ਡੁੱਬਦੇ ਨੂੰ ਗਊ-ਪੂਛ ਦਾ ਸਹਾਰਾ!
- ਰਾਮ ਨਰੇਸ਼
ਪਿਛਲੇ ਦਿਨੀਂ ਬੀ.ਜੇ.ਪੀ. ਦੇ ਇੱਕ ਸਾਬਕਾ ਲੀਡਰ ਅਤੇ ਵਾਜਪਾਈ ਸਰਕਾਰ
ਵਿੱਚ ਵਜੀਰ ਰਹੇ, ਅਰੁਨ ਸ਼ੋਰੀ ਨੇ ਮੋਦੀ ਸਰਕਾਰ ਬਾਰੇ ਇੱਕ ਬੜੀ
ਦਿਲਚਸਪ ਟਿੱਪਣੀ ਕੀਤੀ ਹੈ। ਉਸਨੇ ਕਿਹਾ: ਮੋਦੀ ਸਰਕਾਰ ਬਰਾਬਰ ਹੈ ਕਾਂਗਰਸ ਜਮ੍ਹਾਂ ਗਊ। ਯਾਨੀ
ਮੋਦੀ ਸਰਕਾਰ ਦੀਆਂ ਨੀਤੀਆਂ ਤਾਂ ਕਾਂਗਰਸ ਵਾਲੀਆਂ ਹੀ ਹਨ, ਪਰ ਵਿੱਚ ਜੋ
ਵਧਾਰਾ ਕੀਤਾ ਹੈ ਉਹ ਗਊ-ਨੀਤੀ ਦਾ ਹੈ।
ਹੁਣ ਜਦੋਂ ਬੀ. ਜੇ. ਪੀ. ਵੱਲੋਂ ਕੀਤੇ ਲੰਮੇ-ਚੌੜੇ ਵਾਅਦਿਆਂ ਦੀ ਅਤੇ
ਉਹਨਾਂ ਦੇ ਅਖੌਤੀ ਗੁਜਰਾਤ-ਮਾਡਲ ਦੀ ਤੇਜ਼ੀ ਨਾਲ ਫੂਕ ਨਿਕਲਣੀ ਸ਼ੁਰੂ ਹੋਈ ਹੈ ਤਾਂ ਬੀ. ਜੇ. ਪੀ.
ਲੀਡਰਾਂ ਨੇ ਗਊ ਦੀ ਪੂਛ ਫੜ੍ਹ ਕੇ ਸਿਆਸੀ ਭਵਸਾਗਰ ਨੂੰ
ਪਾਰ ਕਰਨ ਦੇ ਯਤਨ ਆਰੰਭ ਦਿੱਤੇ ਹਨ। ‘‘ਬਹਾਨਾ ਹੋਰ, ਨਿਸ਼ਾਨਾ ਹੋਰ’’ ਦੀ ਕਹਾਵਤ
ਅਨੁਸਾਰ ਉਹਨਾਂ ਨੇ ਗਊ ਮਾਸ-ਖਾਣ ਦੇ ਮਸਲੇ ਨੂੰ, ਪਾਕਿਸਤਾਨ ਦੇ
ਕੁਫ਼ਰ-ਵਿਰੋਧੀ ਕਾਨੂੰਨ ਦੀ ਦਿਸ਼ਾ ਵਿੱਚ ਉਭਾਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਵਿੱਚ ਕੁਫ਼ਰ
ਵਿਰੋਧੀ ਕਾਨੂੰਨ ਅਨੁਸਾਰ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਮੌਤ ਦੀ ਸਜ਼ਾ ਤੱਕ
ਦਿੱਤੀ ਜਾ ਸਕਦੀ ਹੈ। ਉਥੇ ਇਹੋ ਜਿਹੀਆਂ ਘਟਨਾਵਾਂ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ, ਜਿਹਨਾਂ ਵਿੱਚ
ਕਿਸੇ ਵਿਅਕਤੀ ਵੱਲੋਂ ਆਪਣੇ ਕਿਸੇ ਵਿਰੋਧੀ ਬਾਰੇ ਕੁਰਾਨ-ਸ਼ਰੀਫ ਦੇ ਵਰਕੇ ਪਾੜਨ ਦਾ ਝੂਠਾ ਦੋਸ਼ ਲਾ
ਕੇ ਲੋਕਾਂ ਨੂੰ ਭੜਕਾਇਆ ਜਾਂਦਾ ਹੈ। ਨਤੀਜੇ ਵਜੋਂ ਭੜਕੀ ਭੀੜ ਵੱਲੋਂ ਅਖੌਤੀ ਦੋਸ਼ੀ ਦੇ ਘਰ ਉੱਤੇ
ਹਮਲਾ ਕੀਤਾ ਜਾਂਦਾ ਹੈ। ਅਜਿਹੀ ਇੱਕ ਘਟਨਾ ਵਿੱਚ ਇੱਕ ਭੱਠਾ ਮਾਲਕ ਵੱਲੋਂ, ਭੱਠੇ ਉੱਤੇ
ਮਜ਼ਦੂਰੀ ਕਰਦੇ ਇੱਕ ਇਸਾਈ ਪਤੀ-ਪਤਨੀ ਉੱਤੇ ਕੁਰਾਨ ਦੀ ਬੇਅਦਬੀ ਦਾ ਝੂਠਾ ਦੋਸ਼ ਲਾ ਕੇ ਲੋਕਾਂ ਨੂੰ
ਭੜਕਾ ਦਿੱਤਾ। ਭੜਕੀ ਭੀੜ ਨੇ ਪਹਿਲਾਂ ਉਹਨਾਂ ਨੂੰ ਕੁੱਟ-ਕੁੱਟ ਅਧਮਰਿਆ ਕਰ ਦਿੱਤਾ ਅਤੇ ਫਿਰ ਭੱਠੇ
ਦੀ ਅੱਗ ਵਿੱਚ ਜਿਉਂਦਿਆਂ ਨੂੰ ਸਾੜ ਦਿੱਤਾ। ਗੱਲ ਵਿੱਚੋਂ ਇਹ ਸੀ ਕਿ ਭੱਠਾ ਮਾਲਕ ਉਹਨਾਂ ਦੀ ਮਜ਼ਦੂਰੀ
ਦੇ ਪੈਸੇ ਦੱਬੀ ਬੈਠਾ ਸੀ ਅਤੇ ਉਹ ਆਪਣੀ ਮਜ਼ਦੂਰੀ ਦੇ ਪੈਸੇ ਕਢਵਾਉਣ ਲਈ ਜ਼ੋਰ ਲਾ ਰਹੇ ਸਨ।
ਭਾਜਪਾ ਜਨੂੰਨੀ, ਇਸ ਪੱਖੋਂ ਹੁਣ ਭਾਰਤ
ਨੂੰ ਵੀ ਪਾਕਿਸਤਾਨ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸਦੀ ਇੱਕ ਉਦਾਹਰਣ ਯੂ.ਪੀ. ਦੇ ਦਾਦਰੀ
ਨੇੜੇ ਇੱਕ ਪਿੰਡ ਬਿਸਾਹੜਾ ਵਿੱਚ ਹਿੰਦੂ ਜਨੂੰਨੀਆਂ ਵੱਲੋਂ ਭੜਕਾਈ ਭੀੜ ਵੱਲੋਂ ਇੱਕ ਮੁਸਲਮਾਨ
ਪਰਿਵਾਰ ਉਤੇ ਏਸ ਬਹਾਨੇ ਹਮਲਾ ਕਰ ਦਿੱਤਾ ਕਿ ਉਹਨਾਂ ਦੇ ਘਰੇ ਗਊ-ਮਾਸ ਰਿੰਨ੍ਹਿਆ ਗਿਆ ਅਤੇ
ਪਰਿਵਾਰ ਮੁਖੀ ਨੂੰ ਜਾਨੋਂ ਮਾਰ ਦਿੱਤਾ ਤੇ ਉਸਦੇ ਪੁੱਤਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ
ਗਿਆ। ਅਸਲੀਅਤ ਇਹ ਸੀ ਕਿ ਉਹਨਾਂ ਦੇ ਘਰ ਕੋਈ ਗਊ-ਮਾਸ ਨਹੀਂ ਸਗੋਂ ਉਹਨਾਂ ਦੀ ਫਰਿੱਜ ਵਿੱਚੋਂ
ਬੱਕਰੇ ਦਾ ਮਾਸ ਪ੍ਰਾਪਤ ਹੋਇਆ ਹੈ। ਜੇ ਉਸ ਪਰਿਵਾਰ ਨੇ ਸੱਚੀਓਂ ਗਊ-ਮਾਸ ਰ੍ਹਿੰਨਿਆ ਵੀ ਹੁੰਦਾ
ਤਾਂ ਵੀ ਇਹ ਕੋਈ ਕਾਨੂੰਨੀ ਜੁਰਮ ਨਹੀਂ ਸੀ ਬਣਦਾ, ਕਿਉਂਕਿ
ਯੂ.ਪੀ. ਵਿੱਚ ਗਊ-ਮਾਸ ਉੱਤੇ ਕੋਈ ਕਨੂੰਨੀ ਪਾਬੰਦੀ ਨਹੀਂ ਹੈ। ਜੇ ਕਾਨੂੰਨੀ ਪਾਬੰਦੀ ਹੁੰਦੀ ਵੀ
ਤਾਂ ਕਿਸੇ ਦਾ ਇਹ ਅਧਿਕਾਰ ਨਹੀਂ ਬਣਦਾ ਕਿ ਉਹ ਕਾਨੂੰਨੀ ਕਾਰਵਾਈ ਕਰਨ ਦੀ ਥਾਂ, ਖੁਦ ਕਾਨੂੰਨ
ਨੂੰ ਹੱਥ ਵਿੱਚ ਲੈ ਕੇ ਉਸ ਪਰਿਵਾਰ ਉਤੇ ਹਮਲਾ ਕਰ ਦੇਵੇ ਤੇ ਪਰਿਵਾਰ ਦੇ ਮੁਖੀ ਨੂੰ ਮੌਤ ਦੀ ਸਜ਼ਾ
ਦੇ ਦੇਵੇ।
ਦਿੱਲੀ ਵਿੱਚ ਮੋਦੀ ਸਰਕਾਰ ਦੇ ਜ਼ੋਰ ਉੱਤੇ ਸ਼ੂਕਦੇ ਹਿੰਦੂ-ਸੈਨਾ ਦੇ
ਗੁੰਡਿਆਂ ਨੇ ਦਿੱਲੀ ਪੁਲਸ ਦੀ ਧਾੜ ਨੂੰ ਨਾਲ ਲੈ ਕੇ, ਕੇਰਲਾ-ਭਵਨ ਉੱਤੇ
ਛਾਪਾ ਜਾ ਮਾਰਿਆ। ਕਾਰਨ ਇਹ ਕਿ ਕੇਰਲਾ ਭਵਨ ਦੀ ਕੰਟੀਨ ਵਿੱਚ ਪਰੋਸੇ ਜਾਣ ਵਾਲੀਆਂ ਭੋਜਨ ਵਸਤਾਂ
ਦੀ ਲਿਸਟ ਵਿੱਚ ਬੀਫ਼ ਵੀ ਦਰਜ ਸੀ। ਬੀਫ਼ ਗਊ-ਮਾਸ ਨੂੰ ਵੀ ਆਖਿਆ ਜਾਂਦਾ ਹੈ ਅਤੇ ਅਤੇ ਮੱਝ ਦੇ ਮਾਸ
ਨੂੰ ਵੀ। ਇਸ ਕੰਟੀਨ ਵਿੱਚ ਗਊ-ਮਾਸ ਨਹੀਂ ਸਗੋਂ ਮੱਝ ਦਾ ਮਾਸ ਹੀ ਪਰੋਸਿਆ ਜਾਂਦਾ ਸੀ। ਅਸਲੀਅਤ
ਪਤਾ ਲੱਗਣ ਉਤੇ ਛਾਪਾਮਾਰ ਪਾਰਟੀ ਖਸਿਆਣੀ ਹੋਕੇ ਮੁੜ ਆਈ। ਦਿੱਲੀ ਵਿੱਚ ਵੱਖ-ਵੱਖ ਸੂਬਿਆਂ ਦੇ ਭਵਨ
ਉਹਨਾਂ ਦੇ ਆਪਣੇ ਅਧਿਕਾਰ ਖੇਤਰ ਵਿੱਚ ਹੁੰਦੇ ਹਨ। ਦਿੱਲੀ ਪੁਲਸ ਨੂੰ ਆਪਣੇ ਤੌਰ ’ਤੇ ਕਿਸੇ
ਸੂਬੇ ਦੇ ਭਵਨ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜੇ ਦਿੱਲੀ ਪੁਲਸ ਨੂੰ, ਕਿਸੇ ਰਾਜ ਦੇ
ਭਵਨ ਅੰਦਰ ਕੋਈ ਕਾਨੂੰਨੀ ਤੌਰ ’ਤੇ ਇਤਰਾਜ਼ਯੋਗ ਘਟਨਾ
ਵਾਪਰਦੀ ਲੱਗੇ ਤਾਂ ਉਸਨੇ ਇਹ ਇਤਰਾਜ਼ ਸਬੰਧਤ ਸੂਬੇ ਦੇ ਦਿੱਲੀ ਵਿੱਚ ਤਾਇਨਾਤ ਨੁਮਾਇੰਦਾ ਅਫਸਰ ਕੋਲ
ਰੱਖਣਾ ਹੁੰਦਾ ਹੈ। ਭਵਨ ਵਿੱਚ ਦਖਲ ਦੇਣ ਤੋਂ ਪਹਿਲਾਂ ਉਸ ਅਫਸਰ ਦੀ ਇਜਾਜ਼ਤ ਲੈਣੀ ਹੁੰਦੀ ਹੈ। ਪਰ
ਦਿੱਲੀ ਪੁਲਸ ਦੀ ਇਸ ਟੋਲੀ ਨੇ ਅਜਿਹੀ ਕੋਈ ਜ਼ਰੂਰਤ ਨਹੀਂ ਸਮਝੀ। ਕੇਰਲਾ ਭਵਨ ਵਿੱਚ ਦਾਖਲ ਹੋ ਕੇ
ਵੀ ਉਹ ਕੇਰਲਾ ਭਵਨ ਦੇ ਇੰਚਾਰਜ ਅਫਸਰ ਕੋਲ ਨਹੀਂ ਗਏ ਜੋ ਇੱਕ ਆਈ. ਏ. ਐਸ ਅਫਸਰ ਹੁੰਦਾ ਹੈ।
ਪੁਲਸੀਏ ਅਤੇ ਹਿੰਦੂ ਸੈਨਾ ਵਾਲੇ ਦਨਾਦਨ ਕਰਦੇ ਕੰਨਟੀਨ ਵਿੱਚ ਜਾ ਵੜੇ ਅਤੇ ਕੰਨਟੀਨ-ਕਾਮਿਆਂ ਦੀ
ਜਵਾਬ-ਤਲਬੀ ਕਰਨ ਲੱਗੇ।
ਦਿੱਲੀ ਪੁਲਸ ਅਤੇ ਹਿੰਦੂ ਸੈਨਾ ਦੀ ਇਸ ਧੱਕੜ ਕਾਰਵਾਈ ਖਿਲਾਫ਼ ਕੇਰਲਾ ਦੇ
ਮੁੱਖ ਮੰਤਰੀ ਨੇ ਸਖ਼ਤ ਇਤਰਾਜ਼ ਪਰਗਟ ਕੀਤਾ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਤਾੜਨਾ ਕੀਤੀ। ਕਈ
ਵਿਰੋਧੀ ਪਾਰਟੀਆਂ ਨੇ ਇਸ ਕਾਰਵਾਈ ਵਿਰੁੱਧ ਤਿੱਖਾ ਪ੍ਰਤੀਕਰਮ ਜਾਰੀ ਕੀਤਾ। ਇਉਂ ਇਹ ਇੱਕ ਸਿਆਸੀ
ਮਸਲਾ ਬਣ ਗਿਆ। ਕੇਰਲਾ ਦੇ ਪਾਰਲੀਮੈਂਟ ਮੈਂਬਰਾਂ ਨੇ ਦਿੱਲੀ ਵਿੱਚ ਰੋਸ ਮੁਜ਼ਾਹਰਾ ਕੀਤਾ। ਇਸ ਪੈਦਾ
ਹੋਈ ਹਾਲਤ ਦੇ ਦਬਾਅ ਹੇਠ, ਹੋਮ ਮਨਿਸਟਰ ਰਾਜਨਾਥ
ਨੂੰ ਇਸ ਘਟਨਾ ਬਾਰੇ ਅਫਸੋਸ ਪਰਗਟ ਕਰਨਾ ਪਿਆ ਅਤੇ ਹਿੰਦੂ ਸੈਨਾ ਦੇ ਮੁਖੀ ਖਿਲਾਫ ਝੂਠੀ ਸ਼ਿਕਾਇਤ
ਕਰਨ ਬਦਲੇ ਮੁਕੱਦਮਾ ਦਰਜ ਕਰਨਾ ਪਿਆ। ਦਿੱਲੀ ਵਿੱਚ ਗਊ-ਮਾਸ ਉੱਤੇ ਕੋਈ ਪਾਬੰਦੀ ਨਹੀਂ ਹੈ। ਪੁਲਸ
ਕਿਤੇ ਵੀ ਗਊ-ਮਾਸ ਦੀ ਵਰਤੋਂ ਕਾਰਨ ਛਾਪਾ ਨਹੀਂ ਮਾਰ ਸਕਦੀ। ਪੁਲਸ ਦੀ ਇਸ ਗ਼ੈਰ-ਕਾਨੂੰਨੀ ਕਰਤੂਤ
ਵਿਰੁੱਧ ਕੇਂਦਰੀ ਸਰਕਾਰ ਨੇ ਅਜੇ ਕੋਈ ਕਾਰਵਾਈ ਨਹੀਂ ਕੀਤੀ। ਸਗੋਂ ਇਸ ਤੋਂ ਉਲਟ ਦਿੱਲੀ ਦੇ ਪੁਲਸ
ਮੁਖੀ ਨੇ ਛਾਪਾਮਾਰ ਪੁਲਸ ਟੋਲੀ ਦੀ ਇਸ ਕਾਰਵਾਈ ਨੂੰ ਦਰੁਸਤ ਠਹਿਰਾਇਆ ਹੈ।
ਭਾਜਪਾ ਦੇ ਕੁਝ ਵਜ਼ੀਰ ਅਤੇ ਪਾਰਲੀਮੈਂਟ ਮੈਂਬਰ ਮੋਦੀ ਦੀ ਚੁੱਪ ਸਹਿਮਤੀ
ਨਾਲ, ਗਊ-ਮਾਸ ਦੇ ਮਸਲੇ ਨੂੰ ਲਗਾਤਾਰ ਉਛਾਲ ਰਹੇ ਹਨ। ਗਊ-ਮਾਸ ਖਾਣ ਨਾਲ ਸਬੰਧਿਤ, ਮੁਸਲਿਮ
ਭਾਈਚਾਰੇ ਵਿਰੁੱਧ ਲਗਾਤਾਰ ਭੜਕਾਊ ਬਿਆਨਬਾਜ਼ੀ ਕਰਕੇ ਇਸ ਭਾਈਚਾਰੇ ਦੇ ਧਾਰਮਿਕ ਜਜਬਾਤਾਂ ਨੂੰ
ਚੋਭਾਂ ਲਾ ਰਹੇ ਹਨ। ਇਹਨਾਂ ਸਾਰੀਆਂ ਘਟਨਾਵਾਂ ਦੀ ਚਰਚਾ ਤਾਂ ਪ੍ਰੈੱਸ ਅਤੇ ਟੀ.ਵੀ. ਉੱਤੇ ਬਹੁਤ
ਹੋ ਰਹੀ ਹੈ। ਚੋਟੀ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ
ਵਿਗਿਆਨੀਆਂ ਵੱਲੋਂ ਇਸ ਵਰਤਾਰੇ ਵਿਰੁੱਧ ਅਤੇ ਕਈ ਫਿਰਕਾਪ੍ਰਸਤੀ-ਵਿਰੋਧੀ ਵਿਦਵਾਨਾਂ ਦੇ
ਹਿੰਦੂ-ਜਨੂੰਨੀਆਂ ਹੱਥੋਂ ਹੋਏ ਕਤਲਾਂ ਵਿਰੁੱਧ ਅਤੇ ਕਈ ਫਿਰਕਾਪ੍ਰਸਤੀ ਵਿਰੋਧੀ ਵਿਦਵਾਨਾਂ ਦੇ
ਹਿੰਦੂ-ਜਨੂੰਨੀਆਂ ਹੱਥੋਂ ਹੋਏ ਕਤਲਾਂ ਵਿਰੁੱਧ, ਅੱਡ-ਅੱਡ ਸ਼ਕਲਾਂ ਵਿੱਚ
ਤਿੱਖੇ ਰੋਸ ਪ੍ਰਗਟਾਵੇ ਦਾ ਬੜਾ ਸੁਲੱਖਣਾ ਘਟਨਾਕ੍ਰਮ ਚੱਲਿਆ ਹੈ। ਪਰ ਜਿਹੜੀ ਗੱਲ ਦੀ ਚਰਚਾ ਅਜੇ
ਨਾਕਾਫੀ ਹੈ, ਉਹ ਇਹ ਹੈ ਕਿ ਹਿੰਦੂ-ਜਨੂੰਨੀ ਲੀਡਰ ਗਊ ਨੂੰ
ਖਤਰੇ ਦੀ ਦੁਹਾਈ ਦੇ ਕੇ ਦੇਸ਼ ਦੇ ਕਈ ਪੇਂਡੂ ਖੇਤਰਾਂ ਵਿੱਚ ਜਨੂੰਨੀ ਲਾਮਬੰਦੀ ਕਰ ਰਹੇ ਹਨ। ਧੜਾਧੜ
ਆਰ. ਐਸ. ਐਸ ਦੀ ਭਰਤੀ ਕਰ ਰਹੇ ਹਨ। ਇਸ ਦੀ ਇੱਕ ਝਲਕ ਬੀ. ਬੀ. ਸੀ. ਹਿੰਦੀ ਦੇ ਇੱਕ ਪੱਤਰਕਾਰ
ਸੌਤਿਕ ਵਿਸ਼ਵਾਸ ਦੀ ਜ਼ੁਬਾਨੀ ਦੇਖੋ ਜਿਸਨੇ ਅਕਤੂਬਰ ਦੇ ਪਿਛਲੇ ਹਫਤੇ ਰਾਜਸਥਾਨ ਦੇ ਇੱਕ ਪਿੰਡ ਵਿੱਚ
ਗਊ-ਰੱਖਿਆ ਦਲ ਨਾਲ ਇੱਕ ਰਾਤ ਗੁਜ਼ਾਰੀ ਹੈ:-
ਸਰਦੀਆਂ ਦੀ ਆਹਟ ਵਾਲੀ ਇਹ ਚੰਦ-ਚਾਨਣੀ ਵਾਲੀ ਇੱਕ ਰਾਤ ਹੈ। ਪੂਰਾ ਇਲਾਕਾ
ਪਹਾੜੀਆਂ ਅਤੇ ਦਰੱਖਤਾਂ ਦੀ ਛਾਂ ਵਿੱਚ ਡੁੱਬਿਆ ਹੋਇਆ ਹੈ। ਤਾਂ ਇੱਕ ਦਰਜਨ ਤੋਂ ਵੱਧ ਆਦਮੀ ਭੂਤਾਂ
ਵਾਂਗ ਹਨੇਰੇ ਵਿੱਚੋਂ ਪ੍ਰਗਟ ਹੁੰਦੇ ਹਨ।
ਰਾਜਸਥਾਨ ਦੇ ਇਸ ਇਲਾਕੇ ਵਿੱਚ ਪੁੱਛ-ਪੜਤਾਲ ਕਰਨ ਵਾਲੇ ਨਵਲ ਕਿਸ਼ੋਰ ਸ਼ਰਮਾ
ਚੀਕਦੇ ਹਨ, ‘‘ਨੇੜੇ-ਤੇੜੇ ਕਿਸੇ ਗੱਡੀ ਦੀ ਕੋਈ ਸੂਚਨਾ?’’ ਬਾਕੀ ਆਦਮੀ
ਸਿਰ ਹਿਲਾ ਦਿੰਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਕਹਿੰਦਾ ਹੈ,‘‘ਅਜੇ ਤੱਕ ਤਾਂ
ਕੁਛ ਨਹੀਂ ਮਿਲਿਆ, ਅੱਜ ਸਭ ਕੁਛ ਸ਼ਾਂਤ ਲੱਗਦਾ ਹੈ’’।
ਮੋਟਰ ਸਾਈਕਲ ਉੱਤੇ ਸਵਾਰ ਸ਼ਰਮਾ ਗੱਠਵੇਂ ਸਰੀਰ ਦਾ ਆਦਮੀ ਹੈ। ਉਹਦੇ ਵਾਲ
ਤੇਲ ਨਾਲ ਚਮਕ ਰਹੇ ਹਨ। ਸਾਫ-ਸੁਥਰੀ ਦਾਹੜੀ ਹੈ। ਡੈਨਿਮ ਦੀ ਪੈਂਟ ਅਤੇ ਹਲਕੇ ਪੀਲੇ ਰੰਗ ਦੀ ਸ਼ਰਟ
ਦੇ ਨਾਲ ਖਾਕੀ ਰੰਗ ਦੇ ਬੂਟ ਪਾਏ ਹਨ। ਉਹਦੀਆਂ ਦੋ ਪਤਨੀਆਂ ਅਤੇ ਪੰਜ ਬੱਚੇ ਹਨ।
ਦਿਨੇ ਉਹ ਆਵਦੇ ਰੁਜ਼ਗਾਰ ਵਾਸਤੇ ਸੰਗਮਰਮਰ ਦੀਆਂ ਦੇਵੀ ਦੇਵਤਿਆਂ ਦੀਆਂ
ਛੋਟੀਆਂ-ਛੋਟੀਆਂ ਮੂਰਤੀਆਂ ਬਣਾਉਂਦਾ ਹੈ। ਰਾਤ ਨੂੰ ਉਹ 70 ਪਿੰਡਾਂ
ਵਾਲੇ ਰਾਮਗੜ੍ਹ ਇਲਾਕੇ ਵਿੱਚ ਗਊਆਂ ਬਚਾਉਣ ਵਾਲੇ ਕੱਟੜਪੰਥੀ
ਹਿੰਦੂ ਸਮੂਹ ਦਾ ਫਾਇਰ ਬਰਾਂਡ (ਅੱਗ ਭਬੂਕਾ) ਬਣ ਜਾਂਦਾ ਹੈ। ਹਫਤੇ ਵਿੱਚ ਉਹ ਕਈ ਰਾਤਾਂ
ਗਊ-ਸਮੱਗਲਰਾਂ ਉੱਤੇ ਨਿਗਰਾਨੀ ਕਰਨ ਵਾਲੇ ਆਪਣੇ ‘ਸਿਪਾਹੀਆਂ’ ਦੀ ਅਗਵਾਈ
ਕਰਦਾ ਹੈ। ਭਾਰਤ ਵਿੱਚ ਗਊ-ਮਾਸ ਖਾਣ ਅਤੇ ਗਊਆਂ ਨੂੰ ਮਾਰਨ ਕਰਕੇ ਹੋਣ ਵਾਲੀ ਹਿੰਸਾ ਕਾਰਨ ਇਸ ਤਰ੍ਹਾਂ
ਦੇ ਗਰੁੱਪ ਵਧ ਰਹੇ ਹਨ।
ਪਿਛਲੇ ਸਾਲ ਤਾਕਤ ਵਿੱਚ ਆਉਣ ਤੋਂ ਬਾਅਦ ਬੀ. ਜੇ. ਪੀ. ਸਰਕਾਰ ਨੇ ਗਊ-ਮਾਸ
ਖਾਣ ਅਤੇ ਗਊ-ਹੱਤਿਆ ਵਿਰੁੱਧ ਕਾਨੂੰਨ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਗਊ ਹੁਣ ਦੇਸ਼ ਵਿੱਚ ਸਭ ਤੋਂ
ਵੱਧ ਪਾਲਾਬੰਦੀ ਕਰਨ ਵਾਲਾ ਜਾਨਵਰ ਬਣ ਚੁੱਕਾ ਹੈ। ਸ਼ਰਮੇ ਦੇ ਇਹ ‘ਸਿਪਾਹੀ’ ਨੀਵੇਂ ਤਬਕੇ
ਵਿੱਚੋਂ ਹਨ, ਪਰ ਨਿਗਰਾਨੀ ਕਰਨ ਵਾਲੇ ਬਜਰੰਗ ਦਲ, ਵਿਸ਼ਵ ਹਿੰਦੂ
ਪਰਿਸ਼ਦ ਅਤੇ ਸ਼ਿਵ ਸੈਨਾ ਦੇ ਮੈਂਬਰਾਂ ਵੰਨੀ ਸਮਰਪਿਤ ਹਨ।
ਇਹ ਸਾਰੇ ਰਾਸ਼ਟਰੀ ਸਵੈ ਸੇਵਕ ਸੰਘ ਦੀਆਂ ਸ਼ਾਖਾਂ ਵਿੱਚ ਜਾਂਦੇ ਹਨ। ਇਹਨਾਂ
ਵਿੱਚੋਂ ਕੁਝ ਤਾਂ 15 ਸਾਲ ਦੀ ਉਮਰ ਤੱਕ ਦੇ ਹਨ। ਇਹਨਾਂ ਵਿੱਚ
ਕਿਸਾਨ, ਦੁਕਾਨਦਾਰ, ਮਾਸਟਰ, ਵਿਦਿਆਰਥੀ, ਡਾਕਟਰ ਅਤੇ
ਬੇਰੁਜ਼ਗਾਰ, ਸਭ ਤਰ੍ਹਾਂ ਦੇ ਲੋਕ ਸ਼ਾਮਲ ਹਨ। ਜਿਸ ਰਾਤ ਇਸ
ਸਮੂਹ ਨਾਲ ਮੈਂ ਬਾਹਰ ਗਿਆ, ਮੈਂ ਇਹਨਾਂ ਵਿੱਚ ਇੱਕ
ਟੀ.ਵੀ. ਬਣਾਉਣ ਵਾਲਾ, ਇੱਕ ਸੰਸਕ੍ਰਿਤ ਦਾ ਮਾਸਟਰ ਅਤੇ ਇੱਕ ਟੀ.
ਵੀ. ਪੱਤਰਕਾਰ ਨੂੰ ਦੇਖਿਆ। ਇਹਨਾਂ ਵਿੱਚੋਂ ਦੋ ਪੌਲੀਟੈਕਨਿਕ ਦੇ ਵਿਦਿਆਰਥੀ ਵੀ ਸਨ।
ਉਹ ਮੁੱਖ ਤੌਰ ’ਤੇ ਸ਼ਾਕਾਹਾਰੀ ਸਨ ਅਤੇ
ਬਹੁਤਿਆਂ ਨੇ ਕਿਹਾ ਕਿ ਸਿਹਤਮੰਦ ਜ਼ਿੰਦਗੀ ਵਾਸਤੇ ਉਹ ਗਊ ਮੂਤ ਪੀਂਦੇ ਹਨ। ਸ਼ਰਮੇ ਸਮੇਤ ਬਹੁਤਿਆਂ
ਦਾ ਮੰਨਣਾ ਇਹ ਸੀ ਕਿ ਦਾਦਰੀ ਦੀ ਘਟਨਾ ਵਿੱਚ ਜਿਸ ਮੁਸਲਮਾਨ ਆਦਮੀ ਨੂੰ ਕੁੱਟ-ਕੁੱਟ ਮਾਰ ਦਿੱਤਾ
ਗਿਆ ਉਸਨੇ ਸੱਚੀਂ ਹੀ ਗਊ-ਮਾਸ ਖਾਧਾ ਸੀ ਅਤੇ ‘‘ਜਦੋਂ ਲੜਾਈ ਹੁੰਦੀ ਹੈ ਤਾਂ
ਲੋਕ ਮਰਦੇ ਹਨ’’। ਇਹਨਾਂ ਸਭ ਦਾ
ਭਰੋਸਾ ਹੈ ਕਿ ‘ਗਊਮਾਤਾ’ ਖਤਰੇ ਵਿੱਚ
ਹੈ। ਇਹਨਾਂ ਵਿੱਚੋਂ ਇੱਕ ਸੂਰਜ ਭਾਨ ਗੁਰਜਰ ਦਾ ਕਹਿਣਾ ਸੀ, ‘‘ਜੇ ਅਸੀਂ ਹੁਣ
ਰੱਖਿਆ ਨਾਂ ਕੀਤੀ ਤਾਂ ਗਊ 20 ਸਾਲਾਂ ਵਿੱਚ ਹੀ ਗਾਇਬ
ਹੋ ਜਾਊਗੀ’’। ਇਹ ਗੱਲ
ਵੱਖਰੀ ਹੈ ਕਿ ਭਾਰਤ ਵਿੱਚ 10 ਕਰੋੜ ਗਾਈਆਂ ਅਤੇ
ਮੱਝਾਂ ਹਨ ਅਤੇ ਇਹ ਦੁਨੀਆਂ ਦਾ ਮੋਹਰੀ ਦੁੱਧ ਪੈਦਾਇਸ਼ੀ ਦੇਸ਼ ਹੈ। ਇਸ ਤਰ੍ਹਾਂ ਦੀਆਂ ਮਿਥਿਆਵਾਂ
ਅਤੇ ਜੋਸ਼-ਖਰੋਸ਼ ਨਾਲ ਉਹ ਰਾਤ-ਰਾਤ ਭਰ ਗਊ ਸਮੱਗਲਰਾਂ ਨੂੰ ਭਾਲਦੇ ਫਿਰਦੇ ਹਨ। ਉਹ ਕਹਿੰਦੇ ਹਨ ਕਿ
ਗਾਈਆਂ ਨੂੰ ਪਿਕ ਅੱਪ ਟਰੱਕਾਂ, ਐਸ. ਯੂ. ਵੀ. (ਸਟੇਸ਼ਨ
ਵੈਗਨ ਵਰਗੀ ਵੱਡੀ ਗੱਡੀ), ਇੱਥੋਂ ਤੱਕ ਕਿ
ਐਂਬੂਲੈਸਾਂ ਅਤੇ ਬੱਸਾਂ ਵਿੱਚ ਭਰਕੇ ਗੁਆਂਢੀ ਰਾਜਾਂ ਵਿੱਚ ਬੁੱਚੜਖਾਨੇ ਤੱਕ ਲਿਜਾਇਆ ਜਾਂਦਾ ਹੈ।
ਇਹ ਸਾਰੇ ਡਾਂਗਾਂ, ਡੰਡਿਆਂ, ਬੇਸਬਾਲ ਬੈ¤ਟਾਂ, ਪੱਥਰਾਂ, ਮਾਚਿਸਾਂ ਅਤੇ
ਡੰਡਿਆਂ ਉੱਤੇ ਲੱਗੇ ਟੋਕਿਆਂ ਨਾਲ ਲੈਸ ਹੁੰਦੇ ਹਨ। ਇਹ ਲੋਕ ਗੱਡੀਆਂ ਨੂੰ ਰੋਕਣ ਵਾਸਤੇ ਸੜਕ ਉੱਤੇ
ਕਿੱਲ ਗੱਡ ਦਿੰਦੇ ਹਨ ਅਤੇ ਆਪਣੇ ਮੋਟਰ ਸਾਈਕਲ ਉੱਤੇ ਸਮੱਗਲਰਾਂ ਦਾ ਪਿੱਛਾ ਕਰਦੇ ਹਨ।
ਗਊ ਬਚਾਉਣ ਦੀ ਇਹ ਲੜਾਈ ਥੋੜ੍ਹੀ ਜਿਹੀ ਕਸੂਤੀ ਹੀ ਲਗਦੀ ਹੈ। ਸਮੱਗਲਰ
ਹਨੇਰੇ ਵਿੱਚ ਇਹਨਾਂ ਵੰਨੀਂ ਫਾਇਰ ਕਰ ਦਿੰਦੇ ਹਨ ਅਤੇ ਅਕਸਰ ਹੀ ਉਹਨਾਂ ਦੀਆਂ ਤੇਜ਼ ਰਫਤਾਰ ਗੱਡੀਆਂ
ਦਾ ਪਿੱਛਾ ਕੀਤਾ ਜਾਂਦਾ ਹੈ। ਟੀ.ਵੀ. ਬਣਾਉਣ ਵਾਲਾ ਬਾਬੂ ਲਾਲ ਪਰਜਾਪਤੀ ਕਹਿੰਦਾ ਹੈ, ‘‘ਅਸੀ ਗੋਲੀਆਂ
ਤੋਂ ਬਚਣ ਵਿੱਚ ਮਾਹਰ ਹਾਂ, ਜਦੋਂ ਸਮੱਗਲਰ ਫਾਇਰ
ਕਰਦੇ ਹਨ ਅਸੀਂ ਜ਼ਮੀਨ ਉੱਤੇ ਝੁਕ ਜਾਂਦੇ ਹਾਂ’’। ਹਾਲਾਂਕਿ ਇਸ ਰਾਤ ਕੋਈ ਐਹੋ ਜਿਹੀ ਨਾਟਕੀ ਘਟਨਾ ਨਹੀਂ ਘਟੀ। ਇੱਕ ਥਾਂ ਤੋਂ
ਗਲਤ ਸੂਚਨਾ ਮਿਲੀ। ਕਿਸੇ ਨੇ ਕੁਝ ਦੂਰ ਜਗਦੀ ਰੌਸ਼ਨੀ ਦੇਖੀ ਅਤੇ ਇਹ ਲੋਕ ਜ਼ਮੀਨ ਉੱਤੇ ਝੁਕ ਗਏ।
ਜਦੋਂ ਟਿਮਟਿਮਾਉਂਦੀ ਰੌਸ਼ਨੀ ਬੁਝ ਗਈ ਤਾਂ ਪਤਾ ਲੱਗਿਆ ਕਿ ਇਹ ਕਿਸੇ ਗੱਡੀ ਦੀ ਨਹੀਂ ਸੀ। ਇੱਕ
ਨਿਗਰਾਨੀ ਗਰੁੱਪ ਨੇ ਇੱਕ ਟਰੱਕ ਰੋਕਿਆ। ਲੋਕਾਂ ਵਿੱਚ ਉਤੇਜਨਾ ਵੱਧ ਗਈ। ਸਾਰੇ ਜਣੇ ਉਸ ਟਰੱਕ ਉੱਤੇ
ਚੜ੍ਹ ਗਏ। ਪਰ ਉਹਨਾਂ ਨੂੰ ਨਿਰਾਸ਼ਾ ਹੱਥ ਲੱਗੀ। ਇਸ ਵਿੱਚ
ਦਿੱਲੀ ਦੀ ਮੰਡੀ ਵਾਸਤੇ ਸੂਰ ਭਰ ਕੇ ਲਿਜਾਏ ਜਾ ਰਹੇ ਸਨ। ਟਰੱਕ ਦੇ ਡਰਾਈਵਰ ਜ਼ਾਕਿਰ ਹੁਸੈਨ ਤੋਂ
ਇਹਨਾਂ ਨੇ ਪੁੱਛਿਆ, ‘‘ਤੂੰ ਇੱਕ ਮੁਸਲਮਾਨ ਹੈਂ ਅਤੇ ਸੂਰ ਲਿਜਾ
ਰਿਹਾ ਹੈਂ?’’ ਹੁਸੈਨ ਨੇ ਵਿਅੰਗ ਨਾਲ ਕਿਹਾ, ‘‘ਮੈਂ ਜਿਉਣ
ਵਾਸਤੇ ਹਰ ਚੀਜ਼ ਢੋਂਦਾ ਹਾਂ’’। ਟਰੱਕ ਵਿੱਚੋਂ ਗਾਈਆਂ ਦੀ ਭਾਲ ਖਤਮ ਹੋਣ ਹੀ ਵਾਲੀ ਸੀ ਕਿ ਇੱਕ ਉੱਠ ਗੱਡੀ
ਆਉਂਦੀ ਦਿਸੀ। ਉਸਨੂੰ ਦੇਖ ਕੇ ਨਿਗਰਾਨੀ ਕਰਨ ਵਾਲੇ ਓਧਰ ਨੂੰ ਭੱਜੇ। ਇਸ ਗਰੁੱਪ ਦਾ ਦਾਅਵਾ ਹੈ ਕਿ
ਉਹਨਾਂ ਨੇ ਹੁਣ ਤੱਕ 18 ਹਜ਼ਾਰ ਗਊਆਂ ਨੂੰ ਬਚਾਇਆ ਹੈ। ਇਹਨਾਂ ਗਊਆਂ
ਨੂੰ, 1992 ਤੋਂ ਸ਼ੁਰੂ ਹੋਈ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਹੈ। ਜ਼ਿਆਦਾਤਾਰ
ਸਮੱਗਲਰ ਹਨ੍ਹੇਰੇ ਦੀ ਆੜ ਵਿੱਚ, ਭੱਜਣ ਵਿੱਚ ਸਫਲ ਰਹੇ
ਹਨ। ਹਾਲਾਂਕਿ ਸਥਾਨਕ ਠਾਣੇ ਦਾ ਰਿਕਾਰਡ ਦੱਸਦਾ ਹੈ ਕਿ ਇਸ ਸਾਲ ਗਊਆਂ ਦੀ ਸਮੱਗਲਿੰਗ ਦੇ ਅੱਧਾ
ਦਰਜਨ ਮਾਮਲੇ ਦਰਜ ਹੋਏ ਹਨ। ਚਾਰ ਸਮੱਗਲਰ ਫੜ੍ਹੇ ਗਏ ਹਨ। ਪਿਛਲੇ ਸਾਲ ਇਸ ਤਰ੍ਹਾਂ ਦੇ ਸੱਤ ਮਾਮਲੇ
ਦਰਜ ਕੀਤੇ ਗਏ ਸਨ। ਸਮੱਗਲਰਾਂ ਤੋਂ ਫੜੀਆਂ ਗਈਆਂ ਕਰੀਬ ਦਰਜਨ ਭਰ ਗੱਡੀਆਂ ਠਾਣੇ ਵਿੱਚ ਖੜ੍ਹੀਆਂ
ਹਨ। ਧਰੁਵ ਸਿੰਘ ਨਾਂ ਦਾ ਇੱਕ ਸਿਪਾਹੀ ਕਹਿੰਦਾ ਹੈ, ‘‘ਗਊ ਸਮੱਗਲਿੰਗ
ਦੀਆਂ ਸ਼ਿਕਾਇਤਾਂ ਨੂੰ ਅਸੀਂ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਗਊ ਸੁਰੱਖਿਆ ਦਲ ਇਸ ਵਿੱਚ
ਸਾਡੀ ਮਦਦ ਕਰਦੇ ਹਨ’’।
ਹਾਲਾਂਕਿ ਰਾਜ ਵਿੱਚ ਭਾਜਪਾ ਸਰਕਾਰ ਹੋਣ ਕਰਕੇ ਹਾਲਤਾਂ ਹੋਰ ਬਿਹਤਰ ਹੋ
ਰਹੀਆਂ ਹਨ। ਸ਼ਰਮਾ ਕਹਿੰਦਾ ਹੈ, ‘‘ਅਸੀਂ ਇਹਨੀਂ ਦਿਨੀਂ
ਸਖ਼ਤ ਮਿਹਨਤ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਲੋਕਾਂ ਤੋਂ ਹਮਾਇਤ ਲੈਣ ਦੀ ਹੈ। ਸਥਾਨਕ ਭਾਜਪਾ ਐਮ. ਐਲ.
ਏ. ਅਤੇ ਪਾਰਟੀ ਲੀਡਰ, ਸਾਡੇ ਇਸ ਮਿਸ਼ਨ ਵਿੱਚ ਮੱਦਦ ਕਰ ਰਹੇ ਹਨ।
ਪੁਲਸ ਸਾਨੂੰ ਗੰਭੀਰਤਾ ਨਾਲ ਲੈਂਦੀ ਹੈ ਅਤੇ ਅਫਸਰ ਸਾਡੀ ਗੱਲ ਸੁਣਦੇ ਹਨ’’।
ਗੁਆਂਢੀ ਕਸਬੇ ਅਲਵਰ ਦਾ
ਸਥਾਨਕ ਭਾਜਪਾ ਐਮ. ਐਲ. ਏ. ਗਿਆਨ ਦੇਵ ਅਹੂਜਾ ਇਹਨਾਂ ਗਊ-ਰਾਖਿਆਂ ਦੀ ਮਦਦ ਕਰਨ ਵਿੱਚ ਕੋਈ ਸ਼ਰਮ
ਮਹਿਸੂਸ ਨਹੀਂ ਕਰਦਾ। ਉਸਨੇ ਮੈਨੂੰ ਦੱਸਿਆ, ‘‘ਮੈਂ ਉਹਨਾਂ ਨੂੰ ਪੈਸੇ
ਦਿੰਦਾ ਹਾਂ, ਉਹਨਾਂ ਦੀ ਹਮਾਇਤ ਕਰਦਾ ਹਾਂ ਅਤੇ ਗਊ ਦੀ
ਧਾਰਮਿਕ ਮਹੱਤਤਾ ਬਾਰੇ ਉਹਨਾਂ ਦੀਆਂ ਕਲਾਸਾਂ ਲਾਉਂਦਾ ਹਾਂ। ਇਹਨਾਂ ਕਲਾਸਾਂ ਵਿੱਚ ਉਹਨਾਂ ਨੂੰ
ਦੱਸਿਆ ਜਾਂਦਾ ਹੈ ਕਿ ਕੈਲੇਫੌਰਨੀਆ ਗਊ ਦੇ ਗੋਹੇ ਜਾਂ ਗੋਬਰਗੈਸ ਤੋਂ ਪੈਦਾ ਕੀਤੀ ਬਿਜਲੀ ਨਾਲ
ਭਰਪੂਰ ਹੋ ਗਿਆ ਹੈ। ਗਊ ਦੇ ਦੁੱਧ ਵਿਚੋਂ ਸਿਉਨਾ ਕੱਢਿਆ ਜਾਂਦਾ ਹੈ ਅਤੇ ਵਿਦੇਸ਼ੀ ਮਾਹਿਰਾਂ ਦਾ
ਕਹਿਣਾ ਹੈ ਕਿ ਭਾਰਤ ਵਿੱਚ ਗਊਆਂ ਨੂੰ ਮਾਰਨ ਸਦਕਾ ਜਵਾਲਾਮੁਖੀ ਫੁੱਟੂਗਾ, ਭੁਚਾਲ ਆਊਗਾ
ਅਤੇ ਸੋਕਾ ਪਊਗਾ।
ਉਹ ਕਹਿੰਦਾ ਹੈ, ‘‘ਫੇਰ ਵੀ ਭਾਰਤ ਵਿੱਚ ਗਊ
ਨੂੰ ਲੋੜੀਂਦੀ ਮਹੱਤਤਾ ਨਹੀਂ ਦਿੱਤੀ ਜਾ ਰਹੀ। ਇਸ ਵਾਸਤੇ ਮੈਂ ਇਹਨਾਂ ਗਊ-ਰਾਖਿਆਂ ਦੀ ਹਮਾਇਤ
ਕਰਦਾ ਹਾਂ। ਉੁਹਨਾਂ ਦਾ ਇੱਕ ਮਿਸ਼ਨ ਹੈ। ਇਹ ਭਾਰਤ ਦੀ ਆਤਮਾ ਬਚਾਉਣ ਦਾ ਮਿਸ਼ਨ ਹੈ। ਇਹ ਹਿੰਦੂਤਵ
ਦੇ ਬਾਰੇ ਹੈ।’’
No comments:
Post a Comment