... ਤੇ ਹੁਣ ਪੱਤਰਕਾਰਾਂ ਦੀ ਵਾਰੀ
- ਗੁਲਜ਼ਾਰ
ਬਾਦਲ ਸਰਕਾਰ ਨੇ (ਜਿਸ ਨੂੰ ਸੁਖਬੀਰ ਸਰਕਾਰ ਕਹਿਣਾ ਵੱਧ ਠੀਕ ਹੈ) ‘‘ਰਾਜ ਨਹੀਂ
ਸੇਵਾ’’ ਦਾ ਨਾਅਰਾ ਦਿੱਤਾ ਸੀ। ਇਸਦਾ ਅਰਥ ਹੈ ਰਾਜਾਸ਼ਾਹੀ ਢੰਗ ਨਾਲ ਰਾਜ ਕਰਨ ਲਈ ‘ਸੇਵਾ’। ਇਸ ‘ਸੇਵਾ’ ਦੇ ਖੁੱਲ੍ਹੇ
ਗੱਫੇ ਵਰਤਾਉਣ ਲਈ ਠਾਣਿਆਂ ਮੂਹਰੇ ਬੋਰਡ ਵੀ ਲਿਖ ਕੇ ਲਾਏ ਹੋਏ ਹਨ ‘‘ਸੇਵਾ ਲਈ ਆਓ!’’ ਜਿਵੇਂ ਧਾਰਮਕ
ਸਮਾਗਮਾਂ ਵਿੱਚੋਂ ਅਪੀਲਾਂ ਕੀਤੀਆਂ ਜਾਂਦੀਆਂ ਹਨ ‘‘ਲੰਗਰ ਛਕ ਕੇ
ਜਾਇਓ ਜੀ’’ ਅਜਿਹੀ ‘ਸੇਵਾ’ ਲਈ ਖੁਦ ਤਾਂ
ਕੌਣ ਠਾਣੇ ਜਾਂਦਾ ਹੈ ਪਰ ਬਾਦਲ ਸਰਕਾਰ, ਆਪਣੇ ਹੱਕ ਲੈਣ ਲਈ
ਸਰਗਰਮ ਲੋਕਾਂ ਦੇ ਹਰ ਤਬਕੇ ਨੂੰ ‘ਸੇਵਾ’ ਦੇ ਖੁੱਲ੍ਹੇ
ਗੱਫੇ ਵਰਤਾ ਰਹੀ ਹੈ। ਤੇ ਜਦੋਂ ਸਰਕਾਰ ਦੀ ਏਨੇ ਕੁ ਨਾਲ ਤਸੱਲੀ ਨਹੀਂ ਹੁੰਦੀ ਫਿਰ ਉਹਨਾਂ ਲੋਕਾਂ
ਦੀ ‘ਸੇਵਾ-ਸੰਭਾਲ’ ਲਈ ‘‘ਸੁਧਾਰ ਘਰਾਂ’’ ਦੀ ਯਾਤਰਾ
ਕਰਵਾਈ ਜਾ ਰਹੀ ਹੈ।
ਪੱਤਰਕਾਰਾਂ ਦਾ ਹੀ ਇੱਕ ਅਜਿਹਾ ਤਬਕਾ ਹੈ ਜਿਹੜਾ ਲਗਭਗ ਹਰ
ਪਾਰਟੀ/ਪਾਰਟੀਆਂ ਦੀ ਸਰਕਾਰ ਵੇਲੇ ਅਕਸਰ ਅਜਿਹੀ ‘ਸੇਵਾ-ਸੰਭਾਲ’ ਤੋਂ ਬਚਿਆ
ਰਹਿੰਦਾ ਹੈ ਕਿਉਂਕਿ ਕਿਸੇ ਸਰਕਾਰ ਬਾਰੇ ਲੋਕਾਂ ਦੇ, ਖਾਸ ਕਰਕੇ
ਦਰਮਿਆਨੀ ਜਮਾਤ ਦੇ, ਚੰਗੇ ਜਾਂ ਮਾੜੇ ਵਿਚਾਰ ਬਣਾਉਣ ਵਿੱਚ
ਪੱਤਰਕਾਰਾਂ ਦਾ ਕਾਫ਼ੀ ਅਹਿਮ ਰੋਲ ਹੁੰਦਾ ਹੈ। ਇਸ ਲਈ ਸਭ ਹਾਕਮ ਜਮਾਤੀ ਪਾਰਟੀਆਂ ਅਤੇ ਉਹਨਾਂ ਦੀਆਂ
ਸਰਕਾਰਾਂ ਪੱਤਰਕਾਰਾਂ ਨੂੰ ਰਿਆਇਤਾਂ ਦੇਣ ਅਤੇ ਪਲੋਸ ਕੇ ਰੱਖਣ ਦਾ ਖਾਸ ਖਿਆਲ ਰੱਖਦੀਆਂ ਹਨ। ਪਰ
ਬਾਦਲ ਸਰਕਾਰ ਇਸ ਪੱਖੋਂ ‘ਨਿਰਪੱਖ’ ਹੈ। ਉਹ
ਅਜਿਹੀ ‘ਸੇਵਾ-ਸੰਭਾਲ’ ਪੱਖੋਂ ਪੱਤਰਕਾਰਾਂ ਨੂੰ
ਵੀ ਨਹੀਂ ਬਖਸ਼ ਰਹੀ।
ਬਾਦਲ ਸਰਕਾਰ ਦੇ ਸੋਹਲੇ ਗਾਉਣ ਤੋਂ ਇਨਕਾਰੀ ਅਤੇ ਇਸਦੇ ਕੱਚੇ ਚਿੱਠੇ ਨਸ਼ਰ
ਕਰਨ ਵਾਲੇ ਪੱਤਰਕਾਰਾਂ ਨੂੰ ਧਮਕਾਉਣ, ਉਹਨਾਂ ਵਿਰੁੱਧ ਝੂਠੇ
ਮੁਕੱਦਮੇ ਦਰਜ ਕਰਵਾਉਣ ਦੀਆਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ। ਕੁੱਝ ਸਾਲ ਪਹਿਲਾਂ ਕੋਟਕਪੂਰੇ
ਵਿੱਚ ਸੁਖਬੀਰ ਬਾਦਲ ਨੇ ਇੱਕ ਪੱਤਰਕਾਰ ਨੂੰ ਆਵਦੇ ਬਾਡੀ-ਗਾਰਡਾਂ ਤੋਂ ਕੁਟਵਾਇਆ ਸੀ। ਉਸਦੇ ਕੈਮਰੇ
ਦੀ ਭੰਨਤੋੜ ਕੀਤੀ ਗਈ ਸੀ। ਪੱਤਰਕਾਰ ਨੇ ਸੁਖਬੀਰ ਵਿਰੁੱਧ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਜਿਸਦੇ
ਬਦਲੇ ਉਸ ਉੱਤੇ ਝੂਠੇ ਮੁਕੱਦਮੇ ਦਰਜ ਕਰਵਾ ਦਿੱਤੇ ਗਏ ਸਨ। ਫਿਰ ਪੱਤਰਕਾਰ ਵੱਲੋਂ ਦਰਜ ਕਰਵਾਏ
ਮੁਕੱਦਮੇ ਦੇ ਗਵਾਹਾਂ ਨੂੰ ਮੁਕਰਾ ਕੇ ਇਸ ਮੁਕੱਦਮੇ ਨੂੰ ਖੂਹ-ਖਾਤੇ ਪਾ ਦਿੱਤਾ ਗਿਆ। ਉਸ ਤੋਂ
ਬਾਅਦ ਪੰਜਾਬੀ ਟ੍ਰਿਬਿਊਨ ਦੇ ਇੱਕ ਪੱਤਰਕਾਰ ਉੱਤੇ ਬੰਬ ਸੁਟਵਾਇਆ ਗਿਆ ਸੀ।
ਬਠਿੰਡੇ ਤੋਂ ਨੈ¤ਟ ’ਤੇ ਚੱਲਣ
ਵਾਲਾ (ਆਨ ਲਾਈਨ) ਰੇਡੀਓ -ਪੰਜਾਬ ਰੇਡੀਓ ਟੂਡੇ- ਪੰਜਾਬ ਸਰਕਾਰ ਦਾ ਨੁਕਤਾਚੀਨ ਹੈ। ਬਠਿੰਡੇ ਦੇ ਐੱਸ.
ਐੱਸ. ਪੀ. ਨੇ ਇਸ ਰੇਡੀਓ ਦੇ ਕਾਰ-ਮੁਖਤਿਆਰ ਸਵਰਨ ਸਿੰਘ ਦਾਨੇਵਾਲੀਆ ਨੂੰ ਆਵਦੇ ਦਫ਼ਤਰ ਸੱਦ ਕੇ
ਧਮਕਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ। ‘‘ਦਾਨੇਵਾਲੀਆ ਤੈਨੂੰ ਅੰਦਰ
ਕਰਨਾ ਈ ਪੈਣੈ’’ ਦੇ ਜਵਾਬ ਵਿੱਚ ਜਦੋਂ ਪੱਤਰਕਾਰ ਨੇ ਕਿਹਾ, ‘‘ਜੀ ਮੈਨੂੰ ’ਕੱਲੇ ਨੂੰ
ਅੰਦਰ ਕਰਕੇ ਨਹੀਂ ਸਰਨਾ,’’ ਤਾਂ ਐੱਸ. ਐੱਸ. ਪੀ.
ਚੁੱਪ ਕਰ ਗਿਆ।
ਫਿਰ ਇੱਕ ਉੱਘੇ ਰੇਡੀਓ ਪੱਤਰਕਾਰ ਬਲਤੇਜ ਪੰਨੂੰ ਦੀ ਵਾਰੀ ਆਈ। ਪੰਨੂੰ
ਕੈਨੇਡਾ ਦਾ ਸ਼ਹਿਰੀ ਹੈ। ਹੁਣ ਪਿਛਲੇ 5 ਸਾਲ ਤੋਂ ਪੰਜਾਬ ਵਿੱਚ
ਰਹਿ ਕੇ ਨੈ¤ਟ ਰੇਡੀਓ ਚਲਾਉਂਦਾ ਹੈ। ਉਹ ਬਾਦਲ ਸਰਕਾਰ ਦੇ ਜਬਰ
ਅਤੇ ਭ੍ਰਿਸ਼ਟਾਚਾਰ ਦਾ ਇੱਕ ਦ੍ਰਿੜ ਨੁਕਤਾਚੀਨ ਹੈ। ਇਸ ਕਰਕੇ ਬਾਦਲਾਂ ਦੀ ਅੱਖ ਦਾ ਰੋੜ ਬਣਿਆ ਹੋਇਆ
ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਇੱਕ ਵਜ਼ੀਰ ਦੇ ਇੱਕ ਬਾਡੀ-ਗਾਰਡ ਨੇ ਉਸ ਨੂੰ ਧਮਕੀ
ਦਿੱਤੀ ਸੀ ਅਤੇ ਕੁਝ ਹੀ ਅਰਸੇ ਮਗਰੋਂ ਪੰਜਾਬੀ ਯੂਨੀਵਰਸਿਟੀ ਦੀ ਇੱਕ ਮੁਲਾਜ਼ਮ ਨੈਨਸੀ ਗਰੇਵਾਲ ਨੇ
ਉਸਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕਰਵਾ ਦਿੱਤਾ। ਪੰਨੂੰ ਦੀ ਪਤਨੀ ਦੇ ਦੱਸਣ ਅਨੁਸਾਰ 26 ਨਵੰਬਰ (2015) ਨੂੰ
ਬਿਨਾਂ-ਵਰਦੀ ਪੁਲਸੀਆਂ ਨੇ ਉਹਨਾਂ ਦੀ ਕਾਰ ਨੂੰ ਘੇਰ ਲਿਆ। ਇਹ ਕਹਿਕੇ ਪੰਨੂੰ ਨੂੰ ਲੈ ਗਏ ਕਿ
ਇੱਕ-ਦੋ ਘੰਟਿਆਂ ਮਗਰੋਂ ਉਸਨੂੰ ਵਾਪਸ ਭੇਜ ਦੇਣਗੇ। ਪਰ ਠਾਣੇ ਜਾ ਕੇ ਉਸ ਉੱਤੇ ਕੇਸ ਦਰਜ ਕਰਕੇ
ਉਸਦੀ ਗ੍ਰਿਫ਼ਤਾਰੀ ਪਾ ਦਿੱਤੀ ਗਈ।
ਪਟਿਆਲੇ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੁਹਾਨ ਨੇ ਕਿਹਾ ਹੈ ਕਿ ਇਹ
ਮਾਮਲਾ ਮੁੱਢਲੇ ਤੌਰ ’ਤੇ ਜਿਸਮਾਨੀ ਲੁੱਟ ਕਰਨ ਦਾ ਲੱਗਦਾ ਹੈ। ਪੰਨੂੰ
ਵਿਰੁੱਧ ਜਬਰ-ਜਨਾਹ (ਧਾਰਾ 376) ਅਤੇ ਮੁਜਰਮਾਨਾ ਧਮਕੀ
(ਧਾਰਾ 506) ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਪਹਿਲਾਂ ਕਿਸੇ ਵਜ਼ੀਰ ਦੇ ਗੰਨਮੈਨ
ਵੱਲੋਂ ਧਮਕੀ ਦੇਣੀ ’ਤੇ ਫਿਰ ਬਿਨਾਂ ਕਿਸੇ ਵੀ ਪੁੱਛ-ਪੜਤਾਲ ਤੋਂ ਸੰਗੀਨ
ਧਾਰਾਵਾਂ ਤਹਿਤ ਤੁਰਤ-ਫੁਰਤ ਗ੍ਰਿਫ਼ਤਾਰ ਕਰਨਾ ਸਿਆਸੀ ਬਦਲਾਖੋਰੀ ਦੇ ਦੋਸ਼ ਦੀ ਪੁਸ਼ਟੀ ਕਰਦਾ ਜਾਪਦਾ
ਹੈ।
ਪੰਜਾਬ ਵਿੱਚ ਕਈ ਥਾਵਾਂ ਉੱਤੇ ਕਈ ਜਨਤਕ ਜਥੇਬੰਦੀਆਂ ਨੇ ਖਾਸ ਕਰਕੇ
ਪੱਤਰਕਾਰਾਂ ਨੇ ਅੱਡ-ਅੱਡ ਸ਼ਕਲਾਂ ਵਿੱਚ ਪੰਨੂੰ ਦੀ ਗ੍ਰਿਫ਼ਤਾਰੀ ਵਿਰੁੱਧ ਰੋਸ ਜ਼ਾਹਰ ਕੀਤਾ ਹੈ। ਇਸ
ਤੋਂ ਮਹੱਤਵਪੂਰਨ ਗੱਲ ਇਹ ਕਿ ਕੈਨੇਡਾ ਵਿੱਚ ਇਸ ਗ੍ਰਿਫ਼ਤਾਰੀ ਵਿਰੁੱਧ ਵੱਡੇ ਰੋਸ ਦਿਖਾਵੇ ਹੋਏ ਹਨ।
ਕਿਉਂਕਿ ਪੰਨੂੰ ਕੈਨੇਡਾ ਵਿੱਚ 25 ਸਾਲ ਰਿਹਾ ਹੈ। ਰੇਡੀਓ
ਪੱਤਰਕਾਰ ਦੇ ਤੌਰ ’ਤੇ ਇੱਕ ਲੋਕ-ਪੱਖੀ ਪੱਤਰਕਾਰ ਵਜੋਂ ਉਸਦੀ ਪੜਤ ਬਣੀ
ਹੋਈ ਹੈ। ਬਰੈਂਪਟਨ ਦੇ ਕੈਨੇਡੀਅਨ ਕਨਵੈਨਸ਼ਨ ਕਲੱਬ ਵਿੱਚ 3000 ਤੋਂ ਵੱਧ
ਪੰਜਾਬੀਆਂ ਨੇ ਰੋਸ ਸਮਾਗਮ ਕੀਤਾ ਅਤੇ ਮੰਗ ਕੀਤੀ ਕਿ ਕੈਨੇਡਾ ਅਤੇ ਭਾਰਤ ਦੀਆਂ ਸਰਕਾਰਾਂ ਇਸ
ਮਾਮਲੇ ਵਿੱਚ ਦਖਲ ਦੇਣ। ਉਸ ਵੇਲੇ ਦੀਆਂ ਖਬਰਾਂ ਮੁਤਾਬਕ, ਐਹੋ ਜਿਹੀ ਹੀ
ਰੈਲੀ ਅਗਲੇ ਐਤਵਾਰ ਨੂੰ ਸੁਅਰੇ ਬੀ. ਸੀ. ਵਿੱਚ ਹੋਣ ਦਾ ਐਲਾਨ ਕੀਤਾ ਗਿਆ ਸੀ। ‘‘ਆਜ਼ਾਦ
ਪਰਗਟਾਵੇ ਲਈ ਕੈਨੇਡਾ ਦੇ ਜਰਨਲਿਸਟਾਂ’’ ਦੀ ਜਥੇਬੰਦੀ ਸੀ. ਜੇ. ਐੱਫ.
ਡੀ. ਵੱਲੋਂ ਵੀ ਪੰਨੂੰ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ। ਇਸ ਸਬੰਧੀ ਸਰੋਕਾਰ ਦੀ ਚਿੱਠੀ, ਕੈਨੇਡਾ ਅਤੇ
ਭਾਰਤ ਦੇ ਇੱਕ ਦੂਜੇ ਦੇਸ਼ ਵਿਚਲੇ ਹਾਈ ਕਮਿਸ਼ਨਰਾਂ ਨੂੰ ਭੇਜੀ ਗਈ। ਇਸ ਤੋਂ ਇਲਾਵਾ ਇਹ ਚਿੱਠੀ
ਕੈਨੇਡਾ ਦੇ ਵਿਦੇਸ਼ ਮੰਤਰੀ ਨੂੰ ਵੀ ਭੇਜੀ ਗਈ। ਪੰਜਾਬ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ
ਪੱਤਰਕਾਰ ਕੰਵਰ ਸੰਧੂ ਨੇ ਵੀ ਪੰਨੂੰ ਦੀ ਗ੍ਰਿਫ਼ਤਾਰੀ ਵਿਰੁੱਧ, ਪੰਜਾਬ ਸਰਕਾਰ
ਦੀ ਸਖ਼ਤ ਨੁਕਤਾਚੀਨੀ ਕਰਦਾ ਹੋਇਆ ਬਿਆਨ ਜਾਰੀ ਕੀਤਾ ਸੀ।
... ਤੇ ਹੁਣ ਕੰਵਰ ਸੰਧੂ ਦੀ ਵਾਰੀ
ਕੰਵਰ ਸੰਧੂ ਇੱਕ ਸਥਾਪਤ ਤੇ ਲੋਕ-ਪੱਖੀ ਪੱਤਰਕਾਰ ਹੈ। ਉਹ ਕਈ ਵੱਡੇ
ਅੰਗਰੇਜ਼ੀ ਅਖਬਾਰਾਂ ਦਾ ਪੱਤਰਕਾਰ ਰਿਹਾ ਹੈ। ਹੁਣ ਬੰਦ ਕਰਵਾ ਦਿੱਤੇ ਗਏ ਟੀ. ਵੀ. ਚੈਨਲ ‘‘ਡੇ ਐਂਡ ਨਾਈਟ’’ ਦਾ ਉਹ
ਮੈਨੇਜਿੰਗ ਡਾਇਰੈਕਟਰ ਸੀ। ਉਹ ਪੰਜਾਬ ਸਰਕਾਰ ਦੀ ਜੀ-ਹਜ਼ੂਰੀ ਕਰਨ ਤੋਂ ਮੁਨਕਰ ਰਿਹਾ ਹੈ ਅਤੇ ਇਸ
ਸਰਕਾਰ ਦੇ ਕਾਲੇ ਕਾਰਨਾਮਿਆਂ ਬਾਰੇ ਸੱਚ ਕਹਿਣ ਦੀ ਜੁਰਅਤ ਕਰਦਾ ਆ ਰਿਹਾ ਹੈ। ਉਸਦੀ ਵੀ ਇੱਕ ਦਿਨ ਵਾਰੀ ਆਉਣੀ ਹੀ ਸੀ, ਸੋ ਆ ਗਈ।
ਹੁਣੇ ਹੁਣੇ ਉਸ ਨੇ ਕੈਟ ਪਿੰਕੀ ਦੇ ਨਾਉਂ ਨਾਲ ਜਾਣੇ ਜਾਂਦੇ ਸਾਬਕਾ ਪੁਲਸ
ਅਫ਼ਸਰ ਗੁਰਮੀਤ ਸਿੰਘ ਪਿੰਕੀ ਨਾਲ ਕਈ ਕਿਸ਼ਤਾਂ ਵਿੱਚ ਇੱਕ ਲੰਮੀ ਵੀਡੀਓ ਮੁਲਾਕਾਤ ਕੀਤੀ ਹੈ। ਇਸ
ਮੁਲਾਕਾਤ ਵਿੱਚ ਪਿੰਕੀ ਨੇ ਇੱਕ ਚਸ਼ਮਦੀਦ ਗਵਾਹ ਵਜੋਂ ਪਿਛਲੇ ਸਮੇਂ ਵਿੱਚ ਹੋਏ ਝੂਠੇ ਪੁਲਸ
ਮੁਕਾਬਲੇ ਬਣਾਉਣ ਵਾਲੇ ਵੱਡੇ ਪੁਲਸ ਅਫ਼ਸਰਾਂ ਦੇ ਨਾਉਂ ਅਤੇ ਤੱਥ ਜੱਗ-ਜ਼ਾਹਰ ਕੀਤੇ ਹਨ। ਇਸੇ
ਇੰਟਰਵਿਊ ਲੜੀ ਦੇ ਆਧਾਰ ਉੱਤੇ ਕੰਵਰ ਸੰਧੂ ਨੇ ਆਊਟਲੁਕ ਮੈਗਜ਼ੀਨ ਵਿੱਚ ਇੱਕ ਲੰਮੀ ਕਹਾਣੀ ਛਪਾਈ
ਹੈ। ਇਸ ਗੱਲ ਨੇ ਪੰਜਾਬ ਸਰਕਾਰ ਨੂੰ ਕਸੂਤੀ ਹਾਲਤ ਵਿੱਚ ਫਸਾਇਆ ਹੈ।
ਇਸ ਇੰਟਰਵਿਊ ਵਿੱਚ ਪਿੰਕੀ ਕੈਟ ਨੇ ਇਹ ਦੱਸਿਆ ਹੈ ਕਿ ਜਦੋਂ ਉਹ ਪੁਲਸ
ਅਫ਼ਸਰ ਸੀ ਤਾਂ ਬੇਅੰਤ ਸਿੰਘ ਦੇ ਕਤਲ ਦੇ ਇੱਕ ਦੋਸ਼ੀ ਬਲਵੰਤ ਸਿੰਘ ਰਾਜੋਆਣੇ ਨੇ ਜੇਲ੍ਹ ਵਿੱਚੋਂ
ਪਿੰਕੀ ਨੂੰ ਇੱਕ ਚਿੱਠੀ ਲਿਖੀ ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਉਹ ਰਾਜੋਆਣੇ ਨੂੰ ਚੰਡੀਗੜ੍ਹ ਜੇਲ੍ਹ ਵਿੱਚ ਆ ਕੇ
ਜ਼ਰੂਰ ਮਿਲੇ। ਜਦੋਂ ਪਿੰਕੀ ਕੈਟ ਰਾਜੋਆਣੇ ਨੂੰ ਮਿਲਿਆ ਤਾਂ ਰਾਜੋਆਣੇ ਨੇ ਦੱਸਿਆ ਕਿ ਬੇਅੰਤ ਕਤਲ
ਕਾਂਡ ਦਾ ਇੱਕ ਹੋਰ ਦੋਸ਼ੀ ਜਗਤਾਰ ਹਵਾਰਾ ਜੇਲ੍ਹ ਦੀ ਕੰਧ ਤੋੜ
ਕੇ ਭੱਜਣ ਦੀ ਸਕੀਮ ਬਣਾ ਰਿਹਾ ਹੈ; ਕਿ ਧਮਾਕੇ ਨਾਲ ਜੇਲ੍ਹ ਦੀ ਕੰਧ ਤੋੜਨ
ਲਈ 2 ਕਿਲੋ ਆਰ. ਡੀ. ਐਕਸ. ਜੇਲ੍ਹ ਵਿੱਚ ਪਹੁੰਚ
ਚੁੱਕੀ ਹੈ। ਅਤੇ ਪਿੰਡ ਖੰਟ ਵਿੱਚ ਰਾਜੂ ਨਾਉਂ ਦੇ ਬੰਦੇ ਦੇ ਘਰੇ ਪਾਕਿਸਤਾਨ ਤੋਂ ਬੰਦੂਖਾਂ ਦੀ
ਇੱਕ ਖੇਪ ਪਹੁੰਚ ਚੁੱਕੀ ਹੈ।
ਰਾਜੋਆਣਾ ਨੇ ਪਿੰਕੀ ਨੂੰ ਬੇਨਤੀ ਕੀਤੀ ਕਿ ਉਹ ਹਵਾਰੇ ਹੁਰਾਂ ਦੀ ਇਸ ਸਕੀਮ
ਨੂੰ ਫੇਲ੍ਹ ਕਰੇ। ਕਿਉਂਕਿ, ਰਾਜੋਆਣੇ ਦਾ
ਕਹਿਣਾ ਸੀ ਕਿ ਅਸੀਂ ਸਾਰਿਆਂ (ਬੇਅੰਤ ਕਤਲ-ਕਾਂਡ ਦੇ ਦੋਸ਼ੀਆਂ) ਨੇ ਅਰਦਾਸ ਕਰਕੇ ਦਲਵਿੰਦਰ ਨੂੰ
ਮਨੁੱਖੀ ਬੰਬ ਬਣਾ ਕੇ ਭੇਜਿਆ ਸੀ ਅਤੇ ਉਸ ਨਾਲ ਵਾਅਦਾ ਸੀ ਕਿ ਅਸੀਂ ਵੀ ਤੇਰੇ ਪਿੱਛੇ ਆਵਾਂਗੇ
ਯਾਨੀ ‘‘ਸ਼ਹੀਦ’’ ਹੋਵਾਂਗੇ। ਹੁਣ ਜੇ
ਹਵਾਰੇ ਹੁਰੀਂ ਆਪਣੀ ਜਾਨ ਬਚਾਉਣ ਲਈ ਜੇਲ੍ਹ ਵਿੱਚੋਂ ਭੱਜ
ਗਏ। ਤਾਂ ਇਹ ਦਲਵਿੰਦਰ ਨਾਲ ਵਿਸ਼ਵਾਸ ਘਾਤ ਕਰਨਾ ਹੋਵੇਗਾ। ਉਹ ਹਵਾਰੇ ਹੁਰਾਂ ਉੱਤੇ ਏਸ ਗੱਲੋਂ ਵੀ
ਔਖਾ ਸੀ ਕਿ ਉਹ ਫਾਂਸੀ ਤੋਂ ਬਚਣ ਲਈ ਮੁਕੱਦਮਾ ਕਿਉਂ ਲੜ ਰਹੇ ਹਨ। ਆਪਣਾ ਦੋਸ਼ ਕਬੂਲ ਕਰਕੇ ਫਾਂਸੀ
ਚੜ੍ਹਨ ਲਈ ਤਿਆਰ ਕਿਉਂ ਨਹੀਂ ਹਨ। ਪਿੰਕੀ ਕੈਟ ਦੇ ਦੱਸਣ ਅਨੁਸਾਰ ਉਸਨੇ ਉਤਲੇ ਪੁਲਸ ਅਫ਼ਸਰਾਂ ਨੂੰ
ਇਸਦੀ ਜਾਣਕਾਰੀ ਦੇ ਕੇ ਹਵਾਰੇ ਹੋਰਾਂ ਦੀ ਇਹ ਸਾਜਸ਼ ਫੇਲ੍ਹ ਕਰ ਦਿੱਤੀ।
ਹੁਣ ਸੰਧੂ ਵੱਲੋਂ ਕੀਤੀ ਪਿੰਕੀ ਦੀ ਇੰਟਰਵਿਊ ਜਾਰੀ ਹੋਣ ਤੋਂ ਬਾਅਦ
ਰਾਜੋਆਣਾ ਇਸ ਗੱਲੋਂ ਭੜਕ ਗਿਆ ਕਿ ਪਿੰਕੀ ਦੀ ਕਹਾਣੀ ਮਨਘੜਤ ਹੈ। ਇਹ ਵੀਡੀਓ ਜਾਰੀ ਕਰਨ ਤੋਂ
ਪਹਿਲਾਂ ਸੰਧੂ ਨੇ ਮੇਰਾ ਪੱਖ ਕਿਉਂ ਨਹੀਂ ਸੁਣਿਆ। ਉਸਨੇ ਆਪਣੀ ਧਰਮ-ਭੈਣ ਕਮਲਦੀਪ ਕੌਰ ਰਾਹੀਂ
ਸੰਧੂ ਨੂੰ ਸੁਨੇਹਾ ਭੇਜਿਆ ਕਿ ਉਹ ਪਟਿਆਲਾ ਜੇਲ੍ਹ ਵਿੱਚ ਆ ਕੇ
ਮੈਨੂੰ ਮਿਲੇ ਅਤੇ ਨਾਲ ਪਿੰਕੀ ਕੈਟ ਨੂੰ ਜ਼ਰੂਰ ਲੈ ਕੇ ਆਵੇ ਤਾਂ ਜੋ ਮੂੰਹ ਉੱਤੇ ਗੱਲਾਂ ਕਰਕੇ ਇਸ
ਕਹਾਣੀ ਦੇ ਝੂਠ-ਸੱਚ ਦਾ ਨਿਤਾਰਾ ਹੋ ਸਕੇ।
ਕੰਵਰ ਸੰਧੂ ਤੇ ਪਿੰਕੀ ਕੈਟ ਪਟਿਆਲਾ ਜੇਲ੍ਹ ਵਿੱਚ
ਰਾਜੋਆਣਾ ਨੂੰ ਮਿਲਣ ਚਲੇ ਗਏ। ਪਿੰਕੀ ਕੈਟ ਜੇਲ੍ਹ ਸੁਪਰਡੈਂਟ ਦੇ
ਦਫ਼ਤਰ ਵਿੱਚ ਬੈਠਾ ਰਿਹਾ ਅਤੇ ਜੇਲ੍ਹ ਦਾ ਇੱਕ ਅਸਿਸਟੈਂਟ
ਸੁਪਰਡੈਂਟ ਸੰਧੂ ਨੂੰ ਹਵਾਰੇ ਨਾਲ ਮਿਲਾਉਣ ਲਈ ਇੱਕ ਕਮਰੇ ਵਿੱਚ ਲੈ ਗਿਆ। ਜਾਂਦਿਆਂ ਹੀ ਰਾਜੋਆਣਾ
ਨੇ ਸੰਧੂ ਉੱਤੇ ਹਮਲਾ ਕਰ ਦਿੱਤਾ ਅਤੇ ਦੋ ਮਿੰਟ ਦੇ ਅੰਦਰ ਅੰਦਰ ਹੀ ਸੰਧੂ ਆਪਣੀ ਢਹੀ ਪੱਗ ਨੂੰ
ਹੱਥ ਵਿੱਚ ਫੜ੍ਹੀਂ ਬਾਹਰ ਭੱਜਿਆ ਆਉਂਦਾ ਦਿਖਿਆ।
ਇਸ ਘਟਨਾ ਚੱਕਰ ਵਿੱਚ, ਜੇਲ੍ਹ ਮਹਿਕਮੇ ਦੀ
ਸਿਖਰਲੀ ਪੱਧਰ ’ਤੇ, ਯਾਨੀ ਜੇਲ੍ਹ ਮਹਿਕਮੇ ਦੇ
ਵਜ਼ੀਰ ਸੁਖਬੀਰ ਬਾਦਲ ਦੀ ਪੱਧਰ ’ਤੇ ਬਣਾਈ ਗਈ ਸਾਜਿਸ਼ ਦੀ
ਬੂ ਆਉਂਦੀ ਹੈ।
ਇਸ ਮਾਮਲੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਫਾਂਸੀ ਲੱਗਣ ਵਾਲੇ ਕੈਦੀਆਂ
ਦੀ ਮੁਲਾਕਾਤ ਬਾਰੇ ਬੜਾ ਸਖ਼ਤ ਕਾਨੂੰਨ ਬਣਿਆ ਹੋਇਆ ਹੈ। ਇਸ ਕਾਨੂੰਨ ਦੇ ਹਿਸਾਬ ਨਾਲ ਅਜਿਹੇ
ਕੈਦੀਆਂ ਨਾਲ ਉਹਨਾਂ ਦੇ 10 ਰਿਸ਼ਤੇਦਾਰਾਂ ਅਤੇ ਇੱਕ
ਵਕੀਲ ਤੋਂ ਬਿਨਾਂ ਹੋਰ ਕੋਈ ਵੀ ਮੁਲਾਕਾਤ ਨਹੀਂ ਕਰ ਸਕਦਾ। ਰਾਜੋਆਣਾ ਨੂੰ ਇਹ ਭਰੋਸਾ ਕਿਵੇਂ ਸੀ
ਕਿ ਉਹ ਗੈਰ-ਕਾਨੂੰਨੀ ਤੌਰ ’ਤੇ ਸ਼ਰੇਆਮ ਸੰਧੂ ਅਤੇ ਪਿੰਕੀ ਨਾਲ ਮੁਲਾਕਾਤ
ਕਰ ਸਕਦਾ ਹੈ। ਉੱਤੋਂ ਹਰੀ ਝੰਡੀ ਮਿਲਣ ਤੋਂ ਬਿਨਾਂ ਇਹ ਭਰੋਸਾ ਨਹੀਂ ਬਣ ਸਕਦਾ।
ਦੂਜੀ ਗੱਲ, ਉੱਤੋਂ ਹਰੀ ਝੰਡੀ ਮਿਲਣ
ਤੋਂ ਬਿਨਾਂ ਜੇਲ੍ਹ ਦਾ ਅਸਿਸਟੈਂਟ ਸੁਪਰਡੈਂਟ ਵੀ ਇਹ ਮੁਲਾਕਾਤ
ਕਰਵਾਉਣ ਦੀ ਜੁਰਅਤ ਨਹੀਂ ਕਰ ਸਕਦਾ। ਇਹ ਅਸਿਸਟੈਂਟ ਸੁਪਰਡੈਂਟ, ਜੇਲ੍ਹ ਸੁਪਰਡੈਂਟ ਦੇ
ਸਾਹਮਣੇ ਸੰਧੂ ਨੂੰ ਰਾਜੋਆਣਾ ਨਾਲ ਮੁਲਾਕਾਤ ਵਾਸਤੇ ਲੈ ਕੇ ਗਿਆ ਹੈ। ਜੇਲ੍ਹ ਸੁਪਰਡੈਂਟ ਵੀ
ਉਤੋਂ ਹਰੀ ਝੰਡੀ ਮਿਲਣ ਤੋਂ ਬਿਨਾਂ ਇਸ ਗੈਰ-ਕਾਨੂੰਨੀ ਮੁਲਾਕਾਤ ਦੀ ਆਗਿਆ ਨਹੀਂ ਦੇ ਸਕਦਾ।
ਤੀਜੀ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਇਸ ਘਟਨਾ ਦੀ ਵੀਡੀਓ ਜੇਲ੍ਹ ਅੰਦਰ ਲੱਗੇ
ਕੈਮਰਿਆਂ ਰਾਹੀਂ ਬਣੀ ਹੋਈ ਹੈ। ਇਹ ਵੀਡੀਓ ਬਾਦਲਾਂ ਦੇ ਚਹੇਤੇ ਟੀ. ਵੀ. ਪੀ. ਟੀ. ਸੀ. ਕੋਲ
ਕਿਵੇਂ ਪਹੁੰਚੀ ਜੋ ਇਸ ਨੂੰ ਚਟਕਾਰੇ ਲੈ ਕੇ ਚਲਾਉਂਦਾ ਰਿਹਾ ਹੈ। ਜੇਲ੍ਹ ਸੁਪਰਡੈਂਟ ਦੇ
ਕਹਿਣ ਅਨੁਸਾਰ ਉਸ ਵੱਲੋਂ ਤਾਂ ਇਹ ਟੀ. ਵੀ. ਕਲਿੱਪ ਆਪਣੇ ਉਤਲੇ ਅਫ਼ਸਰਾਂ ਨੂੰ ਭੇਜੀ ਗਈ ਸੀ। ਜੇਲ੍ਹ ਦਾ ਵੱਡੇ ਤੋਂ
ਵੱਡਾ ਅਫਸਰ ਵੀ ਉਤੋਂ ਹਰੀ ਝੰਡੀ ਮਿਲੇ ਬਿਨਾਂ ਇਸ ਕਲਿੱਪ ਨੂੰ ਜੱਗ-ਜ਼ਾਹਿਰ ਕਰਨ ਲਈ ਕਿਸੇ ਟੀ.
ਵੀ. ਨੂੰ ਨਹੀਂ ਦੇ ਸਕਦਾ।
ਇਸ ਸਰਕਾਰ ਦੇ ਰਾਜੋਆਣੇ ਵੰਨੀ ਨਰਮਗੋਸ਼ਾ ਹੋਣ ਦੇ ਸ਼ੰਕੇ ਅਧੀਨ ਇੱਕ ਹੋਰ ਵੀ
ਸੁਆਲ ਉਠਾਇਆ ਜਾ ਰਿਹਾ ਹੈ। ਉਹ ਇਹ ਕਿ ਫਾਂਸੀ ਲੱਗੇ ਕੈਦੀ ਵੱਲੋਂ ਆਪਣੇ ਇਲਾਜ ਲਈ ਬਾਹਰਲੇ
ਹਸਪਤਾਲ ਜਾਣਾ ਇੱਕ ਵੱਡੀ ਮੁਸ਼ਕਲ ਵਾਲੀ ਗੱਲ ਹੈ। ਇਸ ਲਈ ਵੱਡੀ ਪੁਲਸ ਗਾਰਦ ਦਾ ਇੰਤਜ਼ਾਮ ਕਰਨਾ
ਪੈਂਦਾ ਹੈ। ਇਸ ਗੱਲ ਲਈ ਕਿਸੇ ਕੈਦੀ ਨੂੰ ਇੱਕ ਸਧਾਰਨ ਬਿਮਾਰੀ ਦੇ ਇਲਾਜ ਲਈ ਅਜਿਹੀ ਮਨਜ਼ੂਰੀ
ਮਿਲਣੀ ਅਸੰਭਵ ਵਰਗੀ ਗੱਲ ਹੈ। ਪਰ ਜੇ ਰਾਜੋਆਣੇ ਦੀ ਜਾੜ੍ਹ ਵੀ ਦੁਖਦੀ
ਹੋਵੇ ਤਾਂ ਉਸਨੂੰ ਬਾਹਰਲੇ ਹਸਪਤਾਲ ਜਾਣ ਦੀ ਮੌਜ ਨਾਲ ਹੀ ਇਜਾਜ਼ਤ ਮਿਲ ਜਾਂਦੀ ਹੈ। ਜਿੰਨੀ ਵਾਰ ਉਹ
ਇਲਾਜ ਲਈ ਬਾਹਰਲੇ ਹਸਪਤਾਲ ਲਿਜਾਇਆ ਗਿਆ ਹੈ, ਪੀ. ਟੀ. ਸੀ.
ਟੈਲੀਵਿਜ਼ਨ ਦੇ ਪੱਤਰਕਾਰ ਹਮੇਸ਼ਾਂ ਪਹਿਲਾਂ ਹੀ ਉਥੇ ਮੌਜੂਦ ਹੁੰਦੇ ਹਨ ਅਤੇ ਉਸਦੇ ਬਿਆਨ ਨਸ਼ਰ ਕੀਤੇ
ਜਾਂਦੇ ਹਨ।
ਰਾਜੋਆਣਾ ਵੱਲੋਂ ਕਿਸੇ ਨਿਰਦੋਸ਼ ਵਿਅਕਤੀ ’ਤੇ
ਗੁੰਡਾਗਰਦੀ ਦੀ ਇਹ ਪਹਿਲੀ ਕਾਰਵਾਈ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਸਨੇ ਜੇਲ੍ਹ ਅੰਦਰਲੇ
ਗੁਰਦੁਆਰੇ ਦੇ ਗਰੰਥੀ ਦਾ ਕੁਟਾਪਾ ਕੀਤਾ ਸੀ। ਉਹਦੀ ਦਾਹੜੀ ਪੁੱਟੀ ਸੀ ਅਤੇ ਪੱਗ ਢਾਹੀ ਸੀ।
ਕੰਵਰ ਸੰਧੂ ਉੱਤੇ ਹਮਲੇ ਦੀ ਇਸ ਘਟਨਾ ਨੇ ਜਿਉਂਦਾ-ਸ਼ਹੀਦ ਆਖੇ ਜਾਂਦੇ
ਰਾਜੋਆਣਾ ਦੀ ਕਾਫ਼ੀ ਮਿੱਟੀ ਪਲੀਤ ਕੀਤੀ ਹੈ। ਪੰਜਾਬ ਵਿਚਲੇ ਪੱਤਰਕਾਰਾਂ ਵੱਲੋਂ ਅਤੇ ਬਾਹਰਲੇ
ਦੇਸ਼ਾਂ ਦੇ ਪੰਜਾਬੀ ਅਖਬਾਰਾਂ ਤੇ ਰੇਡੀਓ ਪੱਤਰਕਾਰਾਂ ਤੇ ਹੋਰ ਲੋਕਾਂ ਵੱਲੋਂ ਕੰਵਰ ਸੰਧੂ ਨਾਲ
ਇੱਕਮੁਠਤਾ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਬਾਦਲ ਸਰਕਾਰ (ਕਿ ਸੁਖਬੀਰ ਸਰਕਾਰ) ਅਤੇ ਰਾਜੋਆਣਾ ਦੀ ਇਸ
ਕਰਤੂਤ ਉੱਤੇ ਥੂਹ-ਥੂਹ ਕੀਤੀ ਜਾ ਰਹੀ ਹੈ।
No comments:
Post a Comment