ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦੀ ਯਾਦ ਵਿੱਚ
ਸ਼ਹੀਦੀ ਲਾਟ ਅਤੇ ਹਾਲ ਦੀ ਉਸਾਰੀ
ਇਨਕਲਾਬੀ ਕਿਸਾਨ ਲਹਿਰ ਦੇ ਸਿਰਕੱਢ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ
ਸੂਬਾ ਜਥੇਬੰਦਕ ਸਕੱਤਰ ਸਾਧੂ ਸਿੰਘ ਤਖਤੂਪੁਰਾ ਦੀ ਯਾਦ ਵਿੱਚ ਉਹਨਾਂ ਦੇ ਪਿੰਡ ਤਖਤੂਪੁਰਾ (ਮੋਗਾ)
ਵਿਖੇ ਇੱਕ ਯਾਦਗਾਰੀ ਲਾਟ ਅਤੇ ਹਾਲ ਦੀ ਉਸਾਰੀ ਕੀਤੀ ਗਈ ਹੈ। ਇਸ ਕਾਰਜ ਲਈ ਸ਼ਹੀਦ ਸਾਧੂ ਸਿੰਘ
ਯਾਦਗਾਰ ਕਮੇਟੀ ਵਲੋਂ ਲੱਗਭੱਗ 400 ਗਜ਼ ਥਾਂ ਖਰੀਦੀ ਗਈ ਹੈ। ਇੱਥੇ 28 ਫੁੱਟ ਉੱਚੀ ਲਾਟ ਉਸਾਰੀ ਗਈ
ਹੈ ਅਤੇ ਇੱਕ ਹਾਲ ਤਿਆਰ ਕੀਤਾ ਗਿਆ ਹੈ। ਇਸ ਸਮੁੱਚੇ ਕਾਰਜ ਲਈ ਪੰਜਾਬ ਭਰ ’ਚ ਵਿਸ਼ਾਲ ਜਨਤਕ ਫੰਡ ਮੁਹਿੰਮ ਚੱਲੀ ਹੈ। ਚੱਲ ਰਹੀ ਉਸਾਰੀ ’ਤੇ ਹੁਣ ਤੱਕ ਲਗਭਗ 22 ਲੱਖ ਰੁਪਏ ਖਰਚ ਹੋ ਚੁੱਕੇ ਹਨ ਤੇ ਕੁੱਲ ਖਰਚ 30 ਲੱਖ ਤੱਕ ਆਉਣ ਦਾ
ਅਨੁਮਾਨ ਹੈ। ਇਸ ਵਿਸ਼ਾਲ ਹੁਗ੍ਹਾਰੇ ਰਾਹੀਂ ਲੋਕ ਮਨਾਂ ’ਚ ਪਏ ਆਪਣੇ ਸ਼ਹੀਦ ਆਗੂ ਪ੍ਰਤੀ ਗਹਿਰੇ
ਸਤਿਕਾਰ ਦਾ ਪ੍ਰਗਟਾਵਾ ਹੋਇਆ ਹੈ ਅਤੇ ਨਾਲ ਹੀ ਕਿਸਾਨ ਲਹਿਰ ਦੇ ਵਿਸ਼ਾਲ ਜਨਤਕ ਆਧਾਰ ਦੀ ਝਲਕ ਵੀ
ਮਿਲੀ ਹੈ। ਇਹ ਉਸਾਰੀ ਸ਼ਹੀਦ ਸਾਧੂ ਸਿੰਘ ਤਖ਼ਤੂਪੁਰਾ ਯਾਦਗਾਰ ਕਮੇਟੀ ਵੱਲੋਂ ਕਰਵਾਈ ਗਈ ਹੈ ਜਿਸ
ਵਿੱਚ ਇਲਾਕੇ ਦੀਆਂ ਉੱਭਰਵੀਆਂ ਜਨਤਕ ਸਮਾਜਕ ਸ਼ਖਸ਼ੀਅਤਾਂ ਸ਼ਾਮਲ ਹਨ। ਯਾਦਗਾਰ ਕਮੇਟੀ ਦੇ ਬੁਲਾਰੇ
ਕ੍ਰਿਸ਼ਨ ਦਿਆਲ ਕੁੱਸਾ ਨੇ ਦੱਸਿਆ ਕਿ ਇਸ ਹਾਲ ’ਚ ਇੱਕ ਲਾਇਬਰੇਰੀ ਸਥਾਪਤ ਕੀਤੀ
ਜਾਵੇਗੀ ਜਿੱਥੇ ਅਗਾਂਹਵਧੂ ਸਾਹਿਤ ਮੁਹੱਈਆ ਕੀਤਾ ਜਵੇਗਾ। ਉਹਨਾਂ ਦੱਸਿਆ ਕਿ ਕਮੇਟੀ ਦਾ ਉਦੇਸ਼
ਸਾਧੂ ਸਿੰਘ ਤਖ਼ਤੂਪੁਰਾ ਦੀ ਯਾਦ ਨੂੰ ਸਾਂਭਣਾ ਤੇ ਉਹਨਾਂ ਦੇ ਵਿਚਾਰਾਂ ਦਾ ਪ੍ਰਚਾਰ ਪਸਾਰ ਕਰਨਾ
ਹੈ। ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਦਾ ਘੇਰਾ ਸਿਰਫ਼ ਕਿਸਾਨ ਲਹਿਰ ਤੱਕ ਸੀਮਤ ਨਹੀਂ ਸੀ, ਸਗੋਂ ਉਹ ਸਾਰੀ ਉਮਰ ਇਨਕਲਾਬ ਦੇ ਮਹਾਨ ਕਾਰਜ ਲਈ ਸਰਗਰਮ ਰਹੇ। ਉਹਨਾਂ ਚੜਦੀ ਜਵਾਨੀ ਵੇਲੇ
ਤੋਂ ਨੌਜਵਾਨ ਲਹਿਰ, ਮੁਲਾਜ਼ਮ ਲਹਿਰ ਵਰਗੇ ਵੱਖ ਵੱਖ ਮੁਹਾਜ਼ਾ ’ਤੇ ਸਰਗਰਮ ਰੋਲ ਨਿਭਾਇਆ। ਇਨ੍ਹਾਂ
ਵਿਚਾਰਾਂ ਦੀ ਰੌਸ਼ਨੀ ਨਾਲ ਹੀ ਉਹਨਾਂ ਨੇ ਇਨਕਲਾਬੀ ਕਿਸਾਨ ਲਹਿਰ ਦੇ ਮੋਰਚੇ ’ਤੇ ਆਗੂ ਭੂਮਿਕਾ ਅਦਾ ਕੀਤੀ। ਉਹਨਾਂ ਦੱਸਿਆ ਕਿ ਇਹ ਯਾਦਗਾਰ ਸਥਾਨ ਲੋਕ-ਪੱਖੀ ਜਨਤਕ
ਜਥੇਬੰਦੀਆਂ ਤੇ ਅਗਾਂਹਵਧੂ ਕਾਰਕੁੰਨਾਂ ਦੀਆਂ ਸਰਗਰਮੀਆਂ ਦੀ ਥਾਂ ਬਣੇਗੀ। 20 ਫਰਵਰੀ ਨੂੰ ਆ ਰਹੀ
ਬਰਸੀ ਤੱਕ ਇਸਦੀ ਤਿਆਰੀ ਮੁਕੰਮਲ ਹੋ ਜਾਵੇਗੀ।
No comments:
Post a Comment