Saturday, January 2, 2016

16) ਲੇਖਕਾਂ ਦਾ ਸਨਮਾਨ



ਪੰਜਾਬੀ ਸਹਿਤ ਸਭਾ ਬਠਿੰਡਾ ਵੱਲੋਂ ਸਨਮਾਨ

ਹਿੱਕਾਂ ਜੋ ਤਮਗਿਆਂ ਨਾਲ ਨਹੀਂ ਠਰੀਆਂ

-      ਭਾਵਨਾ
ਮਿਤੀ 6-12-2015 ਨੂੰ ਪੰਜਾਬੀ ਸਹਿਤ ਸਭਾ ਬਠਿੰਡਾ ਵੱਲੋਂ ਅਸਹਿਣਸ਼ੀਲਤਾ ਦੇ ਭਖਵੇਂ ਮਸਲੇ ਤੇ ਵਿਚਾਰ ਗੋਸ਼ਟੀ ਕਰਵਾਈ ਗਈ ਜਿਸ ਵਿਚ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਵਾਲੇ ਪੰਜਾਬ ਦੇ ਕਲਮਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਜਮੇਰ ਔਲਖ, ਗਰੁਬਚਨ ਭੁੱਲਰ, ਬਲਦੇਵ ਸੜਕਨਾਮਾ, ਸੁਰਜੀਤ ਬਰਾੜ ਅਤੇ ਮੇਘ ਰਾਜ ਮਿੱਤਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵੱਖ ਵੱਖ ਬੁਲਾਰਿਆਂ ਦੀਆਂ ਗੱਲਾਂ ਚੋਂ ਇਹ ਗੱਲ ਉੱਭਰ ਕੇ ਆਈ ਕਿ ਅਸਲ ਇਨਾਮ ਸਨਮਾਨ ਲੋਕ ਹੁੰਦੇ ਹਨ ਅਤੇ ਲੋਕਾਂ ਪ੍ਰਤੀ ਰਿਸ਼ਤਾ ਨਿਭਾਉਣਾ ਸਭ ਤੋਂ ਅਹਿਮ ਹੈ, ਕਿ ਜੋ ਪ੍ਰਤੀਕਰਮ ਹੁਣ ਅਸਹਿਣਸ਼ੀਲਤਾ ਦੇ ਮਸਲੇ ਤੇ ਇੱਕ ਲਹਿਰ ਬਣ ਕੇ ਜਾਗਿਆ ਹੈ, ਇਹੋ ਜਿਹੇ ਪ੍ਰਤੀਕਰਮ ਲੋਕਾਂ ਨਾਲ ਵਾਪਰਦੇ ਹੋਰ ਮਸਲਿਆਂ ਤੇ ਵੀ ਉੱਠਣੇ ਚਾਹੀਦੇ ਹਨ।
ਜਦੋਂ ਸਿਆਸੀ ਕਤਲਾਂ ਤੇ ਫਿਰਕੂ ਮਨਸੂਬਿਆਂ ਖਿਲਾਫ ਵਿਰੋਧ ਜਤਾ ਰਹੇ ਲੇਖਕ, ਕਲਾਕਾਰ, ਵਿਗਿਆਨੀ, ਇਤਿਹਾਸਕਾਰ ਤੇ ਅਰਥਸ਼ਾਸਤਰੀ ਸਰਕਾਰੀ ਤੰਤਰ ਵੱਲੋਂ ਵਿੱਢੇ ਭੰਡੀ ਪ੍ਰਚਾਰ ਤੇ ਬਹੁ-ਭਾਂਤੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਉਸ ਸਮੇਂ ਲੋਕਾਂ ਅਤੇ ਸਹਿਤਕਾਰਾਂ ਦੇ ਇੱਕ ਹਿੱਸੇ ਵੱਲੋਂ ਲੇਖਕਾਂ ਦੇ ਇਸ ਸਟੈਂਡ ਦੀ ਮਹੱਤਤਾ ਬੁੱਝਦੇ ਹੋਏ ਉਹਨਾਂ ਦਾ ਸਨਮਾਨ ਕਰਨਾ ਅਹਿਮੀਅਤ ਰੱਖਦਾ ਹੈ।
ਲੋਕ ਮਨਾਂ ਨੂੰ ਟੁੰਭ ਸਕਣ ਦੀ ਸਮਰੱਥਾ ਵਾਲੇ ਕਲਾਕਾਰਾਂ, ਸਹਿਤਕਾਰਾਂ ਤੇ ਹੋਰ ਬਾ-ਆਵਾਜ਼ ਹਿੱਸਿਆਂ ਨੂੰ ਚੇਤਨ ਜਾਂ ਅਚੇਤਨ ਆਪਣੀ ਸਿਆਸਤ ਦਾ ਵਾਹਕ ਬਣਾਉਣਾ ਲੋਟੂ ਹਾਕਮ ਜਮਾਤਾਂ ਦੀ ਲੋੜ ਬਣੀ ਰਹਿੰਦੀ ਹੈ। ਜੋਕ ਧਿਰਾਂ ਹੋਰ ਤਰੀਕਿਆਂ ਹਰਬਿਆਂ ਤੋਂ ਇਲਾਵਾ ਇਨਾਮਾਂ-ਸਨਮਾਨਾਂ, ਸਹੂਲਤਾਂ, ਪਦਵੀਆਂ ਰਾਹੀਂ ਵੀ ਲੋਕਾਂ ਤੋਂ ਉਹਨਾਂ ਦੇ ਕਲਾਕਾਰ, ਲੇਖਕ ਤੇ ਹੋਰ ਪ੍ਰਤਿਭਾਵਾਂ ਖੋਹਣ ਦੇ ਸੁਪਨੇ ਪਾਲਦੀਆਂ ਹਨ। ਜਿਵੇਂ ਕਿ ਪਾਤਰ ਦੀ ਕਵਿਤਾ ਬੁੱਢੀ ਜਾਦੂਗਰਨੀਦੀਆਂ ਸਤਰਾਂ ਹਨ-
ਮੈਂ ਜਿਹੜੀ ਹਿੱਕ ਤੇ ਤਮਗਾ ਸਜਾਇਆ ਹੈ,
ਉਹੀ ਹਿੱਕ ਘੜੀ ਦੀ ਟਿਕ ਟਿਕ ਬਣ ਕੇ ਰਹਿ ਗਈ ਹੈ।
ਮੈਂ ਜਿਸ ਨੂੰ ਆਪਣਾ ਪੁੱਤਰ ਆਖਿਆ ਹੈ,
ਉਸੇ ਨੂੰ ਆਪਣੀ ਮਾਂ ਦਾ ਨਾਂ ਭੁੱਲਿਆ ਹੈ।
ਕੋਈ ਹਿੱਕ ਤਮਗੇ ਨਾਲ ਠਰਦੀ ਹੈ,
ਕੋਈ ਕੋਸਿਆਂ ਦੁੱਧਾਂ ਦੇ ਨਗਮੇ ਨਾਲ ਠਰਦੀ ਹੈ।
ਇਸ ਲੋਭ ਦਾ ਤਿਆਗ ਕਰਕੇ ਲੋਕਾਂ ਨਾਲ ਵਫਾ ਪਾਲਣੀ, ਲੋਕਾਂ ਤੇ ਜੋਕਾਂ ਵਿਚ ਨਿਖੇੜੇ ਦੀ ਲਕੀਰ ਪਛਾਨਣ ਦਾ ਸੰਕੇਤ ਹੈ। ਇਹ ਇਸ ਗੱਲ ਦਾ ਅਹਿਸਾਸ ਹੈ ਕਿ ਅਖੌਤੀ ਨਿਰਪੱਖਤਾ ਦੇ ਨਾਂਅ ਹੇਠ ਲੋਕ ਮਸਲਿਆਂ ਤੇ ਚੁੱਪ ਧਾਰ ਲੈਣ ਦਾ ਮਤਲਬ ਹਕੀਕਤ ਵਿਚ ਲੋਕ-ਦੋਖੀਆਂ ਦੇ ਪਾਲ਼ੇ ਵਿਚ ਜਾ ਖੜ੍ਹਨਾ ਹੈ। ਵੱਖ ਵੱਖ ਖੇਤਰਾਂ ਦੀਆਂ ਉੱਘੀਆਂ ਸਖਸ਼ੀਅਤਾਂ ਵੱਲੋਂ ਕਿਸੇ ਵੀ ਸ਼ਕਲ ਵਿਚ ਹਾਕਮ ਜਮਾਤਾਂ ਦੇ ਕਾਲੇ ਮਨਸੂਬਿਆਂ ਦਾ ਵਿਰੋਧ ਲੋਕ-ਧਿਰ ਨੂੰ ਤਕੜਾਈ ਦਿੰਦਾ ਹੈ। ਇਹ ਇਸ ਕਰਕੇ ਵੀ ਹੈ ਕਿਉਂਕਿ ਅਜਿਹੇ ਹਿੱਸੇ ਦੀ ਆਵਾਜ਼ ਨੂੰ ਆਸਾਨੀ ਨਾਲ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਜਿੱਥੋਂ ਤੱਕ ਪੁਰਸਕਾਰ ਵਾਪਸੀ ਦੀ ਸ਼ਕਲ-ਵਿਸ਼ੇਸ਼ ਦਾ ਸਬੰਧ ਹੈ, ਇਹ ਭਾਵੇਂ ਰੋਸ ਪ੍ਰਗਾਟਾਵੇ ਦੀ ਇੱਕੋ ਇੱਕ ਸ਼ਕਲ ਨਹੀਂ, ਪਰ ਇੱਕ ਮਹੱਤਵਪੂਰਨ ਸ਼ਕਲ ਜ਼ਰੂਰ ਹੈਪੁਰਸਕਾਰ ਹਾਸਲ ਕਰਨ ਵਾਲੇ ਉਹ ਵਿਅਕਤੀ ਹਨ, ਜਿਨ੍ਹਾਂ ਦੀ ਪ੍ਰਤਿਭਾ ਦਾ ਲੋਹਾ ਸਿਰਮੌਰ ਕਲਾ ਸਹਿਤ ਜਥੇਬੰਦੀਆਂ ਜਾਂ ਵੇਲੇ ਦੀਆਂ ਹਾਕਮ ਜਮਾਤਾਂ ਨੂੰ ਮੰਨਣਾ ਪਿਆ ਹੈ। ਇਹਨਾਂ ਪ੍ਰਤਿਭਾਵਾਂ ਵੱਲੋਂ ਕਿਸੇ ਕਲਾ ਸਹਿਤ ਜਥੇਬੰਦੀ ਨਾਲ ਜਾਂ ਹਕੂਮਤ ਨਾਲ ਰਿਸ਼ਤੇ ਦਾ ਆਧਾਰ ਲੋਕ ਹਿਤਾਂ ਪ੍ਰਤੀ ਉਸ ਦਾ ਰਵੱਈਆ ਬਣਾਏ ਜਾਣਾ ਕਾਫੀ ਹਾਂਦਰੂ ਲੱਛਣ ਹੈ। ਪੁਰਸਕਾਰ ਵਾਪਸੀ ਆਪਣੇ ਆਪ ਚ ਇਨਾਮਾਂ ਸਨਮਾਨਾਂ ਦੇ ਲੋਕਾਂ ਨਾਲੋਂ ਰਿਸ਼ਤੇ ਤੋਂ ਹੇਠਾਂ ਹੋਣ ਨੂੰ ਚਿੰਨ੍ਹਤ ਕਰਦੀ ਹੈ।
ਸੋ, ਇਸ ਮੌਕੇ ਸਾਹਿਤਕਾਰਾਂ ਤੇ ਲੋਕਾਂ ਦੇ ਕਿਸੇ ਹਿੱਸੇ ਵੱਲੋਂ ਇਹਨਾਂ ਲੇਖਕਾਂ ਦਾ ਸਨਮਾਨ ਕੀਤੇ ਜਾਣਾ ਲੋਕਾਂ ਤੇ ਲੇਖਕਾਂ, ਕਲਾਕਾਰਾਂ ਦੇ ਰਿਸ਼ਤੇ ਨੂੰ ਹੋਰ ਪੱਕਾ ਕਰਨ ਵਿਚ ਯੋਗਦਾਨ ਪਾਵੇਗਾ।

No comments:

Post a Comment