Saturday, January 2, 2016

ਮੁੱਖ ਬੰਦ


    ਬੀਤੇ ਦਿਨੀਂ ਪੰਜਾਬ ਅੰਦਰ ਲੋਕ ਬੇਚੈਨੀ ਨੂੰ ਭਟਕਾਊ ਫਿਰਕੂ ਰੁਖ ਦੇਣ, ਭਰਾਮਾਰ ਆਤਮਘਾਤੀ ਲੀਹਾਂ ਤੇ ਵਗਾਉਣ ਅਤੇ ਰਾਜਭਾਗ ਦੀ ਲੋਭੀ ਕੁੱਤਾ-ਲੜਾਈ ਦਾ ਹਥਿਆਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। 80 ਵਿਆਂ ਦੀ ਖੂਨੀ ਸ਼ਤਰੰਜ ਦੇ ਜਾਣੇ-ਪਛਾਣੇ ਖਿਡਾਰੀ ਫਿਰ ਸਿਰੀਆਂ ਕੱਢਦੇ ਨਜ਼ਰ ਆਏ ਹਨ। ਬਾਦਲ ਹਕੂਮਤ ਨੇ ਪਹਿਲਾਂ ਦਲਿਤ ਵੋਟ-ਬੈਂਕ ਦੀ ਸੌਦੇਬਾਜ਼ੀ ਲਈ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਗਲ ਅਕਾਲ ਤਖ਼ਤ ਦੇ ਫਤਵੇ ਦੀ ਫਾਹੀ ਪਾਉਣ ਦੀ ਕੋਸ਼ਿਸ਼ ਕੀਤੀ, ਫਿਰ ਉਸੇ ਅਕਾਲ ਤਖ਼ਤ ਦੇ ਮੁੜ-ਫ਼ਤਵੇ ਆਸਰੇ ਬੁੱਕਲ ਚ ਲੈਣ ਦੀ ਕੋਸ਼ਿਸ਼ ਕੀਤੀ। ਹਕੂਮਤੀ ਕੁਰਸੀ ਦੇ ਪਾਵੇ ਬਚਾਉਣ ਲਈ ਇਹ ਲੋਕਾਂ ਖਿਲਾਫ਼ ਖੂਨੀ ਤਾਕਤ ਦੀ ਵਰਤੋਂ ਤੇ ਆ ਉੱਤਰੀ। ਪਰ ਅਗਲੀ ਅਤੇ ਸਭ ਤੋਂ ਖਤਰਨਾਕ ਚਾਲ ਖਾਲਸਤਾਨੀ ਅਤੇ ਸਿੱਖ ਕੱਟੜਪੰਥੀ ਧਿਰਾਂ ਨੇ ਚੱਲੀ, ਜਿਹਨਾਂ ਨੇ ਬਾਦਲ ਹਕੂਮਤ ਨੂੰ ਚਿੱਤ ਕਰਨ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਂ ਹੇਠ ਸਿੱਖ ਸ਼ਰਧਾਲੂਆਂ ਦੇ ਜਜ਼ਬਾਤਾਂ ਨਾਲ ਛਲ ਖੇਡ੍ਹਿਆ ਤੇ ਵੱਖਰੇ ਵਿਸ਼ਵਾਸ਼ਾਂ ਵਾਲੇ ਲੋਕਾਂ ਖਿਲਾਫ਼ ਭੜਕਾਊ ਮਾਹੌਲ ਪੈਦਾ ਕੀਤਾ। ਇਹਨਾਂ ਨੇ ਰਾਜਭਾਗ ਦੇ ਤਖ਼ਤ ਤੇ ਬੈਠਣ ਲਈ ‘‘ਸਰਬੱਤ ਖਾਲਸਾ’’ ਅਤੇ ‘‘ਅਕਾਲ ਤਖ਼ਤ’’ ਨੂੰ ਪੌੜੀਆਂ ਬਣਾਉਣ ਦਾ ਮੁੜ ਰੱਥ ਫੜ੍ਹ ਲਿਆ। ਕਾਂਗਰਸੀ ਸਿਆਸਤਦਾਨ ਭਿੰਡਰਾਂਵਾਲੇ ਦੇ ਇਹਨਾਂ ਵਾਰਸਾਂ ਦੀ 80 ਵਿਆਂ ਵਾਂਗ ਹੀ ਮੁੜ ਪਿੱਠ ਥਾਪੜਨ ਲੱਗੇ। ਪੰਜਾਬ ਨੂੰ ਮੁੜ ਕਾਲੇ ਦਿਨਾਂ ਵੱਲ ਧੱਕਣ ਦੇ ਇਹਨਾਂ ਯਤਨਾਂ ਖਿਲਾਫ ਲੋਕ ਸ਼ਕਤੀਆਂ ਵੱਲੋਂ ਜਮਾਤੀ ਘੋਲਾਂ ਅਤੇ ਫਿਰਕੂ ਅਮਨ ਦੀ ਰਾਖੀ ਲਈ ਜ਼ੋਰਦਾਰ ਹੰਭਲਾ ਮਾਰਿਆ ਗਿਆ ਅਤੇ ਹਾਲਤ ਨੂੰ ਸਾਵੀਂ ਕਰਨ ਚ ਅਹਿਮ ਰੋਲ ਨਿਭਾਇਆ ਗਿਆ।

No comments:

Post a Comment