ਵਿਰੋਧੀ ਟਾਕਰਾ ਸ਼ਕਤੀਆਂ ਨਾਲ ਇਰਾਨ ਦੇ ਅਸਰਦਾਰ ਤਾਲਮੇਲ ਦੀ ਅਹਿਮ ਕੜੀ ਸੀ। ਇਰਾਨ ਅੰਦਰ ਅਮਰੀਕੀ ਖੁਫ਼ੀਆ ਏਜੰਸੀ ਸੀ.ਆਈ.ਏ. ਤੇ ਇਜ਼ਰਾਇਲੀ ਖੁਫ਼ੀਆ ਏਜੰਸੀ ਮੌਸਾਦ ਦਾ ਕਾਫੀ ਵਿਆਪਕ ਤਾਣਾ ਬਾਣਾ ਕੰਮ ਕਰਦਾ ਹੈ ਤੇ ਕਿੰਨੇ ਹੀ ਮੌਕਿਆਂ 'ਤੇ ਇਹਨਾਂ ਨੇ ਇਰਾਨੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਆਪਣੇ ਏਜੰਟਾਂ ਰਾਹੀਂ ਸਰਕਾਰ ਉਲਟਾ ਕੇ, ਆਪਣੀ ਕਠਪੁਤਲੀ ਸਰਕਾਰ ਬਣਾਉਣ ਦੀਆਂ ਮੁਹਿੰਮਾਂ ਜਥੇਬੰਦ ਕਰਨ ਦੇ ਯਤਨ ਕੀਤੇ ਹਨ ਪਰ ਇਹ ਯਤਨ ਨਾਕਾਮ ਹੁੰਦੇ ਆਏ ਹਨ। ਇਸ ਚੜ੍ਹਦੇ ਸਾਲ ਹੀ ਇਰਾਨ ਅੰਦਰ ਸੱਤਾ ਵਿਰੋਧੀ ਪ੍ਰਦਰਸ਼ਨਾਂ ਦਾ ਇੱਕ ਉਭਾਰ ਉੱਠਿਆ ਸੀ ਜਿਸ ਵਿੱਚ ਅਮਰੀਕੀ ਤੇ ਇਜ਼ਰਾਇਲੀ ਏਜੰਸੀਆਂ ਦੀ ਭੂਮਿਕਾ ਵੀ ਗਿਣੀ ਜਾ ਰਹੀ ਸੀ। ਇਹਨਾਂ ਵੱਡੇ ਰੋਸ ਪ੍ਰਦਰਸ਼ਨਾਂ ਦਾ ਬੁਨਿਆਦੀ ਕਾਰਨ ਤਾਂ ਇਰਾਨੀ ਲੋਕਾਂ ਦੇ ਮਸਲੇ ਸਨ ਜਿਹੜੇ ਵਧ ਰਹੀ ਮਹਿੰਗਾਈ ਕਾਰਨ ਤਿੱਖੇ ਹੋ ਗਏ ਸਨ। ਇਰਾਨੀ ਰਾਜ ਨੇ ਕਿਹਾ ਸੀ ਕਿ ਵਧ ਰਹੀ ਮਹਿੰਗਾਈ ਦਾ ਵੱਡਾ ਕਾਰਨ ਅਮਰੀਕੀ ਆਰਥਿਕ ਬੰਦਿਸ਼ਾਂ ਹਨ। ਇਰਾਨੀ ਰਾਜ ਨੇ ਇਹਨਾਂ ਪ੍ਰਦਰਸ਼ਨਾਂ ਨੂੰ ਤਾਕਤ ਨਾਲ ਕੁਚਲ ਦਿੱਤਾ ਸੀ। 

ਹੁਣ ਵੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਚਾਹੇ ਬਹਾਨਾ ਪ੍ਰਮਾਣੂ ਬੰਬ ਬਣਾਉਣ ਤੋਂ ਰੋਕਣ ਦਾ ਲਗਾਇਆ ਗਿਆ ਹੈ ਜਦਕਿ ਮਕਸਦ ਸਪੱਸ਼ਟ ਹੀ ਐਲਾਨਿਆ ਜਾ ਰਿਹਾ ਹੈ। ਹਵਾਈ ਬੰਬਾਰੀ ਨਾਲ ਪ੍ਰਮੁੱਖ ਲੀਡਰਸ਼ਿਪ ਖਤਮ ਕਰਕੇ, ਰਾਜ ਪਲਟਾ ਕਰਨ ਦੀ ਵਿਉਂਤ ਬਣਾਈ ਗਈ ਸੀ। ਅਮਰੀਕਾ ਇੱਥੇ ਅਜਿਹੀ ਹਕੂਮਤ ਚਾਹੁੰਦਾ ਹੈ ਜਿਸ ਰਾਹੀਂ ਉਹ ਨਾ ਸਿਰਫ ਇਰਾਨ ਦੇ ਤੇਲ ਦੀ ਮਨਚਾਹੀ ਲੁੱਟ ਕਰ ਸਕੇ ਸਗੋਂ ਇੱਕ ਹੋਰ ਕਠਪੁਤਲੀ ਹਕੂਮਤ ਰਾਹੀਂ ਮੱਧ ਪੂਰਬ ਦੀ ਆਪਣੀ ਯੁੱਧਨੀਤਿਕ ਵਿਉਂਤ ਲਾਗੂ ਕਰ ਸਕੇ ਭਾਵ ਇਜ਼ਰਾਇਲ ਲਈ ਪਸਾਰੇ 'ਚ ਚੁਣੌਤੀ ਖਤਮ ਕਰ ਸਕੇ ਤੇ ਅਰਬ ਜਗਤ ਅੰਦਰਲੀਆਂ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਮਿਲਦੀ ਸਹਾਇਤਾ ਸਮਾਪਤ ਕਰ ਸਕੇ। ਮੱਧ ਪੂਰਬ 'ਤੇ ਮੁਕੰਮਲ ਕੰਟਰੋਲ ਕਰ ਸਕੇ। 2023 'ਚ ਹਮਾਸ ਦੇ ਹਮਲੇ ਤੇ ਫਿਰ ਢਾਈ ਸਾਲ ਦੇ ਇਜ਼ਰਾਇਲੀ ਬਾਰੂਦੀ ਕਹਿਰ ਨੇ ਇਸ ਖਿੱਤੇ ਅੰਦਰ ਫ਼ਲਸਤੀਨ ਦੇ ਮਸਲੇ ਨੂੰ ਮੁੜ ਕੇਂਦਰੀ ਦ੍ਰਿਸ਼ 'ਤੇ ਲਿਆਂਦਾ। ਇਸ ਵੇਲੇ ਇਰਾਨ ਤੇ ਇਜ਼ਰਾਇਲ ਦੇ ਵਿਰੋਧਾਂ 'ਚ ਹੋਰ ਤਿੱਖ ਆ ਗਈ ਕਿਉਂਕਿ ਫ਼ਲਸਤੀਨੀ ਲੋਕ ਟਾਕਰੇ ਤੇ ਹੋਰਨਾਂ ਸ਼ਕਤੀਆਂ ਦੀ ਸਹਾਇਤਾ ਕਾਰਨ ਇਰਾਨ ਇਜ਼ਰਾਇਲ ਦੇ ਹੋਰ ਜ਼ਿਆਦਾ ਨਿਸ਼ਾਨੇ 'ਤੇ ਆ ਗਿਆ। 

ਇਰਾਨ ਨੂੰ ਪ੍ਰਮਾਣੂ ਬੰਬ ਨਾ ਬਣਾਉਣ ਦੇਣ ਦੀ ਅਮਰੀਕੀ ਧੌਂਸ ਨੰਗੀ ਚਿੱਟੀ ਗੁੰਡਾਗਰਦੀ ਦੀ ਨੀਤੀ 'ਤੇ ਟਿਕੀ ਹੋਈ ਹੈ। ਉਹ ਖੁਦ ਤੇ ਹੋਰ ਸਾਮਰਾਜੀ ਮੁਲਕ ਤਾਂ ਪ੍ਰਮਾਣੂ ਬੰਬ ਬਣਾ ਸਕਦੇ ਹਨ ਪਰ ਹੋਰਨਾਂ ਮੁਲਕਾਂ ਨੂੰ ਉਹ ਇਹ ਹੱਕ ਦੇਣ ਤੋਂ ਇਨਕਾਰੀ ਹੁੰਦੇ ਹਨ। ਉਹਨਾਂ ਮੁਲਕਾਂ 'ਤੇ ਪਾਬੰਦੀਆਂ ਲੱਗਦੀਆਂ ਹਨ। ਜੇਕਰ ਸਾਮਰਾਜੀ ਮੁਲਕ ਪ੍ਰਮਾਣੂ ਬੰਬ ਰੱਖ ਸਕਦੇ ਹਨ ਤਾਂ ਦੂਸਰੇ ਕਿਉਂ ਨਹੀਂ, ਇਹ ਬਹੁਤ ਵਾਜਬ ਤੇ ਹੱਕੀ ਗੱਲ ਹੈ ਪ੍ਰੰਤੂ ਅਮਰੀਕਾ ਦਾ ਤਕੜੇ ਦਾ ਸੱਤੀਂ ਵੀਹੀ ਸੌ ਦਾ ਧੱਕੜ ਵਿਹਾਰ ਹੈ। ਇਹ ਵਿਹਾਰ ਉਸਦੀਆਂ ਲੁਟੇਰੀਆਂ ਸਾਮਰਾਜੀ ਵਿਉਂਤਾਂ/ਮਕਸਦਾਂ 'ਚੋਂ ਤੈਅ ਹੁੰਦਾ ਹੈ।  ਇਰਾਕ 'ਤੇ ਹਮਲੇ ਵੇਲੇ ਵੀ ਇਹੀ ਤਰਕ ਸੀ। ਹਾਲਾਂਕਿ ਇਰਾਕ 'ਚ ਖਤਰਨਾਕ ਹਥਿਆਰਾਂ ਦੀ ਹੋਂਦ ਬਾਰੇ ਉਸਦੇ ਝੂਠ ਦਾ ਦੁਨੀਆਂ ਭਰ 'ਚ ਜਲੂਸ ਨਿਕਲ ਚੁੱਕਾ ਹੈ।

ਮੌਜੂਦਾ ਹਮਲਾ ਤੇ ਇਰਾਨੀ ਟਾਕਰਾ

ਅਮਰੀਕੀ ਸਾਮਰਾਜੀਆਂ ਨੇ ਇਸ ਖਿੱਤੇ ਅੰਦਰ ਪਹਿਲਾਂ ਹੀ ਕਿੰਨੇ ਹਮਲੇ ਕੀਤੇ ਹਨ, ਕਈ ਰਾਜ ਪਲਟੇ ਕਰਵਾਏ ਹਨ ਤੇ ਇਰਾਕ ਅਫ਼ਗਾਨਿਸਤਾਨ ਵਰਗੇ ਮੁਲਕਾਂ ਅੰਦਰ ਵੱਡੀਆਂ ਜੰਗੀ ਮੁਹਿੰਮਾਂ ਚਲਾਈਆਂ ਹਨ। 'ਅਰਬ ਬਹਾਰ' ਵੇਲੇ ਵੀ ਅਮਰੀਕੀ ਸਾਮਰਾਜੀਆਂ ਨੇ ਮਿਸਰ, ਟੁਨੀਸ਼ੀਆ ਤੇ ਲਿਬੀਆ ਵਰਗੇ ਮੁਲਕਾਂ ਅੰਦਰ ਲੋਕਾਂ ਦੇ ਉਭਾਰ ਦੀ ਵਰਤੋਂ ਕਰਕੇ ਆਪਣੀਆਂ ਹੀ ਸੇਵਾਦਾਰ ਰਹੀਆਂ ਪਰ ਗੈਰ-ਪ੍ਰਸੰਗਿਕ ਹੋ ਰਹੀਆਂ ਹਕੂਮਤਾਂ ਨੂੰ ਪਾਸੇ ਕਰਕੇ, ਆਪਣੀਆਂ ਬਦਲਵੀਆਂ ਕਠਪੁਤਲੀ ਹਕੂਮਤਾਂ ਕਾਇਮ ਕੀਤੀਆਂ ਸਨ। ਅਮਰੀਕਾ ਵੱਲੋਂ 2001 'ਚ ਅਫ਼ਗਾਨਿਸਤਾਨ 'ਤੇ ਕੀਤੇ ਹਮਲੇ ਵੇਲੇ ਨਾਲੋਂ ਹੁਣ ਹਾਲਤ ਬਦਲ ਚੁੱਕੀ ਹੈ। ਉਦੋਂ ਜਿਵੇਂ ਸਮੁੱਚਾ ਨਾਟੋ ਕੈਂਪ ਅਮਰੀਕੀ ਸਾਮਰਾਜ ਨਾਲ ਖੜ੍ਹਾ ਸੀ ਤੇ ਅਫ਼ਗਾਨਿਸਤਾਨ ਦੀ ਤਾਲਿਬਾਨ ਹਕੂਮਤ ਵੀ ਇੱਕ ਕਮਜ਼ੋਰ ਹਕੂਮਤ ਸੀ। ਉਦੋਂ  ਹਮਲਾ ਕਰਨ ਵੇਲੇ ਅਮਰੀਕਾ ਅੰਦਰ 9/11 ਦੇ ਹੋਏ ਹਮਲਿਆਂ ਦੇ ਦੋਸ਼ੀਆਂ ਨੂੰ ਫੜ੍ਹਨ ਦਾ ਬਹਾਨਾ ਬਣਾਇਆ ਗਿਆ ਸੀ ਤੇ ਦੁਨੀਆਂ 'ਚ ਇਹਦੇ ਲਈ ਜਜ਼ਬਾਤੀ ਵਜਾਹਤ ਜੁਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਹ ਹਮਲਾ ਯੂ.ਐਨ.ਦੀ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਢੋਈ ਲੈ ਕੇ ਕੀਤਾ ਗਿਆ ਸੀ। ਇਸਨੂੰ ਓਸਾਮਾ ਬਿਨ ਲਾਦੇਨ ਨੂੰ ਫੜ੍ਹਨ ਦੀ ਮੁਹਿੰਮ ਵਜੋਂ ਪੇਸ਼ ਕੀਤਾ ਗਿਆ ਸੀ ਤੇ ਇਸਨੂੰ ਅਮਰੀਕਾ ਲਈ ਸਵੈ-ਰੱਖਿਆ ਦੇ ਹਮਲੇ ਵਜੋਂ ਪੇਸ਼ ਕੀਤਾ ਗਿਆ ਸੀ। ਉਦੋਂ ਅਮਰੀਕੀ ਅਗਵਾਈ 'ਚ ਕੌਮਾਂਤਰੀ ਸੁਰੱਖਿਆ ਸਹਾਇਤਾ ਫੋਰਸ ਬਣਾਈ ਗਈ ਸੀ।  ਇਹ ਵੱਖਰਾ ਮਸਲਾ ਹੈ ਕਿ ਉਂਝ 20 ਸਾਲ ਮਗਰੋਂ ਜਦੋਂ ਅਮਰੀਕੀ ਹਾਰ ਕੇ ਨਿਕਲੇ ਤਾਂ ਉਹੀ ਤਾਲਿਬਾਨ ਮੁੜ ਸੱਤਾ 'ਤੇ ਆ ਗਿਆ। 2001 ਦੀ ਉਸ ਹਾਲਤ 'ਚ ਅਮਰੀਕੀ ਸਾਮਰਾਜੀਆਂ ਨੂੰ ਦੁਨੀਆਂ 'ਚੋਂ ਨਿਖੇੜੇ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ। 2003 'ਚ ਸੱਦਾਮ ਹਕੂਮਤ ਵੇਲੇ ਇਰਾਕ 'ਤੇ ਹਮਲਾ ਕੀਤਾ ਗਿਆ ਸੀ ਤਾਂ ਉਦੋਂ ਨਾਟੋ  ਸਾਮਰਾਜੀ ਕੈਂਪ 'ਚ ਤਰੇੜਾਂ ਦਿਖਾਈ ਦਿੱਤੀਆਂ ਸਨ। ਪਰ ਹੁਣ ਉਦੋਂ ਨਾਲੋਂ ਅਮਰੀਕੀ ਸਾਮਰਾਜੀ ਮਹਾਂਸ਼ਕਤੀ ਦੀ ਹੈਸੀਅਤ ਨੂੰ ਖੋਰਾ ਪੈ ਚੁੱਕਿਆ ਹੈ। ਨਾਟੋਂ ਕੈਂਪ ਨਾਲ ਬਣੇ ਰਹੇ ਟਕਰਾਅ ਜੱਗ-ਜ਼ਾਹਿਰ ਹੋ ਰਹੇ ਹਨ। ਪਹਿਲਾਂ ਯੂਕੇਰਨ ਤੇ ਫਿਰ ਗਰੀਨਲੈਂਡ ਮਸਲੇ 'ਤੇ ਯੂਰਪੀ ਸਾਮਰਾਜੀ ਤਾਕਤਾਂ ਦਾ ਅਮਰੀਕਾ ਨਾਲ ਰੱਟਾ ਸਾਹਮਣੇ ਆ ਚੁੱਕਿਆ ਹੈ। ਸਾਮਰਾਜੀ ਅੰਤਰ ਵਿਰੋਧਾਂ ਦੀ ਹਾਲਤ ਉਸ ਸਮੇਂ ਨਾਲੋਂ ਕਾਫੀ ਅੱਗੇ ਵਧ ਚੁੱਕੀ ਹੈ। ਰੂਸ ਨਾਲ ਤਾਂ ਮਸਲਾ ਹੀ ਵੱਖ ਹੈ, ਇਹ ਟਕਰਾਅ ਤਾਂ ਅਮਰੀਕੀ ਅਗਵਾਈ ਵਾਲੇ ਨਾਟੋ ਗੱਠਜੋੜ 'ਚ ਵੀ ਜ਼ਾਹਰ ਹੋ ਰਹੇ ਹਨ। ਹੁਣ ਇਰਾਨ ਹਮਲੇ ਵੇਲੇ ਇੰਗਲੈਂਡ ਨੇ ਪਹਿਲਾਂ ਆਪਣਾ ਏਅਰਬੇਸ ਵਰਤਣ ਤੋਂ ਇਨਕਾਰ ਹੀ ਕਰ ਦਿੱਤਾ ਸੀ ਜਿਸ 'ਤੈ ਟਰੰਪ ਕਾਫੀ ਤਿਲਮਿਲਾਇਆ ਸੀ ਤੇ ਇੰਗਲੈਂਡ ਦੇ ਹੁਕਮਰਾਨਾਂ ਨੂੰ ਮੰਦਾ ਚੰਗਾ ਬੋਲਿਆ ਸੀ। ਇੰਗਲੈਂਡ ਦੇ ਪ੍ਰਧਾਨ ਮੰਤਰੀ ਕੇਰ ਸਟਾਰਮਰ ਨੇ ਕਿਹਾ ਸੀ ਉਹਨਾਂ ਇਰਾਕ ਦੇ ਹਮਲੇ ਤੋਂ ਸਬਕ ਸਿੱਖੇ ਹਨ ਤੇ ਉਹ ਅਮਰੀਕੀ ਹਮਲੇ 'ਚ ਸ਼ਾਮਿਲ ਨਹੀਂ ਹੋ ਰਹੇ। ਉਹਨਾਂ ਨੇ ਟਿੱਪਣੀ ਕੀਤੀ ਕਿ 'ਉਹ ਅਸਮਾਨਾਂ ਤੋਂ ਰਾਜ ਬਦਲਣ 'ਚ ਯਕੀਨ ਨਹੀਂ ਰੱਖਦੇ'। ਇਸ ਵਾਰ ਇਗਲੈਂਡ, ਜਰਮਨੀ ਤੇ ਫਰਾਂਸ ਵਰਗੇ ਮੁਲਕ ਹਮਲੇ ਦੇ ਪ੍ਰੋਜੈਕਟ 'ਚ ਸ਼ਾਮਲ ਨਹੀਂ ਹਨ। ਹਾਲਾਂਕਿ ਉਹਨਾਂ ਦੇ ਸਾਮਰਾਜੀ ਹਿੱਤ ਵੀ ਇਰਾਨ ਨਾਲ ਤਾਂ ਟਕਰਾਅ 'ਚ ਹਨ ਪਰ ਅਮਰੀਕਾ ਨਾਲ ਸਾਂਝੀ ਸਹਿਮਤੀ ਨਹੀਂ ਬਣ ਪਾ ਰਹੀ ਹੈ। ਟਰੰਪ ਹੁਣ ਨਾਟੋ ਨੂੰ ਸਟਰੀਟ ਆਫ਼ ਹਾਰਮੂਜ਼ ਖੁਲ੍ਹਵਾਉਣ ਲਈ ਨਾਲ ਆਉਣ ਦੇ ਵਾਸਤੇ ਪਾ ਰਿਹਾ ਹੈ। ਇੱਕ ਪਾਸੇ ਆਪਣੇ ਸੰਗੀਆਂ ਤੇ ਸ਼ਰੀਕਾਂ  'ਚ ਅਮਰੀਕਾ ਦੀ ਇਹ ਸਥਿਤੀ ਹੈ ਤੇ ਨਾਲ ਹੀ ਦੁਨੀਆਂ ਭਰ ਦੇ ਲੋਕਾਂ  'ਚ ਵੀ ਉਸਦਾ ਨਿਖੇੜਾ ਹੋਰ ਵਧਿਆ ਹੈ। ਟਰੰਪ ਦੇ ਪਿਛਲੇ ਸਾਲ ਦੇ ਵਿਸ਼ੇਸ਼ ਕਰਕੇ ਹੈਂਕੜਬਾਜ਼ ਰਵੱਈਏ ਨੇ ਸੰਸਾਰ ਭਰ 'ਚ ਅਮਰੀਕੀ ਸਾਮਰਾਜ ਦੇ ਧੱਕੜ ਵਿਹਾਰ ਨੂੰ ਨਸ਼ਰ ਕੀਤਾ ਹੈ। ਫਲਸਤੀਨੀ ਲੋਕਾਂ ਦੇ ਕਤਲੇਆਮ 'ਚ ਇਜ਼ਰਾਇਲ ਦੀ ਪਿੱਠ 'ਤੇ ਖੜ੍ਹਾ ਅਮਰੀਕੀ ਸਾਮਰਾਜ ਹੁਣੇ-ਹੁਣੇ ਹੀ ਸਾਰੇ ਜਹਾਨ ਨੇ ਦੇਖਿਆ ਹੈ ਤੇ ਹਜ਼ਾਰਾਂ ਬੱਚਿਆਂ ਦੇ ਕਾਤਲ ਵਜੋਂ ਖੂਨ ਨਾਲ ਅਮਰੀਕੀ ਸਾਮਰਾਜੀਆਂ ਦਾ ਲਿਬੜਿਆ ਮੂੰਹ ਦੁਨੀਆਂ ਨੂੰ ਦਿਖਾਈ ਦੇ ਰਿਹਾ ਹੈ। ਇਸ ਹਾਲਤ 'ਚ ਇਰਾਨ 'ਤੇ ਹਮਲੇ ਲਈ ਅਮਰੀਕੀ ਸਾਮਰਾਜੀਆਂ ਨੂੰ ਸੰਸਾਰ 'ਚੋਂ ਕਿਸੇ ਤਰ੍ਹਾਂ ਦੀ ਹਮਾਇਤ ਨਹੀਂ ਹੈ, ਤੇ ਉਸਦੇ ਇਸ ਨਿਖੇੜੇ ਦਾ ਹੀ ਅਸਰ ਹੈ ਕਿ ਪੱਛਮੀ ਯੂਰਪੀ  ਸਾਮਰਾਜੀ ਮੁਲਕ ਵੀ ਉਸ ਨਾਲ ਖੁੱਲ੍ਹ ਕੇ ਆਉਣ ਤੋਂ ਪ੍ਰਹੇਜ਼ ਕਰ ਰਹੇ ਹਨ। ਉਹਨਾਂ 'ਤੇ ਇੱਕ ਬੇ-ਪ੍ਰਤੀਤੇ ਸੰਗੀ ਵਜੋਂ ਵੀ ਅਮਰੀਕੀ ਸਾਮਰਾਜੀਆਂ ਦੀ ਪੜਤ ਦਾ ਅਸਰ ਪੈ ਚੁੱਕਿਆ ਹੈ। ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ  ਉਹਨਾਂ ਨੂੰ ਕਈ ਮੌਕਿਆਂ 'ਤੇ ਇਕੱਲਿਆਂ ਛੱਡ ਕੇ ਅਮਰੀਕੀ ਸਾਮਰਾਜ ਆਪਣੀ ਖੱਲ ਬਚਾਉਣ ਤੁਰ ਪੈਂਦਾ ਰਿਹਾ ਹੈ। ਯੂਕੇਰਨ 'ਚ ਜੰਗ ਖਤਮ ਕਰਨ ਤੇ ਰੂਸ ਨੂੰ ਛੋਟਾਂ ਦੇਣ ਨੂੰ ਲੈ ਕੇ ਪੈਦਾ ਹੋਏ ਮੱਤਭੇਦ ਵੀ ਅਜਿਹੇ ਹੀ ਹਨ। ਰੂਸ ਦੇ ਮਾਮਲੇ  'ਚ ਟਰੰਪ ਦਾ ਨਰਮ ਗੋਸ਼ਾ ਯੂਰਪੀ ਤਾਕਤਾਂ ਨੂੰ ਚੁਭ ਰਿਹਾ ਹੈ।

ਪਿਛਲੇ ਸਾਲ ਜੂਨ 'ਚ ਅਮਰੀਕੀ ਤੇ ਇਜ਼ਰਾਇਲੀ ਜਹਾਜ਼ਾਂ ਨੇ ਇਰਾਨ 'ਤੇ ਬੰਬਾਰੀ ਕਰਕੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦੇਣ ਦੇ ਦਮਗਜ਼ੇ ਮਾਰੇ ਸਨ ਪਰ ਉਦੋਂ ਵੀ ਨਾ ਤਾਂ ਇਰਾਨ ਨੂੰ ਕੋਈ ਵੱਡਾ ਨੁਕਸਾਨ ਪਹੁੰਚਾਇਆ ਜਾ ਸਕਿਆ ਸੀ ਤੇ ਨਾ ਹੀ ਇਰਾਨ ਨੂੰ ਅਮਰੀਕਾ ਵਿਰੋਧੀ ਟਾਕਰਾ ਸ਼ਕਤੀਆਂ ਦੀ ਸਹਾਇਤਾ ਕਰਨੋ ਰੋਕਿਆ ਜਾ ਸਕਿਆ ਸੀ। ਉਲਟਾ ਇਰਾਨ ਵੱਲੋਂ ਇਜ਼ਰਾਇਲ ਅੰਦਰ ਸਿੱਟੀਆਂ ਮਿਜ਼ਾਇਲਾਂ ਨੇ ਜ਼ਰੂਰ ਇਜ਼ਰਾਇਲੀ ਹਾਕਮਾਂ ਨੂੰ ਝਟਕੇ ਦੇ ਦਿੱਤੇ ਸਨ ਤੇ ਇਜ਼ਰਾਇਲੀ ਤੜ੍ਹ ਭੰਨ ਦਿੱਤੀ ਸੀ। ਟਰੰਪ ਨੇ ਮੁੜ ਕੇ ਫਿਰ ਉਸੇ ਪ੍ਰਮਾਣੂ ਪ੍ਰੋਗਰਾਮ ਨੂੰ ਤਬਾਹ ਕਰਨ ਦੇ ਐਲਾਨ ਕੀਤੇ ਜਿਸਨੂੰ ਉਹ ਆਪਣੇ B-2 ਜਹਾਜ਼ਾਂ ਨਾਲ ਤਬਾਹ ਕਰਨ ਦੇ ਦਾਅਵੇ ਕਰ ਚੁੱਕਿਆ ਸੀ। 

ਹੁਣ ਵੀ ਇਰਾਨ ਗੱਲਬਾਤ ਦੌਰਾਨ ਸੰਭਾਵੀ ਅਮਰੀਕੀ ਹਮਲੇ ਦੀ ਤਿਆਰੀ ਕਰਦਾ ਰਿਹਾ ਸੀ। ਇਰਾਨ ਨੇ ਆਪਣੇ ਮੁਲਕ ਦੀ ਪ੍ਰਭੂਸੱਤਾ ਦੀ ਰਾਖੀ ਲਈ ਇਸ ਧੱਕੜ ਹਮਲੇ ਦਾ ਮੋੜਵਾਂ ਜਵਾਬ ਦਿੱਤਾ ਹੈ। ਉਸਨੇ ਇਸ ਖੇਤਰ 'ਚ ਅਰਬ ਮੁਲਕਾਂ ਅੰਦਰ ਮੌਜੂਦ ਅਮਰੀਕੀ ਫੌਜੀ ਅੱਡਿਆਂ ਵੱਲ ਮਿਜ਼ਾਇਲਾਂ ਦਾਗ ਕੇ ਅਮਰੀਕੀ ਸਾਮਰਾਜੀ ਚੌਧਰ ਨੂੰ ਐਲਾਨੀਆ ਚੁਣੌਤੀ ਦਿੱਤੀ ਹੈ। ਇਹਨਾਂ ਨਾਲ ਅਮਰੀਕੀ ਫੌਜੀ ਵੀ ਮਰੇ ਹਨ ਤੇ ਤਕਨੀਕੀ ਜੰਗੀ ਸਾਜੋ ਸਮਾਨ ਦਾ ਨੁਕਸਾਨ ਵੀ ਹੋਇਆ ਹੈ। ਇਰਾਨ ਦੀਆਂ ਬੈਲਸੈਟਿਕ ਮਿਜ਼ਾਇਲਾਂ ਤੇ ਆਵਾਜ਼ ਦੀ ਸਪੀਡ ਤੋਂ ਵੀ ਤੇਜ਼ ਜਾਣ ਵਾਲੀਆਂ ਸੁਪਰਸੋਨਿਕ ਮਿਜ਼ਾਇਲਾਂ ਨੇ ਇਜ਼ਰਾਇਲ ਤੇ ਅਮਰੀਕੀ ਟਿਕਾਣਿਆਂ ਦੀ ਤਬਾਹੀ ਕੀਤੀ ਹੈ। ਚਾਹੇ ਇਹਨਾਂ ਵੱਲੋਂ ਨੁਕਸਾਨ ਨੂੰ ਕਾਫ਼ੀ ਘਟਾ ਕੇ ਦੱਸਿਆ ਜਾ ਰਿਹਾ ਹੈ। ਇਰਾਨੀ ਮਿਜ਼ਾਇਲਾਂ ਤੇ ਡਰੋਨਾਂ ਦੇ ਡਰੋਂ ਅਮਰੀਕਾ ਆਪਣਾ ਜੰਗੀ ਬੇੜਾ ਲਿੰਕਨ ਪਿੱਛੇ ਸਮੁੰਦਰਾਂ 'ਚ ਲੈ ਗਿਆ ਹੈ। 

ਹਮਲੇ ਤੋਂ ਪਹਿਲਾਂ ਇਰਾਨ ਨੇ ਕਿਹਾ ਸੀ ਕਿ ਉਹ ਹਮਲੇ ਦੇ ਵਿਰੋਧ 'ਚ ਹੌਰਮੂਜ਼ ਸਮੁੰਦਰੀ ਲਾਂਘੇ ਨੂੰ ਬੰਦ ਕਰੇਗਾ ਜਿੱਥੋਂ ਦੁਨੀਆਂ ਦੇ 25 ਤੋਂ 30% ਤੇਲ ਤੇ ਗੈਸ ਦੀ ਸਪਲਾਈ ਹੁੰਦੀ ਹੈ। ਇਰਾਨ ਨੇ ਇੱਥੋਂ ਜਹਾਜ਼ਾਂ ਦੇ ਲੰਘਣ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਦੁਨੀਆਂ ਭਰ 'ਚ ਇਸਦੇ ਅਸਰ ਦਿਖਣੇ ਸ਼ੁਰੂ ਹੋ ਗਏ ਹਨ। ਅਮਰੀਕੀ ਸਾਮਰਾਜੀਏ ਇਸ ਰਾਹ ਤੋਂ ਆਪਣੇ ਪਿੱਠੂ ਮੁਲਕਾਂ ਦੇ ਤੇਲ ਟੈਕਰਾਂ ਨੂੰ ਸੁਰੱਖਿਆ ਦੇਣ ਤੋਂ ਮੁਨਕਰ ਹੋ ਗਏ ਹਨ। ਕਿਉਂਕਿ ਇਰਾਨੀ ਮਿਜ਼ਾਇਲਾਂ ਮੂਹਰੇ ਇਹ ਕਾਰਜ ਤਬਾਹੀ ਨੂੰ ਸੱਦਾ ਦਿੰਦਾ ਹੈ। ਅਮਰੀਕੀ ਸਾਮਰਾਜੀਆਂ ਵੱਲੋਂ ਹਵਾਈ ਬੰਬਾਰੀ ਜ਼ਰੀਏ ਲੀਡਰਸ਼ਿਪ ਦਾ ਕਤਲ ਕਰਕੇ ਆਪਣੇ ਏਜੰਟਾਂ ਰਾਹੀਂ ਰਾਜ ਪਲਟਾ ਕਰਵਾਉਣ ਦੀ ਵਿਉਂਤ ਇੱਕ ਵਾਰ ਤਾਂ ਫੇਲ੍ਹ ਹੋ ਗਈ ਹੈ। ਰਾਇਟਰਜ਼ ਏਜੰਸੀ ਅਨੁਸਾਰ ਅਮਰੀਕੀ ਤੇ ਇਜ਼ਰਾਇਲੀ ਸਥਾਪਤੀ ਦੇ ਪ੍ਰਮੁੱਖ ਹਲਕੇ ਹੁਣ ਇਸਨੂੰ ਜਲਦੀ ਹੋਣ ਵਾਲਾ ਕਾਰਜ ਨਹੀਂ ਸਮਝਦੇ।  ਇਰਾਨ ਦੀ ਬਦਲਵੀਂ ਲੀਡਰਸ਼ਿਪ ਨੇ ਟਾਕਰਾ ਜਾਰੀ ਰੱਖਿਆ ਹੈ। ਇਰਾਨ ਅੰਦਰ ਕੌਮੀ ਮਾਣ ਤੇ ਰਾਖੀ ਦਾ ਸਵਾਲ ਉੱਭਰ ਆਇਆ ਹੈ। ਲੱਖਾਂ ਇਰਾਨੀ ਲੋਕ ਬੰਬ ਵਰ੍ਹਾਉਂਦੇ ਅਮਰੀਕੀ ਇਜ਼ਰਾਇਲੀ ਜਹਾਜ਼ਾਂ ਹੇਠ ਵੀ ਬੇ-ਖੌਫ਼ ਸੜਕਾਂ 'ਤੇ ਨਿਕਲ ਰਹੇ ਹਨ ਤੇ ਅਮਰੀਕੀ-ਇਜ਼ਰਾਇਲੀ ਹਾਕਮਾਂ ਨੂੰ ਲਲਕਾਰ ਰਹੇ ਹਨ। ਜਦਕਿ ਇਜ਼ਰਾਇਲ ਬੰਕਰਾਂ 'ਚ ਵੜ੍ਹਿਆ ਹੋਇਆ ਹੈ। ਇਰਾਨ ਦੇ ਨਵੇਂ ਸੁਪਰੀਮ ਆਗੂ ਬਣੇ ਖੇਮਨੇਈ ਦੇ ਪੁੱਤਰ ਨੇ ਅਮਰੀਕਾ ਨੂੰ ਇਹਨਾਂ ਸ਼ਰਤਾਂ ਤਹਿਤ ਹਮਲੇ ਰੋਕਣ ਬਾਰੇ ਕਿਹਾ ਹੈ ਕਿ ਇਰਾਨ 'ਤੇ ਹਮਲੇ ਫੌਰੀ ਬੰਦ ਕੀਤੇ ਜਾਣ । ਇਰਾਨ ਦੇ ਕੀਤੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਅੱਗੋਂ ਤੋਂ ਸੁਰੱਖਿਆ ਦੀ ਗਾਰੰਟੀ ਕੀਤੀ ਜਾਵੇ। ਅਜਿਹਾ ਨਾ ਕਰਨ ਦੀ ਸੂਰਤ 'ਚ ਅਮਰੀਕੀ ਫੌਜੀ ਅੱਡਿਆਂ ਅਤੇ ਇਜ਼ਰਾਇਲ 'ਤੇ ਹਮਲੇ ਕਰਦੇ ਰਹਿਣ ਦਾ ਐਲਾਨ ਕੀਤਾ ਹੈ ਤੇ ਇਹ ਹਮਲੇ ਉਦੋਂ ਤੱਕ ਜਾਰੀ ਰੱਖਣ ਬਾਰੇ ਕਿਹਾ ਹੈ ਜਦੋਂ ਤੱਕ ਇਹ ਅੱਡੇ ਤਬਾਹ ਨਹੀਂ ਕਰ ਦਿੱਤੇ ਜਾਂਦੇ। ਇਰਾਨ ਦੇ ਲੋਕਾਂ ਨੂੰ ਇਸ ਰਾਜ ਤੋਂ ਮੁਕਤੀ ਦਿਵਾਉਣ ਦੇ ਐਲਾਨ ਕਰਕੇ ਬੰਬਾਰੀ ਕਰਨ ਆਇਆ ਅਮਰੀਕਾ ਸਾਮਰਾਜ ਹੁਣ ਹੋਰ ਅੱਗੇ ਜੰਗ 'ਚ ਉਲਝਣ ਤੋਂ ਘਬਰਾ ਰਿਹਾ ਹੈ। ਅਮਰੀਕਾ ਅੰਦਰੋਂ ਹੋਇਆ ਵਿਰੋਧ, ਜੰਗ ਦੇ ਭਾਰੀ ਬੱਜਟ 'ਤੇ ਮਿਥਿਆ ਨਿਸ਼ਾਨਾ ਹਾਸਿਲ ਨਾ ਹੁੰਦਾ ਦੇਖ ਕੇ ਹੁਣ ਟਰੰਪ ਰੋਜ਼ ਬਿਆਨ ਬਦਲ ਰਿਹਾ ਹੈ। ਪਹਿਲੇ ਦਿਨ ਉਸਨੇ ਇਰਾਨੀ ਰਾਜ ਨੂੰ ਬਦਲਣਾ ਆਪਣਾ ਮਕਸਦ ਐਲਾਨਿਆ ਸੀ, ਫਿਰ ਪੰਜਵੇਂ ਦਿਨ ਉਸਨੇ ਨਵਾਂ ਇਰਾਨੀ ਲੀਡਰ ਚੁਣਨ 'ਚ ਸ਼ਾਮਿਲ ਹੋਣ ਦੀ ਇੱਛਾ ਪ੍ਰਗਟ ਕੀਤੀ ਤੇ ਫਿਰ 11ਵੇਂ ਦਿਨ ਉਸਨੇ ਐਲਾਨ ਕਰ ਦਿੱਤਾ ਕਿ ਅਮਰੀਕਾ ਜਿੱਤ ਚੁੱਕਿਆ ਹੈ ਤੇ ਜੰਗ ਜਲਦੀ ਹੀ ਮੁੱਕ ਜਾਵੇਗੀ। ਹਾਲਾਂਕਿ ਇਰਾਨੀ ਮਿਜ਼ਾਇਲਾਂ ਤੇ ਡਰੋਨ ਅਮਰੀਕੀ ਅੱਡਿਆਂ 'ਤੇ, ਇਜ਼ਰਾਇਲ 'ਤੇ ਵਰ੍ਹ ਰਹੇ ਸਨ। ਸੰਸਾਰ ਦੀ ਇਹ ਵੱਡੀ ਫੌਜੀ ਸ਼ਕਤੀ ਇਰਾਨੀ ਟਾਕਰੇ ਮੂਹਰੇ  ਮਨਚਾਹੇ ਨਤੀਜੇ ਹਾਸਿਲ ਕਰਨ ਪੱਖੋਂ ਬੇਵੱਸ ਦਿਖਾਈ ਦੇ ਰਹੀ ਹੈ। ਅਮਰੀਕੀ ਜੰਗੀ ਮਿਸ਼ਨ ਫੌਰੀ ਨਤੀਜੇ ਹਾਸਿਲ ਕਰਨ ਪੱਖੋਂ ਤਾਂ ਇੱਕ ਵਾਰ ਫੇਲ੍ਹ ਹੁੰਦਾ ਦਿਖਾਈ ਦੇ ਰਿਹਾ ਹੈ। 

ਇਰਾਨ ਦੇ ਇਉਂ ਡਟੇ ਰਹਿਣ ਦੀ ਸੂਰਤ 'ਚ ਅਮਰੀਕਾ ਲਈ ਹਾਲਤ ਬਹੁਤ ਕਸੂਤੀ ਬਣ ਗਈ ਹੈ। ਅਮਰੀਕੀ ਸਾਮਰਾਜੀਆਂ ਦੀ ਚੌਧਰ ਪਸਾਰੇ ਦੀ ਲੋੜ ਉਲਟੀ ਪੈਂਦੀ ਜਾਪ ਰਹੀ ਹੈ ਭਾਵ ਕਿ ਉਸਦੀ ਪਹਿਲੀ ਚੌਧਰ ਨੂੰ ਖੋਰਾ ਪੈਣ ਦੀ ਹਾਲਤ ਦਿਖਾਈ  ਦੇ ਰਹੀ ਹੈ। ਸਭ ਤੋਂ ਵੱਡੀ ਸੱਟ ਇਹ ਹੈ ਕਿ ਇਹ ਹਕੀਕਤ ਸਥਾਪਤ ਹੋ ਗਈ ਹੈ ਕਿ ਮੱਧ-ਪੂਰਬ ਦੇ ਉਸਦੇ ਫੌਜੀ ਅੱਡੇ ਸੁਰੱਖਿਅਤ ਨਹੀਂ ਹਨ। ਇਹਨਾਂ ਦੇ ਅਸਰੁੱਖਿਅਤ ਹੋਣ ਦੀ ਪੱਕੀ ਨਿਸ਼ਾਨਦੇਹੀ ਹੋ ਗਈ ਹੈ, ਇਰਾਨ ਦੀ ਜੰਗ ਦਾ ਨਤੀਜਾ ਚਾਹੇ ਕੋਈ ਵੀ ਹੋਵੇ। ਇਹਨਾਂ ਅੱਡਿਆਂ ਦੀ ਧਾਂਕ ਕਾਇਮ ਨਹੀਂ ਰਹਿ ਸਕੀ ਤੇ ਇਸਦੀਆਂ ਮੱਧ-ਪੂਰਬ ਅੰਦਰ ਅਗਲੇ ਘਟਨਾ ਵਿਕਾਸ ਲਈ ਮਹੱਤਵਪੂਰਨ ਅਰਥ ਸੰਭਾਵਨਾਵਾਂ ਬਣਨੀਆਂ ਹਨ। ਇਸਨੇ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਹੌਂਸਲਾ ਦੇਣਾ ਹੈ। ਫ਼ਲਸਤੀਨੀ ਟਾਕਰਾ ਸ਼ਕਤੀਆਂ ਦੇ ਜੂਝਣ ਜਜ਼ਬੇ ਨੂੰ ਤਾਕਤ ਮਿਲਣੀ ਹੈ। ਇਸ ਖਿੱਤੇ ਅੰਦਰ ਇਜ਼ਰਾਇਲ ਦੀ ਫੌਜੀ ਉਤਮੱਤਾ ਦੀ ਧਾਂਕ 'ਤੇ ਵੀ ਸੱਟ ਪੈ ਗਈ ਹੈ। ਇਜ਼ਰਾਇਲ 'ਤੇ ਡਿੱਗੀਆਂ ਮਿਜ਼ਾਇਲਾਂ ਨੇ ਉਸਦੀ ਉੱਤਮ ਹਵਾਈ ਰੱਖਿਆ ਪ੍ਰਣਾਲੀ ਦੀ ਉੱਤਮਤਾ ਦੀ ਮਿੱਥ ਨੂੰ ਤੋੜ ਦਿੱਤਾ ਹੈ ਤੇ ਹਮਲੇ ਅਧੀਨ ਹੋਣ ਦੀ ਹਕੀਕਤ ਨੂੰ ਨਸ਼ਰ ਕਰ ਦਿੱਤਾ ਹੈ। ਅਜੇਤੂ ਫੌਜੀ ਤਕਨੀਕੀ ਸਮਰੱਥਾ ਦੇ ਦਾਅਵੇ  ਝਟਕੇ ਹੇਠ ਆ ਗਏ ਹਨ। ਅਮਰੀਕੀ ਜੰਗੀ ਮਸ਼ੀਨਰੀ ਦੇ ਮੁਕਾਬਲੇ ਕਿਤੇ ਸਸਤੇ ਇਰਾਨੀ ਡਰੋਨ ਅਮਰੀਕਾ ਦਾ ਅਰਬਾਂ ਦਾ ਨੁਕਸਾਨ ਕਰ ਰਹੇ ਹਨ। ਇਸ ਦੌਰਾਨ ਸਖ਼ਤ ਅਮਰੀਕੀ ਪਾਬੰਦੀਆਂ ਦੇ ਬਾਵਜੂਦ ਇਰਾਨ ਵੱਲੋਂ ਵਿਕਸਿਤ ਕੀਤੇ ਟਾਕਰਾ ਹਥਿਆਰਾਂ ਦੀ ਸਮਰੱਥਾ ਦੀ ਤਸਵੀਰ ਵੀ ਉੱਘੜੀ ਹੈ। ਇਹਦੇ 'ਚ ਰੂਸ ਤੇ ਚੀਨ ਤੋਂ ਖਰੀਦੇ ਏਅਰ ਡਿਫੈਂਸ ਸਿਸਟਮ ਵੀ ਸ਼ਾਮਿਲ ਹਨ। ਜਦਕਿ ਇਰਾਨੀ ਡਰੋਨਾਂ ਦੀ ਵਰਤੋਂ ਰੂਸ ਵੱਲੋਂ ਯੂਕਰੇਨ ਯੁੱਧ 'ਚ ਕੀਤੀ ਜਾ ਰਹੀ ਹੈ। ਇਸ ਵੇਲੇ ਇਰਾਨ ਦੀ ਨੀਤੀ ਇਜ਼ਰਾਇਲ ਤੇ ਅਮਰੀਕੀ ਫ਼ੌਜੀ ਅੱਡਿਆਂ ਦਾ ਵੱਧ ਤੋਂ ਵੱਧ ਨੁਕਸਾਨ  ਕਰਨ ਦੀ ਹੈ। ਇਹਨਾਂ ਦੀ ਫ਼ੌਜੀ ਮੁਹਿੰਮ ਵਿਕੇਂਦਰਿਤ ਮੁਹਿੰਮ ਹੈ। ਇਸਦਾ ਭਾਵ ਹੈ ਸਭਨਾਂ ਸੂਬਿਆਂ 'ਚ ਫ਼ੌਜੀ ਯੂਨਿਟ ਆਪੋ ਆਪਣੇ ਤੌਰ 'ਤੇ ਅਪ੍ਰੇਸ਼ਨ 'ਚ ਹਨ ਤੇ ਆਪਣੇ ਨਿਸ਼ਾਨੇ ਮਿੱਥ ਕੇ ਹਮਲੇ ਕਰ ਰਹੇ ਹਨ। ਕੇਂਦਰੀ ਕਮਾਂਡ ਗ਼ੈਰ ਹਾਜ਼ਰ ਹੋ ਜਾਣ ਦੀ ਹਾਲਤ 'ਚ ਵੀ ਇਹ  ਹਮਲੇ ਜਾਰੀ ਰਹਿੰਦੇ ਹਨ ਤੇ ਅਮਰੀਕਾ ਇਜ਼ਰਾਇਲ ਲਈ ਸੰਭਾਵੀ ਨਿਸ਼ਾਨਿਆਂ ਦਾ ਕਿਆਸ ਲਾਉਣਾ ਔਖਾ ਹੋ ਰਿਹਾ ਹੈ। ਮੱਧ ਪੂਰਬ ਅੰਦਰ ਅਮਰੀਕੀ ਫ਼ੌਜੀ ਅੱਡਿਆਂ ਨੂੰ ਅਜਿਹੇ ਹਮਲਿਆਂ ਦੀ ਚਣੌਤੀ ਪਹਿਲਾਂ ਕਦੇ ਨਹੀਂ ਸੀ ਮਿਲੀ ਤੇ ਮੌਜੂਦਾ ਹਮਲਿਆਂ ਦੀ ਇਸ ਚਣੌਤੀ ਦੀਆਂ ਫੌਰੀ ਨਤੀਜਿਆਂ ਤੋਂ ਪਾਰ ਵੱਡੀਆਂ ਅਰਥ-ਸੰਭਾਵਨਾਵਾਂ ਬਣਦੀਆਂ ਹਨ।

ਅਮਰੀਕੀ ਪਿੱਠੂ ਅਰਬ ਹਕੂਮਤਾਂ ਵੀ ਫਸੀਆਂ ਦਿਖਾਈ ਦਿੱਤੀਆਂ ਹਨ। ਇੱਕ ਪਾਸੇ ਇਹਨਾਂ ਮੁਲਕਾਂ ਦੇ ਲੋਕਾਂ 'ਚ ਅਮਰੀਕੀ ਸਾਮਰਾਜ ਖ਼ਿਲਾਫ਼ ਤਿੱਖਾ ਰੋਸ ਤੇ ਬੇਚੈਨੀ ਮੌਜੂਦ ਹੈ ਜਦਕਿ ਇਹਨਾਂ ਮੁਲਕਾਂ ਦੇ ਹਾਕਮ ਅਮਰੀਕੀ ਸਾਮਰਾਜ ਦੇ ਪਿੱਠੂ ਹਨ ਤੇ ਆਪਣੇ ਮੁਲਕ 'ਚ ਅਮਰੀਕੀ ਫੌਜੀ ਅੱਡੇ ਬਣਾਉਣ ਦਿੱਤੇ ਹੋਏ ਹਨ। ਇਰਾਨ ਵੱਲੋਂ ਇਹਨਾਂ ਫੌਜੀ ਅੱਡਿਆਂ 'ਤੇ ਕੀਤੇ ਹਮਲੇ ਇਹਨਾਂ ਅਰਬ ਮੁਲਕਾਂ ਦੇ ਹਾਕਮਾਂ ਨੂੰ ਹਜ਼ਮ ਕਰਨੇ ਪਏ ਹਨ। ਇਹ ਅਮਰੀਕੀ ਸੇਵਾਦਾਰ ਹਨ ਪਰ ਨਾਲ ਇਰਾਨ 'ਤੇ ਮੋੜਵੇਂ ਜਵਾਬੀ ਹਮਲੇ ਕਰਨ ਤੋਂ ਵੀ ਟਲੇ ਹਨ। ਇਹਨਾਂ 'ਚੋਂ ਬਹੁਤਿਆਂ ਦੀ ਤਾਂ ਅਜਿਹੀ ਫੌਜੀ ਸਮਰੱਥਾ ਹੀ ਨਹੀਂ ਹੈ ਜਦਕਿ ਬਾਕੀਆਂ ਨੇ ਵੀ ਲੋਕਾਂ ਦੇ ਦਬਾਅ ਕਾਰਨ ਕਿਸੇ ਮੋੜਵੀਂ ਕਾਰਵਾਈ ਦੀ ਜੁਅਰਤ ਨਹੀਂ ਕੀਤੀ ਬਸ ਜ਼ੁਬਾਨੀ ਕਲਾਮੀ ਨਿੰਦਾ ਹੀ ਕੀਤੀ ਹੈ। ਅਮਰੀਕੀ ਫੌਜੀ ਕਾਰਵਾਈਆਂ ਲਈ ਆਪਣੇ ਹਵਾਈ ਅੱਡੇ ਵਰਤਣ ਦੇਣ 'ਚ ਹਿਚਕਚਹਾਟ ਦਿਖਾਈ ਦਿੱਤੀ ਹੈ। ਆਪਣੇ ਮੁਲਕਾਂ 'ਚੋਂ ਬੁਰੀ ਤਰ੍ਹਾਂ ਨਿੱਖੜੀਆਂ ਹੋਈਆਂ ਇਹ ਹਕੂਮਤਾਂ ਇਰਾਨ ਖ਼ਿਲਾਫ਼ ਐਲਾਨੀਆ ਹਮਲਾਵਰ ਪੈਂਤੜੇ ਤੋਂ ਚੱਲਣ 'ਚ ਪ੍ਰਹੇਜ਼ ਕਰਦੀਆਂ ਦਿਖਾਈ ਦਿੱਤੀਆਂ ਹਨ। ਬਹਿਰੀਨ 'ਚ ਅਮਰੀਕੀ ਫੌਜੀ ਅੱਡੇ 'ਤੇ ਇਰਾਨੀ ਹਮਲੇ ਦੀ ਬਹਿਰੀਨ ਲੋਕਾਂ ਵੱਲੋਂ ਖੁਸ਼ੀ ਮਨਾਈ ਗਈ ਤੇ ਸੜਕਾਂ 'ਤੇ ਆ ਕੇ ਅਮਰੀਕਾ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਹੈ। 

ਬੁਖਲਾਹਟ ਭਰਿਆ ਅਮਰੀਕੀ ਸਾਮਰਾਜੀ ਹਮਲਾਵਰ ਰੁਖ 

ਦੁਨੀਆਂ ਦਾ ਜੰਗਬਾਜ਼ ਅਮਰੀਕੀ ਸਾਮਰਾਜ ਇਸ ਵੇਲੇ ਬੁਰੀ ਤਰ੍ਹਾਂ ਸੰਕਟਾਂ 'ਚ ਘਿਰਿਆ ਹੋਇਆ ਹੈ। ਇਸਦੀ ਸਾਮਰਾਜੀ ਮਹਾਂਸ਼ਕਤੀ ਵਾਲੀ ਹੈਸੀਅਤ ਨੂੰ ਤਿੱਖਾ ਖੋਰਾ ਪੈਣਾ ਸ਼ੁਰੂ ਹੋ ਚੁੱਕਿਆ ਹੈ। ਇਹਨਾਂ ਸੰਕਟਾਂ 'ਚੋਂ ਨਿਕਲਣ ਲਈ ਉਹ ਹੋਰ ਤੋਂ ਹੋਰ ਮੰਡੀਆਂ 'ਤੇ ਕੰਟਰੋਲ ਕਰਨ, ਦੁਨੀਆਂ ਦੇ ਸੋਮਿਆਂ 'ਤੇ ਕਬਜ਼ਾ ਕਰਨ ਦੀ ਬੁਖਲਾਹਟ ਭਰੀ ਜੰਗੀ ਮੁਹਿੰਮ 'ਤੇ ਹੈ। ਸ਼ਰੀਕ ਸਾਮਰਾਜੀ ਮੁਲਕਾਂ ਨਾਲ ਇਸਦੇ ਲੁਟੇਰੇ ਹਿਤਾਂ ਦਾ ਟਕਰਾਅ ਵੀ ਤਿੱਖਾ ਹੋ ਰਿਹਾ ਹੈ। ਦੁਨੀਆਂ 'ਚ ਡਾਲਰ 'ਚ ਹੀ ਵਪਾਰ ਹੋਣ ਦੇ ਬਦਲ ਤਲਾਸ਼ੇ ਜਾ ਰਹੇ ਹਨ ਤੇ ਬਰਿਕਸ ਵਰਗੇ ਗੱਠਜੋੜ ਬਦਲਵੀਂ ਕਰੰਸੀ ਦੇ ਯਤਨ ਕਰ ਰਹੇ ਹਨ। ਡਾਲਰ ਦੀ ਸਰਦਾਰੀ ਨੂੰ ਬਦਲਵੇਂ ਵਪਾਰਕ ਢੰਗਾਂ ਰਾਹੀਂ ਚੁਣੌਤੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ। ਸਾਮਰਾਜੀ ਸ਼ਕਤੀ ਵਜੋਂ ਰੂਸ ਦਾ ਉਭਾਰ ਤੇ ਚੀਨ ਦਾ ਵਧਿਆ ਪ੍ਰਭਾਵ ਅਮਰੀਕੀ ਸਾਮਰਾਜੀਆਂ ਦੀਆਂ ਸੰਸਾਰ ਵਿਉਂਤਾਂ 'ਚ ਅੜਿੱਕੇ ਖੜ੍ਹੇ ਕਰ ਰਿਹਾ ਹੈ। ਯੂਕੇਰਨ ਜੰਗ ਦੌਰਾਨ ਵੀ ਅਮਰੀਕਾ ਵੱਲੋਂ ਰੂਸ 'ਤੇ ਲਾਈਆਂ ਪਾਬੰਦੀਆਂ ਉਸਨੂੰ ਡੱਕਕੇ ਨਹੀਂ ਰੱਖ ਸਕੀਆਂ ਤੇ ਯੂਕੇਰਨ ਜੰਗ 'ਚ ਉਸਦਾ ਹੱਥ ਉੱਪਰ ਦੀ ਹੈ। ਅਮਰੀਕਾ ਉਸ ਨਾਲ ਟਕਰਾਅ ਟਾਲਣਾ ਚਾਹੁੰਦਾ ਹੈ ਤੇ  ਯੂਕੇਰਨ ਦੀ ਕੀਮਤ 'ਤੇ ਰੂਸ ਨਾਲ ਨਿਬੇੜਾ ਕਰਨ ਦੇ ਰੌਅ 'ਚ ਹੈ। 

ਅਮਰੀਕੀ ਸਾਮਰਾਜ ਦੇ ਨਵੇਂ ਨੁਮਾਇੰਦੇ ਵਜੋਂ ਟਰੰਪ ਅਮਰੀਕਾ ਨੂੰ ਮੁੜ ਮਹਾਨ ਬਣਾਉਣ ਦੇ ਦਾਅਵਿਆਂ ਨਾਲ ਅਗਲੀਆਂ ਜੰਗੀ ਮੁਹਿੰਮਾਂ 'ਤੇ ਸਵਾਰ ਹੈ। ਹਾਲਾਂਕਿ ਉਸਦਾ ਚੋਣ ਨਾਅਰਾ ਅਮਰੀਕਾ ਨੂੰ ਦੁਨੀਆਂ ਭਰ 'ਚ ਫਸਾਏ ਹੋਏ ਜੰਗੀ ਪੰਗਿਆਂ ਤੋਂ ਬਾਹਰ ਕੱਢਣਾ ਸੀ ਪਰ ਇੱਕ ਸਾਲ ਦੇ ਅੰਦਰ ਅੰਦਰ ਹੀ ਉਹ ਸੱਤ ਦੇਸ਼ਾਂ 'ਤੇ ਹਮਲੇ ਕਰ ਚੁੱਕਿਆ ਹੈ। ਇਹਨਾਂ ਹਮਲਿਆਂ ਤੋਂ ਬਿਨਾਂ ਉਸਦਾ ਗੁਜ਼ਾਰਾ ਨਹੀਂ ਹੈ। ਉਸਦੀ ਸਾਮਰਾਜੀ ਆਰਥਿਕਤਾ ਦਾ ਸੰਕਟ ਉਸਨੂੰ ਇਹਨਾਂ ਹਮਲਿਆਂ ਦੇ ਰਾਹ ਹੀ ਤੋਰ ਸਕਦਾ ਹੈ। ਚਾਹੇ ਉਸਦਾ ਜੰਗਾਂ ਰੁਕਵਾਉਣ ਤੇ ਨੋਬਲ ਸ਼ਾਂਤੀ ਪੁਰਸਕਾਰ ਹਾਸਿਲ ਕਰਨ ਦਾ ਦਾਅਵਾ ਸੀ ਪਰ ਇਹ ਸਭ ਪ੍ਰਚਾਰ ਹੀ ਸਾਬਿਤ ਹੋਣਾ ਸੀ। ਟਰੰਪ ਆਪਣੇ ਵਿਸ਼ੇਸ਼ ਤਰੀਕੇ ਨਾਲ ਦੁਨੀਆਂ 'ਚ ਅਮਰੀਕੀ ਸਾਮਰਾਜੀ ਧਾਂਕ ਜਮਾਉਣ ਤੁਰਿਆ ਹੈ। ਉਸਨੇ ਪਹਿਲਾਂ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ, ਉੱਥੋਂ ਦੇ ਤੇਲ ਭੰਡਾਰਾਂ 'ਤੇ ਕਬਜ਼ਾ ਕਰਿਆ ਹੈ। ਅੱਜਕੱਲ੍ਹ ਕਿਊਬਾ ਨੂੰ ਦਬਾਉਣ ਲਈ ਉਸ 'ਤੇ ਸਖਤ ਆਰਥਿਕ ਪਾਬੰਦੀਆਂ ਮੜ੍ਹ ਰੱਖੀਆਂ ਹਨ। ਆਪਣੇ ਮੂਹਰੇ ਨਾ ਝੁਕਣ ਵਾਲੇ ਹਾਕਮਾਂ ਨੂੰ ਰਾਜ ਪਲਟੇ ਕਰਨ ਤੇ ਹਮਲੇ ਕਰਨ ਰਾਹੀਂ ਦਬਾਉਣ ਦੇ ਢੰਗ ਵਰਤ ਰਿਹਾ ਹੈ ਜਦਕਿ ਆਪਣੀਆਂ ਸੇਵਾਦਾਰ ਹੁਕਮਰਾਨ ਜੁੰਡਲੀਆਂ ਨੂੰ ਸਿਰੇ ਦੀ ਹੱਦ ਤੱਕ ਝੁਕਾ ਕੇ ਤਰ੍ਹਾਂ-ਤਰ੍ਹਾਂ ਦੇ ਵਪਾਰ ਸਮਝੌਤੇ ਮੜ੍ਹ ਰਿਹਾ ਹੈ। ਅਮਰੀਕੀ ਮਾਰਕੀਟ ਤੱਕ ਰਸਾਈ ਰੋਕਣ ਲਈ ਟੈਰਿਫਾਂ ਦੇ ਦਬਾਅ ਪਾ ਕੇ, ਆਪਣੀ ਈਨ ਮੰਨਣ ਲਈ ਮਜ਼ਬੂਰ ਕਰ ਰਿਹਾ ਹੈ। ਤੇਲ ਵਪਾਰ 'ਤੇ ਮੁਕੰਮਲ ਕੰਟਰੋਲ ਕਰਨ ਲਈ ਹੱਥ ਪੈਰ ਮਾਰ ਰਿਹਾ ਹੈ। ਟਰੰਪ ਹਕੂਮਤ ਨੂੰ ਮੁਲਕ ਅੰਦਰੋਂ ਵੀ ਤਿੱਖੇ ਸਿਆਸੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸਦਾ ਘੋਰ ਸੱਜੇ ਪੱਖੀ ਪਿਛਾਖੜੀ ਸਿਆਸੀ ਪੈਂਤੜਾ ਅਮਰੀਕੀ ਸਮਾਜ ਅੰਦਰ ਤਿੱਖੀ ਪਾਲਾਬੰਦੀ ਕਰ ਰਿਹਾ ਹੈ। ਇੱਕ ਪਾਸੇ ਸੱਜ ਪਿਛਾਖੜੀ ਤਾਕਤਾਂ ਲਾਮਬੰਦ ਹੋ ਕੇ, ਟਰੰਪ ਦੇ ਅਧਾਰ ਵਜੋਂ ਪਸਾਰਾ ਕਰ ਰਹੀਆਂ ਹਨ ਤੇ ਦੂਜੇ ਪਾਸੇ ਉਸਦੇ ਪ੍ਰਵਾਸੀ ਵਿਰੋਧੀ ਪੈਂਤੜੇ ਦਾ ਤੇ ਇਹਨਾਂ 'ਤੇ ਜਬਰ ਦਾ ਤਿੱਖਾ ਵਿਰੋਧ ਵੀ ਹੋ ਰਿਹਾ ਹੈ। ਹੁਣ ਉਹ ਐਪਸਟੀਨ ਫਾਇਲਾਂ ਦੇ ਜੁਰਮਾਂ ਦੇ ਸਬੂਤਾਂ 'ਚ ਵੀ ਘਿਰ ਰਿਹਾ ਹੈ। ਉਸਦੇ ਇਹ ਹਾਲਾਤ ਇਰਾਨ ਅੰਦਰ ਲੰਮਾ ਜੰਗੀ ਉਲਝਾਅ ਕਾਇਮ ਰੱਖਣ ਦੀ ਇਜਾਜ਼ਤ ਨਹੀਂ ਦੇਣ ਵਾਲੇ। ਅਮਰੀਕੀ ਸਾਮਰਾਜੀਆਂ ਦੀ ਹਾਲਤ ਅਜਿਹੀ ਹੈ ਕਿ ਹੋਰ ਤੋਂ ਹੋਰ ਕਬਜ਼ਿਆਂ ਲਈ ਉਹ ਜੰਗਾਂ ਰਾਹੀਂ ਆਪਣੀ ਆਰਥਿਕਤਾ ਦੀ ਚੜ੍ਹਤ ਕਾਇਮ ਕਰਨਾ ਚਾਹੁੰਦੇ ਹਨ ਤੇ ਇਹੀ ਜੰਗੀ ਉਲਝਾਅ ਮੋੜਵੇਂ ਤੌਰ 'ਤੇ ਆਰਥਿਕਤਾ ਦਾ ਦੀਵਾਲਾ ਕੱਢਣ ਦਾ ਜਰੀਆ ਬਣ ਜਾਂਦੇ ਹਨ। ਇਸ ਜੰਗ ਦੇ ਪਹਿਲੇ 6 ਦਿਨ ਅਮਰੀਕਾ ਨੂੰ 11.3 ਬਿਲੀਅਨ ਡਾਲਰ 'ਚ ਪਏ ਹਨ। ਇਹ ਅਮਰੀਕੀ ਸਾਮਰਾਜੀਆਂ ਦੀ ਸੰਕਟਾਂ ਮੂੰਹ ਆਈ ਸੰਸਾਰ ਚੌਧਰ ਦੀ ਸਥਿਤੀ ਹੈ ਜਿਹੜੀ ਇਰਾਨ ਜੰਗ ਨੇ ਹੋਰ ਨਸ਼ਰ ਕਰ ਦਿੱਤੀ ਹੈ। ਇਹ ਹਮਲਾਵਰ ਹੈ ਕਿਉਂਕਿ ਡੁੱਬ ਰਿਹਾ ਹੈ। ਇਹ ਇਸਦੀ ਚੜ੍ਹਤ ਨਹੀਂ, ਇਸਦੀ ਲਹਿਤ ਦੇ ਸੰਕਟ ਦਾ ਇਜ਼ਹਾਰ ਹੈ ਤੇ ਇਰਾਨ 'ਤੇ ਹਮਲਾ ਇਹਦਾ ਇੱਕ ਹੋਰ ਪ੍ਰਗਟਾਵਾ ਹੋ ਨਿਬੜਨਾ ਹੈ। ਇਰਾਨੀ ਟਾਕਰਾ ਅਮਰੀਕੀ ਸਾਮਰਾਜੀਆਂ ਲਈ ਵੀ ਅਣਕਿਆਸਿਆ ਸਾਬਿਤ ਹੋਇਆ ਹੈ।  ਇਸ ਵੇਲੇ ਹਾਲਤ ਨਾਜ਼ੁਕ ਮੋੜ  'ਤੇ ਹੈ। ਇਰਾਨ 'ਚ ਰਾਜ ਪਲਟਾ ਹੋ ਕੇ, ਅਮਰੀਕੀ ਪਿੱਠੂ ਹਕੂਮਤ ਹੋਣ ਨਾਲ ਇੱਕ ਵਾਰ ਆਰਜ਼ੀ ਤੌਰ  'ਤੇ ਮੱਧ ਪੂਰਬ 'ਚ ਅਮਰੀਕੀ ਗਲਬਾ ਤੇ ਚੌਧਰ ਮਜ਼ਬੂਤ ਹੋ ਸਕਦੀ ਹੈ ਚਾਹੇ ਇਹ ਵੀ ਅੰਤਿਮ ਜਿੱਤ ਨਹੀਂ ਬਣਨ ਲੱਗੀ। ਲੋਕ ਟਾਕਰਾ ਵੱਖ-ਵੱਖ ਸ਼ਕਲਾਂ 'ਚ ਤਾਂ ਵੀ ਜਾਰੀ ਰਹਿਣਾ ਹੈ। ਪਰ ਇਰਾਨੀ ਨਾਬਰੀ ਕਾਇਮ ਰਹਿਣ ਤੇ ਅਮਰੀਕੀ ਜੰਗੀ ਮੁਹਿੰਮ ਦੇ ਮਨਚਾਹੇ ਸਿੱਟੇ ਹਾਸਲ ਨਾ ਹੋਣ ਦੀਆਂ ਅਮਰੀਕਾ ਲਈ ਘਾਤਕ ਅਰਥਸੰਭਾਵਨਾਵਾਂ ਬਣਨੀਆਂ ਹਨ ਤੇ ਅਮਰੀਕਾ ਖ਼ਿਲਾਫ਼ ਜੂਝ ਰਹੀਆਂ ਅਰਬ ਜਗਤ ਦੀਆਂ ਟਾਕਰਾ ਸ਼ਕਤੀਆਂ ਲਈ ਇਹ ਵਡੇਰੀ ਜਿੱਤ ਵਰਗੇ ਅਰਥ ਬਣਨੇ ਹਨ। 

ਅਮਰੀਕੀ ਸਾਮਰਾਜੀ ਹੱਲੇ ਤੇ ਇਰਾਨੀ ਟਾਕਰੇ 'ਚੋਂ ਇਸ ਵੇਲੇ ਇਹੀ ਨਿਤਾਰਾ ਹੋਣਾ ਹੈ।

(13 ਮਾਰਚ, 2026) 

ਇਹ ਅਮਰੀਕੀ ਸਾਮਰਾਜੀਆਂ ਦੇ ਦੰਭ ਦੀ ਇੰਤਹਾ ਹੈ ਕਿ ਉਹ ਦਹਾਕਿਆਂ ਤੋਂ ਇਸ ਖਿੱਤੇ ਅੰਦਰ ਆਜ਼ਾਦੀ, ਜਮਹੂਰੀਅਤ, ਮਨੁੱਖੀ ਅਧਿਕਾਰਾਂ ਤੇ ਕਾਨੂੰਨ ਦੇ ਰਾਜ ਦੇ ਨਾਂ ਹੇਠ ਦਖਲ਼ਅੰਦਾਜ਼ੀ ਕਰਦੇ ਆ ਰਹੇ ਹਨ, ਇਸ ਨਾਂ 'ਤੇ ਪੂਰੇ ਦੇ ਪੂਰੇ ਮੁਲਕ ਉਜਾੜ ਕੇ ਤਬਾਹ ਕੀਤੇ ਹਨ, ਰਾਜ ਪਲਟੇ ਕੀਤੇ ਹਨ ਤੇ ਲੱਖਾਂ ਲੋਕ ਉਜਾੜੇ ਹਨ, ਕਤਲ ਕੀਤੇ ਹਨ। ਪਰ ਇੱਥੇ ਕਦੇ ਵੀ ਕਾਨੂੰਨ ਦਾ ਰਾਜ ਸਥਾਪਤ ਨਹੀਂ ਹੋਣ ਦਿੱਤਾ। ਖੁਦ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਇਸ ਖਿੱਤੇ ਨੂੰ ਜੰਗਾਂ ਤੇ ਉਜਾੜੇ ਵੱਸ ਪਾਇਆ ਹੈ। ਇਹ ਖਿੱਤਾ ਦਹਾਕਿਆਂ ਤੋਂ ਅਮਰੀਕੀ ਸਾਮਰਾਜੀ ਜੰਗਬਾਜ਼ਾਂ ਦਾ ਕਹਿਰ ਹੰਢਾ ਰਿਹਾ ਹੈ।