Saturday, January 2, 2016

18) ਬੀ. ਡੀ. ਸ਼ਰਮਾ (a) ਕਾ. ਕਿਰਪਾਲ



ਆਦਿਵਾਸੀ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ

ਬੀ. ਡੀ. ਸ਼ਰਮਾ ਨਹੀਂ ਰਹੇ

-           ਪਰਮਿੰਦਰ

ਭਾਰਤ ਅੰਦਰ ਆਦਿਵਾਸੀ ਮਾਮਲਿਆਂ ਦੇ ਉੱਚ-ਕੋਟੀ ਦੇ ਮਾਹਰ ਤੇ ਸਿਧਾਂਤਕਾਰ (ਅਥਾਰਟੀ) ਵਜੋਂ ਜਾਣੇ ਜਾਂਦੇ ਤੇ ਆਪਣੀ  ਸਾਰੀ ਉਮਰ ਆਦਿਵਾਸੀ ਤੇ ਦਲਿਤ ਲੋਕਾਂ ਦੇ ਹੱਕਾਂ ਲਈ ਬੇਗਰਜ਼ ਅਤੇ ਬੇਖੌਫ਼ ਆਵਾਜ਼ ਉਠਾਉਣ ਵਾਲੇ ਡਾ. ਬ੍ਰਹਮ ਦੇਵ ਸ਼ਰਮਾ 6 ਦਸੰਬਰ, 2015 ਨੂੰ ਗਵਾਲੀਅਰ ਵਿਖੇ ਚੱਲ ਵਸੇ। ਉਹ ਪਿਛਲੇ ਇੱਕ ਵਰ੍ਹੇ ਤੋਂ ਬਿਮਾਰ ਚਲੇ ਆ ਰਹੇ ਸਨ। ਉਹ 84 ਵਰ੍ਹਿਆਂ ਦੇ ਸਨ। ਡਾ. ਬੀ. ਡੀ. ਸ਼ਰਮਾ ਦਾ ਇਹ ਵਿਗੋਚਾ ਸਮੁੱਚੇ ਆਦਿਵਾਸੀ ਜਗਤ, ਦੱਬੇ ਕੁਚਲੇ ਲੋਕਾਂ ਅਤੇ ਜਮਹੂਰੀ ਅਤੇ ਜਨ ਅੰਦੋਲਨਾਂ ਨਾਲ ਜੁੜੇ ਲੋਕਾਂ ਲਈ ਇੱਕ ਗਹਿਰਾ ਸਦਮਾ ਹੈ, ਨਾ ਪੂਰਿਆ ਜਾਣ ਵਾਲਾ ਵੱਡਾ ਘਾਟਾ ਹੈ।
ਮੂਲ ਰੂਪ ਚ ਯੂ. ਪੀ. ਦੇ ਮੁਰਾਦਾਬਾਦ ਸ਼ਹਿਰ ਦੇ ਡਾ. ਸ਼ਰਮਾ ਇੱਕ ਵਿਦਵਾਨ ਸਨ ਜਿਹਨਾਂ ਨੇ ਮੈਥੇਮੈਟਿਕਸ (ਹਿਸਾਬ) ਚ ਪੀ. ਐਚ. ਡੀ. ਕੀਤੀ ਹੋਈ ਸੀ। ਇਸ ਵਿਸ਼ੇ ਬਾਰੇ ਉਹਨਾਂ ਨੇ ਕਈ ਕਿਤਾਬਾਂ ਦੀ ਵੀ ਰਚਨਾ ਕੀਤੀ ਹੈ। 1956 ਵਿੱਚ ਉਹ ਆਈ. ਏ. ਐਸ. ਦੇ ਮੱਧ ਪ੍ਰਦੇਸ਼ ਕਾਡਰ ਲਈ ਚੁਣੇ ਗਏ ਤੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਚ ਡਾਇਰੈਕਟਰ ਅਤੇ ਜਾਇੰਟ ਸੈਕਟਰੀ ਸਮੇਤ ਕੇਂਦਰੀ ਤੇ ਸੂਬਾਈ ਸਰਕਾਰ ਚ ਕਈ ਅਹਿਮ ਅਹੁਦਿਆਂ ਤੇ ਕੰਮ ਕੀਤਾ। ਆਦਿਵਾਸੀਆਂ ਨਾਲ ਸਬੰਧਤ ਸਰਕਾਰ ਨਾਲ ਆਪਣੇ ਨੀਤੀ ਵਖਰੇਵਿਆਂ ਕਰਕੇ ਉਹਨਾਂ ਨੇ 1981 ’ਚ ਆਈ. ਏ. ਐਸ ਤੋਂ ਅਸਤੀਫਾ ਦੇ ਦਿੱਤਾ ਅਤੇ ਬਾਅਦ ਦੀ ਆਪਣੀ ਪੂਰੀ ਜ਼ਿੰਦਗੀ ਆਦਿਵਾਸੀ ਜਨਤਾ ਦੀ ਸੇਵਾ ਚ ਸਮਰਪਤ ਕਰ ਦਿੱਤੀ।

ਬਸਤਰ ਦੇ ਕੁਲੈਕਟਰ

ਡਾ. ਸ਼ਰਮਾ 1968 ਤੋਂ 1971 ਦੇ ਵਰ੍ਹਿਆਂ ਦੌਰਾਨ ਦੇਸ਼ ਭਰ ਚ ਸਭ ਤੋਂ ਵੱਡੇ ਜ਼ਿਲ੍ਹੇ ਬਸਤਰ ਦੇ ਕੁਲੈਕਟਰ (ਡੀ. ਸੀ.) ਰਹੇ। ਭਾਰੀ ਗਿਣਤੀ ਚ ਆਦਿਵਾਸੀ ਵਸੋਂ ਵਾਲੇ ਇਸ ਜ਼ਿਲ੍ਹੇ ਚ ਆਦਿਵਾਸੀ ਲੋਕਾਂ ਨਾਲ ਉਹਨਾਂ ਦਾ ਨੇੜਿਓਂ ਅਜਿਹਾ ਵਾਹ ਪਿਆ ਕਿ ਉਹ ਉਮਰ ਭਰ ਲਈ ਉਹਨਾਂ ਦੇ ਹੀ ਹੋ ਕੇ ਰਹਿ ਗਏ। ਆਪਣੇ ਇਸ ਸੰਖੇਪ ਸੇਵਾਕਾਲ ਦੌਰਾਨ, ਉਹਨਾਂ ਨੇ ਆਦਿਵਾਸੀ ਲੋਕਾਂ ਦੇ ਹਿੱਤਾਂ ਚ ਅਜਿਹੇ ਕਈ ਚਰਚਿਤ ਕਦਮ ਚੁੱਕੇ ਜੋ ਦੰਦ-ਕਥਾ ਬਣ ਗਏ। ਇਹਨਾਂ ਚੋਂ ਕੁਝ ਕੁ ਨੂੰ ਇੱਥੇ ਚਿਤਾਰਨਾ ਦਿਲਚਸਪ ਰਹੇਗਾ।
ਕਹਿੰਦੇ ਹਨ ਕਿ ਜਦ ਡਾ. ਬੀ. ਡੀ. ਸ਼ਰਮਾ ਨੇ ਦੇਖਿਆ ਕਿ ਆਦਿਵਾਸੀ ਖੇਤਰਾਂ ਚ ਤਾਇਨਾਤ ਸਕੂਲ ਅਧਿਆਪਕ ਸਿਰਫ਼ ਕਦੇ ਕਦਾਈਂ ਹੀ ਜਾਂ ਤਨਖਾਹ ਲੈਣ ਆਉਂਦੇ ਹਨ ਤੇ ਬਾਕੀ ਵਧੇਰੇ ਸਮਾਂ ਸ਼ਹਿਰਾਂ ਚ ਆਪਣੇ ਪਰਿਵਾਰਾਂ ਕੋਲ ਰਹਿੰਦੇ ਹਨ। ਤਾਂ ਉਹਨਾਂ ਨੇ ਇਨ੍ਹਾਂ ਸਾਰੇ ਅਧਿਆਪਕਾਂ ਦੀਆਂ ਪਤਨੀਆਂ ਨੂੰ ਆਪਣੇ ਅਧਿਆਪਕ ਪਤੀਆਂ ਨਾਲ ਉਹਨਾਂ ਤੋਂ ਅੱਧੀ ਤਨਖਾਹ ਤੇ ਅਧਿਆਪਕ ਨਿਯੁਕਤ ਕਰਨ ਦਾ ਐਲਾਨ ਕਰ ਦਿੱਤਾ ਤੇ ਇਸ ਆਦੇਸ਼ ਨੂੰ ਮਨਜ਼ੂਰੀ ਲਈ ਰਾਜਧਾਨੀ ਭੇਜ ਦਿੱਤਾ। ਉਹਨਾਂ ਦਾ ਤਰਕ ਸੀ ਕਿ ਇਉਂ ਇਹਨਾਂ ਅਧਿਆਪਕਾਂ ਨੂੰ ਆਦਿਵਾਸੀ ਖੇਤਰਾਂ ਚ ਹੀ ਰਹਿਣ ਲਈ ਪ੍ਰੇਰਿਤ ਤੇ ਉਤਸ਼ਾਹਤ ਕੀਤਾ ਜਾ ਸਕੇਗਾ। ਰਾਜਧਾਨੀ ਦੀ ਅਫ਼ਸਰਸ਼ਾਹੀ ਨੇ ਇਹ ਇਤਰਾਜ਼ ਲਾਕੇ ਉਪਰੋਕਤ ਤਜਵੀਜ਼ ਰੱਦ ਕਰ ਦਿੱਤੀ ਕਿ ਲੋੜੀਂਦੀ ਖੋਜ-ਪੜਤਾਲ ਨਹੀਂ ਕੀਤੀ ਗਈ। ਕੀ ਪਤਾ ਹੈ ਕਿ ਅਧਿਆਪਕਾਂ ਦੀਆਂ ਪਤਨੀਆਂ ਪੜ੍ਹੀਆਂ-ਲਿਖੀਆਂ ਵੀ ਹਨ ਜਾਂ ਨਹੀਂ। ਡਾ. ਸ਼ਰਮਾ ਦਾ ਜੁਆਬ ਸੀ: ‘‘ਹਰ ਔਰਤ ਅਤੇ ਮਾਂ ਜਨਮ-ਜਾਤ ਅਧਿਆਪਕ ਹੁੰਦੀ ਹੈ।’’
ਇੱਕ ਹੋਰ ਇਨਕਲਾਬੀ ਕਦਮ, ਜਿਸ ਕਰਕੇ ਡਾ. ਸ਼ਰਮਾ ਤਿੱਖੀ ਚਰਚਾ ਦਾ ਵਿਸ਼ਾ ਬਣੇ, ਬੈਲਾਡਿਲਾ ਦੇ ਲੋਹ-ਖਾਣ ਖੇਤਰ ਨਾਲ ਸਬੰਧਤ ਹੈ। ਬੈਲਾਡਿਲਾ ਦੀਆਂ ਲੋਹ ਖਾਣਾਂ ਚ ਕੰਮ ਕਰਦੇ ਗੈਰ-ਆਦਿਵਾਸੀ ਵਰਕਰਾਂ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਅਨੇਕਾਂ ਸਿੱਧੀਆਂ-ਸਾਦੀਆਂ ਆਦਿਵਾਸੀ ਮੁਟਿਆਰਾਂ ਦਾ ਸਰੀਰਕ ਸ਼ੋਸ਼ਣ ਕਰਨਾ ਆਰੰਭ ਕਰ ਰੱਖਿਆ ਸੀ। ਕੁਲੈਕਟਰ ਦੀ ਹੈਸੀਅਤ ਚ ਉਹਨਾਂ ਨੇ ਅਜਿਹੇ ਅਨਸਰਾਂ ਨੂੰ ਇਹਨਾਂ ਮੁਟਿਆਰਾਂ ਨਾਲ ਵਿਆਹ ਕਰਾਉਣ ਜਾਂ ਫਿਰ ਸਜ਼ਾਵਾਂ ਤੇ ਮੁਕੱਦਮਿਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਸੁਣਾਇਆ। ਉਹਨਾਂ ਨੇ ਖੁਦ ਆਪਣੀ ਹਾਜ਼ਰੀ 300 ਅਜਿਹੀਆਂ ਆਦਿਵਾਸੀ ਯੁਵਤੀਆਂ ਦਾ ਗੈਰ-ਆਦਿਵਾਸੀ ਨੌਜਵਾਨਾਂ ਨਾਲ ਸਮੂਹਕ ਵਿਆਹ ਕਰਵਾਇਆ।
ਉਹਨਾਂ ਦੇ ਕਾਰਜ-ਕਾਲ ਦੌਰਾਨ ਜਦ ਸੋਕਾ ਪੈਣ ਨਾਲ ਆਦਿਵਾਸੀ ਵਸੋਂ ਨੂੰ ਭੁੱਖਮਰੀ ਦੀ ਹਾਲਤ ਦਾ ਸਾਹਮਣਾ ਕਰਨਾ ਪੈ ਗਿਆ ਤਾਂ ਉਹਨਾਂ ਨੇ ਐਫ. ਸੀ. ਆਈ. ਦੇ ਗੁਦਾਮਾਂ ਚੋਂ ਅਨਾਜ ਮੁਫ਼ਤ ਵੰਡਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਆਪਣੀ ਦੇਖ-ਰੇਖ ਚ ਅਨਾਜ ਵੰਡਵਾਇਆ। ਉਹਨਾਂ ਨੇ ਇਲਾਕੇ ਨੂੰ ਸੋਕਾ-ਪੀੜਤ ਖੇਤਰ ਐਲਾਨੇ ਜਾਣ ਦੇ ਸਰਕਾਰੀ ਹੁਕਮਾਂ ਦੀ ਵੀ ਉਡੀਕ ਨਹੀਂ ਕੀਤੀ। ਉਹਨਾਂ ਦਾ ਤਰਕ ਸੀ ਕਿ ਅਜਿਹੇ ਐਲਾਨ ਦੇ ਆਉਣ ਤੱਕ ਤਾਂ ਅਨੇਕਾਂ ਲੋਕ ਭੁੱਖ ਨਾਲ ਅਣਆਈ ਮੌਤ ਦੇ ਮੂੰਹ ਚ ਜਾ ਪੈਣਗੇ। ਐਫ. ਸੀ. ਆਈ. ਵੱਲੋਂ ਉਹਨਾਂ ਵਿਰੁੱਧ ਸਰਕਾਰੀ ਗੁਦਾਮ ਭੰਨਣ ਦਾ ਕੇਸ ਵੀ ਦਰਜ ਕਰਾਇਆ ਗਿਆ ਸੀ।
ਨੌਕਰੀ ਚ ਰਹਿੰਦਿਆਂ ਜਾਂ ਨੌਕਰੀ ਤੋਂ ਬਾਹਰ, ਉਹਨਾਂ ਨੇ ਹਮੇਸ਼ਾਂ ਹੀ ਆਦਿਵਾਸੀ ਲੋਕਾਂ ਦੇ ਹਿੱਤਾਂ ਦੀ ਕੀਮਤ ਤੇ ਕਦੇ ਵੀ ਕੋਈ ਸਮਝੌਤਾ ਨਹੀਂ ਕੀਤਾ। ਉਹ ਉਹਨਾਂ ਵਿਰਲੇ ਤੇ ਗਿਣੇ ਚੁਣੇ ਉੱਚ ਅਫ਼ਸਰਾਂ ਚੋਂ ਇੱਕ ਸਨ ਜਿਹਨਾਂ ਨੇ ਲੋਕਾਂ ਦੀ ਕੀਮਤ ਤੇ ਆਪਣੀਆਂ ਗੋਗੜਾਂ ਭਰਨ ਦੀ ਥਾਂ ਲੋਕਾਂ ਦੀ ਨਿਸ਼ਕਾਮ ਸੇਵਾ ਨੂੰ ਆਪਣੀ ਜ਼ਿੰਦਗੀ ਦਾ ਮੂਲ ਮਨੋਰਥ ਬਣਾ ਲਿਆ ਸੀ।

ਬਹੁਮੁੱਲਾ ਯੋਗਦਾਨ

ਆਈ. ਏ. ਐਸ. ਦੀ ਨੌਕਰੀ ਤੋਂ ਅਸਤੀਫ਼ਾ ਦੇਣ ਬਾਅਦ ਉਹ ਪੰਜ ਸਾਲ ਨਾਰਥ-ਈਸਟ ਹਿੱਲ ਯੂਨੀਵਰਸਿਟੀ ਸ਼ਿਲਾਂਗ ਤੇ ਵਾਈਸ ਚਾਂਸਲਰ ਰਹੇ। 1986 ’ਚ ਉਹਨਾਂ ਨੂੰ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਕਬੀਲਿਆਂ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਤੇ 1991 ਤੱਕ ਉਹ ਇਸ ਅਹੁਦੇ ਤੇ ਰਹੇ। ਉਹਨਾਂ ਨੇ ਆਪਣੇ ਇਸ ਕਾਰਜ-ਕਾਲ ਦੌਰਾਨ ਹਰ ਸਾਲ ਰਾਸ਼ਟਰਪਤੀ ਨੂੰ ਆਦਿਵਾਸੀ ਲੋਕਾਂ, ਖੇਤਰਾਂ, ਉਥੋਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ ਨਾਲ ਸਬੰਧਤ ਵਿਸਥਾਰੀ ਰਿਪੋਰਟਾਂ ਭੇਜੀਆਂ। ਇਹਨਾਂ ਵਿੱਚ ਉਹਨਾਂ ਨੇ ਸਰਕਾਰੀ ਨੀਤੀਆਂ ਦੀਆਂ ਕਮਜ਼ੋਰੀਆਂ ਤੇ ਇਰਾਦੇ ਦੀ ਘਾਟ ਨੂੰ ਵੀ ਖੂਬ ਉਘਾੜਿਆ। ਉਹਨਾਂ ਵੱਲੋਂ ਭੇਜੀ 28 ਵੀਂ ਰਿਪੋਰਟ ਨੂੰ ਦਲਿਤਾਂ ਅਤੇ ਆਦਿਵਾਸੀਆਂ ਬਾਰੇ ਇੱਕ ਬਹੁਮੁੱਲੀ ਤੇ ਪ੍ਰਮਾਣਕ ਦਸਤਾਵੇਜ਼ ਵਜੋਂ ਲਿਆ ਜਾਂਦਾ ਹੈ ਅਤੇ ਇਸਨੂੰ ਸੰਵਿਧਾਨ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਸਮਝਿਆ ਗਿਆ ਹੈ।
ਆਦਿਵਾਸੀ ਅਧਿਕਾਰਾਂ ਦੇ ਸਾਰ-ਤੱਤ ਨੂੰ ਰੂਪਮਾਨ ਕਰਦੇ ‘‘ਜਲ, ਜੰਗਲ, ਜ਼ਮੀਨ’’ ਦਾ ਨਾਅਰਾ ਡਾ. ਬੀ. ਡੀ. ਸ਼ਰਮਾ ਵੱਲੋਂ ਹੀ ਘੜਿਆ ਗਿਆ ਸੀ। ਇਉਂ ਹੀ ਪੱਟੀਦਰਜ ਜਾਤਾਂ ਤੇ ਪੱਟੀਦਰਜ ਕਬੀਲਿਆਂ ਬਾਰੇ ਭੂਰੀਆ ਕਮਿਸ਼ਨ ਦੀ ਰਿਪੋਰਟ, ਜੰਗਲ ਅਧਿਕਾਰ ਕਾਨੂੰਨ ਅਤੇ ਪੇਸਾ (ਪੰਚਾਇਤ ਐਕਸਟੈਨਸ਼ਨ ਆਫ਼ ਸ਼ਡਿਊਲਡ ਏਰੀਆ ਐਕਟ) ਆਦਿਕ ਅੰਦਰਲੀਆਂ ਧਾਰਨਾਵਾਂ ਨੂੰ ਉਭਾਰਨ ਤੇ ਤਿਆਰ ਕਰਨ ਚ ਉਹਨਾਂ ਦਾ ਪ੍ਰਮੁੱਖ  ਯੋਗਦਾਨ ਰਿਹਾ ਹੈ। ਉਹਨਾਂ ਨੇ ਆਦਿਵਾਸੀ ਖੇਤਰ ਦੇ ਲੋਕਾਂ ਦੇ ਹਿਤਾਂ ਦੀ ਰਾਖੀ ਲਈ ਸੰਵਿਧਾਨ ਚ ਦਰਜ ਪੰਜਵੀਂ ਸ਼ਡਿਊਲ ਦੀ ਮਹੱਤਤਾ ਨੂੰ ਮੁੜ-ਉਭਾਰ ਦਿੱਤਾ।

ਸੰਘਰਸ਼ਮਈ ਜੀਵਨ

1991 ’ਚ ਐਸ. ਸੀ. ਐਸ. ਟੀ ਕਮਿਸ਼ਨਰ ਦਾ ਅਹੁਦਾ ਛੱਡਣ ਤੋਂ ਬਾਅਦ ਲਗਾਤਾਰ ਆਦਿਵਾਸੀ ਖੇਤਰਾਂ ਦੇ ਲੋਕਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੇ ਸੰਘਰਸ਼ਾਂ ਨਾਲ ਜੁੜੇ ਰਹੇ। ਆਦਿਵਾਸੀਆਂ, ਦਲਿਤਾਂ ਅਤੇ ਪੇਂਡੂ ਖੇਤਰਾਂ ਨਾਲ ਸਬੰਧਤ ਮਸਲਿਆਂ ਉੱਪਰ ਉਹਨਾਂ ਨੇ ਲਗਭਗ ਸੌ ਦੇ ਕਰੀਬ ਕਿਤਾਬਚੇ ਲਿਖੇ ਹਨ। ਉਹ ਨਰਮਦਾ ਬਚਾਉ ਅੰਦੋਲਨ, ਪੋਲਾਵਰਮ ਡੈਮ ਵਿਰੋਧੀ ਤੇ ਪਾਸਕੋ ਵਿਰੋਧੀ ਅੰਦੋਲਨ ਤੇ ਹੋਰ ਅਨੇਕਾਂ ਸੰਘਰਸ਼ਾਂ ਨਾਲ ਜੁੜੇ ਰਹੇ ਹਨ। ਮਈ 2010 ’ਚ ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਚ ਉਹਨਾਂ ਨੇ ਸਰਕਾਰੀ ਬੇਰੁਖੀ ਅਤੇ ਨੀਤੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਜੰਗ ਵਰਗੇ ਹਾਲਤਾਂ ਚ ਧੱਕੇ ਇਹਨਾਂ ਖੇਤਰਾਂ ਚ ਸ਼ਾਂਤੀ ਸਥਾਪਨਾ ਕਰਨ ਲਈ ਉਹਨਾਂ ਦੇ ਦਖਲ ਦੀ ਮੰਗ ਕੀਤੀ ਸੀ। 2012 ’ਚ ਜਦ ਛੱਤੀਸਗੜ੍ਹਚ ਮਾਓਵਾਦੀ ਗੁਰੀਲਿਆਂ ਨੇ ਸੁਕਮਾ ਜ਼ਿਲ੍ਹੇ ਦੇ ਕੁਲੈਕਟਰ ਅਲੈਕਸ ਪਾਲ ਮੈਨਨ ਨੂੰ ਅਗਵਾ ਕਰ ਲਿਆ ਸੀ ਤਾਂ ਡਾ. ਬੀ. ਡੀ. ਸ਼ਰਮਾ ਨੇ ਸਾਲਸੀ ਕਰਕੇ ਉਸਨੂੰ ਰਿਹਾਅ ਕਰਵਾਇਆ ਸੀ।
ਡਾ. ਸ਼ਰਮਾ ਬਹੁਤ ਹੀ ਸਾਦਗੀ ਭਰਿਆ ਜੀਵਨ ਬਸਰ ਕਰਦੇ ਸਨ। ਏਅਰਕੰਡੀਸ਼ਨ ਕੋਠੀਆਂ ਤੇ ਕਾਰਾਂ ਦੀ ਥਾਂ ਉਹ ਆਦਿਵਾਸੀ ਖੇਤਰਾਂ ਚ ਰਹਿੰਦੇ ਅਤੇ ਆਮ ਦਰਜੇ ਚ ਗੱਡੀ ਦਾ ਸਫ਼ਰ ਕਰਦੇ ਸਨ। ਉਹ ਸੱਚਮੁੱਚ ਹੀ ਆਦਿਵਾਸੀ ਲੋਕਾਂ ਨਾਲ ਇੱਕ ਜਾਨ ਸਨ। ਉਹਨਾਂ ਦੀ ਬੇਦਾਗ ਤੇ ਨਿਸ਼ਕਾਮ ਘਾਲਣਾ-ਮਈ ਜ਼ਿੰਦਗੀ ਹਮੇਸ਼ਾਂ ਸਾਡੇ ਲਈ ਇਨਕਲਾਬੀ ਪ੍ਰੇਰਣਾ ਤੇ ਉਤਸ਼ਾਹ ਦਾ ਸੋਮਾ ਬਣੀ ਰਹੇਗੀ।

ਕਾ. ਕਿਰਪਾਲ ਸਿੰਘ ਨੂੰ ਸ਼ਰਧਾਂਜਲੀ


-           ਹਰਜਿੰਦਰ

ਇਨਕਲਾਬੀ-ਜਮਹੂਰੀ ਲਹਿਰ ਦੇ ਦ੍ਰਿੜ ਹਮਾਇਤੀ ਅਤੇ ਤਰਕਸ਼ੀਲ ਸੋਚ ਦੇ ਮਾਲਕ ਕਾਮਰੇਡ ਕਿਰਪਾਲ ਸਿੰਘ (80 ਸਾਲ) ਵਾਸੀ ਦੁੱਗਰੀ, ਲੁਧਿਆਣਾ 27 ਅਗਸਤ ਦੀ ਸਵੇਰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਵਿਛੋੜਾ ਦੇ ਗਏ ਹਨ। ਖੋਖਿਆਂ ਦੇ ਉਜਾੜੇ ਵਿਰੋਧੀ ਸੰਘਰਸ਼ ਦੇ ਆਗੂ ਵਜੋਂ ਉੱਭਰੇ ਕਾਮਰੇਡ ਕਿਰਪਾਲ ਦਾ ਵਾਹ 1970-71 ’‘‘ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ’’ ਨਾਲ ਪਿਆ। ਏਥੋਂ ਸ਼ੁਰੂ ਹੋਇਆ ਆਪਸੀ ਸਹਿਯੋਗ ਤੇ ਭਰਾਤਰੀ ਮਦਦ ਦਾ ਰਿਸ਼ਤਾ ਐਰੋ ਦੇ ਸ਼ਾਨਦਾਰ ਸੰਘਰਸ਼ਾਂ, ਟਰੂ ਲਾਈਨ, ਕਲਕੱਤਾ ਇੰਡਸਟਰੀ, ਰਘਵੀਰ ਸਾਈਕਲ ਫੈਕਟਰੀ ਤੇ ਅਨੇਕਾਂ ਹੋਰ ਮਜ਼ਦੂਰ ਘੋਲਾਂ ਤੋਂ ਲੈ ਕੇ ਐਮਰਜੈਂਸੀ ਦੇ ਵਿਰੋਧ ਤੇ 1978 ਦੇ ਰਾਧੇ ਰਮਨ ਕਤਲ ਕਾਂਡ ਖਿਲਾਫ਼ ਘੋਲ ਦੌਰਾਨ ਜਾਰੀ ਰਿਹਾ।
ਮੋਲਡਰ ਆਗੂਆਂ ਨਾਲ ਵਾਹ ਦੌਰਾਨ ਦਰੁਸਤ ਨੀਤੀਆਂ ਦਾ ਆਦਾਨ ਪ੍ਰਦਾਨ ਕਰਦਿਆਂ ਅਤੇ ਸਿਆਸਤ ਬਾਰੇ ਲੰਮੀ ਵਿਚਾਰ ਚਰਚਾ ਤੋਂ ਬਾਅਦ ਕਾਮਰੇਡ ਕਿਰਪਾਲ ਮੋਲਡਰ ਯੂਨੀਅਨ ਤੇ ਇਨਕਲਾਬੀ-ਜਮਹੂਰੀ ਲਹਿਰ ਅਤੇ ਸਿਆਸਤ ਨਾਲ ਪੱਕੇ ਤੌਰ ਤੇ ਜੁੜ ਗਿਆ। ਕੁਝ ਸਮਾਂ ਜਮਹੂਰੀ ਅਧਿਕਾਰ ਸਭਾ ਦਾ ਸਰਗਰਮ ਕਾਰਕੁੰਨ ਰਹਿਣ ਤੋਂ ਇਲਾਵਾ ਤੇਜਾ ਸਿੰਘ ਸੁਤੰਤਰ ਹਾਈ ਸਕੂਲ (ਸ਼ਿਮਲਾਪੁਰੀ) ਦੇ ਬਾਨੀ ਟਰੱਸਟੀਆਂ ਚ ਵੀ ਉਸਦਾ ਮਹੱਤਵਪੂਰਨ ਰੋਲ ਰਿਹਾ। ਇੱਕ ਸਮੇਂ ਤੋਂ ਬਾਅਦ ਸਰਗਰਮ ਭੂਮਿਕਾ ਨਾ ਨਿਭਾਅ ਸਕਣ ਦੇ ਬਾਵਜੂਦ ਉਹ ਸਦਾ ਲੋਕ ਪੱਖੀ ਵਿਚਾਰਾਂ ਦਾ ਧਾਰਨੀ ਰਿਹਾ ਤੇ ਇਨਕਲਾਬੀ ਜਮਹੂਰੀ ਲਹਿਰ ਦੀ ਦ੍ਰਿੜ ਹਮਾਇਤ ਕਰਦਾ ਰਿਹਾ।
ਲੋਕਾਂ ਦੀ ਸੇਵਾ ਭਾਵਨਾ ਤੇ ਤਰਕਸ਼ੀਲ ਸੋਚ ਤਹਿਤ ਉਨ੍ਹਾਂ ਮਰਨ ਉਪਰੰਤ ਬਿਨਾਂ ਕੋਈ ਧਾਰਮਕ ਰਸਮ ਕੀਤੇ ਆਪਣਾ ਸਰੀਰ ਖੋਜ ਕਾਰਜਾਂ ਲਈ ਸੀ. ਐਮ. ਸੀ. ਹਸਪਤਾਲ ਨੂੰ ਸੌਂਪਣ ਦਾ ਕੁਝ ਸਾਲ ਪਹਿਲਾਂ ਫੈਸਲਾ ਕਰ ਦਿੱਤਾ ਸੀ। ਕਾਮਰੇਡ ਦੇ ਅਚਾਨਕ ਵਿਛੋੜੇ ਉਪਰੰਤ 6 ਸਤੰਬਰ ਨੂੰ ਪਰਿਵਾਰ ਮੈਂਬਰਾਂ, ਮੁਹੱਲਾ ਵਾਸੀਆਂ ਦੇ ਸਹਿਯੋਗ ਤੇ ਲੋਕ ਪੱਖੀ ਲਹਿਰ ਦੇ ਸਾਥੀਆਂ ਤੇ ਅਧਾਰਤ ਸ਼ਰਧਾਂਜਲੀ ਕਮੇਟੀ ਵੱਲੋਂ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮੇਂ ਸਾਥੀ ਗੁਰਜੀਤ ਸਿੰਘ, ਜਸਵੰਤ ਜੀਰਖ, ਸਤੀਸ਼ ਸੱਚਦੇਵਾ, ਸਾਥੀ ਹਰਜਿੰਦਰ ਸਿੰਘ ਆਦਿ ਨੇ ਕਾਮਰੇਡ ਦੇ ਜੀਵਨ ਸੰਘਰਸ਼ ਬਾਰੇ ਚਾਨਣਾ ਪਾਇਆ। ਤੇਜਾ ਸਿੰਘ ਸੁਤੰਤਰ ਸਕੂਲ ਦੇ ਪ੍ਰਿੰਸੀਪਲ ਵੱਲੋਂ, ਪ੍ਰੋਗਰੈਸਿਵ ਕਲਚਰਲ ਸੁਸਾਇਟੀ ਕੈਲਗਿਰੀ ਕੈਨੇਡਾ ਮਾਸਟਰ ਭਜਨ ਸਿੰਘ, ਅਤੇ ਇਨਵਾਇਰਨਮੈਂਟ ਐਂਡ ਹੈਲਥ ਪ੍ਰੋਟੈਕਸ਼ਨ ਸੁਸਾਇਟੀ ਪੰਜਾਬ (ਲੁਧਿ.) ਵੱਲੋਂ ਸ਼ੋਕ ਪੱਤਰ ਭੇਜੇ ਗਏ। ਅੰਤ ਚ ਕਾਮਰੇਡ ਕਿਰਪਾਲ ਦੇ ਵੱਡੇ ਪੁੱਤਰ ਨੇ ਸਮਾਗਮ ਚ ਪਹੁੰਚੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕ ਪੱਖੀ ਲਹਿਰ ਦੇ ਅੰਗ ਸੰਗ ਰਹਿਣ ਦਾ ਐਲਾਨ ਕੀਤਾ।
 

No comments:

Post a Comment